ਰਿਬਕਾਹ—ਇਕ ਫੁਰਤੀਲੀ ਅਤੇ ਨੇਕ ਔਰਤ
ਕਲਪਨਾ ਕਰੋ ਕਿ ਤੁਸੀਂ ਆਪਣੇ ਪੁੱਤ ਲਈ ਕੁੜੀ ਲੱਭ ਰਹੇ ਹੋ। ਤੁਸੀਂ ਉਸ ਲਈ ਕਿੱਦਾਂ ਦੀ ਕੁੜੀ ਪਸੰਦ ਕਰੋਗੇ? ਉਸ ਵਿਚ ਤੁਸੀਂ ਕਿਹੜੇ ਗੁਣ ਦੇਖਣੇ ਚਾਹੋਗੇ? ਕੀ ਤੁਸੀਂ ਸੋਹਣੀ-ਸੁਨੱਖੀ, ਅਕਲਮੰਦ, ਨੇਕਦਿਲ ਅਤੇ ਮਿਹਨਤੀ ਕੁੜੀ ਦੀ ਭਾਲ ਕਰੋਗੇ? ਜਾਂ ਕੀ ਤੁਸੀਂ ਉਸ ਵਿਚ ਕੁਝ ਹੋਰ ਗੁਣ ਦੇਖਣੇ ਚਾਹੋਗੇ?
ਅਬਰਾਹਾਮ ਇਸੇ ਦੁਬਿਧਾ ਵਿਚ ਪਿਆ ਹੋਇਆ ਸੀ। ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਹ ਅਬਰਾਹਾਮ ਦੇ ਪੁੱਤਰ ਇਸਹਾਕ ਰਾਹੀਂ ਇਕ ਕੌਮ ਪੈਦਾ ਕਰੇਗਾ ਜਿਸ ਨੂੰ ਬਹੁਤ ਸਾਰੀਆਂ ਅਸੀਸਾਂ ਮਿਲਣਗੀਆਂ। ਆਓ ਆਪਾਂ ਦੇਖੀਏ ਕਿ ਅੱਗੇ ਕੀ ਹੁੰਦਾ ਹੈ। ਅਬਰਾਹਾਮ ਬੁੱਢਾ ਹੋ ਚੁੱਕਾ ਹੈ ਅਤੇ ਉਸ ਦਾ ਪੁੱਤਰ ਇਸਹਾਕ ਅਜੇ ਵੀ ਕੁਆਰਾ ਹੈ। (ਉਤਪਤ 12:1-3, 7; 17:19; 22:17, 18; 24:1) ਅਬਰਾਹਾਮ ਨੂੰ ਪਤਾ ਹੈ ਕਿ ਇਸਹਾਕ, ਉਸ ਦੀ ਹੋਣ ਵਾਲੀ ਪਤਨੀ ਅਤੇ ਉਨ੍ਹਾਂ ਦੀ ਸੰਤਾਨ ਨੂੰ ਯਹੋਵਾਹ ਦੀ ਬਰਕਤ ਮਿਲੇਗੀ, ਇਸ ਲਈ ਉਹ ਇਸਹਾਕ ਲਈ ਗੁਣਵੰਤੀ ਤੀਵੀਂ ਚੁਣਨ ਲਈ ਠੋਸ ਕਦਮ ਚੁੱਕਦਾ ਹੈ। ਇਸਹਾਕ ਦੀ ਹੋਣ ਵਾਲੀ ਪਤਨੀ ਯਹੋਵਾਹ ਦੀ ਭਗਤਣ ਹੋਣੀ ਚਾਹੀਦੀ ਹੈ। ਕਨਾਨ ਦੇਸ਼ ਵਿਚ ਅਜਿਹੀ ਕੋਈ ਤੀਵੀਂ ਨਹੀਂ ਹੈ, ਜਿੱਥੇ ਅਬਰਾਹਾਮ ਰਹਿ ਰਿਹਾ ਹੈ। ਇਸ ਲਈ ਅਬਰਾਹਾਮ ਨੂੰ ਕਿਸੇ ਹੋਰ ਥਾਂ ਤੋਂ ਨੂੰਹ ਲੱਭਣੀ ਪੈਣੀ ਹੈ। ਅਖ਼ੀਰ ਵਿਚ ਇਸਹਾਕ ਲਈ ਰਿਬਕਾਹ ਨਾਂ ਦੀ ਤੀਵੀਂ ਨੂੰ ਚੁਣਿਆ ਗਿਆ। ਰਿਬਕਾਹ ਅਬਰਾਹਾਮ ਦੀ ਨੂੰਹ ਕਿਵੇਂ ਬਣੀ? ਕੀ ਰਿਬਕਾਹ ਯਹੋਵਾਹ ਨੂੰ ਮੰਨਣ ਵਾਲੀ ਹੈ? ਉਸ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਗੁਣਵੰਤੀ ਦੀ ਭਾਲ
ਅਬਰਾਹਾਮ ਆਪਣੇ ਪੁੱਤਰ ਲਈ ਕੁੜੀ ਲੱਭਣ ਵਾਸਤੇ ਆਪਣੇ ਸਭ ਤੋਂ ਪੁਰਾਣੇ ਨੌਕਰ (ਸ਼ਾਇਦ ਅਲੀਅਜ਼ਰ) ਨੂੰ ਦੂਰ-ਦੁਰੇਡੇ ਮੇਸੋਪੋਟੇਮੀਆ ਦੇਸ਼ ਭੇਜਦਾ ਹੈ ਜਿੱਥੇ ਅਬਰਾਹਾਮ ਦੇ ਰਿਸ਼ਤੇਦਾਰ ਰਹਿੰਦੇ ਹਨ। ਉਹ ਸਾਰੇ ਯਹੋਵਾਹ ਨੂੰ ਮੰਨਦੇ ਹਨ। ਅਬਰਾਹਾਮ ਦੀ ਇਹ ਜ਼ਰੂਰੀ ਮੰਗ ਹੈ ਕਿ ਇਸਹਾਕ ਦੀ ਪਤਨੀ ਯਹੋਵਾਹ ਨੂੰ ਮੰਨਦੀ ਹੋਵੇ। ਇਸ ਲਈ ਉਹ ਅਲੀਅਜ਼ਰ ਨੂੰ ਸੌਂਹ ਖਾਣ ਲਈ ਕਹਿੰਦਾ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਇਸਹਾਕ ਲਈ ਕਨਾਨੀ ਤੀਵੀਂ ਨਹੀਂ ਲੱਭੇਗਾ। ਅਬਰਾਹਾਮ ਦੀ ਇਸ ਮਾਮਲੇ ਵਿਚ ਦ੍ਰਿੜ੍ਹਤਾ ਸਾਡੇ ਲਈ ਵਧੀਆ ਮਿਸਾਲ ਹੈ।—ਉਤਪਤ 24:2-10.
ਅਬਰਾਹਾਮ ਦੇ ਰਿਸ਼ਤੇਦਾਰਾਂ ਦੇ ਸ਼ਹਿਰ ਪਹੁੰਚ ਕੇ ਅਲੀਅਜ਼ਰ ਆਪਣੇ ਦਸ ਊਠਾਂ ਨਾਲ ਇਕ ਖੂਹ ਕੋਲ ਰੁੱਕਦਾ ਹੈ। ਜ਼ਰਾ ਉਸ ਦ੍ਰਿਸ਼ ਦੀ ਕਲਪਨਾ ਕਰੋ! ਸ਼ਾਮ ਦਾ ਵੇਲਾ ਹੈ ਅਤੇ ਅਲੀਅਜ਼ਰ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹੈ: “ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜਾ ਹਾਂ ਅਰ ਨਗਰ ਦੇ ਮਨੁੱਖਾਂ ਦੀਆਂ ਧੀਆਂ ਪਾਣੀ ਭਰਨ ਨੂੰ ਆਉਂਦੀਆਂ ਹਨ। ਐਉਂ ਹੋਵੇ ਕਿ ਜਿਹੜੀ ਛੋਕਰੀ ਨੂੰ ਮੈਂ ਆਖਾਂ ਭਈ ਆਪਣਾ ਘੜਾ ਕੋਡਾ ਕਰੀਂ ਅਤੇ ਮੈਂ ਪੀਵਾਂਗਾ ਤਾਂ ਉਹ ਆਖੇ ਪੀਓ ਅਰ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ ਸੋ ਉਹੋ ਹੋਵੇ ਜਿਸ ਨੂੰ ਤੈਂ ਆਪਣੇ ਦਾਸ ਇਸਹਾਕ ਲਈ ਠਹਿਰਾਇਆ ਹੈ।”—ਉਤਪਤ 24:11-14.
ਮੇਸੋਪੋਟੇਮੀਆ ਦੇਸ਼ ਦੀ ਰਹਿਣ ਵਾਲੀ ਹਰ ਤੀਵੀਂ ਨੂੰ ਪਤਾ ਸੀ ਕਿ ਇਕ ਪਿਆਸਾ ਊਠ ਆਸਾਨੀ ਨਾਲ 100 ਲੀਟਰ ਪਾਣੀ ਪੀ ਸਕਦਾ ਹੈ। ਇਸ ਲਈ ਦਸ ਊਠਾਂ ਨੂੰ ਪਾਣੀ ਪਿਲਾਉਣ ਲਈ ਹੱਡ-ਤੋੜ ਮਿਹਨਤ ਕਰਨੀ ਪੈਣੀ ਸੀ। ਇਸ ਤੋਂ ਇਲਾਵਾ, ਜੇ ਦੂਜੇ ਲੋਕ ਸਿਰਫ਼ ਇਕ ਪਾਸੇ ਖੜ੍ਹੇ ਹੋ ਕੇ ਦੇਖਦੇ ਰਹਿਣ ਅਤੇ ਉਸ ਦਾ ਹੱਥ ਨਾ ਵਟਾਉਣ, ਪਰ ਫਿਰ ਵੀ ਜੇ ਉਹ ਸਾਰੇ ਊਠਾਂ ਨੂੰ ਪਾਣੀ ਪਿਲਾਉਂਦੀ ਰਹੇ, ਤਾਂ ਇਹ ਉਸ ਦੀ ਮਿਹਨਤ, ਸਹਿਣਸ਼ੀਲਤਾ ਅਤੇ ਹਲੀਮੀ ਦਾ ਪੱਕਾ ਸਬੂਤ ਹੋਣਾ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਨੇਕਦਿਲ ਤੀਵੀਂ ਸੀ ਜਿਸ ਦੇ ਦਿਲ ਵਿਚ ਇਨਸਾਨਾਂ ਅਤੇ ਪਸ਼ੂਆਂ ਦੋਨਾਂ ਲਈ ਦਇਆ ਸੀ।
ਕੀ ਅਲੀਅਜ਼ਰ ਨੂੰ ਆਪਣੀ ਪ੍ਰਾਰਥਨਾ ਦਾ ਜਵਾਬ ਮਿਲਦਾ ਹੈ? “ਉਹ ਇਹ ਗੱਲ ਕਰਦਾ ਹੀ ਸੀ ਤਾਂ ਵੇਖੋ ਰਿਬਕਾਹ ਜੋ ਅਬਰਾਹਾਮ ਦੇ ਭਰਾ ਨਾਹੋਰ ਦੀ ਤੀਵੀਂ ਮਿਲਕਾਹ ਦੇ ਪੁੱਤ੍ਰ ਬਥੂਏਲ ਤੋਂ ਜੰਮੀ ਸੀ ਆਪਣਾ ਘੜਾ ਮੋਢਿਆਂ ਤੇ ਚੁੱਕਕੇ ਆ ਨਿੱਕਲੀ। ਅਰ ਉਹ ਛੋਕਰੀ ਵੇਖਣ ਵਿੱਚ ਵੱਡੀ ਸੋਹਣੀ ਅਰ ਕੁਆਰੀ ਸੀ . . . ਅਤੇ ਉਹ ਚਸ਼ਮੇ ਵਿੱਚ ਉੱਤਰੀ ਅਰ ਆਪਣਾ ਘੜਾ ਭਰਕੇ ਉਤਾਹਾਂ ਨੂੰ ਆਈ। ਤਾਂ ਉਹ ਨੌਕਰ ਉਸ ਦੇ ਮਿਲਣ ਨੂੰ ਨੱਠਕੇ ਗਿਆ ਅਰ ਆਖਿਆ, ਆਪਣੇ ਘੜੇ ਵਿੱਚੋਂ ਮੈਨੂੰ ਥੋੜਾ ਪਾਣੀ ਪਿਲਾਈਂ। ਤਾਂ ਉਸ ਆਖਿਆ, ਮੇਰੇ ਸਵਾਮੀ ਜੀ ਪੀਓ ਤਾਂ ਉਸ ਸ਼ਤਾਬੀ ਨਾਲ ਆਪਣਾ ਘੜਾ ਹੱਥਾਂ ਉੱਤੇ ਕਰਕੇ ਕੋਡਾ ਕੀਤਾ ਅਰ ਉਸ ਨੂੰ ਪਿਲਾਇਆ।”—ਉਤਪਤ 24:15-18.
ਇਸਹਾਕ ਲਈ ਸਹੀ ਪਤਨੀ?
ਰਿਬਕਾਹ ਅਬਰਾਹਾਮ ਦੇ ਭਰਾ ਨਾਹੋਰ ਦੀ ਪੋਤੀ ਹੈ ਅਤੇ ਬਹੁਤ ਹੀ ਸੋਹਣੀ-ਸੁਨੱਖੀ ਤੇ ਨੇਕ ਹੈ। ਉਹ ਓਪਰਿਆਂ ਨਾਲ ਗੱਲ ਕਰਨ ਤੋਂ ਕਤਰਾਉਂਦੀ ਨਹੀਂ, ਪਰ ਉਨ੍ਹਾਂ ਨਾਲ ਹੱਦ ਵਿਚ ਰਹਿ ਕੇ ਗੱਲ ਕਰਨੀ ਜਾਣਦੀ ਹੈ। ਜਦ ਅਲੀਅਜ਼ਰ ਨੇ ਪਾਣੀ ਮੰਗਿਆ, ਤਾਂ ਉਹ ਤੁਰੰਤ ਉਸ ਨੂੰ ਪਾਣੀ ਪਿਲਾਉਂਦੀ ਹੈ। ਰਿਬਕਾਹ ਤੋਂ ਇਸ ਗੱਲ ਦੀ ਆਸ ਕੀਤੀ ਜਾ ਸਕਦੀ ਹੈ ਕਿਉਂਕਿ ਪੂਰਬੀ ਸਭਿਆਚਾਰ ਵਿਚ ਪਿਆਸੇ ਮੁਸਾਫ਼ਰਾਂ ਦੀ ਮਦਦ ਕਰਨੀ ਅਦਬ ਦੀ ਗੱਲ ਮੰਨੀ ਜਾਂਦੀ ਹੈ। ਪਰ ਅਲੀਅਜ਼ਰ ਵੱਲੋਂ ਰੱਖੀ ਗਈ ਦੂਸਰੀ ਮੰਗ ਬਾਰੇ ਕੀ?
ਰਿਬਕਾਹ ਕਹਿੰਦੀ ਹੈ: “ਮੇਰੇ ਸਵਾਮੀ ਜੀ ਪੀਓ।” ਪਰ ਉਹ ਉਸ ਨੂੰ ਪਾਣੀ ਪਿਲਾ ਕੇ ਹੀ ਬਸ ਨਹੀਂ ਕਰ ਦਿੰਦੀ। ਉਹ ਇਹ ਵੀ ਕਹਿੰਦੀ ਹੈ: “ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਭਰਾਂਗੀ ਜਦ ਤੀਕਰ ਓਹ ਪੀ ਨਾ ਚੁੱਕਣ।” ਜੀ ਹਾਂ, ਰਿਬਕਾਹ ਤੋਂ ਜਿੰਨੀ ਆਸ ਕੀਤੀ ਗਈ ਸੀ, ਉਹ ਉਸ ਨਾਲੋਂ ਵਧ ਕੇ ਕਰਦੀ ਹੈ। ਉਸ ਨੇ ਖ਼ੁਸ਼ੀ-ਖ਼ੁਸ਼ੀ “ਸ਼ਤਾਬੀ ਨਾਲ ਆਪਣਾ ਘੜਾ ਹੌਦ ਵਿੱਚ ਡੋਹਲ ਦਿੱਤਾ ਅਰ ਫੇਰ ਖੂਹ ਵਿੱਚੋਂ ਪਾਣੀ ਭਰਨ ਨੂੰ ਨੱਠਕੇ ਗਈ ਅਰ ਉਹ ਦੇ ਸਾਰਿਆਂ ਊਠਾਂ ਲਈ ਪਾਣੀ ਭਰਿਆ।” ਉਸ ਦੀ ਮਿਹਨਤ ਅਤੇ ਚੁਸਤੀ-ਫੁਰਤੀ ਦੇਖ ਕੇ ਅਲੀਅਜ਼ਰ ਹੈਰਾਨੀ ਨਾਲ “ਚੁੱਪ ਕਰਕੇ ਉਹ ਨੂੰ ਵੇਖਦਾ” ਹੀ ਰਹਿ ਜਾਂਦਾ ਹੈ।—ਉਤਪਤ 24:19-21.
ਜਦੋਂ ਅਲੀਅਜ਼ਰ ਨੂੰ ਪਤਾ ਲੱਗਦਾ ਹੈ ਕਿ ਇਹ ਕੁੜੀ ਅਬਰਾਹਾਮ ਦੀ ਰਿਸ਼ਤੇਦਾਰ ਹੈ, ਤਾਂ ਉਹ ਸਿਰ ਨਿਵਾ ਕੇ ਯਹੋਵਾਹ ਦਾ ਧੰਨਵਾਦ ਕਰਦਾ ਹੈ। ਫਿਰ ਉਹ ਰਿਬਕਾਹ ਤੋਂ ਪੁੱਛਦਾ ਹੈ ਕਿ ਉਸ ਦੇ ਪਿਉ ਦੇ ਘਰ ਉਸ ਲਈ ਅਤੇ ਉਸ ਦੇ ਨਾਲ ਦੇ ਬੰਦਿਆਂ ਲਈ ਰਾਤ ਕੱਟਣ ਲਈ ਥਾਂ ਹੈ। ਰਿਬਕਾਹ ਹਾਂ ਵਿਚ ਜਵਾਬ ਦਿੰਦੀ ਹੈ ਅਤੇ ਫਿਰ ਆਪਣੇ ਘਰ ਦਿਆਂ ਨੂੰ ਨੱਠ ਕੇ ਮਹਿਮਾਨਾਂ ਦੀ ਖ਼ਬਰ ਦੇਣ ਜਾਂਦੀ ਹੈ।—ਉਤਪਤ 24:22-28.
ਅਲੀਅਜ਼ਰ ਦੀ ਪੂਰੀ ਗੱਲ ਸੁਣਨ ਮਗਰੋਂ ਰਿਬਕਾਹ ਦੇ ਭਰਾ ਲਾਬਾਨ ਅਤੇ ਉਸ ਦੇ ਪਿਉ ਬਥੂਏਲ ਨੂੰ ਪੱਕਾ ਵਿਸ਼ਵਾਸ ਹੋ ਜਾਂਦਾ ਹੈ ਕਿ ਪਰਮੇਸ਼ੁਰ ਨੇ ਹੀ ਅਲੀਅਜ਼ਰ ਨੂੰ ਉਨ੍ਹਾਂ ਕੋਲ ਘੱਲਿਆ ਹੈ। ਰਿਬਕਾਹ ਹੀ ਯਹੋਵਾਹ ਦੀ ਪਸੰਦ ਹੈ। ਇਸ ਲਈ ਉਹ ਕਹਿੰਦੇ ਹਨ: “ਉਹ ਨੂੰ ਲਓ ਅਰ ਜਾਓ ਤਾਂਜੋ ਉਹ ਤੁਹਾਡੇ ਸਵਾਮੀ ਦੇ ਪੁੱਤ੍ਰ ਦੀ ਤੀਵੀਂ ਹੋਵੇ ਜਿਵੇਂ ਯਹੋਵਾਹ ਦਾ ਬਚਨ ਹੈ।” ਇਸ ਬਾਰੇ ਰਿਬਕਾਹ ਦੀ ਕੀ ਰਾਇ ਹੈ? ਜਦੋਂ ਉਸ ਦੀ ਰਾਇ ਪੁੱਛੀ ਜਾਂਦੀ ਹੈ, ਤਾਂ ਉਹ ਇਬਰਾਨੀ ਭਾਸ਼ਾ ਵਿਚ ਇਕ ਸ਼ਬਦ ਵਿਚ ਜਵਾਬ ਦਿੰਦੀ ਹੈ ਜਿਸ ਦਾ ਮਤਲਬ ਹੈ: “ਮੈਂ ਜਾਵਾਂਗੀ।” ਰਿਬਕਾਹ ਕੋਲ ਇਸ ਰਿਸ਼ਤੇ ਨੂੰ ਕਬੂਲ ਕਰਨ ਜਾਂ ਠੁਕਰਾਉਣ ਦੀ ਆਜ਼ਾਦੀ ਸੀ। ਅਬਰਾਹਾਮ ਨੇ ਅਲੀਅਜ਼ਰ ਨੂੰ ਕਿਹਾ ਸੀ: “ਜੇ ਉਹ ਤੀਵੀਂ ਤੇਰੇ ਪਿੱਛੇ ਨਾ ਆਉਣਾ ਚਾਹੇ ਤਾਂ ਤੂੰ ਮੇਰੀ ਏਸ ਸੌਂਹ ਤੋਂ ਛੁੱਟ ਜਾਵੇਂਗਾ।” ਪਰ ਰਿਬਕਾਹ ਵੀ ਸਾਰੀਆਂ ਗੱਲਾਂ ਵਿਚ ਯਹੋਵਾਹ ਦੀ ਸੇਧ ਦੇਖਦੀ ਹੈ। ਇਸ ਲਈ ਉਹ ਬਿਨਾਂ ਦੇਰ ਕੀਤੇ ਆਪਣੇ ਘਰ ਦਿਆਂ ਤੋਂ ਵਿਦਾਇਗੀ ਲੈ ਕੇ ਉਸ ਆਦਮੀ ਨਾਲ ਵਿਆਹ ਕਰਨ ਲਈ ਤੁਰ ਪੈਂਦੀ ਹੈ ਜਿਸ ਨੂੰ ਉਹ ਕਦੀ ਮਿਲੀ ਵੀ ਨਹੀਂ। ਇਹ ਕਦਮ ਚੁੱਕ ਕੇ ਉਹ ਯਹੋਵਾਹ ਉੱਤੇ ਆਪਣੇ ਪੱਕੇ ਵਿਸ਼ਵਾਸ ਦਾ ਸਬੂਤ ਦਿੰਦੀ ਹੈ। ਰਿਬਕਾਹ ਵਾਕਈ ਇਸਹਾਕ ਲਈ ਸਹੀ ਪਤਨੀ ਹੈ!—ਉਤਪਤ 24:29-59.
ਇਸਹਾਕ ਨੂੰ ਮਿਲਣ ਤੇ ਰਿਬਕਾਹ ਬੁਰਕੇ ਨਾਲ ਆਪਣਾ ਮੂੰਹ ਢੱਕ ਲੈਂਦੀ ਹੈ। ਇਹ ਉਸ ਦੀ ਆਪਣੇ ਪਤੀ ਪ੍ਰਤੀ ਅਧੀਨਗੀ ਦੀ ਨਿਸ਼ਾਨੀ ਹੈ। ਇਸਹਾਕ ਉਸ ਨੂੰ ਆਪਣੀ ਪਤਨੀ ਬਣਾ ਲੈਂਦਾ ਹੈ ਅਤੇ ਜਲਦੀ ਹੀ ਉਸ ਦੇ ਚੰਗੇ ਗੁਣਾਂ ਨੂੰ ਦੇਖ ਕੇ ਉਸ ਨੂੰ ਰਿਬਕਾਹ ਨਾਲ ਪਿਆਰ ਹੋ ਜਾਂਦਾ ਹੈ।—ਉਤਪਤ 24:62-67.
ਜੌੜੇ ਪੁੱਤਰ
ਲਗਭਗ 19 ਸਾਲਾਂ ਲਈ ਰਿਬਕਾਹ ਦੇ ਕੋਈ ਬੱਚਾ ਨਹੀਂ ਹੁੰਦਾ ਹੈ। ਅਖ਼ੀਰ ਵਿਚ ਉਸ ਦੇ ਜੌੜੇ ਮੁੰਡੇ ਪੈਦਾ ਹੁੰਦੇ ਹਨ, ਪਰ ਪ੍ਰਸੂਤ ਵੇਲੇ ਉਸ ਨੂੰ ਬਹੁਤ ਜ਼ਿਆਦਾ ਪੀੜ ਝੱਲਣੀ ਪੈਂਦੀ ਹੈ। ਉਸ ਦੀ ਕੁੱਖ ਵਿਚ ਜੌੜੇ ਮੁੰਡਿਆਂ ਦੇ ਆਪਸ ਵਿਚ ਘੁੱਲਣ ਕਰਕੇ ਰਿਬਕਾਹ ਦਰਦ ਨਾਲ ਚਿਲਾ ਉੱਠਦੀ ਹੈ ਅਤੇ ਯਹੋਵਾਹ ਨੂੰ ਦੁਹਾਈ ਦਿੰਦੀ ਹੈ। ਅਸੀਂ ਵੀ ਸ਼ਾਇਦ ਜ਼ਿੰਦਗੀ ਦੇ ਔਖੇ ਪਲਾਂ ਦੌਰਾਨ ਇਸ ਤਰ੍ਹਾਂ ਕਰੀਏ। ਯਹੋਵਾਹ ਰਿਬਕਾਹ ਦੀ ਸੁਣਦਾ ਹੈ ਅਤੇ ਉਸ ਨੂੰ ਇਸ ਗੱਲ ਦੀ ਤਸੱਲੀ ਦਿੰਦਾ ਹੈ ਕਿ ਉਸ ਦੇ ਦੋਵੇਂ ਮੁੰਡਿਆਂ ਤੋਂ ਦੋ ਕੌਮਾਂ ਬਣਨਗੀਆਂ ਅਤੇ “ਵੱਡਾ ਛੋਟੇ ਦੀ ਟਹਿਲ ਕਰੇਗਾ।”—ਉਤਪਤ 25:20-26.
ਸ਼ਾਇਦ ਇਸ ਕਰਕੇ ਰਿਬਕਾਹ ਆਪਣੇ ਛੋਟੇ ਮੁੰਡੇ ਯਾਕੂਬ ਨੂੰ ਜ਼ਿਆਦਾ ਪਿਆਰ ਕਰਦੀ ਹੈ। ਪਰ ਉਹ ਯਾਕੂਬ ਨਾਲ ਇਸ ਕਰਕੇ ਵੀ ਜ਼ਿਆਦਾ ਪਿਆਰ ਕਰਦੀ ਹੈ ਕਿਉਂਕਿ ਦੋਨਾਂ ਮੁੰਡਿਆਂ ਦੇ ਸੁਭਾਅ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਯਾਕੂਬ “ਭੋਲਾ ਭਾਲਾ” ਹੈ, ਜਦ ਕਿ ਏਸਾਓ ਨੂੰ ਅਧਿਆਤਮਿਕ ਗੱਲਾਂ ਵਿਚ ਉੱਕਾ ਵੀ ਦਿਲਚਸਪੀ ਨਹੀਂ ਹੈ। ਉਹ ਇਕ ਵਕਤ ਦੀ ਰੋਟੀ ਲਈ ਆਪਣੇ ਜੇਠੇ ਹੋਣ ਦਾ ਹੱਕ ਅਤੇ ਉਸ ਨਾਲ ਜੁੜੀਆਂ ਸਾਰੀਆਂ ਅਸੀਸਾਂ ਯਾਕੂਬ ਨੂੰ ਵੇਚ ਦਿੰਦਾ ਹੈ। ਬਾਅਦ ਵਿਚ ਏਸਾਓ ਨੇ ਦੋ ਹਿੱਤੀ ਤੀਵੀਆਂ ਨਾਲ ਵਿਆਹ ਕਰ ਕੇ ਅਧਿਆਤਮਿਕ ਕਦਰਾਂ-ਕੀਮਤਾਂ ਲਈ ਘੋਰ ਅਨਾਦਰ ਦਿਖਾਇਆ ਅਤੇ ਆਪਣੇ ਮਾਪਿਆਂ ਨੂੰ ਬਹੁਤ ਦੁੱਖ ਪਹੁੰਚਾਇਆ।—ਉਤਪਤ 25:27-34; 26:34, 35.
ਉਸ ਨੇ ਯਾਕੂਬ ਨੂੰ ਅਸੀਸਾਂ ਦਿਵਾਈਆਂ
ਏਸਾਓ ਭਵਿੱਖ ਵਿਚ ਯਾਕੂਬ ਦੀ ਟਹਿਲ ਕਰੇਗਾ, ਇਸ ਭਵਿੱਖਬਾਣੀ ਬਾਰੇ ਇਸਹਾਕ ਨੂੰ ਖ਼ਬਰ ਹੈ ਜਾਂ ਨਹੀਂ, ਬਾਈਬਲ ਇਸ ਬਾਰੇ ਕੁਝ ਨਹੀਂ ਕਹਿੰਦੀ। ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਰਿਬਕਾਹ ਤੇ ਯਾਕੂਬ ਦੋਨੋਂ ਜਾਣਦੇ ਹਨ ਕਿ ਅਸੀਸਾਂ ਉੱਤੇ ਯਾਕੂਬ ਦਾ ਹੱਕ ਹੈ। ਜਦੋਂ ਰਿਬਕਾਹ ਸੁਣਦੀ ਹੈ ਕਿ ਇਸਹਾਕ ਏਸਾਓ ਨੂੰ ਅਸੀਸ ਦੇਣ ਬਾਰੇ ਸੋਚ ਰਿਹਾ ਹੈ, ਤਾਂ ਉਹ ਫੁਰਤੀ ਨਾਲ ਇਕ ਵਿਓਂਤ ਘੜਦੀ ਹੈ। ਜਵਾਨੀ ਦੇ ਦਿਨਾਂ ਵਿਚ ਰਿਬਕਾਹ ਵਿਚ ਜੋ ਜੋਸ਼ ਸੀ, ਉਹ ਬੁਢਾਪੇ ਵਿਚ ਵੀ ਨਹੀਂ ਘਟਿਆ ਅਤੇ ਉਹ ਯਾਕੂਬ ਨੂੰ ਉਸ ਦਾ ਹੱਕ ਦਿਵਾਉਣ ਦਾ ਪੱਕਾ ਇਰਾਦਾ ਕਰ ਲੈਂਦੀ ਹੈ। ਏਸਾਓ ਨੇ ਇਸਹਾਕ ਦਾ ਮਨ-ਪਸੰਦ ਮੀਟ ਬਣਾ ਕੇ ਉਸ ਨੂੰ ਖੁਆਉਣਾ ਸੀ ਜਿਸ ਮਗਰੋਂ ਇਸਹਾਕ ਨੇ ਉਸ ਨੂੰ ਅਸੀਸਾਂ ਦੇਣੀਆਂ ਸਨ। ਇਸ ਲਈ ਰਿਬਕਾਹ ਯਾਕੂਬ ਨੂੰ “ਹੁਕਮ” ਦਿੰਦੀ ਹੈ ਕਿ ਉਹ ਦੋ ਚੰਗੇ ਮੇਮਣੇ ਲਿਆਵੇ ਤਾਂ ਜੋ ਰਿਬਕਾਹ ਆਪਣੇ ਪਤੀ ਦਾ ਮਨ-ਪਸੰਦ ਭੋਜਨ ਤਿਆਰ ਕਰੇ। ਫਿਰ ਯਾਕੂਬ ਏਸਾਓ ਦਾ ਭੇਸ ਧਾਰ ਕੇ ਆਪਣੇ ਪਿਉ ਤੋਂ ਬਰਕਤ ਹਾਸਲ ਕਰਨ ਜਾਵੇਗਾ। ਯਾਕੂਬ ਨੂੰ ਡਰ ਹੈ ਕਿ ਉਸ ਦਾ ਪਿਉ ਉਸ ਨੂੰ ਝੱਟ ਹੀ ਪਛਾਣ ਲਵੇਗਾ ਅਤੇ ਉਸ ਨੂੰ ਬਰਕਤਾਂ ਦੇਣ ਦੀ ਬਜਾਇ ਸਰਾਪ ਦੇ ਦੇਵੇਗਾ! ਪਰ ਰਿਬਕਾਹ ਆਪਣੇ ਇਰਾਦੇ ਤੋਂ ਟੱਸ ਤੋਂ ਮੱਸ ਨਹੀਂ ਹੁੰਦੀ ਹੈ। ਉਹ ਕਹਿੰਦੀ ਹੈ: “ਮੇਰੇ ਪੁੱਤ੍ਰ ਤੇਰਾ ਸਰਾਪ ਮੇਰੇ ਉੱਤੇ ਆਵੇ।” ਇਸ ਮਗਰੋਂ ਉਹ ਆਪਣੇ ਪਤੀ ਲਈ ਭੋਜਨ ਤਿਆਰ ਕਰਦੀ ਹੈ ਅਤੇ ਏਸਾਓ ਦੇ ਭੇਸ ਵਿਚ ਯਾਕੂਬ ਨੂੰ ਇਸਹਾਕ ਕੋਲ ਭੇਜ ਦਿੰਦੀ ਹੈ।—ਉਤਪਤ 27:1-17.
ਰਿਬਕਾਹ ਇਸ ਤਰ੍ਹਾਂ ਕਿਉਂ ਕਰਦੀ ਹੈ, ਇਸ ਉੱਤੇ ਬਾਈਬਲ ਚਾਨਣਾ ਨਹੀਂ ਪਾਉਂਦੀ। ਕਈ ਲੋਕ ਉਸ ਦੀ ਇਸ ਚਾਲ ਨੂੰ ਧੋਖੇਬਾਜ਼ੀ ਕਹਿ ਕੇ ਉਸ ਦੀ ਨਿੰਦਿਆ ਕਰਦੇ ਹਨ। ਪਰ ਬਾਈਬਲ ਰਿਬਕਾਹ ਦੀ ਨਿਖੇਧੀ ਨਹੀਂ ਕਰਦੀ ਅਤੇ ਨਾ ਹੀ ਇਸਹਾਕ ਨੇ ਉਸ ਨੂੰ ਝਿੜਕਿਆ ਜਦੋਂ ਉਸ ਨੂੰ ਰਿਬਕਾਹ ਦੀ ਵਿਓਂਤ ਦਾ ਪਤਾ ਲੱਗਾ। ਗੁੱਸੇ ਹੋਣ ਦੀ ਬਜਾਇ ਇਸਹਾਕ ਸਗੋਂ ਯਾਕੂਬ ਨੂੰ ਹੋਰ ਜ਼ਿਆਦਾ ਬਰਕਤਾਂ ਦਿੰਦਾ ਹੈ। (ਉਤਪਤ 27:29; 28:3, 4) ਰਿਬਕਾਹ ਨੂੰ ਪਤਾ ਹੈ ਕਿ ਯਹੋਵਾਹ ਨੇ ਉਸ ਦੇ ਮੁੰਡਿਆਂ ਬਾਰੇ ਕੀ ਭਵਿੱਖਬਾਣੀ ਕੀਤੀ ਸੀ। ਇਸ ਲਈ ਉਹ ਯਾਕੂਬ ਨੂੰ ਉਸ ਦਾ ਹੱਕ ਦਿਵਾਉਣ ਲਈ ਕਦਮ ਚੁੱਕਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਯਹੋਵਾਹ ਦੀ ਇੱਛਾ ਦੇ ਮੁਤਾਬਕ ਸੀ।—ਰੋਮੀਆਂ 9:6-13.
ਉਹ ਯਾਕੂਬ ਨੂੰ ਹਾਰਾਨ ਭੇਜ ਦਿੰਦੀ ਹੈ
ਜਦੋਂ ਏਸਾਓ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਪਿਉ ਨੇ ਉਸ ਦੀ ਬਜਾਇ ਯਾਕੂਬ ਨੂੰ ਅਸੀਸਾਂ ਦੇ ਦਿੱਤੀਆਂ ਹਨ, ਤਾਂ ਉਹ ਗੁੱਸੇ ਵਿਚ ਲੋਹਾ-ਲਾਖਾ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਉਹ ਯਾਕੂਬ ਤੋਂ ਬਦਲਾ ਲੈਂਦਾ, ਰਿਬਕਾਹ ਇਸਹਾਕ ਦੀ ਇਜਾਜ਼ਤ ਨਾਲ ਯਾਕੂਬ ਨੂੰ ਦੂਰ ਭੇਜ ਦਿੰਦੀ ਹੈ। ਉਹ ਇਸਹਾਕ ਨੂੰ ਏਸਾਓ ਦੇ ਗੁੱਸੇ ਬਾਰੇ ਨਹੀਂ ਦੱਸਦੀ ਤਾਂਕਿ ਉਹ ਬਿਨਾਂ ਵਜ੍ਹਾ ਪਰੇਸ਼ਾਨ ਨਾ ਹੋਵੇ। ਇਸ ਦੀ ਬਜਾਇ, ਉਹ ਯਾਕੂਬ ਨੂੰ ਦੂਰ ਭੇਜਣ ਦਾ ਇਹ ਕਾਰਨ ਦੱਸਦੀ ਹੈ ਕਿ ਜੇ ਉਹ ਕਨਾਨ ਦੇਸ਼ ਵਿਚ ਰਿਹਾ, ਤਾਂ ਉਹ ਵੀ ਕਿਸੇ ਕਨਾਨੀ ਤੀਵੀਂ ਨਾਲ ਵਿਆਹ ਕਰਾ ਲਵੇਗਾ। ਇਹ ਗੱਲ ਸੁਣਦੇ ਸਾਰ ਇਸਹਾਕ ਯਾਕੂਬ ਨੂੰ ਕਨਾਨੀ ਤੀਵੀਆਂ ਨਾਲ ਵਿਆਹ ਨਾ ਕਰਨ ਦਾ ਹੁਕਮ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਉਹ ਜਾ ਕੇ ਆਪਣੇ ਨਾਨਕਿਆਂ ਵਿੱਚੋਂ ਕੋਈ ਕੁੜੀ ਲੱਭੇ ਜੋ ਯਹੋਵਾਹ ਦਾ ਭੈ ਮੰਨਣ ਵਾਲੀ ਹੋਵੇ। ਸਾਨੂੰ ਇਹ ਨਹੀਂ ਪਤਾ ਕਿ ਰਿਬਕਾਹ ਫਿਰ ਕਦੇ ਯਾਕੂਬ ਨੂੰ ਮਿਲਦੀ ਹੈ ਜਾਂ ਨਹੀਂ, ਪਰ ਉਸ ਵੱਲੋਂ ਚੁੱਕੇ ਗਏ ਠੋਸ ਕਦਮਾਂ ਦੇ ਕਾਰਨ ਬਾਅਦ ਵਿਚ ਇਸਰਾਏਲ ਕੌਮ ਨੂੰ ਬਹੁਤ ਸਾਰੀਆਂ ਅਸੀਸਾਂ ਮਿਲਦੀਆਂ ਹਨ।—ਉਤਪਤ 27:43–28:2.
ਅਸੀਂ ਰਿਬਕਾਹ ਬਾਰੇ ਜਿੰਨਾ ਕੁਝ ਜਾਣਦੇ ਹਾਂ, ਉਹ ਕਾਬਲ-ਏ-ਤਾਰੀਫ਼ ਹੈ। ਬੇਸ਼ੱਕ ਉਹ ਬਹੁਤ ਸੋਹਣੀ ਸੀ, ਪਰ ਉਸ ਦੀ ਅਸਲੀ ਸੁੰਦਰਤਾ ਉਸ ਦੀ ਡੂੰਘੀ ਸ਼ਰਧਾ ਸੀ। ਇਹੋ ਗੁਣ ਅਬਰਾਹਾਮ ਆਪਣੀ ਨੂੰਹ ਵਿਚ ਚਾਹੁੰਦਾ ਸੀ। ਪਰ ਰਿਬਕਾਹ ਵਿਚ ਹੋਰ ਵੀ ਬਹੁਤ ਸਾਰੇ ਚੰਗੇ ਗੁਣ ਸਨ ਜਿਸ ਦੀ ਸ਼ਾਇਦ ਅਬਰਾਹਾਮ ਨੇ ਆਸ ਵੀ ਨਾ ਕੀਤੀ ਹੋਵੇ। ਰਿਬਕਾਹ ਦੀ ਯਹੋਵਾਹ ਉੱਤੇ ਪੱਕੀ ਨਿਹਚਾ ਸੀ ਅਤੇ ਉਸ ਨੇ ਹਿੰਮਤ ਨਾਲ ਪਰਮੇਸ਼ੁਰ ਦੇ ਨਿਰਦੇਸ਼ਨ ਨੂੰ ਕਬੂਲ ਕੀਤਾ। ਇਸ ਤੋਂ ਇਲਾਵਾ, ਉਸ ਦਾ ਉਤਸ਼ਾਹ, ਹਲੀਮੀ, ਦਰਿਆ-ਦਿਲੀ ਅਤੇ ਪਰਾਹੁਣਚਾਰੀ ਸਾਰੀਆਂ ਮਸੀਹੀ ਔਰਤਾਂ ਲਈ ਚੰਗੀ ਮਿਸਾਲ ਹਨ। ਇਹੋ ਗੁਣ ਯਹੋਵਾਹ ਵੀ ਪਸੰਦ ਕਰਦਾ ਹੈ। ਜਿਸ ਔਰਤ ਵਿਚ ਇਹ ਗੁਣ ਹੋਣ, ਉਹ ਸੱਚ-ਮੁੱਚ ਹੀ ਇਕ ਮਿਸਾਲੀ ਤੇ ਗੁਣਵੰਤੀ ਔਰਤ ਹੋਵੇਗੀ!