ਯਹੋਵਾਹ ਦਾ ਬਚਨ ਜੀਉਂਦਾ ਹੈ
ਉਤਪਤ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ
ਉਤਪਤ ਦੀ ਕਿਤਾਬ ਵਿਚ ਪਹਿਲੇ ਇਨਸਾਨ ਆਦਮ ਦੀ ਸ੍ਰਿਸ਼ਟੀ ਤੋਂ ਲੈ ਕੇ ਯਾਕੂਬ ਦੇ ਪੁੱਤਰ ਯੂਸੁਫ਼ ਦੀ ਮੌਤ ਤਕ 2,369 ਸਾਲਾਂ ਦਾ ਇਤਿਹਾਸ ਦਿੱਤਾ ਗਿਆ ਹੈ। ਇਸ ਕਿਤਾਬ ਦੇ ਪਹਿਲੇ 10 ਅਧਿਆਵਾਂ ਅਤੇ 11ਵੇਂ ਅਧਿਆਇ ਦੀਆਂ ਪਹਿਲੀਆਂ ਨੌਂ ਆਇਤਾਂ ਵਿਚ ਸ੍ਰਿਸ਼ਟੀ ਤੋਂ ਲੈ ਕੇ ਬਾਬਲ ਦੇ ਬੁਰਜ ਦੀ ਉਸਾਰੀ ਤਕ ਦਾ ਬਿਰਤਾਂਤ ਦਿੱਤਾ ਗਿਆ ਹੈ। ਇਸ ਬਿਰਤਾਂਤ ਉੱਤੇ ਪਹਿਰਾਬੁਰਜ ਰਸਾਲੇ ਦੇ ਪਿਛਲੇ ਅੰਕ ਵਿਚ ਚਰਚਾ ਕੀਤੀ ਗਈ ਸੀ।a ਹੁਣ ਇਸ ਲੇਖ ਵਿਚ ਅਸੀਂ ਉਤਪਤ ਦੀ ਕਿਤਾਬ ਦੇ ਬਾਕੀ ਹਿੱਸਿਆਂ ਉੱਤੇ ਚਰਚਾ ਕਰਾਂਗੇ। ਅਸੀਂ ਅਬਰਾਹਾਮ, ਇਸਹਾਕ, ਯਾਕੂਬ ਅਤੇ ਯੂਸੁਫ਼ ਨਾਲ ਪਰਮੇਸ਼ੁਰ ਦੇ ਵਰਤਾਅ ਸੰਬੰਧੀ ਕੁਝ ਖ਼ਾਸ ਨੁਕਤਿਆਂ ਵੱਲ ਧਿਆਨ ਦੇਵਾਂਗੇ।
ਅਬਰਾਹਾਮ ਦੀ ਪਰਮੇਸ਼ੁਰ ਨਾਲ ਦੋਸਤੀ
ਜਲ-ਪਰਲੋ ਤੋਂ ਤਕਰੀਬਨ 350 ਸਾਲ ਬਾਅਦ ਨੂਹ ਦੇ ਪੁੱਤਰ ਸ਼ੇਮ ਦੀ ਕੁਲ ਵਿਚ ਇਕ ਬੱਚਾ ਪੈਦਾ ਹੋਇਆ ਸੀ ਜੋ ਬਾਅਦ ਵਿਚ ਪਰਮੇਸ਼ੁਰ ਦਾ ਬਹੁਤ ਹੀ ਪਿਆਰਾ ਦੋਸਤ ਬਣਿਆ। ਉਸ ਦਾ ਨਾਂ ਅਬਰਾਮ ਸੀ ਜਿਸ ਨੂੰ ਬਾਅਦ ਵਿਚ ਅਬਰਾਹਾਮ ਦਾ ਨਾਂ ਦਿੱਤਾ ਗਿਆ। ਪਰਮੇਸ਼ੁਰ ਦਾ ਹੁਕਮ ਮਿਲਣ ਤੇ, ਅਬਰਾਮ ਨੇ ਊਰ ਨਾਂ ਦਾ ਕਸਦੀ ਸ਼ਹਿਰ ਛੱਡ ਦਿੱਤਾ ਅਤੇ ਉਸ ਦੇਸ਼ ਜਾ ਕੇ ਤੰਬੂਆਂ ਵਿਚ ਵੱਸਣ ਲੱਗਾ ਜੋ ਯਹੋਵਾਹ ਨੇ ਉਸ ਨੂੰ ਅਤੇ ਉਸ ਦੀ ਨਸਲ ਨੂੰ ਦੇਣ ਦਾ ਵਾਅਦਾ ਕੀਤਾ ਸੀ। ਅਬਰਾਹਾਮ ਦੀ ਪੱਕੀ ਨਿਹਚਾ ਅਤੇ ਆਗਿਆਕਾਰੀ ਕਰਕੇ ਉਹ “ਪਰਮੇਸ਼ੁਰ ਦਾ ਮਿੱਤਰ” ਕਹਿਲਾਇਆ।—ਯਾਕੂਬ 2:23.
ਯਹੋਵਾਹ ਨੇ ਸਦੂਮ ਅਤੇ ਗੁਆਂਢੀ ਸ਼ਹਿਰਾਂ ਦੇ ਦੁਸ਼ਟ ਵਾਸੀਆਂ ਨੂੰ ਨਾਸ਼ ਕਰ ਦਿੱਤਾ, ਪਰ ਲੂਤ ਤੇ ਉਸ ਦੀਆਂ ਧੀਆਂ ਨੂੰ ਜੀਉਂਦਾ ਰੱਖਿਆ। ਪਰਮੇਸ਼ੁਰ ਨੇ ਅਬਰਾਹਾਮ ਨੂੰ ਇਕ ਪੁੱਤਰ (ਇਸਹਾਕ) ਦੇ ਕੇ ਆਪਣਾ ਵਾਅਦਾ ਪੂਰਾ ਕੀਤਾ। ਕਈ ਸਾਲਾਂ ਬਾਅਦ ਯਹੋਵਾਹ ਨੇ ਅਬਰਾਹਾਮ ਦੀ ਨਿਹਚਾ ਨੂੰ ਇਹ ਹੁਕਮ ਦੇ ਕੇ ਪਰਖਿਆ ਕਿ ਉਹ ਆਪਣੇ ਪੁੱਤਰ ਦੀ ਬਲੀ ਚੜ੍ਹਾਵੇ। ਅਬਰਾਹਾਮ ਪਰਮੇਸ਼ੁਰ ਦਾ ਹੁਕਮ ਮੰਨਣ ਲਈ ਤਿਆਰ ਸੀ, ਪਰ ਐਨ ਵਕਤ ਤੇ ਪਰਮੇਸ਼ੁਰ ਦੇ ਦੂਤ ਨੇ ਉਸ ਦਾ ਹੱਥ ਰੋਕ ਲਿਆ। ਅਬਰਾਹਾਮ ਦਾ ਪਰਮੇਸ਼ੁਰ ਉੱਤੇ ਵਾਕਈ ਪੱਕਾ ਭਰੋਸਾ ਸੀ! ਉਸ ਦੀ ਨਿਹਚਾ ਕਰਕੇ ਪਰਮੇਸ਼ੁਰ ਨੇ ਉਸ ਨੂੰ ਭਰੋਸਾ ਦਿਲਾਇਆ ਕਿ ਉਸ ਦੀ ਸੰਤਾਨ ਦੁਆਰਾ ਸਾਰੀਆਂ ਕੌਮਾਂ ਬਰਕਤਾਂ ਪਾਉਣਗੀਆਂ। ਜਦੋਂ ਅਬਰਾਹਾਮ ਦੀ ਪਤਨੀ ਸਾਰਾਹ ਗੁਜ਼ਰ ਗਈ, ਤਾਂ ਅਬਰਾਹਾਮ ਨੇ ਉਸ ਦੀ ਮੌਤ ਦਾ ਬਹੁਤ ਸੋਗ ਮਨਾਇਆ।
ਕੁਝ ਸਵਾਲਾਂ ਦੇ ਜਵਾਬ:
12:1-3—ਅਬਰਾਹਾਮ ਨਾਲ ਬੰਨ੍ਹਿਆ ਨੇਮ ਕਦੋਂ ਅਮਲ ਵਿਚ ਲਿਆਂਦਾ ਗਿਆ ਅਤੇ ਇਹ ਕਿੰਨੀ ਦੇਰ ਤਕ ਕਾਇਮ ਰਿਹਾ? ਯਹੋਵਾਹ ਨੇ ਅਬਰਾਹਾਮ ਨਾਲ ਇਹ ਨੇਮ ਬੰਨ੍ਹਿਆ ਸੀ ਕਿ “[ਅਬਰਾਮ ਦੇ] ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ।” ਸਪੱਸ਼ਟ ਤੌਰ ਤੇ ਇਹ ਨੇਮ ਉਦੋਂ ਅਮਲ ਵਿਚ ਲਿਆਂਦਾ ਗਿਆ ਜਦੋਂ ਅਬਰਾਮ ਨੇ ਲਗਭਗ ਚਾਰ ਹਜ਼ਾਰ ਸਾਲ ਪਹਿਲਾਂ ਕਨਾਨ ਦੇਸ਼ ਨੂੰ ਜਾਣ ਲਈ ਫਰਾਤ ਦਰਿਆ ਪਾਰ ਕੀਤਾ ਸੀ। ਉਹ ਦਿਨ ਯਕੀਨਨ ਸਾਲ 1943 ਸਾ.ਯੁ.ਪੂ. ਦੇ ਨੀਸਾਨ ਮਹੀਨੇ ਦਾ 14ਵਾਂ ਦਿਨ ਸੀ—ਮਿਸਰ ਤੋਂ ਇਸਰਾਏਲ ਦੀ ਮੁਕਤੀ ਤੋਂ 430 ਸਾਲ ਪਹਿਲਾਂ। (ਕੂਚ 12:2, 6, 7, 40, 41) ਅਬਰਾਹਾਮ ਨਾਲ ਬੰਨ੍ਹਿਆ ਇਹ ਨੇਮ “ਇੱਕ ਅਨੰਤ ਨੇਮ” ਸੀ। ਇਹ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਧਰਤੀ ਦੇ ਸਾਰੇ ਘਰਾਣੇ ਮੁਬਾਰਕ ਨਹੀਂ ਹੁੰਦੇ ਅਤੇ ਪਰਮੇਸ਼ੁਰ ਦੇ ਸਾਰੇ ਵੈਰੀ ਨਾਸ਼ ਨਹੀਂ ਹੋ ਜਾਂਦੇ।—ਉਤਪਤ 17:7; 1 ਕੁਰਿੰਥੀਆਂ 15:23-26.
15:13—ਭਵਿੱਖਬਾਣੀ ਅਨੁਸਾਰ ਅਬਰਾਮ ਦੀ ਵੰਸ ਨੇ 400 ਸਾਲ ਤਕ ਦੁੱਖ ਭੋਗਣਾ ਸੀ। ਇਹ ਭਵਿੱਖਬਾਣੀ ਕਦੋਂ ਪੂਰੀ ਹੋਈ? ਦੁੱਖ ਦਾ ਇਹ ਸਮਾਂ ਸਾਲ 1913 ਸਾ.ਯੁ.ਪੂ. ਵਿਚ ਸ਼ੁਰੂ ਹੋਇਆ ਜਦੋਂ ਅਬਰਾਹਾਮ ਦਾ ਪੁੱਤਰ ਇਸਹਾਕ ਲਗਭਗ 5 ਸਾਲ ਦਾ ਸੀ ਅਤੇ ਉਸ ਦੇ ਦੁੱਧ ਛੁਡਾਉਣ ਦੇ ਮੌਕੇ ਤੇ ਉਸ ਦੇ 19-ਸਾਲਾ ਮਤਰੇਏ ਭਰਾ ਇਸਮਾਏਲ ਨੇ “ਹਿੜ ਹਿੜ” ਕਰਦੇ ਹੋਏ ਉਸ ਨੂੰ ਸਤਾਇਆ ਸੀ। (ਉਤਪਤ 21:8-14; ਗਲਾਤੀਆਂ 4:29) ਇਹ 400 ਸਾਲ ਦਾ ਸਮਾਂ ਉਦੋਂ ਮੁੱਕਿਆ ਜਦੋਂ ਇਸਰਾਏਲੀ 1513 ਸਾ.ਯੁ.ਪੂ. ਵਿਚ ਮਿਸਰ ਦੀ ਗ਼ੁਲਾਮੀ ਤੋਂ ਛੁੱਟੇ ਸਨ।
16:2—ਕੀ ਸਾਰਈ ਨੇ ਆਪਣੀ ਗੋੱਲੀ ਹਾਜਰਾ ਆਪਣੇ ਪਤੀ ਅਬਰਾਮ ਦੀ ਤੀਵੀਂ ਬਣਨ ਲਈ ਦੇ ਕੇ ਸਹੀ ਕੀਤਾ ਸੀ? ਉਸ ਜ਼ਮਾਨੇ ਵਿਚ ਇਸ ਤਰ੍ਹਾਂ ਕਰਨ ਦਾ ਰਿਵਾਜ ਸੀ। ਜੇ ਕੋਈ ਤੀਵੀਂ ਬਾਂਝ ਹੁੰਦੀ ਸੀ, ਤਾਂ ਉਹ ਸੰਤਾਨ ਪੈਦਾ ਕਰਨ ਲਈ ਆਪਣੇ ਪਤੀ ਨੂੰ ਇਕ ਤੀਵੀਂ ਦਿੰਦੀ ਸੀ। ਇਕ ਤੋਂ ਜ਼ਿਆਦਾ ਵਿਆਹ ਕਰਾਉਣ ਦੀ ਰੀਤ ਕਇਨ ਦੇ ਘਰਾਣੇ ਵਿਚ ਸ਼ੁਰੂ ਹੋਈ ਸੀ। ਬਾਅਦ ਵਿਚ ਇਹ ਰਿਵਾਜ ਕਾਫ਼ੀ ਪ੍ਰਚਲਿਤ ਹੋ ਗਿਆ ਅਤੇ ਯਹੋਵਾਹ ਦੇ ਕੁਝ ਭਗਤਾਂ ਨੇ ਵੀ ਇਸ ਰਿਵਾਜ ਨੂੰ ਅਪਣਾਇਆ। (ਉਤਪਤ 4:17-19; 16:1-3; 29:21-28) ਪਰ ਯਹੋਵਾਹ ਦਾ ਮੁਢਲਾ ਮਿਆਰ ਕਦੇ ਨਹੀਂ ਬਦਲਿਆ। ਉਸ ਦੇ ਮਕਸਦ ਅਨੁਸਾਰ ਆਦਮੀ ਦੀ ਇੱਕੋ ਪਤਨੀ ਹੋਣੀ ਚਾਹੀਦੀ ਸੀ। (ਉਤਪਤ 2:21, 22) ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ‘ਫਲਣ ਅਰ ਵਧਣ ਅਰ ਧਰਤੀ ਨੂੰ ਭਰ ਦੇਣ’ ਦਾ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਸਾਰਿਆਂ ਦੀ ਇਕ-ਇਕ ਪਤਨੀ ਸੀ। (ਉਤਪਤ 7:7; 9:1; 2 ਪਤਰਸ 2:5) ਸਦੀਆਂ ਬਾਅਦ, ਇਕ ਵਿਆਹ ਕਰਾਉਣ ਦੇ ਮਿਆਰ ਦੀ ਯਿਸੂ ਮਸੀਹ ਨੇ ਵੀ ਪੁਸ਼ਟੀ ਕੀਤੀ ਸੀ।—ਮੱਤੀ 19:4-8; 1 ਤਿਮੋਥਿਉਸ 3:2, 12.
19:8—ਕੀ ਲੂਤ ਨੇ ਸਦੋਮੀਆਂ ਨੂੰ ਆਪਣੀਆਂ ਧੀਆਂ ਪੇਸ਼ ਕਰ ਕੇ ਗ਼ਲਤ ਕੀਤਾ ਸੀ? ਮੱਧ ਪੂਰਬੀ ਦੇਸ਼ਾਂ ਵਿਚ ਇਹ ਰਿਵਾਜ ਸੀ ਕਿ ਘਰ ਆਏ ਮਹਿਮਾਨਾਂ ਦੀ ਰਾਖੀ ਕਰਨੀ ਮੇਜ਼ਬਾਨ ਦਾ ਫ਼ਰਜ਼ ਸੀ, ਭਾਵੇਂ ਇਸ ਲਈ ਉਸ ਨੂੰ ਆਪਣੀ ਜਾਨ ਹੀ ਕਿਉਂ ਨਾ ਦੇਣੀ ਪਵੇ। ਲੂਤ ਵੀ ਇਹੋ ਕਰਨ ਲਈ ਤਿਆਰ ਸੀ। ਉਸ ਨੇ ਦਲੇਰੀ ਨਾਲ ਘਰੋਂ ਬਾਹਰ ਜਾ ਕੇ ਆਪਣੇ ਪਿੱਛਿਓਂ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਸਦੋਮੀਆਂ ਦੀ ਭੀੜ ਦਾ ਇਕੱਲੇ ਨੇ ਸਾਮ੍ਹਣਾ ਕੀਤਾ। ਜਦੋਂ ਲੂਤ ਨੇ ਉਨ੍ਹਾਂ ਨੂੰ ਆਪਣੀਆਂ ਧੀਆਂ ਦੇਣ ਦੀ ਪੇਸ਼ਕਸ਼ ਕੀਤੀ, ਤਾਂ ਉਦੋਂ ਉਸ ਨੂੰ ਸ਼ਾਇਦ ਅਹਿਸਾਸ ਹੋ ਚੁੱਕਾ ਸੀ ਕਿ ਉਸ ਦੇ ਮਹਿਮਾਨ ਅਸਲ ਵਿਚ ਪਰਮੇਸ਼ੁਰ ਦੇ ਦੂਤ ਸਨ। ਇਸ ਲਈ ਉਸ ਨੇ ਸ਼ਾਇਦ ਸੋਚਿਆ ਹੋਣਾ ਕਿ ਪਰਮੇਸ਼ੁਰ ਜੇ ਚਾਹੇ ਤਾਂ ਉਹ ਉਸ ਦੀਆਂ ਧੀਆਂ ਦੀ ਰਾਖੀ ਕਰੇਗਾ ਜਿਵੇਂ ਉਸ ਨੇ ਲੂਤ ਦੀ ਚਾਚੀ ਸਾਰਾਹ ਦੀ ਮਿਸਰ ਦੇਸ਼ ਵਿਚ ਰਾਖੀ ਕੀਤੀ ਸੀ। (ਉਤਪਤ 12:17-20) ਅਤੇ ਇਸੇ ਤਰ੍ਹਾਂ ਹੋਇਆ! ਪਰਮੇਸ਼ੁਰ ਨੇ ਲੂਤ ਤੇ ਉਸ ਦੀਆਂ ਧੀਆਂ ਨੂੰ ਮਹਿਫੂਜ਼ ਰੱਖਿਆ।
19:30-38—ਇਕ ਮੌਕੇ ਤੇ ਲੂਤ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਉਸ ਦੀਆਂ ਦੋ ਧੀਆਂ ਨੇ ਉਸ ਤੋਂ ਗਰਭਵਤੀ ਹੋ ਕੇ ਪੁੱਤਰ ਜੰਮੇ। ਕੀ ਯਹੋਵਾਹ ਨੂੰ ਇਹ ਗੱਲ ਮਨਜ਼ੂਰ ਸੀ? ਯਹੋਵਾਹ ਨੂੰ ਸ਼ਰਾਬੀਪੁਣੇ ਅਤੇ ਸਾਕ-ਸੰਬੰਧੀਆਂ ਵਿਚਕਾਰ ਨਾਜਾਇਜ਼ ਸੰਬੰਧਾਂ ਤੋਂ ਸਖ਼ਤ ਨਫ਼ਰਤ ਹੈ। (ਲੇਵੀਆਂ 18:6, 7, 29; 1 ਕੁਰਿੰਥੀਆਂ 6:9, 10) ਲੂਤ ਨੇ ਆਪ ਸਦੋਮ ਸ਼ਹਿਰ ਦੇ ਨਿਵਾਸੀਆਂ ਦੇ “ਭੈੜਿਆਂ ਕਰਮਾਂ” ਦੀ ਨਿੰਦਾ ਕੀਤੀ ਸੀ। (2 ਪਤਰਸ 2:6-8) ਪਰ ਲੂਤ ਅਤੇ ਉਸ ਦੀਆਂ ਧੀਆਂ ਉਸ ਦੇਸ਼ ਵਿਚ ਓਪਰੇ ਸਨ, ਇਸ ਲਈ ਲੂਤ ਦੀਆਂ ਧੀਆਂ ਨੇ ਸੋਚਿਆ ਹੋਣਾ ਕਿ ਆਪਣੇ ਪਿਉ ਦੇ ਵੰਸ਼ ਨੂੰ ਜਾਰੀ ਰੱਖਣ ਲਈ ਆਪਣੇ ਪਿਉ ਤੋਂ ਗਰਭਵਤੀ ਹੋਣ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ। ਲੇਕਿਨ ਉਨ੍ਹਾਂ ਨੂੰ ਸ਼ਾਇਦ ਪਤਾ ਸੀ ਕਿ ਉਨ੍ਹਾਂ ਦਾ ਪਿਉ ਹੋਸ਼ ਵਿਚ ਹੁੰਦੇ ਹੋਏ ਕਦੀ ਵੀ ਉਨ੍ਹਾਂ ਨਾਲ ਸਹਿਵਾਸ ਕਰਨ ਲਈ ਰਾਜ਼ੀ ਨਹੀਂ ਹੋਵੇਗਾ, ਇਸੇ ਲਈ ਉਨ੍ਹਾਂ ਨੇ ਉਸ ਨੂੰ ਪਹਿਲਾਂ ਸ਼ਰਾਬ ਪਿਲਾ ਕੇ ਮਦਹੋਸ਼ ਕਰ ਦਿੱਤਾ। ਇਹ ਬਿਰਤਾਂਤ ਬਾਈਬਲ ਵਿਚ ਇਸ ਲਈ ਦਰਜ ਕੀਤਾ ਗਿਆ ਹੈ ਕਿਉਂਕਿ ਇਹ ਦਿਖਾਉਂਦਾ ਹੈ ਕਿ ਅਬਰਾਹਾਮ ਦੀ ਨਸਲ ਤੋਂ ਆਏ ਇਸਰਾਏਲੀਆਂ ਦਾ ਮੋਆਬੀਆਂ (ਮੋਆਬ ਦੀ ਸੰਤਾਨ) ਅਤੇ ਅੰਮੋਨੀਆਂ (ਬਿਨ-ਅੰਮੀ ਦੀ ਸੰਤਾਨ) ਨਾਲ ਕੀ ਰਿਸ਼ਤਾ ਸੀ।
ਸਾਡੇ ਲਈ ਸਬਕ:
13:8, 9. ਲੜਾਈ-ਝਗੜੇ ਸੁਲਝਾਉਣ ਵਿਚ ਅਬਰਾਹਾਮ ਨੇ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਆਓ ਆਪਾਂ ਕਦੇ ਵੀ ਆਪਣੇ ਨਿੱਜੀ ਲਾਭ ਲਈ, ਆਪਣੀ ਪਸੰਦ-ਨਾਪਸੰਦ ਖ਼ਾਤਰ ਜਾਂ ਘਮੰਡ ਕਾਰਨ ਦੂਸਰਿਆਂ ਨਾਲ ਆਪਣੇ ਚੰਗੇ ਰਿਸ਼ਤਿਆਂ ਨੂੰ ਖ਼ਰਾਬ ਨਾ ਕਰੀਏ।
15:5, 6. ਜਦੋਂ ਅਬਰਾਹਾਮ ਬੁੱਢਾ ਹੋ ਕੇ ਵੀ ਬੇਔਲਾਦ ਰਿਹਾ, ਤਾਂ ਉਸ ਨੇ ਪਰਮੇਸ਼ੁਰ ਅੱਗੇ ਆਪਣੀ ਚਿੰਤਾ ਪ੍ਰਗਟ ਕੀਤੀ। ਯਹੋਵਾਹ ਨੇ ਉਸ ਨੂੰ ਹੌਸਲਾ ਦਿੱਤਾ। ਸਿੱਟੇ ਵਜੋਂ ਅਬਰਾਹਾਮ ਨੇ ਕੀ ਕੀਤਾ? ਉਸ ਨੇ “ਯਹੋਵਾਹ ਦੀ ਪਰਤੀਤ ਕੀਤੀ।” ਜੇ ਅਸੀਂ ਯਹੋਵਾਹ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਦੇ ਹਾਂ, ਬਾਈਬਲ ਵਿੱਚੋਂ ਉਸ ਦੀ ਹੌਸਲਾ-ਅਫ਼ਜ਼ਾਈ ਨੂੰ ਕਬੂਲ ਕਰਦੇ ਹਾਂ ਅਤੇ ਉਸ ਦੀਆਂ ਹਿਦਾਇਤਾਂ ਨੂੰ ਮੰਨਦੇ ਹਾਂ, ਤਾਂ ਸਾਡੀ ਨਿਹਚਾ ਜ਼ਰੂਰ ਮਜ਼ਬੂਤ ਹੋਵੇਗੀ।
15:16. ਯਹੋਵਾਹ ਨੇ ਅਮੋਰੀਆਂ (ਯਾਨੀ ਕਨਾਨੀਆਂ) ਨੂੰ ਚਾਰ ਪੀੜ੍ਹੀਆਂ ਤਕ ਸਜ਼ਾ ਨਹੀਂ ਦਿੱਤੀ। ਕਿਉਂ? ਕਿਉਂਕਿ ਉਹ ਧੀਰਜਵੰਤ ਪਰਮੇਸ਼ੁਰ ਹੈ। ਉਹ ਇਹੋ ਆਸ ਰੱਖਦਾ ਰਿਹਾ ਕਿ ਅਮੋਰੀ ਸ਼ਾਇਦ ਬਦਲ ਜਾਣਗੇ। ਪਰ ਅਖ਼ੀਰ ਵਿਚ ਜਦੋਂ ਉਸ ਨੇ ਦੇਖਿਆ ਕਿ ਉਨ੍ਹਾਂ ਦੇ ਸੁਧਰਨ ਦੀ ਕੋਈ ਆਸ ਨਹੀਂ ਬਚੀ ਸੀ, ਤਾਂ ਉਸ ਨੇ ਉਨ੍ਹਾਂ ਨੂੰ ਨਾਸ਼ ਕਰ ਦਿੱਤਾ। ਸਾਨੂੰ ਵੀ ਯਹੋਵਾਹ ਵਾਂਗ ਧੀਰਜਵੰਤ ਬਣਨਾ ਚਾਹੀਦਾ ਹੈ।
18:23-33. ਯਹੋਵਾਹ ਲੋਕਾਂ ਨੂੰ ਅੰਨ੍ਹੇਵਾਹ ਨਾਸ਼ ਨਹੀਂ ਕਰਦਾ। ਉਹ ਧਰਮੀਆਂ ਨੂੰ ਬਚਾਈ ਰੱਖਦਾ ਹੈ।
19:16. ਲੂਤ “ਢਿੱਲ” ਕਰਦਾ ਰਿਹਾ ਜਿਸ ਕਰਕੇ ਦੂਤਾਂ ਨੂੰ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਹੱਥੋਂ ਫੜ ਕੇ ਸਦੋਮ ਸ਼ਹਿਰ ਤੋਂ ਬਾਹਰ ਲੈ ਜਾਣਾ ਪਿਆ। ਅੱਜ ਇਸ ਦੁਸ਼ਟ ਸੰਸਾਰ ਦਾ ਵਿਨਾਸ਼ ਬਹੁਤ ਨੇੜੇ ਹੈ, ਇਸ ਲਈ ਸਾਨੂੰ ਕਦੇ ਵੀ ਅਧਿਆਤਮਿਕ ਤੌਰ ਤੇ ਢਿੱਲੇ ਨਹੀਂ ਪੈਣਾ ਚਾਹੀਦਾ।
19:26. ਮਸੀਹੀ ਬਣਨ ਤੇ ਅਸੀਂ ਦੁਨੀਆਂ ਦੀਆਂ ਚੀਜ਼ਾਂ ਨੂੰ ਤਿਆਗ ਦਿੱਤਾ ਸੀ। ਹੁਣ ਇਨ੍ਹਾਂ ਚੀਜ਼ਾਂ ਪਿੱਛੇ ਭੱਜਣਾ ਜਾਂ ਮੁੜ ਉਨ੍ਹਾਂ ਨੂੰ ਲੋਚਣਾ ਕਿੰਨੀ ਮੂਰਖਤਾ ਹੋਵੇਗੀ!
ਯਾਕੂਬ ਦੇ 12 ਮੁੰਡੇ
ਅਬਰਾਹਾਮ ਨੇ ਇਸਹਾਕ ਦਾ ਵਿਆਹ ਰਿਬਕਾਹ ਨਾਲ ਕਰਵਾਇਆ ਜੋ ਯਹੋਵਾਹ ਦੀ ਭਗਤਣ ਸੀ। ਰਿਬਕਾਹ ਨੇ ਜੌੜੇ ਮੁੰਡਿਆਂ ਨੂੰ ਜਨਮ ਦਿੱਤਾ ਅਤੇ ਉਨ੍ਹਾਂ ਦਾ ਨਾਂ ਏਸਾਓ ਤੇ ਯਾਕੂਬ ਰੱਖਿਆ। ਏਸਾਓ ਨੇ ਆਪਣੇ ਪਲੌਠੇ ਹੋਣ ਦੇ ਹੱਕ ਨੂੰ ਤੁੱਛ ਸਮਝਦੇ ਹੋਏ ਇਹ ਹੱਕ ਯਾਕੂਬ ਨੂੰ ਵੇਚ ਦਿੱਤਾ। ਇਸ ਕਰਕੇ ਏਸਾਓ ਦੀ ਥਾਂ ਤੇ ਯਾਕੂਬ ਨੇ ਆਪਣੇ ਪਿਉ ਤੋਂ ਬਰਕਤਾਂ ਹਾਸਲ ਕੀਤੀਆਂ। ਸਿੱਟੇ ਵਜੋਂ, ਏਸਾਓ ਦੇ ਗੁੱਸੇ ਤੋਂ ਬਚਣ ਲਈ ਯਾਕੂਬ ਨੂੰ ਪਦਨ ਅਰਾਮ ਭੱਜਣਾ ਪਿਆ ਜਿੱਥੇ ਉਸ ਨੇ ਲੇਆਹ ਤੇ ਰਾਖੇਲ ਨਾਲ ਵਿਆਹ ਕੀਤਾ। ਉਸ ਨੇ ਉਨ੍ਹਾਂ ਦੇ ਪਿਉ ਦੀਆਂ ਭੇਡਾਂ ਦੀ ਲਗਭਗ 20 ਸਾਲ ਤਕ ਦੇਖ-ਰੇਖ ਕੀਤੀ, ਫਿਰ ਉਹ ਆਪਣੇ ਪਰਿਵਾਰ ਸਣੇ ਆਪਣੇ ਦੇਸ਼ ਮੁੜ ਗਿਆ। ਲੇਆਹ, ਰਾਖੇਲ ਅਤੇ ਉਨ੍ਹਾਂ ਦੀਆਂ ਦੋ ਗੋੱਲੀਆਂ ਤੋਂ ਯਾਕੂਬ ਦੇ 12 ਮੁੰਡੇ ਅਤੇ ਇਕ ਕੁੜੀ ਪੈਦਾ ਹੋਈ। ਯਾਕੂਬ ਇਕ ਦੂਤ ਨਾਲ ਘੁਲਿਆ ਜਿਸ ਦੇ ਨਤੀਜੇ ਵਜੋਂ ਉਸ ਨੂੰ ਅਸੀਸ ਮਿਲੀ ਅਤੇ ਉਸ ਦਾ ਨਾਂ ਬਦਲ ਕੇ ਇਸਰਾਏਲ ਰੱਖਿਆ ਗਿਆ।
ਕੁਝ ਸਵਾਲਾਂ ਦੇ ਜਵਾਬ:
28:12, 13—ਯਾਕੂਬ ਦੇ “ਪੌੜੀ” ਵਾਲੇ ਸੁਪਨੇ ਦਾ ਕੀ ਮਤਲਬ ਸੀ? ਇਹ “ਪੌੜੀ” ਜੋ ਸ਼ਾਇਦ ਪੱਥਰਾਂ ਦੀ ਬਣੀ ਸੀ, ਇਸ ਗੱਲ ਨੂੰ ਦਰਸਾਉਂਦੀ ਸੀ ਕਿ ਪਰਮੇਸ਼ੁਰ ਇਨਸਾਨਾਂ ਨਾਲ ਸੰਪਰਕ ਬਣਾਈ ਰੱਖਦਾ ਹੈ। ਯਾਕੂਬ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਇਸ ਪੌੜੀ ਉੱਤੇ ਚੜ੍ਹਦੇ-ਉਤਰਦੇ ਦੇਖਿਆ ਜਿਸ ਦਾ ਮਤਲਬ ਸੀ ਕਿ ਯਹੋਵਾਹ ਦੇ ਇਨਸਾਨੀ ਸੇਵਕਾਂ ਨੂੰ ਪਰਮੇਸ਼ੁਰ ਦਾ ਸੰਦੇਸ਼ ਪਹੁੰਚਾਉਣ ਵਿਚ ਦੂਤ ਅਹਿਮ ਭੂਮਿਕਾ ਨਿਭਾਉਂਦੇ ਹਨ।—ਯੂਹੰਨਾ 1:51.
30:14, 15—ਰਾਖੇਲ ਨੇ ਕੁਝ ਦੂਦੀਆਂ ਦੇ ਬਦਲੇ ਆਪਣੇ ਪਤੀ ਤੋਂ ਗਰਭਵਤੀ ਹੋਣ ਦਾ ਇਕ ਮੌਕਾ ਕਿਉਂ ਤਿਆਗ ਦਿੱਤਾ ਸੀ? ਪੁਰਾਣੇ ਜ਼ਮਾਨੇ ਵਿਚ ਦੂਦੀ ਪੌਦੇ (ਮੈਂਡਰਕ) ਦੇ ਫਲ ਨੂੰ ਨਸ਼ੇ ਦੀ ਦਵਾਈ ਜਾਂ ਦਰਦ-ਨਿਵਾਰਕ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਸੀ। ਲੋਕ ਇਹ ਵੀ ਮੰਨਦੇ ਸਨ ਕਿ ਇਹ ਫਲ ਖਾਣ ਨਾਲ ਜਿਨਸੀ ਲਾਲਸਾ ਵਧਦੀ ਹੈ ਅਤੇ ਔਰਤਾਂ ਵਿਚ ਬੱਚੇ ਪੈਦਾ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ। (ਸਰੇਸ਼ਟ ਗੀਤ 7:13) ਭਾਵੇਂ ਕਿ ਬਾਈਬਲ ਇਹ ਨਹੀਂ ਕਹਿੰਦੀ ਕਿ ਰਾਖੇਲ ਨੇ ਇਹ ਲੈਣ-ਦੇਣ ਕਿਉਂ ਕੀਤਾ ਸੀ, ਪਰ ਹੋ ਸਕਦਾ ਹੈ ਕਿ ਉਸ ਨੇ ਵੀ ਇਹ ਸੋਚਿਆ ਹੋਵੇ ਕਿ ਦੂਦੀਆਂ ਉਸ ਦੀ ਬਾਂਝਪੁਣੇ ਦੀ ਲਾਨ੍ਹਤ ਤੋਂ ਛੁੱਟਣ ਅਤੇ ਮਾਂ ਬਣਨ ਵਿਚ ਮਦਦ ਕਰਨਗੀਆਂ। ਪਰ ਉਹ ਕੁਝ ਸਾਲਾਂ ਬਾਅਦ ਜਾ ਕੇ ਮਾਂ ਬਣੀ ਜਦੋਂ ਯਹੋਵਾਹ ਨੇ “ਉਹ ਦੀ ਕੁੱਖ ਨੂੰ ਖੋਲ੍ਹਿਆ।”—ਉਤਪਤ 30:22-24.
ਸਾਡੇ ਲਈ ਸਬਕ:
25:23. ਯਹੋਵਾਹ ਕੋਲ ਅਣਜੰਮੇ ਬੱਚੇ ਦੇ ਸੁਭਾਅ ਨੂੰ ਜਾਣਨ ਦੀ ਤਾਕਤ ਹੈ। ਇਸ ਲਈ, ਜੇ ਉਹ ਚਾਹੇ ਤਾਂ ਉਹ ਇਸ ਗਿਆਨ ਨੂੰ ਵਰਤਦੇ ਹੋਏ ਪਹਿਲਾਂ ਤੋਂ ਹੀ ਫ਼ੈਸਲਾ ਕਰ ਸਕਦਾ ਹੈ ਕਿ ਉਹ ਆਪਣੇ ਮਕਸਦਾਂ ਨੂੰ ਪੂਰਾ ਕਰਨ ਲਈ ਕਿਸ ਨੂੰ ਵਰਤੇਗਾ। ਪਰ ਉਹ ਹਰ ਇਨਸਾਨ ਦੀ ਕਿਸਮਤ ਨਹੀਂ ਲਿਖਦਾ।—ਹੋਸ਼ੇਆ 12:3; ਰੋਮੀਆਂ 9:10-12.
25:32, 33; 32:24-29. ਯਾਕੂਬ ਵਿਚ ਆਪਣੇ ਭਰਾ ਤੋਂ ਪਲੌਠੇ ਦਾ ਹੱਕ ਖ਼ਰੀਦਣ ਦੀ ਡੂੰਘੀ ਲਾਲਸਾ ਸੀ। ਉਹ ਦੂਤ ਤੋਂ ਬਰਕਤ ਹਾਸਲ ਕਰਨ ਲਈ ਪੂਰੀ ਰਾਤ ਉਸ ਨਾਲ ਘੁਲਦਾ ਰਿਹਾ। ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਾਕੂਬ ਸੱਚ-ਮੁੱਚ ਪਵਿੱਤਰ ਚੀਜ਼ਾਂ ਦੀ ਕਦਰ ਕਰਦਾ ਸੀ। ਅੱਜ ਯਹੋਵਾਹ ਨੇ ਸਾਨੂੰ ਵੀ ਕਈ ਪਵਿੱਤਰ ਚੀਜ਼ਾਂ ਦਿੱਤੀਆਂ ਹਨ, ਜਿਵੇਂ ਕਿ ਉਸ ਨਾਲ ਅਤੇ ਉਸ ਦੇ ਸੰਗਠਨ ਨਾਲ ਸਾਡਾ ਰਿਸ਼ਤਾ, ਸਾਨੂੰ ਮੁਕਤੀ ਦੇਣ ਲਈ ਯਿਸੂ ਦਾ ਬਲੀਦਾਨ, ਬਾਈਬਲ ਅਤੇ ਰਾਜ ਦੀ ਉਮੀਦ। ਆਓ ਆਪਾਂ ਵੀ ਯਾਕੂਬ ਵਾਂਗ ਇਨ੍ਹਾਂ ਚੀਜ਼ਾਂ ਦੀ ਡੂੰਘੀ ਕਦਰ ਕਰੀਏ।
34:1, 30. ਯਾਕੂਬ ਨੂੰ ‘ਔਖਾ ਕਰਨ’ ਵਾਲੀ ਸਮੱਸਿਆ ਇਸ ਲਈ ਪੈਦਾ ਹੋਈ ਸੀ ਕਿਉਂਕਿ ਦੀਨਾਹ ਨੇ ਉਨ੍ਹਾਂ ਲੋਕਾਂ ਨਾਲ ਦੋਸਤੀ ਕੀਤੀ ਜੋ ਯਹੋਵਾਹ ਦੇ ਪ੍ਰੇਮੀ ਨਹੀਂ ਸਨ। ਅੱਜ ਸਾਨੂੰ ਆਪਣੇ ਦੋਸਤ ਸੋਚ-ਸਮਝ ਕੇ ਚੁਣਨੇ ਚਾਹੀਦੇ ਹਨ।
ਮਿਸਰ ਵਿਚ ਯੂਸੁਫ਼ ਉੱਤੇ ਯਹੋਵਾਹ ਦੀ ਬਰਕਤ
ਯਾਕੂਬ ਦੇ ਪੁੱਤਰਾਂ ਨੇ ਯੂਸੁਫ਼ ਨਾਲ ਖਾਰ ਖਾਣ ਕਰਕੇ ਉਸ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ। ਮਿਸਰ ਵਿਚ ਯੂਸੁਫ਼ ਪਰਮੇਸ਼ੁਰ ਦਾ ਵਫ਼ਾਦਾਰ ਰਿਹਾ ਅਤੇ ਉਸ ਨੇ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਦੀ ਉਲੰਘਣਾ ਨਹੀਂ ਕੀਤੀ ਜਿਸ ਕਰਕੇ ਉਸ ਨੂੰ ਜੇਲ੍ਹ ਦੀ ਸਜ਼ਾ ਭੁਗਤਣੀ ਪਈ। ਕਾਫ਼ੀ ਸਮੇਂ ਬਾਅਦ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਲਿਆਂਦਾ ਗਿਆ ਅਤੇ ਮਿਸਰ ਦੇ ਰਾਜਾ ਫਿਰਊਨ ਅੱਗੇ ਪੇਸ਼ ਕੀਤਾ ਗਿਆ ਤਾਂਕਿ ਉਹ ਉਸ ਦੇ ਸੁਪਨਿਆਂ ਦਾ ਮਤਲਬ ਦੱਸ ਸਕੇ। ਉਸ ਨੇ ਸੁਪਨਿਆਂ ਦਾ ਮਤਲਬ ਦੱਸਦੇ ਹੋਏ ਕਿਹਾ ਕਿ ਸੱਤ ਸਾਲ ਅਨਾਜ ਦੀ ਬਹੁਤਾਤ ਤੋਂ ਬਾਅਦ ਸੱਤ ਸਾਲ ਕਾਲ ਪਵੇਗਾ। ਇਹ ਸੁਣ ਕੇ ਫਿਰਊਨ ਨੇ ਮਿਸਰ ਦੇਸ਼ ਦੇ ਅਨਾਜ ਦੀ ਸਾਂਭ-ਸੰਭਾਲ ਕਰਨ ਅਤੇ ਵੰਡਣ ਲਈ ਯੂਸੁਫ਼ ਨੂੰ ਮੰਤਰੀ ਬਣਾ ਦਿੱਤਾ। ਜਦੋਂ ਕਾਲ ਜ਼ੋਰਾਂ ਤੇ ਸੀ, ਤਾਂ ਯੂਸੁਫ਼ ਦੇ ਭਰਾ ਅਨਾਜ ਦੀ ਭਾਲ ਵਿਚ ਮਿਸਰ ਪਹੁੰਚੇ। ਯੂਸੁਫ਼ ਆਪਣੇ ਪਰਿਵਾਰ ਨਾਲ ਮਿਲ ਜਾਂਦਾ ਹੈ ਅਤੇ ਪੂਰਾ ਪਰਿਵਾਰ ਗੋਸ਼ਨ ਨਾਂ ਦੀ ਉਪਜਾਊ ਜ਼ਮੀਨ ਉੱਤੇ ਰਹਿਣ ਲੱਗਦਾ ਹੈ। ਯਾਕੂਬ ਨੇ ਮਰਨ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਅਸੀਸਾਂ ਦਿੱਤੀਆਂ। ਉਸ ਨੇ ਇਕ ਭਵਿੱਖਬਾਣੀ ਵੀ ਕੀਤੀ ਕਿ ਆਉਣ ਵਾਲੀਆਂ ਸਦੀਆਂ ਦੌਰਾਨ ਇਨਸਾਨਾਂ ਨੂੰ ਵੱਡੀਆਂ ਅਸੀਸਾਂ ਮਿਲਣਗੀਆਂ। ਯਾਕੂਬ ਦੇ ਮਰਨ ਤੋਂ ਬਾਅਦ ਉਸ ਦੀਆਂ ਅਸਥੀਆਂ ਨੂੰ ਦਫ਼ਨਾਉਣ ਲਈ ਕਨਾਨ ਦੇਸ਼ ਵਾਪਸ ਲਿਜਾਇਆ ਗਿਆ। ਯੂਸੁਫ਼ 110 ਸਾਲ ਦੀ ਉਮਰ ਤੇ ਮਰ ਗਿਆ ਅਤੇ ਉਸ ਦੀ ਦੇਹ ਤੇ ਮਸਾਲਿਆਂ ਦਾ ਲੇਪ ਕੀਤਾ ਗਿਆ। ਬਹੁਤ ਸਾਲਾਂ ਬਾਅਦ ਯੂਸੁਫ਼ ਦੀਆਂ ਹੱਡੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਲਿਜਾਇਆ ਗਿਆ ਸੀ।—ਕੂਚ 13:19.
ਕੁਝ ਸਵਾਲਾਂ ਦੇ ਜਵਾਬ:
43:32—ਮਿਸਰੀ ਲੋਕ ਇਬਰਾਨੀਆਂ ਨਾਲ ਭੋਜਨ ਖਾਣ ਨੂੰ ਇੰਨਾ ਬੁਰਾ ਕਿਉਂ ਮੰਨਦੇ ਸਨ? ਇਸ ਦਾ ਕਾਰਨ ਸ਼ਾਇਦ ਧਾਰਮਿਕ ਪੱਖਪਾਤ ਜਾਂ ਨਸਲੀ ਘਮੰਡ ਸੀ। ਮਿਸਰੀਆਂ ਨੂੰ ਅਯਾਲੀਆਂ ਤੋਂ ਵੀ ਘਿਣ ਸੀ। (ਉਤਪਤ 46:34) ਕਿਉਂ? ਸ਼ਾਇਦ ਮਿਸਰੀ ਲੋਕ ਅਯਾਲੀਆਂ ਨੂੰ ਸਭ ਤੋਂ ਨੀਵੇਂ ਦਰਜੇ ਦੇ ਲੋਕ ਸਮਝਦੇ ਸਨ। ਜਾਂ ਇਹ ਵੀ ਹੋ ਸਕਦਾ ਹੈ ਕਿ ਖੇਤੀਬਾੜੀ ਕਰਨ ਲਈ ਜ਼ਮੀਨ ਦੀ ਘਾਟ ਹੋਣ ਕਰਕੇ ਉਹ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਸਨ ਜੋ ਆਪਣੀਆਂ ਭੇਡਾਂ-ਬੱਕਰੀਆਂ ਲਈ ਚਰਾਗਾਹਾਂ ਲੱਭਦੇ ਸਨ।
44:5—ਕੀ ਯੂਸੁਫ਼ ਸੱਚ-ਮੁੱਚ ਪਿਆਲੇ ਨਾਲ ਫਾਲ ਪਾਉਂਦਾ ਸੀ? ਚਾਂਦੀ ਦਾ ਪਿਆਲਾ ਅਤੇ ਇਸ ਬਾਰੇ ਜੋ ਕੁਝ ਕਿਹਾ ਗਿਆ ਸੀ, ਇਹ ਸਭ ਯੂਸੁਫ਼ ਦੀ ਸਾਜ਼ਸ਼ ਸੀ। ਯੂਸੁਫ਼ ਯਹੋਵਾਹ ਦਾ ਵਫ਼ਾਦਾਰ ਭਗਤ ਸੀ। ਪਿਆਲੇ ਨਾਲ ਫਾਲ ਪਾਉਣ ਦੀ ਗੱਲ ਵਿਚ ਕੋਈ ਸੱਚਾਈ ਨਹੀਂ ਸੀ, ਠੀਕ ਜਿਵੇਂ ਬਿਨਯਾਮੀਨ ਦੁਆਰਾ ਪਿਆਲਾ ਚੁਰਾਉਣ ਦੀ ਗੱਲ ਝੂਠੀ ਸੀ।
49:10—‘ਰਾਜ ਡੰਡੇ’ ਅਤੇ ‘ਹਾਕਮ ਦੇ ਸੋਟੇ’ ਦਾ ਕੀ ਮਤਲਬ ਹੈ? ਰਾਜੇ ਦਾ ਰਾਜ ਡੰਡਾ ਉਸ ਦੇ ਸ਼ਾਹੀ ਅਧਿਕਾਰ ਨੂੰ ਦਰਸਾਉਂਦਾ ਹੈ। ਕਿਸੇ ਦੇ ਹੱਥ ਵਿਚ ਹਾਕਮ ਦਾ ਸੋਟਾ ਹੋਣ ਦਾ ਮਤਲਬ ਹੈ ਕਿ ਉਸ ਕੋਲ ਹੁਕਮ ਦੇਣ ਦਾ ਹੱਕ ਹੈ। ਯਾਕੂਬ ਨੇ ਇਨ੍ਹਾਂ ਚੀਜ਼ਾਂ ਦਾ ਜ਼ਿਕਰ ਕਰ ਕੇ ਦਿਖਾਇਆ ਕਿ ਸ਼ਾਂਤੀਦਾਤਾ ਯਾਨੀ ਸ਼ੀਲੋਹ ਦੇ ਆਉਣ ਤਕ ਯਹੂਦਾਹ ਦੇ ਗੋਤ ਦੇ ਹੱਥਾਂ ਵਿਚ ਕਾਫ਼ੀ ਅਧਿਕਾਰ ਤੇ ਤਾਕਤ ਰਹੇਗੀ। ਯਹੂਦਾਹ ਦੇ ਗੋਤ ਤੋਂ ਪੈਦਾ ਹੋਣ ਵਾਲਾ ਸ਼ਾਸਕ ਯਿਸੂ ਮਸੀਹ ਹੈ ਜਿਸ ਨੂੰ ਯਹੋਵਾਹ ਨੇ ਸਵਰਗ ਵਿਚ ਰਾਜਾ ਬਣਾਇਆ ਹੈ। ਹੁਣ ਮਸੀਹ ਕੋਲ ਸ਼ਾਹੀ ਅਧਿਕਾਰ ਹੈ ਅਤੇ ਉਹ ਹੁਕਮ ਦੇਣ ਦਾ ਹੱਕ ਰੱਖਦਾ ਹੈ।—ਜ਼ਬੂਰਾਂ ਦੀ ਪੋਥੀ 2:8, 9; ਯਸਾਯਾਹ 55:4; ਦਾਨੀਏਲ 7:13, 14.
ਸਾਡੇ ਲਈ ਸਬਕ:
38:26. ਯਹੂਦਾਹ ਨੇ ਆਪਣੀ ਵਿਧਵਾ ਨੂੰਹ ਤਾਮਾਰ ਨਾਲ ਬਹੁਤ ਅਨਿਆਂ ਕੀਤਾ ਸੀ। ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਤਾਮਾਰ ਉਸ ਤੋਂ ਗਰਭਵਤੀ ਹੋਈ ਸੀ, ਤਾਂ ਉਸ ਨੇ ਹਲੀਮੀ ਨਾਲ ਆਪਣੀ ਗ਼ਲਤੀ ਮੰਨ ਲਈ। ਇਸੇ ਤਰ੍ਹਾਂ, ਜਦੋਂ ਸਾਡੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਤਾਂ ਸਾਨੂੰ ਆਪਣੀ ਗ਼ਲਤੀ ਛੇਤੀ ਨਾਲ ਮੰਨ ਲੈਣੀ ਚਾਹੀਦੀ ਹੈ।
39:9. ਪੋਤੀਫਰ ਦੀ ਤੀਵੀਂ ਨੂੰ ਕਹੇ ਯੂਸੁਫ਼ ਦੇ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਨੈਤਿਕਤਾ ਦੇ ਮਾਮਲੇ ਵਿਚ ਯੂਸੁਫ਼ ਦੇ ਵਿਚਾਰ ਪਰਮੇਸ਼ੁਰ ਦੇ ਵਿਚਾਰਾਂ ਨਾਲ ਮਿਲਦੇ-ਜੁਲਦੇ ਸਨ। ਉਹ ਪਰਮੇਸ਼ੁਰੀ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਅਤੇ ਇਸ ਉੱਤੇ ਚੱਲਦਾ ਵੀ ਸੀ। ਆਓ ਆਪਾਂ ਵੀ ਪਰਮੇਸ਼ੁਰ ਦਾ ਸਹੀ ਗਿਆਨ ਲਈਏ ਅਤੇ ਇਸ ਅਨੁਸਾਰ ਚੱਲਣ ਦੀ ਪੂਰੀ ਕੋਸ਼ਿਸ਼ ਕਰੀਏ।
41:14-16, 39, 40. ਯਹੋਵਾਹ ਆਪਣੇ ਪੂਜਣ ਵਾਲਿਆਂ ਦੇ ਹਾਲਾਤਾਂ ਨੂੰ ਬਦਲ ਸਕਦਾ ਹੈ। ਇਸ ਲਈ, ਜਦੋਂ ਸਾਡੇ ਉੱਤੇ ਮੁਸੀਬਤਾਂ ਦਾ ਪਹਾੜ ਟੁੱਟਦਾ ਹੈ, ਤਾਂ ਸਾਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਹੋਏ ਉਸ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ।
ਉਨ੍ਹਾਂ ਦੀ ਨਿਹਚਾ ਪੱਕੀ ਸੀ
ਅਬਰਾਹਾਮ, ਇਸਹਾਕ, ਯਾਕੂਬ ਅਤੇ ਯੂਸੁਫ਼ ਸਾਡੇ ਲਈ ਸ਼ਾਨਦਾਰ ਮਿਸਾਲਾਂ ਹਨ। ਉਹ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਵਫ਼ਾਦਾਰ ਇਨਸਾਨ ਸਨ। ਉਤਪਤ ਦੀ ਕਿਤਾਬ ਵਿਚ ਉਨ੍ਹਾਂ ਦੀਆਂ ਜੀਵਨੀਆਂ ਪੜ੍ਹ ਕੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਸਾਡੀ ਨਿਹਚਾ ਵੀ ਮਜ਼ਬੂਤ ਹੁੰਦੀ ਹੈ।
ਜਦੋਂ ਤੁਸੀਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਦੀ ਅਨੁਸੂਚੀ ਮੁਤਾਬਕ ਹਰ ਹਫ਼ਤੇ ਉਤਪਤ ਦੀ ਕਿਤਾਬ ਵਿੱਚੋਂ ਕੁਝ ਹਿੱਸਾ ਪੜ੍ਹੋਗੇ, ਤਾਂ ਇਸ ਤੋਂ ਤੁਸੀਂ ਬਹੁਤ ਲਾਭ ਹਾਸਲ ਕਰ ਸਕਦੇ ਹੋ। ਇਸ ਲੇਖ ਵਿਚ ਦੱਸੀਆਂ ਗੱਲਾਂ ਨੂੰ ਪੜ੍ਹਨ ਮਗਰੋਂ ਤੁਸੀਂ ਉਤਪਤ ਦਾ ਬਿਰਤਾਂਤ ਪੜ੍ਹਨ ਦਾ ਹੋਰ ਵੀ ਆਨੰਦ ਮਾਣੋਗੇ।
[ਫੁਟਨੋਟ]
a ਪਹਿਰਾਬੁਰਜ, 1 ਜਨਵਰੀ 2004 ਦੇ ਅੰਕ ਵਿਚ “ਯਹੋਵਾਹ ਦਾ ਬਚਨ ਜੀਉਂਦਾ ਹੈ—ਉਤਪਤ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ” ਨਾਮਕ ਲੇਖ ਦੇਖੋ।
[ਸਫ਼ੇ 26 ਉੱਤੇ ਤਸਵੀਰ]
ਯਹੋਵਾਹ ਨੇ ਯੂਸੁਫ਼ ਨੂੰ ਬਰਕਤ ਦਿੱਤੀ
[ਸਫ਼ੇ 26 ਉੱਤੇ ਤਸਵੀਰ]
ਅਬਰਾਹਾਮ ਇਕ ਵਫ਼ਾਦਾਰ ਇਨਸਾਨ ਸੀ
[ਸਫ਼ੇ 26 ਉੱਤੇ ਤਸਵੀਰ]
ਪਰਮੇਸ਼ੁਰ ਨੇ ਧਰਮੀ ਲੂਤ ਤੇ ਉਸ ਦੀਆਂ ਧੀਆਂ ਨੂੰ ਮਹਿਫੂਜ਼ ਰੱਖਿਆ
[ਸਫ਼ੇ 29 ਉੱਤੇ ਤਸਵੀਰ]
ਯਾਕੂਬ ਨੇ ਪਵਿੱਤਰ ਚੀਜ਼ਾਂ ਦੀ ਕਦਰ ਕੀਤੀ। ਕੀ ਤੁਸੀਂ ਕਰਦੇ ਹੋ?