ਨੌਵਾਂ ਅਧਿਆਇ
“ਹਰਾਮਕਾਰੀ ਤੋਂ ਭੱਜੋ”
“ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ, ਗੰਦ-ਮੰਦ, ਕਾਮ-ਵਾਸ਼ਨਾ, ਬੁਰੀ ਇੱਛਾ ਅਤੇ ਲੋਭ, ਜੋ ਕਿ ਮੂਰਤੀ-ਪੂਜਾ ਹੈ।”—ਕੁਲੁੱਸੀਆਂ 3:5.
1, 2. ਯਹੋਵਾਹ ਦੇ ਲੋਕਾਂ ਨੂੰ ਫਸਾਉਣ ਲਈ ਬਿਲਆਮ ਨੇ ਕਿਹੜੀ ਚਾਲ ਚੱਲੀ ਸੀ?
ਇਕ ਮਛੇਰਾ ਮੱਛੀਆਂ ਫੜਨ ਲਈ ਦਰਿਆ ʼਤੇ ਜਾਂਦਾ ਹੈ। ਉਹ ਮੱਛੀ ਨੂੰ ਲਲਚਾਉਣ ਲਈ ਕੁੰਡੀ ਉੱਤੇ ਸੁੰਡੀ ਲਾ ਕੇ ਪਾਣੀ ਵਿਚ ਸੁੱਟ ਦਿੰਦਾ ਹੈ। ਉਸ ਨੂੰ ਪਤਾ ਹੈ ਕਿ ਨਜ਼ਰ ਪੈਂਦਿਆਂ ਹੀ ਮੱਛੀ ਸੁੰਡੀ ਖਾਣ ਲਈ ਜ਼ਰੂਰ ਆਵੇਗੀ। ਥੋੜ੍ਹੀ ਦੇਰ ਬਾਅਦ ਡੋਰੀ ਨੂੰ ਖਿੱਚ ਪੈਣ ʼਤੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮੱਛੀ ਕੁੰਡੀ ਵਿਚ ਫੱਸ ਗਈ ਹੈ। ਉਹ ਫਟਾਫਟ ਮੱਛੀ ਨੂੰ ਬਾਹਰ ਖਿੱਚ ਲੈਂਦਾ ਹੈ। ਮੱਛੀ ਨੂੰ ਦੇਖ ਕੇ ਉਸ ਦੇ ਚਿਹਰੇ ʼਤੇ ਮੁਸਕਾਨ ਆ ਜਾਂਦੀ ਹੈ।
2 ਇਸੇ ਤਰ੍ਹਾਂ ਦਾ ਇਕ ਮਛੇਰਾ ਸੀ ਬਿਲਆਮ। ਪਰ ਉਹ ਮੱਛੀਆਂ ਦਾ ਨਹੀਂ, ਸਗੋਂ ਪਰਮੇਸ਼ੁਰ ਦੇ ਲੋਕਾਂ ਦਾ ਸ਼ਿਕਾਰ ਕਰਨ ਆਇਆ ਸੀ। ਇਹ ਗੱਲ ਤਕਰੀਬਨ 3,500 ਸਾਲ ਪਹਿਲਾਂ ਦੀ ਹੈ। ਉਸ ਵੇਲੇ ਇਜ਼ਰਾਈਲੀਆਂ ਨੇ ਵਾਅਦਾ ਕੀਤੇ ਹੋਏ ਦੇਸ਼ ਦੀ ਸਰਹੱਦ ਉੱਤੇ ਮੋਆਬ ਦੇ ਮੈਦਾਨ ਵਿਚ ਡੇਰਾ ਲਾਇਆ ਹੋਇਆ ਸੀ। ਮੋਆਬ ਦੇ ਰਾਜੇ ਨੇ ਉਨ੍ਹਾਂ ਨੂੰ ਸਰਾਪ ਦੇਣ ਲਈ ਲਾਲਚੀ ਬਿਲਆਮ ਨੂੰ ਸੱਦਿਆ ਸੀ। ਬਿਲਆਮ ਆਪਣੇ ਆਪ ਨੂੰ ਯਹੋਵਾਹ ਦਾ ਨਬੀ ਕਹਿੰਦਾ ਸੀ। ਉਸ ਨੇ ਇਜ਼ਰਾਈਲੀਆਂ ਨੂੰ ਕਈ ਵਾਰ ਸਰਾਪ ਦਿੱਤਾ, ਪਰ ਯਹੋਵਾਹ ਨੇ ਉਨ੍ਹਾਂ ਸਰਾਪਾਂ ਨੂੰ ਬਰਕਤਾਂ ਵਿਚ ਬਦਲ ਦਿੱਤਾ। ਇਨਾਮ ਦੇ ਲਾਲਚ ਵਿਚ ਉਸ ਨੇ ਇਹ ਚਾਲ ਸੋਚੀ ਕਿ ਜੇ ਉਹ ਇਜ਼ਰਾਈਲੀਆਂ ਕੋਲੋਂ ਗੰਭੀਰ ਗ਼ਲਤੀ ਕਰਵਾ ਲਵੇ, ਤਾਂ ਪਰਮੇਸ਼ੁਰ ਆਪ ਹੀ ਆਪਣੇ ਲੋਕਾਂ ਨੂੰ ਸਰਾਪ ਦੇ ਦੇਵੇਗਾ। ਇਜ਼ਰਾਈਲੀਆਂ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਉਸ ਨੇ ਮੋਆਬ ਦੀਆਂ ਦਿਲਫਰੇਬ ਕੁੜੀਆਂ ਨੂੰ ਵਰਤਿਆ।—ਗਿਣਤੀ 22:1-7; 31:15, 16; ਪ੍ਰਕਾਸ਼ ਦੀ ਕਿਤਾਬ 2:14.
3. ਬਿਲਆਮ ਦੀ ਚਾਲ ਕਿਸ ਹੱਦ ਤਕ ਕਾਮਯਾਬ ਹੋਈ?
3 ਕੀ ਉਸ ਦੀ ਚਾਲ ਕਾਮਯਾਬ ਹੋਈ? ਹਾਂ ਕਾਫ਼ੀ ਹੱਦ ਤਕ। ਹਜ਼ਾਰਾਂ ਇਜ਼ਰਾਈਲੀ ਆਦਮੀਆਂ ਨੇ ਮੋਆਬ ਦੀਆਂ ਦਿਲਫਰੇਬ ਕੁੜੀਆਂ ਦੇ ਜਾਲ ਵਿਚ ਫਸ ਕੇ ਉਨ੍ਹਾਂ ਨਾਲ ‘ਜ਼ਨਾਹ ਕੀਤਾ।’ ਉਨ੍ਹਾਂ ਨੇ ਮੋਆਬੀਆਂ ਦੇ ਕਾਮਦੇਵ ਬਆਲ ਪਓਰ ਅਤੇ ਹੋਰ ਦੇਵੀ-ਦੇਵਤਿਆਂ ਦੀ ਪੂਜਾ ਕੀਤੀ। ਨਤੀਜੇ ਵਜੋਂ 24,000 ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਦੀ ਸਰਹੱਦ ʼਤੇ ਮਾਰੇ ਗਏ। ਕਿੰਨਾ ਵੱਡਾ ਅਨਰਥ ਹੋਇਆ!—ਗਿਣਤੀ 25:1-9.
4. ਹਜ਼ਾਰਾਂ ਇਜ਼ਰਾਈਲੀਆਂ ਨੇ ਵਿਭਚਾਰ ਕਿਉਂ ਕੀਤਾ ਸੀ?
4 ਇਹ ਅਨਰਥ ਹੋਇਆ ਕਿਉਂ? ਬਹੁਤ ਸਾਰੇ ਇਜ਼ਰਾਈਲੀਆਂ ਦੇ ਦਿਲਾਂ ਵਿਚ ਬਦਕਾਰੀ ਆ ਗਈ ਸੀ ਕਿਉਂਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਦੂਰ ਚਲੇ ਗਏ ਸਨ ਜਿਸ ਨੇ ਉਨ੍ਹਾਂ ਨੂੰ ਮਿਸਰ ਤੋਂ ਛੁਡਾਇਆ ਸੀ, ਉਜਾੜ ਵਿਚ ਸੰਭਾਲਿਆ ਸੀ ਅਤੇ ਵਾਅਦਾ ਕੀਤੇ ਹੋਏ ਦੇਸ਼ ਦੀ ਸਰਹੱਦ ਤਕ ਸਹੀ-ਸਲਾਮਤ ਲਿਆਇਆ ਸੀ। (ਇਬਰਾਨੀਆਂ 3:12) ਇਸ ਮਾਮਲੇ ʼਤੇ ਵਿਚਾਰ ਕਰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: “ਨਾ ਹੀ ਅਸੀਂ ਹਰਾਮਕਾਰੀ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਹਰਾਮਕਾਰੀ ਕੀਤੀ ਸੀ ਜਿਸ ਕਰਕੇ ਇਕ ਦਿਨ ਵਿਚ 23,000 ਲੋਕ ਮਾਰੇ ਗਏ।”a—1 ਕੁਰਿੰਥੀਆਂ 10:8.
5, 6. ਇਜ਼ਰਾਈਲੀਆਂ ਦੇ ਪਾਪ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
5 ਅੱਜ ਪਰਮੇਸ਼ੁਰ ਦੇ ਲੋਕ ਨਵੀਂ ਦੁਨੀਆਂ ਦੀ ਸਰਹੱਦ ʼਤੇ ਖੜ੍ਹੇ ਹਨ, ਇਸ ਲਈ ਉਹ ਗਿਣਤੀ ਦੀ ਕਿਤਾਬ ਵਿਚ ਦਰਜ ਇਸ ਬਿਰਤਾਂਤ ਤੋਂ ਬਹੁਤ ਕੁਝ ਸਿੱਖ ਸਕਦੇ ਹਨ। (1 ਕੁਰਿੰਥੀਆਂ 10:11) ਉਦਾਹਰਣ ਲਈ, ਦੁਨੀਆਂ ਦੇ ਲੋਕਾਂ ਉੱਤੇ ਸੈਕਸ ਦਾ ਭੂਤ ਸਵਾਰ ਰਹਿੰਦਾ ਹੈ। ਇਸ ਤੋਂ ਇਲਾਵਾ, ਹਰ ਸਾਲ ਹਜ਼ਾਰਾਂ ਮਸੀਹੀ ਵੀ ਇਜ਼ਰਾਈਲੀਆਂ ਵਾਂਗ ਵਿਭਚਾਰ ਕਰ ਬੈਠਦੇ ਹਨ। (2 ਕੁਰਿੰਥੀਆਂ 2:11) ਜਿਵੇਂ ਜ਼ਿਮਰੀ ਨਾਂ ਦਾ ਇਜ਼ਰਾਈਲੀ ਆਦਮੀ ਡੇਰੇ ਵਿਚ ਇਕ ਮਿਦਯਾਨੀ ਤੀਵੀਂ ਨੂੰ ਸ਼ਰੇਆਮ ਆਪਣੇ ਤੰਬੂ ਵਿਚ ਲੈ ਕੇ ਆਇਆ ਸੀ, ਉਸੇ ਤਰ੍ਹਾਂ ਮੰਡਲੀ ਵਿਚ ਕੁਝ ਲੋਕ ਪਰਮੇਸ਼ੁਰ ਦੇ ਲੋਕਾਂ ਉੱਤੇ ਬੁਰਾ ਪ੍ਰਭਾਵ ਪਾ ਰਹੇ ਹਨ।—ਗਿਣਤੀ 25:6, 14; ਯਹੂਦਾਹ 4.
6 ਕੀ ਤੁਸੀਂ ਆਪਣੇ ਮਨ ਦੀਆਂ ਅੱਖਾਂ ਨਾਲ ਨਵੀ ਦੁਨੀਆਂ ਦੇਖਦੇ ਹੋ? ਇਹ ਦੁਨੀਆਂ ਹੁਣ ਜ਼ਿਆਦਾ ਦੂਰ ਨਹੀਂ ਹੈ। ਇਸ ਲਈ ਪਰਮੇਸ਼ੁਰ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਅਤੇ ‘ਹਰਾਮਕਾਰੀ ਤੋਂ ਭੱਜਣ’ ਦੀ ਪੂਰੀ ਵਾਹ ਲਾਓ।—1 ਕੁਰਿੰਥੀਆਂ 6:18.
ਹਰਾਮਕਾਰੀ ਕੀ ਹੈ?
7, 8. “ਹਰਾਮਕਾਰੀ” ਕੀ ਹੈ ਅਤੇ ਅਜਿਹੇ ਕੰਮ ਕਰਨ ਵਾਲਿਆਂ ਨੂੰ ਕਿਹੜੇ ਨਤੀਜੇ ਭੁਗਤਣੇ ਪੈਂਦੇ ਹਨ?
7 ਬਾਈਬਲ ਮੁਤਾਬਕ “ਹਰਾਮਕਾਰੀ” (ਯੂਨਾਨੀ ਸ਼ਬਦ ਪੋਰਨੀਆ) ਦਾ ਮਤਲਬ ਹੈ ਦੋ ਵਿਅਕਤੀਆਂ ਦੁਆਰਾ, ਜੋ ਪਤੀ-ਪਤਨੀ ਨਹੀਂ ਹਨ, ਸਰੀਰਕ ਸੰਬੰਧ ਕਾਇਮ ਕਰਨੇ। ਹਰਾਮਕਾਰੀ ਵਿਚ ਵਿਭਚਾਰ, ਵੇਸਵਾਪਣ, ਮੌਖਿਕ ਸੰਭੋਗ, ਗੁਦਾ-ਸੰਭੋਗ (oral and anal sex), ਕੁਆਰੇ ਮੁੰਡੇ-ਕੁੜੀ ਵਿਚਕਾਰ ਸਰੀਰਕ ਸੰਬੰਧ ਤੇ ਇਕ-ਦੂਜੇ ਦੇ ਗੁਪਤ ਅੰਗਾਂ ਨੂੰ ਪਲੋਸਣ ਵਰਗੇ ਗੰਦੇ ਕੰਮ ਸ਼ਾਮਲ ਹਨ। ਇਸ ਵਿਚ ਮੁੰਡਿਆਂ-ਮੁੰਡਿਆਂ ਜਾਂ ਕੁੜੀਆਂ-ਕੁੜੀਆਂ ਵਿਚਕਾਰ ਸਰੀਰਕ ਸੰਬੰਧ ਅਤੇ ਜਾਨਵਰਾਂ ਨਾਲ ਸਰੀਰਕ ਸੰਬੰਧ ਕਾਇਮ ਕਰਨੇ ਵੀ ਸ਼ਾਮਲ ਹਨ।b
8 ਬਾਈਬਲ ਵਿਚ ਇਹ ਗੱਲ ਬਿਲਕੁਲ ਸਾਫ਼ ਹੈ: ਹਰਾਮਕਾਰੀ ਕਰਨ ਵਾਲਾ ਇਨਸਾਨ ਨਾ ਤਾਂ ਮਸੀਹੀ ਮੰਡਲੀ ਵਿਚ ਰਹਿ ਸਕਦਾ ਹੈ ਤੇ ਨਾ ਹੀ ਸਦਾ ਦੀ ਜ਼ਿੰਦਗੀ ਪਾ ਸਕਦਾ ਹੈ। (1 ਕੁਰਿੰਥੀਆਂ 6:9; ਪ੍ਰਕਾਸ਼ ਦੀ ਕਿਤਾਬ 22:15) ਹਰਾਮਕਾਰੀ ਕਰਨ ਦੇ ਸਾਨੂੰ ਹੁਣ ਵੀ ਕਈ ਨੁਕਸਾਨ ਹੋ ਸਕਦੇ ਹਨ: ਅਸੀਂ ਭਰੋਸੇ ਦੇ ਲਾਇਕ ਨਹੀਂ ਰਹਾਂਗੇ, ਆਪਣੀਆਂ ਨਜ਼ਰਾਂ ਵਿਚ ਗਿਰ ਜਾਵਾਂਗੇ, ਆਪਣੇ ਜੀਵਨ ਸਾਥੀ ਨਾਲ ਰਿਸ਼ਤਾ ਖ਼ਰਾਬ ਕਰ ਲਵਾਂਗੇ, ਸਾਡੀ ਜ਼ਮੀਰ ਲਾਹਨਤਾਂ ਪਾਵੇਗੀ, ਅਣਚਾਹਿਆ ਬੱਚਾ ਹੋ ਸਕਦਾ ਹੈ, ਬੀਮਾਰੀ ਲੱਗ ਸਕਦੀ ਹੈ ਜਾਂ ਮੌਤ ਵੀ ਹੋ ਸਕਦੀ ਹੈ। (ਗਲਾਤੀਆਂ 6:7, 8 ਪੜ੍ਹੋ।) ਤਾਂ ਫਿਰ ਉਸ ਰਾਹ ʼਤੇ ਚੱਲੀਏ ਹੀ ਕਿਉਂ ਜਿਸ ਰਾਹ ʼਤੇ ਕੰਡੇ ਹੀ ਕੰਡੇ ਹਨ! ਬੜੇ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਇਸ ਰਾਹ ʼਤੇ ਚੱਲਣ ਲੱਗਿਆਂ ਜ਼ਰਾ ਵੀ ਨਹੀਂ ਸੋਚਦੇ। ਸ਼ਾਇਦ ਪੋਰਨੋਗ੍ਰਾਫੀ ਵਿਚ ਦਿਲਚਸਪੀ ਹੋਣ ਕਰਕੇ ਉਹ ਇਸ ਰਾਹ ʼਤੇ ਤੁਰਨ ਲੱਗ ਪੈਂਦੇ ਹਨ।
ਪੋਰਨੋਗ੍ਰਾਫੀ ਦਾ ਫੰਦਾ
9. ਪੋਰਨੋਗ੍ਰਾਫੀ ਦੇ ਕੀ ਨੁਕਸਾਨ ਹੋ ਸਕਦੇ ਹਨ?
9 ਬਹੁਤ ਸਾਰੇ ਦੇਸ਼ਾਂ ਵਿਚ ਅਖ਼ਬਾਰਾਂ, ਗਾਣਿਆਂ ਅਤੇ ਟੀ. ਵੀ. ਉੱਤੇ ਪੋਰਨੋਗ੍ਰਾਫੀ ਦਿਖਾਈ ਜਾਂਦੀ ਹੈ। ਇੰਟਰਨੈੱਟ ਉੱਤੇ ਪੋਰਨੋਗ੍ਰਾਫੀ ਦੀ ਭਰਮਾਰ ਹੈ।c ਕਈ ਕਹਿੰਦੇ ਹਨ ਕਿ ਪੋਰਨੋਗ੍ਰਾਫੀ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਹੈ। ਕੀ ਇਹ ਸੱਚ ਹੈ? ਬਿਲਕੁਲ ਨਹੀਂ। ਜੋ ਲੋਕ ਅਸ਼ਲੀਲ ਤਸਵੀਰਾਂ ਵਗੈਰਾ ਦੇਖਦੇ ਹਨ, ਉਨ੍ਹਾਂ ਨੂੰ ਸ਼ਾਇਦ ਹਥਰਸੀ ਦੀ ਆਦਤ ਪੈ ਜਾਵੇ ਜਾਂ ਉਹ “ਨੀਚ ਕਾਮ-ਵਾਸ਼ਨਾਵਾਂ” ਦੇ ਗ਼ੁਲਾਮ ਹੋ ਜਾਣ।d ਇਸ ਕਰਕੇ ਉਹ ਸ਼ਾਇਦ ਗੰਦੇ ਵਿਚਾਰਾਂ ਵਿਚ ਡੁੱਬੇ ਸੈਕਸ ਬਾਰੇ ਹੀ ਸੋਚਦੇ ਰਹਿਣ। ਪੋਰਨੋਗ੍ਰਾਫੀ ਦੇਖਣ ਵਾਲੇ ਵਿਆਹੇ ਲੋਕਾਂ ਦੀ ਘਰੇਲੂ ਜ਼ਿੰਦਗੀ ਵਿਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜਾਂ ਤਲਾਕ ਹੋ ਸਕਦਾ ਹੈ। (ਰੋਮੀਆਂ 1:24-27; ਅਫ਼ਸੀਆਂ 4:19) ਇਕ ਮਾਹਰ ਨੇ ਨੀਚ ਕਾਮ-ਵਾਸ਼ਨਾ ਦੀ ਤੁਲਨਾ ਕੈਂਸਰ ਨਾਲ ਕਰਦੇ ਹੋਏ ਕਿਹਾ: “ਜਿਵੇਂ ਕੈਂਸਰ ਦਾ ਰੋਗ ਹਮੇਸ਼ਾ ਵਧਦਾ ਅਤੇ ਫੈਲਦਾ ਰਹਿੰਦਾ ਹੈ, ਉਸੇ ਤਰ੍ਹਾਂ ਨੀਚ ਕਾਮ-ਵਾਸ਼ਨਾ ਵਧਦੀ ਰਹਿੰਦੀ ਹੈ। ਇਸ ਦਾ ਇਲਾਜ ਕਰਨਾ ਬਹੁਤ ਮੁਸ਼ਕਲ ਹੈ।”
10. ਯਾਕੂਬ 1:14, 15 ਵਿਚ ਦਿੱਤੇ ਅਸੂਲ ਉੱਤੇ ਅਸੀਂ ਕਿਵੇਂ ਚੱਲ ਸਕਦੇ ਹਾਂ? (“ਮੈਨੂੰ ਗੰਦੀਆਂ ਆਦਤਾਂ ਛੱਡਣ ਦੀ ਤਾਕਤ ਮਿਲੀ” ਡੱਬੀ ਵੀ ਦੇਖੋ।)
10 ਯਾਕੂਬ 1:14, 15 ਵਿਚ ਦਰਜ ਸ਼ਬਦਾਂ ਵੱਲ ਧਿਆਨ ਦਿਓ: “ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ। ਫਿਰ ਇਹ ਇੱਛਾ ਅੰਦਰ ਹੀ ਅੰਦਰ ਪਲ਼ਦੀ ਰਹਿੰਦੀ ਹੈ ਅਤੇ ਇਹ ਪਾਪ ਨੂੰ ਜਨਮ ਦਿੰਦੀ ਹੈ। ਜਦੋਂ ਪਾਪ ਕਰ ਲਿਆ ਜਾਂਦਾ ਹੈ, ਤਾਂ ਇਸ ਦਾ ਅੰਜਾਮ ਮੌਤ ਹੁੰਦਾ ਹੈ।” ਇਸ ਲਈ ਜੇ ਸਾਡੇ ਮਨ ਵਿਚ ਕੋਈ ਗ਼ਲਤ ਖ਼ਿਆਲ ਆਉਂਦਾ ਹੈ, ਤਾਂ ਸਾਨੂੰ ਝੱਟ ਇਸ ਨੂੰ ਆਪਣੇ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਮਿਸਾਲ ਲਈ, ਜੇ ਤੁਸੀਂ ਅਣਜਾਣੇ ਵਿਚ ਕਾਮ-ਉਕਸਾਊ ਤਸਵੀਰ ਜਾਂ ਸੀਨ ਦੇਖਦੇ ਹੋ, ਤਾਂ ਤੁਰੰਤ ਆਪਣੀ ਨਜ਼ਰ ਘੁੰਮਾ ਲਓ ਜਾਂ ਕੰਪਿਊਟਰ ਬੰਦ ਕਰ ਦਿਓ ਜਾਂ ਟੀ. ਵੀ. ਦਾ ਚੈਨਲ ਬਦਲ ਦਿਓ। ਗ਼ਲਤ ਇੱਛਾ ਕਰਕੇ ਕਦਮ ਡਗਮਗਾਉਣ ਤੋਂ ਪਹਿਲਾਂ ਹੀ ਉਸ ਇੱਛਾ ਦਾ ਗਲਾ ਘੁੱਟ ਦਿਓ।—ਮੱਤੀ 5:29, 30 ਪੜ੍ਹੋ।
11. ਗ਼ਲਤ ਇੱਛਾਵਾਂ ਨਾਲ ਲੜਦੇ ਸਮੇਂ ਅਸੀਂ ਯਹੋਵਾਹ ਉੱਤੇ ਆਪਣੇ ਭਰੋਸੇ ਦਾ ਸਬੂਤ ਕਿਵੇਂ ਦੇ ਸਕਦੇ ਹਾਂ?
11 ਯਹੋਵਾਹ ਸਾਨੂੰ ਸਾਡੇ ਤੋਂ ਜ਼ਿਆਦਾ ਜਾਣਦਾ ਹੈ ਅਤੇ ਸਾਡੇ ਨਾਲ ਪਿਆਰ ਕਰਦਾ ਹੈ। ਇਸੇ ਕਰਕੇ ਸਾਡੇ ਭਲੇ ਲਈ ਉਹ ਸਾਨੂੰ ਨਸੀਹਤ ਦਿੰਦਾ ਹੈ: “ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ, ਗੰਦ-ਮੰਦ, ਕਾਮ-ਵਾਸ਼ਨਾ, ਬੁਰੀ ਇੱਛਾ ਅਤੇ ਲੋਭ, ਜੋ ਕਿ ਮੂਰਤੀ-ਪੂਜਾ ਹੈ।” (ਕੁਲੁੱਸੀਆਂ 3:5) ਇਸ ਤਰ੍ਹਾਂ ਕਰਨਾ ਕਾਫ਼ੀ ਮੁਸ਼ਕਲ ਹੋ ਸਕਦਾ ਹੈ। ਪਰ ਯਾਦ ਰੱਖੋ ਕਿ ਅਸੀਂ ਆਪਣੇ ਪਿਤਾ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ ਜੋ ਧੀਰਜ ਨਾਲ ਸਾਡੀ ਮਦਦ ਕਰਦਾ ਹੈ। (ਜ਼ਬੂਰਾਂ ਦੀ ਪੋਥੀ 68:19) ਸੋ ਜਦੋਂ ਤੁਹਾਡੇ ਮਨ ਵਿਚ ਗ਼ਲਤ ਖ਼ਿਆਲ ਆਉਂਦਾ ਹੈ, ਤਾਂ ਤੁਰੰਤ ਇਸ ਨੂੰ ਆਪਣੇ ਮਨ ਵਿੱਚੋਂ ਕੱਢਣ ਲਈ ਉਸ ਨੂੰ ਬੇਨਤੀ ਕਰੋ। ਉਸ ਤੋਂ “ਤਾਕਤ” ਮੰਗੋ ਅਤੇ ਆਪਣਾ ਧਿਆਨ ਹੋਰ ਗੱਲਾਂ ਵੱਲ ਲਾਉਣ ਦੀ ਕੋਸ਼ਿਸ਼ ਕਰੋ।—2 ਕੁਰਿੰਥਿਆਂ 4:7; 1 ਕੁਰਿੰਥੀਆਂ 9:27; “ਮੈਂ ਆਪਣੀ ਮਾੜੀ ਆਦਤ ਕਿਵੇਂ ਛੱਡਾਂ?” ਨਾਮਕ ਡੱਬੀ ਦੇਖੋ।
12. ਸਾਨੂੰ ਆਪਣੇ “ਮਨ” ਦੀ ਚੌਕਸੀ ਕਿਉਂ ਕਰਨੀ ਚਾਹੀਦੀ ਹੈ?
12 ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ ਸੀ: “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!” (ਕਹਾਉਤਾਂ 4:23) ਯਹੋਵਾਹ ਹੀ ਦੇਖ ਸਕਦਾ ਹੈ ਕਿ ਸਾਡੇ “ਮਨ” ਵਿਚ ਕੀ ਹੈ। ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਉਸ ਦੀਆਂ ਨਜ਼ਰਾਂ ਵਿਚ ਕਿਹੋ ਜਿਹੇ ਇਨਸਾਨ ਹਾਂ ਕਿਉਂਕਿ ਇਸੇ ʼਤੇ ਨਿਰਭਰ ਕਰੇਗਾ ਕਿ ਸਾਨੂੰ ਸਦਾ ਦੀ ਜ਼ਿੰਦਗੀ ਮਿਲੇਗੀ ਜਾਂ ਨਹੀਂ। ਜੀ ਹਾਂ, ਇਹ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ। ਸਾਨੂੰ ਅੱਯੂਬ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਉਸ ਨੇ ਆਪਣੀਆਂ ਅੱਖਾਂ ਨਾਲ ਨੇਮ ਬੰਨ੍ਹਿਆ ਹੋਇਆ ਸੀ ਤਾਂਕਿ ਉਹ ਕਿਸੇ ਤੀਵੀਂ ਨੂੰ ਗ਼ਲਤ ਤਰੀਕੇ ਨਾਲ ਨਾ ਦੇਖੇ। (ਅੱਯੂਬ 31:1) ਅਸੀਂ ਵੀ ਇਸ ਗੱਲ ਨੂੰ ਮਨ ਵਿਚ ਰੱਖ ਕੇ ਜ਼ਬੂਰਾਂ ਦੇ ਲਿਖਾਰੀ ਵਾਂਗ ਪ੍ਰਾਰਥਨਾ ਕਰ ਸਕਦੇ ਹਾਂ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ!”—ਜ਼ਬੂਰਾਂ ਦੀ ਪੋਥੀ 119:37.
ਦੀਨਾਹ ਦੀ ਬੇਵਕੂਫ਼ੀ
13. ਦੀਨਾਹ ਕੌਣ ਸੀ ਅਤੇ ਸਹੇਲੀਆਂ ਬਣਾਉਣ ਵਿਚ ਉਸ ਨੇ ਕਿਹੜੀ ਬੇਵਕੂਫ਼ੀ ਕੀਤੀ ਸੀ?
13 ਜਿਵੇਂ ਅਸੀਂ ਤੀਜੇ ਅਧਿਆਇ ਵਿਚ ਦੇਖਿਆ ਸੀ, ਸਾਡੇ ਦੋਸਤਾਂ-ਮਿੱਤਰਾਂ ਦਾ ਸਾਡੇ ਉੱਤੇ ਚੰਗਾ ਜਾਂ ਮਾੜਾ ਪ੍ਰਭਾਵ ਪੈਂਦਾ ਹੈ। (ਕਹਾਉਤਾਂ 13:20; 1 ਕੁਰਿੰਥੀਆਂ 15:33 ਪੜ੍ਹੋ।) ਇਸ ਮਾਮਲੇ ਵਿਚ ਯਾਕੂਬ ਦੀ ਧੀ ਦੀਨਾਹ ਦੀ ਮਿਸਾਲ ਉੱਤੇ ਗੌਰ ਕਰੋ। ਹਾਲਾਂਕਿ ਉਸ ਨੂੰ ਘਰ ਵਿਚ ਚੰਗੇ ਸੰਸਕਾਰ ਸਿਖਾਏ ਗਏ ਸਨ, ਪਰ ਉਸ ਨੇ ਕਨਾਨੀ ਕੁੜੀਆਂ ਨੂੰ ਸਹੇਲੀਆਂ ਬਣਾਉਣ ਦੀ ਬੇਵਕੂਫ਼ੀ ਕੀਤੀ ਸੀ। ਮੋਆਬੀਆਂ ਵਾਂਗ ਕਨਾਨੀ ਲੋਕ ਵੀ ਬਦਚਲਣ ਸਨ। (ਲੇਵੀਆਂ 18:6-25) ਕਨਾਨੀ ਆਦਮੀਆਂ ਦੀਆਂ ਨਜ਼ਰਾਂ ਵਿਚ ਦੀਨਾਹ ਨੂੰ ਕਾਬੂ ਕਰਨਾ ਆਸਾਨ ਸੀ। ਇਹੀ ਖ਼ਿਆਲ ਸ਼ਕਮ ਦੇ ਮਨ ਵਿਚ ਵੀ ਆਇਆ ਹੋਣਾ ਜੋ “ਵੱਡਾ ਪਤਵੰਤ” ਸੀ।—ਉਤਪਤ 34:18, 19.
14. ਦੀਨਾਹ ਦੀ ਬੇਵਕੂਫ਼ੀ ਦਾ ਕੀ ਨਤੀਜਾ ਨਿਕਲਿਆ?
14 ਦੀਨਾਹ ਨੇ ਸ਼ਕਮ ਨਾਲ ਹਮਬਿਸਤਰ ਹੋਣ ਬਾਰੇ ਕਦੇ ਸੋਚਿਆ ਵੀ ਨਹੀਂ ਹੋਣਾ। ਪਰ ਸ਼ਕਮ ਨੇ ਉਹੀ ਕੀਤਾ ਜੋ ਆਮ ਤੌਰ ਤੇ ਜ਼ਿਆਦਾਤਰ ਕਨਾਨੀ ਆਦਮੀ ਸੋਹਣੀ ਕੁੜੀ ਨੂੰ ਦੇਖ ਕੇ ਕਰਦੇ ਸਨ। ਸ਼ਕਮ “ਉਹ ਨੂੰ ਲੈਕੇ ਉਹ ਦੇ ਨਾਲ ਲੇਟਿਆ ਅਤੇ ਉਹ ਦੀ ਬੇਪਤੀ ਕੀਤੀ।” ਦੀਨਾਹ ਨੇ ਜੇ ਉਸ ਵੇਲੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਹੋਣੀ, ਤਾਂ ਉਸ ਦਾ ਕੋਈ ਫ਼ਾਇਦਾ ਨਹੀਂ ਹੋਇਆ। ਭਾਵੇਂ ਸ਼ਕਮ ਬਾਅਦ ਵਿਚ ਦੀਨਾਹ ਨਾਲ ‘ਪ੍ਰੇਮ ਕਰਨ’ ਲੱਗ ਪਿਆ ਸੀ, ਪਰ ਇਸ ਨਾਲ ਦੀਨਾਹ ਦੇ ਪੱਲੇ ʼਤੇ ਲੱਗਿਆ ਦਾਗ਼ ਨਹੀਂ ਮਿੱਟ ਸਕਦਾ ਸੀ। (ਉਤਪਤ 34:1-4 ਪੜ੍ਹੋ।) ਇਸ ਬੇਵਕੂਫ਼ੀ ਕਰਕੇ ਦੀਨਾਹ ਨੇ ਸਿਰਫ਼ ਆਪਣੀ ਹੀ ਇੱਜ਼ਤ ਨਹੀਂ ਗੁਆਈ, ਸਗੋਂ ਆਪਣੇ ਪਰਿਵਾਰ ਦੀ ਇੱਜ਼ਤ ਵੀ ਮਿੱਟੀ ਵਿਚ ਰੋਲੀ।—ਉਤਪਤ 34:7, 25-31; ਗਲਾਤੀਆਂ 6:7, 8.
15, 16. ਅਸੀਂ ਬੁੱਧੀਮਾਨ ਕਿਵੇਂ ਬਣ ਸਕਦੇ ਹਾਂ? (“ਸੋਚ-ਵਿਚਾਰ ਕਰਨ ਲਈ ਆਇਤਾਂ” ਡੱਬੀ ਵੀ ਦੇਖੋ।)
15 ਇੰਨੀ ਵੱਡੀ ਗ਼ਲਤੀ ਕਰਨ ਤੋਂ ਬਾਅਦ ਦੀਨਾਹ ਨੇ ਸਬਕ ਸਿੱਖ ਲਿਆ ਹੋਣਾ। ਜਿਹੜੇ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮ ਮੰਨਦੇ ਹਨ, ਉਨ੍ਹਾਂ ਨੂੰ ਇੱਦਾਂ ਦੀਆਂ ਗੰਭੀਰ ਗ਼ਲਤੀਆਂ ਕਰ ਕੇ ਸਬਕ ਸਿੱਖਣ ਦੀ ਲੋੜ ਨਹੀਂ ਹੈ। ਪਰਮੇਸ਼ੁਰ ਦਾ ਕਹਿਣਾ ਮੰਨ ਕੇ ਉਹ ‘ਬੁੱਧਵਾਨਾਂ ਦੇ ਸੰਗੀ’ ਬਣਦੇ ਹਨ। (ਕਹਾਉਤਾਂ 13:20ੳ) ਇਸ ਤਰ੍ਹਾਂ ਉਹ “ਹਰੇਕ ਭਲੇ ਰਾਹ” ਦੀ ਸਮਝ ਪ੍ਰਾਪਤ ਕਰਦੇ ਹਨ ਅਤੇ ਬੇਲੋੜੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹਨ।—ਕਹਾਉਤਾਂ 2:6-9; ਜ਼ਬੂਰਾਂ ਦੀ ਪੋਥੀ 1:1-3.
16 ਬੁੱਧੀ ਪਾਉਣ ਦੀ ਇੱਛਾ ਰੱਖਣ ਵਾਲੇ ਲੋਕ ਬਾਕਾਇਦਾ ਪ੍ਰਾਰਥਨਾ ਕਰਦੇ ਹਨ ਅਤੇ ਬਾਈਬਲ ਦੀ ਤੇ ਵਫ਼ਾਦਾਰ ਅਤੇ ਸਮਝਦਾਰ ਨੌਕਰ ਦੇ ਪ੍ਰਕਾਸ਼ਨਾਂ ਦੀ ਸਟੱਡੀ ਕਰਦੇ ਹਨ। (ਮੱਤੀ 24:45; ਯਾਕੂਬ 1:5) ਨਿਮਰ ਰਹਿ ਕੇ ਬਾਈਬਲ ਦੀ ਸਲਾਹ ਉੱਤੇ ਚੱਲਣਾ ਵੀ ਜ਼ਰੂਰੀ ਹੈ। (2 ਰਾਜਿਆਂ 22:18, 19) ਮਿਸਾਲ ਲਈ, ਇਕ ਮਸੀਹੀ ਨੂੰ ਪਤਾ ਹੈ ਕਿ ਉਸ ਦਾ ਦਿਲ ਧੋਖੇਬਾਜ਼ ਅਤੇ ਖ਼ਰਾਬ ਹੈ। (ਯਿਰਮਿਯਾਹ 17:9) ਪਰ ਜੇ ਕੋਈ ਵਿਅਕਤੀ ਉਸ ਨੂੰ ਗ਼ਲਤ ਕੰਮ ਕਰਨ ਤੋਂ ਖ਼ਬਰਦਾਰ ਕਰਦਾ ਹੈ, ਤਾਂ ਕੀ ਉਹ ਹਲੀਮੀ ਨਾਲ ਸਲਾਹ ਅਤੇ ਤਾੜਨਾ ਨੂੰ ਸਵੀਕਾਰ ਕਰੇਗਾ?
17. ਪਰਿਵਾਰ ਵਿਚ ਪੈਦਾ ਹੋਣ ਵਾਲੀ ਇਕ ਸਥਿਤੀ ਦੀ ਮਿਸਾਲ ਦਿਓ ਅਤੇ ਦੱਸੋ ਪਿਤਾ ਆਪਣੀ ਧੀ ਨੂੰ ਕੀ ਸਲਾਹ ਦੇ ਸਕਦਾ ਹੈ।
17 ਇਕ ਮਿਸਾਲ ʼਤੇ ਗੌਰ ਕਰੋ। ਇਕ ਪਿਤਾ ਆਪਣੀ ਕੁੜੀ ਨੂੰ ਮੰਡਲੀ ਦੇ ਇਕ ਮੁੰਡੇ ਨਾਲ ਇਕੱਲਿਆਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਉਸ ਦੀ ਕੁੜੀ ਕਹਿੰਦੀ ਹੈ: “ਤੁਹਾਨੂੰ ਮੇਰੇ ʼਤੇ ਇਤਬਾਰ ਨਹੀਂ? ਅਸੀਂ ਕੋਈ ਗ਼ਲਤ ਕੰਮ ਨਹੀਂ ਕਰਾਂਗੇ।” ਉਹ ਸ਼ਾਇਦ ਯਹੋਵਾਹ ਨੂੰ ਪਿਆਰ ਕਰਦੀ ਹੋਵੇ ਅਤੇ ਉਸ ਦੇ ਇਰਾਦੇ ਵੀ ਨੇਕ ਹੋਣ, ਪਰ ਕੀ ਉਸ ਦੀ “ਮੱਤ” ਠਿਕਾਣੇ ਹੈ? ਕੀ ਉਹ ‘ਹਰਾਮਕਾਰੀ ਤੋਂ ਭੱਜ’ ਰਹੀ ਹੈ? ਜਾਂ ਕੀ ਉਹ ‘ਆਪਣੇ ਆਪ ਉੱਤੇ ਹੀ ਭਰੋਸਾ ਰੱਖਣ’ ਦੀ ਬੇਵਕੂਫ਼ੀ ਕਰ ਰਹੀ ਹੈ? (ਕਹਾਉਤਾਂ 28:26) ਤੁਹਾਡੇ ਖ਼ਿਆਲ ਵਿਚ ਹੋਰ ਕਿਹੜੇ ਅਸੂਲ ਅਜਿਹੀ ਸਥਿਤੀ ਵਿਚ ਇਸ ਪਿਉ-ਧੀ ਦੀ ਮਦਦ ਕਰ ਸਕਦੇ ਹਨ?—ਕਹਾਉਤਾਂ 22:3; ਮੱਤੀ 6:13; 26:41 ਦੇਖੋ।
ਯੂਸੁਫ਼ ਹਰਾਮਕਾਰੀ ਤੋਂ ਭੱਜਿਆ
18, 19. ਯੂਸੁਫ਼ ਆਪਣੀ ਜ਼ਿੰਦਗੀ ਵਿਚ ਕਿਹੜੀ ਪਰੀਖਿਆ ਵਿੱਚੋਂ ਲੰਘਿਆ ਸੀ ਅਤੇ ਉਸ ਨੇ ਇਸ ਦਾ ਕਿਵੇਂ ਸਾਮ੍ਹਣਾ ਕੀਤਾ?
18 ਦੀਨਾਹ ਦਾ ਛੋਟਾ ਭਰਾ ਯੂਸੁਫ਼ ਯਹੋਵਾਹ ਨਾਲ ਪਿਆਰ ਕਰਦਾ ਸੀ। ਇਸ ਪਿਆਰ ਨੂੰ ਬਰਕਰਾਰ ਰੱਖਣ ਲਈ ਉਹ ਹਰਾਮਕਾਰੀ ਤੋਂ ਭੱਜਿਆ ਸੀ। (ਉਤਪਤ 30:20-24) ਬਚਪਨ ਵਿਚ ਯੂਸੁਫ਼ ਨੇ ਦੇਖਿਆ ਹੋਣਾ ਕਿ ਉਸ ਦੀ ਭੈਣ ਦੀ ਬੇਵਕੂਫ਼ੀ ਕਰਕੇ ਪਰਿਵਾਰ ʼਤੇ ਕਿੰਨੀਆਂ ਡਾਢੀਆਂ ਮੁਸੀਬਤਾਂ ਆਈਆਂ ਸਨ। ਇਹ ਗੱਲ ਹਮੇਸ਼ਾ ਉਸ ਨੂੰ ਯਾਦ ਰਹੀ ਹੋਣੀ। ਇਸ ਗੱਲ ਨੇ ਕਈ ਸਾਲਾਂ ਬਾਅਦ ਮਿਸਰ ਵਿਚ ਉਸ ਨੂੰ ਬਚਾਇਆ ਸੀ। ਮਿਸਰ ਵਿਚ ਉਸ ਦੇ ਮਾਲਕ ਦੀ ਘਰਵਾਲੀ “ਨਿੱਤ ਦਿਹਾੜੇ” ਉਸ ʼਤੇ ਡੋਰੇ ਪਾਉਂਦੀ ਸੀ। ਗ਼ੁਲਾਮ ਹੋਣ ਕਰਕੇ ਯੂਸੁਫ਼ ਕੰਮ ਛੱਡ ਕੇ ਕਿਤੇ ਹੋਰ ਨਹੀਂ ਜਾ ਸਕਦਾ ਸੀ। ਉਸ ਨੇ ਇਸ ਮਾਮਲੇ ਵਿਚ ਸਮਝ ਅਤੇ ਦਲੇਰੀ ਤੋਂ ਕੰਮ ਲਿਆ। ਉਹ ਪੋਟੀਫ਼ਰ ਦੀ ਘਰਵਾਲੀ ਨੂੰ ਵਾਰ-ਵਾਰ ਨਾਂਹ ਕਹਿੰਦਾ ਰਿਹਾ। ਜਦ ਪੋਟੀਫ਼ਰ ਦੀ ਘਰਵਾਲੀ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਭੱਜ ਗਿਆ।—ਉਤਪਤ 39:7-12 ਪੜ੍ਹੋ।
19 ਹੁਣ ਜ਼ਰਾ ਗੌਰ ਕਰੋ: ਜੇ ਯੂਸੁਫ਼ ਉਸ ਤੀਵੀਂ ਜਾਂ ਸੈਕਸ ਦੇ ਸੁਪਨੇ ਲੈਂਦਾ ਰਹਿੰਦਾ, ਤਾਂ ਕੀ ਉਹ ਆਪਣੇ ਆਪ ਨੂੰ ਗ਼ਲਤ ਕੰਮ ਕਰਨ ਤੋਂ ਰੋਕ ਪਾਉਂਦਾ? ਸ਼ਾਇਦ ਨਹੀਂ। ਯੂਸੁਫ਼ ਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਬਹੁਤ ਪਿਆਰਾ ਸੀ, ਇਸੇ ਕਰਕੇ ਉਸ ਨੇ ਅਜਿਹੇ ਗੰਦੇ ਵਿਚਾਰ ਆਪਣੇ ਮਨ ਵਿਚ ਨਹੀਂ ਲਿਆਂਦੇ। ਉਸ ਨੇ ਪੋਟੀਫ਼ਰ ਦੀ ਘਰਵਾਲੀ ਨੂੰ ਕਿਹਾ ਸੀ: ‘ਮੇਰੇ ਸਵਾਮੀ ਨੇ ਤੁਹਾਥੋਂ ਬਿਨਾਂ ਕੋਈ ਚੀਜ਼ ਮੇਰੇ ਕੋਲੋਂ ਰੋਕ ਕੇ ਵੀ ਨਹੀਂ ਰੱਖੀ ਕਿਉਂਜੋ ਤੁਸੀਂ ਉਸ ਦੀ ਪਤਨੀ ਹੋ। ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?’—ਉਤਪਤ 39:8, 9.
20. ਯਹੋਵਾਹ ਨੇ ਯੂਸੁਫ਼ ਦੀ ਮਦਦ ਕਿਵੇਂ ਕੀਤੀ ਸੀ?
20 ਯੂਸੁਫ਼ ਆਪਣੇ ਪਰਿਵਾਰ ਤੋਂ ਦੂਰ ਰਹਿੰਦਾ ਸੀ, ਫਿਰ ਵੀ ਉਹ ਆਪਣੇ ਆਪ ਨੂੰ ਹਰ ਰੋਜ਼ ਗੰਦੇ ਕੰਮਾਂ ਤੋਂ ਦੂਰ ਰੱਖਦਾ ਸੀ। ਇਹ ਦੇਖ ਕੇ ਯਹੋਵਾਹ ਦਾ ਦਿਲ ਕਿੰਨਾ ਖ਼ੁਸ਼ ਹੋਇਆ ਹੋਣਾ! (ਕਹਾਉਤਾਂ 27:11) ਬਾਅਦ ਵਿਚ ਉਹ ਯਹੋਵਾਹ ਦੀ ਮਦਦ ਨਾਲ ਜੇਲ੍ਹ ਤੋਂ ਰਿਹਾ ਹੋਇਆ ਅਤੇ ਮਿਸਰ ਦਾ ਪ੍ਰਧਾਨ ਮੰਤਰੀ ਤੇ ਖ਼ੁਰਾਕ ਮੰਤਰੀ ਬਣਿਆ। (ਉਤਪਤ 41:39-49) ਜ਼ਬੂਰ 97:10 ਦੇ ਸ਼ਬਦ ਬਿਲਕੁਲ ਸੱਚੇ ਹਨ: “ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ! ਉਹ ਆਪਣੇ ਸੰਤਾਂ ਦੀਆਂ ਜਾਨਾਂ ਦੀ ਰੱਖਿਆ ਕਰਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਉਂਦਾ ਹੈ।”
21. ਇਕ ਅਫ਼ਰੀਕੀ ਦੇਸ਼ ਦਾ ਨੌਜਵਾਨ ਭਰਾ ਹਰਾਮਕਾਰੀ ਤੋਂ ਕਿਵੇਂ ਭੱਜਿਆ?
21 ਇਸੇ ਤਰ੍ਹਾਂ ਅੱਜ ਯਹੋਵਾਹ ਦੇ ਕਈ ਸੇਵਕ ਦਿਖਾਉਂਦੇ ਹਨ ਕਿ ਉਹ ‘ਬਦੀ ਤੋਂ ਘਿਣ ਅਤੇ ਨੇਕੀ ਨੂੰ ਪਿਆਰ ਕਰਦੇ ਹਨ।’ (ਆਮੋਸ 5:15) ਇਕ ਅਫ਼ਰੀਕੀ ਦੇਸ਼ ਦਾ ਨੌਜਵਾਨ ਭਰਾ ਦੱਸਦਾ ਹੈ ਕਿ ਉਸ ਦੀ ਕਲਾਸ ਵਿਚ ਇਕ ਕੁੜੀ ਨੇ ਦਲੇਰੀ ਨਾਲ ਕਿਹਾ: ‘ਜੇ ਤੂੰ ਮੈਨੂੰ ਹਿਸਾਬ ਦੇ ਟੈੱਸਟ ਵਿਚ ਨਕਲ ਮਰਵਾ ਦੇਵੇਂ, ਤਾਂ ਮੈਂ ਤੈਨੂੰ “ਖ਼ੁਸ਼” ਕਰ ਦੇਵਾਂਗੀ।’ ਭਰਾ ਨੇ ਕਿਹਾ: “ਮੈਂ ਉਸੇ ਵੇਲੇ ਉਸ ਨੂੰ ਨਾਂਹ ਕਰ ਦਿੱਤੀ ਕਿਉਂਕਿ ਮੈਂ ਆਪਣੀਆਂ ਨਜ਼ਰਾਂ ਵਿਚ ਡਿੱਗਣਾ ਨਹੀਂ ਚਾਹੁੰਦਾ ਸੀ। ਮੈਨੂੰ ਆਪਣੀ ਇੱਜ਼ਤ ਸੋਨੇ-ਚਾਂਦੀ ਨਾਲੋਂ ਕਿਤੇ ਪਿਆਰੀ ਹੈ।” ਇਹ ਸੱਚ ਹੈ ਕਿ ਪਾਪ ਤੋਂ ਸ਼ਾਇਦ ਥੋੜ੍ਹਾ ਚਿਰ ਮਜ਼ਾ ਆਵੇ, ਪਰ ਇਹ ਪਲ-ਦੋ-ਪਲ ਦਾ ਮਜ਼ਾ ਬਾਅਦ ਵਿਚ ਦੁੱਖਾਂ ਦੀ ਭਾਰੀ ਪੰਡ ਬਣ ਜਾਂਦਾ ਹੈ। (ਇਬਰਾਨੀਆਂ 11:25) ਇਸ ਤੋਂ ਉਲਟ, ਯਹੋਵਾਹ ਦੇ ਹੁਕਮ ਮੰਨਣ ਨਾਲ ਜੋ ਖ਼ੁਸ਼ੀ ਮਿਲਦੀ ਹੈ, ਉਹ ਹੋਰ ਕਿਸੇ ਚੀਜ਼ ਤੋਂ ਨਹੀਂ ਮਿਲਦੀ।—ਕਹਾਉਤਾਂ 10:22.
ਦਇਆ ਦੇ ਪਰਮੇਸ਼ੁਰ ਤੋਂ ਮਦਦ ਸਵੀਕਾਰ ਕਰੋ
22, 23. (ੳ) ਗੰਭੀਰ ਗ਼ਲਤੀ ਕਰਨ ਵਾਲੇ ਨੂੰ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ? (ਅ) ਗੁਨਾਹਗਾਰ ਦੀ ਮਦਦ ਕਰਨ ਲਈ ਕਿਹੜਾ ਪ੍ਰਬੰਧ ਕੀਤਾ ਗਿਆ ਹੈ?
22 ਪਾਪੀ ਹੋਣ ਕਰਕੇ ਆਪਣੀਆਂ ਗ਼ਲਤ ਇੱਛਾਵਾਂ ਉੱਤੇ ਕਾਬੂ ਪਾਉਣਾ ਅਤੇ ਸਹੀ ਕੰਮ ਕਰਨਾ ਮੁਸ਼ਕਲ ਹੁੰਦਾ ਹੈ। (ਰੋਮੀਆਂ 7:21-25) ਯਹੋਵਾਹ ਨੂੰ ਇਹ ਸਭ ਪਤਾ ਹੈ ਅਤੇ “ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰਾਂ ਦੀ ਪੋਥੀ 103:14) ਪਰ ਕਈ ਵਾਰ ਕੋਈ ਮਸੀਹੀ ਗੰਭੀਰ ਗ਼ਲਤੀ ਕਰ ਬੈਠਦਾ ਹੈ। ਕੀ ਪਰਮੇਸ਼ੁਰ ਤੋਂ ਉਸ ਨੂੰ ਮਾਫ਼ੀ ਮਿਲ ਸਕਦੀ ਹੈ? ਹਾਂ ਜ਼ਰੂਰ ਮਿਲ ਸਕਦੀ ਹੈ। ਇਹ ਸੱਚ ਹੈ ਕਿ ਦਾਊਦ ਵਾਂਗ ਉਸ ਨੂੰ ਆਪਣੀਆਂ ਗ਼ਲਤੀਆਂ ਦੇ ਨਤੀਜੇ ਤਾਂ ਭੁਗਤਣੇ ਪੈਣਗੇ। ਪਰ ਦਿਆਲੂ ਹੋਣ ਕਰਕੇ ਯਹੋਵਾਹ ਉਨ੍ਹਾਂ ਪਾਪੀਆਂ ਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ ਜਿਹੜੇ ਆਪਣੇ ‘ਪਾਪ ਕਬੂਲ ਕਰਦੇ’ ਹਨ।—ਜ਼ਬੂਰਾਂ ਦੀ ਪੋਥੀ 86:5; ਯਾਕੂਬ 5:16; ਕਹਾਉਤਾਂ 28:13 ਪੜ੍ਹੋ।
23 ਇਸ ਤੋਂ ਇਲਾਵਾ ਯਹੋਵਾਹ ਨੇ “ਆਦਮੀਆਂ ਨੂੰ ਤੋਹਫ਼ਿਆਂ ਵਜੋਂ ਦਿੱਤਾ” ਯਾਨੀ ਸਮਝਦਾਰ ਤੇ ਕਾਬਲ ਬਜ਼ੁਰਗਾਂ ਦਾ ਪ੍ਰਬੰਧ ਕੀਤਾ ਹੈ, ਜੋ ਮਦਦ ਕਰਨ ਲਈ ਤਿਆਰ ਰਹਿੰਦੇ ਹਨ। (ਅਫ਼ਸੀਆਂ 4:8, 12; ਯਾਕੂਬ 5:14, 15) ਬਜ਼ੁਰਗ ਗੁਨਾਹਗਾਰ ਵਿਅਕਤੀ ਦੀ ਯਹੋਵਾਹ ਨਾਲ ਮੁੜ ਰਿਸ਼ਤਾ ਕਾਇਮ ਕਰਨ ਅਤੇ ‘ਸਮਝ ਪ੍ਰਾਪਤ ਕਰਨ’ ਵਿਚ ਮਦਦ ਕਰਦੇ ਹਨ ਤਾਂਕਿ ਉਹ ਦੁਬਾਰਾ ਗ਼ਲਤੀ ਨਾ ਕਰੇ।—ਕਹਾਉਤਾਂ 15:32.
‘ਸਮਝ ਪ੍ਰਾਪਤ ਕਰੋ’
24, 25. (ੳ) ਕਹਾਉਤਾਂ 7:6-23 ਵਿਚ ਦੱਸੇ ਗਏ ਨੌਜਵਾਨ ਨੇ ਕਿਵੇਂ ਦਿਖਾਇਆ ਕਿ ਉਹ “ਨਿਰਬੁੱਧ” ਸੀ? (ਅ) ਅਸੀਂ ਕਿਵੇਂ ‘ਸਮਝ ਪ੍ਰਾਪਤ ਕਰ’ ਸਕਦੇ ਹਾਂ?
24 ਬਾਈਬਲ ਦੋ ਤਰ੍ਹਾਂ ਦੇ ਲੋਕਾਂ ਬਾਰੇ ਗੱਲ ਕਰਦੀ ਹੈ, ਇਕ ਤਾਂ ਉਹ ਜੋ “ਨਿਰਬੁੱਧ” ਹਨ ਅਤੇ ਦੂਜੇ ਜੋ ‘ਸਮਝ ਪ੍ਰਾਪਤ ਕਰਦੇ’ ਹਨ। (ਕਹਾਉਤਾਂ 7:7) “ਨਿਰਬੁੱਧ” ਉਹ ਹੈ ਜਿਸ ਨੇ ਪਰਮੇਸ਼ੁਰ ਦਾ ਗਿਆਨ ਲੈ ਕੇ ਆਪਣੇ ਅੰਦਰ ਸਮਝ ਪੈਦਾ ਨਹੀਂ ਕੀਤੀ ਜਿਸ ਕਰਕੇ ਉਹ ਸਹੀ-ਗ਼ਲਤ ਵਿਚ ਫ਼ਰਕ ਨਹੀਂ ਦੇਖ ਪਾਉਂਦਾ। ਅਜਿਹਾ ਇਨਸਾਨ ਕਹਾਉਤਾਂ 7:6-23 ਵਿਚ ਦੱਸੇ ਨੌਜਵਾਨ ਵਾਂਗ ਝੱਟ ਗ਼ਲਤੀ ਕਰ ਬੈਠਦਾ ਹੈ। ‘ਸਮਝ ਪ੍ਰਾਪਤ ਕਰਨ’ ਵਾਲਾ ਇਨਸਾਨ ਬਾਕਾਇਦਾ ਬਾਈਬਲ ਦੀ ਸਟੱਡੀ ਅਤੇ ਪ੍ਰਾਰਥਨਾ ਕਰ ਕੇ ਆਪਣੇ ਮਨ ਦੀ ਰਾਖੀ ਕਰਦਾ ਹੈ। ਨਾਮੁਕੰਮਲ ਹੋਣ ਦੇ ਬਾਵਜੂਦ ਵੀ ਉਹ ਆਪਣੀਆਂ ਸੋਚਾਂ, ਇੱਛਾਵਾਂ ਤੇ ਜਜ਼ਬਾਤਾਂ ਨੂੰ ਸ਼ੁੱਧ ਰੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਟੀਚੇ ਰੱਖਦਾ ਹੈ। ਇਸ ਤਰ੍ਹਾਂ ਉਹ “ਆਪਣੀ ਜਾਨ ਨਾਲ ਪ੍ਰੀਤ ਰੱਖਦਾ ਹੈ” ਅਤੇ ਉਸ ਦਾ ਭਲਾ ਹੁੰਦਾ ਹੈ।—ਕਹਾਉਤਾਂ 19:8.
25 ਆਪਣੇ ਆਪ ਨੂੰ ਪੁੱਛੋ: ‘ਕੀ ਮੈਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਦੇ ਅਸੂਲ ਸਹੀ ਹਨ? ਕੀ ਮੈਂ ਮੰਨਦਾ ਹਾਂ ਕਿ ਇਨ੍ਹਾਂ ਅਸੂਲਾਂ ਉੱਤੇ ਚੱਲਣ ਨਾਲ ਮੇਰਾ ਭਲਾ ਹੋਵੇਗਾ?’ (ਜ਼ਬੂਰਾਂ ਦੀ ਪੋਥੀ 19:7-10; ਯਸਾਯਾਹ 48:17, 18) ਜੇ ਸਾਡੇ ਮਨ ਵਿਚ ਥੋੜ੍ਹਾ ਜਿਹਾ ਵੀ ਸ਼ੱਕ ਹੈ, ਤਾਂ ਸਾਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦੇ ਹੁਕਮ ਤੋੜਨ ਦੇ ਨਤੀਜਿਆਂ ਉੱਤੇ ਸੋਚ-ਵਿਚਾਰ ਕਰੋ। “ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ।” ਕਿਵੇਂ? ਸੱਚਾਈ ਮੁਤਾਬਕ ਜ਼ਿੰਦਗੀ ਜੀ ਕੇ ਅਤੇ ਸੱਚੀਆਂ, ਆਦਰਯੋਗ, ਸ਼ੁੱਧ, ਸੋਹਣੀਆਂ ਅਤੇ ਨੇਕ ਗੱਲਾਂ ਉੱਤੇ ਵਿਚਾਰ ਕਰ ਕੇ। (ਜ਼ਬੂਰਾਂ ਦੀ ਪੋਥੀ 34:8; ਫ਼ਿਲਿੱਪੀਆਂ 4:8, 9) ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਅਸੀਂ ਜਿੰਨਾ ਜ਼ਿਆਦਾ ਇੱਦਾਂ ਕਰਾਂਗੇ, ਯਹੋਵਾਹ ਨਾਲ ਸਾਡਾ ਉੱਨਾ ਹੀ ਪਿਆਰ ਵਧੇਗਾ। ਇਸ ਦੇ ਨਾਲ-ਨਾਲ, ਅਸੀਂ ਉਨ੍ਹਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਅਤੇ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਾਂਗੇ ਜਿਨ੍ਹਾਂ ਨਾਲ ਉਹ ਨਫ਼ਰਤ ਕਰਦਾ ਹੈ। ਯੂਸੁਫ਼ ਸਾਡੇ ਵਰਗਾ ਹੀ ਇਨਸਾਨ ਸੀ, ਫਿਰ ਵੀ ਉਹ ‘ਹਰਾਮਕਾਰੀ ਤੋਂ ਭੱਜਿਆ’ ਕਿਉਂਕਿ ਉਹ ਸਾਰੀ ਜ਼ਿੰਦਗੀ ਯਹੋਵਾਹ ਦੇ ਰਾਹਾਂ ਉੱਤੇ ਚੱਲਦਾ ਰਿਹਾ। ਆਓ ਆਪਾਂ ਵੀ ਇੱਦਾਂ ਹੀ ਕਰੀਏ।—ਯਸਾਯਾਹ 64:8.
26. ਅਗਲੇ ਦੋ ਅਧਿਆਵਾਂ ਵਿਚ ਕਿਹੜੇ ਅਹਿਮ ਵਿਸ਼ੇ ʼਤੇ ਗੱਲ ਕੀਤੀ ਜਾਵੇਗੀ?
26 ਸਾਡੇ ਸਿਰਜਣਹਾਰ ਨੇ ਗੁਪਤ ਅੰਗ ਗ਼ਲਤ ਕੰਮਾਂ ਦਾ ਮਜ਼ਾ ਲੈਣ ਲਈ ਨਹੀਂ ਬਣਾਏ, ਸਗੋਂ ਬੱਚੇ ਪੈਦਾ ਕਰਨ ਅਤੇ ਵਿਆਹੁਤਾ ਸਾਥੀ ਨਾਲ ਨੇੜਤਾ ਮਾਣਨ ਲਈ ਬਣਾਏ ਹਨ। (ਕਹਾਉਤਾਂ 5:18) ਵਿਆਹ ਪ੍ਰਤੀ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਅਗਲੇ ਦੋ ਅਧਿਆਵਾਂ ਵਿਚ ਚਰਚਾ ਕੀਤੀ ਜਾਵੇਗੀ।
a ਗਿਣਤੀ ਦੀ ਕਿਤਾਬ ਵਿਚ ਉਸ ਵੇਲੇ ਮਾਰੇ ਗਏ ਲੋਕਾਂ ਦੀ ਕੁੱਲ ਗਿਣਤੀ 24,000 ਦਿੱਤੀ ਗਈ ਹੈ। ਯਹੋਵਾਹ ਦੇ ਹੱਥੋਂ 23,000 ਲੋਕ ਮਾਰੇ ਗਏ ਸਨ ਅਤੇ ਨਿਆਈਆਂ ਨੇ ਸਾਰੇ 1,000 ਮੁਖੀਆਂ ਨੂੰ ਵੱਢਿਆ ਸੀ।—ਗਿਣਤੀ 25:4, 5.
b ਪਹਿਰਾਬੁਰਜ 15 ਜੁਲਾਈ 2006 ਵਿਚ “ਪਾਠਕਾਂ ਵੱਲੋਂ ਸਵਾਲ” ਲੇਖ ਵਿਚ ਗੰਦੇ-ਮੰਦੇ ਅਤੇ ਬੇਸ਼ਰਮ ਕੰਮਾਂ ਬਾਰੇ ਚਰਚਾ ਕੀਤੀ ਗਈ ਹੈ।
c “ਪੋਰਨੋਗ੍ਰਾਫੀ” ਦਾ ਮਤਲਬ ਹੈ ਕਾਮ-ਵਾਸ਼ਨਾ ਭੜਕਾਉਣ ਲਈ ਤਿਆਰ ਕੀਤੀਆਂ ਗਈਆਂ ਚੀਜ਼ਾਂ, ਜਿਵੇਂ ਕਿ ਅਸ਼ਲੀਲ ਤਸਵੀਰਾਂ, ਕਿਤਾਬਾਂ, ਆਡੀਓ ਕੈਸਟਾਂ ਅਤੇ ਟੈਲੀਫ਼ੋਨ ਉੱਤੇ ਰਿਕਾਰਡ ਕੀਤੇ ਗਏ ਕਾਮੁਕ ਸੰਦੇਸ਼। ਪੋਰਨੋਗ੍ਰਾਫੀ ਤਸਵੀਰ ਜਾਂ ਵਿਡਿਓ ਕਲਿੱਪ ਹੋ ਸਕਦਾ ਹੈ ਜਿਸ ਵਿਚ ਇਕ ਵਿਅਕਤੀ ਨੂੰ ਕਾਮੁਕ ਪੋਜ਼ ਵਿਚ ਦਿਖਾਇਆ ਜਾਂਦਾ ਹੈ ਜਾਂ ਫਿਰ ਦੋ ਜਾਂ ਜ਼ਿਆਦਾ ਜਣਿਆਂ ਨੂੰ ਰਲ਼ ਕੇ ਘਿਣਾਉਣੀਆਂ ਹਰਕਤਾਂ ਕਰਦੇ ਦਿਖਾਇਆ ਜਾਂਦਾ ਹੈ।
d ਹਥਰਸੀ ਦੀ ਗੰਦੀ ਆਦਤ ਬਾਰੇ ਦਿੱਤੀ ਗਈ ਵਧੇਰੇ ਜਾਣਕਾਰੀ “ਹਥਰਸੀ ਦੀ ਆਦਤ ਤੋਂ ਛੁਟਕਾਰਾ ਪਾਓ” ਵਿਚ ਚਰਚਾ ਕੀਤੀ ਗਈ ਹੈ।