ਯਹੋਵਾਹ ਨੇ ਵਿਆਹ ਦੀ ਸ਼ੁਰੂਆਤ ਕਿਉਂ ਕੀਤੀ?
“ਯਹੋਵਾਹ ਪਰਮੇਸ਼ੁਰ ਨੇ ਆਖਿਆ ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।”—ਉਤ. 2:18.
1, 2. (ੳ) ਵਿਆਹ ਦੀ ਸ਼ੁਰੂਆਤ ਕਿੱਦਾਂ ਹੋਈ? (ਅ) ਪਹਿਲੇ ਆਦਮੀ ਅਤੇ ਔਰਤ ਨੂੰ ਵਿਆਹ ਬਾਰੇ ਕਿਸ ਗੱਲ ਦਾ ਅਹਿਸਾਸ ਹੋਇਆ ਹੋਣਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਵਿਆਹ ਕਰਾਉਣਾ ਆਮ ਗੱਲ ਹੈ। ਪਰ ਵਿਆਹ ਦੀ ਸ਼ੁਰੂਆਤ ਕਿੱਦਾਂ ਹੋਈ? ਇਸ ਦਾ ਕੀ ਮਕਸਦ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਅਸੀਂ ਵਿਆਹ ਪ੍ਰਤੀ ਸਹੀ ਨਜ਼ਰੀਆ ਰੱਖ ਸਕਾਂਗੇ ਅਤੇ ਵਿਆਹੁਤਾ ਬੰਧਨ ਦਾ ਆਨੰਦ ਮਾਣ ਸਕਾਂਗੇ। ਪਹਿਲੇ ਇਨਸਾਨ ਆਦਮ ਨੂੰ ਬਣਾਉਣ ਤੋਂ ਬਾਅਦ ਪਰਮੇਸ਼ੁਰ ਸਾਰੇ ਜਾਨਵਰ ਉਸ ਕੋਲ ਲਿਆਇਆ ਤਾਂਕਿ ਉਹ ਉਨ੍ਹਾਂ ਦੇ ਨਾਂ ਰੱਖ ਸਕੇ। ਆਦਮ ਨੇ ਦੇਖਿਆ ਕਿ ਸਾਰੇ ਜਾਨਵਰਾਂ ਦੇ ਸਾਥੀ ਸਨ, ਪਰ ਉਸ ਨੂੰ “ਅਜੇ ਕੋਈ ਸਹਾਇਕਣ ਉਹ ਦੇ ਵਰਗੀ ਨਾ ਮਿਲੀ।” ਇਸ ਲਈ ਪਰਮੇਸ਼ੁਰ ਨੇ ਆਦਮ ਨੂੰ ਗੂੜ੍ਹੀ ਨੀਂਦ ਸੁਲਾ ਕੇ ਉਸ ਦੀ ਇਕ ਪਸਲੀ ਕੱਢੀ ਅਤੇ ਉਸ ਪਸਲੀ ਤੋਂ ਇਕ ਔਰਤ ਬਣਾਈ। ਫਿਰ ਪਰਮੇਸ਼ੁਰ ਉਸ ਔਰਤ ਨੂੰ ਆਦਮ ਕੋਲ ਲੈ ਕੇ ਆਇਆ। (ਉਤਪਤ 2:20-24 ਪੜ੍ਹੋ।) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਹੀ ਵਿਆਹ ਦੀ ਸ਼ੁਰੂਆਤ ਕੀਤੀ।
2 ਬਹੁਤ ਸਾਲਾਂ ਬਾਅਦ ਯਿਸੂ ਨੇ ਵੀ ਉਹੀ ਗੱਲ ਕਹੀ ਜੋ ਯਹੋਵਾਹ ਨੇ ਅਦਨ ਦੇ ਬਾਗ਼ ਵਿਚ ਕਹੀ ਸੀ: “ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ।” (ਮੱਤੀ 19:4, 5) ਯਹੋਵਾਹ ਨੇ ਆਦਮ ਦੀ ਪਸਲੀ ਤੋਂ ਔਰਤ ਬਣਾਈ, ਜਿਸ ਤੋਂ ਪਹਿਲੇ ਜੋੜੇ ਨੂੰ ਸ਼ਾਇਦ ਅਹਿਸਾਸ ਹੋਇਆ ਹੋਣਾ ਕਿ ਉਨ੍ਹਾਂ ਦਾ ਰਿਸ਼ਤਾ ਕਿੰਨਾ ਹੀ ਕਰੀਬੀ ਸੀ। ਯਹੋਵਾਹ ਨੇ ਕਦੀ ਨਹੀਂ ਚਾਹਿਆ ਕਿ ਕਿਸੇ ਦਾ ਤਲਾਕ ਹੋਵੇ ਜਾਂ ਕਿਸੇ ਦੇ ਇਕ ਤੋਂ ਜ਼ਿਆਦਾ ਜੀਵਨ ਸਾਥੀ ਹੋਣ।
ਯਹੋਵਾਹ ਦੇ ਮਕਸਦ ਵਿਚ ਵਿਆਹ ਦੀ ਭੂਮਿਕਾ
3. ਵਿਆਹ ਦਾ ਇਕ ਖ਼ਾਸ ਮਕਸਦ ਕੀ ਸੀ?
3 ਆਦਮ ਆਪਣੀ ਪਿਆਰੀ ਪਤਨੀ ਨਾਲ ਬਹੁਤ ਖ਼ੁਸ਼ ਸੀ ਅਤੇ ਉਸ ਨੇ ਉਸ ਦਾ ਨਾਂ ਹੱਵਾਹ ਰੱਖਿਆ। ਹੱਵਾਹ ਆਦਮ ਦੀ “ਸਹਾਇਕਣ” ਸੀ। ਪਤੀ-ਪਤਨੀ ਵਜੋਂ ਇਕੱਠਿਆਂ ਮਿਲ ਕੇ ਕੰਮ ਕਰਨ ਨਾਲ ਉਨ੍ਹਾਂ ਨੂੰ ਰੋਜ਼ ਖ਼ੁਸ਼ੀ ਮਿਲਣੀ ਸੀ। (ਉਤ. 2:18) ਧਰਤੀ ਨੂੰ ਇਨਸਾਨਾਂ ਨਾਲ ਭਰਨਾ ਵਿਆਹ ਦਾ ਇਕ ਖ਼ਾਸ ਮਕਸਦ ਸੀ। (ਉਤ. 1:28) ਹਾਂ, ਬੱਚੇ ਆਪਣੇ ਮਾਪਿਆਂ ਨੂੰ ਪਿਆਰ ਕਰਦੇ ਹਨ, ਪਰ ਇਹ ਮਕਸਦ ਪੂਰਾ ਕਰਨ ਲਈ ਉਹ ਮਾਪਿਆਂ ਨੂੰ ਛੱਡ ਕੇ ਆਪਣਾ ਘਰ ਵਸਾਉਂਦੇ ਹਨ। ਪਰ ਇਨਸਾਨਾਂ ਨੇ ਧਰਤੀ ਨੂੰ ਇਸ ਹੱਦ ਤਕ ਨਹੀਂ ਭਰਨਾ ਸੀ ਕਿ ਪੈਰ ਰੱਖਣ ਲਈ ਜਗ੍ਹਾ ਹੀ ਨਾ ਹੋਵੇ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਸਾਰੀ ਧਰਤੀ ਨੂੰ ਅਦਨ ਦੇ ਬਾਗ਼ ਵਰਗੀ ਖ਼ੂਬਸੂਰਤ ਬਣਾਉਣਾ ਸੀ।
4. ਪਹਿਲੇ ਵਿਆਹ ਦੀਆਂ ਖ਼ੁਸ਼ੀਆਂ ਨੂੰ ਕੀ ਹੋ ਗਿਆ?
4 ਆਦਮ ਅਤੇ ਹੱਵਾਹ ਨੇ ਯਹੋਵਾਹ ਦਾ ਹੁਕਮ ਤੋੜ ਕੇ ਆਪਣੀ ਆਜ਼ਾਦ ਮਰਜ਼ੀ ਦਾ ਨਾਜਾਇਜ਼ ਫ਼ਾਇਦਾ ਉਠਾਇਆ। ਇਸ ਕਰਕੇ ਪਹਿਲੇ ਵਿਆਹ ਦੀਆਂ ਖ਼ੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ। “ਪੁਰਾਣੇ ਸੱਪ” ਯਾਨੀ ਸ਼ੈਤਾਨ ਨੇ ਹੱਵਾਹ ਨੂੰ ਧੋਖਾ ਦਿੱਤਾ ਕਿ ਜੇ ਉਹ ‘ਭਲੇ ਬੁਰੇ ਦੀ ਸਿਆਣ ਦੇ ਬਿਰਛ’ ਤੋਂ ਫਲ ਖਾਵੇ, ਤਾਂ ਉਸ ਨੂੰ ਖ਼ਾਸ ਗਿਆਨ ਹੋ ਜਾਵੇਗਾ ਜਿਸ ਨਾਲ ਉਹ ਆਪਣਾ ਚੰਗਾ-ਮਾੜਾ ਖ਼ੁਦ ਸੋਚ ਸਕੇਗੀ। ਹੱਵਾਹ ਨੇ ਆਪਣੇ ਪਤੀ ਤੋਂ ਇਸ ਬਾਰੇ ਸਲਾਹ ਨਹੀਂ ਲਈ। ਇੱਦਾਂ ਕਰ ਕੇ ਉਸ ਨੇ ਆਪਣੇ ਪਤੀ ਦੇ ਅਧਿਕਾਰ ਪ੍ਰਤੀ ਕਦਰ ਨਹੀਂ ਦਿਖਾਈ। ਆਦਮ ਨੇ ਪਰਮੇਸ਼ੁਰ ਦੀ ਗੱਲ ਨਹੀਂ ਸੁਣੀ। ਇਸ ਦੀ ਬਜਾਇ, ਉਸ ਨੇ ਆਪਣੀ ਪਤਨੀ ਦੇ ਮਗਰ ਲੱਗ ਕੇ ਫਲ ਖਾ ਲਿਆ।—ਪ੍ਰਕਾ. 12:9; ਉਤ. 2:9, 16, 17; 3:1-6.
5. ਆਦਮ ਅਤੇ ਹੱਵਾਹ ਨੇ ਯਹੋਵਾਹ ਨੂੰ ਜੋ ਕਿਹਾ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
5 ਜਦੋਂ ਪਰਮੇਸ਼ੁਰ ਨੇ ਆਦਮ ਨੂੰ ਇਸ ਬਾਰੇ ਪੁੱਛਿਆ, ਤਾਂ ਆਦਮ ਨੇ ਸਾਰਾ ਦੋਸ਼ ਆਪਣੀ ਪਤਨੀ ਦੇ ਸਿਰ ਮੜ੍ਹਦਿਆਂ ਕਿਹਾ: “ਜਿਸ ਤੀਵੀਂ ਨੂੰ ਤੂੰ ਮੈਨੂੰ ਦਿੱਤਾ ਸੀ ਉਸ ਨੇ ਉਸ ਬਿਰਛ ਤੋਂ ਮੈਨੂੰ ਦਿੱਤਾ ਤੇ ਮੈਂ ਖਾਧਾ।” ਹੱਵਾਹ ਨੇ ਸੱਪ ʼਤੇ ਦੋਸ਼ ਲਾਇਆ। (ਉਤ. 3:12, 13) ਪਰ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਸਿਰ-ਪੈਰ ਨਹੀਂ ਸੀ। ਯਹੋਵਾਹ ਦੇ ਕਹਿਣੇ ਵਿਚ ਨਾ ਰਹਿਣ ਕਰਕੇ ਉਹ ਦੋਵੇਂ ਯਹੋਵਾਹ ਦੀਆਂ ਨਜ਼ਰਾਂ ਵਿਚ ਦੋਸ਼ੀ ਸਨ। ਅਸੀਂ ਇਸ ਤੋਂ ਇਕ ਅਹਿਮ ਸਬਕ ਸਿੱਖ ਸਕਦੇ ਹਾਂ। ਆਪਣੇ ਵਿਆਹੁਤਾ ਜੀਵਨ ਨੂੰ ਸਫ਼ਲ ਕਰਨ ਲਈ ਜ਼ਰੂਰੀ ਹੈ ਕਿ ਪਤੀ-ਪਤਨੀ ਆਪਣੀਆਂ ਗ਼ਲਤੀਆਂ ਕਬੂਲ ਕਰਨ ਅਤੇ ਯਹੋਵਾਹ ਦਾ ਕਹਿਣਾ ਮੰਨਣ।
6. ਉਤਪਤ 3:15 ਦੀ ਭਵਿੱਖਬਾਣੀ ਸਮਝਾਓ।
6 ਅਦਨ ਦੇ ਬਾਗ਼ ਵਿਚ ਕੀਤੀ ਸ਼ੈਤਾਨ ਦੀ ਬਗਾਵਤ ਦੇ ਬਾਵਜੂਦ ਵੀ ਯਹੋਵਾਹ ਨੇ ਇਨਸਾਨਾਂ ਨੂੰ ਉਮੀਦ ਦਿੱਤੀ। ਇਹ ਉਮੀਦ ਬਾਈਬਲ ਦੀ ਪਹਿਲੀ ਭਵਿੱਖਬਾਣੀ ਵਿਚ ਦਰਜ ਹੈ। (ਉਤਪਤ 3:15 ਪੜ੍ਹੋ।) ਇਸ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ “ਤੀਵੀਂ ਦੀ ਸੰਤਾਨ” ਸ਼ੈਤਾਨ ਦਾ ਨਾਸ਼ ਕਰੇਗੀ। ਯਹੋਵਾਹ ਦੇ ਲੱਖਾਂ ਹੀ ਆਗਿਆਕਾਰ ਸਵਰਗੀ ਦੂਤਾਂ ਦਾ ਉਸ ਨਾਲ ਬਹੁਤ ਹੀ ਕਰੀਬੀ ਰਿਸ਼ਤਾ ਹੈ। ਉਹ ਯਹੋਵਾਹ ਦੀ ਪਤਨੀ ਵਾਂਗ ਹਨ। ਯਹੋਵਾਹ ਨੇ ਇਨ੍ਹਾਂ ਵਿੱਚੋਂ ਇਕ ਦੂਤ ਨੂੰ ਧਰਤੀ ਉੱਤੇ ਘੱਲਣਾ ਸੀ ਜਿਸ ਨੇ ਸ਼ੈਤਾਨ ਦੇ ‘ਸਿਰ ਨੂੰ ਫੇਹਣਾ’ ਸੀ। ਉਸ ਸੰਤਾਨ ਨੇ ਆਗਿਆਕਾਰ ਇਨਸਾਨਾਂ ਲਈ ਹਮੇਸ਼ਾ ਦੀ ਜ਼ਿੰਦਗੀ ਸੰਭਵ ਕਰਨੀ ਸੀ ਜੋ ਪਹਿਲਾ ਜੋੜਾ ਗੁਆ ਬੈਠਾ ਸੀ। ਇਸ ਤਰ੍ਹਾਂ ਇਨਸਾਨਾਂ ਲਈ ਯਹੋਵਾਹ ਦਾ ਮਕਸਦ ਪੂਰਾ ਹੋਣਾ ਸੀ।—ਯੂਹੰ. 3:16.
7. (ੳ) ਆਦਮ ਅਤੇ ਹੱਵਾਹ ਦੀ ਬਗਾਵਤ ਤੋਂ ਬਾਅਦ ਵਿਆਹੁਤਾ ਰਿਸ਼ਤੇ ਨੂੰ ਕੀ ਹੋਇਆ? (ਅ) ਯਹੋਵਾਹ ਪਤੀ-ਪਤਨੀਆਂ ਤੋਂ ਕੀ ਚਾਹੁੰਦਾ ਹੈ?
7 ਆਦਮ ਅਤੇ ਹੱਵਾਹ ਦੀ ਬਗਾਵਤ ਨੇ ਨਾ ਸਿਰਫ਼ ਉਨ੍ਹਾਂ ਦੇ ਰਿਸ਼ਤੇ ਉੱਤੇ, ਸਗੋਂ ਸਾਰਿਆਂ ਦੇ ਵਿਆਹੁਤਾ ਰਿਸ਼ਤਿਆਂ ਉੱਤੇ ਮਾੜਾ ਅਸਰ ਪਾਇਆ। ਮਿਸਾਲ ਲਈ, ਹੱਵਾਹ ਅਤੇ ਸਾਰੀਆਂ ਔਰਤਾਂ ਨੂੰ ਬੱਚੇ ਪੈਦਾ ਕਰਨ ਵੇਲੇ ਪੀੜਾਂ ਸਹਿਣੀਆਂ ਪੈਣੀਆਂ ਸਨ। ਔਰਤਾਂ ਨੇ ਆਪਣੇ ਪਤੀਆਂ ਦਾ ਸਾਥ ਤਰਸਣਾ ਸੀ, ਪਰ ਆਦਮੀਆਂ ਨੇ ਆਪਣੀਆਂ ਪਤਨੀਆਂ ਉੱਤੇ ਹੁਕਮ ਚਲਾਉਣਾ ਸੀ ਇੱਥੋਂ ਤਕ ਕਿ ਉਨ੍ਹਾਂ ਨੂੰ ਮਾਰਨਾ-ਕੁੱਟਣਾ ਸੀ। ਇਹ ਸਭ ਕੁਝ ਸਾਡੀਆਂ ਅੱਖਾਂ ਸਾਮ੍ਹਣੇ ਹੋ ਰਿਹਾ ਹੈ। (ਉਤ. 3:16) ਯਹੋਵਾਹ ਚਾਹੁੰਦਾ ਹੈ ਕਿ ਪਤੀ ਆਪਣਾ ਅਧਿਕਾਰ ਪਿਆਰ ਨਾਲ ਵਰਤੇ। ਨਾਲੇ ਪਤਨੀ ਆਪਣੇ ਪਤੀ ਦੇ ਅਧੀਨ ਰਹੇ। (ਅਫ਼. 5:33) ਜੇ ਪਤੀ-ਪਤਨੀ ਯਹੋਵਾਹ ਦਾ ਕਹਿਣਾ ਮੰਨਣਗੇ ਅਤੇ ਮਿਲ ਕੇ ਕੰਮ ਕਰਨਗੇ, ਤਾਂ ਉਹ ਕਾਫ਼ੀ ਹੱਦ ਤਕ ਮੁਸ਼ਕਲਾਂ ਤੋਂ ਬਚ ਸਕਣਗੇ।
ਆਦਮ ਤੋਂ ਲੈ ਕੇ ਜਲ-ਪਰਲੋ ਤਕ ਦੇ ਵਿਆਹ
8. ਆਦਮ ਤੋਂ ਲੈ ਕੇ ਜਲ-ਪਰਲੋ ਤਕ, ਵਿਆਹ ਦੇ ਪ੍ਰਬੰਧ ਬਾਰੇ ਕੀ ਕਿਹਾ ਜਾ ਸਕਦਾ ਹੈ?
8 ਪਾਪ ਕਰਨ ਤੋਂ ਬਾਅਦ ਆਦਮ ਅਤੇ ਹੱਵਾਹ ਦੇ ਬੱਚੇ ਹੋਏ। (ਉਤ. 5:4) ਉਨ੍ਹਾਂ ਦੇ ਜੇਠੇ ਮੁੰਡੇ ਕਾਇਨ ਨੇ ਆਪਣੇ ਖ਼ਾਨਦਾਨ ਵਿੱਚੋਂ ਹੀ ਕਿਸੇ ਨਾਲ ਵਿਆਹ ਕਰਾ ਲਿਆ। ਕਾਇਨ ਦੇ ਵੰਸ਼ ਵਿੱਚੋਂ ਲਾਮਕ ਨਾਂ ਦੇ ਆਦਮੀ ਦੀਆਂ ਦੋ ਪਤਨੀਆਂ ਸਨ। ਬਾਈਬਲ ਵਿਚ ਇਹ ਪਹਿਲਾਂ ਆਦਮੀ ਸੀ ਜਿਸ ਨੇ ਦੋ ਵਿਆਹ ਕੀਤੇ ਸਨ। (ਉਤ. 4:17, 19) ਆਦਮ ਦੇ ਦਿਨ ਤੋਂ ਲੈ ਕੇ ਜਲ-ਪਰਲੋ ਤਕ ਬਹੁਤ ਹੀ ਘੱਟ ਲੋਕ ਯਹੋਵਾਹ ਦੀ ਭਗਤੀ ਕਰਦੇ ਸਨ। ਉਨ੍ਹਾਂ ਵਿਚ ਹਾਬਲ, ਹਨੋਕ, ਨੂਹ ਅਤੇ ਉਸ ਦਾ ਪਰਿਵਾਰ ਵੀ ਸੀ। ਬਾਈਬਲ ਕਹਿੰਦੀ ਹੈ ਕਿ ਨੂਹ ਦੇ ਦਿਨਾਂ ਵਿਚ “ਪਰਮੇਸ਼ੁਰ ਦੇ ਪੁੱਤ੍ਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਈ ਓਹ ਸੋਹਣੀਆਂ ਹਨ ਤਦ ਉਨ੍ਹਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਂਆਂ ਕੀਤੀਆਂ।” ਇਹ ਸਵਰਗ ਦੂਤ ਇਨਸਾਨਾਂ ਦਾ ਰੂਪ ਧਾਰ ਕੇ ਧਰਤੀ ʼਤੇ ਆਏ ਅਤੇ ਔਰਤਾਂ ਨਾਲ ਗ਼ੈਰ-ਕੁਦਰਤੀ ਸਰੀਰਕ ਸੰਬੰਧ ਬਣਾਏ। ਨਤੀਜੇ ਵਜੋਂ, ਇਨ੍ਹਾਂ ਦੀ ਦੋਗਲੀ ਔਲਾਦ ਪੈਦਾ ਹੋਈ ਜੋ ਬਹੁਤ ਹੀ ਵਹਿਸ਼ੀ ਸਨ ਅਤੇ ਜਿਸ ਨੂੰ ਨੈਫ਼ਲਿਮ ਕਿਹਾ ਜਾਂਦਾ ਹੈ। ਹੌਲੀ-ਹੌਲੀ “ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ” ਸੀ।—ਉਤ. 6:1-5.
9. ਯਹੋਵਾਹ ਨੇ ਨੂਹ ਦੇ ਦਿਨਾਂ ਵਿਚ ਦੁਸ਼ਟਾਂ ਦਾ ਕੀ ਕੀਤਾ ਅਤੇ ਉਸ ਸਮੇਂ ਵਿਚ ਜੋ ਹੋ ਰਿਹਾ ਸੀ, ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ?
9 ਯਹੋਵਾਹ ਨੇ ਦੁਸ਼ਟਾਂ ਦਾ ਸਫ਼ਾਇਆ ਕਰਨ ਲਈ ਜਲ-ਪਰਲੋ ਲਿਆਂਦੀ। ਉਸ ਵੇਲੇ ਲੋਕ ਆਪਣੇ ਰੋਜ਼ ਦੇ ਕੰਮਾਂ ਦੇ ਨਾਲ-ਨਾਲ ਵਿਆਹ ਕਰਨ-ਕਰਾਉਣ ਵਿਚ ਵੀ ਬਹੁਤ ਰੁੱਝੇ ਹੋਏ ਸਨ। ਇਸ ਲਈ ਜਦੋਂ “ਧਾਰਮਿਕਤਾ ਦੇ ਪ੍ਰਚਾਰਕ” ਨੂਹ ਨੇ ਲੋਕਾਂ ਨੂੰ ਦੁਨੀਆਂ ਦੇ ਨਾਸ਼ ਬਾਰੇ ਦੱਸਿਆ, ਤਾਂ ਉਨ੍ਹਾਂ ਦੇ ਕੰਨ ʼਤੇ ਜੂੰ ਤਕ ਨਾ ਸਰਕੀ। (2 ਪਤ. 2:5) ਯਿਸੂ ਨੇ ਕਿਹਾ ਸੀ ਕਿ ਆਖ਼ਰੀ ਦਿਨ ਨੂਹ ਦੇ ਦਿਨਾਂ ਵਰਗੇ ਹੋਣਗੇ। (ਮੱਤੀ 24:37-39 ਪੜ੍ਹੋ।) ਅੱਜ ਬਹੁਤ ਸਾਰੇ ਲੋਕ ਰਾਜ ਦੀ ਖ਼ੁਸ਼ ਖ਼ਬਰੀ ਵੱਲ ਧਿਆਨ ਨਹੀਂ ਦਿੰਦੇ ਜੋ ਅੰਤ ਆਉਣ ਤੋਂ ਪਹਿਲਾਂ ਹਰ ਕੌਮ ਵਿਚ ਸੁਣਾਈ ਜਾ ਰਹੀ ਹੈ। ਅਸੀਂ ਜਲ-ਪਰਲੋ ਦੇ ਸਮੇਂ ਤੋਂ ਕੀ ਸਿੱਖ ਸਕਦੇ ਹਾਂ? ਸਾਨੂੰ ਕਦੀ ਵੀ ਵਿਆਹ ਕਰਨ-ਕਰਾਉਣ ਜਾਂ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਇੰਨੇ ਨਹੀਂ ਰੁੱਝ ਜਾਣਾ ਚਾਹੀਦਾ ਹੈ ਕਿ ਅਸੀਂ ਭੁੱਲ ਜਾਈਏ ਕਿ ਯਹੋਵਾਹ ਦਾ ਦਿਨ ਕਿੰਨਾ ਨੇੜੇ ਹੈ।
ਜਲ-ਪਰਲੋ ਤੋਂ ਲੈ ਕੇ ਯਿਸੂ ਦੇ ਦਿਨਾਂ ਤਕ ਦੇ ਵਿਆਹ
10. (ੳ) ਬਹੁਤ ਸਾਰੇ ਸਭਿਆਚਾਰਾਂ ਵਿਚ ਵਿਆਹ ਬਾਰੇ ਕੀ ਵਿਚਾਰ ਸਨ? (ਅ) ਅਬਰਾਹਾਮ ਅਤੇ ਸਾਰਾਹ ਨੇ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਕਿਹੜੀ ਵਧੀਆ ਮਿਸਾਲ ਰੱਖੀ?
10 ਨੂਹ ਅਤੇ ਉਸ ਦੇ ਤਿੰਨ ਮੁੰਡਿਆਂ ਦੀ ਇਕ-ਇਕ ਪਤਨੀ ਸੀ। ਪਰ ਬਾਈਬਲ ਦੇ ਜ਼ਮਾਨੇ ਵਿਚ ਇਕ ਤੋਂ ਜ਼ਿਆਦਾ ਵਿਆਹ ਕਰਾਉਣੇ ਆਮ ਗੱਲ ਸੀ। ਬਹੁਤ ਸਾਰੇ ਸਭਿਆਚਾਰਾਂ ਵਿਚ ਹਰਾਮਕਾਰੀ ਫੈਲੀ ਹੋਈ ਸੀ, ਇੱਥੋਂ ਤਕ ਕਿ ਧਾਰਮਿਕ ਰੀਤੀ-ਰਿਵਾਜਾਂ ਵਿਚ ਵੀ। ਯਹੋਵਾਹ ਦਾ ਕਹਿਣਾ ਮੰਨਦੇ ਹੋਏ ਅਬਰਾਮ (ਅਬਰਾਹਾਮ) ਅਤੇ ਸਾਰਈ (ਸਾਰਾਹ) ਕਨਾਨ ਦੇਸ਼ ਨੂੰ ਚਲੇ ਗਏ। ਉਸ ਦੇਸ਼ ਦੇ ਲੋਕਾਂ ਨੇ ਵਿਆਹ ਨੂੰ ਮਜ਼ਾਕ ਬਣਾਇਆ ਹੋਇਆ ਸੀ। ਉੱਥੇ ਲੋਕ ਬਹੁਤ ਗੰਦੇ ਕੰਮ ਕਰ ਰਹੇ ਸਨ। ਇਸ ਲਈ ਯਹੋਵਾਹ ਨੇ ਸਦੂਮ ਤੇ ਗਮੋਰਾ ਦਾ ਸੱਤਿਆਨਾਸ ਕਰਨ ਦਾ ਫ਼ੈਸਲਾ ਕੀਤਾ। ਅਬਰਾਹਾਮ ਇਕ ਚੰਗਾ ਮੁਖੀਆ ਸੀ ਅਤੇ ਸਾਰਾਹ ਇਕ ਚੰਗੀ ਮਿਸਾਲ ਸੀ ਕਿਉਂਕਿ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਪਤੀ ਦੇ ਅਧੀਨ ਰਹੀ। (1 ਪਤਰਸ 3:3-6 ਪੜ੍ਹੋ।) ਅਬਰਾਹਾਮ ਨੇ ਆਪਣੇ ਮੁੰਡੇ ਇਸਹਾਕ ਦਾ ਵਿਆਹ ਯਹੋਵਾਹ ਦੀ ਭਗਤੀ ਕਰਨ ਵਾਲੀ ਇਕ ਕੁੜੀ ਨਾਲ ਕੀਤਾ। ਇਸਹਾਕ ਨੇ ਵੀ ਆਪਣੇ ਮੁੰਡੇ ਯਾਕੂਬ ਦਾ ਵਿਆਹ ਉਸ ਕੁੜੀ ਨਾਲ ਕਰਵਾਇਆ ਜੋ ਯਹੋਵਾਹ ਨੂੰ ਮੰਨਦੀ ਸੀ। ਯਾਕੂਬ ਦੇ ਮੁੰਡਿਆਂ ਤੋਂ ਇਜ਼ਰਾਈਲ ਦੇ 12 ਗੋਤ ਆਏ ਸਨ।
11. ਮੂਸਾ ਦੇ ਕਾਨੂੰਨ ਨੇ ਇਜ਼ਰਾਈਲੀਆਂ ਦੀ ਹਿਫਾਜ਼ਤ ਕਿਵੇਂ ਕੀਤੀ?
11 ਬਾਅਦ ਵਿਚ ਯਹੋਵਾਹ ਨੇ ਇਜ਼ਰਾਈਲ ਕੌਮ ਨਾਲ ਇਕਰਾਰ ਕੀਤਾ ਸੀ। ਯਹੋਵਾਹ ਨੇ ਉਨ੍ਹਾਂ ਨੂੰ ਮੂਸਾ ਦਾ ਕਾਨੂੰਨ ਦਿੱਤਾ ਸੀ ਜਿਸ ਵਿਚ ਵਿਆਹ ਬਾਰੇ ਵੀ ਕਾਨੂੰਨ ਸਨ। ਮਿਸਾਲ ਲਈ, ਯਹੋਵਾਹ ਨੇ ਇਕ ਤੋਂ ਜ਼ਿਆਦਾ ਵਿਆਹ ਕਰਾਉਣ ਵਾਲਿਆਂ ਨੂੰ ਕੁਝ ਕਾਨੂੰਨ ਦਿੱਤੇ ਸਨ। ਨਾਲੇ ਕਾਨੂੰਨ ਵਿਚ ਇਜ਼ਰਾਈਲੀਆਂ ਨੂੰ ਦੂਜੇ ਦੇਸ਼ਾਂ ਦੇ ਲੋਕਾਂ ਨਾਲ ਵਿਆਹ ਕਰਾਉਣ ਤੋਂ ਮਨ੍ਹਾ ਕੀਤਾ ਸੀ ਜਿਸ ਕਰਕੇ ਉਹ ਸ਼ੁੱਧ ਭਗਤੀ ਕਰਦੇ ਰਹਿ ਸਕਦੇ ਸਨ। ਇਸ ਤਰ੍ਹਾਂ ਕਾਨੂੰਨ ਨੇ ਇਜ਼ਰਾਈਲੀਆਂ ਦੀ ਹਿਫਾਜ਼ਤ ਕੀਤੀ। (ਬਿਵਸਥਾ ਸਾਰ 7:3, 4 ਪੜ੍ਹੋ।) ਜਦੋਂ ਪਤੀ-ਪਤਨੀਆਂ ਵਿਚ ਗੰਭੀਰ ਮਸਲੇ ਖੜ੍ਹੇ ਹੁੰਦੇ ਸਨ, ਤਾਂ ਉਹ ਬਜ਼ੁਰਗਾਂ ਤੋਂ ਮਦਦ ਲੈ ਸਕਦੇ ਸਨ। ਕਾਨੂੰਨ ਵਿਚ ਲਿਖਿਆ ਸੀ ਕਿ ਆਪਣੇ ਜੀਵਨ ਸਾਥੀ ਨਾਲ ਬੇਵਫ਼ਾਈ, ਈਰਖਾ ਅਤੇ ਉਸ ਉੱਤੇ ਸ਼ੱਕ ਕਰਨਾ ਗ਼ਲਤ ਸੀ। ਤਲਾਕ ਲਿਆ ਜਾ ਸਕਦਾ ਸੀ, ਪਰ ਇਸ ਸੰਬੰਧੀ ਵੀ ਕਾਨੂੰਨ ਦਿੱਤੇ ਗਏ ਸਨ। ਇਕ ਆਦਮੀ “ਕੋਈ ਬੇਸ਼ਰਮੀ ਦੀ ਗੱਲ” ਕਰਕੇ ਆਪਣੀ ਪਤਨੀ ਨੂੰ ਤਲਾਕ ਦੇ ਸਕਦਾ ਸੀ। (ਬਿਵ. 24:1) ਬਾਈਬਲ ਖੁੱਲ੍ਹ ਕੇ ਨਹੀਂ ਸਮਝਾਉਂਦੀ ਕਿ “ਬੇਸ਼ਰਮੀ” ਵਾਲੀਆਂ ਕਿਹੜੀਆਂ ਗੱਲਾਂ ਸਨ, ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਇਹ ਛੋਟੀਆਂ-ਮੋਟੀਆਂ ਗੱਲਾਂ ਨਹੀਂ ਸਨ।—ਲੇਵੀ. 19:18.
ਆਪਣੇ ਜੀਵਨ ਸਾਥੀ ਨਾਲ ਦਗ਼ਾ ਨਾ ਕਰੋ
12, 13. (ੳ) ਮਲਾਕੀ ਦੇ ਦਿਨਾਂ ਵਿਚ ਕੁਝ ਆਦਮੀ ਆਪਣੀਆਂ ਪਤਨੀ ਨਾਲ ਕੀ ਕਰ ਰਹੇ ਸਨ? (ਅ) ਜੇ ਅੱਜ ਕੋਈ ਮਸੀਹੀ ਭੈਣ ਜਾਂ ਭਰਾ ਆਪਣੇ ਜੀਵਨ ਸਾਥੀ ਨਾਲ ਬੇਵਫ਼ਾਈ ਕਰਦਾ ਹੈ, ਤਾਂ ਉਸ ਨਾਲ ਕੀ ਹੋ ਸਕਦਾ ਹੈ?
12 ਮਲਾਕੀ ਦੇ ਦਿਨਾਂ ਵਿਚ ਬਹੁਤ ਸਾਰੇ ਯਹੂਦੀ ਆਪਣੀਆਂ ਪਤਨੀਆਂ ਨੂੰ ਛੋਟੀਆਂ-ਮੋਟੀਆਂ ਗੱਲਾਂ ਕਰਕੇ ਤਲਾਕ ਦਿੰਦੇ ਸਨ। ਉਹ ਸ਼ਾਇਦ ਜਵਾਨ ਕੁੜੀਆਂ ਨਾਲ ਜਾਂ ਝੂਠੀ ਭਗਤੀ ਕਰਨ ਵਾਲੀਆਂ ਔਰਤਾਂ ਨਾਲ ਵਿਆਹ ਕਰਾਉਣ ਲਈ ਆਪਣੀ ਜਵਾਨੀ ਦੀਆਂ ਪਤਨੀਆਂ ਨੂੰ ਤਲਾਕ ਦੇ ਦਿੰਦੇ ਸਨ। ਜਦੋਂ ਯਿਸੂ ਧਰਤੀ ʼਤੇ ਸੀ, ਉਦੋਂ ਵੀ ਯਹੂਦੀ “ਕਿਸੇ ਵੀ ਗੱਲ ʼਤੇ” ਆਪਣੀਆਂ ਪਤਨੀਆਂ ਨੂੰ ਤਲਾਕ ਦੇ ਰਹੇ ਸਨ। (ਮੱਤੀ 19:3) ਯਹੋਵਾਹ ਨੂੰ ਇੱਦਾਂ ਦੇ ਤਲਾਕ ਤੋਂ ਸਖ਼ਤ ਨਫ਼ਰਤ ਹੈ।—ਮਲਾਕੀ 2:13-16 ਪੜ੍ਹੋ।
13 ਅੱਜ ਯਹੋਵਾਹ ਦੇ ਗਵਾਹ ਵਿਆਹ ਵਿਚ ਹੁੰਦੀ ਬੇਵਫ਼ਾਈ ਨੂੰ ਜ਼ਰਾ ਵੀ ਬਰਦਾਸ਼ਤ ਨਹੀਂ ਕਰਦੇ। ਪਰ ਮੰਨ ਲਓ ਇਕ ਮਸੀਹੀ ਭਰਾ ਕਿਸੇ ਦੀ ਪਤਨੀ ਨਾਲ ਹਰਾਮਕਾਰੀ ਕਰਦਾ ਹੈ ਅਤੇ ਉਹ ਆਪਣੀ ਪਤਨੀ ਨੂੰ ਤਲਾਕ ਦੇ ਕੇ ਦੂਸਰੀ ਤੀਵੀਂ ਨਾਲ ਵਿਆਹ ਕਰਾ ਲੈਂਦਾ ਹੈ। ਉਸ ਭਰਾ ਨਾਲ ਕੀ ਹੋ ਸਕਦਾ ਹੈ? ਜੇ ਉਹ ਭਰਾ ਤੋਬਾ ਨਹੀਂ ਕਰਦਾ, ਤਾਂ ਮੰਡਲੀ ਨੂੰ ਸ਼ੁੱਧ ਰੱਖਣ ਲਈ ਉਸ ਨੂੰ ਛੇਕ ਦਿੱਤਾ ਜਾਵੇਗਾ। (1 ਕੁਰਿੰ. 5:11-13) ਮੰਡਲੀ ਵਿਚ ਦੁਬਾਰਾ ਆਉਣ ਲਈ ਉਸ ਨੂੰ “ਆਪਣੇ ਕੰਮਾਂ ਰਾਹੀਂ ਆਪਣੀ ਤੋਬਾ ਦਾ ਸਬੂਤ” ਦੇਣਾ ਪਵੇਗਾ। (ਲੂਕਾ 3:8; 2 ਕੁਰਿੰ. 2:5-10) ਇੱਦਾਂ ਦਾ ਕੋਈ ਖ਼ਾਸ ਸਮਾਂ ਤੈਅ ਨਹੀਂ ਕੀਤਾ ਗਿਆ ਕਿ ਕਿੰਨੇ ਸਮੇਂ ਬਾਅਦ ਉਹ ਭਰਾ ਮੰਡਲੀ ਵਿਚ ਵਾਪਸ ਆ ਸਕਦਾ ਹੈ। ਯਹੋਵਾਹ ਦੇ ਲੋਕਾਂ ਵਿਚ ਅਜਿਹੀ ਦਗ਼ਾਬਾਜ਼ੀ ਘੱਟ ਹੀ ਹੁੰਦੀ ਹੈ। ਪਰ ਜਦੋਂ ਹੁੰਦੀ ਹੈ, ਤਾਂ ਯਹੋਵਾਹ ਦੇ ਲੋਕ ਇਸ ਦੇ ਖ਼ਿਲਾਫ਼ ਕਦਮ ਚੁੱਕਦੇ ਹਨ। ਪਾਪੀ ਭਰਾ (ਜਾਂ ਭੈਣ) ਨੂੰ ਇਹ ਦਿਖਾਉਣ ਲਈ ਸ਼ਾਇਦ ਇਕ ਜਾਂ ਇਸ ਤੋਂ ਜ਼ਿਆਦਾ ਸਾਲ ਲੱਗ ਜਾਣ ਕਿ ਉਸ ਨੇ ਦਿਲੋਂ ਤੋਬਾ ਕੀਤੀ ਹੈ। ਚਾਹੇ ਉਸ ਨੂੰ ਮੰਡਲੀ ਵਿਚ ਦੁਬਾਰਾ ਕਬੂਲ ਕੀਤਾ ਵੀ ਜਾਂਦਾ ਹੈ, ਫਿਰ ਵੀ ਉਸ ਨੂੰ “ਪਰਮੇਸ਼ੁਰ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ” ਆਪਣਾ ਹਿਸਾਬ ਦੇਣਾ ਪਵੇਗਾ ਕਿ ਉਸ ਨੇ ਸੱਚੀ ਤੋਬਾ ਕੀਤੀ ਸੀ ਜਾਂ ਨਹੀਂ।—ਰੋਮੀ. 14:10-12; 15 ਨਵੰਬਰ 1979 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 31-32 ਦੇਖੋ।
ਪਹਿਲੀ ਸਦੀ ਤੋਂ ਲੈ ਕੇ ਅੱਜ ਤਕ ਦੇ ਵਿਆਹ
14. ਮੂਸਾ ਦੇ ਕਾਨੂੰਨ ਦਾ ਕੀ ਮਕਸਦ ਸੀ?
14 ਇਜ਼ਰਾਈਲ ਕੌਮ 1,500 ਤੋਂ ਜ਼ਿਆਦਾ ਸਾਲ ਮੂਸਾ ਦੇ ਕਾਨੂੰਨ ਅਧੀਨ ਸੀ। ਇਸ ਕਾਨੂੰਨ ਨੇ ਕਈ ਤਰੀਕਿਆਂ ਨਾਲ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕੀਤੀ। ਮਿਸਾਲ ਲਈ, ਇਸ ਕਾਨੂੰਨ ਵਿਚ ਬਹੁਤ ਸਾਰੇ ਅਸੂਲ ਸਨ ਜਿਨ੍ਹਾਂ ਦੀ ਮਦਦ ਨਾਲ ਉਹ ਆਪਣੇ ਘਰ ਦੇ ਮਸਲਿਆਂ ਨੂੰ ਸੁਲਝਾ ਸਕਦੇ ਸਨ। ਨਾਲੇ ਇਹ ਕਾਨੂੰਨ ਰਖਵਾਲਾ ਬਣ ਕੇ ਉਨ੍ਹਾਂ ਨੂੰ ਮਸੀਹ ਕੋਲ ਲੈ ਕੇ ਆਇਆ। (ਗਲਾ. 3:23, 24) ਯਿਸੂ ਦੀ ਮੌਤ ʼਤੇ ਇਹ ਕਾਨੂੰਨ ਖ਼ਤਮ ਹੋ ਗਿਆ ਸੀ ਅਤੇ ਪਰਮੇਸ਼ੁਰ ਨੇ ਇਕ ਨਵਾਂ ਪ੍ਰਬੰਧ ਕੀਤਾ। (ਇਬ. 8:6) ਪਰ ਮੂਸਾ ਦੇ ਕਾਨੂੰਨ ਵਿਚ ਜਿਹੜੇ ਕੁਝ ਕੰਮਾਂ ਦੀ ਇਜਾਜ਼ਤ ਸੀ, ਉਹ ਕੰਮ ਹੁਣ ਮਸੀਹੀਆਂ ਨੂੰ ਮਨ੍ਹਾ ਕੀਤੇ ਗਏ ਹਨ।
15. (ੳ) ਵਿਆਹ ਸੰਬੰਧੀ ਮਸੀਹੀਆਂ ਉੱਤੇ ਕਿਹੜਾ ਅਸੂਲ ਲਾਗੂ ਹੁੰਦਾ ਹੈ? (ਅ) ਜੇ ਇਕ ਮਸੀਹੀ ਤਲਾਕ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਕਿਹੜੀਆਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ?
15 ਇਕ ਦਿਨ ਕੁਝ ਫ਼ਰੀਸੀਆਂ ਨੇ ਯਿਸੂ ਨੂੰ ਤਲਾਕ ਬਾਰੇ ਸਵਾਲ ਪੁੱਛਿਆ। ਯਿਸੂ ਨੇ ਕਿਹਾ ਕਿ ਪਰਮੇਸ਼ੁਰ ਨੇ ਮੂਸਾ ਦੇ ਕਾਨੂੰਨ ਵਿਚ ਇਜ਼ਰਾਈਲੀਆਂ ਨੂੰ ਤਲਾਕ ਲੈਣ ਦੀ ਇਜਾਜ਼ਤ ਦਿੱਤੀ ਸੀ। ਪਰ “ਜਦੋਂ ਪਰਮੇਸ਼ੁਰ ਨੇ ਪਹਿਲੇ ਆਦਮੀ ਤੇ ਤੀਵੀਂ ਨੂੰ ਬਣਾਇਆ ਸੀ,” ਤਾਂ ਉਸ ਨੇ ਇਹ ਨਹੀਂ ਸੀ ਚਾਹਿਆ ਕਿ ਕਿਸੇ ਦਾ ਤਲਾਕ ਹੋਵੇ। (ਮੱਤੀ 19:6-8) ਯਿਸੂ ਦੀ ਇਸ ਗੱਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਦਨ ਦੇ ਬਾਗ਼ ਵਿਚ ਯਹੋਵਾਹ ਨੇ ਵਿਆਹ ਬਾਰੇ ਜੋ ਅਸੂਲ ਦਿੱਤਾ ਸੀ, ਉਹੀ ਅਸੂਲ ਮਸੀਹੀਆਂ ਉੱਤੇ ਵੀ ਲਾਗੂ ਹੁੰਦਾ ਹੈ। (1 ਤਿਮੋ. 3:2, 12) “ਇਕ ਸਰੀਰ” ਹੋਣ ਦਾ ਮਤਲਬ ਹੈ ਕਿ ਪਤੀ-ਪਤਨੀ ਕਦੀ ਵੀ ਅੱਡ ਨਾ ਹੋਣ। ਉਨ੍ਹਾਂ ਦਾ ਪਰਮੇਸ਼ੁਰ ਅਤੇ ਇਕ-ਦੂਜੇ ਨਾਲ ਪਿਆਰ ਹੋਣ ਕਰਕੇ ਆਪਸੀ ਰਿਸ਼ਤਾ ਮਜ਼ਬੂਤ ਹੁੰਦਾ ਹੈ। ਜੇ ਕੋਈ ਹਰਾਮਕਾਰੀ ਤੋਂ ਇਲਾਵਾ ਹੋਰ ਕਾਰਨ ਕਰਕੇ ਆਪਣੇ ਜੀਵਨ ਸਾਥੀ ਨੂੰ ਤਲਾਕ ਦਿੰਦਾ ਹੈ, ਤਾਂ ਦੂਜਾ ਵਿਆਹ ਕਰਾ ਕੇ ਉਹ ਬਾਈਬਲ ਦੇ ਅਸੂਲਾਂ ਦੀ ਉਲੰਘਣਾ ਕਰ ਰਿਹਾ ਹੋਵੇਗਾ। (ਮੱਤੀ 19:9) ਪਰ ਜੇ ਗੁਨਾਹਗਾਰ ਸਾਥੀ ਤੋਬਾ ਕਰਦਾ ਹੈ, ਤਾਂ ਬੇਕਸੂਰ ਜੀਵਨ ਸਾਥੀ ਸ਼ਾਇਦ ਉਸ ਨੂੰ ਮਾਫ਼ ਕਰ ਦੇਵੇ। ਹੋਸ਼ੇਆ ਨੇ ਵੀ ਆਪਣੀ ਬੇਵਫ਼ਾ ਪਤਨੀ ਗੋਮਰ ਨੂੰ ਮਾਫ਼ ਕੀਤਾ ਸੀ। ਇਸੇ ਤਰ੍ਹਾਂ ਯਹੋਵਾਹ ਨੇ ਵੀ ਬੇਵਫ਼ਾ ਇਜ਼ਰਾਈਲੀਆਂ ਨੂੰ ਮਾਫ਼ ਕੀਤਾ ਸੀ ਜਦੋਂ ਉਨ੍ਹਾਂ ਨੇ ਤੋਬਾ ਕੀਤੀ ਸੀ। (ਹੋਸ਼ੇ. 3:1-5) ਪਰ ਯਾਦ ਰੱਖੋ ਕਿ ਜੇ ਕੋਈ ਆਪਣੇ ਜੀਵਨ ਸਾਥੀ ਦੀ ਬੇਵਫ਼ਾਈ ਬਾਰੇ ਜਾਣਦੇ ਹੋਏ ਵੀ ਉਸ ਨਾਲ ਸਰੀਰਕ ਸੰਬੰਧ ਕਾਇਮ ਕਰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਆਪਣੇ ਦੋਸ਼ੀ ਜੀਵਨ ਸਾਥੀ ਨੂੰ ਮਾਫ਼ ਕਰ ਦਿੱਤਾ ਹੈ। ਇਸ ਲਈ ਉਹ ਹੁਣ ਬਾਈਬਲ ਦੇ ਆਧਾਰ ʼਤੇ ਤਲਾਕ ਨਹੀਂ ਲੈ ਸਕਦਾ।
16. ਯਿਸੂ ਨੇ ਕੁਆਰੇ ਰਹਿਣ ਬਾਰੇ ਕੀ ਕਿਹਾ ਸੀ?
16 ਯਿਸੂ ਨੇ ਕਿਹਾ ਕਿ ਸੱਚੇ ਮਸੀਹੀ ਸਿਰਫ਼ ਹਰਾਮਕਾਰੀ ਕਾਰਨ ਹੀ ਤਲਾਕ ਲੈ ਸਕਦੇ ਹਨ। ਫਿਰ ਉਸ ਨੇ ਕੁਆਰੇ ਰਹਿਣ ਦੀ “ਦਾਤ” ਬਾਰੇ ਗੱਲ ਕੀਤੀ। ਉਸ ਨੇ ਕਿਹਾ: “ਸੋ ਜਿਹੜਾ ਕੁਆਰਾ ਰਹਿ ਸਕਦਾ ਹੈ, ਉਹ ਕੁਆਰਾ ਰਹੇ।” (ਮੱਤੀ 19:10-12; ਫੁਟਨੋਟ) ਬਹੁਤ ਸਾਰੇ ਮਸੀਹੀਆਂ ਨੇ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਹੈ ਤਾਂਕਿ ਉਹ ਆਪਣਾ ਪੂਰਾ ਧਿਆਨ ਯਹੋਵਾਹ ਦੀ ਸੇਵਾ ʼਤੇ ਲਾ ਸਕਣ। ਸਾਨੂੰ ਇਨ੍ਹਾਂ ਮਸੀਹੀਆਂ ਦੀ ਤਾਰੀਫ਼ ਕਰਨੀ ਚਾਹੀਦੀ ਹੈ।
17. ਕਿਹੜੀ ਗੱਲ ਇਕ ਮਸੀਹੀ ਦੀ ਕੁਆਰੇ ਰਹਿਣ ਜਾਂ ਵਿਆਹ ਕਰਾਉਣ ਦਾ ਫ਼ੈਸਲਾ ਕਰਨ ਵਿਚ ਮਦਦ ਕਰ ਸਕਦੀ ਹੈ?
17 ਕੁਆਰੇ ਰਹਿਣ ਜਾਂ ਵਿਆਹ ਕਰਾਉਣ ਦਾ ਫ਼ੈਸਲਾ ਕਰਨ ਵਿਚ ਕਿਹੜੀ ਗੱਲ ਇਕ ਮਸੀਹੀ ਦੀ ਮਦਦ ਕਰ ਸਕਦੀ ਹੈ? ਉਸ ਨੂੰ ਯਿਸੂ ਦੀ ਇਸ ਗੱਲ ʼਤੇ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਉਹ ਕੁਆਰਾ ਰਹਿ ਸਕਦਾ ਹੈ ਜਾਂ ਨਹੀਂ। ਪੌਲੁਸ ਰਸੂਲ ਨੇ ਕੁਆਰੇ ਰਹਿਣ ਦੀ ਹੱਲਾਸ਼ੇਰੀ ਦਿੱਤੀ, ਪਰ ਉਸ ਨੇ ਇਹ ਵੀ ਕਿਹਾ: “ਹਰ ਪਾਸੇ ਹਰਾਮਕਾਰੀ ਫੈਲੀ ਹੋਣ ਕਰਕੇ ਹਰ ਆਦਮੀ ਦੀ ਆਪਣੀ ਪਤਨੀ ਹੋਵੇ ਅਤੇ ਹਰ ਤੀਵੀਂ ਦਾ ਆਪਣਾ ਪਤੀ ਹੋਵੇ।” ਉਸ ਨੇ ਅੱਗੇ ਕਿਹਾ: “ਜੇ ਉਹ ਸੰਜਮ ਨਹੀਂ ਰੱਖ ਸਕਦੇ, ਤਾਂ ਉਹ ਵਿਆਹ ਕਰਾ ਲੈਣ ਕਿਉਂਕਿ ਕਾਮ ਦੀ ਅੱਗ ਵਿਚ ਸੜਨ ਨਾਲੋਂ ਵਿਆਹ ਕਰਾਉਣਾ ਚੰਗਾ ਹੈ।” ਇਕ ਵਿਅਕਤੀ ਦੀ ਕਾਮ ਇੱਛਾ ਇੰਨੀ ਜ਼ਿਆਦਾ ਵਧ ਸਕਦੀ ਹੈ ਕਿ ਉਸ ਨੂੰ ਹਥਰਸੀ ਦੀ ਆਦਤ ਪੈ ਸਕਦੀ ਹੈ ਜਾਂ ਉਹ ਹਰਾਮਕਾਰੀ ਦੇ ਫੰਦੇ ਵਿਚ ਫਸ ਸਕਦਾ ਹੈ। ਇਸ ਵਿਅਕਤੀ ਲਈ ਸ਼ਾਇਦ ਵਿਆਹ ਕਰਾਉਣਾ ਹੀ ਚੰਗਾ ਹੋਵੇ। ਕੁਆਰੇ ਮਸੀਹੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਵਿਆਹ ਕਰਾਉਣ ਦੀ ਉਮਰ ਹੈ ਜਾਂ ਨਹੀਂ ਕਿਉਂਕਿ ਪੌਲੁਸ ਨੇ ਕਿਹਾ: “ਜੇ ਕਿਸੇ ਕੁਆਰੇ ਇਨਸਾਨ ਨੂੰ ਲੱਗਦਾ ਹੈ ਕਿ ਉਹ ਆਪਣੀ ਕਾਮ ਇੱਛਾ ʼਤੇ ਕਾਬੂ ਨਹੀਂ ਰੱਖ ਸਕੇਗਾ ਅਤੇ ਜੇ ਉਹ ਜਵਾਨੀ ਦੀ ਕੱਚੀ ਉਮਰ ਲੰਘ ਚੁੱਕਾ ਹੈ, ਤਾਂ ਉਸ ਨੂੰ ਇਹ ਕਰਨਾ ਚਾਹੀਦਾ ਹੈ: ਜੇ ਉਹ ਵਿਆਹ ਕਰਾਉਣਾ ਚਾਹੁੰਦਾ ਹੈ, ਤਾਂ ਉਹ ਕਰਾ ਲਵੇ; ਇੱਦਾਂ ਕਰ ਕੇ ਉਹ ਕੋਈ ਗੁਨਾਹ ਨਹੀਂ ਕਰੇਗਾ।” (1 ਕੁਰਿੰ. 7:2, 9, 36; 1 ਤਿਮੋ. 4:1-3) ਪਰ ਜੇ ਕੋਈ ਜਵਾਨੀ ਦੀਆਂ ਆਪਣੀਆਂ ਕਾਮ ਇੱਛਾਵਾਂ ਉੱਤੇ ਕਾਬੂ ਨਹੀਂ ਰੱਖ ਸਕਦਾ, ਤਾਂ ਸਾਨੂੰ ਉਸ ਨੂੰ ਵਿਆਹ ਕਰਾਉਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਸ਼ਾਇਦ ਉਹ ਵਿਆਹੁਤਾ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਤਿਆਰ ਨਾ ਹੋਵੇ।
18, 19. (ੳ) ਮਸੀਹੀਆਂ ਦਾ ਵਿਆਹੁਤਾ ਬੰਧਨ ਕਦੋਂ ਸ਼ੁਰੂ ਹੋਣਾ ਚਾਹੀਦਾ ਹੈ? (ਅ) ਅਗਲੇ ਲੇਖ ਵਿਚ ਕਿਨ੍ਹਾਂ ਗੱਲਾਂ ʼਤੇ ਚਰਚਾ ਕੀਤੀ ਜਾਵੇਗੀ?
18 ਵਧੀਆ ਹੋਵੇਗਾ ਕਿ ਵਿਆਹ ਬਾਰੇ ਸੋਚ ਰਹੇ ਆਦਮੀ-ਔਰਤ ਦੋਨੋਂ ਬਪਤਿਸਮਾ ਪ੍ਰਾਪਤ ਮਸੀਹੀ ਹੋਣ ਅਤੇ ਦੋਨੋਂ ਯਹੋਵਾਹ ਨੂੰ ਪੂਰੇ ਦਿਲ ਨਾਲ ਪਿਆਰ ਕਰਦੇ ਹੋਣ। ਨਾਲੇ ਉਨ੍ਹਾਂ ਦਾ ਇਕ-ਦੂਜੇ ਲਈ ਪਿਆਰ ਇੰਨਾ ਜ਼ਿਆਦਾ ਹੋਣਾ ਚਾਹੀਦਾ ਹੈ ਕਿ ਉਹ ਉਮਰ ਭਰ ਇਕ-ਦੂਜੇ ਦਾ ਸਾਥ ਨਿਭਾਉਣਾ ਚਾਹੁਣ। ਉਨ੍ਹਾਂ ਨੂੰ ਜ਼ਰੂਰ ਬਰਕਤਾਂ ਮਿਲਣਗੀਆਂ ਜੇ ਉਹ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰਨ ਦੀ ਸਲਾਹ ਮੰਨਣ। (1 ਕੁਰਿੰ. 7:39) ਜਦੋਂ ਉਨ੍ਹਾਂ ਦਾ ਵਿਆਹ ਹੋ ਜਾਵੇਗਾ, ਤਾਂ ਬਿਨਾਂ ਸ਼ੱਕ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਬਾਈਬਲ ਸਭ ਤੋਂ ਵਧੀਆ ਸਲਾਹ ਦਿੰਦੀ ਹੈ।
19 ਅੱਜ ਅਸੀਂ ‘ਆਖ਼ਰੀ ਦਿਨਾਂ’ ਵਿਚ ਰਹਿ ਰਹੇ ਹਾਂ ਅਤੇ ਬਹੁਤ ਸਾਰੇ ਵਿਆਹੇ ਜੋੜਿਆਂ ਵਿਚ ਉਹ ਗੁਣ ਨਹੀਂ ਹਨ ਜਿਨ੍ਹਾਂ ਨਾਲ ਉਹ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਸਫ਼ਲ ਹੋ ਸਕਦੇ ਹਨ। (2 ਤਿਮੋ. 3:1-5) ਅਗਲੇ ਲੇਖ ਵਿਚ ਅਸੀਂ ਬਾਈਬਲ ਦੀਆਂ ਕੁਝ ਗੱਲਾਂ ਉੱਤੇ ਸੋਚ-ਵਿਚਾਰ ਕਰਾਂਗੇ ਜਿਨ੍ਹਾਂ ਨਾਲ ਵਿਆਹੇ ਜੋੜੇ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਣਗੇ। ਯਹੋਵਾਹ ਨੇ ਆਪਣੇ ਕੀਮਤੀ ਬਚਨ ਵਿਚ ਸਾਨੂੰ ਬਹੁਤ ਵਧੀਆ ਸਲਾਹ ਦਿੱਤੀ ਹੈ ਜਿਸ ਨਾਲ ਅਸੀਂ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆ ਸਕਦੇ ਹਾਂ। ਇਸ ਸਲਾਹ ਨੂੰ ਮੰਨ ਕੇ ਅਸੀਂ ਯਹੋਵਾਹ ਦੇ ਲੋਕਾਂ ਨਾਲ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਦੇ ਰਹਿ ਸਕਦੇ ਹਾਂ।—ਮੱਤੀ 7:13, 14.