-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ—2010 | ਮਾਰਚ 15
-
-
ਹਿਜ਼ਕੀਏਲ 18:20 ਕਹਿੰਦਾ ਹੈ ਕਿ “ਪੁੱਤ੍ਰ ਪਿਉ ਦੀ ਬਦੀ ਨਾ ਚੁੱਕੇਗਾ।” ਪਰ ਕੂਚ 20:5 ਕਹਿੰਦਾ ਹੈ ਕਿ ਯਹੋਵਾਹ ‘ਪਿਉ ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਲਿਆਉਂਦਾ ਹੈ।’ ਕੀ ਇਹ ਦੋਵੇਂ ਹਵਾਲੇ ਇਕ-ਦੂਜੇ ਦੇ ਉਲਟ ਹਨ?
ਬਿਲਕੁਲ ਨਹੀਂ। ਪਹਿਲਾ ਹਵਾਲਾ ਦੱਸਦਾ ਹੈ ਕਿ ਗ਼ਲਤੀ ਕਰਨ ਵਾਲਾ ਆਪਣੀ ਕੀਤੀ ਦਾ ਫਲ ਖ਼ੁਦ ਭੁਗਤੇਗਾ। ਦੂਜਾ ਹਵਾਲਾ ਇਹ ਸੱਚਾਈ ਦੱਸਦਾ ਹੈ ਕਿ ਕਿਸੇ ਬੰਦੇ ਦੇ ਪਾਪ ਦਾ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਅਸਰ ਪੈ ਸਕਦਾ ਹੈ।
-
-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ—2010 | ਮਾਰਚ 15
-
-
ਪਰ ਕੂਚ 20:5 ਵਿਚ ਦਿੱਤੀ ਉਸ ਚੇਤਾਵਨੀ ਬਾਰੇ ਕੀ ਜੋ ਦਸ ਹੁਕਮਾਂ ਵਿਚ ਪਾਈ ਜਾਂਦੀ ਹੈ? ਧਿਆਨ ਦਿਓ ਕਿ 19ਵੇਂ ਅਧਿਆਇ ਵਿਚ ਕੀ ਦੱਸਿਆ ਗਿਆ ਹੈ। ਯਹੋਵਾਹ ਨੇ ਇਸਰਾਏਲ ਕੌਮ ਨਾਲ ਨੇਮ ਬੰਨ੍ਹਿਆ ਸੀ। ਇਸ ਨੇਮ ਦੀਆਂ ਸ਼ਰਤਾਂ ਸੁਣਨ ਤੋਂ ਬਾਅਦ ਇਸਰਾਏਲੀਆਂ ਨੇ ਸਾਰਿਆਂ ਦੇ ਸਾਮ੍ਹਣੇ ਕਿਹਾ: “ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” (ਕੂਚ 19:5-8) ਇਸ ਤਰ੍ਹਾਂ ਪੂਰੀ ਕੌਮ ਯਹੋਵਾਹ ਨਾਲ ਇਕ ਖ਼ਾਸ ਰਿਸ਼ਤੇ ਵਿਚ ਬੱਝ ਗਈ। ਇਸ ਲਈ ਕੂਚ 20:5 ਵਿਚ ਪਾਏ ਜਾਂਦੇ ਸ਼ਬਦ ਮੁੱਖ ਤੌਰ ਤੇ ਸਾਰੀ ਕੌਮ ਉੱਤੇ ਲਾਗੂ ਹੋਏ।
ਜਦੋਂ ਇਸਰਾਏਲੀ ਯਹੋਵਾਹ ਦੇ ਕਹਿਣੇ ਵਿਚ ਰਹੇ, ਤਾਂ ਉਨ੍ਹਾਂ ਨੂੰ ਫ਼ਾਇਦਾ ਹੋਇਆ ਤੇ ਬਹੁਤ ਸਾਰੀਆਂ ਬਰਕਤਾਂ ਮਿਲੀਆਂ। (ਲੇਵੀ. 26:3-8) ਪਰ ਜਦੋਂ ਉਹ ਉਸ ਦੇ ਕਹਿਣੇ ਵਿਚ ਨਹੀਂ ਰਹੇ, ਤਾਂ ਉਨ੍ਹਾਂ ਨੂੰ ਬੁਰੇ ਨਤੀਜੇ ਭੁਗਤਣੇ ਪਏ। ਮਿਸਾਲ ਲਈ, ਜਦੋਂ ਉਹ ਯਹੋਵਾਹ ਤੋਂ ਮੂੰਹ ਮੋੜ ਕੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਬਰਕਤਾਂ ਦੇਣੀਆਂ ਅਤੇ ਉਨ੍ਹਾਂ ਦੀ ਰਾਖੀ ਕਰਨੀ ਛੱਡ ਦਿੱਤੀ। (ਨਿਆ. 2:11-18) ਭਾਵੇਂ ਕਿ ਜ਼ਿਆਦਾਤਰ ਇਸਰਾਏਲੀ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰ ਰਹੇ ਸਨ, ਪਰ ਫਿਰ ਵੀ ਕੁਝ ਇਸਰਾਏਲੀ ਯਹੋਵਾਹ ਪ੍ਰਤਿ ਵਫ਼ਾਦਾਰ ਰਹਿ ਕੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਰਹੇ। (1 ਰਾਜ. 19:14, 18) ਬਾਕੀ ਕੌਮ ਦੇ ਪਾਪਾਂ ਕਾਰਨ ਇਨ੍ਹਾਂ ਵਫ਼ਾਦਾਰ ਲੋਕਾਂ ਨੂੰ ਕੁਝ ਤਾਂ ਦੁੱਖ ਸਹਿਣੇ ਪਏ ਸਨ, ਪਰ ਫਿਰ ਵੀ ਯਹੋਵਾਹ ਨੇ ਉਨ੍ਹਾਂ ʼਤੇ ਦਇਆ ਕੀਤੀ।
ਜਦੋਂ ਇਸਰਾਏਲੀਆਂ ਨੇ ਯਹੋਵਾਹ ਦੇ ਅਸੂਲਾਂ ਨੂੰ ਤੋੜ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਤਾਂ ਆਲੇ-ਦੁਆਲੇ ਦੀਆਂ ਕੌਮਾਂ ਵਿਚ ਯਹੋਵਾਹ ਦਾ ਨਾਂ ਬਦਨਾਮ ਹੋਇਆ। ਇਸ ਲਈ ਯਹੋਵਾਹ ਨੇ ਠਾਣ ਲਿਆ ਕਿ ਉਹ ਸਜ਼ਾ ਵਜੋਂ ਆਪਣੇ ਲੋਕਾਂ ਨੂੰ ਬਾਬਲ ਕੌਮ ਦੀ ਗ਼ੁਲਾਮੀ ਵਿਚ ਭੇਜ ਦੇਵੇਗਾ। ਇਸ ਤਰ੍ਹਾਂ ਜਿਨ੍ਹਾਂ ਨੇ ਗ਼ਲਤੀ ਕੀਤੀ ਸੀ, ਉਨ੍ਹਾਂ ਦੇ ਨਾਲ-ਨਾਲ ਬਾਕੀ ਸਾਰੀ ਕੌਮ ਨੂੰ ਵੀ ਸਜ਼ਾ ਭੁਗਤਣੀ ਪਈ। (ਯਿਰ. 52:3-11, 27) ਵਾਕਈ, ਬਾਈਬਲ ਦੱਸਦੀ ਹੈ ਕਿ ਇਸਰਾਏਲੀਆਂ ਦੇ ਪਿਉ-ਦਾਦਿਆਂ ਦੇ ਪਾਪ ਇੰਨੇ ਜ਼ਿਆਦਾ ਸਨ ਕਿ ਉਨ੍ਹਾਂ ਦੇ ਨਤੀਜੇ ਤੀਜੀ, ਚੌਥੀ ਜਾਂ ਉਸ ਤੋਂ ਵੀ ਜ਼ਿਆਦਾ ਪੀੜ੍ਹੀਆਂ ਨੂੰ ਭੁਗਤਣੇ ਪਏ, ਠੀਕ ਜਿਵੇਂ ਕੂਚ 20:5 ਵਿਚ ਦੱਸਿਆ ਗਿਆ ਹੈ।
ਪਰਮੇਸ਼ੁਰ ਦੇ ਬਚਨ ਵਿਚ ਕੁਝ ਬਿਰਤਾਂਤ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮਾਤਾ-ਪਿਤਾ ਦੀਆਂ ਗ਼ਲਤੀਆਂ ਦਾ ਪੂਰੇ ਖ਼ਾਨਦਾਨ ਉੱਤੇ ਅਸਰ ਪਿਆ। ਮਿਸਾਲ ਲਈ, ਪ੍ਰਧਾਨ ਜਾਜਕ ਏਲੀ ਨੇ ਆਪਣੇ “ਸ਼ਤਾਨੀ” ਤੇ ਬਦਚਲਣ ਪੁੱਤਰਾਂ ਨੂੰ ਜਾਜਕਾਂ ਦੀ ਪਦਵੀ ਤੋਂ ਨਹੀਂ ਹਟਾਇਆ ਜਿਸ ਕਰਕੇ ਯਹੋਵਾਹ ਉਸ ਤੋਂ ਨਾਰਾਜ਼ ਹੋਇਆ। (1 ਸਮੂ. 2:12-16, 22-25) ਏਲੀ ਨੇ ਆਪਣੇ ਮੁੰਡਿਆਂ ਦਾ ਯਹੋਵਾਹ ਨਾਲੋਂ ਜ਼ਿਆਦਾ ਆਦਰ ਕੀਤਾ ਜਿਸ ਕਰਕੇ ਪਰਮੇਸ਼ੁਰ ਨੇ ਫ਼ੈਸਲਾ ਸੁਣਾਇਆ ਕਿ ਏਲੀ ਦੇ ਖ਼ਾਨਦਾਨ ਵਿੱਚੋਂ ਅੱਗੇ ਤੋਂ ਕੋਈ ਵੀ ਜਾਜਕ ਨਹੀਂ ਬਣੇਗਾ। ਇਹ ਉਦੋਂ ਹੋਣਾ ਸ਼ੁਰੂ ਹੋਇਆ ਜਦੋਂ ਏਲੀ ਦੇ ਪੜਪੋਤੇ ਦੇ ਪੁੱਤਰ ਅਬਯਾਥਾਰ ਨੂੰ ਜਾਜਕ ਦੀ ਪਦਵੀ ਤੋਂ ਹਟਾਇਆ ਗਿਆ ਸੀ। (1 ਸਮੂ. 2:29-36; 1 ਰਾਜ. 2:27) ਕੂਚ 20:5 ਦਾ ਸਿਧਾਂਤ ਗੇਹਾਜੀ ਦੇ ਮਾਮਲੇ ਵਿਚ ਵੀ ਸੱਚ ਸਾਬਤ ਹੋਇਆ ਸੀ। ਉਹ ਅਲੀਸ਼ਾ ਦਾ ਸੇਵਾਦਾਰ ਸੀ ਅਤੇ ਉਸ ਨੇ ਆਪਣੀ ਪਦਵੀ ਦਾ ਨਾਜਾਇਜ਼ ਫ਼ਾਇਦਾ ਉਠਾਇਆ। ਉਸ ਨੇ ਲਾਲਚ ਕਾਰਨ ਸੀਰੀਆ ਦੇ ਸੈਨਾਪਤੀ ਨਅਮਾਨ ਦੇ ਠੀਕ ਹੋਣ ਤੋਂ ਬਾਅਦ ਉਸ ਤੋਂ ਕੀਮਤੀ ਚੀਜ਼ਾਂ ਮੰਗੀਆਂ। ਯਹੋਵਾਹ ਨੇ ਅਲੀਸ਼ਾ ਦੇ ਜ਼ਰੀਏ ਉਸ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ: “ਨਅਮਾਨ ਦਾ ਕੋੜ੍ਹ ਤੈਨੂੰ ਤੇ ਤੇਰੀ ਅੰਸ ਨੂੰ ਸਦਾ ਤੀਕ ਲੱਗਾ ਰਹੇਗਾ।” (2 ਰਾਜ. 5:20-27) ਇਸ ਤਰ੍ਹਾਂ ਗੇਹਾਜੀ ਦੀ ਗ਼ਲਤੀ ਦੀ ਸਜ਼ਾ ਉਸ ਦੀ ਔਲਾਦ ਨੂੰ ਭੁਗਤਣੀ ਪਈ।
ਜੀਵਨ-ਦਾਤਾ ਹੋਣ ਕਰਕੇ ਯਹੋਵਾਹ ਨੂੰ ਇਹ ਫ਼ੈਸਲਾ ਕਰਨ ਦਾ ਹੱਕ ਹੈ ਕਿ ਕਿਹੋ ਜਿਹੀ ਸਜ਼ਾ ਦੇਣੀ ਜਾਇਜ਼ ਹੈ। ਇਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਜਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਦਾਦੇ-ਪੜਦਾਦਿਆਂ ਦੇ ਪਾਪ ਦੇ ਮਾੜੇ ਅੰਜਾਮ ਭੁਗਤਣੇ ਪੈ ਸਕਦੇ ਹਨ। ਪਰ ਯਹੋਵਾਹ “ਮਸਕੀਨਾਂ ਦੀ ਦੁਹਾਈ” ਸੁਣਦਾ ਹੈ ਅਤੇ ਉਨ੍ਹਾਂ ਲੋਕਾਂ ʼਤੇ ਮਿਹਰ ਕਰਦਾ ਹੈ ਜਿਹੜੇ ਸੱਚੇ ਦਿਲੋਂ ਉਸ ਵੱਲ ਮੁੜਦੇ ਹਨ ਅਤੇ ਉਨ੍ਹਾਂ ਨੂੰ ਦੁੱਖਾਂ ਤੋਂ ਕੁਝ ਹੱਦ ਤਕ ਰਾਹਤ ਵੀ ਦਿੰਦਾ ਹੈ।—ਅੱਯੂ. 34:28.
-