ਕੀ ਤੁਸੀਂ ਯਹੋਵਾਹ ਦੀ ਸੇਧ ਨਾਲ ਚੱਲੋਗੇ?
‘ਮੈਂ ਹਰ ਝੂਠੇ ਮਾਰਗ ਤੋਂ ਘਿਣ ਕਰਦਾ ਹਾਂ।’—ਜ਼ਬੂ. 119:128.
1, 2. (ੳ) ਜਦੋਂ ਤੁਸੀਂ ਆਪਣੇ ਦੋਸਤ ਤੋਂ ਕਿਸੇ ਰਾਹ ਬਾਰੇ ਪੁੱਛਦੇ ਹੋ, ਤਾਂ ਕਿਹੜੀ ਚੇਤਾਵਨੀ ਮਿਲਣ ਤੇ ਤੁਸੀਂ ਖ਼ੁਸ਼ ਹੋਵੋਗੇ ਤੇ ਕਿਉਂ? (ਅ) ਯਹੋਵਾਹ ਸਾਨੂੰ ਕਿਨ੍ਹਾਂ ਤੋਂ ਚੁਕੰਨੇ ਕਰਦਾ ਹੈ ਤੇ ਕਿਉਂ?
ਮੰਨ ਲਓ ਕਿ ਤੁਸੀਂ ਕਿਸੇ ਸਫ਼ਰ ʼਤੇ ਜਾਣਾ ਹੈ, ਪਰ ਤੁਹਾਨੂੰ ਰਾਹ ਦਾ ਨਹੀਂ ਪਤਾ। ਪਰ ਤੁਹਾਡੇ ਇਕ ਦੋਸਤ ਨੂੰ ਪਤਾ ਹੈ ਕਿ ਉਸ ਜਗ੍ਹਾ ਕਿਵੇਂ ਜਾਣਾ ਹੈ ਅਤੇ ਤੁਸੀਂ ਉਸ ਤੋਂ ਮਦਦ ਮੰਗਦੇ ਹੋ। ਉਹ ਤੁਹਾਨੂੰ ਰਾਹ ਦੱਸਦਾ ਹੈ ਅਤੇ ਰਾਹ ਵਿਚ ਆਉਣ ਵਾਲੇ ਖ਼ਤਰਿਆਂ ਬਾਰੇ ਵੀ ਸਲਾਹ ਦਿੰਦਾ ਹੈ। ਮਿਸਾਲ ਲਈ, ਉਹ ਤੁਹਾਨੂੰ ਸੜਕ ਉੱਤੇ ਲੱਗੇ ਇਕ ਸਾਈਨ ਬਾਰੇ ਚੇਤਾਵਨੀ ਦਿੰਦਾ ਹੈ ਜੋ ਤੁਹਾਨੂੰ ਗ਼ਲਤ ਰਾਹ ਪਾ ਸਕਦਾ ਹੈ। ਬਹੁਤ ਸਾਰੇ ਲੋਕ ਇਸ ਰਸਤਿਓਂ ਗਏ ਅਤੇ ਗੁਆਚ ਗਏ। ਕੀ ਤੁਸੀਂ ਉਸ ਦੀ ਸਲਾਹ ਨੂੰ ਖ਼ੁਸ਼ੀ-ਖ਼ੁਸ਼ੀ ਮੰਨੋਗੇ? ਅਸੀਂ ਵੀ ਸਦਾ ਦੀ ਜ਼ਿੰਦਗੀ ਵੱਲ ਜਾਂਦੇ ਰਾਹ ਉੱਤੇ ਸਫ਼ਰ ਕਰ ਰਹੇ ਹਾਂ। ਯਹੋਵਾਹ ਸਾਡਾ ਦੋਸਤ ਹੈ ਅਤੇ ਉਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਸੇਧ ਦਿੰਦਾ ਹੈ। ਉਹ ਸਾਨੂੰ ਖ਼ਤਰਿਆਂ ਤੋਂ ਚੁਕੰਨੇ ਵੀ ਕਰਦਾ ਹੈ ਤਾਂਕਿ ਅਸੀਂ ਉਸ ਦਾ ਕਹਿਣਾ ਮੰਨਣਾ ਨਾ ਛੱਡੀਏ।—ਬਿਵ. 5:32; ਯਸਾ. 30:21.
2 ਇਸ ਲੇਖ ਅਤੇ ਅਗਲੇ ਲੇਖ ਵਿਚ ਅਸੀਂ ਇਨ੍ਹਾਂ ਕੁਝ ਖ਼ਤਰਿਆਂ ਬਾਰੇ ਦੇਖਾਂਗੇ। ਯਾਦ ਰੱਖੋ ਕਿ ਸਾਡਾ ਦੋਸਤ ਯਹੋਵਾਹ ਪਿਆਰ ਦੀ ਖ਼ਾਤਰ ਸਾਨੂੰ ਖ਼ਤਰਿਆਂ ਬਾਰੇ ਚੇਤਾਵਨੀ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਲਈ ਜੀਉਂਦੇ ਰਹੀਏ। ਉਹ ਦੁਖੀ ਹੁੰਦਾ ਹੈ ਜਦੋਂ ਲੋਕ ਗ਼ਲਤ ਫ਼ੈਸਲੇ ਕਰਦੇ ਹਨ ਅਤੇ ਉਸ ਦੀ ਸੇਵਾ ਕਰਨੀ ਛੱਡ ਦਿੰਦੇ ਹਨ। (ਹਿਜ਼. 33:11) ਜ਼ਰਾ ਤਿੰਨ ਖ਼ਤਰਿਆਂ ʼਤੇ ਗੌਰ ਕਰੋ। ਪਹਿਲਾ ਖ਼ਤਰਾ ਦੂਜੇ ਲੋਕਾਂ ਤੋਂ ਹੈ। ਦੂਜਾ ਖ਼ਤਰਾ ਸਾਨੂੰ ਆਪਣੇ ਅੰਦਰੋਂ ਹੈ। ਤੀਜਾ ਖ਼ਤਰਾ ਵਿਅਰਥ ਚੀਜ਼ਾਂ ਤੋਂ ਹੈ। ਸੋ ਸਾਨੂੰ ਜਾਣਨ ਦੀ ਲੋੜ ਹੈ ਕਿ ਇਹ ਕਿਹੜੇ ਖ਼ਤਰੇ ਹਨ ਅਤੇ ਯਹੋਵਾਹ ਇਨ੍ਹਾਂ ਤੋਂ ਬਚਣ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ। ਬਾਈਬਲ ਦੇ ਇਕ ਲਿਖਾਰੀ ਨੂੰ ਇਨ੍ਹਾਂ ਖ਼ਤਰਿਆਂ ਬਾਰੇ ਪਤਾ ਸੀ ਜਿਸ ਨੇ ਕਿਹਾ: ‘ਮੈਂ ਹਰ ਝੂਠੇ ਮਾਰਗ ਤੋਂ ਘਿਣ ਕਰਦਾ ਹਾਂ।’ (ਜ਼ਬੂ. 119:128) ਉਸ ਨੇ ਉਸ ਹਰ ਚੀਜ਼ ਤੋਂ ਨਫ਼ਰਤ ਕੀਤੀ ਜੋ ਉਸ ਤੋਂ ਯਹੋਵਾਹ ਦੀ ਉਲੰਘਣਾ ਕਰਾ ਸਕਦੀ ਸੀ। ਕੀ ਤੁਸੀਂ ਵੀ ਇਵੇਂ ਮਹਿਸੂਸ ਕਰਦੇ ਹੋ? ਆਓ ਦੇਖੀਏ ਕਿ ਅਸੀਂ ਕਿਸੇ ਵੀ “ਝੂਠੇ ਮਾਰਗ” ਉੱਤੇ ਨਾ ਚੱਲਣ ਦਾ ਪੱਕਾ ਇਰਾਦਾ ਕਿਵੇਂ ਕਰ ਸਕਦੇ ਹਾਂ।
“ਬਹੁਤਿਆਂ ਦੇ ਮਗਰ” ਨਾ ਲੱਗੋ
3. (ੳ) ਜੇ ਸਾਨੂੰ ਸਹੀ ਰਾਹ ਪਤਾ ਨਹੀਂ ਹੈ, ਤਾਂ ਦੂਸਰੇ ਮੁਸਾਫ਼ਰਾਂ ਪਿੱਛੇ ਜਾਣਾ ਖ਼ਤਰਨਾਕ ਕਿਉਂ ਹੋ ਸਕਦਾ ਹੈ? (ਅ) ਕੂਚ 23:2 ਵਿਚ ਅਸੀਂ ਕਿਹੜਾ ਜ਼ਰੂਰੀ ਸਿਧਾਂਤ ਦੇਖਦੇ ਹਾਂ?
3 ਕਲਪਨਾ ਕਰੋ ਕਿ ਤੁਸੀਂ ਲੰਬੇ ਸਫ਼ਰ ʼਤੇ ਹੋ ਅਤੇ ਅਚਾਨਕ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਅੱਗੇ ਜਾਣ ਦਾ ਕਿਹੜਾ ਰਾਹ ਸਹੀ ਹੈ। ਫਿਰ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਇੱਕੋ ਰਾਹ ਤੋਂ ਦੀ ਜਾਂਦਿਆਂ ਦੇਖਦੇ ਹੋ। ਉਨ੍ਹਾਂ ਦੇ ਮਗਰ-ਮਗਰ ਜਾਣਾ ਬਹੁਤ ਸੌਖਾ ਹੋਵੇਗਾ। ਹੋ ਸਕਦਾ ਹੈ ਕਿ ਉਹ ਉੱਥੇ ਨਹੀਂ ਜਾ ਰਹੇ ਜਿੱਥੇ ਤੁਸੀਂ ਜਾਣਾ ਹੈ। ਜਾਂ ਹੋ ਸਕਦਾ ਹੈ ਕਿ ਉਹ ਵੀ ਤੁਹਾਡੇ ਵਾਂਗ ਭੁੱਲੇ-ਭਟਕੇ ਹਨ। ਇਸ ਲਈ ਉਨ੍ਹਾਂ ਮਗਰ ਲੱਗਣਾ ਖ਼ਤਰਨਾਕ ਹੋ ਸਕਦਾ ਹੈ। ਇਸ ਮਿਸਾਲ ਦੀ ਮਦਦ ਨਾਲ ਅਸੀਂ ਉਹ ਸਿਧਾਂਤ ਸਮਝ ਸਕਦੇ ਹਾਂ ਜੋ ਯਹੋਵਾਹ ਇਸਰਾਏਲੀਆਂ ਨੂੰ ਇਕ ਹੁਕਮ ਦੇ ਕੇ ਸਮਝਾਉਣਾ ਚਾਹੁੰਦਾ ਸੀ। ਉਸ ਨੇ ਮੁਕੱਦਮੇ ਸੰਬੰਧੀ ਜੱਜਾਂ ਅਤੇ ਗਵਾਹਾਂ ਨਾਲ ਗੱਲ ਕੀਤੀ ਸੀ। ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਬਹੁਤਿਆਂ ਮਗਰ ਲੱਗਣਾ ਅਤੇ ਸਿਰਫ਼ ਹੋਰਨਾਂ ਨੂੰ ਖ਼ੁਸ਼ ਕਰਨ ਲਈ ਗ਼ਲਤ ਫ਼ੈਸਲੇ ਕਰਨੇ ਖ਼ਤਰਨਾਕ ਹੈ। (ਕੂਚ 23:2 ਪੜ੍ਹੋ।) ਨਾਮੁਕੰਮਲ ਇਨਸਾਨਾਂ ਲਈ ਇੱਦਾਂ ਕਰਨਾ ਬਹੁਤ ਸੌਖਾ ਹੈ। ਪਰ ਮੁਕੱਦਮੇ ਦੌਰਾਨ ‘ਬਹੁਤਿਆਂ ਦੇ ਮਗਰ ਨਾ ਲੱਗਣ’ ਦੀ ਗੱਲ ਸਿਰਫ਼ ਜੱਜਾਂ ਅਤੇ ਗਵਾਹਾਂ ਨੂੰ ਹੀ ਨਹੀਂ ਕਹੀ ਗਈ ਸੀ।
4, 5. ਯਹੋਸ਼ੁਆ ਅਤੇ ਕਾਲੇਬ ‘ਬਹੁਤਿਆਂ ਦੇ ਮਗਰ ਲੱਗਣ’ ਦੇ ਖ਼ਤਰੇ ਵਿਚ ਕਦੋਂ ਸਨ ਅਤੇ ਉਨ੍ਹਾਂ ਨੂੰ ਹਿੰਮਤ ਕਿੱਥੋਂ ਮਿਲੀ ਸੀ?
4 ਜ਼ਿੰਦਗੀ ਦੇ ਕਿਸੇ ਵੀ ਹਾਲਾਤ ਵਿਚ ਲੋਕਾਂ ਦੇ ਮਗਰ ਲੱਗਣਾ ਸਾਡੇ ਲਈ ਖ਼ਤਰਨਾਕ ਹੋ ਸਕਦਾ ਹੈ। ਇਹ ਹਾਲਾਤ ਅਚਾਨਕ ਪੈਦਾ ਹੋ ਸਕਦੇ ਹਨ ਅਤੇ ਸਾਨੂੰ ਉਹ ਕੰਮ ਨਾ ਕਰਨੇ ਔਖੇ ਲੱਗ ਸਕਦੇ ਹਨ ਜੋ ਦੂਜੇ ਲੋਕ ਕਰਦੇ ਹਨ। ਮਿਸਾਲ ਲਈ ਸੋਚੋ ਕਿ ਯਹੋਸ਼ੁਆ ਅਤੇ ਕਾਲੇਬ ਨਾਲ ਕੀ ਹੋਇਆ ਸੀ। ਇਹ ਦੋ ਇਸਰਾਏਲੀ ਦਸ ਹੋਰ ਆਦਮੀਆਂ ਨਾਲ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਸੂਸੀ ਕਰਨ ਗਏ। ਵਾਪਸ ਆ ਕੇ ਉਨ੍ਹਾਂ ਦਸਾਂ ਆਦਮੀਆਂ ਨੇ ਕਿਹਾ ਕਿ ਉੱਥੇ ਦੇ ਵਿਸ਼ਾਲ ਕੱਦ ਦੇ ਲੋਕ ਦੈਂਤਾਂ ਦੇ ਪਰਿਵਾਰਾਂ ਵਿੱਚੋਂ ਸਨ ਜਿਸ ਨੂੰ ਸੁਣ ਕੇ ਬਾਕੀ ਇਸਰਾਏਲੀ ਡਰ ਗਏ। (ਉਤ. 6:4) ਇਹ ਨਾਮੁਮਕਿਨ ਸੀ ਕਿਉਂਕਿ ਸਾਰੇ ਦੈਂਤ ਸਦੀਆਂ ਪਹਿਲਾਂ ਨੂਹ ਦੇ ਜ਼ਮਾਨੇ ਦੀ ਜਲ-ਪਰਲੋ ਵਿਚ ਮਾਰੇ ਗਏ ਸਨ ਤੇ ਉਨ੍ਹਾਂ ਦੇ ਕੋਈ ਬੱਚੇ ਨਹੀਂ ਸਨ। ਪਰ ਕਮਜ਼ੋਰ ਨਿਹਚਾ ਕਾਰਨ ਇਸਰਾਏਲੀ ਉਨ੍ਹਾਂ ਦਸਾਂ ਆਦਮੀਆਂ ਦੀਆਂ ਗੱਲਾਂ ਵਿਚ ਆ ਗਏ। ਜਦੋਂ ਕਿਸੇ ਦੀ ਨਿਹਚਾ ਕਮਜ਼ੋਰ ਹੋ ਜਾਂਦੀ ਹੈ, ਤਾਂ ਉਹ ਪਰਮੇਸ਼ੁਰ ਉੱਤੇ ਭਰੋਸਾ ਕਰਨਾ ਛੱਡ ਕੇ ਇਨਸਾਨਾਂ ਦੇ ਝੂਠੇ ਵਿਚਾਰਾਂ ਉੱਤੇ ਯਕੀਨ ਕਰਨ ਲੱਗ ਪੈਂਦਾ ਹੈ। ਜਲਦੀ ਹੀ ਕਈ ਇਸਰਾਏਲੀ ਸੋਚਣ ਲੱਗ ਪਏ ਕਿ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਬਾਰੇ ਦਿੱਤੀ ਸੇਧ ਅਨੁਸਾਰ ਨਹੀਂ ਚੱਲਣਾ ਚਾਹੀਦਾ ਸੀ। ਯਹੋਸ਼ੁਆ ਅਤੇ ਕਾਲੇਬ ਨੇ ਇਸ ਔਖੇ ਹਾਲਾਤ ਵਿਚ ਕੀ ਕੀਤਾ?—ਗਿਣ. 13:25-33.
5 ਯਹੋਸ਼ੁਆ ਅਤੇ ਕਾਲੇਬ ਬਹੁਤਿਆਂ ਦੇ ਮਗਰ ਨਹੀਂ ਲੱਗੇ। ਭਾਵੇਂ ਇਸਰਾਏਲੀ ਸੱਚਾਈ ਸੁਣਨੀ ਨਹੀਂ ਚਾਹੁੰਦੇ ਸਨ, ਪਰ ਇਹ ਦੋਵੇਂ ਆਦਮੀ ਸੱਚਾਈ ਦੱਸਣ ਤੋਂ ਡਰੇ ਨਹੀਂ। ਜਦੋਂ ਇਸਰਾਏਲੀ ਉਨ੍ਹਾਂ ਨੂੰ ਮਾਰਨਾ ਵੀ ਚਾਹੁੰਦੇ ਸਨ, ਉਦੋਂ ਵੀ ਉਨ੍ਹਾਂ ਨੇ ਉਹੀ ਕੀਤਾ ਜੋ ਸਹੀ ਸੀ! ਇਹ ਹਿੰਮਤ ਉਨ੍ਹਾਂ ਨੂੰ ਕਿੱਥੋਂ ਮਿਲੀ? ਉਨ੍ਹਾਂ ਨੂੰ ਯਹੋਵਾਹ ਉੱਤੇ ਨਿਹਚਾ ਸੀ। ਯਹੋਵਾਹ ਉੱਤੇ ਪੱਕੀ ਨਿਹਚਾ ਕਰਨ ਵਾਲਾ ਇਨਸਾਨ ਯਹੋਵਾਹ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰਦਾ ਹੈ, ਨਾ ਕਿ ਇਨਸਾਨਾਂ ਦੀਆਂ ਝੂਠੀਆਂ ਗੱਲਾਂ ਉੱਤੇ। ਬਾਅਦ ਵਿਚ ਯਹੋਸ਼ੁਆ ਅਤੇ ਕਾਲੇਬ ਨੇ ਜਦੋਂ ਯਹੋਵਾਹ ਉੱਤੇ ਆਪਣੀ ਨਿਹਚਾ ਦੀ ਗੱਲ ਕੀਤੀ, ਤਾਂ ਉਨ੍ਹਾਂ ਨੇ ਸਾਰਿਆਂ ਨੂੰ ਦੱਸਿਆ ਕਿ ਯਹੋਵਾਹ ਹਮੇਸ਼ਾ ਆਪਣੇ ਵਾਅਦੇ ਪੂਰਾ ਕਰਦਾ ਹੈ। (ਯਹੋਸ਼ੁਆ 14:6, 8; 23:2, 14 ਪੜ੍ਹੋ।) ਯਹੋਸ਼ੁਆ ਅਤੇ ਕਾਲੇਬ ਨੂੰ ਆਪਣੇ ਪਰਮੇਸ਼ੁਰ ਨਾਲ ਪਿਆਰ ਅਤੇ ਉਸ ਉੱਤੇ ਭਰੋਸਾ ਸੀ। ਉਹ ਦੂਜੇ ਲੋਕਾਂ ਦੀ ਖ਼ੁਸ਼ੀ ਵਾਸਤੇ ਕੁਝ ਵੀ ਅਜਿਹਾ ਨਹੀਂ ਕਰਨਾ ਚਾਹੁੰਦੇ ਸਨ ਜਿਸ ਤੋਂ ਯਹੋਵਾਹ ਨੂੰ ਦੁੱਖ ਪਹੁੰਚਦਾ। ਉਹ ਲੋਕਾਂ ਦੇ ਮਗਰ ਨਹੀਂ ਲੱਗੇ ਅਤੇ ਅੱਜ ਉਹ ਸਾਡੇ ਲਈ ਬਹੁਤ ਵਧੀਆ ਮਿਸਾਲ ਹਨ।—ਗਿਣ. 14:1-10.
6. ਕਿਨ੍ਹਾਂ ਹਾਲਾਤਾਂ ਵਿਚ ਅਸੀਂ ਬਹੁਤਿਆਂ ਮਗਰ ਲੱਗਣ ਦੇ ਖ਼ਤਰੇ ਵਿਚ ਪੈ ਸਕਦੇ ਹਾਂ?
6 ਕੀ ਤੁਸੀਂ ਕਦੇ-ਕਦੇ ਬਹੁਤਿਆਂ ਮਗਰ ਲੱਗਣਾ ਚਾਹੁੰਦੇ ਹੋ? ਜ਼ਿਆਦਾਤਰ ਲੋਕ ਯਹੋਵਾਹ ਦਾ ਆਦਰ ਨਹੀਂ ਕਰਦੇ। ਉਨ੍ਹਾਂ ਦੇ ਭਾਣੇ ਯਹੋਵਾਹ ਜੋ ਕੁਝ ਸਹੀ-ਗ਼ਲਤ ਬਾਰੇ ਕਹਿੰਦਾ ਹੈ, ਉਹ ਮੂਰਖਤਾ ਹੈ। ਸਹੀ-ਗ਼ਲਤ ਬਾਰੇ ਉਨ੍ਹਾਂ ਦੇ ਆਪਣੇ ਹੀ ਖ਼ਿਆਲ ਹਨ ਅਤੇ ਉਹ ਸਾਨੂੰ ਵੀ ਇਨ੍ਹਾਂ ਖ਼ਿਆਲਾਂ ਨੂੰ ਮੰਨਣ ਲਈ ਉਕਸਾਉਂਦੇ ਹਨ। ਮਿਸਾਲ ਲਈ ਉਹ ਕਹਿੰਦੇ ਹਨ ਕਿ ਅਨੈਤਿਕਤਾ, ਮਾਰ-ਧਾੜ, ਜਾਦੂਗਰੀ ਵਾਲੇ ਟੀ. ਵੀ. ਪ੍ਰੋਗ੍ਰਾਮ, ਫਿਲਮਾਂ ਅਤੇ ਕੰਪਿਊਟਰ ਗੇਮਾਂ ਦੇਖਣ ਵਿਚ ਕੋਈ ਖ਼ਰਾਬੀ ਨਹੀਂ ਹੈ। (2 ਤਿਮੋ. 3:1-5) ਤੁਸੀਂ ਕਿਵੇਂ ਫ਼ੈਸਲਾ ਕਰਦੇ ਹੋ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਮਨੋਰੰਜਨ ਲਈ ਕੀ ਦੇਖੋਗੇ? ਕੀ ਤੁਸੀਂ ਦੂਸਰਿਆਂ ਦੀ ਰਾਇ ਮੁਤਾਬਕ ਫ਼ੈਸਲਾ ਕਰੋਗੇ? ਜੇ ਤੁਸੀਂ ਇਵੇਂ ਫ਼ੈਸਲੇ ਕਰਦੇ ਹੋ, ਤਾਂ ਤੁਸੀਂ ਦੂਜਿਆਂ ਮਗਰ ਲੱਗ ਰਹੇ ਹੋ।
7, 8. (ੳ) ਅਸੀਂ ਆਪਣੀਆਂ “ਗਿਆਨ ਇੰਦਰੀਆਂ” ਨੂੰ ਕਿਵੇਂ ਸਿਖਾਉਂਦੇ ਹਾਂ ਅਤੇ ਇਹ ਸਿਖਲਾਈ ਨਿਯਮਾਂ ਦੀ ਲਿਸਟ ਤੋਂ ਕਿਉਂ ਵਧੀਆ ਹੈ? (ਅ) ਤੁਸੀਂ ਮਸੀਹੀ ਨਿਆਣਿਆਂ ਦੀ ਚੰਗੀ ਮਿਸਾਲ ਦੇਖ ਕੇ ਕਿਉਂ ਖ਼ੁਸ਼ ਹੁੰਦੇ ਹੋ?
7 ਯਹੋਵਾਹ ਨੇ ਸਾਨੂੰ ਧਿਆਨ ਨਾਲ ਗੱਲਾਂ ਬਾਰੇ ਸੋਚ ਕੇ ਸਹੀ-ਗ਼ਲਤ ਨੂੰ ਚੁਣਨ ਦੀ ਕਾਬਲੀਅਤ ਦਿੱਤੀ ਹੈ। ਬਾਈਬਲ ਕਹਿੰਦੀ ਹੈ ਕਿ ਇਹ ਬਹੁਮੁੱਲੀ ਦਾਤ ਸਾਡੀਆਂ “ਗਿਆਨ ਇੰਦਰੀਆਂ” ਹਨ ਤੇ ਇਨ੍ਹਾਂ ਨੂੰ ਵਰਤ ਕੇ ਹੀ ਸਿਖਾਇਆ ਜਾ ਸਕਦਾ ਹੈ। (ਇਬ. 5:14) ਅਸੀਂ ਗਿਆਨ-ਇੰਦਰੀਆਂ ਨੂੰ ਸਿਖਾ ਨਹੀਂ ਸਕਦੇ ਜੇ ਅਸੀਂ ਉਹੀ ਕਰਦੇ ਹਾਂ ਜੋ ਦੂਜੇ ਕਰਦੇ ਹਨ ਜਾਂ ਉਨ੍ਹਾਂ ਤੋਂ ਉਮੀਦ ਰੱਖਦੇ ਹਾਂ ਕਿ ਉਹੀ ਸਾਨੂੰ ਦੱਸਣ ਕਿ ਕੀ ਕਰੀਏ। ਬਹੁਤ ਸਾਰੀਆਂ ਗੱਲਾਂ ਲਈ ਸਾਨੂੰ ਆਪਣੀ ਜ਼ਮੀਰ ਵਰਤਣ ਦੀ ਲੋੜ ਹੈ ਤਾਂਕਿ ਅਸੀਂ ਆਪਣੇ ਫ਼ੈਸਲੇ ਆਪ ਕਰ ਸਕੀਏ। ਮਿਸਾਲ ਲਈ, ਯਹੋਵਾਹ ਦੇ ਲੋਕਾਂ ਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਕੋਈ ਹੋਰ ਉਨ੍ਹਾਂ ਨੂੰ ਫਿਲਮਾਂ, ਕਿਤਾਬਾਂ ਤੇ ਇੰਟਰਨੈੱਟ ਸਾਈਟਾਂ ਦੀ ਲਿਸਟ ਦੇਵੇ ਜਿਨ੍ਹਾਂ ਤੋਂ ਦੂਰ ਰਹਿਣ ਦੀ ਲੋੜ ਹੈ। ਜੇ ਅਸੀਂ ਇਕ ਲਿਸਟ ਮੁਤਾਬਕ ਚੱਲੀਏ, ਤਾਂ ਸਾਨੂੰ ਹਰ ਵੇਲੇ ਨਵੀਂ ਲਿਸਟ ਦੀ ਲੋੜ ਪਵੇਗੀ। (1 ਕੁਰਿੰ. 7:31) ਪਰ ਦੂਜਿਆਂ ਤੋਂ ਆਪਣੇ ਫ਼ੈਸਲੇ ਕਰਾਉਣ ਦੀ ਬਜਾਇ, ਅਸੀਂ ਯਹੋਵਾਹ ਤੋਂ ਮਿਲੀ ਫ਼ੈਸਲੇ ਕਰਨ ਦੀ ਕਾਬਲੀਅਤ ਦਾ ਇਸਤੇਮਾਲ ਕਰਨਾ ਚਾਹੁੰਦੇ ਹਾਂ। ਯਹੋਵਾਹ ਚਾਹੁੰਦਾ ਹੈ ਕਿ ਬਾਈਬਲ ਵਿਚ ਦੱਸੀਆਂ ਗੱਲਾਂ ਬਾਰੇ ਅਸੀਂ ਧਿਆਨ ਨਾਲ ਸੋਚੀਏ, ਸੇਧ ਲਈ ਉਸ ਨੂੰ ਪ੍ਰਾਰਥਨਾ ਕਰੀਏ ਤੇ ਫਿਰ ਫ਼ੈਸਲੇ ਕਰੀਏ ਜਿਨ੍ਹਾਂ ਤੋਂ ਉਹ ਖ਼ੁਸ਼ ਹੁੰਦਾ ਹੈ।—ਅਫ਼. 5:10.
8 ਜਦੋਂ ਅਸੀਂ ਬਾਈਬਲ ਮੁਤਾਬਕ ਫ਼ੈਸਲੇ ਕਰਾਂਗੇ, ਤਾਂ ਕੁਝ ਲੋਕਾਂ ਨੂੰ ਚੰਗਾ ਨਹੀਂ ਲੱਗੇਗਾ। ਮਿਸਾਲ ਲਈ, ਸਕੂਲ ਵਿਚ ਸਾਡੇ ਨਿਆਣਿਆਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਕਿਉਂਕਿ ਦੂਜੇ ਹਮੇਸ਼ਾ ਉਨ੍ਹਾਂ ਤੋਂ ਉਹੀ ਕੁਝ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਬਾਕੀ ਕਰਦੇ ਹਨ। (1 ਪਤ. 4:4) ਪਰ ਸਾਡੇ ਕਈ ਨਿਆਣੇ ਬਹੁਤਿਆਂ ਮਗਰ ਨਹੀਂ ਲੱਗਦੇ। ਕਿੰਨਾ ਚੰਗਾ ਲੱਗਦਾ ਹੈ ਜਦੋਂ ਅਸੀਂ ਛੋਟਿਆਂ-ਵੱਡਿਆਂ ਨੂੰ ਯਹੋਸ਼ੁਆ ਤੇ ਕਾਲੇਬ ਵਰਗੀ ਨਿਹਚਾ ਦਿਖਾਉਂਦਿਆਂ ਦੇਖਦੇ ਹਾਂ!
“ਆਪਣੇ ਮਨਾਂ ਅਤੇ ਅੱਖਾਂ” ਅਨੁਸਾਰ ਨਾ ਚੱਲੋ
9. (ੳ) ਸਫ਼ਰ ਕਰਦਿਆਂ ਮਨਪਸੰਦ ਦਾ ਹਰ ਰਾਹ ਚੁਣਨਾ ਖ਼ਤਰਨਾਕ ਕਿਉਂ ਹੋ ਸਕਦਾ ਹੈ? (ਅ) ਗਿਣਤੀ 15:37-39 ਵਿਚਲਾ ਹੁਕਮ ਇਸਰਾਏਲ ਵਿਚ ਪਰਮੇਸ਼ੁਰ ਦੇ ਲੋਕਾਂ ਲਈ ਮੰਨਣਾ ਕਿਉਂ ਜ਼ਰੂਰੀ ਸੀ?
9 ਹੁਣ ਅਸੀਂ ਦੂਜੇ ਖ਼ਤਰੇ ਬਾਰੇ ਦੇਖਾਂਗੇ ਜੋ ਸਾਨੂੰ ਆਪਣੇ ਅੰਦਰੋਂ ਹੈ। ਕਲਪਨਾ ਕਰੋ ਕਿ ਤੁਸੀਂ ਕਿਤੇ ਜਾ ਰਹੇ ਹੋ ਅਤੇ ਤੁਹਾਡੇ ਕੋਲ ਨਕਸ਼ਾ ਹੈ। ਕੀ ਹੋਵੇਗਾ ਜੇ ਤੁਸੀਂ ਨਕਸ਼ਾ ਨਾ ਵਰਤੋ ਤੇ ਉਹ ਹਰ ਰਾਹ ਫੜੋ ਜਿੱਧਰੋਂ ਦੀ ਤੁਹਾਡੇ ਭਾਣੇ ਤੁਹਾਨੂੰ ਖੂਬਸੂਰਤ ਨਜ਼ਾਰੇ ਦਿਸਣਗੇ? ਤੁਸੀਂ ਆਪਣੀ ਮੰਜ਼ਲ ਤੇ ਕਦੇ ਵੀ ਨਹੀਂ ਪਹੁੰਚੋਗੇ। ਇਸ ਮਿਸਾਲ ਤੋਂ ਅਸੀਂ ਇਕ ਹੋਰ ਸਿਧਾਂਤ ਸਿੱਖ ਸਕਦੇ ਹਾਂ ਜੋ ਯਹੋਵਾਹ ਇਸਰਾਏਲੀਆਂ ਨੂੰ ਸਿਖਾਉਣਾ ਚਾਹੁੰਦਾ ਸੀ। ਇਹ ਸਿਧਾਂਤ ਇਕ ਹੋਰ ਹੁਕਮ ਵਿਚ ਦਰਜ ਹੈ ਜਿਸ ਬਾਰੇ ਅਸੀਂ ਗਿਣਤੀ 15:37-39 ਵਿਚ ਪੜ੍ਹ ਸਕਦੇ ਹਾਂ। (ਪੜ੍ਹੋ।) ਅੱਜ ਕਈ ਲੋਕ ਝਾਲਰਾਂ ਅਤੇ ਨੀਲੇ ਫੀਤੇ ਬਾਰੇ ਦੱਸੇ ਕਾਰਨਾਂ ਨੂੰ ਨਹੀਂ ਸਮਝਦੇ। ਕੀ ਤੁਸੀਂ ਜਾਣਦੇ ਹੋ ਕਿ ਇਹ ਹੁਕਮ ਕਿਉਂ ਅਹਿਮ ਸੀ? ਇਕ ਕਾਰਨ ਹੈ ਕਿ ਪਰਮੇਸ਼ੁਰ ਦੇ ਲੋਕ ਆਲੇ-ਦੁਆਲੇ ਦੀਆਂ ਹੋਰ ਕੌਮਾਂ ਤੋਂ ਵੱਖਰੇ ਨਜ਼ਰ ਆਉਂਦੇ ਸਨ। ਜੇ ਉਹ ਸੱਚ-ਮੁੱਚ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਸਨ, ਤਾਂ ਉਨ੍ਹਾਂ ਨੂੰ ਉਨ੍ਹਾਂ ਕੌਮਾਂ ਤੋਂ ਵੱਖਰੇ ਹੋਣਾ ਪੈਣਾ ਸੀ। (ਲੇਵੀ. 18:24, 25) ਪਰ ਇਹ ਹੁਕਮ ਦੇਣ ਦਾ ਹੋਰ ਵੀ ਕਾਰਨ ਸੀ। ਆਓ ਆਪਾਂ ਇਹ ਕਾਰਨ ਦੇਖੀਏ ਅਤੇ ਇਸ ਦੂਜੇ ਖ਼ਤਰੇ ਬਾਰੇ ਹੋਰ ਜਾਣੀਏ ਜੋ ਸਾਡੇ ਤੋਂ ਯਹੋਵਾਹ ਦੀ ਉਲੰਘਣਾ ਕਰਾ ਸਕਦਾ ਹੈ।
10. ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਇਨਸਾਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ?
10 ਯਹੋਵਾਹ ਨੇ ਆਪਣੇ ਲੋਕਾਂ ਨੂੰ ਇਹ ਹੁਕਮ ਦੇਣ ਦਾ ਕਾਰਨ ਵੀ ਦੱਸਿਆ: ‘ਤੁਸੀਂ ਆਪਣੇ ਮਨਾਂ ਅਤੇ ਅੱਖਾਂ ਦੀ ਲੋਚਨਾ ਅਨੁਸਾਰ ਨਾ ਕਰੋ।’ ਇੱਦਾਂ ਯਹੋਵਾਹ ਨੇ ਇਸ ਲਈ ਕਿਹਾ ਕਿਉਂਕਿ ਉਹ ਇਨਸਾਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹ ਜਾਣਦਾ ਹੈ ਕਿ ਸਾਡਾ ਦਿਲ ਉਹ ਚੀਜ਼ਾਂ ਚਾਹੁੰਦਾ ਹੈ ਜੋ ਅਸੀਂ ਅੱਖਾਂ ਨਾਲ ਦੇਖਦੇ ਹਾਂ। ਯਹੋਵਾਹ ਨੂੰ ਪਤਾ ਹੈ ਕਿ ਸਾਡਾ ਦਿਲ ਧੋਖੇਬਾਜ਼ ਹੈ ਜੋ ਸਾਡੇ ਤੋਂ ਗ਼ਲਤ ਕੰਮ ਕਰਵਾ ਸਕਦਾ ਹੈ, ਇਸ ਲਈ ਉਹ ਸਾਨੂੰ ਚੇਤਾਵਨੀ ਦਿੰਦਾ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” (ਯਿਰ. 17:9) ਇਸੇ ਕਾਰਨ ਯਹੋਵਾਹ ਨੇ ਇਸਰਾਏਲੀਆਂ ਨੂੰ ਆਪਣੇ ਦਿਲਾਂ ਅਤੇ ਅੱਖਾਂ ਅਨੁਸਾਰ ਨਾ ਚੱਲਣ ਲਈ ਕਿਹਾ ਸੀ। ਯਹੋਵਾਹ ਜਾਣਦਾ ਸੀ ਕਿ ਉਸ ਦੀ ਭਗਤੀ ਨਾ ਕਰਨ ਵਾਲੀਆਂ ਕੌਮਾਂ ਵੱਲ ਦੇਖ ਕੇ ਇਸਰਾਏਲੀਆਂ ਦਾ ਮਨ ਉਨ੍ਹਾਂ ਵਰਗੇ ਬਣਨ ਨੂੰ ਕਰ ਸਕਦਾ ਸੀ। ਉਨ੍ਹਾਂ ਵਰਗੇ ਦਿੱਸਣ ਦੀ ਚਾਹਤ ਪੈਦਾ ਹੋਣ ਕਾਰਨ ਉਹ ਉਨ੍ਹਾਂ ਵਾਂਗ ਸੋਚਣ ਅਤੇ ਕੰਮ ਕਰਨ ਲੱਗ ਸਕਦੇ ਸਨ।—ਕਹਾ. 13:20.
11. ਅਸੀਂ ਕਦੋਂ ਆਪਣੇ ਦਿਲਾਂ ਤੇ ਅੱਖਾਂ ਅਨੁਸਾਰ ਚੱਲਣ ਦੇ ਖ਼ਤਰੇ ਵਿਚ ਪੈ ਸਕਦੇ ਹਾਂ?
11 ਦੇਖੀਆਂ ਚੀਜ਼ਾਂ ਦੀ ਚਾਹਤ ਰੱਖਣੀ ਅੱਜ ਸਾਡੇ ਖ਼ਤਰਨਾਕ ਦਿਲ ਲਈ ਹੋਰ ਵੀ ਆਸਾਨ ਹੈ। ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜੋ ਸਾਡੇ ਲਈ ਗ਼ਲਤ ਇੱਛਾਵਾਂ ਅਨੁਸਾਰ ਚੱਲਣਾ ਸੌਖਾ ਬਣਾਉਂਦੀ ਹੈ। ਸੋ ਕਿਸ ਹਾਲਾਤ ਵਿਚ ਗਿਣਤੀ 15:39 ਵਿਚਲਾ ਸਿਧਾਂਤ ਸਾਡੀ ਮਦਦ ਕਰ ਸਕਦਾ ਹੈ? ਅਸੀਂ ਕੱਪੜਿਆਂ ਸੰਬੰਧੀ ਆਪਣੇ ਦਿਲਾਂ ਤੇ ਅੱਖਾਂ ਅਨੁਸਾਰ ਚੱਲਣ ਦੇ ਖ਼ਤਰੇ ਵਿਚ ਪੈ ਸਕਦੇ ਹਾਂ। ਅੱਜ-ਕੱਲ੍ਹ ਲੋਕ ਉਹ ਕੱਪੜੇ ਪਾਉਂਦੇ ਹਨ ਜਿਨ੍ਹਾਂ ਕਰਕੇ ਦੂਜਿਆਂ ਦੇ ਮਨਾਂ ਵਿਚ ਗੰਦੇ ਖ਼ਿਆਲ ਆਉਂਦੇ ਹਨ। ਅਜਿਹੇ ਲੋਕ ਅਸੀਂ ਸਕੂਲਾਂ ਵਿਚ, ਕੰਮ ਦੀ ਥਾਂ ʼਤੇ ਅਤੇ ਆਂਢ-ਗੁਆਂਢ ਵਿਚ ਦੇਖਦੇ ਹਾਂ। ਇਨ੍ਹਾਂ ਲੋਕਾਂ ਨਾਲ ਵਾਹ ਪੈਣ ʼਤੇ ਸ਼ਾਇਦ ਅਸੀਂ ਵੀ ਉਨ੍ਹਾਂ ਵਰਗੇ ਦਿੱਸਣਾ ਚਾਹੀਏ। ਫਿਰ ਅਸੀਂ ਵੀ ਉਨ੍ਹਾਂ ਵਰਗੇ ਕੱਪੜੇ ਪਾਉਣ ਲੱਗ ਪਵਾਂਗੇ ਤੇ ਮਸੀਹੀਆਂ ਨੂੰ ਫੱਬਦੇ ਕੱਪੜੇ ਪਾਉਣੇ ਛੱਡ ਦੇਵਾਂਗੇ।—ਰੋਮੀ. 12:1, 2.
12, 13. (ੳ) ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਕਦੇ-ਕਦੇ ਸਾਡਾ ਮਨ ਬੁਰੀਆਂ ਚੀਜ਼ਾਂ ਵੱਲ ਦੇਖਣ ਨੂੰ ਕਰਦਾ ਹੈ? (ਅ) ਸਾਨੂੰ ਦੂਜਿਆਂ ਵਿਚ ਗ਼ਲਤ ਇੱਛਾਵਾਂ ਪੈਦਾ ਕਰਨ ਵਾਲੇ ਕੰਮ ਕਿਉਂ ਨਹੀਂ ਕਰਨੇ ਚਾਹੀਦੇ?
12 ਆਪਣੀਆਂ ਇੱਛਾਵਾਂ ʼਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਬੁਰੀਆਂ ਚੀਜ਼ਾਂ ਵੱਲ ਦੇਖੀ ਜਾਣ ਦੀ ਬਜਾਇ ਸਾਨੂੰ ਉਨ੍ਹਾਂ ਤੋਂ ਆਪਣੀਆਂ ਅੱਖਾਂ ਫੇਰ ਲੈਣ ਦੀ ਲੋੜ ਹੈ। ਵਫ਼ਾਦਾਰ ਆਦਮੀ ਅੱਯੂਬ ਦੀ ਮਿਸਾਲ ਸਾਡੀ ਮਦਦ ਕਰ ਸਕਦੀ ਹੈ ਜਿਸ ਨੇ ਆਪਣੀਆਂ ਅੱਖਾਂ ਨਾਲ ਨੇਮ ਬੰਨ੍ਹਿਆ ਸੀ। ਉਸ ਨੇ ਠਾਣਿਆ ਸੀ ਕਿ ਉਹ ਆਪਣੀ ਪਤਨੀ ਤੋਂ ਸਿਵਾਇ ਕਿਸੇ ਪਰਾਈ ਔਰਤ ਵੱਲ ਗ਼ਲਤ ਨਜ਼ਰਾਂ ਨਾਲ ਨਹੀਂ ਦੇਖੇਗਾ। (ਅੱਯੂ. 31:1) ਰਾਜਾ ਦਾਊਦ ਨੇ ਵੀ ਇਹੀ ਫ਼ੈਸਲਾ ਕੀਤਾ ਅਤੇ ਉਸ ਨੇ ਕਿਹਾ: “ਮੈਂ ਵਿਰਥੀ ਗੱਲ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਰੱਖਾਂਗਾ।” (ਜ਼ਬੂ. 101:3) ਦਾਊਦ ਵਾਂਗ ਸਾਨੂੰ ਠਾਣ ਲੈਣਾ ਚਾਹੀਦਾ ਕਿ ਅਸੀਂ ਵੀ ਕਿਸੇ “ਵਿਰਥੀ” ਚੀਜ਼ ਵੱਲ ਨਹੀਂ ਦੇਖਾਂਗੇ। “ਵਿਰਥੀ” ਚੀਜ਼ ਕੋਈ ਵੀ ਹੋ ਸਕਦੀ ਹੈ ਜੋ ਯਹੋਵਾਹ ਨਾਲੋਂ ਸਾਡੀ ਦੋਸਤੀ ਤੋੜ ਸਕਦੀ ਹੈ। ਇਸ ਵਿਚ ਉਹ ਸਭ ਕੁਝ ਸ਼ਾਮਲ ਹੈ ਜਿਸ ਵੱਲ ਦੇਖ ਕੇ ਸਾਡੇ ਦਿਲ ਵਿਚ ਗ਼ਲਤ ਇੱਛਾ ਪੈਦਾ ਹੋ ਸਕਦੀ ਹੈ ਤੇ ਫਿਰ ਸਾਡੇ ਤੋਂ ਕੋਈ ਗ਼ਲਤ ਕੰਮ ਹੋ ਸਕਦਾ ਹੈ।
13 ਅਸੀਂ ਵੀ ਦੂਜਿਆਂ ਲਈ “ਵਿਰਥੀ” ਚੀਜ਼ ਬਣ ਸਕਦੇ ਹਾਂ ਜੇ ਅਸੀਂ ਦੂਜਿਆਂ ਵਿਚ ਗ਼ਲਤ ਇੱਛਾਵਾਂ ਪੈਦਾ ਕਰਨ ਵਾਲੇ ਕੰਮ ਕਰਦੇ ਹਾਂ। ਸਾਡੇ ਕੱਪੜਿਆਂ ਦੇ ਸਟਾਈਲ ਦੇਖ ਕੇ ਇੱਦਾਂ ਹੋ ਸਕਦਾ ਹੈ। ਇਸ ਲਈ ਸਾਨੂੰ ਬਾਈਬਲ ਦੀ ਸਲਾਹ ਮੰਨਣੀ ਚਾਹੀਦੀ ਹੈ ਜੋ ਸਾਨੂੰ ਸਲੀਕੇਦਾਰ ਕੱਪੜੇ ਪਾਉਣ ਲਈ ਕਹਿੰਦੀ ਹੈ ਜਿਨ੍ਹਾਂ ਤੋਂ “ਲਾਜ” ਝਲਕੇ। (1 ਤਿਮੋ. 2:9) “ਲਾਜ” ਵਾਲੇ ਕੱਪੜੇ ਪਾਉਣ ਨਾਲ ਅਸੀਂ ਸਿਰਫ਼ ਆਪਣੀ ਹੀ ਨਹੀਂ, ਪਰ ਦੂਜਿਆਂ ਦੀ ਪਸੰਦ ਦਾ ਵੀ ਧਿਆਨ ਰੱਖਦੇ ਹਾਂ। ਅਸੀਂ ਆਪਣੇ ਨਾਲੋਂ ਜ਼ਿਆਦਾ ਦੂਜਿਆਂ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। (ਰੋਮੀ. 15:1, 2) ਕਲੀਸਿਯਾ ਵਿਚ ਹਜ਼ਾਰਾਂ ਹੀ ਨੌਜਵਾਨ ਕੱਪੜਿਆਂ ਦੇ ਮਾਮਲੇ ਵਿਚ ਵਧੀਆ ਮਿਸਾਲ ਹਨ। ਅਸੀਂ ਬਹੁਤ ਖ਼ੁਸ਼ ਹਾਂ ਕਿ ਉਹ ਦਿਲ ਤੇ ਅੱਖਾਂ ਅਨੁਸਾਰ ਨਹੀਂ ਚੱਲਦੇ। ਉਹ ਹਰ ਗੱਲ ਵਿਚ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ।
“ਵਿਅਰਥ” ਦੇ ਮਗਰ ਨਾ ਲੱਗੋ
14. ਸਮੂਏਲ ਨੇ ਕਿਹੜੀ “ਵਿਅਰਥ” ਚੀਜ਼ ਬਾਰੇ ਚੇਤਾਵਨੀ ਦਿੱਤੀ?
14 ਹੁਣ ਕਲਪਨਾ ਕਰੋ ਕਿ ਤੁਸੀਂ ਸਫ਼ਰ ਕਰਦਿਆਂ ਵੱਡੇ ਉਜਾੜ ਵਿੱਚੋਂ ਦੀ ਲੰਘ ਰਹੇ ਹੋ। ਤੁਰਦਿਆਂ-ਤੁਰਦਿਆਂ ਤੁਹਾਨੂੰ ਦੂਰੋਂ ਪਾਣੀ ਨਜ਼ਰ ਆਉਂਦਾ ਹੈ, ਪਰ ਉੱਥੇ ਪਹੁੰਚਦਿਆਂ ਕੁਝ ਨਹੀਂ ਮਿਲਦਾ! ਕੀ ਹੋ ਸਕਦਾ ਹੈ ਜੇ ਤੁਸੀਂ ਉੱਧਰ ਨੂੰ ਮੁੜ ਗਏ ਜਿੱਧਰ ਤੁਹਾਡੇ ਭਾਣੇ ਪਾਣੀ ਹੈ? ਤੁਸੀਂ ਗੁਆਚ ਕੇ ਉਜਾੜ ਵਿਚ ਮਰ ਸਕਦੇ ਹੋ। ਇਸੇ ਤਰ੍ਹਾਂ ਯਹੋਵਾਹ ਜਾਣਦਾ ਹੈ ਕਿ ਵਿਅਰਥ ਚੀਜ਼ਾਂ ʼਤੇ ਭਰੋਸਾ ਕਰਨਾ ਖ਼ਤਰਨਾਕ ਹੈ। ਇਕ ਵਾਰ ਉਸ ਨੂੰ ਇਸਰਾਏਲੀਆਂ ਨੂੰ ਇਸ ਖ਼ਤਰੇ ਬਾਰੇ ਚੇਤਾਵਨੀ ਦੇਣੀ ਪਈ ਸੀ। ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਮਨੁੱਖੀ ਰਾਜੇ ਸਨ, ਸੋ ਇਸਰਾਏਲੀ ਵੀ ਰਾਜਾ ਚਾਹੁੰਦੇ ਸਨ। ਉਨ੍ਹਾਂ ਦੀ ਇਹ ਇੱਛਾ ਗੰਭੀਰ ਪਾਪ ਸੀ ਕਿਉਂਕਿ ਇਸ ਤੋਂ ਜ਼ਾਹਰ ਸੀ ਕਿ ਉਹ ਯਹੋਵਾਹ ਨੂੰ ਆਪਣਾ ਰਾਜਾ ਨਹੀਂ ਮੰਨਣਾ ਚਾਹੁੰਦੇ ਸਨ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਰਾਜਾ ਚੁਣਨ ਦੀ ਇਜਾਜ਼ਤ ਦੇ ਦਿੱਤੀ, ਪਰ ਨਾਲ ਦੀ ਨਾਲ ਉਨ੍ਹਾਂ ਨੂੰ ਨਬੀ ਸਮੂਏਲ ਰਾਹੀਂ “ਵਿਅਰਥ” ਚੀਜ਼ਾਂ ਦੇ ਮਗਰ ਲੱਗਣ ਦੇ ਖ਼ਤਰੇ ਬਾਰੇ ਚੇਤਾਵਨੀ ਵੀ ਦਿੱਤੀ। ਇਸ ਦੇ ਪਿੱਛੇ ਲੱਗਣ ਨਾਲ ਉਨ੍ਹਾਂ ਦੀ ਕੋਈ ਮਦਦ ਨਹੀਂ ਹੋ ਸਕੀ।—1 ਸਮੂ. 12:21 ਪੜ੍ਹੋ।
15. ਇਸਰਾਏਲੀ ਕਿਨ੍ਹਾਂ ਤਰੀਕਿਆਂ ਨਾਲ “ਵਿਅਰਥ” ਮਗਰ ਲੱਗ ਗਏ ਸਨ?
15 ਇਸਰਾਏਲੀਆਂ ਨੇ ਸ਼ਾਇਦ ਸੋਚਿਆ ਕਿ ਉਹ ਯਹੋਵਾਹ ਨਾਲੋਂ ਜ਼ਿਆਦਾ ਇਕ ਰਾਜੇ ਉੱਤੇ ਭਰੋਸਾ ਕਰ ਸਕਦੇ ਸਨ। ਜੇ ਇੱਦਾਂ ਸੀ, ਤਾਂ ਉਹ “ਵਿਅਰਥ” ਮਗਰ ਲੱਗ ਰਹੇ ਸਨ। ਉਨ੍ਹਾਂ ਲਈ ਇਕ ਵਿਅਰਥ ਚੀਜ਼ ʼਤੇ ਭਰੋਸਾ ਕਰਨ ਦਾ ਮਤਲਬ ਸੀ ਕਿ ਉਹ ਸੌਖਿਆਂ ਹੀ ਸ਼ਤਾਨ ਦੀਆਂ ਹੋਰ ਕਈ ਵਿਅਰਥ ਚੀਜ਼ਾਂ ʼਤੇ ਭਰੋਸਾ ਕਰ ਸਕਦੇ ਸਨ। ਮਿਸਾਲ ਲਈ, ਰਾਜਾ ਉਨ੍ਹਾਂ ਤੋਂ ਮੂਰਤਾਂ ਦੀ ਪੂਜਾ ਕਰਵਾ ਸਕਦਾ ਸੀ। ਮੂਰਤੀ-ਪੂਜਾ ਕਰਨ ਵਾਲੇ ਲੋਕ ਸੋਚਦੇ ਹਨ ਕਿ ਉਹ ਲੱਕੜ ਜਾਂ ਪੱਥਰਾਂ ਦੇ ਬਣੇ ਇਨ੍ਹਾਂ ਰੱਬਾਂ ਉੱਤੇ ਭਰੋਸਾ ਕਰ ਸਕਦੇ ਹਨ ਕਿਉਂਕਿ ਉਹ ਇਨ੍ਹਾਂ ਨੂੰ ਦੇਖ ਤੇ ਛੂਹ ਸਕਦੇ ਹਨ। ਉਹ ਨਾ ਦੇਖੇ ਜਾਣ ਵਾਲੇ ਪਰਮੇਸ਼ੁਰ ਯਹੋਵਾਹ ਉੱਤੇ ਭਰੋਸਾ ਨਹੀਂ ਕਰਦੇ ਜਿਸ ਨੇ ਸਾਰਾ ਕੁਝ ਸਿਰਜਿਆ ਹੈ। ਪਰ ਪੌਲੁਸ ਰਸੂਲ ਨੇ ਕਿਹਾ ਸੀ ਕਿ ਮੂਰਤਾਂ “ਕੁਝ ਨਹੀਂ” ਹਨ। (1 ਕੁਰਿੰ. 8:4) ਮੂਰਤੀਆਂ ਦੇਖ, ਸੁਣ, ਬੋਲ ਜਾਂ ਕੁਝ ਨਹੀਂ ਕਰ ਸਕਦੀਆਂ। ਇਸ ਲਈ ਮੂਰਤੀਆਂ ਦੀ ਪੂਜਾ ਸਿਰਫ਼ ਇਸ ਲਈ ਕਰਨੀ ਮੂਰਖਤਾ ਹੈ ਕਿਉਂਕਿ ਅਸੀਂ ਉਨ੍ਹਾਂ ਨੂੰ ਦੇਖ ਤੇ ਛੂਹ ਸਕਦੇ ਹਾਂ। ਮੂਰਤੀਆਂ ਕਿਸੇ ਦੀ ਮਦਦ ਨਹੀਂ ਕਰ ਸਕਦੀਆਂ। ਉਹ “ਵਿਅਰਥ” ਹਨ ਤੇ ਉਨ੍ਹਾਂ ਉੱਤੇ ਭਰੋਸਾ ਕਰਨ ਵਾਲੇ “ਉਨ੍ਹਾਂ ਹੀ ਵਰਗੇ ਹੋਣਗੇ।”—ਜ਼ਬੂ. 115:4-8.
16. (ੳ) ਸ਼ਤਾਨ ਅੱਜ ਲੋਕਾਂ ਨੂੰ “ਵਿਅਰਥ” ਚੀਜ਼ਾਂ ਮਗਰ ਕਿਵੇਂ ਲਾਉਂਦਾ ਹੈ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦੀ ਤੁਲਨਾ ਵਿਚ ਪੈਸਾ ਅਤੇ ਚੀਜ਼ਾਂ “ਵਿਅਰਥ” ਹਨ?
16 ਸ਼ਤਾਨ ਬਹੁਤ ਚਲਾਕ ਹੈ ਜੋ ਹਾਲੇ ਵੀ ਲੋਕਾਂ ਨੂੰ “ਵਿਅਰਥ” ਚੀਜ਼ਾਂ ਮਗਰ ਲਾਉਂਦਾ ਹੈ। ਮਿਸਾਲ ਲਈ, ਉਹ ਕਈ ਲੋਕਾਂ ਨੂੰ ਯਕੀਨ ਦਿਵਾਉਂਦਾ ਹੈ ਕਿ ਜੇ ਉਨ੍ਹਾਂ ਕੋਲ ਪੈਸਾ, ਚੰਗੀ ਨੌਕਰੀ ਅਤੇ ਕਈ ਵਧੀਆ ਚੀਜ਼ਾਂ ਹਨ, ਤਾਂ ਉਹ ਖ਼ੁਸ਼ ਅਤੇ ਸੁਰੱਖਿਅਤ ਰਹਿਣਗੇ। ਉਹ ਸੋਚਦੇ ਹਨ ਕਿ ਇਨ੍ਹਾਂ ਚੀਜ਼ਾਂ ਉੱਤੇ ਭਰੋਸਾ ਕਰ ਕੇ ਉਹ ਆਪਣੀਆਂ ਸਾਰੀਆਂ ਸਮੱਸਿਆਵਾਂ ਸੁਲਝਾ ਸਕਦੇ ਹਨ। ਪਰ ਬੀਮਾਰ ਹੋਣ ʼਤੇ, ਪੈਸੇ ਦੀ ਤੰਗੀ ਹੋਣ ʼਤੇ ਜਾਂ ਕੁਦਰਤੀ ਤਬਾਹੀ ਆਉਣ ʼਤੇ ਇਹ ਚੀਜ਼ਾਂ ਲੋਕਾਂ ਦੀ ਕਿੰਨੀ ਕੁ ਮਦਦ ਕਰਦੀਆਂ ਹਨ? ਕੀ ਇਹ ਚੀਜ਼ਾਂ ਜ਼ਿੰਦਗੀ ਨੂੰ ਕੋਈ ਮਕਸਦ ਦਿੰਦੀਆਂ ਹਨ ਜਾਂ ਜ਼ਿੰਦਗੀ ਦੇ ਜ਼ਰੂਰੀ ਸਵਾਲਾਂ ਦੇ ਜਵਾਬ ਦਿੰਦੀਆਂ ਹਨ? ਕੀ ਇਹ ਲੋਕਾਂ ਦੀ ਮਦਦ ਕਰ ਸਕਦੀਆਂ ਹਨ ਜਦੋਂ ਮੌਤ ਨੇੜੇ ਹੁੰਦੀ ਹੈ? ਪੈਸਿਆਂ ਅਤੇ ਚੀਜ਼ਾਂ ਉੱਤੇ ਭਰੋਸਾ ਕਰਨ ਨਾਲ ਸਾਡੇ ਹੱਥ ਨਿਰਾਸ਼ਾ ਹੀ ਲੱਗੇਗੀ। ਪੈਸੇ ਅਤੇ ਚੀਜ਼ਾਂ ਨਾਲ ਖ਼ੁਸ਼ੀ ਨਹੀਂ ਖ਼ਰੀਦੀ ਜਾ ਸਕਦੀ। ਇਹ “ਵਿਅਰਥ” ਚੀਜ਼ਾਂ ਸਾਨੂੰ ਬੀਮਾਰੀ ਤੇ ਮੌਤ ਤੋਂ ਨਹੀਂ ਬਚਾ ਸਕਦੀਆਂ। (ਕਹਾ. 23:4, 5) ਪਰ ਯਹੋਵਾਹ ਸੱਚਾ ਪਰਮੇਸ਼ੁਰ ਹੈ। ਇਸ ਲਈ ਜੇ ਯਹੋਵਾਹ ਨਾਲ ਸਾਡੀ ਦੋਸਤੀ ਪੱਕੀ ਹੈ, ਤਾਹੀਓਂ ਅਸੀਂ ਖ਼ੁਸ਼ ਅਤੇ ਸੁਰੱਖਿਅਤ ਰਹਿ ਸਕਦੇ ਹਾਂ। ਸਿਰਫ਼ ਉਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਮਦਦ ਕਰ ਸਕਦਾ ਹੈ। ਅਸੀਂ ਬਹੁਤ ਖ਼ੁਸ਼ ਹਾਂ ਕਿ ਉਹ ਸਾਡਾ ਦੋਸਤ ਹੈ ਅਤੇ ਅਸੀਂ ਕਦੇ ਵੀ ਉਸ ਨੂੰ ਛੱਡ ਕੇ “ਵਿਅਰਥ” ਚੀਜ਼ਾਂ ਮਗਰ ਨਹੀਂ ਲੱਗਣਾ ਚਾਹੁੰਦੇ!
17. ਇਸ ਲੇਖ ਵਿਚ ਦਿੱਤੀਆਂ ਚੇਤਾਵਨੀਆਂ ਬਾਰੇ ਜਾਣ ਕੇ ਤੁਸੀਂ ਕੀ ਕਰੋਗੇ?
17 ਅਸੀਂ ਖ਼ੁਸ਼ ਹਾਂ ਕਿ ਯਹੋਵਾਹ ਸਾਡਾ ਦੋਸਤ ਹੈ ਤੇ ਉਹ ਸਦਾ ਦੀ ਜ਼ਿੰਦਗੀ ਦੇ ਰਾਹ ਉੱਤੇ ਚੱਲਣ ਲਈ ਸਾਨੂੰ ਸੇਧ ਦਿੰਦਾ ਹੈ। ਜੇ ਅਸੀਂ ਉਸ ਦੀਆਂ ਚੇਤਾਵਨੀਆਂ ਵੱਲ ਧਿਆਨ ਦਿੰਦੇ ਰਹਾਂਗੇ, ਤਾਂ ਅਸੀਂ ਸਦਾ ਲਈ ਜੀਉਂਦੇ ਰਹਿ ਸਕਦੇ ਹਾਂ। ਇਸ ਲੇਖ ਵਿਚ ਅਸੀਂ ਤਿੰਨ ਖ਼ਤਰੇ ਦੇਖੇ ਹਨ ਜਿਨ੍ਹਾਂ ਕਾਰਨ ਲੋਕ ਕੁਰਾਹੇ ਪੈ ਸਕਦੇ ਹਨ: ਬਹੁਤਿਆਂ ਦੇ ਮਗਰ ਲੱਗਣਾ, ਆਪਣੇ ਦਿਲ ਅਨੁਸਾਰ ਚੱਲਣਾ ਅਤੇ “ਵਿਅਰਥ” ਚੀਜ਼ਾਂ ਮਗਰ ਲੱਗਣਾ। ਅਗਲੇ ਲੇਖ ਵਿਚ ਅਸੀਂ ਤਿੰਨ ਹੋਰ ਚੇਤਾਵਨੀਆਂ ਦੇਖਾਂਗੇ ਜੋ ਯਹੋਵਾਹ ਸਾਨੂੰ ਹਰ “ਝੂਠੇ ਮਾਰਗ” ਤੋਂ ਘਿਣ ਕਰਨ ਅਤੇ ਦੂਰ ਰਹਿਣ ਲਈ ਦਿੰਦਾ ਹੈ।—ਜ਼ਬੂ. 119:128.
ਤੁਹਾਡਾ ਕੀ ਖ਼ਿਆਲ ਹੈ?
ਤੁਸੀਂ ਇਨ੍ਹਾਂ ਹਵਾਲਿਆਂ ਵਿਚਲੇ ਸਿਧਾਂਤਾਂ ਨੂੰ ਕਿਵੇਂ ਵਰਤ ਸਕਦੇ ਹੋ?
• ਕੂਚ 23:2
[ਸਫ਼ਾ 11 ਉੱਤੇ ਤਸਵੀਰ]
ਕੀ ਤੁਸੀਂ “ਬਹੁਤਿਆਂ ਦੇ ਮਗਰ” ਲੱਗਣਾ ਚਾਹੁੰਦੇ ਹੋ?
[ਸਫ਼ਾ 13 ਉੱਤੇ ਤਸਵੀਰ]
ਆਪਣੇ ਮਨਾਂ ਅਤੇ ਅੱਖਾਂ ਮਗਰ ਲੱਗਣਾ ਕਿਉਂ ਖ਼ਤਰਨਾਕ ਹੈ?
[ਸਫ਼ਾ 14 ਉੱਤੇ ਤਸਵੀਰ]
ਕੀ ਤੁਸੀਂ “ਵਿਅਰਥ” ਮਗਰ ਲੱਗ ਰਹੇ ਹੋ?