ਪਾਠਕਾਂ ਵੱਲੋਂ ਸਵਾਲ
ਕੂਚ 23:19 ਵਿਚ ਲਿਖਿਆ ਹੈ: “ਤੂੰ ਪਠੋਰੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਰਿੰਨ੍ਹ।” ਅਸੀਂ ਇਸ ਪਾਬੰਦੀ ਤੋਂ ਕੀ ਸਿੱਖਦੇ ਹਾਂ?
ਬਾਈਬਲ ਵਿਚ ਇਸ ਹੁਕਮ ਦਾ ਜ਼ਿਕਰ ਤਿੰਨ ਵਾਰ ਮਿਲਦਾ ਹੈ। ਮੂਸਾ ਦੀ ਬਿਵਸਥਾ ਵਿਚ ਦਿੱਤੇ ਇਸ ਹੁਕਮ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਦਇਆਵਾਨ ਤੇ ਕੋਮਲ ਹੈ ਅਤੇ ਉਹ ਹਮੇਸ਼ਾ ਉਹੀ ਕਰਦਾ ਹੈ ਜੋ ਢੁਕਵਾਂ ਜਾਂ ਸਹੀ ਹੁੰਦਾ ਹੈ। ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਸ ਨੂੰ ਝੂਠੇ ਦੇਵਤਿਆਂ ਦੀ ਪੂਜਾ ਘਿਣਾਉਣੀ ਲੱਗਦੀ ਹੈ।—ਕੂਚ 34:26; ਬਿਵਸਥਾ ਸਾਰ 14:21.
ਲੇਲੇ ਜਾਂ ਹੋਰ ਕਿਸੇ ਜਾਨਵਰ ਦੇ ਬੱਚੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਉਬਾਲਣਾ ਯਹੋਵਾਹ ਦੇ ਬਣਾਏ ਕੁਦਰਤੀ ਨਿਯਮਾਂ ਦੇ ਬਿਲਕੁਲ ਉਲਟ ਸੀ। ਪਰਮੇਸ਼ੁਰ ਨੇ ਮਾਂ ਦਾ ਦੁੱਧ ਉਸ ਦੇ ਬੱਚਿਆਂ ਨੂੰ ਪਿਲਾਉਣ ਲਈ ਦਿੱਤਾ ਸੀ ਤਾਂਕਿ ਉਹ ਵਧ-ਫੁੱਲ ਸਕਣ। ਇਕ ਵਿਦਵਾਨ ਨੇ ਕਿਹਾ ਕਿ ਲੇਲੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਉਬਾਲਣਾ “ਉਸ ਕੁਦਰਤੀ ਤੇ ਪਵਿੱਤਰ ਰਿਸ਼ਤੇ ਦਾ ਅਪਮਾਨ ਸੀ ਜੋ ਪਰਮੇਸ਼ੁਰ ਨੇ ਮਾਪਿਆਂ ਤੇ ਬੱਚਿਆਂ ਵਿਚਕਾਰ ਸਥਾਪਿਤ ਕੀਤਾ ਸੀ।”
ਇਸ ਤੋਂ ਇਲਾਵਾ, ਕੁਝ ਵਿਦਵਾਨ ਕਹਿੰਦੇ ਹਨ ਕਿ ਪੁਰਾਣੇ ਜ਼ਮਾਨੇ ਵਿਚ ਗ਼ੈਰ-ਯਹੂਦੀ ਧਰਮਾਂ ਦੇ ਲੋਕ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਲੇਲੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਉਬਾਲਣ ਦੀ ਰਸਮ ਪੂਰੀ ਕਰਦੇ ਸਨ ਤਾਂਕਿ ਦੇਵਤੇ ਮੀਂਹ ਵਰ੍ਹਾਉਣ। ਜੇ ਇਹ ਗੱਲ ਸੱਚ ਹੈ, ਤਾਂ ਇਹ ਹੁਕਮ ਇਸਰਾਏਲੀਆਂ ਨੂੰ ਉਨ੍ਹਾਂ ਵਿਅਰਥ ਤੇ ਜ਼ਾਲਮਾਨਾ ਰੀਤਾਂ-ਰਸਮਾਂ ਤੋਂ ਬਚਾਉਂਦਾ ਸੀ ਜਿਨ੍ਹਾਂ ਉੱਤੇ ਗੁਆਂਢੀ ਕੌਮਾਂ ਦੇ ਲੋਕ ਚੱਲਦੇ ਸਨ। ਮੂਸਾ ਦੀ ਬਿਵਸਥਾ ਵਿਚ ਇਸਰਾਏਲੀਆਂ ਨੂੰ ਦੂਸਰੇ ਲੋਕਾਂ ਦੀਆਂ ਰੀਤਾਂ ਦੇ ਅਨੁਸਾਰ ਚੱਲਣ ਤੋਂ ਮਨ੍ਹਾ ਕੀਤਾ ਗਿਆ ਸੀ।—ਲੇਵੀਆਂ 20:23.
ਅਸੀਂ ਇਸ ਕਾਨੂੰਨ ਤੋਂ ਯਹੋਵਾਹ ਦੀ ਰਹਿਮ-ਦਿਲੀ ਬਾਰੇ ਵੀ ਸਿੱਖਦੇ ਹਾਂ। ਦਰਅਸਲ ਮੂਸਾ ਦੀ ਬਿਵਸਥਾ ਵਿਚ ਹੋਰ ਵੀ ਕਈ ਇਹੋ ਜਿਹੇ ਹੁਕਮ ਸਨ ਜੋ ਇਸਰਾਏਲੀਆਂ ਨੂੰ ਜਾਨਵਰਾਂ ਤੇ ਜ਼ੁਲਮ ਕਰਨ ਅਤੇ ਕੁਦਰਤੀ ਨਿਯਮਾਂ ਦੇ ਉਲਟ ਜਾਣ ਤੋਂ ਰੋਕਦੇ ਸਨ। ਮਿਸਾਲ ਵਜੋਂ, ਬਿਵਸਥਾ ਵਿਚ ਦੱਸਿਆ ਗਿਆ ਸੀ ਕਿ ਇਕ ਨਵੇਂ ਜੰਮੇ ਜਾਨਵਰ ਨੂੰ ਸੱਤ ਦਿਨਾਂ ਤਕ ਉਸ ਦੀ ਮਾਂ ਦੇ ਨਾਲ ਰੱਖਿਆ ਜਾਣਾ ਸੀ। ਉਸ ਤੋਂ ਬਾਅਦ ਹੀ ਉਸ ਜਾਨਵਰ ਦੀ ਬਲੀ ਚੜ੍ਹਾਈ ਜਾ ਸਕਦੀ ਸੀ। ਇਸ ਤੋਂ ਇਲਾਵਾ, ਮਾਦਾ ਜਾਨਵਰ ਨੂੰ ਉਸ ਦੇ ਬੱਚੇ ਸਮੇਤ ਇੱਕੋ ਦਿਨ ਨਹੀਂ ਵੱਢਿਆ ਜਾਣਾ ਚਾਹੀਦਾ ਸੀ ਅਤੇ ਕਿਸੇ ਪੰਛੀ ਨੂੰ ਉਸ ਦੇ ਆਂਡਿਆਂ ਜਾਂ ਬੱਚਿਆਂ ਦੇ ਨਾਲ ਹੀ ਨਹੀਂ ਚੁੱਕਿਆ ਜਾਣਾ ਚਾਹੀਦਾ ਸੀ।—ਲੇਵੀਆਂ 22:27, 28; ਬਿਵਸਥਾ ਸਾਰ 22:6, 7.
ਸਪੱਸ਼ਟ ਤੌਰ ਤੇ ਮੂਸਾ ਦੀ ਬਿਵਸਥਾ ਸਿਰਫ਼ ਗੁੰਝਲਦਾਰ ਕਾਨੂੰਨਾਂ ਤੇ ਪਾਬੰਦੀਆਂ ਦੀ ਇਕ ਲੰਬੀ-ਚੌੜੀ ਲਿਸਟ ਨਹੀਂ ਸੀ। ਇਸ ਵਿੱਚੋਂ ਅਸੀਂ ਉੱਚੇ ਨੈਤਿਕ ਮਿਆਰ ਸਿੱਖਦੇ ਹਾਂ ਜਿਨ੍ਹਾਂ ਤੋਂ ਯਹੋਵਾਹ ਪਰਮੇਸ਼ੁਰ ਦੇ ਸ਼ਾਨਦਾਰ ਗੁਣ ਜ਼ਾਹਰ ਹੁੰਦੇ ਹਨ।—ਜ਼ਬੂਰਾਂ ਦੀ ਪੋਥੀ 19:7-11.
[ਸਫ਼ਾ 31 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
© Timothy O’Keefe/Index Stock Imagery