ਯਹੋਵਾਹ ਦਾ ਬਚਨ ਜੀਉਂਦਾ ਹੈ
ਕੂਚ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
ਕੂਚ ਦੀ ਕਿਤਾਬ ਵਿਚ ਅਸੀਂ ਜੋ ਗੱਲਾਂ ਪੜ੍ਹਦੇ ਹਾਂ ਇਹ ਸੱਚ-ਮੁੱਚ ਬੀਤੀਆਂ ਸਨ। ਇਸ ਵਿਚ ਉਨ੍ਹਾਂ ਇਸਰਾਏਲੀਆਂ ਦੇ ਮਿਸਰ ਵਿੱਚੋਂ ਬਚ ਨਿਕਲਣ ਬਾਰੇ ਲਿਖਿਆ ਗਿਆ ਹੈ ਜਿਨ੍ਹਾਂ ਤੋਂ “ਕਰੜਾਈ ਨਾਲ ਟਹਿਲ” ਕਰਾਈ ਗਈ ਸੀ। (ਕੂਚ 1:13) ਇਸ ਵਿਚ ਹੋਰ ਕੀ ਹੈ? ਇਸਰਾਏਲ ਕੌਮ ਦਾ ਜਨਮ, ਵੱਡੇ-ਵੱਡੇ ਚਮਤਕਾਰ, ਪੂਜਾ ਕਰਨ ਲਈ ਇਕ ਡੇਹਰੇ ਦਾ ਉਸਾਰਿਆ ਜਾਣਾ ਅਤੇ ਸਭ ਤੋਂ ਵਧੀਆ ਕਾਨੂੰਨਾਂ ਦੀ ਸਥਾਪਨਾ। ਕੂਚ ਦੀ ਕਿਤਾਬ ਵਿਚ ਇਹ ਖ਼ਾਸ ਗੱਲਾਂ ਪਾਈਆਂ ਗਈਆਂ ਹਨ।
ਇਬਰਾਨੀ ਨਬੀ ਮੂਸਾ ਨੇ ਇਹ ਕਿਤਾਬ ਲਿਖੀ ਸੀ ਅਤੇ ਇਸ ਵਿਚ ਇਸਰਾਏਲੀਆਂ ਦੇ 145 ਸਾਲਾਂ ਦਾ ਇਤਿਹਾਸ ਪਾਇਆ ਜਾਂਦਾ ਹੈ। ਇਹ ਸਮਾਂ 1657 ਸਾ.ਯੁ.ਪੂ. ਵਿਚ ਯੂਸੁਫ਼ ਦੀ ਮੌਤ ਤੋਂ ਲੈ ਕੇ 1512 ਸਾ.ਯੁ.ਪੂ. ਵਿਚ ਡੇਹਰੇ ਦੇ ਉਸਾਰੇ ਜਾਣ ਤਕ ਹੈ। ਪਰ ਇਹ ਇਤਿਹਾਸ ਸਿਰਫ਼ ਦਿਲਚਸਪ ਗੱਲਾਂ ਹੀ ਨਹੀਂ ਹਨ ਸਗੋਂ ਇਹ ਪਰਮੇਸ਼ੁਰ ਵੱਲੋਂ ਮਨੁੱਖਜਾਤੀ ਲਈ ਇਕ ਸੁਨੇਹਾ ਹੈ ਅਤੇ ਉਸ ਦੇ ਬਚਨ ਦਾ ਹਿੱਸਾ ਹੈ। ਇਸ ਲਈ ਇਹ ਕਿਤਾਬ ਵੀ ‘ਜੀਉਂਦੀ ਅਤੇ ਗੁਣਕਾਰ’ ਹੈ। (ਇਬਰਾਨੀਆਂ 4:12) ਇਸ ਲਈ, ਕੂਚ ਦੀ ਕਿਤਾਬ ਸਾਡੇ ਲਈ ਵੀ ਖ਼ਾਸ ਮਾਅਨੇ ਰੱਖਦੀ ਹੈ।
“ਪਰਮੇਸ਼ੁਰ ਨੇ ਉਨ੍ਹਾਂ ਦੀ ਹੂੰਗ ਸੁਣੀ”
ਯਾਕੂਬ ਦੀ ਔਲਾਦ ਮਿਸਰ ਵਿਚ ਇੰਨੀ ਤੇਜ਼ੀ ਨਾਲ ਵਧੀ-ਫੁੱਲੀ ਕਿ ਮਿਸਰ ਦੇ ਫ਼ਿਰਊਨ ਨੇ ਉਨ੍ਹਾਂ ਨੂੰ ਗ਼ੁਲਾਮ ਬਣਾਉਣ ਦਾ ਫ਼ਰਮਾਨ ਦਿੱਤਾ। ਫ਼ਿਰਊਨ ਨੇ ਇਹ ਵੀ ਹੁਕਮ ਦਿੱਤਾ ਕਿ ਇਸਰਾਏਲੀਆਂ ਦੇ ਸਾਰੇ ਨਵ-ਜੰਮੇ ਮੁੰਡੇ ਜਾਨੋਂ ਮਾਰੇ ਜਾਣ। ਪਰ ਇਕ ਤਿੰਨ ਮਹੀਨਿਆਂ ਦਾ ਬੱਚਾ ਇਸ ਆਫ਼ਤ ਤੋਂ ਬਚ ਨਿਕਲਿਆ। ਇਹ ਬੱਚਾ ਫ਼ਿਰਊਨ ਦੀ ਧੀ ਨੂੰ ਲੱਭ ਪਿਆ ਅਤੇ ਉਸ ਨੇ ਉਸ ਨੂੰ ਗੋਦ ਲੈ ਲਿਆ। ਭਾਵੇਂ ਇਹ ਬੱਚਾ ਯਾਨੀ ਮੂਸਾ ਸ਼ਾਹੀ ਖ਼ਾਨਦਾਨ ਵਿਚ ਪਲਿਆ ਸੀ, ਪਰ 40 ਸਾਲਾਂ ਦੀ ਉਮਰ ਤੇ ਉਸ ਨੇ ਆਪਣੇ ਲੋਕਾਂ ਦਾ ਪੱਖ ਲੈ ਕੇ ਇਕ ਮਿਸਰੀ ਨੂੰ ਜਾਨੋਂ ਮਾਰ ਦਿੱਤਾ। (ਰਸੂਲਾਂ ਦੇ ਕਰਤੱਬ 7:23, 24) ਇਸ ਤੋਂ ਬਾਅਦ ਉਸ ਨੂੰ ਮਿਦਯਾਨ ਦੇਸ਼ ਨੂੰ ਭੱਜਣਾ ਪਿਆ ਜਿੱਥੇ ਉਸ ਨੇ ਵਿਆਹ ਕਰਾਇਆ ਤੇ ਉਹ ਇਕ ਅਯਾਲੀ ਬਣਿਆ। ਫਿਰ ਇਕ ਬਲਦੀ ਝਾੜੀ ਵਿੱਚੋਂ ਯਹੋਵਾਹ ਨੇ ਉਸ ਨੂੰ ਮਿਸਰ ਮੁੜ ਕੇ ਜਾਣ ਤੇ ਇਸਰਾਏਲੀਆਂ ਨੂੰ ਗ਼ੁਲਾਮੀ ਤੋਂ ਛੁਡਾਉਣ ਲਈ ਕਿਹਾ। ਇਸ ਦੇ ਨਾਲ-ਨਾਲ ਯਹੋਵਾਹ ਨੇ ਉਸ ਦੇ ਭਰਾ ਹਾਰੂਨ ਨੂੰ ਉਸ ਦੇ ਲਈ ਗੱਲ ਕਰਨ ਲਈ ਨਿਯੁਕਤ ਕੀਤਾ।
ਕੁਝ ਸਵਾਲਾਂ ਦੇ ਜਵਾਬ:
3:1—ਯਿਥਰੋ ਨੂੰ ਪੁਜਾਰੀ ਕਿਉਂ ਕਿਹਾ ਗਿਆ ਸੀ? ਉਸ ਦੇ ਜ਼ਮਾਨੇ ਵਿਚ ਪਿਤਾ ਆਪਣੇ ਪਰਿਵਾਰ ਲਈ ਪੁਜਾਰੀ ਦੀ ਹੈਸੀਅਤ ਵਿਚ ਸੇਵਾ ਕਰਦਾ ਸੀ। ਜ਼ਾਹਰ ਹੈ ਕਿ ਯਿਥਰੋ ਮਿਦਯਾਨੀਆਂ ਦੇ ਕਿਸੇ ਕਬੀਲੇ ਦਾ ਮੁਖੀਆ ਸੀ। ਮਿਦਯਾਨੀ ਲੋਕ ਅਬਰਾਹਾਮ ਦੀ ਤੀਵੀਂ ਕਟੂਰਾਹ ਦੀ ਔਲਾਦ ਸਨ, ਇਸ ਲਈ ਉਹ ਯਹੋਵਾਹ ਦੀ ਉਪਾਸਨਾ ਤੋਂ ਸ਼ਾਇਦ ਜਾਣੂ ਸਨ।—ਉਤਪਤ 25:1, 2.
4:11—ਯਹੋਵਾਹ ਕਿਸ ਤਰ੍ਹਾਂ ਕਿਸੇ ਨੂੰ ‘ਗੁੰਗਾ ਯਾ ਬੋਲਾ ਯਾ ਅੰਨ੍ਹਾ ਬਣਾਉਂਦਾ ਹੈ’? ਭਾਵੇਂ ਕਿ ਯਹੋਵਾਹ ਨੇ ਕਦੀ-ਕਦਾਈਂ ਕਿਸੇ ਨੂੰ ਗੁੰਗਾ ਜਾਂ ਅੰਨ੍ਹਾ ਕੀਤਾ ਹੈ, ਪਰ ਇਸ ਦਾ ਇਹ ਨਹੀਂ ਮਤਲਬ ਕਿ ਸਾਰੇ ਗੁੰਗਿਆਂ, ਬੋਲ਼ਿਆਂ ਜਾਂ ਅੰਨ੍ਹਿਆਂ ਦੀਆਂ ਅਜਿਹੀਆਂ ਕਮਜ਼ੋਰੀਆਂ ਪਿੱਛੇ ਉਸ ਦਾ ਹੱਥ ਹੈ। (ਉਤਪਤ 19:11; ਲੂਕਾ 1:20-22, 62-64) ਲੋਕਾਂ ਨੂੰ ਵਿਰਸੇ ਵਿਚ ਹਾਸਲ ਕੀਤੇ ਪਾਪ ਕਾਰਨ ਇਸ ਤਰ੍ਹਾਂ ਦੀਆਂ ਮਜਬੂਰੀਆਂ ਮਿਲਦੀਆਂ ਹਨ। (ਅੱਯੂਬ 14:4; ਰੋਮੀਆਂ 5:12) ਯਹੋਵਾਹ ਨੇ ਇਹ ਹਾਲਾਤ ਹੋਣ ਦਿੱਤੇ ਹਨ, ਇਸ ਲਈ ਉਹ ਆਪਣੇ ਬਾਰੇ ਕਹਿ ਸਕਦਾ ਹੈ ਕਿ ਉਹ ਗੁੰਗੇ, ਬੋਲ਼ੇ ਅਤੇ ਅੰਨ੍ਹੇ ਨੂੰ “ਬਣਾਉਂਦਾ” ਹੈ।
4:16—ਮੂਸਾ ਹਾਰੂਨ ਲਈ “ਪਰਮੇਸ਼ੁਰ ਜਿਹਾ” ਕਿਸ ਤਰ੍ਹਾਂ ਹੋਇਆ? ਮੂਸਾ ਪਰਮੇਸ਼ੁਰ ਦਾ ਏਲਚੀ ਸੀ। ਇਸ ਕਰਕੇ ਮੂਸਾ ਹਾਰੂਨ ਲਈ “ਪਰਮੇਸ਼ੁਰ ਜਿਹਾ” ਬਣਿਆ ਕਿਉਂਕਿ ਹਾਰੂਨ ਨੇ ਮੂਸਾ ਲਈ ਗੱਲ ਕਰਨੀ ਸੀ।
ਸਾਡੇ ਲਈ ਸਬਕ:
1:7,14. ਜਦ ਯਹੋਵਾਹ ਦੇ ਲੋਕਾਂ ਨੂੰ ਮਿਸਰ ਵਿਚ ਸਤਾਇਆ ਗਿਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਸਹਾਰਾ ਦਿੱਤਾ ਸੀ। ਇਸੇ ਤਰ੍ਹਾਂ ਸਖ਼ਤ ਜ਼ੁਲਮ ਦੇ ਸਮੇਂ ਅੱਜ ਵੀ ਉਹ ਆਪਣੇ ਸੇਵਕਾਂ ਦੀ ਦੇਖ-ਭਾਲ ਕਰਦਾ ਹੈ।
1:17-21. ਯਹੋਵਾਹ ਸਾਨੂੰ ਸਾਡੀ “ਭਲਿਆਈ” ਲਈ ਚੇਤੇ ਰੱਖਦਾ ਹੈ।—ਨਹਮਯਾਹ 13:31.
3:7-10. ਯਹੋਵਾਹ ਆਪਣੇ ਲੋਕਾਂ ਦੀ ਦੁਹਾਈ ਸੁਣਦਾ ਹੈ।
3:14. ਯਹੋਵਾਹ ਹਮੇਸ਼ਾ ਆਪਣੇ ਮਕਸਦ ਪੂਰੇ ਕਰਦਾ ਹੈ। ਇਸ ਲਈ ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਉਸ ਦੇ ਬਚਨ ਵਿਚ ਜਿਨ੍ਹਾਂ ਵਾਅਦਿਆਂ ਤੇ ਅਸੀਂ ਆਸ ਲਾਈ ਬੈਠੇ ਹਾਂ, ਉਹ ਜਲਦੀ ਹੀ ਇਨ੍ਹਾਂ ਸਾਰਿਆਂ ਨੂੰ ਪੂਰਾ ਕਰੇਗਾ।a
4:10, 13. ਮੂਸਾ ਨੂੰ ਆਪਣੀ ਬੋਲਣ ਦੀ ਕਾਬਲੀਅਤ ਵਿਚ ਇੰਨਾ ਥੋੜ੍ਹਾ ਵਿਸ਼ਵਾਸ ਸੀ ਕਿ ਜਦ ਯਹੋਵਾਹ ਨੇ ਕਿਹਾ ਕਿ ਉਹ ਉਸ ਦੀ ਮਦਦ ਕਰੇਗਾ, ਫਿਰ ਵੀ ਮੂਸਾ ਨੇ ਹੋਰ ਕਿਸੇ ਨੂੰ ਭੇਜਣ ਲਈ ਯਹੋਵਾਹ ਤੋਂ ਬੇਨਤੀ ਕੀਤੀ। ਹੋਰ ਕਿਸੇ ਨੂੰ ਭੇਜਣ ਦੀ ਬਜਾਇ ਯਹੋਵਾਹ ਨੇ ਮੂਸਾ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਜੋਗੀ ਬੁੱਧ ਅਤੇ ਤਾਕਤ ਦਿੱਤੀ। ਤਾਂ ਫਿਰ, ਆਓ ਆਪਾਂ ਵੀ ਆਪਣੀਆਂ ਕਮੀਆਂ ਦੀ ਚਿੰਤਾ ਕਰਨ ਦੀ ਬਜਾਇ ਯਹੋਵਾਹ ਤੇ ਭਰੋਸਾ ਰੱਖ ਕੇ ਵਫ਼ਾਦਾਰੀ ਨਾਲ ਆਪਣੀ ਪ੍ਰਚਾਰ ਕਰਨ ਤੇ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਨਿਭਾਈਏ।—ਮੱਤੀ 24:14; 28:19, 20.
ਵੱਡੇ-ਵੱਡੇ ਚਮਤਕਾਰਾਂ ਤੋਂ ਬਾਅਦ ਛੁਟਕਾਰਾ
ਮੂਸਾ ਅਤੇ ਹਾਰੂਨ ਨੇ ਫ਼ਿਰਊਨ ਦੇ ਅੱਗੇ ਦਾਖ਼ਲ ਹੋ ਕੇ ਉਸ ਤੋਂ ਇਸਰਾਏਲੀਆਂ ਨੂੰ ਉਜਾੜ ਵਿਚ ਲੈ ਜਾਣ ਦੀ ਇਜਾਜ਼ਤ ਮੰਗੀ ਤਾਂਕਿ ਉਹ ਯਹੋਵਾਹ ਦਾ ਪਰਬ ਮਨਾ ਸਕਣ। ਫ਼ਿਰਊਨ ਨੇ ਕਠੋਰ ਢੰਗ ਨਾਲ ਇਨਕਾਰ ਕਰ ਦਿੱਤਾ। ਯਹੋਵਾਹ ਨੇ ਮੂਸਾ ਰਾਹੀਂ ਮਿਸਰ ਉੱਤੇ ਇਕ ਆਫ਼ਤ ਤੋਂ ਬਾਅਦ ਦੂਜੀ ਆਫ਼ਤ ਲਿਆਂਦੀ। ਸਿਰਫ਼ ਦਸਵੀਂ ਬਵਾ ਤੋਂ ਬਾਅਦ ਹੀ ਫ਼ਿਰਊਨ ਨੇ ਇਸਰਾਏਲੀਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ। ਪਰ ਜਦ ਇਸਰਾਏਲੀ ਉਜਾੜ ਵੱਲ ਨਿਕਲੇ ਹੀ ਸਨ, ਤਾਂ ਫ਼ਿਰਊਨ ਆਪਣੀ ਸੈਨਾ ਦੇ ਨਾਲ ਉਨ੍ਹਾਂ ਦਾ ਪਿੱਛਾ ਕਰਨ ਆਇਆ। ਯਹੋਵਾਹ ਨੇ ਆਪਣੇ ਲੋਕਾਂ ਲਈ ਲਾਲ ਸਮੁੰਦਰ ਵਿਚੀਂ ਇਕ ਰਾਹ ਖੋਲ੍ਹਿਆ ਪਰ ਜਦ ਮਿਸਰੀ ਫ਼ੌਜ ਉਨ੍ਹਾਂ ਦੇ ਪਿੱਛੇ ਆਈ, ਤਾਂ ਸਮੁੰਦਰ ਦੇ ਪਾਣੀ ਉਨ੍ਹਾਂ ਤੇ ਡਿਗੇ ਤੇ ਉਨ੍ਹਾਂ ਨੂੰ ਡੋਬ ਕੇ ਮਾਰ ਦਿੱਤਾ।
ਕੁਝ ਸਵਾਲਾਂ ਦੇ ਜਵਾਬ:
6:3—ਅਬਰਾਹਾਮ, ਇਸਹਾਕ, ਅਤੇ ਯਾਕੂਬ ਨੂੰ ਯਹੋਵਾਹ ਦਾ ਨਾਂ ਕਿਸ ਤਰੀਕੇ ਨਾਲ ਪ੍ਰਗਟ ਨਹੀਂ ਹੋਇਆ? ਇਨ੍ਹਾਂ ਆਦਮੀਆਂ ਨੇ ਪਰਮੇਸ਼ੁਰ ਦਾ ਨਾਂ ਵਰਤਿਆ ਸੀ ਅਤੇ ਯਹੋਵਾਹ ਨੇ ਉਨ੍ਹਾਂ ਨਾਲ ਕਈ ਵਾਅਦੇ ਵੀ ਕੀਤੇ ਸਨ। ਪਰ ਉਨ੍ਹਾਂ ਨੇ ਇਨ੍ਹਾਂ ਵਾਅਦਿਆਂ ਨੂੰ ਪੂਰਿਆਂ ਹੁੰਦਿਆਂ ਨਹੀਂ ਦੇਖਿਆ ਅਤੇ ਇਸ ਕਰਕੇ ਯਹੋਵਾਹ ਦੇ ਨਾਂ ਦਾ ਅਸਲੀ ਮਤਲਬ ਨਹੀਂ ਜਾਣਿਆ।—ਉਤਪਤ 12:1, 2; 15:7, 13-16; 26:24; 28:10-15.
7:1—ਮੂਸਾ ਨੂੰ ‘ਫ਼ਿਰਊਨ ਲਈ ਪਰਮੇਸ਼ੁਰ ਜਿਹਾ’ ਕਿਸ ਤਰ੍ਹਾਂ ਠਹਿਰਾਇਆ ਗਿਆ ਸੀ? ਮੂਸਾ ਨੂੰ ਪਰਮੇਸ਼ੁਰ ਵੱਲੋਂ ਅਧਿਕਾਰ ਤੇ ਸ਼ਕਤੀ ਮਿਲੀ ਸੀ। ਇਸ ਲਈ ਮੂਸਾ ਨੂੰ ਫ਼ਿਰਊਨ ਤੋਂ ਡਰਨ ਦੀ ਕੋਈ ਲੋੜ ਨਹੀਂ ਸੀ।
7:22—ਮਿਸਰ ਦੇ ਜਾਦੂਗਰਾਂ ਨੂੰ ਸਾਫ਼ ਪਾਣੀ ਕਿੱਥੋਂ ਮਿਲਿਆ ਸੀ, ਜਿਹੜਾ ਖ਼ੂਨ ਵਿਚ ਨਹੀਂ ਬਦਲਿਆ ਗਿਆ ਸੀ? ਸ਼ਾਇਦ ਉਨ੍ਹਾਂ ਕੋਲ ਨੀਲ ਦਰਿਆ ਤੋਂ ਪਹਿਲਾਂ ਕੱਢਿਆ ਹੋਇਆ ਪਾਣੀ ਸੀ ਜੋ ਖ਼ੂਨ ਵਿਚ ਨਹੀਂ ਬਦਲਿਆ ਸੀ। ਇਹ ਵੀ ਸਪੱਸ਼ਟ ਹੈ ਕਿ ਸਾਫ਼ ਪਾਣੀ ਨੀਲ ਦਰਿਆ ਦੇ ਆਲੇ-ਦੁਆਲੇ ਖੂਹੀਆਂ ਪੁੱਟ ਕੇ ਕੱਢਿਆ ਜਾ ਸਕਦਾ ਸੀ।—ਕੂਚ 7:24.
8:26, 27—ਮੂਸਾ ਨੇ ਕਿਉਂ ਕਿਹਾ ਸੀ ਕਿ ਇਸਰਾਏਲੀਆਂ ਦੀਆਂ ਬਲੀਆਂ ‘ਮਿਸਰੀਆਂ ਦੀਆਂ ਅੱਖਾਂ ਦੇ ਅੱਗੇ ਘਿਣਾਉਣੀਆਂ’ ਲੱਗਣੀਆਂ ਸਨ? ਮਿਸਰ ਵਿਚ ਕਈ ਵੱਖਰੇ-ਵੱਖਰੇ ਜਾਨਵਰਾਂ ਦੀ ਪੂਜਾ ਕੀਤੀ ਜਾਂਦੀ ਸੀ। ਇਸ ਤਰ੍ਹਾਂ ਮੂਸਾ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਣ ਦੀ ਗੱਲ ਕਰ ਕੇ ਫ਼ਿਰਊਨ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਨ੍ਹਾਂ ਨੂੰ ਉਜਾੜ ਵਿਚ ਘੱਲਿਆ ਜਾਣਾ ਚਾਹੀਦਾ ਸੀ।
12:29—ਕਿਨ੍ਹਾਂ ਨੂੰ ਜੇਠਾ ਸਮਝਿਆ ਜਾਂਦਾ ਸੀ? ਸਿਰਫ਼ ਮੁੰਡਿਆਂ ਨੂੰ ਹੀ ਜੇਠੇ ਸਮਝਿਆ ਜਾਂਦਾ ਸੀ। (ਗਿਣਤੀ 3:40-51) ਭਾਵੇਂ ਕਿ ਫ਼ਿਰਊਨ ਜੇਠਾ ਸੀ ਉਹ ਜਾਨੋਂ ਨਹੀਂ ਮਾਰਿਆ ਗਿਆ ਸੀ। ਉਸ ਦਾ ਆਪਣਾ ਪਰਿਵਾਰ ਸੀ। ਦਸਵੀਂ ਬਵਾ ਕਰਕੇ ਪਰਿਵਾਰ ਦਾ ਮੁਖੀਆ ਨਹੀਂ ਪਰ ਜੇਠਾ ਪੱਤਰ ਮਰਿਆ ਸੀ।
12:40—ਇਸਰਾਏਲੀ ਮਿਸਰ ਦੇਸ਼ ਵਿਚ ਕਿੰਨੇ ਚਿਰ ਲਈ ਰਹੇ ਸਨ? ਇਸਰਾਏਲੀਆਂ ਨੇ “ਮਿਸਰ ਦੇਸ਼ ਵਿਚ ਅਤੇ ਕਨਾਨ ਦੇਸ਼ ਵਿਚ” ਵੀ ਸਮਾਂ ਬਿਤਾਇਆ ਸੀ। ਉਨ੍ਹਾਂ ਨੇ ਕੁਲ ਮਿਲਾ ਕੇ ਇਨ੍ਹਾਂ ਦੇਸ਼ਾਂ ਵਿਚ 430 ਸਾਲ ਬਿਤਾਏ। (ਰੈਫ਼ਰੈਂਸ ਬਾਈਬਲ, ਫੁਟਨੋਟ) ਅਬਰਾਹਾਮ 75 ਸਾਲਾਂ ਦਾ ਸੀ ਜਦ ਉਸ ਨੇ 1943 ਸਾ.ਯੁ.ਪੂ. ਵਿਚ ਕਨਾਨ ਨੂੰ ਜਾਂਦੇ ਹੋਏ ਫਰਾਤ ਦਰਿਆ ਪਾਰ ਕੀਤਾ ਸੀ। (ਉਤਪਤ 12:4) ਉਸ ਸਮੇਂ ਤੋਂ ਲੈ ਕੇ ਯਾਕੂਬ ਦੇ 130 ਸਾਲਾਂ ਦੀ ਉਮਰ ਤੇ ਮਿਸਰ ਵਿਚ ਵੜਨ ਤਕ 215 ਸਾਲ ਬੀਤ ਗਏ ਸਨ। (ਉਤਪਤ 21:5; 25:26; 47:9) ਇਸ ਦਾ ਮਤਲਬ ਹੈ ਕਿ ਇਸਰਾਏਲੀਆਂ ਨੇ ਕਨਾਨ ਦੇਸ਼ ਵਿਚ 215 ਸਾਲ ਬਿਤਾਉਣ ਤੋਂ ਬਾਅਦ ਮਿਸਰ ਵਿਚ ਵੀ 215 ਸਾਲ ਗੁਜ਼ਾਰੇ ਸਨ।
15:8—ਕੀ ਲਾਲ ਸਮੁੰਦਰ ਦੇ ਪਾਣੀ ਬਰਫ਼ ਬਣ ਕੇ “ਜੰਮ” ਗਏ ਸਨ? ਜਿਸ ਇਬਰਾਨੀ ਕ੍ਰਿਆ ਦਾ ਤਰਜਮਾ “ਜੰਮ” ਕੀਤਾ ਗਿਆ ਹੈ, ਉਸ ਦਾ ਮਤਲਬ ਸੁੰਗੜਨਾ ਜਾਂ ਸੰਘਣਾ ਹੋਣਾ ਹੈ। ਅੱਯੂਬ 10:10 ਵਿਚ ਇਹ ਸ਼ਬਦ ਦਹੀਂ ਬਣਾਉਣ ਦੇ ਸੰਬੰਧ ਵਿਚ ਵਰਤਿਆ ਗਿਆ ਹੈ। ਤਾਂ ਫਿਰ ਇਹ ਜ਼ਰੂਰੀ ਨਹੀਂ ਕਿ ਪਾਣੀ ਬਰਫ਼ ਬਣ ਕੇ ਜੰਮੇ ਸਨ। ਜੇ ਕੂਚ 14:21 ਵਿਚ ਜ਼ਿਕਰ ਕੀਤੀ ਗਈ “ਤੇਜ ਪੁਰੇ ਦੀ ਹਵਾ” ਇੰਨੀ ਠੰਢੀ ਸੀ ਕਿ ਉਸ ਨੇ ਲਾਲ ਸਮੁੰਦਰ ਨੂੰ ਬਰਫ਼ ਬਣਾ ਦਿੱਤਾ ਸੀ, ਤਾਂ ਇਸ ਹਵਾਲੇ ਵਿਚ ਠੰਢ ਬਾਰੇ ਵੀ ਕੁਝ-ਨ-ਕੁਝ ਕਿਹਾ ਗਿਆ ਹੋਣਾ ਸੀ। ਕਿਉਂ ਜੋ ਪਾਣੀ ਨੂੰ ਰੋਕੀ ਰੱਖਣ ਲਈ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ ਸੀ, ਇਸ ਤਰ੍ਹਾਂ ਲੱਗਦਾ ਸੀ ਕਿ ਪਾਣੀ ਕਿਸੇ ਤਰ੍ਹਾਂ ਜੰਮ ਗਏ ਸਨ।
ਸਾਡੇ ਲਈ ਸਬਕ:
7:14–12:30. ਦਸ ਬਵਾਂ ਆਪਣੇ ਆਪ ਅਚਾਨਕ ਹੋਣ ਵਾਲੀਆਂ ਘਟਨਾਵਾਂ ਨਹੀਂ ਸਨ। ਇਨ੍ਹਾਂ ਦੇ ਹੋਣ ਤੋਂ ਪਹਿਲਾਂ ਇਨ੍ਹਾਂ ਬਾਰੇ ਦੱਸਿਆ ਗਿਆ ਸੀ ਅਤੇ ਇਹ ਐਨ ਉਸੇ ਤਰ੍ਹਾਂ ਹੋਈਆਂ ਜਿਸ ਤਰ੍ਹਾਂ ਇਨ੍ਹਾਂ ਬਾਰੇ ਭਵਿੱਖਬਾਣੀ ਕੀਤੀ ਸੀ। ਇਨ੍ਹਾਂ ਘਟਨਾਵਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਡਾ ਸਿਰਜਣਹਾਰ ਪਾਣੀ, ਧੁੱਪ, ਕੀੜੇ-ਮਕੌੜੇ, ਜਾਨਵਰ ਅਤੇ ਇਨਸਾਨਾਂ ਤੇ ਪੂਰਾ ਕੰਟ੍ਰੋਲ ਰੱਖ ਸਕਦਾ ਹੈ! ਦਸ ਬਵਾਂ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਪਰਮੇਸ਼ੁਰ ਆਪਣੇ ਉਪਾਸਕਾਂ ਦੀ ਰੱਖਿਆ ਕਰਦੇ ਹੋਏ ਆਪਣੇ ਵੈਰੀਆਂ ਤੇ ਕਸ਼ਟ ਲਿਆ ਸਕਦਾ ਹੈ।
11:2; 12:36. ਯਹੋਵਾਹ ਆਪਣੇ ਲੋਕਾਂ ਨੂੰ ਅਸੀਸਾਂ ਦਿੰਦਾ ਹੈ। ਇਹ ਜ਼ਾਹਰ ਹੈ ਕਿ ਯਹੋਵਾਹ ਇਸਰਾਏਲੀਆਂ ਨੂੰ ਉਨ੍ਹਾਂ ਦੀ ਸੇਵਾ ਦਾ ਮੇਵਾ ਦਿਵਾ ਰਿਹਾ ਸੀ। ਇਸਰਾਏਲੀ ਮਿਸਰ ਨੂੰ ਆਪਣੀ ਮਰਜ਼ੀ ਨਾਲ ਗਏ ਸਨ। ਉਨ੍ਹਾਂ ਨੂੰ ਕਿਸੇ ਯੁੱਧ ਤੋਂ ਬਾਅਦ ਗ਼ੁਲਾਮਾਂ ਵਜੋਂ ਫੜ ਕੇ ਉੱਥੇ ਨਹੀਂ ਲਿਜਾਇਆ ਗਿਆ ਸੀ।
14:30. ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਆਉਣ ਵਾਲੇ ‘ਵੱਡੇ ਕਸ਼ਟ’ ਦੌਰਾਨ ਯਹੋਵਾਹ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖੇਗਾ।—ਮੱਤੀ 24:20-22; ਪਰਕਾਸ਼ ਦੀ ਪੋਥੀ 7:9, 14.
ਯਹੋਵਾਹ ਆਪਣੀ ਹਕੂਮਤ ਅਧੀਨ ਇਕ ਕੌਮ ਤਿਆਰ ਕਰਦਾ ਹੈ
ਮਿਸਰ ਦੇਸ਼ ਵਿੱਚੋਂ ਨਿਕਲਣ ਤੋਂ ਲਗਭਗ 3 ਮਹੀਨੇ ਬਾਅਦ ਇਸਰਾਏਲੀਆਂ ਨੇ ਉਜਾੜ ਵਿਚ ਸੀਨਈ ਪਹਾੜ ਲਾਗੇ ਡੇਹਰਾ ਲਾਇਆ। ਉੱਥੇ ਯਹੋਵਾਹ ਨੇ ਉਨ੍ਹਾਂ ਨੂੰ ਦਸ ਹੁਕਮ ਦਿੱਤੇ ਸਨ। ਉਨ੍ਹਾਂ ਨੇ ਇਨ੍ਹਾਂ ਦੇ ਨਾਲ-ਨਾਲ ਹੋਰ ਕਈ ਹੁਕਮਾਂ ਨੂੰ ਸਵੀਕਾਰ ਕਰ ਕੇ ਯਹੋਵਾਹ ਨਾਲ ਇਕ ਨੇਮ ਬੰਨ੍ਹਿਆ। ਮੂਸਾ ਨੇ ਪਹਾੜ ਉੱਪਰ 40 ਦਿਨ ਬਿਤਾਏ ਜਿਸ ਦੌਰਾਨ ਉਸ ਨੂੰ ਸੱਚੀ ਭਗਤੀ ਬਾਰੇ ਕਈ ਹਿਦਾਇਤਾਂ ਦਿੱਤੀਆਂ ਗਈਆਂ ਸਨ। ਉਸ ਨੂੰ ਇਸਰਾਏਲੀਆਂ ਲਈ ਪੂਜਾ ਕਰਨ ਵਾਸਤੇ ਇਕ ਖ਼ਾਸ ਡੇਹਰਾ ਬਣਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ। ਮੂਸਾ ਦੀ ਗ਼ੈਰ-ਹਾਜ਼ਰੀ ਦੌਰਾਨ ਇਸਰਾਏਲੀਆਂ ਨੇ ਪੂਜਣ ਲਈ ਇਕ ਸੋਨੇ ਦਾ ਵੱਛਾ ਬਣਾਇਆ ਸੀ। ਪਹਾੜ ਤੋਂ ਉਤਰਦੇ ਹੀ ਮੂਸਾ ਨੇ ਇਹ ਸਾਰਾ ਕੁਝ ਦੇਖ ਲਿਆ ਸੀ ਤੇ ਗੁੱਸੇ ਵਿਚ ਆ ਕੇ ਉਸ ਨੇ ਪਰਮੇਸ਼ੁਰ ਵੱਲੋਂ ਮਿਲੀਆਂ ਪੱਥਰ ਦੀਆਂ ਦੋ ਫੱਟੀਆਂ ਨੂੰ ਭੰਨ ਸੁੱਟਿਆ। ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇਣ ਤੋਂ ਬਾਅਦ ਉਸ ਨੇ ਫਿਰ ਤੋਂ ਪਹਾੜ ਚੜ੍ਹ ਕੇ ਦੋ ਨਵੀਆਂ ਫੱਟੀਆਂ ਲਿਆਂਦੀਆਂ ਸਨ। ਮੂਸਾ ਦੇ ਵਾਪਸ ਆਉਣ ਤੋਂ ਬਾਅਦ ਡੇਹਰਾ ਉਸਾਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਆਜ਼ਾਦੀ ਦੇ ਪਹਿਲੇ ਸਾਲ ਦੇ ਖ਼ਾਤਮੇ ਤਕ ਇਸਰਾਏਲੀਆਂ ਨੇ ਡੇਹਰੇ ਦੇ ਇਸ ਪ੍ਰਭਾਵਸ਼ਾਲੀ ਤੰਬੂ ਅਤੇ ਉਸ ਦੇ ਸਾਜ਼-ਸਾਮਾਨ ਨੂੰ ਤਿਆਰ ਕਰ ਲਿਆ ਸੀ। ਇਸ ਤੋਂ ਬਾਅਦ ਯਹੋਵਾਹ ਨੇ ਆਪਣੇ ਪ੍ਰਤਾਪ ਨਾਲ ਡੇਹਰੇ ਨੂੰ ਭਰ ਦਿੱਤਾ ਸੀ।
ਕੁਝ ਸਵਾਲਾਂ ਦੇ ਜਵਾਬ:
20:5—ਯਹੋਵਾਹ “ਪਿਉ ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ” ਕਿਸ ਭਾਵ ਵਿਚ ਲਿਆਉਂਦਾ ਹੈ? ਇਕ ਬੱਚਾ ਵੱਡਾ ਹੋ ਕੇ ਖ਼ੁਦ ਆਪਣੀਆਂ ਕਰਨੀਆਂ ਅਤੇ ਆਪਣੇ ਰਵੱਈਏ ਲਈ ਜ਼ਿੰਮੇਵਾਰ ਹੈ। ਪਰ ਜਦ ਇਸਰਾਏਲ ਦੀ ਕੌਮ ਮੂਰਤੀ-ਪੂਜਾ ਕਰਨ ਲੱਗੀ, ਤਾਂ ਕਈ ਪੀੜ੍ਹੀਆਂ ਨੇ ਇਸ ਦੇ ਨਤੀਜੇ ਭੋਗੇ। ਵਫ਼ਾਦਾਰ ਇਸਰਾਏਲੀਆਂ ਨੇ ਵੀ ਕੌਮ ਦੀ ਬੇਵਫ਼ਾਈ ਕਰਕੇ ਦਬਾਅ ਮਹਿਸੂਸ ਕੀਤਾ ਕਿਉਂਕਿ ਉਨ੍ਹਾਂ ਦੇ ਆਲੇ-ਦੁਆਲੇ ਦੇ ਮਾਹੌਲ ਨੇ ਉਨ੍ਹਾਂ ਲਈ ਸਿੱਧੇ ਰਾਹ ਤੁਰੀ ਜਾਣਾ ਮੁਸ਼ਕਲ ਬਣਾਇਆ।
23:19; 34:26—ਇਸ ਹੁਕਮ ਦਾ ਕੀ ਮਹਿਨਾ ਹੈ ਕਿ ਤੂੰ ਪਠੋਰੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਨਾ ਰਿੰਨ੍ਹ? ਕਿਹਾ ਜਾਂਦਾ ਹੈ ਕਿ ਪਠੋਰੇ (ਬੱਕਰੀ ਜਾਂ ਭੇਡ ਦਾ ਬੱਚਾ) ਨੂੰ ਮਾਂ ਦੇ ਦੁੱਧ ਵਿਚ ਰਿੰਨ੍ਹਣਾ ਮੀਂਹ ਵਹਾਉਣ ਲਈ ਇਕ ਗ਼ੈਰ-ਯਹੂਦੀ ਰਿਵਾਜ ਸੀ। ਇਸ ਦੇ ਇਲਾਵਾ, ਇਸ ਤਰ੍ਹਾਂ ਕਰਨਾ ਵੱਡੀ ਬੇਰਹਿਮੀ ਸੀ ਕਿਉਂਕਿ ਮਾਂ ਦਾ ਦੁੱਧ ਉਸ ਦੇ ਬੱਚੇ ਨੂੰ ਪਿਲਾਉਣ ਤੇ ਤਾਕਤ ਦੇਣ ਲਈ ਹੋਣਾ ਚਾਹੀਦਾ ਸੀ। ਇਸ ਕਾਨੂੰਨ ਨੇ ਯਹੋਵਾਹ ਦੇ ਲੋਕਾਂ ਨੂੰ ਤਰਸ ਖਾਣਾ ਸਿਖਾਇਆ।
23:20-23—ਇੱਥੇ ਜ਼ਿਕਰ ਕੀਤਾ ਗਿਆ ਦੂਤ ਕੌਣ ਸੀ ਅਤੇ ਯਹੋਵਾਹ ਦਾ ਨਾਂ “ਉਸ ਵਿੱਚ” ਕਿਸ ਤਰ੍ਹਾਂ ਸੀ? ਸੰਭਵ ਹੈ ਕਿ ਇਹ ਦੂਤ ਧਰਤੀ ਤੇ ਆਉਣ ਤੋਂ ਪਹਿਲਾਂ ਯਿਸੂ ਹੀ ਸੀ। ਇਸ ਦੂਤ ਰਾਹੀਂ ਇਸਰਾਏਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਨੂੰ ਪਹੁੰਚਾਇਆ ਗਿਆ ਸੀ। (1 ਕੁਰਿੰਥੀਆਂ 10:1-4) ਮੁੱਖ ਤੌਰ ਤੇ ਯਿਸੂ ਹੀ ਯਹੋਵਾਹ ਦਾ ਨਾਂ ਪਵਿੱਤਰ ਕਰਦਾ ਹੈ, ਇਸ ਲਈ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦਾ ਨਾਂ “ਉਸ ਵਿੱਚ” ਹੈ।
32:1-8, 25-35—ਹਾਰੂਨ ਨੂੰ ਸੋਨੇ ਦਾ ਵੱਛਾ ਬਣਾਉਣ ਲਈ ਸਜ਼ਾ ਕਿਉਂ ਨਹੀਂ ਦਿੱਤੀ ਗਈ ਸੀ? ਹਾਰੂਨ ਲੋਕਾਂ ਦੀ ਮੂਰਤੀ-ਪੂਜਾ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਸੀ। ਜ਼ਾਹਰ ਹੈ ਕਿ ਬਾਅਦ ਵਿਚ ਉਹ ਉਨ੍ਹਾਂ ਲੇਵੀਆਂ ਨਾਲ ਰਲਿਆ-ਮਿਲਿਆ ਸੀ ਜਿਨ੍ਹਾਂ ਨੇ ਮੂਸਾ ਦੇ ਵਿਰੋਧੀਆਂ ਦਾ ਸਾਮ੍ਹਣਾ ਕੀਤਾ ਸੀ। ਵਿਰੋਧੀਆਂ ਨੂੰ ਜਾਨੋਂ ਖ਼ਤਮ ਕਰਨ ਤੋਂ ਬਾਅਦ ਮੂਸਾ ਨੇ ਸਾਰੀ ਜਨਤਾ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੇ ਵੱਡਾ ਪਾਪ ਕੀਤਾ ਸੀ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਹਾਰੂਨ ਤੋਂ ਇਲਾਵਾ ਹੋਰਾਂ ਨੂੰ ਵੀ ਯਹੋਵਾਹ ਦੀ ਦਇਆ ਤੋਂ ਫ਼ਾਇਦਾ ਹੋਇਆ ਸੀ।
33:11, 20—ਯਹੋਵਾਹ ਨੇ ਮੂਸਾ ਨਾਲ “ਆਹਮੋ ਸਾਹਮਣੇ” ਕਿਸ ਤਰ੍ਹਾਂ ਗੱਲਾਂ ਕੀਤੀਆਂ ਸਨ? ਇਹ ਸ਼ਬਦ ਉਸ ਗੱਲਬਾਤ ਅਤੇ ਗੱਲ ਕਰਨ ਦੇ ਢੰਗ ਨੂੰ ਸੰਕੇਤ ਕਰਦਾ ਹੈ ਜੋ ਦੋਸਤਾਂ ਦੇ ਆਪਸ ਵਿਚ ਹੁੰਦਾ ਹੈ। ਪਰ ਯਹੋਵਾਹ ਨੇ ਸਿੱਧੇ ਤੌਰ ਤੇ ਮੂਸਾ ਨਾਲ ਗੱਲ ਨਹੀਂ ਕੀਤੀ ਸੀ। ਮੂਸਾ ਨੂੰ ਯਹੋਵਾਹ ਦੇ ਇਕ ਦੂਤ ਰਾਹੀਂ ਮੂੰਹ-ਜ਼ਬਾਨੀ ਪਰਮੇਸ਼ੁਰ ਦੀ ਹਿਦਾਇਤ ਦਿੱਤੀ ਜਾਂਦੀ ਸੀ। ਮੂਸਾ ਨੇ ਯਹੋਵਾਹ ਨੂੰ ਖ਼ੁਦ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਸੀ ਕਿਉਂਕਿ ‘ਕੋਈ ਆਦਮੀ ਪਰਮੇਸ਼ੁਰ ਨੂੰ ਵੇਖ ਕੇ ਜੀ ਨਹੀਂ ਸੱਕਦਾ।’ ਗਲਾਤੀਆਂ 3:19 ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸ਼ਰਾ “ਦੂਤਾਂ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ” ਇਨਸਾਨਾਂ ਨੂੰ ਦਿੱਤੀ ਗਈ ਸੀ।
ਸਾਡੇ ਲਈ ਸਬਕ:
15:25; 16:12. ਯਹੋਵਾਹ ਆਪਣੇ ਲੋਕਾਂ ਲਈ ਪ੍ਰਬੰਧ ਕਰਦਾ ਹੈ।
18:21. ਕਲੀਸਿਯਾ ਦੀ ਅਗਵਾਈ ਕਰਨ ਵਾਲੇ ਆਦਮੀਆਂ ਨੂੰ ਕਾਬਲ, ਪਰਮੇਸ਼ੁਰ ਦਾ ਭੈ ਰੱਖਣ ਵਾਲੇ, ਭਰੋਸੇਯੋਗ ਅਤੇ ਨਿਰਸੁਆਰਥੀ ਹੋਣਾ ਚਾਹੀਦਾ ਹੈ।
20:1–23:33. ਯਹੋਵਾਹ ਕਾਨੂੰਨਾਂ ਦਾ ਜਨਮਦਾਤਾ ਹੈ। ਇਨ੍ਹਾਂ ਕਾਨੂੰਨਾਂ ਰਾਹੀਂ ਇਸਰਾਏਲੀ ਯਹੋਵਾਹ ਦੀ ਉਪਾਸਨਾ ਖ਼ੁਸ਼ੀ ਨਾਲ ਸਹੀ ਅਤੇ ਵਧੀਆ ਤਰੀਕੇ ਨਾਲ ਕਰ ਸਕਦੇ ਸਨ। ਅੱਜ ਵੀ ਯਹੋਵਾਹ ਦਾ ਇਕ ਸੰਗਠਨ ਹੈ ਜੋ ਉਸ ਦੀ ਹਕੂਮਤ ਅਧੀਨ ਰਹਿੰਦਾ ਹੈ। ਉਸ ਸੰਗਠਨ ਦੇ ਨਾਲ-ਨਾਲ ਕੰਮ ਕਰ ਕੇ ਯਾਨੀ ਉਸ ਦੇ ਨਿਰਦੇਸ਼ਨ ਹੇਠ ਰਹਿ ਕੇ ਸਾਨੂੰ ਖ਼ੁਸ਼ੀ ਤੇ ਇਸ ਦੁਨੀਆਂ ਤੋਂ ਸੁਰੱਖਿਆ ਮਿਲਦੀ ਹੈ।
ਸਾਡੇ ਲਈ ਖ਼ਾਸ ਮਤਲਬ
ਕੂਚ ਦੀ ਕਿਤਾਬ ਤੋਂ ਸਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ? ਸਾਨੂੰ ਪਤਾ ਲੱਗਦਾ ਹੈ ਕਿ ਉਹ ਸਾਡੇ ਨਾਲ ਪ੍ਰੇਮ ਕਰਦਾ ਹੈ, ਉਹ ਸਾਡਾ ਦਾਤਾ ਹੈ, ਉਹ ਬੇਮਿਸਾਲ ਤਰੀਕੇ ਨਾਲ ਮੁਕਤੀ ਦੇਣ ਵਾਲਾ ਹੈ ਅਤੇ ਆਪਣੇ ਸਾਰੇ ਹੁਕਮਾਂ ਤੇ ਮਕਸਦਾਂ ਨੂੰ ਪੂਰਾ ਕਰਨ ਵਾਲਾ ਹੈ। ਉਹ ਆਪਣੇ ਸਾਰੇ ਲੋਕਾਂ ਨੂੰ ਆਪਣੀ ਹਕੂਮਤ ਅਧੀਨ ਇਕੱਠੇ ਕਰਦਾ ਹੈ।
ਜਦੋਂ ਤੁਸੀਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਲਈ ਤਿਆਰੀ ਕਰਦੇ ਹੋਏ ਹਰ ਹਫ਼ਤੇ ਬਾਈਬਲ ਵਿੱਚੋਂ ਪੜ੍ਹਦੇ ਹੋ, ਤਾਂ ਬਿਨਾਂ ਸ਼ੱਕ ਤੁਸੀਂ ਕੂਚ ਦੀ ਕਿਤਾਬ ਤੋਂ ਸਿੱਖੀਆਂ ਗੱਲਾਂ ਤੋਂ ਪ੍ਰਭਾਵਿਤ ਹੋਵੋਗੇ। “ਕੁਝ ਸਵਾਲਾਂ ਦੇ ਜਵਾਬ” ਦਾ ਹਿੱਸਾ ਪੜ੍ਹਨ ਰਾਹੀਂ ਤੁਹਾਨੂੰ ਕੁਝ ਹਵਾਲਿਆਂ ਬਾਰੇ ਜ਼ਿਆਦਾ ਸਮਝ ਮਿਲੇਗੀ। “ਸਾਡੇ ਲਈ ਸਬਕ” ਦੇ ਹਿੱਸੇ ਦੀਆਂ ਟਿੱਪਣੀਆਂ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਉਸ ਹਫ਼ਤੇ ਦੀ ਬਾਈਬਲ ਰੀਡਿੰਗ ਨੂੰ ਆਪਣੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਲਾਗੂ ਕਰ ਸਕਦੇ ਹੋ।
[ਸਫ਼ੇ 24, 25 ਉੱਤੇ ਤਸਵੀਰ]
ਯਹੋਵਾਹ ਨੇ ਮੂਸਾ ਨੂੰ ਆਪਣੇ ਲੋਕਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਉਣ ਲਈ ਚੁਣਿਆ ਸੀ
[ਸਫ਼ੇ 25 ਉੱਤੇ ਤਸਵੀਰ]
ਦਸ ਬਵਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਡਾ ਸਿਰਜਣਹਾਰ ਪਾਣੀ, ਧੁੱਪ, ਕੀੜੇ-ਮਕੌੜੇ, ਜਾਨਵਰ ਅਤੇ ਇਨਸਾਨਾਂ ਤੇ ਪੂਰਾ ਕੰਟ੍ਰੋਲ ਰੱਖ ਸਕਦਾ ਹੈ
[ਸਫ਼ੇ 26, 27 ਉੱਤੇ ਤਸਵੀਰ]
ਮੂਸਾ ਰਾਹੀਂ ਯਹੋਵਾਹ ਨੇ ਇਸਰਾਏਲੀਆਂ ਨੂੰ ਆਪਣੀ ਹਕੂਮਤ ਅਧੀਨ ਕੌਮ ਵਜੋਂ ਇਕੱਠੇ ਕੀਤਾ ਸੀ
[ਫੁਟਨੋਟ]
a ਇਸ ਹਵਾਲੇ ਬਾਰੇ ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਯਹੋਵਾਹ ਦੇ ਨੇੜੇ ਰਹੋ ਪੁਸਤਕ ਦੇ 9ਵੇਂ ਸਫ਼ੇ ਤੇ 8ਵੇਂ ਪੈਰੇ ਨੂੰ ਦੇਖੋ।