ਕੀ ਪਰਮੇਸ਼ੁਰ “ਟੇਢੇ” ਤਰੀਕਿਆਂ ਨਾਲ ਕੰਮ ਕਰਦਾ ਹੈ?
“ਡੇਊਸ ਐੱਸਕਰੇਵੀ ਸਰਟੂ ਪੌਰ ਲੀਨਯਾਸ ਟੌਰਟਾਸ” (“ਪਰਮੇਸ਼ੁਰ ਟੇਢੀਆਂ ਲਾਈਨਾਂ ਵਿਚ ਸਹੀ-ਸਹੀ ਲਿਖਦਾ ਹੈ”) ਇਹ ਬ੍ਰਾਜ਼ੀਲ ਦੀ ਇਕ ਕਹਾਵਤ ਹੈ। ਇਹ ਸੰਕੇਤ ਕਰਦੀ ਹੈ ਕਿ ਪਰਮੇਸ਼ੁਰ ਹਮੇਸ਼ਾ ਸਹੀ ਕੰਮ ਕਰਦਾ ਹੈ, ਪਰ ਕਈ ਵਾਰੀ ਇਸ ਤਰੀਕੇ ਨਾਲ ਕਰਦਾ ਹੈ ਜਿਹੜਾ ਇਨਸਾਨ ਨੂੰ ਟੇਢਾ ਜਾਪਦਾ ਹੈ। ਉਦਾਹਰਣ ਲਈ, ਜਦੋਂ ਕੋਈ ਵਿਅਕਤੀ ਜਵਾਨੀ ਵਿਚ ਮਰ ਜਾਂਦਾ ਹੈ ਤਾਂ ਕਈ ਲੋਕ ਇਹ ਕਹਿੰਦੇ ਹਨ ਕਿ ‘ਪਰਮੇਸ਼ੁਰ ਨੇ ਉਸ ਨੂੰ ਸਵਰਗ ਵਿਚ ਬੁਲਾ ਲਿਆ।’ ਜੇ ਕੋਈ ਵਿਅਕਤੀ ਅਪਾਹਜ ਹੈ ਜਾਂ ਕਿਸੇ ਬਿਪਤਾ ਦਾ ਸਾਮ੍ਹਣਾ ਕਰਦਾ ਹੈ ਤਾਂ ਕੁਝ ਲੋਕ ਕਹਿੰਦੇ ਹਨ ਕਿ ‘ਇਹ ਪਰਮੇਸ਼ੁਰ ਦੀ ਇੱਛਾ ਹੈ।’ ਕਿਉਂਕਿ ਮੌਤ, ਸਰੀਰਕ ਸਮੱਸਿਆਵਾਂ ਅਤੇ ਦੁੱਖ ਦੇ ਹੋਰ ਕਾਰਨਾਂ ਦਾ ਦੋਸ਼ ਪਰਮੇਸ਼ੁਰ ਉੱਤੇ ਲਾਇਆ ਜਾਂਦਾ ਹੈ, ਅਜਿਹੇ ਪ੍ਰਗਟਾਵੇ ਸੰਕੇਤ ਕਰਦੇ ਹਨ ਕਿ ਪਰਮੇਸ਼ੁਰ ‘ਟੇਢੇ ਤਰੀਕੇ ਨਾਲ ਲਿਖਦਾ’ ਹੈ ਅਤੇ ਅਜਿਹੇ ਤਰੀਕੇ ਨਾਲ ਕੰਮ ਕਰਦਾ ਹੈ ਜੋ ਮਨੁੱਖ ਦੀ ਸਮਝ ਤੋਂ ਬਾਹਰ ਹੈ।
ਬਹੁਤ ਸਾਰੇ ਧਾਰਮਿਕ ਲੋਕ ਕਿਉਂ ਵਿਸ਼ਵਾਸ ਕਰਦੇ ਹਨ ਕਿ ਮੌਤ ਅਤੇ ਬਿਪਤਾਵਾਂ ਦੇ ਲਈ ਪਰਮੇਸ਼ੁਰ ਜ਼ਿੰਮੇਵਾਰ ਹੈ? ਇਹ ਵਿਸ਼ਵਾਸ ਅਕਸਰ ਬਾਈਬਲ ਦੇ ਕੁਝ ਅਲੱਗ-ਅਲੱਗ ਸ਼ਾਸਤਰਵਚਨਾਂ ਦੀ ਗ਼ਲਤ ਸਮਝ ਉੱਤੇ ਆਧਾਰਿਤ ਹੁੰਦੇ ਹਨ। ਆਓ ਅਸੀਂ ਇਨ੍ਹਾਂ ਵਿੱਚੋਂ ਕੁਝ ਸ਼ਾਸਤਰਵਚਨਾਂ ਦੀ ਸੰਖੇਪ ਚਰਚਾ ਕਰੀਏ।
● “ਆਦਮੀ ਦਾ ਮੂੰਹ ਕਿਸ ਬਣਾਇਆ ਅਤੇ ਕੌਣ ਗੁੰਗਾ ਯਾ ਬੋਲਾ ਯਾ ਸੁਜਾਖਾ ਯਾ ਅੰਨ੍ਹਾ ਬਣਾਉਂਦਾ ਹੈ? ਭਲਾ, ਮੈਂ ਯਹੋਵਾਹ ਹੀ ਨਹੀਂ?”—ਕੂਚ 4:11.
ਕੀ ਇਸ ਦਾ ਅਰਥ ਇਹ ਹੈ ਕਿ ਜਿਹੜੇ ਵੱਖ-ਵੱਖ ਤਰੀਕੇ ਨਾਲ ਅਪਾਹਜ ਹਨ, ਉਨ੍ਹਾਂ ਸਾਰਿਆਂ ਦੇ ਦੁੱਖਾਂ ਲਈ ਪਰਮੇਸ਼ੁਰ ਜ਼ਿੰਮੇਵਾਰ ਹੈ? ਬਿਲਕੁਲ ਨਹੀਂ। ਇਹ ਪਰਮੇਸ਼ੁਰ ਦੀ ਸ਼ਖ਼ਸੀਅਤ ਦੇ ਉਲਟ ਹੋਵੇਗਾ। ਬਾਈਬਲ ਸਾਨੂੰ ਕਹਿੰਦੀ ਹੈ: “ਪਰਮੇਸ਼ੁਰ ਦੀ ਉਤਪਤ ਕੀਤੀ ਹੋਈ ਹਰੇਕ ਵਸਤ ਚੰਗੀ ਹੈ।” (1 ਤਿਮੋਥਿਉਸ 4:4) ਇਹ ਉਸ ਦਾ ਦੋਸ਼ ਨਹੀਂ ਹੈ ਜੇ ਕੋਈ ਵਿਅਕਤੀ ਅੰਨ੍ਹਾ, ਗੁੰਗਾ ਜਾਂ ਬੋਲ਼ਾ ਪੈਦਾ ਹੁੰਦਾ ਹੈ। ਉਹ ਤਾਂ ਸਿਰਫ਼ ਆਪਣੀ ਸ੍ਰਿਸ਼ਟੀ ਦਾ ਭਲਾ ਚਾਹੁੰਦਾ ਹੈ, ਕਿਉਂਕਿ ਉਹ “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਦਾ ਸ੍ਰੋਤ ਹੈ।—ਯਾਕੂਬ 1:17.
ਇਸ ਦੇ ਦੋਸ਼ੀ ਸਾਡੇ ਪਹਿਲੇ ਮਾਤਾ-ਪਿਤਾ, ਆਦਮ ਅਤੇ ਹੱਵਾਹ ਸਨ, ਜਿਨ੍ਹਾਂ ਨੇ ਜਾਣ-ਬੁੱਝ ਕੇ ਪਰਮੇਸ਼ੁਰ ਵਿਰੁੱਧ ਬਗਾਵਤ ਕੀਤੀ ਅਤੇ ਆਪਣੀ ਸੰਪੂਰਣਤਾ ਨੂੰ ਅਤੇ ਨਾਲ ਹੀ ਸੰਪੂਰਣ ਬੱਚੇ ਪੈਦਾ ਕਰਨ ਦੀ ਆਪਣੀ ਯੋਗਤਾ ਨੂੰ ਵੀ ਗੁਆ ਦਿੱਤਾ। (ਉਤਪਤ 3:1-6, 16, 19; ਅੱਯੂਬ 14:4) ਜਿਉਂ-ਜਿਉਂ ਉਨ੍ਹਾਂ ਦੀਆਂ ਸੰਤਾਨਾਂ ਨੇ ਵਿਆਹ ਕਰਾਇਆ ਅਤੇ ਉਨ੍ਹਾਂ ਦੇ ਬੱਚੇ ਪੈਦਾ ਹੋਏ, ਇਨਸਾਨਾਂ ਵਿਚ ਹੋਰ ਜ਼ਿਆਦਾ ਅਪੂਰਣਤਾਵਾਂ ਦਿਸਣੀਆਂ ਸ਼ੁਰੂ ਹੋ ਗਈਆਂ ਜਿਵੇਂ ਕਿ ਸਰੀਰਕ ਨੁਕਸ। ਜਦ ਕਿ ਯਹੋਵਾਹ ਪਰਮੇਸ਼ੁਰ ਲੋਕਾਂ ਵਿਚ ਅਜਿਹੇ ਨੁਕਸ ਪੈਦਾ ਨਹੀਂ ਕਰਦਾ, ਫਿਰ ਵੀ ਉਹ ਇਨ੍ਹਾਂ ਨੂੰ ਹੋਣ ਦੀ ਇਜਾਜ਼ਤ ਦਿੰਦਾ ਹੈ। ਇਸ ਲਈ ਉਹ ਆਪਣੇ ਆਪ ਨੂੰ ਗੁੰਗੇ, ਬੋਲ਼ੇ ਅਤੇ ਅੰਨ੍ਹਿਆਂ ਨੂੰ ‘ਬਣਾਉਣ ਵਾਲਾ’ ਕਹਿ ਸਕਦਾ ਸੀ।
● “ਜੋ ਵਿੰਗਾ ਹੈ ਸੋ ਸਿੱਧਾ ਨਹੀਂ ਬਣ ਸੱਕਦਾ।”—ਉਪਦੇਸ਼ਕ ਦੀ ਪੋਥੀ 1:15.
ਕੀ ਪਰਮੇਸ਼ੁਰ ਨੇ ਚੀਜ਼ਾਂ ਨੂੰ ਵਿੰਗਾ ਬਣਾਇਆ? ਸਪੱਸ਼ਟ ਤੌਰ ਤੇ ਨਹੀਂ। ਉਪਦੇਸ਼ਕ ਦੀ ਪੋਥੀ 7:29 ਵਿਆਖਿਆ ਕਰਦੀ ਹੈ: “ਪਰਮੇਸ਼ੁਰ ਨੇ ਆਦਮੀ ਨੂੰ ਸਿੱਧਾ ਬਣਾਇਆ ਪਰ ਓਹਨਾਂ ਨੇ ਬਾਹਲੀਆਂ ਜੁਗਤਾਂ ਭਾਲੀਆਂ ਹਨ।” ਕਨਟੈਮਪੋਰਰੀ ਇੰਗਲਿਸ਼ ਵਰਯਨ ਇਸ ਆਇਤ ਦਾ ਭਾਵ-ਅਨੁਵਾਦ ਕਰਦਾ ਹੈ: “ਜਦੋਂ ਪਰਮੇਸ਼ੁਰ ਨੇ ਸਾਨੂੰ ਬਣਾਇਆ ਸੀ ਉਦੋਂ ਅਸੀਂ ਪੂਰੀ ਤਰ੍ਹਾਂ ਇਮਾਨਦਾਰ ਸੀ, ਪਰ ਹੁਣ ਸਾਡੇ ਦਿਮਾਗ਼ ਟੇਢੇ ਹਨ।” ਪਰਮੇਸ਼ੁਰ ਦੇ ਧਰਮੀ ਮਿਆਰਾਂ ਉੱਤੇ ਚੱਲਣ ਦੀ ਬਜਾਇ, ਆਮ ਤੌਰ ਤੇ ਆਦਮੀਆਂ ਅਤੇ ਔਰਤਾਂ ਨੇ ਜਾਣ-ਬੁੱਝ ਕੇ ਆਪਣੀਆਂ ਹੀ ਯੋਜਨਾਵਾਂ, ਜੁਗਤਾਂ, ਮਨਸੂਬਿਆਂ ਜਾਂ ਤਰੀਕਿਆਂ ਅਨੁਸਾਰ ਚੱਲਣਾ ਚੁਣਿਆ ਹੈ—ਅਤੇ ਇਸ ਨਾਲ ਉਨ੍ਹਾਂ ਦਾ ਹੀ ਨੁਕਸਾਨ ਹੋਇਆ ਹੈ।—1 ਤਿਮੋਥਿਉਸ 2:14.
ਜਿਵੇਂ ਪੌਲੁਸ ਰਸੂਲ ਨੇ ਵੀ ਲਿਖਿਆ ਹੈ, ਮਨੁੱਖਜਾਤੀ ਦੇ ਪਾਪ ਦੇ ਕਾਰਨ “ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ” ਸੀ। (ਰੋਮੀਆਂ 8:20) ਅਤੇ ਇਹ ਹਾਲਤ ਮਨੁੱਖੀ ਜਤਨਾਂ ਦੁਆਰਾ ‘ਸਿੱਧੀ ਨਹੀਂ ਬਣ ਸਕਦੀ।’ ਸਿਰਫ਼ ਪਰਮੇਸ਼ੁਰ ਵੱਲੋਂ ਦਖ਼ਲ ਦੇਣ ਦੁਆਰਾ ਹੀ ਧਰਤੀ ਉੱਤੋਂ ਸਾਰੇ ਟੇਢੇ ਅਤੇ ਵਿਅਰਥ ਕੰਮ ਖ਼ਤਮ ਕੀਤੇ ਜਾਣਗੇ।
● “ਪਰਮੇਸ਼ੁਰ ਦੇ ਕੰਮ ਨੂੰ ਵੇਖ, ਜਿਸ ਨੂੰ ਉਹ ਨੇ ਵਿੰਗਾ ਕੀਤਾ ਹੈ ਉਸ ਨੂੰ ਕੌਣ ਸਿੱਧਾ ਕਰ ਸੱਕਦਾ ਹੈ?”—ਉਪਦੇਸ਼ਕ ਦੀ ਪੋਥੀ 7:13.
ਦੂਜੇ ਸ਼ਬਦਾਂ ਵਿਚ, ਸੁਲੇਮਾਨ ਪੁੱਛਦਾ ਹੈ: ‘ਮਨੁੱਖਜਾਤੀ ਵਿੱਚੋਂ ਕੌਣ ਹੈ ਜਿਹੜਾ ਉਨ੍ਹਾਂ ਨੁਕਸਾਂ ਅਤੇ ਅਪੂਰਣਤਾਵਾਂ ਨੂੰ ਸਿੱਧਾ ਕਰ ਸਕਦਾ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਹੋਣ ਦੀ ਇਜਾਜ਼ਤ ਦਿੰਦਾ ਹੈ?’ ਕੋਈ ਨਹੀਂ, ਕਿਉਂਕਿ ਯਹੋਵਾਹ ਪਰਮੇਸ਼ੁਰ ਕੋਲ ਇਸ ਦਾ ਇਕ ਕਾਰਨ ਹੈ ਜਿਸ ਕਰਕੇ ਪਰਮੇਸ਼ੁਰ ਇਨ੍ਹਾਂ ਚੀਜ਼ਾਂ ਨੂੰ ਹੋਣ ਦਿੰਦਾ ਹੈ।
ਇਸ ਲਈ ਸੁਲੇਮਾਨ ਸਲਾਹ ਦਿੰਦਾ ਹੈ: “ਸੰਪਤਾ ਦੇ ਦਿਨ ਵਿੱਚ ਨਿਹਾਲ ਹੋ, ਪਰ ਬਿਪਤਾ ਦੇ ਦਿਨ ਵਿੱਚ ਵਿਚਾਰ ਕਰ, ਇਸ ਨੂੰ ਵੀ ਪਰਮੇਸ਼ੁਰ ਨੇ ਉਹ ਦੇ ਨਾਲ ਦਾ ਬਣਾ ਰੱਖਿਆ ਹੈ, ਭਈ ਆਦਮੀ ਕਿਸੇ ਆਉਣ ਵਾਲੀ ਗੱਲ ਨੂੰ ਨਾ ਬੁੱਝੇ।” (ਉਪਦੇਸ਼ਕ ਦੀ ਪੋਥੀ 7:14) ਇਕ ਵਿਅਕਤੀ ਨੂੰ ਅਜਿਹੇ ਦਿਨ ਦੀ ਕਦਰ ਕਰਨੀ ਚਾਹੀਦੀ ਹੈ ਜਦੋਂ ਸਭ ਕੁਝ ਠੀਕ-ਠਾਕ ਹੁੰਦਾ ਹੈ ਅਤੇ ਭਲਾਈ ਕਰਨ ਦੁਆਰਾ ਆਪਣੀ ਕਦਰਦਾਨੀ ਦਿਖਾਉਣੀ ਚਾਹੀਦੀ ਹੈ। ਉਸ ਨੂੰ ਚੰਗੇ ਦਿਨ ਨੂੰ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਸਮਝਣਾ ਚਾਹੀਦਾ ਹੈ। ਪਰ ਫੇਰ ਕੀ ਜੇ ਦਿਨ ਵਿਚ ਦੁੱਖ ਆਉਣ? ਇਕ ਵਿਅਕਤੀ ਲਈ ਇਹ ਚੰਗਾ ਹੈ ਕਿ ਉਹ ‘ਵਿਚਾਰ ਕਰੇ’ ਅਰਥਾਤ ਇਸ ਗੱਲ ਨੂੰ ਸਮਝੇ ਕਿ ਪਰਮੇਸ਼ੁਰ ਨੇ ਬਿਪਤਾ ਨੂੰ ਹੋਣ ਦੀ ਇਜਾਜ਼ਤ ਦਿੱਤੀ ਹੈ। ਉਸ ਨੇ ਕਿਉਂ ਇਸ ਤਰ੍ਹਾਂ ਕੀਤਾ? ਸੁਲੇਮਾਨ ਕਹਿੰਦਾ ਹੈ: “ਭਈ ਆਦਮੀ ਕਿਸੇ ਆਉਣ ਵਾਲੀ ਗੱਲ ਨੂੰ ਨਾ ਬੁੱਝੇ।” ਇਸ ਦਾ ਕੀ ਮਤਲਬ ਹੈ?
ਪਰਮੇਸ਼ੁਰ ਸਾਡੇ ਉੱਤੇ ਸੁੱਖ ਅਤੇ ਦੁੱਖ ਦੋਵੇਂ ਆਉਣ ਦਿੰਦਾ ਹੈ, ਅਤੇ ਇਹ ਹਕੀਕਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸੀਂ ਨਹੀਂ ਦੱਸ ਸਕਦੇ ਕਿ ਭਵਿੱਖ ਵਿਚ ਕੀ ਹੋਵੇਗਾ। ਬਿਪਤਾ ਧਰਮੀ ਅਤੇ ਕੁਧਰਮੀ ਦੋਹਾਂ ਉੱਤੇ ਆ ਸਕਦੀ ਹੈ। ਇਸ ਵਿਚ ਕਿਸੇ ਦਾ ਲਿਹਾਜ਼ ਨਹੀਂ ਹੈ। ਇਸ ਨਾਲ ਸਾਨੂੰ ਆਪਣੇ ਆਪ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਜਦੋਂ ਕਿ ਕੁਝ ਗੱਲਾਂ ਨੂੰ ਅਸੀਂ ਹੁਣ ਨਹੀਂ ਸਮਝ ਸਕਦੇ, ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੋ ਕੁਝ ਪਰਮੇਸ਼ੁਰ ਨੇ ਹੋਣ ਦਿੱਤਾ ਹੈ, ਅੰਤ ਵਿਚ ਉਸ ਨਾਲ ਸਾਡਾ ਸਾਰਿਆਂ ਦਾ ਫ਼ਾਇਦਾ ਹੀ ਹੋਵੇਗਾ।
ਉਹ ਜੋ ਵੀ ਹੋਣ ਦਿੰਦਾ ਹੈ, ਉਸ ਨਾਲ ਸੱਚੇ ਦਿਲ ਵਾਲਿਆਂ ਦਾ ਕਦੀ ਵੀ ਸਥਾਈ ਨੁਕਸਾਨ ਨਹੀਂ ਹੋਵੇਗਾ। ਪਤਰਸ ਰਸੂਲ ਨੇ ਆਪਣੇ ਸਮੇਂ ਦੇ ਸੰਗੀ ਵਿਸ਼ਵਾਸੀਆਂ ਉੱਤੇ ਆਉਣ ਵਾਲੇ ਦੁੱਖਾਂ ਉੱਤੇ ਟਿੱਪਣੀ ਕਰਦੇ ਹੋਏ ਇਹ ਸਪੱਸ਼ਟ ਕੀਤਾ: “ਪਰਮ ਕਿਰਪਾਲੂ ਪਰਮੇਸ਼ੁਰ ਜਿਹ ਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸੱਦਿਆ ਜਦ ਤੁਸਾਂ ਥੋੜਾ ਚਿਰ ਦੁਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਤਕੜਿਆਂ ਕਰੇਗਾ।”—1 ਪਤਰਸ 5:10.
ਸੁਧਾਰ ਕਰਨ ਦਾ ਸਮਾਂ
ਯਹੋਵਾਹ ਸਾਨੂੰ ਸਾਡੀਆਂ ਮੌਜੂਦਾ ਬਿਪਤਾਵਾਂ ਨੂੰ ਸਹਿਣ ਕਰਨ ਲਈ ਤਾਕਤ ਦਿੰਦਾ ਹੈ। ਉਹ ‘ਸੱਭੋ ਕੁਝ ਨਵਾਂ ਬਣਾਉਣ’ ਦਾ ਵੀ ਵਾਅਦਾ ਕਰਦਾ ਹੈ। (ਪਰਕਾਸ਼ ਦੀ ਪੋਥੀ 21:5) ਜੀ ਹਾਂ, ਉਸ ਦੇ ਉਦੇਸ਼ ਅਨੁਸਾਰ ਉਸ ਦਾ ਸਵਰਗੀ ਰਾਜ ਜਲਦੀ ਹੀ ਉਨ੍ਹਾਂ ਲੋਕਾਂ ਨੂੰ ਸਿਹਤਮੰਦ ਬਣਾ ਦੇਵੇਗਾ ਜੋ ਅਪਾਹਜ ਹਨ ਅਤੇ ਇਸ ਰਾਜ ਦੇ ਅਧੀਨ ਮੁਰਦਿਆਂ ਨੂੰ ਪੁਨਰ-ਉਥਿਤ ਕੀਤਾ ਜਾਵੇਗਾ। ਇਹ ਸਰਕਾਰ ਸ਼ਤਾਨ ਅਰਥਾਤ ਇਬਲੀਸ ਨੂੰ ਵੀ ਹਟਾ ਦੇਵੇਗੀ ਜਿਸ ਦੇ ਤਰੀਕੇ ਸੱਚ-ਮੁੱਚ ਟੇਢੇ ਹਨ। (ਯੂਹੰਨਾ 5:28, 29; ਰੋਮੀਆਂ 16:20; 1 ਕੁਰਿੰਥੀਆਂ 15:26; 2 ਪਤਰਸ 3:13) ਜਦੋਂ ਪਰਮੇਸ਼ੁਰ ਦਾ ਹਾਲਤਾਂ ਨੂੰ ਸੁਧਾਰਨ ਦਾ ਸਮਾਂ ਆਵੇਗਾ, ਉਸ ਵੇਲੇ ਸਾਰੀ ਧਰਤੀ ਉੱਤੇ ਪਰਮੇਸ਼ੁਰ ਤੋਂ ਡਰਨ ਵਾਲੇ ਲੋਕਾਂ ਨੂੰ ਕਿੰਨੀ ਵੱਡੀ ਅਸੀਸ ਮਿਲੇਗੀ!
[ਸਫ਼ੇ 28 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Job Hearing of His Ruin/The Doré Bible Illustrations/Dover Publications