ਅਧਿਐਨ ਲੇਖ 49
ਦੂਜਿਆਂ ਨਾਲ ਕਿਵੇਂ ਪੇਸ਼ ਆਈਏ?
“ਤੁਸੀਂ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਕਰਦੇ ਹੋ।”—ਲੇਵੀ. 19:18.
ਗੀਤ 105 “ਪਰਮੇਸ਼ੁਰ ਪਿਆਰ ਹੈ”
ਖ਼ਾਸ ਗੱਲਾਂa
1-2. (ੳ) ਪਿਛਲੇ ਲੇਖ ਵਿਚ ਅਸੀਂ ਕੀ ਸਿੱਖਿਆ ਸੀ? (ਅ) ਇਸ ਲੇਖ ਵਿਚ ਅਸੀਂ ਕੀ ਸਿੱਖਾਂਗੇ?
ਪਿਛਲੇ ਲੇਖ ਵਿਚ ਅਸੀਂ ਲੇਵੀਆਂ ਅਧਿਆਇ 19 ਤੋਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ। ਉਦਾਹਰਣ ਲਈ, ਆਇਤ 3 ਵਿਚ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਚਾਹੀਦਾ ਹੈ। ਇਸ ਤੋਂ ਅਸੀਂ ਸਿੱਖਿਆ ਕਿ ਸਾਨੂੰ ਆਪਣੇ ਮਾਤਾ-ਪਿਤਾ ਨੂੰ ਉਹ ਚੀਜ਼ਾਂ ਲਿਆ ਕੇ ਦੇਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਹੈ। ਸਾਨੂੰ ਉਨ੍ਹਾਂ ਨੂੰ ਦਿਲਾਸਾ ਤੇ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਅਤੇ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਬਣਾਈ ਰੱਖਣ ਵਿਚ ਮਦਦ ਕਰਨੀ ਚਾਹੀਦੀ ਹੈ। ਇਸ ਆਇਤ ਵਿਚ ਇਹ ਵੀ ਲਿਖਿਆ ਹੈ ਕਿ ਇਜ਼ਰਾਈਲੀਆਂ ਲਈ ਸਬਤ ਮਨਾਉਣੇ ਜ਼ਰੂਰੀ ਸਨ। ਭਾਵੇਂ ਕਿ ਅੱਜ ਅਸੀਂ ਸਬਤ ਦਾ ਕਾਨੂੰਨ ਨਹੀਂ ਮੰਨਦੇ, ਪਰ ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਵੀ ਹਰ ਰੋਜ਼ ਦੇ ਕੰਮ-ਧੰਦਿਆਂ ਵਿੱਚੋਂ ਸਮਾਂ ਕੱਢ ਕੇ ਯਹੋਵਾਹ ਦੀ ਭਗਤੀ ਕਰਨੀ ਚਾਹੀਦੀ ਹੈ। ਇਹ ਸਾਰਾ ਕੁਝ ਕਰ ਕੇ ਅਸੀਂ ਪਵਿੱਤਰ ਬਣੇ ਰਹਿਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋਵਾਂਗੇ, ਠੀਕ ਜਿਵੇਂ ਲੇਵੀਆਂ 19:2 ਅਤੇ 1 ਪਤਰਸ 1:15 ਵਿਚ ਲਿਖਿਆ ਹੈ।
2 ਇਸ ਲੇਖ ਵਿਚ ਅਸੀਂ ਲੇਵੀਆਂ ਅਧਿਆਇ 19 ਤੋਂ ਕੁਝ ਹੋਰ ਗੱਲਾਂ ਸਿੱਖਾਂਗੇ। ਅਸੀਂ ਸਿੱਖਾਂਗੇ ਕਿ ਅਸੀਂ ਅਪਾਹਜ ਲੋਕਾਂ ਲਈ ਲਿਹਾਜ਼ ਕਿਵੇਂ ਦਿਖਾ ਸਕਦੇ ਹਾਂ। ਨਾਲੇ ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਈਮਾਨਦਾਰੀ ਨਾਲ ਕਾਰੋਬਾਰ ਕਿਵੇਂ ਕਰ ਸਕਦੇ ਹਾਂ ਅਤੇ ਆਪਣੇ ਗੁਆਂਢੀ ਨੂੰ ਪਿਆਰ ਕਿਵੇਂ ਕਰ ਸਕਦੇ ਹਾਂ। ਜੇ ਅਸੀਂ ਇਹ ਸਾਰਾ ਕੁਝ ਕਰਾਂਗੇ, ਤਾਂ ਅਸੀਂ ਪਰਮੇਸ਼ੁਰ ਵਾਂਗ ਪਵਿੱਤਰ ਬਣ ਸਕਾਂਗੇ।
ਅਪਾਹਜ ਲੋਕਾਂ ਲਈ ਲਿਹਾਜ਼ ਦਿਖਾਓ
3-4. ਲੇਵੀਆਂ 19:14 ਮੁਤਾਬਕ ਇਜ਼ਰਾਈਲੀਆਂ ਨੇ ਬੋਲ਼ੇ ਤੇ ਅੰਨ੍ਹੇ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਸੀ?
3 ਲੇਵੀਆਂ 19:14 ਪੜ੍ਹੋ। ਯਹੋਵਾਹ ਇਜ਼ਰਾਈਲੀਆਂ ਤੋਂ ਚਾਹੁੰਦਾ ਸੀ ਕਿ ਉਹ ਅਪਾਹਜ ਲੋਕਾਂ ਲਈ ਲਿਹਾਜ਼ ਦਿਖਾਉਣ। ਉਦਾਹਰਣ ਲਈ, ਉਸ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ ਕਿ ਉਹ ਬੋਲ਼ੇ ਲੋਕਾਂ ਨੂੰ ਸਰਾਪ ਨਾ ਦੇਣ ਯਾਨੀ ਇਜ਼ਰਾਈਲੀਆਂ ਨੇ ਨਾ ਤਾਂ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਕੁਝ ਬੁਰਾ-ਭਲਾ ਕਹਿਣਾ ਸੀ। ਜ਼ਰਾ ਸੋਚੋ ਕਿ ਇਕ ਬੋਲ਼ਾ ਵਿਅਕਤੀ ਸੁਣ ਨਹੀਂ ਸਕਦਾ ਅਤੇ ਜੇ ਉਸ ਨੂੰ ਬੁਰਾ-ਭਲਾ ਕਿਹਾ ਜਾਂਦਾ ਹੈ, ਤਾਂ ਉਹ ਆਪਣੇ ਪੱਖ ਵਿਚ ਕੁਝ ਕਹਿ ਵੀ ਨਹੀਂ ਸਕਦਾ। ਉਸ ਨਾਲ ਇੱਦਾਂ ਕਰਨਾ ਕਿੰਨੀ ਹੀ ਘਟੀਆ ਗੱਲ ਹੋਵੇਗੀ।
4 ਇਸ ਤੋਂ ਇਲਾਵਾ, ਆਇਤ 14 ਵਿਚ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਇਕ ਹੋਰ ਹੁਕਮ ਵੀ ਦਿੱਤਾ ਕਿ ਤੁਸੀਂ “ਕਿਸੇ ਅੰਨ੍ਹੇ ਦੇ ਰਾਹ ਵਿਚ ਕੋਈ ਰੁਕਾਵਟ ਖੜ੍ਹੀ ਨਾ ਕਰੋ।” ਇਕ ਕਿਤਾਬ ਵਿਚ ਦੱਸਿਆ ਗਿਆ ਹੈ: ‘ਪ੍ਰਾਚੀਨ ਮੱਧ ਪੂਰਬ ਵਿਚ ਅਪਾਹਜ ਲੋਕਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ।’ ਸ਼ਾਇਦ ਕੁਝ ਲੋਕ ਅੰਨ੍ਹੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਜਾਂ ਉਨ੍ਹਾਂ ਦਾ ਮਜ਼ਾਕ ਉਡਾਉਣ ਲਈ ਉਨ੍ਹਾਂ ਦੇ ਰਾਹ ਵਿਚ ਰੋੜਾ ਰੱਖ ਦਿੰਦੇ ਸਨ। ਉਹ ਕਿੰਨੇ ਹੀ ਬੇਰਹਿਮ ਸਨ! ਯਹੋਵਾਹ ਦੇ ਇਸ ਕਾਨੂੰਨ ਤੋਂ ਇਜ਼ਰਾਈਲੀ ਇਹ ਸਮਝ ਸਕਦੇ ਸਨ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਲਈ ਹਮਦਰਦੀ ਦਿਖਾਉਣੀ ਚਾਹੀਦੀ ਸੀ।
5. ਅਸੀਂ ਅਪਾਹਜ ਲੋਕਾਂ ਲਈ ਹਮਦਰਦੀ ਕਿਵੇਂ ਦਿਖਾ ਸਕਦੇ ਹਾਂ?
5 ਯਿਸੂ ਨੇ ਅਪਾਹਜ ਲੋਕਾਂ ਲਈ ਹਮਦਰਦੀ ਦਿਖਾਈ। ਉਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਇਹ ਸੰਦੇਸ਼ ਭੇਜਿਆ: “ਅੰਨ੍ਹੇ ਹੁਣ ਦੇਖ ਰਹੇ ਹਨ, ਲੰਗੜੇ ਤੁਰ ਰਹੇ ਹਨ, ਕੋੜ੍ਹੀ ਸ਼ੁੱਧ ਹੋ ਰਹੇ ਹਨ, ਬੋਲ਼ੇ ਸੁਣ ਰਹੇ ਹਨ, ਮਰ ਚੁੱਕੇ ਲੋਕ ਦੁਬਾਰਾ ਜੀਉਂਦੇ ਕੀਤੇ ਜਾ ਰਹੇ ਹਨ।” ਯਿਸੂ ਦੇ ਇਨ੍ਹਾਂ ਚਮਤਕਾਰਾਂ ਦਾ ਲੋਕਾਂ ʼਤੇ ਇੰਨਾ ਅਸਰ ਹੋਇਆ ਕਿ “ਸਾਰੇ ਲੋਕ ਇਹ ਸਭ ਕੁਝ ਦੇਖ ਕੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗ ਪਏ।” (ਲੂਕਾ 7:20-22; 18:43) ਅੱਜ ਅਸੀਂ ਵੀ ਯਿਸੂ ਦੀ ਰੀਸ ਕਰਦਿਆਂ ਅਪਾਹਜ ਲੋਕਾਂ ਲਈ ਹਮਦਰਦੀ ਰੱਖਦੇ ਹਾਂ। ਇਸ ਕਰਕੇ ਅਸੀਂ ਉਨ੍ਹਾਂ ਨਾਲ ਪਿਆਰ ਤੇ ਧੀਰਜ ਨਾਲ ਪੇਸ਼ ਆਉਂਦੇ ਹਾਂ ਅਤੇ ਉਨ੍ਹਾਂ ਲਈ ਲਿਹਾਜ਼ ਦਿਖਾਉਂਦੇ ਹਾਂ। ਬਿਨਾਂ ਸ਼ੱਕ, ਯਹੋਵਾਹ ਨੇ ਸਾਨੂੰ ਯਿਸੂ ਵਾਂਗ ਚਮਤਕਾਰ ਕਰਨ ਦੀ ਤਾਕਤ ਨਹੀਂ ਦਿੱਤੀ। ਪਰ ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਲੋਕਾਂ ਨੂੰ ਉਸ ਨਵੀਂ ਦੁਨੀਆਂ ਬਾਰੇ ਖ਼ੁਸ਼-ਖ਼ਬਰੀ ਸੁਣਾਉਣ ਦਾ ਸਨਮਾਨ ਜ਼ਰੂਰ ਦਿੱਤਾ ਹੈ ਜਿੱਥੇ ਸਾਰੇ ਲੋਕ ਤੰਦਰੁਸਤ ਹੋਣਗੇ। ਅਸੀਂ ਉਨ੍ਹਾਂ ਲੋਕਾਂ ਨੂੰ ਵੀ ਖ਼ੁਸ਼-ਖ਼ਬਰੀ ਬਾਰੇ ਦੱਸਦੇ ਹਾਂ ਜੋ ਸੱਚਾਈ ਨੂੰ ਦੇਖ ਨਹੀਂ ਪਾਉਂਦੇ ਯਾਨੀ ਜਿਨ੍ਹਾਂ ਨੂੰ ਸੱਚਾਈ ਬਾਰੇ ਕੁਝ ਪਤਾ ਨਹੀਂ। (ਲੂਕਾ 4:18) ਇਸ ਖ਼ੁਸ਼-ਖ਼ਬਰੀ ਕਰਕੇ ਬਹੁਤ ਸਾਰੇ ਲੋਕ ਅੱਜ ਪਰਮੇਸ਼ੁਰ ਦੀ ਮਹਿਮਾ ਕਰ ਰਹੇ ਹਨ।
ਈਮਾਨਦਾਰੀ ਨਾਲ ਕਾਰੋਬਾਰ ਕਰੋ
6. ਲੇਵੀਆਂ ਅਧਿਆਇ 19 ਤੋਂ ਸਾਡੀ ਕੀ ਸਮਝਣ ਵਿਚ ਮਦਦ ਹੁੰਦੀ ਹੈ?
6 ਯਹੋਵਾਹ ਨੇ ਇਜ਼ਰਾਈਲੀਆਂ ਨੂੰ ਦਸ ਹੁਕਮ ਦਿੱਤੇ ਸਨ। ਲੇਵੀਆਂ ਅਧਿਆਇ 19 ਦੀਆਂ ਕੁਝ ਆਇਤਾਂ ਤੋਂ ਸਾਡੀ ਇਨ੍ਹਾਂ ਹੁਕਮਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਹੁੰਦੀ ਹੈ। ਉਦਾਹਰਣ ਲਈ, ਅੱਠਵਾਂ ਹੁਕਮ ਸੀ: “ਤੂੰ ਚੋਰੀ ਨਾ ਕਰ।” (ਕੂਚ 20:15) ਇਕ ਇਜ਼ਰਾਈਲੀ ਸੋਚ ਸਕਦਾ ਸੀ ਕਿ ਜੇ ਉਹ ਬਿਨਾਂ ਪੁੱਛੇ ਕਿਸੇ ਦੀ ਚੀਜ਼ ਨਹੀਂ ਲੈਂਦਾ, ਤਾਂ ਉਹ ਇਹ ਹੁਕਮ ਮੰਨ ਰਿਹਾ ਸੀ। ਪਰ ਹੋ ਸਕਦਾ ਹੈ ਕਿ ਉਹ ਕਿਸੇ ਦੂਜੇ ਤਰੀਕੇ ਨਾਲ ਚੋਰੀ ਕਰੇ।
7. ਕੀ ਕਰਨ ਨਾਲ ਇਕ ਵਪਾਰੀ ਅੱਠਵਾਂ ਹੁਕਮ ਤੋੜ ਸਕਦਾ ਸੀ?
7 ਇਕ ਵਪਾਰੀ ਸ਼ਾਇਦ ਕਦੇ ਵੀ ਕਿਸੇ ਹੋਰ ਦੀ ਚੀਜ਼ ਨਾ ਚੁਰਾਏ। ਪਰ ਕੀ ਕਾਰੋਬਾਰ ਕਰਦੇ ਵੇਲੇ ਉਹ ਇਸ ਗੱਲ ਦਾ ਧਿਆਨ ਰੱਖਦਾ ਹੈ? ਲੇਵੀਆਂ 19:35, 36 ਵਿਚ ਯਹੋਵਾਹ ਨੇ ਕਿਹਾ: “ਤੁਸੀਂ ਮਿਣਨ, ਤੋਲਣ ਤੇ ਮਾਪਣ ਵੇਲੇ ਬੇਈਮਾਨੀ ਨਾ ਕਰੋ। ਤੁਸੀਂ ਸਹੀ ਤੱਕੜੀ, ਸਹੀ ਵੱਟੇ ਅਤੇ ਸੁੱਕੇ ਤੇ ਤਰਲ ਪਦਾਰਥ ਮਾਪਣ ਲਈ ਸਹੀ ਭਾਂਡੇ ਇਸਤੇਮਾਲ ਕਰੋ।” ਜੇ ਇਕ ਵਪਾਰੀ ਦੂਜਿਆਂ ਨੂੰ ਠੱਗਣ ਲਈ ਗ਼ਲਤ ਮਾਪ-ਤੋਲ ਕਰਦਾ ਸੀ, ਤਾਂ ਵੀ ਇਹ ਇਕ ਤਰੀਕੇ ਦੀ ਚੋਰੀ ਹੀ ਹੋਣੀ ਸੀ। ਇਸ ਅਧਿਆਇ ਦੀਆਂ ਦੂਜੀਆਂ ਆਇਤਾਂ ਤੋਂ ਵੀ ਇਹੀ ਗੱਲ ਪਤਾ ਲੱਗਦੀ ਹੈ।
8. ਲੇਵੀਆਂ 19:11-13 ਮੁਤਾਬਕ ਯਹੂਦੀ ਕਿਹੜਾ ਅਸੂਲ ਸਮਝ ਸਕੇ ਅਤੇ ਇਸ ਤੋਂ ਅਸੀਂ ਕੀ ਸਿੱਖਦੇ ਹਾਂ?
8 ਲੇਵੀਆਂ 19:11-13 ਪੜ੍ਹੋ। ਲੇਵੀਆਂ 19:11 ਦੇ ਸ਼ੁਰੂ ਵਿਚ ਲਿਖਿਆ ਹੈ: “ਤੁਸੀਂ ਚੋਰੀ ਨਾ ਕਰੋ” ਅਤੇ ਆਇਤ 13 ਵਿਚ ਲਿਖਿਆ ਹੈ: “ਤੁਸੀਂ ਆਪਣੇ ਗੁਆਂਢੀ ਨਾਲ ਠੱਗੀ ਨਾ ਮਾਰੋ।” ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਜੇ ਕੋਈ ਵਿਅਕਤੀ ਆਪਣੇ ਕੰਮ-ਧੰਦੇ ਵਿਚ ਬੇਈਮਾਨੀ ਜਾਂ ਧੋਖਾ ਕਰਦਾ ਹੈ, ਤਾਂ ਉਹ ਇਕ ਤਰ੍ਹਾਂ ਨਾਲ ਚੋਰੀ ਹੀ ਕਰਦਾ ਹੈ। ਅੱਠਵੇਂ ਹੁਕਮ ਵਿਚ ਸਿਰਫ਼ ਇਹੀ ਲਿਖਿਆ ਸੀ ਕਿ ਤੂੰ ਚੋਰੀ ਨਾ ਕਰ। ਪਰ ਯਹੂਦੀ ਇਨ੍ਹਾਂ ਆਇਤਾਂ ਵਿਚ ਦਿੱਤਾ ਅਸੂਲ ਸਮਝ ਸਕਦੇ ਸਨ ਕਿ ਉਨ੍ਹਾਂ ਨੂੰ ਹਰ ਮਾਮਲੇ ਵਿਚ ਈਮਾਨਦਾਰ ਰਹਿਣਾ ਚਾਹੀਦਾ ਸੀ। ਲੇਵੀਆਂ 19:11-13 ਪੜ੍ਹ ਕੇ ਅਸੀਂ ਸਿੱਖਦੇ ਹਾਂ ਕਿ ਬੇਈਮਾਨੀ ਅਤੇ ਚੋਰੀ ਕਰਨ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ। ਇਸ ਲਈ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ: ‘ਕੀ ਮੈਂ ਕਾਰੋਬਾਰ ਜਾਂ ਨੌਕਰੀ ਈਮਾਨਦਾਰੀ ਨਾਲ ਕਰਦਾ ਹਾਂ? ਜਾਂ ਕੀ ਮੈਨੂੰ ਕੁਝ ਸੁਧਾਰ ਕਰਨ ਦੀ ਲੋੜ ਹੈ?’
9. ਲੇਵੀਆਂ 19:13 ਵਿਚ ਦਿੱਤੇ ਹੁਕਮ ਤੋਂ ਮਜ਼ਦੂਰਾਂ ਦਾ ਭਲਾ ਕਿਵੇਂ ਹੁੰਦਾ ਸੀ?
9 ਜੇ ਇਕ ਮਸੀਹੀ ਕਾਰੋਬਾਰ ਕਰਦਾ ਹੈ, ਤਾਂ ਉਹ ਲੇਵੀਆਂ ਅਧਿਆਇ 19 ਤੋਂ ਈਮਾਨਦਾਰੀ ਬਾਰੇ ਇਕ ਹੋਰ ਵਧੀਆ ਸਬਕ ਸਿੱਖ ਸਕਦਾ ਹੈ। ਆਇਤ 13 ਵਿਚ ਲਿਖਿਆ ਹੈ: “ਤੁਸੀਂ ਪੂਰੀ ਰਾਤ, ਹਾਂ, ਸਵੇਰ ਹੋਣ ਤਕ ਕਿਸੇ ਮਜ਼ਦੂਰ ਦੀ ਮਜ਼ਦੂਰੀ ਨਾ ਰੱਖੋ।” ਇਜ਼ਰਾਈਲ ਵਿਚ ਜ਼ਿਆਦਾਤਰ ਲੋਕ ਕਿਸਾਨ ਸਨ ਅਤੇ ਉਹ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਮਜ਼ਦੂਰ ਰੱਖਦੇ ਸਨ। ਨਾਲੇ ਉਹ ਮਜ਼ਦੂਰਾਂ ਨੂੰ ਦਿਨ ਦੇ ਅਖ਼ੀਰ ਵਿਚ ਮਜ਼ਦੂਰੀ ਦਿੰਦੇ ਸਨ। ਜੇ ਇਕ ਕਿਸਾਨ ਕਿਸੇ ਮਜ਼ਦੂਰ ਨੂੰ ਉਸ ਦੀ ਮਜ਼ਦੂਰੀ ਨਹੀਂ ਦਿੰਦਾ ਸੀ, ਤਾਂ ਸ਼ਾਇਦ ਉਸ ਮਜ਼ਦੂਰ ਦੇ ਪਰਿਵਾਰ ਨੂੰ ਉਸ ਦਿਨ ਭੁੱਖੇ ਹੀ ਸੌਣਾ ਪੈਂਦਾ ਸੀ। ਯਹੋਵਾਹ ਇਹ ਗੱਲ ਸਮਝਦਾ ਸੀ। ਉਸ ਨੇ ਕਿਹਾ: “[ਮਜ਼ਦੂਰ] ਲੋੜਵੰਦ ਹੈ ਅਤੇ ਉਹ ਮਜ਼ਦੂਰੀ ਕਰ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਤੋਰਦਾ ਹੈ।”—ਬਿਵ. 24:14, 15; ਮੱਤੀ 20:8.
10. ਲੇਵੀਆਂ 19:13 ਤੋਂ ਅਸੀਂ ਕੀ ਸਿੱਖ ਸਕਦੇ ਹਾਂ?
10 ਅੱਜ ਕਈ ਜਣਿਆਂ ਨੂੰ ਹਰ ਰੋਜ਼ ਨਹੀਂ, ਸਗੋਂ ਮਹੀਨੇ ਵਿਚ ਇਕ ਜਾਂ ਦੋ ਵਾਰ ਤਨਖ਼ਾਹ ਮਿਲਦੀ ਹੈ। ਲੇਵੀਆਂ 19:13 ਵਿਚ ਦਿੱਤਾ ਅਸੂਲ ਅੱਜ ਵੀ ਲਾਗੂ ਹੁੰਦਾ ਹੈ। ਕੁਝ ਮਾਲਕ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਅਧੀਨ ਕੰਮ ਕਰਨ ਵਾਲਿਆਂ ਨੂੰ ਕੰਮ ਦੀ ਕਿੰਨੀ ਲੋੜ ਹੈ। ਇਸ ਲਈ ਉਹ ਉਨ੍ਹਾਂ ਦੀ ਮਜਬੂਰੀ ਦਾ ਫ਼ਾਇਦਾ ਚੁੱਕਦੇ ਹਨ ਅਤੇ ਉਨ੍ਹਾਂ ਤੋਂ ਘੱਟ ਪੈਸਿਆਂ ਵਿਚ ਜ਼ਿਆਦਾ ਕੰਮ ਕਰਾਉਂਦੇ ਹਨ। ਇੱਦਾਂ ਕਰ ਕੇ ਉਹ ਇਕ ਤਰ੍ਹਾਂ ਨਾਲ ਉਨ੍ਹਾਂ ਦੀ ‘ਮਜ਼ਦੂਰੀ ਰੱਖ’ ਰਹੇ ਹੁੰਦੇ ਹਨ। ਇਕ ਮਸੀਹੀ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲਿਆ ਨਾਲ ਇੱਦਾਂ ਨਾ ਕਰੇ, ਸਗੋਂ ਉਸ ਨੂੰ ਉਨ੍ਹਾਂ ਦੀ ਮਿਹਨਤ ਦੀ ਮਜ਼ਦੂਰੀ ਦੇਣੀ ਚਾਹੀਦੀ ਹੈ। ਆਓ ਆਪਾਂ ਹੁਣ ਲੇਵੀਆਂ ਅਧਿਆਇ 19 ਵਿੱਚੋਂ ਕੁਝ ਹੋਰ ਗੱਲਾਂ ਸਿੱਖਦੇ ਹਾਂ।
ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ
11-12. ਯਿਸੂ ਨੇ ਲੇਵੀਆਂ 19:17, 18 ਦਾ ਹਵਾਲਾ ਦਿੰਦਿਆਂ ਕਿਹੜੀ ਗੱਲ ʼਤੇ ਜ਼ੋਰ ਦਿੱਤਾ?
11 ਪਰਮੇਸ਼ੁਰ ਸਿਰਫ਼ ਇਹ ਨਹੀਂ ਚਾਹੁੰਦਾ ਕਿ ਅਸੀਂ ਦੂਸਰਿਆਂ ਦਾ ਨੁਕਸਾਨ ਨਾ ਕਰੀਏ, ਸਗੋਂ ਉਹ ਸਾਡੇ ਤੋਂ ਹੋਰ ਵੀ ਕੁਝ ਚਾਹੁੰਦਾ ਹੈ। ਇਸ ਬਾਰੇ ਲੇਵੀਆਂ 19:17, 18 (ਪੜ੍ਹੋ।) ਵਿਚ ਦੱਸਿਆ ਗਿਆ ਹੈ। ਇੱਥੇ ਯਹੋਵਾਹ ਨੇ ਸਾਫ਼-ਸਾਫ਼ ਕਿਹਾ ਕਿ “ਤੁਸੀਂ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਕਰਦੇ ਹੋ।” ਯਹੋਵਾਹ ਨੂੰ ਖ਼ੁਸ਼ ਕਰਨ ਲਈ ਇਹ ਗੱਲ ਮੰਨਣੀ ਬਹੁਤ ਜ਼ਰੂਰੀ ਹੈ।
12 ਯਿਸੂ ਨੇ ਵੀ ਲੇਵੀਆਂ 19:18 ਵਿਚ ਦੱਸੇ ਹੁਕਮ ʼਤੇ ਜ਼ੋਰ ਦਿੱਤਾ। ਇਕ ਵਾਰ ਇਕ ਫ਼ਰੀਸੀ ਨੇ ਉਸ ਨੂੰ ਪੁੱਛਿਆ: “ਮੂਸਾ ਦੇ ਕਾਨੂੰਨ ਵਿਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ?” ਯਿਸੂ ਨੇ ਜਵਾਬ ਵਿਚ ਉਸ ਨੂੰ ਕਿਹਾ ਕਿ ਤੂੰ ਯਹੋਵਾਹ ਨੂੰ ਪੂਰੇ ਦਿਲ ਨਾਲ, ਪੂਰੀ ਜਾਨ ਨਾਲ ਅਤੇ ਪੂਰੀ ਸਮਝ ਨਾਲ ਪਿਆਰ ਕਰ। “ਇਹੀ ਸਭ ਤੋਂ ਵੱਡਾ ਅਤੇ ਪਹਿਲਾ ਹੁਕਮ ਹੈ।” ਇਸ ਤੋਂ ਬਾਅਦ ਉਸ ਨੇ ਲੇਵੀਆਂ 19:18 ਦਾ ਹਵਾਲਾ ਦੇ ਕੇ ਕਿਹਾ ਕਿ “ਦੂਸਰਾ ਹੁਕਮ ਇਹ ਹੈ: ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’” (ਮੱਤੀ 22:35-40) ਆਪਣੇ ਗੁਆਂਢੀ ਨੂੰ ਪਿਆਰ ਦਿਖਾਉਣ ਦੇ ਬਹੁਤ ਸਾਰੇ ਤਰੀਕੇ ਹਨ। ਇਨ੍ਹਾਂ ਵਿੱਚੋਂ ਕੁਝ ਤਰੀਕੇ ਲੇਵੀਆਂ ਅਧਿਆਇ 19 ਵਿਚ ਦੱਸੇ ਗਏ ਹਨ।
13. ਲੇਵੀਆਂ 19:18 ਵਿਚ ਦਿੱਤਾ ਹੁਕਮ ਮੰਨਣ ਬਾਰੇ ਅਸੀਂ ਯੂਸੁਫ਼ ਤੋਂ ਕੀ ਸਿੱਖ ਸਕਦੇ ਹਾਂ?
13 ਆਪਣੇ ਗੁਆਂਢੀਆਂ ਨੂੰ ਪਿਆਰ ਕਰਨ ਦਾ ਇਕ ਤਰੀਕਾ ਲੇਵੀਆਂ 19:18 ਵਿਚ ਦੱਸਿਆ ਗਿਆ ਹੈ। ਇੱਥੇ ਲਿਖਿਆ ਹੈ: “ਤੁਸੀਂ ਬਦਲਾ ਨਾ ਲਓ ਅਤੇ ਆਪਣੇ ਲੋਕਾਂ ਦੇ ਖ਼ਿਲਾਫ਼ ਦਿਲ ਵਿਚ ਨਾਰਾਜ਼ਗੀ ਨਾ ਪਾਲ਼ੋ।” ਤੁਸੀਂ ਸ਼ਾਇਦ ਕਿਸੇ ਵਿਅਕਤੀ ਨੂੰ ਜਾਣਦੇ ਹੋਵੋਗੇ ਜੋ ਆਪਣੇ ਨਾਲ ਕੰਮ ਕਰਨ ਵਾਲੇ, ਪੜ੍ਹਨ ਵਾਲੇ ਜਾਂ ਕਿਸੇ ਦੋਸਤ ਜਾਂ ਰਿਸ਼ਤੇਦਾਰ ਨਾਲ ਸਾਲਾਂ ਤਕ ਨਾਰਾਜ਼ ਰਿਹਾ ਹੋਵੇ। ਯਾਦ ਕਰੋ ਕਿ ਯੂਸੁਫ਼ ਦੇ ਦਸ ਭਰਾਵਾਂ ਨੇ ਉਸ ਖ਼ਿਲਾਫ਼ ਆਪਣੇ ਦਿਲ ਵਿਚ ਨਾਰਾਜ਼ਗੀ ਪਾਲ਼ੀ ਜਿਸ ਕਰਕੇ ਉਨ੍ਹਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ। (ਉਤ. 37:2-8, 25-28) ਬਾਅਦ ਵਿਚ, ਜਦੋਂ ਯੂਸੁਫ਼ ਇਕ ਵੱਡਾ ਅਧਿਕਾਰੀ ਬਣਿਆ, ਤਾਂ ਉਹ ਆਪਣੇ ਭਰਾਵਾਂ ਤੋਂ ਬਦਲਾ ਲੈ ਸਕਦਾ ਸੀ। ਪਰ ਉਸ ਨੇ ਉਨ੍ਹਾਂ ਖ਼ਿਲਾਫ਼ ਨਾਰਾਜ਼ਗੀ ਪਾਲਣ ਦੀ ਬਜਾਇ ਉਨ੍ਹਾਂ ʼਤੇ ਦਇਆ ਕੀਤੀ। ਧਿਆਨ ਦਿਓ ਉਸ ਨੇ ਉਹੀ ਕੀਤਾ ਜੋ ਬਾਅਦ ਵਿਚ ਲੇਵੀਆਂ 19:18 ਵਿਚ ਲਿਖਿਆ ਗਿਆ।—ਉਤ. 50:19-21.
14. ਸਾਨੂੰ ਲੇਵੀਆਂ 19:18 ਵਿਚ ਦਿੱਤੇ ਅਸੂਲ ਨੂੰ ਕਿਉਂ ਮੰਨਣਾ ਚਾਹੀਦਾ ਹੈ?
14 ਜੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਯੂਸੁਫ਼ ਵਾਂਗ ਦੂਸਰਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਬਦਲਾ ਨਹੀਂ ਲੈਣਾ ਚਾਹੀਦਾ। ਯਿਸੂ ਨੇ ਆਪਣੇ ਚੇਲਿਆਂ ਨੂੰ ਜੋ ਪ੍ਰਾਰਥਨਾ ਕਰਨੀ ਸਿਖਾਈ ਸੀ, ਉਸ ਵਿਚ ਉਸ ਨੇ ਕਿਹਾ ਕਿ ਸਾਨੂੰ ਆਪਣੇ ਖ਼ਿਲਾਫ਼ ਪਾਪ ਕਰਨ ਵਾਲਿਆਂ ਨੂੰ ਮਾਫ਼ ਕਰਨਾ ਚਾਹੀਦਾ ਹੈ। (ਮੱਤੀ 6:9, 12) ਯਿਸੂ ਵਾਂਗ ਪੌਲੁਸ ਰਸੂਲ ਨੇ ਵੀ ਆਪਣੇ ਭੈਣਾਂ-ਭਰਾਵਾਂ ਨੂੰ ਸਲਾਹ ਦਿੱਤੀ: “ਪਿਆਰਿਓ, ਬਦਲਾ ਨਾ ਲਓ।” (ਰੋਮੀ. 12:19) ਉਸ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦਿਆਂ ਇਹ ਵੀ ਕਿਹਾ: “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।” (ਕੁਲੁ. 3:13) ਯਹੋਵਾਹ ਦੇ ਅਸੂਲ ਕਦੇ ਨਹੀਂ ਬਦਲਦੇ। ਇਸ ਲਈ ਸਾਨੂੰ ਵੀ ਲੇਵੀਆਂ 19:18 ਵਿਚ ਦਿੱਤੇ ਅਸੂਲ ਨੂੰ ਮੰਨਣਾ ਚਾਹੀਦਾ ਹੈ।
15. ਉਦਾਹਰਣ ਦੇ ਕੇ ਸਮਝਾਓ ਕਿ ਸਾਨੂੰ ਦੂਸਰਿਆਂ ਦੀਆਂ ਗ਼ਲਤੀਆਂ ਨੂੰ ਕਿਉਂ ਮਾਫ਼ ਕਰਨਾ ਅਤੇ ਭੁੱਲ ਜਾਣਾ ਚਾਹੀਦਾ ਹੈ?
15 ਜਦੋਂ ਕੋਈ ਸਾਨੂੰ ਠੇਸ ਪਹੁੰਚਾਉਂਦਾ ਹੈ, ਤਾਂ ਅਸੀਂ ਇਸ ਦੀ ਤੁਲਨਾ ਸੱਟ-ਚੋਟ ਨਾਲ ਕਰ ਸਕਦੇ ਹਾਂ। ਜ਼ਰਾ ਸੋਚੋ ਕਿ ਤੁਸੀਂ ਸਬਜ਼ੀ ਕੱਟ ਰਹੇ ਹੋ ਅਤੇ ਅਚਾਨਕ ਤੁਹਾਡੀ ਉਂਗਲੀ ʼਤੇ ਛੋਟਾ ਜਿਹਾ ਚੀਰਾ ਆ ਜਾਂਦਾ ਹੈ। ਇਸ ਨਾਲ ਤੁਹਾਨੂੰ ਥੋੜ੍ਹੇ ਸਮੇਂ ਲਈ ਦਰਦ ਤਾਂ ਹੁੰਦੀ ਹੈ, ਪਰ ਇਹ ਛੇਤੀ ਹੀ ਠੀਕ ਹੋ ਜਾਂਦੀ ਹੈ। ਨਾਲੇ ਇਕ ਜਾਂ ਦੋ ਦਿਨ ਬਾਅਦ ਤੁਹਾਨੂੰ ਯਾਦ ਹੀ ਭੁੱਲ ਜਾਂਦਾ ਹੈ ਕਿ ਤੁਹਾਡੇ ਚੀਰਾ ਆਇਆ ਸੀ। ਬਿਲਕੁਲ ਇਸੇ ਤਰ੍ਹਾਂ ਜਦੋਂ ਕੋਈ ਭੈਣ-ਭਰਾ ਤੁਹਾਨੂੰ ਕੋਈ ਛੋਟੀ-ਮੋਟੀ ਗੱਲ ਕਹਿ ਦਿੰਦਾ ਜਾਂ ਤੁਹਾਡੇ ਖ਼ਿਲਾਫ਼ ਕੋਈ ਛੋਟਾ-ਮੋਟਾ ਕੰਮ ਕਰ ਦਿੰਦਾ ਹੈ, ਤਾਂ ਤੁਹਾਨੂੰ ਦੁੱਖ ਤਾਂ ਜ਼ਰੂਰ ਲੱਗਦਾ ਹੈ, ਪਰ ਤੁਸੀਂ ਉਸ ਨੂੰ ਸੌਖਿਆਂ ਹੀ ਮਾਫ਼ ਕਰ ਦਿੰਦੇ ਹੋ। ਹੁਣ ਜ਼ਰਾ ਸੋਚੋ ਕਿ ਸ਼ਾਇਦ ਤੁਹਾਡੇ ਜ਼ਿਆਦਾ ਸੱਟ ਲੱਗਣ ਕਰਕੇ ਡੂੰਘਾ ਜ਼ਖ਼ਮ ਹੋ ਜਾਵੇ ਅਤੇ ਤੁਸੀਂ ਉਸ ʼਤੇ ਪੱਟੀ ਬੰਨ੍ਹਦੇ ਹੋ। ਪਰ ਜੇ ਤੁਸੀਂ ਉਸ ਜ਼ਖ਼ਮ ਨੂੰ ਵਾਰ-ਵਾਰ ਛੇੜਦੇ ਰਹਿੰਦੇ ਹੋ, ਤਾਂ ਇਹ ਠੀਕ ਹੋਣ ਦੀ ਬਜਾਇ ਹੋਰ ਖ਼ਰਾਬ ਹੋ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਭੈਣ-ਭਰਾ ਦੇ ਕੁਝ ਕਹਿਣ ਜਾਂ ਕਰਨ ਤੇ ਸ਼ਾਇਦ ਤੁਹਾਡੇ ਦਿਲ ʼਤੇ ਗਹਿਰੀ ਸੱਟ ਲੱਗੇ। ਪਰ ਜੇ ਤੁਸੀਂ ਵਾਰ-ਵਾਰ ਇਸ ਬਾਰੇ ਸੋਚਦੇ ਰਹਿੰਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਹੋਰ ਜ਼ਿਆਦਾ ਦੁਖੀ ਕਰ ਰਹੇ ਹੁੰਦੇ ਹੋ। ਨਾਰਾਜ਼ਗੀ ਰੱਖਣ ਨਾਲ ਸਿਰਫ਼ ਤੁਹਾਡਾ ਹੀ ਨੁਕਸਾਨ ਹੋਵੇਗਾ। ਇਸ ਲਈ ਇਹ ਕਿੰਨਾ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਲੇਵੀਆਂ 19:18 ਵਿਚ ਦਿੱਤੇ ਹੁਕਮ ਨੂੰ ਮੰਨੀਏ!
16. (ੳ) ਲੇਵੀਆਂ 19:33, 34 ਮੁਤਾਬਕ ਇਜ਼ਰਾਈਲੀਆਂ ਨੇ ਪਰਦੇਸੀਆਂ ਨਾਲ ਕਿੱਦਾਂ ਪੇਸ਼ ਆਉਣਾ ਸੀ? (ਅ) ਅੱਜ ਇਹ ਅਸੂਲ ਸਾਡੇ ʼਤੇ ਕਿਵੇਂ ਲਾਗੂ ਹੁੰਦਾ ਹੈ?
16 ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਗੁਆਂਢੀਆਂ ਨਾਲ ਪਿਆਰ ਕਰਨ, ਤਾਂ ਉਸ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਉਨ੍ਹਾਂ ਨੇ ਸਿਰਫ਼ ਇਜ਼ਰਾਈਲੀਆਂ ਨੂੰ ਹੀ ਪਿਆਰ ਕਰਨ ਸੀ, ਸਗੋਂ ਉਨ੍ਹਾਂ ਨੇ ਆਪਣੇ ਨਾਲ ਰਹਿੰਦੇ ਪਰਦੇਸੀਆਂ ਨੂੰ ਵੀ ਪਿਆਰ ਕਰਨਾ ਸੀ। ਇਹ ਗੱਲ ਲੇਵੀਆਂ 19:33, 34 (ਪੜ੍ਹੋ।) ਤੋਂ ਸਾਫ਼ ਪਤਾ ਲੱਗਦੀ ਹੈ। ਇਜ਼ਰਾਈਲੀਆਂ ਨੇ ਪਰਦੇਸੀਆਂ ਨਾਲ “ਆਪਣੇ ਲੋਕਾਂ” ਵਾਂਗ ਪੇਸ਼ ਆਉਣਾ ਸੀ। ਇਜ਼ਰਾਈਲੀਆਂ ਨੇ ‘ਉਨ੍ਹਾਂ ਨਾਲ ਉਵੇਂ ਪਿਆਰ ਕਰਨਾ ਸੀ’ ਜਿਵੇਂ ਉਹ ਆਪਣੇ ਆਪ ਨੂੰ ਕਰਦੇ ਸਨ। ਉਦਾਹਰਣ ਲਈ, ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਇਜ਼ਰਾਈਲੀਆਂ ਨੇ ਪਰਦੇਸੀਆਂ ਅਤੇ ਗ਼ਰੀਬਾਂ ਨੂੰ ਆਪਣੇ ਖੇਤਾਂ ਵਿੱਚੋਂ ਸਿੱਟੇ ਚੁਗਣ ਦੇਣੇ ਸਨ। (ਲੇਵੀ. 19:9, 10) ਪਰਦੇਸੀਆਂ ਨੂੰ ਪਿਆਰ ਕਰਨ ਦਾ ਅਸੂਲ ਅੱਜ ਸਾਡੇ ʼਤੇ ਵੀ ਲਾਗੂ ਹੁੰਦਾ ਹੈ। (ਲੂਕਾ 10:30-37) ਕਿਵੇਂ? ਅੱਜ ਲੱਖਾਂ ਹੀ ਲੋਕ ਆਪਣਾ ਦੇਸ਼ ਅਤੇ ਘਰ-ਬਾਰ ਛੱਡ ਕੇ ਦੂਸਰੇ ਦੇਸ਼ਾਂ ਵਿਚ ਰਹਿੰਦੇ ਹਨ। ਸ਼ਾਇਦ ਕੁਝ ਪਰਦੇਸੀ ਸਾਡੇ ਇਲਾਕੇ ਵਿਚ ਵੀ ਰਹਿੰਦੇ ਹੋਣ। ਸਾਡੇ ਲਈ ਵੀ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਪਰਦੇਸੀਆਂ ਨਾਲ ਪਿਆਰ ਅਤੇ ਇੱਜ਼ਤ ਨਾਲ ਪੇਸ਼ ਆਈਏ।
ਸਭ ਤੋਂ ਜ਼ਰੂਰੀ ਕੰਮ
17-18. (ੳ) ਲੇਵੀਆਂ 19:2 ਅਤੇ 1 ਪਤਰਸ 1:15 ਤੋਂ ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ? (ਅ) ਪਤਰਸ ਨੇ ਮਸੀਹੀਆਂ ਨੂੰ ਕਿਹੜਾ ਜ਼ਰੂਰੀ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ?
17 ਲੇਵੀਆਂ 19:2 ਅਤੇ 1 ਪਤਰਸ 1:15 ਵਿਚ ਯਹੋਵਾਹ ਆਪਣੇ ਸੇਵਕਾਂ ਤੋਂ ਮੰਗ ਕਰਦਾ ਹੈ ਕਿ ਉਹ ਪਵਿੱਤਰ ਬਣੇ ਰਹਿਣ। ਲੇਵੀਆਂ ਅਧਿਆਇ 19 ਦੀਆਂ ਕੁਝ ਆਇਤਾਂ ਤੋਂ ਅਸੀਂ ਸਿੱਖਿਆ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਇਸ ਅਧਿਆਇ ਦੀਆਂ ਕੁਝ ਆਇਤਾਂ ʼਤੇ ਚਰਚਾ ਕਰ ਕੇ ਅਸੀਂ ਸਮਝ ਪਾਏ ਕਿ ਸਾਨੂੰ ਕਿਹੜੇ ਕੰਮ ਕਰਨੇ ਚਾਹੀਦੇ ਹਨ ਅਤੇ ਕਿਹੜੇ ਕੰਮ ਨਹੀਂ।b ਮਸੀਹੀ ਯੂਨਾਨੀ ਲਿਖਤਾਂ ਤੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਅੱਜ ਵੀ ਚਾਹੁੰਦਾ ਹੈ ਕਿ ਅਸੀਂ ਉਸ ਦੇ ਇਨ੍ਹਾਂ ਅਸੂਲਾਂ ਨੂੰ ਮੰਨੀਏ। ਪਰ ਪਤਰਸ ਰਸੂਲ ਨੇ ਇਕ ਹੋਰ ਗੱਲ ਕਹੀ।
18 ਅਸੀਂ ਯਹੋਵਾਹ ਦੀ ਭਗਤੀ ਕਰਨ ਦੇ ਨਾਲ-ਨਾਲ ਸ਼ਾਇਦ ਲੋਕਾਂ ਦਾ ਭਲਾ ਵੀ ਕਰਦੇ ਹੋਈਏ। ਪਰ ਪਤਰਸ ਨੇ ਖ਼ਾਸ ਕਰਕੇ ਮਸੀਹੀਆਂ ਨੂੰ ਇਕ ਹੋਰ ਜ਼ਰੂਰੀ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ। ਪਤਰਸ ਨੇ ਸਾਰੇ ਮਸੀਹੀਆਂ ਨੂੰ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣਨ ਲਈ ਕਿਹਾ ਸੀ। ਪਰ ਇਸ ਤੋਂ ਪਹਿਲਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਸਖ਼ਤ ਮਿਹਨਤ ਕਰਨ ਵਾਸਤੇ ਆਪਣੇ ਮਨਾਂ ਨੂੰ ਤਿਆਰ ਕਰੋ।” (1 ਪਤ. 1:13, 15) ਪਰ ਕਿਹੜੇ ਕੰਮ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕਰਨੀ ਸੀ? ਪਤਰਸ ਨੇ ਚੁਣੇ ਹੋਏ ਮਸੀਹੀਆਂ ਨੂੰ ਦੱਸਿਆ: “ਤੁਸੀਂ ਹਰ ਪਾਸੇ ਉਸ ਦੇ ਗੁਣਾਂ ਦਾ ਐਲਾਨ ਕਰੋ।” (1 ਪਤ. 2:9) ਅੱਜ ਸਾਡੇ ਲਈ ਵੀ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਇਸ ਜ਼ਰੂਰੀ ਕੰਮ ਵਿਚ ਹਿੱਸਾ ਲੈ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰ ਪਾ ਰਹੇ ਹਾਂ! ਅਸੀਂ ਜੋਸ਼ ਨਾਲ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਸਿਖਾਉਂਦੇ ਹਾਂ। ਸੱਚ-ਮੁੱਚ ਪਰਮੇਸ਼ੁਰ ਦੇ ਪਵਿੱਤਰ ਲੋਕ ਹੋਣ ਕਰਕੇ ਸਾਡੇ ਕੋਲ ਵੀ ਕਿੰਨਾ ਹੀ ਵੱਡਾ ਸਨਮਾਨ ਹੈ! (ਮਰ. 13:10) ਜਦੋਂ ਅਸੀਂ ਲੇਵੀਆਂ ਅਧਿਆਇ 19 ਵਿਚ ਦਿੱਤੇ ਅਸੂਲਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਅਤੇ ਆਪਣੇ ਗੁਆਂਢੀਆਂ ਨੂੰ ਪਿਆਰ ਕਰਦੇ ਹਾਂ। ਨਾਲੇ ਅਸੀਂ ਇਹ ਵੀ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਸਾਰੇ ਚਾਲ-ਚਲਣ ਵਿਚ ‘ਪਵਿੱਤਰ ਬਣਨਾ’ ਚਾਹੁੰਦੇ ਹਾਂ।
ਗੀਤ 111 ਸਾਡੀ ਖ਼ੁਸ਼ੀ ਦੇ ਕਾਰਨ
a ਅੱਜ ਮਸੀਹੀ ਮੂਸਾ ਦੇ ਕਾਨੂੰਨ ਅਧੀਨ ਨਹੀਂ ਹਨ, ਪਰ ਅਸੀਂ ਇਸ ਕਾਨੂੰਨ ਤੋਂ ਸਿੱਖ ਸਕਦੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ। ਇਸ ਵਿਚ ਦੱਸੀਆਂ ਗੱਲਾਂ ਨੂੰ ਮੰਨ ਕੇ ਅਸੀਂ ਆਪਣੇ ਗੁਆਂਢੀ ਨੂੰ ਪਿਆਰ ਦਿਖਾ ਸਕਾਂਗੇ ਅਤੇ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਾਂਗੇ। ਇਸ ਲੇਖ ਵਿਚ ਅਸੀਂ ਲੇਵੀਆਂ ਅਧਿਆਇ 19 ਵਿਚ ਲਿਖੀਆਂ ਕੁਝ ਗੱਲਾਂ ʼਤੇ ਚਰਚਾ ਕਰਾਂਗੇ।
b ਇਸ ਲੇਖ ਅਤੇ ਪਿਛਲੇ ਲੇਖ ਵਿਚ ਅਸੀਂ ਲੇਵੀਆਂ 19 ਦੀਆਂ ਉਨ੍ਹਾਂ ਆਇਤਾਂ ਬਾਰੇ ਚਰਚਾ ਨਹੀਂ ਕੀਤੀ ਜਿਨ੍ਹਾਂ ਵਿਚ ਪੱਖਪਾਤ ਕਰਨ, ਬਦਨਾਮ ਕਰਨ, ਖ਼ੂਨ ਖਾਣ, ਜਾਦੂ-ਟੂਣਾ ਕਰਨ, ਭਵਿੱਖ ਦੱਸਣ ਵਾਲੇ ਤੋਂ ਪੁੱਛ-ਗਿੱਛ ਕਰਨ ਅਤੇ ਅਨੈਤਿਕ ਕੰਮ ਕਰਨ ਤੋਂ ਮਨ੍ਹਾਂ ਕੀਤਾ ਗਿਆ ਹੈ।—ਲੇਵੀ. 19:15, 16, 26-29, 31.—ਇਸ ਅੰਕ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।
c ਤਸਵੀਰਾਂ ਬਾਰੇ ਜਾਣਕਾਰੀ: ਇਕ ਬੋਲ਼ੇ ਭਰਾ ਦੀ ਡਾਕਟਰ ਨਾਲ ਗੱਲ ਕਰਨ ਵਿਚ ਇਕ ਭਰਾ ਮਦਦ ਕਰਦਾ ਹੋਇਆ।
d ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਦਾ ਰੰਗ ਦਾ ਕੰਮ ਹੈ ਅਤੇ ਉਹ ਆਪਣੇ ਅਧੀਨ ਕੰਮ ਕਰਨ ਵਾਲੇ ਨੂੰ ਤਨਖ਼ਾਹ ਦਿੰਦਾ ਹੋਇਆ।
e ਤਸਵੀਰਾਂ ਬਾਰੇ ਜਾਣਕਾਰੀ: ਇਕ ਭੈਣ ਆਪਣੀ ਉਂਗਲੀ ʼਤੇ ਲੱਗੇ ਛੋਟੇ ਜਿਹੇ ਚੀਰੇ ਨੂੰ ਸੌਖਿਆਂ ਹੀ ਭੁੱਲ ਗਈ, ਪਰ ਕੀ ਉਹ ਆਪਣੇ ਲੱਗੀ ਜ਼ਿਆਦਾ ਸੱਟ ਨੂੰ ਵੀ ਇਸੇ ਤਰ੍ਹਾਂ ਭੁੱਲ ਸਕੇਗੀ?