ਪ੍ਰੇਮ ਅਨੁਚਿਤ ਈਰਖਾ ਨੂੰ ਜਿੱਤ ਲੈਂਦਾ ਹੈ
“ਪ੍ਰੇਮ ਖੁਣਸ ਨਹੀਂ ਕਰਦਾ।”—1 ਕੁਰਿੰਥੀਆਂ 13:4.
1, 2. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰੇਮ ਦੇ ਬਾਰੇ ਕੀ ਦੱਸਿਆ ਸੀ? (ਅ) ਕੀ ਪ੍ਰੇਮਮਈ ਅਤੇ ਈਰਖਾਲੂ ਦੋਨੋਂ ਹੋਣਾ ਸੰਭਵ ਹੈ, ਅਤੇ ਤੁਸੀਂ ਇਸ ਤਰ੍ਹਾਂ ਕਿਉਂ ਜਵਾਬ ਦਿੰਦੇ ਹੋ?
ਪ੍ਰੇਮ ਸੱਚੇ ਮਸੀਹੀਆਂ ਦਾ ਪਛਾਣ ਚਿੰਨ੍ਹ ਹੈ। “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ,” ਯਿਸੂ ਮਸੀਹ ਨੇ ਕਿਹਾ ਸੀ। (ਯੂਹੰਨਾ 13:35) ਰਸੂਲ ਪੌਲੁਸ ਇਹ ਸਮਝਾਉਣ ਲਈ ਪ੍ਰੇਰਿਤ ਹੋਇਆ ਸੀ ਕਿ ਪ੍ਰੇਮ ਨੂੰ ਕਿਸ ਤਰ੍ਹਾਂ ਮਸੀਹੀ ਸੰਬੰਧਾਂ ਨੂੰ ਪ੍ਰਭਾਵਿਤ ਕਰਨਾ ਚਾਹੀਦਾ ਹੈ। ਹੋਰਨਾਂ ਗੱਲਾਂ ਦੇ ਨਾਲ, ਉਸ ਨੇ ਲਿੱਖਿਆ: “ਪ੍ਰੇਮ ਖੁਣਸ ਨਹੀਂ ਕਰਦਾ।”—1 ਕੁਰਿੰਥੀਆਂ 13:4.
2 ਜਦੋਂ ਪੌਲੁਸ ਨੇ ਉਨ੍ਹਾਂ ਸ਼ਬਦਾਂ ਨੂੰ ਲਿੱਖਿਆ ਸੀ, ਤਾਂ ਉਹ ਅਨੁਚਿਤ ਈਰਖਾ ਦਾ ਜ਼ਿਕਰ ਕਰ ਰਿਹਾ ਸੀ। ਨਹੀਂ ਤਾਂ ਉਹ ਉਸੇ ਕਲੀਸਿਯਾ ਨੂੰ ਇਹ ਨਹੀਂ ਕਹਿ ਸਕਦਾ ਸੀ: “ਮੈਂ ਤੁਹਾਡੇ ਉੱਤੇ ਈਸ਼ਵਰੀ ਈਰਖਾ ਨਾਲ ਈਰਖਾਲੂ ਹਾਂ।” (2 ਕੁਰਿੰਥੀਆਂ 11:2, ਨਿ ਵ) ਉਸ ਦੀ “ਈਸ਼ਵਰੀ ਈਰਖਾ” ਉਨ੍ਹਾਂ ਮਨੁੱਖਾਂ ਦੇ ਕਰਕੇ ਉਤਪੰਨ ਹੋਈ ਸੀ ਜੋ ਕਲੀਸਿਯਾ ਵਿਚ ਮਲੀਨ ਪ੍ਰਭਾਵ ਪਾ ਰਹੇ ਸਨ। ਇਸ ਨੇ ਪੌਲੁਸ ਨੂੰ ਕੁਰਿੰਥੁਸ ਦੇ ਮਸੀਹੀਆਂ ਨੂੰ ਦੂਜੀ ਪ੍ਰੇਰਿਤ ਪੱਤਰੀ ਲਿੱਖਣ ਲਈ ਉਕਸਾਇਆ, ਜਿਸ ਵਿਚ ਕਾਫ਼ੀ ਪ੍ਰੇਮਮਈ ਸਲਾਹ ਪਾਈ ਜਾਂਦੀ ਹੈ।—2 ਕੁਰਿੰਥੀਆਂ 11:3-5.
ਮਸੀਹੀਆਂ ਦਰਮਿਆਨ ਈਰਖਾ
3. ਕੁਰਿੰਥੁਸ ਦੇ ਮਸੀਹੀਆਂ ਦਰਮਿਆਨ ਈਰਖਾ ਸੰਬੰਧੀ ਇਕ ਸਮੱਸਿਆ ਕਿਸ ਤਰ੍ਹਾਂ ਵਿਕਸਿਤ ਹੋਈ?
3 ਕੁਰਿੰਥੀਆਂ ਨੂੰ ਆਪਣੀ ਪਹਿਲੀ ਪੱਤਰੀ ਵਿਚ, ਪੌਲੁਸ ਨੂੰ ਇਕ ਅਜਿਹੀ ਸਮੱਸਿਆ ਹੱਲ ਕਰਨੀ ਪਈ ਜੋ ਇਨ੍ਹਾਂ ਨਵੇਂ ਮਸੀਹੀਆਂ ਨੂੰ ਇਕ ਦੂਜੇ ਨਾਲ ਮੇਲ-ਮਿਲਾਪ ਵਿਚ ਰਹਿਣ ਤੋਂ ਰੋਕ ਰਹੀ ਸੀ। ਉਹ ਖ਼ਾਸ ਮਨੁੱਖਾਂ ਨੂੰ ਉੱਚਾ ਚੁੱਕ ਰਹੇ ਸਨ, “ਇੱਕ ਦਾ ਪੱਖ ਕਰ ਕੇ ਦੂਏ ਦੇ ਵਿਰੁੱਧ ਫੁੱਲ” ਰਹੇ ਸਨ। ਇਸ ਦੇ ਕਾਰਨ ਕਲੀਸਿਯਾ ਵਿਚ ਫੁਟ ਪੈ ਗਈ, ਅਤੇ ਵੱਖੋ-ਵੱਖ ਕਹਿ ਰਹੇ ਸਨ: “ਮੈਂ ਪੌਲੁਸ ਦਾ,” “ਮੈਂ ਅਪੁੱਲੋਸ ਦਾ,” “ਮੈਂ ਕੇਫਾਸ ਦਾ” ਹਾਂ। (1 ਕੁਰਿੰਥੀਆਂ 1:12; 4:6) ਪਵਿੱਤਰ ਆਤਮਾ ਦੀ ਅਗਵਾਈ ਦੇ ਅਧੀਨ, ਰਸੂਲ ਪੌਲੁਸ ਸਮੱਸਿਆ ਦੀ ਜੜ੍ਹ ਨੂੰ ਉਖਾੜਨ ਲਈ ਯੋਗ ਹੋਇਆ ਸੀ। ਉਹ ਕੁਰਿੰਥੀ ਲੋਕ ਸਰੀਰਕ-ਮਨ ਵਾਲੇ ਲੋਕਾਂ ਵਾਂਙੁ ਕੰਮ ਕਰ ਰਹੇ ਸਨ, ਨਾ ਕਿ “ਆਤਮਕਾਂ” ਵਾਂਙੁ। ਇਸ ਲਈ, ਪੌਲੁਸ ਨੇ ਲਿੱਖਿਆ: “ਤੁਸੀਂ ਹੁਣ ਤੀਕ ਸਰੀਰਕ ਹੋ ਕਿਉਂਕਿ ਜਦੋਂ ਜਲਣ ਅਤੇ ਝਗੜੇ ਤੁਹਾਡੇ ਵਿੱਚ ਹਨ ਤਾਂ ਕੀ ਤੁਸੀਂ ਸਰੀਰਕ ਨਹੀਂ ਅਤੇ ਇਨਸਾਨੀ ਚਾਲ ਨਹੀਂ ਚੱਲਦੇ ਹੋ?”—1 ਕੁਰਿੰਥੀਆਂ 3:1-3.
4. ਪੌਲੁਸ ਨੇ ਆਪਣੇ ਭਾਈਆਂ ਨੂੰ ਇਕ ਦੂਜੇ ਪ੍ਰਤੀ ਸਹੀ ਵਿਚਾਰ ਤੇ ਪਹੁੰਚਣ ਵਿਚ ਮਦਦ ਕਰਨ ਲਈ ਕਿਹੜਾ ਦ੍ਰਿਸ਼ਟਾਂਤ ਇਸਤੇਮਾਲ ਕੀਤਾ ਸੀ, ਅਤੇ ਇਸ ਤੋਂ ਅਸੀਂ ਕਿਹੜਾ ਸਬਕ ਸਿੱਖ ਸਕਦੇ ਹਾਂ?
4 ਪੌਲੁਸ ਨੇ ਕਲੀਸਿਯਾ ਵਿਚ ਵੱਖੋ-ਵੱਖ ਵਿਅਕਤੀਆਂ ਦੇ ਗੁਣਾਂ ਅਤੇ ਯੋਗਤਾਵਾਂ ਦੇ ਬਾਰੇ ਸਹੀ ਵਿਚਾਰ ਨੂੰ ਅਪਣਾਉਣ ਲਈ ਕੁਰਿੰਥੀ ਲੋਕਾਂ ਦੀ ਮਦਦ ਕੀਤੀ। ਉਸ ਨੇ ਪੁੱਛਿਆ: “ਤੈਨੂੰ ਦੂਏ ਤੋਂ ਭਿੰਨ ਕੌਣ ਕਰਦਾ ਹੈ ਅਤੇ ਤੇਰੇ ਕੋਲ ਕੀ ਹੈ ਜੋ ਤੈਂ ਦੂਏ ਤੋਂ ਨਹੀਂ ਲਿਆ? ਪਰ ਜੇ ਤੈਂ ਲਿਆ ਵੀ ਦੂਏ ਤੋਂ ਤਾਂ ਅਭਮਾਨ ਕਾਹਨੂੰ ਕਰਦਾ ਹੈਂ ਭਈ ਜਾਣੀਦਾ ਲਿਆ ਹੀ ਨਹੀਂ?” (1 ਕੁਰਿੰਥੀਆਂ 4:7) ਪਹਿਲਾ ਕੁਰਿੰਥੀਆਂ ਅਧਿਆਇ 12 ਵਿਚ, ਪੌਲੁਸ ਨੇ ਸਮਝਾਇਆ ਕਿ ਜੋ ਵਿਅਕਤੀ ਕਲੀਸਿਯਾ ਦਾ ਹਿੱਸਾ ਸਨ ਉਹ ਇਕ ਮਾਨਵੀ ਸਰੀਰ ਦੇ ਵੱਖ-ਵੱਖ ਅੰਗਾਂ ਵਾਂਙੁ ਸਨ, ਜਿਵੇਂ ਕਿ ਹੱਥ, ਅੱਖ, ਅਤੇ ਕੰਨ। ਉਸ ਨੇ ਸਮਝਾਇਆ ਕਿ ਪਰਮੇਸ਼ੁਰ ਨੇ ਸਰੀਰ ਦੇ ਅੰਗਾਂ ਨੂੰ ਅਜਿਹੇ ਢੰਗ ਨਾਲ ਬਣਾਇਆ ਹੈ ਕਿ ਉਹ ਇਕ ਦੂਜੇ ਦਾ ਧਿਆਨ ਰੱਖਦੇ ਹਨ। ਪੌਲੁਸ ਨੇ ਇਹ ਵੀ ਲਿੱਖਿਆ: “ਜੇ ਇੱਕ ਅੰਗ ਦਾ ਆਦਰ ਹੋਵੇ ਤਾਂ ਸਾਰੇ ਅੰਗ ਉਹ ਦੇ ਨਾਲ ਅਨੰਦ ਹੁੰਦੇ ਹਨ।” (1 ਕੁਰਿੰਥੀਆਂ 12:26) ਅੱਜ ਪਰਮੇਸ਼ੁਰ ਦਿਆਂ ਸਾਰਿਆਂ ਸੇਵਕਾਂ ਨੂੰ ਇਕ ਦੂਜੇ ਨਾਲ ਆਪਣੇ ਸੰਬੰਧ ਵਿਚ ਇਹ ਸਿਧਾਂਤ ਲਾਗੂ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦੀ ਸੇਵਾ ਵਿਚ ਇਕ ਵਿਅਕਤੀ ਦੀ ਕਾਰਜ-ਨਿਯੁਕਤੀ ਜਾਂ ਸਫਲਤਾ ਦੇ ਕਾਰਨ ਈਰਖਾਲੂ ਹੋਣ ਦੀ ਬਜਾਇ, ਸਾਨੂੰ ਉਸ ਨਾਲ ਆਨੰਦ ਕਰਨਾ ਚਾਹੀਦਾ ਹੈ।
5. ਯਾਕੂਬ 4:5 ਵਿਚ ਕੀ ਪ੍ਰਗਟ ਕੀਤਾ ਗਿਆ ਹੈ, ਅਤੇ ਸ਼ਾਸਤਰ ਕਿਸ ਤਰ੍ਹਾਂ ਇਨ੍ਹਾਂ ਸ਼ਬਦਾਂ ਦੀ ਸੱਚਾਈ ਨੂੰ ਉਜਾਗਰ ਕਰਦਾ ਹੈ?
5 ਇਹ ਗੱਲ ਸਵੀਕਾਰਯੋਗ ਹੈ ਕਿ ਇਹ ਕਹਿਣਾ ਕਰਨ ਨਾਲੋਂ ਆਸਾਨ ਹੈ। ਬਾਈਬਲ ਲਿਖਾਰੀ ਯਾਕੂਬ ਸਾਨੂੰ ਯਾਦ ਕਰਵਾਉਂਦਾ ਹੈ ਕਿ ‘ਖੁਣਸ ਰੱਖਣ ਦਾ ਝੁਕਾਉ’ ਹਰੇਕ ਪਾਪਮਈ ਮਾਨਵ ਵਿਚ ਵੱਸਦਾ ਹੈ। (ਯਾਕੂਬ 4:5, ਨਿ ਵ) ਪਹਿਲੇ ਮਾਨਵ ਦੀ ਮੌਤ ਇਸ ਲਈ ਹੋਈ ਕਿਉਂਕਿ ਕਇਨ ਆਪਣੀ ਅਨੁਚਿਤ ਈਰਖਾ ਅੱਗੇ ਝੁੱਕ ਗਿਆ ਸੀ। ਫਿਲਿਸਤੀਆਂ ਨੇ ਇਸਹਾਕ ਨੂੰ ਸਤਾਇਆ ਕਿਉਂਕਿ ਉਨ੍ਹਾਂ ਨੇ ਉਸ ਦੀ ਵਧਦੀ ਹੋਈ ਖ਼ੁਸ਼ਹਾਲੀ ਨਾਲ ਈਰਖਾ ਕੀਤੀ। ਰਾਖੇਲ ਆਪਣੀ ਭੈਣ ਦੇ ਬੱਚੇ ਪੈਦਾ ਕਰਨ ਵਿਚ ਵਧਣ-ਫਲਣ ਤੋਂ ਈਰਖਾਲੂ ਸੀ। ਯਾਕੂਬ ਦੇ ਪੁੱਤਰ ਆਪਣੇ ਛੋਟੇ ਭਰਾ ਯੂਸੁਫ਼ ਲਈ ਦਿਖਾਈ ਗਈ ਕਿਰਪਾ ਕਰਕੇ ਈਰਖਾਲੂ ਸਨ। ਸਪੱਸ਼ਟ ਤੌਰ ਤੇ ਮਿਰਯਮ ਆਪਣੀ ਗ਼ੈਰ-ਇਸਰਾਏਲੀ ਭਾਬੀ ਦੇ ਕਰਕੇ ਈਰਖਾਲੂ ਸੀ। ਕੋਰਹ, ਦਾਥਾਨ, ਅਤੇ ਅਬੀਰਾਮ ਨੇ ਮੂਸਾ ਅਤੇ ਹਾਰੂਨ ਵਿਰੁੱਧ ਈਰਖਾਲੂ ਤੌਰ ਤੇ ਸਾਜ਼ਸ਼ ਕੀਤੀ। ਰਾਜਾ ਸ਼ਾਊਲ ਦਾਊਦ ਦੀਆਂ ਸੈਨਿਕ ਸਫਲਤਾਵਾਂ ਕਰਕੇ ਈਰਖਾਲੂ ਬਣਿਆ। ਕੋਈ ਸ਼ੱਕ ਨਹੀਂ ਕਿ ਯਿਸੂ ਦੇ ਚੇਲਿਆਂ ਦਾ ਬਾਰ-ਬਾਰ ਇਹ ਝਗੜਾ ਕਰਨਾ ਕਿ ਉਨ੍ਹਾਂ ਦਰਮਿਆਨ ਕੌਣ ਸਭ ਤੋਂ ਵੱਡਾ ਸੀ, ਦਾ ਇਕ ਕਾਰਨ ਈਰਖਾ ਸੀ। ਹਕੀਕਤ ਇਹ ਹੈ ਕਿ ਕੋਈ ਵੀ ਅਪੂਰਣ ਮਨੁੱਖ ਪਾਪਮਈ “ਖੁਣਸ ਰੱਖਣ ਦੇ ਝੁਕਾਉ” ਤੋਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈ।—ਉਤਪਤ 4:4-8; 26:14; 30:1; 37:11; ਗਿਣਤੀ 12:1, 2; 16:1-3; ਜ਼ਬੂਰ 106:16; 1 ਸਮੂਏਲ 18:7-9; ਮੱਤੀ 20:21, 24; ਮਰਕੁਸ 9:33, 34; ਲੂਕਾ 22:24.
ਕਲੀਸਿਯਾ ਵਿਚ
6. ਬਜ਼ੁਰਗ ਕਿਸ ਤਰ੍ਹਾਂ ਖੁਣਸ ਰੱਖਣ ਦੇ ਝੁਕਾਉ ਉੱਤੇ ਕਾਬੂ ਰੱਖ ਸਕਦੇ ਹਨ?
6 ਸਾਰੇ ਮਸੀਹੀਆਂ ਨੂੰ ਖੁਣਸ ਅਤੇ ਅਨੁਚਿਤ ਈਰਖਾ ਵਿਰੁੱਧ ਚੌਕਸ ਰਹਿਣ ਦੀ ਲੋੜ ਹੈ। ਇਸ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਕਲੀਸਿਯਾ ਦਾ ਧਿਆਨ ਰੱਖਣ ਲਈ ਨਿਯੁਕਤ ਕੀਤੀ ਗਈ ਬਜ਼ੁਰਗਾਂ ਦੀ ਨਿਕਾਇ ਵੀ ਸ਼ਾਮਲ ਹੈ। ਜੇਕਰ ਇਕ ਬਜ਼ੁਰਗ ਮਨ ਵਿਚ ਦੀਨ ਹੈ, ਤਾਂ ਉਹ ਦੂਜਿਆਂ ਤੋਂ ਵੱਧ ਪ੍ਰਸਿੱਧ ਹੋਣ ਦੀ ਉਤਸ਼ਾਹਪੂਰਣ ਕੋਸ਼ਿਸ਼ ਨਹੀਂ ਕਰੇਗਾ। ਦੂਜੇ ਪਾਸੇ, ਜੇਕਰ ਕੋਈ ਖ਼ਾਸ ਬਜ਼ੁਰਗ ਇਕ ਪ੍ਰਬੰਧਕ ਜਾਂ ਇਕ ਪਬਲਿਕ ਭਾਸ਼ਣਕਾਰ ਦੇ ਤੌਰ ਤੇ ਉੱਘੜਵੀਆਂ ਯੋਗਤਾਵਾਂ ਰੱਖਦਾ ਹੈ, ਤਾਂ ਦੂਜਿਆਂ ਨੂੰ ਇਹ ਵਿਚਾਰ ਕਰਦੇ ਹੋਏ ਕਿ ਇਹ ਕਲੀਸਿਯਾ ਲਈ ਬਰਕਤ ਹੈ, ਇਸ ਤੇ ਆਨੰਦ ਕਰਨਾ ਚਾਹੀਦਾ ਹੈ। (ਰੋਮੀਆਂ 12:15, 16) ਸ਼ਾਇਦ ਇਕ ਭਾਈ ਆਪਣੇ ਜੀਵਨ ਵਿਚ ਪਰਮੇਸ਼ੁਰ ਦੀ ਆਤਮਾ ਦੇ ਫਲਾਂ ਨੂੰ ਉਤਪੰਨ ਕਰਨ ਦੇ ਸਬੂਤ ਦਿੰਦੇ ਹੋਏ ਚੰਗੀ ਤਰੱਕੀ ਕਰ ਰਿਹਾ ਹੈ। ਉਸ ਦੀਆਂ ਯੋਗਤਾਵਾਂ ਨੂੰ ਵਿਚਾਰਦੇ ਸਮੇਂ, ਬਜ਼ੁਰਗਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਉਸ ਦੀ ਕਿਸੇ ਛੋਟੀ ਗ਼ਲਤੀ ਨੂੰ ਵਧਾ-ਚੜ੍ਹਾ ਕੇ ਨਾ ਪੇਸ਼ ਕਰਨ ਤਾਂ ਜੋ ਉਹ ਇਕ ਸਹਾਇਕ ਸੇਵਕ ਜਾਂ ਇਕ ਬਜ਼ੁਰਗ ਦੇ ਤੌਰ ਤੇ ਉਸ ਦੀ ਸਿਫਾਰਸ਼ ਨਾ ਕਰਨ ਵਿਚ ਸਿੱਧ ਸਾਬਤ ਹੋ ਸੱਕਣ। ਇਹ ਪ੍ਰੇਮ ਅਤੇ ਤਰਕਸੰਗਤੀ ਦੀ ਕਮੀ ਦਿਖਾਵੇਗਾ।
7. ਕਿਹੜੀ ਸਮੱਸਿਆ ਸ਼ਾਇਦ ਵਿਕਸਿਤ ਹੁੰਦੀ ਹੈ ਜਦੋਂ ਇਕ ਮਸੀਹੀ ਕੋਈ ਦੈਵ-ਸ਼ਾਸਕੀ ਕਾਰਜ-ਨਿਯੁਕਤੀ ਪ੍ਰਾਪਤ ਕਰਦਾ ਹੈ?
7 ਜੇਕਰ ਕੋਈ ਦੈਵ-ਸ਼ਾਸਕੀ ਕਾਰਜ-ਨਿਯੁਕਤੀ ਜਾਂ ਇਕ ਅਧਿਆਤਮਿਕ ਬਰਕਤ ਪ੍ਰਾਪਤ ਕਰਦਾ ਹੈ, ਤਾਂ ਕਲੀਸਿਯਾ ਵਿਚ ਬਾਕੀਆਂ ਨੂੰ ਖੁਣਸ ਵਿਰੁੱਧ ਚੌਕਸ ਰਹਿਣ ਦੀ ਲੋੜ ਹੈ। ਉਦਾਹਰਣ ਲਈ, ਸ਼ਾਇਦ ਇਕ ਯੋਗ ਭੈਣ ਮਸੀਹੀ ਸਭਾਵਾਂ ਵਿਚ ਪ੍ਰਦਰਸ਼ਨ ਕਰਨ ਲਈ ਦੂਜਿਆਂ ਨਾਲੋਂ ਜ਼ਿਆਦਾ ਅਕਸਰ ਇਸਤੇਮਾਲ ਕੀਤੀ ਜਾਂਦੀ ਹੋਵੇਗੀ। ਇਹ ਕੁਝ ਭੈਣਾਂ ਲਈ ਸ਼ਾਇਦ ਈਰਖਾ ਦਾ ਕਾਰਨ ਬਣੇ। ਫ਼ਿਲਿੱਪੈ ਕਲੀਸਿਯਾ ਦੀਆਂ ਯੂਓਦੀਆ ਅਤੇ ਸੁੰਤੁਖੇ ਦਰਮਿਆਨ ਸ਼ਾਇਦ ਇਸ ਤਰ੍ਹਾਂ ਦੀ ਹੀ ਸਮੱਸਿਆ ਰਹੀ ਹੋਵੇ। ਅਜਿਹੀਆਂ ਵਰਤਮਾਨ-ਦਿਨ ਦੀਆਂ ਔਰਤਾਂ ਨੂੰ ਨਿਮਰ ਹੋਣ ਅਤੇ “ਪ੍ਰਭੁ ਵਿੱਚ ਇੱਕ ਮਨ ਹੋਣ” ਲਈ ਬਜ਼ੁਰਗਾਂ ਪਾਸੋਂ ਸ਼ਾਇਦ ਦਿਆਲੂ ਉਤਸ਼ਾਹ ਦੀ ਲੋੜ ਹੋਵੇ।—ਫ਼ਿਲਿੱਪੀਆਂ 2:2, 3; 4:2, 3.
8. ਈਰਖਾ ਕਿਹੜੇ ਪਾਪਮਈ ਕੰਮ ਦੇ ਵੱਲ ਲੈ ਜਾ ਸਕਦੀ ਹੈ?
8 ਇਕ ਮਸੀਹੀ ਸ਼ਾਇਦ ਉਸ ਵਿਅਕਤੀ ਦੀ ਕਿਸੇ ਇਕ ਪੁਰਾਣੀ ਗ਼ਲਤੀ ਨੂੰ ਜਾਣਦਾ ਹੋਵੇ ਜੋ ਹੁਣ ਕਲੀਸਿਯਾ ਵਿਚ ਵਿਸ਼ੇਸ਼-ਸਨਮਾਨਾਂ ਦੀ ਬਰਕਤ ਹਾਸਲ ਕਰ ਰਿਹਾ ਹੈ। (ਯਾਕੂਬ 3:2) ਈਰਖਾ ਦੇ ਕਰਕੇ, ਸ਼ਾਇਦ ਦੂਜਿਆਂ ਨਾਲ ਇਸ ਬਾਰੇ ਗੱਲ ਕਰਨ ਅਤੇ ਕਲੀਸਿਯਾ ਵਿਚ ਉਸ ਵਿਅਕਤੀ ਦੀ ਕਾਰਜ-ਨਿਯੁਕਤੀ ਨੂੰ ਚੁਣੌਤੀ ਦੇਣ ਦਾ ਲੋਭ ਆ ਸਕਦਾ ਹੈ। ਇਹ ਪ੍ਰੇਮ ਦੇ ਉਲਟ ਹੋਵੇਗਾ ਜਿਹੜਾ “ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।” (1 ਪਤਰਸ 4:8) ਈਰਖਾਲੂ ਗੱਲਾਂ-ਬਾਤਾਂ ਕਲੀਸਿਯਾ ਦੀ ਸ਼ਾਂਤੀ ਨੂੰ ਭੰਗ ਕਰ ਸਕਦੀਆਂ ਹਨ। “ਜੇ ਤੁਸੀਂ ਆਪਣੇ ਦਿਲ ਵਿੱਚ ਤਿੱਖੀ ਅਣਖ [“ਈਰਖਾ,” ਨਿ ਵ] ਅਤੇ ਧੜੇਬਾਜ਼ੀ ਕਰਦੇ ਹੋ,” ਚੇਲੇ ਯਾਕੂਬ ਨੇ ਚੇਤਾਵਨੀ ਦਿੱਤੀ ਸੀ, “ਤਾਂ ਸਚਿਆਈ ਦੇ ਵਿਰੁੱਧ ਨਾ ਘੁਮੰਡ ਕਰੋ, ਨਾ ਝੂਠ ਮਾਰੋ। ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉਤਰ ਆਉਂਦੀ ਹੈ ਸਗੋਂ ਸੰਸਾਰੀ, ਪ੍ਰਾਣਕ, ਸ਼ਤਾਨੀ ਹੈ।”—ਯਾਕੂਬ 3:14, 15.
ਆਪਣੇ ਪਰਿਵਾਰ ਵਿਚ
9. ਵਿਆਹ ਸਾਥੀ ਕਿਸ ਤਰ੍ਹਾਂ ਈਰਖਾ ਦਿਆਂ ਜਜ਼ਬਾਤਾਂ ਨੂੰ ਕਾਬੂ ਵਿਚ ਰੱਖ ਸਕਦੇ ਹਨ?
9 ਅਨੁਚਿਤ ਈਰਖਾ ਦੇ ਕਰਕੇ ਬਹੁਤੇਰੇ ਪਰਿਵਾਰ ਅਸਫਲ ਹੋ ਜਾਂਦੇ ਹਨ। ਇਕ ਵਿਆਹ ਸਾਥੀ ਵਿਚ ਭਰੋਸੇ ਦੀ ਕਮੀ ਦਿਖਾਉਣਾ ਪ੍ਰੇਮਮਈ ਨਹੀਂ ਹੈ। (1 ਕੁਰਿੰਥੀਆਂ 13:7) ਦੂਜੇ ਪਾਸੇ, ਸ਼ਾਇਦ ਇਕ ਪਤੀ ਜਾਂ ਪਤਨੀ ਦੂਜੇ ਸਾਥੀ ਵੱਲੋਂ ਈਰਖਾ ਦੇ ਜਜ਼ਬਾਤਾਂ ਦੇ ਪ੍ਰਤੀ ਭਾਵਹੀਣ ਹੋਵੇ। ਉਦਾਹਰਣ ਲਈ, ਸ਼ਾਇਦ ਇਕ ਪਤਨੀ ਇਸ ਲਈ ਈਰਖਾਲੂ ਹੋਵੇ ਕਿਉਂਜੋ ਉਸ ਦਾ ਪਤੀ ਕਿਸੇ ਹੋਰ ਔਰਤ ਨੂੰ ਧਿਆਨ ਦਿੰਦਾ ਹੈ। ਜਾਂ ਸ਼ਾਇਦ ਇਕ ਪਤੀ ਈਰਖਾਲੂ ਹੋਵੇ ਕਿਉਂਕਿ ਉਸ ਦੀ ਪਤਨੀ ਕਿਸੇ ਲੋੜਵੰਦ ਸੰਬੰਧੀ ਦਾ ਧਿਆਨ ਰੱਖਣ ਲਈ ਜ਼ਿਆਦਾ ਸਮਾਂ ਬਿਤਾਉਂਦੀ ਹੈ। ਅਜਿਹਿਆਂ ਜਜ਼ਬਾਤਾਂ ਤੋਂ ਪਰੇਸ਼ਾਨ ਹੋ ਕੇ, ਸ਼ਾਇਦ ਵਿਆਹ ਸਾਥੀ ਚੁੱਪ ਰਹਿਣ ਅਤੇ ਆਪਣੀ ਮਾਯੂਸੀ ਅਜਿਹਿਆਂ ਤਰੀਕਿਆਂ ਵਿਚ ਦਿਖਾਉਣ ਜੋ ਸਮੱਸਿਆ ਨੂੰ ਹੋਰ ਗੁੰਝਲਦਾਰ ਬਣਾ ਦਿੰਦੇ ਹਨ। ਇਸ ਦੀ ਬਜਾਇ, ਇਕ ਈਰਖਾਲੂ ਵਿਆਹ ਸਾਥੀ ਨੂੰ ਸੰਚਾਰ ਕਰਨ ਅਤੇ ਆਪਣਿਆਂ ਜਜ਼ਬਾਤਾਂ ਬਾਰੇ ਈਮਾਨਦਾਰ ਹੋਣ ਦੀ ਲੋੜ ਹੈ। ਵਾਰੀ ਵਿਚ, ਦੂਜੇ ਸਾਥੀ ਨੂੰ ਸਮਝਦਾਰੀ ਦਿਖਾਉਣ ਅਤੇ ਆਪਣੇ ਪ੍ਰੇਮ ਦਾ ਭਰੋਸਾ ਦਿਵਾਉਣ ਦੀ ਲੋੜ ਹੈ। (ਅਫ਼ਸੀਆਂ 5:28, 29) ਸ਼ਾਇਦ ਦੋਨਾਂ ਨੂੰ ਈਰਖਾ ਦਿਆਂ ਜਜ਼ਬਾਤਾਂ ਨੂੰ ਦੂਰ ਕਰਨ ਲਈ ਉਨ੍ਹਾਂ ਹਾਲਤਾਂ ਤੋਂ ਪਰਹੇਜ਼ ਕਰਨ ਦੀ ਲੋੜ ਹੋਵੇ ਜੋ ਇਨ੍ਹਾਂ ਨੂੰ ਉਤਪੰਨ ਕਰਦੀਆਂ ਹਨ। ਕਈ ਵਾਰੀ ਇਕ ਮਸੀਹੀ ਨਿਗਾਹਬਾਨ ਨੂੰ ਆਪਣੀ ਪਤਨੀ ਨੂੰ ਇਹ ਸਮਝਣ ਵਿਚ ਮਦਦ ਕਰਨ ਦੀ ਲੋੜ ਹੋ ਸਕਦੀ ਹੈ ਕਿ ਉਹ ਪਰਮੇਸ਼ੁਰ ਦੇ ਝੁੰਡ ਦਾ ਇਕ ਚਰਵਾਹਾ ਹੋਣ ਦੇ ਨਾਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਿਆਂ ਕਰਨ ਦੇ ਲਈ ਵਿਪਰੀਤ ਲਿੰਗ ਦੇ ਸਦੱਸਾਂ ਪ੍ਰਤੀ ਸੀਮਿਤ, ਉਚਿਤ ਧਿਆਨ ਦੇ ਰਿਹਾ ਹੈ। (ਯਸਾਯਾਹ 32:2) ਨਿਰਸੰਦੇਹ, ਇਕ ਬਜ਼ੁਰਗ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਈਰਖਾ ਲਈ ਕਦੀ ਵੀ ਕੋਈ ਉਚਿਤ ਕਾਰਨ ਨਾ ਦੇਵੇ। ਇਸ ਵਿਚ ਸੰਤੁਲਨ ਦੀ ਲੋੜ ਹੈ, ਇਹ ਨਿਸ਼ਚਿਤ ਕਰਦੇ ਹੋਏ ਕਿ ਉਹ ਆਪਣੇ ਵਿਆਹ-ਸੰਬੰਧ ਨੂੰ ਮਜ਼ਬੂਤ ਕਰਨ ਲਈ ਵੀ ਸਮਾਂ ਕੱਢ ਰਿਹਾ ਹੈ।—1 ਤਿਮੋਥਿਉਸ 3:5; 5:1, 2.
10. ਮਾਪੇ ਆਪਣਿਆਂ ਬੱਚਿਆਂ ਨੂੰ ਕਿਸ ਤਰ੍ਹਾਂ ਈਰਖਾ ਦਿਆਂ ਜਜ਼ਬਾਤਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰ ਸਕਦੇ ਹਨ?
10 ਮਾਪਿਆਂ ਨੂੰ ਵੀ ਆਪਣਿਆਂ ਬੱਚਿਆਂ ਨੂੰ ਅਨੁਚਿਤ ਈਰਖਾ ਦੀ ਧਾਰਣਾ ਨੂੰ ਸਮਝਣ ਲਈ ਮਦਦ ਕਰਨੀ ਚਾਹੀਦੀ ਹੈ। ਬੱਚੇ ਅਕਸਰ ਤਕਰਾਰ ਵਿਚ ਪੈ ਜਾਂਦੇ ਹਨ ਜੋ ਲੜਾਈਆਂ ਵਿਚ ਬਦਲ ਜਾਂਦੇ ਹਨ। ਅਕਸਰ ਈਰਖਾ ਹੀ ਮੂਲ ਕਾਰਨ ਹੁੰਦੀ ਹੈ। ਬੱਚਿਆਂ ਨਾਲ ਇਕ ਸਮਾਨ ਵਰਤਾਓ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਹਰੇਕ ਬੱਚੇ ਦੀਆਂ ਲੋੜਾਂ ਅਦਭੁਤ ਹੁੰਦੀਆਂ ਹਨ। ਇਸ ਤੋਂ ਇਲਾਵਾ, ਬੱਚਿਆਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਵਿੱਚੋਂ ਹਰੇਕ ਵਿਚ ਅਲੱਗ-ਅਲੱਗ ਚੰਗੇ ਅਤੇ ਮਾੜੇ ਗੁਣ ਹੁੰਦੇ ਹਨ। ਜੇਕਰ ਇਕ ਬੱਚੇ ਨੂੰ ਹਮੇਸ਼ਾ ਦੂਜੇ ਬੱਚੇ ਵਰਗਾ ਚੰਗਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ, ਤਾਂ ਸ਼ਾਇਦ ਇਹ ਇਕ ਵਿਚ ਈਰਖਾ ਅਤੇ ਦੂਜੇ ਵਿਚ ਘਮੰਡ ਉਤਪੰਨ ਕਰੇਗਾ। ਇਸ ਲਈ, ਮਾਪਿਆਂ ਨੂੰ ਆਪਣਿਆਂ ਬੱਚਿਆਂ ਨੂੰ ਸਿਖਲਾਈ ਦੇਣੀ ਚਾਹੀਦੀ ਹੈ ਕਿ ਉਹ ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਗਏ ਉਦਾਹਰਣਾਂ ਉੱਤੇ ਵਿਚਾਰ ਕਰਨ ਦੁਆਰਾ ਆਪਣੀ ਤਰੱਕੀ ਨੂੰ ਮਾਪਣ, ਨਾ ਕਿ ਇਕ ਦੂਜੇ ਨਾਲ ਬਰਾਬਰੀ ਕਰਨ ਦੁਆਰਾ। ਬਾਈਬਲ ਕਹਿੰਦੀ ਹੈ: “ਅਸੀਂ ਫੋਕਾ ਘੁਮੰਡ ਨਾ ਕਰੀਏ ਭਈ ਇੱਕ ਦੂਏ ਨੂੰ ਖਿਝਾਈਏ ਅਤੇ ਇੱਕ ਦੂਏ ਨਾਲ ਖਾਰ ਕਰੀਏ।” ਇਸ ਦੀ ਬਜਾਇ, “ਹਰੇਕ ਆਪਣੇ ਹੀ ਕੰਮ ਨੂੰ ਪਰਖੇ ਤਦ ਉਹ ਨੂੰ ਨਿਰੇ ਆਪਣੀ ਹੀ ਵੱਲ, ਨਾ ਦੂਏ ਦੀ ਵੱਲ ਅਭਮਾਨ ਪਰਾਪਤ ਹੋਵੇਗਾ।” (ਗਲਾਤੀਆਂ 5:26; 6:4) ਸਭ ਤੋਂ ਮਹੱਤਵਪੂਰਣ, ਮਸੀਹੀ ਮਾਪਿਆਂ ਨੂੰ ਪਰਮੇਸ਼ੁਰ ਦੇ ਬਚਨ ਵਿਚ ਵਰਣਿਤ ਕੀਤੇ ਗਏ ਚੰਗੇ ਅਤੇ ਬੁਰੇ ਉਦਾਹਰਣਾਂ ਨੂੰ ਉਜਾਗਰ ਕਰਦੇ ਹੋਏ, ਆਪਣਿਆਂ ਬੱਚਿਆਂ ਨੂੰ ਇਕ ਨਿਯਮਿਤ ਬਾਈਬਲ ਅਧਿਐਨ ਦੇਣ ਦੇ ਜ਼ਰੀਏ ਮਦਦ ਕਰਨ ਦੀ ਲੋੜ ਹੈ।—2 ਤਿਮੋਥਿਉਸ 3:15.
ਈਰਖਾ ਉੱਤੇ ਪ੍ਰਬਲਤਾ ਹਾਸਲ ਕਰਨ ਦੇ ਉਦਾਹਰਣ
11. ਈਰਖਾ ਦਾ ਸਾਮ੍ਹਣਾ ਕਰਨ ਵਿਚ ਮੂਸਾ ਕਿਸ ਤਰ੍ਹਾਂ ਇਕ ਉੱਤਮ ਉਦਾਹਰਣ ਸੀ?
11 ਇਸ ਸੰਸਾਰ ਦੇ ਸ਼ਕਤੀ ਲਈ ਭੁੱਖੇ ਆਗੂਆਂ ਦੇ ਉਲਟ, “ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ।” (ਗਿਣਤੀ 12:3) ਜਦੋਂ ਇਕੱਲੇ ਮੂਸਾ ਲਈ ਇਸਰਾਏਲੀਆਂ ਦੀ ਅਗਵਾਈ ਜ਼ਿਆਦਾ ਬੋਝਲ ਬਣ ਗਈ, ਤਾਂ ਯਹੋਵਾਹ ਨੇ ਆਪਣੀ ਆਤਮਾ ਨੂੰ 70 ਹੋਰ ਇਸਰਾਏਲੀਆਂ ਉੱਤੇ ਕੰਮ ਕਰਨ ਦਿੱਤਾ ਅਤੇ ਉਨ੍ਹਾਂ ਨੂੰ ਮੂਸਾ ਦੀ ਮਦਦ ਕਰਨ ਦਾ ਇਖ਼ਤਿਆਰ ਦਿੱਤਾ। ਜਦੋਂ ਇਨ੍ਹਾਂ ਮਨੁੱਖਾਂ ਵਿੱਚੋਂ ਦੋ ਨੇ ਨਬੀਆਂ ਵਾਂਙੁ ਕੰਮ ਕਰਨਾ ਸ਼ੁਰੂ ਕੀਤਾ, ਤਾਂ ਯਹੋਸ਼ੁਆ ਨੇ ਸੋਚਿਆ ਕਿ ਇਹ ਅਨੁਚਿਤ ਤੌਰ ਤੇ ਮੂਸਾ ਦੀ ਅਗਵਾਈ ਦੀ ਮਹੱਤਤਾ ਨੂੰ ਘਟਾਉਂਦਾ ਹੈ। ਯਹੋਸ਼ੁਆ ਉਨ੍ਹਾਂ ਮਨੁੱਖਾਂ ਨੂੰ ਰੋਕਣਾ ਚਾਹੁੰਦਾ ਸੀ, ਪਰੰਤੂ ਮੂਸਾ ਨੇ ਨਿਮਰਤਾ ਨਾਲ ਤਰਕ ਕੀਤਾ: “ਕੀ ਤੂੰ ਮੇਰੇ ਲਈ ਖਿਝਦਾ ਹੈਂ? ਕਾਸ਼ ਕਿ ਯਹੋਵਾਹ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਹੋਵਾਹ ਆਪਣਾ ਆਤਮਾ ਉਨ੍ਹਾਂ ਉੱਤੇ ਪਾਉਂਦਾ!” (ਗਿਣਤੀ 11:29) ਜੀ ਹਾਂ, ਮੂਸਾ ਖ਼ੁਸ਼ ਸੀ ਜਦੋਂ ਦੂਜਿਆਂ ਨੇ ਸੇਵਾ ਕਰਨ ਦੇ ਵਿਸ਼ੇਸ਼-ਸਨਮਾਨ ਪ੍ਰਾਪਤ ਕੀਤੇ। ਉਹ ਈਰਖਾਲੂ ਢੰਗ ਨਾਲ ਆਪਣੇ ਲਈ ਮਹਿਮਾ ਨਹੀਂ ਚਾਹੁੰਦਾ ਸੀ।
12. ਕਿਸ ਗੱਲ ਨੇ ਯੋਨਾਥਾਨ ਨੂੰ ਈਰਖਾ ਦਿਆਂ ਜਜ਼ਬਾਤਾਂ ਤੋਂ ਬਚੇ ਰਹਿਣ ਦੇ ਯੋਗ ਬਣਾਇਆ ਸੀ?
12 ਈਰਖਾ ਦਿਆਂ ਸੰਭਾਵੀ ਅਨੁਚਿਤ ਜਜ਼ਬਾਤਾਂ ਉੱਤੇ ਪ੍ਰੇਮ ਕਿਸ ਤਰ੍ਹਾਂ ਪ੍ਰਬਲ ਹੁੰਦਾ ਹੈ, ਇਸ ਦਾ ਇਕ ਉੱਤਮ ਉਦਾਹਰਣ ਇਸਰਾਏਲੀ ਰਾਜਾ ਸ਼ਾਊਲ ਦੇ ਪੁੱਤਰ, ਯੋਨਾਥਾਨ ਦੇ ਦੁਆਰਾ ਮੁਹੱਈਆ ਕੀਤਾ ਗਿਆ ਹੈ। ਯੋਨਾਥਾਨ, ਆਪਣੇ ਪਿਤਾ ਦੇ ਸਿੰਘਾਸਣ ਦਾ ਵਾਰਸ ਬਣਨ ਦਾ ਹੱਕਦਾਰ ਸੀ, ਪਰੰਤੂ ਯਹੋਵਾਹ ਨੇ ਯੱਸੀ ਦੇ ਪੁੱਤਰ, ਦਾਊਦ, ਨੂੰ ਅਗਲਾ ਰਾਜਾ ਹੋਣ ਲਈ ਚੁਣਿਆ ਸੀ। ਯੋਨਾਥਾਨ ਦੀ ਥਾਂ ਵਿਚ ਬਹੁਤੇਰੇ ਲੋਕ, ਦਾਊਦ ਨੂੰ ਇਕ ਵਿਰੋਧੀ ਦੇ ਤੌਰ ਤੇ ਵਿਚਾਰਦੇ ਹੋਏ ਉਸ ਨਾਲ ਈਰਖਾ ਰੱਖਦੇ। ਫਿਰ ਵੀ, ਦਾਊਦ ਲਈ ਯੋਨਾਥਾਨ ਦੇ ਪ੍ਰੇਮ ਨੇ ਕਦੀ ਵੀ ਅਜਿਹੇ ਜਜ਼ਬਾਤਾਂ ਨੂੰ ਉਸ ਉੱਤੇ ਪ੍ਰਬਲ ਹੋਣ ਨਹੀਂ ਦਿੱਤਾ। ਯੋਨਾਥਾਨ ਦੀ ਮੌਤ ਬਾਰੇ ਜਾਣਨ ਤੇ, ਦਾਊਦ ਕਹਿ ਸਕਿਆ: “ਹੇ ਮੇਰੇ ਭਰਾ ਯੋਨਾਥਾਨ, ਮੈਂ ਤੇਰੇ ਕਾਰਨ ਵੱਡਾ ਦੁਖੀ ਹਾਂ! ਤੂੰ ਮੈਨੂੰ ਅੱਤ ਪਿਆਰਾ ਸੈਂ; ਮੇਰੀ ਵੱਲ ਤੇਰੀ ਅਚਰਜ ਪ੍ਰੀਤ ਸੀ, ਤੀਵੀਆਂ ਦੀ ਪ੍ਰੀਤ ਨਾਲੋਂ ਵੀ ਵਧੀਕ!”—2 ਸਮੂਏਲ 1:26.
ਸਭ ਤੋਂ ਉੱਘੜਵੇਂ ਉਦਾਹਰਣ
13. ਈਰਖਾ ਦੇ ਮਾਮਲੇ ਵਿਚ ਕੌਣ ਸਭ ਤੋਂ ਉੱਤਮ ਉਦਾਹਰਣ ਹੈ, ਅਤੇ ਕਿਉਂ?
13 ਸਭ ਤੋਂ ਉੱਘੜਵਾਂ ਉਦਾਹਰਣ ਯਹੋਵਾਹ ਪਰਮੇਸ਼ੁਰ ਦਾ ਹੈ ਜੋ ਉਚਿਤ ਈਰਖਾ ਉੱਤੇ ਵੀ ਪ੍ਰਬਲਤਾ ਰੱਖਦਾ ਹੈ। ਉਹ ਅਜਿਹਿਆਂ ਜਜ਼ਬਾਤਾਂ ਨੂੰ ਸੰਪੂਰਣ ਨਿਯੰਤ੍ਰਣ ਅਧੀਨ ਰੱਖਦਾ ਹੈ। ਈਸ਼ਵਰੀ ਈਰਖਾ ਦਾ ਕੋਈ ਵੀ ਸ਼ਕਤੀਸ਼ਾਲੀ ਪ੍ਰਗਟਾਵਾ ਹਮੇਸ਼ਾ ਹੀ ਪਰਮੇਸ਼ੁਰ ਦੇ ਪ੍ਰੇਮ, ਨਿਆਉਂ, ਅਤੇ ਬੁੱਧੀ ਦੇ ਇਕਸਾਰ ਹੁੰਦਾ ਹੈ।—ਯਸਾਯਾਹ 42:13, 14.
14. ਸ਼ਤਾਨ ਦੇ ਉਲਟ ਯਿਸੂ ਨੇ ਕਿਹੜਾ ਉਦਾਹਰਣ ਸਥਾਪਿਤ ਕੀਤਾ?
14 ਈਰਖਾ ਉੱਤੇ ਪ੍ਰਬਲਤਾ ਦਿਖਾਉਣ ਵਾਲੇ ਵਿਅਕਤੀ ਦਾ ਦੂਸਰਾ ਉੱਘੜਵਾਂ ਉਦਾਹਰਣ ਪਰਮੇਸ਼ੁਰ ਦਾ ਪਿਆਰਾ ਪੁੱਤਰ ਯਿਸੂ ਮਸੀਹ ਹੈ। ਯਿਸੂ ਨੇ “ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ।” (ਫ਼ਿਲਿੱਪੀਆਂ 2:6) ਉਸ ਤਾਂਘਵਾਨ ਦੂਤ ਤੋਂ ਕਿੰਨਾ ਉਲਟ, ਜੋ ਸ਼ਤਾਨ ਅਰਥਾਤ ਇਬਲੀਸ ਬਣਿਆ। “ਬਾਬਲ ਦੇ ਪਾਤਸ਼ਾਹ” ਵਾਂਙੁ, ਸ਼ਤਾਨ ਨੇ ਈਰਖਾਲੂ ਢੰਗ ਨਾਲ ਯਹੋਵਾਹ ਦੇ ਵਿਰੋਧ ਵਿਚ ਇਕ ਵਿਰੋਧੀ ਈਸ਼ਵਰ ਦੇ ਤੌਰ ਤੇ ਆਪਣੇ ਆਪ ਨੂੰ ਉੱਚਾ ਬਿਠਾਉਣ ਦੁਆਰਾ “ਅੱਤ ਮਹਾਨ ਜਿਹਾ” ਹੋਣ ਦੀ ਇੱਛਾ ਕੀਤੀ ਸੀ। (ਯਸਾਯਾਹ 14:4, 14; 2 ਕੁਰਿੰਥੀਆਂ 4:4) ਸ਼ਤਾਨ ਨੇ ਯਿਸੂ ਨੂੰ ਆਪਣੇ ਅੱਗੇ ‘ਨਿਉਂ ਕੇ ਮੱਥਾ ਟੇਕਣ’ ਲਈ ਲੁਭਾਉਣ ਦੀ ਵੀ ਕੋਸ਼ਿਸ਼ ਕੀਤੀ। (ਮੱਤੀ 4:9) ਪਰੰਤੂ ਯਹੋਵਾਹ ਦੀ ਸਰਬਸੱਤਾ ਦੇ ਪ੍ਰਤੀ ਅਧੀਨਗੀ ਦੇ ਨਿਮਰਤਾਪੂਰਵਕ ਮਾਰਗ ਤੋਂ ਯਿਸੂ ਨੂੰ ਕੋਈ ਚੀਜ਼ ਹਟਾ ਨਾ ਸਕੀ। ਸ਼ਤਾਨ ਦੇ ਉਲਟ, ਯਿਸੂ ਨੇ “ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ। ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ [“ਤਸੀਹੇ ਦੀ ਸੂਲੀ,” ਨਿ ਵ] ਦੀ ਮੌਤ ਤਾਈਂ ਆਗਿਆਕਾਰ ਬਣਿਆ।” ਯਿਸੂ ਨੇ ਇਬਲੀਸ ਦੇ ਘਮੰਡ ਅਤੇ ਈਰਖਾ ਦੇ ਮਾਰਗ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ, ਆਪਣੇ ਪਿਤਾ ਦੇ ਸ਼ਾਸਨ ਦੀ ਉਚਿਤਤਾ ਦਾ ਸਮਰਥਨ ਕੀਤਾ। ਯਿਸੂ ਦੀ ਵਫ਼ਾਦਾਰੀ ਕਾਰਨ, “ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ। ਭਈ ਯਿਸੂ ਦਾ ਨਾਮ ਲੈ ਕੇ ਅਕਾਸ਼ ਉਤਲਿਆਂ ਅਤੇ ਧਰਤੀ ਉਤਲਿਆਂ ਅਤੇ ਧਰਤੀ ਦੇ ਹੇਠਲਿਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ। ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੁ ਹੈ!”—ਫ਼ਿਲਿੱਪੀਆਂ 2:7-11.
ਈਰਖਾ ਉੱਤੇ ਤੁਹਾਡੀ ਪ੍ਰਬਲਤਾ
15. ਸਾਨੂੰ ਕਿਉਂ ਈਰਖਾ ਦਿਆਂ ਜਜ਼ਬਾਤਾਂ ਨੂੰ ਰੋਕਣ ਲਈ ਧਿਆਨ ਰੱਖਣਾ ਚਾਹੀਦਾ ਹੈ?
15 ਪਰਮੇਸ਼ੁਰ ਅਤੇ ਯਿਸੂ ਦੇ ਅਤੁੱਲ, ਮਸੀਹੀ ਅਪੂਰਣ ਹਨ। ਪਾਪਮਈ ਹੋਣ ਕਰਕੇ, ਕਈ ਵਾਰੀ ਉਹ ਪਾਪਮਈ ਈਰਖਾ ਦੁਆਰਾ ਪ੍ਰੇਰਿਤ ਹੋ ਕੇ ਕੰਮ ਕਰਦੇ ਹਨ। ਇਸ ਲਈ, ਇਸ ਦੀ ਬਜਾਇ ਕਿ ਈਰਖਾ ਸਾਨੂੰ ਇਕ ਸੰਗੀ ਵਿਸ਼ਵਾਸੀ ਦੇ ਬਾਰੇ ਕੁਝ ਤੁੱਛ ਗ਼ਲਤੀ ਜਾਂ ਖ਼ਿਆਲੀ ਗ਼ਲਤੀ ਦੀ ਆਲੋਚਨਾ ਕਰਨ ਲਈ ਪ੍ਰੇਰਿਤ ਕਰੇ, ਇਹ ਮਹੱਤਵਪੂਰਣ ਹੈ ਕਿ ਅਸੀਂ ਇਨ੍ਹਾਂ ਪ੍ਰੇਰਿਤ ਸ਼ਬਦਾਂ ਉੱਪਰ ਮਨਨ ਕਰੀਏ: “ਵਧੀਕ ਧਰਮੀ ਨਾ ਬਣ, ਅਤੇ ਵਧੀਕ ਬੁੱਧਵਾਨ ਨਾ ਹੋ ਜਾਹ, ਆਪਣੇ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ?”—ਉਪਦੇਸ਼ਕ ਦੀ ਪੋਥੀ 7:16.
16. ਇਸ ਰਸਾਲੇ ਦੇ ਇਕ ਪੁਰਾਣੇ ਅੰਕ ਵਿਚ ਈਰਖਾ ਉੱਪਰ ਕਿਹੜੀ ਚੰਗੀ ਸਲਾਹ ਦਿੱਤੀ ਗਈ ਸੀ?
16 ਈਰਖਾ ਦੇ ਵਿਸ਼ੇ ਤੇ, ਮਾਰਚ 15, 1911 ਦੇ ਦ ਵਾਚ ਟਾਵਰ ਨੇ ਚੇਤਾਵਨੀ ਦਿੱਤੀ ਸੀ: “ਜਦੋਂ ਕਿ ਸਾਨੂੰ ਪ੍ਰਭੂ ਦੇ ਮਕਸਦ ਲਈ ਬਹੁਤ ਸਰਗਰਮ, ਬਹੁਤ ਈਰਖਾਲੂ ਹੋਣਾ ਚਾਹੀਦਾ ਹੈ, ਫਿਰ ਵੀ ਸਾਨੂੰ ਬਹੁਤ ਨਿਸ਼ਚਿਤ ਹੋਣਾ ਚਾਹੀਦਾ ਹੈ ਕਿ ਇਹ ਕੋਈ ਨਿੱਜੀ ਮਾਮਲਾ ਨਹੀਂ ਹੈ; ਅਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ‘ਹੋਰਨਾਂ ਦੇ ਕੰਮ ਵਿੱਚ ਲੱਤ ਅੜਾਉਣ ਵਾਲੇ’ ਹਾਂ ਜਾਂ ਨਹੀਂ। ਤਦ ਵੀ, ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਸ਼ਾਇਦ ਇਹ ਬਜ਼ੁਰਗਾਂ ਦੁਆਰਾ ਸੁਲਝਾਉਣ ਲਈ ਉਚਿਤ ਹੋਵੇਗਾ ਜਾਂ ਨਹੀਂ ਅਤੇ ਕਿ ਬਜ਼ੁਰਗਾਂ ਕੋਲ ਜਾਣਾ ਸਾਡੀ ਜ਼ਿੰਮੇਵਾਰੀ ਹੋਵੇਗੀ ਜਾਂ ਨਹੀਂ। ਸਾਨੂੰ ਸਾਰਿਆਂ ਨੂੰ ਹੀ ਪ੍ਰਭੂ ਦੇ ਮਕਸਦ ਅਤੇ ਪ੍ਰਭੂ ਦੇ ਕੰਮ ਲਈ ਵੱਡੀ ਈਰਖਾ ਹੋਣੀ ਚਾਹੀਦੀ ਹੈ, ਪਰੰਤੂ ਅਤਿ ਚੌਕਸ ਹੋਵੋ ਕਿ ਇਹ ਰੁੱਖੀ ਕਿਸਮ ਦੀ ਈਰਖਾ ਨਹੀਂ ਹੈ . . . ਦੂਜੇ ਸ਼ਬਦਾਂ ਵਿਚ, ਸਾਨੂੰ ਬਿਲਕੁਲ ਨਿਸ਼ਚਿਤ ਹੋਣਾ ਚਾਹੀਦਾ ਹੈ ਕਿ ਇਹ ਦੂਜੇ ਦੀ ਈਰਖਾ ਨਹੀਂ ਹੈ, ਪਰੰਤੂ ਦੂਜਿਆਂ ਲਈ, ਉਨ੍ਹਾਂ ਦੇ ਹਿਤਾਂ ਅਤੇ ਕਲਿਆਣ ਲਈ ਈਰਖਾ ਹੈ।”—1 ਪਤਰਸ 4:15.
17. ਅਸੀਂ ਈਰਖਾ ਦਿਆਂ ਪਾਪਮਈ ਕੰਮਾਂ ਤੋਂ ਕਿਸ ਤਰ੍ਹਾਂ ਬਚੇ ਰਹਿ ਸਕਦੇ ਹਾਂ?
17 ਅਸੀਂ ਮਸੀਹੀਆਂ ਦੇ ਤੌਰ ਤੇ ਕਿਸ ਤਰ੍ਹਾਂ ਘਮੰਡ, ਈਰਖਾ ਅਤੇ ਖੁਣਸ ਤੋਂ ਬਚੇ ਰਹਿ ਸਕਦੇ ਹਾਂ? ਇਸ ਦਾ ਹੱਲ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਖੁੱਲ੍ਹੇ ਤਰ੍ਹਾਂ ਨਾਲ ਆਪਣਿਆਂ ਜੀਵਨਾਂ ਵਿਚ ਕੰਮ ਕਰਨ ਦੀ ਇਜਾਜ਼ਤ ਦੇਣ ਵਿਚ ਰੱਖਿਆ ਹੈ। ਉਦਾਹਰਣ ਲਈ, ਸਾਨੂੰ ਪਰਮੇਸ਼ੁਰ ਦੀ ਆਤਮਾ ਲਈ ਅਤੇ ਇਸ ਦੇ ਚੰਗੇ ਫਲਾਂ ਨੂੰ ਪ੍ਰਗਟ ਕਰਨ ਵਿਚ ਮਦਦ ਲਈ ਪ੍ਰਾਰਥਨਾ ਕਰਨ ਦੀ ਲੋੜ ਹੈ। (ਲੂਕਾ 11:13) ਸਾਨੂੰ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਦੀ ਲੋੜ ਹੈ, ਜਿਹੜੀਆਂ ਪ੍ਰਾਰਥਨਾ ਨਾਲ ਸ਼ੁਰੂ ਹੁੰਦੀਆਂ ਹਨ ਅਤੇ ਉਨ੍ਹਾਂ ਉੱਤੇ ਪਰਮੇਸ਼ੁਰ ਦੀ ਆਤਮਾ ਅਤੇ ਬਰਕਤ ਹੁੰਦੀ ਹੈ। ਇਸ ਤੋਂ ਇਲਾਵਾ, ਸਾਨੂੰ ਬਾਈਬਲ ਦਾ ਅਧਿਐਨ ਕਰਨ ਦੀ ਲੋੜ ਹੈ, ਜਿਹੜੀ ਪਰਮੇਸ਼ੁਰ ਦੁਆਰਾ ਪ੍ਰੇਰਿਤ ਕੀਤੀ ਗਈ ਸੀ। (2 ਤਿਮੋਥਿਉਸ 3:16) ਅਤੇ ਸਾਨੂੰ ਯਹੋਵਾਹ ਦੀ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਕੀਤੇ ਜਾ ਰਹੇ ਰਾਜ-ਪ੍ਰਚਾਰ ਕੰਮ ਵਿਚ ਹਿੱਸਾ ਲੈਣ ਦੀ ਲੋੜ ਹੈ। (ਰਸੂਲਾਂ ਦੇ ਕਰਤੱਬ 1:8) ਕੁਝ ਬੁਰੇ ਅਨੁਭਵ ਦੁਆਰਾ ਕੁਚਲੇ ਹੋਏ ਸੰਗੀ ਮਸੀਹੀਆਂ ਦੀ ਮਦਦ ਕਰਨਾ ਵੀ ਆਪਣੇ ਆਪ ਨੂੰ ਪਰਮੇਸ਼ੁਰ ਦੀ ਆਤਮਾ ਦੇ ਚੰਗੇ ਪ੍ਰਭਾਵ ਦੇ ਅਧੀਨ ਰੱਖਣ ਦਾ ਇਕ ਤਰੀਕਾ ਹੈ। (ਯਸਾਯਾਹ 57:15; 1 ਯੂਹੰਨਾ 3:15-17) ਸਰਗਰਮੀ ਨਾਲ ਇਨ੍ਹਾਂ ਸਾਰੀਆਂ ਮਸੀਹੀ ਜ਼ਿੰਮੇਵਾਰੀਆਂ ਨੂੰ ਪੂਰਿਆਂ ਕਰਨਾ ਸਾਨੂੰ ਈਰਖਾ ਦੇ ਪਾਪਮਈ ਅਭਿਆਸ ਤੋਂ ਬਚਾਉਣ ਲਈ ਮਦਦ ਕਰੇਗਾ, ਕਿਉਂਕਿ ਪਰਮੇਸ਼ੁਰ ਦਾ ਬਚਨ ਬਿਆਨ ਕਰਦਾ ਹੈ: “ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆਂ ਨਾ ਕਰੋਗੇ।”—ਗਲਾਤੀਆਂ 5:16.
18. ਸਾਨੂੰ ਕਿਉਂ ਈਰਖਾ ਦਿਆਂ ਅਨੁਚਿਤ ਜਜ਼ਬਾਤਾਂ ਵਿਰੁੱਧ ਹਮੇਸ਼ਾ ਸੰਘਰਸ਼ ਨਹੀਂ ਕਰਨਾ ਪਵੇਗਾ?
18 ਪ੍ਰੇਮ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਫਲਾਂ ਵਿਚ ਦੱਸਿਆ ਗਿਆ ਪਹਿਲਾ ਫਲ ਹੈ। (ਗਲਾਤੀਆਂ 5:22, 23) ਪ੍ਰੇਮ ਦਾ ਅਭਿਆਸ ਕਰਨਾ ਸਾਨੂੰ ਹੁਣ ਪਾਪਮਈ ਪ੍ਰਵਿਰਤੀਆਂ ਨੂੰ ਕਾਬੂ ਕਰਨ ਵਿਚ ਮਦਦ ਕਰੇਗਾ। ਪਰੰਤੂ ਭਵਿੱਖ ਬਾਰੇ ਕੀ? ਲੱਖਾਂ ਹੀ ਯਹੋਵਾਹ ਦੇ ਸੇਵਕ ਆਉਣ ਵਾਲੇ ਪਾਰਥਿਵ ਪਰਾਦੀਸ ਵਿਚ ਜੀਵਨ ਦੀ ਉਮੀਦ ਰੱਖਦੇ ਹਨ, ਜਿੱਥੇ ਉਹ ਮਾਨਵੀ ਸੰਪੂਰਣਤਾ ਲਈ ਉਠਾਏ ਜਾਣ ਦੀ ਸੰਭਾਵਨਾ ਰੱਖ ਸਕਦੇ ਹਨ। ਉਸ ਨਵੇਂ ਸੰਸਾਰ ਵਿਚ, ਪ੍ਰੇਮ ਸਫਲ ਹੋਵੇਗਾ ਅਤੇ ਕੋਈ ਵੀ ਵਿਅਕਤੀ ਈਰਖਾ ਦਿਆਂ ਅਨੁਚਿਤ ਜਜ਼ਬਾਤਾਂ ਦਾ ਸ਼ਿਕਾਰ ਨਹੀਂ ਹੋਵੇਗਾ, ਕਿਉਂਕਿ ‘ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇਗੀ।’—ਰੋਮੀਆਂ 8:21. (w95 9/15)
ਮਨਨ ਕਰਨ ਲਈ ਮੁੱਦੇ
◻ ਈਰਖਾ ਨੂੰ ਰੋਕਣ ਵਿਚ ਮਦਦ ਕਰਨ ਲਈ ਪੌਲੁਸ ਨੇ ਕਿਹੜਾ ਦ੍ਰਿਸ਼ਟਾਂਤ ਇਸਤੇਮਾਲ ਕੀਤਾ ਸੀ?
◻ ਈਰਖਾ ਕਿਸ ਤਰ੍ਹਾਂ ਕਲੀਸਿਯਾ ਦੀ ਸ਼ਾਂਤੀ ਨੂੰ ਭੰਗ ਕਰ ਸਕਦੀ ਹੈ?
◻ ਮਾਪੇ ਕਿਸ ਤਰ੍ਹਾਂ ਆਪਣਿਆਂ ਬੱਚਿਆਂ ਨੂੰ ਈਰਖਾ ਦਾ ਸਾਮ੍ਹਣਾ ਕਰਨ ਲਈ ਸਿਖਲਾਈ ਦੇ ਸਕਦੇ ਹਨ?
◻ ਅਸੀਂ ਈਰਖਾ ਦਿਆਂ ਪਾਪਮਈ ਕੰਮਾਂ ਤੋਂ ਕਿਸ ਤਰ੍ਹਾਂ ਬਚੇ ਰਹਿ ਸਕਦੇ ਹਾਂ?
[ਸਫ਼ੇ 30 ਉੱਤੇ ਤਸਵੀਰ]
ਈਰਖਾ ਨੂੰ ਕਲੀਸਿਯਾ ਦੀ ਸ਼ਾਂਤੀ ਭੰਗ ਨਾ ਕਰਨ ਦਿਓ
[ਸਫ਼ੇ 31 ਉੱਤੇ ਤਸਵੀਰ]
ਮਾਪੇ ਆਪਣਿਆਂ ਬੱਚਿਆਂ ਨੂੰ ਈਰਖਾ ਦਿਆਂ ਜਜ਼ਬਾਤਾਂ ਦਾ ਸਾਮ੍ਹਣਾ ਕਰਨ ਲਈ ਸਿਖਲਾਈ ਦੇ ਸਕਦੇ ਹਨ