ਦਸਵਾਂ ਹਿੱਸਾ ਦੇਣ ਬਾਰੇ ਬਾਈਬਲ ਕੀ ਕਹਿੰਦੀ ਹੈ?
ਬਾਈਬਲ ਕਹਿੰਦੀ ਹੈ
ਪੁਰਾਣੇ ਸਮੇਂ ਵਿਚ ਦਾਨ ਦੇਣਾ ਸੱਚੀ ਭਗਤੀ ਦਾ ਅਹਿਮ ਹਿੱਸਾ ਸੀ। ਇਸ ਲਈ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਹਰ ਸਾਲ ਆਪਣੀ ਕਮਾਈ ਦਾ ਦਸਵੰਧa ਜਾਂ ਦਸਵਾਂ ਹਿੱਸਾ ਦੇਣ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਹਰ ਸਾਲ ਆਪਣੇ ਖੇਤ ਦੀ ਪੈਦਾਵਾਰ ਦਾ ਦਸਵਾਂ ਹਿੱਸਾ [“ਦਸਵੰਧ,” ਪਵਿੱਤਰ ਬਾਈਬਲ (OV)] ਜ਼ਰੂਰ ਦਿਓ।”—ਬਿਵਸਥਾ ਸਾਰ 14:22.
ਪਰਮੇਸ਼ੁਰ ਨੇ ਮੂਸਾ ਦੇ ਜ਼ਰੀਏ ਪੁਰਾਣੇ ਸਮੇਂ ਦੀ ਇਜ਼ਰਾਈਲ ਕੌਮ ਨੂੰ ਜੋ ਕਾਨੂੰਨ ਦਿੱਤਾ ਸੀ, ਉਸ ਵਿਚ ਉਸ ਨੇ ਦਸਵਾਂ ਹਿੱਸਾ ਦੇਣ ਦਾ ਹੁਕਮ ਵੀ ਦਿੱਤਾ ਸੀ। ਮਸੀਹੀ ਮੂਸਾ ਦੇ ਕਾਨੂੰਨ ਅਧੀਨ ਨਹੀਂ ਹਨ, ਇਸ ਲਈ ਉਨ੍ਹਾਂ ਲਈ ਦਸਵਾਂ ਹਿੱਸਾ ਦੇਣਾ ਲਾਜ਼ਮੀ ਨਹੀਂ ਹੈ। (ਕੁਲੁੱਸੀਆਂ 2:13, 14) ਇਸ ਦੀ ਬਜਾਇ, ਹਰ ਮਸੀਹੀ ਉੱਨਾ ਦਾਨ ਦੇ ਸਕਦਾ ਹੈ “ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”—2 ਕੁਰਿੰਥੀਆਂ 9:7.
ਬਾਈਬਲ ਦੇ “ਪੁਰਾਣੇ ਨੇਮ” ਵਿਚ ਆਪਣੀ ਕਮਾਈ ਦਾ ਦਸਵਾਂ ਹਿੱਸਾ ਦੇਣ ਬਾਰੇ ਕੀ ਲਿਖਿਆ ਹੈ?
ਬਾਈਬਲ ਦੇ ਜਿਸ ਹਿੱਸੇ ਨੂੰ ਆਮ ਤੌਰ ਤੇ ਪੁਰਾਣਾ ਨੇਮ ਕਿਹਾ ਜਾਂਦਾ ਹੈ, ਉਸ ਵਿਚ ਦਸਵਾਂ ਹਿੱਸਾ ਦੇਣ ਦਾ ਜ਼ਿਕਰ ਕਈ ਵਾਰ ਆਉਂਦਾ ਹੈ। ਇਸ ਦਾ ਜ਼ਿਆਦਾਤਰ ਜ਼ਿਕਰ ਮੂਸਾ ਰਾਹੀਂ ਇਜ਼ਰਾਈਲੀਆਂ ਨੂੰ ਦਿੱਤੇ ਕਾਨੂੰਨ (ਮੂਸਾ ਦਾ ਕਾਨੂੰਨ) ਤੋਂ ਬਾਅਦ ਦੇ ਸਮੇਂ ਵਿਚ ਮਿਲਦਾ ਹੈ। ਪਰ ਇਸ ਕਾਨੂੰਨ ਤੋਂ ਪਹਿਲਾਂ ਵੀ ਦਸਵਾਂ ਹਿੱਸਾ ਦੇਣ ਦੀਆਂ ਇਕ-ਦੋ ਮਿਸਾਲਾਂ ਮਿਲਦੀਆਂ ਹਨ।
ਮੂਸਾ ਦੇ ਕਾਨੂੰਨ ਤੋਂ ਪਹਿਲਾਂ
ਅਬਰਾਮ (ਅਬਰਾਹਾਮ) ਅਜਿਹਾ ਪਹਿਲਾ ਵਿਅਕਤੀ ਸੀ ਜਿਸ ਬਾਰੇ ਬਾਈਬਲ ਵਿਚ ਕਿਹਾ ਗਿਆ ਹੈ ਕਿ ਉਸ ਨੇ ਦਸਵਾਂ ਹਿੱਸਾ ਦਿੱਤਾ। (ਉਤਪਤ 14:18-20; ਇਬਰਾਨੀਆਂ 7:4) ਉਸ ਨੇ ਇਕ ਵਾਰ ਸ਼ਾਲੇਮ ਦੇ ਰਾਜੇ ਨੂੰ ਦਸਵਾਂ ਹਿੱਸਾ ਦਿੱਤਾ ਸੀ ਜੋ ਪੁਜਾਰੀ ਵੀ ਸੀ। ਬਾਈਬਲ ਵਿਚ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਅਬਰਾਮ ਜਾਂ ਉਸ ਦੇ ਬੱਚਿਆਂ ਨੇ ਦੁਬਾਰਾ ਕਦੇ ਦਸਵਾਂ ਹਿੱਸਾ ਦਿੱਤਾ ਸੀ।
ਦਸਵਾਂ ਹਿੱਸਾ ਦੇਣ ਵਾਲੇ ਜਿਸ ਦੂਜੇ ਵਿਅਕਤੀ ਦਾ ਜ਼ਿਕਰ ਬਾਈਬਲ ਵਿਚ ਮਿਲਦਾ ਹੈ, ਉਹ ਸੀ ਅਬਰਾਹਾਮ ਦਾ ਪੋਤਾ ਯਾਕੂਬ। ਉਸ ਨੇ ਵਾਅਦਾ ਕੀਤਾ ਸੀ ਕਿ ਜੇ ਪਰਮੇਸ਼ੁਰ ਉਸ ਨੂੰ ਬਰਕਤ ਦੇਵੇਗਾ, ਤਾਂ ਪਰਮੇਸ਼ੁਰ ਉਸ ਨੂੰ ‘ਜੋ ਵੀ ਦੇਵੇਗਾ, ਉਹ ਉਸ ਦਾ ਦਸਵਾਂ ਹਿੱਸਾ’ ਪਰਮੇਸ਼ੁਰ ਨੂੰ ਦੇਵੇਗਾ। (ਉਤਪਤ 28:20-22) ਬਾਈਬਲ ਦੇ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਯਾਕੂਬ ਨੇ ਇਸ ਦਸਵੇਂ ਹਿੱਸੇ ਵਜੋਂ ਕੁਝ ਜਾਨਵਰਾਂ ਦੀ ਬਲ਼ੀ ਚੜ੍ਹਾਈ ਸੀ। ਭਾਵੇਂ ਯਾਕੂਬ ਨੇ ਆਪ ਇਹ ਦਸਵਾਂ ਹਿੱਸਾ ਦੇਣ ਦਾ ਵਾਅਦਾ ਕੀਤਾ ਸੀ, ਪਰ ਉਸ ਨੇ ਆਪਣੇ ਪਰਿਵਾਰ ਨੂੰ ਦਸਵਾਂ ਹਿੱਸਾ ਦੇਣ ਲਈ ਮਜਬੂਰ ਨਹੀਂ ਕੀਤਾ।
ਮੂਸਾ ਦੇ ਕਾਨੂੰਨ ਅਧੀਨ
ਪੁਰਾਣੇ ਸਮੇਂ ਦੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਭਗਤੀ ਦੇ ਕੰਮਾਂ ਲਈ ਦਸਵਾਂ ਹਿੱਸਾ ਦੇਣ।
ਦਸਵਾਂ ਹਿੱਸਾ ਲੇਵੀਆਂ ਨੂੰ ਦਿੱਤਾ ਜਾਂਦਾ ਸੀ ਜਿਨ੍ਹਾਂ ਵਿਚ ਪੁਜਾਰੀ ਵੀ ਸ਼ਾਮਲ ਸਨ। ਉਹ ਪੂਰਾ ਸਮਾਂ ਸੇਵਾ ਦੇ ਕੰਮ ਕਰਦੇ ਸਨ। ਉਨ੍ਹਾਂ ਕੋਲ ਖੇਤੀਬਾੜੀ ਕਰਨ ਲਈ ਆਪਣੀ ਜ਼ਮੀਨ ਨਹੀਂ ਹੁੰਦੀ ਸੀ। (ਗਿਣਤੀ 18:20, 21) ਜਿਹੜੇ ਲੇਵੀ ਪੁਜਾਰੀ ਨਹੀਂ ਸਨ, ਉਨ੍ਹਾਂ ਨੂੰ ਲੋਕਾਂ ਤੋਂ ਦਸਵਾਂ ਹਿੱਸਾ ਮਿਲਦਾ ਸੀ ਅਤੇ ਫਿਰ ਉਹ ਸਭ ਤੋਂ ਵਧੀਆ “ਦਸਵੇਂ ਹਿੱਸੇ ਦਾ ਦਸਵਾਂ ਹਿੱਸਾ” ਪੁਜਾਰੀਆਂ ਨੂੰ ਦਾਨ ਕਰਦੇ ਸਨ।—ਗਿਣਤੀ 18:26-29.
ਲੱਗਦਾ ਹੈ ਕਿ ਇਕ ਹੋਰ ਸਾਲਾਨਾ ਦਸਵਾਂ ਹਿੱਸਾ ਦੇਣ ਦਾ ਹੁਕਮ ਦਿੱਤਾ ਗਿਆ ਸੀ ਜਿਸ ਤੋਂ ਲੇਵੀਆਂ ਅਤੇ ਹੋਰ ਲੋਕਾਂ ਨੂੰ ਫ਼ਾਇਦਾ ਹੁੰਦਾ ਸੀ। (ਬਿਵਸਥਾ ਸਾਰ 14:22, 23) ਇਜ਼ਰਾਈਲੀ ਪਰਿਵਾਰ ਕੁਝ ਖ਼ਾਸ ਤਿਉਹਾਰਾਂ ਸਮੇਂ ਅਤੇ ਕੁਝ ਨਿਸ਼ਚਿਤ ਸਾਲਾਂ ਵਿਚ ਇਹ ਦਸਵਾਂ ਹਿੱਸਾ ਬਹੁਤ ਗ਼ਰੀਬ ਲੋਕਾਂ ਲਈ ਦਿੰਦੇ ਸਨ।—ਬਿਵਸਥਾ ਸਾਰ 14:28, 29; 26:12.
ਦਸਵਾਂ ਹਿੱਸਾ ਕਿਵੇਂ ਗਿਣਿਆ ਜਾਂਦਾ ਸੀ? ਇਜ਼ਰਾਈਲੀ ਹਰ ਸਾਲ ਆਪਣੀ ਜ਼ਮੀਨ ਦੀ ਪੈਦਾਵਾਰ ਦਾ ਦਸਵਾਂ ਹਿੱਸਾ ਅਲੱਗ ਰੱਖਦੇ ਸਨ। (ਲੇਵੀਆਂ 27:30) ਜੇ ਉਹ ਆਪਣੀ ਪੈਦਾਵਾਰ ਦੇਣ ਦੀ ਬਜਾਇ ਪੈਸੇ ਦੇਣੇ ਚਾਹੁੰਦੇ ਸਨ, ਤਾਂ ਉਨ੍ਹਾਂ ਨੂੰ ਇਸ ਦਸਵੇਂ ਹਿੱਸੇ ਵਿਚ 20 ਪ੍ਰਤਿਸ਼ਤ ਹੋਰ ਜੋੜ ਕੇ ਪੈਸੇ ਦੇਣੇ ਪੈਂਦੇ ਸਨ। (ਲੇਵੀਆਂ 27:31) ਉਨ੍ਹਾਂ ਨੂੰ “ਗਾਂਵਾਂ-ਬਲਦਾਂ ਜਾਂ ਭੇਡਾਂ-ਬੱਕਰੀਆਂ ਦਾ ਦਸਵਾਂ ਹਿੱਸਾ” ਦੇਣ ਦਾ ਵੀ ਹੁਕਮ ਦਿੱਤਾ ਗਿਆ ਸੀ।—ਲੇਵੀਆਂ 27:32.
ਇਜ਼ਰਾਈਲੀ ਉਸ ਹਰ ਦਸਵੇਂ ਜਾਨਵਰ ਨੂੰ, ਜੋ ਉਨ੍ਹਾਂ ਦੇ ਵਾੜੇ ਵਿੱਚੋਂ ਨਿਕਲਦਾ ਸੀ, ਦਸਵੇਂ ਹਿੱਸੇ ਵਜੋਂ ਦਿੰਦੇ ਸਨ। ਕਾਨੂੰਨ ਵਿਚ ਦੱਸਿਆ ਸੀ ਕਿ ਉਹ ਇਨ੍ਹਾਂ ਚੁਣੇ ਹੋਏ ਜਾਨਵਰਾਂ ਨੂੰ ਨਾ ਤਾਂ ਜਾਂਚ ਸਕਦੇ ਸਨ ਤੇ ਨਾ ਹੀ ਇਨ੍ਹਾਂ ਬਦਲੇ ਕੋਈ ਹੋਰ ਜਾਨਵਰ ਦੇ ਸਕਦੇ ਸਨ ਅਤੇ ਨਾ ਹੀ ਜਾਨਵਰਾਂ ਦੇ ਦਸਵੇਂ ਹਿੱਸੇ ਬਦਲੇ ਪੈਸੇ ਦੇ ਸਕਦੇ ਸਨ। (ਲੇਵੀਆਂ 27:32, 33) ਪਰ ਜਿਹੜਾ ਦਸਵਾਂ ਹਿੱਸਾ ਸਾਲਾਨਾ ਤਿਉਹਾਰਾਂ ʼਤੇ ਵਰਤਿਆ ਜਾਂਦਾ ਸੀ, ਉਸ ਵਾਸਤੇ ਜਾਨਵਰਾਂ ਦੇ ਬਦਲੇ ਪੈਸੇ ਦਿੱਤੇ ਜਾ ਸਕਦੇ ਸਨ। ਇਸ ਪ੍ਰਬੰਧ ਕਰਕੇ ਉਨ੍ਹਾਂ ਇਜ਼ਰਾਈਲੀਆਂ ਲਈ ਤਿਉਹਾਰਾਂ ʼਤੇ ਆਉਣਾ ਸੌਖਾ ਹੁੰਦਾ ਸੀ ਜੋ ਲੰਬਾ ਸਫ਼ਰ ਤਹਿ ਕਰ ਕੇ ਆਉਂਦੇ ਸਨ।—ਬਿਵਸਥਾ ਸਾਰ 14:25, 26.
ਇਜ਼ਰਾਈਲੀ ਕਦੋਂ ਦਸਵਾਂ ਹਿੱਸਾ ਦਿੰਦੇ ਸਨ? ਇਜ਼ਰਾਈਲੀ ਹਰ ਸਾਲ ਦਸਵਾਂ ਹਿੱਸਾ ਦਿੰਦੇ ਸਨ। (ਬਿਵਸਥਾ ਸਾਰ 14:22) ਪਰ ਉਨ੍ਹਾਂ ਨੂੰ ਹਰ ਸੱਤਵੇਂ ਸਾਲ ਇਹ ਹਿੱਸਾ ਨਹੀਂ ਦੇਣਾ ਪੈਂਦਾ ਸੀ। ਇਹ ਸਾਲ ਸਬਤ ਦਾ ਸਾਲ ਹੁੰਦਾ ਸੀ ਯਾਨੀ ਆਰਾਮ ਦਾ ਸਾਲ। ਇਸ ਸਾਲ ਇਜ਼ਰਾਈਲੀ ਕੋਈ ਫ਼ਸਲ ਨਹੀਂ ਬੀਜਦੇ ਸਨ। (ਲੇਵੀਆਂ 25:4, 5) ਇਸ ਕਰਕੇ ਉਸ ਸਾਲ ਵਾਢੀ ਦਾ ਸਮਾਂ ਆਉਣ ਤੇ ਕੋਈ ਦਸਵੰਧ ਨਹੀਂ ਲਿਆ ਜਾਂਦਾ ਸੀ। ਹਰ ਸਬਤ ਦੇ ਸਾਲ ਤੋਂ ਬਾਅਦ ਤੀਜੇ ਅਤੇ ਛੇਵੇਂ ਸਾਲ ਵੀ ਇਜ਼ਰਾਈਲੀ ਗ਼ਰੀਬਾਂ ਅਤੇ ਲੇਵੀਆਂ ਲਈ ਦਸਵਾਂ ਹਿੱਸਾ ਦਿੰਦੇ ਸਨ।—ਬਿਵਸਥਾ ਸਾਰ 14:28, 29.
ਦਸਵਾਂ ਹਿੱਸਾ ਨਾ ਦੇਣ ਦੀ ਸਜ਼ਾ ਕੀ ਹੁੰਦੀ ਸੀ? ਮੂਸਾ ਦੇ ਕਾਨੂੰਨ ਵਿਚ ਦਸਵਾਂ ਹਿੱਸਾ ਨਾ ਦੇਣ ਦੀ ਕੋਈ ਸਜ਼ਾ ਨਹੀਂ ਦੱਸੀ ਗਈ। ਇਜ਼ਰਾਈਲੀ ਦਸਵਾਂ ਹਿੱਸਾ ਸਜ਼ਾ ਦੇ ਡਰੋਂ ਨਹੀਂ ਦਿੰਦੇ ਸਨ, ਸਗੋਂ ਉਹ ਜਾਣਦੇ ਸਨ ਕਿ ਦਸਵਾਂ ਹਿੱਸਾ ਦੇਣਾ ਉਨ੍ਹਾਂ ਦਾ ਫ਼ਰਜ਼ ਹੈ। ਇਜ਼ਰਾਈਲੀਆਂ ਨੇ ਪਰਮੇਸ਼ੁਰ ਅੱਗੇ ਕਹਿਣਾ ਸੀ ਕਿ ਉਨ੍ਹਾਂ ਨੇ ਦਸਵਾਂ ਹਿੱਸਾ ਦਿੱਤਾ ਹੈ ਅਤੇ ਦੁਆ ਕਰਨੀ ਸੀ ਕਿ ਉਹ ਇਸ ਦੇ ਬਦਲੇ ਉਨ੍ਹਾਂ ਨੂੰ ਬਰਕਤ ਦੇਵੇ। (ਬਿਵਸਥਾ ਸਾਰ 26:12-15) ਦਸਵਾਂ ਹਿੱਸਾ ਨਾ ਦੇਣਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੋਰੀ ਕਰਨ ਦੇ ਬਰਾਬਰ ਸੀ।—ਮਲਾਕੀ 3:8, 9.
ਕੀ ਦਸਵਾਂ ਹਿੱਸਾ ਦੇਣਾ ਇਕ ਭਾਰਾ ਬੋਝ ਸੀ? ਨਹੀਂ। ਪਰਮੇਸ਼ੁਰ ਨੇ ਇਜ਼ਰਾਈਲੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਦਸਵਾਂ ਹਿੱਸਾ ਦੇਣਗੇ, ਤਾਂ ਉਹ ਉਨ੍ਹਾਂ ਉੱਤੇ ਇੰਨੀਆਂ ਬਰਕਤਾਂ ਵਰ੍ਹਾਵੇਗਾ ਕਿ ਉਨ੍ਹਾਂ ਨੂੰ ਕੋਈ ਕਮੀ ਨਹੀਂ ਹੋਵੇਗੀ। (ਮਲਾਕੀ 3:10) ਪਰ ਜਦੋਂ ਉਨ੍ਹਾਂ ਨੇ ਦਸਵਾਂ ਹਿੱਸਾ ਨਹੀਂ ਦਿੱਤਾ, ਤਾਂ ਉਨ੍ਹਾਂ ਨੂੰ ਨੁਕਸਾਨ ਹੋਇਆ। ਉਨ੍ਹਾਂ ਉੱਤੇ ਪਰਮੇਸ਼ੁਰ ਦੀ ਮਿਹਰ ਨਹੀਂ ਰਹੀ ਕਿਉਂਕਿ ਉਨ੍ਹਾਂ ਨੇ ਪੁਜਾਰੀਆਂ ਅਤੇ ਲੇਵੀਆਂ ਦੀ ਦੇਖ-ਭਾਲ ਕਰਨੀ ਛੱਡ ਦਿੱਤੀ ਸੀ ਜਿਸ ਕਰਕੇ ਉਹ ਭਗਤੀ ਕਰਨ ਵਿਚ ਲੋਕਾਂ ਦੀ ਮਦਦ ਨਹੀਂ ਕਰ ਪਾ ਰਹੇ ਸਨ।—ਨਹਮਯਾਹ 13:10; ਮਲਾਕੀ 3:7.
ਬਾਈਬਲ ਦੇ “ਨਵੇਂ ਨੇਮ” ਵਿਚ ਆਪਣੀ ਕਮਾਈ ਦਾ ਦਸਵਾਂ ਹਿੱਸਾ ਦੇਣ ਬਾਰੇ ਕੀ ਲਿਖਿਆ ਹੈ?
ਜਦੋਂ ਯਿਸੂ ਧਰਤੀ ʼਤੇ ਹੁੰਦਾ ਸੀ, ਉਦੋਂ ਵੀ ਪਰਮੇਸ਼ੁਰ ਦੇ ਭਗਤਾਂ ਲਈ ਦਸਵਾਂ ਹਿੱਸਾ ਦੇਣਾ ਜ਼ਰੂਰੀ ਸੀ। ਪਰ ਯਿਸੂ ਦੀ ਮੌਤ ਤੋਂ ਬਾਅਦ ਇਹ ਹੁਕਮ ਖ਼ਤਮ ਹੋ ਗਿਆ।
ਯਿਸੂ ਦੇ ਜ਼ਮਾਨੇ ਵਿਚ
ਬਾਈਬਲ ਦੇ ਜਿਸ ਹਿੱਸੇ ਨੂੰ ਆਮ ਤੌਰ ਤੇ ਨਵਾਂ ਨੇਮ ਕਿਹਾ ਜਾਂਦਾ ਹੈ, ਉਸ ਵਿਚ ਦੱਸਿਆ ਹੈ ਕਿ ਜਦੋਂ ਯਿਸੂ ਧਰਤੀ ʼਤੇ ਸੀ, ਉਦੋਂ ਵੀ ਇਜ਼ਰਾਈਲੀ ਦਸਵਾਂ ਹਿੱਸਾ ਦਿੰਦੇ ਸਨ। ਯਿਸੂ ਨੇ ਕਿਹਾ ਸੀ ਕਿ ਦਸਵਾਂ ਹਿੱਸਾ ਦੇਣਾ ਉਨ੍ਹਾਂ ਲਈ ਜ਼ਰੂਰੀ ਸੀ, ਪਰ ਉਸ ਨੇ ਧਾਰਮਿਕ ਆਗੂਆਂ ਦੀ ਨਿੰਦਿਆ ਕੀਤੀ ਜੋ ਬਾਕਾਇਦਾ ਦਸਵਾਂ ਹਿੱਸਾ ਤਾਂ ਦਿੰਦੇ ਸਨ, ਪਰ “ਮੂਸਾ ਦੇ ਕਾਨੂੰਨ ਦੀਆਂ ਜ਼ਿਆਦਾ ਜ਼ਰੂਰੀ ਗੱਲਾਂ, ਜਿਵੇਂ ਕਿ ਨਿਆਂ, ਦਇਆ ਅਤੇ ਵਫ਼ਾਦਾਰੀ ਨੂੰ ਨਜ਼ਰਅੰਦਾਜ਼” ਕਰਦੇ ਸਨ।—ਮੱਤੀ 23:23.
ਯਿਸੂ ਦੀ ਮੌਤ ਤੋਂ ਬਾਅਦ
ਯਿਸੂ ਦੀ ਮੌਤ ਤੋਂ ਬਾਅਦ ਦਸਵਾਂ ਹਿੱਸਾ ਦੇਣ ਦੀ ਲੋੜ ਨਹੀਂ ਸੀ। ਯਿਸੂ ਦੀ ਕੁਰਬਾਨੀ ਨਾਲ ਮੂਸਾ ਦਾ ਕਾਨੂੰਨ ਖ਼ਤਮ ਜਾਂ ਰੱਦ ਹੋ ਗਿਆ ਸੀ ਜਿਸ ਵਿਚ “ਦਸਵਾਂ ਹਿੱਸਾ ਲੈਣ ਦਾ ਹੁਕਮ” ਵੀ ਸ਼ਾਮਲ ਸੀ।—ਇਬਰਾਨੀਆਂ 7:5, 18; ਅਫ਼ਸੀਆਂ 2:13-15; ਕੁਲੁੱਸੀਆਂ 2:13, 14.
a ‘ਦਸਵੰਧ ਕਿਸੇ ਵਿਅਕਤੀ ਦੀ ਕਮਾਈ ਦਾ ਦਸਵਾਂ ਹਿੱਸਾ ਹੈ ਜੋ ਕਿਸੇ ਖ਼ਾਸ ਕੰਮ ਲਈ ਵੱਖਰਾ ਰੱਖਿਆ ਜਾਂਦਾ ਹੈ। ਬਾਈਬਲ ਵਿਚ ਜ਼ਿਕਰ ਕੀਤਾ ਦਸਵਾਂ ਹਿੱਸਾ ਆਮ ਤੌਰ ਤੇ ਕਿਸੇ ਧਾਰਮਿਕ ਮਕਸਦ ਲਈ ਦਿੱਤਾ ਜਾਂਦਾ ਹੈ।’—ਹਾਰਪਰਸ ਬਾਈਬਲ ਡਿਕਸ਼ਨਰੀ, ਸਫ਼ਾ 765.