ਕੀ ਮਸੀਹੀਆਂ ਨੂੰ ਖੁਣਸੀ ਹੋਣਾ ਚਾਹੀਦਾ ਹੈ ਜਾਂ ਅਣਖੀ?
ਕੀ ਮਸੀਹੀਆਂ ਨੂੰ ਆਪਣੇ ਵਿਚ ਅਣਖ ਦਾ ਗੁਣ ਪੈਦਾ ਕਰਨਾ ਚਾਹੀਦਾ ਹੈ ਜਾਂ ਖੁਣਸੀ ਬਣਨਾ ਚਾਹੀਦਾ ਹੈ? ਮਸੀਹੀਆਂ ਨੂੰ ਕਿਹਾ ਜਾਂਦਾ ਹੈ ਕਿ “ਪ੍ਰੇਮ ਦੇ ਮਗਰ ਲੱਗੋ” ਅਤੇ ਬਾਈਬਲ ਕਹਿੰਦੀ ਹੈ ਕਿ “ਪ੍ਰੇਮ ਖੁਣਸ ਨਹੀਂ ਕਰਦਾ।” (1 ਕੁਰਿੰਥੀਆਂ 13:4; 14:1) ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਯਹੋਵਾਹ “ਇੱਕ ਗ਼ੈਰਤੀ ਪਰਮੇਸ਼ੁਰ ਹੈ” ਯਾਨੀ ਕਿ ਅਣਖ ਰੱਖਣ ਵਾਲਾ ਪਰਮੇਸ਼ੁਰ ਹੈ ਅਤੇ ਸਾਨੂੰ ‘ਉਸ ਦੀ ਰੀਸ ਕਰਨੀ’ ਚਾਹੀਦੀ ਹੈ। (ਕੂਚ 34:14; ਅਫ਼ਸੀਆਂ 5:1) ਪਰ ਬਾਈਬਲ ਦੀਆਂ ਇਹ ਆਇਤਾਂ ਕੁਝ ਲੋਕਾਂ ਦੇ ਮਨਾਂ ਵਿਚ ਸਵਾਲ ਪੈਦਾ ਕਰਦੀਆਂ ਹਨ। ਕਿਉਂ?
ਇਹ ਇਸ ਲਈ ਹੈ ਕਿਉਂਕਿ ਬਾਈਬਲ ਦੀਆਂ ਇਬਰਾਨੀ ਅਤੇ ਯੂਨਾਨੀ ਭਾਸ਼ਾਵਾਂ ਵਿਚ ਜਿਸ ਸ਼ਬਦ ਦਾ ਅਨੁਵਾਦ ‘ਖੁਣਸ’ ਅਤੇ ‘ਗ਼ੈਰਤ’ ਜਾਂ ਅਣਖ ਕੀਤਾ ਜਾਂਦਾ ਹੈ ਉਸ ਦੇ ਬਹੁਤ ਸਾਰੇ ਅਰਥ ਹੋ ਸਕਦੇ ਹਨ। ਉਹ ਸ਼ਬਦ ਇਕ ਗੁਣ ਜਾਂ ਔਗੁਣ ਨੂੰ ਵੀ ਸੰਕੇਤ ਕਰ ਸਕਦਾ ਹੈ। ਮਿਸਾਲ ਲਈ, ਇਬਰਾਨੀ ਅਤੇ ਯੂਨਾਨੀ ਭਾਸ਼ਾਵਾਂ ਵਿਚ ਇਸ ਦਾ ਅਰਥ “ਅਣਖ, ਜੋਸ਼, ਗਰਮਜੋਸ਼ੀ, ਈਰਖਾ, ਜਲਣ ਅਤੇ ਖੁਣਸ” ਹੋ ਸਕਦਾ ਹੈ। ਇਸ ਸ਼ਬਦ ਦਾ ਮਤਲਬ ਕਿਸੇ ਦਾ ਮੁਕਾਬਲਾ ਕਰਨਾ ਜਾਂ ਉਸ ਤੋਂ ਜਲਣਾ ਵੀ ਹੋ ਸਕਦਾ ਹੈ। (ਕਹਾਉਤਾਂ 14:30) ਜਾਂ ਫਿਰ ਇਸ ਦਾ ਮਤਲਬ ਪਰਮੇਸ਼ੁਰ ਤੋਂ ਮਿਲਿਆ ਇਕ ਅਜਿਹਾ ਗੁਣ ਵੀ ਹੋ ਸਕਦਾ ਹੈ ਜੋ ਕਿਸੇ ਪਿਆਰੇ ਨੂੰ ਨੁਕਸਾਨ ਤੋਂ ਬਚਾਉਣ ਲਈ ਦਿਖਾਇਆ ਜਾਂਦਾ ਹੈ।—2 ਕੁਰਿੰਥੀਆਂ 11:2.
ਉੱਤਮ ਮਿਸਾਲ
ਅਣਖ ਦਿਖਾਉਣ ਵਿਚ ਯਹੋਵਾਹ ਉੱਤਮ ਮਿਸਾਲ ਕਾਇਮ ਕਰਦਾ ਹੈ। ਉਸ ਦਾ ਮਨੋਰਥ ਪਵਿੱਤਰ ਅਤੇ ਸ਼ੁੱਧ ਹੋਣ ਕਰਕੇ ਉਹ ਆਪਣੇ ਲੋਕਾਂ ਨੂੰ ਰੂਹਾਨੀ ਅਤੇ ਨੈਤਿਕ ਤੌਰ ਤੇ ਸਾਫ਼ ਰੱਖਣਾ ਚਾਹੁੰਦਾ ਹੈ। ਉਸ ਨੇ ਸੀਯੋਨ ਯਾਨੀ ਆਪਣੇ ਪ੍ਰਾਚੀਨ ਲੋਕਾਂ ਬਾਰੇ ਗੱਲ ਕਰਦੇ ਹੋਏ ਕਿਹਾ: “ਮੈਂ ਸੀਯੋਨ ਲਈ ਵੱਡੀ ਅਣਖ ਨਾਲ ਅਣਖੀ ਹਾਂ ਸਗੋਂ ਮੈਂ ਉਹ ਦੇ ਲਈ ਵੱਡੇ ਕ੍ਰੋਧ ਨਾਲ ਅਣਖੀ ਹਾਂ।” (ਜ਼ਕਰਯਾਹ 8:2) ਜਿਸ ਤਰ੍ਹਾਂ ਇਕ ਪਿਆਰਾ ਪਿਤਾ ਆਪਣੇ ਬੱਚਿਆਂ ਨੂੰ ਖ਼ਤਰੇ ਤੋਂ ਬਚਾਉਣ ਲਈ ਤਿਆਰ ਰਹਿੰਦਾ ਹੈ, ਉਸੇ ਤਰ੍ਹਾਂ ਯਹੋਵਾਹ ਆਪਣੇ ਸੇਵਕਾਂ ਨੂੰ ਸਰੀਰਕ ਅਤੇ ਰੂਹਾਨੀ ਖ਼ਤਰਿਆਂ ਤੋਂ ਬਚਾਉਣ ਲਈ ਤਿਆਰ ਰਹਿੰਦਾ ਹੈ।
ਆਪਣੇ ਲੋਕਾਂ ਦੀ ਰਖਵਾਲੀ ਕਰਨ ਲਈ ਯਹੋਵਾਹ ਨੇ ਆਪਣਾ ਬਚਨ ਯਾਨੀ ਬਾਈਬਲ ਦਿੱਤੀ ਹੈ। ਇਸ ਵਿਚ ਬਹੁਤ ਸਾਰੀ ਸਲਾਹ ਦਿੱਤੀ ਗਈ ਹੈ ਤਾਂਕਿ ਉਸ ਦੇ ਲੋਕ ਸਮਝਦਾਰੀ ਨਾਲ ਚੱਲ ਸਕਣ। ਇਸ ਵਿਚ ਉਨ੍ਹਾਂ ਇਨਸਾਨਾਂ ਦੀਆਂ ਕਾਫ਼ੀ ਉਦਾਹਰਣਾਂ ਵੀ ਹਨ ਜਿਨ੍ਹਾਂ ਨੇ ਇਹ ਸਲਾਹ ਲਾਗੂ ਕੀਤੀ ਸੀ। ਯਸਾਯਾਹ 48:17 ਵਿਚ ਲਿਖਿਆ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” ਸਾਨੂੰ ਇਸ ਤੋਂ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਆਪਣੀ ਅਣਖ ਕਰਕੇ ਸਾਡੀ ਦੇਖ-ਭਾਲ ਕਰਦਾ ਅਤੇ ਸਾਡਾ ਧਿਆਨ ਰੱਖਦਾ ਹੈ! ਜੇ ਉਹ ਅਣਖ ਵਾਲਾ ਨਾ ਹੁੰਦਾ, ਤਾਂ ਸਾਨੂੰ ਆਪਣੀ ਨਾਦਾਨੀ ਕਰਕੇ ਬਹੁਤ ਸਾਰੇ ਦੁੱਖਾਂ ਨੂੰ ਸਹਿਣਾ ਪੈਂਦਾ। ਧਿਆਨ ਦਿਓ ਕਿ ਯਹੋਵਾਹ ਖੁਣਸੀ ਨਹੀਂ ਸਗੋਂ ਅਣਖੀ ਹੈ।
ਤਾਂ ਫਿਰ ਅਸੀਂ ਖੁਣਸੀ ਹੋਣ ਦੀ ਬਜਾਇ ਪਰਮੇਸ਼ੁਰ ਲਈ ਅਣਖ ਕਿਵੇਂ ਦਿਖਾ ਸਕਦੇ ਹਾਂ? ਇਸ ਦਾ ਪਤਾ ਕਰਨ ਲਈ ਆਓ ਆਪਾਂ ਮਿਰਯਮ ਤੇ ਫ਼ੀਨਹਾਸ ਦੀਆਂ ਉਦਾਹਰਣਾਂ ਉੱਤੇ ਗੌਰ ਕਰੀਏ। ਧਿਆਨ ਦਿਓ ਕਿ ਉਨ੍ਹਾਂ ਨੇ ਜੋ ਕੁਝ ਕੀਤਾ ਸੀ, ਉਹ ਕਿਉਂ ਕੀਤਾ ਸੀ।
ਮਿਰਯਮ ਅਤੇ ਫ਼ੀਨਹਾਸ
ਮਿਰਯਮ, ਮੂਸਾ ਅਤੇ ਹਾਰੂਨ ਦੀ ਵੱਡੀ ਭੈਣ ਸੀ। ਜਦੋਂ ਇਸਰਾਏਲੀ ਲੋਕਾਂ ਨੇ ਮਿਸਰ ਦੇਸ਼ ਛੱਡਿਆ ਸੀ, ਤਾਂ ਉਸ ਵੇਲੇ ਮੂਸਾ ਅਤੇ ਹਾਰੂਨ ਕੌਮ ਦੇ ਆਗੂ ਸਨ। ਪਰ ਜਦੋਂ ਇਸਰਾਏਲੀ ਉਜਾੜ ਵਿਚ ਸਨ, ਤਾਂ ਮਿਰਯਮ ਆਪਣੇ ਭਰਾ ਮੂਸਾ ਨਾਲ ਖੁਣਸ ਕਰਨ ਲੱਗ ਪਈ। ਬਾਈਬਲ ਦਾ ਬਿਰਤਾਂਤ ਕਹਿੰਦਾ ਹੈ: “ਮਿਰਯਮ ਅਤੇ ਹਾਰੂਨ ਨੇ ਮੂਸਾ ਦੇ ਵਿਰੁੱਧ ਉਸ ਕੂਸ਼ੀ ਤੀਵੀਂ ਦੇ ਕਾਰਨ ਜਿਹ ਨੂੰ ਉਸ ਨੇ ਵਿਆਹ ਲਿਆ ਸੀ ਗੱਲਾਂ ਕੀਤੀਆਂ . . . ਉਨ੍ਹਾਂ ਨੇ ਆਖਿਆ ਕਿ ਭਲਾ, ਯਹੋਵਾਹ ਨੇ ਮੂਸਾ ਨਾਲ ਹੀ ਗੱਲਾਂ ਕੀਤੀਆਂ ਹਨ ਅਤੇ ਸਾਡੇ ਨਾਲ ਗੱਲਾਂ ਨਹੀਂ ਕੀਤੀਆਂ?” ਇਸ ਤਰ੍ਹਾਂ ਲੱਗਦਾ ਹੈ ਕਿ ਮਿਰਯਮ ਨੇ ਹੀ ਮੂਸਾ ਬਾਰੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਸਨ ਕਿਉਂਕਿ ਯਹੋਵਾਹ ਨੇ ਸਿਰਫ਼ ਮਿਰਯਮ ਨੂੰ ਹੀ ਸਜ਼ਾ ਦਿੱਤੀ ਸੀ ਹਾਰੂਨ ਨੂੰ ਨਹੀਂ। ਜੀ ਹਾਂ, ਪਰਮੇਸ਼ੁਰ ਨੇ ਮਿਰਯਮ ਦੀ ਗੁਸਤਾਖ਼ੀ ਕਾਰਨ ਉਸ ਨੂੰ ਇਕ ਹਫ਼ਤੇ ਲਈ ਕੋੜ੍ਹਨ ਬਣਾ ਦਿੱਤਾ ਸੀ।—ਗਿਣਤੀ 12:1-15.
ਮਿਰਯਮ ਮੂਸਾ ਦੇ ਖ਼ਿਲਾਫ਼ ਕਿਉਂ ਬੋਲੀ ਸੀ? ਕੀ ਉਹ ਸੱਚੀ ਭਗਤੀ ਲਈ ਅਣਖ ਦਿਖਾ ਰਹੀ ਸੀ ਅਤੇ ਕੀ ਉਹ ਬਾਕੀ ਇਸਰਾਏਲੀਆਂ ਨੂੰ ਖ਼ਤਰੇ ਤੋਂ ਬਚਾਉਣਾ ਚਾਹੁੰਦੀ ਸੀ? ਨਹੀਂ। ਇਸ ਤਰ੍ਹਾਂ ਲੱਗਦਾ ਹੈ ਕਿ ਮਿਰਯਮ ਆਪਣੀ ਵਡਿਆਈ ਕਰਾਉਣੀ ਚਾਹੁੰਦੀ ਸੀ, ਇਸ ਲਈ ਉਸ ਨੇ ਆਪਣੇ ਦਿਲ ਵਿਚ ਇਹ ਬੁਰੀ ਇੱਛਾ ਪੈਦਾ ਹੋਣ ਦਿੱਤੀ। ਇਸਰਾਏਲ ਵਿਚ ਇਕ ਨਬੀਆ ਹੋਣ ਦੇ ਨਾਤੇ, ਲੋਕ ਉਸ ਦੀ ਬਹੁਤ ਇੱਜ਼ਤ ਕਰਦੇ ਸਨ, ਖ਼ਾਸ ਕਰਕੇ ਤੀਵੀਆਂ। ਜਦੋਂ ਯਹੋਵਾਹ ਨੇ ਲੋਕਾਂ ਨੂੰ ਚਮਤਕਾਰੀ ਢੰਗ ਨਾਲ ਲਾਲ ਸਮੁੰਦਰ ਰਾਹੀਂ ਬਚਾਇਆ ਸੀ, ਤਾਂ ਇਸ ਖ਼ੁਸ਼ੀ ਵਿਚ ਉਹ ਤੀਵੀਆਂ ਨੂੰ ਆਪਣੇ ਨਾਲ ਲੈ ਕੇ ਨੱਚੀ ਤੇ ਉਨ੍ਹਾਂ ਸਾਰੀਆਂ ਨੇ ਜਿੱਤ ਦਾ ਗੀਤ ਗਾਇਆ ਸੀ। ਪਰ ਹੁਣ ਉਹ ਬਿਨਾਂ ਕਾਰਨ ਇਸ ਗੱਲ ਦੀ ਚਿੰਤਾ ਕਰਨ ਲੱਗ ਪਈ ਸੀ ਕਿ ਮੂਸਾ ਦੀ ਤੀਵੀਂ ਕਰਕੇ ਉਹ ਆਪਣੀ ਪ੍ਰਸਿੱਧੀ ਗੁਆ ਬੈਠੇਗੀ। ਉਸ ਦੇ ਖ਼ਿਆਲ ਵਿਚ ਮੂਸਾ ਦੀ ਤੀਵੀਂ ਉਸ ਦਾ ਮੁਕਾਬਲਾ ਕਰੇਗੀ। ਇਸ ਲਈ ਉਹ ਉਸ ਤੋਂ ਖੁਣਸ ਕਰਨ ਲੱਗ ਪਈ ਅਤੇ ਮੂਸਾ ਦੇ ਖ਼ਿਲਾਫ਼ ਬੋਲਣ ਲੱਗ ਪਈ ਜਿਸ ਨੂੰ ਯਹੋਵਾਹ ਨੇ ਨਿਯੁਕਤ ਕੀਤਾ ਸੀ।—ਕੂਚ 15:1, 20, 21.
ਦੂਜੀ ਉਦਾਹਰਣ ਫ਼ੀਨਹਾਸ ਦੀ ਹੈ। ਉਸ ਨੇ ਕਿਹੜਾ ਗੁਣ ਦਿਖਾਇਆ ਸੀ? ਇਸਰਾਏਲੀਆਂ ਨੇ ਵਾਅਦਾ ਕੀਤੇ ਗਏ ਦੇਸ਼ ਵਿਚ ਵੜਨ ਤੋਂ ਪਹਿਲਾਂ ਮੋਆਬ ਦੇ ਮੈਦਾਨ ਵਿਚ ਡੇਰਾ ਲਾਇਆ ਸੀ। ਮੋਆਬੀ ਅਤੇ ਮਿਦਯਾਨੀ ਔਰਤਾਂ ਨੇ ਬਹੁਤ ਸਾਰੇ ਇਸਰਾਏਲੀ ਆਦਮੀਆਂ ਨੂੰ ਬਦਚਲਣੀ ਅਤੇ ਮੂਰਤੀ-ਪੂਜਾ ਕਰਨ ਲਈ ਲੁਭਾਇਆ ਸੀ। ਡੇਰੇ ਨੂੰ ਸਾਫ਼ ਕਰਨ ਅਤੇ ਯਹੋਵਾਹ ਦੇ ਭੜਕਦੇ ਗੁੱਸੇ ਨੂੰ ਟਾਲਣ ਲਈ, ਇਸਰਾਏਲ ਦੇ ਨਿਆਂਕਾਰਾਂ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਉਹ ਉਨ੍ਹਾਂ ਆਦਮੀਆਂ ਨੂੰ ਖ਼ਤਮ ਕਰ ਦੇਣ ਜਿਨ੍ਹਾਂ ਨੇ ਇਸ ਬੁਰੇ ਕੰਮ ਵਿਚ ਹਿੱਸਾ ਲਿਆ ਸੀ। ਸ਼ਿਮਓਨ ਦੇ ਗੋਤ ਦੇ ਮੁਖੀਏ ਜ਼ਿਮਰੀ ਨੇ ਬੇਸ਼ਰਮੀ ਨਾਲ “ਸਾਰੀ ਇਸਰਾਏਲੀ ਮੰਡਲੀ ਦੇ ਵੇਖਦਿਆਂ” ਕਾਜ਼ਬੀ ਨਾਂ ਦੀ ਮਿਦਯਾਨੀ ਤੀਵੀਂ ਨੂੰ ਡੇਰੇ ਵਿਚ ਲਿਆਂਦਾ ਸੀ ਤਾਂਕਿ ਉਹ ਉਸ ਨਾਲ ਵਿਭਚਾਰ ਕਰ ਸਕੇ। ਫ਼ੀਨਹਾਸ ਨੇ ਫਟਾਫਟ ਕਦਮ ਚੁੱਕਿਆ ਅਤੇ ਡੇਰੇ ਨੂੰ ਪਵਿੱਤਰ ਰੱਖਣ ਲਈ ਤੇ ਯਹੋਵਾਹ ਦੀ ਭਗਤੀ ਲਈ ਅਣਖ ਜਾਂ ਜੋਸ਼ ਦਿਖਾ ਕੇ ਉਸ ਨੇ ਤੰਬੂ ਵਿਚ ਇਨ੍ਹਾਂ ਵਿਭਚਾਰੀਆਂ ਨੂੰ ਜਾਨੋਂ ਮਾਰ ਦਿੱਤਾ। ਯਹੋਵਾਹ ਲਈ ‘ਅਣਖੀ ਹੋਣ’ ਕਾਰਨ ਉਸ ਦੀ ਤਾਰੀਫ਼ ਕੀਤੀ ਗਈ। ਫ਼ੀਨਹਾਸ ਨੇ ਇਕਦਮ ਕਦਮ ਚੁੱਕ ਕੇ ਉਸ ਬਵਾ ਨੂੰ ਰੋਕਿਆ ਜੋ 24,000 ਲੋਕਾਂ ਦੀਆਂ ਜਾਨਾਂ ਲੈ ਚੁੱਕੀ ਸੀ। ਯਹੋਵਾਹ ਨੇ ਉਸ ਨੂੰ ਬਰਕਤ ਦੇ ਕੇ ਸਦਾ ਦਾ ਨੇਮ ਬੰਨ੍ਹਿਆ ਕਿ ਉਹ ਉਸ ਦੀ ਅੰਸ ਵਿੱਚੋਂ ਜਾਜਕ ਚੁਣੇਗਾ।—ਗਿਣਤੀ 25:4-13.
ਇਬਰਾਨੀ ਭਾਸ਼ਾ ਵਿਚ ਇਨ੍ਹਾਂ ਦੋ ਬਿਰਤਾਂਤਾਂ ਵਿਚ ਇੱਕੋ ਗੁਣ ਦਾ ਜ਼ਿਕਰ ਕੀਤਾ ਗਿਆ ਸੀ, ਪਰ ਇਸ ਗੁਣ ਦੇ ਵੱਖੋ-ਵੱਖਰੇ ਮਤਲਬ ਹਨ। ਮਿਰਯਮ ਨੇ ਆਪਣੇ ਭਰਾ ਦੇ ਖ਼ਿਲਾਫ਼ ਬੋਲ ਕੇ ਦਿਲੋਂ ਖੁਣਸ ਦਿਖਾਈ, ਪਰ ਫ਼ੀਨਹਾਸ ਨੇ ਪਰਮੇਸ਼ੁਰ ਲਈ ਅਣਖ ਦਿਖਾ ਕੇ ਇਨਸਾਫ਼ ਕੀਤਾ। ਅਜਿਹੇ ਵਕਤ ਵੀ ਹੁੰਦੇ ਹਨ ਜਦੋਂ ਸਾਨੂੰ ਫ਼ੀਨਹਾਸ ਦੀ ਤਰ੍ਹਾਂ ਯਹੋਵਾਹ ਦੇ ਨਾਂ, ਉਸ ਦੀ ਭਗਤੀ ਅਤੇ ਉਸ ਦੇ ਲੋਕਾਂ ਦੀ ਖ਼ਾਤਰ ਕੁਝ ਕਹਿਣਾ ਜਾਂ ਕਰਨਾ ਪੈਂਦਾ ਹੈ।
ਬਿਨਾਂ ਸੋਚੇ-ਸਮਝੇ ਅਣਖ ਨਾ ਰੱਖੋ
ਕੀ ਅਸੀਂ ਬਿਨਾਂ ਸੋਚੇ-ਸਮਝੇ ਅਣਖ ਦਿਖਾ ਸਕਦੇ ਹਾਂ? ਹਾਂ, ਦਿਖਾ ਸਕਦੇ ਹਾਂ। ਇਹੋ ਗੱਲ ਪਹਿਲੀ ਸਦੀ ਦੇ ਯਹੂਦੀਆਂ ਬਾਰੇ ਸੱਚ ਸੀ। ਉਹ ਪਰਮੇਸ਼ੁਰ ਤੋਂ ਮਿਲੀ ਬਿਵਸਥਾ ਅਤੇ ਆਪਣੇ ਰੀਤੀ-ਰਿਵਾਜਾਂ ਲਈ ਬਹੁਤ ਅਣਖ ਰੱਖਦੇ ਸਨ। ਬਿਵਸਥਾ ਦੀ ਰੱਖਿਆ ਕਰਨ ਲਈ ਉਨ੍ਹਾਂ ਨੇ ਬਹੁਤ ਸਾਰੇ ਕਾਨੂੰਨ ਬਣਾਏ ਅਤੇ ਪਾਬੰਦੀਆਂ ਲਾਈਆਂ ਜੋ ਲੋਕਾਂ ਲਈ ਇਕ ਭਾਰਾ ਬੋਝ ਬਣ ਗਏ ਸਨ। (ਮੱਤੀ 23:4) ਉਹ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਉਨ੍ਹਾਂ ਨੂੰ ਹੁਣ ਮੂਸਾ ਦੀ ਬਿਵਸਥਾ ਅਨੁਸਾਰ ਜੀਉਣ ਦੀ ਲੋੜ ਨਹੀਂ ਸੀ ਸਗੋਂ ਯਿਸੂ ਵਿਚ ਨਿਹਚਾ ਕਰਨ ਦੀ ਲੋੜ ਸੀ। ਗ਼ਲਤੀ ਨਾਲ ਉਨ੍ਹਾਂ ਨੇ ਯਿਸੂ ਮਸੀਹ ਦੇ ਚੇਲਿਆਂ ਉੱਤੇ ਆਪਣਾ ਗੁੱਸਾ ਕੱਢਿਆ। ਇਕ ਸਮੇਂ ਤੇ ਪੌਲੁਸ ਰਸੂਲ ਵੀ ਉਨ੍ਹਾਂ ਯਹੂਦੀਆਂ ਵਾਂਗ ਸੋਚਦਾ ਸੀ। ਪਰ ਮਸੀਹੀ ਬਣਨ ਤੋਂ ਬਾਅਦ ਉਸ ਨੇ ਕਿਹਾ ਕਿ ਜਿਹੜੇ ਲੋਕ ਬਿਵਸਥਾ ਲਈ ਵੱਡਾ ਜੋਸ਼ ਦਿਖਾ ਰਹੇ ਸਨ ‘ਓਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਸੀ ਪਰ ਸਮਝ ਨਾਲ ਨਹੀਂ।’—ਰੋਮੀਆਂ 10:2; ਗਲਾਤੀਆਂ 1:14.
ਬਹੁਤ ਸਾਰੇ ਯਹੂਦੀਆਂ ਵਾਸਤੇ ਜੋ ਮਸੀਹੀ ਬਣੇ ਸਨ ਬਿਵਸਥਾ ਲਈ ਅਣਖ ਨੂੰ ਛੱਡਣਾ ਔਖਾ ਸੀ। ਪੌਲੁਸ ਦੇ ਤੀਜੇ ਮਿਸ਼ਨਰੀ ਦੌਰੇ ਤੋਂ ਬਾਅਦ, ਉਸ ਨੇ ਪਹਿਲੀ ਸਦੀ ਵਿਚ ਪ੍ਰਬੰਧਕ ਸਭਾ ਨੂੰ ਕੌਮਾਂ ਦੇ ਸੱਚਾਈ ਵਿਚ ਆਉਣ ਬਾਰੇ ਰਿਪੋਰਟ ਦਿੱਤੀ। ਉਸ ਨੇ ਕਿਹਾ ਕਿ ਹਜ਼ਾਰਾਂ ਹੀ ਮਸੀਹੀ ਜੋ ਪਹਿਲਾਂ ਯਹੂਦੀ ਸਨ “ਸ਼ਰਾ ਦੇ ਗੈਰਤ ਵਾਲੇ” ਸਨ ਯਾਨੀ ਅਣਖੀ ਸਨ। (ਰਸੂਲਾਂ ਦੇ ਕਰਤੱਬ 21:20) ਪੌਲੁਸ ਦੁਆਰਾ ਇਹ ਗੱਲ ਕਹਿਣ ਤੋਂ ਕਈ ਸਾਲ ਪਹਿਲਾਂ ਪ੍ਰਬੰਧਕ ਸਭਾ ਇਹ ਫ਼ੈਸਲਾ ਕਰ ਚੁੱਕੀ ਸੀ ਕਿ ਗ਼ੈਰ-ਯਹੂਦੀਆਂ ਨੂੰ ਸੁੰਨਤ ਕਰਾਉਣ ਦੀ ਲੋੜ ਨਹੀਂ ਹੈ। ਫਿਰ ਵੀ ਬਿਵਸਥਾ ਦੇ ਨਿਯਮਾਂ ਦੀ ਪਾਲਣਾ ਕਰਨ ਜਾਂ ਨਾ ਕਰਨ ਬਾਰੇ ਕਲੀਸਿਯਾ ਵਿਚ ਬਹੁਤ ਸਾਰੇ ਲੜਾਈ-ਝਗੜੇ ਹੋ ਰਹੇ ਸਨ। (ਰਸੂਲਾਂ ਦੇ ਕਰਤੱਬ 15:1, 2, 28, 29; ਗਲਾਤੀਆਂ 4:9, 10; 5:7-12) ਕੁਝ ਯਹੂਦੀ ਮਸੀਹੀਆਂ ਨੂੰ ਇਸ ਗੱਲ ਦੀ ਪੂਰੀ ਸਮਝ ਨਹੀਂ ਸੀ ਕਿ ਯਹੋਵਾਹ ਹੁਣ ਆਪਣੇ ਲੋਕਾਂ ਨਾਲ ਕਿਵੇਂ ਪੇਸ਼ ਆ ਰਿਹਾ ਸੀ, ਇਸ ਲਈ ਉਹ ਆਪਣੀ ਸਮਝ ਅਨੁਸਾਰ ਜ਼ਿੱਦ ਕਰਨ ਅਤੇ ਦੂਸਰਿਆਂ ਦੀ ਨੁਕਤਾਚੀਨੀ ਕਰਨ ਵਿਚ ਲੱਗੇ ਰਹੇ।—ਕੁਲੁੱਸੀਆਂ 2:17; ਇਬਰਾਨੀਆਂ 10:1.
ਤਾਂ ਫਿਰ, ਸਾਨੂੰ ਵੀ ਬਿਨਾਂ ਸੋਚੇ-ਸਮਝੇ ਆਪਣੇ ਹੀ ਖ਼ਿਆਲਾਂ ਲਈ ਅਣਖੀ ਨਹੀਂ ਹੋਣਾ ਚਾਹੀਦਾ ਜੇ ਇਹ ਬਾਈਬਲ ਦੇ ਅਨੁਸਾਰ ਨਹੀਂ ਹਨ। ਸਾਨੂੰ ਯਹੋਵਾਹ ਵੱਲੋਂ ਮਾਤਬਰ ਅਤੇ ਬੁੱਧਵਾਨ ਨੌਕਰ ਰਾਹੀਂ ਮਿਲਦੀ ਉਸ ਦੇ ਬਚਨ ਬਾਰੇ ਨਵੀਂ ਸਮਝ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
ਯਹੋਵਾਹ ਲਈ ਅਣਖੀ ਬਣੋ
ਅਸੀਂ ਯਹੋਵਾਹ ਦੀ ਸੱਚੀ ਭਗਤੀ ਲਈ ਅਣਖ ਦਿਖਾ ਸਕਦੇ ਹਾਂ। ਜਦੋਂ ਅਸੀਂ ਆਪਣੀ ਨੇਕਨਾਮੀ ਜਾਂ ਹੱਕਾਂ ਬਾਰੇ ਜ਼ਿਆਦਾ ਫ਼ਿਕਰ ਕਰਨ ਲੱਗ ਪੈਂਦੇ ਹਾਂ, ਤਾਂ ਸਾਨੂੰ ਯਹੋਵਾਹ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਗੁਣ ਸਾਨੂੰ ਯਹੋਵਾਹ ਬਾਰੇ ਸੱਚਾਈ ਦੱਸਣ ਅਤੇ ਉਸ ਦੀ ਤੇ ਉਸ ਦੇ ਲੋਕਾਂ ਦੀ ਖ਼ਾਤਰ ਕੁਝ ਕਹਿਣ ਜਾਂ ਕਰਨ ਲਈ ਪ੍ਰੇਰਿਤ ਕਰਦਾ ਹੈ।
ਅਕੀਕੋ ਯਹੋਵਾਹ ਦੀ ਇਕ ਗਵਾਹ ਅਤੇ ਪਾਇਨੀਅਰ ਹੈ। ਇਕ ਵਾਰ ਪ੍ਰਚਾਰ ਕਰਦੇ ਸਮੇਂ ਉਸ ਨੂੰ ਇਕ ਔਰਤ ਮਿਲੀ ਜੋ ਲਹੂ ਬਾਰੇ ਪਰਮੇਸ਼ੁਰ ਦੇ ਕਾਨੂੰਨ ਦੇ ਸੰਬੰਧ ਵਿਚ ਗ਼ਲਤ ਖ਼ਿਆਲ ਰੱਖਦੀ ਸੀ। ਅਕੀਕੋ ਨੇ ਪਰਮੇਸ਼ੁਰ ਦੇ ਬਚਨ ਵਿੱਚੋਂ ਲਹੂ ਬਾਰੇ ਹਵਾਲੇ ਦਿਖਾਏ। ਉਸ ਨੇ ਇਹ ਵੀ ਸਮਝਾਇਆ ਕਿ ਲਹੂ ਚੜ੍ਹਾਉਣ ਨਾਲ ਕਿਹੜੀਆਂ ਸਿਹਤ-ਸਮੱਸਿਆਵਾਂ ਹੋ ਸਕਦੀਆਂ ਹਨ। ਉਹ ਜੋਸ਼ ਨਾਲ ਯਹੋਵਾਹ ਬਾਰੇ ਦੱਸਣਾ ਚਾਹੁੰਦੀ ਸੀ ਅਤੇ ਉਸ ਨੂੰ ਲੱਗਾ ਕਿ ਇਸ ਔਰਤ ਦੇ ਇਤਰਾਜ਼ ਕਰਨ ਦੀ ਵਜ੍ਹਾ ਇਹ ਸੀ ਕਿ ਉਹ ਰੱਬ ਵਿਚ ਵਿਸ਼ਵਾਸ ਨਹੀਂ ਕਰਦੀ ਸੀ। ਅਕੀਕੋ ਨੇ ਇਸ ਔਰਤ ਨੂੰ ਚੰਗੀ ਤਰ੍ਹਾਂ ਸਮਝਾਇਆ ਕਿ ਅਸੀਂ ਆਪਣੇ ਆਲੇ-ਦੁਆਲੇ ਦੀ ਸ੍ਰਿਸ਼ਟੀ ਨੂੰ ਦੇਖ ਕੇ ਮੰਨ ਸਕਦੇ ਹਾਂ ਕਿ ਰੱਬ ਸਾਡਾ ਸਿਰਜਣਹਾਰ ਹੈ। ਇਸ ਵਧੀਆ ਗੱਲਬਾਤ ਨਾਲ ਉਸ ਔਰਤ ਦੀ ਸਿਰਫ਼ ਗ਼ਲਤ ਗ਼ਲਤਫ਼ਹਿਮੀ ਹੀ ਦੂਰ ਨਹੀਂ ਹੋਈ, ਸਗੋਂ ਉਸ ਨਾਲ ਬਾਈਬਲ ਸਟੱਡੀ ਵੀ ਸ਼ੁਰੂ ਕੀਤੀ ਗਈ ਸੀ। ਅੱਜ ਇਹ ਔਰਤ ਯਹੋਵਾਹ ਦੀ ਸੇਵਾ ਕਰਦੀ ਹੈ।
ਸਾਨੂੰ ਸੱਚੀ ਭਗਤੀ ਲਈ ਜੋਸ਼ ਜਾਂ ਅਣਖ ਦਿਖਾਉਣੀ ਚਾਹੀਦੀ ਹੈ। ਇਹ ਗੁਣ ਸਾਨੂੰ ਹਰ ਮੌਕੇ ਤੇ ਜਿਵੇਂ ਕਿ ਕੰਮ ਤੇ, ਸਕੂਲੇ, ਦੁਕਾਨਾਂ ਵਿਚ ਅਤੇ ਸਫ਼ਰ ਕਰਦੇ ਸਮੇਂ ਆਪਣੇ ਵਿਸ਼ਵਾਸਾਂ ਬਾਰੇ ਗੱਲਬਾਤ ਕਰਨ ਲਈ ਪ੍ਰੇਰਦਾ ਹੈ। ਮਿਡੋਰੀ ਦੀ ਮਿਸਾਲ ਵੱਲ ਧਿਆਨ ਦਿਓ। ਉਸ ਨੇ ਪੱਕਾ ਧਾਰ ਲਿਆ ਸੀ ਕਿ ਉਹ ਆਪਣੀ ਕੰਮ ਦੀ ਥਾਂ ਤੇ ਲੋਕਾਂ ਨਾਲ ਆਪਣੀ ਨਿਹਚਾ ਬਾਰੇ ਗੱਲ ਕਰੇਗੀ। ਚਾਲੀਆਂ ਕੁ ਸਾਲਾਂ ਦੀ ਇਕ ਤੀਵੀਂ ਨੇ ਕਿਹਾ ਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੁੰਦੀ ਸੀ। ਪਰ ਇਕ ਵਾਰ ਮਿਡੋਰੀ ਨੂੰ ਉਸ ਤੀਵੀਂ ਨੇ ਆਪਣੀ ਧੀ ਬਾਰੇ ਦੱਸਿਆ ਕਿ ਉਹ ਬੁਰੀਆਂ ਆਦਤਾਂ ਅਪਣਾ ਰਹੀ ਸੀ। ਮਿਡੋਰੀ ਨੇ ਉਸ ਨੂੰ ਅੰਗ੍ਰੇਜ਼ੀ ਵਿਚ ਨੌਜਵਾਨਾਂ ਦੇ ਸਵਾਲa ਕਿਤਾਬ ਦਿਖਾਈ ਅਤੇ ਕਿਹਾ ਕਿ ਉਹ ਉਸ ਦੀ ਕੁੜੀ ਨੂੰ ਇਸ ਕਿਤਾਬ ਤੋਂ ਸਟੱਡੀ ਕਰਾ ਸਕਦੀ ਹੈ। ਉਸ ਨੇ ਕੁੜੀ ਨੂੰ ਸਟੱਡੀ ਕਰਾਉਣੀ ਸ਼ੁਰੂ ਕਰ ਦਿੱਤੀ, ਪਰ ਕੁੜੀ ਦੀ ਮਾਂ ਉਨ੍ਹਾਂ ਨਾਲ ਨਹੀਂ ਬੈਠਦੀ ਸੀ। ਮਿਡੋਰੀ ਨੇ ਉਸ ਤੀਵੀਂ ਨੂੰ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ* ਨਾਂ ਦਾ ਵਿਡਿਓ ਦਿਖਾਉਣ ਦਾ ਫ਼ੈਸਲਾ ਕੀਤਾ। ਇਸ ਵਿਡਿਓ ਨੇ ਉਸ ਤੀਵੀਂ ਦੀਆਂ ਗ਼ਲਤਫ਼ਹਿਮੀਆਂ ਦੂਰ ਕੀਤੀਆਂ ਅਤੇ ਉਸ ਨੇ ਕਿਹਾ ਕਿ “ਮੈਂ ਵੀ ਯਹੋਵਾਹ ਦੇ ਗਵਾਹਾਂ ਵਾਂਗ ਬਣਨਾ ਚਾਹੁੰਦੀ ਹਾਂ।” ਨਤੀਜੇ ਵਜੋਂ ਉਹ ਵੀ ਆਪਣੀ ਧੀ ਨਾਲ ਬੈਠ ਕੇ ਬਾਈਬਲ ਸਟੱਡੀ ਕਰਨ ਲੱਗ ਪਈ।
ਮਸੀਹੀ ਕਲੀਸਿਯਾ ਵਿਚ ਵੀ ਯਹੋਵਾਹ ਲਈ ਜੋਸ਼ ਜਾਂ ਅਣਖ ਦਿਖਾਈ ਜਾਣੀ ਚਾਹੀਦੀ ਹੈ। ਇਹ ਗੁਣ ਅਪਣਾਉਣ ਨਾਲ ਅਸੀਂ ਭੈਣਾਂ-ਭਰਾਵਾਂ ਨਾਲ ਪਿਆਰ ਕਰਾਂਗੇ ਅਤੇ ਉਨ੍ਹਾਂ ਵਿਚ ਦਿਲਚਸਪੀ ਲਵਾਂਗੇ। ਇਸ ਤੋਂ ਇਲਾਵਾ, ਇਹ ਗੁਣ ਸਾਨੂੰ ਨੁਕਸਾਨਦੇਹ ਚੁਗ਼ਲੀਆਂ ਅਤੇ ਧਰਮ-ਤਿਆਗੀ ਸੋਚਣੀ ਵਰਗੇ ਬੁਰੇ ਅਸਰਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੇਗਾ। ਜਦੋਂ ਬਜ਼ੁਰਗ ਕਲੀਸਿਯਾ ਵਿਚ ਗ਼ਲਤੀਆਂ ਕਰਨ ਵਾਲਿਆਂ ਨੂੰ ਤਾੜਨਾ ਦਿੰਦੇ ਹਨ, ਤਾਂ ਪਰਮੇਸ਼ੁਰ ਲਈ ਅਣਖ ਸਾਨੂੰ ਬਜ਼ੁਰਗਾਂ ਦੇ ਫ਼ੈਸਲੇ ਸਵੀਕਾਰ ਕਰਨ ਲਈ ਪ੍ਰੇਰਿਤ ਕਰੇਗੀ। (1 ਕੁਰਿੰਥੀਆਂ 5:11-13; 1 ਤਿਮੋਥਿਉਸ 5:20) ਪੌਲੁਸ ਨੇ ਕੁਰਿੰਥ ਦੀ ਕਲੀਸਿਯਾ ਦੇ ਭੈਣਾਂ-ਭਰਾਵਾਂ ਲਈ ਆਪਣੀ ਅਣਖ ਬਾਰੇ ਲਿਖਦੇ ਹੋਏ ਕਿਹਾ: “ਤੁਹਾਡੇ ਲਈ ਮੇਰੀ ਅਣਖ ਪਰਮੇਸ਼ੁਰ ਜਹੀ ਅਣਖ ਹੈ, ਇਸ ਲਈ ਜੋ ਮੈਂ ਇੱਕੋ ਹੀ ਪਤੀ ਨਾਲ ਤੁਹਾਡੀ ਕੁੜਮਾਈ ਕੀਤੀ ਭਈ ਤੁਹਾਨੂੰ ਪਾਕ ਕੁਆਰੀ ਵਾਂਙੁ ਮਸੀਹ ਦੇ ਅਰਪਨ ਕਰਾਂ।” (2 ਕੁਰਿੰਥੀਆਂ 11:2) ਇਸੇ ਤਰ੍ਹਾਂ ਅਸੀਂ ਵੀ ਕਲੀਸਿਯਾ ਵਿਚ ਸਿਖਾਈਆਂ ਗੱਲਾਂ ਲਈ ਅਣਖ ਰੱਖ ਕੇ ਸਾਰਿਆਂ ਦੀ ਰੂਹਾਨੀ ਤੇ ਨੈਤਿਕ ਸ਼ੁੱਧਤਾ ਦੀ ਰੱਖਿਆ ਕਰਨੀ ਚਾਹੁੰਦੇ ਹਾਂ।
ਜੀ ਹਾਂ, ਜਦੋਂ ਅਸੀਂ ਸਹੀ ਕਾਰਨਾਂ ਲਈ ਅਣਖ ਦਿਖਾਉਂਦੇ ਹਾਂ, ਤਾਂ ਇਸ ਦਾ ਦੂਸਰਿਆਂ ਉੱਤੇ ਚੰਗਾ ਅਸਰ ਪੈਂਦਾ ਹੈ। ਅੱਜ ਮਸੀਹੀ ਇਹ ਗੁਣ ਦਿਖਾ ਕੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਖ਼ੁਸ਼ ਕਰਦੇ ਹਨ।—ਯੂਹੰਨਾ 2:17.
[ਫੁਟਨੋਟ]
a ਇਹ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਹਨ।
[ਸਫ਼ੇ 29 ਉੱਤੇ ਤਸਵੀਰਾਂ]
ਫ਼ੀਨਹਾਸ ਨੇ ਯਹੋਵਾਹ ਲਈ ਅਣਖ ਦਿਖਾਈ
[ਸਫ਼ੇ 30 ਉੱਤੇ ਤਸਵੀਰਾਂ]
ਬਿਨਾਂ ਸੋਚੇ-ਸਮਝੇ ਅਣਖ ਰੱਖਣ ਦੇ ਫੰਦੇ ਤੋਂ ਬਚੋ
[ਸਫ਼ੇ 31 ਉੱਤੇ ਤਸਵੀਰਾਂ]
ਪਰਮੇਸ਼ੁਰ ਲਈ ਅਣਖ ਰੱਖ ਕੇ ਅਸੀਂ ਆਪਣੀ ਨਿਹਚਾ ਬਾਰੇ ਗੱਲਬਾਤ ਕਰਦੇ ਹਾਂ ਅਤੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਾਂ