ਕੀ ਤੁਸੀਂ ਸਿਆਣੇ ਹੋ?
ਇਸਰਾਏਲ ਵਿਚ ਨਿਆਈਆਂ ਨੂੰ ਥਾਪਣ ਸਮੇਂ, ਮੂਸਾ ਨੇ “ਬੁੱਧਵਾਨ, ਸਿਆਣੇ ਅਤੇ ਮੰਨੇ ਦੰਨੇ ਮਨੁੱਖ” ਲੱਭਣ ਦੀ ਕੋਸ਼ਿਸ਼ ਕੀਤੀ। (ਬਿਵਸਥਾ ਸਾਰ 1:12-13) ਨਿਆਈ ਤਜਰਬੇਕਾਰ ਹੀ ਨਹੀਂ ਸਗੋਂ ਬੁੱਧਵਾਨ ਅਤੇ ਸਿਆਣੇ ਹੋਣੇ ਵੀ ਬਹੁਤ ਜ਼ਰੂਰੀ ਸਨ।
ਇਕ ਸਿਆਣਾ ਵਿਅਕਤੀ ਆਪਣੀ ਬੋਲ-ਬਾਣੀ ਅਤੇ ਆਪਣੇ ਚਾਲ-ਚਲਣ ਵਿਚ ਸੂਝ-ਬੂਝ ਦਿਖਾਉਂਦਾ ਹੈ। ਵੈਬਸਟਰਸ ਨਾਇੰਥ ਨਿਊ ਕੌਲੀਜੀਏਟ ਡਿਕਸ਼ਨਰੀ ਮੁਤਾਬਕ ਇਕ ਸਿਆਣਾ ਵਿਅਕਤੀ ਉਹ ਹੁੰਦਾ ਹੈ ਜੋ ਸਹੀ ਸਮੇਂ ਤੇ ਸਹੀ ਗੱਲ ਕਰਨ ਦੀ ਯੋਗਤਾ ਰੱਖਦਾ ਹੈ।” ਜੀ ਹਾਂ, “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:7) ਇਕ ਸਮਝਦਾਰ ਵਿਅਕਤੀ ਨੂੰ ਇੰਨੀ ਸਮਝ ਹੁੰਦੀ ਹੈ ਕਿ ਕਦੋਂ ਬੋਲਣਾ ਤੇ ਕਦੋਂ ਚੁੱਪ ਰਹਿਣਾ ਹੈ। ਅਕਸਰ, ਚੁੱਪ ਰਹਿਣ ਦਾ ਬਹੁਤ ਫ਼ਾਇਦਾ ਹੁੰਦਾ ਹੈ ਕਿਉਂਕਿ ਬਾਈਬਲ ਕਹਿੰਦੀ ਹੈ: “ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ ਹੈ।”—ਕਹਾਉਤਾਂ 10:19.
ਮਸੀਹੀਆਂ ਨੂੰ ਇਕ ਦੂਜੇ ਨਾਲ ਗੱਲਬਾਤ ਕਰਦੇ ਸਮੇਂ ਸਿਆਣਪ ਵਰਤਣੀ ਚਾਹੀਦੀ ਹੈ। ਜਿਹੜਾ ਇਨਸਾਨ ਜ਼ਿਆਦਾ ਬੋਲਦਾ ਹੈ ਜਾਂ ਬੜੇ ਰੋਅਬ ਨਾਲ ਬੋਲਦਾ ਹੈ, ਉਹ ਸਭਨਾਂ ਤੋਂ ਵੱਧ ਸਿਆਣਾ ਨਹੀਂ ਹੁੰਦਾ। ਯਾਦ ਰੱਖੋ ਕਿ ਮੂਸਾ ਭਾਵੇਂ “ਬਚਨਾਂ . . . ਵਿੱਚ ਸਮਰਥ ਸੀ,” ਪਰ ਉਹ ਇਸਰਾਏਲੀ ਕੌਮ ਦੀ ਤਦ ਤਕ ਠੀਕ ਤਰੀਕੇ ਨਾਲ ਅਗਵਾਈ ਨਹੀਂ ਕਰ ਸਕਦਾ ਸੀ ਜਦ ਤਕ ਕਿ ਉਹ ਆਪਣੇ ਵਿਚ ਧੀਰਜ, ਹਲੀਮੀ ਅਤੇ ਆਤਮ-ਸੰਜਮ ਵਰਗੇ ਗੁਣ ਨਾ ਪੈਦਾ ਕਰਦਾ। (ਰਸੂਲਾਂ ਦੇ ਕਰਤੱਬ 7:22) ਇਸ ਲਈ, ਜਿਨ੍ਹਾਂ ਨੂੰ ਦੂਜਿਆਂ ਉੱਤੇ ਅਧਿਕਾਰ ਦਿੱਤਾ ਗਿਆ ਹੈ, ਉਨ੍ਹਾਂ ਨੂੰ ਹਲੀਮ ਹੋਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਆਪਣੇ ਤੋਂ ਉੱਤਮ ਸਮਝਣਾ ਚਾਹੀਦਾ ਹੈ।—ਕਹਾਉਤਾਂ 11:2.
ਜਿਨ੍ਹਾਂ ਨੂੰ ਯਿਸੂ ਮਸੀਹ ਨੇ ‘ਸਾਰੇ ਮਾਲ ਮਤੇ’ ਉੱਤੇ ਇਖ਼ਤਿਆਰ ਦਿੱਤਾ ਹੈ, ਉਨ੍ਹਾਂ ਨੂੰ ਬਾਈਬਲ ਵਿਚ “ਮਾਤਬਰ ਅਤੇ ਬੁੱਧਵਾਨ ਨੌਕਰ” ਕਿਹਾ ਗਿਆ ਹੈ। (ਮੱਤੀ 24:45-47) ਉਹ ਜੋਸ਼ ਵਿਚ ਆ ਕੇ ਯਹੋਵਾਹ ਤੋਂ ਅੱਗੇ ਨਿਕਲਣ ਦੀ ਗੁਸਤਾਖ਼ੀ ਨਹੀਂ ਕਰਦੇ ਤੇ ਨਾ ਹੀ ਉਹ ਕਿਸੇ ਮਾਮਲੇ ਵਿਚ ਪਰਮੇਸ਼ੁਰ ਦੀ ਰਹਿਨੁਮਾਈ ਮਿਲਣ ਤੇ ਪਿੱਛੇ ਰਹਿ ਜਾਂਦੇ ਹਨ। ਉਹ ਜਾਣਦੇ ਹਨ ਕਿ ਕਦੋਂ ਬੋਲਣਾ ਹੈ ਤੇ ਕਦੋਂ ਹੋਰ ਜ਼ਿਆਦਾ ਸਪੱਸ਼ਟੀਕਰਣ ਲਈ ਚੁੱਪ-ਚਾਪ ਇੰਤਜ਼ਾਰ ਕਰਨਾ ਹੈ। ਸਾਰੇ ਮਸੀਹੀਆਂ ਨੂੰ ਨਾ ਸਿਰਫ਼ ਨੌਕਰ ਵਰਗ ਦੀ ਨਿਹਚਾ ਦੀ ਰੀਸ ਕਰਨੀ ਚਾਹੀਦੀ ਹੈ, ਸਗੋਂ ਉਨ੍ਹਾਂ ਵਾਂਗ ਸਿਆਣੇ ਵੀ ਬਣਨਾ ਚਾਹੀਦਾ ਹੈ।—ਇਬਰਾਨੀਆਂ 13:7.