ਯਹੋਵਾਹ ਦੇ ਨੇੜੇ ਜਾਣ ਲਈ ਲੋਕਾਂ ਦੀ ਮਦਦ ਕਰਨੀ
“ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।”—ਯੂਹੰਨਾ 14:6.
1. ਜੀ ਉਠਾਏ ਗਏ ਯਿਸੂ ਨੇ ਆਪਣਿਆਂ ਚੇਲਿਆਂ ਨੂੰ ਕਿਹੜਾ ਹੁਕਮ ਦਿੱਤਾ ਸੀ, ਅਤੇ ਜਿਉਂ ਹੀ ਯਹੋਵਾਹ ਦਿਆਂ ਗਵਾਹਾਂ ਨੇ ਇਸ ਹੁਕਮ ਦੀ ਆਗਿਆ ਦੀ ਪਾਲਣਾ ਕੀਤੀ ਹੈ, ਇਸ ਦਾ ਕੀ ਨਤੀਜਾ ਹੋਇਆ?
ਯਿਸੂ ਮਸੀਹ ਨੇ ਆਪਣਿਆਂ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦੇਣ।’ (ਮੱਤੀ 28:19) ਪਿਛਲੇ ਦਸਾਂ ਸਾਲਾਂ ਵਿਚ, ਯਹੋਵਾਹ ਦੇ ਗਵਾਹਾਂ ਨੇ ਪਰਮੇਸ਼ੁਰ ਦੇ ਨੇੜੇ ਜਾਣ ਲਈ ਤੀਹ ਲੱਖ ਤੋਂ ਜ਼ਿਆਦਾ ਲੋਕਾਂ ਦੀ ਮਦਦ ਕੀਤੀ ਹੈ, ਅਤੇ ਸਮਾਂ ਆਉਣ ਤੇ ਉਸ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਦੇ ਸਮਰਪਣ ਦੇ ਪ੍ਰਤੀਕ ਵਜੋਂ ਉਨ੍ਹਾਂ ਨੂੰ ਬਪਤਿਸਮਾ ਦਿੱਤਾ ਹੈ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਪਰਮੇਸ਼ੁਰ ਦੇ ਨੇੜੇ ਜਾਣ ਲਈ ਅਸੀਂ ਇਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ ਹਾਂ!—ਯਾਕੂਬ 4:8.
2. ਕਈ ਨਵੇਂ ਵਿਅਕਤੀਆਂ ਨੂੰ ਬਪਤਿਸਮਾ ਦਿੱਤੇ ਜਾਣ ਦੇ ਬਾਵਜੂਦ ਵੀ ਪ੍ਰਕਾਸ਼ਕਾਂ ਦੀ ਗਿਣਤੀ ਨੂੰ ਕੀ ਹੋ ਰਿਹਾ ਹੈ?
2 ਪਰ, ਕੁਝ ਦੇਸ਼ਾਂ ਵਿਚ ਜਿੱਥੇ ਕਈ ਨਵੇਂ ਚੇਲਿਆਂ ਨੂੰ ਬਪਤਿਸਮਾ ਦਿੱਤਾ ਗਿਆ ਹੈ, ਉੱਥੇ ਫਿਰ ਵੀ ਰਾਜ ਪ੍ਰਕਾਸ਼ਕਾਂ ਦੀ ਗਿਣਤੀ ਵਿਚ ਵਾਧਾ ਨਹੀਂ ਦੇਖਿਆ ਗਿਆ। ਇਸ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸਾਲਾਨਾ ਮੌਤਾਂ ਦੀ ਗਿਣਤੀ ਦਾ ਦਰ ਕੁਝ 1 ਫੀ ਸਦੀ ਹੈ। ਲੇਕਿਨ ਪਿਛਲੇ ਕੁਝ ਸਾਲਾਂ ਵਿਚ, ਕਿਸੇ-ਨ-ਕਿਸੇ ਕਾਰਨ ਕਾਫ਼ੀ ਲੋਕ ਸੱਚਾਈ ਨੂੰ ਛੱਡ ਗਏ ਹਨ। ਕਿਉਂ? ਇਹ ਲੇਖ ਅਤੇ ਅਗਲਾ ਲੇਖ ਇਨ੍ਹਾਂ ਗੱਲਾਂ ਦੀ ਜਾਂਚ ਕਰੇਗਾ ਕਿ ਲੋਕ ਯਹੋਵਾਹ ਵੱਲ ਕਿਵੇਂ ਖਿੱਚੇ ਜਾਂਦੇ ਹਨ ਅਤੇ ਕਿਹੜੇ ਕੁਝ ਕਾਰਨਾਂ ਕਰਕੇ ਉਹ ਸੱਚਾਈ ਨੂੰ ਛੱਡ ਜਾਂਦੇ ਹਨ।
ਸਾਡੇ ਪ੍ਰਚਾਰ ਕਰਨ ਦਾ ਮਕਸਦ
3. (ੳ) ਯਿਸੂ ਦਿਆਂ ਚੇਲਿਆਂ ਨੂੰ ਸੌਂਪਿਆ ਗਿਆ ਕੰਮ, ਪਰਕਾਸ਼ ਦੀ ਪੋਥੀ 14:6 ਵਿਚ ਜ਼ਿਕਰ ਕੀਤੇ ਗਏ ਦੂਤ ਦੇ ਕੰਮ ਵਰਗਾ ਕਿਵੇਂ ਹੈ? (ਅ) ਰਾਜ ਦੇ ਸੰਦੇਸ਼ ਵਿਚ ਲੋਕਾਂ ਦੀ ਰੁਚੀ ਜਗਾਉਣ ਲਈ ਕਿਹੜਾ ਤਰੀਕਾ ਚੰਗਾ ਸਾਬਤ ਹੋਇਆ ਹੈ, ਪਰ ਕਿਹੜੀ ਸਮੱਸਿਆ ਰਹੀ ਹੈ?
3 ਇਸ “ਓੜਕ ਦੇ ਸਮੇਂ” ਵਿਚ, ਯਿਸੂ ਦਿਆਂ ਚੇਲਿਆਂ ਨੂੰ “ਰਾਜ ਦੀ ਇਸ ਖ਼ੁਸ਼ ਖ਼ਬਰੀ” ਬਾਰੇ ‘ਸੱਚੀ ਵਿੱਦਿਆ’ ਫੈਲਾਉਣ ਦਾ ਕੰਮ ਸੌਂਪਿਆ ਗਿਆ ਹੈ। (ਦਾਨੀਏਲ 12:4; ਮੱਤੀ 24:14) ਉਨ੍ਹਾਂ ਦਾ ਕੰਮ ਉਸ ਦੂਤ ਦੇ ਕੰਮ ਵਰਗਾ ਹੈ ਜਿਸ ਕੋਲ ‘ਸਦੀਪਕਾਲ ਦੀ ਇੰਜੀਲ ਸੀ ਭਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਵੇ।’ (ਪਰਕਾਸ਼ ਦੀ ਪੋਥੀ 14:6) ਇਹ ਦੁਨੀਆਂ ਆਪਣੇ ਹੀ ਦੁਨਿਆਵੀ ਕੰਮਾਂ-ਕਾਰਾਂ ਵਿਚ ਲੱਗੀ ਹੋਈ ਹੈ। ਇਸ ਲਈ, ਜੇਕਰ ਅਸੀਂ ਪਰਮੇਸ਼ੁਰ ਦੇ ਰਾਜ ਵਿਚ ਲੋਕਾਂ ਦੀ ਰੁਚੀ ਜਗਾਉਣੀ ਹੈ, ਨਾਲੇ ਯਹੋਵਾਹ ਦੇ ਨੇੜੇ ਜਾਣ ਲਈ ਉਨ੍ਹਾਂ ਦੀ ਮਦਦ ਕਰਨੀ ਹੈ, ਤਾਂ ਸਭ ਤੋਂ ਚੰਗਾ ਤਰੀਕਾ ਹੋਵੇਗਾ ਕਿ ਅਸੀਂ ਉਨ੍ਹਾਂ ਨੂੰ ਫਿਰਦੌਸ ਧਰਤੀ ਉੱਤੇ ਸਦਾ ਦੇ ਜੀਵਨ ਦੀ ਆਸ ਬਾਰੇ ਦੱਸੀਏ। ਭਾਵੇਂ ਇਹ ਗੱਲ ਸਮਝਣਯੋਗ ਹੈ, ਜਿਹੜੇ ਲੋਕ ਸਿਰਫ਼ ਫਿਰਦੌਸ ਵਿਚ ਜੀਵਨ ਪ੍ਰਾਪਤ ਕਰਨ ਲਈ ਹੀ ਪਰਮੇਸ਼ੁਰ ਦਿਆਂ ਲੋਕਾਂ ਨਾਲ ਸੰਗਤ ਰੱਖਦੇ ਹਨ, ਉਹ ਜੀਵਨ ਵੱਲ ਜਾ ਰਹੇ ਭੀੜੇ ਰਸਤੇ ਤੇ ਪੱਕੇ ਪੈਰੀਂ ਨਹੀਂ ਤੁਰ ਰਹੇ ਹਨ।—ਮੱਤੀ 7:13, 14.
4. ਯਿਸੂ ਅਤੇ ਅਕਾਸ਼ ਵਿਚ ਉੱਡਦੇ ਦੂਤ ਦੇ ਅਨੁਸਾਰ, ਸਾਡੇ ਪ੍ਰਚਾਰ ਦੇ ਕੰਮ ਦਾ ਮਕਸਦ ਕੀ ਹੈ?
4 ਯਿਸੂ ਨੇ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਅਕਾਸ਼ ਵਿਚ ਉੱਡਦਿਆਂ ਇਕ ਦੂਤ “ਸਦੀਪਕਾਲ ਦੀ ਇੰਜੀਲ” ਸੁਣਾਉਂਦਾ ਹੈ ਅਤੇ ਧਰਤੀ ਦੇ ਵਾਸੀਆਂ ਨੂੰ ਕਹਿੰਦਾ ਹੈ ਕਿ “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ ਅਤੇ ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪਾਣੀਆਂ ਦੇ ਸੁੰਬਾਂ ਨੂੰ ਬਣਾਇਆ ਤੁਸੀਂ ਉਹ ਨੂੰ ਮੱਥਾ ਟੇਕੋ!” (ਪਰਕਾਸ਼ ਦੀ ਪੋਥੀ 14:7) ਇਸ ਲਈ ਖ਼ੁਸ਼ ਖ਼ਬਰੀ ਦੇ ਸਾਡੇ ਪ੍ਰਚਾਰ ਦਾ ਮੁਢਲਾ ਮਕਸਦ ਹੈ ਮਸੀਹ ਯਿਸੂ ਰਾਹੀਂ ਯਹੋਵਾਹ ਦੇ ਨੇੜੇ ਜਾਣ ਲਈ ਲੋਕਾਂ ਦੀ ਮਦਦ ਕਰਨੀ।
ਯਹੋਵਾਹ ਦੇ ਕੰਮ ਵਿਚ ਸਾਡਾ ਹਿੱਸਾ
5. ਯਿਸੂ ਅਤੇ ਪੌਲੁਸ ਨੇ ਕਿਹੜੀਆਂ ਗੱਲਾਂ ਕਹੀਆਂ ਸਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਪਣਾ ਨਹੀਂ, ਸਗੋਂ ਯਹੋਵਾਹ ਦਾ ਕੰਮ ਕਰ ਰਹੇ ਹਾਂ?
5 ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖਦੇ ਸਮੇਂ, ਪੌਲੁਸ ਰਸੂਲ “ਮਿਲਾਪ ਦੀ ਸੇਵਕਾਈ” ਬਾਰੇ ਗੱਲ ਕਰਦਾ ਹੈ ਅਤੇ ਕਹਿੰਦਾ ਹੈ ਕਿ ਪਰਮੇਸ਼ੁਰ, ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਤੇ ਲੋਕਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ। ਪੌਲੁਸ ਕਹਿੰਦਾ ਹੈ ਕਿ ਇਹ ਇਸ ਤਰ੍ਹਾਂ ਹੈ “ਭਈ ਜਾਣੋ ਪਰਮੇਸ਼ੁਰ ਸਾਡੇ ਰਾਹੀਂ ਮਿੰਨਤ ਕਰਦਾ ਹੈ, ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਲਓ।” ਇਹ ਕਿੰਨਾ ਵਧੀਆ ਵਿਚਾਰ ਹੈ ਜੋ ਦਿਲ ਨੂੰ ਖ਼ੁਸ਼ ਕਰਦਾ ਹੈ! ਚਾਹੇ ਅਸੀਂ ਮਸਹ ਕੀਤੇ ਹੋਏ “ਮਸੀਹ ਦੇ ਏਲਚੀ” ਹਾਂ, ਜਾਂ ਧਰਤੀ ਉੱਤੇ ਰਹਿਣ ਦੀ ਆਸ਼ਾ ਰੱਖਣ ਵਾਲੇ ਸੰਦੇਸ਼ਵਾਹਕ, ਸਾਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਹ ਕੰਮ ਸਾਡਾ ਨਹੀਂ, ਸਗੋਂ ਯਹੋਵਾਹ ਦਾ ਹੈ। (2 ਕੁਰਿੰਥੀਆਂ 5:18-20) ਅਸਲ ਵਿਚ ਪਰਮੇਸ਼ੁਰ ਲੋਕਾਂ ਨੂੰ ਖਿੱਚਦਾ ਹੈ ਅਤੇ ਮਸੀਹ ਕੋਲ ਆਉਣ ਵਾਲਿਆਂ ਨੂੰ ਸਿਖਾਉਂਦਾ ਹੈ। ਯਿਸੂ ਨੇ ਕਿਹਾ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ। ਨਬੀਆਂ ਦੀਆਂ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ ਭਈ ਓਹ ਸੱਭੇ ਪਰਮੇਸ਼ੁਰ ਦੇ ਸਿਖਾਏ ਹੋਏ ਹੋਣਗੇ। ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ ਸੋ ਮੇਰੇ ਕੋਲ ਆਉਂਦਾ ਹੈ।”—ਯੂਹੰਨਾ 6:44, 45.
6. ਯਹੋਵਾਹ ਕੌਮਾਂ ਨੂੰ ਛੋਟੇ ਪੈਮਾਨੇ ਤੇ ਕਿਵੇਂ ਹਿਲਾ ਰਿਹਾ ਹੈ ਅਤੇ ਨਾਲੋਂ-ਨਾਲ, ਉਸ ਦੇ “ਭਵਨ” ਵਿਚ ਕੌਣ ਸੁਰੱਖਿਆ ਪਾ ਰਹੇ ਹਨ?
6 ਇਨ੍ਹਾਂ ਅੰਤ ਦਿਆਂ ਦਿਨਾਂ ਵਿਚ, ਯਹੋਵਾਹ ਲੋਕਾਂ ਨੂੰ ਕਿਵੇਂ ਖਿੱਚਦਾ ਹੈ ਅਤੇ ਉਨ੍ਹਾਂ ਲਈ “ਨਿਹਚਾ ਦਾ ਦਰਵੱਜਾ” ਕਿਵੇਂ ਖੋਲ੍ਹਦਾ ਹੈ? (ਰਸੂਲਾਂ ਦੇ ਕਰਤੱਬ 14:27; 2 ਤਿਮੋਥਿਉਸ 3:1) ਇਕ ਮੁੱਖ ਤਰੀਕਾ ਇਹ ਹੈ ਕਿ ਉਹ ਆਪਣੇ ਗਵਾਹਾਂ ਰਾਹੀਂ ਮੁਕਤੀ ਅਤੇ ਇਸ ਦੁਸ਼ਟ ਰੀਤੀ-ਵਿਵਸਥਾ ਖ਼ਿਲਾਫ਼ ਨਿਆਉਂ ਦੇ ਸੰਦੇਸ਼ ਐਲਾਨ ਕਰਵਾਉਂਦਾ ਹੈ। (ਯਸਾਯਾਹ 43:12; 61:1, 2) ਸਾਰੀ ਦੁਨੀਆਂ ਵਿਚ ਇਹ ਐਲਾਨ ਕੌਮਾਂ ਨੂੰ ਹਿਲਾ ਰਿਹਾ ਹੈ—ਜੋ ਯਹੋਵਾਹ ਦੀ ਸਜ਼ਾ ਵਜੋਂ ਜਲਦੀ ਆ ਰਹੀ ਵੱਡੀ ਤਬਾਹੀ ਦਾ ਲੱਛਣ ਹੈ। ਨਾਲੋਂ-ਨਾਲ, ਜਿਹੜੇ ਲੋਕ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ‘ਬਹੁਮੁੱਲੇ’ ਹਨ, ਉਹ ਇਸ ਵਿਵਸਥਾ ਵਿੱਚੋਂ ਖਿੱਚੇ ਜਾ ਰਹੇ ਹਨ ਅਤੇ ਸੱਚੀ ਉਪਾਸਨਾ ਦੇ ਉਸ ਦੇ “ਭਵਨ” ਵਿਚ ਸੁਰੱਖਿਆ ਪਾ ਰਹੇ ਹਨ। ਇਸ ਤਰ੍ਹਾਂ ਯਹੋਵਾਹ ਆਪਣੇ ਅਗੰਮ ਵਾਕ ਪੂਰੇ ਕਰ ਰਿਹਾ ਹੈ ਜੋ ਹੱਜਈ ਨੇ ਦਰਜ ਕੀਤੇ ਸਨ: “ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਥ [“ਮਨਭਾਉਂਦੀਆਂ ਵਸਤਾਂ,” ਨਿ ਵ] ਆਉਣਗੇ ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ।”—ਹੱਜਈ 2:6, 7; ਨਿ ਵ, ਫੁਟਨੋਟ; ਪਰਕਾਸ਼ ਦੀ ਪੋਥੀ 7:9, 15.
7. ਯਹੋਵਾਹ ਲੋਕਾਂ ਦਿਆਂ ਦਿਲਾਂ ਨੂੰ ਕਿਵੇਂ ਖੋਲ੍ਹਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਵੱਲ ਅਤੇ ਆਪਣੇ ਪੁੱਤਰ ਵੱਲ ਕਿਵੇਂ ਖਿੱਚਦਾ ਹੈ?
7 ਯਹੋਵਾਹ “ਸਾਰੀਆਂ ਕੌਮਾਂ ਦੀਆਂ ਵਧੀਆ ਵਸਤਾਂ,” ਯਾਨੀ ਕਿ ਪਰਮੇਸ਼ੁਰ ਦਾ ਭੈ ਰੱਖਣ ਵਾਲਿਆਂ ਲੋਕਾਂ ਦੇ ਦਿਲ ਖੋਲ੍ਹਦਾ ਹੈ, ਤਾਂਕਿ ਉਹ ਉਸ ਦਿਆਂ ਗਵਾਹਾਂ ਦੁਆਰਾ ‘ਕਹੀਆਂ ਗਈਆਂ ਗੱਲਾਂ ਉੱਤੇ ਚਿੱਤ ਲਾਉਣ।’ (ਹੱਜਈ 2:7, ਯਹੂਦੀ ਪ੍ਰਕਾਸ਼ਨ ਸੰਸਥਾ [ਅੰਗ੍ਰੇਜ਼ੀ]; ਰਸੂਲਾਂ ਦੇ ਕਰਤੱਬ 16:14) ਪਹਿਲੀ ਸਦੀ ਵਾਂਗ, ਯਹੋਵਾਹ ਕਈ ਦਫ਼ਾ ਆਪਣੇ ਦੂਤ ਇਸਤੇਮਾਲ ਕਰਦਾ ਹੈ। ਇਹ ਦੂਤ ਉਸ ਦਿਆਂ ਗਵਾਹਾਂ ਨੂੰ ਉਨ੍ਹਾਂ ਈਮਾਨਦਾਰ ਲੋਕਾਂ ਕੋਲ ਭੇਜਦੇ ਹਨ ਜੋ ਪਰਮੇਸ਼ੁਰ ਤੋਂ ਮਦਦ ਮੰਗਦੇ ਹਨ। (ਰਸੂਲਾਂ ਦੇ ਕਰਤੱਬ 8:26-31) ਜਿਉਂ-ਜਿਉਂ ਵਿਅਕਤੀ ਸਿੱਖਦੇ ਹਨ ਕਿ ਪਰਮੇਸ਼ੁਰ ਨੇ ਆਪਣੇ ਪੁੱਤਰ, ਯਿਸੂ ਮਸੀਹ, ਰਾਹੀਂ ਉਨ੍ਹਾਂ ਲਈ ਕਿੰਨੇ ਵਧੀਆ ਪ੍ਰਬੰਧ ਕੀਤੇ ਹਨ, ਉਹ ਯਹੋਵਾਹ ਦੇ ਪ੍ਰੇਮ ਤੋਂ ਪ੍ਰੇਰਿਤ ਹੋ ਕੇ ਉਸ ਵੱਲ ਖਿੱਚੇ ਜਾਂਦੇ ਹਨ। (1 ਯੂਹੰਨਾ 4:9, 10) ਹਾਂ, ਪਰਮੇਸ਼ੁਰ ਆਪਣੀ “ਦਯਾ,” ਜਾਂ ਆਪਣੇ ਵਫ਼ਾਦਾਰ ਪਿਆਰ ਨਾਲ ਲੋਕਾਂ ਨੂੰ ਆਪਣੇ ਵੱਲ ਅਤੇ ਆਪਣੇ ਪੁੱਤਰ ਵੱਲ ਖਿੱਚਦਾ ਹੈ।—ਯਿਰਮਿਯਾਹ 31:3.
ਯਹੋਵਾਹ ਕਿਨ੍ਹਾਂ ਨੂੰ ਖਿੱਚਦਾ ਹੈ?
8. ਯਹੋਵਾਹ ਕਿਹੋ ਜਿਹੇ ਲੋਕ ਖਿੱਚਦਾ ਹੈ?
8 ਯਹੋਵਾਹ ਆਪਣੇ ਵੱਲ ਅਤੇ ਆਪਣੇ ਪੁੱਤਰ ਵੱਲ ਉਨ੍ਹਾਂ ਨੂੰ ਖਿੱਚਦਾ ਹੈ ਜੋ ਉਸ ਨੂੰ ਭਾਲਦੇ ਹਨ। (ਰਸੂਲਾਂ ਦੇ ਕਰਤੱਬ 17:27) ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜੋ “ਓਹਨਾਂ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ” ਈਸਾਈ-ਜਗਤ, ਦਰਅਸਲ ਸਾਰੀ ਦੁਨੀਆਂ “ਵਿੱਚ ਕੀਤੇ ਜਾਂਦੇ ਹਨ ਆਹਾਂ ਭਰਦੇ, ਅਤੇ ਰੋਂਦੇ ਹਨ।” (ਹਿਜ਼ਕੀਏਲ 9:4) ਉਹ “ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।” (ਸੰਤ ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਵਾਕਈ, ਉਹ ‘ਧਰਤੀ ਦੇ ਮਸਕੀਨ,’ ਜਾਂ ਨਿਮਰ ਲੋਕ ਹਨ, ਜੋ ਫਿਰਦੌਸ ਧਰਤੀ ਤੇ ਸਦਾ ਲਈ ਵੱਸਣਗੇ।—ਸਫ਼ਨਯਾਹ 2:3.
9. ਯਹੋਵਾਹ ਕਿਵੇਂ ਜਾਣ ਸਕਦਾ ਹੈ ਕਿ ਲੋਕ “ਸਦੀਪਕ ਜੀਉਣ ਲਈ ਠਹਿਰਾਏ ਗਏ” ਹਨ, ਅਤੇ ਉਹ ਉਨ੍ਹਾਂ ਨੂੰ ਕਿਵੇਂ ਖਿੱਚਦਾ ਹੈ?
9 ਯਹੋਵਾਹ ਲੋਕਾਂ ਦਿਆਂ ਦਿਲਾਂ ਨੂੰ ਜਾਂਚ ਸਕਦਾ ਹੈ। ਰਾਜਾ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਦੱਸਿਆ: “ਯਹੋਵਾਹ ਸਾਰਿਆਂ ਮਨਾਂ ਦੀ ਪਰੀਛਾ ਕਰਦਾ ਹੈ ਅਰ ਧਿਆਨ ਦੇ ਸਾਰੇ ਫੁਰਨਿਆਂ ਦਾ ਗਿਆਤਾ ਹੈ। ਜੇ ਤੂੰ ਉਸ ਨੂੰ ਖੋਜੇਂਗਾ ਤਾਂ ਉਹ ਤੈਥੋਂ ਲਭਿਆ ਜਾਏਗਾ।” (1 ਇਤਹਾਸ 28:9) ਯਹੋਵਾਹ ਇਕ ਵਿਅਕਤੀ ਦੇ ਦਿਲ ਦੀ ਦਸ਼ਾ ਅਤੇ ਮਨੋਬਿਰਤੀ, ਜਾਂ ਪ੍ਰਮੁੱਖ ਰਵੱਈਏ ਨੂੰ ਦੇਖ ਸਕਦਾ ਹੈ। ਇਸ ਤੋਂ ਉਹ ਜਾਣ ਸਕਦਾ ਹੈ ਕਿ ਕੀ ਕੋਈ ਵਿਅਕਤੀ ਪਾਪਾਂ ਦੀ ਮਾਫ਼ੀ ਲਈ ਅਤੇ ਪਰਮੇਸ਼ੁਰ ਦੀ ਧਰਮੀ ਨਵੀਂ ਵਿਵਸਥਾ ਵਿਚ ਸਦੀਪਕ ਜੀਵਨ ਦੀ ਉਮੀਦ ਲਈ ਈਸ਼ਵਰੀ ਪ੍ਰਬੰਧਾਂ ਨੂੰ ਸਵੀਕਾਰ ਕਰੇਗਾ ਕਿ ਨਹੀਂ। (2 ਪਤਰਸ 3:13) ਆਪਣੇ ਬਚਨ ਰਾਹੀਂ, ਜਿਸ ਬਾਰੇ ਉਸ ਦੇ ਗਵਾਹ ਪ੍ਰਚਾਰ ਕਰ ਰਹੇ ਅਤੇ ਸਿੱਖਿਆ ਦੇ ਰਹੇ ਹਨ, ਯਹੋਵਾਹ ਉਨ੍ਹਾਂ ਸਾਰਿਆਂ ਲੋਕਾਂ ਨੂੰ ‘ਜਿੰਨੇ ਸਦੀਪਕ ਜੀਉਣ ਲਈ ਠਹਿਰਾਏ ਗਏ ਹਨ’ ਆਪਣੇ ਵੱਲ ਅਤੇ ਆਪਣੇ ਪੁੱਤਰ ਵੱਲ ਖਿੱਚਦਾ ਹੈ ਅਤੇ ਉਹ ‘ਨਿਹਚਾ ਕਰਦੇ’ ਹਨ।—ਰਸੂਲਾਂ ਦੇ ਕਰਤੱਬ 13:48.
10. ਕੀ ਦਿਖਾਉਂਦਾ ਹੈ ਕਿ ਇਹ ਕਿਸੇ ਦੀ ਕਿਸਮਤ ਵਿਚ ਨਹੀਂ ਲਿਖਿਆ ਗਿਆ ਕਿ ਯਹੋਵਾਹ ਉਸ ਨੂੰ ਖਿੱਚੇਗਾ ਜਾਂ ਨਹੀਂ?
10 ਕੀ ਇਹ ਕਿਸੇ ਦੀ ਕਿਸਮਤ ਵਿਚ ਲਿਖਿਆ ਗਿਆ ਹੈ ਕਿ ਯਹੋਵਾਹ ਕਿਹ ਨੂੰ ਖਿੱਚੇਗਾ ਅਤੇ ਕਿਹ ਨੂੰ ਨਹੀਂ? ਹਰਗਿਜ਼ ਨਹੀਂ! ਪਰਮੇਸ਼ੁਰ ਦਾ ਲੋਕਾਂ ਨੂੰ ਖਿੱਚਣਾ ਉਨ੍ਹਾਂ ਦੀਆਂ ਆਪਣੀਆਂ ਚਾਹਤਾਂ ਉੱਤੇ ਨਿਰਭਰ ਕਰਦਾ ਹੈ। ਉਹ ਉਨ੍ਹਾਂ ਦੀ ਚੋਣ ਕਰਨ ਦੀ ਆਜ਼ਾਦੀ ਦਾ ਲਿਹਾਜ਼ ਕਰਦਾ ਹੈ। ਯਹੋਵਾਹ ਅੱਜ ਧਰਤੀ ਦਿਆਂ ਵਾਸੀਆਂ ਦੇ ਸਾਮ੍ਹਣੇ ਉਹੀ ਚੋਣ ਰੱਖਦਾ ਹੈ ਜੋ ਉਸ ਨੇ 3,000 ਸਾਲ ਪਹਿਲਾਂ ਇਸਰਾਏਲੀਆਂ ਦੇ ਅੱਗੇ ਰੱਖੀ ਸੀ, ਜਦੋਂ ਮੂਸਾ ਨੇ ਕਿਹਾ: “ਮੈਂ ਅੱਜ ਤੁਹਾਡੇ ਸਾਹਮਣੇ ਜੀਵਨ ਅਤੇ ਭਲਿਆਈ, ਮੌਤ ਅਤੇ ਬੁਰਿਆਈ ਰੱਖ ਦਿੱਤੀ ਹੈ। . . . ਮੈਂ ਅੱਜੋ ਤੁਹਾਡੇ ਵਿਰੁੱਧ ਅਕਾਸ਼ ਅਤੇ ਧਰਤੀ ਨੂੰ ਗਵਾਹ ਬਣਾਉਂਦਾ ਹਾਂ ਭਈ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ ਕਿਉਂ ਜੋ ਉਹ ਤੁਹਾਡਾ ਜੀਵਨ ਅਤੇ ਤੁਹਾਡੇ ਦਿਨਾਂ ਦੀ ਲਮਾਨ ਹੈ।”—ਬਿਵਸਥਾ ਸਾਰ 30:15-20.
11. ਇਸਰਾਏਲੀ ਲੋਕ ਜੀਵਨ ਦੀ ਕਿਵੇਂ ਚੋਣ ਕਰ ਸਕਦੇ ਸਨ?
11 ਧਿਆਨ ਦਿਓ ਕਿ ਇਸਰਾਏਲੀ ‘ਯਹੋਵਾਹ ਨਾਲ ਪ੍ਰੇਮ ਰੱਖ ਕੇ, ਉਸ ਦੀ ਅਵਾਜ਼ ਨੂੰ ਸੁਣ ਕੇ ਅਤੇ ਉਸ ਦੇ ਅੰਗ ਸੰਗ ਲੱਗੇ ਰਹਿ ਕੇ’ ਜੀਵਨ ਚੁਣ ਸਕਦੇ ਸਨ। ਜਦੋਂ ਇਹ ਸ਼ਬਦ ਕਹੇ ਗਏ ਸਨ, ਇਸਰਾਏਲੀ ਲੋਕਾਂ ਨੇ ਅਜੇ ਵਾਅਦਾ ਕੀਤੇ ਗਏ ਦੇਸ਼ ਉੱਤੇ ਕਬਜ਼ਾ ਨਹੀਂ ਕੀਤਾ ਸੀ। ਉਹ ਮੋਆਬ ਦੇ ਮੈਦਾਨ ਤੇ ਖੜ੍ਹੇ ਸਨ ਅਤੇ ਯਰਦਨ ਨਦੀ ਪਾਰ ਕਰਨ ਦੀ ਤਿਆਰੀ ਕਰ ਕੇ ਕਨਾਨ ਵਿਚ ਜਾਣ ਵਾਲੇ ਸਨ। ਜਦ ਕਿ ਇਹ ਕੁਦਰਤੀ ਸੀ ਕਿ ਉਹ ਮਿਲਣ ਵਾਲੀ “ਅੱਛੀ ਅਤੇ ਮੋਕਲੀ ਧਰਤੀ” ਬਾਰੇ ਸੋਚਦੇ ਸਨ “ਜਿੱਥੇ ਦੁੱਧ ਅਰ ਸ਼ਹਿਤ ਵੱਗਦਾ” ਸੀ, ਉਨ੍ਹਾਂ ਦੇ ਸੁਪਨੇ ਤਦ ਹੀ ਪੂਰੇ ਹੋ ਸਕਦੇ ਸਨ ਜੇ ਉਹ ਯਹੋਵਾਹ ਨਾਲ ਪ੍ਰੇਮ ਰੱਖਦੇ, ਉਸ ਦੀ ਆਵਾਜ਼ ਨੂੰ ਸੁਣਦੇ, ਅਤੇ ਉਸ ਦੇ ਅੰਗ ਸੰਗ ਲੱਗੇ ਰਹਿੰਦੇ। (ਕੂਚ 3:8) ਮੂਸਾ ਨੇ ਇਹ ਗੱਲ ਸਪੱਸ਼ਟ ਕੀਤੀ ਜਦੋਂ ਉਸ ਨੇ ਕਿਹਾ: ‘ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਕਿ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੇ ਮਾਰਗਾਂ ਉੱਤੇ ਚੱਲੋ ਅਤੇ ਉਸ ਦੇ ਹੁਕਮਾਂ, ਬਿਧੀਆਂ ਅਤੇ ਕਨੂਨਾਂ ਦੀ ਪਾਲਨਾ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ ਅਤੇ ਵਧੋਗੇ ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਧਰਤੀ ਵਿੱਚ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ ਬਰਕਤ ਦੇਵੇਗਾ।’—ਬਿਵਸਥਾ ਸਾਰ 30:16.
12. ਸਾਨੂੰ ਆਪਣੇ ਪ੍ਰਚਾਰ ਅਤੇ ਸਿੱਖਿਆ ਦੇਣ ਦੇ ਕੰਮ ਬਾਰੇ ਇਸਰਾਏਲੀਆਂ ਦੀ ਮਿਸਾਲ ਤੋਂ ਕਿਹੜਾ ਸਬਕ ਸਿੱਖਣਾ ਚਾਹੀਦਾ ਹੈ?
12 ਕੀ ਇਸ ਗੱਲ ਤੋਂ ਸਾਨੂੰ ਅੰਤ ਦੇ ਸਮੇਂ ਵਿਚ ਆਪਣੇ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੇ ਕੰਮ ਬਾਰੇ ਕੁਝ ਸਬਕ ਨਹੀਂ ਸਿੱਖਣਾ ਚਾਹੀਦਾ? ਅਸੀਂ ਆਉਣ ਵਾਲੀ ਫਿਰਦੌਸ ਧਰਤੀ ਬਾਰੇ ਸੋਚਦੇ ਹਾਂ ਅਤੇ ਇਸ ਬਾਰੇ ਆਪਣੀ ਸੇਵਕਾਈ ਵਿਚ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਲੇਕਿਨ, ਇਸ ਵਾਅਦੇ ਦੀ ਪੂਰਤੀ ਨਾ ਹੀ ਅਸੀਂ ਦੇਖਾਂਗੇ ਅਤੇ ਨਾ ਹੀ ਸਾਡੇ ਦੁਆਰਾ ਬਣਾਏ ਗਏ ਚੇਲੇ ਦੇਖਣਗੇ, ਜੇ ਅਸੀਂ ਜਾਂ ਉਹ ਚੇਲੇ ਸੁਆਰਥੀ ਕਾਰਨਾਂ ਲਈ ਪਰਮੇਸ਼ੁਰ ਦੀ ਸੇਵਾ ਕਰਨਗੇ। ਇਸਰਾਏਲੀਆਂ ਵਾਂਗ, ਸਾਨੂੰ ਅਤੇ ਜਿਨ੍ਹਾਂ ਨੂੰ ਅਸੀਂ ਸਿਖਾਉਂਦੇ ਹਾਂ ‘ਯਹੋਵਾਹ ਨਾਲ ਪ੍ਰੇਮ ਰੱਖਣਾ, ਉਸ ਦੀ ਅਵਾਜ਼ ਨੂੰ ਸੁਣਨਾ ਅਤੇ ਉਸ ਦੇ ਅੰਗ ਸੰਗ ਲੱਗੇ ਰਹਿਣਾ’ ਸਿੱਖਣਾ ਚਾਹੀਦਾ ਹੈ। ਜੇ ਅਸੀਂ ਆਪਣੀ ਸੇਵਕਾਈ ਵਿਚ ਕੰਮ ਕਰਦੇ ਸਮੇਂ ਇਹ ਯਾਦ ਰੱਖੀਏ, ਤਾਂ ਅਸੀਂ ਪਰਮੇਸ਼ੁਰ ਦੇ ਨਾਲ ਕੰਮ ਕਰ ਰਹੇ ਹੋਵਾਂਗਾ, ਜਿਉਂ ਹੀ ਉਹ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ।
ਕੰਮ ਕਰਨ ਵਿਚ ਪਰਮੇਸ਼ੁਰ ਦੇ ਸਾਂਝੀ
13, 14. (ੳ) ਪਹਿਲੇ ਕੁਰਿੰਥੀਆਂ 3:5-9 ਦੇ ਅਨੁਸਾਰ, ਅਸੀਂ ਕੰਮ ਕਰਨ ਵਿਚ ਪਰਮੇਸ਼ੁਰ ਦੇ ਸਾਂਝੀ ਕਿਵੇਂ ਬਣਦੇ ਹਾਂ? (ਅ) ਕਿਸੇ ਵੀ ਵਾਧੇ ਲਈ ਕਿਸ ਦੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ, ਅਤੇ ਕਿਉਂ?
13 ਪੌਲੁਸ ਨੇ ਇਕ ਖੇਤ ਦੀ ਖੇਤੀਬਾੜੀ ਬਾਰੇ ਗੱਲ ਕਰਨ ਦੁਆਰਾ ਪਰਮੇਸ਼ੁਰ ਨਾਲ ਕੰਮ ਕਰਨ ਦੀ ਉਦਾਹਰਣ ਦਿੱਤੀ ਸੀ। ਉਸ ਨੇ ਲਿਖਿਆ: “ਫੇਰ ਅਪੁੱਲੋਸ ਕੀ ਹੈ ਅਤੇ ਪੌਲੁਸ ਕੀ ਹੈ? ਨਿਰੇ ਸੇਵਕ ਜਿਨ੍ਹਾਂ ਦੇ ਵਸੀਲੇ ਨਾਲ ਤੁਸਾਂ ਨਿਹਚਾ ਕੀਤੀ ਜਿਵੇਂ ਪ੍ਰਭੁ ਨੇ ਹਰੇਕ ਨੂੰ ਦਾਨ ਦਿੱਤਾ। ਮੈਂ ਤਾਂ ਬੂਟਾ ਲਾਇਆ ਅਤੇ ਅਪੁੱਲੋਸ ਨੇ ਸਿੰਜਿਆ ਪਰ ਪਰਮੇਸ਼ੁਰ ਨੇ ਵਧਾਇਆ। ਸੋ ਨਾ ਤਾਂ ਲਾਉਣ ਵਾਲਾ ਕੁਝ ਹੈ, ਨਾ ਸਿੰਜਣ ਵਾਲਾ ਪਰੰਤੂ ਪਰਮੇਸ਼ੁਰ ਜੋ ਵਧਾਉਣ ਵਾਲਾ ਹੈ। ਲਾਉਣ ਵਾਲਾ ਅਤੇ ਸਿੰਜਣ ਵਾਲਾ ਦੋਵੇਂ ਇੱਕ ਹਨ ਪਰ ਹਰੇਕ ਆਪੋ ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਵੇਗਾ। ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ। ਤੁਸੀਂ ਪਰਮੇਸ਼ੁਰ ਦੀ ਖੇਤੀ . . .ਹੋ।”—1 ਕੁਰਿੰਥੀਆਂ 3:5-9.
14 ਕੰਮ ਕਰਨ ਵਿਚ ਪਰਮੇਸ਼ੁਰ ਦੇ ਸਾਂਝੀ ਹੋਣ ਕਰਕੇ, ਸਾਨੂੰ ਵਫ਼ਾਦਾਰੀ ਨਾਲ ਲੋਕਾਂ ਦਿਆਂ ਦਿਲਾਂ ਵਿਚ “ਰਾਜ ਦਾ ਬਚਨ” ਬੀਜਣਾ ਚਾਹੀਦਾ ਹੈ। ਫਿਰ ਸਾਨੂੰ ਚੰਗੀ ਤਰ੍ਹਾਂ ਤਿਆਰ ਕੀਤੀਆਂ ਗਈਆਂ ਮੁਲਾਕਾਤਾਂ ਅਤੇ ਬਾਈਬਲ ਸਟੱਡੀਆਂ ਰਾਹੀਂ ਲੋਕਾਂ ਦੁਆਰਾ ਦਿਖਾਈ ਗਈ ਦਿਲਚਸਪੀ ਨੂੰ ਸਿੰਜਣਾ ਚਾਹੀਦਾ ਹੈ। ਜੇ ਜ਼ਮੀਨ ਚੰਗੀ ਹੈ, ਯਾਨੀ ਕਿ ਦਿਲ ਚੰਗਾ ਹੈ, ਤਾਂ ਯਹੋਵਾਹ ਆਪਣਾ ਹਿੱਸਾ ਪੂਰਾ ਕਰੇਗਾ ਅਤੇ ਬਾਈਬਲ ਸੱਚਾਈ ਦੇ ਬੀ ਨੂੰ ਫਲ ਦੇਣ ਵਾਲੇ ਇਕ ਬੂਟੇ ਵਾਂਗ ਵਧਾਵੇਗਾ। (ਮੱਤੀ 13:19, 23) ਉਹ ਉਸ ਵਿਅਕਤੀ ਨੂੰ ਆਪਣੇ ਵੱਲ ਅਤੇ ਆਪਣੇ ਪੁੱਤਰ ਵੱਲ ਖਿੱਚੇਗਾ। ਤਾਂ ਫਿਰ, ਰਾਜ ਪ੍ਰਚਾਰਕਾਂ ਦੀ ਗਿਣਤੀ ਵਿਚ ਕੋਈ ਵੀ ਵਾਧਾ, ਲੋਕਾਂ ਦਿਆਂ ਦਿਲਾਂ ਉੱਤੇ ਯਹੋਵਾਹ ਦੇ ਪ੍ਰਭਾਵ ਕਰਕੇ ਹੁੰਦਾ ਹੈ। ਉਹ ਸੱਚਾਈ ਦੇ ਬੀ ਨੂੰ ਵਧਾਉਂਦਾ ਹੈ ਅਤੇ ਇਨ੍ਹਾਂ ਵਿਅਕਤੀਆਂ ਨੂੰ ਆਪਣੇ ਵੱਲ ਅਤੇ ਆਪਣੇ ਪੁੱਤਰ ਵੱਲ ਖਿੱਚਦਾ ਹੈ।
ਉਸਾਰੀ ਦਾ ਕੰਮ ਜੋ ਟਿਕਿਆ ਰਹੇਗਾ
15. ਇਹ ਦਿਖਾਉਣ ਲਈ ਕਿ ਨਿਹਚਾ ਪੈਦਾ ਕਰਨ ਵਿਚ ਹੋਰਨਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ, ਪੌਲੁਸ ਕਿਹੜੀ ਉਦਾਹਰਣ ਦਿੰਦਾ ਹੈ?
15 ਜਦ ਕਿ ਅਸੀਂ ਵਾਧਾ ਦੇਖ ਕੇ ਖ਼ੁਸ਼ ਹੁੰਦੇ ਹਾਂ, ਅਸੀਂ ਦਿਲੋਂ ਚਾਹੁੰਦੇ ਹਾਂ ਕਿ ਲੋਕ ਯਹੋਵਾਹ ਨਾਲ ਪ੍ਰੇਮ ਰੱਖਣ, ਉਸ ਦੀ ਆਵਾਜ਼ ਨੂੰ ਸੁਣਨ, ਅਤੇ ਉਸ ਦੇ ਅੰਗ ਸੰਗ ਲੱਗੇ ਰਹਿਣ। ਸਾਨੂੰ ਦੁੱਖ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਠੰਢੇ ਪੈ ਕੇ ਸੱਚਾਈ ਨੂੰ ਛੱਡ ਜਾਂਦੇ ਹਨ। ਇਸ ਨੂੰ ਰੋਕਣ ਲਈ ਕੀ ਅਸੀਂ ਕੁਝ ਕਰ ਸਕਦੇ ਹਾਂ? ਇਕ ਹੋਰ ਉਦਾਹਰਣ ਵਿਚ, ਪੌਲੁਸ ਦਿਖਾਉਂਦਾ ਹੈ ਕਿ ਅਸੀਂ ਨਿਹਚਾ ਪੈਦਾ ਕਰਨ ਲਈ ਹੋਰਨਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ। ਉਹ ਲਿਖਦਾ ਹੈ: “ਉਸ ਨੀਂਹ ਤੋਂ ਬਿਨਾ ਜੋ ਰੱਖੀ ਹੋਈ ਹੈ ਦੂਜੀ ਕੋਈ ਨਹੀਂ ਰੱਖ ਸੱਕਦਾ ਅਰ ਉਹ ਯਿਸੂ ਮਸੀਹ ਹੈ। ਪਰ ਜੇ ਕੋਈ ਇਹ ਨੀਂਹ ਉੱਤੇ ਸੋਨੇ, ਚਾਂਦੀ, ਬਹੁਮੁੱਲੇ ਪੱਥਰਾਂ, ਲੱਕੜਾਂ, ਘਾਹ ਅਤੇ ਭੋ ਦੀ ਉਸਾਰੀ ਕਰੇ ਤਾਂ ਹਰੇਕ ਦਾ ਕੰਮ ਪਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸ ਨੂੰ ਉਘਾੜ ਦੇਵੇਗਾ ਇਸ ਲਈ ਜੋ ਉਹ ਅੱਗ ਨਾਲ ਪਰਕਾਸ਼ ਹੁੰਦਾ ਹੈ ਅਤੇ ਅੱਗ ਆਪੇ ਹਰੇਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪਰਕਾਰ ਦਾ ਹੈ।”—1 ਕੁਰਿੰਥੀਆਂ 3:11-13.
16. (ੳ) ਪੌਲੁਸ ਦੀਆਂ ਦੋਹਾਂ ਉਦਾਹਰਣਾਂ ਦੇ ਕਿਹੜੇ ਵੱਖੋ-ਵੱਖਰੇ ਉਦੇਸ਼ ਹਨ? (ਅ) ਸਾਡਾ ਉਸਾਰੀ ਦਾ ਕੰਮ ਕਿਵੇਂ ਖ਼ਰਾਬ ਅਤੇ ਅੱਗ ਨਾ ਰੋਕਣ ਵਾਲਾ ਹੋ ਸਕਦਾ ਹੈ?
16 ਖੇਤ ਬਾਰੇ ਪੌਲੁਸ ਦੀ ਉਦਾਹਰਣ ਵਿਚ, ਪੌਦੇ ਦਾ ਵਾਧਾ ਧਿਆਨ ਨਾਲ ਬੂਟਾ ਲਾਉਣ, ਉਸ ਨੂੰ ਲਗਾਤਾਰ ਸਿੰਜਣ, ਅਤੇ ਪਰਮੇਸ਼ੁਰ ਦੀ ਬਰਕਤ ਉੱਤੇ ਨਿਰਭਰ ਕਰਦਾ ਹੈ। ਰਸੂਲ ਦੀ ਦੂਜੀ ਉਦਾਹਰਣ ਮਸੀਹੀ ਸੇਵਕ ਦੀ ਜ਼ਿੰਮੇਵਾਰੀ ਦਿਖਾਉਂਦੀ ਹੈ ਕਿ ਉਸ ਦੇ ਉਸਾਰੀ ਦੇ ਕੰਮ ਦਾ ਕੀ ਬਣਦਾ ਹੈ। ਕੀ ਉਸ ਨੇ ਪੱਕੀ ਨੀਂਹ ਉੱਤੇ ਚੰਗੇ ਸਮਾਨ ਨਾਲ ਉਸਾਰੀ ਕੀਤੀ ਹੈ? ਪੌਲੁਸ ਚੇਤਾਵਨੀ ਦਿੰਦਾ ਹੈ ਕਿ “ਹਰੇਕ ਸੁਚੇਤ ਰਹੇ ਭਈ ਕਿਸ ਤਰਾਂ ਦੀ ਉਸਾਰੀ ਕਰਦਾ ਹੈ।” (1 ਕੁਰਿੰਥੀਆਂ 3:10) ਫਿਰਦੌਸ ਧਰਤੀ ਵਿਚ ਸਦੀਪਕ ਜੀਵਨ ਦੀ ਉਮੀਦ ਬਾਰੇ ਗੱਲਬਾਤ ਕਰਨ ਦੁਆਰਾ ਕਿਸੇ ਵਿਅਕਤੀ ਦੀ ਰੁਚੀ ਜਗਾ ਕੇ, ਕੀ ਅਸੀਂ ਆਪਣੀ ਸਿੱਖਿਆ ਵਿਚ ਸਿਰਫ਼ ਬਾਈਬਲ ਦੇ ਗਿਆਨ ਦੀਆਂ ਬੁਨਿਆਦੀ ਗੱਲਾਂ ਵੱਲ ਹੀ ਧਿਆਨ ਦਿੰਦੇ ਹਾਂ ਅਤੇ ਫਿਰ ਕੀ ਉਨ੍ਹਾਂ ਚੀਜ਼ਾਂ ਉੱਤੇ ਖ਼ਾਸ ਜ਼ੋਰ ਪਾਉਂਦੇ ਹਾਂ ਜੋ ਉਨ੍ਹਾਂ ਨੂੰ ਸਦੀਪਕ ਜੀਵਨ ਹਾਸਲ ਕਰਨ ਲਈ ਕਰਨੀਆਂ ਚਾਹੀਦੀਆਂ ਹਨ? ਕੀ ਸਾਡੀ ਸਿੱਖਿਆ ਵਿਚ ਸਿਰਫ਼ ਇਹੀ ਸ਼ਾਮਲ ਹੈ ਕਿ ‘ਜੇ ਤੁਸੀਂ ਫਿਰਦੌਸ ਵਿਚ ਸਦਾ ਲਈ ਜੀਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਟੱਡੀ ਕਰਨੀ, ਸਭਾਵਾਂ ਨੂੰ ਜਾਣਾ, ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਚਾਹੀਦਾ ਹੈ’? ਜੇਕਰ ਹਾਂ, ਤਾਂ ਅਸੀਂ ਵਿਅਕਤੀ ਦੀ ਨਿਹਚਾ ਪੱਕੀ ਨੀਂਹ ਉੱਤੇ ਨਹੀਂ ਉਸਾਰ ਰਹੇ, ਅਤੇ ਜੋ ਕੁਝ ਅਸੀਂ ਉਸਾਰਦੇ ਹਾਂ ਉਹ ਅੱਗ ਦੀਆਂ ਪਰੀਖਿਆਵਾਂ ਨਹੀਂ ਝੱਲ ਸਕੇਗਾ ਜਾਂ ਬਹੁਤਾ ਚਿਰ ਕਾਇਮ ਨਹੀਂ ਰਹਿ ਸਕੇਗਾ। ਕੁਝ ਹੀ ਸਾਲਾਂ ਲਈ ਯਹੋਵਾਹ ਦੀ ਸੇਵਾ ਕਰਨ ਦੇ ਬਦਲੇ, ਫਿਰਦੌਸ ਵਿਚ ਜੀਵਨ ਦੀ ਉਮੀਦ ਨਾਲ ਪਰਮੇਸ਼ੁਰ ਵੱਲ ਲੋਕਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰਨੀ “ਲੱਕੜਾਂ, ਘਾਹ ਅਤੇ ਭੋ” ਨਾਲ ਉਸਾਰੀ ਕਰਨ ਦੇ ਬਰਾਬਰ ਹੈ।
ਪਰਮੇਸ਼ੁਰ ਅਤੇ ਮਸੀਹ ਲਈ ਪ੍ਰੇਮ ਪੈਦਾ ਕਰਨਾ
17, 18. (ੳ) ਕੀ ਜ਼ਰੂਰੀ ਹੈ ਜੇਕਰ ਕਿਸੇ ਵਿਅਕਤੀ ਦੀ ਨਿਹਚਾ ਨੇ ਕਾਇਮ ਰਹਿਣਾ ਹੈ? (ਅ) ਅਸੀਂ ਕਿਸੇ ਵਿਅਕਤੀ ਦੀ ਕਿਵੇਂ ਮਦਦ ਕਰ ਸਕਦੇ ਹਾਂ ਕਿ ਮਸੀਹ ਉਸ ਦੇ ਦਿਲ ਵਿਚ ਵੱਸੇ?
17 ਨਿਹਚਾ ਨੂੰ ਕਾਇਮ ਰਹਿਣ ਲਈ, ਇਸ ਨੂੰ ਯਿਸੂ ਮਸੀਹੀ ਰਾਹੀਂ ਯਹੋਵਾਹ ਪਰਮੇਸ਼ੁਰ ਨਾਲ ਇਕ ਗੂੜ੍ਹੇ ਰਿਸ਼ਤੇ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ। ਅਪੂਰਣ ਇਨਸਾਨਾਂ ਵਜੋਂ, ਅਸੀਂ ਪਰਮੇਸ਼ੁਰ ਨਾਲ ਅਜਿਹਾ ਸ਼ਾਤਮਈ ਰਿਸ਼ਤਾ ਸਿਰਫ਼ ਉਸ ਦੇ ਪੁੱਤਰ ਰਾਹੀਂ ਹਾਸਲ ਕਰ ਸਕਦੇ ਹਾਂ। (ਰੋਮੀਆਂ 5:10) ਯਾਦ ਰੱਖੋ ਕਿ ਯਿਸੂ ਨੇ ਕਿਹਾ ਸੀ: “ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” ਹੋਰਨਾਂ ਦੀ ਨਿਹਚਾ ਵਧਾਉਣ ਵਿਚ ਮਦਦ ਕਰਨ ਲਈ, “ਉਸ ਨੀਂਹ ਤੋਂ ਬਿਨਾ ਜੋ ਰੱਖੀ ਹੋਈ ਹੈ ਦੂਜੀ ਕੋਈ ਨਹੀਂ ਰੱਖ ਸੱਕਦਾ ਅਰ ਉਹ ਯਿਸੂ ਮਸੀਹ ਹੈ।” ਇਸ ਵਿਚ ਕੀ-ਕੀ ਸ਼ਾਮਲ ਹੈ?—ਯੂਹੰਨਾ 14:6; 1 ਕੁਰਿੰਥੀਆਂ 3:11.
18 ਮਸੀਹ ਦੀ ਨੀਂਹ ਉੱਤੇ ਉਸਾਰਨ ਦਾ ਮਤਲਬ ਹੈ ਬਾਈਬਲ ਸਿੱਖਿਆਰਥੀ ਨੂੰ ਅਜਿਹੇ ਤਰੀਕੇ ਵਿਚ ਸਿਖਾਉਣਾ ਕਿ ਉਹ ਮੁਕਤੀਦਾਤੇ, ਕਲੀਸਿਯਾ ਦੇ ਸਿਰ, ਪ੍ਰੇਮਪੂਰਣ ਪ੍ਰਧਾਨ ਜਾਜਕ, ਅਤੇ ਰਾਜ ਕਰ ਰਹੇ ਰਾਜੇ ਵਜੋਂ ਯਿਸੂ ਦੀ ਭੂਮਿਕਾ ਬਾਰੇ ਪੂਰੇ ਗਿਆਨ ਰਾਹੀਂ, ਉਸ ਲਈ ਗਹਿਰਾ ਪ੍ਰੇਮ ਪੈਦਾ ਕਰੇ। (ਦਾਨੀਏਲ 7:13, 14; ਮੱਤੀ 20:28; ਕੁਲੁੱਸੀਆਂ 1:18-20; ਇਬਰਾਨੀਆਂ 4:14-16) ਇਸ ਦਾ ਮਤਲਬ ਹੈ ਯਿਸੂ ਉਨ੍ਹਾਂ ਲਈ ਇੰਨਾ ਅਸਲੀ ਹੋਣਾ ਚਾਹੀਦਾ ਹੈ ਕਿ ਮਾਨੋ ਉਹ ਉਨ੍ਹਾਂ ਦਿਆਂ ਦਿਲਾਂ ਵਿਚ ਵੱਸਦਾ ਹੈ। ਉਨ੍ਹਾਂ ਲਈ ਸਾਡੀ ਪ੍ਰਾਰਥਨਾ, ਅਫ਼ਸੁਸ ਦੇ ਮਸੀਹੀਆਂ ਲਈ ਪੌਲੁਸ ਦੀ ਅਰਦਾਸ ਵਰਗੀ ਹੋਣੀ ਚਾਹੀਦੀ ਹੈ। ਉਸ ਨੇ ਲਿਖਿਆ: ‘ਮੈਂ ਪਿਤਾ ਦੇ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ ਭਈ ਉਹ ਤੁਹਾਨੂੰ ਇਹ ਦਾਨ ਕਰੇ ਜੋ ਮਸੀਹ ਤੁਹਾਡਿਆਂ ਮਨਾਂ ਵਿੱਚ ਨਿਹਚਾ ਦੇ ਦੁਆਰਾ ਵੱਸੇ ਤਾਂ ਜੋ ਤੁਸੀਂ ਪ੍ਰੇਮ ਵਿੱਚ ਗੱਡੇ ਅਤੇ ਠੁੱਕੇ ਰਹੋ।’—ਅਫ਼ਸੀਆਂ 3:14-17.
19. ਬਾਈਬਲ ਦੇ ਸਾਡੇ ਸਿੱਖਿਆਰਥੀਆਂ ਦੇ ਦਿਲਾਂ ਵਿਚ ਮਸੀਹ ਲਈ ਪ੍ਰੇਮ ਪੈਦਾ ਕਰਨ ਦਾ ਨਤੀਜਾ ਕੀ ਹੋਣਾ ਚਾਹੀਦਾ ਹੈ, ਪਰ ਕੀ ਸਿਖਾਇਆ ਜਾਣਾ ਚਾਹੀਦਾ ਹੈ?
19 ਜੇ ਅਸੀਂ ਅਜਿਹੇ ਤਰੀਕੇ ਨਾਲ ਉਸਾਰਦੇ ਹਾਂ ਕਿ ਸਾਡੇ ਸਿੱਖਿਆਰਥੀਆਂ ਦੇ ਦਿਲਾਂ ਵਿਚ ਮਸੀਹ ਲਈ ਪ੍ਰੇਮ ਪੈਦਾ ਹੋ ਜਾਂਦਾ ਹੈ, ਇਹ ਕੁਦਰਤੀ ਹੈ ਕਿ ਯਹੋਵਾਹ ਪਰਮੇਸ਼ੁਰ ਲਈ ਵੀ ਪ੍ਰੇਮ ਪੈਦਾ ਹੋ ਜਾਵੇਗਾ। ਯਿਸੂ ਦਾ ਪ੍ਰੇਮ, ਉਸ ਦੇ ਜਜ਼ਬਾਤ, ਅਤੇ ਉਸ ਦੀ ਦਇਆ ਯਹੋਵਾਹ ਦਿਆਂ ਗੁਣਾਂ ਦਾ ਐਨ ਅਕਸ ਹਨ। (ਮੱਤੀ 11:28-30; ਮਰਕੁਸ 6:30-34; ਯੂਹੰਨਾ 15:13, 14; ਕੁਲੁੱਸੀਆਂ 1:15; ਇਬਰਾਨੀਆਂ 1:3) ਇਸ ਲਈ ਜਿਉਂ ਹੀ ਲੋਕ ਯਿਸੂ ਨੂੰ ਜਾਣਨ ਅਤੇ ਉਸ ਨੂੰ ਪ੍ਰੇਮ ਕਰਨ ਲੱਗਦੇ ਹਨ, ਉਹ ਯਹੋਵਾਹ ਨੂੰ ਵੀ ਜਾਣਨਗੇ ਅਤੇ ਉਸ ਨੂੰ ਵੀ ਪ੍ਰੇਮ ਕਰਨਗੇ।a (1 ਯੂਹੰਨਾ 4:14, 16, 19) ਸਾਨੂੰ ਆਪਣੇ ਬਾਈਬਲ ਦੇ ਸਿੱਖਿਆਰਥੀਆਂ ਨੂੰ ਇਹ ਸਿਖਾਉਣ ਦੀ ਲੋੜ ਹੈ ਕਿ ਮਸੀਹ ਨੇ ਮਨੁੱਖਜਾਤੀ ਲਈ ਜੋ ਕੁਝ ਕੀਤਾ ਹੈ, ਉਸ ਪਿੱਛੇ ਯਹੋਵਾਹ ਦਾ ਹੱਥ ਹੈ, ਅਤੇ ਸਾਡੇ “ਮੁਕਤੀ ਦਾਤਾ ਪਰਮੇਸ਼ੁਰ” ਵਜੋਂ ਅਸੀਂ ਧੰਨਵਾਦ, ਮਹਿਮਾ ਅਤੇ ਉਪਾਸਨਾ ਦੇਣ ਵਿਚ ਉਸ ਦੇ ਹੀ ਅਹਿਸਾਨਮੰਦ ਹਾਂ।—ਜ਼ਬੂਰ 68:19, 20; ਯਸਾਯਾਹ 12:2-5; ਯੂਹੰਨਾ 3:16; 5:19.
20. (ੳ) ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੇ ਨੇੜੇ ਜਾਣ ਲਈ ਅਸੀਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ? (ਅ) ਅਗਲਾ ਲੇਖ ਕਿਸ ਵਿਸ਼ੇ ਉੱਤੇ ਗੌਰ ਕਰੇਗਾ?
20 ਕੰਮ ਕਰਨ ਵਿਚ ਯਹੋਵਾਹ ਦੇ ਸਾਂਝੀ ਹੋਣ ਵਜੋਂ, ਆਓ ਅਸੀਂ ਉਸ ਦੇ ਅਤੇ ਉਸ ਦੇ ਪੁੱਤਰ ਦੇ ਨੇੜੇ ਜਾਣ ਲਈ ਲੋਕਾਂ ਨੂੰ ਮਦਦ ਦੇਈਏ ਅਤੇ ਉਨ੍ਹਾਂ ਦਿਆਂ ਦਿਲਾਂ ਵਿਚ ਪ੍ਰੇਮ ਅਤੇ ਨਿਹਚਾ ਪੈਦਾ ਕਰਨ ਵਿਚ ਉਨ੍ਹਾਂ ਦੀ ਮਦਦ ਕਰੀਏ। ਇਸ ਤਰ੍ਹਾਂ ਯਹੋਵਾਹ ਉਨ੍ਹਾਂ ਲਈ ਅਸਲੀ ਹੋਵੇਗਾ। (ਯੂਹੰਨਾ 7:28) ਮਸੀਹ ਰਾਹੀਂ, ਉਹ ਪਰਮੇਸ਼ੁਰ ਨਾਲ ਇਕ ਗੂੜ੍ਹਾ ਰਿਸ਼ਤਾ ਕਾਇਮ ਕਰ ਸਕਣਗੇ, ਅਤੇ ਉਸ ਨਾਲ ਪ੍ਰੇਮ ਰੱਖਣਗੇ ਅਤੇ ਉਸ ਦੇ ਅੰਗ ਸੰਗ ਲੱਗੇ ਰਹਿਣਗੇ। ਉਹ ਪ੍ਰੇਮ ਤੋਂ ਪ੍ਰੇਰਿਤ ਹੋ ਕੇ ਆਪਣੀ ਸੇਵਾ ਉੱਤੇ ਸਮੇਂ ਦੀ ਕੋਈ ਪਾਬੰਦੀ ਨਹੀਂ ਲਾਉਣਗੇ। ਉਹ ਨਿਹਚਾ ਕਰਨਗੇ ਕਿ ਯਹੋਵਾਹ ਦੇ ਸ਼ਾਨਦਾਰ ਵਾਅਦੇ ਉਸ ਦੇ ਸਮੇਂ ਅਨੁਸਾਰ ਪੂਰੇ ਹੋਣਗੇ। (ਵਿਰਲਾਪ 3:24-26; ਇਬਰਾਨੀਆਂ 11:6) ਪਰ, ਨਿਹਚਾ, ਆਸ਼ਾ, ਅਤੇ ਪ੍ਰੇਮ ਪੈਦਾ ਕਰਨ ਵਿਚ ਹੋਰਨਾਂ ਦੀ ਮਦਦ ਕਰਦੇ ਹੋਏ ਸਾਨੂੰ ਆਪਣੀ ਨਿਹਚਾ ਵੀ ਵਧਾਉਣੀ ਚਾਹੀਦੀ ਹੈ, ਤਾਂਕਿ ਇਹ ਇਕ ਮਜ਼ਬੂਤ ਬੇੜੀ ਦੀ ਤਰ੍ਹਾਂ ਹੋਵੇ ਜੋ ਤੇਜ਼ ਤੂਫ਼ਾਨ ਝੱਲ ਸਕਦੀ ਹੈ। ਅਗਲਾ ਲੇਖ ਇਸ ਵਿਸ਼ੇ ਉੱਤੇ ਗੌਰ ਕਰੇਗਾ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕੀਤੀ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਪੁਸਤਕ, ਯਿਸੂ ਨੂੰ ਬਿਹਤਰ ਜਾਣਨ ਵਿਚ ਅਤੇ ਉਸ ਰਾਹੀਂ, ਉਸ ਦੇ ਪਿਤਾ, ਯਹੋਵਾਹ ਨੂੰ ਜਾਣਨ ਵਿਚ ਇਕ ਵਧੀਆ ਸਹਾਇਕ ਹੈ।
ਪੁਨਰ ਵਿਚਾਰ ਵਜੋਂ
◻ ਰਾਜ ਦੇ ਸੰਦੇਸ਼ ਵਿਚ ਅਸੀਂ ਅਕਸਰ ਲੋਕਾਂ ਦੀ ਰੁਚੀ ਕਿਵੇਂ ਜਗਾਉਂਦੇ ਹਾਂ, ਪਰ ਕਿਹੜਾ ਖ਼ਤਰਾ ਪੇਸ਼ ਹੈ?
◻ ਯਹੋਵਾਹ ਆਪਣੇ ਵੱਲ ਅਤੇ ਆਪਣੇ ਪੁੱਤਰ ਵੱਲ ਕਿਹੋ ਜਿਹੇ ਲੋਕ ਖਿੱਚਦਾ ਹੈ?
◻ ਇਸਰਾਏਲੀ ਲੋਕਾਂ ਲਈ ਵਾਅਦਾ ਕੀਤੇ ਗਏ ਦੇਸ਼ ਵਿਚ ਵੜਨਾ ਕਿਸ ਚੀਜ਼ ਉੱਤੇ ਨਿਰਭਰ ਕਰਦਾ ਸੀ, ਅਤੇ ਅਸੀਂ ਇਸ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ?
◻ ਯਹੋਵਾਹ ਅਤੇ ਉਸ ਦੇ ਪੁੱਤਰ ਦੇ ਨੇੜੇ ਜਾਣ ਲਈ ਲੋਕਾਂ ਦੀ ਮਦਦ ਕਰਨ ਵਿਚ ਸਾਡਾ ਕੀ ਹਿੱਸਾ ਹੈ?
[ਸਫ਼ੇ 10 ਉੱਤੇ ਤਸਵੀਰ]
ਭਾਵੇਂ ਕਿ ਅਸੀਂ ਲੋਕਾਂ ਨੂੰ ਫਿਰਦੌਸ ਵਿਚ ਸਦਾ ਦੇ ਜੀਵਨ ਦੀ ਉਮੀਦ ਬਾਰੇ ਦੱਸਦੇ ਹਾਂ, ਸਾਡਾ ਮੁੱਖ ਉਦੇਸ਼ ਹੈ ਉਨ੍ਹਾਂ ਨੂੰ ਯਹੋਵਾਹ ਵੱਲ ਖਿੱਚਣਾ
[ਸਫ਼ੇ 13 ਉੱਤੇ ਤਸਵੀਰਾਂ]
ਸਾਡੀਆਂ ਦੁਬਾਰਾ ਕੀਤੀਆਂ ਗਈਆਂ ਮੁਲਾਕਾਤਾਂ ਬਹੁਤ ਅਸਰਦਾਰ ਹੋ ਸਕਦੀਆਂ ਹਨ ਜੇ ਅਸੀਂ ਚੰਗੀ ਤਰ੍ਹਾਂ ਤਿਆਰੀ ਕਰੀਏ