ਸਾਡੇ ਬੱਚੇ ਅਨਮੋਲ ਹੀਰੇ ਹਨ
“ਬੱਚੇ ਪ੍ਰਭੂ ਦਾ ਵਰਦਾਨ ਹਨ, ਗਰਭ ਦਾ ਫਲ ਸੱਚਮੁੱਚ ਇਕ ਇਨਾਮ ਹੈ।”—ਭਜਨ 127:3, ਪਵਿੱਤਰ ਬਾਈਬਲ ਨਵਾਂ ਅਨੁਵਾਦ।
1. ਪਹਿਲੇ ਇਨਸਾਨੀ ਬੱਚੇ ਦੇ ਜਨਮ ਬਾਰੇ ਦੱਸੋ।
ਯਹੋਵਾਹ ਪਰਮੇਸ਼ੁਰ ਨੇ ਪਹਿਲੇ ਇਨਸਾਨੀ ਜੋੜੇ ਨੂੰ ਔਲਾਦ ਪੈਦਾ ਕਰਨ ਦੀ ਸ਼ਕਤੀ ਨਾਲ ਸਾਜਿਆ ਸੀ। ਜ਼ਰਾ ਸੋਚੋ: ਆਦਮ ਅਤੇ ਹੱਵਾਹ ਨੇ ਮਿਲ ਕੇ ਇਕ ਬੱਚਾ ਬਣਾਇਆ ਜੋ ਇਕ ਸੈੱਲ ਤੋਂ ਸ਼ੁਰੂ ਹੋ ਕੇ ਹੱਵਾਹ ਦੀ ਕੁੱਖ ਵਿਚ ਪਲਿਆ। ਇਸ ਚਮਤਕਾਰ ਦੇ ਨਤੀਜੇ ਵਜੋਂ ਔਰਤ ਦੀ ਕੁੱਖ ਤੋਂ ਪਹਿਲੇ ਇਨਸਾਨੀ ਬੱਚੇ ਨੇ ਜਨਮ ਲਿਆ। (ਉਤਪਤ 4:1) ਅੱਜ ਤਕ ਲੋਕ ਇਕ ਨਵੇਂ ਜੰਮੇ ਬੱਚੇ ਨੂੰ ਦੇਖ ਕੇ ਦੰਗ ਰਹਿ ਜਾਂਦੇ ਹਨ।
2. ਤੁਸੀਂ ਕਿਉਂ ਕਹੋਗੇ ਕਿ ਮਾਂ ਦੀ ਕੁੱਖ ਵਿਚ ਜੋ ਹੁੰਦਾ ਹੈ ਉਹ ਇਕ ਚਮਤਕਾਰ ਦੇ ਬਰਾਬਰ ਹੈ?
2 ਮਾਂ ਦੀ ਕੁੱਖ ਵਿਚਲੇ ਉਸ ਪਹਿਲੇ ਸੈੱਲ ਵਿਚ ਲਗਭਗ 200 ਕਿਸਮ ਦੇ ਸੈੱਲਾਂ ਦੀ ਸਾਰੀ ਜਾਣਕਾਰੀ ਹੁੰਦੀ ਹੈ। ਕੋਈ ਵੀ ਇਨਸਾਨ ਉਸ ਜਾਣਕਾਰੀ ਨੂੰ ਠੀਕ ਤਰ੍ਹਾਂ ਸਮਝ ਨਹੀਂ ਸਕਦਾ। ਇਸ ਜਾਣਕਾਰੀ ਨਾਲ ਤਕਰੀਬਨ 270 ਦਿਨਾਂ ਦੇ ਅੰਦਰ-ਅੰਦਰ ਉਹ ਸੈੱਲ ਖਰਬਾਂ ਸੈੱਲਾਂ ਵਿਚ ਬਦਲ ਕੇ ਇਕ ਬੱਚਾ ਬਣ ਜਾਂਦਾ ਹੈ। ਇਹ ਸਾਰੇ ਗੁੰਝਲਦਾਰ ਸੈੱਲ ਐਨ ਸਹੀ ਵਕਤ ਅਤੇ ਤਰਤੀਬ ਨਾਲ ਬਣਦੇ ਹਨ ਅਤੇ ਇਸ ਤਰ੍ਹਾਂ ਇਕ ਨਵੀਂ ਜਾਨ ਪੈਦਾ ਹੁੰਦੀ ਹੈ!
3. ਕਈ ਲੋਕ ਇਸ ਗੱਲ ਨੂੰ ਕਿਉਂ ਮੰਨਦੇ ਹਨ ਕਿ ਪਰਮੇਸ਼ੁਰ ਇਕ ਬੱਚੇ ਦੇ ਪੈਦਾ ਹੋਣ ਲਈ ਜ਼ਿੰਮੇਵਾਰ ਹੈ?
3 ਤੁਹਾਡੇ ਖ਼ਿਆਲ ਵਿਚ ਇਕ ਨਵੇਂ ਜੰਮੇ ਬੱਚੇ ਦਾ ਅਸਲੀ ਜਨਮਦਾਤਾ ਕੌਣ ਹੈ? ਬਾਈਬਲ ਕਹਿੰਦੀ ਹੈ: “ਜਾਣ ਰੱਖੋ ਭਈ ਯਹੋਵਾਹ ਹੀ ਪਰਮੇਸ਼ੁਰ ਹੈ, ਉਹ ਨੇ ਸਾਨੂੰ ਸਾਜਿਆ ਅਤੇ ਅਸੀਂ ਉਹ ਦੇ ਹਾਂ।” (ਜ਼ਬੂਰਾਂ ਦੀ ਪੋਥੀ 100:3) ਸੋ ਬਾਈਬਲ ਦੇ ਮੁਤਾਬਕ ਜੀਵਨਦਾਤਾ ਯਹੋਵਾਹ ਹੈ। ਮਾਪਿਓ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਸੀਂ ਆਪਣੀ ਕਿਸੇ ਖ਼ਾਸ ਯੋਗਤਾ ਨਾਲ ਉਸ ਨੰਨ੍ਹੀ ਜਾਨ ਨੂੰ ਪੈਦਾ ਨਹੀਂ ਕੀਤਾ। ਸਿਰਫ਼ ਅਸੀਮ ਬੁੱਧ ਵਾਲਾ ਪਰਮੇਸ਼ੁਰ ਇਕ ਨਵੀਂ ਜੀਉਂਦੀ ਜਾਨ ਪੈਦਾ ਕਰ ਸਕਦਾ ਹੈ। ਹਜ਼ਾਰਾਂ ਸਾਲਾਂ ਲਈ ਲੋਕ ਇਸ ਗੱਲ ਨੂੰ ਮੰਨਦੇ ਆਏ ਹਨ ਕਿ ਅਸਲ ਵਿਚ ਪਰਮੇਸ਼ੁਰ ਹੀ ਇਕ ਬੱਚੇ ਦੇ ਪੈਦਾ ਹੋਣ ਲਈ ਜ਼ਿੰਮੇਵਾਰ ਹੈ। ਕੀ ਤੁਸੀਂ ਵੀ ਇਹ ਗੱਲ ਮੰਨਦੇ ਹੋ?—ਜ਼ਬੂਰਾਂ ਦੀ ਪੋਥੀ 139:13-16.
4. ਯਹੋਵਾਹ ਕਿਹੋ ਜਿਹਾ ਪਿਤਾ ਹੈ?
4 ਕੀ ਯਹੋਵਾਹ ਪਰਮੇਸ਼ੁਰ ਨੇ ਤੀਵੀਂ-ਆਦਮੀ ਨੂੰ ਸਿਰਫ਼ ਔਲਾਦ ਪੈਦਾ ਕਰਨ ਵਾਲੀਆਂ ਮਸ਼ੀਨਾਂ ਵਜੋਂ ਬਣਾਇਆ ਹੈ? ਨਹੀਂ, ਜਿਵੇਂ ਉਹ ਇਕ ਪਿਆਰੇ ਪਿਤਾ ਵਜੋਂ ਇਨਸਾਨਾਂ ਨਾਲ ਪਿਆਰ ਕਰਦਾ ਹੈ, ਉਸੇ ਤਰ੍ਹਾਂ ਉਸ ਨੇ ਮਾਂ-ਬਾਪ ਨੂੰ ਬੱਚਿਆਂ ਨਾਲ ਪਿਆਰ ਕਰਨ ਲਈ ਬਣਾਇਆ ਹੈ। (ਜ਼ਬੂਰਾਂ ਦੀ ਪੋਥੀ 78:38-40) ਭਾਵੇਂ ਕੁਝ ਮਾਂ-ਬਾਪ ਬੱਚਿਆਂ ਨਾਲ ਪਿਆਰ ਨਾ ਵੀ ਕਰਨ, ਪਰ ਭਜਨ 127:3 ਵਿਚ ਲਿਖਿਆ ਹੈ: “ਬੱਚੇ ਪ੍ਰਭੂ ਦਾ ਵਰਦਾਨ ਹਨ, ਗਰਭ ਦਾ ਫਲ ਸੱਚਮੁੱਚ ਇਕ ਇਨਾਮ ਹੈ।” ਆਓ ਆਪਾਂ ਦੇਖੀਏ ਕਿ ਵਰਦਾਨ ਦਾ ਕੀ ਅਰਥ ਹੈ ਅਤੇ ਇਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ।
ਵਰਦਾਨ ਅਤੇ ਇਨਾਮ
5. ਬੱਚੇ ਵਰਦਾਨ ਕਿਵੇਂ ਹਨ?
5 ਉਸ ਚੀਜ਼ ਨੂੰ ਵਰਦਾਨ ਸਮਝਿਆ ਜਾਂਦਾ ਜੋ ਇਕ ਸੁਗਾਤ ਵਜੋਂ ਦਿੱਤੀ ਜਾਂਦੀ ਜਾਂ ਵਿਰਾਸਤ ਵਿਚ ਛੱਡੀ ਜਾਂਦੀ ਹੈ। ਮਾਪੇ ਦਿਨ-ਰਾਤ ਮਿਹਨਤ ਕਰ ਕੇ ਆਪਣੇ ਬੱਚਿਆਂ ਲਈ ਕੁਝ ਜੋੜਦੇ ਹਨ। ਮਾਪਿਆਂ ਦਾ ਪਿਆਰ ਅਕਸਰ ਇਸ ਤੋਂ ਦੇਖਿਆ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਲਈ ਵਿਰਸੇ ਵਿਚ ਕੀ ਛੱਡ ਕੇ ਜਾਂਦੇ ਹਨ। ਉਹ ਸ਼ਾਇਦ ਪੈਸਾ, ਜਾਇਦਾਦ ਜਾਂ ਕੋਈ ਹੋਰ ਕੀਮਤੀ ਚੀਜ਼ ਛੱਡਣ। ਬਾਈਬਲ ਵਿਚ ਲਿਖਿਆ ਹੈ ਕਿ ਬੱਚੇ ਯਹੋਵਾਹ ਦਾ ਵਰਦਾਨ ਹਨ। ਜੇ ਤੁਸੀਂ ਮਾਂ-ਬਾਪ ਹੋ, ਤਾਂ ਕੀ ਤੁਹਾਡੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਪਰਮੇਸ਼ੁਰ ਵੱਲੋਂ ਮਿਲੀ ਇਸ ਦਾਤ ਦੀ ਕਦਰ ਕਰਦੇ ਹੋ?
6. ਪਰਮੇਸ਼ੁਰ ਨੇ ਇਨਸਾਨਾਂ ਨੂੰ ਬੱਚੇ ਪੈਦਾ ਕਰਨ ਦੀ ਯੋਗਤਾ ਕਿਉਂ ਦਿੱਤੀ ਹੈ?
6 ਯਹੋਵਾਹ ਨੇ ਇਨਸਾਨਾਂ ਨੂੰ ਬੱਚੇ ਪੈਦਾ ਕਰਨ ਦੀ ਯੋਗਤਾ ਕਿਉਂ ਦਿੱਤੀ ਸੀ? ਤਾਂਕਿ ਧਰਤੀ ਆਦਮ ਅਤੇ ਹੱਵਾਹ ਦੀ ਔਲਾਦ ਨਾਲ ਭਰੀ ਜਾਵੇ। (ਉਤਪਤ 1:27, 28; ਯਸਾਯਾਹ 45:18) ਯਹੋਵਾਹ ਨੇ ਹਰੇਕ ਇਨਸਾਨ ਨੂੰ ਆਪ ਨਹੀਂ ਬਣਾਇਆ ਸੀ ਜਿਸ ਤਰ੍ਹਾਂ ਉਸ ਨੇ ਲੱਖਾਂ ਦੂਤਾਂ ਨੂੰ ਬਣਾਇਆ ਸੀ। (ਇਬਰਾਨੀਆਂ 1:7; ਪਰਕਾਸ਼ ਦੀ ਪੋਥੀ 4:11) ਇਸ ਦੀ ਬਜਾਇ ਉਸ ਨੇ ਇਨਸਾਨਾਂ ਨੂੰ ਅਜਿਹੇ ਬੱਚੇ ਪੈਦਾ ਕਰਨ ਦੀ ਯੋਗਤਾ ਦਿੱਤੀ ਜੋ ਦੇਖਣ ਨੂੰ ਆਪਣੇ ਮਾਂ-ਬਾਪ ਵਰਗੇ ਹੋਣਗੇ। ਮਾਪਿਆਂ ਲਈ ਇਹ ਕਿੰਨਾ ਵੱਡਾ ਸਨਮਾਨ ਹੈ ਕਿ ਉਹ ਬੱਚਾ ਪੈਦਾ ਕਰ ਕੇ ਉਸ ਦੀ ਦੇਖ-ਭਾਲ ਕਰਨ। ਮਾਪੇ ਹੋਣ ਦੇ ਨਾਤੇ ਕੀ ਤੁਸੀਂ ਯਹੋਵਾਹ ਦਾ ਧੰਨਵਾਦ ਕਰਦੇ ਹੋ ਜਿਸ ਨੇ ਤੁਹਾਨੂੰ ਇਨ੍ਹਾਂ ਅਨਮੋਲ ਹੀਰਿਆਂ ਦਾ ਵਰਦਾਨ ਦਿੱਤਾ ਹੈ?
ਯਿਸੂ ਤੋਂ ਸਿੱਖੋ
7. ਕੁਝ ਮਾਪਿਆਂ ਦੇ ਉਲਟ ਯਿਸੂ ਨੇ ਇਨਸਾਨਾਂ ਨਾਲ ਕਿਸ ਤਰ੍ਹਾਂ ਪਿਆਰ ਕੀਤਾ ਸੀ?
7 ਕਿੰਨੇ ਦੁੱਖ ਦੀ ਗੱਲ ਹੈ ਕਿ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਇਕ ਇਨਾਮ ਨਹੀਂ ਸਮਝਦੇ। ਭਾਵੇਂ ਬਹੁਤੇ ਆਪਣੀ ਔਲਾਦ ਨੂੰ ਪਿਆਰ ਨਹੀਂ ਕਰਦੇ, ਪਰ ਯਹੋਵਾਹ ਉਨ੍ਹਾਂ ਵਰਗਾ ਨਹੀਂ ਹੈ। (ਜ਼ਬੂਰਾਂ ਦੀ ਪੋਥੀ 27:10; ਯਸਾਯਾਹ 49:15) ਜ਼ਰਾ ਵਿਚਾਰ ਕਰੋ ਕਿ ਉਸ ਦਾ ਪੁੱਤਰ ਯਿਸੂ ਬੱਚਿਆਂ ਵਿਚ ਕਿੰਨੀ ਦਿਲਚਸਪੀ ਲੈਂਦਾ ਸੀ। ਧਰਤੀ ਉੱਤੇ ਇਕ ਇਨਸਾਨ ਵਜੋਂ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਇਕ ਸ਼ਕਤੀਸ਼ਾਲੀ ਦੂਤ ਸੀ। ਬਾਈਬਲ ਕਹਿੰਦੀ ਹੈ ਕਿ ਉਹ ‘ਆਦਮ ਵੰਸੀਆਂ ਨਾਲ ਪਰਸੰਨ ਹੁੰਦਾ ਸੀ।’ (ਕਹਾਉਤਾਂ 8:31) ਉਹ ਇਨਸਾਨਾਂ ਨਾਲ ਇੰਨਾ ਪਿਆਰ ਕਰਦਾ ਸੀ ਕਿ ਉਹ ਧਰਤੀ ਤੇ ਆ ਕੇ ਉਨ੍ਹਾਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਸੀ ਤਾਂਕਿ ਉਹ ਹਮੇਸ਼ਾ ਲਈ ਜੀ ਸਕਣ।—ਮੱਤੀ 20:28; ਯੂਹੰਨਾ 10:18.
8. ਯਿਸੂ ਨੇ ਮਾਪਿਆਂ ਲਈ ਇਕ ਚੰਗੀ ਮਿਸਾਲ ਕਿਵੇਂ ਕਾਇਮ ਕੀਤੀ ਸੀ?
8 ਜਦ ਯਿਸੂ ਧਰਤੀ ਤੇ ਸੀ, ਤਾਂ ਉਸ ਨੇ ਮਾਪਿਆਂ ਲਈ ਇਕ ਚੰਗੀ ਮਿਸਾਲ ਕਾਇਮ ਕੀਤੀ। ਭਾਵੇਂ ਉਹ ਆਪਣੇ ਕੰਮ ਵਿਚ ਰੁੱਝਾ ਹੋਇਆ ਸੀ ਅਤੇ ਤਣਾਅ ਮਹਿਸੂਸ ਕਰ ਰਿਹਾ ਸੀ, ਫਿਰ ਵੀ ਉਸ ਨੇ ਬੱਚਿਆਂ ਲਈ ਸਮਾਂ ਕੱਢਿਆ। ਜਦ ਉਸ ਨੇ ਬੱਚਿਆਂ ਨੂੰ ਬਾਜ਼ਾਰ ਵਿਚ ਖੇਡਦੇ ਹੋਏ ਦੇਖਿਆ, ਤਾਂ ਉਸ ਨੇ ਉਨ੍ਹਾਂ ਦੇ ਸੁਭਾਅ ਦੀ ਉਦਾਹਰਣ ਦੇ ਕੇ ਲੋਕਾਂ ਨੂੰ ਸਿੱਖਿਆ ਦਿੱਤੀ ਸੀ। (ਮੱਤੀ 11:16, 17) ਯਰੂਸ਼ਲਮ ਨੂੰ ਆਖ਼ਰੀ ਵਾਰ ਜਾਂਦੇ ਵਕਤ ਜਦ ਲੋਕ ਆਪਣੇ ਨਿਆਣੇ ਉਸ ਕੋਲ ਲਿਆਏ, ਤਾਂ ਯਿਸੂ ਦੇ ਚੇਲਿਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਯਿਸੂ ਨੇ ਚੇਲਿਆਂ ਨੂੰ ਝਿੜਕਿਆ। ਕਿਉਂ? ਕਿਉਂਕਿ ਭਾਵੇਂ ਉਹ ਜਾਣਦਾ ਸੀ ਕਿ ਉਹ ਦੁੱਖ ਝੱਲੇਗਾ ਅਤੇ ਮਾਰਿਆ ਜਾਵੇਗਾ, ਫਿਰ ਵੀ ਉਸ ਨੇ ਦਿਖਾਇਆ ਕਿ ਉਹ ਬੱਚਿਆਂ ਨੂੰ ਪਿਆਰ ਕਰਦਾ ਸੀ। ਇਸ ਲਈ ਉਸ ਨੇ ਕਿਹਾ: “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ।”—ਮਰਕੁਸ 10:13, 14.
9. ਸਾਡੀ ਕਹਿਣੀ ਨਾਲੋਂ ਸਾਡੀ ਕਰਨੀ ਜ਼ਿਆਦਾ ਜ਼ਰੂਰੀ ਕਿਉਂ ਹੈ?
9 ਅਸੀਂ ਯਿਸੂ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਜਦ ਅਸੀਂ ਆਪਣੇ ਕੰਮ ਵਿਚ ਰੁੱਝ ਹੁੰਦੇ ਹਾਂ ਤੇ ਬੱਚੇ ਸਾਡੇ ਕੋਲ ਆਉਂਦੇ ਹਨ, ਤਾਂ ਅਸੀਂ ਕੀ ਕਰਦੇ ਹਾਂ? ਕੀ ਅਸੀਂ ਯਿਸੂ ਦੀ ਰੀਸ ਕਰਦੇ ਹਾਂ? ਬੱਚੇ ਆਪਣੇ ਮਾਪਿਆਂ ਤੋਂ ਇਹੀ ਚਾਹੁੰਦੇ ਹਨ ਕਿ ਉਹ ਉਨ੍ਹਾਂ ਨਾਲ ਸਮਾਂ ਬਿਤਾਉਣ ਅਤੇ ਉਨ੍ਹਾਂ ਵੱਲ ਧਿਆਨ ਦੇਣ। ਯਿਸੂ ਇਹ ਦੋਨੋਂ ਚੀਜ਼ਾਂ ਕਰਨ ਲਈ ਤਿਆਰ ਸੀ। ਬੱਚਿਆਂ ਨਾਲ ਲਾਡ-ਪਿਆਰ ਕਰਨਾ ਜ਼ਰੂਰੀ ਹੈ। ਸਾਡੀ ਕਹਿਣੀ ਤੋਂ ਜ਼ਿਆਦਾ ਸਾਡੀ ਕਰਨੀ ਤੋਂ ਪਤਾ ਲੱਗਦਾ ਹੈ ਕਿ ਅਸੀਂ ਬੱਚਿਆਂ ਨਾਲ ਕਿੰਨਾ ਪਿਆਰ ਕਰਦੇ ਹਾਂ। ਤੁਹਾਨੂੰ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰਨਾ ਚਾਹੀਦਾ ਹੈ, ਉਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਸਾਨੂੰ ਧੀਰਜ ਰੱਖਣ ਦੀ ਵੀ ਲੋੜ ਹੈ। ਸਾਡੇ ਬੱਚੇ ਹਮੇਸ਼ਾ ਇਕਦਮ ਉਹ ਨਹੀਂ ਕਰਦੇ ਜੋ ਅਸੀਂ ਚਾਹੁੰਦੇ ਹਾਂ। ਯਿਸੂ ਨੇ ਵੀ ਆਪਣੇ ਚੇਲਿਆਂ ਨਾਲ ਧੀਰਜ ਰੱਖਿਆ ਸੀ ਅਤੇ ਅਸੀਂ ਉਸ ਦੀ ਰੀਸ ਕਰ ਸਕਦੇ ਹਾਂ।
ਯਿਸੂ ਦਾ ਧੀਰਜ ਅਤੇ ਪਿਆਰ
10. ਯਿਸੂ ਨੇ ਆਪਣੇ ਚੇਲਿਆਂ ਨੂੰ ਨਿਮਰ ਹੋਣ ਦਾ ਕਿਹੜਾ ਸਬਕ ਸਿਖਾਇਆ ਸੀ ਅਤੇ ਕੀ ਉਸ ਦੇ ਚੇਲੇ ਇਹ ਸਬਕ ਇਕਦਮ ਸਿੱਖ ਗਏ ਸਨ?
10 ਯਿਸੂ ਆਪਣੇ ਚੇਲਿਆਂ ਵਿਚਲੀ ਬਹਿਸ ਬਾਰੇ ਜਾਣਦਾ ਸੀ। ਉਹ ਹਮੇਸ਼ਾ ਝਗੜਾ ਕਰਦੇ ਰਹਿੰਦੇ ਸਨ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਹੈ। ਇਕ ਵਾਰ ਜਦ ਯਿਸੂ ਆਪਣੇ ਚੇਲਿਆਂ ਨਾਲ ਕਫ਼ਰਨਾਹੂਮ ਆਇਆ ਤੇ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਰਾਹ ਵਿੱਚ ਕੀ ਗੱਲਾਂ ਬਾਤਾਂ ਕਰਦੇ ਸਾਓ? ਪਰ ਓਹ ਚੁੱਪ ਹੀ ਰਹੇ ਇਸ ਲਈ ਜੋ ਉਨ੍ਹਾਂ ਨੇ ਰਾਹ ਵਿੱਚ ਇੱਕ ਦੂਏ ਨਾਲ ਇਹ ਬਹਿਸ ਕੀਤੀ ਸੀ ਜੋ ਵੱਡਾ ਕਿਹੜਾ ਹੈ?” ਯਿਸੂ ਨੇ ਗੁੱਸੇ ਹੋ ਕੇ ਉਨ੍ਹਾਂ ਨੂੰ ਤਾੜਿਆ ਨਹੀਂ ਸੀ, ਸਗੋਂ ਉਸ ਨੇ ਧੀਰਜ ਨਾਲ ਉਨ੍ਹਾਂ ਨੂੰ ਨਿਮਰ ਹੋਣ ਦਾ ਸਬਕ ਸਿਖਾਇਆ। (ਮਰਕੁਸ 9:33-37) ਕੀ ਉਸ ਦੇ ਚੇਲੇ ਸਬਕ ਸਿੱਖ ਗਏ ਸਨ? ਇਕਦਮ ਨਹੀਂ। ਲਗਭਗ ਛੇ ਮਹੀਨੇ ਬਾਅਦ ਯਾਕੂਬ ਅਤੇ ਯੂਹੰਨਾ ਨੇ ਆਪਣੀ ਮਾਂ ਰਾਹੀਂ ਅਰਜ਼ ਕੀਤੀ ਕਿ ਪਰਮੇਸ਼ੁਰ ਦੇ ਰਾਜ ਵਿਚ ਉਹ ਯਿਸੂ ਦੇ ਸੱਜੇ-ਖੱਬੇ ਹੱਥ ਬੈਠਣ। ਇਕ ਵਾਰ ਫਿਰ ਯਿਸੂ ਨੇ ਉਨ੍ਹਾਂ ਦੀ ਸੋਚਣੀ ਨੂੰ ਸੁਧਾਰਿਆ।—ਮੱਤੀ 20:20-28.
11. (ੳ) ਪਸਾਹ ਮਨਾਉਣ ਦੇ ਸਮੇਂ ਯਿਸੂ ਦੇ ਚੇਲਿਆਂ ਨੇ ਕਿਹੜੀ ਸੇਵਾ ਨਹੀਂ ਕੀਤੀ ਸੀ? (ਅ) ਯਿਸੂ ਨੇ ਕੀ ਕੀਤਾ ਸੀ ਅਤੇ ਕੀ ਉਸ ਦੇ ਚੇਲੇ ਸਬਕ ਸਿੱਖ ਗਏ ਸਨ?
11 ਯਿਸੂ ਦੀ ਆਖ਼ਰੀ ਸ਼ਾਮ ਤਕ ਵੀ ਉਸ ਦੇ ਚੇਲੇ ਇਹ ਸਬਕ ਨਹੀਂ ਸਿੱਖ ਸਕੇ ਸਨ। ਜਦ ਪਸਾਹ ਮਨਾਉਣ ਉਹ ਸਾਰੇ ਇਕੱਠੇ ਹੋਏ, ਤਾਂ ਉਨ੍ਹਾਂ ਦੇ ਪੈਰ ਧੋਣ ਲਈ ਘਰ ਵਿਚ ਕੋਈ ਨੌਕਰ ਜਾਂ ਤੀਵੀਂ ਨਹੀਂ ਸੀ। ਯਿਸੂ ਦਾ ਦਿਲ ਕਿੰਨਾ ਦੁਖੀ ਹੋਇਆ ਹੋਣਾ ਕਿ 12 ਵਿੱਚੋਂ ਇਕ ਰਸੂਲ ਵੀ ਬਾਕੀਆਂ ਦੇ ਪੈਰ ਧੋਣ ਨਹੀਂ ਉੱਠਿਆ ਸੀ। (1 ਸਮੂਏਲ 25:41; 1 ਤਿਮੋਥਿਉਸ 5:10) ਹਾਂ, ਉਸ ਦੇ ਚੇਲੇ ਹਾਲੇ ਵੀ ਨਿਮਰ ਬਣਨਾ ਨਹੀਂ ਸਿੱਖੇ ਸਨ! ਇਸ ਲਈ ਯਿਸੂ ਨੇ ਉਨ੍ਹਾਂ ਸਾਰਿਆਂ ਦੇ ਪੈਰ ਧੋ ਕੇ ਉਨ੍ਹਾਂ ਅੱਗੇ ਬੇਨਤੀ ਕੀਤੀ ਕਿ ਉਹ ਵੀ ਉਸ ਵਾਂਗ ਦੂਸਰਿਆਂ ਦੀ ਸੇਵਾ ਕਰਨ। (ਯੂਹੰਨਾ 13:4-17) ਕੀ ਉਹ ਹੁਣ ਸਬਕ ਸਿੱਖ ਗਏ ਸਨ? ਬਾਈਬਲ ਵਿਚ ਦੱਸਿਆ ਹੈ ਕਿ ਉਸੇ ਰਾਤ ‘ਉਨ੍ਹਾਂ ਵਿੱਚ ਇਹ ਤਕਰਾਰ ਹੋਇਆ ਭਈ ਸਾਡੇ ਵਿੱਚੋਂ ਕੌਣ ਵੱਡਾ ਕਰਕੇ ਮੰਨੀਦਾ ਹੈ’!—ਲੂਕਾ 22:24.
12. ਮਾਪੇ ਆਪਣੇ ਬੱਚਿਆਂ ਨੂੰ ਸਿਖਾਉਣ ਵਿਚ ਯਿਸੂ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਨ?
12 ਜਦ ਤੁਹਾਡੇ ਬੱਚੇ ਤੁਹਾਡੀ ਸਲਾਹ ਉੱਤੇ ਨਹੀਂ ਚੱਲਦੇ, ਤਾਂ ਤੁਸੀਂ ਸਮਝ ਸਕਦੇ ਹੋ ਕਿ ਯਿਸੂ ਉੱਤੇ ਕੀ ਗੁਜ਼ਰੀ ਹੋਵੇਗੀ। ਪਰ ਧਿਆਨ ਦਿਓ ਕਿ ਯਿਸੂ ਨੇ ਹਾਰ ਨਹੀਂ ਮੰਨੀ ਸੀ। ਉਹ ਆਪਣੇ ਰਸੂਲਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਰਿਹਾ। ਅੰਤ ਵਿਚ ਉਸ ਨੂੰ ਆਪਣੇ ਧੀਰਜ ਦਾ ਫਲ ਮਿਲਿਆ। (1 ਯੂਹੰਨਾ 3:14, 18) ਮਾਪਿਓ, ਤੁਹਾਨੂੰ ਯਿਸੂ ਦੇ ਪਿਆਰ ਅਤੇ ਧੀਰਜ ਦੀ ਰੀਸ ਕਰਨੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਨੂੰ ਸਿਖਾਉਣ ਵਿਚ ਕਦੀ ਹਾਰ ਨਹੀਂ ਮੰਨਣੀ ਚਾਹੀਦੀ।
13. ਮਾਂ-ਬਾਪ ਨੂੰ ਰੁੱਖੇ ਹੋ ਕੇ ਆਪਣੇ ਬੱਚੇ ਨੂੰ ਪਰੇ ਜਾਣ ਲਈ ਕਿਉਂ ਨਹੀਂ ਕਹਿਣਾ ਚਾਹੀਦਾ?
13 ਬੱਚਿਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਵਿਚ ਦਿਲਚਸਪੀ ਲੈਂਦੇ ਹਨ। ਯਿਸੂ ਜਾਣਨਾ ਚਾਹੁੰਦਾ ਸੀ ਕਿ ਉਸ ਦੇ ਚੇਲੇ ਕੀ ਸੋਚਦੇ ਸਨ, ਇਸ ਲਈ ਉਸ ਨੇ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਤੇ ਸਵਾਲ ਸੁਣੇ। ਉਹ ਉਨ੍ਹਾਂ ਨੂੰ ਕਈ ਵਾਰ ਪੁੱਛਦਾ ਹੁੰਦਾ ਸੀ ਕਿ ਕਿਸੇ ਵਿਸ਼ੇ ਉੱਤੇ ਉਨ੍ਹਾਂ ਦਾ ਕੀ ਖ਼ਿਆਲ ਹੈ। (ਮੱਤੀ 17:25-27) ਜੀ ਹਾਂ, ਚੰਗੀ ਸਿੱਖਿਆ ਦੇਣ ਲਈ ਤੁਹਾਨੂੰ ਆਪਣੇ ਬੱਚਿਆਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਜੇ ਤੁਹਾਡਾ ਬੱਚਾ ਤੁਹਾਡੇ ਕੋਲ ਗੱਲ ਕਰਨ ਆਵੇ, ਤਾਂ ਤੁਹਾਨੂੰ ਰੁੱਖੇ ਹੋ ਕੇ ਇਹ ਨਹੀਂ ਕਹਿਣਾ ਚਾਹੀਦਾ: “ਜਾ ਪਰੇ, ਮੈਨੂੰ ਬਹੁਤ ਕੰਮ ਹੈ!” ਜੇ ਤੁਹਾਡੇ ਕੋਲ ਵਾਕਈ ਬਹੁਤ ਕੰਮ ਹੈ, ਤਾਂ ਬੱਚੇ ਨੂੰ ਦੱਸੋ ਕਿ ਤੁਸੀਂ ਬਾਅਦ ਵਿਚ ਉਸ ਨਾਲ ਗੱਲਬਾਤ ਕਰੋਗੇ। ਫਿਰ ਤੁਹਾਨੂੰ ਬਾਅਦ ਵਿਚ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਬੱਚੇ ਨੂੰ ਪਤਾ ਲੱਗੇਗਾ ਕਿ ਮਾਂ-ਬਾਪ ਸੱਚ-ਮੁੱਚ ਉਸ ਦੀ ਚਿੰਤਾ ਕਰਦੇ ਹਨ ਅਤੇ ਉਹ ਉਨ੍ਹਾਂ ਨੂੰ ਆਪਣੇ ਦਿਲ ਦੀ ਗੱਲ ਦੱਸਣ ਲਈ ਤਿਆਰ ਰਹੇਗਾ।
14. ਆਪਣੇ ਬੱਚਿਆਂ ਨਾਲ ਲਾਡ-ਪਿਆਰ ਕਰਨ ਵਿਚ ਮਾਪੇ ਯਿਸੂ ਤੋਂ ਕੀ ਸਿੱਖ ਸਕਦੇ ਹਨ?
14 ਕੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕਲਾਵੇ ਵਿਚ ਲੈ ਕੇ ਲਾਡ-ਪਿਆਰ ਕਰਨਾ ਚਾਹੀਦਾ ਹੈ? ਇਸ ਵਿਚ ਵੀ ਮਾਪੇ ਯਿਸੂ ਦੀ ਰੀਸ ਕਰ ਸਕਦੇ ਹਨ। ਬਾਈਬਲ ਵਿਚ ਲਿਖਿਆ ਹੈ ਕਿ ਉਸ ਨੇ ਬੱਚਿਆਂ ਨੂੰ “ਕੁੱਛੜ ਚੁੱਕਿਆ ਅਰ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਅਸੀਸ ਦਿੱਤੀ।” (ਮਰਕੁਸ 10:16) ਤੁਹਾਡੇ ਖ਼ਿਆਲ ਵਿਚ ਉਨ੍ਹਾਂ ਬੱਚਿਆਂ ਨੂੰ ਇਹ ਗੱਲ ਕਿਵੇਂ ਲੱਗੀ ਹੋਵੇਗੀ? ਉਹ ਜ਼ਰੂਰ ਖ਼ੁਸ਼ ਹੋਏ ਹੋਣੇ ਅਤੇ ਯਿਸੂ ਵੱਲ ਖਿੱਚੇ ਗਏ ਹੋਣੇ! ਜੇ ਮਾਪਿਆਂ ਅਤੇ ਬੱਚਿਆਂ ਵਿਚਕਾਰ ਡੂੰਘਾ ਪਿਆਰ ਹੈ, ਤਾਂ ਬੱਚਿਆਂ ਲਈ ਤਾੜਨਾ ਅਤੇ ਸਿਖਲਾਈ ਸਵੀਕਾਰ ਕਰਨੀ ਜ਼ਿਆਦਾ ਸੌਖੀ ਹੋਵੇਗੀ।
ਬੱਚਿਆਂ ਨਾਲ ਕਿੰਨਾ ਸਮਾਂ ਗੁਜ਼ਾਰਨਾ ਜ਼ਰੂਰੀ ਹੈ?
15, 16. ਬੱਚਿਆਂ ਨਾਲ ਸਮਾਂ ਗੁਜ਼ਾਰਨ ਬਾਰੇ ਲੋਕ ਕੀ ਸੋਚਣ ਲੱਗ ਪਏ ਹਨ ਅਤੇ ਇਹ ਵਿਚਾਰ ਕਿਉਂ ਪੈਦਾ ਹੋਇਆ?
15 ਕਈ ਲੋਕ ਸੋਚਦੇ ਹਨ ਕਿ ਬੱਚਿਆਂ ਨੂੰ ਆਪਣੇ ਮਾਪਿਆਂ ਤੋਂ ਬਹੁਤੇ ਸਮੇਂ ਦੀ ਲੋੜ ਨਹੀਂ ਹੈ। ਉਹ ਕਹਿੰਦੇ ਹਨ ਕਿ ਬੱਚਿਆਂ ਨਾਲ ਲੰਬਾ ਸਮਾਂ ਗੁਜ਼ਾਰਨਾ ਜ਼ਰੂਰੀ ਨਹੀਂ, ਪਰ ਜੇ ਉਹ ਥੋੜ੍ਹੇ ਸਮੇਂ ਵਿਚ ਉਨ੍ਹਾਂ ਨਾਲ ਦਿਲਚਸਪ ਕੰਮ ਕਰਨ, ਤਾਂ ਇਹ ਬਥੇਰਾ ਹੈ। ਕੀ ਇਹ ਵਿਚਾਰ ਸਹੀ ਹੈ? ਕੀ ਇਹ ਬੱਚਿਆਂ ਦੀ ਭਲਾਈ ਲਈ ਹੈ? ਲੋਕਾਂ ਨੂੰ ਇਹ ਵਿਚਾਰ ਕਿਵੇਂ ਸੁੱਝਿਆ?
16 ਕਾਲਜ ਦੇ ਇਕ ਪ੍ਰੋਫ਼ੈਸਰ ਅਨੁਸਾਰ ਇਹ ਵਿਚਾਰ ਇਸ ਕਰਕੇ ਪੈਦਾ ਹੋਇਆ ਕਿਉਂਕਿ “ਮਾਪੇ ਦੋਸ਼ੀ ਮਹਿਸੂਸ ਕਰਨ ਲੱਗ ਪਏ ਸਨ ਕਿ ਉਹ ਆਪਣੇ ਬੱਚਿਆਂ ਨਾਲ ਬਹੁਤਾ ਵਕਤ ਨਹੀਂ ਬਿਤਾ ਰਹੇ ਸਨ। ਇਸ ਲਈ ਉਨ੍ਹਾਂ ਨੇ ਇਹ ਗੱਲ ਘੜੀ ਕਿ ਥੋੜ੍ਹੇ ਸਮੇਂ ਨੂੰ ਚੰਗੀ ਤਰ੍ਹਾਂ ਨਾਲ ਗੁਜ਼ਾਰ ਕੇ ਉਹ ਕੰਮ ਸਾਰ ਸਕਦੇ ਸਨ।” ਪਰ ਬੱਚੇ ਆਪਣੇ ਮਾਪਿਆਂ ਤੋਂ ਕੀ ਚਾਹੁੰਦੇ ਹਨ? ਇਕ ਲੇਖਕ ਨੇ ਬਹੁਤ ਸਾਰਿਆਂ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਬੱਚਿਆਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਉਹ ਇਹੀ ਚਾਹੁੰਦੇ ਸਨ ਕਿ ‘ਉਨ੍ਹਾਂ ਦੇ ਮਾਪੇ ਉਨ੍ਹਾਂ ਨਾਲ ਜ਼ਿਆਦਾ ਸਮਾਂ ਗੁਜ਼ਾਰਨ, ਉਨ੍ਹਾਂ ਨਾਲ ਖੇਡਣ, ਗੱਲਾਂ ਕਰਨ ਅਤੇ ਬੈਠਣ।’
17. ਬੱਚਿਆਂ ਨੂੰ ਆਪਣੇ ਮਾਪਿਆਂ ਤੋਂ ਕੀ ਚਾਹੀਦਾ ਹੈ?
17 ਅਸੀਂ ਪੁੱਛ ਸਕਦੇ ਹਾਂ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਕਿੰਨਾ ਸਮਾਂ ਗੁਜ਼ਾਰਨਾ ਚਾਹੀਦਾ ਹੈ? ਬਾਈਬਲ ਇਸ ਸਵਾਲ ਦਾ ਜਵਾਬ ਨਹੀਂ ਦਿੰਦੀ। ਪਰ ਇਸਰਾਏਲੀ ਮਾਪਿਆਂ ਨੂੰ ਇਹ ਸਲਾਹ ਦਿੱਤੀ ਗਈ ਸੀ ਕਿ ਉਹ ਘਰ ਬੈਠਦੇ, ਰਾਹ ਤੁਰਦੇ, ਲੇਟਦੇ ਅਤੇ ਉੱਠਦੇ ਆਪਣੇ ਬੱਚਿਆਂ ਨਾਲ ਗੱਲ ਕਰਨ। (ਬਿਵਸਥਾ ਸਾਰ 6:7) ਇਸ ਦਾ ਮਤਲਬ ਹੈ ਕਿ ਮਾਪੇ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰਨ ਤਾਂਕਿ ਉਹ ਉਨ੍ਹਾਂ ਨੂੰ ਹਰ ਰੋਜ਼ ਸਿੱਖਿਆ ਦੇ ਸਕਣ।
18. ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਲਾਈ ਦੇਣ ਲਈ ਹਰ ਮੌਕੇ ਦਾ ਫ਼ਾਇਦਾ ਕਿਵੇਂ ਉਠਾਇਆ ਸੀ ਅਤੇ ਮਾਪੇ ਇਸ ਤੋਂ ਕੀ ਸਿੱਖ ਸਕਦੇ ਹਨ?
18 ਯਿਸੂ ਨੇ ਆਪਣੇ ਚੇਲਿਆਂ ਨਾਲ ਖਾ-ਪੀ ਕੇ, ਸਫ਼ਰ ਕਰ ਕੇ, ਆਰਾਮ ਕਰ ਕੇ ਯਾਨੀ ਸਮਾਂ ਗੁਜ਼ਾਰ ਕੇ ਉਨ੍ਹਾਂ ਨੂੰ ਸਿੱਖਿਆ ਦਿੱਤੀ ਸੀ। ਇਸ ਤਰ੍ਹਾਂ ਉਸ ਨੇ ਸਿਖਲਾਈ ਦੇਣ ਲਈ ਹਰ ਮੌਕੇ ਦਾ ਫ਼ਾਇਦਾ ਉਠਾਇਆ। (ਮਰਕੁਸ 6:31, 32; ਲੂਕਾ 8:1; 22:14) ਅੱਜ ਵੀ ਮਸੀਹੀ ਮਾਪਿਆਂ ਨੂੰ ਹਰ ਮੌਕੇ ਤੇ ਆਪਣੇ ਬੱਚਿਆਂ ਨਾਲ ਗੱਲਾਂ-ਬਾਤਾਂ ਕਰਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ।
ਬੱਚਿਆਂ ਨੂੰ ਸਿਖਾਉਣ ਲਈ ਯਹੋਵਾਹ ਦੀਆਂ ਹਿਦਾਇਤਾਂ
19. (ੳ) ਬੱਚਿਆਂ ਨਾਲ ਸਮਾਂ ਗੁਜ਼ਾਰਨ ਤੋਂ ਇਲਾਵਾ ਹੋਰ ਕੀ ਕਰਨਾ ਜ਼ਰੂਰੀ ਹੈ? (ਅ) ਮਾਪਿਆਂ ਨੂੰ ਖ਼ਾਸ ਕਰਕੇ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਚਾਹੀਦਾ ਹੈ?
19 ਅਸੀਂ ਸਿੱਖਿਆ ਹੈ ਕਿ ਬੱਚਿਆਂ ਦੀ ਸਹੀ ਤਰ੍ਹਾਂ ਪਰਵਰਿਸ਼ ਕਰਨ ਲਈ ਉਨ੍ਹਾਂ ਨਾਲ ਸਮਾਂ ਗੁਜ਼ਾਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿੱਖਿਆ ਦੇਣ ਦੀ ਵੀ ਲੋੜ ਹੈ। ਪਰ, ਇਸ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਮਾਪੇ ਉਨ੍ਹਾਂ ਨੂੰ ਕੀ ਸਿਖਾ ਰਹੇ ਹਨ। ਧਿਆਨ ਦਿਓ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ . . . ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ।” “ਏਹ ਗੱਲਾਂ” ਕਿਹੜੀਆਂ ਹਨ ਜੋ ਬੱਚਿਆਂ ਨੂੰ ਸਿਖਲਾਉਣੀਆਂ ਜ਼ਰੂਰੀ ਹਨ? ਇਹੀ ਕਿ “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ।” (ਬਿਵਸਥਾ ਸਾਰ 6:5-7) ਯਿਸੂ ਨੇ ਕਿਹਾ ਸੀ ਕਿ ਇਹ ਹੁਕਮ ਪਰਮੇਸ਼ੁਰ ਦੇ ਸਾਰੇ ਹੁਕਮਾਂ ਵਿੱਚੋਂ ਸਭ ਤੋਂ ਜ਼ਰੂਰੀ ਹੈ। (ਮਰਕੁਸ 12:28-30) ਮਾਪਿਆਂ ਨੂੰ ਖ਼ਾਸ ਕਰਕੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਸਾਡੇ ਲਈ ਯਹੋਵਾਹ ਨੂੰ ਪੂਰੇ ਦਿਲ ਨਾਲ ਪਿਆਰ ਕਰਨਾ ਤੇ ਉਸ ਦੀ ਭਗਤੀ ਕਰਨੀ ਕਿਉਂ ਜ਼ਰੂਰੀ ਹੈ।
20. ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕੀ ਸਿਖਾਉਣ ਦਾ ਹੁਕਮ ਦਿੱਤਾ ਸੀ?
20 ਪਰ ‘ਇਨ੍ਹਾਂ ਗੱਲਾਂ’ ਵਿਚ ਪਰਮੇਸ਼ੁਰ ਨਾਲ ਪਿਆਰ ਕਰਨ ਦੇ ਹੁਕਮ ਤੋਂ ਇਲਾਵਾ ਹੋਰ ਹੁਕਮ ਵੀ ਸ਼ਾਮਲ ਹਨ। ਬਿਵਸਥਾ ਸਾਰ ਦੇ ਪੰਜਵੇਂ ਅਧਿਆਇ ਵਿਚ ਤੁਸੀਂ ਦੇਖੋਗੇ ਕਿ ਮੂਸਾ ਨੇ ਉਨ੍ਹਾਂ ਦਸ ਹੁਕਮਾਂ ਨੂੰ ਦੁਹਰਾਇਆ ਸੀ ਜੋ ਪਰਮੇਸ਼ੁਰ ਨੇ ਪੱਥਰ ਦੀਆਂ ਪੱਟੀਆਂ ਤੇ ਲਿਖੇ ਸਨ। ਇਨ੍ਹਾਂ ਵਿਚ ਝੂਠ ਨਾ ਬੋਲਣ, ਚੋਰੀ, ਖ਼ੂਨ ਅਤੇ ਜ਼ਨਾਹ ਨਾ ਕਰਨ ਦੇ ਹੁਕਮ ਵੀ ਸਨ। (ਬਿਵਸਥਾ ਸਾਰ 5:11-22) ਸੋ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਸੀ ਕਿ ਮਾਪੇ ਆਪਣੇ ਬੱਚਿਆਂ ਨੂੰ ਚੰਗੇ ਚਾਲ-ਚੱਲਣ ਬਾਰੇ ਸਿਖਲਾਉਣ। ਅੱਜ ਮਸੀਹੀਆਂ ਨੂੰ ਆਪਣੇ ਬੱਚਿਆਂ ਨੂੰ ਵੀ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਤਾਂਕਿ ਬੱਚੇ ਆਪਣੀਆਂ ਜ਼ਿੰਦਗੀਆਂ ਵਿਚ ਸੁਖ ਪਾ ਸਕਣ।
21. ਇਬਰਾਨੀ ਬੋਲੀ ਵਿਚ ‘ਸਿਖਲਾਉਣ’ ਸ਼ਬਦ ਦਾ ਕੀ ਮਤਲਬ ਹੈ?
21 ਮਾਪਿਆਂ ਨੂੰ “ਏਹ ਗੱਲਾਂ” ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਿਖਲਾਉਣੀਆਂ ਚਾਹੀਦੀਆਂ ਹਨ? ਇਬਰਾਨੀ ਬੋਲੀ ਵਿਚ ‘ਸਿਖਲਾਉਣ’ ਦਾ ਮਤਲਬ ਹੈ ‘ਦੁਹਰਾਉਣਾ,’ ‘ਵਾਰ-ਵਾਰ ਦੱਸਣਾ’ ਅਤੇ ‘ਸਾਫ਼ ਤਰ੍ਹਾਂ ਗੱਲ ਦਿਲ ਵਿਚ ਬਿਠਾਉਣੀ।’ ਪਰਮੇਸ਼ੁਰ ਮਾਪਿਆਂ ਨੂੰ ਕਹਿ ਰਿਹਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਬਾਈਬਲ ਤੋਂ ਲਗਾਤਾਰ ਸਿੱਖਿਆ ਦੇਣ ਦਾ ਇੰਤਜ਼ਾਮ ਕਰਨ ਜਿਸ ਰਾਹੀਂ ਉਹ ਉਨ੍ਹਾਂ ਦੇ ਮਨਾਂ ਵਿਚ ਪਰਮੇਸ਼ੁਰ ਦੀਆਂ ਗੱਲਾਂ ਬਿਠਾ ਸਕਣ।
22. ਇਸਰਾਏਲੀ ਮਾਪਿਆਂ ਨੂੰ ਬਿਵਸਥਾ ਸਾਰ ਵਿਚ ਕੀ ਕਰਨ ਲਈ ਦੱਸਿਆ ਗਿਆ ਸੀ ਅਤੇ ਇਸ ਦਾ ਮਤਲਬ ਕੀ ਹੈ?
22 ਬਿਵਸਥਾ ਸਾਰ ਦੀ ਅਗਲੀ ਗੱਲ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿੱਚੋਂ ਸਿੱਖਿਆ ਦੇਣ ਦਾ ਪ੍ਰੋਗ੍ਰਾਮ ਚਾਲੂ ਕਰਨਾ ਜ਼ਰੂਰੀ ਹੈ। ਬਾਈਬਲ ‘ਇਨ੍ਹਾਂ ਗੱਲਾਂ’ ਜਾਂ ਹੁਕਮਾਂ ਬਾਰੇ ਕਹਿੰਦੀ ਹੈ: “ਤੁਸੀਂ ਓਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹੋ ਅਤੇ ਓਹ ਤੁਹਾਡਿਆਂ ਨੇਤ੍ਰਾਂ ਦੇ ਵਿਚਕਾਰ ਤਵੀਤ ਜਿਹੀਆਂ ਹੋਣ। ਤੁਸੀਂ ਓਹਨਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖੋ।” (ਬਿਵਸਥਾ ਸਾਰ 6:8, 9) ਕੀ ਇਸ ਦਾ ਇਹ ਮਤਲਬ ਹੈ ਕਿ ਮਾਪਿਆਂ ਨੂੰ ਸੱਚ-ਮੁੱਚ ਘਰ ਦੀਆਂ ਚੁਗਾਠਾਂ ਅਤੇ ਫਾਟਕਾਂ ਉੱਤੇ ਪਰਮੇਸ਼ੁਰ ਦੇ ਹੁਕਮ ਲਿਖਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਹੱਥਾਂ ਉੱਤੇ ਬੰਨ੍ਹਣੇ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਵਿਚਕਾਰ ਰੱਖਣੇ ਚਾਹੀਦੇ ਹਨ? ਨਹੀਂ, ਇਸ ਦਾ ਮਤਲਬ ਹੈ ਕਿ ਮਾਪੇ ਪਰਮੇਸ਼ੁਰ ਦੀਆਂ ਗੱਲਾਂ ਆਪਣੇ ਬੱਚਿਆਂ ਨੂੰ ਲਗਾਤਾਰ ਸਿਖਾਉਂਦੇ ਰਹਿਣ। ਮਾਪਿਆਂ ਨੂੰ ਇਸ ਤਰੀਕੇ ਨਾਲ ਸਿੱਖਿਆ ਦਿੰਦੇ ਰਹਿਣਾ ਚਾਹੀਦਾ ਹੈ ਤਾਂਕਿ ਪਰਮੇਸ਼ੁਰ ਦੀ ਸਿੱਖਿਆ ਹਮੇਸ਼ਾ ਬੱਚਿਆਂ ਦੇ ਸਾਮ੍ਹਣੇ ਹੋਵੇ।
23. ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?
23 ਮਾਪਿਆਂ ਨੂੰ ਹੋਰ ਕਿਹੜੀਆਂ ਖ਼ਾਸ ਗੱਲਾਂ ਆਪਣੇ ਬੱਚਿਆਂ ਨੂੰ ਸਿਖਾਉਣੀਆਂ ਚਾਹੀਦੀਆਂ ਹਨ? ਅੱਜ ਇਹ ਜ਼ਰੂਰੀ ਕਿਉਂ ਹੈ ਕਿ ਬੱਚਿਆਂ ਨੂੰ ਆਪਣਾ ਬਚਾਅ ਕਰਨ ਦੀ ਸਿਖਲਾਈ ਦਿੱਤੀ ਜਾਵੇ? ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾਉਣ ਲਈ ਮਾਪਿਆਂ ਨੂੰ ਕਿਹੜੀ ਮਦਦ ਦਿੱਤੀ ਗਈ ਹੈ? ਇਨ੍ਹਾਂ ਅਤੇ ਹੋਰਨਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।
ਤੁਸੀਂ ਕੀ ਜਵਾਬ ਦਿਓਗੇ?
• ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਨਮੋਲ ਹੀਰੇ ਕਿਉਂ ਸਮਝਣਾ ਚਾਹੀਦਾ ਹੈ?
• ਮਾਪੇ ਅਤੇ ਬਾਕੀ ਸਾਰੇ ਲੋਕ ਯਿਸੂ ਤੋਂ ਕੀ ਸਿੱਖ ਸਕਦੇ ਹਨ?
• ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਕਿੰਨਾ ਸਮਾਂ ਗੁਜ਼ਾਰਨਾ ਚਾਹੀਦਾ ਹੈ?
• ਬੱਚਿਆਂ ਨੂੰ ਕੀ ਅਤੇ ਕਿਸ ਤਰ੍ਹਾਂ ਸਿਖਾਇਆ ਜਾਣਾ ਚਾਹੀਦਾ ਹੈ?
[ਸਫ਼ੇ 10 ਉੱਤੇ ਤਸਵੀਰ]
ਮਾਂ-ਬਾਪ ਸਿੱਖਿਆ ਦੇਣ ਬਾਰੇ ਯਿਸੂ ਤੋਂ ਕੀ ਸਿੱਖ ਸਕਦੇ ਹਨ?
[ਸਫ਼ੇ 11 ਉੱਤੇ ਤਸਵੀਰ]
ਇਸਰਾਏਲੀ ਮਾਪਿਆਂ ਨੂੰ ਕਦੋਂ ਅਤੇ ਕਿੱਦਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਸੀ?
[ਸਫ਼ੇ 12 ਉੱਤੇ ਤਸਵੀਰ]
ਮਾਪਿਓ, ਪਰਮੇਸ਼ੁਰ ਦੀਆਂ ਗੱਲਾਂ ਆਪਣੇ ਬੱਚਿਆਂ ਦੇ ਸਾਮ੍ਹਣੇ ਰੱਖੋ