ਯਹੋਵਾਹ ਨੂੰ ਤੁਹਾਡਾ ਫ਼ਿਕਰ ਹੈ
“ਆਪਣੀ ਸਾਰੀ ਚਿੰਤਾ [ਪਰਮੇਸ਼ੁਰ] ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.
1. ਯਹੋਵਾਹ ਤੇ ਸ਼ਤਾਨ ਵਿਚ ਕਿਹੜਾ ਜ਼ਮੀਨ-ਆਸਮਾਨ ਦਾ ਫ਼ਰਕ ਹੈ?
ਯਹੋਵਾਹ ਅਤੇ ਸ਼ਤਾਨ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਕੋਈ ਵੀ ਵਿਅਕਤੀ ਜਿਹੜਾ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ, ਉਹ ਸ਼ਤਾਨ ਨੂੰ ਨਫ਼ਰਤ ਕਰੇਗਾ। ਇਸ ਫ਼ਰਕ ਬਾਰੇ ਅਤੇ ਅੱਯੂਬ ਦੀ ਕਿਤਾਬ ਵਿਚ ਦੱਸੇ ਗਏ ਸ਼ਤਾਨ ਦੇ ਕੰਮਾਂ ਬਾਰੇ ਐਨਸਾਈਕਲੋਪੀਡੀਆ ਬ੍ਰਿਟੈਨਿਕਾ (1970) ਸਾਫ਼-ਸਾਫ਼ ਕਹਿੰਦਾ ਹੈ: ‘ਸ਼ਤਾਨ ਦਾ ਕੰਮ ਹੈ ਸਾਰੀ ਧਰਤੀ ਉੱਤੇ ਘੁੰਮ ਕੇ ਬੁਰੇ ਕੰਮਾਂ ਨੂੰ ਭਾਲਣਾ ਜਾਂ ਲੋਕਾਂ ਨੂੰ ਲੱਭ ਕੇ ਉਨ੍ਹਾਂ ਉੱਤੇ ਬੁਰਾਈ ਦਾ ਦੋਸ਼ ਲਾਉਣਾ। ਦੂਜੇ ਪਾਸੇ, “ਪ੍ਰਭੂ ਦੀਆਂ ਅੱਖਾਂ” ਸਾਰੀ ਧਰਤੀ ਉੱਤੇ ਚੰਗੇ ਲੋਕਾਂ ਨੂੰ ਭਾਲਦੀਆਂ ਫਿਰਦੀਆਂ ਹਨ ਤਾਂਕਿ ਉਹ ਉਨ੍ਹਾਂ ਨੂੰ ਮਜ਼ਬੂਤ ਕਰ ਸਕੇ। ਇਸ ਤਰ੍ਹਾਂ ਸ਼ਤਾਨ ਦਾ ਕੰਮ ਪਰਮੇਸ਼ੁਰ ਦੇ ਕੰਮ ਨਾਲੋਂ ਬਿਲਕੁਲ ਵੱਖਰਾ ਹੈ। (2 ਇਤਹਾਸ 16:9) ਸ਼ਤਾਨ ਨੂੰ ਯਕੀਨ ਨਹੀਂ ਹੁੰਦਾ ਕਿ ਇਨਸਾਨ ਬਿਨਾਂ ਕਿਸੇ ਸੁਆਰਥ ਦੇ ਚੰਗੇ ਕੰਮ ਕਰ ਸਕਦੇ ਹਨ। ਇਸ ਲਈ ਪਰਮੇਸ਼ੁਰ ਨੇ ਕੁਝ ਸਮੇਂ ਵਾਸਤੇ ਸ਼ਤਾਨ ਨੂੰ ਇਨਸਾਨ ਦੀ ਖਰਿਆਈ ਪਰਖਣ ਦੀ ਇਜਾਜ਼ਤ ਦਿੱਤੀ ਹੈ।’ ਸੱਚ-ਮੁੱਚ, ਪਰਮੇਸ਼ੁਰ ਤੇ ਸ਼ਤਾਨ ਵਿਚ ਕਿੰਨਾ ਫ਼ਰਕ ਹੈ!—ਅੱਯੂਬ 1:6-12; 2:1-7.
2, 3. (ੳ) ਅੱਯੂਬ ਨਾਲ ਜੋ ਕੁਝ ਹੋਇਆ, ਉਸ ਸੰਬੰਧੀ “ਇਬਲੀਸ” ਜਾਂ ਸ਼ਤਾਨ ਉੱਤੇ ਯੂਨਾਨੀ ਸ਼ਬਦ ਦਾ ਮਤਲਬ ਕਿਵੇਂ ਢੁਕਦਾ ਹੈ? (ਅ) ਬਾਈਬਲ ਕਿਵੇਂ ਦਿਖਾਉਂਦੀ ਹੈ ਕਿ ਸ਼ਤਾਨ ਧਰਤੀ ਉੱਤੇ ਯਹੋਵਾਹ ਦੇ ਸੇਵਕਾਂ ਉੱਤੇ ਦਿਨ-ਰਾਤ ਦੋਸ਼ ਲਾਉਂਦਾ ਹੈ?
2 “ਇਬਲੀਸ” ਲਈ ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਝੂਠਾ ਦੋਸ਼ ਲਾਉਣ ਵਾਲਾ” ਜਾਂ “ਤੁਹਮਤੀ।” ਬਾਈਬਲ ਦੱਸਦੀ ਹੈ ਕਿ ਸ਼ਤਾਨ ਨੇ ਯਹੋਵਾਹ ਦੇ ਵਫ਼ਾਦਾਰ ਸੇਵਕ ਅੱਯੂਬ ਉੱਤੇ ਦੋਸ਼ ਲਾਇਆ ਕਿ ਉਹ ਸੁਆਰਥ ਨਾਲ ਪਰਮੇਸ਼ੁਰ ਦੀ ਭਗਤੀ ਕਰਦਾ ਸੀ। ਉਸ ਨੇ ਕਿਹਾ: “ਅੱਯੂਬ ਪਰਮੇਸ਼ੁਰ ਤੋਂ ਹਾੜੇ ਕੱਢੀ ਨਹੀਂ ਡਰਦਾ।” (ਅੱਯੂਬ 1:9) ਅੱਯੂਬ ਦੀ ਕਿਤਾਬ ਦਾ ਬਿਰਤਾਂਤ ਦੱਸਦਾ ਹੈ ਕਿ ਅਜ਼ਮਾਇਸ਼ਾਂ ਅਤੇ ਦੁੱਖ ਸਹਿਣ ਦੇ ਬਾਵਜੂਦ ਪਰਮੇਸ਼ੁਰ ਨਾਲ ਅੱਯੂਬ ਦਾ ਰਿਸ਼ਤਾ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੋ ਗਿਆ। (ਅੱਯੂਬ 10:9, 12; 12:9, 10; 19:25; 27:5; 28:28) ਆਪਣੀ ਸਖ਼ਤ ਅਜ਼ਮਾਇਸ਼ ਤੋਂ ਬਾਅਦ ਅੱਯੂਬ ਨੇ ਪਰਮੇਸ਼ੁਰ ਨੂੰ ਕਿਹਾ: “ਮੈਂ ਤੇਰੇ ਵਿਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਹੈ।”—ਅੱਯੂਬ 42:5.
3 ਅੱਯੂਬ ਦੀ ਖਰਿਆਈ ਪਰਖਣ ਤੋਂ ਬਾਅਦ ਕੀ ਸ਼ਤਾਨ ਨੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਉੱਤੇ ਦੋਸ਼ ਲਾਉਣਾ ਛੱਡ ਦਿੱਤਾ ਹੈ? ਨਹੀਂ। ਪਰਕਾਸ਼ ਦੀ ਪੋਥੀ ਦਿਖਾਉਂਦੀ ਹੈ ਕਿ ਇਸ ਅੰਤ ਦੇ ਸਮੇਂ ਵਿਚ ਸ਼ਤਾਨ ਮਸੀਹ ਦੇ ਮਸਹ ਕੀਤੇ ਹੋਏ ਭਰਾਵਾਂ ਅਤੇ ਉਨ੍ਹਾਂ ਦੇ ਵਫ਼ਾਦਾਰ ਸਾਥੀਆਂ ਉੱਤੇ ਦਿਨ-ਰਾਤ ਦੋਸ਼ ਲਾਉਂਦਾ ਹੈ। (2 ਤਿਮੋਥਿਉਸ 3:12; ਪਰਕਾਸ਼ ਦੀ ਪੋਥੀ 12:10, 17) ਇਸ ਲਈ ਸੱਚੇ ਮਸੀਹੀ ਹੋਣ ਦੇ ਨਾਤੇ, ਸਾਨੂੰ ਪਰਮੇਸ਼ੁਰ ਯਹੋਵਾਹ ਦੇ ਅਧੀਨ ਹੋਣ ਅਤੇ ਪਿਆਰ ਨਾਲ ਉਸ ਦੀ ਸੇਵਾ ਕਰਨ ਦੀ ਬੜੀ ਲੋੜ ਹੈ ਜੋ ਸਾਡੀ ਫ਼ਿਕਰ ਕਰਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਨਾ ਸਿਰਫ਼ ਸ਼ਤਾਨ ਨੂੰ ਝੂਠਾ ਸਾਬਤ ਕਰਾਂਗੇ, ਸਗੋਂ ਯਹੋਵਾਹ ਦੇ ਦਿਲ ਨੂੰ ਵੀ ਖ਼ੁਸ਼ ਕਰਾਂਗੇ।—ਕਹਾਉਤਾਂ 27:11.
ਯਹੋਵਾਹ ਸਾਡੀ ਮਦਦ ਕਰਨੀ ਚਾਹੁੰਦਾ ਹੈ
4, 5. (ੳ) ਸ਼ਤਾਨ ਦੇ ਉਲਟ, ਯਹੋਵਾਹ ਧਰਤੀ ਉੱਤੇ ਕੀ ਭਾਲਦਾ ਹੈ? (ਅ) ਜੇ ਅਸੀਂ ਯਹੋਵਾਹ ਦੀ ਮਿਹਰ ਹਾਸਲ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?
4 ਸ਼ਤਾਨ ਕਿਸੇ ਉੱਤੇ ਵੀ ਦੋਸ਼ ਲਾਉਣ ਜਾਂ ਕਿਸੇ ਨੂੰ ਵੀ ਪਾੜ ਖਾਣ ਲਈ ਧਰਤੀ ਉੱਤੇ ਇੱਧਰ-ਉੱਧਰ ਘੁੰਮਦਾ-ਫਿਰਦਾ ਹੈ। (ਅੱਯੂਬ 1:7, 9; 1 ਪਤਰਸ 5:8) ਦੂਜੇ ਪਾਸੇ, ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਹੈ ਜਿਨ੍ਹਾਂ ਨੂੰ ਉਸ ਦੀ ਤਾਕਤ ਦੀ ਲੋੜ ਹੈ। ਨਬੀ ਹਨਾਨੀ ਨੇ ਰਾਜਾ ਆਸਾ ਨੂੰ ਕਿਹਾ ਸੀ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤਹਾਸ 16:9) ਸ਼ਤਾਨ ਦੀ ਘਿਣਾਉਣੀ ਛਾਣਬੀਣ ਅਤੇ ਸਾਡੇ ਲਈ ਯਹੋਵਾਹ ਵੱਲੋਂ ਕੀਤੇ ਜਾਂਦੇ ਫ਼ਿਕਰ ਵਿਚ ਬਹੁਤ ਫ਼ਰਕ ਹੈ!
5 ਯਹੋਵਾਹ ਸਾਡੀ ਹਰ ਗ਼ਲਤੀ ਨੂੰ ਫੜਨ ਲਈ ਸਾਡੀ ਜਾਸੂਸੀ ਨਹੀਂ ਕਰ ਰਿਹਾ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ ਸੀ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂਰਾਂ ਦੀ ਪੋਥੀ 130:3) ਇਸ ਦਾ ਜਵਾਬ ਹੈ: ਕੋਈ ਨਹੀਂ। (ਉਪਦੇਸ਼ਕ ਦੀ ਪੋਥੀ 7:20) ਜੇ ਅਸੀਂ ਪੂਰੇ ਦਿਲ ਨਾਲ ਯਹੋਵਾਹ ਨੂੰ ਪਿਆਰ ਕਰਦੇ ਹਾਂ, ਤਾਂ ਉਸ ਦੀਆਂ ਅੱਖਾਂ ਸਾਡੇ ਉੱਤੇ ਹੋਣਗੀਆਂ। ਸਾਡੇ ਉੱਤੇ ਉਸ ਦੀਆਂ ਅੱਖਾਂ ਸਾਡੀ ਨਿੰਦਾ ਕਰਨ ਲਈ ਨਹੀਂ, ਸਗੋਂ ਸਾਡੇ ਜਤਨਾਂ ਨੂੰ ਦੇਖਣ ਲਈ ਹੋਣਗੀਆਂ। ਉਹ ਮਦਦ ਤੇ ਮਾਫ਼ੀ ਲਈ ਕੀਤੀਆਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ। ਪਤਰਸ ਰਸੂਲ ਨੇ ਲਿਖਿਆ: “ਪ੍ਰਭੁ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ। ਪ੍ਰਭੁ ਦਾ ਮੂੰਹ ਕੁਕਰਮੀਆਂ ਦੇ ਵਿਰੁੱਧ ਹੈ।”—1 ਪਤਰਸ 3:12.
6. ਦਾਊਦ ਦੇ ਤਜਰਬੇ ਤੋਂ ਸਾਨੂੰ ਹੌਸਲਾ ਅਤੇ ਚੇਤਾਵਨੀ ਕਿਵੇਂ ਮਿਲਦੇ ਹਨ?
6 ਦਾਊਦ ਨਾਮੁਕੰਮਲ ਸੀ ਤੇ ਉਸ ਨੇ ਬਥ-ਸ਼ਬਾ ਨਾਲ ਵਿਭਚਾਰ ਕਰ ਕੇ ਗੰਭੀਰ ਪਾਪ ਕੀਤਾ ਸੀ। (2 ਸਮੂਏਲ 12:7-9) ਪਰ ਉਸ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ ਅਤੇ ਪ੍ਰਾਰਥਨਾ ਵਿਚ ਉਸ ਤੋਂ ਦਇਆ ਮੰਗੀ। (ਜ਼ਬੂਰਾਂ ਦੀ ਪੋਥੀ 51:1-12) ਹਾਲਾਂਕਿ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣ ਕੇ ਉਸ ਨੂੰ ਮਾਫ਼ ਕਰ ਦਿੱਤਾ ਸੀ, ਪਰ ਦਾਊਦ ਨੂੰ ਆਪਣੇ ਪਾਪਾਂ ਦੇ ਦੁਖਦਾਈ ਨਤੀਜੇ ਭੁਗਤਣੇ ਪਏ ਸਨ। (2 ਸਮੂਏਲ 12:10-14) ਇਸ ਗੱਲ ਤੋਂ ਸਾਨੂੰ ਹੌਸਲਾ ਵੀ ਮਿਲਦਾ ਹੈ ਤੇ ਚੇਤਾਵਨੀ ਵੀ। ਇਹ ਜਾਣ ਕੇ ਸਾਨੂੰ ਹੌਸਲਾ ਮਿਲਦਾ ਹੈ ਕਿ ਜੇ ਅਸੀਂ ਸੱਚੇ ਦਿਲੋਂ ਤੋਬਾ ਕਰਦੇ ਹਾਂ, ਤਾਂ ਯਹੋਵਾਹ ਸਾਡੇ ਪਾਪਾਂ ਨੂੰ ਮਾਫ਼ ਕਰਨ ਲਈ ਤਿਆਰ ਹੈ, ਪਰ ਸਾਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਪਾਪਾਂ ਦੇ ਅਕਸਰ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ। (ਗਲਾਤੀਆਂ 6:7-9) ਜੇ ਅਸੀਂ ਯਹੋਵਾਹ ਦੇ ਨੇੜੇ ਆਉਣਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਹਰ ਚੀਜ਼ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਨੂੰ ਉਹ ਪਸੰਦ ਨਹੀਂ ਕਰਦਾ।—ਜ਼ਬੂਰਾਂ ਦੀ ਪੋਥੀ 97:10.
ਯਹੋਵਾਹ ਲੋਕਾਂ ਨੂੰ ਆਪਣੇ ਨੇੜੇ ਲਿਆਉਂਦਾ ਹੈ
7. ਯਹੋਵਾਹ ਕਿਹੜੇ ਲੋਕਾਂ ਨੂੰ ਭਾਲਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਨੇੜੇ ਕਿਵੇਂ ਲਿਆਉਂਦਾ ਹੈ?
7 ਦਾਊਦ ਨੇ ਇਕ ਜ਼ਬੂਰ ਵਿਚ ਲਿਖਿਆ: “ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ, ਪਰ ਹੰਕਾਰੀਆਂ ਨੂੰ ਦੂਰੋਂ ਜਾਣ ਲੈਂਦਾ ਹੈ!” (ਜ਼ਬੂਰਾਂ ਦੀ ਪੋਥੀ 138:6) ਇਸੇ ਤਰ੍ਹਾਂ ਇਕ ਹੋਰ ਜ਼ਬੂਰ ਕਹਿੰਦਾ ਹੈ: “ਕੌਣ ਸਾਡੇ ਪਰਮੇਸ਼ੁਰ ਯਹੋਵਾਹ ਦੇ ਤੁੱਲ ਹੈ? ਜਿਹੜਾ ਉਚਿਆਈ ਤੇ ਵੱਸਦਾ ਹੈ, ਜਿਹੜਾ ਆਪਣੇ ਆਪ ਨੂੰ ਨੀਵਿਆਂ ਕਰਦਾ ਹੈ, ਭਈ ਅਕਾਸ਼ ਅਤੇ ਧਰਤੀ ਉੱਤੇ ਨਿਗਾਹ ਮਾਰੇ, ਜਿਹੜਾ ਗਰੀਬ ਨੂੰ ਖਾਕ ਵਿੱਚੋਂ ਚੁੱਕਦਾ ਅਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 113:5-7) ਜੀ ਹਾਂ, ਸਾਰੀਆਂ ਚੀਜ਼ਾਂ ਦਾ ਸਿਰਜਣਹਾਰ, ਸਰਬਸ਼ਕਤੀਮਾਨ ਪਰਮੇਸ਼ੁਰ ਧਰਤੀ ਉੱਤੇ ਨਿਗਾਹ ਮਾਰਨ ਲਈ ਨੀਵਾਂ ਹੁੰਦਾ ਹੈ। ਉਸ ਦੀਆਂ ਅੱਖਾਂ ‘ਹੀਣੇ’ ਤੇ “ਕੰਗਾਲ” ਯਾਨੀ ਨਿਮਰ ਲੋਕਾਂ ਨੂੰ ਦੇਖਦੀਆਂ ਹਨ ਜਿਹੜੇ ‘ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਆਹਾਂ ਭਰਦੇ, ਅਤੇ ਰੋਂਦੇ ਹਨ।’ (ਹਿਜ਼ਕੀਏਲ 9:4) ਉਹ ਆਪਣੇ ਪੁੱਤਰ ਰਾਹੀਂ ਇਨ੍ਹਾਂ ਲੋਕਾਂ ਨੂੰ ਆਪਣੇ ਨੇੜੇ ਲਿਆਉਂਦਾ ਹੈ। ਧਰਤੀ ਤੇ ਰਹਿੰਦੇ ਸਮੇਂ ਯਿਸੂ ਨੇ ਕਿਹਾ ਸੀ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ . . . ਕੋਈ ਮੇਰੇ ਕੋਲ ਨਹੀਂ ਆ ਸੱਕਦਾ ਜੇਕਰ ਇਹ ਪਿਤਾ ਦੀ ਵੱਲੋਂ ਉਹ ਨੂੰ ਬਖ਼ਸ਼ਿਆ ਨਾ ਗਿਆ ਹੋਵੇ।”—ਯੂਹੰਨਾ 6:44, 65.
8, 9. (ੳ) ਸਾਨੂੰ ਸਾਰਿਆਂ ਨੂੰ ਯਿਸੂ ਕੋਲ ਆਉਣ ਦੀ ਕਿਉਂ ਲੋੜ ਹੈ? (ਅ) ਕਿਹੜੀ ਅਨੋਖੀ ਗੱਲ ਕਰਕੇ ਯਿਸੂ ਦੀ ਕੁਰਬਾਨੀ ਦਿੱਤੀ ਗਈ ਸੀ?
8 ਸਾਰੇ ਇਨਸਾਨ ਜਨਮ ਤੋਂ ਹੀ ਪਾਪੀ ਹਨ ਤੇ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਯਿਸੂ ਕੋਲ ਆਉਣਾ ਚਾਹੀਦਾ ਹੈ ਅਤੇ ਉਸ ਦੀ ਕੁਰਬਾਨੀ ਵਿਚ ਨਿਹਚਾ ਕਰਨੀ ਚਾਹੀਦੀ ਹੈ। (ਯੂਹੰਨਾ 3:36) ਉਨ੍ਹਾਂ ਨੂੰ ਪਰਮੇਸ਼ੁਰ ਨਾਲ ਮੇਲ ਕਰਨ ਦੀ ਲੋੜ ਹੈ। (2 ਕੁਰਿੰਥੀਆਂ 5:20) ਪਰਮੇਸ਼ੁਰ ਨੇ ਪਾਪੀਆਂ ਦੀ ਉਡੀਕ ਨਹੀਂ ਕੀਤੀ ਕਿ ਉਹ ਖ਼ੁਦ ਆ ਕੇ ਉਸ ਨੂੰ ਕੋਈ ਅਜਿਹਾ ਇੰਤਜ਼ਾਮ ਕਰਨ ਲਈ ਕਹਿੰਦੇ ਜਿਸ ਦੁਆਰਾ ਉਹ ਪਰਮੇਸ਼ੁਰ ਨਾਲ ਮੇਲ ਕਰ ਸਕਦੇ। ਪੌਲੁਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ। . . . ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ੁਰ ਨਾਲ ਉਹ ਦੇ ਪੁੱਤ੍ਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵਧ ਕੇ ਉਹ ਦੇ ਜੀਵਨ ਦੇ ਦੁਆਰਾ ਬਚ ਜਾਵਾਂਗੇ।”—ਰੋਮੀਆਂ 5:8, 10.
9 ਯੂਹੰਨਾ ਰਸੂਲ ਨੇ ਇਸ ਸ਼ਾਨਦਾਰ ਸੱਚਾਈ ਦਾ ਸਬੂਤ ਦਿੱਤਾ ਕਿ ਪਰਮੇਸ਼ੁਰ ਆਪ ਇਨਸਾਨਾਂ ਨਾਲ ਮੇਲ ਕਰ ਰਿਹਾ ਹੈ। ਉਸ ਨੇ ਲਿਖਿਆ: “ਪਰਮੇਸ਼ੁਰ ਦਾ ਪ੍ਰੇਮ ਸਾਡੇ ਵਿੱਚ ਇਸ ਤੋਂ ਪਰਗਟ ਹੋਇਆ ਜੋ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤ੍ਰ ਨੂੰ ਸੰਸਾਰ ਵਿੱਚ ਘੱਲਿਆ ਭਈ ਅਸੀਂ ਉਹ ਦੇ ਰਾਹੀਂ ਜੀਵੀਏ। ਪ੍ਰੇਮ ਇਸ ਗੱਲ ਵਿੱਚ ਹੈ, ਨਾ ਜੋ ਅਸਾਂ ਪਰਮੇਸ਼ੁਰ ਨਾਲ ਪ੍ਰੇਮ ਕੀਤਾ ਸਗੋਂ ਇਹ ਜੋ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤ੍ਰ ਨੂੰ ਘੱਲਿਆ ਭਈ ਉਹ ਸਾਡੇ ਪਾਪਾਂ ਦਾ ਪਰਾਸਚਿੱਤ ਹੋਵੇ।” (1 ਯੂਹੰਨਾ 4:9, 10) ਮੇਲ ਕਰਨ ਵਿਚ ਪਹਿਲ ਪਰਮੇਸ਼ੁਰ ਨੇ ਕੀਤੀ ਹੈ ਨਾ ਕਿ ਇਨਸਾਨਾਂ ਨੇ। ਕੀ ਤੁਸੀਂ ਉਸ ਪਰਮੇਸ਼ੁਰ ਵੱਲ ਖਿੱਚੇ ਜਾਂਦੇ ਮਹਿਸੂਸ ਨਹੀਂ ਕਰਦੇ ਹੋ ਜਿਸ ਨੇ “ਪਾਪੀ” ਤੇ “ਵੈਰੀ” ਇਨਸਾਨਾਂ ਲਈ ਇੰਨਾ ਪਿਆਰ ਦਿਖਾਇਆ ਹੈ?—ਯੂਹੰਨਾ 3:16.
ਯਹੋਵਾਹ ਨੂੰ ਭਾਲਣ ਦੀ ਲੋੜ
10, 11. (ੳ) ਯਹੋਵਾਹ ਨੂੰ ਭਾਲਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? (ਅ) ਸਾਨੂੰ ਸ਼ਤਾਨ ਦੀ ਦੁਨੀਆਂ ਬਾਰੇ ਕਿਹੜਾ ਨਜ਼ਰੀਆ ਰੱਖਣਾ ਚਾਹੀਦਾ ਹੈ?
10 ਇਹ ਸੱਚ ਹੈ ਕਿ ਯਹੋਵਾਹ ਸਾਨੂੰ ਆਪਣੇ ਕੋਲ ਆਉਣ ਲਈ ਮਜਬੂਰ ਨਹੀਂ ਕਰਦਾ। ਸਾਨੂੰ ਪਰਮੇਸ਼ੁਰ ਨੂੰ ਭਾਲ ਕੇ ਯਾਨੀ ‘ਟੋਹ ਕੇ ਲੱਭ ਲੈਣਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।’ (ਰਸੂਲਾਂ ਦੇ ਕਰਤੱਬ 17:27) ਇਹ ਪਰਮੇਸ਼ੁਰ ਦਾ ਹੱਕ ਬਣਦਾ ਹੈ ਕਿ ਅਸੀਂ ਉਸ ਦੇ ਅਧੀਨ ਰਹੀਏ। ਚੇਲੇ ਯਾਕੂਬ ਨੇ ਲਿਖਿਆ: “ਉਪਰੰਤ ਤੁਸੀਂ ਪਰਮੇਸ਼ੁਰ ਦੇ ਅਧੀਨ ਹੋਵੋ। ਪਰ ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ। ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ।” (ਯਾਕੂਬ 4:7, 8) ਸਾਨੂੰ ਦ੍ਰਿੜ੍ਹਤਾ ਨਾਲ ਸ਼ਤਾਨ ਦਾ ਵਿਰੋਧ ਕਰਨ ਅਤੇ ਯਹੋਵਾਹ ਦੀ ਸੇਵਾ ਕਰਨ ਤੋਂ ਨਹੀਂ ਹਿਚਕਿਚਾਉਣਾ ਚਾਹੀਦਾ।
11 ਇਸ ਦਾ ਮਤਲਬ ਹੈ ਕਿ ਸਾਨੂੰ ਸ਼ਤਾਨ ਦੀ ਬੁਰੀ ਦੁਨੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਯਾਕੂਬ ਨੇ ਇਹ ਵੀ ਲਿਖਿਆ ਸੀ: “ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।” (ਯਾਕੂਬ 4:4) ਦੂਜੇ ਪਾਸੇ, ਜੇ ਅਸੀਂ ਯਹੋਵਾਹ ਦੇ ਮਿੱਤਰ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸ਼ਤਾਨ ਦੀ ਦੁਨੀਆਂ ਸਾਨੂੰ ਨਫ਼ਰਤ ਕਰੇਗੀ।—ਯੂਹੰਨਾ 15:19; 1 ਯੂਹੰਨਾ 3:13.
12. (ੳ) ਦਾਊਦ ਨੇ ਦਿਲਾਸਾ ਦੇਣ ਵਾਲੇ ਕਿਹੜੇ ਸ਼ਬਦ ਲਿਖੇ ਸਨ? (ਅ) ਅਜ਼ਰਯਾਹ ਨਬੀ ਰਾਹੀਂ ਯਹੋਵਾਹ ਨੇ ਕਿਹੜੀ ਚੇਤਾਵਨੀ ਦਿੱਤੀ ਸੀ?
12 ਜਦੋਂ ਸ਼ਤਾਨ ਦੀ ਦੁਨੀਆਂ ਸਾਡਾ ਕਿਸੇ ਤਰ੍ਹਾਂ ਦਾ ਵਿਰੋਧ ਕਰਦੀ ਹੈ, ਤਾਂ ਸਾਨੂੰ ਮਦਦ ਲਈ ਖ਼ਾਸ ਕਰਕੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਯਹੋਵਾਹ ਨੇ ਕਈ ਮੌਕਿਆਂ ਤੇ ਦਾਊਦ ਨੂੰ ਬਚਾਇਆ ਸੀ, ਇਸ ਲਈ ਦਾਊਦ ਨੇ ਸਾਡੇ ਦਿਲਾਸੇ ਲਈ ਲਿਖਿਆ: “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ। ਉਹ ਆਪਣਾ ਭੈ ਮੰਨਣ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, ਅਤੇ ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ। ਯਹੋਵਾਹ ਆਪਣੇ ਸਾਰੇ ਪ੍ਰੇਮੀਆਂ ਦੀ ਪਾਲਨਾ ਕਰਦਾ ਹੈ, ਪਰ ਸਾਰੇ ਦੁਸ਼ਟਾਂ ਦਾ ਨਾਸ ਕਰੇਗਾ।” (ਜ਼ਬੂਰਾਂ ਦੀ ਪੋਥੀ 145:18-20) ਇਸ ਜ਼ਬੂਰ ਤੋਂ ਪਤਾ ਲੱਗਦਾ ਹੈ ਕਿ ਜਦੋਂ ਸਾਡੀ ਇਕੱਲੇ-ਇਕੱਲੇ ਦੀ ਪਰਖ ਹੁੰਦੀ ਹੈ, ਯਹੋਵਾਹ ਸਾਨੂੰ ਉਦੋਂ ਵੀ ਬਚਾ ਸਕਦਾ ਹੈ ਅਤੇ “ਵੱਡੀ ਬਿਪਤਾ” ਆਉਣ ਤੇ ਉਹ ਆਪਣੇ ਲੋਕਾਂ ਨੂੰ ਸਮੂਹ ਦੇ ਤੌਰ ਤੇ ਵੀ ਬਚਾਵੇਗਾ। (ਪਰਕਾਸ਼ ਦੀ ਪੋਥੀ 7:14) ਯਹੋਵਾਹ ਤਾਂ ਹੀ ਸਾਡੇ ਨੇੜੇ ਰਹੇਗਾ ਜੇ ਅਸੀਂ ਉਸ ਦੇ ਨੇੜੇ ਰਹਾਂਗੇ। ਅਜ਼ਰਯਾਹ ਨਬੀ ਨੇ ‘ਪਰਮੇਸ਼ੁਰ ਦੀ ਆਤਮਾ’ ਅਧੀਨ ਆ ਕੇ ਇਹ ਗੱਲ ਲਿਖੀ ਜਿਸ ਨੂੰ ਅਸੀਂ ਸੱਚ ਮੰਨਦੇ ਹਾਂ: “ਯਹੋਵਾਹ ਤੁਹਾਡੇ ਨਾਲ ਹੈ ਜਦ ਤੀਕ ਤੁਸੀਂ ਉਸ ਦੇ ਨਾਲ ਹੋ। ਜੇ ਤੁਸੀਂ ਉਸ ਦੇ ਚਾਹਵੰਦ ਹੋ ਤਾਂ ਉਹ ਤੁਹਾਨੂੰ ਮਿਲੇਗਾ ਪਰ ਜੇ ਤੁਸੀਂ ਉਸ ਨੂੰ ਛੱਡ ਦਿਓ ਤਾਂ ਉਹ ਤੁਹਾਨੂੰ ਛੱਡ ਦੇਵੇਗਾ।”—2 ਇਤਹਾਸ 15:1, 2.
ਯਹੋਵਾਹ ਸਾਡੇ ਲਈ ਅਸਲੀ ਹੋਣਾ ਚਾਹੀਦਾ ਹੈ
13. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਯਹੋਵਾਹ ਸਾਡੇ ਲਈ ਅਸਲੀ ਹੈ?
13 ਪੌਲੁਸ ਰਸੂਲ ਨੇ ਮੂਸਾ ਬਾਰੇ ਲਿਖਿਆ ਕਿ “ਉਹ ਅਲੱਖ ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ।” (ਇਬਰਾਨੀਆਂ 11:27) ਇਹ ਸੱਚ ਹੈ ਕਿ ਮੂਸਾ ਨੇ ਕਦੇ ਵੀ ਯਹੋਵਾਹ ਨੂੰ ਨਹੀਂ ਦੇਖਿਆ ਸੀ। (ਕੂਚ 33:20) ਪਰ ਮੂਸਾ ਲਈ ਯਹੋਵਾਹ ਇੰਨਾ ਅਸਲੀ ਸੀ ਕਿ ਮਾਨੋ ਉਸ ਨੇ ਪਰਮੇਸ਼ੁਰ ਨੂੰ ਦੇਖਿਆ ਸੀ। ਉਸੇ ਤਰ੍ਹਾਂ ਅਜ਼ਮਾਇਸ਼ਾਂ ਤੋਂ ਬਾਅਦ ਅੱਯੂਬ ਨੂੰ ਆਪਣੀ ਨਿਹਚਾ ਦੀਆਂ ਅੱਖਾਂ ਨਾਲ ਯਹੋਵਾਹ ਪਹਿਲਾਂ ਨਾਲੋਂ ਵੀ ਅਸਲੀ ਲੱਗਿਆ ਸੀ। ਉਸ ਨੇ ਦੇਖਿਆ ਕਿ ਯਹੋਵਾਹ ਅਜਿਹਾ ਪਰਮੇਸ਼ੁਰ ਹੈ ਜੋ ਆਪਣੇ ਵਫ਼ਾਦਾਰ ਸੇਵਕਾਂ ਉੱਤੇ ਅਜ਼ਮਾਇਸ਼ਾਂ ਤਾਂ ਆਉਣ ਦਿੰਦਾ ਹੈ, ਪਰ ਉਨ੍ਹਾਂ ਨੂੰ ਕਦੇ ਤਿਆਗਦਾ ਨਹੀਂ। (ਅੱਯੂਬ 42:5) ਹਨੋਕ ਅਤੇ ਨੂਹ ਬਾਰੇ ਕਿਹਾ ਗਿਆ ਸੀ ਕਿ ਉਹ ‘ਪਰਮੇਸ਼ੁਰ ਦੇ ਨਾਲ ਨਾਲ ਚਲਦੇ ਸਨ।’ ਉਨ੍ਹਾਂ ਨੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਅਤੇ ਉਸ ਦੀ ਆਗਿਆ ਮੰਨਣ ਲਈ ਇਸ ਤਰ੍ਹਾਂ ਕੀਤਾ ਸੀ। (ਉਤਪਤ 5:22-24; 6:9, 22; ਇਬਰਾਨੀਆਂ 11:5, 7) ਜੇ ਸਾਡੇ ਲਈ ਵੀ ਯਹੋਵਾਹ ਉੱਨਾ ਹੀ ਅਸਲੀ ਹੈ ਜਿੰਨਾ ਉਹ ਹਨੋਕ, ਨੂਹ, ਅੱਯੂਬ ਅਤੇ ਮੂਸਾ ਲਈ ਸੀ, ਤਾਂ ਅਸੀਂ ਆਪਣੇ ਸਾਰੇ ਰਾਹਾਂ ਵਿਚ ‘ਉਹ ਨੂੰ ਪਛਾਣਾਂਗੇ’ ਅਤੇ ਉਹ “[ਸਾਡੇ] ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6.
14. ਯਹੋਵਾਹ ਨਾਲ ‘ਲੱਗੇ ਰਹਿਣ’ ਦਾ ਕੀ ਮਤਲਬ ਹੈ?
14 ਜਦੋਂ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਹੀ ਵਾਲੇ ਸਨ, ਤਾਂ ਮੂਸਾ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਮਗਰ ਚੱਲਿਓ। ਉਸ ਤੋਂ ਡਰਿਓ, ਉਸ ਦੇ ਹੁਕਮਾਂ ਦੀ ਪਾਲਨਾ ਕਰਿਓ, ਉਸ ਦੀ ਅਵਾਜ਼ ਨੂੰ ਸੁਣਿਓ, ਉਸ ਦੀ ਉਪਾਸਨਾ ਕਰਿਓ ਅਤੇ ਉਸ ਦੇ ਨਾਲ ਲੱਗੇ ਰਹਿਓ।” (ਬਿਵਸਥਾ ਸਾਰ 13:4) ਉਨ੍ਹਾਂ ਨੇ ਯਹੋਵਾਹ ਦੇ ਮਗਰ ਚੱਲਣਾ ਸੀ, ਉਸ ਤੋਂ ਡਰਨਾ ਸੀ, ਉਸ ਦੇ ਕਹਿਣੇ ਵਿਚ ਰਹਿਣਾ ਸੀ ਅਤੇ ਉਸ ਦੇ ਨਾਲ ਲੱਗੇ ਰਹਿਣਾ ਸੀ। ‘ਲੱਗੇ ਰਹਿਣਾ’ ਤਰਜਮਾ ਕੀਤੇ ਸ਼ਬਦ ਬਾਰੇ ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ ਕਿ “ਇਬਰਾਨੀ ਭਾਸ਼ਾ ਵਿਚ ਇਹ ਸ਼ਬਦ ਬਹੁਤ ਹੀ ਨਜ਼ਦੀਕੀ ਅਤੇ ਗੂੜ੍ਹੇ ਰਿਸ਼ਤੇ ਨੂੰ ਸੰਕੇਤ ਕਰਦਾ ਹੈ।” ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਯਹੋਵਾਹ ਦਾ ਭੇਤ ਉਸ ਦੇ ਭੈ ਮੰਨਣ ਵਾਲਿਆਂ ਦੇ ਲਈ ਹੈ।” (ਜ਼ਬੂਰਾਂ ਦੀ ਪੋਥੀ 25:14) ਯਹੋਵਾਹ ਨਾਲ ਸਾਡਾ ਰਿਸ਼ਤਾ ਤਾਂ ਹੀ ਅਨਮੋਲ ਤੇ ਗੂੜ੍ਹਾ ਹੋਵੇਗਾ ਜੇ ਯਹੋਵਾਹ ਸਾਡੇ ਲਈ ਅਸਲੀ ਹੈ ਅਤੇ ਅਸੀਂ ਉਸ ਨੂੰ ਇੰਨਾ ਪਿਆਰ ਕਰਦੇ ਹਾਂ ਕਿ ਅਸੀਂ ਉਸ ਨੂੰ ਕਿਸੇ ਵੀ ਤਰ੍ਹਾਂ ਦੁਖੀ ਨਹੀਂ ਕਰਨਾ ਚਾਹੁੰਦੇ।—ਜ਼ਬੂਰਾਂ ਦੀ ਪੋਥੀ 19:9-14.
ਕੀ ਤੁਸੀਂ ਜਾਣਦੇ ਹੋ ਕਿ ਯਹੋਵਾਹ ਤੁਹਾਡੀ ਫ਼ਿਕਰ ਕਰਦਾ ਹੈ?
15, 16. (ੳ) ਜ਼ਬੂਰ 34 ਕਿੱਦਾਂ ਦਿਖਾਉਂਦਾ ਹੈ ਕਿ ਯਹੋਵਾਹ ਸਾਡਾ ਫ਼ਿਕਰ ਕਰਦਾ ਹੈ? (ਅ) ਜੇ ਸਾਨੂੰ ਯਹੋਵਾਹ ਦੁਆਰਾ ਸਾਡੇ ਲਈ ਕੀਤੀ ਭਲਾਈ ਨੂੰ ਚੇਤੇ ਕਰਨਾ ਮੁਸ਼ਕਲ ਲੱਗਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
15 ਸ਼ਤਾਨ ਸਾਡੇ ਨਾਲ ਇਹ ਚਾਲ ਚੱਲਦਾ ਹੈ ਕਿ ਅਸੀਂ ਇਸ ਸੱਚਾਈ ਨੂੰ ਭੁੱਲ ਜਾਈਏ ਕਿ ਸਾਡਾ ਪਰਮੇਸ਼ੁਰ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦਾ ਹਮੇਸ਼ਾ ਫ਼ਿਕਰ ਕਰਦਾ ਹੈ। ਇਸਰਾਏਲ ਦਾ ਰਾਜਾ ਦਾਊਦ ਚੰਗੀ ਤਰ੍ਹਾਂ ਜਾਣਦਾ ਸੀ ਕਿ ਯਹੋਵਾਹ ਉਸ ਦੀ ਰੱਖਿਆ ਕਰਦਾ ਸੀ, ਉਦੋਂ ਵੀ ਜਦੋਂ ਉਹ ਬਹੁਤ ਹੀ ਔਖੀਆਂ ਘੜੀਆਂ ਵਿਚ ਹੁੰਦਾ ਸੀ। ਜਦੋਂ ਉਹ ਗਥ ਦੇ ਰਾਜੇ ਆਕੀਸ਼ ਦੇ ਸਾਮ੍ਹਣੇ ਪਾਗਲਪਣ ਦਾ ਨਾਟਕ ਕਰਨ ਲਈ ਮਜਬੂਰ ਹੋਇਆ ਸੀ, ਤਾਂ ਉਸ ਨੇ ਬਹੁਤ ਹੀ ਸੋਹਣਾ ਜ਼ਬੂਰ ਲਿਖਿਆ ਜਿਸ ਵਿਚ ਨਿਹਚਾ ਦੇ ਇਹ ਸ਼ਬਦ ਪਾਏ ਜਾਂਦੇ ਹਨ: “ਮੇਰੇ ਨਾਲ ਰਲ ਕੇ ਯਹੋਵਾਹ ਦੀ ਵਡਿਆਈ ਕਰੋ, ਰਲ ਮਿਲ ਕੇ ਅਸੀਂ ਉਹ ਦੇ ਨਾਮ ਨੂੰ ਸਲਾਹੀਏ। ਮੈਂ ਯਹੋਵਾਹ ਨੂੰ ਭਾਲਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਅਤੇ ਮੇਰਿਆਂ ਸਭਨਾਂ ਭੈਜਲਾਂ ਤੋਂ ਮੈਨੂੰ ਛੁਡਾਇਆ। ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ। ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ, ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ। ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ। ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਯਹੋਵਾਹ ਉਨ੍ਹਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ।”—ਜ਼ਬੂਰਾਂ ਦੀ ਪੋਥੀ 34:3, 4, 7, 8, 18, 19; 1 ਸਮੂਏਲ 21:10-15.
16 ਕੀ ਤੁਸੀਂ ਯਕੀਨ ਕਰਦੇ ਹੋ ਕਿ ਯਹੋਵਾਹ ਕੋਲ ਤੁਹਾਨੂੰ ਬਚਾਉਣ ਦੀ ਤਾਕਤ ਹੈ? ਕੀ ਤੁਹਾਨੂੰ ਪਤਾ ਹੈ ਕਿ ਉਹ ਆਪਣੇ ਦੂਤਾਂ ਰਾਹੀਂ ਤੁਹਾਡੀ ਰੱਖਿਆ ਕਰਦਾ ਹੈ? ਕੀ ਤੁਸੀਂ ਆਪ ਚੱਖ ਕੇ ਦੇਖਿਆ ਹੈ ਕਿ ਯਹੋਵਾਹ ਭਲਾ ਹੈ? ਕੀ ਤੁਹਾਨੂੰ ਪਤਾ ਹੈ ਕਿ ਪਿਛਲੀ ਵਾਰ ਯਹੋਵਾਹ ਨੇ ਕਦੋਂ ਤੁਹਾਡੇ ਨਾਲ ਭਲਾਈ ਕੀਤੀ ਸੀ? ਚੇਤੇ ਕਰਨ ਦੀ ਕੋਸ਼ਿਸ਼ ਕਰੋ। ਕੀ ਉਸ ਨੇ ਆਖ਼ਰੀ ਘਰ ਵਿਚ ਪ੍ਰਚਾਰ ਕਰਨ ਵੇਲੇ ਤੁਹਾਡੇ ਨਾਲ ਭਲਾ ਕੀਤਾ ਸੀ ਜਦੋਂ ਤੁਸੀਂ ਮਹਿਸੂਸ ਕਰ ਰਹੇ ਸੀ ਕਿ ਤੁਸੀਂ ਹੋਰ ਪ੍ਰਚਾਰ ਨਹੀਂ ਕਰ ਸਕਦੇ? ਸ਼ਾਇਦ ਉਦੋਂ ਘਰ ਦੇ ਮਾਲਕ ਨਾਲ ਤੁਹਾਡੀ ਦਿਲਚਸਪ ਗੱਲਬਾਤ ਹੋਈ ਹੋਵੇਗੀ। ਕੀ ਤੁਸੀਂ ਯਹੋਵਾਹ ਦਾ ਧੰਨਵਾਦ ਕੀਤਾ ਸੀ ਕਿ ਉਸ ਨੇ ਤੁਹਾਨੂੰ ਲੋੜੀਂਦੀ ਤਾਕਤ ਅਤੇ ਬਰਕਤ ਦਿੱਤੀ? (2 ਕੁਰਿੰਥੀਆਂ 4:7) ਦੂਜੇ ਪਾਸੇ, ਤੁਹਾਨੂੰ ਸ਼ਾਇਦ ਭਲਾਈ ਦੇ ਕਿਸੇ ਖ਼ਾਸ ਕੰਮ ਨੂੰ ਚੇਤੇ ਕਰਨਾ ਮੁਸ਼ਕਲ ਲੱਗੇ ਜੋ ਯਹੋਵਾਹ ਨੇ ਤੁਹਾਡੇ ਲਈ ਕੀਤਾ ਸੀ। ਤੁਹਾਨੂੰ ਸ਼ਾਇਦ ਇਕ ਹਫ਼ਤਾ ਪਹਿਲਾਂ, ਇਕ ਮਹੀਨਾ, ਇਕ ਸਾਲ ਜਾਂ ਉਸ ਤੋਂ ਵੀ ਪਹਿਲਾਂ ਕੀਤੀ ਗਈ ਭਲਾਈ ਨੂੰ ਚੇਤੇ ਕਰਨਾ ਪਵੇ। ਜੇ ਇੱਦਾਂ ਹੈ ਤਾਂ, ਕਿਉਂ ਨਾ ਤੁਸੀਂ ਯਹੋਵਾਹ ਦੇ ਨੇੜੇ ਜਾਣ ਲਈ ਮਿਹਨਤ ਕਰੋ ਅਤੇ ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਉਹ ਤੁਹਾਡੀ ਮਦਦ ਕਿਵੇਂ ਕਰਦਾ ਹੈ? ਪਤਰਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ . . . ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:6, 7) ਸੱਚ-ਮੁੱਚ, ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਯਹੋਵਾਹ ਤੁਹਾਡਾ ਕਿੰਨਾ ਫ਼ਿਕਰ ਕਰਦਾ ਹੈ!—ਜ਼ਬੂਰਾਂ ਦੀ ਪੋਥੀ 73:28.
ਯਹੋਵਾਹ ਨੂੰ ਭਾਲਦੇ ਰਹੋ
17. ਯਹੋਵਾਹ ਨੂੰ ਭਾਲਦੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
17 ਸਾਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਦੇ ਰਹਿਣਾ ਚਾਹੀਦਾ ਹੈ। ਯਿਸੂ ਨੇ ਪ੍ਰਾਰਥਨਾ ਵਿਚ ਆਪਣੇ ਪਿਤਾ ਨੂੰ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਯਹੋਵਾਹ ਅਤੇ ਉਸ ਦੇ ਪੁੱਤਰ ਦਾ ਗਿਆਨ ਲੈਣ ਲਈ ਸਾਨੂੰ ਲਗਾਤਾਰ ਜਤਨ ਕਰਨੇ ਚਾਹੀਦੇ ਹਨ। “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਂਚ” ਕਰਨ ਲਈ ਸਾਨੂੰ ਪ੍ਰਾਰਥਨਾ ਦੁਆਰਾ ਮਦਦ ਅਤੇ ਪਵਿੱਤਰ ਆਤਮਾ ਦੀ ਲੋੜ ਹੈ। (1 ਕੁਰਿੰਥੀਆਂ 2:10; ਲੂਕਾ 11:13) ਸਾਨੂੰ “ਵੇਲੇ ਸਿਰ” ਦਿੱਤੇ ਜਾਂਦੇ ਅਧਿਆਤਮਿਕ ਭੋਜਨ ਨਾਲ ਆਪਣੇ ਮਨਾਂ ਨੂੰ ਭਰਨ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਨਿਰਦੇਸ਼ਨ ਦੀ ਵੀ ਲੋੜ ਹੈ। (ਮੱਤੀ 24:45) ਇਸ ਜ਼ਰੀਏ ਦੁਆਰਾ ਯਹੋਵਾਹ ਨੇ ਸਾਨੂੰ ਸਲਾਹ ਦਿੱਤੀ ਹੈ ਕਿ ਅਸੀਂ ਰੋਜ਼ ਉਸ ਦਾ ਬਚਨ ਪੜ੍ਹੀਏ, ਬਾਕਾਇਦਾ ਆਪਣੀਆਂ ਮਸੀਹੀ ਸਭਾਵਾਂ ਵਿਚ ਜਾਈਏ ਅਤੇ ਪੂਰੇ ਦਿਲ ਨਾਲ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰੀਏ। (ਮੱਤੀ 24:14) ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭਾਲ ਰਹੇ ਹੋਵਾਂਗੇ ਜੋ ਸਾਡਾ ਇੰਨਾ ਫ਼ਿਕਰ ਕਰਦਾ ਹੈ।
18, 19. (ੳ) ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ? (ਅ) ਜੇ ਅਸੀਂ ਦ੍ਰਿੜ੍ਹਤਾ ਨਾਲ ਸ਼ਤਾਨ ਦਾ ਵਿਰੋਧ ਕਰਦੇ ਹਾਂ ਤੇ ਯਹੋਵਾਹ ਨੂੰ ਭਾਲਦੇ ਰਹਿੰਦੇ ਹਾਂ, ਤਾਂ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
18 ਯਹੋਵਾਹ ਦੇ ਲੋਕਾਂ ਨੂੰ ਸਤਾਉਣ, ਉਨ੍ਹਾਂ ਦਾ ਵਿਰੋਧ ਕਰਨ ਅਤੇ ਉਨ੍ਹਾਂ ਉੱਤੇ ਹਰ ਪਾਸਿਓਂ ਦਬਾਅ ਲਿਆਉਣ ਲਈ ਸ਼ਤਾਨ ਆਪਣੀ ਪੂਰੀ ਵਾਹ ਲਾ ਰਿਹਾ ਹੈ। ਉਹ ਸਾਡੀ ਸ਼ਾਂਤੀ ਨੂੰ ਭੰਗ ਕਰਨ ਅਤੇ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦਾ ਹੈ। ਉਹ ਨਹੀਂ ਚਾਹੁੰਦਾ ਕਿ ਅਸੀਂ ਨੇਕਦਿਲ ਲੋਕਾਂ ਨੂੰ ਲੱਭਣ ਦਾ ਕੰਮ ਕਰਦੇ ਰਹੀਏ ਅਤੇ ਯਹੋਵਾਹ ਦੇ ਉੱਚੇ ਅਧਿਕਾਰ ਦੇ ਅਧੀਨ ਹੋਣ ਵਿਚ ਉਨ੍ਹਾਂ ਦੀ ਮਦਦ ਕਰੀਏ। ਪਰ ਸਾਨੂੰ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਅਤੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਸਾਨੂੰ ਬੁਰਾਈ ਤੋਂ ਬਚਾਵੇਗਾ। ਪਰਮੇਸ਼ੁਰ ਦੇ ਬਚਨ ਨੂੰ ਲਾਗੂ ਕਰਨ ਅਤੇ ਉਸ ਦੇ ਸੰਗਠਨ ਦੇ ਨਾਲ-ਨਾਲ ਚੱਲਣ ਦੁਆਰਾ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਹਮੇਸ਼ਾ ਸਾਡੀ ਮਦਦ ਕਰੇਗਾ।—ਯਸਾਯਾਹ 41:8-13.
19 ਇਸ ਲਈ ਆਓ ਆਪਾਂ ਸਾਰੇ ਸ਼ਤਾਨ ਅਤੇ ਉਸ ਦੀਆਂ ਗੁੱਝੀਆਂ ਚਾਲਾਂ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰੀਏ ਅਤੇ ਲਗਾਤਾਰ ਆਪਣੇ ਪਿਆਰੇ ਪਰਮੇਸ਼ੁਰ ਯਹੋਵਾਹ ਨੂੰ ਭਾਲਦੇ ਰਹੀਏ ਜੋ ਹਮੇਸ਼ਾ ‘ਸਾਨੂੰ ਕਾਇਮ ਤੇ ਤਕੜਿਆਂ ਕਰੇਗਾ।’ (1 ਪਤਰਸ 5:8-11) ਇਸ ਤਰ੍ਹਾਂ ਅਸੀਂ ‘ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖਾਂਗੇ ਅਤੇ ਸਦੀਪਕ ਜੀਵਨ ਦੇ ਲਈ ਆਪਣੇ ਪ੍ਰਭੁ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹਾਂਗੇ।’—ਯਹੂਦਾਹ 21.
ਤੁਸੀਂ ਕਿਵੇਂ ਜਵਾਬ ਦਿਓਗੇ?
• “ਇਬਲੀਸ” ਸ਼ਬਦ ਦਾ ਕੀ ਮਤਲਬ ਹੈ ਅਤੇ ਇਹ ਸ਼ਬਦ ਸ਼ਤਾਨ ਉੱਤੇ ਕਿਵੇਂ ਢੁਕਦਾ ਹੈ?
• ਧਰਤੀ ਉੱਤੇ ਲੋਕਾਂ ਨੂੰ ਦੇਖਣ ਦਾ ਯਹੋਵਾਹ ਦਾ ਨਜ਼ਰੀਆ ਸ਼ਤਾਨ ਨਾਲੋਂ ਕਿਵੇਂ ਵੱਖਰਾ ਹੈ?
• ਯਹੋਵਾਹ ਦੇ ਨੇੜੇ ਜਾਣ ਲਈ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਨੀ ਕਿਉਂ ਜ਼ਰੂਰੀ ਹੈ?
• ਯਹੋਵਾਹ ਨਾਲ ‘ਲੱਗੇ ਰਹਿਣ’ ਦਾ ਕੀ ਮਤਲਬ ਹੈ ਅਤੇ ਅਸੀਂ ਉਸ ਨੂੰ ਕਿਵੇਂ ਭਾਲਦੇ ਰਹਿ ਸਕਦੇ ਹਾਂ?
[ਸਫ਼ੇ 15 ਉੱਤੇ ਤਸਵੀਰ]
ਅਜ਼ਮਾਇਸ਼ਾਂ ਸਹਿਣ ਦੇ ਬਾਵਜੂਦ, ਅੱਯੂਬ ਜਾਣਦਾ ਸੀ ਕਿ ਯਹੋਵਾਹ ਉਸ ਦਾ ਫ਼ਿਕਰ ਕਰਦਾ ਹੈ
[ਸਫ਼ੇ 16, 17 ਉੱਤੇ ਤਸਵੀਰਾਂ]
ਰੋਜ਼ਾਨਾ ਬਾਈਬਲ ਪੜ੍ਹਨ, ਬਾਕਾਇਦਾ ਮਸੀਹੀ ਸਭਾਵਾਂ ਵਿਚ ਜਾਣ ਅਤੇ ਜੋਸ਼ ਨਾਲ ਪ੍ਰਚਾਰ ਕਰਨ ਨਾਲ ਸਾਨੂੰ ਚੇਤੇ ਰਹਿੰਦਾ ਹੈ ਕਿ ਯਹੋਵਾਹ ਸਾਡਾ ਫ਼ਿਕਰ ਕਰਦਾ ਹੈ