ਪਰਮੇਸ਼ੁਰ ਨੂੰ ਜਾਣੋ
ਉਹ ਚਾਹੁੰਦਾ ਹੈ ਕਿ ਅਸੀਂ ਸਫ਼ਲਤਾ ਪਾਈਏ
ਪਿਆਰ ਕਰਨ ਵਾਲੇ ਮਾਂ-ਬਾਪ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਜ਼ਿੰਦਗੀ ਵਿਚ ਖ਼ੁਸ਼ ਤੇ ਸਫ਼ਲ ਹੋਣ। ਯਹੋਵਾਹ ਪਰਮੇਸ਼ੁਰ ਵੀ ਇਹੀ ਚਾਹੁੰਦਾ ਹੈ ਕਿ ਧਰਤੀ ਉੱਤੇ ਉਸ ਦੇ ਬੱਚੇ ਸਫ਼ਲਤਾ ਪਾਉਣ। ਅਸਲ ਵਿਚ ਉਹ ਸਿਰਫ਼ ਚਾਹੁੰਦਾ ਹੀ ਨਹੀਂ, ਪਰ ਸਾਨੂੰ ਦੱਸਦਾ ਵੀ ਹੈ ਕਿ ਅਸੀਂ ਸਫ਼ਲ ਕਿਵੇਂ ਹੋ ਸਕਦੇ ਹਾਂ। ਮਿਸਾਲ ਲਈ, ਯਹੋਸ਼ੁਆ 1:6-9 ਵਿਚ ਯਹੋਸ਼ੁਆ ਨੂੰ ਕਹੇ ਯਹੋਵਾਹ ਦੇ ਸ਼ਬਦਾਂ ਉੱਤੇ ਵਿਚਾਰ ਕਰੋ।
ਕਲਪਨਾ ਕਰੋ ਕਿ ਕੀ ਹੋ ਰਿਹਾ ਸੀ ਜਿਵੇਂ ਤਸਵੀਰ ਵਿਚ ਦਿਖਾਇਆ ਗਿਆ ਹੈ। ਮੂਸਾ ਦੀ ਮੌਤ ਤੋਂ ਬਾਅਦ ਯਹੋਸ਼ੁਆ ਇਸਰਾਏਲ ਕੌਮ ਦਾ ਨਵਾਂ ਲੀਡਰ ਬਣਿਆ ਜਿਸ ਦੀ ਗਿਣਤੀ ਲੱਖਾਂ ਵਿਚ ਸੀ। ਇਸਰਾਏਲੀ ਉਸ ਦੇਸ਼ ਵਿਚ ਵੜਨ ਦੀਆਂ ਤਿਆਰੀਆਂ ਕਰ ਰਹੇ ਸਨ ਜਿਸ ਦਾ ਵਾਅਦਾ ਪਰਮੇਸ਼ੁਰ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਕੀਤਾ ਸੀ। ਪਰਮੇਸ਼ੁਰ ਨੇ ਯਹੋਸ਼ੁਆ ਨੂੰ ਕੁਝ ਸਲਾਹ ਦਿੱਤੀ। ਜੇ ਉਹ ਇਸ ਸਲਾਹ ʼਤੇ ਚੱਲਦਾ, ਤਾਂ ਉਹ ਸਫ਼ਲ ਹੋ ਸਕਦਾ ਸੀ। ਪਰ ਇਹ ਸਲਾਹ ਸਿਰਫ਼ ਯਹੋਸ਼ੁਆ ਦੇ ਫ਼ਾਇਦੇ ਲਈ ਨਹੀਂ ਸੀ, ਸਗੋਂ ਅਸੀਂ ਵੀ ਇਸ ਨੂੰ ਲਾਗੂ ਕਰ ਕੇ ਸਫ਼ਲਤਾ ਪਾ ਸਕਦੇ ਹਾਂ।—ਰੋਮੀਆਂ 15:4.
ਯਹੋਵਾਹ ਨੇ ਯਹੋਸ਼ੁਆ ਨੂੰ ਇਕ ਵਾਰ ਨਹੀਂ, ਸਗੋਂ ਤਿੰਨ ਵਾਰ ਦੱਸਿਆ ਕਿ ਉਹ ਤਕੜਾ ਹੋਵੇ ਅਤੇ ਹੌਸਲਾ ਰੱਖੇ। (ਆਇਤਾਂ 6, 7, 9) ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਸ਼ੁਆ ਨੂੰ ਹਿੰਮਤ ਅਤੇ ਤਾਕਤ ਦੀ ਲੋੜ ਪੈਣੀ ਸੀ ਤਾਂਕਿ ਉਹ ਇਸਰਾਏਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਜਾ ਸਕੇ। ਪਰ ਉਹ ਤਕੜਾ ਕਿਵੇਂ ਹੋ ਸਕਦਾ ਸੀ ਤੇ ਹੌਸਲਾ ਕਿਵੇਂ ਰੱਖ ਸਕਦਾ ਸੀ?
ਯਹੋਸ਼ੁਆ ਨੂੰ ਪਰਮੇਸ਼ੁਰ ਦੀਆਂ ਲਿਖਤਾਂ ਤੋਂ ਤਾਕਤ ਤੇ ਹੌਸਲਾ ਮਿਲ ਸਕਦਾ ਸੀ। ਯਹੋਵਾਹ ਨੇ ਕਿਹਾ: ‘ਤੂੰ ਉਸ ਸਾਰੀ ਬਿਵਸਥਾ ਅਨੁਸਾਰ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਹੈ ਪਾਲਨਾ ਕਰ ਕੇ ਪੂਰਾ ਕਰੀਂ।’ (ਆਇਤ 7) ਉਸ ਸਮੇਂ ਯਹੋਸ਼ੁਆ ਕੋਲ ਲਿਖਤੀ ਰੂਪ ਵਿਚ ਬਾਈਬਲ ਦੀਆਂ ਸਿਰਫ਼ ਚੰਨ ਪੁਸਤਕਾਂ ਸਨ।a ਪਰ ਸਿਰਫ਼ ਪਰਮੇਸ਼ੁਰ ਦੀਆਂ ਲਿਖਤਾਂ ਹੋਣੀਆਂ ਕੋਈ ਗਾਰੰਟੀ ਨਹੀਂ ਸੀ ਕਿ ਉਹ ਸਫ਼ਲਤਾ ਪਾਵੇਗਾ। ਯਹੋਸ਼ੁਆ ਨੂੰ ਦੋ ਕੰਮ ਕਰਨ ਦੀ ਲੋੜ ਸੀ।
ਪਹਿਲਾ, ਯਹੋਸ਼ੁਆ ਨੂੰ ਆਪਣਾ ਮਨ ਪਰਮੇਸ਼ੁਰ ਦੀਆਂ ਗੱਲਾਂ ਨਾਲ ਭਰਨ ਦੀ ਲੋੜ ਸੀ। ਯਹੋਵਾਹ ਨੇ ਕਿਹਾ: “ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ।” (ਆਇਤ 8) ਇਸ ਬਾਰੇ ਇਕ ਕਿਤਾਬ ਸਮਝਾਉਂਦੀ ਹੈ ਕਿ ‘ਪਰਮੇਸ਼ੁਰ ਯਹੋਸ਼ੁਆ ਨੂੰ ਹੁਕਮ ਦੇ ਰਿਹਾ ਸੀ ਕਿ ਉਹ ਉਸ ਦੀ ਬਿਵਸਥਾ ਨੂੰ ਹੌਲੀ ਜਿਹੀ ਆਵਾਜ਼ ਵਿਚ ਪੜ੍ਹੇ ਅਤੇ ਉਸ ਉੱਤੇ ਸੋਚ-ਵਿਚਾਰ ਕਰੇ।’ ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਉਸ ਉੱਤੇ ਮਨਨ ਕਰ ਕੇ ਯਹੋਸ਼ੁਆ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦਾ ਸੀ।
ਦੂਜਾ, ਯਹੋਸ਼ੁਆ ਨੂੰ ਸਿੱਖੀਆਂ ਗੱਲਾਂ ਉੱਤੇ ਅਮਲ ਕਰਨ ਦੀ ਲੋੜ ਸੀ। ਯਹੋਵਾਹ ਨੇ ਉਸ ਨੂੰ ਕਿਹਾ: “ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ ਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ।” (ਆਇਤ 8) ਯਹੋਸ਼ੁਆ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਹੀ ਸਫ਼ਲ ਹੋ ਸਕਦਾ ਸੀ। ਕਿਉਂ? ਕਿਉਂਕਿ ਪਰਮੇਸ਼ੁਰ ਦੀ ਮਰਜ਼ੀ ਹਮੇਸ਼ਾ ਪੂਰੀ ਹੋ ਕੇ ਰਹਿੰਦੀ ਹੈ ਅਤੇ ਪਰਮੇਸ਼ੁਰ ਆਪਣੇ ਕੰਮ ਵਿਚ ਹਮੇਸ਼ਾ ਸਫ਼ਲ ਹੁੰਦਾ ਹੈ।—ਯਸਾਯਾਹ 55:10, 11.
ਯਹੋਸ਼ੁਆ ਨੇ ਯਹੋਵਾਹ ਦੀ ਸਲਾਹ ਮੰਨੀ। ਨਤੀਜਾ ਇਹ ਨਿਕਲਿਆ ਕਿ ਉਹ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਦੇ ਇਕ ਵਫ਼ਾਦਾਰ ਸੇਵਕ ਵਜੋਂ ਖ਼ੁਸ਼ ਤੇ ਸਫ਼ਲ ਰਿਹਾ।—ਯਹੋਸ਼ੁਆ 23:14; 24:15.
ਕੀ ਤੁਸੀਂ ਵੀ ਯਹੋਸ਼ੁਆ ਵਾਂਗ ਖ਼ੁਸ਼ ਤੇ ਸਫ਼ਲ ਹੋਣਾ ਚਾਹੁੰਦੇ ਹੋ? ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਸਫ਼ਲਤਾ ਹਾਸਲ ਕਰੋ। ਪਰ ਸਿਰਫ਼ ਉਸ ਦਾ ਬਚਨ ਯਾਨੀ ਬਾਈਬਲ, ਤੁਹਾਡੇ ਕੋਲ ਹੋਣੀ ਕਾਫ਼ੀ ਨਹੀਂ ਹੈ। ਸਾਲਾਂ ਤੋਂ ਵਫ਼ਾਦਾਰ ਰਹਿਣ ਵਾਲੇ ਯਹੋਵਾਹ ਦੇ ਇਕ ਸੇਵਕ ਨੇ ਕਿਹਾ: “ਬਾਈਬਲ ਨੂੰ ਪੜ੍ਹੋ ਅਤੇ ਇਸ ਦੀਆਂ ਗੱਲਾਂ ਆਪਣੇ ਦਿਲ ਵਿਚ ਬਿਠਾਓ।” ਜੇ ਤੁਸੀਂ ਬਾਈਬਲ ਪੜ੍ਹ ਕੇ ਇਸ ਦੀਆਂ ਗੱਲਾਂ ਲਾਗੂ ਕਰੋਗੇ, ਤਾਂ ਤੁਸੀਂ ਵੀ ਯਹੋਸ਼ੁਆ ਵਾਂਗ ‘ਆਪਣੇ ਮਾਰਗ ਨੂੰ ਸੁਫਲ ਬਣਾਓਗੇ।’ (w09-E 12/01)
[ਫੁਟਨੋਟ]
a ਯਹੋਸ਼ੁਆ ਕੋਲ ਸ਼ਾਇਦ ਮੂਸਾ ਦੀਆਂ ਪੰਜ ਪੁਸਤਕਾਂ (ਉਤਪਤ, ਕੂਚ, ਲੇਵੀਆਂ, ਗਿਣਤੀ ਅਤੇ ਬਿਵਸਥਾ ਸਾਰ), ਅੱਯੂਬ ਦੀ ਪੁਸਤਕ ਤੇ ਇਕ-ਦੋ ਜ਼ਬੂਰ ਸਨ।