ਯਿਫ਼ਤਾਹ ਨੇ ਆਪਣੀ ਸੁੱਖਣਾ ਪੂਰੀ ਕੀਤੀ
ਜੰਗ ਜਿੱਤ ਕੇ ਅਤੇ ਆਪਣੀ ਕੌਮ ਨੂੰ ਵੈਰੀਆਂ ਦੇ ਜ਼ਬਰ-ਜ਼ੁਲਮ ਤੋਂ ਛੁਡਾ ਕੇ ਪ੍ਰਾਚੀਨ ਇਸਰਾਏਲ ਦਾ ਨਿਆਂਕਾਰ ਯਿਫ਼ਤਾਹ ਸਹੀ-ਸਲਾਮਤ ਆਪਣੇ ਘਰ ਮੁੜਿਆ। ਉਸ ਨੂੰ ਦੇਖ ਕੇ ਉਸ ਦੀ ਧੀ ਖ਼ੁਸ਼ੀ ਦੇ ਮਾਰੇ ਡੱਫਲੀ ਵਜਾਉਂਦੀ ਤੇ ਨੱਚਦੀ-ਟੱਪਦੀ ਮਿਲਣ ਬਾਹਰ ਆਈ। ਧੀ ਨੂੰ ਦੇਖਦਿਆਂ ਸਾਰ ਖ਼ੁਸ਼ ਹੋਣ ਦੀ ਬਜਾਇ ਉਹ ਦੁਖੀ ਹੋ ਕੇ ਰੋ ਪਿਆ ਤੇ ਆਪਣੇ ਕੱਪੜੇ ਪਾੜੇ। ਉਹ ਸਹੀ-ਸਲਾਮਤ ਘਰ ਮੁੜ ਆਉਣ ਤੇ ਆਪਣੀ ਧੀ ਵਾਂਗ ਖ਼ੁਸ਼ ਕਿਉਂ ਨਹੀਂ ਸੀ? ਨਾਲੇ ਉਹ ਕਿਹੜੀ ਜੰਗ ਜਿੱਤ ਕੇ ਆਇਆ ਸੀ?
ਇਨ੍ਹਾਂ ਸਵਾਲਾਂ ਦੇ ਜਵਾਬ ਅਤੇ ਇਸ ਕਹਾਣੀ ਦੇ ਫ਼ਾਇਦੇ ਜਾਣਨ ਲਈ ਸਾਨੂੰ ਇਸ ਅਨੋਖੀ ਮਿਲਣੀ ਬਾਰੇ ਹੋਰ ਜਾਣਕਾਰੀ ਲੈਣ ਦੀ ਲੋੜ ਹੈ।
ਇਸਰਾਏਲ ਵਿਚ ਖ਼ਤਰਨਾਕ ਹਾਲਾਤ
ਯਿਫ਼ਤਾਹ ਦੇ ਸਮੇਂ ਪੂਰੇ ਇਸਰਾਏਲ ਵਿਚ ਸੰਕਟ ਛਾਇਆ ਹੋਇਆ ਸੀ। ਯਹੋਵਾਹ ਦੀ ਭਗਤੀ ਕਰਨੀ ਛੱਡ ਕੇ ਲੋਕ ਸੈਦਾ, ਮੋਆਬ, ਅੰਮੋਨ ਅਤੇ ਫਲਿਸਤੀਆਂ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰ ਰਹੇ ਸਨ। ਇਸ ਲਈ ਯਹੋਵਾਹ ਨੇ ਆਪਣੇ ਲੋਕਾਂ ਦੀ ਅੰਮੋਨੀਆਂ ਅਤੇ ਫਲਿਸਤੀਆਂ ਦੇ ਹਮਲਿਆਂ ਤੋਂ ਰਾਖੀ ਨਹੀਂ ਕੀਤੀ ਅਤੇ ਉਹ ਉਨ੍ਹਾਂ ਉੱਤੇ 18 ਸਾਲ ਜ਼ੁਲਮ ਢਾਹੁੰਦੇ ਰਹੇ। ਯਰਦਨ ਦੇ ਪੂਰਬ ਵੱਲ ਗਿਲਆਦ ਵਿਚ ਰਹਿੰਦੇ ਲੋਕਾਂ ਉੱਤੇ ਜ਼ਿਆਦਾ ਜ਼ੁਲਮ ਹੁੰਦੇ ਸਨ।a ਜ਼ੁਲਮ ਸਹਿੰਦੇ-ਸਹਿੰਦੇ ਇਸਰਾਏਲੀਆਂ ਨੂੰ ਹੋਸ਼ ਆਈ ਤੇ ਉਨ੍ਹਾਂ ਨੇ ਪਛਤਾਵਾ ਕਰ ਕੇ ਯਹੋਵਾਹ ਨੂੰ ਮਦਦ ਲਈ ਬੇਨਤੀ ਕੀਤੀ। ਉਨ੍ਹਾਂ ਨੇ ਉਸ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੂਜੀਆਂ ਕੌਮਾਂ ਦੇ ਦੇਵੀ-ਦੇਵਤਿਆਂ ਨੂੰ ਆਪਣੇ ਵਿੱਚੋਂ ਕੱਢ ਦਿੱਤਾ।—ਨਿਆਈਆਂ 10:6-16.
ਅੰਮੋਨੀਆਂ ਦੀਆਂ ਫ਼ੌਜਾਂ ਨੇ ਗਿਲਆਦ ਵਿਚ ਡੇਰਾ ਲਾਇਆ ਹੋਇਆ ਸੀ ਅਤੇ ਇਸਰਾਏਲੀ ਫ਼ੌਜ ਉਨ੍ਹਾਂ ਨਾਲ ਲੜਨ ਲਈ ਇਕੱਠੀ ਹੋਈ। ਪਰ ਇਸਰਾਏਲੀਆਂ ਦਾ ਕੋਈ ਸੈਨਾਪਤੀ ਨਹੀਂ ਸੀ। (ਨਿਆਈਆਂ 10:17, 18) ਇਸ ਸਮੇਂ ਦੌਰਾਨ ਯਿਫ਼ਤਾਹ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਿਹਾ ਸੀ। ਉਸ ਦੇ ਲਾਲਚੀ ਮਤਰੇਏ ਭਰਾਵਾਂ ਨੇ ਜਾਇਦਾਦ ਵਿਚ ਉਸ ਦੇ ਹਿੱਸੇ ਨੂੰ ਲੈਣ ਲਈ ਉਸ ਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਸੀ। ਯਿਫ਼ਤਾਹ ਤੋਬ ਨਾਂ ਦੇ ਇਲਾਕੇ ਵਿਚ ਚਲਾ ਗਿਆ। ਇਹ ਇਲਾਕਾ ਗਿਲਆਦ ਦੇ ਲਾਗੇ ਹੀ ਸੀ ਤੇ ਉੱਥੇ ਯਿਫ਼ਤਾਹ ਨੂੰ ਇਸਰਾਏਲ ਦੇ ਵੈਰੀਆਂ ਤੋਂ ਖ਼ਤਰਾ ਜ਼ਿਆਦਾ ਸੀ। ਕੁਝ ਬੰਦੇ ਜਿਨ੍ਹਾਂ ਕੋਲ ਜ਼ਾਲਮਾਂ ਦੇ ਜ਼ੁਲਮਾਂ ਕਾਰਨ ਕੋਈ ਕੰਮ-ਧੰਦਾ ਨਹੀਂ ਸੀ ਜਾਂ ਜਿਨ੍ਹਾਂ ਨੇ ਉਨ੍ਹਾਂ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ ਸੀ ਯਿਫ਼ਤਾਹ ਨਾਲ ਆ ਰਲੇ। ਉਹ “ਉਹ ਦੇ ਨਾਲ ਤੁਰਦੇ ਫਿਰਦੇ ਸਨ।” ਸ਼ਾਇਦ ਇਸ ਦਾ ਮਤਲਬ ਹੈ ਕਿ ਉਹ ਯਿਫ਼ਤਾਹ ਨਾਲ ਰਲ ਕੇ ਆਪਣੇ ਵੈਰੀਆਂ ਦੇ ਇਲਾਕਿਆਂ ਤੇ ਧਾਵੇ ਬੋਲ ਕੇ ਲੁੱਟ-ਮਾਰ ਕਰਿਆ ਕਰਦੇ ਸਨ। ਲੜਾਈਆਂ ਵਿਚ ਯਿਫ਼ਤਾਹ ਦੀ ਬਹਾਦਰੀ ਕਾਰਨ ਬਾਈਬਲ ਵਿਚ ਉਸ ਨੂੰ “ਵੱਡਾ ਸੂਰਮਾ” ਕਿਹਾ ਗਿਆ ਹੈ। (ਨਿਆਈਆਂ 11:1-3) ਤਾਂ ਫਿਰ ਅੰਮੋਨੀਆਂ ਨਾਲ ਲੜਨ ਲਈ ਇਸਰਾਏਲ ਦੀ ਫ਼ੌਜ ਦੀ ਕਮਾਨ ਕੌਣ ਸੰਭਾਲੇਗਾ?
“ਆ, ਸਾਡਾ ਆਗੂ ਬਣ”
ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਬੇਨਤੀ ਕੀਤੀ: “ਆ, ਸਾਡਾ ਆਗੂ ਬਣ।” ਜੇ ਉਨ੍ਹਾਂ ਨੇ ਸੋਚਿਆ ਹੋਣਾ ਕਿ ਯਿਫ਼ਤਾਹ ਆਪਣੇ ਦੇਸ਼ ਮੁੜਨ ਦੇ ਲਾਲਚ ਵਿਚ ਝੱਟ ਹਾਂ ਕਰ ਦੇਵੇਗਾ, ਤਾਂ ਇਹ ਉਨ੍ਹਾਂ ਦੀ ਗ਼ਲਤਫ਼ਹਿਮੀ ਸੀ। ਯਿਫ਼ਤਾਹ ਨੇ ਕਿਹਾ: “ਭਲਾ, ਤੁਸਾਂ ਮੇਰੇ ਨਾਲ ਵੈਰ ਨਹੀਂ ਕੀਤਾ ਅਤੇ ਮੇਰੇ ਪਿਉ ਦੇ ਘਰ ਵਿੱਚੋਂ ਮੈਨੂੰ ਨਹੀਂ ਕੱਢ ਦਿੱਤਾ? ਸੋ ਹੁਣ ਬਿਪਤਾ ਦੇ ਵੇਲੇ ਤੁਸੀਂ ਮੇਰੇ ਕੋਲ ਕਿਉਂ ਆਏ ਹੋ?” ਇਹ ਕਿੰਨੀ ਗ਼ਲਤ ਗੱਲ ਹੈ ਕਿ ਇਨ੍ਹਾਂ ਬਜ਼ੁਰਗਾਂ ਨੇ ਪਹਿਲਾਂ ਤਾਂ ਯਿਫ਼ਤਾਹ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਅਤੇ ਹੁਣ ਉਹ ਉਸੇ ਤੋਂ ਮਦਦ ਮੰਗਣ ਆਏ ਸਨ!—ਨਿਆਈਆਂ 11:4-7.
ਯਿਫ਼ਤਾਹ ਇਕ ਸ਼ਰਤ ਤੇ ਫ਼ੌਜ ਦੀ ਕਮਾਨ ਸੰਭਾਲਣ ਲਈ ਤਿਆਰ ਹੋਇਆ। ਉਸ ਨੇ ਕਿਹਾ: ‘ਜੇ ਕਦੀ ਯਹੋਵਾਹ ਉਨ੍ਹਾਂ ਨੂੰ ਮੇਰੇ ਅੱਗੇ ਹਰਾ ਦੇਵੇ ਤਾਂ ਮੈਂ ਤੁਹਾਡਾ ਪਰਮੁਖ ਬਣ ਜਾਵਾਂਗਾ।’ ਵੈਰੀਆਂ ਉੱਤੇ ਜਿੱਤ ਯਹੋਵਾਹ ਦੀ ਮਦਦ ਦਾ ਸਬੂਤ ਹੋਣਾ ਸੀ। ਪਰ ਯਿਫ਼ਤਾਹ ਇਹ ਵੀ ਪੱਕਾ ਕਰਨਾ ਚਾਹੁੰਦਾ ਸੀ ਕਿ ਸੰਕਟ ਖ਼ਤਮ ਹੋ ਜਾਣ ਤੋਂ ਬਾਅਦ ਲੋਕ ਯਹੋਵਾਹ ਦੀ ਹਕੂਮਤ ਨੂੰ ਫਿਰ ਤੋਂ ਤੁੱਛ ਨਾ ਸਮਝਣ ਲੱਗ ਪੈਣ।—ਨਿਆਈਆਂ 11:8-11.
ਅੰਮੋਨੀਆਂ ਨਾਲ ਟਾਕਰਾ
ਯਿਫ਼ਤਾਹ ਨੇ ਅੰਮੋਨੀਆਂ ਨਾਲ ਗੱਲ ਕਰ ਕੇ ਝਗੜਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਉਨ੍ਹਾਂ ਦੇ ਰਾਜੇ ਕੋਲ ਇਹ ਜਾਣਨ ਲਈ ਆਪਣੇ ਬੰਦੇ ਘੱਲੇ ਕਿ ਉਹ ਇਸਰਾਏਲੀਆਂ ਤੇ ਕਿਉਂ ਜ਼ੁਲਮ ਢਾਉਂਦੇ ਸਨ। ਅੰਮੋਨੀਆਂ ਨੇ ਜਵਾਬ ਦਿੰਦਿਆਂ ਇਸਰਾਏਲੀਆਂ ਤੇ ਇਹ ਦੋਸ਼ ਲਾਇਆ ਕਿ ਜਦੋਂ ਇਸਰਾਏਲੀ ਮਿਸਰ ਤੋਂ ਛੁੱਟ ਕੇ ਆਏ ਸਨ, ਤਾਂ ਉਨ੍ਹਾਂ ਨੇ ਅੰਮੋਨੀਆਂ ਦੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਸੀ ਜੋ ਅੰਮੋਨੀਆਂ ਨੂੰ ਮੋੜ ਦਿੱਤੇ ਜਾਣੇ ਚਾਹੀਦੇ ਸਨ।—ਨਿਆਈਆਂ 11:12, 13.
ਯਿਫ਼ਤਾਹ ਨੂੰ ਇਸਰਾਏਲੀਆਂ ਦੇ ਇਤਿਹਾਸ ਦਾ ਪੂਰਾ ਗਿਆਨ ਸੀ, ਇਸ ਲਈ ਉਸ ਨੇ ਅੰਮੋਨੀਆਂ ਦੇ ਦਾਅਵੇ ਨੂੰ ਨਕਾਰਿਆ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਮਿਸਰ ਤੋਂ ਆਉਣ ਤੋਂ ਬਾਅਦ ਇਸਰਾਏਲੀਆਂ ਨੇ ਅੰਮੋਨ, ਮੋਆਬ ਜਾਂ ਅਦੋਮ ਦੇ ਲੋਕਾਂ ਉੱਤੇ ਜ਼ੁਲਮ ਨਹੀਂ ਢਾਏ। ਨਾ ਹੀ ਉਸ ਵੇਲੇ ਅੰਮੋਨੀ ਲੋਕ ਇਸ ਇਲਾਕੇ ਵਿਚ ਰਹਿੰਦੇ ਸਨ। ਉਸ ਵੇਲੇ ਇਹ ਇਲਾਕਾ ਅਮੋਰੀਆਂ ਦਾ ਸੀ, ਪਰ ਪਰਮੇਸ਼ੁਰ ਨੇ ਉਨ੍ਹਾਂ ਦੇ ਰਾਜੇ ਸੀਹੋਨ ਨੂੰ ਹਰਾਉਣ ਵਿਚ ਇਸਰਾਏਲੀਆਂ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਇਸਰਾਏਲੀ ਉਸ ਇਲਾਕੇ ਵਿਚ 300 ਸਾਲਾਂ ਤੋਂ ਰਹਿ ਰਹੇ ਸਨ। ਹੁਣ ਇੰਨੇ ਸਾਲਾਂ ਬਾਅਦ ਅਮੋਨੀ ਕਿਉਂ ਉਸ ਇਲਾਕੇ ਤੇ ਆਪਣਾ ਹੱਕ ਜਤਾ ਰਹੇ ਸਨ?—ਨਿਆਈਆਂ 11:14-22, 26.
ਯਿਫ਼ਤਾਹ ਨੇ ਇਸਰਾਏਲੀਆਂ ਦੇ ਸੰਕਟ ਦੇ ਮੁੱਖ ਕਾਰਨ ਵੱਲ ਵੀ ਧਿਆਨ ਦਿੱਤਾ: ਸੱਚਾ ਪਰਮੇਸ਼ੁਰ ਕੌਣ ਸੀ? ਯਹੋਵਾਹ ਜਾਂ ਹੋਰ ਕੌਮਾਂ ਦੇ ਦੇਵੀ-ਦੇਵਤੇ? ਜੇ ਕਮੋਸ਼ ਦੇਵਤੇ ਵਿਚ ਤਾਕਤ ਹੁੰਦੀ, ਤਾਂ ਕੀ ਉਹ ਆਪਣੇ ਲੋਕਾਂ ਦੇ ਇਲਾਕੇ ਨੂੰ ਵਾਪਸ ਲੈਣ ਲਈ ਆਪਣੀ ਤਾਕਤ ਇਸਤੇਮਾਲ ਨਾ ਕਰਦਾ? ਇਹ ਅੰਮੋਨੀਆਂ ਦੇ ਝੂਠੇ ਧਰਮ ਅਤੇ ਇਸਰਾਏਲੀਆਂ ਦੀ ਸੱਚੀ ਭਗਤੀ ਵਿਚ ਮੁਕਾਬਲਾ ਸੀ। ਇਸ ਲਈ ਯਿਫ਼ਤਾਹ ਨੇ ਠੀਕ ਹੀ ਕਿਹਾ: “ਸੋ ਯਹੋਵਾਹ ਹੀ ਜੋ ਨਿਆਈ ਹੈ ਇਸਰਾਏਲੀਆਂ ਅਤੇ ਅੰਮੋਨੀਆਂ ਦੇ ਵਿੱਚਕਾਰ ਅੱਜ ਦੇ ਦਿਨ ਨਿਆਉਂ ਕਰੇ!”—ਨਿਆਈਆਂ 11:23-27.
ਅੰਮੋਨ ਦੇ ਰਾਜੇ ਨੇ ਯਿਫ਼ਤਾਹ ਦੇ ਸੰਦੇਸ਼ ਵੱਲ ਕੋਈ ਧਿਆਨ ਨਾ ਦਿੱਤਾ। ‘ਯਹੋਵਾਹ ਦਾ ਆਤਮਾ ਯਿਫ਼ਤਾਹ ਉੱਤੇ ਆਇਆ’ ਅਤੇ ਲੜਾਈ ਲਈ ਬੰਦੇ ਇਕੱਠੇ ਕਰਨ ਵਾਸਤੇ ‘ਉਹ ਗਿਲਆਦ ਅਤੇ ਮਨੱਸ਼ਹ ਤੋਂ ਲੰਘਿਆ।’—ਨਿਆਈਆਂ 11:28, 29.
ਯਿਫ਼ਤਾਹ ਦੀ ਸੁੱਖਣਾ
ਯਿਫ਼ਤਾਹ ਦਿਲੋਂ ਚਾਹੁੰਦਾ ਸੀ ਕਿ ਯਹੋਵਾਹ ਉਸ ਦੀ ਅਗਵਾਈ ਕਰੇ, ਇਸ ਲਈ ਉਸ ਨੇ ਸੁੱਖਣਾ ਸੁੱਖੀ: “ਜੇ ਤੂੰ ਸੱਚ ਮੁੱਚ ਅੰਮੋਨੀਆਂ ਨੂੰ ਮੇਰੇ ਹੱਥ ਸੌਂਪ ਦੇਵੇਂ ਤਾਂ ਅਜੇਹਾ ਹੋਵੇਗਾ ਕਿ ਜਿਸ ਵੇਲੇ ਮੈਂ ਅੰਮੋਨੀਆਂ ਵੱਲੋਂ ਸੁਖ ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਬੂਹੇ ਤੋਂ ਮੇਰੇ ਮਿਲਣ ਨੂੰ ਪਹਿਲੋਂ ਨਿੱਕਲੇਗਾ ਸੋ ਉਹ ਯਹੋਵਾਹ ਦਾ ਹੋਵੇਗਾ ਅਤੇ ਮੈਂ ਉਹ ਨੂੰ ਹੋਮ ਦੀ ਬਲੀ ਚੜ੍ਹਾਵਾਂਗਾ।” ਸੋ ਯਹੋਵਾਹ ਨੇ ਅੰਮੋਨੀਆਂ ਦੇ 20 ਸ਼ਹਿਰਾਂ ਨੂੰ ਜਿੱਤਣ ਅਤੇ ਲੋਕਾਂ ਨੂੰ ਮਾਰ-ਮੁਕਾਉਣ ਵਿਚ ਯਿਫ਼ਤਾਹ ਦੀ ਮਦਦ ਕੀਤੀ।—ਨਿਆਈਆਂ 11:30-33.
ਜਦੋਂ ਯਿਫ਼ਤਾਹ ਘਰ ਮੁੜਿਆ, ਤਾਂ ਸਭ ਤੋਂ ਪਹਿਲਾਂ ਉਸ ਨੂੰ ਕੌਣ ਮਿਲਿਆ? ਉਸ ਦੀ ਇਕਲੌਤੀ ਪਿਆਰੀ ਧੀ! ਬਾਈਬਲ ਵਿਚ ਦੱਸਿਆ ਹੈ: “ਜਾਂ ਉਹ ਨੇ ਉਸ ਨੂੰ ਡਿੱਠਾ ਤਾਂ ਉਹ ਨੇ ਆਪਣੇ ਲੀੜੇ ਪਾੜ ਕੇ ਆਖਿਆ, ਹਾਏ! ਹਾਏ ਮੇਰੀਏ ਧੀਏ! ਤੈਂ ਮੈਨੂੰ ਬਹੁਤ ਨੀਵਾਂ ਕੀਤਾ ਸਗੋਂ ਤੂੰ ਉਨ੍ਹਾਂ ਵਿੱਚੋਂ ਹੈਂ ਜੋ ਮੈਨੂੰ ਦੁਖ ਦਿੰਦੇ ਹਨ ਕਿਉਂ ਜੋ ਮੈਂ ਯਹੋਵਾਹ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸੱਕਦਾ।”—ਨਿਆਈਆਂ 11:34, 35.
ਕੀ ਯਿਫ਼ਤਾਹ ਆਪਣੀ ਧੀ ਦੀ ਸੱਚ-ਮੁੱਚ ਬਲੀ ਦੇ ਦੇਵੇਗਾ? ਨਹੀਂ। ਇਹ ਗੱਲ ਤਾਂ ਉਸ ਦੇ ਮਨ ਵਿਚ ਵੀ ਨਹੀਂ ਆਈ ਹੋਣੀ। ਯਹੋਵਾਹ ਨੂੰ ਇਨਸਾਨ ਦੀ ਬਲੀ ਨਾਲ ਘਿਰਣਾ ਹੈ। ਕਨਾਨੀ ਲੋਕ ਇਹ ਘਟੀਆ ਕੰਮ ਕਰਦੇ ਹੁੰਦੇ ਸਨ। (ਲੇਵੀਆਂ 18:21; ਬਿਵਸਥਾ ਸਾਰ 12:31) ਯਿਫ਼ਤਾਹ ਨੇ ਜਦੋਂ ਸੁੱਖਣਾ ਸੁੱਖੀ ਸੀ, ਉਸ ਵੇਲੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਉਸ ਉੱਤੇ ਸੀ ਅਤੇ ਯਹੋਵਾਹ ਨੇ ਉਸ ਨੂੰ ਜਿਤਾਇਆ ਸੀ। ਬਾਈਬਲ ਵਿਚ ਯਿਫ਼ਤਾਹ ਦੀ ਨਿਹਚਾ ਅਤੇ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਵਿਚ ਉਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ ਹੈ। (1 ਸਮੂਏਲ 12:11; ਇਬਰਾਨੀਆਂ 11:32-34) ਸੋ ਉਸ ਨੇ ਕਿਸੇ ਇਨਸਾਨ ਦੀ ਕੁਰਬਾਨੀ ਯਾਨੀ ਕਤਲ ਬਾਰੇ ਸੋਚਿਆ ਵੀ ਨਹੀਂ ਸੀ। ਤਾਂ ਫਿਰ ਉਸ ਨੇ ਅਸਲ ਵਿਚ ਕੀ ਸੁੱਖਣਾ ਸੁੱਖੀ ਸੀ?
ਯਿਫ਼ਤਾਹ ਨੇ ਅਸਲ ਵਿਚ ਵਾਅਦਾ ਕੀਤਾ ਸੀ ਕਿ ਜਿਸ ਨੂੰ ਵੀ ਉਹ ਪਹਿਲਾਂ ਮਿਲੇਗਾ, ਉਸ ਨੂੰ ਉਹ ਪਰਮੇਸ਼ੁਰ ਦੇ ਡੇਰੇ ਵਿਚ ਭਗਤੀ ਕਰਨ ਲਈ ਦੇ ਦੇਵੇਗਾ। ਮੂਸਾ ਦੀ ਬਿਵਸਥਾ ਵਿਚ ਇਸ ਤਰ੍ਹਾਂ ਕਰਨ ਦਾ ਇੰਤਜ਼ਾਮ ਕੀਤਾ ਗਿਆ ਸੀ। ਉਦਾਹਰਣ ਲਈ, ਤੀਵੀਆਂ ਪਰਮੇਸ਼ੁਰ ਦੇ ਡੇਰੇ ਵਿਚ ਸੇਵਾ ਕਰਦੀਆਂ ਸਨ। ਸ਼ਾਇਦ ਉਹ ਪਾਣੀ ਭਰਨ ਦਾ ਕੰਮ ਕਰਦੀਆਂ ਸਨ। (ਕੂਚ 38:8; 1 ਸਮੂਏਲ 2:22) ਬਾਈਬਲ ਇਸ ਤਰ੍ਹਾਂ ਦੀ ਸੇਵਾ ਬਾਰੇ ਜ਼ਿਆਦਾ ਕੁਝ ਨਹੀਂ ਦੱਸਦੀ ਤੇ ਨਾ ਹੀ ਦੱਸਦੀ ਹੈ ਕਿ ਇਹ ਸੇਵਾ ਪੂਰੀ ਜ਼ਿੰਦਗੀ ਕਰਨੀ ਹੁੰਦੀ ਸੀ ਜਾਂ ਨਹੀਂ। ਯਿਫ਼ਤਾਹ ਨੇ ਜਦੋਂ ਵਾਅਦਾ ਕੀਤਾ ਸੀ, ਤਾਂ ਸ਼ਾਇਦ ਉਹ ਇਹ ਸੋਚ ਰਿਹਾ ਸੀ ਕਿ ਉਸ ਦੇ ਜੰਗ ਤੋਂ ਮੁੜਦਿਆਂ ਜੋ ਉਸ ਨੂੰ ਸਭ ਤੋਂ ਪਹਿਲਾਂ ਮਿਲੇਗਾ, ਉਹ ਉਸ ਨੂੰ ਇਸ ਤਰ੍ਹਾਂ ਦੀ ਸੇਵਾ ਵਿਚ ਪੱਕੇ ਤੌਰ ਤੇ ਲਾ ਦੇਵੇਗਾ।
ਯਿਫ਼ਤਾਹ ਦੀ ਧੀ ਅਤੇ ਬਾਅਦ ਵਿਚ ਸਮੂਏਲ ਨੇ ਆਪਣੇ ਮਾਂ-ਬਾਪ ਦੀ ਸੁੱਖਣਾ ਅਨੁਸਾਰ ਆਪਣੀਆਂ ਜ਼ਿੰਦਗੀਆਂ ਪਰਮੇਸ਼ੁਰ ਦੀ ਸੇਵਾ ਵਿਚ ਲਾਈਆਂ। (1 ਸਮੂਏਲ 1:11) ਯਹੋਵਾਹ ਪ੍ਰਤੀ ਵਫ਼ਾਦਾਰ ਹੋਣ ਕਰਕੇ ਯਿਫ਼ਤਾਹ ਦੀ ਧੀ ਵੀ ਆਪਣੇ ਪਿਤਾ ਵਾਂਗ ਸੁੱਖਣਾ ਪੂਰੀ ਕਰਨ ਲਈ ਤਿਆਰ ਸੀ। ਇਹ ਕੁਰਬਾਨੀ ਬਹੁਤ ਵੱਡੀ ਸੀ ਕਿਉਂਕਿ ਉਹ ਕਦੀ ਵਿਆਹ ਨਹੀਂ ਕਰਵਾ ਸਕਦੀ ਸੀ। ਉਹ ਆਪਣੇ ਕੁਆਰੇਪਣ ਤੇ ਰੋਈ ਕਿਉਂਕਿ ਹਰ ਇਸਰਾਏਲੀ ਆਦਮੀ ਤੇ ਤੀਵੀਂ ਦੀ ਇਹ ਤਮੰਨਾ ਹੁੰਦੀ ਸੀ ਕਿ ਉਨ੍ਹਾਂ ਦੇ ਬੱਚੇ ਹੋਣ ਜੋ ਉਨ੍ਹਾਂ ਦੀ ਜਾਇਦਾਦ ਦੇ ਵਾਰਸ ਬਣਨਗੇ ਤੇ ਉਨ੍ਹਾਂ ਦੇ ਖ਼ਾਨਦਾਨ ਦਾ ਨਾਂ ਚੱਲਦਾ ਰੱਖਣਗੇ। ਸੁੱਖਣਾ ਪੂਰੀ ਕਰਨ ਲਈ ਯਿਫ਼ਤਾਹ ਨੂੰ ਆਪਣੀ ਇਕਲੌਤੀ ਪਿਆਰੀ ਧੀ ਤੋਂ ਵਿਛੜਨਾ ਪੈਣਾ ਸੀ।—ਨਿਆਈਆਂ 11:36-39.
ਇਸ ਕੁਆਰੀ ਵਫ਼ਾਦਾਰ ਕੁੜੀ ਦੀ ਜ਼ਿੰਦਗੀ ਵਿਅਰਥ ਨਹੀਂ ਗਈ। ਯਹੋਵਾਹ ਦੇ ਘਰ ਵਿਚ ਸੇਵਾ ਕਰ ਕੇ ਉਸ ਕੋਲ ਪਰਮੇਸ਼ੁਰ ਦੀ ਮਹਿਮਾ ਕਰਨ ਦਾ ਵਧੀਆ ਮੌਕਾ ਸੀ। ਇਸ ਲਈ, ‘ਵਰਹੇ ਦੇ ਵਰਹੇ ਇਸਰਾਏਲ ਦੀਆਂ ਧੀਆਂ ਯਿਫ਼ਤਾਹ ਗਿਲਆਦੀ ਦੀ ਧੀ ਦਾ ਸੋਗ [“ਦੀ ਸ਼ਲਾਘਾ,” NW] ਕਰਨ ਜਾਂਦੀਆਂ ਸਨ।’ (ਨਿਆਈਆਂ 11:40) ਯਿਫ਼ਤਾਹ ਨੂੰ ਵੀ ਇਸ ਗੱਲੋਂ ਖ਼ੁਸ਼ੀ ਹੋਈ ਹੋਣੀ ਕਿ ਉਹ ਯਹੋਵਾਹ ਦੀ ਸੇਵਾ ਕਰ ਰਹੀ ਸੀ।
ਅੱਜ ਵੀ ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕ ਪਾਇਨੀਅਰਾਂ, ਮਿਸ਼ਨਰੀਆਂ, ਸਫ਼ਰੀ ਨਿਗਾਹਬਾਨਾਂ ਜਾਂ ਬੈਥਲ ਪਰਿਵਾਰ ਦੇ ਮੈਂਬਰਾਂ ਵਜੋਂ ਪੂਰਾ ਸਮਾਂ ਸੇਵਾ ਕਰਦੇ ਹਨ। ਇਸ ਲਈ ਸ਼ਾਇਦ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪਵੇ। ਫਿਰ ਵੀ ਸਾਰੇ ਜਣੇ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਪਾ ਸਕਦੇ ਹਨ।—ਜ਼ਬੂਰਾਂ ਦੀ ਪੋਥੀ 110:3; ਇਬਰਾਨੀਆਂ 13:15, 16.
ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ
ਯਿਫ਼ਤਾਹ ਦੇ ਦਿਨਾਂ ਵਿਚ ਬਹੁਤ ਸਾਰੇ ਇਸਰਾਏਲੀਆਂ ਨੇ ਯਹੋਵਾਹ ਨੂੰ ਛੱਡ ਦਿੱਤਾ ਸੀ। ਭਾਵੇਂ ਇਫ਼ਰਾਈਮ ਦੇ ਲੋਕਾਂ ਨੂੰ ਪਤਾ ਸੀ ਕਿ ਯਹੋਵਾਹ ਯਿਫ਼ਤਾਹ ਦੇ ਨਾਲ ਸੀ, ਫਿਰ ਵੀ ਉਹ ਉਸ ਨਾਲ ਲੜਨ ਆਏ। ਉਹ ਜਾਣਨਾ ਚਾਹੁੰਦੇ ਸਨ ਕਿ ਉਸ ਨੇ ਉਨ੍ਹਾਂ ਨੂੰ ਲੜਾਈ ਵਾਸਤੇ ਕਿਉਂ ਨਹੀਂ ਬੁਲਾਇਆ ਸੀ। ਉਹ ਯਿਫ਼ਤਾਹ ਦੇ ਘਰ ਨੂੰ ‘ਉਸ ਸਣੇ’ ਫੂਕ ਦੇਣਾ ਚਾਹੁੰਦੇ ਸਨ।—ਨਿਆਈਆਂ 12:1.
ਯਿਫ਼ਤਾਹ ਨੇ ਕਿਹਾ ਕਿ ਉਸ ਨੇ ਉਨ੍ਹਾਂ ਨੂੰ ਬੁਲਾਇਆ ਸੀ, ਪਰ ਉਹ ਨਹੀਂ ਆਏ। ਜੋ ਵੀ ਸੀ, ਆਖ਼ਰ ਪਰਮੇਸ਼ੁਰ ਲੜਾਈ ਜਿੱਤ ਗਿਆ ਸੀ। ਕੀ ਉਹ ਹੁਣ ਇਸ ਕਰਕੇ ਨਾਰਾਜ਼ ਸਨ ਕਿ ਗਿਲਆਦ ਦੇ ਲੋਕਾਂ ਨੇ ਯਿਫ਼ਤਾਹ ਨੂੰ ਸੈਨਾਪਤੀ ਬਣਾਉਣ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਸੀ? ਅਸਲ ਵਿਚ ਇਫ਼ਰਾਈਮ ਦੇ ਲੋਕਾਂ ਦਾ ਇਤਰਾਜ਼ ਯਹੋਵਾਹ ਦੇ ਖ਼ਿਲਾਫ਼ ਬਗਾਵਤ ਦਾ ਸਬੂਤ ਸੀ। ਇਸ ਲਈ ਉਨ੍ਹਾਂ ਕੋਲ ਲੜਨ ਤੋਂ ਸਿਵਾਇ ਹੋਰ ਕੋਈ ਚਾਰਾ ਨਹੀਂ ਸੀ। ਲੜਾਈ ਵਿਚ ਗਿਲਆਦ ਦੇ ਲੋਕਾਂ ਨੇ ਇਫ਼ਰਾਈਮੀਆਂ ਨੂੰ ਹਰਾ ਦਿੱਤਾ। ਮੈਦਾਨ ਛੱਡ ਕੇ ਭੱਜ ਰਹੇ ਇਫ਼ਰਾਈਮੀਆਂ ਨੂੰ ਪਛਾਣਨ ਲਈ ਯਿਫ਼ਤਾਹ ਦੇ ਫ਼ੌਜੀਆਂ ਨੇ ਉਨ੍ਹਾਂ ਤੋਂ ਸ਼ਬਦ “ਸ਼ਿੱਬੋਲਥ” ਕਹਾਉਣ ਦੀ ਕੋਸ਼ਿਸ਼ ਕੀਤੀ। ਇਫ਼ਰਾਈਮੀਆਂ ਲਈ “ਸ਼ਿੱਬੋਲਥ” ਕਹਿਣਾ ਔਖਾ ਸੀ। ਇਸ ਤਰ੍ਹਾਂ ਇਫ਼ਰਾਈਮੀਆਂ ਨੂੰ ਪਛਾਣ-ਪਛਾਣ ਕੇ ਮਾਰਿਆ ਗਿਆ। ਉਸ ਲੜਾਈ ਵਿਚ ਕੁੱਲ 42,000 ਇਫ਼ਰਾਈਮੀ ਮਾਰੇ ਗਏ।—ਨਿਆਈਆਂ 12:2-6.
ਇਸਰਾਏਲ ਦੇ ਇਤਿਹਾਸ ਵਿਚ ਇਹ ਕਿੰਨਾ ਦੁੱਖ ਭਰਿਆ ਸਮਾਂ ਸੀ! ਨਿਆਂਕਾਰਾਂ ਆਥਨੀਏਲ, ਏਹੂਦ, ਬਾਰਾਕ ਅਤੇ ਗਿਦਾਊਨ ਨੇ ਦੁਸ਼ਮਣਾਂ ਨੂੰ ਹਰਾ ਕੇ ਆਪਣੇ ਦੇਸ਼ ਵਿਚ ਸ਼ਾਂਤੀ ਕਾਇਮ ਕੀਤੀ। ਪਰ ਇਸ ਸਮੇਂ ਸ਼ਾਂਤੀ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸ ਬਿਰਤਾਂਤ ਦੇ ਅਖ਼ੀਰ ਸਿਰਫ਼ ਇੰਨਾ ਹੀ ਕਿਹਾ ਗਿਆ ਹੈ: “ਯਿਫ਼ਤਾਹ ਨੇ ਛਿਆਂ ਵਰਿਹਾਂ ਤੋੜੀ ਇਸਰਾਏਲ ਦਾ ਨਿਆਉਂ ਕੀਤਾ। ਇਹ ਦੇ ਪਿੱਛੋਂ ਯਿਫ਼ਤਾਹ ਗਿਲਆਦੀ ਮਰ ਗਿਆ ਅਤੇ ਗਿਲਆਦ ਦੇ ਕਿਸੇ ਸ਼ਹਿਰ ਵਿੱਚ ਦੱਬਿਆ ਗਿਆ।”—ਨਿਆਈਆਂ 3:11, 30; 5:31; 8:28; 12:7.
ਅਸੀਂ ਇਸ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਾਂ? ਇਕ ਤਾਂ ਇਹ ਕਿ ਭਾਵੇਂ ਯਿਫ਼ਤਾਹ ਦੀ ਜ਼ਿੰਦਗੀ ਵਿਚ ਬਹੁਤ ਸਮੱਸਿਆਵਾਂ ਸਨ, ਪਰ ਉਹ ਯਹੋਵਾਹ ਦਾ ਵਫ਼ਾਦਾਰ ਰਿਹਾ। ਇਸ ਸੂਰਮੇ ਨੇ ਗਿਲਆਦ ਦੇ ਬਜ਼ੁਰਗਾਂ ਨਾਲ, ਅੰਮੋਨੀਆਂ ਨਾਲ, ਆਪਣੀ ਧੀ ਨਾਲ ਅਤੇ ਇਫ਼ਰਾਈਮੀਆਂ ਨਾਲ ਅਤੇ ਸੁੱਖਣਾ ਸੁੱਖਦੇ ਵੇਲੇ ਯਹੋਵਾਹ ਦਾ ਨਾਂ ਇਸਤੇਮਾਲ ਕੀਤਾ। (ਨਿਆਈਆਂ 11:9, 23, 27, 30, 31, 35; 12:3) ਯਹੋਵਾਹ ਨੇ ਯਿਫ਼ਤਾਹ ਨੂੰ ਬਰਕਤਾਂ ਦਿੱਤੀਆਂ ਅਤੇ ਉਸ ਨੂੰ ਤੇ ਉਸ ਦੀ ਧੀ ਨੂੰ ਸੱਚੀ ਭਗਤੀ ਸਥਾਪਿਤ ਕਰਨ ਲਈ ਇਸਤੇਮਾਲ ਕੀਤਾ। ਜਿਸ ਸਮੇਂ ਦੂਸਰੇ ਇਸਰਾਏਲੀ ਪਰਮੇਸ਼ੁਰ ਦੇ ਅਸੂਲਾਂ ਨੂੰ ਛੱਡ ਚੁੱਕੇ ਸਨ, ਯਿਫ਼ਤਾਹ ਉਨ੍ਹਾਂ ਅਸੂਲਾਂ ਤੇ ਚੱਲਦਾ ਰਿਹਾ। ਕੀ ਤੁਸੀਂ ਯਿਫ਼ਤਾਹ ਵਾਂਗ ਯਹੋਵਾਹ ਦਾ ਕਹਿਣਾ ਮੰਨਦੇ ਰਹੋਗੇ?
[ਫੁਟਨੋਟ]
a ਅੰਮੋਨੀ ਬਹੁਤ ਹੀ ਨਿਰਦਈ ਲੋਕ ਸਨ। ਯਿਫ਼ਤਾਹ ਤੋਂ ਲਗਭਗ 60 ਸਾਲਾਂ ਬਾਅਦ ਅੰਮੋਨੀਆਂ ਨੇ ਹਮਲਾ ਕਰ ਕੇ ਗਿਲਆਦ ਦੇ ਸਾਰੇ ਲੋਕਾਂ ਦੀਆਂ ਸੱਜੀਆਂ ਅੱਖਾਂ ਕੱਢ ਦੇਣ ਦੀ ਧਮਕੀ ਦਿੱਤੀ ਸੀ। ਨਬੀ ਆਮੋਸ ਨੇ ਵੀ ਉਸ ਸਮੇਂ ਬਾਰੇ ਦੱਸਿਆ ਜਦੋਂ ਅੰਮੋਨੀਆਂ ਨੇ ਗਿਲਆਦ ਵਿਚ ਗਰਭਵਤੀ ਤੀਵੀਆਂ ਦੇ ਢਿੱਡ ਚੀਰੇ ਸਨ।—1 ਸਮੂਏਲ 11:2; ਆਮੋਸ 1:13.