ਵਫ਼ਾਦਾਰ ਸੇਵਕਾਂ ʼਤੇ ਯਹੋਵਾਹ ਦੀ ਮਿਹਰ
“ਉਨ੍ਹਾਂ ਲੋਕਾਂ ਦੀ ਰੀਸ ਕਰੋ ਜਿਹੜੇ ਨਿਹਚਾ ਤੇ ਧੀਰਜ ਦੇ ਰਾਹੀਂ ਪਰਮੇਸ਼ੁਰ ਦੁਆਰਾ ਵਾਅਦਾ ਕੀਤੀਆਂ ਚੀਜ਼ਾਂ ਹਾਸਲ ਕਰਦੇ ਹਨ।”—ਇਬ. 6:12.
1, 2. ਯਿਫ਼ਤਾਹ ਅਤੇ ਉਸ ਦੀ ਧੀ ਨੇ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕੀਤਾ?
ਇਕ ਨੌਜਵਾਨ ਕੁੜੀ ਆਪਣੇ ਪਿਤਾ ਨੂੰ ਮਿਲਣ ਲਈ ਦੌੜੀ। ਉਹ ਬਹੁਤ ਖ਼ੁਸ਼ ਸੀ ਕਿ ਉਸ ਦਾ ਪਿਤਾ ਯੁੱਧ ਤੋਂ ਬਾਅਦ ਸਹੀ-ਸਲਾਮਤ ਘਰ ਆ ਗਿਆ ਸੀ। ਆਪਣੇ ਪਿਤਾ ਦੀ ਜਿੱਤ ਕਰਕੇ ਉਹ ਨੱਚ ਗਾ ਰਹੀ ਸੀ। ਪਰ ਉਸ ਦੇ ਪਿਤਾ ਨੇ ਜੋ ਕੀਤਾ ਅਤੇ ਕਿਹਾ, ਉਸ ਤੋਂ ਕੁੜੀ ਨੂੰ ਬਹੁਤ ਹੈਰਾਨੀ ਹੋਈ। ਉਹ ਆਪਣੇ ਕੱਪੜੇ ਪਾੜ ਕੇ ਚਿਲਾਇਆ: “ਹਾਏ! ਹਾਏ ਮੇਰੀਏ ਧੀਏ! ਤੈਂ ਮੈਨੂੰ ਬਹੁਤ ਨੀਵਾਂ ਕੀਤਾ।” ਫਿਰ ਉਸ ਨੇ ਆਪਣੀ ਧੀ ਨੂੰ ਦੱਸਿਆ ਕਿ ਉਸ ਨੇ ਯਹੋਵਾਹ ਨਾਲ ਜੋ ਵਾਅਦਾ ਕੀਤਾ ਸੀ, ਉਸ ਕਰਕੇ ਉਸ ਦੀ ਧੀ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਜਾਣੀ ਸੀ। ਇਸ ਵਾਅਦੇ ਕਰਕੇ ਉਸ ਦੀ ਧੀ ਨਾ ਕਦੇ ਵਿਆਹ ਕਰਾ ਸਕਦੀ ਸੀ ਤੇ ਨਾ ਹੀ ਬੱਚੇ ਪੈਦਾ ਕਰ ਸਕਦੀ ਸੀ। ਪਰ ਇਕਦਮ ਉਸ ਨੇ ਬਹੁਤ ਵਧੀਆ ਜਵਾਬ ਦਿੱਤਾ ਜਿਸ ਕਰਕੇ ਉਸ ਦੇ ਪਿਤਾ ਨੂੰ ਯਹੋਵਾਹ ਨਾਲ ਕੀਤਾ ਵਾਅਦਾ ਨਿਭਾਉਣ ਦੀ ਹੱਲਾਸ਼ੇਰੀ ਮਿਲੀ। ਉਸ ਦੇ ਜਵਾਬ ਤੋਂ ਪਤਾ ਲੱਗਾ ਕਿ ਉਹ ਯਹੋਵਾਹ ʼਤੇ ਪੂਰਾ ਭਰੋਸਾ ਰੱਖਦੀ ਸੀ ਕਿ ਯਹੋਵਾਹ ਉਸ ਨੂੰ ਜੋ ਵੀ ਕਰਨ ਲਈ ਕਹੇਗਾ, ਉਸ ਵਿਚ ਉਸ ਦਾ ਭਲਾ ਹੋਵੇਗਾ। (ਨਿਆ. 11:34-37) ਜਦੋਂ ਉਸ ਦੇ ਪਿਤਾ ਨੇ ਉਸ ਦੀ ਨਿਹਚਾ ਦੇਖੀ, ਤਾਂ ਉਸ ਨੂੰ ਆਪਣੀ ਧੀ ʼਤੇ ਫ਼ਖ਼ਰ ਹੋਇਆ। ਕਿਉਂ? ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦੀ ਧੀ ਦੀ ਕੁਰਬਾਨੀ ਨਾਲ ਯਹੋਵਾਹ ਖ਼ੁਸ਼ ਹੋਵੇਗਾ।
2 ਯਿਫ਼ਤਾਹ ਅਤੇ ਉਸ ਦੀ ਧੀ ਨੂੰ ਯਹੋਵਾਹ ʼਤੇ ਪੂਰਾ ਭਰੋਸਾ ਸੀ। ਉਹ ਉਸ ਵੇਲੇ ਵੀ ਯਹੋਵਾਹ ਦੇ ਵਫ਼ਾਦਾਰ ਰਹੇ ਜਦੋਂ ਇੱਦਾਂ ਕਰਨਾ ਸੌਖਾ ਨਹੀਂ ਸੀ। ਉਹ ਕਿਸੇ ਵੀ ਕੀਮਤ ʼਤੇ ਯਹੋਵਾਹ ਦੀ ਮਿਹਰ ਪਾਉਣ ਲਈ ਤਿਆਰ ਸਨ।
3. ਯਿਫ਼ਤਾਹ ਅਤੇ ਉਸ ਦੀ ਧੀ ਦੀ ਮਿਸਾਲ ਅੱਜ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
3 ਯਹੋਵਾਹ ਦੇ ਵਫ਼ਾਦਾਰ ਰਹਿਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਸਾਨੂੰ ਆਪਣੀ ਨਿਹਚਾ ਪੱਕੀ ਰੱਖਣ ਲਈ ‘ਪੂਰਾ ਜ਼ੋਰ ਲਾ ਕੇ ਲੜਨ’ ਦੀ ਲੋੜ ਹੈ। (ਯਹੂ. 3) ਆਪਣੀ ਨਿਹਚਾ ਪੱਕੀ ਰੱਖਣ ਲਈ ਆਓ ਆਪਾਂ ਯਿਫ਼ਤਾਹ ਅਤੇ ਉਸ ਦੀ ਧੀ ਦੀ ਮਿਸਾਲ ਤੋਂ ਸਿੱਖੀਏ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕੀਤਾ। ਉਹ ਯਹੋਵਾਹ ਦੇ ਵਫ਼ਾਦਾਰ ਕਿਵੇਂ ਰਹੇ?
ਦੁਨੀਆਂ ਦੇ ਮਾੜੇ ਮਾਹੌਲ ਦੇ ਬਾਵਜੂਦ ਵਫ਼ਾਦਾਰ
4, 5. (ੳ) ਯਹੋਵਾਹ ਨੇ ਇਜ਼ਰਾਈਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਂਦਿਆਂ ਕਿਹੜਾ ਹੁਕਮ ਦਿੱਤਾ ਸੀ? (ਅ) ਜ਼ਬੂਰ 106 ਅਨੁਸਾਰ ਇਜ਼ਰਾਈਲੀਆਂ ਨੂੰ ਆਪਣੀ ਅਣਆਗਿਆਕਾਰੀ ਦੇ ਕਿਹੜੇ ਨਤੀਜੇ ਭੁਗਤਣੇ ਪਏ?
4 ਯਿਫ਼ਤਾਹ ਅਤੇ ਉਸ ਦੀ ਧੀ ਹਰ ਰੋਜ਼ ਇਜ਼ਰਾਈਲੀਆਂ ਦੀ ਅਣਆਗਿਆਕਾਰੀ ਦੇ ਬੁਰੇ ਨਤੀਜੇ ਦੇਖਦੇ ਹੋਣੇ। ਇਸ ਤੋਂ ਲਗਭਗ 300 ਸਾਲ ਪਹਿਲਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿੱਚੋਂ ਝੂਠੀ ਭਗਤੀ ਕਰਨ ਵਾਲੇ ਸਾਰੇ ਲੋਕਾਂ ਨੂੰ ਮਾਰਨ ਦਾ ਹੁਕਮ ਦਿੱਤਾ ਸੀ। ਪਰ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ। (ਬਿਵ. 7:1-4) ਬਹੁਤ ਸਾਰੇ ਇਜ਼ਰਾਈਲੀ ਕਨਾਨੀ ਲੋਕਾਂ ਦੀ ਰੀਸ ਕਰਨ ਲੱਗ ਪਏ ਜੋ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਸਨ ਅਤੇ ਅਨੈਤਿਕ ਜ਼ਿੰਦਗੀ ਜੀਉਂਦੇ ਸਨ।—ਜ਼ਬੂਰਾਂ ਦੀ ਪੋਥੀ 106:34-39 ਪੜ੍ਹੋ।
5 ਇਜ਼ਰਾਈਲੀਆਂ ਦੀ ਅਣਆਗਿਆਕਾਰੀ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹੱਥੋਂ ਨਹੀਂ ਬਚਾਇਆ। (ਨਿਆ. 2:1-3, 11-15; ਜ਼ਬੂ. 106:40-43) ਇਨ੍ਹਾਂ ਮੁਸ਼ਕਲ ਸਾਲਾਂ ਦੌਰਾਨ ਯਹੋਵਾਹ ਦੇ ਸੇਵਕਾਂ ਲਈ ਉਸ ਪ੍ਰਤੀ ਵਫ਼ਾਦਾਰ ਰਹਿਣਾ ਜ਼ਰੂਰ ਔਖਾ ਹੋਇਆ ਹੋਣਾ। ਪਰ ਬਾਈਬਲ ਉਨ੍ਹਾਂ ਲੋਕਾਂ ਬਾਰੇ ਦੱਸਦੀ ਹੈ ਜੋ ਉਸ ਸਮੇਂ ਵਫ਼ਾਦਾਰ ਰਹੇ ਸਨ, ਜਿਵੇਂ ਯਿਫ਼ਤਾਹ, ਉਸ ਦੀ ਧੀ, ਅਲਕਾਨਾਹ, ਹੰਨਾਹ ਅਤੇ ਸਮੂਏਲ। ਉਨ੍ਹਾਂ ਨੇ ਯਹੋਵਾਹ ਨੂੰ ਖ਼ੁਸ਼ ਕਰਨ ਦਾ ਦ੍ਰਿੜ੍ਹ ਇਰਾਦਾ ਕੀਤਾ ਹੋਇਆ ਸੀ।—1 ਸਮੂ. 1:20-28; 2:26.
6. ਅੱਜ ਦੁਨੀਆਂ ਵਿਚ ਕਿਸ ਤਰ੍ਹਾਂ ਦਾ ਪ੍ਰਭਾਵ ਹੈ ਅਤੇ ਸਾਨੂੰ ਕੀ ਕਰਨ ਦੀ ਲੋੜ ਹੈ?
6 ਅੱਜ ਦੁਨੀਆਂ ਦੀ ਸੋਚ ਕਨਾਨੀ ਲੋਕਾਂ ਵਰਗੀ ਹੋ ਚੁੱਕੀ ਹੈ ਅਤੇ ਉਹ ਉਨ੍ਹਾਂ ਵਾਂਗ ਕੰਮ ਕਰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਵਿਚ ਸੈਕਸ, ਹਿੰਸਾ ਅਤੇ ਪੈਸਾ ਹੀ ਸਭ ਕੁਝ ਹੈ। ਅੱਜ ਵੀ ਯਹੋਵਾਹ ਸਾਨੂੰ ਇਜ਼ਰਾਈਲੀਆਂ ਵਾਂਗ ਬੁਰੇ ਪ੍ਰਭਾਵਾਂ ਤੋਂ ਬਚਾਉਣ ਲਈ ਸਾਫ਼-ਸਾਫ਼ ਚੇਤਾਵਨੀਆਂ ਦਿੰਦਾ ਹੈ। ਕੀ ਅਸੀਂ ਇਜ਼ਰਾਈਲੀਆਂ ਦੀਆਂ ਗ਼ਲਤੀਆਂ ਤੋਂ ਸਬਕ ਸਿੱਖਾਂਗੇ? (1 ਕੁਰਿੰ. 10:6-11) ਸਾਨੂੰ ਕਨਾਨੀ ਲੋਕਾਂ ਵਰਗੀ ਸੋਚ ਨੂੰ ਆਪਣੇ ਦਿਲੋਂ ਕੱਢਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਰੋਮੀ. 12:2) ਕੀ ਅਸੀਂ ਇੱਦਾਂ ਕਰਨ ਲਈ ਆਪਣਾ ਪੂਰਾ ਜ਼ੋਰ ਲਾਵਾਂਗੇ?
ਨਿਰਾਸ਼ਾ ਦੇ ਬਾਵਜੂਦ ਵੀ ਵਫ਼ਾਦਾਰ
7. (ੳ) ਯਿਫ਼ਤਾਹ ਨੂੰ ਆਪਣੇ ਲੋਕਾਂ ਦੇ ਹੱਥੋਂ ਕੀ ਸਹਿਣਾ ਪਿਆ? (ਅ) ਯਿਫ਼ਤਾਹ ਕਿਸ ਤਰੀਕੇ ਨਾਲ ਪੇਸ਼ ਆਇਆ?
7 ਯਿਫ਼ਤਾਹ ਦੇ ਦਿਨਾਂ ਵਿਚ ਇਜ਼ਰਾਈਲੀਆਂ ਦੀ ਅਣਆਗਿਆਕਾਰੀ ਕਰਕੇ ਉਹ ਫਲਿਸਤੀਆਂ ਅਤੇ ਅੰਮੋਨੀਆਂ ਦੇ ਗ਼ੁਲਾਮ ਬਣ ਗਏ ਸਨ। (ਨਿਆ. 10:7, 8) ਪਰ ਯਿਫ਼ਤਾਹ ਨੂੰ ਸਿਰਫ਼ ਦੁਸ਼ਮਣ ਕੌਮਾਂ ਕਰਕੇ ਹੀ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰਨਾ ਪਿਆ, ਸਗੋਂ ਉਸ ਨੂੰ ਆਪਣੇ ਭਰਾਵਾਂ ਅਤੇ ਇਜ਼ਰਾਈਲ ਕੌਮ ਦੇ ਆਗੂਆਂ ਕਰਕੇ ਵੀ ਕਰਨਾ ਪਿਆ। ਪਰ ਇਸ ਦੇ ਨਾਲ-ਨਾਲ ਨੇ ਵੀ ਉਸ ਨਾਲ ਬੁਰਾ ਸਲੂਕ ਕੀਤਾ। ਈਰਖਾ ਅਤੇ ਨਫ਼ਰਤ ਹੋਣ ਕਰਕੇ ਉਨ੍ਹਾਂ ਨੇ ਯਿਫ਼ਤਾਹ ਨੂੰ ਜ਼ਮੀਨ ਛੱਡਣ ਲਈ ਮਜਬੂਰ ਕੀਤਾ ਜੋ ਕਾਨੂੰਨੀ ਤੌਰ ʼਤੇ ਉਸ ਦੀ ਸੀ। (ਨਿਆ. 11:1-3) ਯਿਫ਼ਤਾਹ ਨੇ ਉਨ੍ਹਾਂ ਦੇ ਘਟੀਆ ਰਵੱਈਏ ਦਾ ਆਪਣੇ ʼਤੇ ਅਸਰ ਨਹੀਂ ਪੈਣ ਦਿੱਤਾ। ਅਸੀਂ ਇਹ ਕਿਵੇਂ ਜਾਣਦੇ ਹਾਂ? ਕਿਉਂਕਿ ਜਦੋਂ ਕੌਮ ਦੇ ਬਜ਼ੁਰਗਾਂ ਨੇ ਉਸ ਨੂੰ ਮਦਦ ਲਈ ਪੁਕਾਰਿਆ, ਤਾਂ ਉਸ ਨੇ ਉਨ੍ਹਾਂ ਦੀ ਮਦਦ ਕੀਤੀ। (ਨਿਆ. 11:4-11) ਸ਼ਾਇਦ ਕਿਹੜੀ ਗੱਲ ਕਰਕੇ ਯਿਫ਼ਤਾਹ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੋਇਆ?
8, 9. (ੳ) ਮੂਸਾ ਦੇ ਕਾਨੂੰਨ ਵਿਚ ਦਿੱਤੇ ਕਿਹੜੇ ਅਸੂਲਾਂ ਨੇ ਸ਼ਾਇਦ ਯਿਫ਼ਤਾਹ ਦੀ ਮਦਦ ਕੀਤੀ ਹੋਵੇ? (ਅ) ਯਿਫ਼ਤਾਹ ਲਈ ਕਿਹੜੀ ਗੱਲ ਜ਼ਿਆਦਾ ਅਹਿਮੀਅਤ ਰੱਖਦੀ ਸੀ?
8 ਯਿਫ਼ਤਾਹ ਇਕ ਸੂਰਬੀਰ ਯੋਧਾ ਸੀ ਅਤੇ ਉਹ ਜਾਣਦਾ ਸੀ ਕਿ ਯਹੋਵਾਹ ਆਪਣੇ ਲੋਕਾਂ ਨਾਲ ਕਿਵੇਂ ਪੇਸ਼ ਆਇਆ ਸੀ। ਇਜ਼ਰਾਈਲ ਦੇ ਇਤਿਹਾਸ ਤੋਂ ਉਸ ਨੂੰ ਪਤਾ ਲੱਗਾ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕੀ ਸਹੀ ਤੇ ਕੀ ਗ਼ਲਤ ਹੈ। (ਨਿਆ. 11:12-27) ਮੂਸਾ ਦੇ ਕਾਨੂੰਨ ਵਿਚ ਦਿੱਤੇ ਪਰਮੇਸ਼ੁਰ ਦੇ ਅਸੂਲਾਂ ਨੇ ਯਿਫ਼ਤਾਹ ਦੇ ਦਿਲ ਅਤੇ ਸੋਚ ʼਤੇ ਅਸਰ ਪਾਇਆ। ਉਹ ਜਾਣਦਾ ਸੀ ਕਿ ਯਹੋਵਾਹ ਨੂੰ ਪਸੰਦ ਨਹੀਂ ਹੈ ਕਿ ਅਸੀਂ ਆਪਣੇ ਦਿਲ ਵਿਚ ਗਿਲੇ-ਸ਼ਿਕਵੇ ਰੱਖੀਏ। ਇਸ ਦੀ ਬਜਾਇ, ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਲੋਕ ਆਪਸ ਵਿਚ ਪਿਆਰ ਕਰਨ। ਇਸ ਤੋਂ ਇਲਾਵਾ, ਯਿਫ਼ਤਾਹ ਨੂੰ ਮੂਸਾ ਦੇ ਕਾਨੂੰਨ ਤੋਂ ਇਹ ਵੀ ਪਤਾ ਲੱਗਾ ਕਿ ਉਸ ਨੂੰ ਦੂਸਰਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਸੀ ਅਤੇ ਉਨ੍ਹਾਂ ਨਾਲ ਵੀ ਜਿਹੜੇ ਉਸ ਨਾਲ “ਵੈਰ” ਕਰਦੇ ਸਨ।—ਕੂਚ 23:5; ਲੇਵੀਆਂ 19:17, 18 ਪੜ੍ਹੋ।
9 ਯੂਸੁਫ਼ ਦੀ ਮਿਸਾਲ ਨੇ ਸ਼ਾਇਦ ਯਿਫ਼ਤਾਹ ਦੀ ਮਦਦ ਕੀਤੀ ਹੋਵੇ। ਉਸ ਨੇ ਸਿੱਖਿਆ ਹੋਣਾ ਕਿ ਯੂਸੁਫ਼ ਨੇ ਆਪਣੇ ਭਰਾਵਾਂ ʼਤੇ ਕਿਵੇਂ ਦਇਆ ਕੀਤੀ ਭਾਵੇਂ ਕਿ ਉਨ੍ਹਾਂ ਨੇ “ਉਸ ਦੇ ਨਾਲ ਵੈਰ” ਕੀਤਾ ਸੀ। (ਉਤ. 37:4; 45:4, 5) ਇਸ ਮਿਸਾਲ ʼਤੇ ਸੋਚ-ਵਿਚਾਰ ਕਰ ਕੇ ਸ਼ਾਇਦ ਯਿਫ਼ਤਾਹ ਦੀ ਮਦਦ ਹੋਈ ਹੋਵੇ। ਯਿਫ਼ਤਾਹ ਉਸ ਤਰੀਕੇ ਨਾਲ ਪੇਸ਼ ਆਇਆ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਈ ਸੀ। ਬਿਨਾਂ ਸ਼ੱਕ ਯਿਫ਼ਤਾਹ ਦੇ ਭਰਾਵਾਂ ਨੇ ਉਸ ਦਾ ਦਿਲ ਦੁਖਾਇਆ ਸੀ, ਪਰ ਇਸ ਦੇ ਬਾਵਜੂਦ ਵੀ ਉਹ ਯਹੋਵਾਹ ਅਤੇ ਉਸ ਦੇ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੁਕਿਆ। (ਨਿਆ. 11:9) ਯਿਫ਼ਤਾਹ ਲਈ ਆਪਣੇ ਮਤਭੇਦਾਂ ਨਾਲੋਂ ਯਹੋਵਾਹ ਦੇ ਨਾਂ ਦੀ ਖ਼ਾਤਰ ਲੜਨਾ ਕਿਤੇ ਜ਼ਿਆਦਾ ਅਹਿਮੀਅਤ ਰੱਖਦਾ ਸੀ। ਉਸ ਨੇ ਯਹੋਵਾਹ ਦੀ ਸੇਵਾ ਕਰਨ ਦਾ ਦ੍ਰਿੜ੍ਹ ਇਰਾਦਾ ਕੀਤਾ ਹੋਇਆ ਸੀ। ਇਸ ਕਰਕੇ ਉਸ ʼਤੇ ਅਤੇ ਇਜ਼ਰਾਈਲੀਆਂ ʼਤੇ ਯਹੋਵਾਹ ਦੀ ਮਿਹਰ ਸੀ।—ਇਬ. 11:32, 33.
10. ਬਾਈਬਲ ਦੇ ਅਸੂਲ ਅੱਜ ਮਸੀਹੀਆਂ ਦੀ ਸਹੀ ਕੰਮ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਨ?
10 ਕੀ ਅਸੀਂ ਆਪਣੇ ਦਿਲਾਂ ʼਤੇ ਯਿਫ਼ਤਾਹ ਦੀ ਮਿਸਾਲ ਦਾ ਅਸਰ ਪੈਣ ਦੇਵਾਂਗੇ? ਅਸੀਂ ਉਦੋਂ ਕੀ ਕਰਾਂਗੇ, ਜਦੋਂ ਸਾਡੇ ਭੈਣ-ਭਰਾ ਸਾਡਾ ਦਿਲ ਦੁਖਾਉਣ ਜਾਂ ਸਾਡੇ ਨਾਲ ਵਧੀਆ ਤਰੀਕੇ ਨਾਲ ਪੇਸ਼ ਨਾ ਆਉਣ? ਇਨ੍ਹਾਂ ਗੱਲਾਂ ਕਰਕੇ ਯਹੋਵਾਹ ਦੀ ਸੇਵਾ ਕਰਨੀ ਨਾ ਛੱਡੋ। ਕਦੀ ਵੀ ਸਭਾਵਾਂ ਵਿਚ ਜਾਣ ਜਾਂ ਆਪਣੇ ਭੈਣਾਂ-ਭਰਾਵਾਂ ਨਾਲ ਸਮਾਂ ਗੁਜ਼ਾਰਨ ਤੋਂ ਨਾ ਹਟੋ। ਆਓ ਆਪਾਂ ਯਿਫ਼ਤਾਹ ਦੀ ਮਿਸਾਲ ʼਤੇ ਚੱਲੀਏ ਅਤੇ ਯਹੋਵਾਹ ਦਾ ਕਹਿਣਾ ਮੰਨੀਏ। ਇੱਦਾਂ ਕਰ ਕੇ ਅਸੀਂ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰ ਸਕਾਂਗੇ ਅਤੇ ਅਸੀਂ ਵੀ ਦੂਜਿਆਂ ਲਈ ਯਿਫ਼ਤਾਹ ਵਾਂਗ ਚੰਗੀ ਮਿਸਾਲ ਬਣ ਸਕਾਂਗੇ।—ਰੋਮੀ. 12:20, 21; ਕੁਲੁ. 3:13.
ਦਿਲੋਂ ਕੀਤੀਆਂ ਕੁਰਬਾਨੀਆਂ ਤੋਂ ਸਾਡੀ ਨਿਹਚਾ ਝਲਕਦੀ ਹੈ
11, 12. ਯਿਫ਼ਤਾਹ ਨੇ ਕੀ ਸਹੁੰ ਖਾਧੀ ਅਤੇ ਇਸ ਦਾ ਕੀ ਮਤਲਬ ਸੀ?
11 ਯਿਫ਼ਤਾਹ ਨੂੰ ਪਤਾ ਸੀ ਕਿ ਇਜ਼ਰਾਈਲੀਆਂ ਨੂੰ ਅੰਮੋਨੀਆਂ ਤੋਂ ਛੁਡਾਉਣ ਲਈ ਉਸ ਨੂੰ ਯਹੋਵਾਹ ਦੀ ਮਦਦ ਦੀ ਲੋੜ ਸੀ। ਉਸ ਨੇ ਯਹੋਵਾਹ ਨਾਲ ਸਹੁੰ ਖਾਧੀ ਕਿ ਜੇ ਯਹੋਵਾਹ ਉਸ ਨੂੰ ਜਿੱਤ ਦਿਵਾਵੇ, ਤਾਂ ਲੜਾਈ ਤੋਂ ਘਰ ਵਾਪਸ ਆਉਂਦਿਆਂ ਜੋ ਉਸ ਨੂੰ ਪਹਿਲਾਂ ਮਿਲੇ, ਉਹ ਉਸ ਨੂੰ ਯਹੋਵਾਹ ਲਈ ‘ਹੋਮ ਦੀ ਬਲੀ ਚੜ੍ਹਾਵੇਗਾ।’ (ਨਿਆ. 11:30, 31) ਹੋਮ ਦੀ ਬਲ਼ੀ ਚੜ੍ਹਾਉਣ ਦਾ ਕੀ ਮਤਲਬ ਸੀ?
12 ਇਨਸਾਨ ਦੀ ਬਲ਼ੀ ਤੋਂ ਯਹੋਵਾਹ ਨੂੰ ਸਖ਼ਤ ਨਫ਼ਰਤ ਹੈ। ਇਸ ਲਈ ਅਸੀਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਿਫ਼ਤਾਹ ਨੇ ਸੱਚੀਂ-ਮੁੱਚੀ ਕਿਸੇ ਦੀ ਬਲ਼ੀ ਨਹੀਂ ਚੜ੍ਹਾਉਣੀ ਸੀ। (ਬਿਵ. 18:9, 10) ਮੂਸਾ ਦੇ ਕਾਨੂੰਨ ਮੁਤਾਬਕ ਹੋਮ ਬਲ਼ੀ ਪੂਰੀ ਤਰ੍ਹਾਂ ਯਹੋਵਾਹ ਦੀ ਹੁੰਦੀ ਸੀ। ਸੋ ਯਿਫ਼ਤਾਹ ਦੇ ਕਹਿਣ ਦਾ ਮਤਲਬ ਸੀ ਕਿ ਉਹ ਉਸ ਵਿਅਕਤੀ ਨੂੰ ਹਮੇਸ਼ਾ ਲਈ ਯਹੋਵਾਹ ਦੇ ਮੰਦਰ ਵਿਚ ਸੇਵਾ ਕਰਨ ਲਈ ਸੌਂਪ ਦੇਵੇਗਾ ਜੋ ਯੁੱਧ ਤੋਂ ਬਾਅਦ ਉਸ ਨੂੰ ਪਹਿਲਾਂ ਮਿਲੇਗਾ। ਯਹੋਵਾਹ ਨੇ ਯਿਫ਼ਤਾਹ ਦੀ ਸ਼ਰਤ ਕਬੂਲ ਕੀਤੀ ਅਤੇ ਉਸ ਨੂੰ ਸ਼ਾਨਦਾਰ ਜਿੱਤ ਦਿਵਾਈ। (ਨਿਆ. 11:32, 33) ਪਰ ਯਿਫ਼ਤਾਹ ਨੇ ਕਿਸ ਨੂੰ ‘ਹੋਮ ਬਲ਼ੀ’ ਵਜੋਂ ਚੜ੍ਹਾਉਣਾ ਸੀ?
13, 14. ਨਿਆਈਆਂ 11:35 ਵਿਚ ਯਿਫ਼ਤਾਹ ਦੇ ਸ਼ਬਦਾਂ ਤੋਂ ਉਸ ਦੀ ਨਿਹਚਾ ਬਾਰੇ ਕੀ ਪਤਾ ਲੱਗਦਾ ਹੈ?
13 ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੀ ਘਟਨਾ ਬਾਰੇ ਸੋਚੋ। ਜਦੋਂ ਯਿਫ਼ਤਾਹ ਯੁੱਧ ਤੋਂ ਘਰ ਵਾਪਸ ਆਇਆ, ਤਾਂ ਉਸ ਨੂੰ ਮਿਲਣ ਲਈ ਸਭ ਤੋਂ ਪਹਿਲਾਂ ਕੌਣ ਆਇਆ? ਉਸ ਦੀ ਪਿਆਰੀ ਇਕਲੌਤੀ ਧੀ। ਕੀ ਹੁਣ ਯਿਫ਼ਤਾਹ ਆਪਣੀ ਸਹੁੰ ਪੂਰੀ ਕਰੇਗਾ? ਕੀ ਉਹ ਆਪਣੀ ਧੀ ਨੂੰ ਉਮਰ ਭਰ ਯਹੋਵਾਹ ਦੇ ਮੰਦਰ ਵਿਚ ਸੇਵਾ ਕਰਨ ਲਈ ਦੇਵੇਗਾ?
14 ਇਕ ਵਾਰ ਫਿਰ ਮੂਸਾ ਦੇ ਕਾਨੂੰਨ ਵਿਚ ਦਿੱਤੇ ਅਸੂਲਾਂ ਨੇ ਯਿਫ਼ਤਾਹ ਦੀ ਸਹੀ ਫ਼ੈਸਲਾ ਕਰਨ ਵਿਚ ਮਦਦ ਕੀਤੀ। ਸ਼ਾਇਦ ਉਸ ਨੂੰ ਕੂਚ 23:19 ਦੇ ਸ਼ਬਦ ਚੇਤੇ ਆਏ ਹੋਣ ਜਿੱਥੇ ਦੱਸਿਆ ਹੈ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਆਪਣੀ ਸਭ ਤੋਂ ਵਧੀਆ ਚੀਜ਼ ਯਹੋਵਾਹ ਨੂੰ ਖ਼ੁਸ਼ੀ-ਖ਼ੁਸ਼ੀ ਦੇਣੀ ਚਾਹੀਦੀ ਹੈ। ਮੂਸਾ ਦੇ ਕਾਨੂੰਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਇਕ ਵਿਅਕਤੀ ਯਹੋਵਾਹ ਨਾਲ ਸਹੁੰ ਖਾਂਦਾ ਹੈ, ਤਾਂ “ਉਹ ਆਪਣਾ ਬਚਨ ਨਾ ਤੋੜੇ ਪਰ ਜੋ ਕੁਝ ਉਸ ਦੇ ਮੂੰਹ ਤੋਂ ਨਿੱਕਲਦਾ ਹੈ ਉਹ ਉਸ ਨੂੰ ਪੂਰਾ ਕਰੇ।” (ਗਿਣ. 30:2) ਭਾਵੇਂ ਕਿ ਉਹ ਜਾਣਦਾ ਸੀ ਕਿ ਇਹ ਵਾਅਦਾ ਪੂਰਾ ਕਰਨ ਨਾਲ ਉਸ ਦਾ ਅਤੇ ਉਸ ਦੀ ਧੀ ਦਾ ਕੀ ਭਵਿੱਖ ਹੋਣਾ ਸੀ, ਫਿਰ ਵੀ ਉਸ ਨੇ ਆਪਣੇ ਜ਼ਮਾਨੇ ਵਿਚ ਰਹਿਣ ਵਾਲੀ ਵਫ਼ਾਦਾਰ ਹੰਨਾਹ ਵਾਂਗ ਆਪਣਾ ਵਾਅਦਾ ਪੂਰਾ ਕਰਨਾ ਸੀ। ਉਸ ਦੀ ਧੀ ਨੇ ਯਹੋਵਾਹ ਦੇ ਮੰਦਰ ਵਿਚ ਸੇਵਾ ਕਰਨੀ ਸੀ ਜਿਸ ਕਰਕੇ ਉਹ ਨਾ ਤਾਂ ਕਦੀ ਵਿਆਹ ਕਰਾ ਸਕਦੀ ਸੀ ਤੇ ਨਾ ਹੀ ਕਦੇ ਬੱਚੇ ਪੈਦਾ ਕਰ ਸਕਦੀ ਸੀ। ਇਸ ਲਈ ਯਿਫ਼ਤਾਹ ਦਾ ਵੰਸ਼ ਖ਼ਤਮ ਹੋ ਜਾਣਾ ਸੀ ਅਤੇ ਉਸ ਦੀ ਜ਼ਮੀਨ ਦਾ ਕੋਈ ਵਾਰਸ ਨਹੀਂ ਹੋਣਾ ਸੀ। (ਨਿਆ. 11:34) ਫਿਰ ਵੀ ਯਿਫ਼ਤਾਹ ਨੇ ਕਿਹਾ: “ਮੈਂ ਯਹੋਵਾਹ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸੱਕਦਾ।” (ਨਿਆ. 11:35) ਭਾਵੇਂ ਕਿ ਉਸ ਨੂੰ ਆਪਣੀ ਸਹੁੰ ਪੂਰੀ ਕਰਨ ਦੀ ਕਿੰਨੀ ਹੀ ਵੱਡੀ ਕੀਮਤ ਚੁਕਾਉਣੀ ਪਈ, ਪਰ ਇਸ ਕਰਕੇ ਉਸ ʼਤੇ ਪਰਮੇਸ਼ੁਰ ਦੀ ਮਿਹਰ ਹੋਈ। ਕੀ ਤੁਸੀਂ ਵੀ ਯਿਫ਼ਤਾਹ ਵਾਂਗ ਹੀ ਕਰਦੇ?
15. ਸਾਡੇ ਵਿੱਚੋਂ ਬਹੁਤਿਆਂ ਨੇ ਕਿਹੜੀ ਸਹੁੰ ਖਾਧੀ ਹੈ ਅਤੇ ਅਸੀਂ ਆਪਣੀ ਸਹੁੰ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ?
15 ਜਦੋਂ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ, ਤਾਂ ਅਸੀਂ ਸਹੁੰ ਖਾਧੀ ਸੀ ਕਿ ਅਸੀਂ ਬਿਨਾਂ ਕਿਸੇ ਸ਼ਰਤ ਦੇ ਯਹੋਵਾਹ ਦੀ ਇੱਛਾ ਪੂਰੀ ਕਰਾਂਗੇ। ਅਸੀਂ ਜਾਣਦੇ ਸੀ ਕਿ ਇਸ ਸਹੁੰ ਨੂੰ ਪੂਰਾ ਕਰਨਾ ਹਮੇਸ਼ਾ ਸੌਖਾ ਨਹੀਂ ਹੋਵੇਗਾ। ਪਰ ਅਸੀਂ ਉਦੋਂ ਕੀ ਕਰਦੇ ਹਾਂ, ਜਦੋਂ ਸਾਨੂੰ ਉਹ ਕੰਮ ਕਰਨ ਲਈ ਕਿਹਾ ਜਾਂਦਾ ਹੈ ਜੋ ਸਾਨੂੰ ਪਸੰਦ ਨਹੀਂ? ਜਦੋਂ ਅਸੀਂ ਯਹੋਵਾਹ ਦੀ ਸੇਵਾ ਕਰਨ ਲਈ ਕੁਰਬਾਨੀਆਂ ਕਰਦੇ ਹਾਂ ਅਤੇ ਆਪਣਾ ਸੁੱਖ-ਆਰਾਮ ਤਿਆਗਦੇ ਹਾਂ, ਉਦੋਂ ਅਸੀਂ ਆਪਣੀ ਸਹੁੰ ਪੂਰੀ ਕਰ ਰਹੇ ਹੁੰਦੇ ਹਾਂ। ਚਾਹੇ ਕੁਰਬਾਨੀਆਂ ਕਰਨ ਨਾਲ ਸਾਨੂੰ ਮੁਸ਼ਕਲਾਂ ਸਹਿਣੀਆਂ ਪੈਣ, ਪਰ ਉਨ੍ਹਾਂ ਮੁਸ਼ਕਲਾਂ ਨਾਲੋਂ ਯਹੋਵਾਹ ਸਾਨੂੰ ਕਿਤੇ ਜ਼ਿਆਦਾ ਬਰਕਤਾਂ ਦੇਵੇਗਾ। (ਮਲਾ. 3:10) ਪਰ ਯਿਫ਼ਤਾਹ ਦੀ ਧੀ ਬਾਰੇ ਕੀ? ਉਸ ਨੇ ਕੀ ਕਿਹਾ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਆਪਣੀ ਸਹੁੰ ਬਾਰੇ ਦੱਸਿਆ?
16. ਯਿਫ਼ਤਾਹ ਦੀ ਧੀ ਨੇ ਆਪਣੇ ਪਿਤਾ ਦੀ ਸਹੁੰ ਕਰਕੇ ਕੀ ਕੀਤਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
16 ਯਿਫ਼ਤਾਹ ਦੀ ਸਹੁੰ ਹੰਨਾਹ ਦੀ ਸਹੁੰ ਨਾਲੋਂ ਅਲੱਗ ਸੀ। ਹੰਨਾਹ ਨੇ ਸਹੁੰ ਖਾਧੀ ਕਿ ਉਹ ਸਮੂਏਲ ਨੂੰ ਮੰਦਰ ਵਿਚ ਨਜ਼ੀਰ ਵਜੋਂ ਸੇਵਾ ਕਰਨ ਲਈ ਦੇ ਦੇਵੇਗੀ। (1 ਸਮੂ. 1:11) ਇਕ ਨਜ਼ੀਰ ਵਿਆਹ ਕਰਾ ਸਕਦਾ ਸੀ ਅਤੇ ਬੱਚੇ ਪੈਦਾ ਕਰ ਸਕਦਾ ਸੀ। ਪਰ ਯਿਫ਼ਤਾਹ ਦੀ ਧੀ ਨੂੰ “ਹੋਮ ਦੀ ਬਲੀ” ਵਜੋਂ ਚੜ੍ਹਾਇਆ ਜਾਣਾ ਸੀ। ਇਸ ਲਈ ਉਸ ਨੂੰ ਪਤਨੀ ਅਤੇ ਮਾਂ ਬਣਨ ਦਾ ਸੁੱਖ ਨਹੀਂ ਮਿਲਣਾ ਸੀ। (ਨਿਆ. 11:37-40) ਜ਼ਰਾ ਇਸ ਬਾਰੇ ਸੋਚੋ! ਉਸ ਦਾ ਵਿਆਹ ਸ਼ਾਇਦ ਦੇਸ਼ ਦੇ ਸਭ ਤੋਂ ਚੰਗੇ ਆਦਮੀ ਨਾਲ ਹੁੰਦਾ ਕਿਉਂਕਿ ਉਸ ਦਾ ਪਿਤਾ ਇਜ਼ਰਾਈਲ ਦਾ ਆਗੂ ਸੀ। ਪਰ ਹੁਣ ਉਸ ਨੂੰ ਮੰਦਰ ਵਿਚ ਇਕ ਨਿਮਰ ਸੇਵਕ ਬਣ ਕੇ ਰਹਿਣਾ ਪੈਣਾ ਸੀ। ਯਿਫ਼ਤਾਹ ਦੀ ਧੀ ਨੇ ਕੀ ਕਿਹਾ? ਉਸ ਨੇ ਕਿਹਾ: “ਜੋ ਕੁਝ ਤੈਂ ਮੂੰਹੋਂ ਕੱਢਿਆ ਹੈ ਸੋ ਮੇਰੇ ਨਾਲ ਕਰ।” ਉਸ ਦੇ ਜਵਾਬ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਪਹਿਲੀ ਥਾਂ ʼਤੇ ਸੀ। (ਨਿਆ. 11:36) ਯਹੋਵਾਹ ਦੀ ਸੇਵਾ ਕਰਨ ਲਈ ਉਸ ਨੇ ਵਿਆਹ ਕਰਾਉਣ ਅਤੇ ਮਾਂ ਬਣਨ ਦੀਆਂ ਆਪਣੀਆਂ ਖ਼ਾਹਸ਼ਾਂ ਨੂੰ ਮਾਰਿਆ। ਉਸ ਦੀਆਂ ਦਿਲੋਂ ਕੀਤੀਆਂ ਕੁਰਬਾਨੀਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
17. (ੳ) ਤੁਸੀਂ ਯਿਫ਼ਤਾਹ ਅਤੇ ਉਸ ਦੀ ਧੀ ਦੀ ਰੀਸ ਕਿਵੇਂ ਕਰ ਸਕਦੇ ਹੋ? (ਅ) ਇਬਰਾਨੀਆਂ 6:10-12 ਦੇ ਸ਼ਬਦ ਤੁਹਾਨੂੰ ਕੁਰਬਾਨੀਆਂ ਕਰਨ ਲਈ ਕਿਵੇਂ ਹੱਲਾਸ਼ੇਰੀ ਦਿੰਦੇ ਹਨ?
17 ਅੱਜ ਵੀ ਹਜ਼ਾਰਾਂ ਹੀ ਮਸੀਹੀ ਦਿਲੋਂ ਕੁਰਬਾਨੀਆਂ ਕਰਦੇ ਹਨ। ਉਹ ਵਿਆਹ ਨਹੀਂ ਕਰਾਉਂਦੇ ਜਾਂ ਬੱਚੇ ਪੈਦਾ ਨਹੀਂ ਕਰਦੇ। ਕਿਉਂ? ਕਿਉਂਕਿ ਉਹ ਆਪਣਾ ਸਾਰਾ ਧਿਆਨ ਯਹੋਵਾਹ ਦੀ ਸੇਵਾ ਵਿਚ ਲਾਉਣਾ ਚਾਹੁੰਦੇ ਹਨ। ਨਾਲੇ ਸਾਡੇ ਬਹੁਤ ਸਾਰੇ ਸਿਆਣੇ ਭੈਣ-ਭਰਾ ਵੀ ਆਪਣੇ ਬੱਚਿਆਂ ਅਤੇ ਦੋਹਤੇ-ਪੋਤਿਆਂ ਨਾਲ ਸਮਾਂ ਗੁਜ਼ਾਰਨ ਦਾ ਤਿਆਗ ਕਰਦੇ ਹਨ। ਉਹ ਆਪਣਾ ਸਮਾਂ ਤੇ ਤਾਕਤ ਯਹੋਵਾਹ ਦੀ ਸੇਵਾ ਵਿਚ ਲਾਉਂਦੇ ਹਨ। ਇਨ੍ਹਾਂ ਵਿੱਚੋਂ ਕਈ ਭੈਣ-ਭਰਾ ਉਸਾਰੀ ਕੰਮ ਵਿਚ ਹਿੱਸਾ ਲੈਂਦੇ ਹਨ, ਕਈ ‘ਰਾਜ ਦੇ ਪ੍ਰਚਾਰਕਾਂ ਲਈ ਸਕੂਲ’ ਜਾਂਦੇ ਹਨ ਅਤੇ ਕਈ ਉਨ੍ਹਾਂ ਮੰਡਲੀਆਂ ਵਿਚ ਜਾਂਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਕਈ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਯਹੋਵਾਹ ਦੀ ਸੇਵਾ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਯੋਜਨਾ ਬਣਾਉਂਦੇ ਹਨ। ਯਹੋਵਾਹ ਇਨ੍ਹਾਂ ਵਫ਼ਾਦਾਰ ਭੈਣਾਂ-ਭਰਾਵਾਂ ਦੀਆਂ ਦਿਲੋਂ ਕੀਤੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲਦਾ। (ਇਬਰਾਨੀਆਂ 6:10-12 ਪੜ੍ਹੋ।) ਤੁਹਾਡੇ ਬਾਰੇ ਕੀ? ਕੀ ਤੁਸੀਂ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਲਈ ਕੁਰਬਾਨੀਆਂ ਕਰ ਸਕਦੇ ਹੋ?
ਅਸੀਂ ਕੀ ਸਿੱਖਿਆ?
18, 19. ਅਸੀਂ ਯਿਫ਼ਤਾਹ ਅਤੇ ਉਸ ਦੀ ਧੀ ਦੇ ਬਿਰਤਾਂਤ ਤੋਂ ਕੀ ਸਿੱਖਿਆ ਹੈ ਅਤੇ ਅਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ?
18 ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਨੇ ਯਿਫ਼ਤਾਹ ਦੀ ਮਦਦ ਕੀਤੀ? ਉਸ ਨੇ ਯਹੋਵਾਹ ਦੀ ਸੋਚ ਮੁਤਾਬਕ ਆਪਣੀ ਜ਼ਿੰਦਗੀ ਵਿਚ ਫ਼ੈਸਲੇ ਕੀਤੇ। ਉਸ ਨੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਆਪਣੇ ʼਤੇ ਬੂਰਾ ਅਸਰ ਨਹੀਂ ਪੈਣ ਦਿੱਤਾ। ਭਾਵੇਂ ਦੂਜਿਆਂ ਨੇ ਯਿਫ਼ਤਾਹ ਨੂੰ ਦੁੱਖ ਪਹੁੰਚਾਇਆ, ਪਰ ਫਿਰ ਵੀ ਉਹ ਵਫ਼ਾਦਾਰ ਰਿਹਾ। ਯਹੋਵਾਹ ਨੇ ਯਿਫ਼ਤਾਹ ਅਤੇ ਉਸ ਦੀ ਧੀ ਦੀਆਂ ਦਿਲੋਂ ਕੀਤੀਆਂ ਕੁਰਬਾਨੀਆਂ ਲਈ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ। ਉਸ ਨੇ ਉਨ੍ਹਾਂ ਨੂੰ ਆਪਣੀ ਸੱਚੀ ਭਗਤੀ ਕਰਾਉਣ ਲਈ ਵਰਤਿਆ। ਹਾਲਾਂਕਿ ਹੋਰਨਾਂ ਨੇ ਸਹੀ ਕੰਮ ਕਰਨੇ ਛੱਡ ਦਿੱਤੇ ਸਨ, ਪਰ ਯਿਫ਼ਤਾਹ ਅਤੇ ਉਸ ਦੀ ਧੀ ਯਹੋਵਾਹ ਦੇ ਵਫ਼ਾਦਾਰ ਬਣੇ ਰਹੇ।
19 ਬਾਈਬਲ ਦੱਸਦੀ ਹੈ: “ਉਨ੍ਹਾਂ ਲੋਕਾਂ ਦੀ ਰੀਸ ਕਰੋ ਜਿਹੜੇ ਨਿਹਚਾ ਤੇ ਧੀਰਜ ਦੇ ਰਾਹੀਂ ਪਰਮੇਸ਼ੁਰ ਦੁਆਰਾ ਵਾਅਦਾ ਕੀਤੀਆਂ ਚੀਜ਼ਾਂ ਹਾਸਲ ਕਰਦੇ ਹਨ।” (ਇਬ. 6:12) ਆਓ ਆਪਾਂ ਯਿਫ਼ਤਾਹ ਅਤੇ ਉਸ ਦੀ ਧੀ ਦੀ ਰੀਸ ਕਰੀਏ ਕਿਉਂਕਿ ਅਸੀਂ ਜਾਣਦੇ ਹਾਂ ਕਿ ਜੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਾਂਗੇ, ਤਾਂ ਉਹ ਸਾਨੂੰ ਬਰਕਤਾਂ ਦੇਵੇਗਾ।