ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ | ਦਾਊਦ
“ਜੁੱਧ ਦਾ ਸੁਆਮੀ ਯਹੋਵਾਹ ਹੈ”
ਫ਼ੌਜੀਆਂ ਦੀ ਧੱਕਮ-ਧੱਕਾ ਹੁੰਦੀ ਭੀੜ ਵਿਚ ਦਾਊਦ ਨੇ ਆਪਣੇ ਆਪ ਨੂੰ ਸੰਭਾਲਿਆ। ਜੰਗ ਦੇ ਮੈਦਾਨ ਤੋਂ ਭੱਜ ਰਹੇ ਇਨ੍ਹਾਂ ਫ਼ੌਜੀਆਂ ਦੀਆਂ ਅੱਖਾਂ ਡਰ ਦੇ ਮਾਰੇ ਅੱਡੀਆਂ ਹੋਈਆਂ ਸਨ। ਉਹ ਕਿਸ ਗੱਲ ਕਰਕੇ ਇੰਨਾ ਡਰੇ ਹੋਏ ਸਨ? ਦਾਊਦ ਨੇ ਵਾਰ-ਵਾਰ ਉਨ੍ਹਾਂ ਦੇ ਮੂੰਹੋਂ ਇਕ ਸ਼ਬਦ ਸੁਣਿਆ ਹੋਣਾ ਜੋ ਉਹ ਘਬਰਾਏ ਹੋਏ ਕਹਿ ਰਹੇ ਸਨ। ਇਹ ਇਕ ਆਦਮੀ ਦਾ ਨਾਮ ਸੀ। ਇਹ ਆਦਮੀ ਆਕੜ ਨਾਲ ਵਾਦੀ ਵਿਚ ਖੜ੍ਹਾ ਸੀ ਤੇ ਸ਼ਾਇਦ ਉਸ ਦਾ ਕੱਦ ਇੰਨਾ ਲੰਬਾ ਸੀ ਕਿ ਦਾਊਦ ਨੇ ਪਹਿਲਾਂ ਕਦੇ ਇੰਨੇ ਲੰਬੇ ਕੱਦ ਦਾ ਆਦਮੀ ਨਹੀਂ ਦੇਖਿਆ ਹੋਣਾ।
ਉਸ ਆਦਮੀ ਦਾ ਨਾਮ ਗੋਲਿਅਥ ਸੀ! ਦਾਊਦ ਹੁਣ ਸਮਝ ਗਿਆ ਕਿ ਫ਼ੌਜੀ ਉਸ ਤੋਂ ਕਿਉਂ ਇੰਨਾ ਡਰੇ ਹੋਏ ਸਨ। ਉਹ ਆਦਮੀ ਪਹਾੜ ਜਿੱਡਾ ਲੱਗਦਾ ਸੀ। ਸ਼ਸਤਰਾਂ-ਬਸਤਰਾਂ ਤੋਂ ਬਿਨਾਂ ਉਸ ਦਾ ਭਾਰ ਦੋ ਮੋਟੇ-ਮੋਟੇ ਆਦਮੀਆਂ ਨਾਲੋਂ ਵੀ ਜ਼ਿਆਦਾ ਸੀ। ਪਰ ਉਸ ਨੇ ਭਾਰੇ-ਭਾਰੇ ਸ਼ਸਤਰ-ਬਸਤਰ ਪਹਿਨੇ ਹੋਏ ਸਨ ਅਤੇ ਉਹ ਬਹੁਤ ਜ਼ਿਆਦਾ ਤਾਕਤਵਰ ਤੇ ਤਜਰਬੇਕਾਰ ਯੋਧਾ ਸੀ। ਗੋਲਿਅਥ ਚੀਕ-ਚੀਕ ਕੇ ਲਲਕਾਰ ਰਿਹਾ ਸੀ। ਕਲਪਨਾ ਕਰੋ ਕਿ ਉਸ ਦੀ ਉੱਚੀ ਤੇ ਭਾਰੀ ਆਵਾਜ਼ ਪਹਾੜਾਂ ਵਿਚ ਕਿਵੇਂ ਗੂੰਜ ਰਹੀ ਹੋਣੀ ਜਦੋਂ ਉਹ ਇਜ਼ਰਾਈਲ ਦੀ ਫ਼ੌਜ ਅਤੇ ਉਨ੍ਹਾਂ ਦੇ ਰਾਜੇ ਸ਼ਾਊਲ ਨੂੰ ਲਲਕਾਰ ਰਿਹਾ ਸੀ। ਉਸ ਨੇ ਚੁਣੌਤੀ ਦਿੱਤੀ ਕਿ ਕੋਈ ਵੀ ਆਦਮੀ ਆਵੇ ਤੇ ਉਸ ਨਾਲ ਮੁਕਾਬਲਾ ਕਰ ਕੇ ਉਸ ਨੂੰ ਹਰਾ ਦੇਵੇ!—1 ਸਮੂਏਲ 17:4-10.
ਇਜ਼ਰਾਈਲੀ ਡਰ ਗਏ। ਰਾਜਾ ਸ਼ਾਊਲ ਵੀ ਡਰਿਆ ਹੋਇਆ ਸੀ। ਇਹ ਹਾਲਾਤ ਪੈਦਾ ਹੋਏ ਨੂੰ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਸੀ ਜਦੋਂ ਦਾਊਦ ਨੂੰ ਪਤਾ ਲੱਗਾ! ਗੋਲਿਅਥ ਰੋਜ਼ ਤਾਅਨੇ ਮਾਰਦਾ ਸੀ ਅਤੇ ਫਲਿਸਤੀਆਂ ਤੇ ਇਜ਼ਰਾਈਲੀਆਂ ਦੀਆਂ ਫ਼ੌਜਾਂ ਡਟ ਕੇ ਇਕ-ਦੂਜੇ ਦੇ ਖ਼ਿਲਾਫ਼ ਖੜ੍ਹੀਆਂ ਰਹਿੰਦੀਆਂ ਸਨ। ਦਾਊਦ ਬਹੁਤ ਦੁਖੀ ਸੀ। ਕਿੰਨੀ ਬੇਇੱਜ਼ਤੀ ਦੀ ਗੱਲ ਸੀ ਕਿ ਇਜ਼ਰਾਈਲੀਆਂ ਦਾ ਰਾਜਾ ਸ਼ਾਊਲ ਅਤੇ ਉਸ ਦੀ ਫ਼ੌਜ, ਜਿਸ ਵਿਚ ਦਾਊਦ ਦੇ ਤਿੰਨ ਵੱਡੇ ਭਰਾ ਵੀ ਸਨ, ਡਰ ਦੇ ਮਾਰੇ ਥਰ-ਥਰ ਕੰਬ ਰਹੇ ਸਨ! ਦਾਊਦ ਦੀਆਂ ਨਜ਼ਰਾਂ ਵਿਚ ਇਹ ਗ਼ੈਰ-ਇਜ਼ਰਾਈਲੀ ਗੋਲਿਅਥ ਸਿਰਫ਼ ਇਜ਼ਰਾਈਲ ਦੀ ਫ਼ੌਜ ਨੂੰ ਹੀ ਸ਼ਰਮਿੰਦਾ ਨਹੀਂ ਕਰ ਰਿਹਾ ਸੀ, ਸਗੋਂ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਦੀ ਵੀ ਬੇਇੱਜ਼ਤੀ ਕਰ ਰਿਹਾ ਸੀ! ਪਰ ਨੌਜਵਾਨ ਦਾਊਦ ਇਸ ਬਾਰੇ ਕੀ ਕਰ ਸਕਦਾ ਸੀ? ਨਾਲੇ ਅੱਜ ਅਸੀਂ ਦਾਊਦ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ?—1 ਸਮੂਏਲ 17:11-14.
“ਇਹ ਨੂੰ ਮਸਹ ਕਰ ਕਿਉਂ ਜੋ ਇਹੋ ਹੀ ਹੈ”
ਆਓ ਆਪਾਂ ਦੇਖੀਏ ਕਿ ਇਹ ਸਭ ਹੋਣ ਤੋਂ ਕਈ ਮਹੀਨੇ ਪਹਿਲਾਂ ਕੀ ਹੋਇਆ ਸੀ। ਸ਼ਾਮ ਢਲ਼ ਰਹੀ ਸੀ ਜਦੋਂ ਦਾਊਦ ਬੈਤਲਹਮ ਦੇ ਨੇੜੇ ਪਹਾੜੀਆਂ ਉੱਤੇ ਆਪਣੇ ਪਿਤਾ ਦੀਆਂ ਭੇਡਾਂ ਚਾਰ ਰਿਹਾ ਸੀ। ਅੱਲ੍ਹੜ ਉਮਰ ਦਾ ਦਾਊਦ ਬਹੁਤ ਸੋਹਣਾ-ਸੁਨੱਖਾ ਸੀ। ਉਸ ਦਾ ਰੰਗ ਲਾਲ ਤੇ ਅੱਖਾਂ ਸੋਹਣੀਆਂ ਸਨ। ਸ਼ਾਂਤ ਪਲਾਂ ਵਿਚ ਉਹ ਰਬਾਬ ਵਜਾਉਂਦਾ ਸੀ। ਰੱਬ ਦੀ ਸ੍ਰਿਸ਼ਟੀ ਦੀ ਸੁੰਦਰਤਾ ਤੋਂ ਕਾਇਲ ਹੋ ਕੇ ਉਹ ਗਾਉਂਦਾ ਸੀ ਅਤੇ ਕਈ-ਕਈ ਘੰਟਿਆਂ ਤਕ ਅਭਿਆਸ ਕਰ-ਕਰ ਕੇ ਉਹ ਮਾਹਰ ਸੰਗੀਤਕਾਰ ਬਣ ਗਿਆ। ਪਰ ਕਿਸੇ ਕਾਰਨ ਇਕ ਸ਼ਾਮ ਨੂੰ ਉਸ ਨੂੰ ਘਰੋਂ ਬੁਲਾਵਾ ਆਇਆ। ਉਸ ਦਾ ਪਿਤਾ ਚਾਹੁੰਦਾ ਸੀ ਕਿ ਉਹ ਉਸੇ ਵੇਲੇ ਘਰ ਆ ਜਾਵੇ।—1 ਸਮੂਏਲ 16:12.
ਉਸ ਨੇ ਆ ਕੇ ਦੇਖਿਆ ਕਿ ਉਸ ਦਾ ਪਿਤਾ ਯੱਸੀ ਇਕ ਬਹੁਤ ਬਜ਼ੁਰਗ ਆਦਮੀ ਨਾਲ ਗੱਲ ਕਰ ਰਿਹਾ ਸੀ। ਇਹ ਵਫ਼ਾਦਾਰ ਨਬੀ ਸਮੂਏਲ ਸੀ। ਯਹੋਵਾਹ ਨੇ ਉਸ ਨੂੰ ਯੱਸੀ ਦੇ ਪੁੱਤਰਾਂ ਵਿੱਚੋਂ ਇਕ ਪੁੱਤਰ ਨੂੰ ਚੁਣਨ ਲਈ ਭੇਜਿਆ ਸੀ ਜੋ ਇਜ਼ਰਾਈਲ ਦਾ ਅਗਲਾ ਰਾਜਾ ਬਣੇਗਾ! ਸਮੂਏਲ ਨੇ ਦਾਊਦ ਦੇ ਸੱਤ ਭਰਾ ਪਹਿਲਾਂ ਹੀ ਦੇਖ ਲਏ ਸਨ, ਪਰ ਯਹੋਵਾਹ ਨੇ ਸਮੂਏਲ ਨੂੰ ਅਹਿਸਾਸ ਕਰਾਇਆ ਕਿ ਉਨ੍ਹਾਂ ਵਿੱਚੋਂ ਕੋਈ ਵੀ ਰਾਜਾ ਬਣਨ ਦੇ ਲਾਇਕ ਨਹੀਂ ਸੀ। ਪਰ ਜਦੋਂ ਦਾਊਦ ਆਇਆ, ਤਾਂ ਯਹੋਵਾਹ ਨੇ ਸਮੂਏਲ ਨੂੰ ਕਿਹਾ: “ਇਹ ਨੂੰ ਮਸਹ ਕਰ ਕਿਉਂ ਜੋ ਇਹੋ ਹੀ ਹੈ।” ਦਾਊਦ ਦੇ ਵੱਡੇ ਭਰਾਵਾਂ ਦੇ ਸਾਮ੍ਹਣੇ ਸਮੂਏਲ ਨੇ ਖ਼ਾਸ ਤੇਲ ਨਾਲ ਭਰਿਆ ਹੋਇਆ ਸਿੰਗ ਕੱਢਿਆ ਅਤੇ ਥੋੜ੍ਹਾ ਜਿਹਾ ਤੇਲ ਦਾਊਦ ਦੇ ਸਿਰ ਉੱਤੇ ਪਾਇਆ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੀ। ਬਾਈਬਲ ਦੱਸਦੀ ਹੈ: ‘ਉਸ ਦਿਨ ਤੋਂ ਯਹੋਵਾਹ ਦੀ ਪਵਿੱਤਰ ਸ਼ਕਤੀ ਸਦਾ ਦਾਊਦ ਉੱਤੇ ਆਉਂਦੀ ਰਹੀ।’—1 ਸਮੂਏਲ 16:1, 5-11, 13.
ਕੀ ਦਾਊਦ ਰਾਜ ਹਾਸਲ ਕਰਨ ਦੀ ਤਾਂਘ ਰੱਖਣ ਲੱਗ ਪਿਆ ਸੀ? ਨਹੀਂ, ਉਸ ਨੇ ਉਡੀਕ ਕੀਤੀ ਜਦੋਂ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਉਸ ਨੂੰ ਦੱਸਣਾ ਸੀ ਕਿ ਉਸ ਲਈ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਢੁਕਵਾਂ ਸਮਾਂ ਕਿਹੜਾ ਸੀ। ਉਹ ਸਮਾਂ ਆਉਣ ਤਕ ਦਾਊਦ ਭੇਡਾਂ ਨੂੰ ਚਾਰਨ ਦਾ ਕੰਮ ਕਰਦਾ ਰਿਹਾ। ਇਹ ਕੰਮ ਉਸ ਨੇ ਬੜੀ ਲਗਨ ਤੇ ਹਿੰਮਤ ਨਾਲ ਕੀਤਾ। ਉਸ ਦੇ ਪਿਤਾ ਦੀਆਂ ਭੇਡਾਂ ਦੀ ਜਾਨ ਦੋ ਵਾਰ ਖ਼ਤਰੇ ਵਿਚ ਪਈ, ਇਕ ਵਾਰ ਸ਼ੇਰ ਕਰਕੇ ਤੇ ਦੂਜੀ ਵਾਰ ਰਿੱਛ ਕਰਕੇ। ਦਾਊਦ ਨੇ ਦੂਰੋਂ ਇਨ੍ਹਾਂ ਸ਼ਿਕਾਰੀਆਂ ਨੂੰ ਭਜਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਇਕਦਮ ਇਨ੍ਹਾਂ ʼਤੇ ਹੱਲਾ ਕਰ ਕੇ ਆਪਣੇ ਪਿਤਾ ਦੀਆਂ ਲਾਚਾਰ ਭੇਡਾਂ ਨੂੰ ਬਚਾਇਆ। ਦੋਵਾਂ ਮੌਕਿਆਂ ਤੇ ਉਸ ਨੇ ਇਕੱਲਿਆਂ ਹੀ ਇਨ੍ਹਾਂ ਖੂੰਖਾਰ ਜਾਨਵਰਾਂ ਨੂੰ ਮਾਰ-ਮੁਕਾਇਆ!—1 ਸਮੂਏਲ 17:34-36; ਯਸਾਯਾਹ 31:4.
ਕੁਝ ਸਮੇਂ ਬਾਅਦ ਦਾਊਦ ਨੂੰ ਦੁਬਾਰਾ ਬੁਲਾਇਆ ਗਿਆ। ਉਸ ਦੀ ਬਹਾਦਰੀ ਦੇ ਕਿੱਸੇ ਸ਼ਾਊਲ ਤਕ ਪਹੁੰਚ ਚੁੱਕੇ ਸਨ। ਭਾਵੇਂ ਕਿ ਸ਼ਾਊਲ ਹਾਲੇ ਵੀ ਇਕ ਸ਼ਕਤੀਸ਼ਾਲੀ ਯੋਧਾ ਸੀ, ਪਰ ਯਹੋਵਾਹ ਦੀਆਂ ਹਿਦਾਇਤਾਂ ਨਾ ਮੰਨਣ ਕਰਕੇ ਸ਼ਾਊਲ ਨੇ ਉਸ ਦੀ ਮਿਹਰ ਗੁਆ ਲਈ। ਯਹੋਵਾਹ ਨੇ ਉਸ ਤੋਂ ਆਪਣੀ ਪਵਿੱਤਰ ਸ਼ਕਤੀ ਹਟਾ ਲਈ ਸੀ। ਇਸ ਲਈ ਕਈ ਵਾਰ ਉਸ ਦਾ ਸੁਭਾਅ ਬਦਲ ਜਾਂਦਾ ਸੀ ਜਿਵੇਂ—ਗੁੱਸੇ ਵਿਚ ਭੜਕਣਾ, ਸ਼ੱਕ ਕਰਨਾ ਅਤੇ ਹਿੰਸਕ ਹੋਣਾ। ਇਸ ਹਾਲਤ ਵਿਚ ਸਿਰਫ਼ ਇੱਕੋ ਚੀਜ਼ ਉਸ ਨੂੰ ਸਕੂਨ ਦੇ ਸਕਦੀ ਸੀ ਉਹ ਸੀ ਸੰਗੀਤ। ਸ਼ਾਊਲ ਦੇ ਆਦਮੀਆਂ ਨੂੰ ਪਤਾ ਲੱਗਾ ਕਿ ਦਾਊਦ ਇਕ ਬਹੁਤ ਵਧੀਆ ਸੰਗੀਤਕਾਰ ਅਤੇ ਯੋਧਾ ਸੀ। ਇਸ ਲਈ ਦਾਊਦ ਨੂੰ ਬੁਲਾਇਆ ਗਿਆ ਤੇ ਜਲਦ ਉਹ ਸ਼ਾਊਲ ਦੇ ਦਰਬਾਰ ਵਿਚ ਸੰਗੀਤ ਵਜਾਉਣ ਲੱਗ ਪਿਆ ਤੇ ਉਸ ਦੇ ਹਥਿਆਰ ਚੁੱਕਣ ਦਾ ਕੰਮ ਕਰਨ ਲੱਗ ਪਿਆ।—1 ਸਮੂਏਲ 15:26-29; 16:14-23.
ਖ਼ਾਸ ਕਰਕੇ ਨੌਜਵਾਨ ਇਨ੍ਹਾਂ ਗੱਲਾਂ ਸੰਬੰਧੀ ਦਾਊਦ ਦੀ ਨਿਹਚਾ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਨ। ਧਿਆਨ ਦਿਓ ਕਿ ਉਸ ਨੇ ਵਿਹਲਾ ਸਮਾਂ ਉਨ੍ਹਾਂ ਕੰਮਾਂ ਵਿਚ ਬਿਤਾਇਆ ਜਿਨ੍ਹਾਂ ਕਰਕੇ ਉਸ ਦਾ ਰਿਸ਼ਤਾ ਯਹੋਵਾਹ ਨਾਲ ਹੋਰ ਮਜ਼ਬੂਤ ਹੋਇਆ। ਇਸ ਦੇ ਨਾਲ-ਨਾਲ ਉਸ ਨੇ ਧੀਰਜ ਨਾਲ ਅਜਿਹੇ ਹੁਨਰ ਪੈਦਾ ਕੀਤੇ ਜੋ ਫ਼ਾਇਦੇਮੰਦ ਸਨ ਅਤੇ ਜਿਨ੍ਹਾਂ ਨਾਲ ਉਸ ਦੀ ਰੋਜ਼ੀ-ਰੋਟੀ ਚੱਲ ਸਕਦੀ ਸੀ। ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਉਹ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਅਨੁਸਾਰ ਚੱਲਦਾ ਸੀ। ਸਾਡੇ ਸਾਰਿਆਂ ਲਈ ਕਿੰਨੇ ਵਧੀਆ ਸਬਕ!—ਉਪਦੇਸ਼ਕ ਦੀ ਪੋਥੀ 12:1.
“ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਾਬਰੇ”
ਸ਼ਾਊਲ ਲਈ ਕੰਮ ਕਰਦਿਆਂ ਦਾਊਦ ਅਕਸਰ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਲਈ ਘਰ ਜਾਂਦਾ ਹੁੰਦਾ ਸੀ। ਕਦੇ-ਕਦੇ ਤਾਂ ਜ਼ਿਆਦਾ ਸਮੇਂ ਲਈ ਜਾਂਦਾ ਸੀ। ਇਸ ਲਈ ਜਦੋਂ ਦਾਊਦ ਇਕ ਵਾਰ ਘਰ ਆਇਆ ਹੋਇਆ ਸੀ, ਤਾਂ ਯੱਸੀ ਨੇ ਉਸ ਨੂੰ ਆਪਣੇ ਤਿੰਨ ਵੱਡੇ ਪੁੱਤਰਾਂ ਦੀ ਖ਼ਬਰ-ਸਾਰ ਲੈਣ ਲਈ ਭੇਜਿਆ ਜੋ ਸ਼ਾਊਲ ਦੀ ਫ਼ੌਜ ਵਿਚ ਸਨ। ਕਹਿਣਾ ਮੰਨਦੇ ਹੋਏ ਦਾਊਦ ਆਪਣੇ ਭਰਾਵਾਂ ਲਈ ਖਾਣ-ਪੀਣ ਦੀਆਂ ਚੀਜ਼ਾਂ ਲੈ ਕੇ ਏਲਾਹ ਦੀ ਵਾਦੀ ਨੂੰ ਤੁਰ ਪਿਆ। ਉੱਥੇ ਪਹੁੰਚਣ ʼਤੇ ਉਹ ਦੋ ਫ਼ੌਜਾਂ ਨੂੰ ਇਕ-ਦੂਜੇ ਦੇ ਖ਼ਿਲਾਫ਼ ਡਟ ਕੇ ਖੜ੍ਹੀਆਂ ਦੇਖ ਕੇ ਦੁਖੀ ਹੋ ਗਿਆ ਜਿਨ੍ਹਾਂ ਬਾਰੇ ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ। ਇਹ ਫ਼ੌਜਾਂ ਚੌੜੀ ਤੇ ਵਿੰਗੀ-ਟੇਢੀ ਵਾਦੀ ਦੀਆਂ ਢਲਾਣਾਂ ਉੱਤੇ ਇਕ-ਦੂਜੇ ਦੇ ਸਾਮ੍ਹਣੇ ਖੜ੍ਹੀਆਂ ਸਨ।—1 ਸਮੂਏਲ 17:1-3, 15-19.
ਦਾਊਦ ਕੋਲੋਂ ਇਹ ਸਹਿਣ ਨਹੀਂ ਹੋਇਆ। ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਫ਼ੌਜ ਇਕ ਮਾਮੂਲੀ ਜਿਹੇ ਗ਼ੈਰ-ਇਜ਼ਰਾਈਲੀ ਆਦਮੀ ਤੋਂ ਡਰ ਕੇ ਕਿਵੇਂ ਭੱਜ ਸਕਦੀ ਸੀ? ਦਾਊਦ ਨੇ ਦੇਖਿਆ ਕਿ ਗੋਲਿਅਥ ਤਾਅਨੇ-ਮੇਹਣੇ ਦੇ ਕੇ ਯਹੋਵਾਹ ਦੀ ਬੇਇੱਜ਼ਤੀ ਕਰ ਰਿਹਾ ਸੀ। ਇਸ ਲਈ ਉਹ ਫ਼ੌਜੀਆਂ ਨਾਲ ਗੋਲਿਅਥ ਨੂੰ ਹਰਾਉਣ ਬਾਰੇ ਗੱਲਾਂ ਕਰਨ ਲੱਗ ਪਿਆ। ਜਲਦੀ ਹੀ ਇਸ ਗੱਲ ਦੀ ਭਿਣਕ ਦਾਊਦ ਦੇ ਵੱਡੇ ਭਰਾ ਅਲੀਆਬ ਦੇ ਕੰਨੀਂ ਪਈ। ਉਸ ਨੇ ਦਾਊਦ ਨੂੰ ਸਖ਼ਤੀ ਨਾਲ ਝਿੜਕਿਆ ਤੇ ਉਸ ਉੱਤੇ ਦੋਸ਼ ਲਾਇਆ ਕਿ ਉਹ ਲੜਾਈ ਦੇਖਣ ਆਇਆ ਸੀ। ਪਰ ਦਾਊਦ ਨੇ ਉਸ ਨੂੰ ਜਵਾਬ ਦਿੱਤਾ: “ਕੀ ਮੈਂ ਕਿਸੇ ਤੋਂ ਕੁਝ ਪੁੱਛ ਵੀ ਨਹੀਂ ਸਕਦਾ?” (1 ਸਮੂਏਲ 17:29, CL) ਉਹ ਦੁਬਾਰਾ ਫਿਰ ਪੂਰੇ ਭਰੋਸੇ ਨਾਲ ਗੋਲਿਅਥ ਨੂੰ ਹਰਾਉਣ ਬਾਰੇ ਗੱਲਾਂ ਕਰਨ ਲੱਗ ਪਿਆ ਤੇ ਕਿਸੇ ਨੇ ਇਸ ਬਾਰੇ ਸ਼ਾਊਲ ਨੂੰ ਜਾ ਕੇ ਦੱਸ ਦਿੱਤਾ। ਰਾਜੇ ਨੇ ਦਾਊਦ ਨੂੰ ਉਸ ਅੱਗੇ ਲਿਆਉਣ ਦਾ ਹੁਕਮ ਦਿੱਤਾ।—1 ਸਮੂਏਲ 17:23-31.
ਦਾਊਦ ਨੇ ਰਾਜੇ ਨੂੰ ਹੌਸਲਾ ਦੇਣ ਲਈ ਗੋਲਿਅਥ ਬਾਰੇ ਇਹ ਸ਼ਬਦ ਕਹੇ: “ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਾਬਰੇ।” ਗੋਲਿਅਥ ਕਰਕੇ ਸ਼ਾਊਲ ਅਤੇ ਉਸ ਦੇ ਆਦਮੀ ਘਬਰਾ ਗਏ ਸਨ। ਸ਼ਾਇਦ ਉਨ੍ਹਾਂ ਨੇ ਆਪਣੀ ਤੁਲਨਾ ਉਸ ਪਹਾੜ ਜਿੱਡੇ ਆਦਮੀ ਨਾਲ ਕੀਤੀ ਸੀ ਤੇ ਕਲਪਨਾ ਕੀਤੀ ਕਿ ਉਹ ਤਾਂ ਸਿਰਫ਼ ਉਸ ਦੇ ਲੱਕ ਜਾਂ ਛਾਤੀ ਤਕ ਹੀ ਆਉਂਦੇ ਸਨ। ਇਸ ਤਰ੍ਹਾਂ ਸੋਚਣਾ ਸੁਭਾਵਕ ਸੀ। ਉਨ੍ਹਾਂ ਨੇ ਸੋਚਿਆ ਕਿ ਸ਼ਸਤਰ-ਬਸਤਰ ਧਾਰੀ ਇਹ ਆਦਮੀ ਚੁਟਕੀ ਵਿਚ ਹੀ ਉਨ੍ਹਾਂ ਦਾ ਸਫ਼ਾਇਆ ਕਰ ਸਕਦਾ ਸੀ। ਪਰ ਦਾਊਦ ਨੇ ਇਸ ਤਰ੍ਹਾਂ ਨਹੀਂ ਸੋਚਿਆ। ਅੱਗੇ ਆਪਾਂ ਦੇਖਾਂਗੇ ਕਿ ਉਸ ਨੇ ਇਸ ਸਮੱਸਿਆ ਨੂੰ ਬਿਲਕੁਲ ਵੱਖਰੇ ਨਜ਼ਰੀਏ ਤੋਂ ਦੇਖਿਆ। ਇਸ ਲਈ ਉਹ ਗੋਲਿਅਥ ਨਾਲ ਲੜਨ ਲਈ ਆਪ ਅੱਗੇ ਆਇਆ।—1 ਸਮੂਏਲ 17:32.
ਸ਼ਾਊਲ ਨੇ ਸਹਿਮਤ ਨਾ ਹੁੰਦੇ ਹੋਏ ਦਾਊਦ ਨੂੰ ਕਿਹਾ: “ਤੂੰ ਉਸ ਫਲਿਸਤੀ ਦਾ ਸਾਹਮਣਾ ਕਰਨ ਅਤੇ ਉਹ ਦੇ ਨਾਲ ਲੜਨ ਜੋਗਾ ਨਹੀਂ ਹੈ ਕਿਉਂ ਜੋ ਤੂੰ ਮੁੰਡਾ ਹੀ ਹੈਂ ਅਤੇ ਉਹ ਨਿਆਣਪੁਣੇ ਤੋਂ ਹੀ ਜੋਧਾ ਹੈ।” ਕੀ ਦਾਊਦ ਸੱਚੀਂ ਨਿਆਣਾ ਹੀ ਸੀ? ਨਹੀਂ, ਪਰ ਉਸ ਦੀ ਉਮਰ ਫ਼ੌਜ ਵਿਚ ਭਰਤੀ ਹੋਣ ਦੀ ਨਹੀਂ ਸੀ ਤੇ ਉਹ ਦੇਖਣ ਨੂੰ ਵੀ ਹਲਕੀ ਜਿਹੀ ਉਮਰ ਦਾ ਲੱਗਦਾ ਸੀ। ਪਰ ਦਾਊਦ ਪਹਿਲਾਂ ਹੀ ਬਹਾਦਰ ਯੋਧੇ ਵਜੋਂ ਜਾਣਿਆ ਜਾਂਦਾ ਸੀ ਤੇ ਹੁਣ ਉਹ ਸ਼ਾਇਦ 18-19 ਸਾਲਾਂ ਦਾ ਸੀ।—1 ਸਮੂਏਲ 16:18; 17:33.
ਦਾਊਦ ਨੇ ਸ਼ਾਊਲ ਨੂੰ ਭਰੋਸਾ ਦਿਵਾਉਣ ਲਈ ਕਿਹਾ ਕਿ ਉਸ ਨੇ ਕਿਵੇਂ ਸ਼ੇਰ ਅਤੇ ਰਿੱਛ ਨਾਲ ਮੁਕਾਬਲਾ ਕਰ ਕੇ ਉਨ੍ਹਾਂ ਨੂੰ ਮਾਰ-ਮੁਕਾਇਆ ਸੀ। ਕੀ ਉਹ ਫੜ੍ਹਾਂ ਮਾਰ ਰਿਹਾ ਸੀ? ਨਹੀਂ। ਦਾਊਦ ਜਾਣਦਾ ਸੀ ਕਿ ਉਸ ਨੇ ਉਨ੍ਹਾਂ ਦੋਹਾਂ ਨੂੰ ਕਿਸ ਦੀ ਮਦਦ ਨਾਲ ਹਰਾਇਆ ਸੀ। ਉਸ ਨੇ ਕਿਹਾ: “ਜਿਸ ਯਹੋਵਾਹ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ ਹੈ ਉਹੋ ਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ ਛੁਡਾਵੇਗਾ।” ਹਾਰ ਕੇ ਸ਼ਾਊਲ ਨੇ ਕਿਹਾ: “ਜਾਹ ਫੇਰ ਅਤੇ ਯਹੋਵਾਹ ਤੇਰੇ ਨਾਲ ਹੋਵੇ।”—1 ਸਮੂਏਲ 17:37.
ਕੀ ਤੁਸੀਂ ਦਾਊਦ ਵਰਗੀ ਨਿਹਚਾ ਪੈਦਾ ਕਰਨੀ ਚਾਹੁੰਦੇ ਹੋ? ਧਿਆਨ ਦਿਓ ਕਿ ਦਾਊਦ ਨੇ ਅੱਖਾਂ ਬੰਦ ਕਰ ਕੇ ਨਿਹਚਾ ਨਹੀਂ ਕੀਤੀ ਸੀ। ਉਸ ਨੂੰ ਗਿਆਨ ਅਤੇ ਤਜਰਬੇ ਕਰਕੇ ਰੱਬ ʼਤੇ ਨਿਹਚਾ ਸੀ। ਉਹ ਜਾਣਦਾ ਸੀ ਕਿ ਯਹੋਵਾਹ ਪਿਆਰ ਨਾਲ ਰਾਖੀ ਕਰਦਾ ਹੈ ਅਤੇ ਆਪਣੇ ਵਾਅਦਿਆਂ ਦਾ ਪੱਕਾ ਹੈ। ਜੇ ਅਸੀਂ ਇਸ ਤਰ੍ਹਾਂ ਦੀ ਨਿਹਚਾ ਪੈਦਾ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਬਾਈਬਲ ਵਿਚ ਦੱਸੇ ਪਰਮੇਸ਼ੁਰ ਬਾਰੇ ਸਿੱਖਦੇ ਰਹਿਣ ਦੀ ਲੋੜ ਹੈ। ਜਿੱਦਾਂ-ਜਿੱਦਾਂ ਅਸੀਂ ਸਿੱਖੀਆਂ ਗੱਲਾਂ ਜ਼ਿੰਦਗੀ ਵਿਚ ਲਾਗੂ ਕਰਾਂਗੇ, ਉੱਦਾਂ-ਉੱਦਾਂ ਸਾਡੀ ਨਿਹਚਾ ਮਜ਼ਬੂਤ ਹੋਵੇਗੀ।—ਇਬਰਾਨੀਆਂ 11:1.
“ਯਹੋਵਾਹ ਮੇਰੇ ਹੱਥ ਵਿੱਚ ਤੈਨੂੰ ਕਰ ਦੇਵੇਗਾ”
ਪਹਿਲਾਂ ਤਾਂ ਸ਼ਾਊਲ ਨੇ ਦਾਊਦ ਨੂੰ ਆਪਣੇ ਹਥਿਆਰ ਪਹਿਨਾਉਣ ਦੀ ਕੋਸ਼ਿਸ਼ ਕੀਤੀ। ਇਹ ਸ਼ਸਤਰ-ਬਸਤਰ ਗੋਲਿਅਥ ਦੇ ਸ਼ਸਤਰਾਂ-ਬਸਤਰਾਂ ਵਰਗੇ ਸਨ ਜੋ ਤਾਂਬੇ ਦੇ ਬਣੇ ਹੋਏ ਸਨ। ਇਸ ਵਿਚ ਸੁਰੱਖਿਆ ਕਵਚ ਵੀ ਸੀ ਜਿਸ ਉੱਤੇ ਧਾਤ ਦੇ ਟੁਕੜੇ ਇਸ ਤਰ੍ਹਾਂ ਲੱਗੇ ਹੋਏ ਸਨ ਜਿਵੇਂ ਮੱਛੀ ਉੱਤੇ ਅਰਧ-ਗੋਲਿਆਂ ਦੀਆਂ ਕਤਾਰਾਂ ਹੁੰਦੀਆਂ ਹਨ। ਪਰ ਦਾਊਦ ਨੇ ਵੱਡੇ ਤੇ ਭਾਰੇ ਸ਼ਸਤਰ-ਬਸਤਰ ਪਾ ਕੇ ਤੁਰਨ ਦੀ ਕੋਸ਼ਿਸ਼ ਕੀਤੀ ਤੇ ਛੇਤੀ ਹੀ ਉਸ ਨੂੰ ਪਤਾ ਲੱਗ ਗਿਆ ਕਿ ਇਹ ਉਸ ਦੇ ਕਿਸੇ ਕੰਮ ਦੇ ਨਹੀਂ। ਉਸ ਨੂੰ ਫ਼ੌਜੀਆਂ ਦੀ ਸਿਖਲਾਈ ਕਦੇ ਨਹੀਂ ਮਿਲੀ ਸੀ, ਇਸ ਲਈ ਉਹ ਇਨ੍ਹਾਂ ਨੂੰ ਪਹਿਨਣ ਦਾ ਆਦੀ ਨਹੀਂ ਸੀ, ਖ਼ਾਸ ਕਰਕੇ ਸ਼ਾਊਲ ਦੇ ਸ਼ਸਤਰ-ਬਸਤਰ ਜੋ ਇਜ਼ਰਾਈਲ ਵਿਚ ਸਭ ਤੋਂ ਲੰਬਾ ਆਦਮੀ ਸੀ! (1 ਸਮੂਏਲ 9:2) ਉਸ ਨੇ ਇਹ ਸਭ ਲਾਹ ਦਿੱਤੇ ਅਤੇ ਚਰਵਾਹੇ ਵਾਲੇ ਕੱਪੜੇ ਪਾ ਲਏ ਜੋ ਉਹ ਆਪਣੀਆਂ ਭੇਡਾਂ ਨੂੰ ਬਚਾਉਣ ਲਈ ਪਾਉਂਦਾ ਸੀ।—1 ਸਮੂਏਲ 17:38-40.
ਦਾਊਦ ਨੇ ਚਰਵਾਹੇ ਵਾਲੀ ਲਾਠੀ ਲਈ, ਆਪਣੇ ਮੋਢੇ ʼਤੇ ਝੋਲ਼ਾ ਪਾਇਆ ਤੇ ਗੋਪੀਆ (ਇਕ ਗੁਲੇਲ ਜਿਹੀ) ਲਿਆ। ਗੋਪੀਆ ਸ਼ਾਇਦ ਮਾਮੂਲੀ ਜਿਹੀ ਚੀਜ਼ ਲੱਗੇ, ਪਰ ਇਹ ਅਸਲ ਵਿਚ ਬੜੇ ਕੰਮ ਦਾ ਹਥਿਆਰ ਸੀ। ਇਹ ਦੋ ਚਮੜੇ ਦੀਆਂ ਪੱਟੀਆਂ ਹੁੰਦੀਆਂ ਸਨ ਜਿਨ੍ਹਾਂ ਦੇ ਅਖ਼ੀਰ ਵਿਚ ਇਕ ਛੋਟੀ ਜਿਹੀ ਥੈਲੀ ਬਣੀ ਹੁੰਦੀ ਸੀ। ਇਹ ਹਥਿਆਰ ਚਰਵਾਹੇ ਦੇ ਬੜੇ ਕੰਮ ਆਉਂਦਾ ਸੀ। ਉਹ ਥੈਲੀ ਵਿਚ ਪੱਥਰ ਰੱਖਦਾ ਸੀ, ਆਪਣੇ ਸਿਰ ਉੱਤੇ ਗੋਪੀਏ ਨੂੰ ਤੇਜ਼ੀ ਨਾਲ ਹਵਾ ਵਿਚ ਘੁਮਾਉਂਦਾ ਸੀ ਤੇ ਫਿਰ ਇਕ ਪੱਟੀ ਛੱਡ ਕੇ ਪੱਥਰ ਨੂੰ ਐਨ ਨਿਸ਼ਾਨੇ ʼਤੇ ਮਾਰਦਾ ਸੀ। ਇਹ ਹਥਿਆਰ ਇੰਨਾ ਅਸਰਕਾਰੀ ਸੀ ਕਿ ਕਈ ਵਾਰ ਗੋਪੀਆ ਚਲਾਉਣ ਵਾਲੀਆਂ ਫ਼ੌਜੀ ਟੁਕੜੀਆਂ ਵੀ ਬਣਾਈਆਂ ਜਾਂਦੀਆਂ ਸਨ।
ਤਿਆਰ ਹੋ ਕੇ ਦਾਊਦ ਦੁਸ਼ਮਣ ਦਾ ਸਾਮ੍ਹਣਾ ਕਰਨ ਲਈ ਨਿਕਲ ਤੁਰਿਆ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਦਾਊਦ ਨੇ ਕਿੰਨੀ ਪ੍ਰਾਰਥਨਾ ਕੀਤੀ ਹੋਣੀ ਜਦੋਂ ਉਸ ਨੇ ਵਾਦੀ ਦੀ ਸੁੱਕੀ ਨਦੀ ਵਿਚ ਝੁਕ ਕੇ ਪੰਜ ਛੋਟੇ ਚੀਕਣੇ ਪੱਥਰ ਇਕੱਠੇ ਕੀਤੇ। ਫਿਰ ਉਹ ਲੜਾਈ ਦੇ ਮੈਦਾਨ ਵਿਚ ਗਿਆ, ਤੁਰ ਕੇ ਨਹੀਂ ਸਗੋਂ ਦੌੜ ਕੇ!
ਗੋਲਿਅਥ ਨੇ ਜਦੋਂ ਆਪਣੇ ਦੁਸ਼ਮਣ ਨੂੰ ਦੇਖਿਆ, ਤਾਂ ਉਸ ਨੇ ਕੀ ਸੋਚਿਆ? ਅਸੀਂ ਪੜ੍ਹਦੇ ਹਾਂ: “[ਉਸ ਨੇ] ਉਹ ਨੂੰ ਤੁੱਛ ਜਾਣਿਆ ਕਿਉਂ ਜੋ ਉਹ ਮੁੰਡਾ ਹੀ ਸੀ। ਉਹ ਲਾਲ ਰੰਗ ਅਤੇ ਸੋਹਣੇ ਰੂਪ ਦਾ ਸੀ।” ਗੋਲਿਅਥ ਨੇ ਚੀਕ ਕੇ ਕਿਹਾ: “ਭਲਾ, ਮੈਂ ਕੋਈ ਕੁੱਤਾ ਹਾਂ ਜੋ ਤੂੰ ਡਾਂਗ ਲੈ ਕੇ ਮੇਰੇ ਕੋਲ ਆਇਆ ਹੈਂ?” ਜ਼ਾਹਰ ਹੈ ਕਿ ਉਸ ਨੇ ਦਾਊਦ ਦੀ ਡਾਂਗ ਦੇਖੀ ਸੀ, ਪਰ ਉਸ ਦੇ ਗੋਪੀਏ ਵੱਲ ਕੋਈ ਧਿਆਨ ਨਹੀਂ ਦਿੱਤਾ। ਉਸ ਨੇ ਫਲਿਸਤੀ ਦੇਵਤਿਆਂ ਦੇ ਨਾਂ ʼਤੇ ਦਾਊਦ ਨੂੰ ਗਾਲ਼ਾਂ ਕੱਢੀਆਂ ਤੇ ਉਸ ਨੇ ਸੌਂਹ ਖਾਧੀ ਕਿ ਉਹ ਦਾਊਦ ਦੀ ਲਾਸ਼ ਪੰਛੀਆਂ ਤੇ ਜੰਗਲੀ ਜਾਨਵਰਾਂ ਨੂੰ ਖਿਲਾਵੇਗਾ।—1 ਸਮੂਏਲ 17:41-44.
ਦਾਊਦ ਨੇ ਉਸ ਵੇਲੇ ਜੋ ਜਵਾਬ ਦਿੱਤਾ ਉਸ ਤੋਂ ਅੱਜ ਵੀ ਦਾਊਦ ਦੀ ਨਿਹਚਾ ਦਾ ਪਤਾ ਲੱਗਦਾ ਹੈ। ਜ਼ਰਾ ਕਲਪਨਾ ਕਰੋ ਜਦੋਂ ਨੌਜਵਾਨ ਦਾਊਦ ਨੇ ਗੋਲਿਅਥ ਨੂੰ ਕਿਹਾ: “ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈਂ ਪਰ ਮੈਂ ਸੈਨਾਂ ਦੇ ਯਹੋਵਾਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ੁਰ ਹੈ ਜਿਸ ਨੂੰ ਤੈਂ ਲੱਜਿਆਵਾਨ ਕੀਤਾ ਤੇਰੇ ਕੋਲ ਆਉਂਦਾ ਹਾਂ!” ਦਾਊਦ ਨੂੰ ਪਤਾ ਸੀ ਕਿ ਇਨਸਾਨੀ ਤਾਕਤ ਤੇ ਹਥਿਆਰ ਜ਼ਿਆਦਾ ਅਹਿਮੀਅਤ ਨਹੀਂ ਰੱਖਦੇ। ਗੋਲਿਅਥ ਨੇ ਯਹੋਵਾਹ ਪਰਮੇਸ਼ੁਰ ਦੀ ਬੇਇੱਜ਼ਤੀ ਕੀਤੀ ਸੀ ਤੇ ਯਹੋਵਾਹ ਨੇ ਹੀ ਉਸ ਨੂੰ ਜਵਾਬ ਦੇਣਾ ਸੀ। ਇਸ ਲਈ ਦਾਊਦ ਨੇ ਕਿਹਾ ਸੀ: “ਜੁੱਧ ਦਾ ਸੁਆਮੀ ਯਹੋਵਾਹ ਹੈ।”—1 ਸਮੂਏਲ 17:45-47.
ਦਾਊਦ ਗੋਲਿਅਥ ਦੇ ਕੱਦ ਜਾਂ ਉਸ ਦੇ ਹਥਿਆਰਾਂ ਤੋਂ ਅਣਜਾਣ ਨਹੀਂ ਸੀ। ਫਿਰ ਵੀ ਇਨ੍ਹਾਂ ਸਭ ਚੀਜ਼ਾਂ ਕਰਕੇ ਦਾਊਦ ਘਬਰਾਇਆ ਨਹੀਂ। ਉਸ ਨੇ ਸ਼ਾਊਲ ਤੇ ਉਸ ਦੀ ਫ਼ੌਜ ਵਰਗੀ ਗ਼ਲਤੀ ਨਹੀਂ ਕੀਤੀ। ਦਾਊਦ ਨੇ ਆਪਣੀ ਤੁਲਨਾ ਗੋਲਿਅਥ ਨਾਲ ਨਹੀਂ ਕੀਤੀ। ਇਸ ਦੀ ਬਜਾਇ ਉਸ ਨੇ ਗੋਲਿਅਥ ਦੀ ਤੁਲਨਾ ਯਹੋਵਾਹ ਨਾਲ ਕੀਤੀ। ਲਗਭਗ ਸਾਢੇ ਨੌਂ ਫੁੱਟ (2.9 ਮੀਟਰ) ਲੰਬਾ ਗੋਲਿਅਥ ਦੂਸਰੇ ਆਦਮੀਆਂ ਨਾਲੋਂ ਬਹੁਤ ਉੱਚਾ ਸੀ। ਪਰ ਸਾਰੇ ਬ੍ਰਹਿਮੰਡ ਦੇ ਮਾਲਕ ਸਾਮ੍ਹਣੇ ਉਹ ਕਿੰਨਾ ਕੁ ਵੱਡਾ ਸੀ? ਸੱਚ-ਮੁੱਚ ਕਿਸੇ ਵੀ ਹੋਰ ਇਨਸਾਨ ਵਾਂਗ ਉਹ ਸਿਰਫ਼ ਇਕ ਕੀੜਾ ਹੀ ਸੀ ਜਿਸ ਨੂੰ ਯਹੋਵਾਹ ਮਸਲਣ ਲਈ ਤਿਆਰ ਸੀ!
ਆਪਣੇ ਦੁਸ਼ਮਣ ਵੱਲ ਭੱਜਦੇ ਹੋਏ ਦਾਊਦ ਨੇ ਝੋਲ਼ੇ ਵਿੱਚੋਂ ਪੱਥਰ ਕੱਢਿਆ। ਉਸ ਨੇ ਆਪਣੇ ਗੋਪੀਏ ਵਿਚ ਪੱਥਰ ਰੱਖ ਕੇ ਇਸ ਨੂੰ ਆਪਣੇ ਸਿਰ ʼਤੇ ਉਦੋਂ ਤਕ ਜ਼ੋਰ-ਜ਼ੋਰ ਨਾਲ ਘੁਮਾਇਆ ਜਦ ਤਕ ਆਵਾਜ਼ ਨਾ ਆਉਣ ਲੱਗ ਪਈ। ਗੋਲਿਅਥ, ਜੋ ਸ਼ਾਇਦ ਢਾਲ਼ ਚੁੱਕਣ ਵਾਲੇ ਆਦਮੀ ਦੇ ਪਿੱਛੇ ਸੀ, ਦਾਊਦ ਵੱਲ ਅੱਗੇ ਵਧਿਆ। ਗੋਲਿਅਥ ਦਾ ਉੱਚਾ ਕੱਦ ਸ਼ਾਇਦ ਉਸ ਲਈ ਨੁਕਸਾਨਦੇਹ ਹੋਇਆ ਕਿਉਂਕਿ ਉਸ ਦੀ ਢਾਲ਼ ਚੁੱਕਣ ਵਾਲਾ ਮਾਮੂਲੀ ਜਿਹੇ ਕੱਦ ਦਾ ਆਦਮੀ ਢਾਲ਼ ਉੱਚੀ ਚੁੱਕ ਕੇ ਗੋਲਿਅਥ ਦੇ ਸਿਰ ਨੂੰ ਨਹੀਂ ਬਚਾ ਸਕਦਾ ਸੀ। ਦਾਊਦ ਨੇ ਉੱਥੇ ਹੀ ਆਪਣਾ ਨਿਸ਼ਾਨਾ ਬੰਨ੍ਹਿਆ।—1 ਸਮੂਏਲ 17:41.
ਦਾਊਦ ਨੇ ਪੱਥਰ ਵਗਾਹ ਮਾਰਿਆ। ਕਲਪਨਾ ਕਰੋ ਕਿ ਕਿੰਨੀ ਸ਼ਾਂਤੀ ਛਾ ਗਈ ਹੋਣੀ ਜਦੋਂ ਪੱਥਰ ਆਪਣੇ ਨਿਸ਼ਾਨੇ ਵੱਲ ਜਾ ਰਿਹਾ ਸੀ। ਬਿਨਾਂ ਸ਼ੱਕ ਯਹੋਵਾਹ ਨੇ ਪੱਕਾ ਕੀਤਾ ਕਿ ਦਾਊਦ ਨੂੰ ਦੂਸਰਾ ਪੱਥਰ ਨਾ ਵਰਤਣਾ ਪਵੇ। ਪੱਥਰ ਆਪਣੇ ਨਿਸ਼ਾਨੇ ʼਤੇ ਜਾ ਵੱਜਾ ਤੇ ਸਿੱਧਾ ਗੋਲਿਅਥ ਦੇ ਮੱਥੇ ਵਿਚ ਜਾ ਖੁੱਭਿਆ। ਗੋਲਿਅਥ ਮੂੰਹ ਭਾਰ ਜ਼ਮੀਨ ʼਤੇ ਡਿਗ ਪਿਆ! ਉਸ ਦੀ ਢਾਲ਼ ਚੁੱਕਣ ਵਾਲਾ ਡਰ ਦੇ ਮਾਰੇ ਭੱਜ ਗਿਆ। ਦਾਊਦ ਗੋਲਿਅਥ ਕੋਲ ਗਿਆ, ਉਸ ਦੀ ਤਲਵਾਰ ਲਈ ਤੇ ਉਸ ਦੈਂਤ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ।—1 ਸਮੂਏਲ 17:48-51.
ਅਖ਼ੀਰ ਸ਼ਾਊਲ ਤੇ ਉਸ ਦੇ ਫ਼ੌਜੀਆਂ ਦੇ ਹੌਸਲੇ ਬੁਲੰਦ ਹੋ ਗਏ। ਉੱਚੀ ਆਵਾਜ਼ ਵਿਚ ਜੈਕਾਰਾ ਗਜਾਉਂਦੇ ਹੋਏ ਉਹ ਫਲਿਸਤੀਆਂ ਨਾਲ ਲੜਨ ਲਈ ਦੌੜੇ। ਜੰਗ ਦਾ ਨਤੀਜਾ ਉਹੀ ਹੋਇਆ ਜਿੱਦਾਂ ਦਾਊਦ ਨੇ ਗੋਲਿਅਥ ਨੂੰ ਕਿਹਾ ਸੀ: ‘ਯਹੋਵਾਹ ਤੁਹਾਨੂੰ ਸਾਡੇ ਹੱਥ ਵਿੱਚ ਦੇਵੇਗਾ!’—1 ਸਮੂਏਲ 17:47, 52, 53.
ਅੱਜ ਰੱਬ ਦੇ ਸੇਵਕ ਕਿਸੇ ਲੜਾਈ ਵਿਚ ਹਿੱਸਾ ਨਹੀਂ ਲੈਂਦੇ। ਉਹ ਸਮਾਂ ਬੀਤ ਗਿਆ ਹੈ। (ਮੱਤੀ 26:52) ਫਿਰ ਵੀ ਸਾਨੂੰ ਦਾਊਦ ਵਰਗੀ ਨਿਹਚਾ ਕਰਨ ਦੀ ਲੋੜ ਹੈ। ਉਸ ਵਾਂਗ ਯਹੋਵਾਹ ਸਾਡੇ ਲਈ ਵੀ ਅਸਲੀ ਹੋਣਾ ਚਾਹੀਦਾ ਹੈ ਤੇ ਸਾਨੂੰ ਸਿਰਫ਼ ਉਸ ਦੀ ਭਗਤੀ ਕਰਨੀ ਚਾਹੀਦੀ ਹੈ ਤੇ ਉਸ ਦਾ ਭੈ ਮੰਨਣਾ ਚਾਹੀਦਾ ਹੈ। ਕਦੇ-ਕਦੇ ਸਾਨੂੰ ਵੀ ਸ਼ਾਇਦ ਆਪਣੀਆਂ ਮੁਸ਼ਕਲਾਂ ਪਹਾੜ ਜਿੱਡੀਆਂ ਲੱਗਣ, ਪਰ ਇਹ ਮੁਸ਼ਕਲਾਂ ਯਹੋਵਾਹ ਦੀ ਅਸੀਮ ਤਾਕਤ ਦੇ ਮੁਕਾਬਲੇ ਬਹੁਤ ਛੋਟੀਆਂ ਹਨ। ਜੇ ਅਸੀਂ ਯਹੋਵਾਹ ਨੂੰ ਆਪਣਾ ਰੱਬ ਮੰਨਦੇ ਹਾਂ ਤੇ ਦਾਊਦ ਵਾਂਗ ਉਸ ʼਤੇ ਨਿਹਚਾ ਕਰਦੇ ਹਾਂ, ਤਾਂ ਸਾਨੂੰ ਕਿਸੇ ਵੀ ਚੁਣੌਤੀ ਤੇ ਮੁਸ਼ਕਲ ਤੋਂ ਡਰਨ ਦੀ ਲੋੜ ਨਹੀਂ। ਯਹੋਵਾਹ ਇੰਨਾ ਤਾਕਤਵਰ ਹੈ ਕਿ ਕੋਈ ਵੀ ਚੀਜ਼ ਉਸ ਨੂੰ ਜਿੱਤਣ ਤੋਂ ਰੋਕ ਨਹੀਂ ਸਕਦੀ! ▪ (wp16-E No. 5)