ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਉਸ ਨੇ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀ
ਹੰਨਾਹ ਸਫ਼ਰ ਕਰਨ ਦੀਆਂ ਤਿਆਰੀਆਂ ਵਿਚ ਰੁੱਝੀ ਹੋਈ ਸੀ। ਉਸ ਨੇ ਕੋਸ਼ਿਸ਼ ਕੀਤੀ ਕਿ ਉਸ ਦਾ ਧਿਆਨ ਆਪਣੀਆਂ ਸਮੱਸਿਆਵਾਂ ਉੱਤੇ ਨਾ ਰਹੇ। ਇਹ ਖ਼ੁਸ਼ੀ ਦਾ ਮੌਕਾ ਹੋਣਾ ਚਾਹੀਦਾ ਸੀ। ਉਸ ਦਾ ਪਤੀ ਅਲਕਾਨਾਹ ਹਰ ਸਾਲ ਆਪਣੇ ਟੱਬਰ ਨੂੰ ਸ਼ੀਲੋਹ ਵਿਚ ਯਹੋਵਾਹ ਦੇ ਡੇਰੇ ਤੇ ਲੈ ਕੇ ਜਾਂਦਾ ਸੀ। ਯਹੋਵਾਹ ਚਾਹੁੰਦਾ ਸੀ ਕਿ ਸਾਰੇ ਇਸ ਪਰਬ ਨੂੰ ਖ਼ੁਸ਼ੀ-ਖ਼ੁਸ਼ੀ ਮਨਾਉਣ। (ਬਿਵਸਥਾ ਸਾਰ 16:15) ਬੇਸ਼ੱਕ ਹੰਨਾਹ ਬਚਪਨ ਤੋਂ ਹੀ ਇਨ੍ਹਾਂ ਪਰਬਾਂ ਨੂੰ ਖ਼ੁਸ਼ੀ-ਖ਼ੁਸ਼ੀ ਮਨਾਉਂਦੀ ਆਈ ਸੀ, ਪਰ ਹਾਲ ਹੀ ਦੇ ਸਾਲਾਂ ਵਿਚ ਉਸ ਦੇ ਹਾਲਾਤ ਬਦਲ ਚੁੱਕੇ ਸਨ।
ਰੱਬ ਦੀ ਮਿਹਰ ਸਦਕਾ ਉਸ ਨੂੰ ਅਜਿਹਾ ਪਤੀ ਮਿਲਿਆ ਜੋ ਉਸ ਨੂੰ ਬਹੁਤ ਪਿਆਰ ਕਰਦਾ ਸੀ। ਪਰ ਅਲਕਾਨਾਹ ਦੀ ਇਕ ਹੋਰ ਵੀ ਪਤਨੀ ਸੀ। ਉਸ ਦਾ ਨਾਂ ਪਨਿੰਨਾਹ ਸੀ ਤੇ ਉਹ ਹੰਨਾਹ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਤੇ ਤੁਲੀ ਹੋਈ ਸੀ। ਪਨਿੰਨਾਹ ਇਨ੍ਹਾਂ ਖ਼ੁਸ਼ੀ ਦੇ ਮੌਕਿਆਂ ਤੇ ਹੰਨਾਹ ਦਾ ਦਿਲ ਦੁਖਾਉਣ ਤੋਂ ਬਾਜ਼ ਨਹੀਂ ਆਈ। ਉਹ ਕਿਵੇਂ? ਇਸ ਤੋਂ ਵੀ ਪਹਿਲਾਂ ਜ਼ਰੂਰੀ ਸਵਾਲ ਇਹ ਹੈ ਕਿ ਯਹੋਵਾਹ ਉੱਤੇ ਹੰਨਾਹ ਦੀ ਨਿਹਚਾ ਨੇ ਇਨ੍ਹਾਂ ਹਾਲਾਤਾਂ ਵਿਚ ਵੀ ਉਸ ਦੀ ਮਦਦ ਕਿਵੇਂ ਕੀਤੀ? ਜੇ ਮੁਸ਼ਕਲਾਂ ਨੇ ਤੁਹਾਡੀ ਜ਼ਿੰਦਗੀ ਨੂੰ ਸਾਰੇ ਪਾਸਿਓਂ ਘੇਰ ਲਿਆ ਹੈ, ਤਾਂ ਹੰਨਾਹ ਦੀ ਕਹਾਣੀ ਤੁਹਾਡੀ ਮਦਦ ਕਰ ਸਕਦੀ ਹੈ।
“ਤੂੰ ਕਿਉਂ ਦੁੱਖੀ ਰਹਿੰਦੀ ਹੈਂ?”
ਬਾਈਬਲ ਦੱਸਦੀ ਹੈ ਕਿ ਹੰਨਾਹ ਦੀ ਜ਼ਿੰਦਗੀ ਵਿਚ ਦੋ ਵੱਡੀਆਂ ਸਮੱਸਿਆਵਾਂ ਸਨ। ਇਕ ਉੱਤੇ ਤਾਂ ਉਸ ਦਾ ਥੋੜ੍ਹਾ-ਬਹੁਤਾ ਕੰਟ੍ਰੋਲ ਸੀ, ਪਰ ਦੂਜੀ ਉੱਤੇ ਉਸ ਦਾ ਕੋਈ ਵੱਸ ਨਹੀਂ ਸੀ। ਪਹਿਲੀ ਗੱਲ ਤਾਂ ਅਲਕਾਨਾਹ ਦੀਆਂ ਦੋ ਤੀਵੀਆਂ ਸਨ ਤੇ ਹੰਨਾਹ ਦੀ ਸੌਂਕਣ ਉਸ ਨੂੰ ਸਖ਼ਤ ਨਫ਼ਰਤ ਕਰਦੀ ਸੀ। ਦੂਜੀ ਗੱਲ, ਹੰਨਾਹ ਬੇਔਲਾਦ ਸੀ। ਇਹ ਹਾਲਤ ਸਹਿਣੀ ਕਿਸੇ ਵੀ ਤੀਵੀਂ ਵਾਸਤੇ ਬਹੁਤ ਔਖੀ ਹੈ ਜੋ ਚਾਹੁੰਦੀ ਹੈ ਕਿ ਉਸ ਦੇ ਬੱਚੇ ਹੋਣ। ਪਰ ਹੰਨਾਹ ਦੇ ਜ਼ਮਾਨੇ ਵਿਚ ਬੇਔਲਾਦ ਹੋਣਾ ਮਾੜੀ ਗੱਲ ਸਮਝੀ ਜਾਂਦੀ ਸੀ। ਹਰ ਪਰਿਵਾਰ ਆਪਣੇ ਖ਼ਾਨਦਾਨ ਨੂੰ ਅੱਗੇ ਵਧਾਉਣ ਦੀ ਇੱਛਾ ਰੱਖਦਾ ਸੀ। ਬੇਔਲਾਦ ਤੀਵੀਂ ਲਈ ਇਹ ਗੱਲ ਬੜੀ ਸ਼ਰਮ ਵਾਲੀ ਸੀ।
ਜੇ ਪਨਿੰਨਾਹ ਹੰਨਾਹ ਨਾਲ ਇੰਨੀ ਨਫ਼ਰਤ ਨਾ ਕਰਦੀ ਹੁੰਦੀ, ਤਾਂ ਹੰਨਾਹ ਆਪਣੇ ਦਿਲ ʼਤੇ ਪੱਥਰ ਰੱਖ ਕੇ ਸਹਿ ਲੈਂਦੀ। ਇਕ ਤੋਂ ਜ਼ਿਆਦਾ ਵਿਆਹ ਕਰਾਉਣ ਨਾਲ ਜ਼ਿਆਦਾਤਰ ਮਾੜੇ ਨਤੀਜੇ ਹੀ ਨਿਕਲਦੇ ਸਨ। ਅਜਿਹੇ ਘਰਾਂ ਵਿਚ ਦੁੱਖਾਂ ਤੋਂ ਇਲਾਵਾ ਲੜਾਈ-ਝਗੜੇ ਤੇ ਕਲੇਸ਼ ਹੀ ਰਹਿੰਦਾ ਸੀ। ਸ਼ੁਰੂ ਤੋਂ ਹੀ ਇਹ ਪਰਮੇਸ਼ੁਰ ਦਾ ਇਰਾਦਾ ਸੀ ਕਿ ਇਕ ਪਤੀ ਦੀ ਇੱਕੋ ਹੀ ਪਤਨੀ ਹੋਵੇ। (ਉਤਪਤ 2:24) ਬਾਈਬਲ ਵਿਚ ਇਕ ਤੋਂ ਜ਼ਿਆਦਾ ਵਿਆਹ ਕਰਾਉਣ ਵਾਲੇ ਇਨਸਾਨ ਦੀ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੁੰਦੀ ਸੀ। ਅਲਕਾਨਾਹ ਦਾ ਘਰ ਇਸ ਗੱਲ ਦੀ ਜੀਉਂਦੀ-ਜਾਗਦੀ ਮਿਸਾਲ ਸੀ।
ਅਲਕਾਨਾਹ ਹੰਨਾਹ ਨੂੰ ਪਨਿੰਨਾਹ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ। ਯਹੂਦੀਆਂ ਮੁਤਾਬਕ ਉਸ ਦਾ ਪਹਿਲਾ ਵਿਆਹ ਹੰਨਾਹ ਨਾਲ ਅਤੇ ਫਿਰ ਕੁਝ ਸਾਲਾਂ ਬਾਅਦ ਪਨਿੰਨਾਹ ਨਾਲ ਹੋਇਆ। ਪਰ ਪਨਿੰਨਾਹ ਹੰਨਾਹ ਤੋਂ ਬਹੁਤ ਸੜਦੀ ਸੀ ਅਤੇ ਉਸ ਨੂੰ ਦੁੱਖ ਦੇਣ ਵਿਚ ਉਸ ਨੇ ਕੋਈ ਕਸਰ ਨਹੀਂ ਛੱਡੀ। ਪਨਿੰਨਾਹ ਦੇ ਇਕ ਤੋਂ ਬਾਅਦ ਇਕ ਬੱਚੇ ਪੈਦਾ ਹੋਏ ਜਿਸ ਕਰਕੇ ਉਸ ਨੂੰ ਖ਼ੁਦ ʼਤੇ ਬੜਾ ਘਮੰਡ ਸੀ। ਹੰਨਾਹ ਦਾ ਕੋਈ ਬੱਚਾ ਨਹੀਂ ਸੀ ਤੇ ਪਨਿੰਨਾਹ ਨੇ ਇਸ ਮੌਕੇ ਦਾ ਫ਼ਾਇਦਾ ਉਠਾਇਆ। ਉਸ ਨੂੰ ਤਸੱਲੀ ਦੇਣ ਦੀ ਬਜਾਇ ਉਹ ਹੰਨਾਹ ਦੇ ਜ਼ਖ਼ਮਾਂ ʼਤੇ ਲੂਣ ਛਿੜਕਦੀ ਸੀ। ਬਾਈਬਲ ਕਹਿੰਦੀ ਹੈ ਕਿ ਪਨਿੰਨਾਹ ਤਾਅਨੇ-ਮੇਹਣੇ ਮਾਰ ਕੇ ਹੰਨਾਹ ਨੂੰ “ਅਕਾਉਣ ਲਈ ਬਹੁਤ ਛੇੜਦੀ ਸੀ।” (1 ਸਮੂਏਲ 1:6) ਪਨਿੰਨਾਹ ਹੰਨਾਹ ਨੂੰ ਠੇਸ ਪਹੁੰਚਾਉਣ ਲਈ ਇੱਦਾਂ ਜਾਣ-ਬੁੱਝ ਕੇ ਕਰਦੀ ਸੀ ਅਤੇ ਉਹ ਅਜਿਹਾ ਕਰਨ ਵਿਚ ਸਫ਼ਲ ਵੀ ਹੋਈ।
ਲੱਗਦਾ ਹੈ ਕਿ ਪਨਿੰਨਾਹ ਨੂੰ ਸਭ ਤੋਂ ਵਧੀਆ ਮੌਕਾ ਉਦੋਂ ਮਿਲਦਾ ਸੀ ਜਦ ਹਰ ਸਾਲ ਪੂਰਾ ਪਰਿਵਾਰ ਪਰਬ ਮਨਾਉਣ ਸ਼ੀਲੋਹ ਜਾਂਦਾ ਸੀ। ਪਨਿੰਨਾਹ ਦੇ “ਪੁੱਤ੍ਰਾਂ ਅਤੇ ਉਹ ਦੀਆਂ ਧੀਆਂ” ਨੂੰ ਅਲਕਾਨਾਹ ਭੇਟ ਦੇ ਕਈ ਹਿੱਸੇ ਦਿੰਦਾ ਸੀ। ਪਰ ਬੇਔਲਾਦ ਹੰਨਾਹ ਨੂੰ ਸਿਰਫ਼ ਆਪਣਾ ਇਕ ਹਿੱਸਾ ਮਿਲਦਾ ਸੀ। ਇਸ ਕਰਕੇ ਪਨਿੰਨਾਹ ਇੰਨੀਆਂ ਸ਼ੇਖ਼ੀਆਂ ਮਾਰਦੀ ਸੀ ਕਿ ਬੇਚਾਰੀ ਹੰਨਾਹ ਰੋਣ ਲੱਗ ਜਾਂਦੀ ਸੀ ਤੇ ਉਸ ਦੀ ਭੁੱਖ-ਪਿਆਸ ਵੀ ਮਰ ਜਾਂਦੀ ਸੀ। ਹੰਨਾਹ ਦਾ ਦੁਖੀ ਹੋਣਾ ਤੇ ਕੁਝ ਨਾ ਖਾਣਾ ਅਲਕਾਨਾਹ ਤੋਂ ਲੁਕਿਆ ਨਹੀਂ ਸੀ ਤੇ ਉਸ ਨੇ ਹੰਨਾਹ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੇ ਹੰਨਾਹ ਨੂੰ ਪੁੱਛਿਆ: “ਤੂੰ ਕਿਉਂ ਰੋਂਦੀ ਹੈਂ? ਤੂੰ ਕੁਝ ਖਾਂਦੀ ਨਹੀਂ? ਤੂੰ ਕਿਉਂ ਦੁੱਖੀ ਰਹਿੰਦੀ ਹੈਂ? ਕੀ ਤੇਰੇ ਲਈ ਮੈਂ ਦੱਸਾਂ ਪੁੱਤਰਾਂ ਨਾਲੋਂ ਚੰਗਾ ਨਹੀਂ ਹੈਂ?”—1 ਸਮੂਏਲ 1:4-8, CL.
ਅਲਕਾਨਾਹ ਨੂੰ ਇੰਨਾ ਤਾਂ ਪਤਾ ਸੀ ਕਿ ਹੰਨਾਹ ਇਸ ਕਰਕੇ ਦੁਖੀ ਸੀ ਕਿ ਉਸ ਦੇ ਬੱਚੇ ਨਹੀਂ ਸਨ। ਹੰਨਾਹ ਨੂੰ ਇਸ ਗੱਲ ਤੋਂ ਜ਼ਰੂਰ ਤਸੱਲੀ ਮਿਲੀ ਹੋਵੇਗੀ ਕਿ ਉਸ ਦਾ ਪਤੀ ਉਸ ਨੂੰ ਕਿੰਨਾ ਪਿਆਰ ਕਰਦਾ ਸੀ।a ਪਰ ਅਲਕਾਨਾਹ ਨੇ ਪਨਿੰਨਾਹ ਦੀਆਂ ਘਟੀਆ ਹਰਕਤਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਤੇ ਲੱਗਦਾ ਹੈ ਕਿ ਹੰਨਾਹ ਨੇ ਵੀ ਆਪਣੇ ਪਤੀ ਨੂੰ ਇਨ੍ਹਾਂ ਬਾਰੇ ਦੱਸਿਆ ਨਹੀਂ ਸੀ। ਸ਼ਾਇਦ ਉਹ ਜਾਣਦੀ ਸੀ ਕਿ ਪਨਿੰਨਾਹ ਬਾਰੇ ਦੱਸਣ ਨਾਲ ਉਸ ਦੇ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਸਨ। ਨਾਲੇ ਸ਼ਾਇਦ ਅਲਕਾਨਾਹ ਵੀ ਇਸ ਮਾਮਲੇ ਵਿਚ ਕੁਝ ਨਹੀਂ ਕਰ ਸਕਦਾ ਸੀ। ਜੇ ਅਲਕਾਨਾਹ ਇਸ ਗੱਲ ਵਿਚ ਦਖ਼ਲਅੰਦਾਜ਼ੀ ਕਰਦਾ, ਤਾਂ ਕੀ ਪਤਾ ਕਿ ਪਨਿੰਨਾਹ ਹੰਨਾਹ ਤੋਂ ਹੋਰ ਜ਼ਿਆਦਾ ਸੜਨ ਲੱਗ ਪੈਂਦੀ ਅਤੇ ਉਸ ਦੇ ਬੱਚੇ ਤੇ ਨੌਕਰ ਵੀ ਹੰਨਾਹ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਣ ਲੱਗ ਪੈਂਦੇ। ਫਿਰ ਜੇ ਇੱਦਾਂ ਹੁੰਦਾ, ਤਾਂ ਸਾਰੇ ਪਰਿਵਾਰ ਨੇ ਇਕ ਪਾਸੇ ਹੋ ਜਾਣਾ ਸੀ ਤੇ ਹੰਨਾਹ ਨੇ ਇਕੱਲੀ ਰਹਿ ਜਾਣਾ ਸੀ।
ਚਾਹੇ ਅਲਕਾਨਾਹ ਨੂੰ ਪਨਿੰਨਾਹ ਦੀਆਂ ਨੀਚ ਹਰਕਤਾਂ ਬਾਰੇ ਪੂਰੀ ਖ਼ਬਰ ਸੀ ਕਿ ਨਹੀਂ, ਪਰ ਯਹੋਵਾਹ ਸਭ ਕੁਝ ਦੇਖ ਰਿਹਾ ਸੀ। ਬਾਈਬਲ ਵਿਚ ਦਿੱਤੀ ਇਸ ਕਹਾਣੀ ਨੂੰ ਪੜ੍ਹ ਕੇ ਸਾਨੂੰ ਚੇਤਾਵਨੀ ਮਿਲਦੀ ਹੈ ਕਿ ਅਸੀਂ ਦੂਸਰਿਆਂ ਨੂੰ ਦੇਖ ਕੇ ਸੜੀਏ ਨਾ ਤੇ ਨਾ ਹੀ ਉਨ੍ਹਾਂ ਨਾਲ ਨਫ਼ਰਤ ਕਰੀਏ। ਦੂਜੇ ਪਾਸੇ, ਹੰਨਾਹ ਵਰਗੇ ਭੋਲੇ-ਭਾਲੇ ਤੇ ਬੇਕਸੂਰ ਲੋਕਾਂ ਨੂੰ ਇਸ ਗੱਲ ਤੋਂ ਤਸੱਲੀ ਮਿਲਦੀ ਹੈ ਕਿ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ ਜੋ ਸਹੀ ਸਮੇਂ ਤੇ ਅਤੇ ਸਹੀ ਤਰੀਕੇ ਨਾਲ ਸਾਰੇ ਮਾਮਲਿਆਂ ਨੂੰ ਹੱਲ ਕਰੇਗਾ। (ਬਿਵਸਥਾ ਸਾਰ 32:4) ਸ਼ਾਇਦ ਹੰਨਾਹ ਵੀ ਇਹ ਗੱਲ ਜਾਣਦੀ ਸੀ, ਇਸੇ ਲਈ ਉਹ ਮਦਦ ਵਾਸਤੇ ਯਹੋਵਾਹ ਕੋਲ ਗਈ।
“ਫੇਰ ਉਹ ਦਾ ਮੂੰਹ ਉਦਾਸ ਨਾ ਰਿਹਾ”
ਸਵੇਰੇ-ਸਵੇਰੇ ਸਾਰਾ ਟੱਬਰ ਕੰਮ ਵਿਚ ਰੁੱਝਾ ਹੋਇਆ ਸੀ। ਸਾਰੇ, ਬੱਚੇ ਵੀ, ਪਰਬ ਤੇ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ। ਸ਼ੀਲੋਹ ਨੂੰ ਜਾਣ ਲਈ ਇਸ ਵੱਡੇ ਪਰਿਵਾਰ ਨੂੰ ਈਫਰਾਏਮ ਦੇ ਪਹਾੜੀ ਇਲਾਕੇ ਵਿੱਚੋਂ ਲੰਘਣਾ ਪੈਣਾ ਸੀ ਤੇ ਇਹ ਲਗਭਗ 30 ਕਿਲੋਮੀਟਰ ਦਾ ਸਫ਼ਰ ਸੀ।b ਪੈਦਲ ਜਾਣ ਲਈ ਇਕ-ਦੋ ਦਿਨ ਲੱਗ ਜਾਂਦੇ ਸਨ। ਹੰਨਾਹ ਜਾਣਦੀ ਸੀ ਕਿ ਪਨਿੰਨਾਹ ਉਹ ਦੇ ਨਾਲ ਕੀ ਕਰੇਗੀ। ਫਿਰ ਵੀ ਹੰਨਾਹ ਘਰ ਨਹੀਂ ਰਹੀ। ਉਸ ਨੇ ਅੱਜ ਪਰਮੇਸ਼ੁਰ ਦੇ ਸੇਵਕਾਂ ਲਈ ਵਧੀਆ ਮਿਸਾਲ ਕਾਇਮ ਕੀਤੀ। ਦੂਸਰਿਆਂ ਦੀ ਬਦਸਲੂਕੀ ਕਰਕੇ ਸਾਨੂੰ ਪਰਮੇਸ਼ੁਰ ਦੀ ਭਗਤੀ ਕਰਨੀ ਕਦੀ ਨਹੀਂ ਛੱਡਣੀ ਚਾਹੀਦੀ। ਜੇ ਅਸੀਂ ਛੱਡ ਦੇਈਏ, ਤਾਂ ਅਸੀਂ ਯਹੋਵਾਹ ਦੀਆਂ ਉਨ੍ਹਾਂ ਬਰਕਤਾਂ ਤੋਂ ਖੁੰਝ ਜਾਵਾਂਗੇ ਜਿਨ੍ਹਾਂ ਕਰਕੇ ਸਾਨੂੰ ਧੀਰਜ ਰੱਖਣ ਦੀ ਤਾਕਤ ਮਿਲਦੀ ਹੈ।
ਪੂਰਾ ਦਿਨ ਪਹਾੜੀ ਰਸਤਿਆਂ ਵਿਚ ਚੱਲਦੇ-ਚੱਲਦੇ ਅਖ਼ੀਰ ਵਿਚ ਇਹ ਟੱਬਰ ਸ਼ੀਲੋਹ ਲਾਗੇ ਪਹੁੰਚਿਆ। ਸ਼ੀਲੋਹ ਸ਼ਹਿਰ ਇਕ ਪਹਾੜ ਉੱਤੇ ਵੱਸਿਆ ਸੀ ਜਿਸ ਦੇ ਆਲੇ-ਦੁਆਲੇ ਹੋਰ ਵੱਡੇ-ਵੱਡੇ ਪਹਾੜ ਸਨ। ਜਦੋਂ ਉਹ ਉੱਥੇ ਪਹੁੰਚੇ, ਤਾਂ ਹੰਨਾਹ ਨੇ ਪਹਿਲਾਂ ਹੀ ਸੋਚ ਲਿਆ ਹੋਣਾ ਕਿ ਉਹ ਪ੍ਰਾਰਥਨਾ ਵਿਚ ਯਹੋਵਾਹ ਨੂੰ ਕੀ-ਕੀ ਕਹੇਗੀ। ਸਾਰੇ ਟੱਬਰ ਨੇ ਮਿਲ ਕੇ ਖਾਣਾ ਖਾਧਾ। ਫਿਰ ਜਦੋਂ ਹੰਨਾਹ ਨੂੰ ਮੌਕਾ ਮਿਲਿਆ, ਤਾਂ ਉਹ ਇਕੱਲੀ ਯਹੋਵਾਹ ਦੇ ਡੇਰੇ ਵਿਚ ਚਲੀ ਗਈ। ਪ੍ਰਧਾਨ ਜਾਜਕ ਏਲੀ ਮੰਦਰ ਦੀ ਚੁਗਾਠ ਕੋਲ ਬੈਠਾ ਸੀ। ਪਰ ਹੰਨਾਹ ਦਾ ਪੂਰਾ ਧਿਆਨ ਯਹੋਵਾਹ ਵੱਲ ਸੀ। ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਸ ਦੀ ਫ਼ਰਿਆਦ ਸੁਣੇਗਾ। ਭਾਵੇਂ ਉਸ ਦੇ ਦੁੱਖ ਨੂੰ ਕੋਈ ਨਾ ਸਮਝੇ, ਪਰ ਯਹੋਵਾਹ ਜ਼ਰੂਰ ਸਮਝੇਗਾ। ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ।
ਰੋਣ ਕਰਕੇ ਹੰਨਾਹ ਦਾ ਸਰੀਰ ਕੰਬ ਰਿਹਾ ਸੀ ਅਤੇ ਉਸ ਨੇ ਮਨ ਹੀ ਮਨ ਯਹੋਵਾਹ ਨਾਲ ਗੱਲਾਂ ਕੀਤੀਆਂ। ਉਸ ਦੇ ਬੁੱਲ੍ਹ ਹਿਲ ਰਹੇ ਸਨ ਕਿਉਂਕਿ ਉਹ ਆਪਣਾ ਦੁੱਖ ਸ਼ਬਦਾਂ ਵਿਚ ਬਿਆਨ ਕਰ ਰਹੀ ਸੀ। ਉਸ ਨੇ ਦਿਲ ਖੋਲ੍ਹ ਕੇ ਕਿੰਨੀ ਦੇਰ ਤਕ ਆਪਣੇ ਪਿਤਾ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਹਾਲਾਂਕਿ ਉਹ ਔਲਾਦ ਲਈ ਤਰਸ ਰਹੀ ਸੀ, ਪਰ ਉਸ ਨੇ ਸਿਰਫ਼ ਇਹ ਨਹੀਂ ਕਿਹਾ ਕਿ ਪਰਮੇਸ਼ੁਰ ਉਸ ਦੀ ਝੋਲੀ ਇਕ ਔਲਾਦ ਦੇ ਕੇ ਭਰ ਦੇਵੇ। ਹੰਨਾਹ ਸਿਰਫ਼ ਪਰਮੇਸ਼ੁਰ ਤੋਂ ਬਰਕਤਾਂ ਹੀ ਨਹੀਂ ਚਾਹੁੰਦੀ ਸੀ, ਸਗੋਂ ਉਹ ਯਹੋਵਾਹ ਨੂੰ ਵੀ ਕੁਝ ਦੇਣਾ ਚਾਹੁੰਦੀ ਸੀ। ਸੋ ਉਸ ਨੇ ਸੁੱਖਣਾ ਸੁੱਖੀ ਕਿ ਜੇ ਉਸ ਦੇ ਮੁੰਡਾ ਹੋਇਆ, ਤਾਂ ਉਹ ਉਸ ਨੂੰ ਯਹੋਵਾਹ ਦੀ ਸੇਵਾ ਲਈ ਦੇ ਦੇਵੇਗੀ।—1 ਸਮੂਏਲ 1:9-11.
ਯਹੋਵਾਹ ਦੇ ਸਾਰੇ ਸੇਵਕ ਪ੍ਰਾਰਥਨਾ ਕਰਨ ਬਾਰੇ ਹੰਨਾਹ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਯਹੋਵਾਹ ਬੜੇ ਪਿਆਰ ਨਾਲ ਆਪਣੇ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਉਹ ਦਿਲ ਖੋਲ੍ਹ ਕੇ ਬਿਨਾਂ ਝਿਜਕੇ ਉਸ ਨੂੰ ਪ੍ਰਾਰਥਨਾ ਕਰਨ। ਯਹੋਵਾਹ ਸਾਡੇ ਮਨ ਦੀਆਂ ਸਾਰੀਆਂ ਚਿੰਤਾਵਾਂ ਨੂੰ ਸੁਣਨਾ ਚਾਹੁੰਦਾ ਹੈ ਜਿਵੇਂ ਇਕ ਛੋਟਾ ਬੱਚਾ ਆਪਣੇ ਮਾਪਿਆਂ ਨੂੰ ਹਰ ਗੱਲ ਦੱਸਦਾ ਹੈ। (ਜ਼ਬੂਰਾਂ ਦੀ ਪੋਥੀ 62:8; 1 ਥੱਸਲੁਨੀਕੀਆਂ 5:17) ਪਤਰਸ ਰਸੂਲ ਦੇ ਇਨ੍ਹਾਂ ਸ਼ਬਦਾਂ ਤੋਂ ਕਿੰਨਾ ਦਿਲਾਸਾ ਮਿਲਦਾ ਹੈ ਕਿ “ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.
ਪਰ ਇਨਸਾਨ ਯਹੋਵਾਹ ਜਿੰਨੇ ਹਮਦਰਦ ਨਹੀਂ। ਹੰਨਾਹ ਜਦ ਰੋ-ਰੋ ਕੇ ਪ੍ਰਾਰਥਨਾ ਕਰ ਰਹੀ ਸੀ, ਤਾਂ ਅਚਾਨਕ ਇਕ ਆਵਾਜ਼ ਨੇ ਉਸ ਦਾ ਤ੍ਰਾਹ ਕੱਢ ਦਿੱਤਾ। ਇਹ ਪ੍ਰਧਾਨ ਜਾਜਕ ਏਲੀ ਦੀ ਆਵਾਜ਼ ਸੀ ਜੋ ਉਸ ਨੂੰ ਦੇਖ ਰਿਹਾ ਸੀ। ਉਸ ਨੇ ਕਿਹਾ: “ਤੂੰ ਸ਼ਰਾਬ ਦੇ ਨਸ਼ੇ ਵਿਚ ਕਦੋਂ ਤਕ ਰਹੇਂਗੀ? ਹੋਸ਼ ਵਿਚ ਆ ਕੇ ਇਸ ਨਸ਼ੇ ਨੂੰ ਭੁਲ ਜਾਹ।” ਏਲੀ ਨੇ ਹੰਨਾਹ ਦਾ ਰੋਣਾ, ਉਸ ਦੇ ਕੰਬ ਰਹੇ ਬੁੱਲ੍ਹ ਤੇ ਉਸ ਦੇ ਚਿਹਰੇ ਦੇ ਹਾਵ-ਭਾਵ ਗੌਹ ਨਾਲ ਦੇਖੇ ਸਨ। ਉਸ ਨੇ ਇਹ ਨਹੀਂ ਪੁੱਛਿਆ ਕਿ ਉਹ ਕਿਉਂ ਰੋਂਦੀ ਹੈ, ਪਰ ਉਸ ਨੇ ਝੱਟ ਹੀ ਕਹਿ ਦਿੱਤਾ ਕਿ ਉਹ ਸ਼ਰਾਬ ਦੇ ਨਸ਼ੇ ਵਿਚ ਸੀ।—1 ਸਮੂਏਲ 1:12-14, CL.
ਹੰਨਾਹ ਪਹਿਲਾਂ ਹੀ ਬਹੁਤ ਹੀ ਦੁਖੀ ਸੀ ਤੇ ਇਹ ਗੱਲ ਸੁਣ ਕੇ ਉਹ ਹੋਰ ਵੀ ਦੁਖੀ ਹੋਈ ਹੋਣੀ—ਉਹ ਵੀ ਇੰਨੇ ਜ਼ਿੰਮੇਵਾਰ ਆਦਮੀ ਦੇ ਮੂੰਹੋਂ! ਫਿਰ ਵੀ ਉਸ ਨੇ ਨਿਹਚਾ ਦੀ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਇਕ ਆਦਮੀ ਦੀ ਗ਼ਲਤੀ ਕਰਕੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ। ਉਸ ਨੇ ਬੜੇ ਹੀ ਆਦਰ ਨਾਲ ਏਲੀ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ। ਏਲੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਉਸ ਨੇ ਨਰਮ ਲਹਿਜੇ ਨਾਲ ਕਿਹਾ: “ਸੁਖ ਸਾਂਦ ਨਾਲ ਜਾਹ ਅਤੇ ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜੋਈ ਪੂਰੀ ਕਰੇ ਜੋ ਤੈਂ ਉਸ ਤੋਂ ਮੰਗੀ ਹੈ।”—1 ਸਮੂਏਲ 1:15-17.
ਯਹੋਵਾਹ ਦੇ ਡੇਰੇ ਵਿਚ ਜਾ ਕੇ ਹੰਨਾਹ ਨੇ ਯਹੋਵਾਹ ਦੀ ਭਗਤੀ ਕੀਤੀ ਤੇ ਦਿਲ ਖੋਲ੍ਹ ਕੇ ਉਸ ਨੂੰ ਪ੍ਰਾਰਥਨਾ ਕੀਤੀ। ਇਸ ਦਾ ਉਸ ਉੱਤੇ ਕੀ ਅਸਰ ਪਿਆ? ਬਾਈਬਲ ਕਹਿੰਦੀ ਹੈ: “ਤਦ ਉਸ ਤੀਵੀਂ ਨੇ ਜਾ ਕੇ ਰੋਟੀ ਖਾਧੀ ਅਤੇ ਫੇਰ ਉਹ ਦਾ ਮੂੰਹ ਉਦਾਸ ਨਾ ਰਿਹਾ।” (1 ਸਮੂਏਲ 1:18) 3 ਹੰਨਾਹ ਦਾ ਮਨ ਕਿੰਨਾ ਹਲਕਾ ਹੋਇਆ ਹੋਣਾ। ਸਾਰਾ ਬੋਝ ਆਪਣੇ ਮੋਢਿਆਂ ʼਤੇ ਚੁੱਕਣ ਦੀ ਬਜਾਇ ਉਸ ਨੇ ਆਪਣਾ ਬੋਝ ਆਪਣੇ ਪਿਤਾ ਯਹੋਵਾਹ ਨੂੰ ਦੇ ਦਿੱਤਾ। (ਜ਼ਬੂਰਾਂ ਦੀ ਪੋਥੀ 55:22) ਕੀ ਯਹੋਵਾਹ ਲਈ ਕੋਈ ਵੀ ਬੋਝ ਭਾਰਾ ਹੈ? ਨਹੀਂ, ਉਦੋਂ ਵੀ ਨਹੀਂ ਸੀ, ਅੱਜ ਵੀ ਨਹੀਂ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਨਹੀਂ ਹੋਵੇਗਾ!
ਜਦ ਅਸੀਂ ਆਪਣੀਆਂ ਸਮੱਸਿਆਵਾਂ ਦੇ ਬੋਝ ਹੇਠਾਂ ਦੱਬੇ ਹੋਏ ਤੇ ਸਾਡੀ ਜ਼ਿੰਦਗੀ ਵਿਚ ਕਾਲੇ ਬੱਦਲ ਛਾਏ ਹੋਏ ਹੁੰਦੇ ਹਨ ਜਾਂ ਅਸੀਂ ਬਹੁਤ ਹੀ ਉਦਾਸ ਹੁੰਦੇ ਹਾਂ, ਤਾਂ ਅਸੀਂ ਵੀ ਹੰਨਾਹ ਦੀ ਰੀਸ ਕਰ ਕੇ “ਪ੍ਰਾਰਥਨਾ ਦੇ ਸੁਣਨ ਵਾਲੇ” ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 65:2) ਜੇ ਅਸੀਂ ਪੂਰੇ ਯਕੀਨ ਨਾਲ ਇਸ ਤਰ੍ਹਾਂ ਕਰਾਂਗੇ, ਤਾਂ ਉਦਾਸ ਹੋਣ ਦੀ ਬਜਾਇ “ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ” ਸਾਡੀਆਂ ਸੋਚਾਂ ਦੀ ਰਾਖੀ ਕਰੇਗੀ।—ਫ਼ਿਲਿੱਪੀਆਂ 4:6, 7.
“ਕੋਈ ਚਟਾਨ ਸਾਡੇ ਪਰਮੇਸ਼ੁਰ ਜਿਹੀ ਨਹੀਂ”
ਅਗਲੀ ਸਵੇਰ ਹੰਨਾਹ ਅਲਕਾਨਾਹ ਨਾਲ ਡੇਰੇ ਨੂੰ ਵਾਪਸ ਗਈ। ਉਸ ਨੇ ਜ਼ਰੂਰ ਆਪਣੀ ਸੁੱਖਣਾ ਬਾਰੇ ਉਸ ਨੂੰ ਦੱਸਿਆ ਹੋਵੇਗਾ ਕਿਉਂਕਿ ਮੂਸਾ ਦੀ ਬਿਵਸਥਾ ਵਿਚ ਲਿਖਿਆ ਸੀ ਕਿ ਜੇ ਪਤਨੀ ਬਿਨਾਂ ਪੁੱਛੇ ਸੁੱਖਣਾ ਸੁੱਖਦੀ ਹੈ, ਤਾਂ ਪਤੀ ਇਸ ਨੂੰ ਤੋੜ ਸਕਦਾ ਸੀ। (ਗਿਣਤੀ 30:10-15) ਪਰ ਅਲਕਾਨਾਹ ਨੇ ਇੱਦਾਂ ਨਹੀਂ ਕੀਤਾ, ਸਗੋਂ ਘਰ ਜਾਣ ਤੋਂ ਪਹਿਲਾਂ ਉਸ ਨੇ ਤੇ ਹੰਨਾਹ ਨੇ ਮਿਲ ਕੇ ਡੇਰੇ ਵਿਚ ਯਹੋਵਾਹ ਦੀ ਭਗਤੀ ਕੀਤੀ।
ਪਨਿੰਨਾਹ ਨੂੰ ਕਦੋਂ ਅਹਿਸਾਸ ਹੋਇਆ ਕਿ ਉਹ ਹੰਨਾਹ ਨੂੰ ਹੋਰ ਜ਼ਿਆਦਾ ਪਰੇਸ਼ਾਨ ਨਹੀਂ ਕਰ ਸਕਦੀ ਸੀ? ਬਾਈਬਲ ਇਸ ਦਾ ਜਵਾਬ ਨਹੀਂ ਦਿੰਦੀ, ਪਰ ਸਿਰਫ਼ ਕਹਿੰਦੀ ਹੈ ਕਿ “ਫੇਰ ਉਹ ਦਾ ਮੂੰਹ ਉਦਾਸ ਨਾ ਰਿਹਾ।” ਇਸ ਦਾ ਮਤਲਬ ਹੈ ਕਿ ਹੰਨਾਹ ਉਸ ਸਮੇਂ ਤੋਂ ਖ਼ੁਸ਼ ਰਹਿਣ ਲੱਗ ਪਈ। ਪਨਿੰਨਾਹ ਹੁਣ ਜਾਣਦੀ ਸੀ ਕਿ ਉਸ ਦੀਆਂ ਘਟੀਆ ਹਰਕਤਾਂ ਦਾ ਹੰਨਾਹ ʼਤੇ ਕੋਈ ਅਸਰ ਨਹੀਂ ਪੈ ਰਿਹਾ ਸੀ। ਇਸ ਤੋਂ ਬਾਅਦ ਬਾਈਬਲ ਵਿਚ ਕਿਤੇ ਵੀ ਉਸ ਦੇ ਨਾਂ ਦਾ ਜ਼ਿਕਰ ਨਹੀਂ ਆਉਂਦਾ।
ਜਿੱਦਾਂ-ਜਿੱਦਾਂ ਮਹੀਨੇ ਬੀਤਦੇ ਗਏ, ਹੰਨਾਹ ਫੁੱਲੀ ਨਾ ਸਮਾਈ ਜਦ ਉਸ ਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਹੈ। ਖ਼ੁਸ਼ ਹੋਣ ਦੇ ਨਾਲ-ਨਾਲ ਉਹ ਇਕ ਪਲ ਵੀ ਨਾ ਭੁੱਲੀ ਕਿ ਇਹ ਬਰਕਤ ਉਸ ਨੂੰ ਕਿੱਥੋਂ ਮਿਲੀ ਸੀ। ਜਦ ਮੁੰਡੇ ਦਾ ਜਨਮ ਹੋਇਆ, ਤਾਂ ਹੰਨਾਹ ਨੇ ਉਸ ਦਾ ਨਾਂ ਸਮੂਏਲ ਰੱਖਿਆ ਜਿਸ ਦਾ ਮਤਲਬ ਹੈ “ਰੱਬ ਦਾ ਨਾਂ ਲੈਣਾ” ਕਿਉਂਕਿ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ। ਉਸ ਸਾਲ ਉਹ ਅਲਕਾਨਾਹ ਤੇ ਬਾਕੀ ਪਰਿਵਾਰ ਦੇ ਨਾਲ ਸ਼ੀਲੋਹ ਨੂੰ ਨਹੀਂ ਗਈ। ਉਹ ਤਿੰਨ ਸਾਲ ਆਪਣੇ ਮੁੰਡੇ ਨਾਲ ਘਰ ਹੀ ਰਹੀ ਜਿੰਨਾ ਚਿਰ ਉਸ ਦਾ ਦੁੱਧ ਛੁਡਾਇਆ ਨਾ ਗਿਆ। ਫਿਰ ਉਸ ਨੇ ਬੜੀ ਹਿੰਮਤ ਜੁਟਾ ਕੇ ਉਸ ਦਿਨ ਦੀ ਤਿਆਰੀ ਕੀਤੀ ਜਦੋਂ ਉਸ ਨੂੰ ਆਪਣੇ ਦਿਲ ਦੇ ਟੁਕੜੇ ਤੋਂ ਜੁਦਾ ਹੋਣਾ ਪਿਆ।
ਜੁਦਾਈ ਦਾ ਗਮ ਸਹਿਣਾ ਕਿੰਨਾ ਮੁਸ਼ਕਲ ਸੀ। ਹੰਨਾਹ ਜਾਣਦੀ ਸੀ ਕਿ ਉਸ ਦੇ ਮੁੰਡੇ ਦੀ ਸ਼ੀਲੋਹ ਵਿਚ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾਵੇਗੀ ਸ਼ਾਇਦ ਉਨ੍ਹਾਂ ਔਰਤਾਂ ਦੇ ਹੱਥੀਂ ਜੋ ਡੇਰੇ ਵਿਚ ਸੇਵਾ ਕਰਦੀਆਂ ਸਨ। ਫਿਰ ਵੀ ਉਹ ਅਜੇ ਬਹੁਤ ਛੋਟਾ ਸੀ ਤੇ ਕਿਹੜੀ ਮਾਂ ਹੈ ਜੋ ਆਪਣੇ ਬੱਚੇ ਨਾਲ ਰਹਿਣ ਲਈ ਨਹੀਂ ਤਰਸਦੀ? ਤਾਂ ਵੀ ਹੰਨਾਹ ਤੇ ਅਲਕਾਨਾਹ ਮੁੰਡੇ ਨੂੰ ਖ਼ੁਸ਼ੀ-ਖ਼ੁਸ਼ੀ ਸ਼ੀਲੋਹ ਲੈ ਕੇ ਗਏ। ਉਹ ਯਹੋਵਾਹ ਦੇ ਘਰ ਵਿਚ ਭੇਟਾਂ ਚੜ੍ਹਾ ਕੇ ਸਮੂਏਲ ਨੂੰ ਏਲੀ ਕੋਲ ਲੈ ਗਏ ਤੇ ਉਸ ਨੂੰ ਯਾਦ ਕਰਾਇਆ ਕਿ ਤਿੰਨ ਸਾਲ ਪਹਿਲਾਂ ਹੰਨਾਹ ਨੇ ਕਿਹੜੀ ਸੁੱਖਣਾ ਸੁੱਖੀ ਸੀ।
ਫਿਰ ਹੰਨਾਹ ਨੇ ਅਜਿਹੀ ਪ੍ਰਾਰਥਨਾ ਕੀਤੀ ਜਿਸ ਨੂੰ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਲਿਖਵਾਉਣ ਦੇ ਕਾਬਲ ਸਮਝਿਆ। ਪਹਿਲਾ ਸਮੂਏਲ 2:1-10 ਵਿਚ ਲਿਖੀ ਉਸ ਦੀ ਪ੍ਰਾਰਥਨਾ ਦੇ ਹਰ ਸ਼ਬਦ ਨੂੰ ਪੜ੍ਹ ਕੇ ਤੁਹਾਨੂੰ ਉਸ ਦੀ ਪੱਕੀ ਨਿਹਚਾ ਦਾ ਸਬੂਤ ਮਿਲੇਗਾ। ਉਸ ਨੇ ਯਹੋਵਾਹ ਦੀ ਵੱਡੀ ਸ਼ਕਤੀ ਦੇ ਗੁਣ ਗਾਏ। ਯਹੋਵਾਹ ਹੰਕਾਰੀਆਂ ਨੂੰ ਨੀਵੇਂ ਕਰਦਾ ਹੈ, ਦੁਖਿਆਰਾਂ ਨੂੰ ਉੱਚਾ ਚੁੱਕਦਾ ਹੈ, ਉਹ ਜ਼ਿੰਦਗੀ ਲੈਣ ਵਾਲਾ ਤੇ ਜ਼ਿੰਦਗੀ ਦੇਣ ਵਾਲਾ ਹੈ। ਉਸ ਨੇ ਕਿਹਾ ਕਿ ਯਹੋਵਾਹ ਜਿੰਨਾ ਪਵਿੱਤਰ ਤੇ ਵਫ਼ਾਦਾਰ ਕੋਈ ਨਹੀਂ ਨਾਲੇ ਉਹ ਇਨਸਾਫ਼ ਦਾ ਪਰਮੇਸ਼ੁਰ ਹੈ। ਹੰਨਾਹ ਨਿਹਚਾ ਨਾਲ ਕਹਿ ਸਕੀ: “ਕੋਈ ਚਟਾਨ ਸਾਡੇ ਪਰਮੇਸ਼ੁਰ ਜਿਹੀ ਨਹੀਂ।” ਯਹੋਵਾਹ ਉੱਤੇ ਪੱਕਾ ਭਰੋਸਾ ਰੱਖਿਆ ਜਾ ਸਕਦਾ ਹੈ ਕਿਉਂਕਿ ਉਹ ਕਦੇ ਨਹੀਂ ਬਦਲਦਾ, ਉਹ ਉਨ੍ਹਾਂ ਦੁੱਖੀ ਤੇ ਕੁਚਲੇ ਲੋਕਾਂ ਦੀ ਪਨਾਹ ਹੈ ਜੋ ਉਸ ਤੋਂ ਮਦਦ ਮੰਗਦੇ ਹਨ।
ਸਮੂਏਲ ਕਿੰਨਾ ਖ਼ੁਸ਼ ਹੋ ਸਕਦਾ ਸੀ ਕਿ ਉਸ ਦੀ ਮਾਂ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਦੀ ਸੀ। ਜਿਉਂ-ਜਿਉਂ ਉਹ ਵੱਡਾ ਹੁੰਦਾ ਗਿਆ ਉਸ ਨੂੰ ਆਪਣੀ ਮਾਂ ਦੀ ਬਹੁਤ ਯਾਦ ਆਈ ਹੋਵੇਗੀ, ਪਰ ਉਸ ਨੂੰ ਕਦੀ ਨਹੀਂ ਲੱਗਾ ਕਿ ਉਹ ਉਸ ਨੂੰ ਭੁੱਲ ਗਈ ਸੀ। ਹਰ ਸਾਲ ਹੰਨਾਹ ਸਮੂਏਲ ਲਈ ਬੜੀਆਂ ਰੀਝਾਂ ਦੇ ਨਾਲ ਨਿੱਕਾ ਜਿਹਾ ਝੱਗਾ ਬਣਾ ਕੇ ਸ਼ੀਲੋਹ ਆਉਂਦੀ ਸੀ। (1 ਸਮੂਏਲ 2:19) ਅਸੀਂ ਕਲਪਨਾ ਕਰ ਸਕਦੇ ਹਾਂ ਕਿ ਹੰਨਾਹ ਪਿਆਰ ਨਾਲ ਮੁੰਡੇ ʼਤੇ ਝੱਗਾ ਪਾਉਂਦੀ ਸੀ ਤੇ ਉਸ ਨੂੰ ਸੁਆਰਦੀ ਸੀ ਨਾਲੇ ਲਾਡਾਂ ਨਾਲ ਉਹ ਉਸ ਵੱਲ ਤੱਕਦੀ ਹੋਈ ਉਸ ਦਾ ਹੌਸਲਾ ਵਧਾਉਣ ਵਾਲੀਆਂ ਗੱਲਾਂ ਕਰਦੀ ਸੀ। ਸਮੂਏਲ ਲਈ ਕਿੰਨੀ ਵੱਡੀ ਬਰਕਤ ਸੀ ਕਿ ਉਸ ਦੀ ਮਾਂ ਇੰਨੀ ਚੰਗੀ ਸੀ ਤੇ ਵੱਡਾ ਹੋ ਕੇ ਉਹ ਆਪਣੇ ਮਾਪਿਆਂ ਤੇ ਸਾਰੇ ਇਸਰਾਏਲ ਵਾਸਤੇ ਇਕ ਬਰਕਤ ਸਾਬਤ ਹੋਇਆ।
ਯਹੋਵਾਹ ਹੰਨਾਹ ਨੂੰ ਨਹੀਂ ਭੁੱਲਿਆ। ਯਹੋਵਾਹ ਨੇ ਉਸ ਦੀ ਕੁੱਖ ਖੋਲ੍ਹੀ ਅਤੇ ਉਸ ਦੇ ਪੰਜ ਹੋਰ ਬੱਚੇ ਹੋਏ। (1 ਸਮੂਏਲ 2:21) ਪਰ ਸ਼ਾਇਦ ਹੰਨਾਹ ਦੀ ਸਭ ਤੋਂ ਵੱਡੀ ਬਰਕਤ ਯਹੋਵਾਹ ਨਾਲ ਉਸ ਦਾ ਪੱਕਾ ਰਿਸ਼ਤਾ ਸੀ ਜੋ ਕਿ ਦਿਨ-ਬ-ਦਿਨ ਹੋਰ ਮਜ਼ਬੂਤ ਹੁੰਦਾ ਗਿਆ। ਉਮੀਦ ਹੈ ਕਿ ਹੰਨਾਹ ਦੀ ਰੀਸ ਕਰਦੇ ਹੋਏ ਤੁਹਾਡਾ ਰਿਸ਼ਤਾ ਵੀ ਯਹੋਵਾਹ ਨਾਲ ਮਜ਼ਬੂਤ ਹੁੰਦਾ ਜਾਵੇਗਾ। (w10-E 07/01)
[ਫੁਟਨੋਟ]
a ਭਾਵੇਂ ਬਾਈਬਲ ਕਹਿੰਦੀ ਹੈ ਕਿ ‘ਯਹੋਵਾਹ ਨੇ ਹੰਨਾਹ ਦੀ ਕੁੱਖ ਬੰਦ ਕਰ ਛੱਡੀ ਸੀ,’ ਪਰ ਇਸ ਦਾ ਕੋਈ ਸਬੂਤ ਨਹੀਂ ਕਿ ਪਰਮੇਸ਼ੁਰ ਇਸ ਹਲੀਮ ਤੇ ਵਫ਼ਾਦਾਰ ਤੀਵੀਂ ਤੋਂ ਨਾਰਾਜ਼ ਸੀ। (1 ਸਮੂਏਲ 1:5) ਕਦੀ-ਕਦੀ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਕਿਸੇ ਕੰਮ ਜਾਂ ਘਟਨਾ ਲਈ ਜ਼ਿੰਮੇਵਾਰ ਸੀ, ਪਰ ਅਸਲ ਵਿਚ ਉਹ ਉਸ ਕੰਮ ਜਾਂ ਘਟਨਾ ਨੂੰ ਸਿਰਫ਼ ਹੋਣ ਦੇ ਰਿਹਾ ਸੀ।
b ਇਹ ਫ਼ਾਸਲਾ ਇਸ ਗੱਲ ਉੱਤੇ ਆਧਾਰਿਤ ਹੈ ਕਿ ਅਲਕਾਨਾਹ ਦਾ ਸ਼ਹਿਰ, ਰਾਮਾਹ, ਸ਼ਾਇਦ ਉਹੀ ਥਾਂ ਹੈ ਜਿਸ ਨੂੰ ਯਿਸੂ ਦੇ ਜ਼ਮਾਨੇ ਵਿਚ ਅਰਿਮਥੇਆ ਕਿਹਾ ਜਾਂਦਾ ਸੀ।
[ਸਫ਼ਾ 27 ਉੱਤੇ ਡੱਬੀ]
ਦੋ ਖ਼ਾਸ ਪ੍ਰਾਰਥਨਾਵਾਂ
ਹੰਨਾਹ ਦੀਆਂ ਦੋ ਪ੍ਰਾਰਥਨਾਵਾਂ 1 ਸਮੂਏਲ 1:11 ਅਤੇ 2:1-10 ਵਿਚ ਪਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਕਈ ਖ਼ਾਸ ਗੱਲਾਂ ਹਨ। ਆਓ ਆਪਾਂ ਕੁਝ ਕੁ ਗੱਲਾਂ ਵੱਲ ਧਿਆਨ ਦੇਈਏ:
◼ ਹੰਨਾਹ ਨੇ ਆਪਣੀ ਪਹਿਲੀ ਪ੍ਰਾਰਥਨਾ ਵਿਚ ਯਹੋਵਾਹ ਨੂੰ “ਸੈਨਾਂ ਦਾ ਯਹੋਵਾਹ” ਕਿਹਾ। ਬਾਈਬਲ ਮੁਤਾਬਕ ਉਹ ਪਹਿਲੀ ਸ਼ਖ਼ਸ ਹੈ ਜਿਸ ਨੇ ਯਹੋਵਾਹ ਲਈ ਇਹ ਖ਼ਿਤਾਬ ਵਰਤਿਆ। ਇਹ ਸ਼ਬਦ ਪੰਜਾਬੀ ਦੀ ਪਵਿੱਤਰ ਬਾਈਬਲ ਵਿਚ 242 ਵਾਰ ਆਉਂਦੇ ਹਨ। ਇਹ ਦਰਸਾਉਂਦੇ ਹਨ ਕਿ ਲੱਖਾਂ-ਕਰੋੜਾਂ ਫ਼ਰਿਸ਼ਤੇ ਯਹੋਵਾਹ ਦੇ ਹੁਕਮ ਨੂੰ ਮੰਨਦੇ ਹਨ।
◼ ਗੌਰ ਕਰੋ ਕਿ ਹੰਨਾਹ ਨੇ ਦੂਜੀ ਪ੍ਰਾਰਥਨਾ ਉਸ ਵੇਲੇ ਨਹੀਂ ਕੀਤੀ ਜਦ ਉਸ ਦਾ ਪੁੱਤਰ ਜੰਮਿਆ ਸੀ, ਸਗੋਂ ਉਸ ਵੇਲੇ ਜਦ ਹੰਨਾਹ ਤੇ ਅਲਕਾਨਾਹ ਆਪਣੇ ਪੁੱਤਰ ਨੂੰ ਸ਼ੀਲੋਹ ਛੱਡਣ ਗਏ ਸਨ। ਹੰਨਾਹ ਇਸ ਗੱਲ ਤੋਂ ਖ਼ੁਸ਼ ਨਹੀਂ ਹੋਈ ਕਿ ਉਸ ਨੇ ਪਨਿੰਨਾਹ ਤੋਂ ਬਦਲਾ ਲਿਆ, ਪਰ ਇਸ ਕਰਕੇ ਕਿ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ ਸੀ।
◼ ਜਦੋਂ ਹੰਨਾਹ ਨੇ ਕਿਹਾ, “ਯਹੋਵਾਹ ਕੋਲੋਂ ਮੇਰਾ ਸਿੰਙ ਉੱਚਾ ਹੋ ਗਿਆ,” ਤਾਂ ਸ਼ਾਇਦ ਉਸ ਦੇ ਮਨ ਵਿਚ ਬਲਦ ਦੀ ਤਸਵੀਰ ਸੀ। ਜਿਵੇਂ ਬਲਦ ਆਪਣੇ ਸਿੰਗਾਂ ਨੂੰ ਆਪਣੀ ਪੂਰੀ ਤਾਕਤ ਨਾਲ ਵਰਤਦਾ ਹੈ ਉਸੇ ਤਰ੍ਹਾਂ ਹੰਨਾਹ ਦਾ ਕਹਿਣ ਦਾ ਭਾਵ ਸੀ ਕਿ ‘ਮੈਨੂੰ ਯਹੋਵਾਹ ਵੱਲੋਂ ਤਾਕਤ ਮਿਲੀ।’—1 ਸਮੂਏਲ 2:1.
◼ ਹੰਨਾਹ ਨੇ “ਮਸੀਹ” ਸ਼ਬਦ ਵੀ ਵਰਤਿਆ। ਬਾਈਬਲ ਮੁਤਾਬਕ ਉਹ ਪਹਿਲੀ ਸ਼ਖ਼ਸ ਹੈ ਜਿਸ ਨੇ ਭਵਿੱਖ ਵਿਚ ਆਉਣ ਵਾਲੇ ਮਸੀਹਾ ਬਾਰੇ ਗੱਲ ਕੀਤੀ ਸੀ।—1 ਸਮੂਏਲ 2:10.
◼ ਯਿਸੂ ਦੀ ਮਾਂ ਮਰਿਯਮ ਨੇ ਤਕਰੀਬਨ 1,000 ਸਾਲ ਬਾਅਦ ਹੰਨਾਹ ਦੇ ਵਿਚਾਰਾਂ ਨੂੰ ਦੁਹਰਾਇਆ ਤੇ ਆਪਣੀ ਪ੍ਰਾਰਥਨਾ ਵਿਚ ਯਹੋਵਾਹ ਦੀ ਵਡਿਆਈ ਕੀਤੀ।—ਲੂਕਾ 1:46-55.
[ਸਫ਼ਾ 26 ਉੱਤੇ ਤਸਵੀਰ]
ਬੇਔਲਾਦ ਹੋਣ ਕਰਕੇ ਹੰਨਾਹ ਬਹੁਤ ਦੁਖੀ ਸੀ ਤੇ ਪਨਿੰਨਾਹ ਨੇ ਉਸ ਦਾ ਦੁੱਖ ਵਧਾਉਣ ਵਿਚ ਕੋਈ ਕਸਰ ਨਹੀਂ ਛੱਡੀ
[ਸਫ਼ਾ 27 ਉੱਤੇ ਤਸਵੀਰ]
ਕੀ ਤੁਸੀਂ ਹੰਨਾਹ ਵਾਂਗ ਦਿਲੋਂ ਪ੍ਰਾਰਥਨਾ ਕਰ ਸਕਦੇ ਹੋ?
[ਸਫ਼ਾ 27 ਉੱਤੇ ਤਸਵੀਰ]
ਭਾਵੇਂ ਏਲੀ ਨੇ ਹੰਨਾਹ ਨੂੰ ਗ਼ਲਤ ਸਮਝਿਆ, ਪਰ ਹੰਨਾਹ ਨੇ ਗੁੱਸਾ ਨਹੀਂ ਕੀਤਾ