ਸਿਆਣੀ ਉਮਰ ਦੇ ਭਰਾਵੋ—ਯਹੋਵਾਹ ਤੁਹਾਡੀ ਵਫ਼ਾਦਾਰੀ ਦੀ ਕਦਰ ਕਰਦਾ ਹੈ
ਦੁਨੀਆਂ ਭਰ ਦੇ ਸਿਆਣੀ ਉਮਰ ਦੇ ਬਜ਼ੁਰਗ ਪਰਮੇਸ਼ੁਰ ਦੀ ਸੇਵਾ ਵਿਚ ਮਿਲੀਆਂ ਜ਼ਿੰਮੇਵਾਰੀਆਂ ਦੀ ਬਹੁਤ ਕਦਰ ਕਰਦੇ ਹਨ। ਇਹ ਸਿਆਣੀ ਉਮਰ ਦੇ ਬਜ਼ੁਰਗ ਸਾਡੇ ਲਈ ਕਿੰਨੀ ਹੀ ਵੱਡੀ ਬਰਕਤ ਹਨ! ਪਰ ਥੋੜ੍ਹੇ ਸਮੇਂ ਪਹਿਲਾਂ ਇਕ ਤਬਦੀਲੀ ਕੀਤੀ ਗਈ। ਸਿਆਣੀ ਉਮਰ ਦੇ ਬਜ਼ੁਰਗਾਂ ਨੂੰ ਆਪਣੀਆਂ ਕੁਝ ਭਾਰੀ ਜ਼ਿੰਮੇਵਾਰੀਆਂ ਨੌਜਵਾਨ ਬਜ਼ੁਰਗਾਂ ਨੂੰ ਦੇਣ ਲਈ ਕਿਹਾ ਗਿਆ। ਕਿਹੜੀਆਂ ਜ਼ਿੰਮੇਵਾਰੀਆਂ?
ਨਵੇਂ ਇੰਤਜ਼ਾਮ ਮੁਤਾਬਕ ਸੰਗਠਨ ਦੁਆਰਾ ਚਲਾਏ ਜਾਂਦੇ ਸਕੂਲਾਂ ਵਿਚ ਸਿਖਲਾਈ ਦੇਣ ਵਾਲੇ ਭਰਾਵਾਂ ਅਤੇ ਸਫ਼ਰੀ ਨਿਗਾਹਬਾਨਾਂ ਨੂੰ ਕਿਹਾ ਗਿਆ ਕਿ ਜਦੋਂ ਉਹ 70 ਸਾਲ ਦੇ ਹੋ ਜਾਂਦੇ ਹਨ, ਤਾਂ ਉਹ ਇਹ ਜ਼ਿੰਮੇਵਾਰੀਆਂ ਛੱਡ ਦੇਣ। ਨਾਲੇ 80 ਸਾਲਾਂ ਦੇ ਬਜ਼ੁਰਗਾਂ ਨੂੰ ਵੀ ਆਪਣੀਆਂ ਕਈ ਜ਼ਿੰਮੇਵਾਰੀਆਂ ਨੌਜਵਾਨ ਬਜ਼ੁਰਗਾਂ ਨੂੰ ਦੇਣ ਲਈ ਕਿਹਾ ਗਿਆ, ਜਿਵੇਂ ਕਿ ਬ੍ਰਾਂਚ ਕਮੇਟੀ ਦੇ ਕੋਆਰਡੀਨੇਟਰ ਜਾਂ ਮੰਡਲੀ ਦੇ ਕੋਆਰਡੀਨੇਟਰ ਦੀਆਂ ਜ਼ਿੰਮੇਵਾਰੀਆਂ। ਇਹ ਤਬਦੀਲੀ ਹੋਣ ʼਤੇ ਸਿਆਣੀ ਉਮਰ ਦੇ ਪਿਆਰੇ ਭਰਾਵਾਂ ਨੇ ਕਿਹੋ ਜਿਹਾ ਰਵੱਈਆ ਦਿਖਾਇਆ? ਉਨ੍ਹਾਂ ਨੇ ਯਹੋਵਾਹ ਤੇ ਉਸ ਦੇ ਸੰਗਠਨ ਪ੍ਰਤੀ ਵਫ਼ਾਦਾਰੀ ਦਿਖਾਈ।
ਲਗਭਗ 49 ਸਾਲਾਂ ਤਕ ਬ੍ਰਾਂਚ ਕਮੇਟੀ ਦੇ ਕੋਆਰਡੀਨੇਟਰ ਵਜੋਂ ਸੇਵਾ ਕਰਨ ਵਾਲਾ ਭਰਾ ਕੈੱਨ ਕਹਿੰਦਾ ਹੈ: “ਮੈਂ ਇਨ੍ਹਾਂ ਤਬਦੀਲੀਆਂ ਨਾਲ ਪੂਰੀ ਤਰ੍ਹਾਂ ਸਹਿਮਤ ਸੀ। ਅਸਲ ਵਿਚ ਜਦੋਂ ਮੈਨੂੰ ਇਸ ਤਬਦੀਲੀ ਬਾਰੇ ਪਤਾ ਲੱਗਾ, ਉਸੇ ਸਵੇਰ ਮੈਂ ਯਹੋਵਾਹ ਨੂੰ ਪ੍ਰਾਰਥਨਾ ਰਾਹੀਂ ਆਪਣੇ ਦਿਲ ਦੀ ਗੱਲ ਦੱਸੀ ਸੀ ਕਿ ਵਧੀਆ ਹੋਵੇਗਾ ਜੇ ਕੋਈ ਨੌਜਵਾਨ ਭਰਾ ਹੁਣ ਕੋਆਰਡੀਨੇਟਰ ਦੇ ਤੌਰ ʼਤੇ ਸੇਵਾ ਕਰੇ।” ਕੈੱਨ ਵਾਂਗ ਦੁਨੀਆਂ ਭਰ ਵਿਚ ਸਿਆਣੀ ਉਮਰ ਦੇ ਵਫ਼ਾਦਾਰ ਬਜ਼ੁਰਗਾਂ ਦਾ ਵੀ ਇਹੀ ਰਵੱਈਆ ਹੈ। ਬਿਨਾਂ ਸ਼ੱਕ, ਉਨ੍ਹਾਂ ਨੂੰ ਭੈਣਾਂ-ਭਰਾਵਾਂ ਦੀ ਸੇਵਾ ਕਰਨੀ ਪਸੰਦ ਸੀ। ਇਸ ਕਰਕੇ ਸ਼ੁਰੂ-ਸ਼ੁਰੂ ਵਿਚ ਉਨ੍ਹਾਂ ਨੂੰ ਨਿਰਾਸ਼ਾ ਹੋਈ।
ਐੱਸਪਾਰਨਦੀਓ, ਜੋ ਮੰਡਲੀ ਦੇ ਸਹਾਇਕ ਸਿਆਣੀ ਉਮਰ ਵਜੋਂ ਸੇਵਾ ਕਰਦਾ ਸੀ, ਕਹਿੰਦਾ ਹੈ, “ਮੈਨੂੰ ਥੋੜ੍ਹਾ ਦੁੱਖ ਲੱਗਾ ਸੀ।” ਪਰ ਉਸ ਨੇ ਮੰਨਿਆ: “ਮੈਨੂੰ ਹੁਣ ਆਪਣੀ ਵਿਗੜਦੀ ਸਿਹਤ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ।” ਐੱਸਪਾਰਨਦੀਓ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਹੈ ਅਤੇ ਉਹ ਮੰਡਲੀ ਲਈ ਬਰਕਤ ਹੈ।
ਲੰਬੇ ਸਮੇਂ ਤੋਂ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨ ਵਾਲੇ ਭਰਾਵਾਂ ਬਾਰੇ ਕੀ ਜਿਨ੍ਹਾਂ ਨੂੰ ਹੋਰ ਤਰੀਕੇ ਨਾਲ ਸੇਵਾ ਕਰਨ ਲਈ ਕਿਹਾ ਗਿਆ? 38 ਸਾਲ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨ ਵਾਲਾ ਐਲਨ ਕਹਿੰਦਾ ਹੈ: “ਜਦੋਂ ਮੈਂ ਸੁਣਿਆ, ਤਾਂ ਮੈਂ ਸੁੰਨ ਹੀ ਹੋ ਗਿਆ।” ਪਰ ਉਸ ਨੂੰ ਨੌਜਵਾਨ ਭਰਾਵਾਂ ਨੂੰ ਸਿਖਲਾਈ ਦੇਣ ਦੇ ਫ਼ਾਇਦਿਆਂ ਦਾ ਅਹਿਸਾਸ ਹੋਇਆ ਜਿਸ ਕਰਕੇ ਉਹ ਵਫ਼ਾਦਾਰੀ ਨਾਲ ਸੇਵਾ ਕਰ ਰਿਹਾ ਹੈ।
ਰਸਲ ਨੇ 40 ਸਾਲ ਸਫ਼ਰੀ ਨਿਗਾਹਬਾਨ ਵਜੋਂ ਅਤੇ ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲਾਂ ਵਿਚ ਸਿਖਲਾਈ ਦੇਣ ਵਾਲੇ ਵਜੋਂ ਸੇਵਾ ਕੀਤੀ। ਉਹ ਕਹਿੰਦਾ ਹੈ ਕਿ ਤਬਦੀਲੀਆਂ ਬਾਰੇ ਸੁਣ ਕੇ ਉਹ ਤੇ ਉਸ ਦੀ ਪਤਨੀ ਪਹਿਲਾਂ-ਪਹਿਲ ਤਾਂ ਬਹੁਤ ਨਿਰਾਸ਼ ਹੋ ਗਏ। “ਅਸੀਂ ਇਸ ਸਨਮਾਨ ਦੀ ਬਹੁਤ ਕਦਰ ਕਰਦੇ ਸੀ ਅਤੇ ਸਾਨੂੰ ਲੱਗਦਾ ਸੀ ਕਿ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਲਈ ਅਸੀਂ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਸੀ।” ਰਸਲ ਅਤੇ ਉਸ ਦੀ ਪਤਨੀ ਨੇ ਜੋ ਸਿੱਖਿਆ ਸੀ ਅਤੇ ਉਨ੍ਹਾਂ ਨੂੰ ਜੋ ਤਜਰਬੇ ਹੋਏ ਸਨ, ਉਹ ਮੰਡਲੀ ਵਿਚ ਵਰਤ ਰਹੇ ਹਨ। ਇਸ ਕਰਕੇ ਉਨ੍ਹਾਂ ਨਾਲ ਸੇਵਾ ਕਰਨ ਵਾਲੇ ਭੈਣ-ਭਰਾ ਬਹੁਤ ਖ਼ੁਸ਼ ਹਨ।
ਭਾਵੇਂ ਤੁਹਾਡੇ ਨਾਲ ਇਨ੍ਹਾਂ ਭਰਾਵਾਂ ਵਾਂਗ ਨਾ ਹੋਇਆ ਹੋਵੇ, ਫਿਰ ਵੀ ਦੂਜੇ ਸਮੂਏਲ ਵਿਚ ਦਿੱਤੇ ਬਿਰਤਾਂਤ ਨਾਲ ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹੋ।
ਨਿਮਰ ਅਤੇ ਆਪਣੀਆਂ ਹੱਦਾਂ ਪਛਾਣਨ ਵਾਲਾ ਵਿਅਕਤੀ
ਜ਼ਰਾ ਉਸ ਸਮੇਂ ਬਾਰੇ ਸੋਚੋ ਜਦੋਂ ਦਾਊਦ ਦੇ ਪੁੱਤਰ ਅਬਸ਼ਾਲੋਮ ਨੇ ਬਗਾਵਤ ਕੀਤੀ ਸੀ। ਦਾਊਦ ਯਰੂਸ਼ਲਮ ਤੋਂ ਯਰਦਨ ਦਰਿਆ ਦੇ ਪੂਰਬ ਵਿਚ ਮਹਨਇਮ ਨਾਂ ਦੇ ਇਲਾਕੇ ਵਿਚ ਭੱਜ ਗਿਆ। ਉੱਥੇ ਦਾਊਦ ਤੇ ਉਸ ਦੇ ਆਦਮੀਆਂ ਨੂੰ ਕੁਝ ਚੀਜ਼ਾਂ ਦੀ ਲੋੜ ਸੀ। ਤੁਹਾਨੂੰ ਯਾਦ ਹੈ ਕਿ ਕੀ ਹੋਇਆ ਸੀ?
ਉਸ ਇਲਾਕੇ ਦੇ ਤਿੰਨ ਆਦਮੀ ਖੁੱਲ੍ਹੇ ਦਿਲ ਨਾਲ ਉਨ੍ਹਾਂ ਲਈ ਖਾਣ ਦੀਆਂ ਚੀਜ਼ਾਂ, ਭਾਂਡੇ ਅਤੇ ਮੰਜੇ ਲੈ ਕੇ ਆਏ। ਇਨ੍ਹਾਂ ਵਿੱਚੋਂ ਇਕ ਆਦਮੀ ਬਰਜ਼ਿੱਲਈ ਸੀ। (2 ਸਮੂ. 17:27-29) ਜਦੋਂ ਅਬਸ਼ਾਲੋਮ ਦੀ ਬਗਾਵਤ ਖ਼ਤਮ ਹੋ ਗਈ, ਤਾਂ ਦਾਊਦ ਯਰੂਸ਼ਲਮ ਵਾਪਸ ਜਾ ਸਕਦਾ ਸੀ ਅਤੇ ਬਰਜ਼ਿੱਲਈ ਉਸ ਨਾਲ ਯਰਦਨ ਤਕ ਆਇਆ। ਦਾਊਦ ਨੇ ਉਸ ਨੂੰ ਯਰੂਸ਼ਲਮ ਆਉਣ ਲਈ ਕਿਹਾ। ਰਾਜੇ ਨੇ ਉਸ ਨੂੰ ਕਿਹਾ ਕਿ ਉਸ ਨੂੰ ਖਾਣਾ ਵੀ ਦਿੱਤਾ ਜਾਵੇਗਾ, ਭਾਵੇਂ ਬਰਜ਼ਿੱਲਈ “ਬਹੁਤ ਵੱਡਾ ਮਨੁੱਖ” ਸੀ ਅਤੇ ਉਸ ਨੂੰ ਰਾਜੇ ਦੇ ਖਾਣੇ ਦੀ ਲੋੜ ਨਹੀਂ ਸੀ। (2 ਸਮੂ. 19:31-33) ਪਰ ਦਾਊਦ ਚਾਹੁੰਦਾ ਸੀ ਕਿ ਬਰਜ਼ਿੱਲਈ ਯਰੂਸ਼ਲਮ ਵਿਚ ਉਸ ਦੇ ਨੇੜੇ ਰਹੇ ਤਾਂਕਿ ਉਹ ਬਰਜ਼ਿੱਲਈ ਤੋਂ ਸਲਾਹ ਲੈ ਸਕੇ ਕਿਉਂਕਿ ਬਰਜ਼ਿੱਲਈ ਨੂੰ ਸਾਲਾਂ ਦਾ ਤਜਰਬਾ ਸੀ। ਰਾਜ ਦਰਬਾਰ ਵਿਚ ਰਹਿਣਾ ਤੇ ਕੰਮ ਕਰਨਾ ਵਾਕਈ ਕਿੰਨਾ ਵੱਡਾ ਸਨਮਾਨ ਸੀ!
ਨਿਮਰ ਅਤੇ ਆਪਣੀਆਂ ਹੱਦਾਂ ਨੂੰ ਪਛਾਣਨ ਵਾਲੇ ਬਰਜ਼ਿੱਲਈ ਨੇ ਕਿਹਾ ਕਿ ਉਹ 80 ਸਾਲਾਂ ਦਾ ਹੋ ਗਿਆ ਸੀ। ਫਿਰ ਉਸ ਨੇ ਅੱਗੇ ਕਿਹਾ: “ਭਲਾ, ਮੈਂ ਚੰਗਾ ਮੰਦਾ ਸਿਆਣ ਸੱਕਦਾ ਹਾਂ?” ਉਸ ਦੇ ਕਹਿਣ ਦਾ ਕੀ ਮਤਲਬ ਸੀ? ਆਪਣੀ ਲੰਬੀ ਜ਼ਿੰਦਗੀ ਦੌਰਾਨ ਬਰਜ਼ਿੱਲਈ ਨੇ ਜ਼ਰੂਰ ਬੁੱਧ ਹਾਸਲ ਕੀਤੀ ਹੋਣੀ। ਉਹ ਅਜੇ ਵੀ ਵਧੀਆ ਸਲਾਹ ਦੇ ਸਕਦਾ ਸੀ ਜਿਵੇਂ ਬਾਅਦ ਵਿਚ “ਬਜ਼ੁਰਗਾਂ” ਯਾਨੀ ਸਿਆਣੀ ਉਮਰ ਦੇ ਆਦਮੀਆਂ ਨੇ ਰਹਬੁਆਮ ਰਾਜੇ ਨੂੰ ਦਿੱਤੀ ਸੀ। (1 ਰਾਜ. 12:6, 7; ਜ਼ਬੂ. 92:12-14; ਕਹਾ. 16:31) ਇਸ ਲਈ ਬਰਜ਼ਿੱਲਈ ਦੇ ਚੰਗੇ-ਮੰਦੇ ਨੂੰ ਸਿਆਣਨ ਦਾ ਮਤਲਬ ਹੋ ਸਕਦਾ ਹੈ ਕਿ ਸਿਆਣੀ ਉਮਰ ਦਾ ਹੋਣ ਕਰਕੇ ਉਹ ਬਹੁਤਾ ਕੁਝ ਨਹੀਂ ਕਰ ਸਕਦਾ ਸੀ। ਉਸ ਨੇ ਮੰਨਿਆ ਕਿ ਬੁਢਾਪੇ ਨੇ ਪਹਿਲਾਂ ਹੀ ਉਸ ਦੇ ਚੱਖਣ ਤੇ ਸੁਣਨ ʼਤੇ ਅਸਰ ਪਾਇਆ ਸੀ। (ਉਪ. 12:4, 5) ਇਸ ਲਈ ਉਸ ਨੇ ਦਾਊਦ ਨੂੰ ਕਿਮਹਾਮ ਨਾਂ ਦੇ ਨੌਜਵਾਨ ਨੂੰ ਯਰੂਸ਼ਲਮ ਲੈ ਕੇ ਜਾਣ ਨੂੰ ਕਿਹਾ। ਹੋ ਸਕਦਾ ਹੈ ਕਿ ਕਿਮਹਾਮ ਬਰਜ਼ਿੱਲਈ ਦਾ ਮੁੰਡਾ ਸੀ।—2 ਸਮੂ. 19:35-40.
ਭਵਿੱਖ ਲਈ ਯੋਜਨਾ
ਉਮਰ ਦੇ ਹਿਸਾਬ ਨਾਲ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਜੋ ਸ਼ੁਰੂ ਵਿਚ ਦੱਸਿਆ ਗਿਆ ਸੀ, ਉਸ ਤੋਂ ਬਰਜ਼ਿੱਲਈ ਵਰਗਾ ਨਜ਼ਰੀਆ ਝਲਕਦਾ ਹੈ। ਪਰ ਸਾਡੇ ਸਮੇਂ ਵਿਚ ਕਿਸੇ ਇਕ ਆਦਮੀ ਦੇ ਹਾਲਾਤਾਂ ਅਤੇ ਕਾਬਲੀਅਤਾਂ ʼਤੇ ਹੀ ਗੌਰ ਨਹੀਂ ਕੀਤਾ ਗਿਆ। ਇਸ ਗੱਲ ʼਤੇ ਗੌਰ ਕਰਨ ਦੀ ਲੋੜ ਸੀ ਕਿ ਦੁਨੀਆਂ ਭਰ ਦੇ ਵਫ਼ਾਦਾਰ ਬਜ਼ੁਰਗਾਂ ਲਈ ਕੀ ਕਰਨਾ ਸਭ ਤੋਂ ਵਧੀਆ ਹੋਵੇਗਾ।
ਇਨ੍ਹਾਂ ਸਿਆਣੀ ਉਮਰ ਦੇ ਨਿਮਰ ਮਸੀਹੀ ਭਰਾਵਾਂ ਨੇ ਦੇਖਿਆ ਕਿ ਜੇ ਉਹ ਆਪਣੇ ਵੱਲੋਂ ਲੰਬੇ ਸਮੇਂ ਤੋਂ ਨਿਭਾਈਆਂ ਜਾਂਦੀਆਂ ਜ਼ਿੰਮੇਵਾਰੀਆਂ ਨੌਜਵਾਨਾਂ ਭਰਾਵਾਂ ਨੂੰ ਦੇ ਦੇਣ, ਤਾਂ ਯਹੋਵਾਹ ਦਾ ਸੰਗਠਨ ਭਵਿੱਖ ਵਿਚ ਹੋਰ ਵਧੇ-ਫੁੱਲੇਗਾ ਤੇ ਮਜ਼ਬੂਤ ਹੋਵੇਗਾ। ਬਹੁਤ ਸਾਰੇ ਮਾਮਲਿਆਂ ਵਿਚ ਸਿਆਣੀ ਉਮਰ ਦੇ ਭਰਾਵਾਂ ਨੇ ਹੀ ਨੌਜਵਾਨ ਭਰਾਵਾਂ ਨੂੰ ਸਿਖਲਾਈ ਦਿੱਤੀ, ਜਿਵੇਂ ਬਰਜ਼ਿੱਲਈ ਨੇ ਆਪਣੇ ਪੁੱਤਰ ਨੂੰ ਅਤੇ ਪੌਲੁਸ ਰਸੂਲ ਨੇ ਤਿਮੋਥਿਉਸ ਨੂੰ। (1 ਕੁਰਿੰ. 4:17; ਫ਼ਿਲਿ. 2:20-22) ਇਨ੍ਹਾਂ ਨੌਜਵਾਨ ਭਰਾਵਾਂ ਨੇ ਸਾਬਤ ਕੀਤਾ ਹੈ ਕਿ ਹੁਣ ਉਹ “ਤੋਹਫ਼ਿਆਂ” ਵਜੋਂ ਦਿੱਤੇ ਗਏ ਹਨ ਜੋ “ਮਸੀਹ ਦੇ ਸਰੀਰ ਨੂੰ ਮਜ਼ਬੂਤ ਕਰਨ” ਵਿਚ ਮਦਦ ਕਰ ਸਕਦੇ ਹਨ।—ਅਫ਼. 4:8-12; ਗਿਣ. 11:16, 17, 29 ਵਿਚ ਨੁਕਤਾ ਦੇਖੋ।
ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਮੌਕੇ
ਦੁਨੀਆਂ ਭਰ ਵਿਚ ਜਿਨ੍ਹਾਂ ਭਰਾਵਾਂ ਨੇ ਆਪਣੀਆਂ ਕੁਝ ਜ਼ਿੰਮੇਵਾਰੀਆਂ ਦੂਜਿਆਂ ਨੂੰ ਦਿੱਤੀਆਂ ਹਨ, ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਦੇ ਹੋਰ ਮੌਕੇ ਮਿਲੇ ਹਨ।
19 ਸਾਲ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨ ਵਾਲਾ ਮਾਰਕੋ ਕਹਿੰਦਾ ਹੈ: “ਆਪਣੇ ਨਵੇਂ ਹਾਲਾਤਾਂ ਕਰਕੇ ਮੈਂ ਹੁਣ ਮੰਡਲੀ ਦੀਆਂ ਭੈਣਾਂ ਦੇ ਅਵਿਸ਼ਵਾਸੀ ਪਤੀਆਂ ਨੂੰ ਮਿਲ ਕੇ ਉਨ੍ਹਾਂ ਦੀ ਮਦਦ ਕਰ ਸਕਦਾ ਹਾਂ।”
28 ਸਾਲ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨ ਵਾਲਾ ਜ਼ਰਾਲਦੂ ਦੱਸਦਾ ਹੈ: “ਹੁਣ ਅਸੀਂ ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰਨ ਅਤੇ ਹੋਰ ਬਾਈਬਲ ਸਟੱਡੀਆਂ ਕਰਾਉਣ ਦੇ ਟੀਚੇ ਰੱਖੇ ਹਨ।” ਉਹ ਦੱਸਦਾ ਹੈ ਕਿ ਉਹ ਅਤੇ ਉਸ ਦੀ ਪਤਨੀ 15 ਬਾਈਬਲ ਸਟੱਡੀਆਂ ਕਰਾ ਰਹੇ ਹਨ ਅਤੇ ਸੱਚਾਈ ਵਿਚ ਢਿੱਲੇ ਪੈ ਚੁੱਕੇ ਬਹੁਤ ਜਣੇ ਹੁਣ ਸਭਾਵਾਂ ਵਿਚ ਆਉਂਦੇ ਹਨ।
ਐਲਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ: “ਹੁਣ ਅਸੀਂ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਚਾਰ ਦੇ ਕੰਮ ਵਿਚ ਹੋਰ ਹਿੱਸਾ ਲੈ ਸਕਦੇ ਹਾਂ। ਸਾਨੂੰ ਖੁੱਲ੍ਹੇ-ਆਮ ਤੇ ਦੁਕਾਨਾਂ ਵਿਚ ਗਵਾਹੀ ਦੇ ਕੇ ਅਤੇ ਆਪਣੇ ਗੁਆਂਢੀਆਂ ਨੂੰ ਪ੍ਰਚਾਰ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਸਾਡੇ ਦੋ ਗੁਆਂਢੀ ਤਾਂ ਸਭਾ ʼਤੇ ਵੀ ਆਏ।”
ਜੇ ਤੁਸੀਂ ਕਾਬਲ ਤੇ ਵਫ਼ਾਦਾਰ ਭਰਾ ਹੋ ਅਤੇ ਤੁਹਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਕੋਈ ਨਵੀਂ ਜ਼ਿੰਮੇਵਾਰੀ ਮਿਲੀ ਹੈ, ਤਾਂ ਤੁਸੀਂ ਇਕ ਹੋਰ ਖ਼ਾਸ ਤਰੀਕੇ ਨਾਲ ਪਰਮੇਸ਼ੁਰ ਦੇ ਕੰਮ ਵਿਚ ਹਿੱਸਾ ਲੈ ਸਕਦੇ ਹੋ। ਤੁਸੀਂ ਆਪਣੀ ਮੰਡਲੀ ਦੇ ਨੌਜਵਾਨ ਭਰਾਵਾਂ ਨਾਲ ਆਪਣਾ ਵਧੀਆ ਤਜਰਬਾ ਸਾਂਝਾ ਕਰ ਕੇ ਯਹੋਵਾਹ ਦੇ ਕੰਮ ਦਾ ਸਮਰਥਨ ਕਰ ਸਕਦੇ ਹੋ। ਰਸਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ: “ਯਹੋਵਾਹ ਸੋਹਣੇ ਤੇ ਕਾਬਲ ਨੌਜਵਾਨਾਂ ਨੂੰ ਸਿਖਲਾਈ ਦੇ ਰਿਹਾ ਹੈ ਤੇ ਵਰਤ ਰਿਹਾ ਹੈ। ਪੂਰੀ ਦੁਨੀਆਂ ਦੇ ਭੈਣ-ਭਰਾ ਉਨ੍ਹਾਂ ਦੀ ਸਿਖਲਾਈ ਤੇ ਅਗਵਾਈ ਤੋਂ ਫ਼ਾਇਦਾ ਲੈ ਰਹੇ ਹਨ।”—“ਤਰੱਕੀ ਕਰਨ ਵਿਚ ਨੌਜਵਾਨ ਭਰਾਵਾਂ ਦੀ ਮਦਦ ਕਰੋ” ਨਾਂ ਦੀ ਡੱਬੀ ਦੇਖੋ।
ਯਹੋਵਾਹ ਵਫ਼ਾਦਾਰ ਭਰਾਵਾਂ ਦੀ ਕਦਰ ਕਰਦਾ ਹੈ
ਜੇ ਤੁਹਾਨੂੰ ਹਾਲ ਹੀ ਵਿਚ ਹੋਰ ਤਰੀਕੇ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਤਾਂ ਸਹੀ ਨਜ਼ਰੀਆ ਰੱਖੋ। ਤੁਸੀਂ ਆਪਣੇ ਕੰਮਾਂ ਰਾਹੀਂ ਅਣਗਿਣਤ ਲੋਕਾਂ ਦੇ ਦਿਲਾਂ ਨੂੰ ਛੂਹ ਚੁੱਕੇ ਹੋ ਅਤੇ ਤੁਸੀਂ ਇੱਦਾਂ ਕਰਦੇ ਰਹਿ ਸਕਦੇ ਹੋ। ਤੁਹਾਨੂੰ ਬਹੁਤ ਪਿਆਰ ਮਿਲਿਆ ਹੈ ਅਤੇ ਬਿਨਾਂ ਸ਼ੱਕ ਤੁਹਾਨੂੰ ਇਹ ਪਿਆਰ ਮਿਲਦਾ ਰਹੇਗਾ।
ਸਭ ਤੋਂ ਅਹਿਮ, ਤੁਸੀਂ ਯਹੋਵਾਹ ਦੇ ਦਿਲ ʼਤੇ ਗਹਿਰੀ ਛਾਪ ਛੱਡੀ ਹੈ। ਉਹ “ਤੁਹਾਡੇ ਕੰਮ ਨੂੰ ਤੇ ਪਿਆਰ” ਨੂੰ ਨਹੀਂ ਭੁੱਲੇਗਾ “ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ ਅਤੇ ਇਸ ਪਿਆਰ ਦੇ ਸਬੂਤ ਵਿਚ ਤੁਸੀਂ ਪਵਿੱਤਰ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਸੇਵਾ ਕਰ ਰਹੇ ਹੋ।” (ਇਬ. 6:10) ਇਹ ਆਇਤ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਉਸ ਦੇ ਵਾਅਦੇ ਸਾਡੇ ਕੰਮਾਂ ਨਾਲੋਂ ਕਿਤੇ ਵਧ ਕੇ ਹਨ। ਤੁਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਜੋ ਕੀਤਾ ਤੇ ਜੋ ਕਰ ਰਹੇ ਹੋ, ਉਸ ਨੂੰ ਉਹ ਕਦੇ ਨਹੀਂ ਭੁੱਲੇਗਾ ਕਿਉਂਕਿ ਤੁਸੀਂ ਉਸ ਦੀਆਂ ਨਜ਼ਰਾਂ ਵਿਚ ਬਹੁਤ ਅਨਮੋਲ ਹੋ।
ਉਦੋਂ ਕੀ ਜੇ ਉੱਪਰ ਦੱਸੀਆਂ ਗਈਆਂ ਗੱਲਾਂ ਮੁਤਾਬਕ ਤੁਹਾਡੀ ਜ਼ਿੰਮੇਵਾਰੀ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ? ਪਰ ਫਿਰ ਵੀ ਸ਼ਾਇਦ ਇਸ ਦਾ ਤੁਹਾਡੇ ʼਤੇ ਅਸਰ ਪਿਆ ਹੋਵੇ। ਕਿਵੇਂ?
ਜੇ ਤੁਸੀਂ ਕਿਸੇ ਸਿਆਣੀ ਉਮਰ ਦੇ ਵਫ਼ਾਦਾਰ ਭਰਾ ਨੂੰ ਜਾਣਦੇ ਹੋ ਜਿਸ ਦੀ ਜ਼ਿੰਮੇਵਾਰੀ ਵਿਚ ਤਬਦੀਲੀ ਕੀਤੀ ਗਈ ਹੈ, ਤਾਂ ਤੁਸੀਂ ਉਸ ਦੇ ਸਾਲਾਂ ਦੇ ਤਜਰਬੇ ਅਤੇ ਸਮਝ ਤੋਂ ਫ਼ਾਇਦਾ ਲੈ ਸਕਦੇ ਹੋ। ਉਸ ਦੀ ਸਲਾਹ ਲਵੋ। ਧਿਆਨ ਦਿਓ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਵਫ਼ਾਦਾਰੀ ਨਾਲ ਆਪਣਾ ਤਜਰਬਾ ਕਿਵੇਂ ਵਰਤ ਰਿਹਾ ਹੈ।
ਚਾਹੇ ਤੁਸੀਂ ਨਵੇਂ ਤਰੀਕੇ ਨਾਲ ਸੇਵਾ ਕਰਨ ਵਾਲੇ ਸਿਆਣੀ ਉਮਰ ਦੇ ਭਰਾ ਹੋ ਜਾਂ ਇਨ੍ਹਾਂ ਵੱਲੋਂ ਮਿਲਦੀ ਸਿਖਲਾਈ ਤੋਂ ਫ਼ਾਇਦਾ ਲੈਣ ਵਾਲੇ ਭੈਣ ਜਾਂ ਭਰਾ ਹੋ, ਹਮੇਸ਼ਾ ਯਾਦ ਰੱਖੋ ਕਿ ਯਹੋਵਾਹ ਉਨ੍ਹਾਂ ਦੀ ਵਫ਼ਾਦਾਰੀ ਦੀ ਕਦਰ ਕਰਦਾ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਉਸ ਦੀ ਸੇਵਾ ਕੀਤੀ ਹੈ ਅਤੇ ਜੋ ਅੱਜ ਸੇਵਾ ਕਰ ਰਹੇ ਹਨ।