ਪਾਠ 12
ਉਸ ਨੇ ਪਰਮੇਸ਼ੁਰ ਤੋਂ ਦਿਲਾਸਾ ਪਾਇਆ
1, 2. ਏਲੀਯਾਹ ਦੀ ਜ਼ਿੰਦਗੀ ਦੇ ਇਸ ਅਹਿਮ ਦਿਨ ਦੌਰਾਨ ਕੀ-ਕੀ ਹੋਇਆ?
ਏਲੀਯਾਹ ਰਾਤ ਦੇ ਘੁੱਪ ਹਨੇਰੇ ਤੇ ਮੀਂਹ ਵਿਚ ਭੱਜਦਾ ਜਾ ਰਿਹਾ ਹੈ। ਯਿਜ਼ਰਏਲ ਪਹੁੰਚਣ ਦਾ ਸਫ਼ਰ ਬਹੁਤ ਲੰਬਾ ਹੈ ਤੇ ਉਹ ਹੁਣ ਗੱਭਰੂ-ਜਵਾਨ ਨਹੀਂ ਹੈ। ਫਿਰ ਵੀ ਉਹ ਬਿਨਾਂ ਥੱਕੇ ਦੌੜਦਾ ਜਾ ਰਿਹਾ ਹੈ ਕਿਉਂਕਿ “ਯਹੋਵਾਹ ਦਾ ਹੱਥ” ਉਸ ਉੱਤੇ ਹੈ। ਉਸ ਦੇ ਸਰੀਰ ਵਿਚ ਇੰਨੀ ਜਾਨ ਪਹਿਲਾਂ ਕਦੇ ਨਹੀਂ ਸੀ। ਇਸ ਕਰਕੇ ਉਹ ਉਨ੍ਹਾਂ ਘੋੜਿਆਂ ਤੋਂ ਵੀ ਅੱਗੇ ਨਿਕਲ ਗਿਆ ਹੈ ਜੋ ਅਹਾਬ ਦੇ ਸ਼ਾਹੀ ਰਥ ਨੂੰ ਖਿੱਚ ਰਹੇ ਹਨ!—1 ਰਾਜਿਆਂ 18:46 ਪੜ੍ਹੋ।
2 ਹੁਣ ਉਹ ਰਾਹ ਵਿਚ ਇਕੱਲਾ ਹੀ ਦੌੜ ਰਿਹਾ ਹੈ ਅਤੇ ਮੀਂਹ ਦੀਆਂ ਕਣੀਆਂ ਕਰਕੇ ਵਾਰ-ਵਾਰ ਆਪਣੀਆਂ ਅੱਖਾਂ ਝਮਕ ਰਿਹਾ ਹੈ। ਉਹ ਦੌੜਦਾ ਹੋਇਆ ਆਪਣੀ ਜ਼ਿੰਦਗੀ ਦੇ ਇਸ ਅਹਿਮ ਦਿਨ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਸੋਚ ਰਿਹਾ ਹੈ। ਬਿਨਾਂ ਸ਼ੱਕ ਅੱਜ ਏਲੀਯਾਹ ਦੇ ਪਰਮੇਸ਼ੁਰ ਯਹੋਵਾਹ ਅਤੇ ਸੱਚੀ ਭਗਤੀ ਦੀ ਸ਼ਾਨਦਾਰ ਜਿੱਤ ਹੋਈ ਹੈ। ਤੂਫ਼ਾਨ ਕਰਕੇ ਛਾਏ ਹਨੇਰੇ ਵਿਚ ਉਹ ਦੌੜਦਾ-ਦੌੜਦਾ ਇੰਨਾ ਦੂਰ ਆ ਚੁੱਕਾ ਹੈ ਕਿ ਹੁਣ ਉਸ ਨੂੰ ਕਰਮਲ ਪਰਬਤ ਨਜ਼ਰ ਨਹੀਂ ਆ ਰਿਹਾ। ਇਸ ਪਰਬਤ ʼਤੇ ਯਹੋਵਾਹ ਨੇ ਏਲੀਯਾਹ ਰਾਹੀਂ ਬਹੁਤ ਵੱਡਾ ਚਮਤਕਾਰ ਕੀਤਾ ਤੇ ਬਆਲ ਦੀ ਭਗਤੀ ਦਾ ਪਰਦਾਫ਼ਾਸ਼ ਕੀਤਾ। ਏਲੀਯਾਹ ਨੇ ਬਆਲ ਦੇ 450 ਨਬੀਆਂ ਦੇ ਪਖੰਡ ਦਾ ਭਾਂਡਾ ਭੰਨਿਆ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ। ਫਿਰ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਾਢੇ ਤਿੰਨ ਸਾਲਾਂ ਤੋਂ ਦੇਸ਼ ਵਿਚ ਪਏ ਸੋਕੇ ਨੂੰ ਖ਼ਤਮ ਕਰ ਦੇਵੇ। ਉਸ ਦੀ ਸੁਣ ਕੇ ਯਹੋਵਾਹ ਨੇ ਦੱਬ ਕੇ ਮੀਂਹ ਪਾਇਆ।—1 ਰਾਜ. 18:18-45.
3, 4. (ੳ) ਯਿਜ਼ਰਏਲ ਨੂੰ ਜਾਂਦੇ ਸਮੇਂ ਏਲੀਯਾਹ ਨੇ ਸ਼ਾਇਦ ਵੱਡੀਆਂ-ਵੱਡੀਆਂ ਉਮੀਦਾਂ ਕਿਉਂ ਲਾਈਆਂ ਹੋਈਆਂ ਸਨ? (ਅ) ਅਸੀਂ ਕਿਹੜੇ ਸਵਾਲਾਂ ʼਤੇ ਗੌਰ ਕਰਾਂਗੇ?
3 ਯਿਜ਼ਰਏਲ ਵੱਲ ਨੂੰ 30 ਕਿਲੋਮੀਟਰ (19 ਮੀਲ) ਦੌੜਦੇ ਹੋਏ ਏਲੀਯਾਹ ਨੇ ਸ਼ਾਇਦ ਵੱਡੀਆਂ-ਵੱਡੀਆਂ ਉਮੀਦਾਂ ਲਾਈਆਂ ਹੋਣੀਆਂ। ਉਸ ਨੂੰ ਸ਼ਾਇਦ ਲੱਗਾ ਹੋਣਾ ਕਿ ਹੁਣ ਕੁਝ ਤਬਦੀਲੀਆਂ ਜ਼ਰੂਰ ਹੋਣਗੀਆਂ: ਅਹਾਬ ਨੂੰ ਬਦਲਣਾ ਹੀ ਪਵੇਗਾ! ਆਪਣੀਆਂ ਅੱਖਾਂ ਨਾਲ ਇੰਨਾ ਕੁਝ ਦੇਖਣ ਤੋਂ ਬਾਅਦ ਉਸ ਕੋਲ ਬਆਲ ਦੀ ਭਗਤੀ ਛੱਡਣ ਤੋਂ ਸਿਵਾਇ ਹੋਰ ਕੋਈ ਚਾਰਾ ਨਹੀਂ। ਉਹ ਆਪਣੀ ਰਾਣੀ ਈਜ਼ਬਲ ਦੀ ਲਗਾਮ ਕੱਸ ਕੇ ਰੱਖੇਗਾ ਅਤੇ ਯਹੋਵਾਹ ਦੇ ਸੇਵਕਾਂ ʼਤੇ ਹੁੰਦੇ ਜ਼ੁਲਮਾਂ ਨੂੰ ਰੋਕੇਗਾ।
4 ਜਦੋਂ ਸਾਰਾ ਕੁਝ ਸਾਡੀ ਇੱਛਾ ਮੁਤਾਬਕ ਹੁੰਦਾ ਹੈ, ਤਾਂ ਸਾਡੀਆਂ ਉਮੀਦਾਂ ਹੋਰ ਵੀ ਵਧ ਜਾਂਦੀਆਂ ਹਨ। ਅਸੀਂ ਸੋਚਣ ਲੱਗ ਪੈਂਦੇ ਹਾਂ ਕਿ ਸਾਡੀ ਜ਼ਿੰਦਗੀ ਵਿਚ ਸਭ ਕੁਝ ਠੀਕ ਹੁੰਦਾ ਜਾਵੇਗਾ ਅਤੇ ਸਾਡੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਵੀ ਖ਼ਤਮ ਹੋ ਜਾਣਗੀਆਂ। ਜੇ ਏਲੀਯਾਹ ਨੇ ਇਸ ਤਰ੍ਹਾਂ ਸੋਚਿਆ ਸੀ, ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਉਹ ਵੀ “ਸਾਡੇ ਵਰਗੀਆਂ ਭਾਵਨਾਵਾਂ ਵਾਲਾ ਇਨਸਾਨ ਸੀ।” (ਯਾਕੂ. 5:17) ਪਰ ਅਸਲ ਵਿਚ ਉਸ ਦੀਆਂ ਸਮੱਸਿਆਵਾਂ ਤਾਂ ਵਧ ਗਈਆਂ ਸਨ। ਕੁਝ ਹੀ ਘੰਟਿਆਂ ਬਾਅਦ ਉਹ ਇੰਨਾ ਡਰ ਗਿਆ ਤੇ ਨਿਰਾਸ਼ ਹੋ ਗਿਆ ਕਿ ਉਸ ਨੇ ਮੌਤ ਦੀ ਭੀਖ ਮੰਗੀ। ਪਰ ਹੋਇਆ ਕੀ ਸੀ ਅਤੇ ਯਹੋਵਾਹ ਨੇ ਦੁਬਾਰਾ ਉਸ ਦੀ ਨਿਹਚਾ ਅਤੇ ਹਿੰਮਤ ਵਧਾਉਣ ਲਈ ਕੀ ਕੀਤਾ ਸੀ? ਚਲੋ ਦੇਖੀਏ।
ਸੋਚਿਆ ਕੁਝ, ਹੋਇਆ ਕੁਝ
5. ਕਰਮਲ ਪਰਬਤ ʼਤੇ ਹੋਈਆਂ ਘਟਨਾਵਾਂ ਤੋਂ ਬਾਅਦ ਕੀ ਅਹਾਬ ਨੇ ਯਹੋਵਾਹ ਪਰਮੇਸ਼ੁਰ ਦਾ ਆਦਰ ਕਰਨਾ ਸਿੱਖਿਆ ਸੀ ਤੇ ਅਸੀਂ ਇਹ ਕਿਉਂ ਕਹਿ ਸਕਦੇ ਹਾਂ?
5 ਜਦੋਂ ਅਹਾਬ ਯਿਜ਼ਰਏਲ ਵਿਚ ਆਪਣੇ ਮਹਿਲ ਵਿਚ ਗਿਆ, ਤਾਂ ਕੀ ਉਸ ਨੇ ਆਪਣੀ ਤੋਬਾ ਦਾ ਕੋਈ ਸਬੂਤ ਦਿੱਤਾ ਸੀ? ਅਸੀਂ ਪੜ੍ਹਦੇ ਹਾਂ: “ਅਹਾਬ ਨੇ ਉਹ ਸਭ ਜੋ ਏਲੀਯਾਹ ਨੇ ਕੀਤਾ ਅਤੇ ਉਹ ਸਭ ਭਈ ਜਿਵੇਂ ਉਸ ਨੇ ਸਾਰੇ ਨਬੀਆਂ ਨੂੰ ਤਲਵਾਰ ਨਾਲ ਵੱਢਿਆ ਈਜ਼ਬਲ ਨੂੰ ਦੱਸਿਆ।” (1 ਰਾਜ. 19:1) ਗੌਰ ਕਰੋ ਕਿ ਅਹਾਬ ਨੇ ਦਿਨ ਦੌਰਾਨ ਹੋਈਆਂ ਘਟਨਾਵਾਂ ਬਾਰੇ ਦੱਸਦੇ ਸਮੇਂ ਏਲੀਯਾਹ ਦੇ ਪਰਮੇਸ਼ੁਰ ਯਹੋਵਾਹ ਬਾਰੇ ਕੁਝ ਨਹੀਂ ਦੱਸਿਆ। ਅਹਾਬ ਨੇ ਇਨ੍ਹਾਂ ਘਟਨਾਵਾਂ ਨੂੰ ਇਨਸਾਨੀ ਨਜ਼ਰਾਂ ਤੋਂ ਦੇਖਿਆ। ਉਸ ਨੇ ਇਹ ਨਹੀਂ ਸੋਚਿਆ ਕਿ ਇਨ੍ਹਾਂ ਪਿੱਛੇ ਯਹੋਵਾਹ ਦਾ ਹੱਥ ਸੀ, ਸਗੋਂ ਇਹ ਸੋਚਿਆ ਕਿ ਇਹ ਸਭ ਕੁਝ “ਏਲੀਯਾਹ ਨੇ ਕੀਤਾ” ਸੀ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਨੇ ਹਾਲੇ ਵੀ ਯਹੋਵਾਹ ਪਰਮੇਸ਼ੁਰ ਦਾ ਆਦਰ ਕਰਨਾ ਨਹੀਂ ਸਿੱਖਿਆ ਸੀ। ਉਸ ਦੀ ਬਦਲੇਖ਼ੋਰ ਪਤਨੀ ਨੇ ਕੀ ਕੀਤਾ?
6. ਈਜ਼ਬਲ ਨੇ ਏਲੀਯਾਹ ਨੂੰ ਕਿਹੜਾ ਸੁਨੇਹਾ ਭੇਜਿਆ ਤੇ ਉਸ ਦੇ ਕਹਿਣ ਦਾ ਕੀ ਮਤਲਬ ਸੀ?
6 ਉਹ ਗੁੱਸੇ ਨਾਲ ਲਾਲ-ਪੀਲੀ ਹੋ ਗਈ! ਉਸ ਨੇ ਏਲੀਯਾਹ ਨੂੰ ਸੁਨੇਹਾ ਭੇਜਿਆ: “ਜੇ ਮੈਂ ਭਲਕੇ ਏਸੇ ਵੇਲੇ ਤੇਰੀ ਜਾਨ ਨੂੰ ਭੀ ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਜਾਨ ਵਰਗਾ ਨਾ ਕਰ ਲਵਾਂ ਤਾਂ ਦਿਓਤੇ ਮੇਰੇ ਨਾਲ ਭੀ ਅਜੇਹਾ ਹੀ ਕਰਨ ਸਗੋਂ ਏਸ ਨਾਲੋਂ ਭੀ ਵਧੀਕ।” (1 ਰਾਜ. 19:2) ਇਹ ਬਹੁਤ ਖ਼ਤਰਨਾਕ ਧਮਕੀ ਸੀ! ਅਸਲ ਵਿਚ ਈਜ਼ਬਲ ਸਹੁੰ ਖਾ ਰਹੀ ਸੀ ਕਿ ਜੇ ਉਸ ਨੇ ਅਗਲੇ ਦਿਨ ਬਆਲ ਦੇ ਭਗਤਾਂ ਦਾ ਬਦਲਾ ਲੈਣ ਲਈ ਏਲੀਯਾਹ ਦੀ ਜਾਨ ਨਾ ਲਈ, ਤਾਂ ਉਸ ਦੇ ਦੇਵਤੇ ਉਸ ਨੂੰ ਮਾਰ ਦੇਣ। ਕਲਪਨਾ ਕਰੋ ਕਿ ਏਲੀਯਾਹ ਉਸ ਤੂਫ਼ਾਨੀ ਰਾਤ ਨੂੰ ਯਿਜ਼ਰਏਲ ਦੀ ਕਿਸੇ ਜਗ੍ਹਾ ਸੁੱਤਾ ਪਿਆ ਹੈ। ਫਿਰ ਈਜ਼ਬਲ ਦਾ ਭੇਜਿਆ ਬੰਦਾ ਉਸ ਨੂੰ ਜਗਾ ਕੇ ਮੌਤ ਦਾ ਪੈਗਾਮ ਸੁਣਾਉਂਦਾ ਹੈ। ਇਹ ਸੁਣ ਕੇ ਉਸ ਨੂੰ ਕਿਵੇਂ ਲੱਗਾ?
ਨਿਰਾਸ਼ਾ ਤੇ ਡਰ ਨੇ ਆ ਘੇਰਿਆ
7. ਈਜ਼ਬਲ ਦੀ ਧਮਕੀ ਦਾ ਏਲੀਯਾਹ ʼਤੇ ਕੀ ਅਸਰ ਪਿਆ ਅਤੇ ਉਸ ਨੇ ਕੀ ਕੀਤਾ?
7 ਜੇ ਏਲੀਯਾਹ ਨੇ ਉਮੀਦਾਂ ਲਾਈਆਂ ਸਨ ਕਿ ਬਆਲ ਦੀ ਭਗਤੀ ਖ਼ਿਲਾਫ਼ ਉਸ ਦੀ ਲੜਾਈ ਖ਼ਤਮ ਹੋ ਗਈ ਸੀ, ਤਾਂ ਹੁਣ ਉਸ ਦੀਆਂ ਉਮੀਦਾਂ ʼਤੇ ਪਾਣੀ ਫਿਰ ਗਿਆ ਸੀ। ਈਜ਼ਬਲ ਤਾਂ ਉਸ ਦੇ ਖ਼ੂਨ ਦੀ ਪਿਆਸੀ ਹੋ ਗਈ ਸੀ। ਰਾਣੀ ਦੇ ਹੁਕਮ ʼਤੇ ਬਹੁਤ ਸਾਰੇ ਵਫ਼ਾਦਾਰ ਨਬੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਲੱਗਦਾ ਸੀ ਕਿ ਹੁਣ ਏਲੀਯਾਹ ਦੀ ਵਾਰੀ ਸੀ। ਈਜ਼ਬਲ ਦੀ ਧਮਕੀ ਦਾ ਉਸ ʼਤੇ ਕੀ ਅਸਰ ਪਿਆ? ਬਾਈਬਲ ਸਾਨੂੰ ਦੱਸਦੀ ਹੈ: “ਏਲੀਯਾਹ ਇਹ ਸੰਦੇਸ਼ ਸੁਣ ਕੇ ਡਰ ਗਿਆ।” (1 ਰਾਜਾ 19:3, CL) ਈਜ਼ਬਲ ਦੇ ਹੱਥੋਂ ਖ਼ੌਫ਼ਨਾਕ ਮੌਤ ਦੀ ਕਲਪਨਾ ਕਰ ਕੇ ਹੀ ਉਸ ਦੇ ਲੂੰ-ਕੰਢੇ ਖੜ੍ਹੇ ਹੋ ਗਏ ਹੋਣੇ। ਇਸ ਬਾਰੇ ਸੋਚ-ਸੋਚ ਉਹ ਹਿੰਮਤ ਹਾਰ ਗਿਆ। ਇਸ ਕਰਕੇ ‘ਉਹ ਆਪਣੀ ਜਾਨ ਬਚਾਉਣ ਲਈ ਭੱਜ ਗਿਆ।’—1 ਰਾਜ. 18:4.
ਹਿੰਮਤ ਬਣਾਈ ਰੱਖਣ ਲਈ ਸਾਨੂੰ ਉਨ੍ਹਾਂ ਖ਼ਤਰਿਆਂ ਬਾਰੇ ਸੋਚਦੇ ਨਹੀਂ ਰਹਿਣਾ ਚਾਹੀਦਾ ਜਿਨ੍ਹਾਂ ਤੋਂ ਸਾਨੂੰ ਡਰ ਲੱਗਦਾ ਹੈ
8. (ੳ) ਏਲੀਯਾਹ ਵਾਂਗ ਪਤਰਸ ਨਾਲ ਕੀ ਹੋਇਆ ਸੀ? (ਅ) ਅਸੀਂ ਏਲੀਯਾਹ ਤੇ ਪਤਰਸ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ?
8 ਇਕੱਲਾ ਏਲੀਯਾਹ ਹੀ ਵਫ਼ਾਦਾਰ ਇਨਸਾਨ ਨਹੀਂ ਸੀ ਜਿਸ ʼਤੇ ਡਰ ਹਾਵੀ ਹੋ ਗਿਆ ਸੀ। ਕਈ ਸਦੀਆਂ ਬਾਅਦ ਪਤਰਸ ਨਾਲ ਵੀ ਇਸ ਤਰ੍ਹਾਂ ਹੋਇਆ ਸੀ। ਮਿਸਾਲ ਲਈ, ਜਦੋਂ ਪਤਰਸ ਯਿਸੂ ਦੀ ਸ਼ਕਤੀ ਨਾਲ ਪਾਣੀ ʼਤੇ ਤੁਰਿਆ ਸੀ, ਤਾਂ ਉਹ ‘ਤੂਫ਼ਾਨ ਨੂੰ ਦੇਖ ਕੇ ਡਰ ਗਿਆ।’ ਇਸ ਕਰਕੇ ਉਸ ਵਿਚ ਅੱਗੇ ਤੁਰਨ ਦੀ ਹਿੰਮਤ ਨਹੀਂ ਰਹੀ ਤੇ ਉਹ ਡੁੱਬਣ ਲੱਗ ਪਿਆ। (ਮੱਤੀ 14:30 ਪੜ੍ਹੋ।) ਏਲੀਯਾਹ ਅਤੇ ਪਤਰਸ ਦੀਆਂ ਮਿਸਾਲਾਂ ਸਾਨੂੰ ਅਹਿਮ ਸਬਕ ਸਿਖਾਉਂਦੀਆਂ ਹਨ। ਹਿੰਮਤ ਬਣਾਈ ਰੱਖਣ ਲਈ ਸਾਨੂੰ ਉਨ੍ਹਾਂ ਖ਼ਤਰਿਆਂ ਬਾਰੇ ਸੋਚਦੇ ਨਹੀਂ ਰਹਿਣਾ ਚਾਹੀਦਾ ਜਿਨ੍ਹਾਂ ਤੋਂ ਸਾਨੂੰ ਡਰ ਲੱਗਦਾ ਹੈ। ਸਾਨੂੰ ਆਪਣਾ ਧਿਆਨ ਆਪਣੀ ਉਮੀਦ ਤੇ ਤਾਕਤ ਦੇ ਸੋਮੇ ਯਹੋਵਾਹ ʼਤੇ ਲਾਈ ਰੱਖਣਾ ਚਾਹੀਦਾ ਹੈ।
“ਇੰਨਾ ਹੀ ਬਹੁਤ ਹੈ”
9. ਦੱਸੋ ਕਿ ਏਲੀਯਾਹ ਦਾ ਸਫ਼ਰ ਕਿੱਦਾਂ ਦਾ ਸੀ ਅਤੇ ਉਸ ਦੀ ਹਾਲਤ ਕਿਸ ਤਰ੍ਹਾਂ ਦੀ ਸੀ।
9 ਡਰ ਦੇ ਮਾਰੇ ਏਲੀਯਾਹ ਦੱਖਣ-ਪੱਛਮ ਵੱਲ 150 ਕਿਲੋਮੀਟਰ (95 ਮੀਲ) ਦੂਰ ਬਏਰਸ਼ਬਾ ਕਸਬੇ ਨੂੰ ਭੱਜ ਗਿਆ ਜੋ ਯਹੂਦੀਆ ਦੀ ਦੱਖਣੀ ਸਰਹੱਦ ਦੇ ਨੇੜੇ ਹੈ। ਉੱਥੇ ਉਹ ਆਪਣੇ ਸੇਵਕ ਨੂੰ ਛੱਡ ਗਿਆ ਤੇ ਇਕੱਲਾ ਹੀ ਉਜਾੜ ਵਿਚ ਚਲਾ ਗਿਆ। ਬਾਈਬਲ ਦੱਸਦੀ ਹੈ ਕਿ ਇਹ “ਇੱਕ ਦਿਨ” ਦਾ ਸਫ਼ਰ ਸੀ, ਇਸ ਲਈ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਉਹ ਸੂਰਜ ਚੜ੍ਹਨ ਤੇ ਤੁਰ ਪਿਆ ਹੋਣਾ ਅਤੇ ਆਪਣੇ ਨਾਲ ਖਾਣ-ਪੀਣ ਲਈ ਕੁਝ ਨਹੀਂ ਲੈ ਕੇ ਗਿਆ ਹੋਣਾ। ਨਿਰਾਸ਼ ਤੇ ਡਰ ਦਾ ਮਾਰਿਆ ਏਲੀਯਾਹ ਤੇਜ਼ ਧੁੱਪ ਵਿਚ ਉੱਚੇ-ਨੀਵੇਂ ਰਸਤਿਆਂ ʼਤੇ ਔਖਾ ਹੋ ਕੇ ਤੁਰਦਾ ਗਿਆ। ਜਿੱਦਾਂ-ਜਿੱਦਾਂ ਸੂਰਜ ਡੁੱਬਦਾ ਗਿਆ, ਉੱਦਾਂ-ਉੱਦਾਂ ਉਸ ਦੀ ਹਿੰਮਤ ਜਵਾਬ ਦੇਣ ਲੱਗੀ। ਹੰਭਿਆ-ਹਾਰਿਆ ਉਹ ਰਤਮੇ ਦੇ ਦਰਖ਼ਤ ਹੇਠ ਬੈਠ ਗਿਆ ਕਿਉਂਕਿ ਉਸ ਵਿਰਾਨ ਇਲਾਕੇ ਵਿਚ ਛਾਂ ਹੇਠ ਬੈਠਣ ਲਈ ਇਹੀ ਇਕ ਜਗ੍ਹਾ ਸੀ।—1 ਰਾਜ. 19:4.
10, 11. (ੳ) ਏਲੀਯਾਹ ਦੀ ਪ੍ਰਾਰਥਨਾ ਦਾ ਕੀ ਮਤਲਬ ਸੀ? (ਅ) ਦਿੱਤੇ ਗਏ ਹਵਾਲਿਆਂ ਨੂੰ ਵਰਤ ਕੇ ਦੱਸੋ ਕਿ ਨਿਰਾਸ਼ ਹੋ ਚੁੱਕੇ ਪਰਮੇਸ਼ੁਰ ਦੇ ਲੋਕਾਂ ਨੇ ਕਿਵੇਂ ਮਹਿਸੂਸ ਕੀਤਾ ਸੀ।
10 ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬੇ ਏਲੀਯਾਹ ਨੇ ਪ੍ਰਾਰਥਨਾ ਵਿਚ ਤਰਲੇ ਕੀਤੇ ਕਿ ਪਰਮੇਸ਼ੁਰ ਉਸ ਨੂੰ ਮੌਤ ਦੇ ਦੇਵੇ। ਉਸ ਨੇ ਕਿਹਾ: “ਮੈਂ ਆਪਣੇ ਪੁਰਖਿਆਂ ਨਾਲੋਂ ਕਿਤੇ ਚੰਗਾ ਨਹੀਂ ਹਾਂ।” (1 ਰਾਜ. 19:4; ERV) ਉਹ ਜਾਣਦਾ ਸੀ ਕਿ ਉਸ ਦੇ ਦਾਦੇ-ਪੜਦਾਦੇ ਮਿੱਟੀ ਵਿਚ ਮਿਲ ਚੁੱਕੇ ਸਨ ਅਤੇ ਉਹ ਕਿਸੇ ਦੀ ਮਦਦ ਨਹੀਂ ਕਰ ਸਕਦੇ ਸਨ। (ਉਪ. 9:10) ਉਸ ਨੂੰ ਲੱਗਾ ਕਿ ਉਸ ਦੀ ਹਾਲਤ ਵੀ ਉਨ੍ਹਾਂ ਵਰਗੀ ਹੀ ਸੀ। ਇਸੇ ਕਰਕੇ ਉਸ ਨੇ ਯਹੋਵਾਹ ਨੂੰ ਪੁਕਾਰ ਕੇ ਕਿਹਾ: “ਇੰਨਾ ਹੀ ਬਹੁਤ ਹੈ।” ਉਸ ਦੇ ਕਹਿਣ ਦਾ ਮਤਲਬ ਸੀ ਕਿ ਉਸ ਕੋਲ ਜੀਉਣ ਦੀ ਕੋਈ ਵਜ੍ਹਾ ਨਹੀਂ ਰਹੀ।
11 ਕੀ ਸਾਨੂੰ ਇਹ ਜਾਣ ਕੇ ਹੈਰਾਨ ਹੋਣਾ ਚਾਹੀਦਾ ਹੈ ਕਿ ਰੱਬ ਦਾ ਬੰਦਾ ਵੀ ਇੰਨਾ ਨਿਰਾਸ਼ ਹੋ ਸਕਦਾ ਹੈ? ਬਿਲਕੁਲ ਨਹੀਂ। ਬਾਈਬਲ ਵਿਚ ਬਹੁਤ ਸਾਰੇ ਵਫ਼ਾਦਾਰ ਆਦਮੀਆਂ ਤੇ ਔਰਤਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਵਿੱਚੋਂ ਕਈ ਉਦਾਸ ਹੋ ਗਏ ਸਨ ਤੇ ਕਈ ਮਰਨਾ ਚਾਹੁੰਦੇ ਸਨ। ਉਨ੍ਹਾਂ ਵਿਚ ਸਨ ਰਿਬਕਾਹ, ਯਾਕੂਬ, ਮੂਸਾ ਅਤੇ ਅੱਯੂਬ।—ਉਤ. 25:22; 37:35; ਗਿਣ. 11:13-15; ਅੱਯੂ. 14:13.
12. ਜੇ ਤੁਸੀਂ ਕਦੇ ਨਿਰਾਸ਼ਾ ਵਿਚ ਡੁੱਬ ਜਾਓ, ਤਾਂ ਤੁਹਾਨੂੰ ਏਲੀਯਾਹ ਦੀ ਰੀਸ ਕਿਵੇਂ ਕਰਨੀ ਚਾਹੀਦੀ ਹੈ?
12 ਅੱਜ ਅਸੀਂ ‘ਮੁਸੀਬਤਾਂ ਨਾਲ ਭਰੇ ਦਿਨਾਂ’ ਵਿਚ ਰਹਿੰਦੇ ਹਾਂ ‘ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੈ।’ (2 ਤਿਮੋ. 3:1) ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਹੁਤ ਸਾਰੇ ਲੋਕ, ਇੱਥੋਂ ਤਕ ਕਿ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਵੀ ਕਦੇ-ਕਦੇ ਨਿਰਾਸ਼ ਹੋ ਜਾਂਦੇ ਹਨ। ਜੇ ਤੁਸੀਂ ਕਦੇ ਨਿਰਾਸ਼ਾ ਵਿਚ ਡੁੱਬ ਜਾਓ, ਤਾਂ ਏਲੀਯਾਹ ਦੀ ਰੀਸ ਕਰੋ: ਪਰਮੇਸ਼ੁਰ ਅੱਗੇ ਆਪਣਾ ਦਿਲ ਖੋਲ੍ਹ ਦਿਓ। ਆਖ਼ਰ ਯਹੋਵਾਹ ਹੀ “ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।” (2 ਕੁਰਿੰਥੀਆਂ 1:3, 4 ਪੜ੍ਹੋ।) ਕੀ ਉਸ ਨੇ ਏਲੀਯਾਹ ਨੂੰ ਦਿਲਾਸਾ ਦਿੱਤਾ?
ਯਹੋਵਾਹ ਨੇ ਆਪਣੇ ਨਬੀ ਨੂੰ ਸੰਭਾਲਿਆ
13, 14. (ੳ) ਯਹੋਵਾਹ ਨੇ ਆਪਣੇ ਨਿਰਾਸ਼ ਹੋ ਚੁੱਕੇ ਨਬੀ ਲਈ ਪਿਆਰ ਕਿਵੇਂ ਦਿਖਾਇਆ? (ਅ) ਸਾਨੂੰ ਇਹ ਜਾਣ ਕੇ ਹੌਸਲਾ ਕਿਉਂ ਮਿਲਦਾ ਹੈ ਕਿ ਯਹੋਵਾਹ ਸਾਨੂੰ ਅਤੇ ਸਾਡੀਆਂ ਹੱਦਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ?
13 ਯਹੋਵਾਹ ਨੂੰ ਕਿਵੇਂ ਲੱਗਾ ਹੋਣਾ ਜਦੋਂ ਉਸ ਨੇ ਆਪਣੇ ਪਿਆਰੇ ਨਬੀ ਨੂੰ ਉਜਾੜ ਵਿਚ ਇਕ ਦਰਖ਼ਤ ਥੱਲੇ ਪਿਆ ਦੇਖਿਆ ਅਤੇ ਮੌਤ ਦੀ ਭੀਖ ਮੰਗਦੇ ਸੁਣਿਆ? ਸਾਨੂੰ ਕੋਈ ਅੰਦਾਜ਼ਾ ਲਾਉਣ ਦੀ ਲੋੜ ਨਹੀਂ। ਜਦੋਂ ਏਲੀਯਾਹ ਸੌਂ ਗਿਆ, ਤਾਂ ਯਹੋਵਾਹ ਨੇ ਆਪਣਾ ਇਕ ਦੂਤ ਭੇਜਿਆ। ਦੂਤ ਨੇ ਏਲੀਯਾਹ ਨੂੰ ਛੂਹ ਕੇ ਹੌਲੀ ਜਿਹੇ ਜਗਾਇਆ ਅਤੇ ਕਿਹਾ: “ਉੱਠ ਅਤੇ ਖਾਹ।” ਦੂਤ ਨੇ ਉਸ ਦੇ ਸਿਰਹਾਣੇ ਤਾਜ਼ੀ ਰੋਟੀ ਅਤੇ ਪਾਣੀ ਰੱਖਿਆ ਹੋਇਆ ਸੀ ਤੇ ਏਲੀਯਾਹ ਨੇ ਖਾਧਾ-ਪੀਤਾ। ਕੀ ਏਲੀਯਾਹ ਨੇ ਦੂਤ ਦਾ ਧੰਨਵਾਦ ਵੀ ਕੀਤਾ? ਬਾਈਬਲ ਸਿਰਫ਼ ਇਹੀ ਦੱਸਦੀ ਹੈ ਕਿ ਨਬੀ ਖਾ-ਪੀ ਕੇ ਸੌਂ ਗਿਆ। ਸ਼ਾਇਦ ਉਹ ਇੰਨਾ ਨਿਰਾਸ਼ ਹੋ ਚੁੱਕਾ ਸੀ ਕਿ ਉਸ ਦਾ ਬੋਲਣ ਨੂੰ ਵੀ ਜੀਅ ਨਹੀਂ ਸੀ ਕਰਦਾ। ਦੂਤ ਨੇ ਉਸ ਨੂੰ ਦੁਬਾਰਾ ਜਗਾਇਆ, ਇਸ ਵਾਰ ਸ਼ਾਇਦ ਤੜਕੇ-ਤੜਕੇ। ਇਕ ਵਾਰ ਫਿਰ ਉਸ ਨੇ ਏਲੀਯਾਹ ਨੂੰ ਕਿਹਾ: “ਉੱਠ ਕੇ ਖਾ ਲੈ।” ਫਿਰ ਉਸ ਨੇ ਇਹ ਖ਼ਾਸ ਗੱਲ ਕਹੀ: “ਕਿਉਂ ਜੋ ਪੰਧ ਤੇਰੇ ਲਈ ਬਹੁਤ ਲੰਮਾ ਹੈ।”—1 ਰਾਜ. 19:5-7.
14 ਯਹੋਵਾਹ ਦੀ ਮਦਦ ਨਾਲ ਦੂਤ ਸਮਝ ਗਿਆ ਸੀ ਕਿ ਏਲੀਯਾਹ ਕਿੱਥੇ ਜਾ ਰਿਹਾ ਸੀ। ਉਹ ਇਹ ਵੀ ਜਾਣਦਾ ਸੀ ਏਲੀਯਾਹ ਲਈ ਆਪਣੀ ਤਾਕਤ ਨਾਲ ਇਹ ਸਫ਼ਰ ਕਰਨਾ ਬਹੁਤ ਔਖਾ ਸੀ। ਸਾਨੂੰ ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਅਸੀਂ ਇਕ ਅਜਿਹੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਜੋ ਸਾਡੇ ਟੀਚਿਆਂ ਅਤੇ ਸਾਡੀਆਂ ਹੱਦਾਂ ਨੂੰ ਸਾਡੇ ਨਾਲੋਂ ਕਿਤੇ ਜ਼ਿਆਦਾ ਜਾਣਦਾ ਹੈ। (ਜ਼ਬੂਰਾਂ ਦੀ ਪੋਥੀ 103:13, 14 ਪੜ੍ਹੋ।) ਏਲੀਯਾਹ ਨੂੰ ਰੋਟੀ ਖਾ ਕੇ ਕੀ ਫ਼ਾਇਦਾ ਹੋਇਆ?
15, 16. (ੳ) ਯਹੋਵਾਹ ਤੋਂ ਮਿਲੀ ਰੋਟੀ ਖਾ ਕੇ ਏਲੀਯਾਹ ਕੀ ਕਰ ਸਕਿਆ? (ਅ) ਅੱਜ ਯਹੋਵਾਹ ਜਿਸ ਤਰੀਕੇ ਨਾਲ ਆਪਣੇ ਸੇਵਕਾਂ ਨੂੰ ਸੰਭਾਲਦਾ ਹੈ, ਸਾਨੂੰ ਉਸ ਦੀ ਕਦਰ ਕਿਉਂ ਚਾਹੀਦੀ ਹੈ?
15 ਅਸੀਂ ਪੜ੍ਹਦੇ ਹਾਂ: “ਉਸ ਨੇ ਉੱਠ ਕੇ ਖਾਧਾ ਅਰ ਪੀਤਾ ਤਾਂ ਉਹ ਉੱਸੇ ਭੋਜਨ ਦੇ ਬਲ ਨਾਲ ਚਾਲੀ ਦਿਨ ਅਤੇ ਚਾਲੀ ਰਾਤਾਂ ਪਰਮੇਸ਼ੁਰ ਦੇ ਹੋਰੇਬ ਪਰਬਤ ਤੀਕ ਤੁਰਿਆ ਗਿਆ।” (1 ਰਾਜ. 19:8) ਏਲੀਯਾਹ ਨੇ 40 ਦਿਨ ਤੇ 40 ਰਾਤਾਂ ਵਰਤ ਰੱਖਿਆ ਜਿਸ ਤਰ੍ਹਾਂ ਉਸ ਤੋਂ ਲਗਭਗ 600 ਸਾਲ ਪਹਿਲਾਂ ਮੂਸਾ ਨੇ ਅਤੇ ਲਗਭਗ 1,000 ਸਾਲ ਬਾਅਦ ਯਿਸੂ ਨੇ ਰੱਖਿਆ ਸੀ। (ਕੂਚ 34:28; ਲੂਕਾ 4:1, 2) ਉਸ ਖਾਣੇ ਨੂੰ ਖਾ ਕੇ ਏਲੀਯਾਹ ਦੀਆਂ ਸਾਰੀਆਂ ਸਮੱਸਿਆਵਾਂ ਖ਼ਤਮ ਨਹੀਂ ਹੋਈਆਂ, ਸਗੋਂ ਉਸ ਖਾਣੇ ਤੋਂ ਉਸ ਨੂੰ ਚਮਤਕਾਰੀ ਤਾਕਤ ਮਿਲੀ। ਕਲਪਨਾ ਕਰੋ ਕਿ ਉਹ ਬਜ਼ੁਰਗ ਉਜਾੜ ਵਿਚ ਤੁਰਿਆ ਜਾ ਰਿਹਾ ਹੈ ਜਿੱਥੇ ਕੋਈ ਰਾਹ ਜਾਂ ਪਗਡੰਡੀ ਨਹੀਂ ਹੈ। ਉਹ ਇਕ ਦਿਨ ਜਾਂ ਇਕ ਹਫ਼ਤਾ ਨਹੀਂ, ਸਗੋਂ ਡੇਢ ਮਹੀਨਾ ਤੁਰਦਾ ਗਿਆ।
16 ਅੱਜ ਵੀ ਯਹੋਵਾਹ ਆਪਣੇ ਸੇਵਕਾਂ ਨੂੰ ਸੰਭਾਲਦਾ ਹੈ। ਭਾਵੇਂ ਕਿ ਉਹ ਸਾਨੂੰ ਚਮਤਕਾਰ ਕਰ ਕੇ ਰੋਟੀ ਨਹੀਂ ਦਿੰਦਾ, ਪਰ ਉਹ ਸਾਨੂੰ ਇਸ ਤੋਂ ਵੀ ਜ਼ਰੂਰੀ ਚੀਜ਼ ਦਿੰਦਾ ਹੈ। ਉਹ ਸਾਨੂੰ ਆਪਣੇ ਬਾਰੇ ਗਿਆਨ ਦਿੰਦਾ ਹੈ ਤਾਂਕਿ ਅਸੀਂ ਉਸ ਨਾਲ ਵਧੀਆ ਰਿਸ਼ਤਾ ਬਣਾਈ ਰੱਖ ਸਕੀਏ। (ਮੱਤੀ 4:4) ਜੇ ਅਸੀਂ ਉਸ ਦੇ ਬਚਨ ਬਾਈਬਲ ਅਤੇ ਧਿਆਨ ਨਾਲ ਤਿਆਰ ਕੀਤੇ ਗਏ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿੱਚੋਂ ਯਹੋਵਾਹ ਬਾਰੇ ਸਿੱਖਦੇ ਰਹਿੰਦੇ ਹਾਂ, ਤਾਂ ਅਸੀਂ ਜ਼ਿੰਦਗੀ ਭਰ ਉਸ ਦੀ ਸੇਵਾ ਕਰ ਸਕਦੇ ਹਾਂ। ਇਹ ਗਿਆਨ ਲੈਣ ਨਾਲ ਸ਼ਾਇਦ ਸਾਡੀਆਂ ਸਮੱਸਿਆਵਾਂ ਖ਼ਤਮ ਨਾ ਹੋਣ, ਪਰ ਇਸ ਦੀ ਮਦਦ ਨਾਲ ਅਸੀਂ ਇਨ੍ਹਾਂ ਦਾ ਸਾਮ੍ਹਣਾ ਜ਼ਰੂਰ ਕਰ ਸਕਦੇ ਹਾਂ। ਇਹ ਗਿਆਨ ਲੈਣ ਨਾਲ ਸਾਨੂੰ “ਹਮੇਸ਼ਾ ਦੀ ਜ਼ਿੰਦਗੀ” ਵੀ ਮਿਲ ਸਕਦੀ ਹੈ।—ਯੂਹੰ. 17:3.
17. ਏਲੀਯਾਹ ਕਿੱਥੇ ਗਿਆ ਤੇ ਇਹ ਇਤਿਹਾਸਕ ਜਗ੍ਹਾ ਕਿਉਂ ਸੀ?
17 ਏਲੀਯਾਹ 320 ਕਿਲੋਮੀਟਰ (ਲਗਭਗ 200 ਮੀਲ) ਦਾ ਸਫ਼ਰ ਤੈਅ ਕਰ ਕੇ ਹੋਰੇਬ ਪਹਾੜ ਪਹੁੰਚ ਗਿਆ। ਇਹ ਇਕ ਇਤਿਹਾਸਕ ਜਗ੍ਹਾ ਸੀ ਕਿਉਂਕਿ ਇੱਥੇ ਕਈ ਸਦੀਆਂ ਪਹਿਲਾਂ ਯਹੋਵਾਹ ਪਰਮੇਸ਼ੁਰ ਬਲ਼ਦੀ ਹੋਈ ਝਾੜੀ ਵਿਚ ਮੂਸਾ ਸਾਮ੍ਹਣੇ ਪ੍ਰਗਟ ਹੋਇਆ ਸੀ ਅਤੇ ਬਾਅਦ ਵਿਚ ਇੱਥੇ ਮੂਸਾ ਦੇ ਰਾਹੀਂ ਕਾਨੂੰਨ ਦੇ ਕੇ ਇਜ਼ਰਾਈਲੀਆਂ ਨਾਲ ਇਕਰਾਰ ਕੀਤਾ ਸੀ। ਏਲੀਯਾਹ ਉੱਥੇ ਇਕ ਗੁਫ਼ਾ ਵਿਚ ਜਾ ਕੇ ਲੁਕ ਗਿਆ।
ਯਹੋਵਾਹ ਨੇ ਆਪਣੇ ਨਬੀ ਨੂੰ ਦਿਲਾਸਾ ਤੇ ਤਾਕਤ ਕਿਵੇਂ ਦਿੱਤੀ?
18, 19. (ੳ) ਯਹੋਵਾਹ ਦੇ ਦੂਤ ਨੇ ਏਲੀਯਾਹ ਤੋਂ ਕਿਹੜਾ ਸਵਾਲ ਪੁੱਛਿਆ ਤੇ ਉਸ ਨੇ ਕੀ ਜਵਾਬ ਦਿੱਤਾ? (ਅ) ਉਸ ਨੇ ਆਪਣੀ ਨਿਰਾਸ਼ਾ ਦੇ ਕਿਹੜੇ ਤਿੰਨ ਕਾਰਨ ਦੱਸੇ?
18 ਹੋਰੇਬ ਪਹਾੜ ʼਤੇ ਸ਼ਾਇਦ ਇਕ ਦੂਤ ਨੇ ਉਸ ਨੂੰ ਯਹੋਵਾਹ ਦਾ “ਬਚਨ” ਸੁਣਾਇਆ ਸੀ। ਉਸ ਨੇ ਏਲੀਯਾਹ ਨੂੰ ਪੁੱਛਿਆ: “ਹੇ ਏਲੀਯਾਹ ਤੂੰ ਏਥੇ ਕੀ ਕਰਦਾ ਹੈਂ?” ਉਸ ਨੇ ਇਹ ਸਵਾਲ ਬੜੇ ਪਿਆਰ ਨਾਲ ਪੁੱਛਿਆ ਜਿਸ ਕਰਕੇ ਏਲੀਯਾਹ ਨੂੰ ਲੱਗਾ ਕਿ ਉਹ ਉਸ ਅੱਗੇ ਆਪਣਾ ਦਿਲ ਖੋਲ੍ਹ ਸਕਦਾ ਸੀ। ਉਸ ਨੇ ਕਿਹਾ: “ਮੈਂ ਯਹੋਵਾਹ ਸੈਨਾਂ ਦੇ ਪਰਮੇਸ਼ੁਰ ਦੀ ਅਣਖ ਨਾਲ ਸੜਿਆ ਪਿਆ ਹਾਂ ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ ਤੇਰੀਆਂ ਜਗਵੇਦੀਆਂ ਢਾਹ ਸੁੱਟੀਆਂ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਹੁਣ ਮੈਂ ਹੀ ਇਕੱਲਾ ਬਾਕੀ ਰਹਿ ਗਿਆ ਹਾਂ ਪਰ ਓਹ ਮੇਰੀ ਜਾਨ ਕੱਢਣ ਨੂੰ ਮੈਨੂੰ ਲੱਭਦੇ ਫਿਰਦੇ ਹਨ।” (1 ਰਾਜ. 19:9, 10) ਏਲੀਯਾਹ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਤਿੰਨ ਕਾਰਨਾਂ ਕਰਕੇ ਨਿਰਾਸ਼ ਸੀ।
19 ਪਹਿਲਾ, ਏਲੀਯਾਹ ਨੂੰ ਲੱਗਾ ਕਿ ਉਸ ਨੇ ਜੋ ਕੀਤਾ ਸੀ, ਉਹ ਸਭ ਵਿਅਰਥ ਗਿਆ। ਸਾਲਾਂ ਤੋਂ ਯਹੋਵਾਹ ਦੀ ਭਗਤੀ ਜੋਸ਼ ਨਾਲ ਕਰਨ ਅਤੇ ਉਸ ਦੇ ਪਵਿੱਤਰ ਨਾਂ ਨੂੰ ਉੱਚਾ ਕਰਨ ਦੇ ਬਾਵਜੂਦ ਏਲੀਯਾਹ ਨੇ ਦੇਖਿਆ ਕਿ ਹਾਲਾਤ ਵਿਗੜਦੇ ਹੀ ਜਾ ਰਹੇ ਸਨ। ਲੋਕ ਹਾਲੇ ਵੀ ਬੇਵਫ਼ਾ ਤੇ ਬਾਗ਼ੀ ਸਨ ਤੇ ਹਰ ਪਾਸੇ ਝੂਠੀ ਭਗਤੀ ਦਾ ਹੀ ਬੋਲਬਾਲਾ ਸੀ। ਦੂਜਾ, ਏਲੀਯਾਹ ਇਕੱਲਾ ਮਹਿਸੂਸ ਕਰਦਾ ਸੀ। ਉਸ ਨੇ ਕਿਹਾ ਕਿ “ਮੈਂ ਹੀ ਇਕੱਲਾ ਬਾਕੀ ਰਹਿ ਗਿਆ ਹਾਂ।” ਉਸ ਨੂੰ ਲੱਗਦਾ ਸੀ ਕਿ ਇਜ਼ਰਾਈਲ ਕੌਮ ਵਿਚ ਉਹੀ ਇਕੱਲਾ ਯਹੋਵਾਹ ਦੀ ਸੇਵਾ ਕਰਨ ਵਾਲਾ ਬਚਿਆ ਸੀ। ਤੀਜਾ, ਏਲੀਯਾਹ ਡਰ ਗਿਆ ਸੀ। ਉਸ ਦੇ ਨਾਲ ਦੇ ਬਹੁਤ ਸਾਰੇ ਨਬੀ ਮਾਰੇ ਜਾ ਚੁੱਕੇ ਸਨ ਤੇ ਹੁਣ ਉਸ ਦੀ ਵਾਰੀ ਸੀ। ਏਲੀਯਾਹ ਲਈ ਸ਼ਾਇਦ ਆਪਣੇ ਦਿਲ ਦੇ ਜਜ਼ਬਾਤ ਜ਼ਾਹਰ ਕਰਨੇ ਸੌਖੇ ਨਹੀਂ ਸਨ, ਪਰ ਉਸ ਨੇ ਘਮੰਡ ਜਾਂ ਸ਼ਰਮਿੰਦਗੀ ਕਰਕੇ ਇਨ੍ਹਾਂ ਨੂੰ ਆਪਣੇ ਅੰਦਰ ਦਬਾ ਕੇ ਨਹੀਂ ਰੱਖਿਆ। ਏਲੀਯਾਹ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਵਿਚ ਆਪਣਾ ਦਿਲ ਖੋਲ੍ਹ ਕੇ ਸਾਰੇ ਵਫ਼ਾਦਾਰ ਲੋਕਾਂ ਲਈ ਚੰਗੀ ਮਿਸਾਲ ਕਾਇਮ ਕੀਤੀ।—ਜ਼ਬੂ. 62:8.
20, 21. (ੳ) ਦੱਸੋ ਕਿ ਗੁਫ਼ਾ ਦੇ ਮੂੰਹ ʼਤੇ ਖੜ੍ਹ ਕੇ ਏਲੀਯਾਹ ਨੇ ਕੀ ਕੁਝ ਦੇਖਿਆ। (ਅ) ਯਹੋਵਾਹ ਨੇ ਆਪਣੀ ਸ਼ਕਤੀ ਦੀ ਝਲਕ ਦਿਖਾ ਕੇ ਏਲੀਯਾਹ ਨੂੰ ਕੀ ਸਿਖਾਇਆ?
20 ਯਹੋਵਾਹ ਨੇ ਏਲੀਯਾਹ ਦਾ ਡਰ ਅਤੇ ਚਿੰਤਾ ਕਿਵੇਂ ਦੂਰ ਕੀਤੀ? ਦੂਤ ਨੇ ਏਲੀਯਾਹ ਨੂੰ ਗੁਫ਼ਾ ਦੇ ਮੂੰਹ ʼਤੇ ਖੜ੍ਹਾ ਹੋਣ ਲਈ ਕਿਹਾ। ਉਸ ਨੇ ਕਹਿਣਾ ਮੰਨਿਆ, ਪਰ ਉਸ ਨੂੰ ਪਤਾ ਨਹੀਂ ਸੀ ਕਿ ਕੀ ਹੋਣ ਵਾਲਾ ਸੀ। ਇਕਦਮ ਤੇਜ਼ ਹਨੇਰੀ ਚੱਲੀ! ਇਸ ਦੀ ਆਵਾਜ਼ ਬਹੁਤ ਹੀ ਜ਼ੋਰਦਾਰ ਹੋਣੀ ਕਿਉਂਕਿ ਇਸ ਤੇਜ਼ ਹਵਾ ਦੇ ਜ਼ੋਰ ਨਾਲ ਪਹਾੜ ਅਤੇ ਚਟਾਨਾਂ ਵੀ ਟੁੱਟ ਗਈਆਂ। ਕਲਪਨਾ ਕਰੋ ਕਿ ਏਲੀਯਾਹ ਮਿੱਟੀ-ਘੱਟੇ ਤੋਂ ਆਪਣੀਆਂ ਅੱਖਾਂ ਢਕ ਰਿਹਾ ਹੈ ਅਤੇ ਤੇਜ਼ ਹਵਾ ਕਰਕੇ ਜ਼ੋਰ-ਜ਼ੋਰ ਨਾਲ ਹਿੱਲ ਰਹੇ ਆਪਣੇ ਚੋਗੇ ਨੂੰ ਘੁੱਟ ਕੇ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਰ ਧਰਤੀ ਜ਼ਬਰਦਸਤ ਭੁਚਾਲ਼ ਕਰਕੇ ਹਿੱਲ ਗਈ ਜਿਸ ਕਰਕੇ ਉਸ ਲਈ ਖੜ੍ਹਾ ਰਹਿਣਾ ਮੁਸ਼ਕਲ ਹੋ ਗਿਆ। ਉਹ ਮਸਾਂ-ਮਸਾਂ ਸੰਭਲਿਆ ਹੀ ਸੀ ਕਿ ਅਚਾਨਕ ਅੱਗ ਦਾ ਭਾਂਬੜ ਮੱਚ ਗਿਆ ਜਿਸ ਦੇ ਤੇਜ਼ ਸੇਕ ਕਰਕੇ ਉਸ ਨੂੰ ਗੁਫ਼ਾ ਦੇ ਮੂੰਹ ਤੋਂ ਕੁਝ ਕਦਮ ਪਿੱਛੇ ਹਟਣਾ ਪਿਆ।—1 ਰਾਜ. 19:11, 12.
21 ਇਸ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਇਨ੍ਹਾਂ ਸ਼ਕਤੀਸ਼ਾਲੀ ਕੁਦਰਤੀ ਚੀਜ਼ਾਂ ਵਿਚ ਨਹੀਂ ਸੀ। ਏਲੀਯਾਹ ਜਾਣਦਾ ਸੀ ਕਿ ਯਹੋਵਾਹ ਬਆਲ ਵਾਂਗ ਕੋਈ ਮਨ-ਘੜਤ ਦੇਵਤਾ ਨਹੀਂ ਹੈ। ਬਆਲ ਦੇ ਭਗਤ ਇਸ ਭੁਲੇਖੇ ਵਿਚ ਸਨ ਕਿ ਬਆਲ “ਬੱਦਲਾਂ ਦੀ ਸਵਾਰੀ ਕਰਦਾ” ਸੀ ਯਾਨੀ ਮੀਂਹ ਵਰ੍ਹਾਉਂਦਾ ਸੀ। ਯਹੋਵਾਹ ਨੇ ਹੀ ਸਾਰੀਆਂ ਕੁਦਰਤੀ ਚੀਜ਼ਾਂ ਵਿਚ ਸ਼ਕਤੀ ਪਾਈ ਹੈ, ਪਰ ਉਹ ਆਪ ਇਨ੍ਹਾਂ ਸਾਰਿਆਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਆਕਾਸ਼ਾਂ ਦੇ ਆਕਾਸ਼ ਵੀ ਉਸ ਲਈ ਛੋਟੇ ਹਨ। (1 ਰਾਜ. 8:27) ਇਨ੍ਹਾਂ ਸਾਰੀਆਂ ਘਟਨਾਵਾਂ ਦਾ ਏਲੀਯਾਹ ਉੱਤੇ ਕੀ ਅਸਰ ਪਿਆ? ਯਾਦ ਕਰੋ ਕਿ ਉਹ ਕਿੰਨਾ ਡਰਿਆ ਹੋਇਆ ਸੀ। ਪਰ ਅਸੀਮ ਸ਼ਕਤੀ ਦਾ ਮਾਲਕ ਯਹੋਵਾਹ ਪਰਮੇਸ਼ੁਰ ਏਲੀਯਾਹ ਦੇ ਨਾਲ ਸੀ, ਇਸ ਲਈ ਉਸ ਨੂੰ ਅਹਾਬ ਤੇ ਈਜ਼ਬਲ ਤੋਂ ਡਰਨ ਦੀ ਕੀ ਲੋੜ ਸੀ?—ਜ਼ਬੂਰਾਂ ਦੀ ਪੋਥੀ 118:6 ਪੜ੍ਹੋ।
22. (ੳ) “ਇੱਕ ਹੌਲੀ ਅਤੇ ਨਿਮ੍ਹੀ ਅਵਾਜ਼” ਨੇ ਏਲੀਯਾਹ ਨੂੰ ਕਿਵੇਂ ਭਰੋਸਾ ਦਿਵਾਇਆ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਦੀ ਬਹੁਤ ਅਹਿਮੀਅਤ ਸੀ? (ਅ) ਇਹ “ਹੌਲੀ ਅਤੇ ਨਿਮ੍ਹੀ ਅਵਾਜ਼” ਸ਼ਾਇਦ ਕਿਸ ਦੀ ਸੀ? (ਫੁਟਨੋਟ ਦੇਖੋ।)
22 ਅੱਗ ਦੇ ਭਾਂਬੜ ਤੋਂ ਬਾਅਦ ਚੁੱਪ ਛਾ ਗਈ ਅਤੇ ਏਲੀਯਾਹ ਨੂੰ “ਇੱਕ ਹੌਲੀ ਅਤੇ ਨਿਮ੍ਹੀ ਅਵਾਜ਼” ਆਈ। ਇਸ ਆਵਾਜ਼ ਨੇ ਦੁਬਾਰਾ ਉਸ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦੀ ਹੱਲਾਸ਼ੇਰੀ ਦਿੱਤੀ ਅਤੇ ਏਲੀਯਾਹ ਨੇ ਇਸ ਵਾਰ ਵੀ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਦੱਸ ਦਿੱਤੀਆਂ।a ਸ਼ਾਇਦ ਇਸ ਕਾਰਨ ਉਸ ਦਾ ਮਨ ਹੋਰ ਵੀ ਹਲਕਾ ਹੋ ਗਿਆ ਹੋਣਾ। ਪਰ ਇਸ “ਹੌਲੀ ਅਤੇ ਨਿਮ੍ਹੀ ਅਵਾਜ਼” ਨੇ ਅੱਗੇ ਜੋ ਕਿਹਾ, ਬਿਨਾਂ ਸ਼ੱਕ ਉਸ ਤੋਂ ਏਲੀਯਾਹ ਨੂੰ ਹੋਰ ਵੀ ਦਿਲਾਸਾ ਮਿਲਿਆ। ਯਹੋਵਾਹ ਨੇ ਏਲੀਯਾਹ ਨੂੰ ਭਰੋਸਾ ਦਿਵਾਇਆ ਕਿ ਉਸ ਦੀਆਂ ਨਜ਼ਰਾਂ ਵਿਚ ਏਲੀਯਾਹ ਦੀ ਬਹੁਤ ਅਹਿਮੀਅਤ ਸੀ। ਕਿਵੇਂ? ਪਰਮੇਸ਼ੁਰ ਨੇ ਦੱਸਿਆ ਕਿ ਉਹ ਇਜ਼ਰਾਈਲ ਵਿੱਚੋਂ ਬਆਲ ਦੀ ਭਗਤੀ ਖ਼ਤਮ ਕਰਨ ਲਈ ਕੀ ਕਰੇਗਾ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਏਲੀਯਾਹ ਦੀ ਮਿਹਨਤ ਬੇਕਾਰ ਨਹੀਂ ਗਈ ਸੀ ਕਿਉਂਕਿ ਪਰਮੇਸ਼ੁਰ ਆਪਣੇ ਮਕਸਦ ਮੁਤਾਬਕ ਕਦਮ ਚੁੱਕਣ ਵਾਲਾ ਸੀ। ਇਸ ਤੋਂ ਇਲਾਵਾ, ਯਹੋਵਾਹ ਨੇ ਏਲੀਯਾਹ ਨੂੰ ਕੁਝ ਖ਼ਾਸ ਹਿਦਾਇਤਾਂ ਦੇ ਕੇ ਵਾਪਸ ਭੇਜਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਅਜੇ ਵੀ ਪਰਮੇਸ਼ੁਰ ਦੇ ਨਬੀ ਵਜੋਂ ਕੰਮ ਕਰਨਾ ਸੀ।—1 ਰਾਜ. 19:12-17.
23. ਯਹੋਵਾਹ ਨੇ ਕਿਹੜੇ ਦੋ ਤਰੀਕਿਆਂ ਨਾਲ ਏਲੀਯਾਹ ਨੂੰ ਭਰੋਸਾ ਦਿਵਾਇਆ ਕਿ ਉਹ ਇਕੱਲਾ ਨਹੀਂ ਸੀ?
23 ਯਹੋਵਾਹ ਨੇ ਏਲੀਯਾਹ ਨੂੰ ਦੋ ਤਰੀਕਿਆਂ ਨਾਲ ਭਰੋਸਾ ਦਿਵਾਇਆ ਕਿ ਉਹ ਇਕੱਲਾ ਨਹੀਂ ਸੀ। ਪਹਿਲਾ, ਉਸ ਨੇ ਏਲੀਯਾਹ ਨੂੰ ਕਿਹਾ ਕਿ ਉਹ ਅਲੀਸ਼ਾ ਨੂੰ ਚੁਣੇ ਜੋ ਉਸ ਤੋਂ ਬਾਅਦ ਨਬੀ ਵਜੋਂ ਸੇਵਾ ਕਰੇਗਾ। ਇਹ ਘੱਟ ਉਮਰ ਦਾ ਆਦਮੀ ਏਲੀਯਾਹ ਦਾ ਸਾਥੀ ਬਣੇਗਾ ਤੇ ਕਈ ਸਾਲ ਉਸ ਦੀ ਸੇਵਾ ਕਰੇਗਾ। ਇਹ ਸੁਣ ਕੇ ਉਸ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ! ਦੂਜੀ, ਯਹੋਵਾਹ ਨੇ ਉਸ ਨੂੰ ਇਹ ਵਧੀਆ ਖ਼ਬਰ ਦਿੱਤੀ: “ਮੈਂ ਇਸਰਾਏਲ ਵਿੱਚੋਂ ਆਪਣੇ ਲਈ ਸੱਤ ਹਜ਼ਾਰ ਰੱਖ ਲਏ ਹਨ ਓਹ ਸਭ ਜਿਨ੍ਹਾਂ ਦੇ ਗੋਡੇ ਬਆਲ ਅੱਗੇ ਨਹੀਂ ਨਿਵੇ ਅਤੇ ਓਹ ਸਾਰੇ ਮੂੰਹ ਜਿਨ੍ਹਾਂ ਨੇ ਉਹ ਨੂੰ ਨਹੀਂ ਚੁੰਮਿਆ।” (1 ਰਾਜ. 19:18) ਏਲੀਯਾਹ ਬਿਲਕੁਲ ਇਕੱਲਾ ਨਹੀਂ ਸੀ। ਇਹ ਸੁਣ ਕੇ ਉਸ ਦੇ ਦਿਲ ਨੂੰ ਕਿੰਨਾ ਸਕੂਨ ਮਿਲਿਆ ਹੋਣਾ ਕਿ ਹਜ਼ਾਰਾਂ ਹੀ ਵਫ਼ਾਦਾਰ ਲੋਕਾਂ ਨੇ ਬਆਲ ਅੱਗੇ ਸਿਰ ਨਹੀਂ ਝੁਕਾਇਆ ਸੀ। ਏਲੀਯਾਹ ਲਈ ਜ਼ਰੂਰੀ ਸੀ ਕਿ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਹੇ ਤਾਂਕਿ ਉਸ ਦੀ ਵਧੀਆ ਮਿਸਾਲ ਤੋਂ ਦੂਜਿਆਂ ਨੂੰ ਮਾੜੇ ਹਾਲਾਤਾਂ ਵਿਚ ਸੇਵਾ ਕਰਨ ਦੀ ਹੱਲਾਸ਼ੇਰੀ ਮਿਲਦੀ ਰਹੇ। “ਹੌਲੀ ਅਤੇ ਨਿਮ੍ਹੀ ਅਵਾਜ਼” ਵਿਚ ਯਹੋਵਾਹ ਦਾ ਸੰਦੇਸ਼ ਸੁਣ ਕੇ ਏਲੀਯਾਹ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ!
ਜੇ ਅਸੀਂ ਬਾਈਬਲ ਦੇ ਮੁਤਾਬਕ ਚੱਲੀਏ, ਤਾਂ ਇਹ ਸਾਡੇ ਲਈ ਵੀ “ਹੌਲੀ ਅਤੇ ਨਿਮ੍ਹੀ ਅਵਾਜ਼” ਦੀ ਤਰ੍ਹਾਂ ਹੋ ਸਕਦੀ ਹੈ
24, 25. (ੳ) ਅਸੀਂ ਅੱਜ ਕਿਸ ਤਰੀਕੇ ਨਾਲ ਯਹੋਵਾਹ ਦੀ “ਹੌਲੀ ਅਤੇ ਨਿਮ੍ਹੀ ਅਵਾਜ਼” ਸੁਣ ਸਕਦੇ ਹਾਂ? (ਅ) ਅਸੀਂ ਕਿਉਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਹੋਵਾਹ ਦੀਆਂ ਗੱਲਾਂ ਸੁਣ ਕੇ ਏਲੀਯਾਹ ਨੇ ਆਪਣਾ ਮਨ ਤਕੜਾ ਕੀਤਾ ਸੀ?
24 ਏਲੀਯਾਹ ਵਾਂਗ ਅਸੀਂ ਵੀ ਸ਼ਾਇਦ ਕੁਦਰਤੀ ਚੀਜ਼ਾਂ ਦੀ ਤਾਕਤ ਦੇਖ ਕੇ ਹੈਰਾਨ ਰਹਿ ਜਾਈਏ ਤੇ ਇੱਦਾਂ ਹੋਣਾ ਵੀ ਚਾਹੀਦਾ ਹੈ। ਇਨ੍ਹਾਂ ਤੋਂ ਸ੍ਰਿਸ਼ਟੀਕਰਤਾ ਦੀ ਤਾਕਤ ਸਾਫ਼ ਝਲਕਦੀ ਹੈ। (ਰੋਮੀ. 1:20) ਯਹੋਵਾਹ ਹਾਲੇ ਵੀ ਆਪਣੇ ਵਫ਼ਾਦਾਰ ਸੇਵਕਾਂ ਦੀ ਮਦਦ ਕਰਨ ਲਈ ਆਪਣੀ ਅਸੀਮ ਤਾਕਤ ਵਰਤਦਾ ਹੈ। (2 ਇਤ. 16:9) ਪਰ ਉਸ ਦੇ ਬਚਨ ਬਾਈਬਲ ਤੋਂ ਸਾਨੂੰ ਉਸ ਬਾਰੇ ਹੋਰ ਵੀ ਜ਼ਿਆਦਾ ਪਤਾ ਲੱਗਦਾ ਹੈ। (ਯਸਾਯਾਹ 30:21 ਪੜ੍ਹੋ।) ਜੇ ਅਸੀਂ ਬਾਈਬਲ ਦੇ ਮੁਤਾਬਕ ਚੱਲੀਏ, ਤਾਂ ਇਹ ਸਾਡੇ ਲਈ ਵੀ “ਹੌਲੀ ਅਤੇ ਨਿਮ੍ਹੀ ਅਵਾਜ਼” ਦੀ ਤਰ੍ਹਾਂ ਹੋ ਸਕਦੀ ਹੈ। ਇਸ ਰਾਹੀਂ ਯਹੋਵਾਹ ਸਾਨੂੰ ਸੁਧਾਰਦਾ, ਹੱਲਾਸ਼ੇਰੀ ਦਿੰਦਾ ਤੇ ਆਪਣੇ ਪਿਆਰ ਦਾ ਭਰੋਸਾ ਦਿਵਾਉਂਦਾ ਹੈ।
25 ਕੀ ਹੋਰੇਬ ਪਹਾੜ ਉੱਤੇ ਯਹੋਵਾਹ ਦੀਆਂ ਗੱਲਾਂ ਸੁਣ ਕੇ ਏਲੀਯਾਹ ਨੇ ਆਪਣਾ ਮਨ ਤਕੜਾ ਕੀਤਾ? ਬਿਲਕੁਲ! ਉਹ ਦੁਬਾਰਾ ਦਲੇਰੀ ਨਾਲ ਯਹੋਵਾਹ ਦੀ ਭਗਤੀ ਕਰਨ ਲੱਗ ਪਿਆ ਅਤੇ ਉਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਬਆਲ ਦੀ ਭਗਤੀ ਕਰਨੀ ਛੱਡ ਦੇਣ। ਜੇ ਅਸੀਂ ਯਹੋਵਾਹ ਦੇ ਬਚਨ ਵਿਚ ਦਿੱਤੇ ਦਿਲਾਸੇ ਭਰੇ ਸ਼ਬਦਾਂ ਨੂੰ ਆਪਣੇ ਦਿਲ ਵਿਚ ਬਿਠਾਉਂਦੇ ਹਾਂ, ਤਾਂ ਅਸੀਂ ਵੀ ਏਲੀਯਾਹ ਦੀ ਨਿਹਚਾ ਦੀ ਰੀਸ ਕਰ ਸਕਦੇ ਹਾਂ।—ਰੋਮੀ. 15:4.
a ਇਹ “ਹੌਲੀ ਅਤੇ ਨਿਮ੍ਹੀ ਅਵਾਜ਼” ਸ਼ਾਇਦ ਉਸੇ ਦੂਤ ਦੀ ਸੀ ਜਿਸ ਨੇ 1 ਰਾਜਿਆਂ 19:9 ਵਿਚ ਜ਼ਿਕਰ ਕੀਤਾ “ਯਹੋਵਾਹ ਦਾ ਬਚਨ” ਸੁਣਾਇਆ ਸੀ। ਪਰ ਆਇਤ 15 ਸਿਰਫ਼ ਇਹ ਕਹਿੰਦੀ ਹੈ ਕਿ ਇਹ “ਯਹੋਵਾਹ” ਦੀ ਆਵਾਜ਼ ਸੀ। ਯਾਦ ਕਰੋ ਕਿ ਯਹੋਵਾਹ ਨੇ ਉਜਾੜ ਵਿਚ ਇਜ਼ਰਾਈਲੀਆਂ ਦੀ ਅਗਵਾਈ ਕਰਨ ਲਈ ਇਕ ਦੂਤ ਨੂੰ ਵਰਤਿਆ ਸੀ ਜਿਸ ਬਾਰੇ ਪਰਮੇਸ਼ੁਰ ਨੇ ਕਿਹਾ ਸੀ: “ਮੇਰਾ ਨਾਮ ਉਸ ਵਿੱਚ ਹੈ।” (ਕੂਚ 23:21) ਅਸੀਂ ਪੱਕਾ ਤਾਂ ਨਹੀਂ ਕਹਿ ਸਕਦੇ, ਪਰ ਧਿਆਨ ਦਿਓ ਕਿ ਧਰਤੀ ʼਤੇ ਆਉਣ ਤੋਂ ਪਹਿਲਾਂ ਯਿਸੂ “ਸ਼ਬਦ” ਯਾਨੀ ਯਹੋਵਾਹ ਦੇ ਬੁਲਾਰੇ ਵਜੋਂ ਉਸ ਦੇ ਲੋਕਾਂ ਨਾਲ ਗੱਲ ਕਰਦਾ ਸੀ।—ਯੂਹੰ. 1:1.