ਯਹੋਵਾਹ ਦਾ ਬਚਨ ਜੀਉਂਦਾ ਹੈ
ਰਾਜਿਆਂ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ
ਕਹਾਉਤਾਂ 29:2 ਵਿਚ ਲਿਖਿਆ ਹੈ ਕਿ “ਜਦ ਧਰਮੀ ਪਰਬਲ ਹੁੰਦੇ ਹਨ ਤਾਂ ਲੋਕ ਅਨੰਦ ਕਰਦੇ ਹਨ, ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਢਾਹਾਂ ਮਾਰਦੇ ਹਨ।” ਰਾਜਿਆਂ ਦੀ ਪਹਿਲੀ ਪੋਥੀ ਵਿਚ ਇਸ ਕਹਾਵਤ ਦੀ ਸੱਚਾਈ ਜ਼ਾਹਰ ਹੁੰਦੀ ਹੈ। ਇਸ ਵਿਚ ਸੁਲੇਮਾਨ ਬਾਦਸ਼ਾਹ ਦੀ ਕਹਾਣੀ ਦੱਸੀ ਗਈ ਹੈ ਜਿਸ ਦੇ ਰਾਜ ਦੌਰਾਨ ਪ੍ਰਾਚੀਨ ਇਸਰਾਏਲ ਵਿਚ ਸੁਖ-ਚੈਨ ਅਤੇ ਪੈਸੇ-ਧੇਲੇ ਦੀ ਵੀ ਕੋਈ ਕਮੀ ਨਹੀਂ ਸੀ। ਉਸ ਦੀ ਮੌਤ ਤੋਂ ਬਾਅਦ ਕੌਮ ਵਿਚ ਫੁੱਟ ਪੈ ਗਈ। ਇਸ ਪੋਥੀ ਵਿਚ 14 ਹੋਰ ਬਾਦਸ਼ਾਹਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਵਿੱਚੋਂ ਕੁਝ ਇਸਰਾਏਲ ਤੇ ਅਤੇ ਕੁਝ ਯਹੂਦਾਹ ਤੇ ਰਾਜ ਕਰਦੇ ਸਨ। ਇਨ੍ਹਾਂ ਵਿੱਚੋਂ ਸਿਰਫ਼ ਦੋ ਬਾਦਸ਼ਾਹ ਯਹੋਵਾਹ ਨੂੰ ਵਫ਼ਾਦਾਰ ਰਹੇ ਸਨ। ਇਨ੍ਹਾਂ ਬਾਦਸ਼ਾਹਾਂ ਤੋਂ ਇਲਾਵਾ ਇਸ ਪੋਥੀ ਵਿਚ ਛੇ ਨਬੀਆਂ ਦੇ ਕੰਮਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਵਿੱਚੋਂ ਇਕ ਦਾ ਨਾਂ ਏਲੀਯਾਹ ਸੀ।
ਇਸ ਪੋਥੀ ਨੂੰ ਯਿਰਮਿਯਾਹ ਨਬੀ ਨੇ ਯਰੂਸ਼ਲਮ ਵਿਚ ਲਿਖਿਆ ਸੀ। ਇਸ ਵਿਚ 1040 ਈ.ਪੂ. ਤੋਂ 911 ਈ.ਪੂ. ਤਕ 129 ਸਾਲਾਂ ਦਾ ਇਤਿਹਾਸ ਹੈ। ਇਸ ਪੋਥੀ ਨੂੰ ਲਿਖਣ ਸਮੇਂ ਯਿਰਮਿਯਾਹ ਨੇ ਸ਼ਾਇਦ “ਸੁਲੇਮਾਨ ਦੇ ਬਿਰਤਾਂਤ ਦੀ ਪੋਥੀ” ਵਰਗੀਆਂ ਪ੍ਰਾਚੀਨ ਲਿਖਤਾਂ ਉੱਤੇ ਗੌਰ ਕੀਤਾ ਹੋਵੇਗਾ। ਇਹ ਲਿਖਤਾਂ ਅੱਜ ਹੋਂਦ ਵਿਚ ਨਹੀਂ ਹਨ।—1 ਰਾਜਿਆਂ 11:41; 14:19; 15:7.
ਬੁੱਧੀਮਾਨ ਬਾਦਸ਼ਾਹ ਦਾ ਸ਼ਾਂਤਮਈ ਰਾਜ
ਰਾਜਿਆਂ ਦੀ ਪਹਿਲੀ ਪੋਥੀ ਇਕ ਦਿਲਚਸਪ ਬਿਰਤਾਂਤ ਨਾਲ ਸ਼ੁਰੂ ਹੁੰਦੀ ਹੈ। ਬਾਦਸ਼ਾਹ ਦਾਊਦ ਦੇ ਬੇਟੇ ਅਦੋਨੀਯਾਹ ਨੇ ਆਪਣੇ ਪਿਤਾ ਦੀ ਬਾਦਸ਼ਾਹਤ ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਨਾਥਾਨ ਨਬੀ ਨੇ ਸਮੇਂ ਸਿਰ ਕਦਮ ਚੁੱਕ ਕੇ ਉਸ ਨੂੰ ਰੋਕ ਦਿੱਤਾ ਅਤੇ ਦਾਊਦ ਦੇ ਬੇਟੇ ਸੁਲੇਮਾਨ ਨੂੰ ਬਾਦਸ਼ਾਹ ਬਣਾ ਦਿੱਤਾ ਗਿਆ। ਸੁਲੇਮਾਨ ਨੇ ਆਪਣੀ ਮੰਗ ਨਾਲ ਯਹੋਵਾਹ ਦੇ ਜੀ ਨੂੰ ਖ਼ੁਸ਼ ਕੀਤਾ ਸੀ ਅਤੇ ਯਹੋਵਾਹ ਨੇ ਉਸ ਨੂੰ “ਇੱਕ ਬੁੱਧਵਾਨ ਅਤੇ ਸਮਝ ਵਾਲਾ ਮਨ” ਦੇਣ ਦੇ ਨਾਲ-ਨਾਲ ‘ਧਨ ਤੇ ਪਤ’ ਵੀ ਦਿੱਤੇ ਸਨ। (1 ਰਾਜਿਆਂ 3:12, 13) ਇਸ ਬਾਦਸ਼ਾਹ ਜਿੰਨਾ ਬੁੱਧੀਮਾਨ ਤੇ ਅਮੀਰ ਆਦਮੀ ਹੋਰ ਕੋਈ ਨਹੀਂ ਸੀ। ਉਸ ਦੇ ਰਾਜ ਅਧੀਨ ਇਸਰਾਏਲ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਵਿਚ ਵਾਧਾ ਹੋਇਆ।
ਸੁਲੇਮਾਨ ਨੇ ਯਹੋਵਾਹ ਦੇ ਭਵਨ ਤੋਂ ਇਲਾਵਾ ਹੋਰ ਕਈ ਇਮਾਰਤਾਂ ਉਸਾਰੀਆਂ ਸਨ। ਯਹੋਵਾਹ ਨੇ ਉਸ ਨੂੰ ਦੱਸਿਆ ਸੀ ਕਿ ਜੇ ਉਹ ਉਸ ਦੀ ਮਰਜ਼ੀ ਮੁਤਾਬਕ ਚੱਲਿਆ, ਤਾਂ ਉਹ ਉਸ ਲਈ ਕੀ ਕਰੇਗਾ: “ਮੈਂ ਤੇਰੀ ਪਾਤਸ਼ਾਹੀ ਦੀ ਰਾਜ ਗੱਦੀ ਇਸਰਾਏਲ ਉੱਤੇ ਸਦਾ ਤੀਕ ਕਾਇਮ ਰਖਾਂਗਾ।” (1 ਰਾਜਿਆਂ 9:4, 5) ਪਰ ਜੇ ਉਹ ਅਣਆਗਿਆਕਾਰ ਸਾਬਤ ਹੋਇਆ, ਤਾਂ ਯਹੋਵਾਹ ਨੇ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸ ਨੂੰ ਕੀ ਨਤੀਜੇ ਭੁਗਤਣੇ ਪੈਣਗੇ। ਇਸ ਦੇ ਬਾਵਜੂਦ ਸੁਲੇਮਾਨ ਨੇ ਬਹੁਤ ਸਾਰੀਆਂ ਵਿਦੇਸ਼ੀ ਤੀਵੀਆਂ ਨੂੰ ਵਿਆਹ ਲਿਆ। ਇਨ੍ਹਾਂ ਤੀਵੀਆਂ ਦੇ ਪਿੱਛੇ ਲੱਗ ਕੇ ਉਹ ਬੁਢਾਪੇ ਵਿਚ ਮੂਰਤੀਆਂ ਦੀ ਪੂਜਾ ਕਰਨ ਲੱਗ ਪਿਆ। ਯਹੋਵਾਹ ਨੇ ਉਸ ਨੂੰ ਦੱਸ ਦਿੱਤਾ ਸੀ ਕਿ ਉਸ ਦਾ ਰਾਜ ਵੰਡਿਆ ਜਾਵੇਗਾ। ਸੰਨ 997 ਈ.ਪੂ. ਵਿਚ ਉਸ ਦੀ ਮੌਤ ਹੋਣ ਤੇ ਉਸ ਦਾ 40 ਸਾਲ ਦਾ ਰਾਜ ਖ਼ਤਮ ਹੋ ਗਿਆ। ਉਸ ਦਾ ਬੇਟਾ ਰਹਬੁਆਮ ਉਸ ਦੀ ਥਾਂ ਰਾਜ ਕਰਨ ਲੱਗ ਪਿਆ।
ਕੁਝ ਸਵਾਲਾਂ ਦੇ ਜਵਾਬ:
1:5—ਦਾਊਦ ਦੇ ਜੀਉਂਦੇ-ਜੀ ਅਦੋਨੀਯਾਹ ਨੇ ਪਾਤਸ਼ਾਹ ਬਣਨ ਦੀ ਕੋਸ਼ਿਸ਼ ਕਿਉਂ ਕੀਤੀ ਸੀ? ਬਾਈਬਲ ਵਿਚ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਪਰ ਅਸੀਂ ਅਨੁਮਾਨ ਲਾ ਸਕਦੇ ਹਾਂ ਕਿ ਅਦੋਨੀਯਾਹ ਨੇ ਸੋਚਿਆ ਹੋਣਾ ਕਿ ਪਾਤਸ਼ਾਹ ਬਣਨ ਦਾ ਹੱਕ ਉਸ ਦਾ ਸੀ ਕਿਉਂਕਿ ਉਸ ਸਮੇਂ ਤਕ ਅਦੋਨੀਯਾਹ ਦੇ ਵੱਡੇ ਭਰਾ ਅਮਨੋਨ ਤੇ ਅਬਸ਼ਾਲੋਮ ਮਰ ਚੁੱਕੇ ਸਨ ਅਤੇ ਲੱਗਦਾ ਹੈ ਕਿ ਕਿਲਆਬ ਦੀ ਵੀ ਮੋਤ ਹੋ ਚੁੱਕੀ ਸੀ। (2 ਸਮੂਏਲ 3:2-4; 13:28, 29; 18:14-17) ਅਦੋਨੀਯਾਹ ਨੂੰ ਇੰਨਾ ਯਕੀਨ ਕਿਉਂ ਸੀ ਕਿ ਉਹ ਪਾਤਸ਼ਾਹ ਬਣਨ ਵਿਚ ਕਾਮਯਾਬ ਹੋ ਜਾਵੇਗਾ? ਸ਼ਾਇਦ ਇਸ ਲਈ ਕਿਉਂਕਿ ਉਸ ਨੂੰ ਸੈਨਾਪਤੀ ਯੋਆਬ ਅਤੇ ਪ੍ਰਧਾਨ ਜਾਜਕ ਅਬਯਾਥਾਰ ਦਾ ਸਹਾਰਾ ਮਿਲ ਰਿਹਾ ਸੀ। ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਉਹ ਇਹ ਗੱਲ ਜਾਣਦਾ ਸੀ ਜਾਂ ਨਹੀਂ ਕਿ ਦਾਊਦ ਨੇ ਸੁਲੇਮਾਨ ਨੂੰ ਰਾਜ-ਗੱਦੀ ਤੇ ਬਿਠਾਉਣ ਦਾ ਫ਼ੈਸਲਾ ਕੀਤਾ ਹੋਇਆ ਸੀ। ਪਰ ਅਸੀਂ ਸਮਝ ਸਕਦੇ ਹਾਂ ਕਿ ਉਹ ਸੁਲੇਮਾਨ ਨੂੰ ਆਪਣਾ ਵਿਰੋਧੀ ਸਮਝਦਾ ਸੀ ਕਿਉਂਕਿ ਉਸ ਨੇ ਨਾ ਸੁਲੇਮਾਨ ਨੂੰ ਤੇ ਨਾ ਹੀ ਦਾਊਦ ਦੇ ਕਿਸੇ ਹੋਰ ਵਫ਼ਾਦਾਰ ਬੰਦੇ ਨੂੰ ਦਾਅਵਤ ਵਿਚ ਸੱਦਿਆ ਸੀ।—1 ਰਾਜਿਆਂ 1:9, 10.
1:49-53; 2:13-25—ਸੁਲੇਮਾਨ ਨੇ ਅਦੋਨੀਯਾਹ ਦੀ ਗ਼ਲਤੀ ਬਖ਼ਸ਼ਣ ਤੋਂ ਬਾਅਦ ਉਸ ਨੂੰ ਮਰਵਾਇਆ ਕਿਉਂ ਸੀ? ਕਿਉਂਕਿ ਸੁਲੇਮਾਨ ਨੇ ਅਦੋਨੀਯਾਹ ਦੀ ਮਾੜੀ ਨੀਅਤ ਪਛਾਣ ਲਈ ਸੀ। ਗੱਲ ਕੀ ਸੀ? ਅਦੋਨੀਯਾਹ ਨੇ ਬਥ-ਸ਼ਬਾ ਨੂੰ ਕਿਹਾ ਸੀ ਕਿ ਉਹ ਸੁਲੇਮਾਨ ਤੋਂ ਅਬੀਸ਼ਗ ਨੂੰ ਅਦੋਨੀਯਾਹ ਦੀ ਪਤਨੀ ਬਣਨ ਲਈ ਮੰਗੇ ਜੋ ਕਿ ਬਹੁਤ ਸੋਹਣੀ ਸੀ। ਬਥ-ਸ਼ਬਾ ਭਾਵੇਂ ਨਾ ਸਮਝੀ ਹੋਵੇ, ਪਰ ਸੁਲੇਮਾਨ ਅਦੋਨੀਯਾਹ ਦੇ ਦਿਲ ਦੀ ਗੱਲ ਸਮਝ ਗਿਆ ਸੀ। ਦਾਊਦ ਦੀ ਰਖੇਲ ਅਬੀਸ਼ਗ ਨੂੰ ਦਾਊਦ ਦੀ ਤੀਵੀਂ ਸਮਝਿਆ ਜਾਂਦਾ ਸੀ, ਭਾਵੇਂ ਦਾਊਦ ਨੇ ਕਦੇ ਉਸ ਨਾਲ ਸੰਗ ਨਹੀਂ ਕੀਤਾ ਸੀ। ਉਸ ਜ਼ਮਾਨੇ ਦੀ ਰੀਤ ਮੁਤਾਬਕ ਅਬੀਸ਼ਗ ਸਿਰਫ਼ ਦਾਊਦ ਦੀ ਥਾਂ ਰਾਜਾ ਬਣਨ ਵਾਲੇ ਦੀ ਹੀ ਹੋ ਸਕਦੀ ਸੀ। ਅਦੋਨੀਯਾਹ ਨੇ ਸੋਚਿਆ ਹੋਣਾ ਕਿ ਅਬੀਸ਼ਗ ਨੂੰ ਆਪਣੀ ਪਤਨੀ ਬਣਾ ਕੇ ਉਹ ਫਿਰ ਤੋਂ ਰਾਜਾ ਬਣਨ ਦੀ ਕੋਸ਼ਿਸ਼ ਕਰ ਸਕਦਾ ਸੀ।
6:37–8:2—ਭਵਨ ਦਾ ਉਦਘਾਟਨ ਕਦੋਂ ਹੋਇਆ ਸੀ? ਭਵਨ ਦੀ ਉਸਾਰੀ ਸੁਲੇਮਾਨ ਦੇ ਰਾਜ ਦੇ 11ਵੇਂ ਸਾਲ ਵਿਚ ਯਾਨੀ 1027 ਈ.ਪੂ. ਦੇ 8ਵੇਂ ਮਹੀਨੇ ਵਿਚ ਪੂਰੀ ਹੋਈ ਸੀ। ਲੱਗਦਾ ਹੈ ਕਿ ਭਵਨ ਅੰਦਰ ਸਾਰਾ ਸਾਜ਼-ਸਮਾਨ ਲਿਆਉਣ ਅਤੇ ਬਾਕੀ ਸਾਰੀਆਂ ਤਿਆਰੀਆਂ ਕਰਨ ਲਈ 11 ਹੋਰ ਮਹੀਨੇ ਲੱਗ ਗਏ ਸਨ। ਤਾਂ ਫਿਰ ਭਵਨ ਦਾ ਉਦਘਾਟਨ 1026 ਈ.ਪੂ. ਦੇ 7ਵੇਂ ਮਹੀਨੇ ਹੋਇਆ ਹੋਣਾ। ਬਿਰਤਾਂਤ ਵਿਚ ਭਵਨ ਦੀ ਉਸਾਰੀ ਦੇ ਖ਼ਤਮ ਹੋਣ ਤੋਂ ਬਾਅਦ ਭਵਨ ਦੇ ਉਦਘਾਟਨ ਦੀ ਇਕਦਮ ਗੱਲ ਨਹੀਂ ਕੀਤੀ ਗਈ। ਇਸ ਦੀ ਬਜਾਇ ਉਸਾਰੀ ਦੇ ਹੋਰਨਾਂ ਕੰਮਾਂ ਬਾਰੇ ਦੱਸਿਆ ਗਿਆ ਹੈ। ਇਹ ਸ਼ਾਇਦ ਇਸ ਲਈ ਕੀਤਾ ਗਿਆ ਤਾਂਕਿ ਉਸਾਰੀ ਦੇ ਸਾਰੇ ਕੰਮਾਂ ਦੀ ਪੂਰੀ-ਪੂਰੀ ਜਾਣਕਾਰੀ ਦਿੱਤੀ ਜਾ ਸਕੇ।—2 ਇਤਹਾਸ 5:1-3.
9:10-13—ਜਦ ਸੁਲੇਮਾਨ ਨੇ ਸੂਰ ਦੇ ਰਾਜਾ ਹੀਰਾਮ ਨੂੰ ਗਲੀਲ ਦੇਸ਼ ਵਿਚ 20 ਨਗਰ ਦਿੱਤੇ, ਤਾਂ ਕੀ ਇਹ ਮੂਸਾ ਦੀ ਬਿਵਸਥਾ ਦੇ ਮੁਤਾਬਕ ਸੀ? ਸ਼ਾਇਦ ਲੇਵੀਆਂ 25:23, 24 ਦਾ ਹੁਕਮ ਸਿਰਫ਼ ਉਨ੍ਹਾਂ ਇਲਾਕਿਆਂ ਤੇ ਲਾਗੂ ਹੁੰਦਾ ਸੀ ਜਿੱਥੇ ਇਸਰਾਏਲੀ ਰਹਿੰਦੇ ਸਨ। ਹੋ ਸਕਦਾ ਹੈ ਕਿ ਜਿਹੜੇ ਨਗਰ ਸੁਲੇਮਾਨ ਨੇ ਹੀਰਾਮ ਨੂੰ ਦਿੱਤੇ ਸਨ, ਉਹ ਵਾਅਦਾ ਕੀਤੇ ਹੋਏ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਤਾਂ ਸਨ ਪਰ ਉਨ੍ਹਾਂ ਵਿਚ ਪਰਾਈਆਂ ਕੌਮਾਂ ਦੇ ਲੋਕ ਰਹਿੰਦੇ ਸਨ। (ਕੂਚ 23:31) ਪਰ ਇਹ ਵੀ ਹੋ ਸਕਦਾ ਹੈ ਕਿ ਇਸ ਸਮੇਂ ਤਕ ਸੁਲੇਮਾਨ ਨੇ ਬਿਵਸਥਾ ਦੇ ਮੁਤਾਬਕ ਪੂਰੀ ਤਰ੍ਹਾਂ ਚੱਲਣਾ ਛੱਡ ਦਿੱਤਾ ਸੀ ਕਿਉਂਕਿ ਉਸ ਨੇ ‘ਆਪਣੇ ਲਈ ਬਹੁਤੇ ਘੋੜੇ ਵਧਾਏ’ ਅਤੇ ਬਹੁਤੀਆਂ ਤੀਵੀਆਂ ਰੱਖੀਆਂ ਸਨ। (ਬਿਵਸਥਾ ਸਾਰ 17:16, 17) ਪਰ ਗੱਲ ਜੋ ਵੀ ਸੀ ਹੀਰਾਮ ਇਸ ਦਾਨ ਤੋਂ ਖ਼ੁਸ਼ ਨਹੀਂ ਸੀ। ਕਿਉਂ ਨਹੀਂ? ਇਨ੍ਹਾਂ ਨਗਰਾਂ ਦੇ ਵਾਸੀਆਂ ਨੇ ਸ਼ਾਇਦ ਇਨ੍ਹਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਨਹੀਂ ਕੀਤੀ ਸੀ ਜਾਂ ਹੋ ਸਕਦਾ ਹੈ ਕਿ ਇਹ ਸਭ ਤੋਂ ਵਧੀਆ ਜਗ੍ਹਾ ਤੇ ਸਥਿਤ ਨਹੀਂ ਸਨ।
11:4—ਕੀ ਸੁਲੇਮਾਨ ਨੇ ਬਿਰਧ-ਅਵਸਥਾ ਦੀ ਨਿਰਬਲਤਾ ਦੇ ਕਾਰਨ ਯਹੋਵਾਹ ਨਾਲ ਬੇਵਫ਼ਾਈ ਕੀਤੀ ਸੀ? ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲੱਗਦੀ। ਸੁਲੇਮਾਨ ਦੀ ਉਮਰ ਬਹੁਤੀ ਨਹੀਂ ਸੀ ਜਦ ਉਹ ਰਾਜ ਕਰਨ ਲੱਗਾ ਸੀ। ਭਾਵੇਂ ਉਸ ਨੇ 40 ਸਾਲ ਰਾਜ ਕੀਤਾ ਸੀ, ਪਰ ਉਹ ਬਹੁਤਾ ਬੁੱਢਾ ਨਹੀਂ ਹੋਇਆ ਸੀ। ਇਸ ਤੋਂ ਇਲਾਵਾ ਉਸ ਨੇ ਯਹੋਵਾਹ ਨੂੰ ਪੂਰੀ ਤਰ੍ਹਾਂ ਨਹੀਂ ਭੁਲਾਇਆ ਸੀ। ਉਸ ਦੇ ਭਾਣੇ ਉਹ ਯਹੋਵਾਹ ਦੀ ਭਗਤੀ ਦੇ ਨਾਲ-ਨਾਲ ਦੇਵੀ-ਦੇਵਤਿਆਂ ਦੀ ਭਗਤੀ ਵੀ ਕਰ ਸਕਦਾ ਸੀ।
ਸਾਡੇ ਲਈ ਸਬਕ:
2:26, 27, 35. ਯਹੋਵਾਹ ਦਾ ਕਿਹਾ ਹਮੇਸ਼ਾ ਪੂਰਾ ਹੁੰਦਾ ਹੈ। ਏਲੀ ਦੇ ਵੰਸ਼ ਦੇ ਅਬਯਾਥਾਰ ਨੂੰ ਜਾਜਕ ਦੀ ਪਦਵੀ ਤੋਂ ਹਟਾਉਣ ਨਾਲ ‘ਯਹੋਵਾਹ ਦਾ ਉਹ ਬਚਨ ਪੂਰਾ ਹੋਇਆ ਜਿਹੜਾ ਉਸ ਨੇ ਏਲੀ ਦੇ ਘਰਾਣੇ ਬਾਰੇ ਬੋਲਿਆ ਸੀ।’ ਅਬਯਾਥਾਰ ਦੀ ਥਾਂ ਫ਼ੀਨਹਾਸ ਦੇ ਵੰਸ਼ ਵਿੱਚੋਂ ਸਾਦੋਕ ਨੂੰ ਨਿਯੁਕਤ ਕਰ ਕੇ ਗਿਣਤੀ 25:10-13 ਵਿਚ ਦੱਸੀ ਗਈ ਗੱਲ ਪੂਰੀ ਹੋਈ।—ਕੂਚ 6:25; 1 ਸਮੂਏਲ 2:31; 3:12; 1 ਇਤਹਾਸ 24:3.
2:37, 41-46. ਇਹ ਸੋਚਣਾ ਕਿੰਨਾ ਖ਼ਤਰਨਾਕ ਹੈ ਕਿ ਸਾਨੂੰ ਅਣਆਗਿਆਕਾਰ ਹੋਣ ਤੇ ਸਜ਼ਾ ਨਹੀਂ ਮਿਲੇਗੀ! ਉਨ੍ਹਾਂ ਲੋਕਾਂ ਨੂੰ ਆਪਣੀ ਕੀਤੀ ਦਾ ਫਲ ਮਿਲੇਗਾ ਜੋ ਜਾਣ-ਬੁੱਝ ਕੇ ਉਸ ‘ਸੌੜੇ ਰਾਹ’ ਤੋਂ ਭਟਕਦੇ ਹਨ “ਜਿਹੜਾ ਜੀਉਣ ਨੂੰ ਜਾਂਦਾ ਹੈ।”—ਮੱਤੀ 7:14.
3:9, 12-14. ਯਹੋਵਾਹ ਆਪਣੇ ਸੇਵਕਾਂ ਨੂੰ ਬੁੱਧ ਅਤੇ ਸਮਝ ਬਖ਼ਸ਼ਦਾ ਹੈ ਤਾਂਕਿ ਉਹ ਉਸ ਦੀ ਮਰਜ਼ੀ ਮੁਤਾਬਕ ਉਸ ਦੀ ਭਗਤੀ ਕਰਦੇ ਰਹਿਣ।—ਯਾਕੂਬ 1:5.
8:22-53. ਸੁਲੇਮਾਨ ਨੇ ਦਇਆਵਾਨ, ਵਾਅਦੇ ਨਿਭਾਉਣ ਵਾਲੇ ਅਤੇ ਪ੍ਰਾਰਥਨਾ ਦੇ ਸੁਣਨ ਵਾਲੇ ਪਰਮੇਸ਼ੁਰ ਯਹੋਵਾਹ ਦੇ ਕਿੰਨੀ ਸੋਹਣੀ ਤਰ੍ਹਾਂ ਗੁਣ ਗਾਏ ਸਨ! ਭਵਨ ਦੇ ਉਦਘਾਟਨ ਸਮੇਂ ਸੁਲੇਮਾਨ ਦੀ ਪ੍ਰਾਰਥਨਾ ਬਾਰੇ ਧਿਆਨ ਨਾਲ ਸੋਚ ਕੇ ਅਸੀਂ ਵੀ ਯਹੋਵਾਹ ਦੇ ਸਦਗੁਣਾਂ ਲਈ ਆਪਣੀ ਕਦਰ ਵਧਾ ਸਕਾਂਗੇ।
11:9-14, 23, 26. ਆਪਣੇ ਆਖ਼ਰੀ ਸਾਲਾਂ ਵਿਚ ਸੁਲੇਮਾਨ ਯਹੋਵਾਹ ਦਾ ਵਫ਼ਾਦਾਰ ਨਹੀਂ ਰਿਹਾ, ਇਸ ਲਈ ਯਹੋਵਾਹ ਨੇ ਉਸ ਦਾ ਵਿਰੋਧ ਕਰਨ ਵਾਲਿਆਂ ਤੋਂ ਉਸ ਦੀ ਰੱਖਿਆ ਨਹੀਂ ਕੀਤੀ। ਪਤਰਸ ਰਸੂਲ ਨੇ ਕਿਹਾ: “ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।”—1 ਪਤਰਸ 5:5.
11:30-40. ਸੁਲੇਮਾਨ ਬਾਦਸ਼ਾਹ ਨੇ ਯਾਰਾਬੁਆਮ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅਹੀਯਾਹ ਨਬੀ ਨੇ ਯਾਰਾਬੁਆਮ ਬਾਰੇ ਭਵਿੱਖਬਾਣੀ ਕੀਤੀ ਸੀ। ਪਰ 40 ਸਾਲ ਪਹਿਲਾਂ ਇਸੇ ਬਾਦਸ਼ਾਹ ਵਿਚ ਅਦੋਨੀਯਾਹ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਬਦਲਾ ਲੈਣ ਦੀ ਭਾਵਨਾ ਨਹੀਂ ਜਾਗੀ ਸੀ। (1 ਰਾਜਿਆਂ 1:50-53) ਇਸ ਤਬਦੀਲੀ ਦਾ ਕਾਰਨ ਕੀ ਸੀ? ਉਹ ਯਹੋਵਾਹ ਤੋਂ ਦੂਰ ਹੋ ਚੁੱਕਾ ਸੀ।
ਰਾਜ ਵਿਚ ਫੁੱਟ
ਯਾਰਾਬੁਆਮ ਨੇ ਲੋਕਾਂ ਨਾਲ ਮਿਲ ਕੇ ਰਹਬੁਆਮ ਨੂੰ ਕਿਹਾ ਕਿ ਉਹ ਉਸ ਦੇ ਪਿਤਾ ਸੁਲੇਮਾਨ ਦੁਆਰਾ ਉਨ੍ਹਾਂ ਤੇ ਪਾਇਆ ਹੋਇਆ ਬੋਝ ਹਲਕਾ ਕਰੇ। ਉਨ੍ਹਾਂ ਦੀ ਗੱਲ ਸੁਣਨ ਦੀ ਬਜਾਇ ਰਹਬੁਆਮ ਨੇ ਉਨ੍ਹਾਂ ਦਾ ਬੋਝ ਹੋਰ ਵੀ ਭਾਰਾ ਕਰਨ ਦੀ ਧਮਕੀ ਦਿੱਤੀ। ਨਤੀਜੇ ਵਜੋਂ ਦਸਾਂ ਗੋਤਾਂ ਨੇ ਯਾਰਾਬੁਆਮ ਨੂੰ ਆਪਣਾ ਬਾਦਸ਼ਾਹ ਬਣਾ ਲਿਆ। ਇਸ ਤਰ੍ਹਾਂ ਰਾਜ ਵਿਚ ਫੁੱਟ ਪੈ ਗਈ। ਰਹਬੁਆਮ ਦੇ ਦੱਖਣੀ ਰਾਜ ਵਿਚ ਯਹੂਦਾਹ ਅਤੇ ਬਿਨਯਾਮੀਨ ਦੇ ਗੋਤ ਰਹਿ ਗਏ ਸਨ ਅਤੇ ਯਾਰਾਬੁਆਮ ਉੱਤਰੀ ਇਸਰਾਏਲ ਦੇ ਦਸ ਗੋਤਾਂ ਤੇ ਰਾਜ ਕਰਨ ਲੱਗ ਪਿਆ ਸੀ।
ਲੋਕਾਂ ਨੂੰ ਯਰੂਸ਼ਲਮ ਜਾ ਕੇ ਭਗਤੀ ਕਰਨ ਤੋਂ ਰੋਕਣ ਲਈ ਯਾਰਾਬੁਆਮ ਨੇ ਸੋਨੇ ਦੇ ਦੋ ਵੱਛੇ ਬਣਾ ਕੇ ਇਕ ਦਾਨ ਸ਼ਹਿਰ ਵਿਚ ਤੇ ਦੂਜਾ ਬੈਤਏਲ ਸ਼ਹਿਰ ਵਿਚ ਰੱਖ ਦਿੱਤਾ। ਯਾਰਾਬੁਆਮ ਤੋਂ ਬਾਅਦ ਨਾਦਾਬ, ਬਆਸ਼ਾ, ਏਲਾਹ, ਜ਼ਿਮਰੀ, ਤਿਬਨੀ, ਆਮਰੀ, ਅਹਾਬ ਅਤੇ ਅਹਜ਼ਯਾਹ ਨੇ ਉੱਤਰੀ ਇਸਰਾਏਲ ਤੇ ਰਾਜ ਕੀਤਾ। ਰਹਬੁਆਮ ਤੋਂ ਬਾਅਦ ਅਬੀਯਾਮ, ਆਸਾ, ਯਹੋਸ਼ਾਫ਼ਾਟ ਅਤੇ ਯਹੋਰਾਮ ਨੇ ਯਹੂਦਾਹ ਦੇ ਦੱਖਣੀ ਰਾਜ ਤੇ ਰਾਜ ਕੀਤਾ। ਇਨ੍ਹਾਂ ਬਾਦਸ਼ਾਹਾਂ ਦੇ ਰਾਜ ਦੌਰਾਨ ਅਹੀਯਾਹ, ਸ਼ਮਾਯਾਹ, ਪਰਮੇਸ਼ੁਰ ਦਾ ਇਕ ਗੁਮਨਾਮ ਬੰਦਾ, ਯੇਹੂ, ਏਲੀਯਾਹ ਅਤੇ ਮੀਕਾਯਾਹ ਨਬੀ ਰਹੇ ਸਨ।
ਕੁਝ ਸਵਾਲਾਂ ਦੇ ਜਵਾਬ:
18:21—ਜਦ ਏਲੀਯਾਹ ਨੇ ਲੋਕਾਂ ਨੂੰ ਯਹੋਵਾਹ ਮਗਰ ਲੱਗਣ ਜਾਂ ਬਆਲ ਮਗਰ ਲੱਗਣ ਲਈ ਕਿਹਾ ਸੀ, ਤਾਂ ਉਹ ਖ਼ਾਮੋਸ਼ ਕਿਉਂ ਰਹੇ ਸਨ? ਹੋ ਸਕਦਾ ਹੈ ਕਿ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਕੋਸ ਰਹੀ ਸੀ ਕਿ ਉਹ ਯਹੋਵਾਹ ਨੂੰ ਛੱਡ ਕੇ ਕਿਸੇ ਹੋਰ ਨੂੰ ਪੂਜ ਰਹੇ ਸਨ। ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਯਹੋਵਾਹ ਦੀ ਭਗਤੀ ਕਰਨ ਦੇ ਨਾਲ-ਨਾਲ ਬਆਲ ਦੇਵਤੇ ਦੀ ਪੂਜਾ ਕਰਨ ਵਿਚ ਕੁਝ ਗ਼ਲਤ ਨਹੀਂ ਲੱਗਦਾ ਸੀ। ਉਨ੍ਹਾਂ ਨੇ ਯਹੋਵਾਹ ਦੀ ਸ਼ਕਤੀ ਦਾ ਸਬੂਤ ਦੇਖਣ ਤੋਂ ਬਾਅਦ ਹੀ ਇਹ ਕਿਹਾ ਸੀ: “ਯਹੋਵਾਹ ਉਹੋ ਪਰਮੇਸ਼ੁਰ ਹੈ! ਯਹੋਵਾਹ ਉਹੋ ਪਰਮੇਸ਼ੁਰ ਹੈ!”—1 ਰਾਜਿਆਂ 18:39.
20:34—ਯਹੋਵਾਹ ਦੀ ਮਦਦ ਨਾਲ ਅਰਾਮੀਆਂ ਉੱਤੇ ਫਤਿਹ ਪਾਉਣ ਤੋਂ ਬਾਅਦ ਅਹਾਬ ਨੇ ਉਨ੍ਹਾਂ ਦੇ ਰਾਜੇ ਬਨ-ਹਦਦ ਨੂੰ ਛੱਡ ਕਿਉਂ ਦਿੱਤਾ ਸੀ? ਤਾਂਕਿ ਅਹਾਬ ਅਰਾਮ ਦੀ ਰਾਜਧਾਨੀ ਦੰਮਿਸਕ ਵਿਚ ਵਪਾਰ ਦਾ ਧੰਦਾ ਸ਼ੁਰੂ ਕਰ ਸਕੇ। ਬਨ-ਹਦਦ ਦੇ ਪਿਤਾ ਨੇ ਸਾਮਰਿਯਾ ਵਿਚ ਬਾਜ਼ਾਰ ਬਣਾਏ ਸਨ ਤੇ ਹੁਣ ਅਹਾਬ ਨੇ ਬਨ-ਹਦਦ ਨਾਲ ਸਮਝੌਤਾ ਕਰ ਲਿਆ ਕਿ ਅਹਾਬ ਦੰਮਿਸਕ ਵਿਚ ਬਾਜ਼ਾਰ ਬਣਾ ਸਕੇਗਾ।
ਸਾਡੇ ਲਈ ਸਬਕ:
12:13, 14. ਜ਼ਿੰਦਗੀ ਦੇ ਵੱਡੇ ਫ਼ੈਸਲੇ ਕਰਨ ਵੇਲੇ ਸਾਨੂੰ ਉਨ੍ਹਾਂ ਸਿਆਣੇ ਤੇ ਅਕਲਮੰਦ ਇਨਸਾਨਾਂ ਦੀ ਸਲਾਹ ਲੈਣੀ ਚਾਹੀਦੀ ਹੈ ਜੋ ਬਾਈਬਲ ਦੇ ਸਿਧਾਂਤਾਂ ਨੂੰ ਜਾਣਦੇ ਹਨ ਤੇ ਉਨ੍ਹਾਂ ਤੇ ਅਮਲ ਕਰਦੇ ਹਨ।
13:11-24. ਭਾਵੇਂ ਕੋਈ ਭੈਣ-ਭਾਈ ਚੰਗੇ ਇਰਾਦੇ ਨਾਲ ਸਾਨੂੰ ਕੋਈ ਸਲਾਹ ਦਿੰਦਾ ਹੈ, ਪਰ ਜੇ ਉਸ ਦੀ ਸਲਾਹ ਪਰਮੇਸ਼ੁਰ ਦੇ ਕਹੇ ਤੋਂ ਉਲਟ ਹੈ, ਤਾਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।—1 ਯੂਹੰਨਾ 4:1.
14:13. ਯਹੋਵਾਹ ਧਿਆਨ ਨਾਲ ਸਾਡੀ ਜਾਂਚ-ਪੜਤਾਲ ਕਰ ਕੇ ਸਾਡੇ ਵਿਚ ਕੋਈ ਚੰਗੀ ਗੱਲ ਲੱਭਦਾ ਹੈ। ਭਾਵੇਂ ਇਹ ਗੱਲ ਛੋਟੀ ਜਿਹੀ ਕਿਉਂ ਨਾ ਹੋਵੇ, ਫਿਰ ਵੀ ਉਹ ਇਸ ਵਿਚ ਵਾਧਾ ਕਰ ਸਕਦਾ ਹੈ ਤਾਂਕਿ ਅਸੀਂ ਤਨ-ਮਨ ਲਾ ਕੇ ਉਸ ਦੀ ਸੇਵਾ ਕਰ ਸਕੀਏ।
15:10-13. ਹਿੰਮਤ ਨਾਲ ਸਾਨੂੰ ਯਹੋਵਾਹ ਬਾਰੇ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਯਹੋਵਾਹ ਨੂੰ ਤਿਆਗ ਦਿੰਦੇ ਹਨ।
17:10-16. ਯਹੋਵਾਹ ਨੇ ਸਾਰਫਥ ਵਿਚ ਰਹਿੰਦੀ ਵਿਧਵਾ ਨੂੰ ਬਰਕਤਾਂ ਦਿੱਤੀਆਂ ਕਿਉਂਕਿ ਉਸ ਨੇ ਏਲੀਯਾਹ ਦੀ ਪਰਾਹੁਣਚਾਰੀ ਕੀਤੀ ਸੀ। ਉਹ ਜਾਣ ਗਈ ਸੀ ਕਿ ਉਹ ਯਹੋਵਾਹ ਦਾ ਨਬੀ ਸੀ। ਅੱਜ ਵੀ ਯਹੋਵਾਹ ਆਪਣੇ ਸੇਵਕਾਂ ਨੂੰ ਬਰਕਤਾਂ ਦਿੰਦਾ ਹੈ ਜਦ ਉਹ ਦੇਖਦਾ ਹੈ ਕਿ ਉਹ ਉਸ ਦੀ ਸੇਵਾ ਵਿਚ ਕੀ-ਕੀ ਕਰਦੇ ਹਨ।—ਮੱਤੀ 6:33; 10:41, 42; ਇਬਰਾਨੀਆਂ 6:10.
19:1-8. ਅਸੀਂ ਯਹੋਵਾਹ ਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਡਾਢੀ ਵਿਰੋਧਤਾ ਦਾ ਸਾਮ੍ਹਣਾ ਕਰਦੇ ਸਮੇਂ ਉਹ ਸਾਡੀ ਮਦਦ ਕਰੇਗਾ।—2 ਕੁਰਿੰਥੀਆਂ 4:7-9.
19:10, 14, 18. ਯਹੋਵਾਹ ਦੇ ਭਗਤ ਕਦੇ ਇਕੱਲੇ ਨਹੀਂ ਹੁੰਦੇ। ਯਹੋਵਾਹ ਅਤੇ ਉਨ੍ਹਾਂ ਦੇ ਭੈਣ-ਭਾਈ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੇ ਹਨ।
19:11-13. ਯਹੋਵਾਹ ਨੂੰ ਕੁਦਰਤੀ ਸ਼ਕਤੀਆਂ ਦਾ ਦੇਵਤਾ ਨਹੀਂ ਸਮਝਿਆ ਜਾਣਾ ਚਾਹੀਦਾ।
20:11. ਜਦ ਬਨ-ਹਦਦ ਨੇ ਸਾਮਰਿਯਾ ਨੂੰ ਤਬਾਹ ਕਰਨ ਬਾਰੇ ਸ਼ੇਖ਼ੀ ਮਾਰੀ, ਤਾਂ ਇਸਰਾਏਲ ਦੇ ਬਾਦਸ਼ਾਹ ਨੇ ਕਿਹਾ ਕਿ ਜੰਗ ਦੀ ਤਿਆਰੀ ਲਈ “ਸ਼ਸਤਰ ਬੰਨ੍ਹਣ ਵਾਲਾ [ਜੰਗ ਤੋਂ ਵਾਪਸ ਆ ਕੇ] ਸ਼ਸਤਰ ਲਾਹੁਣ ਵਾਲੇ ਜਿੰਨਾ ਹੰਕਾਰ ਨਾ ਕਰੇ।” ਜਦ ਸਾਨੂੰ ਕੋਈ ਨਵਾਂ ਕੰਮ ਕਰਨਾ ਪੈਂਦਾ, ਤਾਂ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਹੰਕਾਰ ਨਾਲ ਆਪਣੇ ਆਪ ਤੇ ਜ਼ਿਆਦਾ ਭਰੋਸਾ ਨਾ ਰੱਖਣ ਲੱਗ ਪਈਏ।—ਕਹਾਉਤਾਂ 27:1; ਯਾਕੂਬ 4:13-16.
ਸਾਡੇ ਲਈ ਫ਼ਾਇਦੇਮੰਦ ਪੋਥੀ
ਉਸ ਸਮੇਂ ਦੀ ਗੱਲ ਕਰਦੇ ਹੋਏ ਜਦ ਸੀਨਈ ਪਹਾੜ ਤੇ ਬਿਵਸਥਾ ਦਿੱਤੀ ਗਈ ਸੀ, ਮੂਸਾ ਨੇ ਇਸਰਾਏਲੀਆਂ ਨੂੰ ਕਿਹਾ: “ਵੇਖੋ, ਮੈਂ ਅੱਜ ਤੁਹਾਡੇ ਅੱਗੇ ਬਰਕਤ ਅਤੇ ਸਰਾਪ ਰੱਖਦਾ ਹਾਂ। ਬਰਕਤ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਸਰਾਪ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਸੁਣੋ ਪਰ ਉਸ ਮਾਰਗ ਤੋਂ ਕੁਰਾਹੇ ਪੈ ਜਾਓ ਜਿਹ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ।”—ਬਿਵਸਥਾ ਸਾਰ 11:26-28.
ਰਾਜਿਆਂ ਦੀ ਪਹਿਲੀ ਪੋਥੀ ਤੋਂ ਇਹ ਸੱਚਾਈ ਕਿੰਨੀ ਸਪੱਸ਼ਟ ਹੈ! ਇਸ ਪੋਥੀ ਤੋਂ ਸਾਨੂੰ ਅਹਿਮ ਸਬਕ ਸਿੱਖਣ ਨੂੰ ਮਿਲਦੇ ਹਨ। ਇਸ ਦਾ ਸੰਦੇਸ਼ ਸੱਚ-ਮੁੱਚ ਜੀਉਂਦਾ ਅਤੇ ਗੁਣਕਾਰ ਹੈ।—ਇਬਰਾਨੀਆਂ 4:12.
[ਸਫ਼ੇ 29 ਉੱਤੇ ਤਸਵੀਰ]
ਸੁਲੇਮਾਨ ਨੇ ਭਵਨ ਅਤੇ ਕਈ ਹੋਰ ਇਮਾਰਤਾਂ ਉਸਾਰੀਆਂ ਸਨ
[ਸਫ਼ੇ 30, 31 ਉੱਤੇ ਤਸਵੀਰ]
ਯਹੋਵਾਹ ਦੀ ਸ਼ਕਤੀ ਦਾ ਸਬੂਤ ਦੇਖਣ ਤੋਂ ਬਾਅਦ ਲੋਕ ਕਹਿਣ ਲੱਗੇ: “ਯਹੋਵਾਹ ਉਹੋ ਪਰਮੇਸ਼ੁਰ ਹੈ!”