ਪਾਠਕਾਂ ਵੱਲੋਂ ਸਵਾਲ
ਕੀ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਪ੍ਰਾਚੀਨ ਇਸਰਾਏਲ ਦੇ ਰਾਜੇ ਸੁਲੇਮਾਨ ਨੂੰ ਮੁੜ ਜ਼ਿੰਦਾ ਨਹੀਂ ਕੀਤਾ ਜਾਵੇਗਾ ਕਿਉਂਕਿ ਉਸ ਨੇ ਆਪਣੇ ਬੁਢਾਪੇ ਵਿਚ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ ਸੀ?—1 ਰਾਜਿਆਂ 11:3-9.
ਬਾਈਬਲ ਵਿਚ ਕਈ ਵਫ਼ਾਦਾਰ ਆਦਮੀਆਂ ਤੇ ਔਰਤਾਂ ਦੇ ਨਾਂ ਦੱਸੇ ਗਏ ਹਨ ਜਿਨ੍ਹਾਂ ਨੂੰ ਯਕੀਨਨ ਮੁੜ ਜ਼ਿੰਦਾ ਕੀਤਾ ਜਾਵੇਗਾ। ਪਰ ਬਾਈਬਲ ਵਿਚ ਜ਼ਿਕਰ ਕੀਤੇ ਹਰ ਵਿਅਕਤੀ ਬਾਰੇ ਇਹ ਨਹੀਂ ਦੱਸਿਆ ਗਿਆ ਕਿ ਉਹ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ ਜਾਂ ਨਹੀਂ। (ਇਬਰਾਨੀਆਂ 11:1-40) ਸੁਲੇਮਾਨ ਬਾਰੇ ਕੀ? ਇੱਥੇ ਸਾਨੂੰ ਦੇਖਣਾ ਪਵੇਗਾ ਕਿ ਸੁਲੇਮਾਨ ਦੀ ਮੌਤ ਕਿਸ ਤਰ੍ਹਾਂ ਹੋਈ। ਫਿਰ ਅਸੀਂ ਇਸ ਦੀ ਤੁਲਨਾ ਪਰਮੇਸ਼ੁਰ ਦੇ ਕੁਝ ਵਫ਼ਾਦਾਰ ਸੇਵਕਾਂ ਦੀ ਮੌਤ ਨਾਲ ਕਰ ਸਕਦੇ ਹਾਂ। ਇਸ ਤੋਂ ਅਸੀਂ ਥੋੜ੍ਹਾ-ਬਹੁਤਾ ਅੰਦਾਜ਼ਾ ਲਾ ਸਕਾਂਗੇ ਕਿ ਪਰਮੇਸ਼ੁਰ ਨੇ ਸੁਲੇਮਾਨ ਬਾਰੇ ਸ਼ਾਇਦ ਕੀ ਫ਼ੈਸਲਾ ਕੀਤਾ ਹੈ।
ਬਾਈਬਲ ਦੇ ਮੁਤਾਬਕ ਮੌਤ ਤੋਂ ਬਾਅਦ ਕੁਝ ਲੋਕ ਹਮੇਸ਼ਾ ਲਈ ਮੌਤ ਦੀ ਬੁੱਕਲ ਵਿਚ ਰਹਿਣਗੇ ਅਤੇ ਕੁਝ ਮੁੜ ਜ਼ਿੰਦਾ ਕੀਤੇ ਜਾਣਗੇ। ਜਿਨ੍ਹਾਂ ਨੂੰ ਜ਼ਿੰਦਾ ਨਹੀਂ ਕੀਤਾ ਜਾਵੇਗਾ ਬਾਈਬਲ ਵਿਚ ਉਨ੍ਹਾਂ ਬਾਰੇ ਇਹ ਕਿਹਾ ਗਿਆ ਕਿ ਉਹ “ਅੱਗ ਦੀ ਝੀਲ” ਵਿਚ ਸੁੱਟੇ ਜਾਣਗੇ ਯਾਨੀ ਕਿ ਉਨ੍ਹਾਂ ਦਾ ਬਿਲਕੁਲ ਨਾਸ਼ ਕੀਤਾ ਜਾਵੇਗਾ। (ਪਰਕਾਸ਼ ਦੀ ਪੋਥੀ 20:14) ਇਨ੍ਹਾਂ ਵਿੱਚੋਂ ਹੋਣਗੇ ਪਹਿਲਾ ਮਨੁੱਖੀ ਜੋੜਾ ਆਦਮ ਤੇ ਹੱਵਾਹ, ਵਿਸ਼ਵਾਸਘਾਤੀ ਯਹੂਦਾ ਇਸਕਰਿਯੋਤੀ ਅਤੇ ਕਈ ਹੋਰ ਜਿਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਸਜ਼ਾ ਦਿੱਤੀ ਗਈ ਸੀ। ਮਿਸਾਲ ਲਈ ਯਹੋਵਾਹ ਨੇ ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਅਤੇ ਸਦੂਮ ਤੇ ਅਮੂਰਾਹ ਦੇ ਸ਼ਹਿਰਾਂ ਦੀ ਤਬਾਹੀ ਲਿਆ ਕੇ ਲੋਕਾਂ ਨੂੰ ਸਜ਼ਾ ਦਿੱਤੀ ਸੀ।a ਪਰ ਬਾਈਬਲ ਕਹਿੰਦੀ ਹੈ ਕਿ ਜਿਨ੍ਹਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਣਾ ਹੈ ਉਹ ਸਾਰੇ ਕਬਰਾਂ ਵਿਚ ਹਨ। ਬਾਈਬਲ ਇਨ੍ਹਾਂ ਲੋਕਾਂ ਬਾਰੇ ਅੱਗੇ ਦੱਸਦੀ ਹੈ: “ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ ਅਤੇ ਪਤਾਲ ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਉਂ ਉਹ ਦੀਆਂ ਦੇ ਕਰਨੀਆਂ ਅਨੁਸਾਰ ਕੀਤਾ ਗਿਆ।”—ਪਰਕਾਸ਼ ਦੀ ਪੋਥੀ 20:13.
ਇਸ ਲਈ ਜਿਨ੍ਹਾਂ ਵਫ਼ਾਦਾਰ ਸੇਵਕਾਂ ਦਾ ਜ਼ਿਕਰ ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਕੀਤਾ ਗਿਆ ਹੈ, ਉਹ ਜੀ ਉੱਠਣ ਦੇ ਇੰਤਜ਼ਾਰ ਵਿਚ ਕਬਰਾਂ ਵਿਚ ਸੁੱਤੇ ਪਏ ਹਨ ਅਤੇ ਯਹੋਵਾਹ ਆਪਣੇ ਸਮੇਂ ਤੇ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕਰੇਗਾ। ਮਿਸਾਲ ਲਈ, ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕ ਅਬਰਾਹਾਮ, ਮੂਸਾ ਤੇ ਦਾਊਦ ਨੂੰ ਜੀ ਉਠਾ ਕੇ ਦੁਬਾਰਾ ਜ਼ਿੰਦਗੀ ਬਖ਼ਸ਼ੇਗਾ। ਪਰ ਧਿਆਨ ਦਿਓ ਕਿ ਇਨ੍ਹਾਂ ਸੇਵਕਾਂ ਦੀ ਮੌਤ ਬਾਰੇ ਬਾਈਬਲ ਕੀ ਕਹਿੰਦੀ ਹੈ। ਯਹੋਵਾਹ ਨੇ ਅਬਰਾਹਾਮ ਨੂੰ ਕਿਹਾ: “ਤੂੰ ਆਪਣੇ ਪਿਉ ਦਾਦਿਆਂ ਕੋਲ ਸ਼ਾਂਤੀ ਨਾਲ ਜਾਵੇਂਗਾ, ਤੂੰ ਚੰਗੇ ਬਿਰਧਪੁਣੇ ਵਿੱਚ ਦਫ਼ਨਾਇਆ ਜਾਵੇਂਗਾ।” (ਉਤਪਤ 15:15, 16) ਯਹੋਵਾਹ ਨੇ ਮੂਸਾ ਨੂੰ ਕਿਹਾ: “ਵੇਖ, ਤੂੰ ਆਪਣੇ ਪਿਉ ਦਾਦਿਆਂ ਨਾਲ ਸੌਂ ਜਾਣ ਵਾਲਾ ਹੈਂ।” (ਬਿਵਸਥਾ ਸਾਰ 31:16) ਸੁਲੇਮਾਨ ਦੇ ਪਿਤਾ ਦਾਊਦ ਬਾਰੇ ਬਾਈਬਲ ਕਹਿੰਦੀ ਹੈ: “ਤਾਂ ਦਾਊਦ ਆਪਣੇ ਪਿਉ ਦਾਦਿਆਂ ਨਾਲ ਸੌਂ ਗਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ।” (1 ਰਾਜਿਆਂ 2:10) ਤਾਂ ਫਿਰ ਜੇ ਕੋਈ “ਆਪਣੇ ਪਿਉ ਦਾਦਿਆਂ ਨਾਲ ਸੌਂ ਗਿਆ” ਹੋਵੇ ਇਸ ਦਾ ਮਤਲਬ ਹੈ ਕਿ ਉਸ ਕੋਲ ਮੌਤ ਦੀ ਨੀਂਦ ਤੋਂ ਜਗਾਏ ਜਾਣ ਦੀ ਉਮੀਦ ਹੈ।
ਬਾਈਬਲ ਦੱਸਦੀ ਹੈ ਕਿ ਸੁਲੇਮਾਨ ਦੀ ਮੌਤ ਤੋਂ ਬਾਅਦ ਕੀ ਹੋਇਆ ਸੀ: “ਉਹ ਚਿਰ ਜਦ ਸੁਲੇਮਾਨ ਸਾਰੇ ਇਸਰਾਏਲ ਉੱਤੇ ਰਾਜ ਕਰਦਾ ਸੀ ਸੋ ਚਾਲੀ ਵਰਹੇ ਸਨ। ਤਾਂ ਸੁਲੇਮਾਨ ਆਪਣੇ ਪਿਉ ਦਾਦਿਆਂ ਨਾਲ ਸੌਂ ਗਿਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ।” (1 ਰਾਜਿਆਂ 11:42, 43) ਇਸ ਤੋਂ ਅਸੀਂ ਸ਼ਾਇਦ ਇਹ ਸਿੱਟਾ ਕੱਢ ਸਕਦੇ ਹਾਂ ਕਿ ਸੁਲੇਮਾਨ ਵੀ ਮੌਤ ਦੀ ਨੀਂਦ ਤੋਂ ਜਗਾਇਆ ਜਾਵੇਗਾ।
ਇਸ ਸਮਝ ਦੇ ਅਨੁਸਾਰ ਜਿਨ੍ਹਾਂ ਵਿਅਕਤੀਆਂ ਬਾਰੇ ਬਾਈਬਲ ਵਿਚ ਲਿਖਿਆ ਹੈ ਕਿ ਮਰਨ ਤੇ ਉਹ ‘ਆਪਣੇ ਪਿਉ ਦਾਦਿਆਂ ਨਾਲ ਸੌਂ ਗਏ’ ਸਨ, ਉਨ੍ਹਾਂ ਅੱਗੇ ਮੁੜ ਜੀ ਉੱਠਣ ਦੀ ਸੰਭਾਵਨਾ ਹੈ। ਦਰਅਸਲ ਸੁਲੇਮਾਨ ਦੇ ਰਾਜ ਤੋਂ ਬਾਅਦ ਦੇ ਆਉਣ ਵਾਲੇ ਕਈ ਰਾਜੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਰਹੇ, ਪਰ ਬਾਈਬਲ ਵਿਚ ਉਨ੍ਹਾਂ ਦੀ ਮੌਤ ਬਾਰੇ ਉਹੀ ਲਿਖਿਆ ਹੈ ਜੋ ਸੁਲੇਮਾਨ ਬਾਰੇ ਲਿਖਿਆ ਹੈ। ਉਨ੍ਹਾਂ ਦਾ ਜੀ ਉੱਠਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਹਾਂ, ਇਹ ਸੱਚ ਹੈ ਕਿ ਜਦ “ਓਹ ਸਭ ਜਿਹੜੇ ਕਬਰਾਂ ਵਿੱਚ ਹਨ” ਨਿਕਲ ਆਉਣਗੇ, ਤਦ ਹੀ ਅਸੀਂ ਯਕੀਨ ਨਾਲ ਕਹਿ ਸਕਾਂਗੇ ਕਿ ਕਿਸ-ਕਿਸ ਨੂੰ ਮੁੜ ਜ਼ਿੰਦਗੀ ਬਖ਼ਸ਼ੀ ਗਈ ਹੈ। (ਯੂਹੰਨਾ 5:28, 29) ਤਾਂ ਫਿਰ ਪੁਰਾਣੇ ਸਮੇਂ ਦੇ ਕਿਸੇ ਖ਼ਾਸ ਵਿਅਕਤੀ ਦੇ ਜੀ ਉੱਠਣ ਬਾਰੇ ਆਪਣੇ ਹੀ ਵਿਚਾਰ ਤੇ ਅੜੇ ਰਹਿਣ ਦੀ ਬਜਾਇ, ਆਓ ਅਸੀਂ ਪੂਰੇ ਭਰੋਸੇ ਨਾਲ ਯਹੋਵਾਹ ਤੇ ਗੱਲ ਛੱਡ ਦੇਈਏ ਜੋ ਸਹੀ ਫ਼ੈਸਲੇ ਕਰਨ ਦੇ ਕਾਬਲ ਹੈ।
[ਫੁਟਨੋਟ]