ਨਿਹਚਾ ਰੱਖੋ ਸਮਝਦਾਰੀ ਨਾਲ ਫ਼ੈਸਲੇ ਕਰੋ
‘ਪੂਰੇ ਭਰੋਸੇ ਨਾਲ ਮੰਗਦੇ ਰਹੋ ਅਤੇ ਬਿਲਕੁਲ ਸ਼ੱਕ ਨਾ ਕਰੋ।’—ਯਾਕੂ. 1:6.
1. ਕਾਇਨ ਨੇ ਗ਼ਲਤ ਫ਼ੈਸਲਾ ਕਿਉਂ ਕੀਤਾ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
ਕਾਇਨ ਨੇ ਇਕ ਬਹੁਤ ਹੀ ਜ਼ਰੂਰੀ ਫ਼ੈਸਲਾ ਕਰਨਾ ਸੀ। ਉਹ ਜਾਂ ਤਾਂ ਆਪਣੀਆਂ ਭਾਵਨਾਵਾਂ ʼਤੇ ਕਾਬੂ ਪਾ ਕੇ ਵਧੀਆ ਫ਼ੈਸਲਾ ਕਰ ਸਕਦਾ ਸੀ ਜਾਂ ਇਨ੍ਹਾਂ ਵਿਚ ਵਹਿ ਕੇ ਗ਼ਲਤ ਫ਼ੈਸਲਾ ਕਰ ਸਕਦਾ ਸੀ। ਬਾਈਬਲ ਦੱਸਦੀ ਹੈ ਕਿ ਕਾਇਨ ਨੇ ਗ਼ਲਤ ਫ਼ੈਸਲਾ ਕੀਤਾ। ਉਸ ਦੇ ਗ਼ਲਤ ਫ਼ੈਸਲੇ ਕਰਕੇ ਹਾਬਲ ਦੀ ਜਾਨ ਚਲੀ ਗਈ ਅਤੇ ਸ੍ਰਿਸ਼ਟੀਕਰਤਾ ਨਾਲ ਕਾਇਨ ਦਾ ਰਿਸ਼ਤਾ ਖ਼ਤਮ ਹੋ ਗਿਆ।—ਉਤ. 4:3-16.
2. ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਸਹੀ ਫ਼ੈਸਲੇ ਕਰੀਏ?
2 ਸਾਨੂੰ ਵੀ ਆਪਣੀ ਜ਼ਿੰਦਗੀ ਵਿਚ ਫ਼ੈਸਲੇ ਕਰਨੇ ਪੈਂਦੇ ਹਨ। ਕੁਝ ਬਹੁਤ ਹੀ ਗੰਭੀਰ ਹੁੰਦੇ ਹਨ ਅਤੇ ਕੁਝ ਛੋਟੇ-ਮੋਟੇ। ਪਰ ਸਾਡੇ ਜ਼ਿਆਦਾਤਰ ਫ਼ੈਸਲਿਆਂ ਦਾ ਸਾਡੀਆਂ ਜ਼ਿੰਦਗੀਆਂ ʼਤੇ ਬਹੁਤ ਵੱਡਾ ਅਸਰ ਪੈ ਸਕਦਾ ਹੈ। ਸਹੀ ਫ਼ੈਸਲੇ ਕਰ ਕੇ ਅਸੀਂ ਕਾਫ਼ੀ ਹੱਦ ਤਕ ਮੁਸ਼ਕਲਾਂ ਤੋਂ ਬਚੇ ਰਹਾਂਗੇ ਅਤੇ ਚੈਨ ਨਾਲ ਜੀ ਸਕਾਂਗੇ। ਗ਼ਲਤ ਫ਼ੈਸਲੇ ਕਰ ਕੇ ਅਸੀਂ ਝਮੇਲਿਆਂ ਵਿਚ ਫਸਾਂਗੇ ਅਤੇ ਨਿਰਾਸ਼ਾ ਸਾਨੂੰ ਘੇਰ ਲਵੇਗੀ।—ਕਹਾ. 14:8.
3. (ੳ) ਸਮਝਦਾਰੀ ਨਾਲ ਫ਼ੈਸਲੇ ਲੈਣ ਲਈ ਸਾਨੂੰ ਕਿਨ੍ਹਾਂ ਉੱਤੇ ਭਰੋਸਾ ਰੱਖਣ ਦੀ ਲੋੜ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
3 ਅਸੀਂ ਸਮਝਦਾਰੀ ਨਾਲ ਫ਼ੈਸਲੇ ਕਿਵੇਂ ਲੈ ਸਕਦੇ ਹਾਂ? ਸਾਨੂੰ ਪਰਮੇਸ਼ੁਰ ʼਤੇ ਨਿਹਚਾ ਰੱਖਣ ਦੀ ਲੋੜ ਹੈ। ਨਾਲੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਕਿ ਸਹੀ ਫ਼ੈਸਲੇ ਕਰਨ ਵਿਚ ਉਹ ਸਾਡੀ ਮਦਦ ਕਰੇਗਾ ਅਤੇ ਸਾਨੂੰ ਬੁੱਧ ਬਖ਼ਸ਼ੇਗਾ। ਸਾਨੂੰ ਪਰਮੇਸ਼ੁਰ ਦੇ ਬਚਨ ʼਤੇ ਵੀ ਭਰੋਸਾ ਰੱਖਣ ਦੀ ਲੋੜ ਹੈ ਕਿ ਇਸ ਵਿਚ ਦਿੱਤੀ ਸਲਾਹ ਸਾਡੇ ਫ਼ਾਇਦੇ ਲਈ ਹੈ। (ਯਾਕੂਬ 1:5-8 ਪੜ੍ਹੋ।) ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੇ ਹੋਰ ਕਰੀਬ ਜਾਵਾਂਗੇ ਅਤੇ ਉਸ ਦੇ ਬਚਨ ਨਾਲ ਜ਼ਿਆਦਾ ਪਿਆਰ ਕਰਾਂਗੇ, ਉੱਦਾਂ-ਉੱਦਾਂ ਸਾਡਾ ਭਰੋਸਾ ਹੋਰ ਵਧੇਗਾ ਕਿ ਪਰਮੇਸ਼ੁਰ ਸਾਡਾ ਭਲਾ ਚਾਹੁੰਦਾ ਹੈ। ਫਿਰ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਅਸੀਂ ਉਸ ਦੇ ਬਚਨ ਤੋਂ ਸਲਾਹ ਲਵਾਂਗੇ। ਪਰ ਅਸੀਂ ਚੰਗੇ ਫ਼ੈਸਲੇ ਕਰਨ ਦੀ ਆਪਣੀ ਕਾਬਲੀਅਤ ਨੂੰ ਕਿਵੇਂ ਸੁਧਾਰ ਸਕਦੇ ਹਾਂ? ਕੀ ਸਾਨੂੰ ਕਦੀ ਆਪਣੇ ਫ਼ੈਸਲੇ ਬਦਲਣੇ ਚਾਹੀਦੇ ਹਨ?
ਜ਼ਿੰਦਗੀ ਵਿਚ ਫ਼ੈਸਲੇ ਕਰਨੇ ਜ਼ਰੂਰੀ
4. ਆਦਮ ਨੇ ਕਿਹੜਾ ਫ਼ੈਸਲਾ ਕਰਨਾ ਸੀ ਅਤੇ ਇਸ ਦੇ ਕੀ ਨਤੀਜੇ ਨਿਕਲੇ?
4 ਇਨਸਾਨਾਂ ਨੂੰ ਸ਼ੁਰੂ ਤੋਂ ਹੀ ਜ਼ਰੂਰੀ ਫ਼ੈਸਲੇ ਕਰਨੇ ਪਏ ਹਨ। ਪਹਿਲੇ ਆਦਮੀ ਆਦਮ ਨੇ ਇਹ ਫ਼ੈਸਲਾ ਕਰਨਾ ਸੀ ਕਿ ਉਹ ਆਪਣੇ ਕਰਤਾਰ ਯਹੋਵਾਹ ਦੀ ਗੱਲ ਸੁਣੇਗਾ ਜਾਂ ਆਪਣੀ ਪਤਨੀ ਹੱਵਾਹ ਦੀ। ਉਸ ਨੇ ਆਪਣੀ ਗੁਮਰਾਹ ਹੋ ਚੁੱਕੀ ਪਤਨੀ ਦੀਆਂ ਗੱਲਾਂ ਵਿਚ ਆ ਕੇ ਬਹੁਤ ਗ਼ਲਤ ਫ਼ੈਸਲਾ ਲਿਆ। ਨਤੀਜੇ ਵਜੋਂ, ਯਹੋਵਾਹ ਨੇ ਆਦਮ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ ਅਤੇ ਬਾਅਦ ਵਿਚ ਉਸ ਨੂੰ ਮੌਤ ਦਾ ਮੂੰਹ ਦੇਖਣਾ ਪਿਆ। ਆਦਮ ਦੇ ਗ਼ਲਤ ਫ਼ੈਸਲੇ ਕਰਕੇ ਅੱਜ ਅਸੀਂ ਵੀ ਦੁੱਖ ਭੋਗ ਰਹੇ ਹਾਂ।
5. ਫ਼ੈਸਲੇ ਕਰਨ ਦੀ ਆਪਣੀ ਕਾਬਲੀਅਤ ਨੂੰ ਸਾਨੂੰ ਕਿਉਂ ਵਰਤਣਾ ਚਾਹੀਦਾ ਹੈ?
5 ਕੁਝ ਸ਼ਾਇਦ ਸੋਚਣ ਕਿ ਜੇ ਉਨ੍ਹਾਂ ਨੂੰ ਫ਼ੈਸਲੇ ਨਾ ਕਰਨੇ ਪੈਂਦੇ, ਤਾਂ ਜ਼ਿੰਦਗੀ ਜ਼ਿਆਦਾ ਸੌਖੀ ਹੁੰਦੀ। ਸ਼ਾਇਦ ਤੁਸੀਂ ਵੀ ਇੱਦਾਂ ਹੀ ਸੋਚਦੇ ਹੋ। ਪਰ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਨੇ ਇਨਸਾਨਾਂ ਨੂੰ ਰੋਬੋਟ ਵਰਗੇ ਨਹੀਂ ਬਣਾਇਆ ਜੋ ਨਾ ਤਾਂ ਸੋਚ ਸਕਦੇ ਹਨ ਤੇ ਨਾ ਹੀ ਫ਼ੈਸਲੇ ਕਰ ਸਕਦੇ ਹਨ। ਉਸ ਨੇ ਸਾਨੂੰ ਆਪਣਾ ਬਚਨ ਦਿੱਤਾ ਹੈ ਜੋ ਸਾਨੂੰ ਸਹੀ ਫ਼ੈਸਲੇ ਕਰਨੇ ਸਿਖਾਉਂਦਾ ਹੈ। ਖ਼ੁਦ ਫ਼ੈਸਲੇ ਕਰਨ ਦੀ ਜ਼ਿੰਮੇਵਾਰੀ ਦੇ ਕੇ ਯਹੋਵਾਹ ਨੇ ਸਾਡਾ ਬੁਰਾ ਨਹੀਂ ਸੀ ਚਾਹਿਆ। ਜ਼ਰਾ ਅੱਗੇ ਦਿੱਤੀਆਂ ਮਿਸਾਲਾਂ ʼਤੇ ਸੋਚ-ਵਿਚਾਰ ਕਰੋ।
6, 7. ਇਜ਼ਰਾਈਲੀਆਂ ਨੂੰ ਕਿਹੜਾ ਫ਼ੈਸਲਾ ਕਰਨਾ ਪੈਣਾ ਸੀ ਅਤੇ ਉਨ੍ਹਾਂ ਲਈ ਇਹ ਫ਼ੈਸਲਾ ਕਰਨਾ ਔਖਾ ਕਿਉਂ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
6 ਵਾਅਦਾ ਕੀਤੇ ਹੋਏ ਦੇਸ਼ ਵਿਚ ਰਹਿੰਦਿਆਂ ਇਜ਼ਰਾਈਲੀਆਂ ਨੂੰ ਫ਼ੈਸਲਾ ਕਰਨਾ ਪੈਣਾ ਸੀ ਕਿ ਉਹ ਯਹੋਵਾਹ ਦੀ ਭਗਤੀ ਕਰਨਗੇ ਜਾਂ ਹੋਰ ਦੇਵਤਿਆਂ ਦੀ। (ਯਹੋਸ਼ੁਆ 24:15 ਪੜ੍ਹੋ।) ਸ਼ਾਇਦ ਇਹ ਬਹੁਤ ਹੀ ਛੋਟਾ ਜਿਹਾ ਫ਼ੈਸਲਾ ਲੱਗੇ। ਪਰ ਇਹ ਜ਼ਿੰਦਗੀ ਅਤੇ ਮੌਤ ਦਾ ਸਵਾਲ ਸੀ। ਨਿਆਈਆਂ ਦੇ ਦਿਨਾਂ ਦੌਰਾਨ ਇਜ਼ਰਾਈਲੀ ਗ਼ਲਤ ਫ਼ੈਸਲੇ ਕਰਦੇ ਰਹੇ। ਉਹ ਯਹੋਵਾਹ ਦੀ ਭਗਤੀ ਛੱਡ ਕੇ ਝੂਠੇ ਦੇਵਤਿਆਂ ਦੀ ਭਗਤੀ ਕਰਨ ਲੱਗ ਪਏ। (ਨਿਆ. 2:3, 11-23) ਬਾਅਦ ਵਿਚ ਏਲੀਯਾਹ ਨਬੀ ਦੇ ਸਮੇਂ ਦੌਰਾਨ ਪਰਮੇਸ਼ੁਰ ਦੇ ਲੋਕਾਂ ਨੂੰ ਫ਼ੈਸਲਾ ਕਰਨਾ ਪੈਣਾ ਸੀ ਕਿ ਉਹ ਯਹੋਵਾਹ ਦੀ ਭਗਤੀ ਕਰਨਗੇ ਜਾਂ ਝੂਠੇ ਦੇਵਤੇ ਬਆਲ ਦੀ। (1 ਰਾਜ. 18:21) ਸ਼ਾਇਦ ਸਾਨੂੰ ਲੱਗੇ ਕਿ ਇਹ ਫ਼ੈਸਲਾ ਕਰਨਾ ਔਖਾ ਨਹੀਂ ਸੀ ਕਿਉਂਕਿ ਯਹੋਵਾਹ ਦੀ ਭਗਤੀ ਕਰਨ ਨਾਲ ਹਮੇਸ਼ਾ ਫ਼ਾਇਦਾ ਹੁੰਦਾ ਹੈ। ਇਕ ਸਮਝਦਾਰ ਇਜ਼ਰਾਈਲੀ ਕਦੀ ਵੀ ਕਿਸੇ ਬੇਜਾਨ ਦੇਵਤੇ ਦੀ ਭਗਤੀ ਨਾ ਕਰਦਾ। ਪਰ ਇਜ਼ਰਾਈਲੀ ਇਹ ਫ਼ੈਸਲਾ ਨਹੀਂ ਕਰ ਸਕੇ। ਬਾਈਬਲ ਦੱਸਦੀ ਹੈ ਕਿ ਇਜ਼ਰਾਈਲੀ “ਦੋ ਖਿਆਲਾਂ ਉੱਤੇ ਲੰਗੜਾ ਕੇ” ਚੱਲ ਰਹੇ ਸਨ। ਏਲੀਯਾਹ ਨੇ ਸਮਝਦਾਰੀ ਨਾਲ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਲਈ ਕਿਹਾ।
7 ਉਨ੍ਹਾਂ ਇਜ਼ਰਾਈਲੀਆਂ ਲਈ ਸਹੀ ਫ਼ੈਸਲਾ ਕਰਨਾ ਔਖਾ ਕਿਉਂ ਸੀ? ਪਹਿਲੀ ਗੱਲ, ਉਨ੍ਹਾਂ ਨੂੰ ਯਹੋਵਾਹ ʼਤੇ ਨਿਹਚਾ ਨਹੀਂ ਰਹੀ ਜਿਸ ਕਰਕੇ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੂੰ ਯਹੋਵਾਹ ʼਤੇ ਭਰੋਸਾ ਨਹੀਂ ਸੀ ਅਤੇ ਉਨ੍ਹਾਂ ਨੇ ਉਸ ਬਾਰੇ ਜਾਣਨ ਅਤੇ ਉਸ ਦੀ ਬੁੱਧ ਬਾਰੇ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਉਨ੍ਹਾਂ ਨੇ ਕੋਸ਼ਿਸ਼ ਕੀਤੀ ਹੁੰਦੀ, ਤਾਂ ਉਹ ਸਹੀ ਫ਼ੈਸਲਾ ਕਰ ਸਕਦੇ ਸਨ। (ਜ਼ਬੂ. 25:12) ਦੂਜੀ ਗੱਲ, ਇਜ਼ਰਾਈਲੀਆਂ ਉੱਤੇ ਦੂਜੀਆਂ ਕੌਮਾਂ ਦਾ ਪ੍ਰਭਾਵ ਸੀ। ਇਨ੍ਹਾਂ ਕੌਮਾਂ ਦੇ ਲੋਕਾਂ ਨੇ ਇਜ਼ਰਾਈਲੀਆਂ ਦੀ ਸੋਚ ʼਤੇ ਆਪਣਾ ਅਸਰ ਪਾਇਆ ਅਤੇ ਇੱਥੋਂ ਤਕ ਕਿ ਉਨ੍ਹਾਂ ਲਈ ਫ਼ੈਸਲੇ ਵੀ ਕੀਤੇ। ਨਤੀਜੇ ਵਜੋਂ, ਇਜ਼ਰਾਈਲੀ ਇਨ੍ਹਾਂ ਕੌਮਾਂ ਦੇ ਮਗਰ ਲੱਗ ਕੇ ਝੂਠੇ ਦੇਵਤਿਆਂ ਦੀ ਭਗਤੀ ਕਰਨ ਲੱਗ ਪਏ। ਇਸ ਬਾਰੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਬਹੁਤ ਸਾਲ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ।—ਕੂਚ 23:2.
ਕੀ ਦੂਸਰਿਆਂ ਨੂੰ ਸਾਡੇ ਲਈ ਫ਼ੈਸਲੇ ਕਰਨੇ ਚਾਹੀਦੇ ਹਨ?
8. ਅਸੀਂ ਇਜ਼ਰਾਈਲੀਆਂ ਤੋਂ ਕਿਹੜਾ ਅਹਿਮ ਸਬਕ ਸਿੱਖਦੇ ਹਾਂ?
8 ਇਜ਼ਰਾਈਲੀਆਂ ਦੀ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਹੀ ਫ਼ੈਸਲੇ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਤੋਂ ਮਦਦ ਲੈਣੀ ਚਾਹੀਦੀ ਹੈ। ਗਲਾਤੀਆਂ 6:5 ਸਾਨੂੰ ਦੱਸਦਾ ਹੈ: “ਹਰੇਕ ਨੂੰ ਆਪੋ ਆਪਣੀ ਜ਼ਿੰਮੇਵਾਰੀ ਦਾ ਭਾਰ ਆਪ ਚੁੱਕਣਾ ਪਵੇਗਾ।” ਇਸ ਤੋਂ ਸਾਫ਼ ਹੁੰਦਾ ਹੈ ਕਿ ਸਾਨੂੰ ਦੂਜਿਆਂ ਨੂੰ ਆਪਣੇ ਲਈ ਫ਼ੈਸਲੇ ਕਰਨ ਲਈ ਨਹੀਂ ਕਹਿਣਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਸਾਰਿਆਂ ਨੂੰ ਜਾਣਨ ਦੀ ਲੋੜ ਹੈ ਕਿ ਪਰਮੇਸ਼ੁਰ ਨੂੰ ਕੀ ਪਸੰਦ ਹੈ ਅਤੇ ਉਸ ਮੁਤਾਬਕ ਫ਼ੈਸਲੇ ਕਰਨੇ ਚਾਹੀਦੇ ਹਨ।
9. ਇਹ ਖ਼ਤਰੇ ਵਾਲੀ ਗੱਲ ਕਿਉਂ ਹੈ ਕਿ ਦੂਜੇ ਸਾਡੇ ਲਈ ਫ਼ੈਸਲੇ ਕਰਨ?
9 ਅਸੀਂ ਇਸ ਫੰਦੇ ਵਿਚ ਕਿੱਦਾਂ ਫੱਸ ਸਕਦੇ ਹਾਂ ਕਿ ਦੂਜੇ ਸਾਡੇ ਲਈ ਫ਼ੈਸਲੇ ਕਰਨ? ਦੂਜਿਆਂ ਦੇ ਦਬਾਅ ਹੇਠ ਆ ਕੇ ਅਸੀਂ ਗ਼ਲਤ ਫ਼ੈਸਲੇ ਕਰ ਸਕਦੇ ਹਾਂ। (ਕਹਾ. 1:10, 15) ਇਹ ਇਕ ਖ਼ਤਰੇ ਵਾਲੀ ਗੱਲ ਹੈ। ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬਾਈਬਲ-ਆਧਾਰਿਤ ਢਾਲ਼ੀ ਆਪਣੀ ਜ਼ਮੀਰ ਮੁਤਾਬਕ ਫ਼ੈਸਲੇ ਕਰੀਏ। ਜੇ ਅਸੀਂ ਦੂਜਿਆਂ ਦੇ ਕਹੇ ਅਨੁਸਾਰ ਫ਼ੈਸਲੇ ਕਰਾਂਗੇ, ਤਾਂ ਅਸੀਂ ਉਨ੍ਹਾਂ ਦੇ ਮਗਰ ਚੱਲ ਰਹੇ ਹੋਵਾਂਗੇ। ਇਸ ਤਰ੍ਹਾਂ ਕਰਨ ਦਾ ਅੰਜਾਮ ਬੁਰਾ ਹੀ ਹੁੰਦਾ ਹੈ।
10. ਪੌਲੁਸ ਰਸੂਲ ਨੇ ਗਲਾਤੀਆਂ ਦੇ ਭੈਣਾਂ-ਭਰਾਵਾਂ ਨੂੰ ਕਿਸ ਗੱਲ ਬਾਰੇ ਖ਼ਬਰਦਾਰ ਕੀਤਾ?
10 ਪੌਲੁਸ ਰਸੂਲ ਨੇ ਗਲਾਤੀਆਂ ਦੇ ਭੈਣਾਂ-ਭਰਾਵਾਂ ਨੂੰ ਇਸ ਗੱਲ ਬਾਰੇ ਖ਼ਬਰਦਾਰ ਕੀਤਾ ਕਿ ਉਹ ਦੂਜਿਆਂ ਨੂੰ ਆਪਣੇ ਲਈ ਫ਼ੈਸਲੇ ਨਾ ਕਰਨ ਦੇਣ। (ਗਲਾਤੀਆਂ 4:17 ਪੜ੍ਹੋ।) ਗਲਾਤੀਆਂ ਦੇ ਕੁਝ ਭਰਾ ਦੂਜਿਆਂ ਲਈ ਫ਼ੈਸਲੇ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਕਿਉਂ? ਕਿਉਂਕਿ ਉਹ ਸੁਆਰਥੀ ਭਰਾ ਚਾਹੁੰਦੇ ਸਨ ਕਿ ਮੰਡਲੀ ਦੇ ਭੈਣ-ਭਰਾ ਰਸੂਲਾਂ ਦੀ ਗੱਲ ਸੁਣਨ ਦੀ ਬਜਾਇ ਉਨ੍ਹਾਂ ਦੇ ਮਗਰ ਲੱਗਣ। ਘਮੰਡੀ ਹੋਣ ਕਰਕੇ ਉਨ੍ਹਾਂ ਨੂੰ ਇਸ ਗੱਲ ਦੀ ਜ਼ਰਾ ਵੀ ਕਦਰ ਨਹੀਂ ਸੀ ਕਿ ਭੈਣਾਂ-ਭਰਾਵਾਂ ਕੋਲ ਆਪ ਫ਼ੈਸਲੇ ਕਰਨ ਦਾ ਹੱਕ ਸੀ।
11. ਅਸੀਂ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਕਿ ਉਹ ਆਪਣੇ ਫ਼ੈਸਲੇ ਆਪ ਲੈਣ?
11 ਅਸੀਂ ਸਾਰੇ ਜਣੇ ਪੌਲੁਸ ਰਸੂਲ ਦੀ ਵਧੀਆ ਮਿਸਾਲ ਤੋਂ ਸਿੱਖ ਸਕਦੇ ਹਾਂ। ਉਹ ਜਾਣਦਾ ਸੀ ਕਿ ਭੈਣਾਂ-ਭਰਾਵਾਂ ਕੋਲ ਆਪਣੇ ਫ਼ੈਸਲੇ ਆਪ ਕਰਨ ਦਾ ਹੱਕ ਹੈ ਅਤੇ ਉਹ ਇਸ ਦੀ ਕਦਰ ਕਰਦਾ ਸੀ। (2 ਕੁਰਿੰਥੀਆਂ 1:24 ਪੜ੍ਹੋ।) ਜਦੋਂ ਕਿਸੇ ਨੇ ਕੋਈ ਫ਼ੈਸਲਾ ਕਰਨਾ ਹੁੰਦਾ ਹੈ ਅਤੇ ਉਹ ਇਸ ਬਾਰੇ ਬਜ਼ੁਰਗਾਂ ਤੋਂ ਸਲਾਹ ਮੰਗਦਾ ਹੈ, ਤਾਂ ਬਜ਼ੁਰਗ ਪੌਲੁਸ ਦੀ ਰੀਸ ਕਰ ਸਕਦੇ ਹਨ। ਉਨ੍ਹਾਂ ਨੂੰ ਆਪਣੇ ਭੈਣਾਂ-ਭਰਾਵਾਂ ਨੂੰ ਬਾਈਬਲ-ਆਧਾਰਿਤ ਜਾਣਕਾਰੀ ਦੇ ਕੇ ਖ਼ੁਸ਼ੀ ਹੁੰਦੀ ਹੈ। ਪਰ ਬਜ਼ੁਰਗ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਹਰ ਮਸੀਹੀ ਨੂੰ ਆਪਣੇ ਫ਼ੈਸਲੇ ਕਰਨ ਦਾ ਹੱਕ ਹੈ ਕਿਉਂਕਿ ਉਸ ਨੂੰ ਹੀ ਇਨ੍ਹਾਂ ਦੇ ਨਤੀਜੇ ਭੁਗਤਣੇ ਪੈਣਗੇ। ਯਾਦ ਰੱਖੋ: ਕਿਸੇ ਮਾਮਲੇ ਬਾਰੇ ਅਸੀਂ ਦੂਜਿਆਂ ਨੂੰ ਬਾਈਬਲ ਦੀ ਸਲਾਹ ਚੰਗੀ ਤਰ੍ਹਾਂ ਸਮਝਾ ਸਕਦੇ ਹਾਂ। ਪਰ ਫ਼ੈਸਲੇ ਕਰਨ ਦਾ ਹੱਕ ਅਤੇ ਜ਼ਿੰਮੇਵਾਰੀ ਭੈਣਾਂ-ਭਰਾਵਾਂ ਦੀ ਹੈ। ਖ਼ੁਦ ਸਹੀ ਫ਼ੈਸਲੇ ਕਰ ਕੇ ਉਨ੍ਹਾਂ ਦਾ ਹੀ ਫ਼ਾਇਦਾ ਹੁੰਦਾ ਹੈ। ਸਾਨੂੰ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਸਾਡੇ ਕੋਲ ਭੈਣਾਂ-ਭਰਾਵਾਂ ਦੇ ਫ਼ੈਸਲੇ ਕਰਨ ਦਾ ਅਧਿਕਾਰ ਹੈ।
ਭਾਵਨਾਵਾਂ ਵਿਚ ਵਹਿ ਕੇ ਫ਼ੈਸਲੇ ਨਾ ਕਰੋ
12, 13. ਗੁੱਸੇ ਜਾਂ ਨਿਰਾਸ਼ਾ ਵਿਚ ਫ਼ੈਸਲੇ ਲੈਣੇ ਸਮਝਦਾਰੀ ਦੀ ਗੱਲ ਕਿਉਂ ਨਹੀਂ?
12 ਅੱਜ ਜ਼ਿਆਦਾਤਰ ਲੋਕ ਫ਼ੈਸਲੇ ਕਰਦਿਆਂ ਆਪਣੇ ਦਿਲ ਦੀ ਸੁਣਦੇ ਹਨ। ਪਰ ਇਸ ਤਰ੍ਹਾਂ ਕਰਨਾ ਖ਼ਤਰਨਾਕ ਹੋ ਸਕਦਾ ਹੈ। ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਅਸੀਂ ਫ਼ੈਸਲੇ ਕਰਦਿਆਂ ਆਪਣੇ ਧੋਖੇਬਾਜ਼ ਦਿਲ ਦੀ ਨਾ ਸੁਣੀਏ। (ਕਹਾ. 28:26) ਅਸੀਂ ਆਪਣੇ ਦਿਲ ʼਤੇ ਭਰੋਸਾ ਨਹੀਂ ਕਰ ਸਕਦੇ ਕਿਉਂਕਿ “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” (ਯਿਰ. 17:9) ਬਾਈਬਲ ਵਿਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਧੋਖੇਬਾਜ਼ ਦਿਲ ʼਤੇ ਭਰੋਸਾ ਰੱਖਣ ਦੇ ਗ਼ਲਤ ਅੰਜਾਮ ਨਿਕਲਦੇ ਹਨ। (ਯਿਰ. 3:17; 13:10; 1 ਰਾਜ. 11:9) ਸੋ ਸਾਡੇ ਨਾਲ ਕੀ ਹੋ ਸਕਦਾ ਹੈ, ਜੇ ਅਸੀਂ ਆਪਣੇ ਦਿਲ ਦੀ ਗੱਲ ਸੁਣਦੇ ਹਾਂ?
13 ਇਹ ਗੱਲ ਸੱਚ ਹੈ ਕਿ ਯਹੋਵਾਹ ਨੇ ਹੀ ਸਾਨੂੰ ਹੁਕਮ ਦਿੱਤਾ ਹੈ ਕਿ ਅਸੀਂ ਉਸ ਨੂੰ ਪੂਰੇ ਦਿਲ ਨਾਲ ਪਿਆਰ ਕਰੀਏ ਅਤੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੀਏ। (ਮੱਤੀ 22:37-39) ਪਰ ਪਿਛਲੇ ਪੈਰੇ ਦੇ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਦਿਲ ਦੀ ਗੱਲ ਸੁਣ ਕੇ ਜਾਂ ਭਾਵਨਾਵਾਂ ਵਿਚ ਵਹਿ ਕੇ ਫ਼ੈਸਲੇ ਕਰਨੇ ਖ਼ਤਰਨਾਕ ਹੁੰਦੇ ਹਨ। ਮਿਸਾਲ ਲਈ, ਸਾਡੇ ਨਾਲ ਕੀ ਹੋ ਸਕਦਾ ਹੈ ਜੇ ਅਸੀਂ ਗੁੱਸੇ ਵਿਚ ਆ ਕੇ ਫ਼ੈਸਲੇ ਲਈਏ? (ਕਹਾ. 14:17; 29:22) ਨਾਲੇ ਨਿਰਾਸ਼ਾ ਵਿਚ ਹੁੰਦਿਆਂ ਫ਼ੈਸਲੇ ਲੈਣ ਨਾਲ ਕੀ ਹੋ ਸਕਦਾ ਹੈ? (ਗਿਣ. 32:6-12; ਕਹਾ. 24:10) ਸਾਨੂੰ ਆਪਣੀ ਸੋਚ ਨੂੰ ਪਰਮੇਸ਼ੁਰ ਦੇ ਬਚਨ ਮੁਤਾਬਕ ਢਾਲ਼ਣਾ ਚਾਹੀਦਾ ਹੈ। (ਰੋਮੀ. 7:25) ਸਾਨੂੰ ਕਦੀ ਵੀ ਭਾਵਨਾਵਾਂ ਵਿਚ ਵਹਿ ਕੇ ਜ਼ਰੂਰੀ ਫ਼ੈਸਲੇ ਨਹੀਂ ਲੈਣੇ ਚਾਹੀਦੇ।
ਫ਼ੈਸਲੇ ਕਦੋਂ ਬਦਲੀਏ?
14. ਸਾਨੂੰ ਕਿਵੇਂ ਪਤਾ ਹੈ ਕਿ ਕਦੀ-ਕਦੀ ਆਪਣੇ ਫ਼ੈਸਲੇ ਬਦਲਣੇ ਸਹੀ ਹਨ?
14 ਸਾਨੂੰ ਸਮਝਦਾਰੀ ਨਾਲ ਫ਼ੈਸਲੇ ਕਰਨੇ ਚਾਹੀਦੇ ਹਨ। ਪਰ ਇਕ ਸਮਝਦਾਰ ਵਿਅਕਤੀ ਜਾਣਦਾ ਹੈ ਕਿ ਸ਼ਾਇਦ ਕਦੀ-ਕਦੀ ਉਸ ਨੂੰ ਆਪਣੇ ਫ਼ੈਸਲਿਆਂ ʼਤੇ ਦੁਬਾਰਾ ਗੌਰ ਕਰਨਾ ਪਵੇ ਅਤੇ ਇਨ੍ਹਾਂ ਨੂੰ ਬਦਲਣਾ ਪਵੇ। ਇਸ ਮਾਮਲੇ ਵਿਚ ਯਹੋਵਾਹ ਨੇ ਸਭ ਤੋਂ ਵਧੀਆ ਮਿਸਾਲ ਰੱਖੀ ਹੈ। ਗੌਰ ਕਰੋ ਕਿ ਯਹੋਵਾਹ ਨੇ ਯੂਨਾਹ ਦੇ ਦਿਨਾਂ ਵਿਚ ਨੀਨਵਾਹ ਦੇ ਲੋਕਾਂ ਨਾਲ ਕੀ ਕੀਤਾ: “ਜਦ ਪਰਮੇਸ਼ੁਰ ਨੇ ਓਹਨਾਂ ਦੇ ਕੰਮਾਂ ਨੂੰ ਡਿੱਠਾ ਕਿ ਓਹ ਆਪਣੇ ਭੈੜੇ ਰਾਹ ਤੋਂ ਮੁੜ ਪਏ ਹਨ, ਤਦ ਪਰਮੇਸ਼ੁਰ ਉਸ ਬੁਰਿਆਈ ਤੋਂ ਪਛਤਾਇਆ ਜੋ ਉਸ ਆਖਿਆ ਸੀ ਕਿ ਉਹ ਓਹਨਾਂ ਨਾਲ ਕਰੇਗਾ ਅਤੇ ਉਸ ਨੇ ਉਹ ਨਹੀਂ ਕੀਤੀ।” (ਯੂਨਾ. 3:10) ਜਦੋਂ ਯਹੋਵਾਹ ਨੇ ਦੇਖਿਆ ਕਿ ਨੀਨਵਾਹ ਦੇ ਲੋਕਾਂ ਨੇ ਗ਼ਲਤ ਕੰਮਾਂ ਤੋਂ ਤੋਬਾ ਕਰ ਲਈ ਸੀ, ਤਾਂ ਉਸ ਨੇ ਆਪਣਾ ਫ਼ੈਸਲਾ ਬਦਲ ਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਮਝਦਾਰ, ਨਿਮਰ ਅਤੇ ਦਇਆਵਾਨ ਪਰਮੇਸ਼ੁਰ ਹੈ। ਯਹੋਵਾਹ ਇਨਸਾਨਾਂ ਵਾਂਗ ਗੁੱਸੇ ਵਿਚ ਆ ਕੇ ਬਿਨਾਂ ਸੋਚੇ-ਸਮਝੇ ਫ਼ੈਸਲੇ ਨਹੀਂ ਕਰਦਾ।
15. ਸ਼ਾਇਦ ਸਾਨੂੰ ਆਪਣਾ ਫ਼ੈਸਲਾ ਕਿਉਂ ਬਦਲਣਾ ਪਵੇ?
15 ਸ਼ਾਇਦ ਕਦੀ-ਕਦੀ ਸਾਨੂੰ ਆਪਣਾ ਫ਼ੈਸਲਾ ਬਦਲਣਾ ਪਵੇ, ਜਿਵੇਂ ਕਿ ਹਾਲਾਤ ਬਦਲਣ ਕਰਕੇ। ਯਾਦ ਕਰੋ ਕਿ ਯਹੋਵਾਹ ਨੇ ਵੀ ਕਦੀ-ਕਦੀ ਆਪਣੇ ਫ਼ੈਸਲੇ ਬਦਲੇ ਸਨ। (1 ਰਾਜ. 21:20, 21, 27-29; 2 ਰਾਜ. 20:1-5) ਨਵੀਂ ਜਾਣਕਾਰੀ ਮਿਲਣ ਤੇ ਸ਼ਾਇਦ ਸਾਨੂੰ ਆਪਣਾ ਫ਼ੈਸਲਾ ਬਦਲਣਾ ਪਵੇ। ਰਾਜਾ ਦਾਊਦ ਦੀ ਮਿਸਾਲ ਯਾਦ ਕਰੋ। ਉਸ ਨੇ ਗ਼ਲਤ ਜਾਣਕਾਰੀ ਦੇ ਆਧਾਰ ʼਤੇ ਸ਼ਾਊਲ ਦੇ ਪੋਤੇ ਮਫ਼ੀਬੋਸ਼ਥ ਬਾਰੇ ਫ਼ੈਸਲਾ ਕੀਤਾ। ਬਾਅਦ ਵਿਚ ਜਦੋਂ ਦਾਊਦ ਨੂੰ ਸਹੀ ਜਾਣਕਾਰੀ ਮਿਲੀ, ਤਾਂ ਉਸ ਨੇ ਆਪਣਾ ਫ਼ੈਸਲਾ ਬਦਲਿਆ। (2 ਸਮੂ. 16:3, 4; 19:24-29) ਲੋੜ ਪੈਣ ʼਤੇ ਆਪਣੇ ਫ਼ੈਸਲੇ ਬਦਲਣੇ ਸਮਝਦਾਰੀ ਦੀ ਗੱਲ ਹੈ।
16. (ੳ) ਕਿਹੜੇ ਕੁਝ ਸੁਝਾਅ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰਦੇ ਹਨ? (ਅ) ਸਾਨੂੰ ਸ਼ਾਇਦ ਆਪਣੇ ਫ਼ੈਸਲੇ ਕਿਉਂ ਬਦਲਣੇ ਪੈਣ ਅਤੇ ਅਸੀਂ ਕਿਸ ਗੱਲ ਤੋਂ ਨਹੀਂ ਡਰਦੇ?
16 ਬਾਈਬਲ ਕਹਿੰਦੀ ਹੈ ਕਿ ਸਾਨੂੰ ਕਾਹਲੀ ਵਿਚ ਜ਼ਰੂਰੀ ਫ਼ੈਸਲੇ ਨਹੀਂ ਕਰਨੇ ਚਾਹੀਦੇ। (ਕਹਾ. 21:5) ਸਹੀ ਫ਼ੈਸਲੇ ਕਰਨ ਲਈ ਸਾਨੂੰ ਸਾਰੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ। (1 ਥੱਸ. 5:21) ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਘਰ ਦੇ ਮੁਖੀ ਨੂੰ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰਨੀ ਚਾਹੀਦੀ ਹੈ। ਨਾਲੇ ਪਰਿਵਾਰ ਦੇ ਬਾਕੀ ਜੀਆਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ। ਯਾਦ ਕਰੋ ਕਿ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਪਣੀ ਪਤਨੀ ਦੀ ਗੱਲ ਸੁਣਨ ਲਈ ਕਿਹਾ ਸੀ। (ਉਤ. 21:9-12) ਮੰਡਲੀ ਦੇ ਬਜ਼ੁਰਗਾਂ ਨੂੰ ਵੀ ਖੋਜਬੀਨ ਕਰਨੀ ਚਾਹੀਦੀ ਹੈ। ਨਵੀਂ ਜਾਣਕਾਰੀ ਮਿਲਣ ਤੇ ਬਜ਼ੁਰਗ ਆਪਣੇ ਫ਼ੈਸਲੇ ਬਦਲਣ ਤੋਂ ਝਿਜਕਦੇ ਨਹੀਂ। ਉਨ੍ਹਾਂ ਨੂੰ ਇਸ ਗੱਲ ਦਾ ਡਰ ਨਹੀਂ ਹੁੰਦਾ ਕਿ ਮੰਡਲੀ ਦੇ ਭੈਣ-ਭਰਾ ਉਨ੍ਹਾਂ ਬਾਰੇ ਕੀ ਸੋਚਣਗੇ। ਸਮਝਦਾਰ ਅਤੇ ਨਿਮਰ ਬਜ਼ੁਰਗਾਂ ਨੂੰ ਲੋੜ ਪੈਣ ਤੇ ਆਪਣੀ ਸੋਚ ਅਤੇ ਫ਼ੈਸਲਿਆਂ ਨੂੰ ਬਦਲਣਾ ਚਾਹੀਦਾ ਹੈ। ਨਾਲੇ ਉਨ੍ਹਾਂ ਦੀ ਮਿਸਾਲ ʼਤੇ ਚੱਲ ਕੇ ਸਾਨੂੰ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ। ਇੱਦਾਂ ਕਰਕੇ ਅਸੀਂ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਬਣਾਈ ਰੱਖਦੇ ਹਾਂ।—ਰਸੂ. 6:1-4.
ਆਪਣੇ ਫ਼ੈਸਲਿਆਂ ʼਤੇ ਪੱਕੇ ਰਹੋ
17. ਵਧੀਆ ਫ਼ੈਸਲੇ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?
17 ਕਈ ਫ਼ੈਸਲੇ ਬਹੁਤ ਜ਼ਿਆਦਾ ਗੰਭੀਰ ਹੁੰਦੇ ਹਨ। ਮਿਸਾਲ ਲਈ, ਵਿਆਹ ਕਰਾਈਏ ਜਾਂ ਨਾ ਅਤੇ ਕਿਸ ਨਾਲ ਕਰਾਈਏ। ਇਕ ਹੋਰ ਬਹੁਤ ਹੀ ਅਹਿਮ ਫ਼ੈਸਲਾ ਇਹ ਹੈ ਕਿ ਪੂਰੇ ਸਮੇਂ ਦੀ ਸੇਵਾ ਕਦੋਂ ਸ਼ੁਰੂ ਕਰੀਏ? ਇੱਦਾਂ ਦੇ ਅਹਿਮ ਫ਼ੈਸਲੇ ਕਰਨ ਤੋਂ ਪਹਿਲਾਂ ਸਾਨੂੰ ਬਹੁਤ ਹੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ। ਇੱਦਾਂ ਕਰਨ ਵਿਚ ਸ਼ਾਇਦ ਸਮਾਂ ਲੱਗੇ। ਪਰ ਜੇ ਅਸੀਂ ਸਮਝਦਾਰੀ ਨਾਲ ਫ਼ੈਸਲੇ ਕਰਨੇ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖੀਏ, ਉਸ ਦੀਆਂ ਹਿਦਾਇਤਾਂ ਸੁਣੀਏ ਅਤੇ ਉਨ੍ਹਾਂ ਮੁਤਾਬਕ ਚੱਲੀਏ। (ਕਹਾ. 1:5) ਯਹੋਵਾਹ ਨੇ ਆਪਣੇ ਬਚਨ ਵਿਚ ਸਾਨੂੰ ਸਭ ਤੋਂ ਵਧੀਆ ਸਲਾਹ ਦਿੱਤੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਖੋਜਬੀਨ ਕਰਨ ਦੇ ਨਾਲ-ਨਾਲ ਯਹੋਵਾਹ ਨੂੰ ਸੇਧ ਲਈ ਪ੍ਰਾਰਥਨਾ ਵੀ ਕਰੀਏ। ਯਹੋਵਾਹ ਸਾਡੇ ਵਿਚ ਜ਼ਰੂਰੀ ਗੁਣ ਪੈਦਾ ਕਰ ਸਕਦਾ ਹੈ, ਤਾਂਕਿ ਅਸੀਂ ਉਸ ਮੁਤਾਬਕ ਕੀਤੇ ਫ਼ੈਸਲਿਆਂ ʼਤੇ ਖਰੇ ਉਤਰੀਏ। ਕੋਈ ਵੀ ਜ਼ਰੂਰੀ ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੇਰੇ ਇਸ ਫ਼ੈਸਲੇ ਤੋਂ ਪਤਾ ਲੱਗੇਗਾ ਕਿ ਮੈਂ ਯਹੋਵਾਹ ਨੂੰ ਪਿਆਰ ਕਰਦਾ ਹਾਂ? ਕੀ ਇਸ ਫ਼ੈਸਲੇ ਕਰਕੇ ਮੇਰੇ ਪਰਿਵਾਰ ਵਿਚ ਖ਼ੁਸ਼ੀ ਅਤੇ ਸ਼ਾਂਤੀ ਹੋਵੇਗੀ? ਇਹ ਵੀ ਪਤਾ ਲੱਗੇਗਾ ਕੀ ਮੈਂ ਧੀਰਜਵਾਨ ਅਤੇ ਦਇਆਵਾਨ ਹਾਂ?’
18. ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਆਪਣੇ ਫ਼ੈਸਲੇ ਖ਼ੁਦ ਕਰੀਏ?
18 ਯਹੋਵਾਹ ਸਾਨੂੰ ਮਜਬੂਰ ਨਹੀਂ ਕਰਦਾ ਕਿ ਅਸੀਂ ਉਸ ਨੂੰ ਪਿਆਰ ਕਰੀਏ ਅਤੇ ਉਸ ਦੀ ਸੇਵਾ ਕਰੀਏ। ਇਸ ਦੀ ਬਜਾਇ, ਉਸ ਨੇ ਸਾਨੂੰ ਇਨ੍ਹਾਂ ਮਾਮਲਿਆਂ ਵਿਚ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ। ਉਹ ਸਾਡੇ ਫ਼ੈਸਲੇ ਕਰਨ ਦੇ ਹੱਕ ਦੀ ਕਦਰ ਕਰਦਾ ਹੈ। (ਯਹੋ. 24:15; ਉਪ. 5:4) ਪਰ ਉਹ ਸਾਡੇ ਤੋਂ ਇਹ ਮੰਗ ਕਰਦਾ ਹੈ ਕਿ ਅਸੀਂ ਉਸ ਦੇ ਬਚਨ ਮੁਤਾਬਕ ਕੀਤੇ ਫ਼ੈਸਲਿਆਂ ʼਤੇ ਪੱਕੇ ਰਹੀਏ। ਯਹੋਵਾਹ ਉੱਤੇ ਨਿਹਚਾ ਰੱਖ ਕੇ ਅਤੇ ਉਸ ਵੱਲੋਂ ਦਿੱਤੇ ਅਸੂਲਾਂ ਉੱਤੇ ਚੱਲ ਕੇ ਅਸੀਂ ਸਮਝਦਾਰੀ ਨਾਲ ਫ਼ੈਸਲਾ ਕਰ ਸਕਾਂਗੇ। ਇਸ ਤੋਂ ਇਹ ਵੀ ਜ਼ਾਹਰ ਹੋਵੇਗਾ ਕਿ ਅਸੀਂ ਡਾਵਾਂ-ਡੋਲ ਨਹੀਂ, ਸਗੋਂ ਆਪਣੇ ਫ਼ੈਸਲਿਆਂ ʼਤੇ ਪੱਕੇ ਰਹਿਣ ਵਾਲੇ ਹਾਂ।—ਯਾਕੂ. 1:5-8; 4:8.