ਯਰੂਸ਼ਲਮ—“ਮਹਾਰਾਜ ਦਾ ਸ਼ਹਿਰ”
‘ਯਰੂਸ਼ਲਮ ਦੀ ਸੌਂਹ ਨਾ ਖਾਣੀ ਇਸ ਲਈ ਜੋ ਉਹ ਮਹਾਰਾਜ ਦਾ ਸ਼ਹਿਰ ਹੈ।’ —ਮੱਤੀ 5:34, 35.
1, 2. ਯਰੂਸ਼ਲਮ ਬਾਰੇ ਕਿਹੜੀ ਗੱਲ ਸ਼ਾਇਦ ਕੁਝ ਲੋਕਾਂ ਨੂੰ ਉਲਝਣ ਵਿਚ ਪਾ ਦੇਵੇ?
ਯ ਰੂਸ਼ਲਮ—ਇਸ ਦਾ ਨਾਂ ਹੀ ਵੱਖਰੇ-ਵੱਖਰੇ ਧਰਮਾਂ ਦੇ ਲੋਕਾਂ ਵਿਚ ਜ਼ਬਰਦਸਤ ਜਜ਼ਬਾਤ ਉਤਪੰਨ ਕਰਦਾ ਹੈ। ਦਰਅਸਲ, ਸਾਡੇ ਵਿੱਚੋਂ ਕੋਈ ਵੀ ਇਸ ਪ੍ਰਾਚੀਨ ਸ਼ਹਿਰ ਨੂੰ ਅਣਡਿੱਠ ਨਹੀਂ ਕਰ ਸਕਦਾ, ਕਿਉਂਕਿ ਇਸ ਦਾ ਜ਼ਿਕਰ ਅਕਸਰ ਖ਼ਬਰਾਂ ਵਿਚ ਹੁੰਦਾ ਹੈ। ਲੇਕਿਨ, ਦੁੱਖ ਦੀ ਗੱਲ ਹੈ ਕਿ ਅਨੇਕ ਰਿਪੋਰਟਾਂ ਜ਼ਾਹਰ ਕਰਦੀਆਂ ਹਨ ਕਿ ਯਰੂਸ਼ਲਮ ਹਮੇਸ਼ਾ ਸ਼ਾਂਤੀ ਦਾ ਸ਼ਹਿਰ ਸਿੱਧ ਨਹੀਂ ਹੋਇਆ ਹੈ।
2 ਇਹ ਸ਼ਾਇਦ ਬਾਈਬਲ ਦੇ ਕੁਝ ਪੜ੍ਹਨ ਵਾਲਿਆਂ ਲਈ ਇਕ ਉਲਝਾਊ ਖ਼ਿਆਲ ਪੇਸ਼ ਕਰੇ। ਬੀਤੇ ਸਮਿਆਂ ਵਿਚ ਯਰੂਸ਼ਲਮ ਦਾ ਛੋਟਾ ਨਾਂ ਸ਼ਾਲੇਮ ਸੀ, ਜਿਸ ਦਾ ਮਤਲਬ “ਸਲਾਮਤੀ” ਹੈ। (ਉਤਪਤ 14:18; ਜ਼ਬੂਰ 76:2; ਇਬਰਾਨੀਆਂ 7:1, 2) ਇਸ ਲਈ ਤੁਸੀਂ ਸ਼ਾਇਦ ਸੋਚੋ, ‘ਹਾਲ ਹੀ ਦੇ ਸਮਿਆਂ ਵਿਚ ਇਸ ਨਾਂ ਦੇ ਸ਼ਹਿਰ ਵਿਚ ਅਜਿਹੇ ਅਸ਼ਾਂਤ ਹਾਲਾਤ ਕਿਉਂ ਰਹੇ ਹਨ?’
3. ਅਸੀਂ ਯਰੂਸ਼ਲਮ ਬਾਰੇ ਭਰੋਸੇਯੋਗ ਜਾਣਕਾਰੀ ਕਿੱਥੋਂ ਪਾ ਸਕਦੇ ਹਾਂ?
3 ਇਸ ਸਵਾਲ ਦਾ ਜਵਾਬ ਦੇਣ ਲਈ, ਸਾਨੂੰ ਇਤਿਹਾਸ ਵਿਚ ਪਿੱਛੇ ਜਾ ਕੇ ਪੁਰਾਣੇ ਜ਼ਮਾਨੇ ਦੇ ਯਰੂਸ਼ਲਮ ਬਾਰੇ ਸਿੱਖਣ ਦੀ ਲੋੜ ਹੈ। ਲੇਕਿਨ ਕੁਝ ਸ਼ਾਇਦ ਇਹ ਸੋਚਣ, ‘ਸਾਡੇ ਕੋਲ ਪ੍ਰਾਚੀਨ ਇਤਿਹਾਸ ਦਾ ਅਧਿਐਨ ਕਰਨ ਲਈ ਵਕਤ ਨਹੀਂ।’ ਫਿਰ ਵੀ, ਯਰੂਸ਼ਲਮ ਦੇ ਮੁਢਲੇ ਇਤਿਹਾਸ ਦਾ ਸਹੀ ਗਿਆਨ ਸਾਡੇ ਸਾਰਿਆਂ ਲਈ ਮਹੱਤਤਾ ਰੱਖਦਾ ਹੈ। ਇਹ ਸਾਡੇ ਲਈ ਕੀ ਮਹੱਤਤਾ ਰੱਖਦਾ ਹੈ, ਇਸ ਦਾ ਜਵਾਬ ਬਾਈਬਲ ਇਨ੍ਹਾਂ ਸ਼ਬਦਾਂ ਵਿਚ ਦਿੰਦੀ ਹੈ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀਆਂ 15:4) ਯਰੂਸ਼ਲਮ ਬਾਰੇ ਬਾਈਬਲੀ ਗਿਆਨ ਸਾਨੂੰ ਦਿਲਾਸਾ ਦੇ ਸਕਦਾ ਹੈ ਕਿ ਸਿਰਫ਼ ਇਸ ਸ਼ਹਿਰ ਵਿਚ ਹੀ ਨਹੀਂ, ਬਲਕਿ ਸੰਸਾਰ ਭਰ ਵਿਚ ਸ਼ਾਂਤੀ ਹੋਵੇਗੀ।
“ਯਹੋਵਾਹ ਦੇ ਸਿੰਘਾਸਣ” ਦੀ ਜਗ੍ਹਾ
4, 5. ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਵਿਚ ਯਰੂਸ਼ਲਮ ਨੇ ਜੋ ਮੁੱਖ ਭੂਮਿਕਾ ਅਦਾ ਕੀਤੀ, ਉਸ ਵਿਚ ਦਾਊਦ ਨੇ ਕਿਵੇਂ ਯੋਗਦਾਨ ਪਾਇਆ?
4 ਗਿਆਰਵੀਂ ਸਦੀ ਸਾ.ਯੁ.ਪੂ. ਵਿਚ, ਪੂਰੇ ਸੰਸਾਰ ਵਿਚ ਯਰੂਸ਼ਲਮ ਇਕ ਸੁਰੱਖਿਅਤ ਅਤੇ ਸ਼ਾਂਤਮਈ ਕੌਮ ਦੀ ਰਾਜਧਾਨੀ ਵਜੋਂ ਮਸ਼ਹੂਰ ਸੀ। ਯਹੋਵਾਹ ਪਰਮੇਸ਼ੁਰ ਨੇ ਨੌਜਵਾਨ ਦਾਊਦ ਨੂੰ ਉਸ ਪ੍ਰਾਚੀਨ ਕੌਮ, ਯਾਨੀ ਇਸਰਾਏਲ ਉੱਤੇ ਰਾਜੇ ਵਜੋਂ ਮਸਹ ਕੀਤਾ। ਕਿਉਂਕਿ ਰਾਜ ਗੱਦੀ ਯਰੂਸ਼ਲਮ ਵਿਚ ਸੀ, ਦਾਊਦ ਅਤੇ ਉਸ ਦੀ ਸ਼ਾਹੀ ਸੰਤਾਨ ‘ਯਹੋਵਾਹ ਦੇ ਰਾਜ ਦੀ ਗੱਦੀ’ ਜਾਂ “ਯਹੋਵਾਹ ਦੇ ਸਿੰਘਾਸਣ” ਉੱਤੇ ਬਿਰਾਜਮਾਨ ਹੋਏ।—1 ਇਤਹਾਸ 28:5; 29:23.
5 ਪਰਮੇਸ਼ੁਰ ਦਾ ਭੈ ਰੱਖਣ ਵਾਲੇ ਇਕ ਇਸਰਾਏਲੀ, ਦਾਊਦ, ਜੋ ਯਹੂਦਾਹ ਦੇ ਗੋਤ ਵਿੱਚੋਂ ਸੀ, ਨੇ ਮੂਰਤੀ-ਪੂਜਕ ਯਬੂਸੀਆਂ ਤੋਂ ਯਰੂਸ਼ਲਮ ਨੂੰ ਜਿੱਤ ਲਿਆ ਸੀ। ਉਦੋਂ ਸ਼ਹਿਰ ਸਿਰਫ਼ ਸੀਯੋਨ ਨਾਂ ਦੇ ਇਕ ਪਹਾੜ ਤੇ ਸੀ, ਪਰ ਇਹ ਨਾਂ ਯਰੂਸ਼ਲਮ ਲਈ ਵੀ ਵਰਤਿਆ ਜਾਣ ਲੱਗਾ। ਪਰਮੇਸ਼ੁਰ ਨੇ ਇਸਰਾਏਲੀਆਂ ਦੇ ਨਾਲ ਜੋ ਨੇਮ ਬੰਨ੍ਹਿਆ ਸੀ, ਉਸ ਨੇਮ ਦੇ ਸੰਦੂਕ ਨੂੰ ਦਾਊਦ ਨੇ ਬਾਅਦ ਵਿਚ ਯਰੂਸ਼ਲਮ ਵਿਚ ਲਿਆਂਦਾ, ਜਿੱਥੇ ਉਸ ਨੂੰ ਇਕ ਤੰਬੂ ਵਿਚ ਰੱਖਿਆ ਗਿਆ ਸੀ। ਕਈ ਸਾਲ ਪਹਿਲਾਂ ਪਰਮੇਸ਼ੁਰ ਨੇ ਇਸ ਪਵਿੱਤਰ ਸੰਦੂਕ ਦੇ ਉੱਤੇ ਇਕ ਬੱਦਲ ਵਿੱਚੋਂ ਆਪਣੇ ਨਬੀ ਮੂਸਾ ਨਾਲ ਗੱਲ ਕੀਤੀ ਸੀ। (ਕੂਚ 25:1, 21, 22; ਲੇਵੀਆਂ 16:2; 1 ਇਤਹਾਸ 15:1-3) ਇਹ ਸੰਦੂਕ ਪਰਮੇਸ਼ੁਰ ਦੀ ਮੌਜੂਦਗੀ ਨੂੰ ਸੰਕੇਤ ਕਰਦਾ ਸੀ, ਕਿਉਂਕਿ ਯਹੋਵਾਹ ਇਸਰਾਏਲ ਦਾ ਅਸਲੀ ਰਾਜਾ ਸੀ। ਇਸ ਲਈ, ਦੂਹਰੇ ਅਰਥ ਵਿਚ, ਇਹ ਕਿਹਾ ਜਾ ਸਕਦਾ ਸੀ ਕਿ ਯਹੋਵਾਹ ਪਰਮੇਸ਼ੁਰ ਯਰੂਸ਼ਲਮ ਸ਼ਹਿਰ ਤੋਂ ਰਾਜ ਕਰਦਾ ਸੀ।
6. ਦਾਊਦ ਅਤੇ ਯਰੂਸ਼ਲਮ ਦੇ ਸੰਬੰਧ ਵਿਚ ਯਹੋਵਾਹ ਨੇ ਕਿਹੜਾ ਵਾਅਦਾ ਕੀਤਾ ਸੀ?
6 ਯਹੋਵਾਹ ਨੇ ਦਾਊਦ ਨਾਲ ਵਾਅਦਾ ਕੀਤਾ ਕਿ ਉਸ ਦੇ ਸ਼ਾਹੀ ਘਰਾਣੇ ਦਾ ਰਾਜ, ਜੋ ਸੀਯੋਨ ਜਾਂ ਯਰੂਸ਼ਲਮ ਦੁਆਰਾ ਦਰਸਾਇਆ ਜਾਂਦਾ ਸੀ, ਖ਼ਤਮ ਨਹੀਂ ਹੋਵੇਗਾ। ਇਸ ਦਾ ਮਤਲਬ ਸੀ ਕਿ ਦਾਊਦ ਦੇ ਵੰਸ਼ ਵਿੱਚੋਂ ਇਕ ਸੰਤਾਨ, ਪਰਮੇਸ਼ੁਰ ਦੇ ਮਸਹ ਕੀਤੇ ਹੋਏ ਵਿਅਕਤੀ, ਯਾਨੀ ਮਸੀਹਾ, ਜਾਂ ਮਸੀਹ ਵਜੋਂ ਹਮੇਸ਼ਾ ਲਈ ਰਾਜ ਕਰਨ ਦਾ ਹੱਕ ਪ੍ਰਾਪਤ ਕਰੇਗਾ।a (ਜ਼ਬੂਰ 132:11-14; ਲੂਕਾ 1:31-33) ਬਾਈਬਲ ਇਹ ਵੀ ਪ੍ਰਗਟ ਕਰਦੀ ਹੈ ਕਿ “ਯਹੋਵਾਹ ਦੇ ਸਿੰਘਾਸਣ” ਦਾ ਇਹ ਸਥਾਈ ਵਾਰਸ ਸਾਰੀਆਂ ਕੌਮਾਂ ਉੱਤੇ ਰਾਜ ਕਰੇਗਾ, ਨਾ ਕਿ ਸਿਰਫ਼ ਯਰੂਸ਼ਲਮ ਉੱਤੇ।—ਜ਼ਬੂਰ 2:6-8; ਦਾਨੀਏਲ 7:13, 14.
7. ਰਾਜਾ ਦਾਊਦ ਨੇ ਸ਼ੁੱਧ ਉਪਾਸਨਾ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ?
7 ਪਰਮੇਸ਼ੁਰ ਦੇ ਮਸਹ ਕੀਤੇ ਹੋਏ ਵਿਅਕਤੀ, ਰਾਜਾ ਦਾਊਦ, ਨੂੰ ਗੱਦੀ ਤੋਂ ਹਟਾਉਣ ਦੇ ਜਤਨ ਵਿਅਰਥ ਸਾਬਤ ਹੋਏ। ਇਸ ਦੀ ਬਜਾਇ, ਵਿਰੋਧੀ ਕੌਮਾਂ ਉੱਤੇ ਜਿੱਤ ਪ੍ਰਾਪਤ ਕੀਤੀ ਗਈ, ਅਤੇ ਵਾਅਦਾ ਕੀਤੇ ਹੋਏ ਦੇਸ਼ ਦੇ ਪਰਮੇਸ਼ੁਰ ਵਲੋਂ ਨਿਯੁਕਤ ਕੀਤੇ ਗਏ ਖੇਤਰ ਉੱਤੇ ਕਬਜ਼ਾ ਕੀਤਾ ਗਿਆ। ਦਾਊਦ ਨੇ ਸ਼ੁੱਧ ਉਪਾਸਨਾ ਨੂੰ ਅੱਗੇ ਵਧਾਉਣ ਲਈ ਇਸ ਸਥਿਤੀ ਦਾ ਫ਼ਾਇਦਾ ਉਠਾਇਆ। ਅਤੇ ਦਾਊਦ ਦੇ ਅਨੇਕ ਜ਼ਬੂਰ ਯਹੋਵਾਹ ਨੂੰ ਸੀਯੋਨ ਦੇ ਅਸਲੀ ਰਾਜੇ ਵਜੋਂ ਵਡਿਆਈ ਦਿੰਦੇ ਹਨ।—2 ਸਮੂਏਲ 8:1-15; ਜ਼ਬੂਰ 9:1, 11; 24:1, 3, 7-10; 65:1, 2; 68:1, 24, 29; 110:1, 2; 122:1-4.
8, 9. ਰਾਜਾ ਸੁਲੇਮਾਨ ਦੇ ਰਾਜ ਅਧੀਨ ਯਰੂਸ਼ਲਮ ਵਿਚ ਸੱਚੀ ਉਪਾਸਨਾ ਕਿਸ ਤਰ੍ਹਾਂ ਵਧੀ?
8 ਦਾਊਦ ਦੇ ਪੁੱਤਰ ਸੁਲੇਮਾਨ ਦੇ ਰਾਜ ਦੌਰਾਨ, ਯਹੋਵਾਹ ਦੀ ਉਪਾਸਨਾ ਨਵੇਂ ਸਿਖਰ ਤੇ ਪਹੁੰਚੀ। ਸੁਲੇਮਾਨ ਨੇ ਯਰੂਸ਼ਲਮ ਦੀਆਂ ਹੱਦਾਂ ਨੂੰ ਉੱਤਰ ਵੱਲ ਵਧਾ ਕੇ ਇਸ ਵਿਚ ਮੋਰੀਯਾਹ ਪਹਾੜ (ਜਿੱਥੇ ਵਰਤਮਾਨ ਦਿਨ ਦਾ ਡੋਮ ਆਫ਼ ਦ ਰੌਕ ਹੈ) ਨੂੰ ਵੀ ਸ਼ਾਮਲ ਕੀਤਾ। ਇਸ ਜ਼ਿਆਦਾ ਉੱਚੇ ਪਹਾੜ ਉੱਤੇ, ਉਸ ਨੂੰ ਯਹੋਵਾਹ ਦੀ ਪ੍ਰਸ਼ੰਸਾ ਲਈ ਇਕ ਸ਼ਾਨਦਾਰ ਹੈਕਲ ਬਣਾਉਣ ਦਾ ਵਿਸ਼ੇਸ਼-ਸਨਮਾਨ ਮਿਲਿਆ। ਨੇਮ ਦਾ ਸੰਦੂਕ ਉਸ ਹੈਕਲ ਦੇ ਅੱਤ ਪਵਿੱਤਰ ਸਥਾਨ ਵਿਚ ਰੱਖਿਆ ਗਿਆ ਸੀ।—1 ਰਾਜਿਆਂ 6:1-38.
9 ਇਸਰਾਏਲ ਦੀ ਕੌਮ ਨੇ ਸ਼ਾਂਤੀ ਦਾ ਆਨੰਦ ਮਾਣਿਆ ਜਦੋਂ ਉਨ੍ਹਾਂ ਨੇ ਯਰੂਸ਼ਲਮ ਵਿਚ ਕੇਂਦ੍ਰਿਤ ਯਹੋਵਾਹ ਦੀ ਉਪਾਸਨਾ ਨੂੰ ਆਪਣੇ ਪੂਰੇ ਦਿਲ ਨਾਲ ਸਮਰਥਨ ਦਿੱਤਾ। ਇਸ ਸਥਿਤੀ ਦਾ ਸੋਹਣੇ ਢੰਗ ਨਾਲ ਵਰਣਨ ਕਰਦੇ ਹੋਏ, ਸ਼ਾਸਤਰ ਬਿਆਨ ਕਰਦੇ ਹਨ: “ਯਹੂਦਾਹ ਅਤੇ ਇਸਰਾਏਲ ਉਸ ਰੇਤ ਦੇ ਢੇਰ ਵਾਂਙੁ ਬਹੁਤ ਸਾਰੇ ਸਨ ਜਿਹੜੀ ਸਮੁੰਦਰ ਦੇ ਕੰਢੇ ਉੱਤੇ ਹੈ ਅਤੇ ਓਹ ਖਾਂਦੇ ਪੀਂਦੇ ਅਤੇ ਅਨੰਦ ਕਰਦੇ ਸਨ। . . . ਅਤੇ ਉਨ੍ਹਾਂ ਸਾਰਿਆਂ ਨਾਲ ਜੋ ਉਸ ਦੇ ਆਲੇ ਦੁਆਲੇ ਸਨ [ਸੁਲੇਮਾਨ] ਸੁਲਾਹ ਰੱਖਦਾ ਸੀ। ਅਤੇ ਯਹੂਦਾਹ ਅਰ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਆਪਣੀ ਹੰਜੀਰ ਦੇ ਹੇਠ . . . ਅਮਨ ਨਾਲ ਬੈਠਦਾ ਸੀ।”—1 ਰਾਜਿਆਂ 4:20, 24, 25.
10, 11. ਸੁਲੇਮਾਨ ਦੇ ਰਾਜ ਅਧੀਨ ਯਰੂਸ਼ਲਮ ਬਾਰੇ ਬਾਈਬਲ ਜੋ ਕਹਿੰਦੀ ਹੈ, ਉਸ ਨੂੰ ਪੁਰਾਤੱਤਵ-ਵਿਗਿਆਨ ਕਿਸ ਤਰ੍ਹਾਂ ਸਮਰਥਨ ਦਿੰਦਾ ਹੈ?
10 ਪੁਰਾਤੱਤਵੀ ਲੱਭਤਾਂ ਸੁਲੇਮਾਨ ਦੇ ਖ਼ੁਸ਼ਹਾਲ ਰਾਜ ਦੇ ਇਸ ਵਰਣਨ ਦੀ ਪੁਸ਼ਟੀ ਕਰਦੀਆਂ ਹਨ। ਆਪਣੀ ਕਿਤਾਬ ਇਸਰਾਏਲ ਦੇਸ਼ ਦਾ ਪੁਰਾਤੱਤਵ-ਵਿਗਿਆਨ (ਅੰਗ੍ਰੇਜ਼ੀ) ਵਿਚ, ਪ੍ਰੋਫ਼ੈਸਰ ਯੋਹਾਨਾਨ ਆਹਾਰੋਨੀ ਨੇ ਬਿਆਨ ਕੀਤਾ: “ਸ਼ਾਹੀ ਦਰਬਾਰ ਵਿਚ ਸਾਰੇ ਪਾਸਿਓਂ ਆਉਣ ਵਾਲੇ ਧਨ, ਅਤੇ ਵਧਦੇ-ਫੁੱਲਦੇ ਵਪਾਰ . . . ਨੇ ਭੌਤਿਕ ਤੌਰ ਤੇ ਹਰ ਪੱਖੋਂ ਤੇਜ਼ੀ ਨਾਲ ਵੱਡੀ ਤਬਦੀਲੀ ਲਿਆਂਦੀ। . . . ਇਹ ਤਬਦੀਲੀ . . . ਸਿਰਫ਼ ਉਸ ਦੇ ਸੁਖ-ਸਾਧਨਾਂ ਵਿਚ ਹੀ ਨਹੀਂ ਲੇਕਿਨ ਖ਼ਾਸ ਕਰਕੇ ਉਸ ਦੀਆਂ ਕੁੰਭਕਾਰੀ ਚੀਜ਼ਾਂ ਵਿਚ ਵੀ ਦੇਖੀ ਜਾਂਦੀ ਹੈ। . . . ਮਿੱਟੀ ਦੇ ਭਾਂਡਿਆਂ ਨੂੰ ਬਣਾਉਣ ਅਤੇ ਪਕਾਉਣ ਦੇ ਤਰੀਕੇ ਬਹੁਤ ਵਧੀਆ ਬਣ ਗਏ ਸਨ।”
11 ਇਸੇ ਤਰ੍ਹਾਂ, ਜੈਰੀ ਐੱਮ. ਲੈਂਡੇ ਨੇ ਲਿਖਿਆ: “ਸੁਲੇਮਾਨ ਅਧੀਨ, ਇਸਰਾਏਲੀਆਂ ਨੇ ਭੌਤਿਕ ਸਾਧਨਾਂ ਵਿਚ ਤਿੰਨ ਦਹਾਕਿਆਂ ਦੇ ਦੌਰਾਨ ਪਿਛਲੇ ਦੋ ਸੌ ਸਾਲਾਂ ਨਾਲੋਂ ਜ਼ਿਆਦਾ ਤਰੱਕੀ ਕੀਤੀ। ਜ਼ਮੀਨ ਦੀ ਤਹਿ ਵਿਚ ਅਸੀਂ ਸੁਲੇਮਾਨ ਦੇ ਸਮੇਂ ਦੀਆਂ ਸ਼ਾਨਦਾਰ ਇਮਾਰਤਾਂ ਅਤੇ ਵਿਸ਼ਾਲ ਕੰਧਾਂ ਵਾਲੇ ਵੱਡੇ-ਵੱਡੇ ਸ਼ਹਿਰਾਂ ਦੇ ਖੰਡਰ, ਅਮੀਰਾਂ ਦੇ ਵਧੀਆ ਤਰੀਕੇ ਨਾਲ ਬਣਾਏ ਗਏ ਨਿਵਾਸ ਸਥਾਨਾਂ ਦਾ ਤੇਜ਼ ਵਾਧਾ, ਘੁਮਿਆਰ ਅਤੇ ਉਸ ਦੀ ਕਲਾ ਵਿਚ ਤਕਨੀਕੀ ਮਹਾਰਤ ਦਾ ਵੱਡਾ ਸੁਧਾਰ ਦੇਖਦੇ ਹਾਂ। ਅਤੇ ਅਸੀਂ ਦੂਰ-ਦੂਰ ਦੇ ਦੇਸ਼ਾਂ ਵਿਚ ਬਣਾਈ ਗਈ ਕਲਾ-ਕਿਰਤ ਦੀ ਰਹਿੰਦ-ਖੂੰਹਦ ਵੀ ਪਾਉਂਦੇ ਹਾਂ, ਜੋ ਕਿ ਜ਼ੋਰਦਾਰ ਅੰਤਰਰਾਸ਼ਟਰੀ ਵਪਾਰ ਅਤੇ ਕਾਰੋਬਾਰ ਦੇ ਸੰਕੇਤ ਹਨ।”—ਦਾਊਦ ਦਾ ਘਰ (ਅੰਗ੍ਰੇਜ਼ੀ)।
ਸ਼ਾਂਤੀ ਤੋਂ ਤਬਾਹੀ ਤਕ
12, 13. ਯਰੂਸ਼ਲਮ ਵਿਚ ਲੋਕ ਸੱਚੀ ਉਪਾਸਨਾ ਤੋਂ ਕਿਵੇਂ ਮੁੜ ਗਏ?
12 ਯਰੂਸ਼ਲਮ, ਉਹ ਸ਼ਹਿਰ ਜਿੱਥੇ ਯਹੋਵਾਹ ਦਾ ਪਵਿੱਤਰ ਸਥਾਨ ਸੀ, ਦੀ ਸ਼ਾਂਤੀ ਅਤੇ ਖ਼ੁਸ਼ਹਾਲੀ, ਪ੍ਰਾਰਥਨਾ ਲਈ ਉਚਿਤ ਵਿਸ਼ੇ ਸਨ। ਦਾਊਦ ਨੇ ਲਿਖਿਆ: “ਯਰੂਸ਼ਲਮ ਦੀ ਸਲਾਮਤੀ ਮੰਗੋ, ਤੇਰੇ ਪ੍ਰੇਮੀ ਨਿਹਾਲ ਹੋਣਗੇ। ਤੇਰੀ ਫ਼ਸੀਲ ਦੇ ਅੰਦਰ ਸਲਾਮਤੀ ਹੋਵੇ, ਤੇਰੇ ਮਹਿਲਾਂ ਵਿੱਚ ਨਿਹਾਲਤਾ! ਮੈਂ ਆਪਣੇ ਭਰਾਵਾਂ ਤੇ ਗੁਆਂਢੀਆਂ ਦੇ ਕਾਰਨ ਆਖਾਂਗਾ, ਤੇਰੇ ਵਿੱਚ ਸਲਾਮਤੀ ਹੋਵੇ!” (ਜ਼ਬੂਰ 122:6-8) ਭਾਵੇਂ ਕਿ ਸੁਲੇਮਾਨ ਨੂੰ ਉਸ ਸ਼ਾਂਤਮਈ ਸ਼ਹਿਰ ਵਿਚ ਸ਼ਾਨਦਾਰ ਹੈਕਲ ਬਣਾਉਣ ਦਾ ਵਿਸ਼ੇਸ਼-ਸਨਮਾਨ ਮਿਲਿਆ ਸੀ, ਪਰ ਬਾਅਦ ਵਿਚ ਉਸ ਨੇ ਕਈ ਗ਼ੈਰ-ਯਹੂਦੀ ਤੀਵੀਆਂ ਨਾਲ ਵਿਆਹ ਕਰਵਾਇਆ। ਉਸ ਦੇ ਬੁਢੇਪੇ ਵਿਚ, ਉਨ੍ਹਾਂ ਨੇ ਉਸ ਨੂੰ ਉਨ੍ਹਾਂ ਦਿਨਾਂ ਦੇ ਝੂਠੇ ਦੇਵਤਿਆਂ ਦੀ ਉਪਾਸਨਾ ਨੂੰ ਅੱਗੇ ਵਧਾਉਣ ਲਈ ਲੁਭਾ ਲਿਆ। ਇਸ ਧਰਮ-ਤਿਆਗ ਦਾ ਭ੍ਰਿਸ਼ਟ ਅਸਰ ਸਾਰੀ ਕੌਮ ਉੱਤੇ ਪਿਆ, ਅਤੇ ਇਸ ਨੇ ਉਸ ਕੌਮ ਅਤੇ ਉਸ ਦੇ ਨਿਵਾਸੀਆਂ ਤੋਂ ਸੱਚੀ ਸ਼ਾਂਤੀ ਖੋਹ ਲਈ।—1 ਰਾਜਿਆਂ 11:1-8; 14:21-24.
13 ਸੁਲੇਮਾਨ ਦੇ ਪੁੱਤਰ ਰਹਬੁਆਮ ਦੇ ਰਾਜ ਦੇ ਮੁੱਢ ਵਿਚ, ਦਸ ਗੋਤਾਂ ਨੇ ਬਗਾਵਤ ਕਰ ਕੇ ਇਸਰਾਏਲ ਦਾ ਉੱਤਰੀ ਰਾਜ ਬਣਾ ਲਿਆ। ਉਨ੍ਹਾਂ ਦੀ ਮੂਰਤੀ-ਪੂਜਾ ਦੇ ਕਾਰਨ, ਪਰਮੇਸ਼ੁਰ ਨੇ ਉਸ ਰਾਜ ਨੂੰ ਅੱਸ਼ੂਰ ਦੇ ਹੱਥੀਂ ਦੇ ਦਿੱਤਾ। (1 ਰਾਜਿਆਂ 12:16-30) ਯਹੂਦਾਹ ਦੇ ਦੱਖਣੀ ਦੋ-ਗੋਤ ਰਾਜ ਦੀ ਰਾਜਧਾਨੀ ਅਜੇ ਵੀ ਯਰੂਸ਼ਲਮ ਹੀ ਸੀ। ਲੇਕਿਨ ਬਾਅਦ ਵਿਚ ਉਹ ਵੀ ਸ਼ੁੱਧ ਉਪਾਸਨਾ ਤੋਂ ਮੁੜ ਗਏ, ਇਸ ਲਈ 607 ਸਾ.ਯੁ.ਪੂ. ਵਿਚ ਪਰਮੇਸ਼ੁਰ ਨੇ ਉਸ ਮਨਮਤੀਏ ਸ਼ਹਿਰ ਨੂੰ ਬਾਬਲੀਆਂ ਦੁਆਰਾ ਨਾਸ ਹੋਣ ਦਿੱਤਾ। 70 ਸਾਲਾਂ ਲਈ ਆਪਣੇ ਦੇਸ਼ੋਂ ਕੱਢੇ ਗਏ ਯਹੂਦੀ ਨਿਰਬਲ ਹੋ ਕੇ ਬਾਬਲ ਵਿਚ ਕੈਦੀਆਂ ਵਜੋਂ ਰਹੇ। ਲੇਕਿਨ ਫਿਰ, ਪਰਮੇਸ਼ੁਰ ਦੀ ਮਿਹਰ ਨਾਲ, ਉਨ੍ਹਾਂ ਨੂੰ ਯਰੂਸ਼ਲਮ ਵਾਪਸ ਮੁੜਨ ਅਤੇ ਸੱਚੀ ਉਪਾਸਨਾ ਨੂੰ ਫਿਰ ਤੋਂ ਕਾਇਮ ਕਰਨ ਦੀ ਇਜਾਜ਼ਤ ਦਿੱਤੀ ਗਈ।—2 ਇਤਹਾਸ 36:15-21.
14, 15. ਬਾਬਲੀ ਕੈਦ ਤੋਂ ਬਾਅਦ ਯਰੂਸ਼ਲਮ ਨੇ ਦੁਬਾਰਾ ਕਿਸ ਤਰ੍ਹਾਂ ਮੁੱਖ ਭੂਮਿਕਾ ਹਾਸਲ ਕੀਤੀ, ਲੇਕਿਨ ਕਿਸ ਤਬਦੀਲੀ ਨਾਲ?
14 ਸੱਤਰ ਸਾਲਾਂ ਦੀ ਵਿਰਾਨੀ ਤੋਂ ਬਾਅਦ, ਇਮਾਰਤਾਂ ਦੇ ਖੰਡਰਾਂ ਉੱਤੇ ਜੰਗਲੀ ਘਾਹ-ਫੂਸ ਉੱਗ ਆਇਆ ਹੋਣਾ। ਯਰੂਸ਼ਲਮ ਦੀ ਕੰਧ ਡਿਗੀ ਹੋਈ ਸੀ, ਅਤੇ ਜਿੱਥੇ ਫਾਟਕ ਅਤੇ ਬੁਰਜ ਹੁੰਦੇ ਸਨ ਉੱਥੇ ਵੱਡੇ-ਵੱਡੇ ਖੱਪੇ ਪਏ ਹੋਏ ਸਨ। ਫਿਰ ਵੀ, ਵਾਪਸ ਮੁੜੇ ਯਹੂਦੀਆਂ ਨੇ ਹੌਸਲਾ ਨਹੀਂ ਹਾਰਿਆ। ਉਨ੍ਹਾਂ ਨੇ ਹੈਕਲ ਦੀ ਜਗ੍ਹਾ ਤੇ ਵੇਦੀ ਬਣਾਈ ਅਤੇ ਯਹੋਵਾਹ ਨੂੰ ਰੋਜ਼ਾਨਾ ਬਲੀਆਂ ਚੜ੍ਹਾਉਣੀਆਂ ਸ਼ੁਰੂ ਕੀਤੀਆਂ।
15 ਇਹ ਇਕ ਚੰਗੀ ਸ਼ੁਰੂਆਤ ਸੀ, ਲੇਕਿਨ ਉਹ ਮੁੜ ਬਹਾਲ ਕੀਤਾ ਗਿਆ ਯਰੂਸ਼ਲਮ ਫਿਰ ਕਦੀ ਵੀ ਅਜਿਹੇ ਰਾਜ ਦੀ ਰਾਜਧਾਨੀ ਨਹੀਂ ਬਣੇਗਾ ਜਿਸ ਵਿਚ ਰਾਜਾ ਦਾਊਦ ਦੇ ਵੰਸ਼ ਵਿੱਚੋਂ ਇਕ ਸੰਤਾਨ ਰਾਜ-ਗੱਦੀ ਉੱਤੇ ਬੈਠ ਕੇ ਰਾਜ ਕਰੇ। ਇਸ ਦੀ ਬਜਾਇ, ਬਾਬਲ ਦੇ ਜੇਤੂਆਂ ਦੁਆਰਾ ਨਿਯੁਕਤ ਕੀਤੇ ਗਏ ਹਾਕਮ ਨੇ ਯਹੂਦੀਆਂ ਉੱਤੇ ਰਾਜ ਕੀਤਾ ਅਤੇ ਯਹੂਦੀਆਂ ਨੂੰ ਆਪਣੇ ਫ਼ਾਰਸੀ ਮਾਲਕਾਂ ਨੂੰ ਕਰ ਦੇਣਾ ਪਿਆ। (ਨਹਮਯਾਹ 9:34-37) ਭਾਵੇਂ ਕਿ ਯਰੂਸ਼ਲਮ ਇਕ ‘ਲਤਾੜੀ ਹੋਈ’ ਸਥਿਤੀ ਵਿਚ ਸੀ, ਫਿਰ ਵੀ ਉਹ ਧਰਤੀ ਉੱਤੇ ਇੱਕੋ-ਇਕ ਸ਼ਹਿਰ ਸੀ ਜਿਸ ਉੱਤੇ ਯਹੋਵਾਹ ਪਰਮੇਸ਼ੁਰ ਦੀ ਖ਼ਾਸ ਮਿਹਰ ਸੀ। (ਲੂਕਾ 21:24) ਸ਼ੁੱਧ ਉਪਾਸਨਾ ਦੇ ਕੇਂਦਰ ਵਜੋਂ, ਇਸ ਨੇ ਰਾਜਾ ਦਾਊਦ ਦੇ ਵੰਸ਼ ਵਿੱਚੋਂ ਇਕ ਸੰਤਾਨ ਦੁਆਰਾ ਧਰਤੀ ਉੱਤੇ ਆਪਣੀ ਸਰਬਸੱਤਾ ਚਲਾਉਣ ਦੇ ਪਰਮੇਸ਼ੁਰ ਦੇ ਹੱਕ ਨੂੰ ਵੀ ਦਰਸਾਇਆ।
ਝੂਠੇ ਧਾਰਮਿਕ ਗੁਆਂਢੀਆਂ ਦੁਆਰਾ ਵਿਰੋਧ
16. ਬਾਬਲ ਤੋਂ ਵਾਪਸ ਆਏ ਯਹੂਦੀਆਂ ਨੇ ਯਰੂਸ਼ਲਮ ਦੀ ਮੁੜ ਉਸਾਰੀ ਕਰਨੀ ਕਿਉਂ ਬੰਦ ਕਰ ਦਿੱਤੀ?
16 ਕੈਦ ਵਿੱਚੋਂ ਯਰੂਸ਼ਲਮ ਨੂੰ ਵਾਪਸ ਆਉਣ ਵਾਲੇ ਯਹੂਦੀਆਂ ਨੇ ਜਲਦੀ ਹੀ ਇਕ ਨਵੀਂ ਹੈਕਲ ਦੀ ਨੀਂਹ ਰੱਖ ਦਿੱਤੀ। ਲੇਕਿਨ ਗੁਆਂਢ ਵਿਚ ਝੂਠੇ ਧਰਮ ਨੂੰ ਮੰਨਣ ਵਾਲਿਆਂ ਨੇ ਫ਼ਾਰਸ ਦੇ ਪਾਤਸ਼ਾਹ, ਅਰਤਹਸ਼ਸ਼ਤਾ ਨੂੰ ਇਕ ਤੁਹਮਤ-ਭਰੀ ਚਿੱਠੀ ਭੇਜੀ, ਜਿਸ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਯਹੂਦੀ ਬਗਾਵਤ ਕਰਨਗੇ। ਇਸ ਲਈ, ਅਰਤਹਸ਼ਸ਼ਤਾ ਨੇ ਯਰੂਸ਼ਲਮ ਵਿਚ ਹੋਰ ਉਸਾਰੀ ਕਰਨ ਤੇ ਪਾਬੰਦੀ ਲਾ ਦਿੱਤੀ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇਕਰ ਤੁਸੀਂ ਉਦੋਂ ਉਸ ਸ਼ਹਿਰ ਵਿਚ ਰਹਿੰਦੇ ਹੁੰਦੇ ਤਾਂ ਤੁਸੀਂ ਇਹ ਸੋਚਦੇ ਕਿ ਯਰੂਸ਼ਲਮ ਦਾ ਕੀ ਬਣੇਗਾ। ਹੋਇਆ ਇਹ ਕਿ ਯਹੂਦੀਆਂ ਨੇ ਹੈਕਲ ਦੀ ਉਸਾਰੀ ਬੰਦ ਕਰ ਦਿੱਤੀ ਅਤੇ ਉਹ ਆਪਣੇ ਹੀ ਭੌਤਿਕ ਕੰਮਾਂ ਵਿਚ ਰੁੱਝ ਗਏ।—ਅਜ਼ਰਾ 4:11-24; ਹੱਜਈ 1:2-6.
17, 18. ਯਹੋਵਾਹ ਨੇ ਕਿਨ੍ਹਾਂ ਦੇ ਜ਼ਰੀਏ ਇਹ ਨਿਸ਼ਚਿਤ ਕੀਤਾ ਕਿ ਯਰੂਸ਼ਲਮ ਮੁੜ ਉਸਾਰਿਆ ਜਾਵੇ?
17 ਉਨ੍ਹਾਂ ਦੀ ਵਾਪਸੀ ਤੋਂ ਕੁਝ 17 ਸਾਲ ਬਾਅਦ, ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਸੋਚਣੀ ਨੂੰ ਸੁਧਾਰਨ ਲਈ ਨਬੀ ਹੱਜਈ ਅਤੇ ਜ਼ਕਰਯਾਹ ਨੂੰ ਨਿਯੁਕਤ ਕੀਤਾ। ਤੋਬਾ ਕਰਨ ਲਈ ਪ੍ਰੇਰਿਤ ਹੋ ਕੇ ਯਹੂਦੀਆਂ ਨੇ ਹੈਕਲ ਨੂੰ ਮੁੜ ਉਸਾਰਨ ਦਾ ਕੰਮ ਸ਼ੁਰੂ ਕੀਤਾ। ਇਸ ਦੌਰਾਨ, ਦਾਰਾ, ਫ਼ਾਰਸ ਦਾ ਪਾਤਸ਼ਾਹ ਬਣ ਗਿਆ ਸੀ। ਉਸ ਨੇ ਖੋਰੁਸ ਪਾਤਸ਼ਾਹ ਦੇ ਹੁਕਮ ਨੂੰ ਤਸਦੀਕ ਕੀਤਾ ਕਿ ਯਰੂਸ਼ਲਮ ਦੀ ਹੈਕਲ ਮੁੜ ਉਸਾਰੀ ਜਾਵੇ। ਦਾਰਾ ਨੇ ਯਹੂਦੀਆਂ ਦੇ ਗੁਆਂਢੀਆਂ ਨੂੰ ਚਿੱਠੀ ਭੇਜੀ, ਅਤੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ‘ਉਹ ਯਰੂਸ਼ਲਮ ਤੋਂ ਪਰ੍ਹੇ ਰਹਿਣ’ ਅਤੇ ਕਿ ਉਹ ਪਾਤਸ਼ਾਹ ਦੇ ਕਰ ਵਿੱਚੋਂ ਮਾਇਕ ਸਹਾਇਤਾ ਦੇਣ ਤਾਂਕਿ ਉਸਾਰੀ ਦਾ ਕੰਮ ਪੂਰਾ ਕੀਤਾ ਜਾ ਸਕੇ।—ਅਜ਼ਰਾ 6:1-13.
18 ਯਹੂਦੀਆਂ ਨੇ ਵਾਪਸੀ ਦੇ 22ਵੇਂ ਸਾਲ ਵਿਚ ਹੈਕਲ ਦੀ ਉਸਾਰੀ ਨੂੰ ਪੂਰਾ ਕੀਤਾ। ਤੁਸੀਂ ਸਮਝ ਸਕਦੇ ਹੋ ਕਿ ਇਹ ਮਹੱਤਵਪੂਰਣ ਘਟਨਾ ਵੱਡਾ ਆਨੰਦ ਮਨਾਉਣ ਦਾ ਕਾਰਨ ਸੀ। ਫਿਰ ਵੀ, ਕਾਫ਼ੀ ਹੱਦ ਤਕ, ਯਰੂਸ਼ਲਮ ਅਤੇ ਉਸ ਦੀਆਂ ਕੰਧਾਂ ਹਾਲੇ ਵੀ ਢਹੀਆਂ ਹੋਈਆਂ ਸਨ। “ਨਹਮਯਾਹ ਹਾਕਮ ਅਤੇ ਅਜ਼ਰਾ ਜਾਜਕ ਤੇ ਲਿਖਾਰੀ ਦੇ ਦਿਨਾਂ ਵਿੱਚ” ਸ਼ਹਿਰ ਵੱਲ ਲੋੜੀਂਦਾ ਧਿਆਨ ਦਿੱਤਾ ਗਿਆ। (ਨਹਮਯਾਹ 12:26, 27) ਸਪੱਸ਼ਟ ਹੈ ਕਿ ਪੰਜਵੀਂ ਸਦੀ ਸਾ.ਯੁ.ਪੂ. ਦੇ ਅੰਤ ਤਕ, ਯਰੂਸ਼ਲਮ ਪ੍ਰਾਚੀਨ ਸੰਸਾਰ ਦੇ ਇਕ ਮੁੱਖ ਸ਼ਹਿਰ ਵਜੋਂ ਪੂਰੀ ਤਰ੍ਹਾਂ ਮੁੜ ਉਸਾਰਿਆ ਗਿਆ ਸੀ।
ਮਸੀਹਾ ਪ੍ਰਗਟ ਹੁੰਦਾ ਹੈ!
19. ਮਸੀਹਾ ਨੇ ਯਰੂਸ਼ਲਮ ਦੇ ਖ਼ਾਸ ਰੁਤਬੇ ਨੂੰ ਕਿਸ ਤਰ੍ਹਾਂ ਸਵੀਕਾਰ ਕੀਤਾ?
19 ਲੇਕਿਨ, ਆਓ ਅਸੀਂ ਹੁਣ ਕੁਝ ਸਦੀਆਂ ਅੱਗੇ ਇਕ ਅਜਿਹੀ ਘਟਨਾ ਉੱਤੇ ਗੌਰ ਕਰੀਏ ਜਿਸ ਦੀ ਵਿਸ਼ਵ-ਵਿਆਪੀ ਮਹੱਤਤਾ ਹੈ, ਯਾਨੀ ਯਿਸੂ ਮਸੀਹ ਦਾ ਜਨਮ। ਯਹੋਵਾਹ ਪਰਮੇਸ਼ੁਰ ਦੇ ਦੂਤ ਨੇ ਯਿਸੂ ਦੀ ਕੁਆਰੀ ਮਾਂ ਨੂੰ ਦੱਸਿਆ: “ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। . . . ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।” (ਲੂਕਾ 1:32, 33) ਕਈ ਸਾਲ ਬਾਅਦ, ਯਿਸੂ ਨੇ ਆਪਣਾ ਮਸ਼ਹੂਰ ਪਹਾੜੀ ਉਪਦੇਸ਼ ਦਿੱਤਾ। ਉਸ ਵਿਚ, ਉਸ ਨੇ ਉਤਸ਼ਾਹ ਅਤੇ ਅਨੇਕ ਮਾਮਲਿਆਂ ਵਿਚ ਸਲਾਹ ਦਿੱਤੀ। ਉਦਾਹਰਣ ਵਜੋਂ, ਉਸ ਨੇ ਆਪਣੇ ਸੁਣਨ ਵਾਲਿਆਂ ਨੂੰ ਤਾਕੀਦ ਕੀਤੀ ਕਿ ਉਹ ਪਰਮੇਸ਼ੁਰ ਪ੍ਰਤੀ ਆਪਣੀਆਂ ਸੌਂਹਾਂ ਨੂੰ ਪੂਰਾ ਕਰਨ, ਲੇਕਿਨ ਐਵੇਂ ਬਿਨਾਂ ਸੋਚੇ-ਸਮਝੇ ਸੌਂਹਾਂ ਖਾਣ ਤੋਂ ਸਾਵਧਾਨ ਰਹਿਣ। ਯਿਸੂ ਨੇ ਕਿਹਾ: “ਤੁਸਾਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ ਭਈ ਤੂੰ ਝੂਠੀ ਸੌਂਹ ਨਾ ਖਾਹ ਪਰ ਪ੍ਰਭੁ ਦੇ ਲਈ ਆਪਣੀਆਂ ਸੌਂਹਾਂ ਪੂਰੀਆਂ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਕਦੇ ਵੀ ਸੌਂਹ ਨਾ ਖਾਣੀ, ਨਾ ਅਕਾਸ਼ ਦੀ ਇਸ ਲਈ ਜੋ ਉਹ ਪਰਮੇਸ਼ੁਰ ਦਾ ਸਿੰਘਾਸਣ ਹੈ। ਅਤੇ ਨਾ ਧਰਤੀ ਦੀ ਇਸ ਲਈ ਜੋ ਉਹ ਉਸ ਦੇ ਚਰਨਾਂ ਦੀ ਚੌਂਕੀ ਹੈ ਅਤੇ ਨਾ ਯਰੂਸ਼ਲਮ ਦੀ ਇਸ ਲਈ ਜੋ ਉਹ ਮਹਾਰਾਜ ਦਾ ਸ਼ਹਿਰ ਹੈ।” (ਮੱਤੀ 5:33-35) ਇਹ ਧਿਆਨਯੋਗ ਹੈ ਕਿ ਯਿਸੂ ਨੇ ਯਰੂਸ਼ਲਮ ਦੇ ਖ਼ਾਸ ਰੁਤਬੇ ਨੂੰ ਸਵੀਕਾਰ ਕੀਤਾ—ਅਜਿਹਾ ਰੁਤਬਾ ਜਿਸ ਦਾ ਆਨੰਦ ਯਰੂਸ਼ਲਮ ਸਦੀਆਂ ਤੋਂ ਮਾਣਦਾ ਆਇਆ ਸੀ। ਹਾਂ, ਇਹ “ਮਹਾਰਾਜ,” ਯਹੋਵਾਹ ਪਰਮੇਸ਼ੁਰ “ਦਾ ਸ਼ਹਿਰ” ਸੀ।
20, 21. ਯਰੂਸ਼ਲਮ ਵਿਚ ਰਹਿਣ ਵਾਲੇ ਕਈ ਲੋਕਾਂ ਦੇ ਰਵੱਈਏ ਵਿਚ ਕਿਹੜੀ ਵੱਡੀ ਤਬਦੀਲੀ ਆਈ?
20 ਧਰਤੀ ਉੱਤੇ ਆਪਣੇ ਜੀਵਨ ਦੇ ਆਖ਼ਰੀ ਸਮੇਂ ਵਿਚ, ਯਿਸੂ ਨੇ ਯਰੂਸ਼ਲਮ ਦੇ ਵਾਸੀਆਂ ਸਾਮ੍ਹਣੇ ਆਪਣੇ ਆਪ ਨੂੰ ਉਨ੍ਹਾਂ ਦੇ ਮਸਹ ਕੀਤੇ ਹੋਏ ਰਾਜੇ ਵਜੋਂ ਪੇਸ਼ ਕੀਤਾ। ਉਸ ਆਨੰਦ-ਭਰੀ ਘਟਨਾ ਦੇ ਜਵਾਬ ਵਿਚ, ਕਈਆਂ ਨੇ ਖ਼ੁਸ਼ੀ ਨਾਲ ਉੱਚੀ ਆਵਾਜ਼ ਵਿਚ ਕਿਹਾ: “ਮੁਬਾਰਕ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ! ਮੁਬਾਰਕ ਸਾਡੇ ਪਿਤਾ ਦਾਊਦ ਦਾ ਰਾਜ ਜਿਹੜਾ ਆਉਂਦਾ ਹੈ!”—ਮਰਕੁਸ 11:1-10; ਯੂਹੰਨਾ 12:12-15.
21 ਲੇਕਿਨ, ਇਕ ਹਫ਼ਤੇ ਦੇ ਅੰਦਰ-ਅੰਦਰ, ਯਰੂਸ਼ਲਮ ਦੇ ਧਾਰਮਿਕ ਆਗੂਆਂ ਦੇ ਉਕਸਾਉਣ ਤੇ ਇਹ ਲੋਕ ਯਿਸੂ ਦੇ ਵਿਰੁੱਧ ਹੋ ਗਏ। ਯਿਸੂ ਨੇ ਚੇਤਾਵਨੀ ਦਿੱਤੀ ਕਿ ਯਰੂਸ਼ਲਮ ਸ਼ਹਿਰ ਅਤੇ ਸਾਰੀ ਕੌਮ ਪਰਮੇਸ਼ੁਰ ਸਾਮ੍ਹਣੇ ਆਪਣੇ ਖ਼ਾਸ ਰੁਤਬੇ ਨੂੰ ਗੁਆ ਬੈਠਣਗੇ। (ਮੱਤੀ 21:23, 33-45; 22:1-7) ਉਦਾਹਰਣ ਵਜੋਂ, ਯਿਸੂ ਨੇ ਐਲਾਨ ਕੀਤਾ: “ਹੇ ਯਰੂਸ਼ਲਮ ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਗਏ ਪਥਰਾਉ ਕਰਦਾ ਹੈਂ ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠੇ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ। ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।” (ਮੱਤੀ 23:37, 38) ਸੰਨ 33 ਸਾ.ਯੁ. ਦੇ ਪਸਾਹ ਦੇ ਸਮੇਂ ਤੇ, ਯਿਸੂ ਦੇ ਵਿਰੋਧੀਆਂ ਨੇ ਯਰੂਸ਼ਲਮ ਤੋਂ ਬਾਹਰ ਉਸ ਨੂੰ ਬਿਨਾਂ ਕਿਸੇ ਦੋਸ਼ ਦੇ ਸੂਲੀ ਉੱਤੇ ਚੜ੍ਹਵਾ ਦਿੱਤਾ। ਫਿਰ ਵੀ, ਯਹੋਵਾਹ ਨੇ ਆਪਣੇ ਮਸਹ ਕੀਤੇ ਹੋਏ ਨੂੰ ਜੀ ਉਠਾਇਆ ਅਤੇ ਉਸ ਨੂੰ ਸਵਰਗੀ ਸੀਯੋਨ ਵਿਚ ਆਤਮਿਕ ਜੀਵਨ ਦੇ ਕੇ ਮਹਿਮਾ ਦਿੱਤੀ, ਇਕ ਅਜਿਹੀ ਪ੍ਰਾਪਤੀ ਜਿਸ ਤੋਂ ਅਸੀਂ ਸਾਰੇ ਫ਼ਾਇਦਾ ਉਠਾ ਸਕਦੇ ਹਾਂ।—ਰਸੂਲਾਂ ਦੇ ਕਰਤੱਬ 2:32-36.
22. ਯਿਸੂ ਦੀ ਮੌਤ ਤੋਂ ਬਾਅਦ, ਯਰੂਸ਼ਲਮ ਦਾ ਜ਼ਿਕਰ ਕਰਨ ਵਾਲੇ ਕਈ ਹਵਾਲੇ ਕਿਸ ਉੱਤੇ ਲਾਗੂ ਹੋਏ ਹਨ?
22 ਉਸ ਸਮੇਂ ਤੋਂ, ਸੀਯੋਨ ਜਾਂ ਯਰੂਸ਼ਲਮ ਬਾਰੇ ਜ਼ਿਆਦਾਤਰ ਅਪੂਰੀਆਂ ਭਵਿੱਖਬਾਣੀਆਂ ਬਾਰੇ ਇਹ ਸਮਝਿਆ ਜਾ ਸਕਦਾ ਹੈ ਕਿ ਉਹ ਸਵਰਗੀ ਇੰਤਜ਼ਾਮ ਜਾਂ ਯਿਸੂ ਦੇ ਮਸਹ ਕੀਤੇ ਹੋਏ ਪੈਰੋਕਾਰਾਂ ਉੱਤੇ ਲਾਗੂ ਹੁੰਦੀਆਂ ਹਨ। (ਜ਼ਬੂਰ 2:6-8; 110:1-4; ਯਸਾਯਾਹ 2:2-4; 65:17, 18; ਜ਼ਕਰਯਾਹ 12:3; 14:12, 16, 17) ਯਿਸੂ ਦੀ ਮੌਤ ਤੋਂ ਬਾਅਦ ਲਿਖੇ ਗਏ ਕਈ ਹਵਾਲੇ ਜੋ “ਯਰੂਸ਼ਲਮ” ਜਾਂ “ਸੀਯੋਨ” ਦਾ ਜ਼ਿਕਰ ਕਰਦੇ ਹਨ, ਸਪੱਸ਼ਟ ਤੌਰ ਤੇ ਲਾਖਣਿਕ ਅਰਥ ਰੱਖਦੇ ਹਨ ਅਤੇ ਅਸਲੀ ਸ਼ਹਿਰ ਜਾਂ ਜਗ੍ਹਾ ਉੱਤੇ ਲਾਗੂ ਨਹੀਂ ਹੁੰਦੇ ਹਨ। (ਗਲਾਤੀਆਂ 4:26; ਇਬਰਾਨੀਆਂ 12:22; 1 ਪਤਰਸ 2:6; ਪਰਕਾਸ਼ ਦੀ ਪੋਥੀ 3:12; 14:1; 21:2, 10) ਅਖ਼ੀਰਲਾ ਸਬੂਤ ਕਿ ਯਰੂਸ਼ਲਮ ਹੁਣ “ਮਹਾਰਾਜ ਦਾ ਸ਼ਹਿਰ” ਨਹੀਂ ਰਿਹਾ, 70 ਸਾ.ਯੁ. ਵਿਚ ਮਿਲਿਆ ਜਦੋਂ ਰੋਮੀ ਫ਼ੌਜਾਂ ਨੇ ਉਸ ਨੂੰ ਉਜਾੜ ਦਿੱਤਾ, ਜਿਵੇਂ ਦਾਨੀਏਲ ਅਤੇ ਯਿਸੂ ਮਸੀਹ ਦੁਆਰਾ ਪਹਿਲਾਂ ਤੋਂ ਹੀ ਦੱਸਿਆ ਗਿਆ ਸੀ। (ਦਾਨੀਏਲ 9:26; ਲੂਕਾ 19:41-44) ਨਾ ਬਾਈਬਲ ਲਿਖਾਰੀਆਂ ਨੇ ਅਤੇ ਨਾ ਹੀ ਯਿਸੂ ਨੇ ਭਵਿੱਖਬਾਣੀ ਕੀਤੀ ਕਿ ਧਰਤੀ ਉੱਤੇ ਯਰੂਸ਼ਲਮ ਨੂੰ ਫਿਰ ਕਦੀ ਯਹੋਵਾਹ ਪਰਮੇਸ਼ੁਰ ਦੀ ਖ਼ਾਸ ਮਿਹਰ ਪ੍ਰਾਪਤ ਹੋਵੇਗੀ ਜਿਸ ਦਾ ਉਹ ਪਹਿਲਾਂ ਆਨੰਦ ਮਾਣਦਾ ਸੀ।—ਗਲਾਤੀਆਂ 4:25; ਇਬਰਾਨੀਆਂ 13:14.
ਸਥਾਈ ਸ਼ਾਂਤੀ ਦੀਆਂ ਪੂਰਵ-ਝਲਕਾਂ
23. ਸਾਨੂੰ ਯਰੂਸ਼ਲਮ ਵਿਚ ਹਾਲੇ ਵੀ ਕਿਉਂ ਦਿਲਚਸਪੀ ਦਿਖਾਉਣੀ ਚਾਹੀਦੀ ਹੈ?
23 ਧਰਤੀ ਉੱਤੇ ਯਰੂਸ਼ਲਮ ਦੇ ਮੁਢਲੇ ਇਤਿਹਾਸ ਉੱਤੇ ਵਿਚਾਰ ਕਰਨ ਤੋਂ ਬਾਅਦ, ਅਸੀਂ ਇਸ ਗੱਲ ਤੋਂ ਮੁੱਕਰ ਨਹੀਂ ਸਕਦੇ ਕਿ ਉਹ ਸ਼ਹਿਰ ਰਾਜਾ ਸੁਲੇਮਾਨ ਦੇ ਸ਼ਾਂਤਮਈ ਰਾਜ ਦੌਰਾਨ ਆਪਣੇ ਨਾਂ ਦੇ ਅਰਥ ਤੇ ਪੂਰਾ ਉੱਤਰਿਆ—“ਦੂਹਰੀ ਸ਼ਾਂਤੀ ਹੋਣੀ [ਜਾਂ, ਦੂਹਰੀ ਸ਼ਾਂਤੀ ਦੀ ਨੀਂਹ]।” ਲੇਕਿਨ, ਇਹ ਸਿਰਫ਼ ਉਸ ਸ਼ਾਂਤੀ ਅਤੇ ਖ਼ੁਸ਼ਹਾਲੀ ਦੀ ਇਕ ਪੂਰਵ-ਝਲਕ ਸੀ ਜਿਸ ਦਾ ਆਨੰਦ ਪਰਾਦੀਸੀ ਧਰਤੀ ਉੱਤੇ ਰਹਿਣ ਵਾਲੇ ਪਰਮੇਸ਼ੁਰ ਦੇ ਪ੍ਰੇਮੀ ਜਲਦੀ ਹੀ ਮਾਣਨਗੇ।—ਲੂਕਾ 23:43.
24. ਸੁਲੇਮਾਨ ਦੇ ਰਾਜ ਅਧੀਨ ਜੋ ਹਾਲਾਤ ਸਨ, ਉਨ੍ਹਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
24 ਰਾਜਾ ਸੁਲੇਮਾਨ ਦੇ ਰਾਜ ਦੌਰਾਨ ਜੋ ਹਾਲਾਤ ਸਨ, ਉਹ 72ਵੇਂ ਜ਼ਬੂਰ ਵਿਚ ਦੱਸੇ ਗਏ ਹਨ। ਲੇਕਿਨ ਉਹ ਵਧੀਆ ਗੀਤ ਮਸੀਹਾ, ਯਿਸੂ ਮਸੀਹ, ਦੇ ਸਵਰਗੀ ਰਾਜ ਅਧੀਨ ਮਨੁੱਖਜਾਤੀ ਉੱਤੇ ਆਉਣ ਵਾਲੀਆਂ ਬਰਕਤਾਂ ਦੀ ਭਵਿੱਖ-ਸੂਚਨਾ ਹੈ। ਯਿਸੂ ਬਾਰੇ, ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਉਹ ਦੇ ਦਿਨੀਂ ਧਰਮੀ ਲਹਿ ਲਹਾਉਣਗੇ, ਅਤੇ ਜਿੰਨਾ ਚਿਰ ਚੰਦਰਮਾ ਜਾਂਦਾ ਨਾ ਰਹੇ ਬਾਹਲਾ ਸੁਖ ਹੋਵੇਗਾ। . . . ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ, ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ [ਹੋਵੇਗਾ]।”—ਜ਼ਬੂਰ 72:7, 8, 12-14, 16.
25. ਯਰੂਸ਼ਲਮ ਬਾਰੇ ਹੋਰ ਸਿੱਖਣ ਦੀ ਸਾਡੀ ਕਿਉਂ ਇੱਛਾ ਹੋਣੀ ਚਾਹੀਦੀ ਹੈ?
25 ਯਰੂਸ਼ਲਮ ਵਿਚ ਜਾਂ ਧਰਤੀ ਉੱਤੇ ਕਿਸੇ ਵੀ ਜਗ੍ਹਾ ਤੇ ਰਹਿਣ ਵਾਲੇ ਪਰਮੇਸ਼ੁਰ ਦੇ ਪ੍ਰੇਮੀਆਂ ਨੂੰ ਇਹ ਸ਼ਬਦ ਕਿੰਨਾ ਦਿਲਾਸਾ ਅਤੇ ਆਸ ਦਿੰਦੇ ਹਨ! ਤੁਸੀਂ ਉਨ੍ਹਾਂ ਦੇ ਵਿਚ ਹੋ ਸਕਦੇ ਹੋ ਜੋ ਪਰਮੇਸ਼ੁਰ ਦੇ ਮਸੀਹਾਈ ਰਾਜ ਅਧੀਨ ਸੰਸਾਰ ਭਰ ਵਿਚ ਸ਼ਾਂਤੀ ਦਾ ਆਨੰਦ ਮਾਣਨਗੇ। ਯਰੂਸ਼ਲਮ ਦੇ ਅਤੀਤ ਬਾਰੇ ਜਾਣਕਾਰੀ ਮਨੁੱਖਜਾਤੀ ਲਈ ਪਰਮੇਸ਼ੁਰ ਦੇ ਮਕਸਦ ਨੂੰ ਸਮਝਣ ਵਿਚ ਸਾਡੀ ਮਦਦ ਕਰਦੀ ਹੈ। ਅਗਲੇ ਲੇਖ ਬਾਬਲੀ ਕੈਦ ਤੋਂ ਯਹੂਦੀਆਂ ਦੀ ਵਾਪਸੀ ਦੇ ਸੱਤਵੇਂ ਅਤੇ ਅੱਠਵੇਂ ਦਹਾਕੇ ਵਿਚ ਹੋਣ ਵਾਲੀਆਂ ਘਟਨਾਵਾਂ ਉੱਤੇ ਧਿਆਨ ਦੇਣਗੇ। ਇਹ ਉਨ੍ਹਾਂ ਸਾਰਿਆਂ ਨੂੰ ਦਿਲਾਸਾ ਦਿੰਦਾ ਹੈ ਜੋ ਮਹਾਰਾਜ, ਯਹੋਵਾਹ ਪਰਮੇਸ਼ੁਰ, ਨੂੰ ਸਵੀਕਾਰੀ ਉਪਾਸਨਾ ਦੇਣ ਦੀ ਇੱਛਾ ਰੱਖਦੇ ਹਨ।
[ਫੁਟਨੋਟ]
a “ਮਸੀਹਾ” (ਇਬਰਾਨੀ ਸ਼ਬਦ ਤੋਂ ਲਿਆ ਗਿਆ) ਅਤੇ “ਮਸੀਹ” (ਯੂਨਾਨੀ ਤੋਂ) ਦੋਵੇਂ ਖ਼ਿਤਾਬਾਂ ਦਾ ਅਰਥ “ਮਸਹ ਕੀਤਾ ਹੋਇਆ” ਹੈ।
ਕੀ ਤੁਹਾਨੂੰ ਯਾਦ ਹੈ?
◻ ਯਰੂਸ਼ਲਮ “ਯਹੋਵਾਹ ਦੇ ਸਿੰਘਾਸਣ” ਦੀ ਜਗ੍ਹਾ ਕਿਸ ਤਰ੍ਹਾਂ ਬਣਿਆ?
◻ ਸੱਚੀ ਉਪਾਸਨਾ ਨੂੰ ਅੱਗੇ ਵਧਾਉਣ ਵਿਚ ਸੁਲੇਮਾਨ ਨੇ ਕਿਹੜੀ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਸੀ?
◻ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਰੂਸ਼ਲਮ ਯਹੋਵਾਹ ਦੀ ਉਪਾਸਨਾ ਦਾ ਕੇਂਦਰ ਨਹੀਂ ਰਿਹਾ?
◻ ਯਰੂਸ਼ਲਮ ਬਾਰੇ ਹੋਰ ਸਿੱਖਿਆ ਹਾਸਲ ਕਰਨ ਵਿਚ ਅਸੀਂ ਕਿਉਂ ਦਿਲਚਸਪੀ ਰੱਖਦੇ ਹਾਂ?
[ਸਫ਼ੇ 16 ਉੱਤੇ ਤਸਵੀਰ]
ਦਾਊਦ ਦਾ ਸ਼ਹਿਰ ਦੱਖਣੀ ਪਹਾੜ ਉਤੇ ਸੀ, ਲੇਕਿਨ ਸੁਲੇਮਾਨ ਨੇ ਸ਼ਹਿਰ ਨੂੰ ਉਤਰ ਵੱਲ ਵਧਾਇਆ ਅਤੇ ਹੈਕਲ ਬਣਾਈ
[ਕ੍ਰੈਡਿਟ ਲਾਈਨ]
Pictorial Archive (Near Eastern History) Est.
[ਸਫ਼ੇ 15 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Pictorial Archive (Near Eastern History) Est.