ਪਰਮੇਸ਼ੁਰ ਨੂੰ ਜਾਣੋ
ਉਹ “ਇਨਸਾਨ ਦੇ ਦਿਲ ਨੂੰ ਜਾਣਨ ਵਾਲਾ” ਹੈ
ਸਾਡੇ ਵਿੱਚੋਂ ਐਸਾ ਕੌਣ ਹੈ ਜਿਸ ਨੇ ਕਦੀ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਨਾ ਕੀਤਾ ਹੋਵੇ? ਸਾਨੂੰ ਕਦੇ-ਕਦੇ ਲੱਗਦਾ ਹੈ ਕਿ ਦੁਨੀਆਂ ਵਿਚ ਕੋਈ ਵੀ ਨਹੀਂ ਸਮਝਦਾ ਕਿ ਸਾਡੇ ਦਿਲ ʼਤੇ ਕੀ ਬੀਤ ਰਹੀ ਹੈ ਤੇ ਅਸੀਂ ਕਿੰਨੇ ਦੁਖੀ ਹਾਂ। ਪਰ ਅਸਲ ਵਿਚ ਕੋਈ ਹੈ ਜੋ ਸਾਨੂੰ ਚੰਗੀ ਤਰ੍ਹਾਂ ਜਾਣਦਾ ਅਤੇ ਸਮਝਦਾ ਹੈ। ਉਹ ਹੈ ਯਹੋਵਾਹ ਪਰਮੇਸ਼ੁਰ। ਅਸੀਂ 2 ਇਤਹਾਸ 6:29, 30 ਵਿਚ ਸੁਲੇਮਾਨ ਦੇ ਸ਼ਬਦਾਂ ਤੋਂ ਦਿਲਾਸਾ ਪਾ ਸਕਦੇ ਹਾਂ।
ਸੁਲੇਮਾਨ ਨੇ ਪ੍ਰਾਰਥਨਾ ਵਿਚ ਇਹ ਸ਼ਬਦ 1026 ਈ. ਪੂ. ਵਿਚ ਉਦੋਂ ਕਹੇ ਜਦੋਂ ਯਰੂਸ਼ਲਮ ਵਿਚ ਯਹੋਵਾਹ ਦੇ ਭਵਨ ਦਾ ਉਦਘਾਟਨ ਹੋ ਰਿਹਾ ਸੀ। ਦੱਸਾਂ ਕੁ ਮਿੰਟਾਂ ਦੀ ਇਸ ਪ੍ਰਾਰਥਨਾ ਦੌਰਾਨ ਸੁਲੇਮਾਨ ਨੇ ਯਹੋਵਾਹ ਦੀ ਦਿਲੋਂ ਵਡਿਆਈ ਕੀਤੀ ਕਿ ਉਹ ਭਲਾਈ ਕਰਨ ਵਾਲਾ ਪਰਮੇਸ਼ੁਰ ਹੈ, ਹਮੇਸ਼ਾ ਆਪਣੇ ਵਾਅਦੇ ਨਿਭਾਉਂਦਾ ਹੈ ਅਤੇ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ।—1 ਰਾਜਿਆਂ 8:23-53; 2 ਇਤਹਾਸ 6:14-42.
ਸੁਲੇਮਾਨ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਭਗਤਾਂ ਦੀ ਅਰਦਾਸ ਸੁਣੇ। (ਆਇਤ 29) ਭਾਵੇਂ ਕਿ ਸੁਲੇਮਾਨ ਨੇ ਕਈ ਦੁੱਖਾਂ ਦਾ ਜ਼ਿਕਰ ਕੀਤਾ (ਆਇਤ 28), ਫਿਰ ਵੀ ਉਸ ਨੇ ਕਿਹਾ ਕਿ ਹਰ ਭਗਤ ਆਪੋ-ਆਪਣਾ “ਦੁਖ ਅਤੇ ਰੰਜ” ਜਾਣਦਾ ਹੈ। ਸਾਰਿਆਂ ਨੂੰ ਆਪੋ-ਆਪਣੇ ਦੁੱਖ ਨੇ ਮਾਰਿਆ ਹੋਇਆ ਹੈ।
ਸਾਡਾ ਦੁੱਖ ਜੋ ਵੀ ਹੋਵੇ, ਪਰਮੇਸ਼ੁਰ ਦੇ ਵਫ਼ਾਦਾਰ ਭਗਤਾਂ ਨੂੰ ਆਪਣਾ ਭਾਰ ਆਪ ਹੀ ਚੁੱਕਣ ਦੀ ਲੋੜ ਨਹੀਂ ਹੈ। ਆਪਣੀ ਪ੍ਰਾਰਥਨਾ ਵਿਚ ਸੁਲੇਮਾਨ ਵੱਖੋ-ਵੱਖਰੇ ਭਗਤਾਂ ਬਾਰੇ ਸੋਚ ਰਿਹਾ ਸੀ ਜੋ ਪ੍ਰਾਰਥਨਾ ਵਿਚ ਯਹੋਵਾਹ ਦੇ ਸਾਮ੍ਹਣੇ ‘ਆਪਣੇ ਹੱਥ ਅੱਡਣਗੇ।’ ਸ਼ਾਇਦ ਸੁਲੇਮਾਨ ਨੂੰ ਆਪਣੇ ਪਿਤਾ ਦਾਊਦ ਦੀ ਗੱਲ ਯਾਦ ਆਈ ਹੋਵੇ ਜਿਸ ਨੇ ਬਹੁਤ ਦੁੱਖ ਸਹਿੰਦੇ ਹੋਏ ਇਕ ਵਾਰ ਕਿਹਾ ਸੀ ਕਿ “ਆਪਣਾ ਭਾਰ ਯਹੋਵਾਹ ਉੱਤੇ ਸੁੱਟ।”—ਜ਼ਬੂਰਾਂ ਦੀ ਪੋਥੀ 55:4, 22.
ਯਹੋਵਾਹ ਸੱਚੇ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦਾ ਕਿਵੇਂ ਜਵਾਬ ਦਿੰਦਾ ਹੈ? ਸੁਲੇਮਾਨ ਯਹੋਵਾਹ ਨੂੰ ਬੇਨਤੀ ਕਰਦਾ ਹੈ: ‘ਤੂੰ ਆਪਣੇ ਸੁਰਗੀ ਭਵਨ ਤੋਂ ਸੁਣ ਕੇ ਖਿਮਾ ਕਰੀਂ ਅਤੇ ਤੂੰ ਉਸ ਦੀ ਚਾਲ ਅਨੁਸਾਰ ਬਦਲਾ ਦੇਈਂ।’ (ਆਇਤ 30) ਸੁਲੇਮਾਨ ਜਾਣਦਾ ਸੀ ਕਿ ‘ਪ੍ਰਾਰਥਨਾ ਦਾ ਸੁਣਨ ਵਾਲਾ’ ਆਪਣੇ ਸਾਰੇ ਭਗਤਾਂ ਦਾ ਫ਼ਿਕਰ ਹੀ ਨਹੀਂ ਕਰਦਾ, ਸਗੋਂ ਉਸ ਨੂੰ ਆਪਣਾ ਹਰੇਕ ਭਗਤ ਪਿਆਰਾ ਹੈ। (ਜ਼ਬੂਰਾਂ ਦੀ ਪੋਥੀ 65:2) ਯਹੋਵਾਹ ਨਾ ਸਿਰਫ਼ ਆਪਣੇ ਭਗਤਾਂ ਦੀ ਮਦਦ ਕਰਦਾ ਹੈ, ਪਰ ਉਹ ਦਿਲੋਂ ਤੋਬਾ ਕਰਨ ਵਾਲੇ ਪਾਪੀਆਂ ਨੂੰ ਵੀ ਮਾਫ਼ ਕਰਦਾ ਹੈ।—2 ਇਤਹਾਸ 6:36-39.
ਸੁਲੇਮਾਨ ਨੂੰ ਕਿਉਂ ਭਰੋਸਾ ਸੀ ਕਿ ਯਹੋਵਾਹ ਤੋਬਾ ਕਰਨ ਵਾਲੇ ਭਗਤਾਂ ਦੀ ਪ੍ਰਾਰਥਨਾ ਦਾ ਜਵਾਬ ਦੇਵੇਗਾ? ਉਸ ਨੇ ਆਪਣੀ ਪ੍ਰਾਰਥਨਾ ਵਿਚ ਅਗਾਹਾਂ ਕਿਹਾ: “ਕਿਉਂ ਜੋ ਤੂੰ ਹੀ ਇਨਸਾਨ ਦੇ ਦਿਲ ਨੂੰ ਜਾਣਨ ਵਾਲਾ ਹੈਂ।” ਯਹੋਵਾਹ ਆਪਣੇ ਹਰ ਵਫ਼ਾਦਾਰ ਭਗਤ ਦੇ ਦਿਲ ਦਾ ਦੁੱਖ ਜਾਂ ਰੰਜ ਜਾਣਦਾ ਹੀ ਨਹੀਂ, ਸਗੋਂ ਮਹਿਸੂਸ ਵੀ ਕਰਦਾ ਹੈ।—ਜ਼ਬੂਰਾਂ ਦੀ ਪੋਥੀ 37:4.
ਸੁਲੇਮਾਨ ਦੀ ਪ੍ਰਾਰਥਨਾ ਤੋਂ ਸਾਨੂੰ ਦਿਲਾਸਾ ਮਿਲਦਾ ਹੈ। ਹੋ ਸਕਦਾ ਹੈ ਕਿ ਦੂਸਰੇ ਇਨਸਾਨ ਸਾਡੇ “ਦੁਖ” ਅਤੇ ਸਾਡੇ “ਰੰਜ” ਪੂਰੀ ਤਰ੍ਹਾਂ ਨਾ ਸਮਝ ਪਾਉਣ। (ਕਹਾਉਤਾਂ 14:10) ਪਰ ਯਹੋਵਾਹ ਸਾਡੇ ਦਿਲਾਂ ਨੂੰ ਜਾਣਦਾ ਹੈ ਤੇ ਉਸ ਨੂੰ ਸਾਡਾ ਫ਼ਿਕਰ ਹੈ। ਉਸ ਦੇ ਅੱਗੇ ਪ੍ਰਾਰਥਨਾ ਵਿਚ ਆਪਣਾ ਦਿਲ ਹਲਕਾ ਕਰ ਕੇ ਸਾਡੇ ਲਈ ਆਪਣਾ ਬੋਝ ਚੁੱਕਣਾ ਹੋਰ ਵੀ ਆਸਾਨ ਹੋ ਜਾਂਦਾ ਹੈ। ਬਾਈਬਲ ਕਹਿੰਦੀ ਹੈ ਕਿ “ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7. (w10-E 12/01)