ਸੋਚ-ਸਮਝ ਕੇ ਦਿਲੋਂ ਕੀਤੀ ਗਈ ਪ੍ਰਾਰਥਨਾ ਤੋਂ ਸਾਡੇ ਲਈ ਸਬਕ
“ਤੇਰਾ ਪਰਤਾਪ ਵਾਲਾ ਨਾਮ ਮੁਬਾਰਕ ਹੋਵੇ।”—ਨਹ. 9:5.
1. ਅਸੀਂ ਕਿਸ ਮੌਕੇ ਬਾਰੇ ਗੱਲ ਕਰਾਂਗੇ ਤੇ ਕਿਹੜੇ ਸਵਾਲਾਂ ਦੇ ਜਵਾਬ ਜਾਣਾਂਗੇ?
“ਉੱਠਕੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਜੁੱਗੋ ਜੁੱਗ ਮੁਬਾਰਕ ਆਖੋ।” ਇਨ੍ਹਾਂ ਦਿਲ ਛੂਹ ਲੈਣ ਵਾਲੇ ਸ਼ਬਦਾਂ ਨਾਲ ਲੇਵੀਆਂ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਇਕੱਠੇ ਪ੍ਰਾਰਥਨਾ ਕਰਨ ਦਾ ਸੱਦਾ ਦਿੱਤਾ। ਇਹ ਬਾਈਬਲ ਦੀਆਂ ਲੰਬੀਆਂ ਪ੍ਰਾਰਥਨਾਵਾਂ ਵਿੱਚੋਂ ਇਕ ਹੈ। (ਨਹ. 9:4, 5) ਇਹ 455 ਈਸਵੀ ਪੂਰਵ ਦੀ ਗੱਲ ਹੈ ਜਦ ਲੋਕ ਯਰੂਸ਼ਲਮ ਵਿਚ ਯਹੂਦੀ ਕਲੰਡਰ ਦੇ ਸੱਤਵੇਂ ਮਹੀਨੇ ਤਿਸ਼ਰੀ (ਸਤੰਬਰ-ਅਕਤੂਬਰ) ਦੇ 24ਵੇਂ ਦਿਨ ਇਕੱਠੇ ਹੋਏ ਸਨ। ਇਸ ਲੇਖ ਵਿਚ ਅਸੀਂ ਇਸ ਘਟਨਾ ਬਾਰੇ ਸਿੱਖਾਂਗੇ ਤੇ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ: ਲੇਵੀ ਹਮੇਸ਼ਾ ਕੀ ਕਰਦੇ ਸਨ ਜਿਸ ਕਰਕੇ ਇਹ ਸਮਾਂ ਯਾਦਗਾਰ ਬਣ ਗਿਆ? ਅਸੀਂ ਉਨ੍ਹਾਂ ਦੀ ਦਿਲੋਂ ਕੀਤੀ ਪ੍ਰਾਰਥਨਾ ਤੋਂ ਕੀ ਸਿੱਖ ਸਕਦੇ ਹਾਂ? ਪਰ ਆਓ ਆਪਾਂ ਇਹ ਦੇਖੀਏ ਕਿ ਇਸ ਇਕੱਠ ਤੋਂ ਪਹਿਲਾਂ ਕੀ ਹੋਇਆ ਸੀ।—ਜ਼ਬੂ. 141:2.
ਇਕ ਖ਼ਾਸ ਮਹੀਨਾ
2. ਇਜ਼ਰਾਈਲੀਆਂ ਨੇ ਸਾਡੇ ਲਈ ਕਿਹੜੀ ਮਿਸਾਲ ਰੱਖੀ?
2 ਇਸ ਘਟਨਾ ਤੋਂ ਇਕ ਮਹੀਨੇ ਪਹਿਲਾਂ ਯਹੂਦੀਆਂ ਨੇ ਯਰੂਸ਼ਲਮ ਦੀਆਂ ਕੰਧਾਂ ਨੂੰ ਦੁਬਾਰਾ ਬਣਾਇਆ ਸੀ। (ਨਹ. 6:15) ਉਨ੍ਹਾਂ ਨੇ ਇਹ ਕੰਮ ਸਿਰਫ਼ 52 ਦਿਨਾਂ ਵਿਚ ਪੂਰਾ ਕੀਤਾ ਸੀ। ਫਿਰ ਤਿਸ਼ਰੀ ਮਹੀਨੇ ਦੇ ਪਹਿਲੇ ਦਿਨ ਸਾਰੇ ਲੋਕ ਚੌਂਕ ਵਿਚ ਇਕੱਠੇ ਹੋਏ। ਅਜ਼ਰਾ ਦੇ ਨਾਲ-ਨਾਲ ਹੋਰ ਲੇਵੀਆਂ ਨੇ ਉਨ੍ਹਾਂ ਨੂੰ ਪਰਮੇਸ਼ੁਰ ਦਾ ਕਾਨੂੰਨ ਪੜ੍ਹ ਕੇ ਸੁਣਾਇਆ ਤੇ ਸਮਝਾਇਆ। ਸਾਰੇ ਪਰਿਵਾਰ ਜੋ ‘ਸੁਣ ਕੇ ਸਮਝ ਸੱਕਦੇ ਸਨ, ਪੌਹ ਫੁੱਟਨ ਤੋਂ ਲੈ ਕੇ ਅੱਧੇ ਦਿਨ ਤਕ’ ਖੜ੍ਹ ਕੇ ਸੁਣਦੇ ਰਹੇ। ਉਨ੍ਹਾਂ ਇਜ਼ਰਾਈਲੀਆਂ ਨੇ ਸਾਡੇ ਲਈ ਕਿੰਨੀ ਚੰਗੀ ਮਿਸਾਲ ਰੱਖੀ! ਜ਼ਰਾ ਸੋਚੋ ਕਿ ਅਸੀਂ ਤਾਂ ਆਰਾਮ ਨਾਲ ਕਿੰਗਡਮ ਹਾਲ ਵਿਚ ਬੈਠ ਕੇ ਮੀਟਿੰਗਾਂ ਸੁਣ ਸਕਦੇ ਹਾਂ। ਫਿਰ ਵੀ ਸਾਡਾ ਧਿਆਨ ਕਦੀ-ਕਦੀ ਭਟਕ ਜਾਂਦਾ ਹੈ ਤੇ ਅਸੀਂ ਇੱਧਰ-ਉੱਧਰ ਦੀਆਂ ਗੱਲਾਂ ਸੋਚਣ ਲੱਗ ਪੈਂਦੇ ਹਾਂ। ਪਰ ਉਨ੍ਹਾਂ ਇਜ਼ਰਾਈਲੀਆਂ ਨੇ ਸਿਰਫ਼ ਧਿਆਨ ਨਾਲ ਸੁਣਿਆ ਹੀ ਨਹੀਂ, ਸਗੋਂ ਪਰਮੇਸ਼ੁਰ ਦੀਆਂ ਗੱਲਾਂ ਦਾ ਉਨ੍ਹਾਂ ਦੇ ਦਿਲਾਂ ʼਤੇ ਇੰਨਾ ਅਸਰ ਪਿਆ ਕਿ ਉਹ ਰੋਣ ਲੱਗ ਪਏ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਪਰਮੇਸ਼ੁਰ ਦੇ ਹੁਕਮਾਂ ਮੁਤਾਬਕ ਨਹੀਂ ਚੱਲ ਰਹੇ ਸਨ।—ਨਹ. 8:1-9.
3. ਇਜ਼ਰਾਈਲੀਆਂ ਨੇ ਕਿਹੜਾ ਹੁਕਮ ਮੰਨਿਆ?
3 ਪਰ ਇਹ ਸਾਰਿਆਂ ਸਾਮ੍ਹਣੇ ਆਪਣੇ ਪਾਪਾਂ ਦਾ ਇਕਰਾਰ ਕਰਨ ਦਾ ਸਮਾਂ ਨਹੀਂ, ਸਗੋਂ ਤਿਉਹਾਰ ਵਾਲਾ ਦਿਨ ਸੀ। ਇਸ ਲਈ ਯਹੋਵਾਹ ਚਾਹੁੰਦਾ ਸੀ ਕਿ ਲੋਕ ਖ਼ੁਸ਼ੀ-ਖ਼ੁਸ਼ੀ ਉਸ ਦੀ ਭਗਤੀ ਕਰਨ। (ਗਿਣ. 29:1) ਇਸ ਲਈ ਨਹਮਯਾਹ ਨੇ ਲੋਕਾਂ ਨੂੰ ਕਿਹਾ: “ਜਾਓ ਅਤੇ ਥੰਧਿਆਈ ਖਾਓ ਅਤੇ ਮਿਠਾ ਪੀਓ ਅਤੇ ਜਿਨ੍ਹਾਂ ਦੇ ਲਈ ਕੁੱਝ ਤਿਆਰ ਨਹੀਂ ਹੋਇਆ ਉਨ੍ਹਾਂ ਲਈ ਵੀ ਛਾਂਦਾ ਘੱਲੋ ਕਿਉਂ ਜੋ ਅੱਜ ਦਾ ਦਿਨ ਸਾਡੇ ਪ੍ਰਭੁ ਲਈ ਪਵਿੱਤ੍ਰ ਹੈ ਅਤੇ ਤੁਸੀਂ ਝੁਰੇਵਾਂ ਨਾ ਕਰੋ ਕਿਉਂਕਿ ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ।” ਲੋਕਾਂ ਨੇ ਉਨ੍ਹਾਂ ਦੀ ਗੱਲ ਮੰਨੀ ਅਤੇ ਉਹ “ਵੱਡਾ ਅਨੰਦ” ਵਾਲਾ ਦਿਨ ਸਾਬਤ ਹੋਇਆ।—ਨਹ. 8:10-12.
4. ਪਰਿਵਾਰਾਂ ਦੇ ਮੁਖੀਆਂ ਨੇ ਕੀ ਕੀਤਾ? ਇਸ ਤਿਉਹਾਰ ਦੌਰਾਨ ਲੇਵੀਆਂ ਨੇ ਰੋਜ਼ ਕੀ ਕੀਤਾ?
4 ਅਗਲੇ ਦਿਨ ਸਾਰੇ ਪਰਿਵਾਰਾਂ ਦੇ ਮੁਖੀ ਇਹ ਦੇਖਣ ਲਈ ਇਕੱਠੇ ਹੋਏ ਕਿ ਪੂਰੀ ਕੌਮ ਪਰਮੇਸ਼ੁਰ ਦੇ ਸਾਰੇ ਹੁਕਮ ਮੰਨ ਰਹੀ ਸੀ ਜਾਂ ਨਹੀਂ। ਪਰਮੇਸ਼ੁਰ ਦਾ ਕਾਨੂੰਨ ਪੜ੍ਹ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸੇ ਮਹੀਨੇ ਉਨ੍ਹਾਂ ਨੂੰ ਡੇਰਿਆਂ ਦਾ ਤਿਉਹਾਰ ਮਨਾਉਣਾ ਚਾਹੀਦਾ ਸੀ। ਇਸ ਤਿਉਹਾਰ ਦੇ ਅਖ਼ੀਰ ਵਿਚ ਉਨ੍ਹਾਂ ਨੇ 15ਵੇਂ ਤੋਂ 22ਵੇਂ ਦਿਨ ਤਕ ਇਕ ਖ਼ਾਸ ਸਭਾ ਕਰਨੀ ਸੀ। ਸੋ ਲੋਕ ਫਟਾਫਟ ਤਿਉਹਾਰ ਦੀਆਂ ਤਿਆਰੀਆਂ ਵਿਚ ਜੁੱਟ ਗਏ। ਯਹੋਸ਼ੁਆ ਦੇ ਦਿਨਾਂ ਤੋਂ ਇਹ ਡੇਰਿਆਂ ਦਾ ਤਿਉਹਾਰ ਸਭ ਤੋਂ ਖ਼ੁਸ਼ੀਆਂ ਭਰਿਆ ਸਾਬਤ ਹੋਇਆ ਜਿਸ ਕਰਕੇ ਲੋਕਾਂ ਨੇ “ਬਹੁਤ ਵੱਡਾ ਅਨੰਦ” ਕੀਤਾ। ਇਸ ਤਿਉਹਾਰ ਵਿਚ “ਪਹਿਲੇ ਦਿਨ ਤੋਂ ਲੈ ਕੇ ਛੇਕੜਲੇ ਦਿਨ” ਤਕ ਪਰਮੇਸ਼ੁਰ ਦਾ ਕਾਨੂੰਨ ਪੜ੍ਹਿਆ ਗਿਆ।—ਨਹ. 8:13-18.
ਪਾਪਾਂ ਦੇ ਇਕਰਾਰ ਦਾ ਦਿਨ
5. ਲੇਵੀਆਂ ਦੇ ਪ੍ਰਾਰਥਨਾ ਕਰਨ ਤੋਂ ਪਹਿਲਾਂ ਪਰਮੇਸ਼ੁਰ ਦੇ ਲੋਕਾਂ ਨੇ ਕੀ ਕੀਤਾ?
5 ਤਿਸ਼ਰੀ ਮਹੀਨੇ ਦੇ 24ਵੇਂ ਦਿਨ ਯਾਨੀ ਤਿਉਹਾਰ ਤੋਂ ਦੋ ਦਿਨਾਂ ਬਾਅਦ ਹੁਣ ਉਹ ਸਮਾਂ ਆਇਆ ਜਦ ਲੋਕਾਂ ਨੇ ਆਪਣੇ ਪਾਪਾਂ ਦਾ ਇਕਰਾਰ ਕਰਨਾ ਸੀ। ਇਹ ਖਾਣ-ਪੀਣ ਤੇ ਖ਼ੁਸ਼ੀਆਂ ਮਨਾਉਣ ਦਾ ਦਿਨ ਨਹੀਂ ਸੀ। ਇਸ ਦੀ ਬਜਾਇ ਲੋਕਾਂ ਨੇ ਵਰਤ ਰੱਖਿਆ ਤੇ ਤੱਪੜ ਪਾ ਕੇ ਦਿਖਾਇਆ ਕਿ ਉਹ ਇਸ ਗੱਲ ਤੋਂ ਬਹੁਤ ਦੁਖੀ ਸਨ ਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਹੁਕਮ ਨਹੀਂ ਮੰਨੇ। ਲੇਵੀਆਂ ਨੇ ਫਿਰ ਤੋਂ ਉਨ੍ਹਾਂ ਨੂੰ ਪਰਮੇਸ਼ੁਰ ਦਾ ਕਾਨੂੰਨ ਸਵੇਰੇ ਤਕਰੀਬਨ ਤਿੰਨ ਘੰਟੇ ਪੜ੍ਹ ਕੇ ਸੁਣਾਇਆ। ਦੁਪਹਿਰ ਵਿਚ ਉਨ੍ਹਾਂ ਨੇ ਆਪਣੇ ਪਾਪਾਂ ਦਾ “ਇਕਰਾਰ ਕੀਤਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਮੱਥਾ ਟੇਕਿਆ।” ਇਸ ਤੋਂ ਬਾਅਦ ਲੇਵੀਆਂ ਨੇ ਸੋਚ-ਸਮਝ ਕੇ ਸਾਰੇ ਲੋਕਾਂ ਲਈ ਦਿਲੋਂ ਪ੍ਰਾਰਥਨਾ ਕੀਤੀ। —ਨਹ. 9:1-4.
6. ਲੇਵੀ ਸੋਚ-ਸਮਝ ਕੇ ਦਿਲੋਂ ਪ੍ਰਾਰਥਨਾ ਕਿਉਂ ਕਰ ਸਕੇ ਅਤੇ ਅਸੀਂ ਉਨ੍ਹਾਂ ਤੋਂ ਕੀ ਸਿੱਖਦੇ ਹਾਂ?
6 ਲੇਵੀ ਹਮੇਸ਼ਾ ਪਰਮੇਸ਼ੁਰ ਦਾ ਕਾਨੂੰਨ ਪੜ੍ਹਦੇ ਸਨ ਜਿਸ ਦੀ ਮਦਦ ਨਾਲ ਉਹ ਸੋਚ-ਸਮਝ ਕੇ ਦਿਲੋਂ ਪ੍ਰਾਰਥਨਾ ਕਰ ਸਕੇ। ਇਸ ਪ੍ਰਾਰਥਨਾ ਦੀਆਂ ਪਹਿਲੀਆਂ 10 ਆਇਤਾਂ ਵਿਚ ਉਨ੍ਹਾਂ ਨੇ ਯਹੋਵਾਹ ਦੇ ਕੰਮਾਂ ਅਤੇ ਖੂਬੀਆਂ ʼਤੇ ਜ਼ੋਰ ਦਿੱਤਾ। ਪ੍ਰਾਰਥਨਾ ਦੇ ਬਾਕੀ ਹਿੱਸੇ ਵਿਚ ਲੇਵੀਆਂ ਨੇ ਵਾਰ-ਵਾਰ ਪਰਮੇਸ਼ੁਰ ਦੀ “ਬਹੁਤੀ ਦਿਆਲਤਾ” ਦਾ ਜ਼ਿਕਰ ਕੀਤਾ ਅਤੇ ਮੰਨਿਆ ਕਿ ਇਜ਼ਰਾਈਲੀ ਪਰਮੇਸ਼ੁਰ ਦੀ ਦਇਆ ਦੇ ਲਾਇਕ ਨਹੀਂ ਸਨ। (ਨਹ. 9:19, 27, 28, 31) ਅਸੀਂ ਲੇਵੀਆਂ ਤੋਂ ਕੀ ਸਿੱਖਦੇ ਹਾਂ? ਸਾਨੂੰ ਵੀ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਇਸ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਬਾਈਬਲ ਰਾਹੀਂ ਯਹੋਵਾਹ ਸਾਡੇ ਨਾਲ ਗੱਲ ਕਰਦਾ ਹੈ। ਫਿਰ ਹੀ ਸਾਡੇ ਮਨ ਵਿਚ ਅਜਿਹੇ ਲਫ਼ਜ਼ ਤੇ ਜਜ਼ਬਾਤ ਆਉਣਗੇ ਜੋ ਸਾਨੂੰ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਨ ਵਿਚ ਮਦਦ ਦੇਣਗੇ।—ਜ਼ਬੂ. 1:1, 2.
7. ਲੇਵੀਆਂ ਨੇ ਪਰਮੇਸ਼ੁਰ ਕੋਲੋਂ ਕੀ ਮੰਗਿਆ ਤੇ ਅਸੀਂ ਉਨ੍ਹਾਂ ਤੋਂ ਕੀ ਸਿੱਖਦੇ ਹਾਂ?
7 ਇਸ ਪ੍ਰਾਰਥਨਾ ਵਿਚ ਲੇਵੀਆਂ ਨੇ ਸਿਰਫ਼ ਇਕ ਗੱਲ ਦੀ ਮੰਗ ਕਰਦੇ ਹੋਏ ਅਖ਼ੀਰ ਵਿਚ ਕਿਹਾ: “ਹੁਣ ਹੇ ਸਾਡੇ ਪਰਮੇਸ਼ੁਰ, ਤੂੰ ਜੋ ਵੱਡਾ ਅਰ ਬਲਵੰਤ ਅਤੇ ਭੈਦਾਇਕ ਪਰਮੇਸ਼ੁਰ ਹੈਂ ਅਤੇ ਨੇਮ ਅਤੇ ਦਯਾ ਦੀ ਪਾਲਨਾ ਕਰਦਾ ਹੈਂ ਏਹ ਸਾਰਾ ਕਸ਼ਟ ਜਿਹੜਾ ਸਾਡੇ ਉੱਤੇ, ਸਾਡਿਆਂ ਪਾਤਸ਼ਾਹਾਂ ਉੱਤੇ, ਸਾਡਿਆਂ ਸਰਦਾਰਾਂ ਉੱਤੇ, ਸਾਡਿਆਂ ਜਾਜਕਾਂ ਉੱਤੇ, ਸਾਡਿਆਂ ਨਬੀਆਂ ਉੱਤੇ, ਸਾਡਿਆਂ ਪਿਉ ਦਾਦਿਆਂ ਉੱਤੇ ਅਤੇ ਤੇਰੀ ਸਾਰੀ ਪਰਜਾ ਉੱਤੇ ਅੱਸ਼ੂਰ ਦੇ ਪਾਤਸ਼ਾਹਾਂ ਦੇ ਦਿਨਾਂ ਤੋਂ ਅੱਜ ਦੇ ਦਿਨ ਤੀਕ ਬੀਤਿਆ ਹੈ ਸੋ ਤੇਰੇ ਸਨਮੁਖ ਹਲਕਾ ਨਾ ਜਾਣਿਆ ਜਾਵੇ।” (ਨਹ. 9:32) ਲੇਵੀਆਂ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ। ਸਾਨੂੰ ਪ੍ਰਾਰਥਨਾ ਵਿਚ ਆਪਣੀਆਂ ਖ਼ਾਹਸ਼ਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਯਹੋਵਾਹ ਦੀ ਵਡਿਆਈ ਤੇ ਉਸ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ।
ਪਰਮੇਸ਼ੁਰ ਦੇ ਮਹਾਨ ਨਾਂ ਦੀ ਵਡਿਆਈ
8, 9. (ੳ) ਲੇਵੀਆਂ ਨੇ ਪ੍ਰਾਰਥਨਾ ਵਿਚ ਨਿਮਰਤਾ ਕਿਵੇਂ ਦਿਖਾਈ? (ਅ) ਲੇਵੀਆਂ ਨੇ ਕਿਹੜੀਆਂ ਦੋ ਸੈਨਾਵਾਂ ਦਾ ਜ਼ਿਕਰ ਕੀਤਾ?
8 ਹਾਲਾਂਕਿ ਲੇਵੀਆਂ ਨੇ ਸੋਚ-ਸਮਝ ਕੇ ਵਧੀਆ ਪ੍ਰਾਰਥਨਾ ਕੀਤੀ, ਫਿਰ ਵੀ ਉਨ੍ਹਾਂ ਨੂੰ ਲੱਗਾ ਕਿ ਉਹ ਯਹੋਵਾਹ ਦੀ ਮਹਾਨਤਾ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ ਸਨ। ਇਸ ਲਈ ਉਨ੍ਹਾਂ ਨੇ ਨਿਮਰਤਾ ਨਾਲ ਯਹੋਵਾਹ ਅੱਗੇ ਸਿਰ ਝੁਕਾਇਆ ਅਤੇ ਸਾਰੇ ਲੋਕਾਂ ਵੱਲੋਂ ਇਹ ਸ਼ਬਦ ਬੋਲੇ: “ਤੇਰਾ ਪਰਤਾਪ ਵਾਲਾ ਨਾਮ ਮੁਬਾਰਕ ਹੋਵੇ ਜੋ ਸਾਰੀਆਂ ਬਰਕਤਾਂ ਅਤੇ ਉਸਤਤਾਂ ਦੇ ਉੱਤੇ ਉੱਚਾ ਹੈ!”—ਨਹ. 9:5.
9 ਉਨ੍ਹਾਂ ਨੇ ਅੱਗੇ ਕਿਹਾ: “ਤੂੰ, ਹਾਂ, ਤੂੰ ਹੀ ਕੇਵਲ ਇੱਕ ਯਹੋਵਾਹ ਹੈਂ। ਤੂੰ ਅਕਾਸ਼ ਅਤੇ ਅਕਾਸ਼ਾਂ ਦੇ ਅਕਾਸ਼ ਵੀ ਅਤੇ ਉਨ੍ਹਾਂ ਦੀ ਸਾਰੀ ਸੈਨਾ, ਧਰਤੀ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ, ਸਮੁੰਦਰ ਅਤੇ ਜੋ ਕੁੱਝ ਉਨ੍ਹਾਂ ਦੇ ਵਿੱਚ ਹੈ ਬਣਾਏ ਅਤੇ ਤੂੰ ਹੀ ਸਾਰਿਆਂ ਦਾ ਜੀਵਨ ਦਾਤਾ ਹੈਂ ਅਤੇ ਅਕਾਸ਼ ਦੀ ਸੈਨਾ ਤੈਨੂੰ ਹੀ ਮੱਥਾ ਟੇਕਦੀ ਹੈ।” (ਨਹ. 9:6) ਸਾਰੀ ਕਾਇਨਾਤ ਦੇ ਸਿਰਜਣਹਾਰ ਯਹੋਵਾਹ ਨੇ ਆਕਾਸ਼ ਅਤੇ ਉਨ੍ਹਾਂ ਦੀ “ਸਾਰੀ ਸੈਨਾ” ਯਾਨੀ ਤਾਰਿਆਂ ਨਾਲ ਭਰੀਆਂ ਅਰਬਾਂ-ਖਰਬਾਂ ਗਲੈਕਸੀਆਂ ਬਣਾਈਆਂ ਹਨ। ਨਾਲੇ ਉਸ ਨੇ ਸਾਡੀ ਸੁੰਦਰ ਧਰਤੀ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਹਨ ਅਤੇ ਉਨ੍ਹਾਂ ਨੂੰ ਜੀਉਂਦੇ ਰੱਖਣ ਦਾ ਇੰਤਜ਼ਾਮ ਵੀ ਕੀਤਾ ਹੈ ਤਾਂਕਿ ਜੀਵਨ ਦਾ ਚੱਕਰ ਚੱਲਦਾ ਰਹੇ। ਇਸ ਪ੍ਰਾਰਥਨਾ ਵਿਚ ਇਕ ਹੋਰ ਸੈਨਾ ਦਾ ਵੀ ਜ਼ਿਕਰ ਆਉਂਦਾ ਹੈ। ਬਾਈਬਲ ਵਿਚ ਪਰਮੇਸ਼ੁਰ ਦੇ ਦੂਤਾਂ ਨੂੰ ‘ਸੁਰਗ ਦੀ ਸੈਨਾ’ ਕਿਹਾ ਗਿਆ ਹੈ। (1 ਰਾਜ. 22:19; ਅੱਯੂ. 38:4, 7) ਉਹ ਨਿਮਰਤਾ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਆਮ ਇਨਸਾਨਾਂ ਦੀ ਸੇਵਾ ਕਰਦੇ ਹਨ “ਜਿਨ੍ਹਾਂ ਨੂੰ ਮੁਕਤੀ ਮਿਲੇਗੀ।” (ਇਬ. 1:14) ਦੂਤ ਸਾਡੇ ਲਈ ਲਾਜਵਾਬ ਮਿਸਾਲ ਕਾਇਮ ਕਰਦੇ ਹਨ! ਸਾਨੂੰ ਵੀ ਦੂਤਾਂ ਵਾਂਗ ਨਿਮਰ ਬਣ ਕੇ ਅਤੇ ਇਕ ਸੈਨਾ ਵਾਂਗ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ।—1 ਕੁਰਿੰ. 14:33, 40.
10. ਪਰਮੇਸ਼ੁਰ ਅਬਰਾਹਾਮ ਨਾਲ ਜਿੱਦਾਂ ਪੇਸ਼ਾ ਆਇਆ ਉਸ ਤੋਂ ਅਸੀਂ ਕੀ ਸਿੱਖਦੇ ਹਾਂ?
10 ਫਿਰ ਲੇਵੀਆਂ ਨੇ ਦੱਸਿਆ ਕਿ ਪਰਮੇਸ਼ੁਰ ਅਬਰਾਮ ਨਾਲ ਕਿਵੇਂ ਪੇਸ਼ ਆਇਆ। ਹਾਲਾਂਕਿ ਅਬਰਾਮ 99 ਸਾਲਾਂ ਦਾ ਸੀ ਅਤੇ ਉਸ ਦੀ ਪਤਨੀ ਸਾਰਈ ਬਾਂਝ ਸੀ, ਫਿਰ ਵੀ ਯਹੋਵਾਹ ਨੇ ਉਸ ਦਾ ਨਾਂ ਅਬਰਾਹਾਮ ਰੱਖਿਆ ਜਿਸ ਦਾ ਮਤਲਬ ਹੈ ‘ਬਹੁਤਿਆਂ ਦਾ ਪਿਤਾ।’ (ਉਤ. 17:1-6, 15, 16) ਪਰਮੇਸ਼ੁਰ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਕਿ ਉਹ ਉਸ ਦੀ ਸੰਤਾਨ ਨੂੰ ਕਨਾਨ ਦੇਸ਼ ਦੇਵੇਗਾ। ਇਨਸਾਨ ਅਕਸਰ ਆਪਣੇ ਵਾਅਦੇ ਭੁੱਲ ਜਾਂਦੇ ਹਨ, ਪਰ ਯਹੋਵਾਹ ਕਦੇ ਨਹੀਂ ਭੁੱਲਦਾ। ਜਿਵੇਂ ਲੇਵੀਆਂ ਨੇ ਪ੍ਰਾਰਥਨਾ ਵਿਚ ਕਿਹਾ: “ਤੂੰ ਉਹ ਯਹੋਵਾਹ ਪਰਮੇਸ਼ੁਰ ਹੈਂ ਜਿਨ ਅਬਰਾਮ ਨੂੰ ਚੁਣਿਆ ਅਤੇ ਕਸਦੀਆਂ ਦੇ ਊਰ ਵਿੱਚੋਂ ਕੱਢ ਲਿਆਂਦਾ ਅਤੇ ਤੂੰ ਉਸ ਦਾ ਨਾਮ ਅਬਰਾਹਾਮ ਰੱਖਿਆ। ਤੂੰ ਉਹ ਦਾ ਮਨ ਆਪਣੇ ਸਨਮੁਖ ਈਮਾਨ ਵਾਲਾ ਪਾਇਆ ਅਤੇ ਉਹ ਦੇ ਨਾਲ ਕਨਾਨੀਆਂ . . . ਦੀ ਧਰਤੀ ਦੇਣ ਦਾ ਨੇਮ ਬੰਨ੍ਹਿਆਂ ਅਰਥਾਤ ਉਹ ਦੀ ਅੰਸ ਨੂੰ ਦੇਣ ਦਾ ਅਤੇ ਤੂੰ ਆਪਣੀਆਂ ਗੱਲਾਂ ਨੂੰ ਪੂਰਾ ਕੀਤਾ ਕਿਉਂ ਜੋ ਤੂੰ ਧਰਮੀ ਹੈਂ।” (ਨਹ. 9:7, 8) ਆਓ ਆਪਾਂ ਆਪਣੇ ਪਰਮੇਸ਼ੁਰ ਵਾਂਗ ਹਮੇਸ਼ਾ ਆਪਣੇ ਵਾਅਦੇ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰੀਏ।—ਮੱਤੀ 5:37.
ਆਪਣੇ ਲੋਕਾਂ ਖ਼ਾਤਰ ਯਹੋਵਾਹ ਦੇ ਸ਼ਕਤੀਸ਼ਾਲੀ ਕੰਮ
11, 12. ਯਹੋਵਾਹ ਦੇ ਨਾਂ ਦਾ ਕੀ ਮਤਲਬ ਹੈ ਅਤੇ ਯਹੋਵਾਹ ਆਪਣੇ ਨਾਂ ਮੁਤਾਬਕ ਆਪਣੇ ਲੋਕਾਂ ਨਾਲ ਕਿਵੇਂ ਪੇਸ਼ ਆਇਆ?
11 ਯਹੋਵਾਹ ਦੇ ਨਾਂ ਦਾ ਮਤਲਬ ਹੈ “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ।” ਇਸ ਦਾ ਮਤਲਬ ਹੈ ਕਿ ਉਹ ਆਪਣੇ ਵਾਅਦੇ ਪੂਰੇ ਕਰਨ ਲਈ ਲਗਾਤਾਰ ਕੰਮ ਕਰਦਾ ਰਹਿੰਦਾ ਹੈ। ਜ਼ਰਾ ਗੌਰ ਕਰੋ ਕਿ ਪਰਮੇਸ਼ੁਰ ਅਬਰਾਹਾਮ ਦੀ ਔਲਾਦ ਯਾਨੀ ਇਜ਼ਰਾਈਲੀਆਂ ਨਾਲ ਕਿਵੇਂ ਪੇਸ਼ ਆਇਆ ਸੀ ਜਦ ਉਹ ਮਿਸਰ ਵਿਚ ਗ਼ੁਲਾਮ ਸਨ। ਉਸ ਵੇਲੇ ਲੱਗਦਾ ਸੀ ਕਿ ਉਨ੍ਹਾਂ ਨੂੰ ਗ਼ੁਲਾਮੀ ਵਿੱਚੋਂ ਛੁਡਾ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਵਸਾਉਣਾ ਨਾਮੁਮਕਿਨ ਸੀ। ਪਰ ਪਰਮੇਸ਼ੁਰ ਆਪਣਾ ਵਾਅਦਾ ਪੂਰਾ ਕਰਨ ਲਈ ਕੰਮ ਕਰਦਾ ਰਿਹਾ। ਇੱਦਾਂ ਉਸ ਨੇ ਦਿਖਾਇਆ ਕਿ ਉਹੀ ਬੇਮਿਸਾਲ ਤੇ ਸ਼ਾਨਦਾਰ ਨਾਂ ਯਹੋਵਾਹ ਰੱਖਣ ਦਾ ਹੱਕਦਾਰ ਸੀ।
12 ਲੇਵੀਆਂ ਨੇ ਆਪਣੀ ਪ੍ਰਾਰਥਨਾ ਵਿਚ ਉਨ੍ਹਾਂ ਕੰਮਾਂ ਦਾ ਜ਼ਿਕਰ ਕੀਤਾ ਜੋ ਯਹੋਵਾਹ ਨੇ ਆਪਣੇ ਲੋਕਾਂ ਦੀ ਖ਼ਾਤਰ ਕੀਤੇ ਸਨ: “ਤੂੰ ਸਾਡੇ ਪਿਉ ਦਾਦਿਆਂ ਦੀ ਬਿਪਤਾ ਨੂੰ ਮਿਸਰ ਵਿੱਚ ਵੇਖਿਆ ਅਤੇ ਤੂੰ ਲਾਲ ਸਮੁੰਦਰ ਉੱਤੇ ਉਨ੍ਹਾਂ ਦੀ ਦੁਹਾਈ ਸੁਣੀ। ਅਤੇ ਫਿਰਊਨ ਦੇ ਉੱਤੇ ਅਤੇ ਉਸ ਦੇ ਸਾਰੇ ਟਹਿਲੂਆਂ ਉੱਤੇ ਅਤੇ ਉਸ ਦੇ ਦੇਸ ਦੀ ਸਾਰੀ ਰਈਅਤ ਉੱਤੇ ਨਿਸ਼ਾਨ ਅਤੇ ਅਸਚਰਜ ਕੰਮ ਵਿਖਾਏ ਕਿਉਂਕਿ ਤੂੰ ਜਾਣਦਾ ਸੈਂ ਕਿ ਓਹਨਾਂ ਨੇ ਉਨ੍ਹਾਂ ਦੇ ਵਿਰੁੱਧ ਹੰਕਾਰ ਨਾਲ ਵਰਤਾਓ ਕੀਤਾ ਸੋ ਤੂੰ ਆਪਣੇ ਲਈ ਇੱਕ ਨਾਮ ਬਣਾਇਆ ਜਿਵੇਂ ਅੱਜ ਦੇ ਦਿਨ ਹੈ। ਅਤੇ ਤੈਂ ਉਨ੍ਹਾਂ ਦੇ ਅੱਗੋਂ ਸਮੁੰਦਰ ਨੂੰ ਦੋ ਭਾਗ ਕਰ ਦਿੱਤਾ ਅਤੇ ਓਹ ਸਮੁੰਦਰ ਦੇ ਵਿੱਚ ਦੀ ਸੁੱਕੀ ਧਰਤੀ ਤੇ ਲੰਘੇ ਅਤੇ ਉਨ੍ਹਾਂ ਦਾ ਪਿੱਛਾ ਕਰਨ ਵਾਲਿਆਂ ਨੂੰ ਤੈਂ ਡੁੰਘਿਆਈ ਵਿੱਚ ਇਉਂ ਸੁੱਟਿਆ ਜਿਵੇਂ ਪੱਥਰ ਵੱਡਿਆਂ ਪਾਣੀਆਂ ਵਿੱਚ।” ਫਿਰ ਲੇਵੀਆਂ ਨੇ ਅੱਗੇ ਕਿਹਾ ਕਿ ਯਹੋਵਾਹ ਨੇ ਵਾਅਦਾ ਕੀਤੇ ਹੋਏ ਦੇਸ਼ ʼਤੇ ਕਬਜ਼ਾ ਕਰਨ ਲਈ ਆਪਣੇ ਲੋਕਾਂ ਦੀ ਮਦਦ ਕਿਵੇਂ ਕੀਤੀ: “ਤੈਂ ਉਨ੍ਹਾਂ ਦੇ ਅੱਗੇ ਉਸ ਦੇਸ ਦੇ ਵਾਸੀਆਂ ਨੂੰ ਅਰਥਾਤ ਕਨਾਨੀਆਂ ਨੂੰ ਅਧੀਨ ਕੀਤਾ ਅਤੇ . . . ਉਨ੍ਹਾਂ ਨੇ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਮੋਟੀ ਭੂਮੀ ਨੂੰ ਲੈ ਲਿਆ ਅਤੇ ਨਾਨਾ ਪਰਕਾਰ ਦੀਆਂ ਵਸਤੂਆਂ ਨਾਲ ਭਰੇ ਹੋਏ ਘਰਾਂ ਅਤੇ ਪੁੱਟੇ ਹੋਏ ਖੂਹਾਂ ਅਤੇ ਅੰਗੂਰੀ ਬਾਗਾਂ ਅਤੇ ਜ਼ੈਤੂਨ ਦੇ ਬਾਗਾਂ ਅਤੇ ਫਲ ਨਾਲ ਭਰੇ ਹੋਏ ਬਿਰਛਾਂ ਉੱਤੇ ਕਬਜ਼ਾ ਕਰ ਲਿਆ। ਫੇਰ ਓਹ ਖਾ ਕੇ ਰੱਜ ਗਏ ਅਤੇ ਮੋਟੇ ਹੋ ਗਏ ਅਤੇ ਤੇਰੀ ਵੱਡੀ ਭਲਿਆਈ ਦੇ ਕਾਰਨ ਪਰਸੰਨ ਹੋਏ।”—ਨਹ. 9:9-11, 24, 25.
13. ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਛੁਡਾਉਣ ਤੋਂ ਥੋੜ੍ਹੇ ਸਮੇਂ ਬਾਅਦ ਯਹੋਵਾਹ ਨੇ ਕੀ ਕੀਤਾ, ਪਰ ਲੋਕਾਂ ਦਾ ਕੀ ਰਵੱਈਆ ਸੀ?
13 ਯਹੋਵਾਹ ਆਪਣੇ ਵਾਅਦਿਆਂ ਨੂੰ ਸੱਚ ਸਾਬਤ ਕਰਨ ਲਈ ਕੰਮ ਕਰਦਾ ਰਿਹਾ। ਮਿਸਾਲ ਲਈ, ਇਜ਼ਰਾਈਲੀਆਂ ਨੂੰ ਮਿਸਰ ਦੇਸ਼ ਵਿੱਚੋਂ ਛੁਡਾਉਣ ਤੋਂ ਥੋੜ੍ਹੇ ਸਮੇਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਕਾਨੂੰਨ ਦਿੱਤੇ ਅਤੇ ਭਗਤੀ ਕਰਨੀ ਸਿਖਾਈ। ਲੇਵੀਆਂ ਨੇ ਇਹ ਗੱਲਾਂ ਯਾਦ ਕਰਦਿਆਂ ਆਪਣੀ ਪ੍ਰਾਰਥਨਾ ਵਿਚ ਕਿਹਾ: “ਤੂੰ ਸੀਨਈ ਪਹਾੜ ਉੱਤੇ ਉਤ੍ਰਿਆ ਅਤੇ ਅਕਾਸ਼ ਵਿੱਚੋਂ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਸਿੱਧੇ ਨਿਆਉਂ, ਸੱਚੀਆਂ ਬਿਵਸਥਾਂ ਅਰ ਚੰਗੀਆਂ ਬਿਧੀਆਂ ਤੇ ਹੁਕਮ ਉਨ੍ਹਾਂ ਨੂੰ ਦਿੱਤੇ।” (ਨਹ. 9:13) ਯਹੋਵਾਹ ਇਜ਼ਰਾਈਲੀਆਂ ਨੂੰ ਆਪਣੇ ਲੋਕਾਂ ਵਜੋਂ ਚੁਣ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਲਿਜਾਉਣ ਵਾਲਾ ਸੀ। ਸੋ ਉਸ ਨੇ ਉਨ੍ਹਾਂ ਨੂੰ ਸਿਖਾਇਆ ਕਿ ਉਨ੍ਹਾਂ ਦਾ ਚਾਲ-ਚੱਲਣ ਕਿਹੋ ਜਿਹਾ ਹੋਣਾ ਚਾਹੀਦਾ ਸੀ ਤਾਂਕਿ ਉਹ ਉਸ ਦੇ ਪਵਿੱਤਰ ਨਾਂ ਤੋਂ ਜਾਣੇ ਜਾਣ ਦੇ ਲਾਇਕ ਬਣ ਸਕਣ। ਪਰ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੇ ਯਹੋਵਾਹ ਦੇ ਹੁਕਮ ਮੰਨਣੇ ਛੱਡ ਦਿੱਤੇ।—ਨਹਮਯਾਹ 9:16-18 ਪੜ੍ਹੋ।
ਅਨੁਸ਼ਾਸਨ ਦੀ ਲੋੜ
14, 15. (ੳ) ਯਹੋਵਾਹ ਨੇ ਇਜ਼ਰਾਈਲੀਆਂ ʼਤੇ ਦਇਆ ਕਿਵੇਂ ਕੀਤੀ? (ਅ) ਪਰਮੇਸ਼ੁਰ ਆਪਣੇ ਲੋਕਾਂ ਨਾਲ ਜਿੱਦਾਂ ਪੇਸ਼ ਆਇਆ, ਅਸੀਂ ਉਸ ਤੋਂ ਕੀ ਸਿੱਖਦੇ ਹਾਂ?
14 ਇਜ਼ਰਾਈਲੀਆਂ ਨੇ ਸੀਨਈ ਪਹਾੜ ʼਤੇ ਪਰਮੇਸ਼ੁਰ ਦੇ ਕਾਨੂੰਨ ਮੰਨਣ ਦਾ ਵਾਅਦਾ ਕੀਤਾ ਸੀ, ਪਰ ਇਸ ਤੋਂ ਕੁਝ ਹੀ ਸਮੇਂ ਬਾਅਦ ਉਹ ਦੋ ਗ਼ਲਤੀਆਂ ਕਰ ਬੈਠੇ ਜਿਨ੍ਹਾਂ ਬਾਰੇ ਲੇਵੀਆਂ ਨੇ ਆਪਣੀ ਪ੍ਰਾਰਥਨਾ ਵਿਚ ਦੱਸਿਆ। ਭਾਵੇਂ ਇਜ਼ਰਾਈਲੀ ਉਨ੍ਹਾਂ ਗ਼ਲਤੀਆਂ ਲਈ ਮੌਤ ਦੀ ਸਜ਼ਾ ਦੇ ਲਾਇਕ ਸਨ, ਫਿਰ ਵੀ ਯਹੋਵਾਹ ਉਨ੍ਹਾਂ ਦੀ ਦੇਖ-ਭਾਲ ਕਰਦਾ ਰਿਹਾ। ਲੇਵੀਆਂ ਨੇ ਯਹੋਵਾਹ ਦੀ ਸ਼ਾਨ ਵਿਚ ਕਿਹਾ: “ਤੈਂ ਆਪਣੀ ਬਹੁਤੀ ਦਿਆਲਤਾ ਵਿੱਚ ਉਨ੍ਹਾਂ ਨੂੰ ਉਜਾੜ ਵਿੱਚ ਨਹੀਂ ਤਿਆਗਿਆ। . . . ਚਾਲੀ ਵਰ੍ਹੇ ਤੈਂ ਉਨ੍ਹਾਂ ਦੀ ਉਜਾੜ ਵਿੱਚ ਪਾਲਨਾ ਕੀਤੀ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜੋਂ ਨਾ ਰਹੀ ਨਾ ਉਨ੍ਹਾਂ ਦੇ ਕੱਪੜੇ ਪੁਰਾਨੇ ਹੋਏ ਨਾ ਉਨ੍ਹਾਂ ਦੇ ਪੈਰ ਸੁੱਜੇ।” (ਨਹ. 9:19, 21) ਅੱਜ ਵੀ ਯਹੋਵਾਹ ਸਾਡੀ ਹਰ ਲੋੜ ਪੂਰੀ ਕਰਦਾ ਹੈ ਤਾਂਕਿ ਅਸੀਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿ ਸਕੀਏ। ਆਓ ਆਪਾਂ ਕਦੇ ਵੀ ਉਨ੍ਹਾਂ ਹਜ਼ਾਰਾਂ ਇਜ਼ਰਾਈਲੀਆਂ ਵਰਗੇ ਨਾ ਬਣੀਏ ਜੋ ਆਪਣੀ ਅਣਆਗਿਆਕਾਰੀ ਅਤੇ ਕਮਜ਼ੋਰ ਨਿਹਚਾ ਕਾਰਨ ਉਜਾੜ ਵਿਚ ਮਰ ਗਏ ਸਨ। ਦਰਅਸਲ “ਇਹ ਗੱਲਾਂ ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਸਨ ਜਿਨ੍ਹਾਂ ਉੱਤੇ ਯੁਗਾਂ ਦੇ ਅੰਤ ਆ ਗਏ ਹਨ।”—1 ਕੁਰਿੰ. 10:1-11.
15 ਅਫ਼ਸੋਸ ਦੀ ਗੱਲ ਹੈ ਕਿ ਜਿਹੜੇ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਗਏ ਸਨ ਉਹ ਯਹੋਵਾਹ ਦੇ ਵਫ਼ਾਦਾਰ ਨਾ ਰਹੇ। ਉਹ ਕਨਾਨ ਦੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲੱਗ ਪਏ ਜਿਸ ਵਿਚ ਗੰਦੇ ਕੰਮਾਂ ਦੇ ਨਾਲ-ਨਾਲ ਬੱਚਿਆਂ ਦੀਆਂ ਬਲ਼ੀਆਂ ਚੜ੍ਹਾਉਣੀਆਂ ਵੀ ਸ਼ਾਮਲ ਸਨ। ਇਸ ਕਰਕੇ ਯਹੋਵਾਹ ਨੇ ਦੂਜੀਆਂ ਕੌਮਾਂ ਨੂੰ ਇਜ਼ਰਾਈਲੀਆਂ ਉੱਤੇ ਜ਼ੁਲਮ ਢਾਹੁਣ ਦਿੱਤੇ। ਜਦ ਇਜ਼ਰਾਈਲੀਆਂ ਨੇ ਤੋਬਾ ਕੀਤੀ, ਤਾਂ ਯਹੋਵਾਹ ਨੇ ਉਨ੍ਹਾਂ ʼਤੇ ਦਇਆ ਕਰ ਕੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਤੇ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥੋਂ ਉਨ੍ਹਾਂ ਨੂੰ ਬਚਾਇਆ। ਪਰ ਇੱਦਾਂ ਵਾਰ-ਵਾਰ ਹੁੰਦਾ ਰਿਹਾ। (ਨਹਮਯਾਹ 9:26-28, 31 ਪੜ੍ਹੋ।) ਲੇਵੀਆਂ ਨੇ ਪਰਮੇਸ਼ੁਰ ਨੂੰ ਕਿਹਾ: ‘ਤੂੰ ਬਹੁਤਿਆਂ ਵਰ੍ਹਿਆਂ ਤੀਕ ਉਨ੍ਹਾਂ ਦੀਆਂ ਝੱਲਦਾ ਰਿਹਾ ਅਤੇ ਆਪਣੇ ਨਬੀਆਂ ਦੇ ਰਾਹੀਂ ਗਵਾਹੀ ਦਿੱਤੀ ਪਰ ਉਨ੍ਹਾਂ ਨੇ ਕੰਨ ਨਾ ਧਰਿਆ ਏਸ ਲਈ ਤੈ ਉਨ੍ਹਾਂ ਨੂੰ ਉਨ੍ਹਾਂ ਦੇਸਾਂ ਦੀਆਂ ਉੱਮਤਾਂ ਦੇ ਹੱਥ ਵਿੱਚ ਦੇ ਦਿੱਤਾ।’—ਨਹ. 9:30.
16, 17. (ੳ) ਜਦ ਇਜ਼ਰਾਈਲੀਆਂ ਨੇ ਫਿਰ ਤੋਂ ਯਹੋਵਾਹ ਦਾ ਕਹਿਣਾ ਮੰਨਣਾ ਛੱਡ ਦਿੱਤਾ, ਤਾਂ ਉਨ੍ਹਾਂ ʼਤੇ ਕੀ ਬੀਤੀ? (ਅ) ਇਜ਼ਰਾਈਲੀਆਂ ਨੇ ਆਪਣੀ ਕਿਹੜੀ ਗ਼ਲਤੀ ਮੰਨੀ ਤੇ ਉਨ੍ਹਾਂ ਨੇ ਕੀ ਵਾਅਦਾ ਕੀਤਾ?
16 ਬਾਅਦ ਵਿਚ ਜਦ ਇਜ਼ਰਾਈਲੀ ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆਏ, ਤਾਂ ਉਨ੍ਹਾਂ ਨੇ ਫਿਰ ਯਹੋਵਾਹ ਦਾ ਕਹਿਣਾ ਮੰਨਣਾ ਛੱਡ ਦਿੱਤਾ। ਫਿਰ ਉਨ੍ਹਾਂ ʼਤੇ ਕੀ ਬੀਤੀ? ਲੇਵੀਆਂ ਨੇ ਆਪਣੀ ਪ੍ਰਾਰਥਨਾ ਵਿਚ ਅੱਗੇ ਕਿਹਾ: “ਵੇਖ, ਅਸੀਂ ਅੱਜ ਦੇ ਦਿਨ ਗੁਲਾਮ ਹਾਂ ਅਤੇ ਏਹ ਧਰਤੀ ਜਿਹੜੀ ਤੂੰ ਸਾਡੇ ਪਿਉ ਦਾਦਿਆਂ ਨੂੰ ਦਿੱਤੀ ਕਿ ਓਹ ਇਹ ਦਾ ਫਲ ਅਤੇ ਚੰਗੀਆਂ ਵਸਤੂਆਂ ਖਾਣ, ਵੇਖ, ਅਸੀਂ ਉਸ ਵਿੱਚ ਗੁਲਾਮ ਹਾਂ! ਏਹ ਨੇ ਬਹੁਤੀ ਪੈਦਾਵਾਰ ਉਨ੍ਹਾਂ ਰਾਜਿਆਂ ਲਈ ਦਿੱਤੀ ਜਿਨ੍ਹਾਂ ਨੂੰ ਤੂੰ ਸਾਡੇ ਉੱਤੇ ਸਾਡਿਆਂ ਪਾਪਾਂ ਦੇ ਕਾਰਨ ਠਹਿਰਾਇਆ ਅਤੇ . . . ਅਸੀਂ ਵੱਡੇ ਦੁਖ ਵਿੱਚ ਹਾਂ।”—ਨਹ. 9:36, 37.
17 ਕੀ ਲੇਵੀ ਇਹ ਕਹਿ ਰਹੇ ਸਨ ਕਿ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਬੇਇਨਸਾਫ਼ੀ ਕੀਤੀ ਸੀ? ਹਰਗਿਜ਼ ਨਹੀਂ! ਉਨ੍ਹਾਂ ਨੇ ਪਰਮੇਸ਼ੁਰ ਨੂੰ ਕਿਹਾ: “ਜੋ ਕੁੱਝ ਸਾਡੇ ਤੇ ਵਰਤਿਆ ਉਸ ਵਿੱਚ ਤੂੰ ਧਰਮੀ ਹੈਂ ਕਿਉਂ ਜੋ ਤੂੰ ਸਾਡੇ ਨਾਲ ਸੱਚਿਆਈ ਨਾਲ ਵਰਤਿਆ ਪਰ ਅਸਾਂ ਦੁਸ਼ਟਪੁਨਾ ਕੀਤਾ।” (ਨਹ. 9:33) ਲੇਵੀਆਂ ਨੇ ਆਪਣੀ ਪ੍ਰਾਰਥਨਾ ਦੇ ਅਖ਼ੀਰ ਵਿਚ ਇਹ ਦਿਲੋਂ ਵਾਅਦਾ ਕੀਤਾ ਕਿ ਇਜ਼ਰਾਈਲੀ ਕੌਮ ਹੁਣ ਤੋਂ ਪਰਮੇਸ਼ੁਰ ਦੇ ਕਾਨੂੰਨ ਮੁਤਾਬਕ ਚੱਲੇਗੀ। (ਨਹਮਯਾਹ 9:38 ਪੜ੍ਹੋ; 10:29) ਇਸ ਵਾਅਦੇ ਨੂੰ ਇਕ ਦਸਤਾਵੇਜ਼ ʼਤੇ ਲਿਖ ਦਿੱਤਾ ਗਿਆ ਅਤੇ 84 ਯਹੂਦੀ ਆਗੂਆਂ ਨੇ ਦਸਤਖਤ ਕਰ ਕੇ ਇਸ ʼਤੇ ਮੋਹਰ ਲਾ ਦਿੱਤੀ।—ਨਹ. 10:1-27.
18, 19. (ੳ) ਨਵੀਂ ਦੁਨੀਆਂ ਵਿਚ ਜਾਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਸਾਨੂੰ ਹਮੇਸ਼ਾ ਕਿਸ ਗੱਲ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੇ ਕਿਉਂ?
18 ਜੇ ਅਸੀਂ ਨਵੀਂ ਦੁਨੀਆਂ ਵਿਚ ਜਾਣਾ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਵੱਲੋਂ ਅਨੁਸ਼ਾਸਨ ਕਬੂਲ ਕਰਨ ਦੀ ਲੋੜ ਹੈ। ਜਿੱਦਾਂ ਪੌਲੁਸ ਰਸੂਲ ਨੇ ਕਿਹਾ: “ਕਿਹੜਾ ਪੁੱਤਰ ਹੈ ਜਿਸ ਨੂੰ ਉਸ ਦਾ ਪਿਤਾ ਅਨੁਸ਼ਾਸਨ ਨਹੀਂ ਦਿੰਦਾ?” (ਇਬ. 12:7) ਜੇ ਅਸੀਂ ਯਹੋਵਾਹ ਵੱਲੋਂ ਤਾੜਨਾ ਕਬੂਲ ਕਰ ਕੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਵਿਚ ਲੱਗੇ ਰਹਿੰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਉਸ ਦੀ ਪਵਿੱਤਰ ਸ਼ਕਤੀ ਸਾਨੂੰ ਢਾਲੇ। ਨਾਲੇ ਜੇ ਅਸੀਂ ਕੋਈ ਗੰਭੀਰ ਪਾਪ ਕੀਤਾ ਹੈ ਅਤੇ ਅਸੀਂ ਦਿਲੋਂ ਤੋਬਾ ਕਰ ਕੇ ਤਾੜਨਾ ਕਬੂਲ ਕਰਦੇ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਜ਼ਰੂਰ ਮਾਫ਼ ਕਰ ਦੇਵੇਗਾ।
19 ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਚਮਤਕਾਰ ਕਰ ਕੇ ਛੁਡਾਇਆ ਸੀ। ਪਰ ਜਲਦ ਹੀ ਯਹੋਵਾਹ ਇਸ ਤੋਂ ਵੀ ਵੱਡੇ ਕਾਰਨਾਮੇ ਕਰ ਕੇ ਆਪਣਾ ਨਾਂ ਪਵਿੱਤਰ ਕਰੇਗਾ ਤਾਂਕਿ ਸਾਰਿਆਂ ਨੂੰ ਪਤਾ ਲੱਗੇ ਕਿ ਸਿਰਫ਼ ਉਹੀ ਮਹਾਨ ਪਰਮੇਸ਼ੁਰ ਹੈ। (ਹਿਜ਼. 38:23) ਜਿੱਦਾਂ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚੇ ਉੱਦਾਂ ਹੀ ਯਹੋਵਾਹ ਦੇ ਵਫ਼ਾਦਾਰ ਸੇਵਕ ਨਵੀਂ ਦੁਨੀਆਂ ਵਿਚ ਕਦਮ ਰੱਖਣਗੇ। (2 ਪਤ. 3:13) ਸਾਡੇ ਸਾਮ੍ਹਣੇ ਇਕ ਸ਼ਾਨਦਾਰ ਭਵਿੱਖ ਹੈ, ਇਸ ਲਈ ਆਓ ਆਪਾਂ ਪ੍ਰਾਰਥਨਾ ਕਰਦੇ ਰਹੀਏ ਕਿ ਪਰਮੇਸ਼ੁਰ ਦਾ ਮਹਾਨ ਨਾਂ ਪਵਿੱਤਰ ਕੀਤਾ ਜਾਵੇ। ਅਗਲੇ ਲੇਖ ਵਿਚ ਅਸੀਂ ਇਕ ਹੋਰ ਪ੍ਰਾਰਥਨਾ ʼਤੇ ਗੌਰ ਕਰਾਂਗੇ ਜਿਸ ਮੁਤਾਬਕ ਚੱਲ ਕੇ ਅਸੀਂ ਅੱਜ ਤੇ ਆਉਣ ਵਾਲੇ ਸਮੇਂ ਵਿਚ ਪਰਮੇਸ਼ੁਰ ਤੋਂ ਬਰਕਤਾਂ ਪਾਵਾਂਗੇ।