ਅਸੀਂ ਵਫ਼ਾਦਾਰੀ ਨਾਲ ਚੱਲਾਂਗੇ!
“ਮੈਂ ਖਰਾ ਹੀ ਚੱਲਾਂਗਾ।”—ਜ਼ਬੂ. 26:11.
1, 2. ਅੱਯੂਬ ਨੇ ਆਪਣੀ ਵਫ਼ਾਦਾਰੀ ਬਾਰੇ ਕੀ ਕਿਹਾ ਸੀ ਅਤੇ ਅੱਯੂਬ ਦੇ 31ਵੇਂ ਅਧਿਆਇ ਤੋਂ ਕੀ ਪਤਾ ਲੱਗਦਾ ਹੈ?
ਪੁਰਾਣੇ ਜ਼ਮਾਨੇ ਵਿਚ ਚੀਜ਼ਾਂ ਅਕਸਰ ਤੱਕੜੀ ਨਾਲ ਤੋਲੀਆਂ ਜਾਂਦੀਆਂ ਸਨ। ਇਕ ਪਲੜੇ ਵਿਚ ਚੀਜ਼ ਰੱਖੀ ਜਾਂਦੀ ਸੀ ਤੇ ਦੂਜੇ ਪਲੜੇ ਵਿਚ ਵੱਟੇ ਰੱਖੇ ਜਾਂਦੇ ਸਨ। ਪਰਮੇਸ਼ੁਰ ਦੇ ਲੋਕਾਂ ਨੂੰ ਸਹੀ ਤੱਕੜੀਆਂ ਅਤੇ ਵੱਟਿਆਂ ਦੀ ਵਰਤੋਂ ਕਰਨ ਬਾਰੇ ਕਿਹਾ ਗਿਆ ਸੀ।—ਕਹਾ. 11:1.
2 ਧਰਮੀ ਆਦਮੀ ਅੱਯੂਬ ਜਦੋਂ ਸ਼ਤਾਨੀ ਹਮਲੇ ਅਧੀਨ ਦੁੱਖ ਸਹਿ ਰਿਹਾ ਸੀ, ਤਾਂ ਉਸ ਨੇ ਕਿਹਾ: “[ਯਹੋਵਾਹ] ਮੈਨੂੰ ਧਰਮ ਤੁਲਾ ਉੱਤੇ ਤੋਲੇ, ਅਤੇ ਪਰਮੇਸ਼ੁਰ ਮੇਰੀ ਖਰਿਆਈ ਨੂੰ ਜਾਣੇ।” (ਅੱਯੂ. 31:6) ਇਸ ਸੰਬੰਧੀ ਅੱਯੂਬ ਨੇ ਕਈ ਸਥਿਤੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਇਕ ਵਫ਼ਾਦਾਰ ਸੇਵਕ ਦੀ ਪਰਖ ਹੋ ਸਕਦੀ ਹੈ। ਪਰ ਅੱਯੂਬ ਨੇ ਸਫ਼ਲਤਾ ਨਾਲ ਪਰੀਖਿਆ ਪਾਸ ਕਰ ਲਈ ਸੀ ਜਿਵੇਂ ਅੱਯੂਬ ਦੇ 31ਵੇਂ ਅਧਿਆਇ ਵਿਚ ਦਰਜ ਉਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ। ਅੱਯੂਬ ਦੀ ਚੰਗੀ ਮਿਸਾਲ ਸਾਨੂੰ ਜ਼ਬੂਰ ਦਾਊਦ ਦੀ ਤਰ੍ਹਾਂ ਯਕੀਨ ਨਾਲ ਕਹਿਣ ਲਈ ਪ੍ਰੇਰ ਸਕਦੀ ਹੈ: “ਮੈਂ ਖਰਾ ਹੀ ਚੱਲਾਂਗਾ।”—ਜ਼ਬੂ. 26:11.
3. ਛੋਟੇ ਅਤੇ ਵੱਡੇ ਮਾਮਲਿਆਂ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਰਹਿਣਾ ਕਿਉਂ ਜ਼ਰੂਰੀ ਹੈ?
3 ਭਾਵੇਂ ਅੱਯੂਬ ਦੀ ਡਾਢੀ ਪਰੀਖਿਆ ਹੋਈ ਸੀ, ਪਰ ਉਹ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਿਹਾ। ਕੁਝ ਸ਼ਾਇਦ ਇਹ ਵੀ ਕਹਿਣ ਕਿ ਅੱਯੂਬ ਨੇ ਸੂਰਮੇ ਦੀ ਤਰ੍ਹਾਂ ਡਾਢੀ ਪਰੀਖਿਆ ਦਾ ਸਾਮ੍ਹਣਾ ਕੀਤਾ ਅਤੇ ਵਫ਼ਾਦਾਰ ਰਿਹਾ। ਅਸੀਂ ਅੱਯੂਬ ਵਰਗੇ ਦੁੱਖ ਨਹੀਂ ਝੱਲ ਰਹੇ। ਪਰ ਜੇ ਅਸੀਂ ਵਫ਼ਾਦਾਰ ਅਤੇ ਉਸ ਦੀ ਹਕੂਮਤ ਦੇ ਹਿਮਾਇਤੀਆਂ ਵਜੋਂ ਜਾਣੇ ਜਾਣਾ ਚਾਹੁੰਦੇ ਹਾਂ, ਤਾਂ ਸਾਨੂੰ ਛੋਟੇ ਅਤੇ ਵੱਡੇ ਮਾਮਲਿਆਂ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ।—ਲੂਕਾ 16:10 ਪੜ੍ਹੋ।
ਨੈਤਿਕ ਤੌਰ ਤੇ ਵਫ਼ਾਦਾਰ ਰਹਿਣਾ ਜ਼ਰੂਰੀ
4, 5. ਵਫ਼ਾਦਾਰ ਸੇਵਕ ਹੋਣ ਦੇ ਨਾਤੇ ਅੱਯੂਬ ਨੇ ਕਿਹੋ ਜਿਹੇ ਚਾਲ-ਚਲਣ ਤੋਂ ਪਰਹੇਜ਼ ਕੀਤਾ?
4 ਯਹੋਵਾਹ ਪ੍ਰਤਿ ਵਫ਼ਾਦਾਰੀ ਬਣਾਈ ਰੱਖਣ ਲਈ ਸਾਨੂੰ ਉਸ ਦੇ ਨੈਤਿਕ ਮਿਆਰਾਂ ਉੱਤੇ ਚੱਲਣਾ ਚਾਹੀਦਾ ਹੈ, ਠੀਕ ਜਿਵੇਂ ਅੱਯੂਬ ਚੱਲਿਆ ਸੀ। ਉਸ ਨੇ ਕਿਹਾ: “ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਾਂ ਮੈਂ ਕੁਆਰੀ ਉੱਤੇ ਕਿਸ ਤਰਾਂ ਅੱਖ ਮਟਕਾਵਾਂ? ਜੇ ਮੇਰਾ ਦਿਲ ਕਿਸੇ ਤੀਵੀਂ ਤੇ ਮੋਹਤ ਹੋ ਗਿਆ ਹੋਵੇ, ਅਤੇ ਮੈਂ ਆਪਣੇ ਗੁਆਂਢੀ ਦੇ ਦਰਵੱਜੇ ਉੱਤੇ ਛਹਿ ਵਿੱਚ ਬੈਠਾ ਹੋਵਾਂ, ਤਾਂ ਮੇਰੀ ਤੀਵੀਂ ਦੂਜੇ ਲਈ ਪੀਹੇ, ਅਤੇ ਦੂਜੇ ਉਸ ਉੱਤੇ ਝੁੱਕਣ!”—ਅੱਯੂ. 31:1, 9, 10.
5 ਪਰਮੇਸ਼ੁਰ ਪ੍ਰਤਿ ਵਫ਼ਾਦਾਰੀ ਬਣਾਈ ਰੱਖਣ ਲਈ ਅੱਯੂਬ ਨੇ ਕਿਸੇ ਵੀ ਔਰਤ ਨੂੰ ਮਾੜੀ ਨੀਅਤ ਨਾਲ ਦੇਖਣ ਤੋਂ ਪਰਹੇਜ਼ ਕੀਤਾ। ਵਿਆਹਿਆ ਹੋਣ ਕਰਕੇ ਉਸ ਨੇ ਕਿਸੇ ਵੀ ਕੁਆਰੀ ਔਰਤ ਨਾਲ ਅੱਖ-ਮਟੱਕਾ ਨਹੀਂ ਕੀਤਾ ਜਾਂ ਕਿਸੇ ਹੋਰ ਦੀ ਤੀਵੀਂ ਨਾਲ ਰੋਮਾਂਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਪਹਾੜੀ ਉਪਦੇਸ਼ ਵਿਚ ਯਿਸੂ ਨੇ ਲੈਂਗਿਕ ਨੈਤਿਕਤਾ ਬਾਰੇ ਜ਼ਬਰਦਸਤ ਗੱਲ ਕਹੀ ਜੋ ਨਿਸ਼ਚਿਤ ਤੌਰ ਤੇ ਵਫ਼ਾਦਾਰ ਸੇਵਕਾਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ।—ਮੱਤੀ 5:27, 28 ਪੜ੍ਹੋ।
ਕਦੇ ਵੀ ਚਾਲਬਾਜ਼ ਤਰੀਕੇ ਨਾ ਅਪਣਾਓ
6, 7. (ੳ) ਅੱਯੂਬ ਦੀ ਤਰ੍ਹਾਂ ਪਰਮੇਸ਼ੁਰ ਸਾਡੀ ਵਫ਼ਾਦਾਰੀ ਜਾਂਚਣ ਲਈ ਕੀ ਵਰਤਦਾ ਹੈ? (ਅ) ਸਾਨੂੰ ਚਾਲਬਾਜ਼ ਜਾਂ ਧੋਖੇਬਾਜ਼ ਕਿਉਂ ਨਹੀਂ ਹੋਣਾ ਚਾਹੀਦਾ?
6 ਜੇ ਅਸੀਂ ਵਫ਼ਾਦਾਰਾਂ ਵਜੋਂ ਜਾਣੇ ਜਾਣਾ ਚਾਹੁੰਦੇ ਹਾਂ, ਤਾਂ ਅਸੀਂ ਚਾਲਬਾਜ਼ ਤਰੀਕੇ ਨਹੀਂ ਅਪਣਾ ਸਕਦੇ। (ਕਹਾਉਤਾਂ 3:31-33 ਪੜ੍ਹੋ।) ਅੱਯੂਬ ਨੇ ਕਿਹਾ: “ਜੇ ਮੈਂ ਵਿਅਰਥ ਨਾਲ ਚੱਲਿਆ ਹੋਵਾਂ, ਅਤੇ ਮੇਰਾ ਪੈਰ ਧੋਖੇ ਵੱਲ ਦੌੜਿਆ ਹੋਵੇ, [ਯਹੋਵਾਹ] ਮੈਨੂੰ ਧਰਮ ਤੁਲਾ ਉੱਤੇ ਤੋਲੇ, ਅਤੇ ਪਰਮੇਸ਼ੁਰ ਮੇਰੀ ਖਰਿਆਈ ਨੂੰ ਜਾਣੇ।” (ਅੱਯੂ. 31:5, 6) ਯਹੋਵਾਹ ਸਾਰੀ ਮਨੁੱਖਜਾਤੀ ਨੂੰ “ਧਰਮ ਤੁਲਾ” ਉੱਤੇ ਤੋਲਦਾ ਹੈ। ਜਿਵੇਂ ਅਸੀਂ ਅੱਯੂਬ ਦੇ ਮਾਮਲੇ ਵਿਚ ਦੇਖਿਆ ਹੈ, ਯਹੋਵਾਹ ਆਪਣੇ ਸਮਰਪਿਤ ਸੇਵਕਾਂ ਦੀ ਵਫ਼ਾਦਾਰੀ ਦੇਖਣ ਲਈ ਆਪਣੇ ਨਿਆਂ ਦੇ ਸਹੀ ਮਿਆਰ ਨੂੰ ਵਰਤਦਾ ਹੈ।
7 ਜੇ ਅਸੀਂ ਚਾਲਬਾਜ਼ ਜਾਂ ਧੋਖੇਬਾਜ਼ ਬਣ ਗਏ, ਤਾਂ ਅਸੀਂ ਪਰਮੇਸ਼ੁਰ ਪ੍ਰਤਿ ਵਫ਼ਾਦਾਰੀ ਕਾਇਮ ਨਹੀਂ ਰੱਖ ਰਹੇ ਹੋਵਾਂਗੇ। ਵਫ਼ਾਦਾਰਾਂ ਨੇ “ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੋਇਆ ਹੈ” ਅਤੇ ਨਾ “ਚਤਰਾਈ ਦੀ ਚਾਲ ਚੱਲਦੇ” ਹਨ। (2 ਕੁਰਿੰ. 4:1, 2) ਪਰ ਉਦੋਂ ਕੀ ਜੇ ਅਸੀਂ ਮੱਕਾਰੀ ਨਾਲ ਕੁਝ ਕਹਿੰਦੇ ਜਾਂ ਕਰਦੇ ਹਾਂ, ਜਿਸ ਕਰਕੇ ਕਿਸੇ ਭੈਣ ਜਾਂ ਭਰਾ ਨੂੰ ਮਦਦ ਲਈ ਪਰਮੇਸ਼ੁਰ ਨੂੰ ਬੇਨਤੀ ਕਰਨੀ ਪੈਂਦੀ ਹੈ? ਤਾਂ ਸਾਡੇ ਨਾਲ ਬਹੁਤ ਬੁਰਾ ਹੋਵੇਗਾ! ਜ਼ਬੂਰ ਨੇ ਗਾਇਆ: “ਆਪਣੇ ਬਿਪਤਾ ਦੇ ਦਿਨ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਉਹ ਨੇ ਮੈਨੂੰ ਉੱਤਰ ਦਿੱਤਾ। ਹੇ ਯਹੋਵਾਹ, ਮੇਰੀ ਜਾਨ ਨੂੰ ਝੂਠੇ ਬੁੱਲ੍ਹਾਂ ਤੋਂ, ਅਤੇ ਛਲੇਡੀ ਜੀਭ ਤੋਂ ਛੁਡਾ ਲੈ!” (ਜ਼ਬੂ. 120:1, 2) ਇਹ ਯਾਦ ਰੱਖਣਾ ਚੰਗਾ ਹੈ ਕਿ ਯਹੋਵਾਹ ਸਾਨੂੰ ਧੁਰ ਅੰਦਰੋਂ ਦੇਖ ਸਕਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਹਾਂ। ਉਹ ਸਾਡੇ ‘ਦਿਲਾਂ ਅਰ ਗੁਰਦਿਆਂ ਨੂੰ ਜਾਂਚ’ ਕੇ ਤੈਅ ਕਰਦਾ ਹੈ ਕਿ ਅਸੀਂ ਸੱਚ-ਮੁੱਚ ਵਫ਼ਾਦਾਰ ਹਾਂ ਜਾਂ ਨਹੀਂ।—ਜ਼ਬੂ. 7:8, 9.
ਦੂਜਿਆਂ ਨਾਲ ਪੇਸ਼ ਆਉਣ ਵਿਚ ਮਿਸਾਲੀ ਬਣੋ
8. ਅੱਯੂਬ ਨੇ ਦੂਜਿਆਂ ਨਾਲ ਕਿਹੋ ਜਿਹਾ ਸਲੂਕ ਕੀਤਾ?
8 ਆਪਣੀ ਵਫ਼ਾਦਾਰੀ ਬਣਾਈ ਰੱਖਣ ਲਈ ਸਾਨੂੰ ਅੱਯੂਬ ਵਰਗੇ ਬਣਨ ਦੀ ਲੋੜ ਹੈ ਜੋ ਇਨਸਾਫ਼-ਪਸੰਦ, ਨਿਮਰ ਅਤੇ ਦੂਜਿਆਂ ਦੀ ਪਰਵਾਹ ਕਰਦਾ ਸੀ। ਉਸ ਨੇ ਕਿਹਾ ਕਿ ਅਦਾਲਤ ਵਿਚ “ਜੇ ਮੈਂ ਆਪਣੇ ਦਾਸ ਯਾ ਆਪਣੀ ਦਾਸੀ ਨੂੰ ਤੁੱਛ ਜਾਤਾ ਹੋਵੇ, ਜਦ ਓਹ ਮੇਰੇ ਵਿਰੁੱਧ ਲੜੇ ਹੋਣ, ਤਾਂ ਜਦ ਪਰਮੇਸ਼ੁਰ ਉੱਠੇ ਮੈਂ ਕੀ ਕਰਾਂ, ਅਤੇ ਜਦ ਉਹ ਖ਼ਬਰ ਲਵੇ ਤਾਂ ਮੈਂ ਕੀ ਉੱਤਰ ਦਿਆਂ? ਜਿਹ ਨੇ ਮੈਨੂੰ ਕੁੱਖ ਵਿੱਚ ਬਣਾਇਆ, ਕੀ ਉਹ ਨੇ ਉਸ ਨੂੰ ਵੀ ਨਹੀਂ ਬਣਾਇਆ? ਅਤੇ ਇੱਕੋ ਹੀ ਨੇ ਸਾਨੂੰ ਗਰਭ ਵਿੱਚ ਨਹੀਂ ਰਚਿਆ?”—ਅੱਯੂ. 31:13-15.
9. ਅੱਯੂਬ ਨੇ ਆਪਣੇ ਨੌਕਰਾਂ ਨਾਲ ਪੇਸ਼ ਆਉਣ ਵੇਲੇ ਕਿਹੜੇ ਗੁਣ ਦਿਖਾਏ ਅਤੇ ਇਸ ਸੰਬੰਧੀ ਸਾਨੂੰ ਕੀ ਕਰਨਾ ਚਾਹੀਦਾ ਹੈ?
9 ਅੱਯੂਬ ਦੇ ਜ਼ਮਾਨੇ ਵਿਚ ਗੁੰਝਲਦਾਰ ਤਰੀਕੇ ਨਾਲ ਮੁਕੱਦਮੇ ਨਹੀਂ ਨਿਪਟਾਏ ਜਾਂਦੇ ਸਨ। ਮੁਕੱਦਮਿਆਂ ਨੂੰ ਤਰਤੀਬ ਨਾਲ ਸੁਲਝਾਇਆ ਜਾਂਦਾ ਸੀ ਅਤੇ ਗ਼ੁਲਾਮ ਵੀ ਅਦਾਲਤਾਂ ਵਿਚ ਮੁਕੱਦਮਾ ਦਾਇਰ ਕਰ ਸਕਦੇ ਸਨ। ਅੱਯੂਬ ਆਪਣੇ ਨੌਕਰਾਂ ਨਾਲ ਇਨਸਾਫ਼ ਅਤੇ ਦਇਆ ਨਾਲ ਪੇਸ਼ ਆਉਂਦਾ ਸੀ। ਜੇ ਅਸੀਂ ਵਫ਼ਾਦਾਰੀ ਨਾਲ ਚੱਲਣਾ ਹੈ, ਤਾਂ ਸਾਨੂੰ ਅਜਿਹੇ ਗੁਣ ਦਿਖਾਉਣੇ ਚਾਹੀਦੇ ਹਨ, ਖ਼ਾਸਕਰ ਜੇ ਅਸੀਂ ਮਸੀਹੀ ਕਲੀਸਿਯਾ ਵਿਚ ਬਜ਼ੁਰਗਾਂ ਵਜੋਂ ਸੇਵਾ ਕਰਦੇ ਹਾਂ।
ਖੁੱਲ੍ਹੇ ਦਿਲ ਵਾਲੇ ਹੋਵੋ ਨਾ ਕਿ ਲਾਲਚੀ
10, 11. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਅੱਯੂਬ ਖੁੱਲ੍ਹੇ ਦਿਲ ਵਾਲਾ ਅਤੇ ਮਦਦਗਾਰ ਸੀ? (ਅ) ਅੱਯੂਬ 31:16-25 ਸ਼ਾਇਦ ਸਾਨੂੰ ਬਾਅਦ ਵਿਚ ਬਾਈਬਲ ਦੀ ਕਿਹੜੀ ਚੇਤਾਵਨੀ ਚੇਤੇ ਕਰਾਵੇ?
10 ਅੱਯੂਬ ਖੁੱਲ੍ਹੇ ਦਿਲ ਵਾਲਾ ਅਤੇ ਮਦਦਗਾਰ ਸੀ, ਨਾ ਕਿ ਸੁਆਰਥੀ ਅਤੇ ਲੋਭੀ। ਉਸ ਨੇ ਕਿਹਾ: ‘ਜੇ ਵਿਧਵਾ ਦੀਆਂ ਅੱਖੀਆਂ ਮੇਰੇ ਕਾਰਨ ਰਹਿ ਗਈਆਂ ਹੋਣ, ਯਾ ਮੈਂ ਆਪਣੀ ਬੁਰਕੀ ਇਕੱਲਿਆਂ ਹੀ ਖਾਧੀ ਹੋਵੇ, ਅਤੇ ਯਤੀਮ ਨੇ ਉਸ ਤੋਂ ਨਾ ਖਾਧਾ ਹੋਵੇ, ਜੇ ਮੈਂ ਕਿਸੇ ਨੂੰ ਬਿਨਾ ਕੱਪੜੇ ਦੇ ਮਰਦੇ, ਜੇ ਮੈਂ ਆਪਣਾ ਹੱਥ ਯਤੀਮ ਉੱਤੇ ਚੁੱਕਿਆ ਹੋਵੇ, ਏਸ ਕਾਰਨ ਕਿ ਮੈਂ ਫਾਟਕ ਵਿੱਚ ਆਪਣੇ ਸਹਾਇਕਾਂ ਨੂੰ ਵੇਖਿਆ, ਤਾਂ ਮੇਰਾ ਮੌਰ ਮੋਢੇ ਤੋਂ ਡਿੱਗ ਜਾਵੇ, ਅਤੇ ਮੇਰੀ ਬਾਂਹ ਜੋੜ ਤੋਂ ਟੁੱਟ ਜਾਵੇ!’ ਅੱਯੂਬ ਨੇ ਵਫ਼ਾਦਾਰ ਨਹੀਂ ਹੋਣਾ ਸੀ ਜੇ ਉਸ ਨੇ ਸੋਨੇ ਨੂੰ ਕਿਹਾ ਹੁੰਦਾ: ‘ਤੂੰ ਮੇਰਾ ਭਰੋਸਾ ਹੈ!’—ਅੱਯੂ. 31:16-25.
11 ਅਜਿਹੇ ਸ਼ਾਇਰਾਨਾ ਸ਼ਬਦ ਸਾਨੂੰ ਸ਼ਾਇਦ ਚੇਲੇ ਯਾਕੂਬ ਦੇ ਇਹ ਲਫ਼ਜ਼ ਚੇਤੇ ਕਰਾਉਣ: “ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ।” (ਯਾਕੂ. 1:27) ਸਾਨੂੰ ਸ਼ਾਇਦ ਯਿਸੂ ਦੀ ਚੇਤਾਵਨੀ ਚੇਤੇ ਆਵੇ: “ਖਬਰਦਾਰ ਅਤੇ ਸਾਰੇ ਲੋਭ ਤੋਂ ਬਚੇ ਰਹੋ ਕਿਉਂ ਜੋ ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” ਫਿਰ ਯਿਸੂ ਨੇ ਇਕ ਲੋਭੀ ਅਮੀਰ ਆਦਮੀ ਦੀ ਮਿਸਾਲ ਦਿੱਤੀ ਜੋ ਮਰ ਗਿਆ ਸੀ, ਪਰ ਉਹ “ਪਰਮੇਸ਼ੁਰ ਦੇ ਅੱਗੇ ਧਨਵਾਨ” ਨਹੀਂ ਸੀ। (ਲੂਕਾ 12:15-21) ਵਫ਼ਾਦਾਰ ਬਣਨ ਲਈ ਸਾਨੂੰ ਲੋਭ ਅੱਗੇ ਨਹੀਂ ਝੁਕਣਾ ਚਾਹੀਦਾ। ਲੋਭ ਮੂਰਤੀ-ਪੂਜਾ ਹੈ ਕਿਉਂਕਿ ਲੋਭੀ ਬੰਦੇ ਦੀ ਲਾਲਸਾ ਉਸ ਦਾ ਧਿਆਨ ਯਹੋਵਾਹ ਤੋਂ ਹਟਾ ਦਿੰਦੀ ਹੈ ਅਤੇ ਇਸ ਤਰ੍ਹਾਂ ਉਸ ਦੀ ਲਾਲਸਾ ਇਕ ਮੂਰਤ ਬਣ ਜਾਂਦੀ ਹੈ। (ਕੁਲੁ. 3:5) ਵਫ਼ਾਦਾਰੀ ਅਤੇ ਲੋਭ ਦਾ ਕੋਈ ਮੇਲ ਨਹੀਂ ਹੈ!
ਸੱਚੀ ਭਗਤੀ ਕਰਦੇ ਰਹੋ
12, 13. ਮੂਰਤੀ-ਪੂਜਾ ਤੋਂ ਦੂਰ ਰਹਿ ਕੇ ਅੱਯੂਬ ਨੇ ਕਿਹੜੀ ਮਿਸਾਲ ਕਾਇਮ ਕੀਤੀ?
12 ਵਫ਼ਾਦਾਰ ਸੇਵਕ ਸੱਚੀ ਭਗਤੀ ਕਰਨੀ ਨਹੀਂ ਛੱਡਦੇ। ਅੱਯੂਬ ਨੇ ਭਗਤੀ ਕਰਨੀ ਨਹੀਂ ਛੱਡੀ ਸੀ ਕਿਉਂਕਿ ਉਸ ਨੇ ਕਿਹਾ: “ਜੇ ਮੈਂ ਸੂਰਜ ਨੂੰ ਡਿੱਠਾ ਹੁੰਦਾ ਜਦ ਉਹ ਚਮਕਦਾ ਸੀ, ਜਾਂ ਚੰਦ ਨੂੰ ਜਦ ਉਹ ਸ਼ਾਨ ਨਾਲ ਚੱਲਦਾ ਸੀ, ਅਤੇ ਮੇਰਾ ਦਿਲ ਚੁੱਪਕੇ ਮੋਹਤ ਹੋ ਗਿਆ ਹੁੰਦਾ, ਅਤੇ ਮੇਰੇ ਮੂੰਹ ਨੇ ਮੇਰੇ ਹੱਥ ਨੂੰ ਚੁੰਮ ਲਿਆ ਹੁੰਦਾ, ਤਾਂ ਇਹ ਕੋਤਵਾਲਾਂ ਦੇ ਸਜ਼ਾ ਦੇਣ ਜੋਗ ਬਦੀ ਹੁੰਦੀ, ਇਸ ਲਈ ਕਿ ਮੈਂ ਸੁਰਗੀ ਪਰਮੇਸ਼ੁਰ ਦਾ ਇਨਕਾਰ ਕਰ ਦਿੱਤਾ ਹੁੰਦਾ!”—ਅੱਯੂ. 31:26-28.
13 ਅੱਯੂਬ ਨੇ ਬੇਜਾਨ ਚੀਜ਼ਾਂ ਦੀ ਭਗਤੀ ਨਹੀਂ ਕੀਤੀ। ਜੇ ਉਸ ਦਾ ਦਿਲ ਆਕਾਸ਼ੀ ਚੀਜ਼ਾਂ ਜਿਵੇਂ ਚੰਦ ਵੱਲ ਖਿੱਚਿਆ ਜਾਂਦਾ ਅਤੇ ਉਸ ਦੇ ‘ਮੂੰਹ ਨੇ ਉਸ ਦੇ ਹੱਥ ਨੂੰ ਚੁੰਮ ਲਿਆ ਹੁੰਦਾ’ ਯਾਨੀ ਆਪਣੇ ਹੱਥ ਨੂੰ ਚੁੰਮ ਕੇ ਚੰਦ ਵੱਲ ਵਧਾਇਆ ਹੁੰਦਾ, ਤਾਂ ਉਸ ਨੇ ਮੂਰਤੀ-ਪੂਜਕ ਹੋਣਾ ਸੀ ਤੇ ਪਰਮੇਸ਼ੁਰ ਦਾ ਇਨਕਾਰ ਕਰਨਾ ਸੀ। (ਬਿਵ. 4:15, 19) ਪਰਮੇਸ਼ੁਰ ਪ੍ਰਤਿ ਵਫ਼ਾਦਾਰੀ ਬਣਾਈ ਰੱਖਣ ਲਈ ਸਾਨੂੰ ਹਰ ਤਰ੍ਹਾਂ ਦੀ ਮੂਰਤੀ-ਪੂਜਾ ਤੋਂ ਦੂਰ ਰਹਿਣਾ ਚਾਹੀਦਾ ਹੈ।—1 ਯੂਹੰਨਾ 5:21 ਪੜ੍ਹੋ।
ਖੁਣਸੀ ਜਾਂ ਪਖੰਡੀ ਨਾ ਬਣੋ
14. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅੱਯੂਬ ਖੁਣਸੀ ਨਹੀਂ ਸੀ?
14 ਅੱਯੂਬ ਨਾ ਤਾਂ ਖੁਣਸੀ ਸੀ ਤੇ ਨਾ ਹੀ ਜ਼ਾਲਮ ਸੀ। ਉਸ ਨੂੰ ਪਤਾ ਸੀ ਕਿ ਅਜਿਹੇ ਔਗੁਣਾਂ ਕਾਰਨ ਉਸ ਨੂੰ ਵਫ਼ਾਦਾਰ ਨਹੀਂ ਕਿਹਾ ਜਾ ਸਕਦਾ ਸੀ ਕਿਉਂਕਿ ਉਸ ਨੇ ਕਿਹਾ: “ਜੇ ਮੈਂ ਆਪਣੇ ਵੈਰੀ ਦੇ ਨਾਸ ਤੋਂ ਅਨੰਦ ਹੋਇਆ ਹੁੰਦਾ, ਅਤੇ ਜਦ ਮੁਸੀਬਤ ਉਸ ਉੱਤੇ ਪਈ ਮੈਂ ਖ਼ੁਸ਼ੀ ਮਨਾਈ ਹੁੰਦੀ, . . . ਮੈਂ ਆਪਣੇ ਮੂੰਹ ਨੂੰ ਪਾਪ ਕਰਨ ਨਾ ਦਿੱਤਾ ਭਈ ਉਹ ਦੀ ਜਾਨ ਸਰਾਪ ਨਾਲ ਮੰਗਾਂ।”—ਅੱਯੂ. 31:29, 30.
15. ਉਸ ਵਿਅਕਤੀ ਦੇ ਦੁੱਖ ਨੂੰ ਦੇਖ ਕੇ ਖ਼ੁਸ਼ ਹੋਣਾ ਕਿਉਂ ਗ਼ਲਤ ਹੈ ਜੋ ਸਾਡੇ ਨਾਲ ਵੈਰ ਰੱਖਦਾ ਹੈ?
15 ਧਰਮੀ ਅੱਯੂਬ ਉਦੋਂ ਖ਼ੁਸ਼ ਨਹੀਂ ਹੋਇਆ ਜਦੋਂ ਉਸ ਨਾਲ ਨਫ਼ਰਤ ਕਰਨ ਵਾਲੇ ਉੱਤੇ ਕੋਈ ਬਿਪਤਾ ਆਉਂਦੀ ਸੀ। ਬਾਅਦ ਵਿਚ ਲਿਖੀ ਕਹਾਵਤ ਚੇਤਾਵਨੀ ਦਿੰਦੀ ਹੈ: “ਜਦ ਤੇਰਾ ਵੈਰੀ ਡਿੱਗੇ ਤਾਂ ਤੂੰ ਅਨੰਦ ਨਾ ਹੋਵੀਂ, ਅਤੇ ਜਾਂ ਉਹ ਠੋਕਰ ਖਾਵੇ ਤਾਂ ਤੇਰਾ ਮਨ ਪਰਸੰਨ ਨਾ ਹੋਵੇ, ਮਤੇ ਯਹੋਵਾਹ ਇਹ ਵੇਖ ਕੇ ਬੁਰਾ ਮੰਨੇ, ਅਤੇ ਆਪਣਾ ਕ੍ਰੋਧ ਉਸ ਤੋਂ ਹਟਾ ਲਵੇ।” (ਕਹਾ. 24:17, 18) ਕਿਉਂਕਿ ਯਹੋਵਾਹ ਸਾਡੇ ਦਿਲਾਂ ਨੂੰ ਪੜ੍ਹ ਸਕਦਾ ਹੈ, ਇਸ ਲਈ ਉਸ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਅਸੀਂ ਕਿਸੇ ਦੂਸਰੇ ਦੇ ਦੁੱਖ ਨੂੰ ਦੇਖ ਕੇ ਮਨ ਹੀ ਮਨ ਵਿਚ ਖ਼ੁਸ਼ ਹੁੰਦੇ ਹਾਂ। ਉਹ ਅਜਿਹੇ ਰਵੱਈਏ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ। (ਕਹਾ. 17:5) ਸ਼ਾਇਦ ਪਰਮੇਸ਼ੁਰ ਵੀ ਸਾਡੇ ਨਾਲ ਸਾਡੇ ਰਵੱਈਏ ਅਨੁਸਾਰ ਪੇਸ਼ ਆਵੇ ਕਿਉਂਕਿ ਉਹ ਕਹਿੰਦਾ ਹੈ: “ਬਦਲਾ ਦੇਣਾ ਅਤੇ ਬਦਲਾ ਲੈਣਾ ਮੇਰਾ ਕੰਮ ਹੈ।”—ਬਿਵ. 32:35.
16. ਭਾਵੇਂ ਅਸੀਂ ਅਮੀਰ ਨਾ ਵੀ ਹੋਈਏ, ਤਾਂ ਵੀ ਅਸੀਂ ਪਰਾਹੁਣਚਾਰੀ ਕਿਵੇਂ ਕਰ ਸਕਦੇ ਹਾਂ?
16 ਅੱਯੂਬ ਪਰਾਹੁਣਾਚਾਰ ਸੀ। (ਅੱਯੂ. 31:31, 32) ਅਸੀਂ ਸ਼ਾਇਦ ਅਮੀਰ ਨਾ ਹੋਈਏ, ਪਰ ਅਸੀਂ ‘ਪਰਾਹੁਣਚਾਰੀ ਪੁੱਜ ਕੇ ਕਰ’ ਸਕਦੇ ਹਾਂ। (ਰੋਮੀ. 12:13) ਅਸੀਂ ਦੂਜਿਆਂ ਨਾਲ ਸਾਦਾ ਜਿਹਾ ਖਾਣਾ ਸਾਂਝਾ ਕਰ ਸਕਦੇ ਹਾਂ। ਅਸੀਂ ਯਾਦ ਰੱਖਦੇ ਹਾਂ ਕਿ “ਸਾਗ ਪੱਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ।” (ਕਹਾ. 15:17) ਕਿਸੇ ਵਫ਼ਾਦਾਰ ਭਰਾ ਜਾਂ ਭੈਣ ਨਾਲ ਪਿਆਰ ਭਰੇ ਮਾਹੌਲ ਵਿਚ ਸਾਦਾ ਜਿਹਾ ਖਾਣਾ ਖਾ ਕੇ ਵੀ ਮਜ਼ਾ ਆਵੇਗਾ ਅਤੇ ਸਾਡੀ ਨਿਹਚਾ ਤਕੜੀ ਹੋਵੇਗੀ।
17. ਸਾਨੂੰ ਗੰਭੀਰ ਪਾਪ ਛੁਪਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਨੀ ਚਾਹੀਦੀ?
17 ਅੱਯੂਬ ਦੀ ਪਰਾਹੁਣਚਾਰੀ ਤੋਂ ਦੂਜਿਆਂ ਨੂੰ ਕਿੰਨਾ ਹੌਸਲਾ ਮਿਲਿਆ ਹੋਵੇਗਾ ਕਿਉਂਕਿ ਉਹ ਪਖੰਡੀ ਨਹੀਂ ਸੀ! ਉਹ ਉਨ੍ਹਾਂ ਬੁਰੇ ਆਦਮੀਆਂ ਵਰਗਾ ਨਹੀਂ ਸੀ ਜੋ ਪਹਿਲੀ ਸਦੀ ਦੀ ਕਲੀਸਿਯਾ ਵਿਚ ਆ ਵੜੇ ਸਨ ਅਤੇ ‘ਲਾਹੇ ਪਿੱਛੇ ਮੂੰਹ ਉੱਤੇ ਵਡਿਆਈ ਕਰਦੇ ਸਨ।’ (ਯਹੂ. 3, 4, 16) ਨਾ ਹੀ ਅੱਯੂਬ ਨੇ ਡਰਦੇ ਮਾਰੇ ਆਪਣਾ ਅਪਰਾਧ ਜਾਂ “ਆਪਣੀ ਬਦੀ ਆਪਣੇ ਸੀਨੇ ਵਿੱਚ ਛਿਪਾਈ” ਕਿ ਕਿਤੇ ਇਸ ਬਾਰੇ ਪਤਾ ਲੱਗਣ ਤੇ ਦੂਜੇ ਉਸ ਨਾਲ ਘਿਰਣਾ ਨਾ ਕਰਨ। ਉਹ ਤਿਆਰ ਸੀ ਕਿ ਪਰਮੇਸ਼ੁਰ ਉਸ ਨੂੰ ਜਾਂਚੇ ਜਿਸ ਅੱਗੇ ਉਹ ਕੋਈ ਵੀ ਪਾਪ ਮੰਨਣ ਲਈ ਤਿਆਰ ਸੀ। (ਅੱਯੂ. 31:33-37) ਜੇ ਸਾਡੇ ਕੋਲੋਂ ਕੋਈ ਗੰਭੀਰ ਪਾਪ ਹੋ ਜਾਂਦਾ ਹੈ, ਤਾਂ ਆਓ ਆਪਾਂ ਆਪਣੀ ਇੱਜ਼ਤ ਬਚਾਉਣ ਲਈ ਇਸ ਪਾਪ ਨੂੰ ਛੁਪਾਉਣ ਦੀ ਕੋਸ਼ਿਸ਼ ਨਾ ਕਰੀਏ। ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਵਫ਼ਾਦਾਰ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ? ਆਪਣੀ ਗ਼ਲਤੀ ਮੰਨਣ, ਤੋਬਾ ਕਰਨ, ਬਜ਼ੁਰਗਾਂ ਤੋਂ ਮਦਦ ਭਾਲਣ ਅਤੇ ਸੁਧਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਕੇ।—ਕਹਾ. 28:13; ਯਾਕੂ. 5:13-15.
ਵਫ਼ਾਦਾਰ ਅੱਯੂਬ ਅਦਾਲਤ ਵਿਚ ਜਾਣ ਲਈ ਤਿਆਰ
18, 19. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅੱਯੂਬ ਨੇ ਕਦੇ ਵੀ ਕਿਸੇ ਦਾ ਸ਼ੋਸ਼ਣ ਨਹੀਂ ਕੀਤਾ? (ਅ) ਅੱਯੂਬ ਕੀ ਕਰਨ ਲਈ ਤਿਆਰ ਸੀ ਜੇ ਉਹ ਗ਼ਲਤ ਨਿਕਲਦਾ?
18 ਅੱਯੂਬ ਈਮਾਨਦਾਰ ਅਤੇ ਇਨਸਾਫ਼-ਪਸੰਦ ਸੀ। ਇਸ ਲਈ ਉਹ ਕਹਿ ਸਕਿਆ: “ਜੇ ਮੇਰੀ ਜਮੀਨ ਮੇਰੇ ਵਿਰੁੱਧ ਚਿੱਲਾਈ ਹੋਵੇ, ਅਤੇ ਉਹ ਦੇ ਸਿਆੜ ਇਕੱਠੇ ਰੋਏ ਹੋਣ, ਜੇ ਮੈਂ ਉਹ ਦੀ ਉਪਜ ਨੂੰ ਬਿਨਾ ਚਾਂਦੀ ਦੇ ਖਾਧਾ ਹੋਵੇ, ਯਾ ਉਹ ਦੇ ਮਾਲਕਾਂ ਦੀ ਜਾਨ ਲੀਤੀ ਹੋਵੇ, ਤਾਂ ਕਣਕ ਦੇ ਥਾਂ ਪੋਹਲੀਆਂ, ਅਤੇ ਜੌਂ ਦੇ ਥਾਂ ਪੁਘਾਟ [ਕੰਡਿਆਲੀਆਂ ਝਾੜੀਆਂ] ਨਿੱਕਲਣ!” (ਅੱਯੂ. 31:38-40) ਅੱਯੂਬ ਨੇ ਕਦੇ ਵੀ ਦੂਜਿਆਂ ਦੀ ਜ਼ਮੀਨ ਨਹੀਂ ਖੋਹੀ ਅਤੇ ਨਾ ਹੀ ਕਾਮਿਆਂ ਦਾ ਸ਼ੋਸ਼ਣ ਕੀਤਾ। ਉਸ ਵਾਂਗ ਸਾਨੂੰ ਵੀ ਛੋਟੇ ਅਤੇ ਵੱਡੇ ਮਾਮਲਿਆਂ ਵਿਚ ਯਹੋਵਾਹ ਦੇ ਵਫ਼ਾਦਾਰ ਰਹਿਣ ਦੀ ਲੋੜ ਹੈ।
19 ਆਪਣੇ ਤਿੰਨ ਦੋਸਤਾਂ ਅਤੇ ਨੌਜਵਾਨ ਅਲੀਹੂ ਨੂੰ ਅੱਯੂਬ ਨੇ ਉਹੀ ਤਰੀਕਾ ਦੱਸਿਆ ਜਿਸ ਤਰੀਕੇ ਨਾਲ ਉਹ ਜੀਉਂਦਾ ਸੀ। ਅੱਯੂਬ ਨੇ ਕਿਹਾ ਕਿ ਕੋਈ ਵੀ ਉਸ ਦੀ ਜ਼ਿੰਦਗੀ ਦੇ ਰਿਕਾਰਡ ਖ਼ਿਲਾਫ਼ ਮੁਕੱਦਮਾ ਦਾਇਰ ਕਰ ਸਕਦਾ ਸੀ ਜਿਸ ਉੱਤੇ ਉਸ ਦਾ “ਅੰਗੂਠਾ” ਲੱਗਾ ਹੋਇਆ ਸੀ। ਜੇ ਅੱਯੂਬ ਗ਼ਲਤ ਨਿਕਲਦਾ, ਤਾਂ ਉਹ ਸਜ਼ਾ ਭੁਗਤਣ ਲਈ ਤਿਆਰ ਸੀ। ਇਸ ਲਈ ਉਸ ਨੇ ਆਪਣਾ ਮੁਕੱਦਮਾ ਪਰਮੇਸ਼ੁਰ ਦੀ ਅਦਾਲਤ ਉੱਤੇ ਛੱਡ ਦਿੱਤਾ ਕਿ ਉਹੀ ਫ਼ੈਸਲਾ ਕਰੇ। ਇਸ ਤਰ੍ਹਾਂ “ਅੱਯੂਬ ਦੀਆਂ ਗੱਲਾਂ ਮੁੱਕਦੀਆਂ ਹੋਈਆਂ।”—ਅੱਯੂ. 31:35, 40.
ਤੁਸੀਂ ਵਫ਼ਾਦਾਰ ਰਹਿ ਸਕਦੇ ਹੋ
20, 21. (ੳ) ਅੱਯੂਬ ਆਪਣੀ ਵਫ਼ਾਦਾਰੀ ਕਿਉਂ ਬਣਾਈ ਰੱਖ ਸਕਿਆ? (ਅ) ਅਸੀਂ ਪਰਮੇਸ਼ੁਰ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ?
20 ਅੱਯੂਬ ਇਸ ਲਈ ਆਪਣੀ ਵਫ਼ਾਦਾਰੀ ਬਣਾਈ ਰੱਖ ਸਕਿਆ ਕਿਉਂਕਿ ਉਹ ਪਰਮੇਸ਼ੁਰ ਨੂੰ ਸੱਚਾ ਪਿਆਰ ਕਰਦਾ ਸੀ। ਯਹੋਵਾਹ ਨੇ ਵੀ ਉਸ ਨਾਲ ਪਿਆਰ ਕਰਨ ਦੇ ਨਾਲ-ਨਾਲ ਉਸ ਉੱਤੇ ਦਇਆ ਕੀਤੀ ਤੇ ਉਸ ਦੀ ਮਦਦ ਕੀਤੀ। ਅੱਯੂਬ ਨੇ ਕਿਹਾ: “ਤੂੰ ਜੀਵਨ ਤੇ ਦਇਆ ਮੈਨੂੰ ਦਿੱਤੀ ਹੈ, ਅਤੇ ਤੇਰੀ ਸੁਰੱਖਿਆ ਹੇਠ ਮੈਂ ਜੀਉਂਦਾ ਰਿਹਾ ਹਾਂ।” (ਅੱਯੂ. 10:12, CL) ਇਸ ਤੋਂ ਇਲਾਵਾ, ਅੱਯੂਬ ਨੇ ਦੂਸਰਿਆਂ ਲਈ ਪਿਆਰ ਦਿਖਾਇਆ ਕਿਉਂਕਿ ਉਹ ਜਾਣਦਾ ਸੀ ਕਿ ਜੇ ਕੋਈ ਕਿਸੇ ਨਾਲ ਸੱਚਾ ਪਿਆਰ ਤੇ ਦਇਆ ਨਹੀਂ ਕਰਦਾ, ਤਾਂ ਉਹ ਸਰਬ ਸ਼ਕਤੀਮਾਨ ਦਾ ਭੈ ਮੰਨਣਾ ਛੱਡ ਦੇਵੇਗਾ। (ਅੱਯੂ. 6:14) ਵਫ਼ਾਦਾਰ ਸੇਵਕ ਪਰਮੇਸ਼ੁਰ ਅਤੇ ਗੁਆਂਢੀ ਨਾਲ ਪਿਆਰ ਕਰਦੇ ਹਨ।—ਮੱਤੀ 22:37-40.
21 ਪਰਮੇਸ਼ੁਰ ਲਈ ਪਿਆਰ ਅਸੀਂ ਰੋਜ਼ ਉਸ ਦੇ ਬਚਨ ਨੂੰ ਪੜ੍ਹ ਕੇ ਅਤੇ ਉਸ ਬਾਰੇ ਦੱਸੀਆਂ ਗੱਲਾਂ ਉੱਤੇ ਮਨਨ ਕਰ ਕੇ ਪੈਦਾ ਕਰ ਸਕਦੇ ਹਾਂ। ਅਸੀਂ ਦਿਲੋਂ ਪ੍ਰਾਰਥਨਾ ਕਰ ਕੇ ਯਹੋਵਾਹ ਦੀ ਵਡਿਆਈ ਕਰ ਸਕਦੇ ਹਾਂ ਅਤੇ ਉਸ ਵੱਲੋਂ ਸਾਡੇ ਲਈ ਕੀਤੇ ਭਲੇ ਕੰਮਾਂ ਲਈ ਉਸ ਦਾ ਧੰਨਵਾਦ ਕਰ ਸਕਦੇ ਹਾਂ। (ਫ਼ਿਲਿ. 4:6, 7) ਅਸੀਂ ਯਹੋਵਾਹ ਲਈ ਗਾ ਸਕਦੇ ਹਾਂ ਅਤੇ ਉਸ ਦੇ ਲੋਕਾਂ ਨਾਲ ਬਾਕਾਇਦਾ ਸੰਗਤ ਕਰ ਕੇ ਲਾਭ ਉਠਾ ਸਕਦੇ ਹਾਂ। (ਇਬ. 10:23-25) ਪਰਮੇਸ਼ੁਰ ਲਈ ਸਾਡਾ ਪਿਆਰ ਵੀ ਵਧੇਗਾ ਜਦ ਅਸੀਂ ਸੇਵਕਾਈ ਵਿਚ ਹਿੱਸਾ ਲਵਾਂਗੇ ਅਤੇ ‘ਉਹ ਦੀ ਮੁਕਤੀ ਦਾ ਪਰਚਾਰ ਕਰਾਂਗੇ।’ (ਜ਼ਬੂ. 96:1-3) ਇਨ੍ਹਾਂ ਤਰੀਕਿਆਂ ਨਾਲ ਅਸੀਂ ਜ਼ਬੂਰ ਦੀ ਤਰ੍ਹਾਂ ਵਫ਼ਾਦਾਰ ਰਹਿ ਸਕਾਂਗੇ ਜਿਸ ਨੇ ਗਾਇਆ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੁ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ।”—ਜ਼ਬੂ. 73:28.
22, 23. ਯਹੋਵਾਹ ਦੀ ਹਕੂਮਤ ਦਾ ਪੱਖ ਲੈਣ ਵਾਲਿਆਂ ਵਜੋਂ ਸਾਡੇ ਕੰਮ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਸੇਵਕਾਂ ਦੇ ਕੰਮਾਂ ਨਾਲ ਕਿਵੇਂ ਮਿਲਦੇ-ਜੁਲਦੇ ਹਨ?
22 ਸਦੀਆਂ ਤੋਂ ਯਹੋਵਾਹ ਨੇ ਆਪਣੇ ਵਫ਼ਾਦਾਰਾਂ ਨੂੰ ਬਹੁਤ ਸਾਰੀਆਂ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ। ਨੂਹ ਨੇ ਕਿਸ਼ਤੀ ਬਣਾਈ ਅਤੇ ਉਹ “ਧਰਮ ਦਾ ਪਰਚਾਰਕ” ਵੀ ਸੀ। (2 ਪਤ. 2:5) ਯਹੋਸ਼ੁਆ ਇਸਰਾਏਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਕੇ ਗਿਆ, ਪਰ ਉਹ ਇਸੇ ਲਈ ਸਫ਼ਲ ਹੋਇਆ ਕਿਉਂਕਿ ਉਹ ‘ਬਿਵਸਥਾ ਦੀ ਪੋਥੀ ਦਿਨ ਰਾਤ’ ਪੜ੍ਹਦਾ ਸੀ ਅਤੇ ਇਸ ਅਨੁਸਾਰ ਚੱਲਦਾ ਸੀ। (ਯਹੋ. 1:7, 8) ਪਹਿਲੀ ਸਦੀ ਦੇ ਮਸੀਹੀਆਂ ਨੇ ਚੇਲੇ ਬਣਾਏ ਅਤੇ ਉਹ ਸ਼ਾਸਤਰਾਂ ਨੂੰ ਪੜ੍ਹਨ ਲਈ ਬਾਕਾਇਦਾ ਇਕੱਠੇ ਹੁੰਦੇ ਸਨ।—ਮੱਤੀ 28:19, 20.
23 ਅਸੀਂ ਧਾਰਮਿਕਤਾ ਦਾ ਪ੍ਰਚਾਰ ਕਰਨ, ਚੇਲੇ ਬਣਾਉਣ, ਬਾਈਬਲ ਦੀ ਸਲਾਹ ਮੰਨਣ, ਭੈਣਾਂ-ਭਰਾਵਾਂ ਨਾਲ ਮੀਟਿੰਗਾਂ, ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਵਿਚ ਇਕੱਠੇ ਹੋ ਕੇ ਯਹੋਵਾਹ ਦੀ ਹਕੂਮਤ ਦਾ ਪੱਖ ਲੈਂਦੇ ਹਾਂ ਅਤੇ ਵਫ਼ਾਦਾਰੀ ਬਣਾਈ ਰੱਖਦੇ ਹਾਂ। ਇਹ ਕੰਮ ਦਲੇਰ ਬਣਨ, ਨਿਹਚਾ ਵਿਚ ਤਕੜੇ ਹੋਣ ਅਤੇ ਸਫ਼ਲਤਾ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਸਾਡੀ ਮਦਦ ਕਰਦੇ ਹਨ। ਸਾਡੇ ਲਈ ਵਫ਼ਾਦਾਰ ਰਹਿਣਾ ਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਇੰਨੀ ਔਖੀ ਨਹੀਂ ਹੈ ਕਿਉਂਕਿ ਸਾਡਾ ਸਵਰਗੀ ਪਿਤਾ ਅਤੇ ਉਸ ਦਾ ਪੁੱਤਰ ਸਾਡੇ ਨਾਲ ਹਨ। (ਬਿਵ. 30:11-14; 1 ਰਾਜ. 8:57) ਇਸ ਤੋਂ ਇਲਾਵਾ, ਸਾਨੂੰ ਦੁਨੀਆਂ ਭਰ ਦੇ “ਭਾਈਆਂ” ਦਾ ਸਾਥ ਮਿਲਦਾ ਹੈ ਜੋ ਵਫ਼ਾਦਾਰੀ ਨਾਲ ਚੱਲਦੇ ਹਨ ਅਤੇ ਅੱਤ ਮਹਾਨ ਪਰਮੇਸ਼ੁਰ ਯਹੋਵਾਹ ਦਾ ਆਦਰ ਕਰਦੇ ਹਨ।—1 ਪਤ. 2:17.
ਤੁਸੀਂ ਕਿਵੇਂ ਜਵਾਬ ਦਿਓਗੇ?
• ਸਾਨੂੰ ਯਹੋਵਾਹ ਦੇ ਨੈਤਿਕ ਮਿਆਰਾਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
• ਤੁਹਾਨੂੰ ਖ਼ਾਸ ਕਰਕੇ ਅੱਯੂਬ ਦੇ ਕਿਹੜੇ ਗੁਣ ਚੰਗੇ ਲੱਗਦੇ ਹਨ?
• ਅੱਯੂਬ 31:29-37 ਅਨੁਸਾਰ ਅੱਯੂਬ ਕਿਵੇਂ ਪੇਸ਼ ਆਇਆ ਸੀ?
• ਸਾਡੇ ਲਈ ਪਰਮੇਸ਼ੁਰ ਪ੍ਰਤਿ ਵਫ਼ਾਦਾਰੀ ਬਣਾਈ ਰੱਖਣੀ ਕਿਉਂ ਸੰਭਵ ਹੈ?
[ਸਫ਼ਾ 29 ਉੱਤੇ ਤਸਵੀਰ]
ਅੱਯੂਬ ਨੇ ਯਹੋਵਾਹ ਪ੍ਰਤਿ ਵਫ਼ਾਦਾਰੀ ਬਣਾਈ ਰੱਖੀ। ਅਸੀਂ ਵੀ ਇੱਦਾਂ ਕਰ ਸਕਦੇ ਹਾਂ!
[ਸਫ਼ਾ 32 ਉੱਤੇ ਤਸਵੀਰ]
ਅਸੀਂ ਵਫ਼ਾਦਾਰੀ ਬਣਾਈ ਰੱਖ ਸਕਦੇ ਹਾਂ!