ਅਚੰਭੇ ਕਰਨ ਵਾਲੇ ਵੱਲ ਦੇਖੋ
“ਖੜਾ ਹੋ ਅਤੇ ਪਰਮੇਸ਼ੁਰ ਦੇ ਅਚੰਭਿਆਂ ਨੂੰ ਗੌਹ ਨਾਲ ਸੋਚ!”—ਅੱਯੂਬ 37:14.
1, 2. ਸੰਨ 1922 ਵਿਚ ਕਿਹੜੀ ਅਚੰਭੇ ਵਾਲੀ ਚੀਜ਼ ਲੱਭੀ ਸੀ ਅਤੇ ਖੋਜਕਾਰਾਂ ਉੱਤੇ ਇਸ ਦਾ ਕੀ ਅਸਰ ਪਿਆ ਸੀ?
ਪੁਰਾਣੀਆਂ ਲੱਭਤਾਂ ਦੇ ਵਿਗਿਆਨੀ ਹਾਵਡ ਕਾਟਰ ਅਤੇ ਅੰਗ੍ਰੇਜ਼ੀ ਲਾਰਡ ਕਾਨਾਵਾਨ ਨੇ ਇਕੱਠਿਆਂ ਮਿਲ ਕੇ ਕਈਆਂ ਸਾਲਾਂ ਤੋਂ ਇਕ ਖ਼ਜ਼ਾਨੇ ਦੀ ਖੋਜ ਕੀਤੀ ਸੀ। ਫਿਰ, ਅਖ਼ੀਰ ਵਿਚ, 26 ਨਵੰਬਰ 1922 ਨੂੰ, ਉਨ੍ਹਾਂ ਨੂੰ ਖ਼ਜ਼ਾਨਾ ਲੱਭ ਪਿਆ। ਉਨ੍ਹਾਂ ਨੂੰ ਰਾਜਿਆਂ ਦੀ ਮਸ਼ਹੂਰ ਵਾਦੀ ਵਿਚ, ਯਾਨੀ ਮਿਸਰੀ ਫ਼ਿਰਾਊਨਾਂ ਦੇ ਕਬਰਸਤਾਨ ਵਿਚ, ਫ਼ਿਰਾਊਨ ਟੂਟੰਕਾਮਨ ਦੀ ਕਬਰ ਲੱਭੀ। ਖੋਜ ਕਰਦੇ-ਕਰਦੇ ਉਹ ਇਕ ਬੰਦ ਦਰਵਾਜ਼ੇ ਕੋਲ ਪਹੁੰਚੇ ਤੇ ਉਨ੍ਹਾਂ ਨੇ ਉਸ ਵਿਚ ਇਕ ਮੋਰੀ ਕੀਤੀ। ਕਾਟਰ ਨੇ ਇਕ ਮੋਮਬੱਤੀ ਨਾਲ ਅੰਦਰ ਦੇਖਿਆ।
2 ਬਾਅਦ ਵਿਚ ਕਾਟਰ ਨੇ ਦੱਸਿਆ ਕਿ “ਲਾਰਡ ਕਾਨਾਵਾਨ ਖੜ੍ਹਾ-ਖੜ੍ਹਾ ਬਹੁਤ ਹੀ ਬੇਚੈਨ ਹੋ ਰਿਹਾ ਸੀ, ਅਤੇ ਉਸ ਨੇ ਮੈਨੂੰ ਪੁੱਛਿਆ ਕਿ ‘ਕੀ ਤੁਹਾਨੂੰ ਕੁਝ ਦਿੱਸਦਾ ਹੈ?’ ਮੈਂ ਮੂੰਹੋਂ ਸਿਰਫ਼ ਦੋ ਕੁ ਲਫ਼ਜ਼ ਕੱਢ ਸਕਿਆ: ‘ਹਾਂ, ਅਚੰਭੇ।’” ਕਬਰ ਵਿਚ ਪਈਆਂ ਕੀਮਤੀ ਚੀਜ਼ਾਂ ਦੇ ਭੰਡਾਰ ਵਿਚਕਾਰ ਖਰੇ ਸੋਨੇ ਦਾ ਬਣਿਆ ਹੋਇਆ ਮੁਰਦੇ ਦਾ ਇਕ ਸੰਦੂਕ ਪਿਆ ਸੀ। ਤੁਸੀਂ ਸ਼ਾਇਦ ਤਸਵੀਰਾਂ ਜਾਂ ਮਿਊਜ਼ੀਅਮ ਵਿਚ ਇਨ੍ਹਾਂ ‘ਅਚੰਭਿਆਂ’ ਨੂੰ ਦੇਖਿਆ ਹੋਵੇਗਾ। ਲੇਕਿਨ, ਮਿਊਜ਼ੀਅਮ ਵਿਚ ਰੱਖੀਆਂ ਹੋਈਆਂ ਇਹ ਚੀਜ਼ਾਂ ਚਾਹੇ ਜਿੰਨੀਆਂ ਮਰਜ਼ੀ ਵਧੀਆ ਕਿਉਂ ਨਾ ਹੋਣ, ਇਹ ਸਾਡੀ ਜ਼ਿੰਦਗੀ ਨਾਲ ਕੋਈ ਖ਼ਾਸ ਵਾਸਤਾ ਨਹੀਂ ਰੱਖਦੀਆਂ। ਤਾਂ ਫਿਰ ਆਓ ਆਪਾਂ ਉਨ੍ਹਾਂ ਅਚੰਭਿਆਂ ਵੱਲ ਧਿਆਨ ਦੇਈਏ ਜੋ ਸਾਡੀ ਜ਼ਿੰਦਗੀ ਨਾਲ ਸੰਬੰਧ ਰੱਖਦੇ ਹਨ ਅਤੇ ਜਿਨ੍ਹਾਂ ਤੋਂ ਸਾਨੂੰ ਲਾਭ ਹੁੰਦਾ ਹੈ।
3. ਅਸੀਂ ਉਨ੍ਹਾਂ ਵਧੀਆ ਚੀਜ਼ਾਂ ਬਾਰੇ, ਜਿਨ੍ਹਾਂ ਤੋਂ ਸਾਨੂੰ ਲਾਭ ਹੋ ਸਕਦਾ ਹੈ, ਜਾਣਕਾਰੀ ਕਿੱਥੋਂ ਪਾ ਸਕਦੇ ਹਾਂ?
3 ਮਿਸਾਲ ਲਈ, ਇਕ ਅਜਿਹੇ ਆਦਮੀ ਬਾਰੇ ਸੋਚੋ ਜੋ ਕਈ ਸਦੀਆਂ ਪਹਿਲਾਂ ਜੀਉਂਦਾ ਹੁੰਦਾ ਸੀ। ਇਹ ਆਦਮੀ ਅੱਜ ਦੇ ਕਿਸੇ ਵੀ ਫਿਲਮੀ ਸਿਤਾਰੇ, ਖਿਡਾਰੀ, ਜਾਂ ਸ਼ਾਹੀ ਘਰਾਣੇ ਦੇ ਮੈਂਬਰ ਨਾਲੋਂ ਅਨੋਖਾ ਸੀ। ਉਸ ਨੂੰ ਪੂਰਬ ਦੇ ਸਾਰਿਆਂ ਲੋਕਾਂ ਵਿੱਚੋਂ ਸਭ ਤੋਂ ਵੱਡਾ ਮਨੁੱਖ ਸੱਦਿਆ ਜਾਂਦਾ ਸੀ। ਤੁਸੀਂ ਉਸ ਦਾ ਨਾਂ ਜ਼ਰੂਰ ਪਛਾਣ ਲਵੋਗੇ, ਹਾਂ ਉਹ ਆਦਮੀ ਅੱਯੂਬ ਸੀ। ਬਾਈਬਲ ਵਿਚ ਉਸ ਬਾਰੇ ਇਕ ਪੂਰੀ ਪੁਸਤਕ ਪਾਈ ਜਾਂਦੀ ਹੈ। ਲੇਕਿਨ, ਇਕ ਜਵਾਨ ਆਦਮੀ, ਅਲੀਹੂ, ਅੱਯੂਬ ਨੂੰ ਸੁਧਾਰਨ ਲਈ ਮਜਬੂਰ ਹੋਇਆ ਸੀ। ਅਲੀਹੂ ਨੇ ਕਿਹਾ ਕਿ ਅੱਯੂਬ ਆਪਣੇ ਆਪ ਵੱਲ ਅਤੇ ਆਪਣੇ ਆਲੇ-ਦੁਆਲੇ ਦਿਆਂ ਲੋਕਾਂ ਵੱਲ ਕੁਝ ਜ਼ਿਆਦਾ ਹੀ ਧਿਆਨ ਦੇ ਰਿਹਾ ਸੀ। ਅੱਯੂਬ ਦੀ ਕਿਤਾਬ ਦੇ 37ਵੇਂ ਅਧਿਆਇ ਵਿਚ, ਅਸੀਂ ਅਲੀਹੂ ਦੀ ਹੋਰ ਵੀ ਵਧੀਆ ਸਲਾਹ ਦੇਖ ਸਕਦੇ ਹਾਂ ਜੋ ਕਿ ਸਾਡੇ ਲਈ ਵੀ ਬਹੁਤ ਜ਼ਰੂਰੀ ਹੈ।—ਅੱਯੂਬ 1:1-3; 32:1–33:12.
4. ਅੱਯੂਬ 37:14 ਵਿਚ ਦਰਜ ਅਲੀਹੂ ਦੇ ਉਪਦੇਸ਼ ਤੋਂ ਪਹਿਲਾਂ ਕੀ-ਕੀ ਕਿਹਾ ਗਿਆ?
4 ਅੱਯੂਬ ਦੇ ਤਿੰਨ ਪਖੰਡੀ ਮਿੱਤਰਾਂ ਨੇ ਇਕ ਲੰਬੀ-ਚੌੜੀ ਗੱਲਬਾਤ ਵਿਚ ਅੱਯੂਬ ਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਜਿਨ੍ਹਾਂ ਵਿਚ ਉਹ ਸੋਚਦੇ ਸਨ ਕਿ ਉਸ ਨੇ ਜ਼ਰੂਰ ਕੋਈ ਗ਼ਲਤੀ ਕੀਤੀ ਸੀ। (ਅੱਯੂਬ 15:1-6, 16; 22:5-10) ਅਲੀਹੂ ਨੇ ਧੀਰਜ ਨਾਲ ਉਨ੍ਹਾਂ ਦੀ ਸਾਰੀ ਗੱਲਬਾਤ ਸੁਣੀ। ਫਿਰ ਉਸ ਨੇ ਸਮਝ ਅਤੇ ਬੁੱਧ ਨਾਲ ਗੱਲ ਕੀਤੀ। ਉਸ ਨੇ ਕਈ ਮਹੱਤਵਪੂਰਣ ਗੱਲਾਂ ਕੀਤੀਆਂ ਸਨ ਪਰ ਇਸ ਮੁੱਖ ਗੱਲ ਵੱਲ ਜ਼ਰਾ ਧਿਆਨ ਦਿਓ: “ਹੇ ਅੱਯੂਬ, ਏਸ ਵੱਲ ਕੰਨ ਲਾ, ਖੜਾ ਹੋ ਅਤੇ ਪਰਮੇਸ਼ੁਰ ਦੇ ਅਚੰਭਿਆਂ ਨੂੰ ਗੌਹ ਨਾਲ ਸੋਚ!”—ਅੱਯੂਬ 37:14.
ਇਨ੍ਹਾਂ ਕੰਮਾਂ ਦਾ ਕਰਤਾ
5. ਅਲੀਹੂ ਦੁਆਰਾ ਜ਼ਿਕਰ ਕੀਤੇ ਗਏ “ਪਰਮੇਸ਼ੁਰ ਦੇ ਅਚੰਭਿਆਂ” ਵਿਚ ਕੀ-ਕੀ ਸ਼ਾਮਲ ਹੈ?
5 ਧਿਆਨ ਦਿਓ ਕਿ ਅਲੀਹੂ ਨੇ ਅੱਯੂਬ ਨੂੰ ਆਪਣੇ ਆਪ ਵੱਲ, ਖ਼ੁਦ ਅਲੀਹੂ ਵੱਲ, ਜਾਂ ਕਿਸੇ ਹੋਰ ਇਨਸਾਨ ਵੱਲ ਧਿਆਨ ਦੇਣ ਦੀ ਸਲਾਹ ਨਹੀਂ ਦਿੱਤੀ ਸੀ। ਅਲੀਹੂ ਨੇ ਬੁੱਧ ਨਾਲ ਅੱਯੂਬ ਨੂੰ ਅਤੇ ਸਾਨੂੰ ਵੀ ਇਹ ਸਲਾਹ ਦਿੱਤੀ ਸੀ ਕਿ ਉਹ ਯਹੋਵਾਹ ਪਰਮੇਸ਼ੁਰ ਦੇ ਅਚੰਭਿਆਂ ਅਤੇ ਉਸ ਦੀ ਵਧੀਆ ਸ੍ਰਿਸ਼ਟੀ ਵੱਲ ਧਿਆਨ ਦੇਵੇ। ਪਰ, ਤੁਹਾਡੇ ਖ਼ਿਆਲ ਵਿਚ “ਪਰਮੇਸ਼ੁਰ ਦੇ ਅਚੰਭਿਆਂ” ਜਾਂ ਅਸਚਰਜ ਕੰਮਾਂ-ਕਾਰਾਂ ਵਿਚ ਕੀ-ਕੀ ਸ਼ਾਮਲ ਹੈ? ਇਸ ਤੋਂ ਇਲਾਵਾ ਕਦੀ-ਕਦੀ ਸਾਨੂੰ ਆਪਣੀ ਸਿਹਤ ਜਾਂ ਮਾਲੀ ਸਥਿਤੀ, ਆਪਣੇ ਭਵਿੱਖ ਅਤੇ ਨਾਲੋ-ਨਾਲ ਆਪਣੇ ਪਰਿਵਾਰ, ਕੰਮ ਵਾਲਿਆਂ, ਅਤੇ ਗੁਆਂਢੀਆਂ ਬਾਰੇ ਚਿੰਤਾ ਹੁੰਦੀ ਹੈ, ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਸਾਨੂੰ ਪਰਮੇਸ਼ੁਰ ਦੇ ਕੰਮਾਂ ਵੱਲ ਧਿਆਨ ਦੇਣ ਦੀ ਕਿਉਂ ਲੋੜ ਹੈ? ਕਿਉਂਕਿ ਜਦੋਂ ਅਸੀਂ ਯਹੋਵਾਹ ਪਰਮੇਸ਼ੁਰ ਦੇ ਅਚੰਭਿਆਂ ਵੱਲ ਦੇਖਦੇ ਹਾਂ ਤਾਂ ਅਸੀਂ ਉਸ ਦੀ ਬੁੱਧ ਅਤੇ ਸ੍ਰਿਸ਼ਟੀ ਉੱਤੇ ਉਸ ਦਾ ਇਖ਼ਤਿਆਰ ਦੇਖ ਸਕਦੇ ਹਾਂ। (ਨਹਮਯਾਹ 9:6; ਜ਼ਬੂਰ 24:1; 104:24; 136:5, 6) ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਬਾਈਬਲ ਵਿਚ ਯਹੋਸ਼ੁਆ ਦੀ ਪੁਸਤਕ ਦੀ ਇਕ ਗੱਲ ਵੱਲ ਧਿਆਨ ਦਿਓ।
6, 7. (ੳ) ਮੂਸਾ ਅਤੇ ਯਹੋਸ਼ੁਆ ਦਿਆਂ ਦਿਨਾਂ ਵਿਚ ਯਹੋਵਾਹ ਨੇ ਕਿਹੜੇ ਅਚੰਭੇ ਕੀਤੇ ਸਨ? (ਅ) ਜੇਕਰ ਤੁਸੀਂ ਮੂਸਾ ਅਤੇ ਯਹੋਸ਼ੁਆ ਦਿਆਂ ਦਿਨਾਂ ਦੇ ਇਨ੍ਹਾਂ ਅਚੰਭਿਆਂ ਨੂੰ ਖ਼ੁਦ ਦੇਖਿਆ ਹੁੰਦਾ ਤਾਂ ਤੁਸੀਂ ਕੀ ਕਰਦੇ?
6 ਯਹੋਵਾਹ ਨੇ ਪ੍ਰਾਚੀਨ ਮਿਸਰ ਉੱਤੇ ਮਰੀਆਂ ਲਿਆਂਦੀਆਂ ਸਨ ਅਤੇ ਫਿਰ ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਅੱਡ ਕਰ ਕੇ ਇਸਰਾਏਲ ਦੇ ਲੋਕਾਂ ਨੂੰ ਲੰਘਾ ਕੇ ਆਜ਼ਾਦ ਕੀਤਾ ਸੀ। (ਕੂਚ 7:1–14:13; ਜ਼ਬੂਰ 106:7, 21, 22) ਯਹੋਸ਼ੁਆ ਦੀ ਪੋਥੀ ਦੇ ਤੀਜੇ ਅਧਿਆਇ ਵਿਚ ਵੀ ਇਸ ਵਰਗਾ ਇਕ ਹੋਰ ਬਿਰਤਾਂਤ ਹੈ। ਮੂਸਾ ਤੋਂ ਬਾਅਦ ਯਹੋਵਾਹ ਨੇ ਆਪਣਿਆਂ ਲੋਕਾਂ ਨੂੰ ਅਗਵਾਈ ਦੇਣ ਲਈ ਯਹੋਸ਼ੁਆ ਨੂੰ ਵਰਤਿਆ ਸੀ। ਯਹੋਸ਼ੁਆ ਨੇ ਲੋਕਾਂ ਨੂੰ ਇਕ ਨਦੀ ਪਾਰ ਕਰਵਾ ਕੇ ਵਾਅਦਾ ਕੀਤੇ ਗਏ ਦੇਸ਼ ਵਿਚ ਲੈ ਜਾਣਾ ਸੀ। ਯਹੋਸ਼ੁਆ ਨੇ ਕਿਹਾ: “ਆਪਣੇ ਆਪ ਨੂੰ ਪਵਿੱਤਰ ਕਰੋ ਕਿਉਂ ਜੋ ਭਲਕੇ ਯਹੋਵਾਹ ਤੁਹਾਡੇ ਵਿੱਚ ਅਚੰਭਾ ਵਿਖਾਲੇਗਾ।” (ਯਹੋਸ਼ੁਆ 3:5) ਇਹ ਅਚੰਭਾ ਕੀ ਸੀ?
7 ਬਿਰਤਾਂਤ ਦਿਖਾਉਂਦਾ ਹੈ ਕਿ ਯਹੋਵਾਹ ਨੇ ਯਰਦਨ ਨਦੀ ਦੇ ਪਾਣੀ ਵਿਚਦੀ ਰਾਹ ਖੋਲ੍ਹਿਆ ਸੀ ਤਾਂਕਿ ਹਜ਼ਾਰਾਂ ਆਦਮੀ, ਔਰਤਾਂ, ਅਤੇ ਬੱਚੇ ਸੁੱਕੀ ਜ਼ਮੀਨ ਉੱਤੋਂ ਲੰਘ ਸਕਣ। (ਯਹੋਸ਼ੁਆ 3:7-17) ਜੇ ਅਸੀਂ ਉੱਥੇ ਹੁੰਦੇ ਅਤੇ ਨਦੀ ਦੇ ਪਾਣੀ ਅੱਡ ਹੁੰਦੇ ਅਤੇ ਲੋਕਾਂ ਨੂੰ ਸਹੀ-ਸਲਾਮਤ ਪਾਰ ਲੰਘਦੇ ਦੇਖਦੇ, ਤਾਂ ਅਸੀਂ ਵੀ ਇਸ ਅਚੰਭੇ ਤੋਂ ਜ਼ਰੂਰ ਪ੍ਰਭਾਵਿਤ ਹੋਣਾ ਸੀ! ਇਸ ਅਚੰਭੇ ਨੇ ਸ੍ਰਿਸ਼ਟੀ ਉੱਤੇ ਪਰਮੇਸ਼ੁਰ ਦੀ ਸ਼ਕਤੀ ਪ੍ਰਗਟ ਕੀਤੀ। ਪਰ, ਹੁਣ ਸਾਡੀ ਜ਼ਿੰਦਗੀ ਵਿਚ ਵੀ ਬਹੁਤ ਹੀ ਅਚੰਭੇ ਵਾਲੀਆਂ ਚੀਜ਼ਾਂ ਹਨ। ਇਹ ਦੇਖਣ ਲਈ ਕਿ ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਕੀ ਹਨ ਅਤੇ ਸਾਨੂੰ ਇਨ੍ਹਾਂ ਵੱਲ ਧਿਆਨ ਕਿਉਂ ਦੇਣ ਦੀ ਲੋੜ ਹੈ, ਅੱਯੂਬ 37:5-7 ਵੱਲ ਧਿਆਨ ਦਿਓ।
8, 9. ਅੱਯੂਬ 37:5-7 ਵਿਚ ਕਿਨ੍ਹਾਂ ਅਚੰਭਿਆਂ ਬਾਰੇ ਗੱਲ ਕੀਤੀ ਗਈ ਹੈ, ਅਤੇ ਸਾਨੂੰ ਇਨ੍ਹਾਂ ਬਾਰੇ ਕਿਉਂ ਸੋਚਣਾ ਚਾਹੀਦਾ ਹੈ?
8 ਅਲੀਹੂ ਨੇ ਕਿਹਾ: “ਪਰਮੇਸ਼ੁਰ ਆਪਣੀ ਅਵਾਜ਼ ਨਾਲ ਅਜੀਬ ਤੌਰ ਤੇ ਗੜ੍ਹਕਦਾ ਹੈ, ਉਹ ਵੱਡੇ ਵੱਡੇ ਕੰਮ ਕਰਦਾ ਹੈ ਜਿਹੜੇ ਅਸੀਂ ਸਮਝਦੇ ਨਹੀਂ।” ਅਲੀਹੂ ਦਾ ਮਤਲਬ ਕੀ ਸੀ ਜਦੋਂ ਉਸ ਨੇ ਕਿਹਾ ਕਿ ਪਰਮੇਸ਼ੁਰ “ਅਜੀਬ ਤੌਰ ਤੇ” ਕੰਮ ਕਰਦਾ ਹੈ? ਉਸ ਨੇ ਬਰਫ਼ ਅਤੇ ਮੀਂਹ ਬਾਰੇ ਗੱਲ ਕੀਤੀ ਸੀ। ਇਹ ਕਿਸਾਨ ਦੇ ਖੇਤੀ-ਬਾੜੀ ਦੇ ਕੰਮ ਨੂੰ ਰੋਕ ਸਕਦੇ ਹਨ, ਅਤੇ ਇਸ ਤਰ੍ਹਾਂ ਕਿਸਾਨ ਨੂੰ ਪਰਮੇਸ਼ੁਰ ਦਿਆਂ ਕੰਮਾਂ ਵੱਲ ਧਿਆਨ ਦੇਣ ਦਾ ਮੌਕਾ ਮਿਲਦਾ ਹੈ। ਅਸੀਂ ਸ਼ਾਇਦ ਕਿਸਾਨ ਨਾ ਹੋਈਏ, ਪਰ ਫਿਰ ਵੀ, ਸਾਡੇ ਉੱਤੇ ਬਰਫ਼ ਜਾਂ ਮੀਂਹ ਦਾ ਅਸਰ ਪੈ ਸਕਦਾ ਹੈ। ਹੋ ਸਕਦਾ ਹੈ ਕਿ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਬਰਫ਼ ਅਤੇ ਮੀਂਹ ਸ਼ਾਇਦ ਸਾਡਿਆਂ ਕੰਮਾਂ ਨੂੰ ਵੀ ਰੋਕ ਦੇਣ। ਕੀ ਅਸੀਂ ਕਦੇ ਸਮਾਂ ਕੱਢ ਕੇ ਸੋਚਦੇ ਹਾਂ ਕਿ ਇਨ੍ਹਾਂ ਅਚੰਭਿਆਂ ਦੇ ਪਿੱਛੇ ਕਿਸ ਦਾ ਹੱਥ ਹੈ ਅਤੇ ਇਨ੍ਹਾਂ ਦਾ ਅਰਥ ਕੀ ਹੈ? ਕੀ ਤੁਸੀਂ ਕਦੀ ਇਸ ਤਰ੍ਹਾਂ ਕੀਤਾ ਹੈ?
9 ਦਿਲਚਸਪੀ ਦੀ ਗੱਲ ਹੈ ਕਿ ਜਦੋਂ ਅਸੀਂ ਅੱਯੂਬ ਦਾ 38ਵਾਂ ਅਧਿਆਇ ਪੜ੍ਹਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਨੇ ਖ਼ੁਦ ਇਸੇ ਤਰ੍ਹਾਂ ਦੀ ਗੱਲ ਕੀਤੀ ਸੀ ਜਦੋਂ ਉਸ ਨੇ ਅੱਯੂਬ ਨੂੰ ਕੁਝ ਮਹੱਤਵਪੂਰਣ ਸਵਾਲ ਪੁੱਛੇ ਸਨ। ਭਾਵੇਂ ਕਿ ਰੱਬ ਨੇ ਇਹ ਸਵਾਲ ਅੱਯੂਬ ਨੂੰ ਪੁੱਛੇ ਸਨ, ਇਹ ਸਾਡੇ ਰਵੱਈਏ, ਜੀਵਨ, ਅਤੇ ਭਵਿੱਖ ਨਾਲ ਵੀ ਸੰਬੰਧ ਰੱਖਦੇ ਹਨ। ਤਾਂ ਫਿਰ ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਨੇ ਕੀ ਪੁੱਛਿਆ ਸੀ ਅਤੇ ਇਸ ਦੇ ਮਤਲਬ ਬਾਰੇ ਸੋਚੀਏ। ਜੀ ਹਾਂ, ਆਓ ਆਪਾਂ ਉਹੀ ਕਰੀਏ ਜੋ ਅੱਯੂਬ 37:14 ਵਿਚ ਸਾਨੂੰ ਕਿਹਾ ਗਿਆ ਹੈ।
10. ਅੱਯੂਬ ਦੇ 38ਵੇਂ ਅਧਿਆਇ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ, ਅਤੇ ਇਸ ਵਿਚ ਕਿਹੜੇ ਸਵਾਲ ਉੱਠਦੇ ਹਨ?
10 ਅੱਯੂਬ ਦਾ 38ਵਾਂ ਅਧਿਆਇ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ: “ਤਾਂ ਯਹੋਵਾਹ ਨੇ ਅੱਯੂਬ ਨੂੰ ਵਾਵਰੋਲੇ ਵਿੱਚੋਂ ਦੀ ਉੱਤਰ ਦਿੱਤਾ ਤੇ ਆਖਿਆ, ਏਹ ਕੌਣ ਹੈ ਜਿਹੜਾ ਸਲਾਹ ਨੂੰ ਗਿਆਨਹੀਣ ਗੱਲਾਂ ਨਾਲ ਅਨ੍ਹੇਰੇ ਵਿੱਚ ਰੱਖਦਾ ਹੈ? ਮਰਦ ਵਾਂਙੁ ਜ਼ਰਾ ਆਪਣੀ ਕਮਰ ਕੱਸ! ਮੈਂ ਤੈਥੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਸਮਝਾ!” (ਅੱਯੂਬ 38:1-3) ਇਸ ਗੱਲ ਨੇ ਅੱਯੂਬ ਨੂੰ ਪਰਮੇਸ਼ੁਰ ਦੇ ਅਗਲੇ ਸ਼ਬਦਾਂ ਲਈ ਤਿਆਰ ਕੀਤਾ। ਇਹ ਗੱਲ ਅੱਯੂਬ ਦੀ ਸੋਚਣੀ ਸੁਧਾਰਨ ਲਈ ਅਤੇ ਇਸ ਅਸਲੀਅਤ ਨੂੰ ਸਮਝਣ ਲਈ ਕਹੀ ਗਈ ਸੀ ਕਿ ਉਹ ਵਿਸ਼ਵ ਦੇ ਸ੍ਰਿਸ਼ਟੀਕਰਤਾ ਦੇ ਸਾਮ੍ਹਣੇ ਖੜ੍ਹਾ ਸੀ, ਅਤੇ ਉਸ ਨੇ ਉਸ ਨੂੰ ਲੇਖਾ ਦੇਣਾ ਸੀ। ਦਰਅਸਲ, ਸਾਨੂੰ ਸਾਰਿਆਂ ਨੂੰ ਆਪਣੀ ਸੋਚਣੀ ਸੁਧਾਰਨੀ ਚਾਹੀਦੀ ਹੈ। ਇਹ ਗੱਲ ਚੰਗੀ ਤਰ੍ਹਾਂ ਸਮਝਾਉਣ ਲਈ ਪਰਮੇਸ਼ੁਰ ਨੇ ਉਨ੍ਹਾਂ ਕੁਝ ਗੱਲਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਬਾਰੇ ਅਲੀਹੂ ਨੇ ਗੱਲ ਕੀਤੀ ਸੀ। “ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨੀਉਂ ਰੱਖੀ? ਦੱਸ, ਜੇ ਤੂੰ ਸਮਝ ਰੱਖਦਾ ਹੈਂ! ਕਿਹ ਨੇ ਉਹ ਦਾ ਨਾਪ ਠਹਿਰਾਇਆ,—ਤੂੰ ਜਰੂਰ ਜਾਣ ਲਿਆ ਹੋਵੇ,—ਯਾ ਕਿਹ ਨੇ ਉਹ ਦੇ ਉੱਤੇ ਜਰੀਬ ਖਿੱਚੀ? ਕਾਹ ਦੇ ਉੱਤੇ ਉਹ ਦੀਆਂ ਟੇਕਾਂ ਰੱਖੀਆਂ ਗਈਆਂ, ਯਾ ਕਿਹ ਨੇ ਉਹ ਦੇ ਸਿਰੇ ਦਾ ਪੱਥਰ ਧਰਿਆ।”—ਅੱਯੂਬ 38:4-6.
11. ਅੱਯੂਬ 38:4-6 ਤੋਂ ਸਾਨੂੰ ਕਿਹੜੀਆਂ ਗੱਲਾਂ ਸਿੱਖਣੀਆਂ ਚਾਹੀਦੀਆਂ ਹਨ?
11 ਯਹੋਵਾਹ ਇਹ ਪੁੱਛ ਰਿਹਾ ਸੀ ਕਿ ਅੱਯੂਬ ਜਾਂ ਅਸੀਂ ਸਾਰੇ ਉਦੋਂ ਕਿੱਥੇ ਸੀ ਜਦੋਂ ਧਰਤੀ ਬਣਾਈ ਗਈ ਸੀ? ਕੀ ਸਾਡੇ ਵਿੱਚੋਂ ਕਿਸੇ ਨੇ ਧਰਤੀ ਨੂੰ ਡੀਜ਼ਾਈਨ ਕੀਤਾ ਸੀ ਜਾਂ ਉਸ ਦਾ ਨਕਸ਼ਾ ਖਿੱਚਿਆ ਸੀ? ਬਿਲਕੁਲ ਨਹੀਂ! ਇਨਸਾਨ ਤਾਂ ਉਦੋਂ ਹੈ ਹੀ ਨਹੀਂ ਸਨ। ਸਾਡੀ ਧਰਤੀ ਦੀ ਤੁਲਨਾ ਇਕ ਵੱਡੇ ਮਕਾਨ ਨਾਲ ਕਰਦੇ ਹੋਏ, ਪਰਮੇਸ਼ੁਰ ਨੇ ਪੁੱਛਿਆ: “ਕਿਹ ਨੇ ਉਹ ਦੇ ਸਿਰੇ ਦਾ ਪੱਥਰ ਧਰਿਆ”? ਅਸੀਂ ਜਾਣਦੇ ਹਾਂ ਕਿ ਧਰਤੀ ਅਤੇ ਸੂਰਜ ਵਿਚਕਾਰ ਐਨ ਠੀਕ ਫ਼ਾਸਲਾ ਹੈ, ਜਿਸ ਕਰਕੇ ਜੀਵਨ ਮੁਮਕਿਨ ਹੈ। ਅਤੇ ਧਰਤੀ ਦਾ ਆਕਾਰ ਵੀ ਬਿਲਕੁਲ ਸਹੀ ਹੈ। ਜੇਕਰ ਸਾਡੀ ਧਰਤੀ ਜ਼ਿਆਦਾ ਵੱਡੀ ਹੁੰਦੀ ਤਾਂ ਹਾਈਡ੍ਰੋਜਨ ਗੈਸ ਦਾ ਵਾਯੂਮੰਡਲ ਤੋਂ ਬਾਹਰ ਨਿਕਲਣਾ ਅਤੇ ਧਰਤੀ ਉੱਤੇ ਕਿਸੇ ਵੀ ਚੀਜ਼ ਦਾ ਜੀਉਂਦਾ ਰਹਿਣਾ ਨਾਮੁਮਕਿਨ ਹੋਣਾ ਸੀ। ਪਰ, ਇਸ ਤਰ੍ਹਾਂ ਨਹੀਂ ਹੈ ਕਿਉਂਕਿ ਕਿਸੇ ਨੇ ਧਰਤੀ ਦੇ “ਸਿਰੇ ਦਾ ਪੱਥਰ” ਸਹੀ ਜਗ੍ਹਾ ਤੇ ਧਰਿਆ ਹੈ। ਇਸ ਕੰਮ ਲਈ ਕਿਸ ਦੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ—ਅੱਯੂਬ ਦੀ, ਸਾਡੀ, ਜਾਂ ਯਹੋਵਾਹ ਪਰਮੇਸ਼ੁਰ ਦੀ?—ਕਹਾਉਤਾਂ 3:19; ਯਿਰਮਿਯਾਹ 10:12.
ਕਿਸ ਇਨਸਾਨ ਕੋਲ ਜਵਾਬ ਹਨ?
12. ਅੱਯੂਬ 38:6 ਵਿਚ ਪਾਇਆ ਗਿਆ ਸਵਾਲ ਸਾਨੂੰ ਕਿਹੜੀ ਗੱਲ ਬਾਰੇ ਸੋਚਣ ਲਈ ਪ੍ਰੇਰਿਤ ਕਰਦਾ ਹੈ?
12 ਪਰਮੇਸ਼ੁਰ ਨੇ ਇਹ ਵੀ ਪੁੱਛਿਆ ਸੀ ਕਿ “ਕਾਹ ਦੇ ਉੱਤੇ ਉਹ ਦੀਆਂ ਟੇਕਾਂ ਰੱਖੀਆਂ ਗਈਆਂ” ਹਨ? ਇਹ ਕਿੰਨਾ ਚੰਗਾ ਸਵਾਲ ਹੈ। ਅਸੀਂ ਸ਼ਾਇਦ ਧਰਤੀ, ਚੰਦ, ਅਤੇ ਦੂਸਰਿਆਂ ਗ੍ਰਹਿਆਂ ਦੀ ਖਿੱਚ, ਯਾਨੀ ਗ੍ਰੈਵਟੀ ਦੇ ਨਿਯਮ ਬਾਰੇ ਜਾਣਦੇ ਹੋਈਏ, ਜਿਸ ਬਾਰੇ ਅੱਯੂਬ ਨਹੀਂ ਜਾਣਦਾ ਸੀ। ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਸੂਰਜ ਦੀ ਖਿੱਚ ਸਾਡੀ ਧਰਤੀ ਨੂੰ ਇਕ ਜਗ੍ਹਾ ਤੇ ਟਿਕਾ ਕੇ ਰੱਖਦੀ ਹੈ, ਜਿਵੇਂ ਕਿ ਉਸ ਦੀਆਂ ਟੇਕਾਂ ਰੱਖੀਆਂ ਗਈਆਂ ਹੋਣ। ਫਿਰ ਵੀ, ਸਾਡੇ ਵਿੱਚੋਂ ਕੌਣ ਗ੍ਰੈਵਟੀ ਦੇ ਨਿਯਮ ਨੂੰ ਪੂਰੀ ਤਰ੍ਹਾਂ ਸਮਝਦਾ ਹੈ?
13, 14. (ੳ) ਗ੍ਰੈਵਟੀ ਦੀ ਖਿੱਚ ਬਾਰੇ ਸਾਨੂੰ ਕੀ ਸਵੀਕਾਰ ਕਰਨਾ ਪੈਂਦਾ ਹੈ? (ਅ) ਅੱਯੂਬ 38:6 ਵਿਚ ਦੱਸੀਆਂ ਗਈਆਂ ਗੱਲਾਂ ਪ੍ਰਤੀ ਸਾਡਾ ਕੀ ਰਵੱਈਆ ਹੋਣਾ ਚਾਹੀਦਾ ਹੈ?
13 ਹਾਲ ਹੀ ਵਿਚ ਪ੍ਰਕਾਸ਼ਿਤ ਕੀਤੀ ਗਈ ਬ੍ਰਹਿਮੰਡ ਬਾਰੇ ਗਿਆਨ ਨਾਂ ਦੀ ਅੰਗ੍ਰੇਜ਼ੀ ਕਿਤਾਬ ਨੇ ਸਵੀਕਾਰ ਕੀਤਾ ਕਿ ‘ਕੁਦਰਤੀ ਸ਼ਕਤੀਆਂ ਵਿੱਚੋਂ ਗ੍ਰੈਵਟੀ ਦੀ ਖਿੱਚ ਸਭ ਤੋਂ ਜਾਣੀ-ਪਛਾਣੀ, ਲੇਕਿਨ ਸਭ ਤੋਂ ਘੱਟ ਸਮਝੀ ਗਈ ਸ਼ਕਤੀ ਹੈ।’ ਇਸ ਨੇ ਅੱਗੇ ਕਿਹਾ ਕਿ “ਇਸ ਤਰ੍ਹਾਂ ਲੱਗਦਾ ਹੈ ਕਿ ਗ੍ਰੈਵਟੀ ਦੀ ਖਿੱਚ, ਕਿਸੇ ਵੀ ਤਾਕਤ ਤੋਂ ਬਿਨਾਂ ਇਕ ਦਮ ਖਾਲੀ ਪੁਲਾੜ ਵਿਚ ਦੀ ਲੰਘਦੀ ਹੈ। ਪਰ, ਪਿਛਲਿਆਂ ਕੁਝ ਸਾਲਾਂ ਵਿਚ ਭੌਤਿਕ-ਵਿਗਿਆਨੀ ਅਨੁਮਾਨ ਲਾਉਣ ਲੱਗੇ ਹਨ ਕਿ ਧਰਤੀ ਦੀ ਖਿੱਚ ਲਹਿਰਾਂ ਵਿਚ ਲੰਘਦੀ ਹੈ। ਇਹ ਲਹਿਰਾਂ ਗ੍ਰੈਵਿਟੋਨ ਨਾਂ ਦੇ ਐਟਮਾਂ ਤੋਂ ਬਣੀਆਂ ਹੋਈਆਂ ਹਨ। . . . ਪਰ ਕੋਈ ਵੀ ਇਨ੍ਹਾਂ ਦੀ ਹੋਂਦ ਬਾਰੇ ਕੋਈ ਪੱਕੀ ਗੱਲ ਨਹੀਂ ਕਹਿ ਸਕਦਾ।” ਜ਼ਰਾ ਇਸ ਦੇ ਮਤਲਬ ਬਾਰੇ ਸੋਚੋ!
14 ਉਸ ਸਮੇਂ ਤੋਂ ਜਦੋਂ ਯਹੋਵਾਹ ਨੇ ਅੱਯੂਬ ਨੂੰ ਇਹ ਸਵਾਲ ਪੁੱਛੇ ਸਨ, ਕੁਝ 3,000 ਸਾਲ ਬੀਤ ਚੁੱਕੇ ਹਨ ਅਤੇ ਇਸ ਸਮੇਂ ਦੌਰਾਨ ਵਿਗਿਆਨ ਨੇ ਕਾਫ਼ੀ ਤਰੱਕੀ ਕੀਤੀ ਹੈ। ਫਿਰ ਵੀ, ਨਾ ਤਾਂ ਅਸੀਂ ਅਤੇ ਨਾ ਹੀ ਭੌਤਿਕ-ਵਿਗਿਆਨ ਦੇ ਮਾਹਰ ਗ੍ਰੈਵਟੀ ਦੀ ਖਿੱਚ ਨੂੰ ਪੂਰੀ ਤਰ੍ਹਾਂ ਸਮਝ ਸਕੇ ਹਨ ਜੋ ਕਿ ਧਰਤੀ ਨੂੰ ਪੁਲਾੜ ਵਿਚ ਸਹੀ ਜਗ੍ਹਾ ਤੇ ਟਿਕਾ ਕੇ ਰੱਖਦੀ ਹੈ ਤਾਂਕਿ ਅਸੀਂ ਜੀਵਨ ਦਾ ਆਨੰਦ ਮਾਣ ਸਕੀਏ। (ਅੱਯੂਬ 26:7; ਯਸਾਯਾਹ 45:18) ਸਾਡਾ ਕਹਿਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਸਾਰਿਆਂ ਨੂੰ ਗ੍ਰੈਵਟੀ ਦੀ ਖਿੱਚ ਨੂੰ ਸਮਝਣ ਵਾਸਤੇ ਹੱਦੋਂ ਵੱਧ ਮਿਹਨਤ ਕਰਨ ਦੀ ਲੋੜ ਹੈ। ਸਗੋਂ ਪਰਮੇਸ਼ੁਰ ਦਿਆਂ ਅਚੰਭਿਆਂ ਵਜੋਂ ਇਸ ਇਕ ਅਚੰਭੇ ਵੱਲ ਧਿਆਨ ਦੇਣ ਦੁਆਰਾ ਉਸ ਪ੍ਰਤੀ ਸਾਡੇ ਨਜ਼ਰੀਏ ਉੱਤੇ ਜ਼ਰੂਰ ਅਸਰ ਪੈਣਾ ਚਾਹੀਦਾ ਹੈ। ਕੀ ਇਹ ਅਚੰਭਾ ਸਾਡੇ ਵਿਚ ਪਰਮੇਸ਼ੁਰ ਦੀ ਬੁੱਧ ਅਤੇ ਉਸ ਦੇ ਗਿਆਨ ਲਈ ਜ਼ਿਆਦਾ ਆਦਰ ਪੈਦਾ ਕਰਦਾ ਹੈ, ਅਤੇ ਕੀ ਇਸ ਤੋਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਨੂੰ ਉਸ ਦੀ ਇੱਛਾ ਬਾਰੇ ਜ਼ਿਆਦਾ ਸਿੱਖਣ ਦੀ ਲੋੜ ਹੈ?
15-17. (ੳ) ਅੱਯੂਬ 38:8-11 ਵਿਚ ਕਿਸ ਗੱਲ ਵੱਲ ਧਿਆਨ ਦਿੱਤਾ ਗਿਆ ਸੀ, ਅਤੇ ਇਸ ਕਰਕੇ ਕਿਹੜੇ ਸਵਾਲ ਉੱਠਦੇ ਹਨ? (ਅ) ਮਹਾਂਦੀਪਾਂ ਅਤੇ ਧਰਤੀ ਉੱਤੇ ਉਨ੍ਹਾਂ ਦੇ ਠਿਕਾਣਿਆਂ ਬਾਰੇ ਜਾਣਕਾਰੀ ਤੋਂ ਸਾਨੂੰ ਕੀ ਸਵੀਕਾਰ ਕਰਨਾ ਪੈਂਦਾ ਹੈ?
15 ਸ੍ਰਿਸ਼ਟੀਕਰਤਾ ਅੱਗੇ ਹੋਰ ਸਵਾਲ ਪੁੱਛਦਾ ਹੈ: “ਕਿਸ ਸਮੁੰਦਰ ਨੂੰ ਕਵਾੜਾਂ ਨਾਲ ਬੰਦ ਕੀਤਾ, ਜਦ ਉਹ ਕੁੱਖੋਂ ਫੁੱਟ ਨਿੱਕਲਿਆ? ਜਦ ਮੈਂ ਬੱਦਲ ਉਹ ਦਾ ਲਿਬਾਸ, ਅਤੇ ਅਨ੍ਹੇਰੇ ਘੁੱਪ ਨੂੰ ਉਹ ਦਾ ਪੋਤੜਾ ਬਣਾਇਆ, ਅਤੇ ਉਹ ਦੀਆਂ ਹੱਦਾਂ ਠਹਿਰਾਈਆਂ, ਅਤੇ ਅਰਲ ਤੇ ਕਵਾੜ ਲਾਏ? ਅਤੇ ਆਖਿਆ, ਐਥੇ ਤਿੱਕੁਰ ਆਈਂ, ਵਧੀਂ ਨਾ, ਅਤੇ ਐਥੇ ਤੇਰੀਆਂ ਆਫਰੀਆਂ ਹੋਈਆਂ ਲੱਫਾਂ ਰੁਕ ਜਾਣ!”—ਅੱਯੂਬ 38:8-11.
16 ਸਮੁੰਦਰ ਦਾ ਜ਼ਿਕਰ ਮਹਾਂਦੀਪ, ਮਹਾਂਸਾਗਰ, ਅਤੇ ਲਹਿਰਾਂ ਨੂੰ ਵੀ ਸ਼ਾਮਲ ਕਰਦਾ ਹੈ। ਇਨਸਾਨ ਹਜ਼ਾਰਾਂ ਹੀ ਸਾਲਾਂ ਤੋਂ ਇਨ੍ਹਾਂ ਦੀ ਜਾਂਚ ਕਰਦੇ ਆਏ ਹਨ, ਅਤੇ ਪਿਛਲੀ ਸਦੀ ਵਿਚ ਇਹ ਜਾਂਚ ਬੜੀ ਤੀਬਰਤਾ ਨਾਲ ਕੀਤੀ ਗਈ ਸੀ। ਇਸ ਲਈ ਅਸੀਂ ਸ਼ਾਇਦ ਸੋਚੀਏ ਕਿ ਇੰਨੀ ਖੋਜ ਕਰਨ ਤੋਂ ਬਾਅਦ ਉਨ੍ਹਾਂ ਕੋਲ ਇਨ੍ਹਾਂ ਚੀਜ਼ਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਪਰ, ਇਸ ਸਾਲ, ਜੇਕਰ ਤੁਸੀਂ ਇਸ ਗੱਲ ਦੀ ਧਿਆਨ ਨਾਲ ਖੋਜ ਕਰਨ ਲਈ ਸੰਸਾਰ ਦੀਆਂ ਸਭ ਤੋਂ ਵਧੀਆ ਲਾਇਬ੍ਰੇਰੀਆਂ ਵਿਚ ਜਾਓ ਜਾਂ ਇੰਟਰਨੈੱਟ ਤੇ ਸਭ ਤੋਂ ਤਾਜ਼ੀ ਜਾਣਕਾਰੀ ਪੜ੍ਹੋ, ਤਾਂ ਤੁਸੀਂ ਕੀ ਪਾਓਗੇ?
17 ਇਕ ਮਸ਼ਹੂਰ ਕਿਤਾਬ ਅਨੁਸਾਰ ‘ਵਿਗਿਆਨੀ ਬਹੁਤ ਚਿਰ ਤੋਂ ਧਰਤੀ ਦੇ ਮਹਾਂਦੀਪ, ਮਹਾਂਸਾਗਰ, ਪਹਾੜਾਂ, ਅਤੇ ਜ਼ਮੀਨ ਦੇ ਠਿਕਾਣਿਆਂ ਬਾਰੇ ਜਾਣਕਾਰੀ ਪਾਉਣ ਦੀ ਕੋਸ਼ਿਸ਼ ਕਰਦੇ ਆਏ ਹਨ। ਇਨ੍ਹਾਂ ਬਾਰੇ ਵਿਗਿਆਨਕ ਖੋਜ ਕਰ ਕੇ ਅਨੁਮਾਨ ਲਗਾਉਣਾ ਇਕ ਵੱਡੀ ਸਮੱਸਿਆ ਰਹੀ ਹੈ।’ ਇਸ ਤੋਂ ਬਾਅਦ, ਇਹ ਕਿਤਾਬ ਇਨ੍ਹਾਂ ਗੱਲਾਂ ਨੂੰ ਸਮਝਾਉਣ ਵਾਸਤੇ ਚਾਰ ਸੰਭਵ ਜਵਾਬ ਪੇਸ਼ ਕਰਦੀ ਹੈ ਪਰ ਕਹਿੰਦੀ ਹੈ ਕਿ ਇਹ ਜਵਾਬ ‘ਕਈਆਂ ਅਨੁਮਾਨਾਂ ਵਿੱਚੋਂ ਸਿਰਫ਼ ਚਾਰ ਹਨ।’ ਅਤੇ ਜਿਵੇਂ ਤੁਹਾਨੂੰ ਪਤਾ ਹੈ ਅਨੁਮਾਨ ਲਗਾਉਣ ਦਾ ‘ਮਤਲਬ ਇਹ ਹੁੰਦਾ ਹੈ ਕਿ ਕਿਸੇ ਗੱਲ ਬਾਰੇ ਪੱਕਾ ਸਬੂਤ ਨਹੀਂ ਹੈ।’
18. ਅੱਯੂਬ 38:8-11 ਤੋਂ ਤੁਸੀਂ ਕਿਸ ਸਿੱਟੇ ਤੇ ਪਹੁੰਚਦੇ ਹੋ?
18 ਕੀ ਇਹ ਨਹੀਂ ਦਿਖਾਉਂਦਾ ਹੈ ਕਿ ਅੱਯੂਬ 38:8-11 ਵਿਚ ਪਾਏ ਜਾਂਦੇ ਸਵਾਲ ਅੱਜ ਵੀ ਮਹੱਤਵਪੂਰਣ ਹਨ? ਬਿਨਾਂ ਸ਼ੱਕ ਸਾਡੀ ਧਰਤੀ ਨੂੰ ਸਾਰੀਆਂ ਚੀਜ਼ਾਂ ਨਾਲ ਸਜਾਉਣ ਦੀ ਵਡਿਆਈ ਇਨਸਾਨਾਂ ਨੂੰ ਨਹੀਂ ਦਿੱਤੀ ਜਾ ਸਕਦੀ। ਮਿਸਾਲ ਦੇ ਤੌਰ ਤੇ ਚੰਦ ਆਪਣੀ ਖਿੱਚ ਨਾਲ ਸਮੁੰਦਰ ਦੀਆਂ ਲਹਿਰਾਂ ਉੱਤੇ ਅਸਰ ਪਾਉਂਦਾ ਹੈ ਤਾਂਕਿ ਇਹ ਲਹਿਰਾਂ ਸਾਡੇ ਵਾਤਾਵਰਣ ਜਾਂ ਖ਼ੁਦ ਸਾਡੇ ਉੱਤੇ ਕੋਈ ਬੁਰਾ ਪ੍ਰਭਾਵ ਨਾ ਪਾਉਣ। ਲੇਕਿਨ ਚੰਦ ਨੂੰ ਉਸ ਦੀ ਜਗ੍ਹਾ ਤੇ ਅਸੀਂ ਨਹੀਂ ਰੱਖਿਆ। ਹਾਂ, ਅਸੀਂ ਜਾਣਦੇ ਹਾਂ ਕਿ ਅਚੰਭੇ ਕਰਨ ਵਾਲੇ ਨੇ ਇਸ ਤਰ੍ਹਾਂ ਕੀਤਾ ਸੀ।—ਜ਼ਬੂਰ 33:7; 89:9; ਕਹਾਉਤਾਂ 8:29; ਰਸੂਲਾਂ ਦੇ ਕਰਤੱਬ 4:24; ਪਰਕਾਸ਼ ਦੀ ਪੋਥੀ 14:7.
ਯਹੋਵਾਹ ਦੀ ਵਡਿਆਈ ਕਰੋ
19. ਅੱਯੂਬ 38:12-14 ਦੇ ਸ਼ਬਦ ਸਾਡਾ ਧਿਆਨ ਕਿਨ੍ਹਾਂ ਭੌਤਿਕ ਅਸਲੀਅਤਾਂ ਵੱਲ ਖਿੱਚਦੇ ਹਨ?
19 ਨਾ ਹੀ ਇਨਸਾਨ ਧਰਤੀ ਦੇ ਚੱਕਰ ਲਈ ਵਡਿਆਈ ਸਵੀਕਾਰ ਕਰ ਸਕਦੇ ਹਨ, ਜਿਸ ਦਾ ਜ਼ਿਕਰ ਅੱਯੂਬ 38:12-14 ਵਿਚ ਕੀਤਾ ਗਿਆ ਹੈ। ਧਰਤੀ ਦੇ ਇਸ ਚੱਕਰ ਕਾਰਨ ਨਵਾਂ ਦਿਨ ਚੜ੍ਹਦਾ ਹੈ ਅਤੇ ਉਸ ਵੇਲੇ ਸੂਰਜ ਦੀ ਲਾਲੀ ਅਕਸਰ ਬਹੁਤ ਹੀ ਸੁੰਦਰ ਹੁੰਦੀ ਹੈ। ਜਿਉਂ-ਜਿਉਂ ਸੂਰਜ ਚੜ੍ਹਦਾ ਹੈ, ਧਰਤੀ ਉੱਤੇ ਚੀਜ਼ਾਂ ਜ਼ਿਆਦਾ ਚੰਗੀ ਤਰ੍ਹਾਂ ਦਿਖਾਈ ਦੇਣ ਲੱਗ ਪੈਂਦੀਆਂ ਹਨ, ਜਿਵੇਂ ਚੀਕਣੀ ਮਿੱਟੀ ਵਿਚ ਛਾਪਿਆ ਨਿਸ਼ਾਨ ਸਾਫ਼-ਸਾਫ਼ ਦਿੱਸਦਾ ਹੈ। ਧਰਤੀ ਦੇ ਚੱਕਰ ਵੱਲ ਧਿਆਨ ਦਿੰਦੇ ਹੋਏ ਅਸੀਂ ਇਸ ਗੱਲ ਉੱਤੇ ਹੈਰਾਨ ਹੁੰਦੇ ਹਾਂ ਕਿ ਧਰਤੀ ਜ਼ਿਆਦਾ ਤੇਜ਼ੀ ਨਾਲ ਨਹੀਂ ਘੁੰਮਦੀ, ਜਿਸ ਦੇ ਨਤੀਜੇ ਬੁਰੇ ਹੋ ਸਕਦੇ ਹਨ। ਨਾ ਹੀ ਉਹ ਇੰਨੀ ਹੌਲੀ-ਹੌਲੀ ਘੁੰਮਦੀ ਹੈ ਕਿ ਦਿਨ ਅਤੇ ਰਾਤਾਂ ਬਹੁਤ ਹੀ ਲੰਬੀਆਂ ਹੋ ਜਾਂਦੀਆਂ ਹਨ, ਜਿਸ ਕਰਕੇ ਬਹੁਤੀ ਜ਼ਿਆਦਾ ਗਰਮੀ ਜਾਂ ਠੰਢ ਹੋ ਸਕਦੀ ਹੈ ਜੋ ਕਿ ਇਨਸਾਨਾਂ ਦਾ ਜੀਉਣਾ ਨਾਮੁਮਕਿਨ ਬਣਾ ਸਕਦਾ ਹੈ। ਹਾਂ, ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਇਸ ਚੱਕਰ ਦੀ ਰਫ਼ਤਾਰ ਨੂੰ ਇਨਸਾਨਾਂ ਨੇ ਨਹੀਂ ਪਰ ਪਰਮੇਸ਼ੁਰ ਨੇ ਠਹਿਰਾਇਆ ਹੈ।—ਜ਼ਬੂਰ 148:1-5.
20. ਅੱਯੂਬ 38:16, 18 ਵਿਚ ਪੁੱਛੇ ਗਏ ਸਵਾਲਾਂ ਦਾ ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
20 ਹੁਣ ਜ਼ਰਾ ਕਲਪਨਾ ਕਰੋ ਕਿ ਪਰਮੇਸ਼ੁਰ ਤੁਹਾਨੂੰ ਅਗਲੇ ਸਵਾਲ ਪੁੱਛਦਾ ਹੈ: “ਕੀ ਤੂੰ ਸਮੁੰਦਰ ਦੇ ਸੋਤਿਆਂ ਵਿੱਚ ਵੜਿਆ, ਯਾ ਡੁੰਘਿਆਈ ਦੇ ਗੁੱਝੇ ਹਿੱਸਿਆਂ ਵਿੱਚ ਚੱਲਿਆ ਹੈਂ?” ਸਮੁੰਦਰ ਦੇ ਵਿਗਿਆਨੀ ਵੀ ਇਸ ਸਵਾਲ ਦਾ ਪੂਰੀ ਤਰ੍ਹਾਂ ਜਵਾਬ ਨਹੀਂ ਦੇ ਸਕਦੇ! ਪਰਮੇਸ਼ੁਰ ਅੱਗੇ ਪੁੱਛਦਾ ਹੈ: “ਕੀ ਤੈਂ ਧਰਤੀ ਦੇ ਵਿਸਤਾਰ ਨੂੰ ਸਮਝ ਲਿਆ ਹੈ? ਤੂੰ ਦੱਸ, ਜੇ ਤੈਂ ਸਾਰੇ ਦਾ ਸਾਰਾ ਜਾਣ ਲਿਆ ਹੈ!” (ਅੱਯੂਬ 38:16, 18) ਕੀ ਅਸੀਂ ਧਰਤੀ ਦੀ ਪੂਰੀ ਤਰ੍ਹਾਂ, ਜਾਂ ਉਸ ਦੇ ਕੁਝ ਹੀ ਹਿੱਸਿਆਂ ਦੀ ਸੈਰ ਅਤੇ ਖੋਜ ਕੀਤੀ ਹੈ? ਧਰਤੀ ਦੀਆਂ ਸੁੰਦਰ ਥਾਵਾਂ ਅਤੇ ਉਸ ਦੇ ਅਜੂਬਿਆਂ ਵੱਲ ਧਿਆਨ ਦੇਣ ਵਿਚ ਹਜ਼ਾਰਾਂ ਹੀ ਸਾਲ ਗੁਜ਼ਾਰੇ ਜਾ ਸਕਦੇ ਹਨ। ਅਤੇ ਇਹ ਸਾਲ ਕਿੰਨੇ ਵਧੀਆ ਹੋ ਸਕਦੇ ਹਨ!
21. (ੳ) ਅੱਯੂਬ 38:19 ਦੇ ਸਵਾਲ ਸ਼ਾਇਦ ਕਿਹੜੇ ਵਿਗਿਆਨਕ ਖ਼ਿਆਲ ਪੇਸ਼ ਕਰਨ? (ਅ) ਰੌਸ਼ਨੀ ਦੀ ਅਸਲੀਅਤ ਤੋਂ ਸਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਹੋਣਾ ਚਾਹੀਦਾ ਹੈ?
21 ਅੱਯੂਬ 38:19 ਦੇ ਡੂੰਘਿਆਂ ਸਵਾਲਾਂ ਵੱਲ ਵੀ ਧਿਆਨ ਦਿਓ: “ਚਾਨਣ ਦੀ ਵੱਸੋਂ ਦਾ ਰਾਹ ਕਿੱਧਰ ਹੈ, ਅਤੇ ਅਨ੍ਹੇਰੇ ਦਾ ਅਸਥਾਨ ਕਿੱਥੇ ਹੈ?” ਤੁਸੀਂ ਸ਼ਾਇਦ ਜਾਣਦੇ ਹੋਵੋ ਕਿ ਬਹੁਤ ਚਿਰ ਤੋਂ ਵਿਗਿਆਨੀ ਇਹ ਸਮਝਦੇ ਆਏ ਸਨ ਕਿ ਚਾਨਣ ਲਹਿਰਾਂ ਵਾਂਗ ਚੱਲਦਾ ਹੈ, ਜਿਵੇਂ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਹਨ। ਫਿਰ, 1905 ਵਿਚ, ਐਲਬਰਟ ਆਇਨਸਟਾਈਨ ਨੇ ਸਮਝਾਇਆ ਕਿ ਰੌਸ਼ਨੀ ਐਟਮਾਂ ਵਾਂਗ ਹੁੰਦੀ ਹੈ, ਜੋ ਗੁੱਛਿਆਂ ਵਿਚ ਚੱਲਦੇ ਹਨ। ਕੀ ਇਹ ਅਨੁਮਾਨ ਸਹੀ ਸੀ? ਹਾਲ ਹੀ ਵਿਚ ਇਕ ਐਨਸਾਈਕਲੋਪੀਡੀਆ ਨੇ ਇਹ ਪੁੱਛਿਆ: “ਕੀ ਰੌਸ਼ਨੀ ਲਹਿਰ ਹੈ ਜਾਂ ਐਟਮ?” ਇਸ ਨੇ ਇਹ ਜਵਾਬ ਦਿੱਤਾ: ‘ਜ਼ਾਹਰ ਹੈ ਕਿ ਰੌਸ਼ਨੀ ਨਾ ਲਹਿਰ ਹੈ ਅਤੇ ਨਾ ਹੀ ਐਟਮ ਕਿਉਂਕਿ ਇਹ ਦੋਨੋਂ ਚੀਜ਼ਾਂ ਇਕ ਦੂਸਰੇ ਤੋਂ ਬਹੁਤ ਹੀ ਵੱਖਰੀਆਂ ਹਨ। ਸਭ ਤੋਂ ਵਧੀਆ ਜਵਾਬ ਇਹੀ ਹੈ ਕਿ ਰੌਸ਼ਨੀ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ਹੈ।’ ਭਾਵੇਂ ਕਿ ਸੂਰਜ ਦੇ ਸੰਬੰਧ ਵਿਚ ਇਨਸਾਨ ਪਰਮੇਸ਼ੁਰ ਦਿਆਂ ਕੰਮਾਂ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕਦੇ, ਫਿਰ ਵੀ ਉਸ ਦੀਆਂ ਕਿਰਨਾਂ ਤੋਂ ਸਾਨੂੰ ਗਰਮੀ ਮਿਲਦੀ ਰਹਿੰਦੀ ਹੈ। ਸੂਰਜ ਦੀ ਰੌਸ਼ਨੀ ਦੇ ਕਾਰਨ ਪੌਦੇ ਉੱਗਦੇ ਹਨ ਅਤੇ ਆਕਸੀਜਨ ਪੈਦਾ ਕਰਦੇ ਹਨ ਜਿਸ ਤੋਂ ਸਾਨੂੰ ਫ਼ਾਇਦਾ ਹੁੰਦਾ ਹੈ। ਰੌਸ਼ਨੀ ਨਾਲ ਅਸੀਂ ਪੜ੍ਹ ਸਕਦੇ ਹਾਂ, ਆਪਣੇ ਪਿਆਰਿਆਂ ਦੇ ਚਿਹਰੇ, ਸੰਝ ਵੇਲੇ ਦਾ ਰੰਗਬਰੰਗਾ ਆਸਮਾਨ, ਅਤੇ ਹੋਰ ਕਈ ਚੀਜ਼ਾਂ ਦੇਖ ਸਕਦੇ ਹਾਂ। ਇਸ ਤਰ੍ਹਾਂ ਕਰਦੇ ਸਮੇਂ, ਕੀ ਸਾਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ ਹੈ ਕਿ ਇਹ ਪਰਮੇਸ਼ੁਰ ਦੇ ਅਚੰਭੇ ਹਨ?—ਜ਼ਬੂਰ 104:1, 2; 145:5; ਯਸਾਯਾਹ 45:7; ਯਿਰਮਿਯਾਹ 31:35.
22. ਦਾਊਦ ਨੇ ਪਰਮੇਸ਼ੁਰ ਦੇ ਅਸਚਰਜ ਕੰਮਾਂ ਬਾਰੇ ਕੀ ਕਿਹਾ ਸੀ?
22 ਕੀ ਯਹੋਵਾਹ ਦੇ ਅਚੰਭਿਆਂ ਉੱਤੇ ਮਨਨ ਕਰਨ ਦਾ ਮਕਸਦ ਸਿਰਫ਼ ਇਹ ਹੈ ਕਿ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਪ੍ਰਭਾਵਿਤ ਜਾਂ ਬਿਲਕੁਲ ਹੈਰਾਨ ਹੋ ਜਾਈਏ? ਬਿਲਕੁਲ ਨਹੀਂ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਸਵੀਕਾਰ ਕੀਤਾ ਸੀ ਕਿ ਪਰਮੇਸ਼ੁਰ ਦੇ ਸਾਰਿਆਂ ਕੰਮਾਂ ਨੂੰ ਸਮਝਣਾ ਅਤੇ ਉਨ੍ਹਾਂ ਉੱਤੇ ਰਾਇ ਦੇਣੀ ਨਾਮੁਮਕਿਨ ਹੈ। ਦਾਊਦ ਨੇ ਲਿਖਿਆ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, . . . ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ।” (ਜ਼ਬੂਰ 40:5) ਲੇਕਿਨ, ਉਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਇਨ੍ਹਾਂ ਵਧੀਆ ਕੰਮਾਂ ਬਾਰੇ ਚੁੱਪ ਰਹੇਗਾ। ਉਸ ਨੇ ਇਸ ਗੱਲ ਬਾਰੇ ਆਪਣਾ ਪੱਕਾ ਇਰਾਦਾ ਜ਼ਬੂਰ 9:1 ਵਿਚ ਜ਼ਾਹਰ ਕੀਤਾ ਸੀ: “ਹੇ ਯਹੋਵਾਹ, ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ, ਮੈਂ ਤੇਰੇ ਸਾਰੇ ਅਚਰਜ ਕੰਮਾਂ ਦਾ ਵਰਨਣ ਕਰਾਂਗਾ।”
23. ਪਰਮੇਸ਼ੁਰ ਦੇ ਅਚੰਭਿਆਂ ਪ੍ਰਤੀ ਤੁਹਾਡਾ ਰਵੱਈਆ ਕੀ ਹੈ, ਅਤੇ ਤੁਸੀਂ ਦੂਸਰਿਆਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹੋ?
23 ਕੀ ਸਾਨੂੰ ਇਸੇ ਤਰ੍ਹਾਂ ਪ੍ਰੇਰਿਤ ਨਹੀਂ ਹੋਣਾ ਚਾਹੀਦਾ? ਪਰਮੇਸ਼ੁਰ ਦੇ ਇਨ੍ਹਾਂ ਵਧੀਆ ਕੰਮਾਂ ਨੂੰ ਦੇਖ ਕੇ ਕੀ ਅਸੀਂ ਉਸ ਬਾਰੇ, ਉਸ ਦੇ ਕੀਤੇ ਗਏ ਕੰਮਾਂ ਬਾਰੇ, ਅਤੇ ਉਨ੍ਹਾਂ ਕੰਮਾਂ ਬਾਰੇ ਜੋ ਉਹ ਭਵਿੱਖ ਵਿਚ ਕਰੇਗਾ, ਲੋਕਾਂ ਨੂੰ ਦੱਸਣ ਲਈ ਪ੍ਰੇਰਿਤ ਨਹੀਂ ਹੁੰਦੇ? ਇਸ ਦਾ ਜਵਾਬ ਤਾਂ ਸਾਫ਼ ਹੈ, ਸਾਨੂੰ “ਕੌਮਾਂ ਦੇ ਵਿੱਚ ਉਹ ਦੇ ਪਰਤਾਪ ਦਾ, ਅਤੇ ਸਾਰੇ ਲੋਕਾਂ ਵਿੱਚ ਉਹ ਦੇ ਅਚਰਜ ਕੰਮਾਂ ਦਾ ਵਰਨਣ” ਕਰਨਾ ਚਾਹੀਦਾ ਹੈ। (ਜ਼ਬੂਰ 96:3-5) ਜੀ ਹਾਂ, ਅਸੀਂ ਪਰਮੇਸ਼ੁਰ ਬਾਰੇ ਸਿੱਖੀਆਂ ਗੱਲਾਂ ਦੂਸਰਿਆਂ ਨੂੰ ਦੱਸ ਕੇ ਉਸ ਦੇ ਕੰਮਾਂ ਲਈ ਨਿਮਰਤਾ ਨਾਲ ਕਦਰ ਦਿਖਾ ਸਕਦੇ ਹਾਂ। ਭਾਵੇਂ ਲੋਕ ਅਜਿਹੇ ਸਮਾਜ ਵਿਚ ਵੱਡੇ ਹੋਏ ਹਨ ਜਿੱਥੇ ਲੋਕਾਂ ਨੇ ਸ੍ਰਿਸ਼ਟੀਕਰਤਾ ਨੂੰ ਰੱਦ ਕੀਤਾ ਹੈ, ਫਿਰ ਵੀ ਸਾਡੇ ਚੰਗੇ ਅਤੇ ਸੂਝਵਾਨ ਸ਼ਬਦ ਉਨ੍ਹਾਂ ਨੂੰ ਪਰਮੇਸ਼ੁਰ ਦੀ ਪਛਾਣ ਕਰਨ ਲਈ ਪ੍ਰੇਰਿਤ ਕਰ ਸਕਦੇ ਹਨ। ਇਸ ਤੋਂ ਵੀ ਵੱਧ, ਹੋ ਸਕਦਾ ਹੈ ਕਿ ਉਹ ਯਹੋਵਾਹ ਜਿਸ ਨੇ “ਸਾਰੀਆਂ ਵਸਤਾਂ ਰਚੀਆਂ,” ਯਾਨੀ ਅਚੰਭੇ ਕਰਨ ਵਾਲੇ ਬਾਰੇ ਹੋਰ ਸਿੱਖਣ ਅਤੇ ਉਸ ਦੀ ਸੇਵਾ ਕਰਨ ਦੀ ਇੱਛਾ ਦਿਖਾਉਣ।—ਪਰਕਾਸ਼ ਦੀ ਪੋਥੀ 4:11.
ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
• ਅੱਯੂਬ 37:14 ਵਿਚ ਦਰਜ ਕੀਤੇ ਗਏ ਸ਼ਬਦਾਂ ਦੇ ਕਾਰਨ ਤੁਸੀਂ ਪਰਮੇਸ਼ੁਰ ਦੇ ਕਿਨ੍ਹਾਂ ਕੰਮਾਂ ਬਾਰੇ ਸੋਚਦੇ ਹੋ?
• ਅੱਯੂਬ ਦੇ 37ਵੇਂ ਅਤੇ 38ਵੇਂ ਅਧਿਆਵਾਂ ਵਿਚ ਕਿਨ੍ਹਾਂ ਕੁਝ ਚੀਜ਼ਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਵਿਗਿਆਨ ਚੰਗੀ ਤਰ੍ਹਾਂ ਨਹੀਂ ਸਮਝਾ ਸਕਦਾ?
• ਤੁਸੀਂ ਪਰਮੇਸ਼ੁਰ ਦੇ ਅਚੰਭਿਆਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ, ਅਤੇ ਇਨ੍ਹਾਂ ਕਾਰਨ ਤੁਸੀਂ ਕੀ ਕਰਨ ਲਈ ਪ੍ਰੇਰਿਤ ਹੁੰਦੇ ਹੋ?
[ਸਫ਼ੇ 7 ਉੱਤੇ ਤਸਵੀਰ]
ਸਮੁੰਦਰ ਨੂੰ ਕਿਸ ਨੇ ਬੰਦ ਕੀਤਾ ਹੈ, ਤਾਂਕਿ ਉਹ ਆਪਣੀ ਜਗ੍ਹਾ ਟਿਕਿਆ ਰਹੇ?
[ਸਫ਼ੇ 7 ਉੱਤੇ ਤਸਵੀਰ]
ਪਰਮੇਸ਼ੁਰ ਦੁਆਰਾ ਸ੍ਰਿਸ਼ਟ ਕੀਤੀ ਗਈ ਧਰਤੀ ਦੀ ਹਰੇਕ ਸੁੰਦਰ ਜਗ੍ਹਾ ਦੀ ਸੈਰ ਕਿਸ ਨੇ ਕੀਤੀ ਹੈ?