ਸ੍ਰਿਸ਼ਟੀ ਦੇ ਅਜੂਬੇ ਯਹੋਵਾਹ ਦੀ ਵਡਿਆਈ ਕਰਦੇ ਹਨ
ਇਨਸਾਨ ਕਦੇ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਯਹੋਵਾਹ ਪਰਮੇਸ਼ੁਰ ਕਿੰਨਾ ਅੱਤ ਮਹਾਨ ਹੈ। ਧਰਤੀ ਤੇ ਆਸਮਾਨ ਵਿਚ ਉਸ ਦੇ ਅਜੂਬੇ ਦੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ; ਯਹੋਵਾਹ ਦੀ ਸ੍ਰਿਸ਼ਟੀ ਸੱਚ-ਮੁੱਚ ਉਸ ਦੀ ਵਡਿਆਈ ਕਰਦੀ ਹੈ।—ਜ਼ਬੂਰਾਂ ਦੀ ਪੋਥੀ 19:1-4.
ਯਹੋਵਾਹ ਇਸ ਜਹਾਨ ਦਾ ਸ੍ਰਿਸ਼ਟੀਕਰਤਾ ਅਤੇ ਸਰਬਸ਼ਕਤੀਮਾਨ ਹੈ, ਇਸ ਲਈ ਸਾਨੂੰ ਉਸ ਦੀ ਹਰ ਗੱਲ ਬੜੇ ਧਿਆਨ ਨਾਲ ਸੁਣਨੀ ਚਾਹੀਦੀ ਹੈ। ਪਰ ਜ਼ਰਾ ਸੋਚੋ ਜੇ ਉਹ ਖ਼ੁਦ ਸਾਡੇ ਨਾਲ ਗੱਲ ਕਰਦਾ, ਤਾਂ ਅਸੀਂ ਕਿੰਨੇ ਹੈਰਾਨ ਹੁੰਦੇ! ਫ਼ਰਜ਼ ਕਰੋ ਕਿ ਉਹ ਇਕ ਦੂਤ ਰਾਹੀਂ ਤੁਹਾਡੇ ਨਾਲ ਗੱਲ ਕਰਦਾ ਹੈ। ਤੁਸੀਂ ਜ਼ਰੂਰ ਉਸ ਦੀ ਗੱਲ ਧਿਆਨ ਲਗਾ ਕੇ ਸੁਣਦੇ। ਤਕਰੀਬਨ 3,500 ਸਾਲ ਪਹਿਲਾਂ ਜਦੋਂ ਪਰਮੇਸ਼ੁਰ ਨੇ ਧਰਮੀ ਮਨੁੱਖ ਅੱਯੂਬ ਨਾਲ ਗੱਲ ਕੀਤੀ ਸੀ, ਤਾਂ ਅੱਯੂਬ ਨੇ ਬੜੇ ਧਿਆਨ ਨਾਲ ਉਸ ਦੀ ਗੱਲ ਸੁਣੀ ਹੋਵੇਗੀ। ਅਸੀਂ ਇਸ ਗੱਲਬਾਤ ਤੋਂ ਧਰਤੀ ਤੇ ਆਸਮਾਨ ਬਾਰੇ ਕੀ ਸਿੱਖ ਸਕਦੇ ਹਾਂ?
ਧਰਤੀ ਦੀ ਨੀਂਹ ਕਿਸ ਨੇ ਧਰੀ ਤੇ ਸਮੁੰਦਰ ਨੂੰ ਕਿਸ ਨੇ ਕਾਬੂ ਕੀਤਾ ਹੈ?
ਪਰਮੇਸ਼ੁਰ ਨੇ ਵਾਵਰੋਲੇ ਵਿੱਚੋਂ ਆਵਾਜ਼ ਦੇ ਕੇ ਅੱਯੂਬ ਨੂੰ ਧਰਤੀ ਅਤੇ ਸਮੁੰਦਰ ਬਾਰੇ ਪੁੱਛਿਆ। (ਅੱਯੂਬ 38:1-11) ਧਰਤੀ ਦਾ ਨਾਪ ਕਿਸੇ ਇਨਸਾਨ ਨੇ ਤੈਅ ਕਰ ਕੇ ਇਸ ਨੂੰ ਸ੍ਰਿਸ਼ਟ ਕਰਨ ਵਿਚ ਪਰਮੇਸ਼ੁਰ ਦੀ ਮਦਦ ਨਹੀਂ ਕੀਤੀ ਸੀ। ਧਰਤੀ ਦੀ ਤੁਲਨਾ ਇਕ ਇਮਾਰਤ ਨਾਲ ਕਰ ਕੇ ਪਰਮੇਸ਼ੁਰ ਨੇ ਅੱਯੂਬ ਨੂੰ ਪੁੱਛਿਆ: “ਕਿਹ ਨੇ ਉਹ ਦੇ ਸਿਰੇ ਦਾ ਪੱਥਰ ਧਰਿਆ?” ਕਿਸੇ ਇਨਸਾਨ ਨੇ ਨਹੀਂ! ਜਦੋਂ ਯਹੋਵਾਹ ਨੇ ਧਰਤੀ ਦੀ ਨੀਂਹ ਧਰੀ, ਤਾਂ ਉਸ ਦੇ ਦੂਤ ਇਹ ਦੇਖ ਕੇ ਕਿੰਨੇ ਖ਼ੁਸ਼ ਹੋਏ ਹੋਣੇ!
ਅਨੰਤ ਪਰਮੇਸ਼ੁਰ ਦੀ ਮਹਾਨਤਾ ਦੇ ਮੁਕਾਬਲੇ ਸਮੁੰਦਰ ਕੁਝ ਵੀ ਨਹੀਂ ਹੈ। ਸਮੁੰਦਰ ਇਕ ਨੰਨ੍ਹੇ ਬੱਚੇ ਵਰਗਾ ਹੈ ਜਿਸ ਨੂੰ ਯਹੋਵਾਹ ਨੇ ਬਸਤਰ ਪਹਿਨਾਏ ਹਨ। ਸਮੁੰਦਰ ਇਵੇਂ ਪੈਦਾ ਹੋਇਆ ਜਿਵੇਂ ‘ਕੁੱਖ ਫੁੱਟ ਨਿੱਕਲਦੀ ਹੈ।’ ਪਰਮੇਸ਼ੁਰ ਸਮੁੰਦਰ ਨੂੰ ਮਾਨੋ ਅਰਲਾਂ ਤੇ ਕਵਾੜਾਂ ਜਾਂ ਦਰਵਾਜ਼ਿਆਂ ਨਾਲ ਕਾਬੂ ਵਿਚ ਰੱਖਦਾ ਹੈ। ਇਸ ਦੀਆਂ ਲਹਿਰਾਂ ਚੰਦ ਤੇ ਸੂਰਜ ਦੀ ਖਿੱਚ ਨਾਲ ਚੜ੍ਹਦੀਆਂ ਤੇ ਲਹਿੰਦੀਆਂ ਹਨ।
ਦ ਵਰਲਡ ਬੁੱਕ ਐਨਸਾਈਕਲੋਪੀਡੀਆ ਵਿਚ ਦੱਸਿਆ ਗਿਆ ਹੈ ਕਿ ‘ਮਹਾਂ ਸਾਗਰਾਂ ਵਿਚ ਹਵਾ ਨਾਲ ਲਹਿਰਾਂ ਉੱਠਦੀਆਂ ਹਨ। ਇਹ ਲਹਿਰਾਂ ਛੋਟੀਆਂ-ਛੋਟੀਆਂ ਵੀ ਹੋ ਸਕਦੀਆਂ ਹਨ ਜਾਂ ਫਿਰ 100 ਫੁੱਟ ਉੱਚੀਆਂ ਵੀ ਹੋ ਸਕਦੀਆਂ ਹਨ ਜੋ ਭਿਆਨਕ ਤਬਾਹੀ ਮਚਾਉਣ ਦੇ ਯੋਗ ਹੁੰਦੀਆਂ ਹਨ। ਹਵਾ ਬੰਦ ਹੋ ਜਾਣ ਤੋਂ ਬਾਅਦ ਵੀ ਲਹਿਰਾਂ ਸਮੁੰਦਰੀ ਸਤਹ ਦੇ ਉੱਪਰ ਚੱਲਦੀਆਂ ਰਹਿੰਦੀਆਂ ਹਨ ਅਤੇ ਇਹ ਦੂਰ-ਦੁਰੇਡੇ ਕਿਨਾਰਿਆਂ ਤਕ ਪਹੁੰਚ ਸਕਦੀਆਂ ਹਨ। ਇਹ ਲਹਿਰਾਂ ਹੌਲੀ-ਹੌਲੀ ਲੰਬੀਆਂ ਬਣ ਜਾਂਦੀਆਂ ਹਨ। ਅਖ਼ੀਰ ਵਿਚ ਇਹ ਸਮੁੰਦਰੀ ਕਿਨਾਰੇ ਤੇ ਪਹੁੰਚ ਜਾਂਦੀਆਂ ਹਨ ਅਤੇ ਕਿਨਾਰੇ ਨਾਲ ਟਕਰਾ ਕੇ ਝੱਗ ਛੱਡਦੀਆਂ ਹਨ।’ ਸਮੁੰਦਰ ਪਰਮੇਸ਼ੁਰ ਦਾ ਹੁਕਮ ਮੰਨਦਾ ਹੈ: “ਐਥੇ ਤਿੱਕੁਰ ਆਈਂ, ਵਧੀਂ ਨਾ, ਅਤੇ ਐਥੇ ਤੇਰੀਆਂ ਆਫਰੀਆਂ ਹੋਈਆਂ ਲੱਫਾਂ ਰੁਕ ਜਾਣ!”
ਸਵੇਰ ਕੌਣ ਲਿਆਉਂਦਾ ਹੈ?
ਅੱਗੇ ਪਰਮੇਸ਼ੁਰ ਨੇ ਅੱਯੂਬ ਨੂੰ ਰੌਸ਼ਨੀ ਦੇ ਅਸਰ ਅਤੇ ਹੋਰ ਚੀਜ਼ਾਂ ਬਾਰੇ ਪੁੱਛਿਆ। (ਅੱਯੂਬ 38:12-18) ਦਿਨ ਨੂੰ ਚੜ੍ਹਨ ਜਾਂ ਰਾਤ ਨੂੰ ਢਲਣ ਦਾ ਹੁਕਮ ਦੇਣਾ ਇਨਸਾਨ ਦੇ ਵੱਸ ਦੀ ਗੱਲ ਨਹੀਂ। ਸਵੇਰ ਦੀ ਰੌਸ਼ਨੀ ਧਰਤੀ ਦੇ ਖੰਭਾਂ ਨੂੰ ਫੜ ਕੇ ਉਸ ਵਿੱਚੋਂ ਦੁਸ਼ਟ ਝਾੜ ਦਿੰਦੀ ਹੈ। ਪਾਪੀ ਲੋਕ “ਸੰਝ” ਦੇ ਹਨੇਰੇ ਨੂੰ ਉਡੀਕਦੇ ਹਨ ਤਾਂਕਿ ਉਹ ਪਾਪ ਕਰ ਸਕਣ। (ਅੱਯੂਬ 24:15, 16) ਪਰ ਸਵੇਰਾ ਹੁੰਦਿਆਂ ਹੀ ਉਹ ਆਪਣੇ ਆਪ ਨੂੰ ਲੁਕੋ ਲੈਂਦੇ ਹਨ।
ਸਵੇਰ ਦਾ ਚਾਨਣ ਪਰਮੇਸ਼ੁਰ ਦੇ ਹੱਥਾਂ ਵਿਚ ਇਕ ਮੋਹਰ ਵਾਂਗ ਹੈ ਜੋ ਧਰਤੀ ਉੱਤੇ ਆਪਣੀ ਸੋਹਣੀ ਛਾਪ ਲਾਉਂਦਾ ਹੈ। ਜਦ ਅਸੀਂ ਸੂਰਜ ਦੀ ਰੌਸ਼ਨੀ ਕਰਕੇ ਰੰਗ-ਬਰੰਗੇ ਨਜ਼ਾਰੇ ਦੇਖਦੇ ਹਾਂ, ਤਾਂ ਇਵੇਂ ਲੱਗਦਾ ਹੈ ਕਿ ਜਿਵੇਂ ਧਰਤੀ ਨੂੰ ਬੜੇ ਸੋਹਣੇ ਲਿਬਾਸ ਨਾਲ ਸਜਾਇਆ ਗਿਆ ਹੈ। ਅੱਯੂਬ ਨੇ ਨਾ ਖ਼ੁਦ ਇਹ ਰਚਨਾ ਕੀਤੀ ਸੀ ਅਤੇ ਨਾ ਹੀ ਉਸ ਨੇ ਡੂੰਘੇ ਸਮੁੰਦਰਾਂ ਵਿਚ ਜਾ ਕੇ ਇਸ ਦੇ ਅਮੁੱਕ ਖ਼ਜ਼ਾਨੇ ਦੇਖੇ ਸਨ। ਕੀ ਇਹ ਸੱਚ ਨਹੀਂ ਹੈ ਕਿ ਅੱਜ ਦੇ ਖੋਜਕਾਰਾਂ ਨੂੰ ਵੀ ਸਮੁੰਦਰ ਦੇ ਜੀਵ-ਜੰਤੂਆਂ ਤੇ ਪੌਦਿਆਂ ਬਾਰੇ ਥੋੜ੍ਹਾ ਹੀ ਗਿਆਨ ਹੈ?
ਬਰਫ਼ ਅਤੇ ਗੜਿਆਂ ਦੇ ਭੰਡਾਰ ਦਾ ਮਾਲਕ ਕੌਣ ਹੈ?
ਕੋਈ ਵੀ ਇਨਸਾਨ ਚਾਨਣ ਤੇ ਅਨ੍ਹੇਰੇ ਨੂੰ ਉਨ੍ਹਾਂ ਦੇ ਘਰ ਦਾ ਰਾਹ ਨਹੀਂ ਦਿਖਾ ਸਕਦਾ ਅਤੇ ਨਾ ਹੀ ਕਿਸੇ ਨੇ ਬਰਫ਼ ਅਤੇ ਗੜਿਆਂ ਦੇ ਭੰਡਾਰ ਦੇਖੇ ਹਨ ਜੋ ਪਰਮੇਸ਼ੁਰ “ਲੜਾਈ ਤੇ ਜੁੱਧ ਦੇ ਦਿਨਾਂ ਲਈ” ਬਚਾ ਕੇ ਰੱਖਦਾ ਹੈ। (ਅੱਯੂਬ 38:19-23) ਜਦੋਂ ਯਹੋਵਾਹ ਨੇ ਗਿਬਓਨ ਸ਼ਹਿਰ ਵਿਚ ਆਪਣੇ ਦੁਸ਼ਮਣਾਂ ਉੱਤੇ ਗੜੇ ਵਰਾਏ, ਤਾਂ “ਜਿਹੜੇ ਗੜਿਆਂ ਨਾਲ ਮਰੇ ਓਹ ਓਹਨਾਂ ਤੋਂ ਵੱਧ ਸਨ ਜਿਹੜੇ ਇਸਰਾਏਲ ਦੀ ਤੇਗ ਨਾਲ ਵੱਢੇ ਗਏ।” (ਯਹੋਸ਼ੁਆ 10:11) ਸਾਨੂੰ ਪਤਾ ਨਹੀਂ ਕਿ ਗੋਗ ਅਰਥਾਤ ਸ਼ਤਾਨ ਦੁਆਰਾ ਭਰਮਾਏ ਗਏ ਦੁਸ਼ਟ ਇਨਸਾਨਾਂ ਦਾ ਨਾਸ ਕਰਨ ਲਈ ਯਹੋਵਾਹ ਸ਼ਾਇਦ ਕਿੰਨੇ ਵੱਡੇ-ਵੱਡੇ ਗੜੇ ਵਰਤੇ।—ਹਿਜ਼ਕੀਏਲ 38:18, 22.
ਤਿੰਨ ਸਾਲ ਪਹਿਲਾਂ ਜੁਲਾਈ ਵਿਚ ਚੀਨ ਦੇ ਹੇਨਨ ਨਾਂ ਦੇ ਇਕ ਸੂਬੇ ਵਿਚ ਆਂਡਿਆਂ ਜਿੰਨੇ ਵੱਡੇ ਗੜਿਆਂ ਨਾਲ 25 ਬੰਦੇ ਹਲਾਕ ਹੋਏ ਤੇ 200 ਜ਼ਖ਼ਮੀ। ਸੰਨ 1545 ਵਿਚ ਬੈਨਵੈਨੂਟੋ ਚੈਲੀਨੀ ਨਾਂ ਦੇ ਇਕ ਇਤਾਵਲੀ ਮੂਰਤੀਕਾਰ ਨੇ ਆਪਣੀ ਸਵੈ-ਜੀਵਨੀ ਵਿਚ ਗੜਿਆਂ ਦੇ ਇਕ ਤੂਫ਼ਾਨ ਬਾਰੇ ਲਿਖਿਆ: ‘ਅਸੀਂ ਹਾਲੇ ਲੀਅਨਜ਼ ਸ਼ਹਿਰ ਤੋਂ ਇਕ ਦਿਨ ਦੇ ਫ਼ਾਸਲੇ ਤੇ ਸਾਂ ਜਦੋਂ ਆਕਾਸ਼ ਜ਼ੋਰ-ਜ਼ੋਰ ਨਾਲ ਗਰਜਣ ਲੱਗ ਪਿਆ। ਇਸ ਤੋਂ ਬਾਅਦ ਆਕਾਸ਼ ਵਿਚ ਇੰਨਾ ਸ਼ੋਰ ਮਚਿਆ ਕਿ ਮੈਨੂੰ ਲੱਗਾ ਕਿ ਦੁਨੀਆਂ ਦਾ ਅੰਤ ਆ ਗਿਆ ਹੈ; ਇਸ ਲਈ ਮੈਂ ਆਪਣਾ ਘੋੜਾ ਰੋਕਿਆ। ਗੜੇ ਪੈਣ ਲੱਗ ਪਏ, ਪਰ ਮੀਂਹ ਦੀ ਇਕ ਕਣੀ ਵੀ ਨਹੀਂ ਪਈ ਵੱਡੇ ਨਿੰਬੂਆਂ ਜਿੱਡੇ ਵੱਡੇ-ਵੱਡੇ ਗੜੇ ਵਰਣ ਲੱਗ ਪਏ। ਕਾਫ਼ੀ ਦੇਰ ਤਕ ਤੂਫ਼ਾਨ ਕਹਿਰ ਮਚਾਉਂਦਾ ਰਿਹਾ। ਬਾਅਦ ਵਿਚ ਅਸੀਂ ਸਾਰਿਆਂ ਨੇ ਇਕ-ਦੂਜੇ ਨੂੰ ਆਪਣੀਆਂ ਸੱਟਾਂ ਦਿਖਾਈਆਂ; ਪਰ ਇਕ ਕੁ ਮੀਲ ਅਗਾਹਾਂ ਅਸੀਂ ਇੰਨੀ ਖ਼ੌਫ਼ਨਾਕ ਤਬਾਹੀ ਦੇਖੀ ਜਿਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਇਸ ਦੀ ਤੁਲਨਾ ਵਿਚ ਸਾਡੀਆਂ ਸੱਟਾਂ ਤਾਂ ਕੁਝ ਵੀ ਨਹੀਂ ਸਨ। ਸਾਰਿਆਂ ਦਰਖ਼ਤਾਂ ਦੇ ਪੱਤੇ ਝੜ ਚੁੱਕੇ ਸਨ ਤੇ ਉਹ ਟੁੰਡ-ਮਰੁੰਡ ਪਏ ਸਨ; ਖੇਤਾਂ ਵਿਚ ਪਸ਼ੂ ਮਰੇ ਪਏ ਸਨ; ਉਨ੍ਹਾਂ ਦੇ ਚਰਵਾਹੇ ਵੀ ਮਰੇ ਪਏ ਸਨ; ਅਸੀਂ ਵੱਡੇ-ਵੱਡੇ ਗੜੇ ਦੇਖੇ ਜਿਨ੍ਹਾਂ ਨੂੰ ਦੋਹਾਂ ਹੱਥਾਂ ਨਾਲ ਚੁੱਕਣਾ ਵੀ ਮੁਸ਼ਕਲ ਸੀ।’—ਸਵੈ-ਜੀਵਨੀ (ਜਿਲਦ 2, 50), ਹਾਰਵਰਡ ਕਲਾਸਿਕ, ਵਾਲੂਯਮ 31, ਸਫ਼ੇ 352-3.
ਉਦੋਂ ਕੀ ਹੋਵੇਗਾ ਜਦੋਂ ਯਹੋਵਾਹ ਆਪਣੇ ਦੁਸ਼ਮਣਾਂ ਉੱਤੇ ਬਰਫ਼ ਅਤੇ ਗੜੇ ਵਰਾਵੇਗਾ? ਉਸ ਦੇ ਦੁਸ਼ਮਣ ਬਚ ਨਹੀਂ ਸਕਣਗੇ ਜਦੋਂ ਉਹ ਆਪਣਾ ਮਕਸਦ ਪੂਰਾ ਕਰਨ ਲਈ ਇਹ ਚੀਜ਼ਾਂ ਵਰਤੇਗਾ।
ਮੀਂਹ, ਤ੍ਰੇਲ, ਕੱਕਰ ਤੇ ਬਰਫ਼ ਕਿਸ ਦੀ ਦਸਤਕਾਰੀ ਹਨ?
ਫਿਰ ਯਹੋਵਾਹ ਨੇ ਅੱਯੂਬ ਨੂੰ ਮੀਂਹ, ਤ੍ਰੇਲ, ਕੱਕਰ ਤੇ ਬਰਫ਼ ਬਾਰੇ ਪੁੱਛਿਆ। (ਅੱਯੂਬ 38:24-30) ਮੀਂਹ ਪਰਮੇਸ਼ੁਰ ਨੇ ਹੀ ਬਣਾਇਆ ਹੈ ਅਤੇ ‘ਉਜਾੜ ਨੂੰ ਵੀ ਜਿੱਥੇ ਕੋਈ ਆਦਮੀ ਨਹੀਂ’ ਰਹਿੰਦਾ ਮੀਂਹ ਤੋਂ ਫ਼ਾਇਦਾ ਹੁੰਦਾ ਹੈ। ਮੀਂਹ, ਬਰਫ਼ ਤੇ ਕੱਕਰ ਕਿਸੇ ਇਨਸਾਨ ਦੀ ਰਚਨਾ ਨਹੀਂ।
ਕੁਦਰਤ ਦੀਆਂ ਗੱਲਾਂ ਬਾਰੇ ਇਕ ਰਸਾਲੇ ਵਿਚ ਕਿਹਾ ਗਿਆ ਹੈ ਕਿ ‘ਪਾਣੀ ਦੀ ਇਕ ਅਨੋਖੀ ਤੇ ਵੱਡੀ ਖੂਬੀ ਇਹ ਹੈ ਕਿ ਜਦੋਂ ਇਹ ਬਰਫ਼ ਬਣ ਜਾਂਦਾ ਹੈ, ਤਾਂ ਇਹ ਫੈਲ ਜਾਂਦਾ ਹੈ। ਸਰਦੀਆਂ ਵਿਚ ਤਲਾਬ ਦਾ ਪਾਣੀ ਬਰਫ਼ ਬਣ ਕੇ ਸਤਹ ਉੱਤੇ ਤੈਰਦਾ ਹੈ। ਉਸ ਬਰਫ਼ ਦੀ ਤਹਿ ਕਾਰਨ ਪਾਣੀ ਵਿਚ ਮੱਛੀਆਂ ਤੇ ਹੋਰ ਜੀਵ-ਜੰਤੂ ਜੀਉਂਦੇ ਰਹਿੰਦੇ ਹਨ। ਜੇ ਪਾਣੀ ਬਰਫ਼ ਬਣ ਕੇ ਸੁੰਗੜਦਾ ਅਤੇ ਸੰਘਣਾ ਹੋ ਜਾਂਦਾ, ਤਾਂ ਬਰਫ਼ ਪਾਣੀ ਨਾਲੋਂ ਭਾਰੀ ਹੋ ਜਾਂਦੀ ਤੇ ਡੁੱਬ ਜਾਂਦੀ। ਫਿਰ ਉੱਪਰ ਹੋਰ ਬਰਫ਼ ਜੰਮ ਜਾਂਦੀ ਤੇ ਸਾਰਾ ਤਲਾਬ ਜੰਮ ਜਾਂਦਾ। ਧਰਤੀ ਦੇ ਠੰਢਿਆਂ ਇਲਾਕਿਆਂ ਵਿਚ ਦਰਿਆ, ਤਲਾਬ, ਝੀਲਾਂ ਤੇ ਸਮੁੰਦਰ ਹਮੇਸ਼ਾ ਲਈ ਜੰਮ ਜਾਂਦੇ।’
ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਪਾਣੀ ਦੇ ਸੋਮੇ ਜੰਮਦੇ ਨਹੀਂ ਹਨ! ਇਸ ਤੋਂ ਇਲਾਵਾ, ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਮੀਂਹ ਅਤੇ ਤ੍ਰੇਲ ਅਰਥਾਤ ਯਹੋਵਾਹ ਦੀ ਦਸਤਕਾਰੀ ਸਾਡੀ ਧਰਤੀ ਨੂੰ ਸਿੰਝ ਕੇ ਉਪਜਾਉਂਦੀ ਹੈ!
ਆਕਾਸ਼ ਦੀਆਂ ਬਿਧੀਆਂ ਨੂੰ ਕਿਸ ਨੇ ਮਿੱਥਿਆ?
ਹੁਣ ਪਰਮੇਸ਼ੁਰ ਅੱਯੂਬ ਨੂੰ ਆਕਾਸ਼ ਬਾਰੇ ਪੁੱਛਦਾ ਹੈ। (ਅੱਯੂਬ 38:31-33) ਕੱਚਪਚਿਆਂ (Kimah) ਦੇ ਤਾਰਾ-ਮੰਡਲ ਨੂੰ ਸਪਤਰਿਸ਼ੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸ ਵਿਚ ਸੱਤ ਵੱਡੇ-ਵੱਡੇ ਤਾਰੇ ਹਨ ਜਿਨ੍ਹਾਂ ਦੇ ਆਲੇ-ਦੁਆਲੇ ਅਨੇਕ ਛੋਟੇ-ਛੋਟੇ ਤਾਰੇ ਵੀ ਮੌਜੂਦ ਹਨ। ਇਹ ਤਾਰਿਆਂ ਦਾ ਸਮੂਹ ਸੂਰਜ ਤੋਂ ਲਗਭਗ 380 ਪ੍ਰਕਾਸ਼ ਵਰ੍ਹੇ ਦੂਰ ਹੈ। ਕੋਈ ਵੀ ਇਨਸਾਨ ‘ਕੱਚਪਚਿਆਂ ਦੇ ਬੰਦਨਾਂ ਨੂੰ ਨਹੀਂ ਬੰਨ੍ਹ ਸੱਕਦਾ।’ ਹਾਂ, ਕੋਈ ਵੀ ਇਸ ਨੂੰ ਇਕ ਗੁੱਛੇ ਵਿਚ ਇਕੱਠਾ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਇਨਸਾਨ “ਸਪਤ੍ਰਿਖ (Kesil) ਦੇ ਰੱਸਿਆਂ ਨੂੰ ਖੋਲ੍ਹ ਸੱਕਦਾ” ਹੈ। ਸਪਤ੍ਰਿਖ ਤਾਰਾ-ਮੰਡਲ ਨੂੰ ਆਮ ਤੌਰ ਤੇ ਓਰਾਅਨ ਵੀ ਕਿਹਾ ਜਾਂਦਾ ਹੈ। ਭਾਵੇਂ ਸਾਨੂੰ ਇਹ ਨਹੀਂ ਪਤਾ ਕਿ ਪਰਮੇਸ਼ੁਰ ਨੇ ਕਿਨ੍ਹਾਂ ਤਾਰਾ-ਮੰਡਲਾਂ ਨੂੰ ਮੱਜ਼ਰੋਥ (Mazzaroth) ਅਤੇ ਜੱਬਾਰ (Ash) ਕਿਹਾ ਸੀ, ਪਰ ਸਾਨੂੰ ਇਹ ਜ਼ਰੂਰ ਪਤਾ ਹੈ ਕਿ ਇਨਸਾਨ ਨਾ ਤਾਂ ਇਨ੍ਹਾਂ ਨੂੰ ਕਾਬੂ ਕਰ ਸਕਦਾ ਅਤੇ ਨਾ ਹੀ ਇਨ੍ਹਾਂ ਦੇ ਨਿਯਮ ਸਥਾਪਿਤ ਕਰ ਸਕਦਾ ਹੈ। ਇਨਸਾਨ ਕਦੇ ਵੀ “ਅਕਾਸ਼ ਦੀਆਂ ਬਿਧੀਆਂ” ਅਰਥਾਤ ਬ੍ਰਹਿਮੰਡ ਦੇ ਨਿਯਮਾਂ ਨੂੰ ਬਦਲ ਨਹੀਂ ਸਕਦਾ।
ਪਰਮੇਸ਼ੁਰ ਦੁਆਰਾ ਸਥਾਪਿਤ ਨਿਯਮ ਆਕਾਸ਼ ਵਿਚ ਤਾਰਿਆਂ ਨੂੰ ਕੰਟ੍ਰੋਲ ਕਰਦੇ ਹਨ ਅਤੇ ਧਰਤੀ ਉੱਤੇ ਮੌਸਮ, ਪਾਣੀ ਦੀਆਂ ਲਹਿਰਾਂ ਅਤੇ ਸਾਡੇ ਵਾਯੂਮੰਡਲ ਉੱਤੇ ਪ੍ਰਭਾਵ ਪਾਉਂਦੇ ਹਨ। ਅਸਲ ਵਿਚ ਧਰਤੀ ਦਾ ਹਰ ਜੀਵ ਇਨ੍ਹਾਂ ਨਿਯਮਾਂ ਉੱਤੇ ਹੀ ਨਿਰਭਰ ਕਰਦਾ ਹੈ! ਮਿਸਾਲ ਲਈ ਜ਼ਰਾ ਸੂਰਜ ਉੱਤੇ ਗੌਰ ਕਰੋ। ਇਸ ਬਾਰੇ ਐਨਸਾਈਕਲੋਪੀਡੀਆ ਅਮੈਰੀਕਾਨਾ (1996 ਐਡੀਸ਼ਨ) ਵਿਚ ਕਿਹਾ ਗਿਆ ਹੈ ਕਿ “ਸੂਰਜ ਦੀਆਂ ਕਿਰਨਾਂ ਦੇ ਨਾਲ ਧਰਤੀ ਗਰਮ ਤੇ ਰੌਸ਼ਨ ਹੁੰਦੀ ਹੈ, ਪੌਦੇ ਵਧਦੇ-ਫੁੱਲਦੇ ਹਨ, ਮਹਾਂਸਾਗਰਾਂ, ਨਦੀਆਂ, ਝੀਲਾਂ ਵਗੈਰਾ ਵਿੱਚੋਂ ਪਾਣੀ ਭਾਫ਼ ਬਣ ਕੇ ਆਸਮਾਨ ਵਿਚ ਜਾਂਦਾ ਹੈ, ਹਵਾਵਾਂ ਪੈਦਾ ਹੁੰਦੀਆਂ ਹਨ ਤੇ ਧਰਤੀ ਉੱਤੇ ਜੀਵਨ ਜਾਰੀ ਰਹਿਣ ਦੇ ਨਾਲ-ਨਾਲ ਹੋਰ ਅਨੇਕ ਕੰਮ ਹੁੰਦੇ ਹਨ।” ਇਹੀ ਪੁਸਤਕ ਕਹਿੰਦੀ ਹੈ: “ਇਹ ਜਾਣਨ ਲਈ ਕਿ ਸੂਰਜ ਦੀ ਰੌਸ਼ਨੀ ਵਿਚ ਕਿੰਨੀ ਕੁ ਸ਼ਕਤੀ ਹੈ, ਸਾਨੂੰ ਉਸ ਸ਼ਕਤੀ ਉੱਤੇ ਗੌਰ ਕਰਨਾ ਚਾਹੀਦਾ ਹੈ ਜੋ ਹਵਾ, ਡੈਮਾਂ ਅਤੇ ਦਰਿਆਵਾਂ ਵਿਚ ਪਾਈ ਜਾਂਦੀ ਹੈ, ਜੋ ਲੱਕੜ, ਕੋਲਿਆਂ ਅਤੇ ਤੇਲ ਵਰਗੇ ਕੁਦਰਤੀ ਬਾਲਣਾਂ ਵਿਚ ਪਾਈ ਜਾਂਦੀ ਹੈ; ਇਹ ਸਾਰੀ ਸ਼ਕਤੀ 10.5 ਕਰੋੜ ਕਿਲੋਮੀਟਰ ਦੂਰ ਸੂਰਜ ਤੋਂ ਮਿਲਦੀ ਹੈ।”
ਬੱਦਲਾਂ ਨੂੰ ਬੁੱਧੀ ਕਿਸ ਨੇ ਦਿੱਤੀ?
ਯਹੋਵਾਹ ਨੇ ਅੱਯੂਬ ਨੂੰ ਬੱਦਲਾਂ ਬਾਰੇ ਸੋਚਣ ਲਈ ਕਿਹਾ। (ਅੱਯੂਬ 38:34-38) ਇਨਸਾਨ ਕਿਸੇ ਵੀ ਬੱਦਲ ਨੂੰ ਹੁਕਮ ਨਹੀਂ ਦੇ ਸਕਦਾ ਕਿ ਉਹ ਆਕਾਸ਼ ਤੋਂ ਆਪਣਾ ਪਾਣੀ ਵਰਸਾਵੇ। ਪਰ ਇਨਸਾਨ ਪਾਣੀ ਦੇ ਚੱਕਰ ਉੱਤੇ ਪੂਰੀ ਤਰ੍ਹਾਂ ਨਿਰਭਰ ਹਨ ਜੋ ਯਹੋਵਾਹ ਨੇ ਸਥਾਪਿਤ ਕੀਤਾ ਹੈ!
ਪਾਣੀ ਦਾ ਚੱਕਰ ਕੀ ਹੈ? ਇਕ ਵਿਸ਼ਵ-ਕੋਸ਼ ਕਹਿੰਦਾ ਹੈ: “ਪਾਣੀ ਚਾਰ ਚੱਕਰਾਂ ਵਿੱਚੋਂ ਦੀ ਲੰਘਦਾ ਹੈ: ਪਹਿਲਾਂ ਇਹ ਇਕੱਠਾ ਹੁੰਦਾ ਹੈ, ਫਿਰ ਭਾਫ਼ ਬਣਦੀ ਹੈ, ਭਾਫ਼ ਤੋਂ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਬਣਦੀਆਂ ਹਨ ਅਤੇ ਫਿਰ ਇਹ ਪਾਣੀ ਧਰਤੀ ਉੱਤੇ ਮੀਂਹ ਦੇ ਰੂਪ ਵਿਚ ਡਿੱਗਦਾ ਹੈ। ਪਾਣੀ ਆਮ ਤੌਰ ਤੇ ਜ਼ਮੀਨ ਥੱਲੇ, ਸਮੁੰਦਰਾਂ, ਝੀਲਾਂ, ਦਰਿਆਵਾਂ, ਬਰਫ਼ੀਲੇ ਪਹਾੜਾਂ ਅਤੇ ਹਿਮ-ਨਦੀਆਂ ਵਿਚ ਇਕੱਠਾ ਹੁੰਦਾ ਹੈ। ਇਹ ਪਾਣੀ ਭਾਫ਼ ਬਣ ਕੇ ਆਕਾਸ਼ ਵਿਚ ਬੱਦਲਾਂ ਵਿਚ ਬਦਲ ਜਾਂਦਾ ਹੈ ਤੇ ਫਿਰ ਧਰਤੀ ਉੱਤੇ ਮੀਂਹ ਜਾਂ ਬਰਫ਼ ਦੇ ਰੂਪ ਵਿਚ ਵਰਦਾ ਹੈ। ਅਖ਼ੀਰ ਵਿਚ ਇਹ ਸਮੁੰਦਰਾਂ ਵਿਚ ਚਲਾ ਜਾਂਦਾ ਹੈ ਜਾਂ ਵਾਪਸ ਵਾਯੂਮੰਡਲ ਵਿਚ ਚਲਾ ਜਾਂਦਾ ਹੈ। ਧਰਤੀ ਦਾ ਤਕਰੀਬਨ ਸਾਰਾ ਪਾਣੀ ਇਸ ਚੱਕਰ ਵਿੱਚੋਂ ਅਣਗਿਣਤ ਵਾਰੀ ਲੰਘ ਚੁੱਕਾ ਹੈ।”—ਮਾਈਕ੍ਰੋਸੋਫਟ ਐਂਕਾਰਟਾ ਰੈਫਰੈਂਸ ਲਾਇਬ੍ਰੇਰੀ 2005.
ਆਕਾਸ਼ ਵਿਚ ਪਾਣੀ ਨਾਲ ਲੱਦੇ ਬੱਦਲ ਪਾਣੀ ਦੇ ਮਟਕਿਆਂ ਵਾਂਗ ਹਨ। ਜਦੋਂ ਯਹੋਵਾਹ ਉਨ੍ਹਾਂ ਵਿੱਚੋਂ ਪਾਣੀ ਡੋਲਦਾ ਹੈ, ਤਾਂ ਇੰਨਾ ਮੀਂਹ ਪੈ ਸਕਦਾ ਹੈ ਕਿ ਮਿੱਟੀ ਪਾਣੀ ਵਿਚ ਘੁੱਲ ਕੇ ਚਿੱਕੜ ਬਣ ਜਾਂਦੀ। ਮੀਂਹ ਪੈਣਾ ਜਾਂ ਨਾ ਪੈਣਾ ਪਰਮੇਸ਼ੁਰ ਦੇ ਹੱਥ ਵਿਚ ਹੈ।—ਯਾਕੂਬ 5:17, 18.
ਮੀਂਹ ਦੇ ਨਾਲ-ਨਾਲ ਅਕਸਰ ਬਿਜਲੀ ਵੀ ਲਿਸ਼ਕਦੀ ਹੁੰਦੀ ਹੈ, ਪਰ ਇਨਸਾਨ ਬਿਜਲੀ ਨੂੰ ਹੁਕਮ ਨਹੀਂ ਦੇ ਸਕਦਾ। ਅੱਯੂਬ ਦੀ ਪੋਥੀ ਵਿਚ ਬਿਜਲੀ ਦੀਆਂ ਲਿਸ਼ਕਾਂ ਇਵੇਂ ਦਰਸਾਈਆਂ ਗਈਆਂ ਹਨ ਜਿਵੇਂ ਕਿ ਉਹ ਪਰਮੇਸ਼ੁਰ ਨੂੰ ਕਹਿੰਦੀਆਂ ਹੋਣ: “ਅਸੀਂ ਹਾਜ਼ਿਰ ਹਾਂ।” ਇਕ ਵਿਸ਼ਵ-ਕੋਸ਼ ਦੱਸਦਾ ਹੈ: “ਬਿਜਲੀ ਦੇ ਲਿਸ਼ਕਣ ਨਾਲ ਸਾਡੇ ਵਾਯੂਮੰਡਲ ਵਿਚ ਕਾਫ਼ੀ ਰਸਾਇਣਕ ਤਬਦੀਲੀਆਂ ਆਉਂਦੀਆਂ ਹਨ। ਬਿਜਲੀ ਦੀ ਲਿਸ਼ਕ ਨਾਲ ਹਵਾ ਵਿਚ ਗਰਮੀ ਪੈਦਾ ਹੁੰਦੀ ਹੈ ਜਿਸ ਕਰਕੇ ਨਾਈਟ੍ਰੋਜਨ ਅਤੇ ਆਕਸੀਜਨ ਮਿਲ ਕੇ ਨਾਈਟ੍ਰੇਟਜ਼ ਅਤੇ ਹੋਰ ਮਿਸ਼੍ਰਣ ਬਣਦੇ ਹਨ। ਇਹ ਮਿਸ਼੍ਰਣ ਮੀਂਹ ਨਾਲ ਮਿਲ ਕੇ ਧਰਤੀ ਉੱਤੇ ਆ ਡਿੱਗਦੇ ਹਨ। ਇਸ ਤਰ੍ਹਾਂ, ਵਾਯੂਮੰਡਲ ਰਾਹੀਂ ਜ਼ਮੀਨ ਨੂੰ ਲਗਾਤਾਰ ਪੌਸ਼ਟਿਕ ਪਦਾਰਥ ਮਿਲਦੇ ਰਹਿੰਦੇ ਹਨ ਜੋ ਪੌਦਿਆਂ ਲਈ ਜ਼ਰੂਰੀ ਹਨ।” (ਕਾਪਟਨਜ਼ ਐਨਸਾਈਕਲੋਪੀਡੀਆ) ਕੋਈ ਵੀ ਇਨਸਾਨ ਬਿਜਲੀ ਦਾ ਪੂਰਾ ਭੇਦ ਨਹੀਂ ਪਾ ਸਕਦਾ, ਪਰ ਪਰਮੇਸ਼ੁਰ ਇਸ ਨੂੰ ਪੂਰੀ ਤਰ੍ਹਾਂ ਜਾਣਦਾ ਹੈ।
ਸ੍ਰਿਸ਼ਟੀ ਦੇ ਚਮਤਕਾਰ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ
ਸ੍ਰਿਸ਼ਟੀ ਦੇ ਅਜੂਬੇ ਸੱਚ-ਮੁੱਚ ਸਾਡੇ ਸ੍ਰਿਸ਼ਟੀਕਰਤਾ ਦੀ ਵਡਿਆਈ ਕਰਦੇ ਹਨ। (ਪਰਕਾਸ਼ ਦੀ ਪੋਥੀ 4:11) ਯਹੋਵਾਹ ਤੋਂ ਜ਼ਮੀਨ-ਆਸਮਾਨ ਬਾਰੇ ਇੰਨੀਆਂ ਸਾਰੀਆਂ ਗੱਲਾਂ ਜਾਣ ਕੇ ਅੱਯੂਬ ਕਿੰਨਾ ਹੈਰਾਨ ਹੋਇਆ ਹੋਣਾ!
ਅੱਯੂਬ ਨੂੰ ਦੱਸੀਆਂ ਇਨ੍ਹਾਂ ਗੱਲਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਪਰ ਇਨ੍ਹਾਂ ਅਜੂਬਿਆਂ ਤੋਂ ਇਲਾਵਾ ਸ੍ਰਿਸ਼ਟੀ ਵਿਚ ਹੋਰ ਵੀ ਬਹੁਤ ਸਾਰੇ ਅਜੂਬੇ ਹਨ। ਯਹੋਵਾਹ ਦੀ ਸ੍ਰਿਸ਼ਟੀ ਬਾਰੇ ਜਾਣ ਕੇ ਸਾਡਾ ਦਿਲ ਇਹੀ ਕਹਿੰਦਾ ਹੈ: “ਹਾਂ, ਪਰਮੇਸ਼ੁਰ ਮਹਾਨ ਹੈ। ਪਰ ਅਸੀਂ ਉਸ ਦੀ ਮਹਾਨਤਾ ਨੂੰ ਨਹੀਂ ਸਮਝ ਸਕਦੇ।”—ਅੱਯੂਬ 36:26, ਈਜ਼ੀ ਟੂ ਰੀਡ ਵਰਯਨ।
[ਸਫ਼ੇ 14 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Snowflake: snowcrystals.net
[ਸਫ਼ੇ 15 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
Pleiades: NASA, ESA and AURA/Caltech; fish: U.S. Fish & Wildlife Service, Washington, D.C./William W. Hartley