ਮਸੀਹ ਤੋਂ ਪਹਿਲਾਂ ਬਿਵਸਥਾ
“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ।”—ਜ਼ਬੂਰ 119:97.
1. ਆਕਾਸ਼ੀ ਪਿੰਡਾਂ ਦੀ ਗਤੀ ਨੂੰ ਕਿਹੜੀ ਚੀਜ਼ ਨਿਯੰਤ੍ਰਿਤ ਕਰਦੀ ਹੈ?
ਬਚਪਨ ਤੋਂ ਹੀ, ਅੱਯੂਬ ਨੇ ਸੰਭਵ ਤੌਰ ਤੇ ਅਚੰਭੇ ਵਿਚ ਉੱਪਰ ਤਾਰਿਆਂ ਵੱਲ ਤੱਕਿਆ। ਸੰਭਵ ਹੈ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਵਿਸ਼ਾਲ ਤਾਰਾ-ਸਮੂਹਾਂ ਦੇ ਨਾਂ ਅਤੇ ਜਿੰਨਾ-ਕੁ ਉਹ ਆਸਮਾਨ ਵਿਚ ਉਨ੍ਹਾਂ ਤਾਰਾ-ਸਮੂਹਾਂ ਦੀ ਗਤੀ ਨੂੰ ਨਿਯੰਤ੍ਰਿਤ ਕਰਨ ਵਾਲੇ ਨਿਯਮਾਂ ਦੇ ਬਾਰੇ ਜਾਣਦੇ ਸਨ, ਸਿਖਾਇਆ ਸੀ। ਆਖ਼ਰਕਾਰ, ਪ੍ਰਾਚੀਨ ਸਮਿਆਂ ਵਿਚ ਲੋਕੀ ਇਨ੍ਹਾਂ ਵਿਸ਼ਾਲ, ਸ਼ਾਨਦਾਰ ਤਾਰਾ-ਸਮੂਹਾਂ ਦੀ ਨਿਯਮਿਤ ਗਤੀ ਨੂੰ ਬਦਲਦੇ ਮੌਸਮਾਂ ਨੂੰ ਚਿੰਨ੍ਹਿਤ ਕਰਨ ਲਈ ਇਸਤੇਮਾਲ ਕਰਦੇ ਸਨ। ਲੇਕਨ ਜਿੰਨੀ ਵਾਰੀ ਵੀ ਉਸ ਨੇ ਅਚੰਭੇ ਵਿਚ ਉਨ੍ਹਾਂ ਵੱਲ ਤੱਕਿਆ, ਅੱਯੂਬ ਨੂੰ ਪਤਾ ਨਹੀਂ ਸੀ ਕਿ ਕਿਹੜੀਆਂ ਮਹਾਨ ਸ਼ਕਤੀਆਂ ਇਨ੍ਹਾਂ ਤਾਰਾ-ਸਮੂਹਾਂ ਨੂੰ ਇਕੱਠੀਆਂ ਰੱਖਦੀਆਂ ਹਨ। ਇਸ ਲਈ, ਉਹ ਬਿਲਕੁਲ ਹੀ ਜਵਾਬ ਨਾ ਦੇ ਸਕਿਆ ਜਦੋਂ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਪੁੱਛਿਆ: “ਕੀ ਤੂੰ ਆਕਾਸ਼ੀ ਨਿਯਮਾਂ ਨੂੰ ਸਮਝਿਆ ਹੈਂ?” (ਅੱਯੂਬ 38:31-33, ਦ ਨਿਊ ਜਰੂਸਲਮ ਬਾਈਬਲ) ਜੀ ਹਾਂ, ਤਾਰੇ ਨਿਯਮਾਂ ਦੁਆਰਾ ਨਿਯੰਤ੍ਰਿਤ ਹਨ—ਅਜਿਹੇ ਨਿਯਮ ਜੋ ਇੰਨੇ ਸੁਨਿਸ਼ਚਿਤ ਅਤੇ ਜਟਿਲ ਹਨ ਕਿ ਅੱਜ ਦੇ ਵਿਗਿਆਨੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸਮਝਦੇ ਨਹੀਂ ਹਨ।
2. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਸਾਰੀ ਸ੍ਰਿਸ਼ਟੀ ਨਿਯਮ ਦੁਆਰਾ ਨਿਯੰਤ੍ਰਿਤ ਹੈ?
2 ਯਹੋਵਾਹ ਵਿਸ਼ਵ-ਮੰਡਲ ਵਿਚ ਉੱਚਤਮ ਵਿਧੀਕਾਰ ਹੈ। ਉਸ ਦੇ ਸਾਰੇ ਕਾਰਜ ਨਿਯਮ ਦੁਆਰਾ ਨਿਯੰਤ੍ਰਿਤ ਹਨ। ਭੌਤਿਕ ਵਿਸ਼ਵ-ਮੰਡਲ ਦੇ ਹੋਂਦ ਵਿਚ ਆਉਣ ਤੋਂ ਅਗਾਹਾਂ, ਉਸ ਦਾ ਪਿਆਰਾ ਪੁੱਤਰ, “ਸਾਰੀ ਸਰਿਸ਼ਟ ਵਿੱਚੋਂ ਜੇਠਾ,” ਵਫ਼ਾਦਾਰੀ ਨਾਲ ਆਪਣੇ ਪਿਤਾ ਦੇ ਨਿਯਮ ਦੀ ਪਾਲਣਾ ਕਰ ਰਿਹਾ ਸੀ! (ਕੁਲੁੱਸੀਆਂ 1:15) ਦੂਤ ਵੀ ਨਿਯਮ ਦੁਆਰਾ ਨਿਰਦੇਸ਼ਿਤ ਹੁੰਦੇ ਹਨ। (ਜ਼ਬੂਰ 103:20) ਇੱਥੋਂ ਤਕ ਕਿ ਪਸ਼ੂ ਵੀ ਨਿਯਮ ਦੁਆਰਾ ਨਿਯੰਤ੍ਰਿਤ ਹਨ ਜਿਉਂ-ਜਿਉਂ ਉਹ ਆਪਣੇ ਸ੍ਰਿਸ਼ਟੀਕਰਤਾ ਦੁਆਰਾ ਉਨ੍ਹਾਂ ਦੇ ਵਿਚ ਪ੍ਰੋਗ੍ਰਾਮ ਕੀਤੇ ਗਏ ਅੰਤਰਪ੍ਰੇਰਿਤ ਆਦੇਸ਼ਾਂ ਦੀ ਪਾਲਣਾ ਕਰਦੇ ਹਨ।—ਕਹਾਉਤਾਂ 30:24-28; ਯਿਰਮਿਯਾਹ 8:7.
3. (ੳ) ਮਨੁੱਖਜਾਤੀ ਨੂੰ ਨਿਯਮਾਂ ਦੀ ਕਿਉਂ ਲੋੜ ਹੈ? (ਅ) ਯਹੋਵਾਹ ਨੇ ਇਸਰਾਏਲ ਦੀ ਕੌਮ ਨੂੰ ਕਿਸ ਚੀਜ਼ ਦੁਆਰਾ ਨਿਯੰਤ੍ਰਿਤ ਕੀਤਾ?
3 ਮਨੁੱਖਜਾਤੀ ਬਾਰੇ ਕੀ? ਹਾਲਾਂਕਿ ਅਸੀਂ ਬੁੱਧੀ, ਨੈਤਿਕਤਾ, ਅਤੇ ਅਧਿਆਤਮਿਕਤਾ ਵਰਗੀਆਂ ਦੇਣਾਂ ਨਾਲ ਵਰੋਸਾਏ ਗਏ ਹਾਂ, ਸਾਨੂੰ ਫਿਰ ਵੀ ਇਨ੍ਹਾਂ ਯੋਗਤਾਵਾਂ ਨੂੰ ਵਰਤਣ ਵਿਚ ਕੁਝ ਹੱਦ ਤਕ ਈਸ਼ਵਰੀ ਨਿਯਮ ਦੀ ਅਗਵਾਈ ਦੀ ਲੋੜ ਹੈ। ਸਾਡੇ ਪ੍ਰਥਮ ਮਾਂ-ਪਿਉ, ਆਦਮ ਤੇ ਹੱਵਾਹ, ਸੰਪੂਰਣ ਸਨ, ਇਸ ਲਈ ਉਨ੍ਹਾਂ ਦੇ ਮਾਰਗ-ਦਰਸ਼ਨ ਲਈ ਕੇਵਲ ਕੁਝ ਹੀ ਨਿਯਮਾਂ ਦੀ ਲੋੜ ਸੀ। ਆਪਣੇ ਸਵਰਗੀ ਪਿਤਾ ਦੇ ਲਈ ਪ੍ਰੇਮ ਦੇ ਕਾਰਨ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਸੀ। ਪਰੰਤੂ ਉਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ। (ਉਤਪਤ 1:26-28; 2:15-17; 3:6-19) ਸਿੱਟੇ ਵਜੋਂ, ਉਨ੍ਹਾਂ ਦੀ ਸੰਤਾਨ ਪਾਪੀ ਪ੍ਰਾਣੀ ਸਨ ਜਿਨ੍ਹਾਂ ਨੂੰ ਨਿਰਦੇਸ਼ਨ ਪ੍ਰਦਾਨ ਕਰਨ ਲਈ ਹੋਰ ਅਨੇਕ ਨਿਯਮਾਂ ਦੀ ਲੋੜ ਸੀ। ਸਮੇਂ ਦੇ ਬੀਤਣ ਨਾਲ, ਯਹੋਵਾਹ ਨੇ ਪ੍ਰੇਮਮਈ ਤਰੀਕੇ ਨਾਲ ਇਸ ਲੋੜ ਨੂੰ ਪੂਰਾ ਕੀਤਾ। ਉਸ ਨੇ ਨੂਹ ਨੂੰ ਵਿਸ਼ਿਸ਼ਟ ਨਿਯਮ ਦਿੱਤੇ ਜੋ ਉਸ ਨੇ ਆਪਣੇ ਪਰਿਵਾਰ ਨੂੰ ਦੇਣੇ ਸਨ। (ਉਤਪਤ 9:1-7) ਸਦੀਆਂ ਮਗਰੋਂ, ਮੂਸਾ ਰਾਹੀਂ, ਪਰਮੇਸ਼ੁਰ ਨੇ ਇਸਰਾਏਲ ਦੀ ਨਵੀਂ ਕੌਮ ਨੂੰ ਇਕ ਵਿਸਤ੍ਰਿਤ, ਲਿਖਤੀ ਬਿਵਸਥਾ ਨਿਯਮਾਵਲੀ ਦਿੱਤੀ। ਇਹ ਪਹਿਲੀ ਵਾਰ ਸੀ ਕਿ ਯਹੋਵਾਹ ਨੇ ਇਕ ਸਮੁੱਚੀ ਕੌਮ ਨੂੰ ਈਸ਼ਵਰੀ ਨਿਯਮ ਦੁਆਰਾ ਨਿਯੰਤ੍ਰਿਤ ਕੀਤਾ। ਉਸ ਬਿਵਸਥਾ ਦੀ ਜਾਂਚ ਕਰਨਾ ਸਾਨੂੰ ਇਹ ਸਮਝਣ ਵਿਚ ਮਦਦ ਕਰੇਗਾ ਕਿ ਈਸ਼ਵਰੀ ਨਿਯਮ ਅੱਜ ਮਸੀਹੀਆਂ ਦੇ ਜੀਵਨਾਂ ਵਿਚ ਕੀ ਅਤਿ-ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।
ਮੂਸਾ ਦੀ ਬਿਵਸਥਾ—ਇਸ ਦਾ ਮਕਸਦ
4. ਅਬਰਾਹਾਮ ਦੀ ਚੁਣੀ ਹੋਈ ਔਲਾਦ ਦੇ ਲਈ ਵਾਅਦਾ ਕੀਤੀ ਹੋਈ ਅੰਸ ਨੂੰ ਉਤਪੰਨ ਕਰਨਾ ਕਿਉਂ ਇਕ ਚੁਣੌਤੀ ਹੁੰਦੀ?
4 ਰਸੂਲ ਪੌਲੁਸ, ਜੋ ਬਿਵਸਥਾ ਦਾ ਇਕ ਗੰਭੀਰ ਵਿਦਿਆਰਥੀ ਸੀ, ਨੇ ਪੁੱਛਿਆ: “ਤਾਂ ਫਿਰ, ਬਿਵਸਥਾ ਕਿਉਂ ਹੈ?” (ਗਲਾਤੀਆਂ 3:19, ਨਿ ਵ) ਜਵਾਬ ਲਈ, ਸਾਨੂੰ ਚੇਤੇ ਕਰਨ ਦੀ ਲੋੜ ਹੈ ਕਿ ਯਹੋਵਾਹ ਨੇ ਆਪਣੇ ਮਿੱਤਰ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਕੁਲ ਵਿੱਚੋਂ ਇਕ ਅੰਸ ਉਤਪੰਨ ਹੋਵੇਗੀ ਜੋ ਸਾਰੀਆਂ ਕੌਮਾਂ ਲਈ ਵੱਡੀਆਂ ਬਰਕਤਾਂ ਲਿਆਵੇਗੀ। (ਉਤਪਤ 22:18) ਲੇਕਨ ਇੱਥੇ ਇਕ ਚੁਣੌਤੀ ਪੇਸ਼ ਸੀ: ਅਬਰਾਹਾਮ ਦੀ ਚੁਣੀ ਹੋਈ ਔਲਾਦ, ਅਰਥਾਤ ਇਸਰਾਏਲੀਆਂ ਵਿੱਚੋਂ ਸਾਰੇ ਵਿਅਕਤੀ ਯਹੋਵਾਹ ਨੂੰ ਪ੍ਰੇਮ ਕਰਨ ਵਾਲੇ ਨਹੀਂ ਸਨ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਅਧਿਕਤਰ ਲੋਕ ਹੱਠੀ ਤੇ ਆਕੀ ਸਾਬਤ ਹੋਏ—ਕੁਝ ਤਾਂ ਲਗਭਗ ਬੇਕਾਬੂ ਹੀ ਸਨ! (ਕੂਚ 32:9; ਬਿਵਸਥਾ ਸਾਰ 9:7) ਅਜਿਹਿਆਂ ਦੇ ਲਈ, ਪਰਮੇਸ਼ੁਰ ਦੇ ਲੋਕਾਂ ਵਿਚ ਹੋਣਾ ਕੇਵਲ ਜਨਮ ਦੇ ਕਾਰਨ ਹੀ ਸੀ, ਨਾ ਕਿ ਆਪਣੀ ਚੋਣ ਦੇ ਕਾਰਨ।
5. (ੳ) ਯਹੋਵਾਹ ਨੇ ਮੂਸਾ ਦੀ ਬਿਵਸਥਾ ਦੇ ਜ਼ਰੀਏ ਇਸਰਾਏਲੀਆਂ ਨੂੰ ਕੀ ਸਿਖਾਇਆ? (ਅ) ਬਿਵਸਥਾ ਕਿਵੇਂ ਆਪਣੇ ਪੈਰੋਕਾਰਾਂ ਦੇ ਆਚਰਣ ਨੂੰ ਪ੍ਰਭਾਵਿਤ ਕਰਨ ਲਈ ਬਣਾਈ ਗਈ ਸੀ?
5 ਅਜਿਹੇ ਲੋਕਾਂ ਲਈ ਵਾਅਦਾ ਕੀਤੀ ਹੋਈ ਅੰਸ ਨੂੰ ਉਤਪੰਨ ਕਰਨਾ ਅਤੇ ਉਸ ਤੋਂ ਲਾਭ ਪ੍ਰਾਪਤ ਕਰਨਾ ਕਿਵੇਂ ਸੰਭਵ ਸੀ? ਉਨ੍ਹਾਂ ਨੂੰ ਰੋਬੋਟ ਵਾਂਗ ਕੰਟ੍ਰੋਲ ਕਰਨ ਦੀ ਬਜਾਇ, ਯਹੋਵਾਹ ਨੇ ਉਨ੍ਹਾਂ ਨੂੰ ਬਿਵਸਥਾ ਦੇ ਦੁਆਰਾ ਸਿਖਾਇਆ। (ਜ਼ਬੂਰ 119:33-35; ਯਸਾਯਾਹ 48:17) ਅਸਲ ਵਿਚ, “ਬਿਵਸਥਾ” ਲਈ ਇਬਰਾਨੀ ਸ਼ਬਦ, ਤੋਹਰਾਹ, ਦਾ ਭਾਵ “ਹਿਦਾਇਤ” ਹੈ। ਇਸ ਨੇ ਕੀ ਸਿਖਾਇਆ? ਮੁੱਖ ਤੌਰ ਤੇ ਇਸ ਨੇ ਇਸਰਾਏਲੀਆਂ ਨੂੰ ਸਿਖਾਇਆ ਕਿ ਉਨ੍ਹਾਂ ਨੂੰ ਮਸੀਹਾ ਦੀ ਲੋੜ ਹੈ, ਜੋ ਉਨ੍ਹਾਂ ਨੂੰ ਉਨ੍ਹਾਂ ਦੀ ਪਾਪਮਈ ਸਥਿਤੀ ਤੋਂ ਮੁਕਤ ਕਰਦਾ। (ਗਲਾਤੀਆਂ 3:24) ਬਿਵਸਥਾ ਨੇ ਈਸ਼ਵਰੀ ਭੈ ਅਤੇ ਆਗਿਆਕਾਰਤਾ ਵੀ ਸਿਖਾਈ। ਅਬਰਾਹਾਮ ਸੰਬੰਧੀ ਵਾਅਦੇ ਦੀ ਇਕਸਾਰਤਾ ਵਿਚ, ਇਸਰਾਏਲੀਆਂ ਨੇ ਦੂਜੀਆਂ ਸਾਰੀਆਂ ਕੌਮਾਂ ਦੇ ਪ੍ਰਤੀ ਯਹੋਵਾਹ ਦੇ ਗਵਾਹਾਂ ਵਜੋਂ ਕੰਮ ਕਰਨਾ ਸੀ। ਇਸ ਲਈ ਬਿਵਸਥਾ ਨੇ ਉਨ੍ਹਾਂ ਨੂੰ ਇਕ ਬੁਲੰਦ ਅਤੇ ਉੱਤਮ ਆਚਰਣ ਨਿਯਮਾਵਲੀ ਸਿਖਾਉਣੀ ਸੀ ਜੋ ਯਹੋਵਾਹ ਬਾਰੇ ਚੰਗਾ ਪ੍ਰਭਾਵ ਛੱਡਦੀ; ਇਹ ਇਸਰਾਏਲ ਨੂੰ ਆਲੇ-ਦੁਆਲੇ ਦੀਆਂ ਕੌਮਾਂ ਦੇ ਭ੍ਰਿਸ਼ਟ ਅਭਿਆਸਾਂ ਤੋਂ ਪਰੇ ਰਹਿਣ ਲਈ ਮਦਦ ਕਰਦੀ।—ਲੇਵੀਆਂ 18:24, 25; ਯਸਾਯਾਹ 43:10-12.
6. (ੳ) ਮੂਸਾ ਦੀ ਬਿਵਸਥਾ ਵਿਚ ਲਗਭਗ ਕਿੰਨੇ ਅਧਿਨਿਯਮ ਹਨ, ਅਤੇ ਇਹ ਕਿਉਂ ਅਤਿਅਧਿਕ ਨਹੀਂ ਸਮਝੇ ਜਾਣੇ ਚਾਹੀਦੇ ਹਨ? (ਫੁਟਨੋਟ ਦੇਖੋ।) (ਅ) ਮੂਸਾ ਦੀ ਬਿਵਸਥਾ ਦੇ ਅਧਿਐਨ ਦੁਆਰਾ ਅਸੀਂ ਕਿਹੜੀ ਅੰਤਰਦ੍ਰਿਸ਼ਟੀ ਹਾਸਲ ਕਰ ਸਕਦੇ ਹਾਂ?
6 ਤਾਂ ਫਿਰ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮੂਸਾ ਦੀ ਬਿਵਸਥਾ ਵਿਚ ਅਨੇਕ—600 ਤੋਂ ਵੱਧ—ਅਧਿਨਿਯਮ ਹਨ।a ਇਸ ਲਿਖਤੀ ਨਿਯਮਾਵਲੀ ਨੇ ਉਪਾਸਨਾ, ਸਰਕਾਰ, ਨੇਕ-ਚੱਲਣ, ਨਿਆਉਂ, ਇੱਥੋਂ ਤਕ ਕਿ ਖ਼ੁਰਾਕ ਅਤੇ ਸਫ਼ਾਈ ਦੇ ਖੇਤਰਾਂ ਨੂੰ ਵੀ ਨਿਯੰਤ੍ਰਿਤ ਕੀਤਾ। ਪਰੰਤੂ, ਕੀ ਇਸ ਦਾ ਇਹ ਅਰਥ ਹੈ ਕਿ ਬਿਵਸਥਾ ਕੇਵਲ ਤਰਸਹੀਣ ਵਿਨਿਯਮਾਂ ਅਤੇ ਰੁੱਖੇ ਆਦੇਸ਼ਾਂ ਦਾ ਹੀ ਇਕ ਸੰਗ੍ਰਹਿ ਸੀ? ਬਿਲਕੁਲ ਨਹੀਂ! ਇਸ ਨਿਯਮਾਵਲੀ ਦਾ ਅਧਿਐਨ ਯਹੋਵਾਹ ਦੇ ਪ੍ਰੇਮਪੂਰਣ ਵਿਅਕਤਿੱਤਵ ਵਿਚ ਭਰਪੂਰ ਅੰਤਰਦ੍ਰਿਸ਼ਟੀ ਪ੍ਰਦਾਨ ਕਰਦਾ ਹੈ। ਕੁਝ ਉਦਾਹਰਣਾਂ ਉੱਤੇ ਗੌਰ ਕਰੋ।
ਬਿਵਸਥਾ ਜਿਸ ਤੋਂ ਦਇਆ ਅਤੇ ਰਹਿਮ ਟਪਕਦੇ ਸਨ
7, 8. (ੳ) ਬਿਵਸਥਾ ਨੇ ਦਇਆ ਅਤੇ ਰਹਿਮ ਉੱਤੇ ਕਿਵੇਂ ਜ਼ੋਰ ਦਿੱਤਾ? (ਅ) ਦਾਊਦ ਦੇ ਮਾਮਲੇ ਵਿਚ ਯਹੋਵਾਹ ਨੇ ਬਿਵਸਥਾ ਨੂੰ ਕਿਵੇਂ ਦਇਆਪੂਰਵਕ ਲਾਗੂ ਕੀਤਾ?
7 ਬਿਵਸਥਾ ਨੇ ਦਇਆ ਅਤੇ ਰਹਿਮ ਉੱਤੇ ਜ਼ੋਰ ਦਿੱਤਾ, ਖ਼ਾਸ ਕਰਕੇ ਨਿਮਾਣਿਆਂ ਜਾਂ ਲਾਚਾਰਾਂ ਲਈ। ਵਿਧਵਾਵਾਂ ਅਤੇ ਅਨਾਥਾਂ ਨੂੰ ਸੁਰੱਖਿਆ ਦੇ ਲਈ ਖ਼ਾਸ ਕਰਕੇ ਚੁਣਿਆ ਗਿਆ। (ਕੂਚ 22:22-24) ਕੰਮ ਦੇ ਪਸ਼ੂਆਂ ਨੂੰ ਕਠੋਰਤਾ ਤੋਂ ਬਚਾਇਆ ਗਿਆ। ਬੁਨਿਆਦੀ ਸੰਪਤੀ ਹੱਕਾਂ ਦਾ ਆਦਰ ਕੀਤਾ ਗਿਆ। (ਬਿਵਸਥਾ ਸਾਰ 24:10; 25:4) ਹਾਲਾਂਕਿ ਬਿਵਸਥਾ ਨੇ ਕਤਲ ਦੇ ਬਦਲੇ ਮੌਤ ਦੰਡ ਦੀ ਮੰਗ ਕੀਤੀ, ਇਸ ਨੇ ਇਤਫ਼ਾਕੀਆ ਕਤਲ ਦੇ ਮਾਮਲਿਆਂ ਵਿਚ ਦਇਆ ਦਾ ਪ੍ਰਬੰਧ ਵੀ ਕੀਤਾ। (ਗਿਣਤੀ 35:11) ਸਪੱਸ਼ਟ ਤੌਰ ਤੇ, ਇਸਰਾਏਲੀ ਨਿਆਈਆਂ ਕੋਲ ਕੁਝ ਅਪਰਾਧਾਂ ਦੇ ਲਈ ਨਿਯਤ ਸਜ਼ਾ ਉੱਤੇ ਫ਼ੈਸਲਾ ਸੁਣਾਉਣ ਦੀ ਖੁੱਲ੍ਹ ਸੀ, ਇਸ ਉੱਤੇ ਨਿਰਭਰ ਕਰਦੇ ਹੋਏ ਕਿ ਅਪਰਾਧੀ ਦਾ ਵਤੀਰਾ ਕਿਸ ਤਰ੍ਹਾਂ ਦਾ ਸੀ।—ਤੁਲਨਾ ਕਰੋ ਕੂਚ 22:7 ਅਤੇ ਲੇਵੀਆਂ 6:1-7.
8 ਯਹੋਵਾਹ ਨੇ ਜਿੱਥੇ ਲਾਜ਼ਮੀ ਹੋਇਆ ਉੱਥੇ ਦ੍ਰਿੜ੍ਹਤਾ ਨਾਲ, ਪਰੰਤੂ ਜਿੱਥੇ ਕਿਤੇ ਸੰਭਵ ਹੋਇਆ ਦਇਆ ਨਾਲ ਬਿਵਸਥਾ ਨੂੰ ਲਾਗੂ ਕਰਨ ਦੁਆਰਾ ਨਿਆਈਆਂ ਦੇ ਲਈ ਮਿਸਾਲ ਕਾਇਮ ਕੀਤੀ। ਰਾਜਾ ਦਾਊਦ, ਜਿਸ ਨੇ ਜ਼ਨਾਹ ਤੇ ਕਤਲ ਕੀਤਾ ਸੀ, ਨੂੰ ਦਇਆ ਦਿਖਾਈ ਗਈ। ਇਸ ਦਾ ਇਹ ਅਰਥ ਨਹੀਂ ਕਿ ਉਸ ਨੇ ਸਜ਼ਾ ਨਹੀਂ ਭੁਗਤੀ, ਕਿਉਂਕਿ ਯਹੋਵਾਹ ਨੇ ਉਸ ਨੂੰ ਉਸ ਦੇ ਪਾਪ ਤੋਂ ਉਤਪੰਨ ਹੁੰਦੇ ਭਿਆਨਕ ਨਤੀਜਿਆਂ ਤੋਂ ਬਚਾਈ ਨਹੀਂ ਰੱਖਿਆ। ਫਿਰ ਵੀ, ਰਾਜ ਨੇਮ ਦੀ ਖ਼ਾਤਰ ਅਤੇ ਕਿਉਂਕਿ ਦਾਊਦ ਇਕ ਦਇਆਵਾਨ ਸੁਭਾਅ ਦਾ ਆਦਮੀ ਸੀ ਅਤੇ ਅਤਿ ਪਸ਼ਚਾਤਾਪੀ ਦਿਲ ਦਾ ਰਵੱਈਆ ਰੱਖਦਾ ਸੀ, ਉਸ ਨੂੰ ਜਾਨੋਂ ਨਹੀਂ ਮਾਰਿਆ ਗਿਆ।—1 ਸਮੂਏਲ 24:4-7; 2 ਸਮੂਏਲ 7:16; ਜ਼ਬੂਰ 51:1-4; ਯਾਕੂਬ 2:13.
9. ਮੂਸਾ ਦੀ ਬਿਵਸਥਾ ਵਿਚ ਪ੍ਰੇਮ ਨੇ ਕਿਹੜੀ ਭੂਮਿਕਾ ਅਦਾ ਕੀਤੀ?
9 ਇਸ ਦੇ ਅਤਿਰਿਕਤ, ਮੂਸਾ ਦੀ ਬਿਵਸਥਾ ਨੇ ਪ੍ਰੇਮ ਉੱਤੇ ਜ਼ੋਰ ਦਿੱਤਾ। ਕਲਪਨਾ ਕਰੋ ਕਿ ਅੱਜ ਦੀ ਕੋਈ ਇਕ ਕੌਮ ਦੀ ਅਜਿਹੀ ਨਿਯਮਾਵਲੀ ਹੁੰਦੀ ਜੋ ਅਸਲ ਵਿਚ ਪ੍ਰੇਮ ਦੀ ਮੰਗ ਕਰੇ! ਇਸ ਤਰ੍ਹਾਂ ਮੂਸਾ ਦੀ ਬਿਵਸਥਾ ਨੇ ਨਾ ਕੇਵਲ ਕਤਲ ਦੀ ਮਨਾਹੀ ਕੀਤੀ; ਇਸ ਨੇ ਹੁਕਮ ਦਿੱਤਾ: “ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ।” (ਲੇਵੀਆਂ 19:18) ਇਸ ਨੇ ਨਾ ਕੇਵਲ ਪਰਦੇਸੀਆਂ ਨਾਲ ਅਨੁਚਿਤ ਵਰਤਾਉ ਕਰਨ ਤੋਂ ਮਨ੍ਹਾ ਕੀਤਾ; ਇਸ ਨੇ ਹੁਕਮ ਦਿੱਤਾ: “ਤੂੰ ਉਸ ਦੇ ਨਾਲ ਆਪਣੇ ਜਿਹਾ ਪਿਆਰ ਕਰੀਂ ਕਿਉਂ ਜੋ ਤੁਸੀਂ ਮਿਸਰ ਦੇ ਦੇਸ ਵਿੱਚ ਓਪਰੇ ਸਾਓ।” (ਲੇਵੀਆਂ 19:34) ਇਸ ਨੇ ਨਾ ਕੇਵਲ ਜ਼ਨਾਹ ਨੂੰ ਨਾਜਾਇਜ਼ ਕਰਾਰ ਦਿੱਤਾ; ਇਸ ਨੇ ਪਤੀ ਨੂੰ ਆਪਣੀ ਪਤਨੀ ਨੂੰ ਖ਼ੁਸ਼ ਕਰਨ ਦਾ ਹੁਕਮ ਦਿੱਤਾ! (ਬਿਵਸਥਾ ਸਾਰ 24:5) ਕੇਵਲ ਬਿਵਸਥਾ ਸਾਰ ਦੀ ਪੋਥੀ ਵਿਚ ਹੀ, ਪ੍ਰੇਮ ਦੇ ਗੁਣ ਨੂੰ ਸੂਚਿਤ ਕਰਨ ਵਾਲੇ ਇਬਰਾਨੀ ਸ਼ਬਦ ਕੁਝ 20 ਵਾਰੀ ਵਰਤੇ ਗਏ ਹਨ। ਯਹੋਵਾਹ ਨੇ ਇਸਰਾਏਲੀਆਂ ਨੂੰ ਆਪਣੇ ਪ੍ਰੇਮ ਦਾ ਭਰੋਸਾ ਦਿਵਾਇਆ—ਅਤੀਤ ਵਿਚ, ਵਰਤਮਾਨ ਵਿਚ, ਅਤੇ ਭਵਿੱਖ ਵਿਚ। (ਬਿਵਸਥਾ ਸਾਰ 4:37; 7:12-14) ਸੱਚ-ਮੁੱਚ, ਮੂਸਾ ਦੀ ਬਿਵਸਥਾ ਦਾ ਸਭ ਤੋਂ ਵੱਡਾ ਹੁਕਮ ਸੀ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ।” (ਬਿਵਸਥਾ ਸਾਰ 6:5) ਯਿਸੂ ਨੇ ਕਿਹਾ ਕਿ ਪੂਰੀ ਬਿਵਸਥਾ ਇਸੇ ਹੁਕਮ ਉੱਤੇ, ਨਾਲ ਹੀ ਆਪਣੇ ਗੁਆਂਢੀ ਦੇ ਨਾਲ ਪ੍ਰੇਮ ਕਰਨ ਦੇ ਹੁਕਮ ਉੱਤੇ ਟਿਕੀ ਹੋਈ ਹੈ। (ਲੇਵੀਆਂ 19:18; ਮੱਤੀ 22:37-40) ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ।”—ਜ਼ਬੂਰ 119:97.
ਬਿਵਸਥਾ ਦੀ ਕੁਵਰਤੋਂ
10. ਯਹੂਦੀਆਂ ਨੇ ਆਮ ਤੌਰ ਤੇ ਮੂਸਾ ਦੀ ਬਿਵਸਥਾ ਦੇ ਪ੍ਰਤੀ ਕਿਹੜਾ ਵਤੀਰਾ ਰੱਖਿਆ?
10 ਤਾਂ ਫਿਰ, ਇਹ ਕਿੰਨੀ ਹੀ ਦੁਖਦਾਈ ਗੱਲ ਹੈ ਕਿ ਇਸਰਾਏਲ ਨੇ ਆਮ ਕਰਕੇ ਮੂਸਾ ਦੀ ਬਿਵਸਥਾ ਦੀ ਕੋਈ ਕਦਰ ਨਹੀਂ ਕੀਤੀ! ਲੋਕਾਂ ਨੇ ਬਿਵਸਥਾ ਦੀ ਉਲੰਘਣਾ ਕੀਤੀ, ਇਸ ਨੂੰ ਅਣਡਿੱਠ ਕੀਤਾ, ਜਾਂ ਇਸ ਬਾਰੇ ਭੁੱਲ ਗਏ। ਉਨ੍ਹਾਂ ਨੇ ਸ਼ੁੱਧ ਉਪਾਸਨਾ ਨੂੰ ਦੂਜੀਆਂ ਕੌਮਾਂ ਦੇ ਘਿਣਾਉਣੇ ਧਾਰਮਿਕ ਅਭਿਆਸਾਂ ਦੇ ਨਾਲ ਦੂਸ਼ਿਤ ਕਰ ਦਿੱਤਾ। (2 ਰਾਜਿਆਂ 17:16, 17; ਜ਼ਬੂਰ 106:13, 35-38) ਅਤੇ ਉਨ੍ਹਾਂ ਨੇ ਦੂਜੇ ਤਰੀਕਿਆਂ ਤੋਂ ਵੀ ਬਿਵਸਥਾ ਦੀ ਉਲੰਘਣਾ ਕੀਤੀ।
11, 12. (ੳ) ਅਜ਼ਰਾ ਦੇ ਦਿਨਾਂ ਮਗਰੋਂ ਧਾਰਮਿਕ ਆਗੂਆਂ ਦੇ ਸਮੂਹਾਂ ਨੇ ਕਿਸ ਤਰ੍ਹਾਂ ਨੁਕਸਾਨ ਪਹੁੰਚਾਇਆ? (ਡੱਬੀ ਦੇਖੋ) (ਅ) ਪ੍ਰਾਚੀਨ ਰੱਬੀਆਂ ਨੇ ‘ਬਿਵਸਥਾ ਦੇ ਦੁਆਲੇ ਇਕ ਵਾੜ ਬਣਾਉਣ’ ਦੀ ਲੋੜ ਕਿਉਂ ਮਹਿਸੂਸ ਕੀਤੀ?
11 ਬਿਵਸਥਾ ਨੂੰ ਕੁਝ ਸਭ ਤੋਂ ਵੱਡਾ ਨੁਕਸਾਨ ਉਨ੍ਹਾਂ ਹੀ ਵਿਅਕਤੀਆਂ ਵੱਲੋਂ ਕੀਤਾ ਗਿਆ ਸੀ ਜੋ ਉਸ ਨੂੰ ਸਿਖਾਉਣ ਅਤੇ ਸੁਰੱਖਿਅਤ ਰੱਖਣ ਦਾ ਦਾਅਵਾ ਕਰਦੇ ਸਨ। ਇਹ ਪੰਜਵੀਂ ਸਦੀ ਸਾ.ਯੁ.ਪੂ. ਦੇ ਵਫ਼ਾਦਾਰ ਕਾਤਬ ਅਜ਼ਰਾ ਦੇ ਦਿਨਾਂ ਮਗਰੋਂ ਹੋਇਆ। ਅਜ਼ਰਾ ਨੇ ਦੂਜੀਆਂ ਕੌਮਾਂ ਦੇ ਭ੍ਰਿਸ਼ਟ ਕਰਨ ਵਾਲੇ ਪ੍ਰਭਾਵਾਂ ਦੇ ਵਿਰੁੱਧ ਸਖ਼ਤ ਸੰਘਰਸ਼ ਕੀਤਾ ਅਤੇ ਬਿਵਸਥਾ ਨੂੰ ਪੜ੍ਹਨ ਅਤੇ ਸਿਖਾਉਣ ਉੱਤੇ ਜ਼ੋਰ ਦਿੱਤਾ। (ਅਜ਼ਰਾ 7:10; ਨਹਮਯਾਹ 8:5-8) ਬਿਵਸਥਾ ਦੇ ਕੁਝ ਸਿੱਖਿਅਕਾਂ ਨੇ ਅਜ਼ਰਾ ਦੇ ਪੈਰ-ਚਿੰਨ੍ਹਾਂ ਉੱਤੇ ਚੱਲਣ ਦਾ ਦਾਅਵਾ ਕੀਤਾ ਅਤੇ ਅਜਿਹਾ ਸਮੂਹ ਬਣਾਇਆ ਜੋ ਬਾਅਦ ਵਿਚ “ਮਹਾਂ ਯਹੂਦੀ ਸੰਗਤ” ਅਖਵਾਉਣ ਲੱਗਾ। ਇਸ ਦੀਆਂ ਉਕਤੀਆਂ ਵਿਚ ਇਹ ਨਿਰਦੇਸ਼ ਸ਼ਾਮਲ ਸੀ: “ਬਿਵਸਥਾ ਦੇ ਦੁਆਲੇ ਇਕ ਵਾੜ ਬਣਾਓ।” ਇਨ੍ਹਾਂ ਸਿੱਖਿਅਕਾਂ ਨੇ ਤਰਕ ਕੀਤਾ ਕਿ ਬਿਵਸਥਾ ਇਕ ਬਹੁਮੁੱਲੇ ਬਗ਼ੀਚੇ ਵਰਗੀ ਸੀ। ਤਾਂ ਜੋ ਕੋਈ ਵੀ ਇਸ ਦੇ ਨਿਯਮਾਂ ਦੀ ਉਲੰਘਣਾ ਕਰਨ ਦੁਆਰਾ ਇਸ ਬਗ਼ੀਚੇ ਵਿਚ ਬਿਨ ਅਧਿਕਾਰ ਪ੍ਰਵੇਸ਼ ਨਾ ਕਰੇ, ਉਨ੍ਹਾਂ ਨੇ ਅਤਿਰਿਕਤ ਨਿਯਮਾਂ, ਅਰਥਾਤ “ਮੌਖਿਕ ਬਿਵਸਥਾ,” ਦਾ ਨਿਰਮਾਣ ਕੀਤਾ, ਤਾਂਕਿ ਲੋਕਾਂ ਨੂੰ ਅਜਿਹੀ ਗ਼ਲਤੀ ਕਰਨ ਦੇ ਨਿਕਟ ਭਟਕਣ ਤੋਂ ਰੋਕਿਆ ਜਾ ਸਕੇ।
12 ਕੁਝ ਸ਼ਾਇਦ ਤਰਕ ਕਰਨ ਕਿ ਯਹੂਦੀ ਆਗੂਆਂ ਦਾ ਇੰਜ ਮਹਿਸੂਸ ਕਰਨਾ ਜਾਇਜ਼ ਸੀ। ਅਜ਼ਰਾ ਦੇ ਦਿਨਾਂ ਮਗਰੋਂ, ਯਹੂਦੀਆਂ ਉੱਤੇ ਵਿਦੇਸ਼ੀ ਤਾਕਤਾਂ, ਖ਼ਾਸ ਕਰਕੇ ਯੂਨਾਨ ਦਾ ਗ਼ਲਬਾ ਸੀ। ਯੂਨਾਨੀ ਫ਼ਲਸਫ਼ੇ ਅਤੇ ਸਭਿਆਚਾਰ ਦੇ ਪ੍ਰਭਾਵ ਦਾ ਟਾਕਰਾ ਕਰਨ ਦੇ ਲਈ, ਯਹੂਦੀਆਂ ਵਿੱਚੋਂ ਧਾਰਮਿਕ ਆਗੂਆਂ ਦੇ ਸਮੂਹ ਉਤਪੰਨ ਹੋਏ। (ਦੇਖੋ ਡੱਬੀ।) ਸਮੇਂ ਦੇ ਬੀਤਣ ਨਾਲ ਇਨ੍ਹਾਂ ਵਿੱਚੋਂ ਕੁਝ ਸਮੂਹ ਬਿਵਸਥਾ ਦੇ ਸਿੱਖਿਅਕਾਂ ਦੇ ਤੌਰ ਤੇ ਲੇਵੀਆਂ ਦੀ ਜਾਜਕਾਈ ਦੀ ਬਰਾਬਰੀ ਕਰਨ ਲੱਗੇ ਅਤੇ ਇੱਥੋਂ ਤਕ ਕਿ ਇਸ ਤੋਂ ਵੀ ਅੱਗੇ ਲੰਘ ਗਏ। (ਤੁਲਨਾ ਕਰੋ ਮਲਾਕੀ 2:7.) ਸੰਨ 200 ਸਾ.ਯੁ.ਪੂ. ਵਿਚ ਮੌਖਿਕ ਨਿਯਮ ਯਹੂਦੀ ਜੀਵਨ ਵਿਚ ਪ੍ਰਭਾਵ ਪਾਉਣ ਲੱਗ ਪਿਆ ਸੀ। ਪਹਿਲਾਂ-ਪਹਿਲ ਇਹ ਨਿਯਮ ਲਿਖੇ ਨਹੀਂ ਜਾਣੇ ਸਨ, ਕਿਤੇ ਇਉਂ ਨਾ ਹੋਵੇ ਕਿ ਇਨ੍ਹਾਂ ਨੂੰ ਲਿਖਤੀ ਬਿਵਸਥਾ ਦੇ ਬਰਾਬਰ ਸਮਝਿਆ ਜਾਵੇ। ਲੇਕਨ ਹੌਲੀ-ਹੌਲੀ, ਮਾਨਵ ਸੋਚਣੀ ਨੂੰ ਈਸ਼ਵਰੀ ਸੋਚਣੀ ਤੋਂ ਅਗਾਹਾਂ ਰੱਖਿਆ ਗਿਆ, ਅਤੇ ਆਖ਼ਰਕਾਰ ਇਸ “ਵਾੜ” ਨੇ ਅਸਲ ਵਿਚ ਉਸੇ “ਬਗ਼ੀਚੇ” ਨੂੰ ਨੁਕਸਾਨ ਪਹੁੰਚਾਇਆ ਜਿਸ ਦੀ ਇਸ ਨੇ ਰੱਖਿਆ ਕਰਨੀ ਸੀ।
ਫ਼ਰੀਸੀਵਾਦ ਦਾ ਪ੍ਰਦੂਸ਼ਣ
13. ਕੁਝ ਯਹੂਦੀ ਧਾਰਮਿਕ ਆਗੂਆਂ ਨੇ ਅਨੇਕ ਅਸੂਲ ਬਣਾਉਣ ਨੂੰ ਕਿਵੇਂ ਉਚਿਤ ਸਿੱਧ ਕੀਤਾ?
13 ਰੱਬੀਆਂ ਨੇ ਦਲੀਲ ਦਿੱਤੀ ਕਿ ਕਿਉਂ ਜੋ ਤੌਰਾਤ, ਜਾਂ ਮੂਸਾ ਦੀ ਬਿਵਸਥਾ ਸੰਪੂਰਣ ਸੀ, ਇਸ ਵਿਚ ਜ਼ਰੂਰ ਹਰ ਉੱਠਣ ਵਾਲੇ ਸਵਾਲ ਦਾ ਜਵਾਬ ਹੋਵੇਗਾ। ਇਹ ਧਾਰਣਾ ਅਸਲ ਵਿਚ ਸ਼ਰਧਾਮਈ ਨਹੀਂ ਸੀ। ਅਸਲੀਅਤ ਵਿਚ, ਇਸ ਨਾਲ ਰੱਬੀਆਂ ਨੂੰ ਚਤੁਰ ਮਾਨਵੀ ਤਰਕ ਇਸਤੇਮਾਲ ਕਰਨ ਦੀ ਖੁੱਲ੍ਹ ਮਿਲੀ, ਇੰਜ ਪ੍ਰਗਟਾਉਂਦੇ ਹੋਏ ਕਿ ਪਰਮੇਸ਼ੁਰ ਦਾ ਬਚਨ ਹੀ ਹਰ ਪ੍ਰਕਾਰ ਦੇ ਮਸਲੇ—ਕੁਝ ਨਿੱਜੀ, ਦੂਜੇ ਕੇਵਲ ਮਾਮੂਲੀ—ਉੱਤੇ ਬਣਾਏ ਗਏ ਨਿਯਮਾਂ ਦਾ ਆਧਾਰ ਸੀ।
14. (ੳ) ਯਹੂਦੀ ਧਾਰਮਿਕ ਆਗੂਆਂ ਨੇ ਕੌਮਾਂ ਤੋਂ ਵਖਰੇਵੇਂ ਦੀ ਸ਼ਾਸਤਰ ਸੰਬੰਧੀ ਸਿੱਖਿਆ ਨੂੰ ਕਿਵੇਂ ਇਕ ਸ਼ਾਸਤਰ-ਵਿਰੋਧੀ ਹੱਦ ਤਕ ਤਾਣ ਦਿੱਤਾ? (ਅ) ਕੀ ਦਿਖਾਉਂਦਾ ਹੈ ਕਿ ਰੱਬੀਆਂ ਦੇ ਨਿਯਮ ਯਹੂਦੀ ਲੋਕਾਂ ਨੂੰ ਗ਼ੈਰ-ਯਹੂਦੀ ਪ੍ਰਭਾਵਾਂ ਤੋਂ ਬਚਾਉਣ ਵਿਚ ਅਸਫ਼ਲ ਰਹੇ?
14 ਧਾਰਮਿਕ ਆਗੂਆਂ ਨੇ ਵਾਰ-ਵਾਰ ਸ਼ਾਸਤਰ ਸੰਬੰਧੀ ਸਿੱਖਿਆਵਾਂ ਨੂੰ ਲੈ ਕੇ ਉਨ੍ਹਾਂ ਨੂੰ ਅਤਿਅੰਤ ਹੱਦ ਤਕ ਤਾਣ ਦਿੱਤਾ। ਉਦਾਹਰਣ ਵਜੋਂ, ਮੂਸਾ ਦੀ ਬਿਵਸਥਾ ਨੇ ਕੌਮਾਂ ਤੋਂ ਵਖਰੇਵੇਂ ਨੂੰ ਉਤਸ਼ਾਹਿਤ ਕੀਤਾ, ਲੇਕਨ ਰੱਬੀਆਂ ਨੇ ਹਰ ਗ਼ੈਰ-ਯਹੂਦੀ ਚੀਜ਼ ਲਈ ਇਕ ਤਰ੍ਹਾਂ ਦੀ ਅਵਿਵੇਕੀ ਨਫ਼ਰਤ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਸਿਖਾਇਆ ਕਿ ਇਕ ਯਹੂਦੀ ਨੂੰ ਗ਼ੈਰ-ਯਹੂਦੀ ਸਰਾਂ ਵਿਖੇ ਆਪਣਾ ਬਲਦ ਨਹੀਂ ਛੱਡਣਾ ਚਾਹੀਦਾ ਹੈ, ਕਿਉਂਕਿ ਗ਼ੈਰ-ਯਹੂਦੀਆਂ “ਉੱਤੇ ਸ਼ੱਕ ਹੈ ਕਿ ਉਹ ਪਸ਼ੂ-ਗਮਨ ਕਰਦੇ ਹਨ।” ਇਕ ਯਹੂਦੀ ਔਰਤ ਨੂੰ ਇਕ ਗ਼ੈਰ-ਯਹੂਦੀ ਔਰਤ ਦੀ ਪ੍ਰਸੂਤ ਸਮੇਂ ਮਦਦ ਕਰਨ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਇਸ ਤਰ੍ਹਾਂ ਉਹ “ਮੂਰਤੀ-ਪੂਜਾ ਲਈ ਇਕ ਬੱਚੇ ਨੂੰ ਜਨਮ ਦੇਣ ਵਿਚ ਸਹਾਇਤਾ ਕਰ ਰਹੀ ਹੋਵੇਗੀ।” ਕਿਉਂ ਜੋ ਉਹ ਯੂਨਾਨੀ ਵਿਆਯਾਮਸ਼ਾਲਾ ਬਾਰੇ ਉਚਿਤ ਤੌਰ ਤੇ ਸ਼ੱਕੀ ਸਨ, ਰੱਬੀਆਂ ਨੇ ਸਾਰੀਆਂ ਐਥਲੇਟਿਕ ਕਸਰਤਾਂ ਉੱਤੇ ਹੀ ਪਾਬੰਦੀ ਲਾ ਦਿੱਤੀ। ਇਤਿਹਾਸ ਸਾਬਤ ਕਰਦਾ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਨੇ ਯਹੂਦੀਆਂ ਨੂੰ ਗ਼ੈਰ-ਯਹੂਦੀ ਵਿਸ਼ਵਾਸਾਂ ਤੋਂ ਨਹੀਂ ਬਚਾਈ ਰੱਖਿਆ। ਦਰਅਸਲ, ਫ਼ਰੀਸੀ ਖ਼ੁਦ ਪ੍ਰਾਣ ਦੀ ਅਮਰਤਾ ਦੇ ਗ਼ੈਰ-ਯਹੂਦੀ ਯੂਨਾਨੀ ਸਿਧਾਂਤ ਨੂੰ ਸਿਖਾਉਣ ਲੱਗ ਪਏ!—ਹਿਜ਼ਕੀਏਲ 18:4, ਨਿ ਵ.
15. ਯਹੂਦੀ ਧਾਰਮਿਕ ਆਗੂਆਂ ਨੇ ਸ਼ੁੱਧੀਕਰਣ ਅਤੇ ਗੋਤਰ-ਗਮਨ ਬਾਰੇ ਨਿਯਮਾਂ ਨੂੰ ਕਿਵੇਂ ਤੋੜਿਆ-ਮਰੋੜਿਆ?
15 ਫ਼ਰੀਸੀਆਂ ਨੇ ਸ਼ੁੱਧੀਕਰਣ ਦੇ ਨਿਯਮਾਂ ਨੂੰ ਵੀ ਤੋੜਿਆ-ਮਰੋੜਿਆ। ਕਹਾਵਤ ਪ੍ਰਸਿੱਧ ਸੀ ਕਿ ਫ਼ਰੀਸੀ ਤਾਂ ਮੌਕਾ ਮਿਲਣ ਤੇ ਖ਼ੁਦ ਸੂਰਜ ਨੂੰ ਵੀ ਸ਼ੁੱਧ ਕਰ ਦੇਣ। ਉਨ੍ਹਾਂ ਦੇ ਨਿਯਮ ਅਨੁਸਾਰ “ਹਾਜਤ ਲਈ ਜਾਣ” ਵਿਚ ਦੇਰੀ ਕਰਨੀ ਇਕ ਆਦਮੀ ਨੂੰ ਅਪਵਿੱਤਰ ਕਰ ਦਿੰਦੀ! ਹੱਥ-ਧੋਣਾ ਵੀ ਇਕ ਪੇਚੀਦਾ ਰਸਮ ਬਣ ਗਿਆ, ਜਿਸ ਵਿਚ ਅਸੂਲ ਸਨ ਕਿ ਕਿਹੜਾ ਹੱਥ ਪਹਿਲਾਂ ਧੋਣਾ ਚਾਹੀਦਾ ਸੀ ਅਤੇ ਕਿਵੇਂ। ਔਰਤਾਂ ਨੂੰ ਖ਼ਾਸ ਕਰਕੇ ਅਸ਼ੁੱਧ ਮੰਨਿਆ ਜਾਂਦਾ ਸੀ। ਕਿਸੇ ਸਾਕ-ਸੰਬੰਧੀ ਦੇ ‘ਕੋਲ ਨਾ ਜਾਣ’ ਦੇ ਸ਼ਾਸਤਰ ਸੰਬੰਧੀ ਆਦੇਸ਼ (ਅਸਲੀਅਤ ਵਿਚ ਗੋਤਰ-ਗਮਨ ਦੇ ਵਿਰੁੱਧ ਨਿਯਮ) ਦੇ ਆਧਾਰ ਤੇ, ਰੱਬੀਆਂ ਨੇ ਅਸੂਲ ਲਾਗੂ ਕੀਤਾ ਕਿ ਇਕ ਪਤੀ ਨੂੰ ਆਪਣੀ ਪਤਨੀ ਦੇ ਪਿੱਛੇ-ਪਿੱਛੇ ਨਹੀਂ ਚੱਲਣਾ ਚਾਹੀਦਾ ਸੀ; ਨਾ ਉਸ ਨੂੰ ਉਸ ਦੇ ਨਾਲ ਬਾਜ਼ਾਰ ਵਿਚ ਗੱਲਾਂ ਕਰਨੀਆਂ ਚਾਹੀਦੀਆਂ ਸਨ।—ਲੇਵੀਆਂ 18:6.
16, 17. ਮੌਖਿਕ ਨਿਯਮ ਨੇ ਸਪਤਾਹਕ ਸਬਤ ਮਨਾਉਣ ਦੇ ਹੁਕਮ ਨੂੰ ਕਿਵੇਂ ਵਧਾਇਆ, ਅਤੇ ਨਤੀਜਾ ਕੀ ਹੋਇਆ?
16 ਖ਼ਾਸ ਕਰਕੇ ਉਹ ਅਧਿਆਤਮਿਕ ਮਖੌਲ ਪ੍ਰਸਿੱਧ ਹੈ ਜੋ ਮੌਖਿਕ ਨਿਯਮ ਨੇ ਸਬਤ ਦੇ ਨਿਯਮ ਦਾ ਉਡਾਇਆ। ਪਰਮੇਸ਼ੁਰ ਨੇ ਇਸਰਾਏਲ ਨੂੰ ਇਕ ਸਰਲ ਹੁਕਮ ਦਿੱਤਾ: ਹਫ਼ਤੇ ਦੇ ਸੱਤਵੇਂ ਦਿਨ ਤੇ ਕੋਈ ਕੰਮ ਨਾ ਕਰੋ। (ਕੂਚ 20:8-11) ਪਰੰਤੂ, ਮੌਖਿਕ ਨਿਯਮ ਨੇ ਅੱਗੇ ਜਾ ਕੇ ਕੁਝ 39 ਵਿਭਿੰਨ ਪ੍ਰਕਾਰ ਦੇ ਵਰਜਿਤ ਕੰਮਾਂ ਨੂੰ ਨਿਸ਼ਚਿਤ ਕੀਤਾ, ਜਿਸ ਵਿਚ ਗੰਢ ਬੰਨ੍ਹਣਾ ਜਾਂ ਖੋਲ੍ਹਣਾ, ਦੋ ਟਾਂਕੇ ਸੀਉਣੇ, ਦੋ ਇਬਰਾਨੀ ਅੱਖਰ ਲਿਖਣੇ, ਇਤਿਆਦਿ, ਸ਼ਾਮਲ ਸਨ। ਫਿਰ ਇਨ੍ਹਾਂ ਪ੍ਰਕਾਰ ਦੇ ਕੰਮਾਂ ਵਿੱਚੋਂ ਹਰ ਇਕ ਦੇ ਲਈ ਹੋਰ ਅਸੀਮ ਨਿਯਮ ਦੀ ਲੋੜ ਪਈ। ਕਿਹੜੇ ਗੰਢ ਵਰਜਿਤ ਸਨ ਅਤੇ ਕਿਹੜੇ ਯੋਗ ਸਨ? ਮੌਖਿਕ ਨਿਯਮ ਨੇ ਜਵਾਬ ਵਜੋਂ ਮਨਮਰਜ਼ੀ ਦੇ ਵਿਨਿਯਮ ਪ੍ਰਦਾਨ ਕੀਤੇ। ਚੰਗਾਈ ਦਾ ਕੰਮ ਇਕ ਵਰਜਿਤ ਕੰਮ ਸਮਝਿਆ ਜਾਣ ਲੱਗਾ। ਮਿਸਾਲ ਲਈ, ਸਬਤ ਦੇ ਦਿਨ ਤੇ ਇਕ ਟੁੱਟੇ ਅੰਗ ਨੂੰ ਜੋੜਨਾ ਮਨ੍ਹਾ ਸੀ। ਦੰਦ-ਪੀੜ ਵਾਲਾ ਆਦਮੀ ਆਪਣੇ ਭੋਜਨ ਨੂੰ ਸੁਆਦੀ ਬਣਾਉਣ ਲਈ ਸਿਰਕਾ ਮਿਲਾ ਸਕਦਾ ਸੀ, ਪਰੰਤੂ ਉਸ ਨੂੰ ਸਿਰਕਾ ਆਪਣੇ ਦੰਦਾਂ ਵਿੱਚੋਂ ਚੂਸਣਾ ਨਹੀਂ ਚਾਹੀਦਾ ਸੀ। ਇਸ ਨਾਲ ਸ਼ਾਇਦ ਉਸ ਦਾ ਦੰਦ ਠੀਕ ਹੋ ਜਾਵੇ!
17 ਇਸ ਤਰ੍ਹਾਂ, ਜਿੱਥੋਂ ਤਕ ਕਿ ਜ਼ਿਆਦਾਤਰ ਯਹੂਦੀਆਂ ਦਾ ਸੰਬੰਧ ਸੀ, ਮਨੁੱਖ ਦੇ ਬਣਾਏ ਹੋਏ ਸੈਂਕੜੇ ਅਸੂਲਾਂ ਹੇਠ ਦੱਬਿਆ, ਸਬਤ ਦਾ ਨਿਯਮ ਆਪਣਾ ਅਧਿਆਤਮਿਕ ਭਾਵ ਗੁਆ ਬੈਠਾ। ਜਦੋਂ ‘ਸਬਤ ਦੇ ਦਿਨ ਦੇ ਮਾਲਕ,’ ਯਿਸੂ ਮਸੀਹ ਨੇ ਸਬਤ ਦੇ ਦਿਨ, ਸ਼ਾਨਦਾਰ ਅਤੇ ਦਿਲ ਨੂੰ ਖ਼ੁਸ਼ ਕਰਨ ਵਾਲੇ ਚਮਤਕਾਰ ਕੀਤੇ, ਤਾਂ ਗ੍ਰੰਥੀ ਅਤੇ ਫ਼ਰੀਸੀ ਪ੍ਰਭਾਵਿਤ ਨਹੀਂ ਹੋਏ। ਉਨ੍ਹਾਂ ਨੂੰ ਕੇਵਲ ਇਸ ਗੱਲ ਦੀ ਹੀ ਚਿੰਤਾ ਸੀ ਕਿ ਉਹ ਉਨ੍ਹਾਂ ਦੇ ਵਿਨਿਯਮਾਂ ਨੂੰ ਅਣਡਿੱਠ ਕਰਦਾ ਜਾਪਦਾ ਸੀ।—ਮੱਤੀ 12:8, 10-14.
ਫ਼ਰੀਸੀਆਂ ਦੀ ਗ਼ਲਤੀ ਤੋਂ ਸਿੱਖਣਾ
18. ਮੂਸਾ ਦੀ ਬਿਵਸਥਾ ਨਾਲ ਮੌਖਿਕ ਨਿਯਮਾਂ ਅਤੇ ਰੀਤਾਂ ਨੂੰ ਜੋੜਨ ਤੋਂ ਕੀ ਅਸਰ ਪਿਆ? ਦ੍ਰਿਸ਼ਟਾਂਤ ਦੁਆਰਾ ਦਰਸਾਓ।
18 ਸੰਖੇਪ ਵਿਚ, ਅਸੀਂ ਕਹਿ ਸਕਦੇ ਹਾਂ ਕਿ ਇਹ ਅਤਿਰਿਕਤ ਨਿਯਮ ਅਤੇ ਰੀਤ ਉਸੇ ਤਰ੍ਹਾਂ ਮੂਸਾ ਦੀ ਬਿਵਸਥਾ ਨਾਲ ਜੁੜ ਗਏ ਸਨ ਜਿਵੇਂ ਬਾਰਨੇਕਲ ਇਕ ਜਹਾਜ਼ ਦੇ ਢਾਂਚੇ ਨਾਲ ਚਿਪਕ ਜਾਂਦੇ ਹਨ। ਇਕ ਜਹਾਜ਼ ਦਾ ਮਾਲਕ ਇਨ੍ਹਾਂ ਪਰੇਸ਼ਾਨਕੁਨ ਜੰਤੂਆਂ ਨੂੰ ਆਪਣੇ ਜਹਾਜ਼ ਤੋਂ ਖੁਰਚਣ ਲਈ ਅਤਿਅੰਤ ਹੱਦ ਤਕ ਜਾਂਦਾ ਹੈ ਕਿਉਂਕਿ ਇਹ ਜਹਾਜ਼ ਨੂੰ ਧੀਮਾ ਕਰ ਦਿੰਦੇ ਹਨ ਅਤੇ ਇਸ ਦੇ ਜ਼ੰਗ-ਰੋਕ ਪੇਂਟ ਨੂੰ ਨਸ਼ਟ ਕਰਦੇ ਹਨ। ਇਸੇ ਸਮਾਨ, ਮੌਖਿਕ ਨਿਯਮਾਂ ਅਤੇ ਰੀਤਾਂ ਨੇ ਬਿਵਸਥਾ ਨੂੰ ਇਕ ਬੋਝ ਬਣਾ ਦਿੱਤਾ ਅਤੇ ਇਸ ਨੂੰ ਖੋਰਨਸ਼ੀਲ ਕੁਵਰਤੋਂ ਲਈ ਖੁੱਲ੍ਹਾ ਛੱਡ ਦਿੱਤਾ। ਪਰੰਤੂ, ਅਜਿਹੇ ਬਾਹਰਲੇ ਨਿਯਮਾਂ ਨੂੰ ਖੁਰਚਣ ਦੀ ਬਜਾਇ, ਰੱਬੀ ਇਨ੍ਹਾਂ ਵਿਚ ਹੋਰ ਵਾਧਾ ਕਰਦੇ ਗਏ। ਜਦੋਂ ਮਸੀਹਾ ਬਿਵਸਥਾ ਨੂੰ ਪੂਰਾ ਕਰਨ ਦੇ ਲਈ ਆਇਆ, ਤਾਂ “ਜਹਾਜ਼” ਉੱਤੇ “ਬਾਰਨੇਕਲ” ਦੀ ਇੰਨੀ ਝਾਲ ਚੜ੍ਹੀ ਹੋਈ ਸੀ ਕਿ ਇਹ ਮਸਾਂ ਹੀ ਤਰ ਰਹੀ ਸੀ! (ਤੁਲਨਾ ਕਰੋ ਕਹਾਉਤਾਂ 16:25.) ਬਿਵਸਥਾ ਨੇਮ ਦੀ ਰੱਖਿਆ ਕਰਨ ਦੀ ਬਜਾਇ, ਇਨ੍ਹਾਂ ਧਾਰਮਿਕ ਆਗੂਆਂ ਨੇ ਇਸ ਦੀ ਉਲੰਘਣਾ ਕਰਨ ਦੀ ਗ਼ਲਤੀ ਕੀਤੀ। ਪਰੰਤੂ, ਉਨ੍ਹਾਂ ਦੇ ਅਸੂਲਾਂ ਦੀ “ਵਾੜ” ਕਿਉਂ ਅਸਫ਼ਲ ਹੋਈ?
19. (ੳ) ‘ਬਿਵਸਥਾ ਦੇ ਦੁਆਲੇ ਵਾੜ’ ਕਿਉਂ ਅਸਫ਼ਲ ਰਿਹਾ? (ਅ) ਕੀ ਦਿਖਾਉਂਦਾ ਹੈ ਕਿ ਯਹੂਦੀ ਧਾਰਮਿਕ ਆਗੂਆਂ ਵਿਚ ਸੱਚੀ ਨਿਹਚਾ ਦੀ ਘਾਟ ਸੀ?
19 ਯਹੂਦੀਵਾਦ ਦੇ ਆਗੂ ਇਹ ਸਮਝਣ ਤੋਂ ਚੂਕ ਗਏ ਕਿ ਭ੍ਰਿਸ਼ਟਤਾ ਦੇ ਵਿਰੁੱਧ ਲੜਾਈ ਦਿਲ ਵਿਚ ਲੜੀ ਜਾਂਦੀ ਹੈ, ਨਾ ਕਿ ਨਿਯਮ-ਪੁਸਤਕਾਂ ਦੇ ਪੰਨਿਆਂ ਤੇ। (ਯਿਰਮਿਯਾਹ 4:14) ਵਿਜੈ ਦੀ ਕੁੰਜੀ ਪ੍ਰੇਮ ਹੈ—ਯਹੋਵਾਹ, ਉਸ ਦੇ ਨਿਯਮ, ਅਤੇ ਉਸ ਦੇ ਧਾਰਮਿਕ ਸਿਧਾਂਤਾਂ ਲਈ ਪ੍ਰੇਮ। ਅਜਿਹਾ ਪ੍ਰੇਮ, ਉਨ੍ਹਾਂ ਗੱਲਾਂ ਲਈ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ, ਇਕ ਅਨੁਰੂਪ ਨਫ਼ਰਤ ਪੈਦਾ ਕਰਦਾ ਹੈ। (ਜ਼ਬੂਰ 97:10; 119:104) ਇਸ ਤਰ੍ਹਾਂ ਜਿਨ੍ਹਾਂ ਦੇ ਦਿਲ ਪ੍ਰੇਮ ਨਾਲ ਭਰੇ ਹੋਏ ਹਨ, ਉਹ ਇਸ ਭ੍ਰਿਸ਼ਟ ਸੰਸਾਰ ਵਿਚ ਯਹੋਵਾਹ ਦੇ ਨਿਯਮਾਂ ਦੇ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਯਹੂਦੀ ਧਾਰਮਿਕ ਆਗੂਆਂ ਨੂੰ ਅਜਿਹੇ ਪ੍ਰੇਮ ਨੂੰ ਵਧਾਉਣ ਅਤੇ ਪ੍ਰੇਰਿਤ ਕਰਨ ਦੇ ਲਈ ਲੋਕਾਂ ਨੂੰ ਸਿਖਾਉਣ ਦਾ ਵੱਡਾ ਵਿਸ਼ੇਸ਼-ਸਨਮਾਨ ਹਾਸਲ ਸੀ। ਉਹ ਇੰਜ ਕਰਨ ਵਿਚ ਕਿਉਂ ਅਸਫ਼ਲ ਹੋਏ? ਸਪੱਸ਼ਟ ਤੌਰ ਤੇ ਉਨ੍ਹਾਂ ਵਿਚ ਨਿਹਚਾ ਦੀ ਘਾਟ ਸੀ। (ਮੱਤੀ 23:23) ਜੇਕਰ ਉਨ੍ਹਾਂ ਕੋਲ ਨਿਹਚਾ ਹੁੰਦੀ ਕਿ ਯਹੋਵਾਹ ਦੀ ਆਤਮਾ ਵਫ਼ਾਦਾਰ ਮਾਨਵ ਦੇ ਦਿਲਾਂ ਵਿਚ ਕੰਮ ਕਰਨ ਦੀ ਤਾਕਤ ਰੱਖਦੀ ਹੈ, ਤਾਂ ਉਹ ਦੂਜਿਆਂ ਦਿਆਂ ਜੀਵਨਾਂ ਉੱਤੇ ਸਖ਼ਤ ਕਾਬੂ ਰੱਖਣ ਦੀ ਲੋੜ ਨਾ ਮਹਿਸੂਸ ਕਰਦੇ। (ਯਸਾਯਾਹ 59:1; ਹਿਜ਼ਕੀਏਲ 34:4) ਨਿਹਚਾ ਦੀ ਘਾਟ ਹੋਣ ਦੇ ਕਾਰਨ, ਉਨ੍ਹਾਂ ਨੇ ਨਿਹਚਾ ਪ੍ਰਦਾਨ ਨਹੀਂ ਕੀਤੀ; ਉਨ੍ਹਾਂ ਨੇ ਲੋਕਾਂ ਉੱਤੇ ਮਨੁੱਖ ਦੇ ਬਣਾਏ ਹੋਏ ਹੁਕਮਾਂ ਦਾ ਭਾਰ ਲੱਦਿਆ।—ਮੱਤੀ 15:3, 9; 23:4.
20, 21. (ੳ) ਰੀਤ-ਪੱਖੀ ਮਨੋਬਿਰਤੀ ਦਾ ਯਹੂਦੀਵਾਦ ਉੱਤੇ ਸਮੁੱਚੇ ਤੌਰ ਤੇ ਕੀ ਪ੍ਰਭਾਵ ਪਿਆ? (ਅ) ਯਹੂਦੀਵਾਦ ਨਾਲ ਜੋ ਵਾਪਰਿਆ, ਉਸ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ?
20 ਉਨ੍ਹਾਂ ਯਹੂਦੀ ਆਗੂਆਂ ਨੇ ਪ੍ਰੇਮ ਨੂੰ ਉਤਸ਼ਾਹਿਤ ਨਹੀਂ ਕੀਤਾ। ਉਨ੍ਹਾਂ ਦੀਆਂ ਰੀਤਾਂ ਨੇ ਅਜਿਹਾ ਧਰਮ ਪੈਦਾ ਕੀਤਾ ਜਿਸ ਵਿਚ ਬਾਹਰੀ ਦਿੱਖ, ਦਿਖਾਵੇ ਦੀ ਖ਼ਾਤਰ ਮਕਾਨਕੀ ਆਗਿਆਪਾਲਣਾ ਉੱਤੇ ਅਤਿ ਧਿਆਨ ਦਿੱਤਾ ਜਾਂਦਾ ਸੀ—ਪਖੰਡ ਦੇ ਲਈ ਇਕ ਉਪਜਾਊ ਭੂਮੀ। (ਮੱਤੀ 23:25-28) ਉਨ੍ਹਾਂ ਦੇ ਵਿਨਿਯਮਾਂ ਨੇ ਹੋਰਾਂ ਦੀ ਆਲੋਚਨਾ ਕਰਨ ਲਈ ਅਣਗਿਣਤ ਕਾਰਨ ਪੈਦਾ ਕੀਤੇ। ਇਸ ਤਰ੍ਹਾਂ ਘਮੰਡੀ, ਸੱਤਾਵਾਦੀ ਫ਼ਰੀਸੀਆਂ ਨੇ ਖ਼ੁਦ ਯਿਸੂ ਮਸੀਹ ਦੀ ਨੁਕਤਾਚੀਨੀ ਕਰਨਾ ਯੋਗ ਸਮਝਿਆ। ਉਹ ਬਿਵਸਥਾ ਦੇ ਮੁੱਖ ਮਕਸਦ ਨੂੰ ਭੁੱਲ ਗਏ ਅਤੇ ਇੱਕੋ-ਇਕ ਸੱਚੇ ਮਸੀਹਾ ਨੂੰ ਠੁਕਰਾ ਦਿੱਤਾ। ਸਿੱਟੇ ਵਜੋਂ, ਉਸ ਨੂੰ ਯਹੂਦੀ ਕੌਮ ਨੂੰ ਦੱਸਣਾ ਪਿਆ: “ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।”—ਮੱਤੀ 23:38; ਗਲਾਤੀਆਂ 3:23, 24.
21 ਸਾਡੇ ਲਈ ਕੀ ਸਬਕ ਹੈ? ਸਪੱਸ਼ਟ ਤੌਰ ਤੇ, ਇਕ ਸਖ਼ਤ, ਰੀਤ-ਪੱਖੀ ਮਨੋਬਿਰਤੀ ਯਹੋਵਾਹ ਦੀ ਸ਼ੁੱਧ ਉਪਾਸਨਾ ਨੂੰ ਉਤਸ਼ਾਹਿਤ ਨਹੀਂ ਕਰਦੀ ਹੈ! ਲੇਕਨ ਕੀ ਇਸ ਦਾ ਇਹ ਅਰਥ ਹੈ ਕਿ ਅੱਜ ਯਹੋਵਾਹ ਦੇ ਉਪਾਸਕਾਂ ਕੋਲ ਬਿਲਕੁਲ ਹੀ ਕੋਈ ਨਿਯਮ ਨਹੀਂ ਹੋਣੇ ਚਾਹੀਦੇ ਹਨ ਜਦ ਤਾਈਂ ਇਹ ਪਵਿੱਤਰ ਸ਼ਾਸਤਰ ਵਿਚ ਵਿਸ਼ਿਸ਼ਟ ਰੂਪ ਵਿਚ ਲਿਖੇ ਹੋਏ ਨਾ ਹੋਣ? ਨਹੀਂ। ਪੂਰੇ ਜਵਾਬ ਲਈ, ਆਓ ਅਸੀਂ ਅੱਗੇ ਵਿਚਾਰ ਕਰੀਏ ਕਿ ਕਿਵੇਂ ਯਿਸੂ ਮਸੀਹ ਨੇ ਮੂਸਾ ਦੀ ਬਿਵਸਥਾ ਦੀ ਥਾਂ ਇਕ ਨਵਾਂ ਅਤੇ ਬਿਹਤਰ ਨਿਯਮ ਦਿੱਤਾ। (w96 9/1)
[ਫੁਟਨੋਟ]
a ਬੇਸ਼ੱਕ, ਇਹ ਅਜੋਕੀਆਂ ਕੌਮਾਂ ਦੀਆਂ ਕਾਨੂੰਨੀ ਪ੍ਰਣਾਲੀਆਂ ਦੀ ਤੁਲਨਾ ਵਿਚ ਫਿਰ ਵੀ ਬਹੁਤ ਹੀ ਛੋਟੀ ਗਿਣਤੀ ਹੈ। ਮਿਸਾਲ ਲਈ, 1990 ਦੇ ਦਸ਼ਕ ਦੇ ਮੁੱਢ ਵਿਚ, ਸੰਯੁਕਤ ਰਾਜ ਅਮਰੀਕਾ ਦੇ ਫੈਡਰਲ ਨਿਯਮਾਂ ਨੇ 1,25,000 ਸਫ਼ੇ ਭਰੇ, ਅਤੇ ਪ੍ਰਤਿ ਸਾਲ ਹਜ਼ਾਰਾਂ ਨਵੇਂ ਨਿਯਮ ਜੋੜੇ ਜਾਂਦੇ ਹਨ।
ਕੀ ਤੁਸੀਂ ਸਮਝਾ ਸਕਦੇ ਹੋ?
◻ ਸਾਰੀ ਸ੍ਰਿਸ਼ਟੀ ਕਿਵੇਂ ਈਸ਼ਵਰੀ ਨਿਯਮ ਦੁਆਰਾ ਨਿਯੰਤ੍ਰਿਤ ਹੈ?
◻ ਮੂਸਾ ਦੀ ਬਿਵਸਥਾ ਦਾ ਮੁੱਖ ਮਕਸਦ ਕੀ ਸੀ?
◻ ਕੀ ਦਿਖਾਉਂਦਾ ਹੈ ਕਿ ਮੂਸਾ ਦੀ ਬਿਵਸਥਾ ਨੇ ਦਇਆ ਅਤੇ ਰਹਿਮ ਉੱਤੇ ਜ਼ੋਰ ਦਿੱਤਾ?
◻ ਯਹੂਦੀ ਧਾਰਮਿਕ ਆਗੂਆਂ ਨੇ ਮੂਸਾ ਦੀ ਬਿਵਸਥਾ ਨਾਲ ਅਣਗਿਣਤ ਅਸੂਲਾਂ ਨੂੰ ਕਿਉਂ ਜੋੜਿਆ, ਅਤੇ ਨਤੀਜਾ ਕੀ ਹੋਇਆ?
[ਸਫ਼ੇ 6 ਉੱਤੇ ਡੱਬੀ]
ਯਹੂਦੀ ਧਾਰਮਿਕ ਆਗੂ
ਗ੍ਰੰਥੀ: ਉਹ ਆਪਣੇ ਆਪ ਨੂੰ ਅਜ਼ਰਾ ਦੇ ਉਤਰਾਧਿਕਾਰੀ ਅਤੇ ਬਿਵਸਥਾ ਦੇ ਵਿਆਖਿਆਕਾਰ ਸਮਝਦੇ ਸਨ। ਪੁਸਤਕ ਯਹੂਦੀਆਂ ਦਾ ਇਤਿਹਾਸ (ਅੰਗ੍ਰੇਜ਼ੀ) ਦੇ ਅਨੁਸਾਰ, “ਸਾਰੇ ਗ੍ਰੰਥੀ ਸਾਊ ਵਿਅਕਤੀ ਨਹੀਂ ਸਨ, ਅਤੇ ਬਿਵਸਥਾ ਵਿੱਚੋਂ ਗੁਪਤ ਅਰਥ ਕੱਢਣ ਦੇ ਉਨ੍ਹਾਂ ਦੇ ਜਤਨ ਅਕਸਰ ਬੇਅਰਥ ਸੂਤਰਾਂ ਅਤੇ ਊਲਜਲੂਲ ਬੰਦਸ਼ਾਂ ਵਿਚ ਪਤਿਤ ਹੋ ਜਾਂਦੇ ਸਨ। ਇਹ ਰਿਵਾਜ ਬਣ ਗਏ, ਜੋ ਛੇਤੀ ਹੀ ਇਕ ਬੇਰਹਿਮ ਤਾਨਾਸ਼ਾਹ ਬਣ ਗਿਆ।”
ਹਸਿਦਿਮ: ਇਸ ਨਾਂ ਦਾ ਅਰਥ ਹੈ “ਧਰਮਾਤਮਾ” ਜਾਂ “ਸੰਤ।” ਇਕ ਵਰਗ ਵਜੋਂ ਪਹਿਲੀ ਵਾਰ 200 ਸਾ.ਯੁ.ਪੂ. ਦੇ ਲਗਭਗ ਇਨ੍ਹਾਂ ਦਾ ਜ਼ਿਕਰ ਕੀਤਾ ਗਿਆ ਸੀ, ਅਤੇ ਉਹ ਸਿਆਸੀ ਤੌਰ ਤੇ ਸ਼ਕਤੀਸ਼ਾਲੀ ਸਨ, ਅਤੇ ਯੂਨਾਨੀ ਪ੍ਰਭਾਵ ਦੀ ਤਾਨਾਸ਼ਾਹੀ ਦੇ ਖ਼ਿਲਾਫ਼ ਬਿਵਸਥਾ ਦੀ ਸ਼ੁੱਧਤਾ ਦੇ ਕੱਟੜ ਰੱਖਿਅਕ ਸਨ। ਹਸਿਦਿਮ ਤਿੰਨ ਸਮੂਹਾਂ ਵਿਚ ਵਿਭਾਜਿਤ ਹੋ ਗਏ: ਫ਼ਰੀਸੀ, ਸਦੂਕੀ, ਅਤੇ ਇਸੈਨ।
ਫ਼ਰੀਸੀ: ਕੁਝ ਵਿਦਵਾਨ ਮੰਨਦੇ ਹਨ ਕਿ ਇਹ ਨਾਂ “ਵੱਖ ਕੀਤੇ ਹੋਏ ਜਣੇ,” ਜਾਂ “ਵੱਖਵਾਦੀਆਂ” ਦੇ ਲਈ ਵਰਤੇ ਗਏ ਸ਼ਬਦਾਂ ਤੋਂ ਲਿਆ ਗਿਆ ਹੈ। ਉਹ ਵਾਕਈ ਹੀ ਗ਼ੈਰ-ਯਹੂਦੀਆਂ ਤੋਂ ਵੱਖਰੇ ਰਹਿਣ ਦੇ ਆਪਣੇ ਜਤਨ ਵਿਚ ਕੱਟੜ ਸਨ, ਲੇਕਨ ਉਹ ਆਪਣੀ ਸੰਗਤ ਨੂੰ ਆਮ ਯਹੂਦੀ ਜਨਤਾ ਤੋਂ, ਜੋ ਮੌਖਿਕ ਬਿਵਸਥਾ ਦੀ ਜਟਿਲਤਾ ਤੋਂ ਅਣਜਾਣ ਸਨ, ਵੱਖਰੇ—ਅਤੇ ਉੱਚਤਰ—ਵਿਚਾਰਦੇ ਸਨ। ਇਕ ਇਤਿਹਾਸਕਾਰ ਨੇ ਫ਼ਰੀਸੀਆਂ ਬਾਰੇ ਕਿਹਾ: “ਆਮ ਤੌਰ ਤੇ, ਉਹ ਮਨੁੱਖਾਂ ਨੂੰ ਬੱਚਿਆਂ ਵਾਂਗ ਸਮਝਦੇ ਸਨ, ਅਤੇ ਰਸਮਾਂ ਦੇ ਪਾਲਣ ਦੇ ਛੋਟੇ ਤੋਂ ਛੋਟੇ ਵੇਰਵੇ ਨੂੰ ਵੀ ਰਸਮੀ ਪ੍ਰਵਾਨਗੀ ਦਿੰਦੇ ਅਤੇ ਉਨ੍ਹਾਂ ਦੀਆਂ ਹੱਦਾਂ ਮਿਥਦੇ ਸਨ।” ਇਕ ਹੋਰ ਵਿਦਵਾਨ ਨੇ ਕਿਹਾ: “ਫ਼ਰੀਸੀਵਾਦ ਨੇ ਹਰ ਪਰਿਸਥਿਤੀ ਨੂੰ ਸੰਮਿਲਿਤ ਕਰਨ ਵਾਲੇ ਕਾਨੂੰਨੀ ਅਸੂਲਾਂ ਦਾ ਸੰਗ੍ਰਹਿ ਉਤਪੰਨ ਕੀਤਾ, ਜਿਸ ਦਾ ਇਹ ਪ੍ਰਕਿਰਤਕ ਸਿੱਟਾ ਹੋਇਆ ਕਿ ਉਨ੍ਹਾਂ ਨੇ ਮਾਮੂਲੀ ਗੱਲਾਂ ਨੂੰ ਵਧਾਇਆ-ਚੜ੍ਹਾਇਆ ਅਤੇ ਇਸ ਤਰ੍ਹਾਂ ਕਰਨ ਨਾਲ ਮਹੱਤਵਪੂਰਣ ਗੱਲਾਂ ਦੀ ਅਣਗਹਿਲੀ ਕੀਤੀ। (ਮੱਤੀ 23:23)।”
ਸਦੂਕੀ: ਇਕ ਸਮੂਹ ਜੋ ਕੁਲੀਨ ਵਰਗ ਅਤੇ ਜਾਜਕਾਈ ਦੇ ਨਾਲ ਨਜ਼ਦੀਕੀ ਤੌਰ ਤੇ ਸੰਬੰਧਿਤ ਸੀ। ਉਹ ਪ੍ਰਬਲ ਰੂਪ ਵਿਚ ਗ੍ਰੰਥੀਆਂ ਅਤੇ ਫ਼ਰੀਸੀਆਂ ਦਾ ਵਿਰੋਧ ਕਰਦੇ ਸਨ, ਇਹ ਕਹਿੰਦੇ ਹੋਏ ਕਿ ਮੌਖਿਕ ਬਿਵਸਥਾ ਨੂੰ ਉਹ ਪ੍ਰਮਾਣਕਤਾ ਹਾਸਲ ਨਹੀਂ ਜੋ ਲਿਖਤੀ ਬਿਵਸਥਾ ਨੂੰ ਹਾਸਲ ਸੀ। ਉਹ ਇਹ ਲੜਾਈ ਹਾਰ ਗਏ, ਇਸ ਗੱਲ ਨੂੰ ਖ਼ੁਦ ਮਿਸ਼ਨਾ ਪ੍ਰਦਰਸ਼ਿਤ ਕਰਦਾ ਹੈ: “[ਲਿਖਤੀ] ਬਿਵਸਥਾ ਦੇ ਸ਼ਬਦਾਂ [ਦੀ ਪਾਲਣਾ] ਨਾਲੋਂ ਗ੍ਰੰਥੀਆਂ ਦੇ ਸ਼ਬਦਾਂ [ਦੀ ਪਾਲਣਾ] ਵਿਚ ਜ਼ਿਆਦਾ ਕਰੜਾਈ ਲਾਗੂ ਹੁੰਦੀ ਹੈ।” ਤਾਲਮੂਦ, ਜਿਸ ਵਿਚ ਮੌਖਿਕ ਬਿਵਸਥਾ ਉੱਤੇ ਅਧਿਕ ਟਿੱਪਣੀ ਸ਼ਾਮਲ ਸੀ, ਬਾਅਦ ਵਿਚ ਇਹ ਕਹਿਣ ਦੀ ਹੱਦ ਤਕ ਗਿਆ: “ਗ੍ਰੰਥੀਆਂ ਦੇ ਸ਼ਬਦ . . . ਤੌਰਾਤ ਦੇ ਸ਼ਬਦਾਂ ਨਾਲੋਂ ਅਧਿਕ ਵਡਮੁੱਲੇ ਹਨ।”
ਇਸੈਨ: ਵੈਰਾਗੀਆਂ ਦਾ ਇਕ ਸਮੂਹ ਜੋ ਖ਼ੁਦ ਨੂੰ ਵੱਖਰੀਆਂ ਸੰਪ੍ਰਦਾਵਾਂ ਵਿਚ ਅਲੱਗ ਰੱਖਦੇ ਸਨ। ਦ ਇੰਟਰਪ੍ਰੈਟਰਸ ਡਿਕਸ਼ਨਰੀ ਆਫ਼ ਦ ਬਾਈਬਲ ਦੇ ਅਨੁਸਾਰ, ਇਸੈਨ ਲੋਕ ਫ਼ਰੀਸੀਆਂ ਤੋਂ ਵੀ ਜ਼ਿਆਦਾ ਨਾਮਿਲਣਸਾਰ ਸਨ ਅਤੇ “ਕਦੇ-ਕਦੇ ਤਾਂ ਪਖੰਡ ਵਿਚ ਖ਼ੁਦ ਫ਼ਰੀਸੀਆਂ ਤੋਂ ਵੀ ਬਾਜ਼ੀ ਲੈ ਜਾ ਸਕਦੇ ਸਨ।”
[ਸਫ਼ੇ 3 ਉੱਤੇ ਤਸਵੀਰ]
ਸੰਭਵ ਹੈ ਕਿ ਅੱਯੂਬ ਦੇ ਮਾਪਿਆਂ ਨੇ ਉਸ ਨੂੰ ਤਾਰਾ-ਸਮੂਹਾਂ ਨੂੰ ਨਿਯੰਤ੍ਰਿਤ ਕਰਨ ਵਾਲੇ ਨਿਯਮਾਂ ਬਾਰੇ ਸਿਖਾਇਆ ਸੀ