ਸ਼ੁਤਰਮੁਰਗ—ਇਕ ਤੇਜ਼ ਅਤੇ ਅਜੀਬ ਚਿੜੀ
ਕੀਨੀਆ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਅਫ਼ਰੀਕਾ ਦੇ ਵਿਸ਼ਾਲ ਸਵਾਨਾ ਵਿਚ ਜਿਰਾਫ, ਜ਼ੈਬਰਾ, ਨੀਲ ਗਾਵਾਂ ਅਤੇ ਹਿਰਨਾਂ ਘੁੰਮਦੀਆਂ-ਫਿਰਦੀਆਂ ਹਨ। ਉਨ੍ਹਾਂ ਦੇ ਵਿਚਕਾਰ ਸ੍ਰਿਸ਼ਟੀਕਰਤਾ ਦੁਆਰਾ ਬਣਾਇਆ ਗਿਆ ਇਕ ਸਭ ਤੋਂ ਅਨੋਖਾ ਜਾਨਵਰ ਵੀ ਰਹਿੰਦਾ ਹੈ। ਜੋ ਵੀ ਉਸ ਨੂੰ ਦੇਖਦੇ ਹਨ ਉਹ ਉਸ ਦੇ ਵੱਡੇ ਆਕਾਰ ਤੋਂ ਹੈਰਾਨ ਰਹਿ ਜਾਂਦੇ ਹਨ, ਯਾਨੀ ਕਿ ਉਸ ਦੀ ਉਚਾਈ-ਲੰਬਾਈ, ਤਾਕਤਵਰ ਲੱਤਾਂ, ਅਤੇ ਸੁੰਦਰ ਮੁਲਾਇਮ ਖੰਭ। ਲਗਭਗ ਢਾਈ ਮੀਟਰ ਲੰਬੀਆਂ ਅਤੇ 155 ਕਿਲੋਗ੍ਰਾਮ ਭਾਰੀਆਂ ਹੋਣ ਕਾਰਨ ਇਹ ਸਭ ਤੋਂ ਵੱਡੀਆਂ ਚਿੜੀਆਂ ਹਨ। ਸਹੇਲੀ ਭਾਸ਼ਾ ਵਿਚ ਇਨ੍ਹਾਂ ਚਿੜੀਆਂ ਨੂੰ ਮਬੋਨੀ ਸੱਦਿਆ ਜਾਂਦਾ ਹੈ, ਪਰ ਤੁਸੀਂ ਸ਼ਾਇਦ ਇਨ੍ਹਾਂ ਨੂੰ ਸ਼ੁਤਰਮੁਰਗ ਨਾਂ ਤੋਂ ਜਾਣਦੇ ਹੋ।
ਊਠ ਵਾਂਗ ਮਟਕ-ਮਟਕ ਕੇ ਤੁਰਨ ਵਾਲਾ
ਬਹੁਤ ਚਿਰ ਪਹਿਲਾਂ ਸ਼ੁਤਰਮੁਰਗ ਨੂੰ ਸਟਰੂਥੋਕੈਮਲਸ ਨਾਂ ਦਿੱਤਾ ਗਿਆ ਸੀ। ਇਹ ਨਾਂ ਲਾਤੀਨੀ ਅਤੇ ਯੂਨਾਨੀ ਭਾਸ਼ਾਵਾਂ ਤੋਂ ਬਣਾਇਆ ਗਿਆ ਹੈ ਕਿਉਂਕਿ ਇਹ ਊਠ ਵਰਗਾ ਲੱਗਦਾ ਸੀ। ਊਠ ਵਾਂਗ, ਸ਼ੁਤਰਮੁਰਗ ਵੀ ਬਹੁਤ ਗਰਮੀ ਝੱਲ ਸਕਦਾ ਹੈ ਅਤੇ ਉਜਾੜ ਥਾਵਾਂ ਵਿਚ ਰਹਿਣਾ ਪਸੰਦ ਕਰਦਾ ਹੈ। ਇਸ ਦੀਆਂ ਸਹੋਣੀਆਂ ਲੰਬੀਆਂ-ਲੰਬੀਆਂ ਪਲਕਾਂ ਹਨ ਜੋ ਇਸ ਦੀਆਂ ਵੱਡੀਆਂ-ਵੱਡੀਆਂ ਅੱਖਾਂ ਨੂੰ ਜੰਗਲ ਦੀ ਧੂੜ ਤੋਂ ਬਚਾਉਂਦੀਆਂ ਹਨ। ਇਸ ਦੀਆਂ ਲੱਤਾਂ ਲੰਬੀਆਂ ਅਤੇ ਤਕੜੀਆਂ ਹਨ ਅਤੇ ਇਸ ਦੇ ਪੈਰ, ਜਿਨ੍ਹਾਂ ਤੇ ਸਿਰਫ਼ ਦੋ ਹੀ ਉਂਗਲਾਂ ਹਨ, ਤਾਕਤਵਰ ਅਤੇ ਚਮੜੀਦਾਰ ਹਨ। ਖੁੱਲ੍ਹੇ ਮੈਦਾਨ ਵਿਚ ਸ਼ੁਤਰਮੁਰਗ ਨੂੰ ਮਟਕ-ਮਟਕ ਕੇ ਤੁਰਦੇ-ਫਿਰਦੇ ਦੇਖ ਕੇ, ਲੋਕੀ ਉਸ ਦੀ ਤੇਜ਼ੀ, ਸਹਿਣਸ਼ੀਲਤਾ, ਅਤੇ ਊਠ ਵਰਗੇ ਦੂਸਰਿਆਂ ਲੱਛਣਾਂ ਤੋਂ ਹੈਰਾਨ ਹੁੰਦੇ ਹਨ।
ਸ਼ੁਤਰਮੁਰਗ ਦੂਸਰਿਆਂ ਖੁਰਦਾਰ ਜਾਨਵਰਾਂ ਦੇ ਨਾਲ-ਨਾਲ ਚਰਦਾ ਹੈ, ਨਾਲੇ ਉਹ ਘਿਸਰਨ ਵਾਲੀ ਜਾਂ ਹੋਰ ਕਿਸੇ ਵੀ ਹਿਲਦੀ ਚੀਜ਼ ਨੂੰ ਖਾ ਲੈਂਦਾ ਹੈ। ਸ਼ੁਤਰਮੁਰਗ ਅਜਿਹਾ ਜਾਨਵਰ ਹੈ ਜੋ ਸਭ ਕੁਝ ਖਾ ਲੈਂਦਾ ਹੈ। ਉਹ ਸਿਰਫ਼ ਕੀੜੇ, ਸੱਪ, ਕੁਤਰਨ ਵਾਲੇ ਜਾਨਵਰ, ਜੜ੍ਹਾਂ ਅਤੇ ਬਨਸਪਤੀ ਨੂੰ ਹੀ ਨਹੀਂ ਖਾਂਦਾ ਪਰ ਲੱਕੜੀ, ਛਿਲਕੇ, ਰੋੜਿਆਂ, ਸੋਟੀਆਂ, ਅਤੇ ਗੂੜ੍ਹੇ ਰੰਗ ਦੀ ਜਿਹੜੀ ਵੀ ਛੋਟੀ ਚੀਜ਼ ਹੋਵੇ ਉਹ ਉਸ ਨੂੰ ਵੀ ਖਾ ਲੈਂਦਾ ਹੈ।
ਉਸ ਦੇ ਵੱਡੇ ਆਕਾਰ ਅਤੇ ਭਾਰ ਕਾਰਨ ਉਹ ਉੱਡ ਨਹੀਂ ਸਕਦਾ। ਲੇਕਿਨ, ਉਸ ਦੀਆਂ ਲੱਤਾਂ ਇੰਨੀਆਂ ਤਾਕਤਵਰ ਹਨ ਕਿ ਉਸ ਨੂੰ ਧਰਤੀ ਉੱਤੇ ਸਭ ਤੋਂ ਤੇਜ਼ ਜਾਨਵਰਾਂ ਵਿਚ ਗਿਣਿਆ ਜਾਂਦਾ ਹੈ। ਉਜਾੜ ਵਿਚ ਦੌੜਦੇ ਹੋਏ ਉਹ 65 ਕਿਲੋਮੀਟਰ ਪ੍ਰਤਿ ਘੰਟੇ ਦੀ ਤੇਜ਼ੀ ਤਕ ਪਹੁੰਚ ਸਕਦਾ ਹੈ! ਬਾਈਬਲ ਕਹਿੰਦੀ ਹੈ ਕਿ ਸ਼ੁਤਰਮੁਰਗੀ “ਘੋੜੇ ਤੇ ਉਸ ਦੇ ਅਸਵਾਰ ਉੱਤੇ ਹੱਸਦੀ ਹੈ”। (ਅੱਯੂਬ 39:18) ਇਸ ਗੱਲ ਨੂੰ ਸੱਚ ਸਾਬਤ ਕਰਦੇ ਹੋਏ, ਦੋ ਲੱਤਾਂ ਵਾਲੇ ਇਸ ਜਾਨਵਰ ਦੀ ਤੇਜ਼ੀ ਅਤੇ ਲੰਬੇ-ਸਮੇਂ ਦੀ ਸਹਿਣਸ਼ੀਲਤਾ ਉਸ ਨੂੰ ਆਸਾਨੀ ਨਾਲ ਚਾਰ ਲੱਤਾਂ ਵਾਲੇ ਆਪਣੇ ਕਈ ਸ਼ਿਕਾਰੀਆਂ ਦੁਆਰਾ ਫੜੇ ਜਾਣ ਤੋਂ ਬਚਾਉਂਦੀਆਂ ਹਨ।
ਆਲ੍ਹਣਾ ਬਣਾਉਣ ਦੀਆਂ ਆਦਤਾਂ
ਸਾਥੀ ਟੋਲਨ ਵੇਲੇ, ਸ਼ੁਤਰਮੁਰਗ ਕਮਾਲ ਦਾ ਦਿਖਾਵਾ ਕਰਦਾ ਹੈ। ਉਹ ਸ਼ੁਤਰਮੁਰਗੀ ਦੇ ਸਾਮ੍ਹਣੇ ਝੁੱਕ ਕੇ ਆਪਣੇ ਵੱਡੇ ਚਿੱਟੇ ਤੇ ਕਾਲੇ ਖੰਭਾਂ ਨੂੰ ਫੈਲਾਉਂਦੇ ਹੋਏ ਉਨ੍ਹਾਂ ਨੂੰ ਹਿਲਾਉਣ ਲੱਗ ਪੈਂਦਾ ਹੈ। ਉਸ ਦੇ ਪਰ, ਦੋ ਬਹੁਤ ਹੀ ਵੱਡੇ ਪੱਖਿਆਂ ਵਾਂਗ, ਇਕਸੁਰਤਾ ਵਿਚ ਇਕ ਪਾਸੇ ਤੋਂ ਦੂਜੇ ਪਾਸੇ ਨੂੰ ਹਿੱਲਦੇ ਹਨ। ਉਸ ਦੀ ਗਰਦਨ ਅਤੇ ਲੱਤਾਂ ਦਾ ਰੰਗ ਗੂੜ੍ਹਾ ਗੁਲਾਬੀ ਹੋ ਜਾਂਦਾ ਹੈ, ਜੋ ਉਸ ਦੇ ਸਰੀਰ ਦੇ ਕਾਲੇ-ਕਾਲੇ ਖੰਭਾਂ ਦੀ ਸੁੰਦਰਤਾ ਨੂੰ ਹੋਰ ਵੀ ਵਧਾਉਂਦਾ ਹੈ। ਆਪਣੀ ਲੰਬੀ ਗਰਦਨ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਨੂੰ ਫੇਰਦੇ ਹੋਏ ਉਹ ਆਪਣੇ ਪੈਰ ਪਟਕ-ਪਟਕ ਕੇ ਜ਼ਮੀਨ ਤੇ ਮਾਰਦਾ ਹੈ।
ਸਪੱਸ਼ਟ ਹੈ ਕਿ ਖੰਭਾਂ ਦਾ ਇਹ ਸਜਾਵਟੀ ਦਿਖਾਵਾ, ਬਦਾਮੀ ਰੰਗ ਦੀ ਸ਼ੁਤਰਮੁਰਗੀ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾਂਦਾ ਹੈ। ਲੇਕਿਨ, ਆਮ ਤੌਰ ਤੇ, ਜਿਉਂ-ਜਿਉਂ ਸ਼ੁਤਰਮੁਰਗ ਨੱਚਣ ਦੀ ਰਸਮ ਪੂਰੀ ਕਰਦਾ ਹੈ, ਸ਼ੁਤਰਮੁਰਗੀ ਜ਼ਮੀਨ ਤੇ ਠੁੰਗਾਂ ਮਾਰਦੀ ਫਿਰਦੀ ਰਹਿੰਦੀ ਹੈ, ਅਤੇ ਆਪਣੇ ਆਲੇ-ਦੁਆਲੇ ਹੁੰਦੀਆਂ ਹਰਕਤਾਂ ਵੱਲ ਬਹੁਤ ਘੱਟ ਧਿਆਨ ਦਿੰਦੀ ਹੈ।
ਜਦੋਂ ਸ਼ੁਤਰਮੁਰਗ ਸ਼ੁਤਰਮੁਰਗੀ ਚੁਣ ਲੈਂਦਾ ਹੈ, ਤਾਂ ਉਹ ਆਲ੍ਹਣੇ ਦੀ ਜਗ੍ਹਾ ਵੀ ਚੁਣਦਾ ਹੈ। ਉਹ ਸਵਾਨਾ ਮੈਦਾਨ ਦੀ ਧੂੜ ਵਿਚ ਇਕ ਟੋਆ ਪੁੱਟਦਾ ਹੈ, ਜੋ ਬਹੁਤਾ ਡੂੰਘਾ ਨਹੀਂ ਹੁੰਦਾ, ਅਤੇ ਕਈ ਸ਼ੁਤਰਮੁਰਗੀਆਂ ਨੂੰ ਉੱਥੇ ਲੈ ਜਾਂਦਾ ਹੈ। ਦੋ-ਤਿੰਨ ਕੁ ਹਫ਼ਤਿਆਂ ਬਾਅਦ, ਆਲ੍ਹਣੇ ਵਿਚ ਉਨ੍ਹਾਂ ਸ਼ੁਤਰਮੁਰਗੀਆਂ ਤੋਂ ਦਿੱਤੇ ਗਏ ਦੋ ਦਰਜਨ ਜਾਂ ਜ਼ਿਆਦਾ ਆਂਡੇ ਹੁੰਦੇ ਹਨ।
ਅੰਡਿਆਂ ਤੋਂ ਚੂਚੇ ਨਿਕਲਣ ਵਿਚ ਛੇ ਕੁ ਹਫ਼ਤੇ ਲੱਗਦੇ ਹਨ। ਉਨ੍ਹਾਂ ਛੇ ਹਫ਼ਤਿਆਂ ਦੌਰਾਨ ਰਾਤ ਨੂੰ ਸ਼ੁਤਰਮੁਰਗ ਆਂਡਿਆਂ ਤੇ ਬੈਠਦਾ ਹੈ ਅਤੇ ਦਿਨ ਨੂੰ ਸ਼ੁਤਰਮੁਰਗੀ ਬੈਠਦੀ ਹੈ। ਇਸ ਸਮੇਂ ਦੌਰਾਨ ਆਂਡਿਆਂ ਨੂੰ ਬਹੁਤ ਨੁਕਸਾਨ ਪਹੁੰਚ ਸਕਦਾ ਹੈ। ਭੁੱਖੇ ਸ਼ੇਰ, ਹਾਈਨੇ, ਗਿੱਦੜ ਅਤੇ ਇਜਪਸ਼ੀਅਨ ਗਿਰਝ ਵੀ ਇਨ੍ਹਾਂ ਆਂਡਿਆਂ ਨੂੰ ਭਾਲਦੇ ਹੁੰਦੇ ਹਨ। ਗਿਰਝ ਆਂਡਿਆਂ ਤੇ ਰੋੜੇ ਸੁੱਟ ਕੇ ਉਨ੍ਹਾਂ ਦੀ ਛਿੱਲ ਤੋੜਨ ਦੀ ਕੋਸ਼ਿਸ਼ ਕਰਦੇ ਹਨ।
ਵੱਡੇ ਆਂਡੇ, ਵੱਡੇ ਚੂਚੇ
ਸ਼ੁਤਰਮੁਰਗ ਦੇ ਚਿੱਟੇ ਜਿਹੇ ਰੰਗ ਦੇ ਆਂਡੇ ਦੁਨੀਆਂ ਦੇ ਸਾਰਿਆਂ ਆਂਡਿਆਂ ਵਿੱਚੋਂ ਸਭ ਤੋਂ ਵੱਡੇ ਹਨ ਅਤੇ ਇਨ੍ਹਾਂ ਦਾ ਭਾਰ ਡੇਢ ਕਿਲੋਗ੍ਰਾਮ ਹੋ ਸਕਦਾ ਹੈ। ਇਨ੍ਹਾਂ ਦੀ ਛਿੱਲ ਨਰੋਈ ਅਤੇ ਲਿਸ਼ਕਦਾਰ ਹੈ, ਅਤੇ ਕੱਚ ਵਰਗੀ ਲੱਗਦੀ ਹੈ। ਸ਼ੁਤਰਮੁਰਗ ਦਾ ਹਰੇਕ ਆਂਡਾ ਕੂਕੜੀ ਦੇ 25 ਆਂਡਿਆਂ ਦੇ ਬਰਾਬਰ ਹੈ, ਅਤੇ ਇਹ ਪੌਸ਼ਟਿਕ ਅਤੇ ਸੁਆਦੀ ਹੋਣ ਕਾਰਨ ਪਸੰਦ ਕੀਤੇ ਜਾਂਦੇ ਹਨ। ਜੰਗਲ ਵਿਚ ਰਹਿਣ ਵਾਲੇ ਲੋਕ ਕਦੀ-ਕਦੀ ਖਾਲੀ ਛਿੱਲਾਂ ਨੂੰ ਪਾਣੀ ਪਾਉਣ ਵਾਸਤੇ ਵਰਤਦੇ ਹਨ।
ਜਦੋਂ ਇਨ੍ਹਾਂ ਵੱਡਿਆਂ ਆਂਡਿਆਂ ਵਿੱਚੋਂ ਚੂਚੇ ਨਿਕਲਦੇ ਹਨ, ਤਾਂ ਉਹ ਬਹੁਤ ਵੱਡੇ ਹੁੰਦੇ ਹਨ! ਨਵ-ਜੰਮੇ ਚੂਚੇ ਆਪਣੀ ਰੱਖਿਆ ਨਹੀਂ ਕਰ ਸਕਦੇ, ਪਰ ਉਹ ਬਹੁਤ ਜਲਦੀ ਹੀ ਵੱਧ ਜਾਂਦੇ ਹਨ ਅਤੇ ਮਾਨੋ ਆਂਡੇ ਵਿੱਚੋਂ ਨਿਕਲਦਿਆਂ ਹੀ ਦੌੜ ਸਕਦੇ ਹਨ। ਇਕ ਮਹੀਨੇ ਦੇ ਅੰਦਰ-ਅੰਦਰ ਉਨ੍ਹਾਂ ਦੀਆਂ ਤਕੜੀਆਂ ਲੱਤਾਂ 55 ਕਿਲੋਮੀਟਰ ਪ੍ਰਤਿ ਘੰਟੇ ਦੀ ਤੇਜ਼ੀ ਨਾਲ ਚੱਲਦੀਆਂ ਹਨ!
ਚੂਚਿਆਂ ਦੀ ਰੱਖਿਆ ਕਰਨੀ ਮਾਪਿਆਂ ਦੇ ਜ਼ਿੰਮੇ ਹੈ। ਇਹ ਸਿਰਫ਼ ਕਹਾਣੀ ਹੀ ਹੈ ਕਿ ਖ਼ਤਰੇ ਦਾ ਸਾਮ੍ਹਣਾ ਕਰਦੇ ਸਮੇਂ ਸ਼ੁਤਰਮੁਰਗ ਆਪਣਾ ਸਿਰ ਰੇਤੇ ਵਿਚ ਲੁਕੋ ਲੈਂਦਾ ਹੈ। ਇਸ ਦੇ ਉਲਟ, ਮਾਪੇ ਆਪਣਿਆਂ ਚੂਚਿਆਂ ਦੀ ਰੱਖਿਆ ਕਰਦੇ ਸਮੇਂ ਬਹੁਤ ਹੀ ਲੜਾਕੇ ਹੋ ਸਕਦੇ ਹਨ, ਅਤੇ ਸ਼ਿਕਾਰੀ ਜਾਨਵਰਾਂ ਨੂੰ ਤਾਕਤਵਰ ਠੁੱਡਾਂ ਮਾਰ ਕੇ ਭਜਾਉਂਦੇ ਹਨ। ਚੂਚਿਆਂ ਦੇ ਬਚਾਉ ਲਈ ਉਹ ਇਕ ਹੋਰ ਵੀ ਤਰੀਕਾ ਇਸਤੇਮਾਲ ਕਰਦੇ ਹਨ, ਉਹ ਜ਼ਖ਼ਮੀ ਹੋਣ ਦਾ ਦਿਖਾਵਾ ਕਰ ਕੇ ਸ਼ਿਕਾਰੀ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਉਹ ਸ਼ਿਕਾਰੀ ਦਾ ਧਿਆਨ ਚੂਚਿਆਂ ਤੋਂ ਹਟਾ ਕੇ ਆਪਣੇ ਵੱਲ ਖਿੱਚ ਲੈਂਦੇ ਹਨ। ਲੇਕਿਨ, ਜੇ ਸ਼ਿਕਾਰੀ ਉਨ੍ਹਾਂ ਦੇ ਜ਼ਿਆਦਾ ਨਜ਼ਦੀਕ ਆ ਜਾਵੇ ਤਾਂ ਮਾਪੇ ਅਕਸਰ ਆਪਣੀ ਜਾਨ ਬਚਾਉਣ ਲਈ ਦੌੜ ਜਾਂਦੇ ਹਨ ਅਤੇ ਆਪਣੇ ਚੂਚਿਆਂ ਨੂੰ ਖ਼ੁਦ ਆਪਣਾ ਬਚਾਉ ਕਰਨ ਲਈ ਛੱਡ ਦਿੰਦੇ ਹਨ। ਬਾਈਬਲ ਦਾ ਬਿਆਨ ਸੱਚ ਸਾਬਤ ਹੁੰਦਾ ਹੈ, ਕਿਉਂਕਿ ਇਨ੍ਹਾਂ ਮੌਕਿਆਂ ਤੇ ਸ਼ੁਤਰਮੁਰਗੀ “ਆਪਣੇ ਬੱਚਿਆਂ ਨਾਲ ਸਖ਼ਤੀ ਕਰਦੀ ਹੈ, ਭਈ ਜਿਵੇਂ ਓਹ ਉਸ ਦੇ ਨਹੀਂ।”—ਅੱਯੂਬ 39:16.
ਵਧੀਆ ਸਜਾਵਟੀ ਖੰਭ
ਹਜ਼ਾਰਾਂ ਹੀ ਸਾਲਾਂ ਲਈ, ਮਨੁੱਖ ਸ਼ੁਤਰਮੁਰਗ ਤੋਂ ਹੈਰਾਨ ਹੋਏ ਹਨ। ਪੱਥਰਾਂ ਉੱਤੇ ਘੜੀਆਂ ਗਈਆਂ ਤਸਵੀਰਾਂ ਵਿਚ ਪੁਰਾਣੇ ਜ਼ਮਾਨੇ ਦੇ ਮਿਸਰੀ ਰਾਜੇ ਸ਼ੁਤਰਮੁਰਗ ਦਾ ਤੀਰ-ਕਮਾਨ ਨਾਲ ਸ਼ਿਕਾਰ ਕਰਦੇ ਦਿਖਾਏ ਗਏ ਹਨ। ਕੁਝ ਸਭਿਅਤਾਵਾਂ ਵਿਚ ਸ਼ੁਤਰਮੁਰਗ ਪਵਿੱਤਰ ਸਮਝਿਆ ਗਿਆ ਸੀ। ਚੀਨੀ ਲੋਕ ਸ਼ੁਤਰਮੁਰਗ ਦੇ ਗੋਲ-ਗੋਲ ਆਂਡਿਆਂ ਨੂੰ ਬਹੁਤ ਕੀਮਤੀ ਸਮਝਦੇ ਸਨ ਅਤੇ ਇਨ੍ਹਾਂ ਨੂੰ ਵਧੀਆ ਤੋਹਫ਼ਿਆਂ ਵਜੋਂ ਹਾਕਮਾਂ ਨੂੰ ਪੇਸ਼ ਕਰਦੇ ਸਨ। ਹਜ਼ਾਰਾਂ ਸਾਲਾਂ ਲਈ, ਸ਼ੁਤਰਮੁਰਗ ਦੇ ਸੁੰਦਰ ਅਤੇ ਲੰਬੇ-ਲੰਬੇ ਖੰਭਾਂ ਨੇ ਫ਼ੌਜੀ ਜਨਰਲਾਂ, ਰਾਜਿਆਂ, ਅਤੇ ਅਫ਼ਰੀਕੀ ਪ੍ਰਧਾਨਾਂ ਦਿਆਂ ਸਿਹਰਿਆਂ ਨੂੰ ਸਜਾਇਆ ਹੈ।
ਚੌਦਵੀਂ ਸਦੀ ਵਿਚ, ਸ਼ੁਤਰਮੁਰਗ ਦੇ ਖੰਭ ਫ਼ੈਸ਼ਨ ਦੇ ਸ਼ੁਕੀਨ ਯੂਰਪੀ ਲੋਕਾਂ ਦੁਆਰਾ ਬਹੁਤ ਕੀਮਤੀ ਸਮਝੇ ਜਾਂਦੇ ਸਨ। ਲੇਕਿਨ, ਬਿਰਛਾਂ ਅਤੇ ਤੀਰਾਂ ਨਾਲ ਸ਼ੁਤਰਮੁਰਗ ਦਾ ਸ਼ਿਕਾਰ ਕਰਨਾ ਔਖਾ ਸੀ, ਕਿਉਂਕਿ ਉਸ ਦੀ ਨਜ਼ਰ ਤਿੱਖੀ ਹੈ ਅਤੇ ਉਹ ਖ਼ਤਰੇ ਤੋਂ ਛੇਤੀ ਭੱਜ ਜਾਂਦਾ ਹੈ। ਉਸ ਸਮੇਂ ਤੇ ਸ਼ੁਤਰਮੁਰਗਾਂ ਨੂੰ ਪੂਰੀ ਤਰ੍ਹਾਂ ਮਿਟਾਉਣ ਦਾ ਕੋਈ ਖ਼ਤਰਾ ਨਹੀਂ ਸੀ।
ਫਿਰ, ਉੱਨੀਵੀਂ ਸਦੀ ਵਿਚ, ਸ਼ੁਤਰਮੁਰਗ ਦਿਆਂ ਖੰਭਾਂ ਨੂੰ ਵਰਤਣ ਦਾ ਰਿਵਾਜ ਫਿਰ ਚੱਲ ਪਿਆ। ਪਰ ਹੁਣ, ਸ਼ਿਕਾਰੀਆਂ ਨੇ ਨਵੇਂ-ਨਵੇਂ ਹਥਿਆਰ ਵਰਤ ਕੇ ਲੱਖਾਂ ਹੀ ਸ਼ੁਤਰਮੁਰਗ ਮਾਰੇ। ਸ਼ੁਤਰਮੁਰਗਾਂ ਦਿਆਂ ਫਾਰਮਾਂ ਨੂੰ ਖੋਲ੍ਹ ਕੇ ਹੀ ਇਹ ਨਾ ਉੱਡਣ ਵਾਲੀਆਂ ਵੱਡੀਆਂ ਚਿੜੀਆਂ ਵਿਨਾਸ਼ ਤੋਂ ਬਚੀਆਂ। ਹੁਣ ਫਾਰਮਾਂ ਵਿਚ ਜੰਮੇ-ਪਲੇ ਸ਼ੁਤਰਮੁਰਗ ਫ਼ੈਸ਼ਨ ਲਈ ਅਤੇ ਖੰਭਦਾਰ ਡਸਟਰਾਂ ਲਈ ਪਾਲੇ ਜਾਂਦੇ ਹਨ। ਉਨ੍ਹਾਂ ਦੀ ਚਮੜੀ ਤੋਂ ਮੁਲਾਇਮ ਗਲਵ ਬਣਾਏ ਜਾਂਦੇ ਹਨ ਅਤੇ ਉਨ੍ਹਾਂ ਦਾ ਮਾਸ ਕੁਝ ਰੈਸਤੋਰਾਂ ਵਿਚ ਤਿਆਰ ਕੀਤਾ ਜਾਂਦਾ ਹੈ।
ਅੱਜ ਵੀ ਅਫ਼ਰੀਕੀ ਮੈਦਾਨਾਂ ਵਿਚ ਸ਼ਾਨਦਾਰ ਸ਼ੁਤਰਮੁਰਗ ਘੁੰਮਦਾ-ਫਿਰਦਾ ਹੈ। ਭਾਵੇਂ ਕਿ ਉਸ ਦੀ ਪਹਿਲੀ ਰਿਹਾਇਸ਼ ਬਹੁਤ ਘੱਟ ਗਈ ਹੈ ਅਤੇ ਕੁਝ ਇਲਾਕਿਆਂ ਵਿਚ ਇਹ ਹੁਣ ਲੱਭੇ ਨਹੀਂ ਜਾਂਦੇ, ਇਹ ਹਾਲੇ ਵੀ ਅੱਡਰੇ ਉਜਾੜ ਦੇ ਸੁੱਕੇ ਇਲਾਕਿਆਂ ਵਿਚ ਰਹਿਣਾ ਪਸੰਦ ਕਰਦੇ ਹਨ। ਮੈਦਾਨ ਵਿਚ ਇਸ ਨੂੰ ਆਪਣੇ ਵੱਡੇ ਲਮਕਦੇ ਖੰਭਾਂ ਨਾਲ ਦੌੜਦਿਆਂ, ਸਾਥੀ ਲੱਭਣ ਵਿਚ ਕਮਾਲ ਦਾ ਦਿਖਾਵਾ ਕਰਦਿਆਂ, ਜਾਂ ਆਲ੍ਹਣੇ ਵਿਚ ਵੱਡੇ ਆਂਡਿਆਂ ਦੀ ਦੇਖ-ਭਾਲ ਕਰਦਿਆਂ ਦੇਖਿਆ ਜਾ ਸਕਦਾ ਹੈ। ਸੱਚ-ਮੁੱਚ, ਇਹ ਤੇਜ਼ ਅਤੇ ਨਾ ਉੱਡਣ ਵਾਲੀ ਚਿੜੀ, ਇਕ ਹੋਰ ਮਨਮੋਹਣਾ ਖੰਭਦਾਰ ਜਾਨਵਰ ਹੈ ਜੋ ਉਨ੍ਹਾਂ ਸਾਰਿਆਂ ਨੂੰ ਖ਼ੁਸ਼ ਅਤੇ ਹੈਰਾਨ ਕਰਦਾ ਹੈ ਜੋ ਉਸ ਨੂੰ ਦੇਖਦੇ ਹਨ।
[ਸਫ਼ੇ 16 ਉੱਤੇ ਤਸਵੀਰ]
ਸ਼ੁਤਰਮੁਰਗ
[ਸਫ਼ੇ 16, 17 ਉੱਤੇ ਤਸਵੀਰ]
ਸ਼ੁਤਰਮੁਰਗ ਸਭ ਤੋਂ ਤੇਜ਼ ਜਾਨਵਰਾਂ ਵਿੱਚੋਂ ਇਕ ਹੈ
[ਸਫ਼ੇ 16 ਉੱਤੇ ਤਸਵੀਰ]
ਉਨ੍ਹਾਂ ਦੇ ਪੈਰ ਤਾਕਤਵਰ ਹਥਿਆਰ ਹੋ ਸਕਦੇ ਹਨ
[ਸਫ਼ੇ 18 ਉੱਤੇ ਤਸਵੀਰ]
ਇਕ ਸ਼ੁਤਰਮੁਰਗੀ