ਪਸ਼ੂ-ਪੰਛੀ ਯਹੋਵਾਹ ਦੀ ਵਡਿਆਈ ਕਰਦੇ ਹਨ
ਪਸ਼ੂ-ਪੰਛੀ ਯਹੋਵਾਹ ਦੀ ਸ਼ਾਨ ਦਾ ਸਬੂਤ ਹਨ। ਜਿਵੇਂ ਯਹੋਵਾਹ ਇਨਸਾਨਾਂ ਦੀ ਪਰਵਾਹ ਕਰਦਾ ਹੈ, ਉਵੇਂ ਹੀ ਉਹ ਜਾਨਵਰਾਂ ਦੀ ਵੀ ਪਰਵਾਹ ਕਰਦਾ ਹੈ। (ਜ਼ਬੂਰਾਂ ਦੀ ਪੋਥੀ 145:16) ਤਾਂ ਫਿਰ ਇਨਸਾਨਾਂ ਤੇ ਜਾਨਵਰਾਂ ਦੇ ਸਿਰਜਣਹਾਰ ਦੀ ਨੁਕਤਾਚੀਨੀ ਕਰਨੀ ਬਹੁਤ ਵੱਡੀ ਗ਼ਲਤੀ ਹੋਵੇਗੀ। ਹਾਲਾਂਕਿ ਅੱਯੂਬ ਨਾਂ ਦਾ ਆਦਮੀ ਧਰਮੀ ਸੀ, ਪਰ ਉਸ ਨੇ “ਆਪਣੇ ਆਪ ਨੂੰ ਨਾ ਕਿ ਪਰਮੇਸ਼ੁਰ ਨੂੰ ਧਰਮੀ ਠਹਿਰਾਇਆ।” ਇਸ ਲਈ ਉਸ ਨੂੰ ਤਾੜਨਾ ਦਿੱਤੀ ਗਈ।—ਅੱਯੂਬ 32:2; 33:8-12; 34:5.
ਅੱਯੂਬ ਨੇ ਪਸ਼ੂ-ਪੰਛੀਆਂ ਦੀਆਂ ਮਿਸਾਲਾਂ ਤੋਂ ਸਿੱਖਿਆ ਕਿ ਇਨਸਾਨਾਂ ਨੂੰ ਪਰਮੇਸ਼ੁਰ ਦੇ ਕੰਮ ਕਰਨ ਦੇ ਤਰੀਕਿਆਂ ਬਾਰੇ ਸਵਾਲ ਉਠਾਉਣ ਦਾ ਕੋਈ ਹੱਕ ਨਹੀਂ ਹੈ। ਇਹ ਗੱਲ ਸਾਫ਼ ਜ਼ਾਹਰ ਹੁੰਦੀ ਹੈ ਜਦ ਅਸੀਂ ਯਹੋਵਾਹ ਦੇ ਆਪਣੇ ਸੇਵਕ ਅੱਯੂਬ ਨੂੰ ਕਹੇ ਲਫ਼ਜ਼ਾਂ ਤੇ ਵਿਚਾਰ ਕਰਦੇ ਹਾਂ।
ਪਸ਼ੂ-ਪੰਛੀ ਇਨਸਾਨਾਂ ਤੇ ਨਿਰਭਰ ਨਹੀਂ
ਪਰਮੇਸ਼ੁਰ ਨੇ ਅੱਯੂਬ ਤੋਂ ਪਸ਼ੂ-ਪੰਛੀਆਂ ਦੀ ਜ਼ਿੰਦਗੀ ਬਾਰੇ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਅੱਯੂਬ ਕੋਲ ਕੋਈ ਜਵਾਬ ਨਹੀਂ ਸੀ। (ਅੱਯੂਬ 38:39-41) ਇਸ ਤੋਂ ਸਪੱਸ਼ਟ ਹੈ ਕਿ ਯਹੋਵਾਹ ਇਨਸਾਨਾਂ ਦੀ ਮਦਦ ਤੋਂ ਬਿਨਾਂ ਸ਼ੇਰ ਅਤੇ ਪਹਾੜੀ ਕਾਂ ਨੂੰ ਖਿਲਾਉਂਦਾ-ਪਿਲਾਉਂਦਾ ਹੈ। ਇਹ ਠੀਕ ਹੈ ਕਿ ਕਾਂ ਭੋਜਨ ਦੀ ਤਲਾਸ਼ ਵਿਚ ਇੱਧਰ-ਉੱਧਰ ਉੱਡਦੇ ਹਨ, ਪਰ ਅਸਲ ਵਿਚ ਪਰਮੇਸ਼ੁਰ ਹੀ ਉਨ੍ਹਾਂ ਨੂੰ ਖਾਣ-ਪੀਣ ਨੂੰ ਦਿੰਦਾ ਹੈ।—ਲੂਕਾ 12:24.
ਅੱਯੂਬ ਚਕਰਾ ਗਿਆ ਜਦ ਪਰਮੇਸ਼ੁਰ ਨੇ ਉਸ ਨੂੰ ਜੰਗਲੀ ਜਨੌਰਾਂ ਬਾਰੇ ਸਵਾਲ ਕੀਤੇ। (ਅੱਯੂਬ 39:1-8) ਕੋਈ ਵੀ ਇਨਸਾਨ ਪਹਾੜੀ ਬੱਕਰੀਆਂ ਅਤੇ ਹਰਨੀਆਂ ਦੀ ਰਾਖੀ ਨਹੀਂ ਕਰ ਸਕਦਾ। ਇਨਸਾਨ ਤਾਂ ਪਹਾੜੀ ਬੱਕਰੀਆਂ ਦੇ ਨੇੜੇ ਵੀ ਨਹੀਂ ਜਾ ਸਕਦਾ! (ਜ਼ਬੂਰਾਂ ਦੀ ਪੋਥੀ 104:18) ਪਰਮੇਸ਼ੁਰ ਤੋਂ ਮਿਲੀ ਸੁਭਾਵਕ ਬੁੱਧ ਅਨੁਸਾਰ ਹਰਨੀ ਬੱਚਿਆਂ ਨੂੰ ਜਨਮ ਦੇਣ ਲਈ ਜੰਗਲ ਵਿਚ ਚਲੇ ਜਾਂਦੀ ਹੈ। ਉਹ ਬੱਚਿਆਂ ਦੀ ਚੰਗੀ ਦੇਖ-ਭਾਲ ਕਰਦੀ ਹੈ, ਪਰ ਜਦੋਂ ਉਹ “ਤਕੜੇ ਹੋ ਜਾਂਦੇ” ਹਨ, ਤਾਂ ਉਹ ‘ਨਿੱਕਲ ਜਾਂਦੇ ਹਨ ਅਤੇ ਮੁੜ ਉਸ ਕੋਲ ਨਹੀਂ ਆਉਂਦੇ।’ ਫਿਰ ਉਹ ਆਪਣੀ ਦੇਖ-ਭਾਲ ਆਪ ਕਰਦੇ ਹਨ।
ਜ਼ੈਬਰਾ ਖੁੱਲ੍ਹੇ-ਆਮ ਘੁੰਮਦਾ ਹੈ ਤੇ ਜੰਗਲੀ ਗਧਾ ਉਜਾੜ ਵਿਚ ਰਹਿੰਦਾ ਹੈ। ਅੱਯੂਬ ਜੰਗਲੀ ਗਧੇ ਨੂੰ ਭਾਰ ਢੋਣ ਲਈ ਨਹੀਂ ਵਰਤ ਸਕਦਾ ਸੀ। ਇਹ ਜਨੌਰ “ਹਰ ਇੱਕ ਹਰੀ ਚੀਜ਼” ਦੀ ਭਾਲ ਵਿਚ ਪਹਾੜਾਂ ਨੂੰ ਛਾਣ ਮਾਰਦਾ ਹੈ। ਇਨਸਾਨਾਂ ਤੋਂ ਸੌਖਿਆਂ ਹੀ ਘਾਹ ਮਿਲ ਜਾਣ ਦੇ ਬਦਲੇ ਇਹ ਆਪਣੀ ਆਜ਼ਾਦੀ ਨਹੀਂ ਗੁਆਉਣੀ ਚਾਹੁੰਦਾ। “ਉਹ ਹੱਕਣ ਵਾਲੇ ਦੇ ਸ਼ੋਰ ਨੂੰ ਨਹੀਂ ਸੁਣਦਾ” ਕਿਉਂਕਿ ਉਹ ਇਨਸਾਨ ਦੇ ਪੈਰਾਂ ਦੀ ਆਵਾਜ਼ ਸੁਣਦੇ ਸਾਰ ਹੀ ਉੱਥੋਂ ਫੱਟ ਭੱਜ ਜਾਂਦਾ ਹੈ।
ਫਿਰ ਪਰਮੇਸ਼ੁਰ ਨੇ ਜੰਗਲੀ ਸਾਨ੍ਹ ਦੀ ਗੱਲ ਕੀਤੀ। (ਅੱਯੂਬ 39:9-12) ਇਸ ਜਨੌਰ ਬਾਰੇ ਅੰਗ੍ਰੇਜ਼ੀ ਪੁਰਾਤੱਤਵ-ਵਿਗਿਆਨੀ ਔਸਟਿਨ ਲੇਅਰਡ ਨੇ ਲਿਖਿਆ: “ਨਕਾਸ਼ੀਆਂ ਵਿਚ ਅਕਸਰ ਦਿਖਾਈਆਂ ਜੰਗਲੀ ਸਾਨ੍ਹ ਦੀਆਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਨੂੰ ਸ਼ੇਰ ਜਿੰਨਾ ਹੀ ਖੂੰਖਾਰ ਸਮਝਿਆ ਜਾਂਦਾ ਸੀ ਤੇ ਇਸ ਦਾ ਸ਼ਿਕਾਰ ਕਰਨਾ ਬਹਾਦਰੀ ਤੇ ਸ਼ਾਨ ਦੀ ਗੱਲ ਮੰਨੀ ਜਾਂਦੀ ਸੀ। ਤਸਵੀਰਾਂ ਵਿਚ ਅਕਸਰ ਰਾਜੇ ਨੂੰ ਇਸ ਨਾਲ ਮੁਕਾਬਲਾ ਕਰਦੇ ਦਿਖਾਇਆ ਗਿਆ ਹੈ ਅਤੇ ਸਿਪਾਹੀ ਘੋੜਿਆਂ ਤੇ ਸਵਾਰ ਹੋ ਕੇ ਅਤੇ ਪੈਦਲ ਇਸ ਦਾ ਪਿੱਛਾ ਕਰਦੇ ਸਨ।” (ਨੀਨਵਾਹ ਅਤੇ ਇਸ ਦੇ ਖੰਡਰਾਤ [ਅੰਗ੍ਰੇਜ਼ੀ], 1849, ਖੰਡ 2, ਸਫ਼ਾ 326) ਪਰ ਕੋਈ ਵੀ ਬੁੱਧੀਮਾਨ ਬੰਦਾ ਇਸ ਤਾਕਤਵਰ ਜੰਗਲੀ ਸਾਨ੍ਹ ਨੂੰ ਜੋਤਣ ਦੀ ਕੋਸ਼ਿਸ਼ ਨਹੀਂ ਕਰਦਾ।—ਜ਼ਬੂਰਾਂ ਦੀ ਪੋਥੀ 22:21.
ਪੰਛੀ ਯਹੋਵਾਹ ਦੀ ਵਡਿਆਈ ਕਰਦੇ ਹਨ
ਫਿਰ ਪਰਮੇਸ਼ੁਰ ਨੇ ਅੱਯੂਬ ਤੋਂ ਪੰਛੀਆਂ ਬਾਰੇ ਸਵਾਲ ਪੁੱਛੇ। (ਅੱਯੂਬ 39:13-18) ਲਮਢੀਂਗ ਆਪਣੇ ਤਾਕਤਵਰ ਪਰਾਂ ਦੇ ਸਹਾਰੇ ਆਕਾਸ਼ ਵਿਚ ਉੱਡਦਾ ਹੈ। (ਯਿਰਮਿਯਾਹ 8:7) ਮਾਦਾ ਸ਼ੁਤਰਮੁਰਗ ਦੇ ਵੀ ਖੰਭ ਹਨ, ਪਰ ਉਹ ਉੱਡ ਨਹੀਂ ਸਕਦੀ। ਉਹ ਲਮਢੀਂਗ ਵਾਂਗ ਆਪਣੇ ਆਂਡੇ ਰੁੱਖ ਤੇ ਬਣਾਏ ਆਲ੍ਹਣੇ ਵਿਚ ਨਹੀਂ ਦਿੰਦੀ। (ਜ਼ਬੂਰਾਂ ਦੀ ਪੋਥੀ 104:17) ਉਹ ਰੇਤ ਵਿਚ ਟੋਆ ਪੁੱਟ ਕੇ ਆਂਡੇ ਦਿੰਦੀ ਹੈ। ਪਰ ਇਹ ਪੰਛੀ ਆਂਡੇ ਛੱਡ ਕੇ ਕਿਧਰੇ ਨਹੀਂ ਜਾਂਦਾ। ਰੇਤ ਨਾਲ ਢਕੇ ਹੋਏ ਆਂਡਿਆਂ ਨੂੰ ਢੁਕਵਾਂ ਤਾਪਮਾਨ ਮਿਲਦਾ ਹੈ ਅਤੇ ਨਰ ਤੇ ਮਾਦਾ ਦੋਵੇਂ ਇਨ੍ਹਾਂ ਦੀ ਨਿਗਰਾਨੀ ਕਰਦੇ ਹਨ।
ਸਾਨੂੰ ਸ਼ਾਇਦ ਜਾਪੇ ਕਿ ਸ਼ਿਕਾਰੀ ਦੇ ਆਉਣ ਦੀ ਭਿਣਕ ਪੈਂਦਿਆਂ ਹੀ ਮਾਦਾ ਸ਼ੁਤਰਮੁਰਗ ਆਪਣੀ “ਬੁੱਧੀ ਭੁੱਲਾ” ਕੇ ਦੌੜ ਜਾਂਦੀ ਹੈ। ਪਰ ਬਾਈਬਲ ਸਮਿਆਂ ਦੇ ਜਾਨਵਰਾਂ ਦਾ ਐਨਸਾਈਕਲੋਪੀਡੀਆ (ਅੰਗ੍ਰੇਜ਼ੀ) ਦੱਸਦਾ ਹੈ: “ਇਹ ਧਿਆਨ ਹਟਾਉਣ ਦੀ ਤਕਨੀਕ ਹੈ: [ਸ਼ੁਤਰਮੁਰਗ] ਆਪਣੇ ਆਪ ਨੂੰ ਆਕਰਸ਼ਕ ਬਣਾ ਲੈਂਦੇ ਹਨ ਤੇ ਕਿਸੇ ਜਾਨਵਰ ਜਾਂ ਵਿਅਕਤੀ ਦਾ ਧਿਆਨ ਖਿੱਚਣ ਲਈ ਆਪਣੇ ਖੰਭਾਂ ਨੂੰ ਫੜਫੜਾਉਂਦੇ ਹਨ ਤੇ ਉਨ੍ਹਾਂ ਨੂੰ ਆਂਡਿਆਂ ਤੋਂ ਦੂਰ ਲੈ ਜਾਂਦੇ ਹਨ।”
ਇਸ ਦਾ ਕੀ ਮਤਲਬ ਹੈ ਕਿ ਮਾਦਾ ਸ਼ੁਤਰਮੁਰਗ “ਘੋੜੇ ਤੇ ਉਸ ਦੇ ਅਸਵਾਰ ਉੱਤੇ ਹੱਸਦੀ ਹੈ”? ਦ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਸ਼ੁਤਰਮੁਰਗ ਉੱਡ ਨਹੀਂ ਸਕਦਾ, ਪਰ ਇਸ ਦੇ ਦੌੜਨ ਦੀ ਰਫ਼ਤਾਰ ਬਹੁਤ ਤੇਜ਼ ਹੈ। ਇਹ ਆਪਣੀਆਂ ਲੰਬੀਆਂ ਲੱਤਾਂ ਨਾਲ ਲੰਬੀਆਂ-ਲੰਬੀਆਂ ਪੁਲਾਂਘਾ ਪੁੱਟਦਾ ਹੈ। ਇਸ ਦੀ ਇਕ ਪੁਲਾਂਘ 4.6 ਮੀਟਰ ਲੰਬੀ ਹੁੰਦੀ ਹੈ ਤੇ ਇਹ 64 ਕਿਲੋਮੀਟਰ ਪ੍ਰਤਿ ਘੰਟਾ ਦੀ ਰਫ਼ਤਾਰ ਨਾਲ ਦੌੜਦਾ ਹੈ।”
ਪਰਮੇਸ਼ੁਰ ਘੋੜੇ ਨੂੰ ਬਲ ਦਿੰਦਾ ਹੈ
ਫਿਰ ਪਰਮੇਸ਼ੁਰ ਨੇ ਅੱਯੂਬ ਨੂੰ ਘੋੜੇ ਬਾਰੇ ਸਵਾਲ ਕੀਤਾ। (ਅੱਯੂਬ 39:19-25) ਪੁਰਾਣੇ ਸਮਿਆਂ ਵਿਚ ਯੋਧੇ ਘੋੜਿਆਂ ਤੇ ਸਵਾਰ ਹੋ ਕੇ ਲੜਦੇ ਸਨ। ਘੋੜਿਆਂ ਨੂੰ ਰਥ ਅੱਗੇ ਵੀ ਜੋੜਿਆ ਜਾਂਦਾ ਸੀ ਜਿਸ ਵਿਚ ਸਾਰਥੀ ਤੇ ਸ਼ਾਇਦ ਦੋ ਸਿਪਾਹੀ ਹੁੰਦੇ ਸਨ। ਯੁੱਧ ਲਈ ਉਤਾਵਲਾ ਘੋੜਾ ਹਿਣਕਦਾ ਅਤੇ ਜ਼ਮੀਨ ਤੇ ਟਾਪਾਂ ਮਾਰਦਾ ਸੀ। ਇਹ ਡਰਦਾ ਨਹੀਂ ਤੇ ਨਾ ਹੀ ਤਲਵਾਰ ਦੇਖ ਕੇ ਪਿਛਾਂਹ ਮੁੜਦਾ ਸੀ। ਤੁਰ੍ਹੀ ਦੀ ਆਵਾਜ਼ ਸੁਣਦਿਆਂ ਹੀ ਘੋੜਾ ਹਿਣਕਦਾ ਸੀ। ਉਹ ਇੰਨੀ ਤੇਜ਼ੀ ਨਾਲ ਯੁੱਧ ਦੇ ਮੈਦਾਨ ਵਿਚ ਉੱਤਰਦਾ ਸੀ ਕਿ ਮਾਨੋ ਉਹ “ਧਰਤੀ ਨੂੰ ਖਾਈ ਜਾਂਦਾ ਸੀ।” ਪਰ ਇਹ ਆਪਣੇ ਸਵਾਰ ਦੀ ਆਗਿਆ ਮੰਨਦਾ ਸੀ।
ਪੁਰਾਤੱਤਵ-ਵਿਗਿਆਨੀ ਲੇਅਰਡ ਨੇ ਲਿਖਿਆ: ‘ਭਾਵੇਂ ਕਿ ਅਰਬੀ ਘੋੜੀ ਲੇਲੇ ਵਾਂਗ ਪਾਲਤੂ ਹੁੰਦੀ ਹੈ ਤੇ ਸੌਖਿਆਂ ਹੀ ਘੋੜਸਵਾਰ ਦਾ ਕਹਿਣਾ ਮੰਨਦੀ ਹੈ, ਪਰ ਜਦੋਂ ਉਹ ਲੜਾਈ ਲਈ ਕਬੀਲੇ ਦਾ ਹੋਕਾ ਸੁਣਦੀ ਹੈ ਤੇ ਆਪਣੇ ਸਵਾਰ ਦੇ ਲਿਸ਼ਕਦੇ ਨੇਜ਼ੇ ਨੂੰ ਦੇਖਦੀ ਹੈ, ਤਾਂ ਉਸ ਦੀਆਂ ਅੱਖਾਂ ਅੱਗ ਦੀਆਂ ਲਾਟਾਂ ਬਣ ਜਾਂਦੀਆਂ ਹਨ, ਲਾਲ ਸੂਹੀਆਂ ਨਾਸਾਂ ਫੁਲ ਜਾਂਦੀਆਂ ਹਨ, ਧੌਣ ਮਹਿਰਾਬਦਾਰ ਹੋ ਜਾਂਦੀ ਹੈ, ਉਸ ਦੀ ਪੂਛ ਅਤੇ ਅਯਾਲ (ਗਰਦਨ ਦੇ ਵਾਲ) ਤਣ ਕੇ ਹਵਾ ਦੇ ਰੁਖ ਵੱਲ ਨੂੰ ਹੋ ਜਾਂਦੇ ਹਨ।’—ਨੀਨਵਾਹ ਅਤੇ ਬਾਬਲ ਦੇ ਖੰਡਰਾਂ ਦੀਆਂ ਲੱਭਤਾਂ (ਅੰਗ੍ਰੇਜ਼ੀ), 1853, ਸਫ਼ਾ 330.
ਬਾਜ਼ ਅਤੇ ਉਕਾਬ ਤੇ ਗੌਰ ਕਰੋ
ਫਿਰ ਯਹੋਵਾਹ ਨੇ ਅੱਯੂਬ ਦਾ ਧਿਆਨ ਹੋਰਨਾਂ ਪੰਛੀਆਂ ਵੱਲ ਖਿੱਚਿਆ। (ਅੱਯੂਬ 39:26-30) ਬਾਜ਼ ‘ਉੱਡਦੇ ਹਨ ਤੇ ਦੱਖਣ ਵੱਲ ਆਪਣੇ ਖੰਭਾਂ ਨੂੰ ਫੈਲਾਉਂਦੇ ਹਨ।’ ਗਿਨਿਸ ਬੁੱਕ ਆਫ਼ ਰੈਕੋਡਸ ਪੇਰੇਗ੍ਰੀਨ ਬਾਜ਼ ਨੂੰ ਸਭ ਤੋਂ ਤੇਜ਼ ਉੱਡਣ ਵਾਲਾ ਪੰਛੀ ਦੱਸਦੀ ਹੋਈ ਕਹਿੰਦੀ ਹੈ ਕਿ ਇਹ “ਜਦੋਂ ਉੱਚਾਈ ਤੋਂ ਹਵਾ ਵਿਚ ਕਲਾਬਾਜ਼ੀਆਂ ਖਾਂਦਾ ਹੋਇਆ ਸ਼ਿਕਾਰ ਤੇ ਝਪਟਦਾ ਹੈ ਜਾਂ ਹਵਾ ਵਿਚ ਪੰਛੀਆਂ ਦਾ ਸ਼ਿਕਾਰ ਕਰਦਾ ਹੈ, ਤਾਂ ਇਸ ਦੀ ਰਫ਼ਤਾਰ ਬਾਕੀ ਪੰਛੀਆਂ ਦੇ ਸਾਰੇ ਰਿਕਾਰਡ ਤੋੜ ਦਿੰਦੀ ਹੈ।” ਇਹ ਪੰਛੀ 45 ਡਿਗਰੀ ਦੇ ਐਂਗਲ ਤੇ 349 ਕਿਲੋਮੀਟਰ ਪ੍ਰਤਿ ਘੰਟਾ ਦੀ ਰਫ਼ਤਾਰ ਨਾਲ ਥੱਲੇ ਉਤਰਦਾ ਹੈ!
ਉਕਾਬ 130 ਕਿਲੋਮੀਟਰ ਪ੍ਰਤਿ ਘੰਟਾ ਦੀ ਰਫ਼ਤਾਰ ਨਾਲ ਉੱਡਦੇ ਹਨ। ਅੱਯੂਬ ਨੇ ਜ਼ਿੰਦਗੀ ਦੇ ਬੀਤਣ ਦੀ ਰਫ਼ਤਾਰ ਦੀ ਤੁਲਨਾ ਸ਼ਿਕਾਰ ਦੀ ਭਾਲ ਕਰ ਰਹੇ ਉਕਾਬ ਦੀ ਰਫ਼ਤਾਰ ਨਾਲ ਕੀਤੀ ਸੀ। (ਅੱਯੂਬ 9:25, 26) ਪਰਮੇਸ਼ੁਰ ਸਾਨੂੰ ਧੀਰਜ ਨਾਲ ਅੱਗੇ ਵਧਦੇ ਰਹਿਣ ਦੀ ਤਾਕਤ ਦਿੰਦਾ ਹੈ ਜਿਵੇਂ ਕਿ ਅਸੀਂ ਉਚਾਈ ਤੇ ਉੱਡ ਰਹੇ ਉਕਾਬ ਦੇ ਅਣਥੱਕ ਖੰਭਾਂ ਤੇ ਹੋਈਏ। (ਯਸਾਯਾਹ 40:31) ਉਕਾਬ ਘੱਟ ਤੋਂ ਘੱਟ ਤਾਕਤ ਦਾ ਇਸਤੇਮਾਲ ਕਰ ਕੇ ਆਕਾਸ਼ ਵਿਚ ਉੱਡਦਾ ਰਹਿੰਦਾ ਹੈ। ਇਸ ਦੇ ਲਈ ਉਹ ਉੱਪਰ ਉੱਠਣ ਵਾਲੀਆਂ ਗਰਮ ਹਵਾਵਾਂ ਦੀਆਂ ਲਹਿਰਾਂ ਦਾ ਇਸਤੇਮਾਲ ਕਰਦਾ ਹੈ ਜਿਨ੍ਹਾਂ ਨੂੰ ਥਰਮਲ ਕਿਹਾ ਜਾਂਦਾ ਹੈ। ਉਕਾਬ ਗਰਮ ਹਵਾ ਦੇ ਖੇਤਰ ਵਿਚ ਹੀ ਚੱਕਰ ਕੱਟਦਾ ਰਹਿੰਦਾ ਹੈ ਜਿਸ ਨਾਲ ਉਸ ਨੂੰ ਜ਼ਿਆਦਾ ਉਚਾਈ ਤੇ ਜਾਣ ਵਿਚ ਮਦਦ ਮਿਲਦੀ ਹੈ। ਜਦ ਉਹ ਕਾਫ਼ੀ ਉਚਾਈ ਤਕ ਚਲੇ ਜਾਂਦਾ ਹੈ, ਤਾਂ ਉਹ ਗਰਮ ਹਵਾਵਾਂ ਦੀਆਂ ਹੋਰਨਾਂ ਲਹਿਰਾਂ ਵਿਚ ਬਿਨਾਂ ਖੰਭ ਫੜਫੜਾਏ ਉੱਡਦਾ ਰਹਿੰਦਾ ਹੈ। ਇਸ ਤਰ੍ਹਾਂ ਉਹ ਘੱਟ ਤੋਂ ਘੱਟ ਊਰਜਾ ਖ਼ਰਚ ਕਰ ਕੇ ਘੰਟਿਆਂ-ਬੱਧੀ ਉਚਾਈ ਤੇ ਰਹਿ ਸਕਦਾ ਹੈ।
ਉਕਾਬ ‘ਉਚਿਆਈ ਤੇ ਆਪਣਾ ਆਹਲਣਾ ਬਣਾਉਂਦਾ ਹੈ’ ਜਿੱਥੇ ਕੋਈ ਨਹੀਂ ਅਪੜ ਸਕਦਾ। ਇਸ ਤਰ੍ਹਾਂ ਉਹ ਆਪਣੇ ਬੱਚਿਆਂ ਨੂੰ ਖ਼ਤਰੇ ਤੋਂ ਬਚਾ ਕੇ ਰੱਖਦਾ ਹੈ। ਯਹੋਵਾਹ ਨੇ ਉਕਾਬ ਨੂੰ ਇਸੇ ਤਰ੍ਹਾਂ ਬਣਾਇਆ ਸੀ ਕਿ ਉਕਾਬ ਸਹਿਜ-ਸੁਭਾਅ ਇਹ ਸਭ ਕੁਝ ਕਰੇ। ਪਰਮੇਸ਼ੁਰ ਨੇ ਉਸ ਨੂੰ ਇੰਨੀ ਤੇਜ਼ ਨਜ਼ਰ ਦਿੱਤੀ ਹੈ ਕਿ “[ਉਕਾਬ] ਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ ਹਨ।” ਤੇਜ਼ੀ ਨਾਲ ਨਜ਼ਰ ਟਿਕਾਉਣ ਦੀ ਕਾਬਲੀਅਤ ਸਦਕਾ ਥੱਲੇ ਆਉਂਦੇ ਸਮੇਂ ਉਕਾਬ ਦਾ ਧਿਆਨ ਆਪਣੇ ਸ਼ਿਕਾਰ ਜਾਂ ਕਿਸੇ ਲੋਥ ਤੇ ਟਿਕਿਆ ਰਹਿੰਦਾ ਹੈ। ਇਹ ਪਸ਼ੂਆਂ ਦੀਆਂ ਲੋਥਾਂ ਖਾਂਦਾ ਹੈ। ਇਸ ਤਰ੍ਹਾਂ ‘ਜਿੱਥੇ ਵੱਢੇ ਹੋਏ ਹਨ ਉੱਥੇ ਇਹ ਹੁੰਦਾ ਹੈ।’ ਇਹ ਪੰਛੀ ਛੋਟੇ-ਛੋਟੇ ਜਾਨਵਰਾਂ ਨੂੰ ਆਪਣੇ ਬੱਚਿਆਂ ਦਾ ਖਾਜਾ ਬਣਾਉਂਦਾ ਹੈ।
ਯਹੋਵਾਹ ਨੇ ਅੱਯੂਬ ਨੂੰ ਤਾੜਿਆ
ਪਸ਼ੂ-ਪੰਛੀਆਂ ਸੰਬੰਧੀ ਹੋਰ ਸਵਾਲ ਕਰਨ ਤੋਂ ਪਹਿਲਾਂ ਪਰਮੇਸ਼ੁਰ ਨੇ ਅੱਯੂਬ ਨੂੰ ਤਾੜਿਆ। ਅੱਯੂਬ ਨੇ ਕੀ ਕੀਤਾ ਸੀ? ਉਸ ਨੇ ਨਿਮਰਤਾ ਨਾਲ ਤਾੜਨਾ ਸਵੀਕਾਰ ਕੀਤੀ ਸੀ।—ਅੱਯੂਬ 40:1-14.
ਅੱਯੂਬ ਦੇ ਤਜਰਬਿਆਂ ਦੇ ਪ੍ਰੇਰਿਤ ਬਿਰਤਾਂਤ ਤੋਂ ਅਸੀਂ ਜ਼ਰੂਰੀ ਸਬਕ ਸਿੱਖਦੇ ਹਾਂ। ਇਹ ਸਬਕ ਹੈ: ਸਰਬਸ਼ਕਤੀਮਾਨ ਵਿਚ ਨੁਕਸ ਕੱਢਣ ਦਾ ਕਿਸੇ ਵੀ ਇਨਸਾਨ ਕੋਲ ਜਾਇਜ਼ ਕਾਰਨ ਨਹੀਂ ਹੈ। ਸਾਨੂੰ ਉਹੀ ਗੱਲਾਂ ਤੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਤੋਂ ਸਾਡਾ ਸੁਰਗੀ ਪਿਤਾ ਖ਼ੁਸ਼ ਹੁੰਦਾ ਹੈ। ਇਸ ਤੋਂ ਇਲਾਵਾ, ਸਾਡੇ ਲਈ ਸਭ ਤੋਂ ਜ਼ਰੂਰੀ ਗੱਲ ਇਹੋ ਹੋਣੀ ਚਾਹੀਦੀ ਹੈ ਕਿ ਅਸੀਂ ਯਹੋਵਾਹ ਦੇ ਨਾਂ ਨੂੰ ਉੱਚਾ ਕਰੀਏ ਅਤੇ ਸਾਰੀ ਦੁਨੀਆਂ ਉੱਤੇ ਉਸ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਠਹਿਰਾਈਏ।
ਦਰਿਆਈ ਘੋੜਾ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ
ਜਾਨਵਰਾਂ ਵੱਲ ਮੁੜ ਧਿਆਨ ਖਿੱਚਦਿਆਂ ਪਰਮੇਸ਼ੁਰ ਨੇ ਅੱਯੂਬ ਨੂੰ ਦਰਿਆਈ ਘੋੜੇ ਬਾਰੇ ਸਵਾਲ ਕੀਤਾ ਸੀ। (ਅੱਯੂਬ 40:15-24) ਵੱਡਾ ਹੋਣ ਤੇ ਦਰਿਆਈ ਘੋੜੇ ਦੀ ਲੰਬਾਈ 4 ਤੋਂ 5 ਮੀਟਰ ਤਕ ਪਹੁੰਚ ਸਕਦੀ ਹੈ ਤੇ ਇਸ ਦਾ ਵਜ਼ਨ 3,600 ਕਿਲੋਗ੍ਰਾਮ ਹੋ ਸਕਦਾ ਹੈ। ਦਰਿਆਈ ਘੋੜੇ ਦਾ “ਬਲ ਉਹ ਦੀ ਕਮਰ ਵਿੱਚ ਹੈ” ਯਾਨੀ ਉਸ ਦੇ ਪਿਛਲੇ ਪਾਸੇ ਦੇ ਪੱਠਿਆਂ ਵਿਚ ਹੁੰਦਾ ਹੈ। ਇਸ ਦੇ ਢਿੱਡ ਦੀ ਮੋਟੀ ਚਮੜੀ ਉਦੋਂ ਕੰਮ ਆਉਂਦੀ ਹੈ ਜਦੋਂ ਇਹ ਨਦੀ ਵਿਚਲੇ ਪੱਥਰਾਂ ਉੱਤੋਂ ਦੀ ਆਪਣੀਆਂ ਛੋਟੀਆਂ-ਛੋਟੀਆਂ ਲੱਤਾਂ ਦੇ ਸਹਾਰੇ ਆਪਣੇ ਭਾਰੇ ਸਰੀਰ ਨੂੰ ਖਿੱਚਦਾ ਹੈ। ਸੱਚ-ਮੁੱਚ, ਇਨਸਾਨ ਇਸ ਵਿਸ਼ਾਲ ਸਰੀਰ, ਵੱਡੇ ਮੂੰਹ ਤੇ ਸ਼ਕਤੀਸ਼ਾਲੀ ਜਬਾੜ੍ਹਿਆਂ ਵਾਲੇ ਦਰਿਆਈ ਘੋੜੇ ਦਾ ਮੁਕਾਬਲਾ ਨਹੀਂ ਕਰ ਸਕਦੇ।
ਦਰਿਆਈ ਘੋੜਾ ਨਦੀ ਵਿੱਚੋਂ ਬਾਹਰ ਆ ਕੇ “ਘਾਹ” ਖਾਂਦਾ ਹੈ। ਲੱਗਦਾ ਹੈ ਜਿੱਦਾਂ ਇਸ ਦੇ ਜ਼ਿੰਦਾ ਰਹਿਣ ਲਈ ਪੂਰੇ ਪਹਾੜ ਦੀ ਬਨਸਪਤੀ ਵੀ ਕਾਫ਼ੀ ਨਹੀਂ ਹੋਵੇਗੀ। ਇਹ ਦਿਨ ਵਿਚ ਤਕਰੀਬਨ 90 ਤੋਂ 180 ਕਿਲੋਗ੍ਰਾਮ ਘਾਹ-ਪੱਤ ਖਾ ਜਾਂਦਾ ਹੈ। ਭੁੱਖ ਮਿਟਾਉਣ ਤੋਂ ਬਾਅਦ ਦਰਿਆਈ ਘੋੜਾ ਕੁਮੁਦਿਨੀ ਦੇ ਪੌਦਿਆਂ ਜਾਂ ਪੋਪਲਰ ਦੇ ਰੁੱਖਾਂ ਥੱਲੇ ਲੇਟ ਜਾਂਦਾ ਹੈ। ਨਦੀ ਦਾ ਪਾਣੀ ਹੱਦੋਂ ਬਾਹਰ ਵਹਿ ਰਿਹਾ ਹੋਣ ਤੇ ਵੀ ਇਹ ਪਾਣੀ ਵਿੱਚੋਂ ਮੂੰਹ ਬਾਹਰ ਕੱਢ ਕੇ ਪਾਣੀ ਦੇ ਵਹਾਅ ਦੀ ਉਲਟੀ ਦਿਸ਼ਾ ਵੱਲ ਨੂੰ ਤੈਰ ਸਕਦਾ ਹੈ। ਦਰਿਆਈ ਘੋੜੇ ਦੇ ਵਿਸ਼ਾਲ ਮੂੰਹ ਤੇ ਦੰਦਾਂ ਅੱਗੇ ਅੱਯੂਬ ਦੀ ਹਿੰਮਤ ਨਹੀਂ ਪੈਣੀ ਸੀ ਕਿ ਉਹ ਇਸ ਦੇ ਨੱਥ ਪਾਵੇ।
ਮਗਰਮੱਛ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ
ਅੱਗੇ ਅੱਯੂਬ ਨਾਲ ਮਗਰਮੱਛ ਬਾਰੇ ਗੱਲ ਕੀਤੀ ਗਈ। (ਅੱਯੂਬ 41:1-34) ਇਸ ਜਨੌਰ ਲਈ ਵਰਤੇ ਗਏ ਇਬਰਾਨੀ ਸ਼ਬਦ ਦਾ ਮਤਲਬ ਹੈ “ਖੱਲ ਦੀਆਂ ਤਹਿਆਂ ਵਾਲਾ ਜਾਨਵਰ।” ਕੀ ਅੱਯੂਬ ਮਗਰਮੱਛ ਨੂੰ ਬੱਚਿਆਂ ਲਈ ਖਿਡੌਣਾ ਬਣਾ ਸਕਦਾ ਸੀ? ਬਿਲਕੁਲ ਨਹੀਂ! ਇਸ ਜਾਨਵਰ ਨਾਲ ਹੋਈਆਂ ਮੁੱਠਭੇੜਾਂ ਤੋਂ ਇਹੀ ਸਾਬਤ ਹੋਇਆ ਹੈ ਕਿ ਇਹ ਖ਼ਤਰਨਾਕ ਜਨੌਰ ਹੈ। ਦਰਅਸਲ, ਜੇ ਕਿਸੇ ਨੇ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੂੰ ਇਸ ਨਾਲ ਇੰਨਾ ਸਖ਼ਤ ਸੰਘਰਸ਼ ਕਰਨਾ ਪਵੇਗਾ ਕਿ ਉਹ ਫਿਰ ਕਦੇ ਅਜਿਹਾ ਕਰਨ ਬਾਰੇ ਸੋਚੇਗਾ ਵੀ ਨਹੀਂ।
ਜਦੋਂ ਮਗਰਮੱਛ ਸੂਰਜ ਚੜ੍ਹਨ ਵੇਲੇ ਪਾਣੀ ਵਿੱਚੋਂ ਸਿਰ ਬਾਹਰ ਕੱਢਦਾ ਹੈ, ਤਾਂ ਉਸ ਦੀਆਂ ਅੱਖਾਂ “ਫ਼ਜਰ ਦੀਆਂ ਪਲਕਾਂ” ਵਾਂਗ ਚਮਕਣ ਲੱਗਦੀਆਂ ਹਨ। ਮਗਰਮੱਛ ਦੀ ਖੱਲ ਦੀਆਂ ਪਰਤਾਂ ਕੱਸ ਕੇ ਗੁੰਦੀਆਂ ਹੋਈਆਂ ਹਨ ਤੇ ਇਸ ਦੀ ਚਮੜੀ ਵਿਚ ਹੱਡੀਆਂ ਵਰਗੀਆਂ ਸਖ਼ਤ ਪੱਤਰੀਆਂ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਬਰਛੇ ਤੇ ਭਾਲੇ ਨਾਲ ਕੀ, ਗੋਲੀਆਂ ਨਾਲ ਵਿੰਨ੍ਹਣਾ ਵੀ ਔਖਾ ਹੈ। ਮਗਰਮੱਛ ਦੇ ਢਿੱਡ ਦੀਆਂ ਤਿੱਖੀਆਂ ਪਰਤਾਂ ਚਿੱਕੜ ਉੱਤੇ ਇਸ ਤਰ੍ਹਾਂ ਦੀ ਛਾਪ ਛੱਡਦੀਆਂ ਹਨ ਜਿਵੇਂ ਕਿ “ਫਲ੍ਹਾ ਫੇਰਿਆ” ਹੋਵੇ। ਪਾਣੀ ਵਿਚ ਇਸ ਦੇ ਚੱਲਣ ਨਾਲ ਪੈਦਾ ਹੋਈ ਝੱਗ ਮਲ੍ਹਮ ਵਰਗੀ ਨਜ਼ਰ ਆਉਂਦੀ ਹੈ। ਆਪਣੇ ਆਕਾਰ, ਡਰਾਉਣੇ ਮੂੰਹ ਤੇ ਤਾਕਤਵਰ ਪੂਛ ਕਾਰਨ ਇਸ ਨੂੰ ਕਿਸੇ ਦਾ ਡਰ ਨਹੀਂ ਹੁੰਦਾ।
ਅੱਯੂਬ ਸ਼ਰਮਿੰਦਾ ਹੋਇਆ
ਅੱਯੂਬ ਨੇ ਮੰਨਿਆ ਕਿ ਉਹ ਜੋ ਕੁਝ ‘ਬਕਿਆ ਨਾ ਸਮਝਿਆ, ਏਹ ਉਸ ਲਈ ਅਚਰਜ ਗੱਲਾਂ ਸਨ।’ (ਅੱਯੂਬ 42:1-3) ਉਸ ਨੇ ਪਰਮੇਸ਼ੁਰ ਦੀ ਤਾੜਨਾ ਨੂੰ ਸਵੀਕਾਰ ਕੀਤਾ, ਸ਼ਰਮਿੰਦਾ ਹੋਇਆ ਤੇ ਮਾਫ਼ੀ ਮੰਗੀ। ਯਹੋਵਾਹ ਨੇ ਉਸ ਦੇ ਦੋਸਤਾਂ ਨੂੰ ਝਿੜਕਿਆ, ਪਰ ਅੱਯੂਬ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ।—ਅੱਯੂਬ 42:4-17.
ਅੱਯੂਬ ਦੇ ਤਜਰਬੇ ਨੂੰ ਚੇਤੇ ਰੱਖਣਾ ਕਿੰਨੀ ਅਕਲਮੰਦੀ ਦੀ ਗੱਲ ਹੋਵੇਗੀ! ਅਸੀਂ ਉਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਜੋ ਪਰਮੇਸ਼ੁਰ ਨੇ ਅੱਯੂਬ ਤੋਂ ਪੁੱਛੇ ਸਨ। ਪਰ ਅਸੀਂ ਯਹੋਵਾਹ ਦੀ ਵਡਿਆਈ ਕਰਨ ਵਾਲੇ ਅਦਭੁਤ ਪਸ਼ੂ-ਪੰਛੀਆਂ ਲਈ ਕਦਰਦਾਨੀ ਜ਼ਾਹਰ ਕਰ ਸਕਦੇ ਹਾਂ ਤੇ ਸਾਨੂੰ ਕਰਨੀ ਵੀ ਚਾਹੀਦੀ ਹੈ।
[ਸਫ਼ਾ 13 ਉੱਤੇ ਤਸਵੀਰ]
ਪਹਾੜੀ ਬੱਕਰੀ
[ਸਫ਼ਾ 13 ਉੱਤੇ ਤਸਵੀਰ]
ਪਹਾੜੀ ਕਾਂ
[ਸਫ਼ਾ 13 ਉੱਤੇ ਤਸਵੀਰ]
ਸ਼ੇਰਨੀ
[ਸਫ਼ਾ 14 ਉੱਤੇ ਤਸਵੀਰ]
ਜ਼ੈਬਰਾ
[ਸਫ਼ਾ 14 ਉੱਤੇ ਤਸਵੀਰ]
ਮਾਦਾ ਸ਼ੁਤਰਮੁਰਗ ਆਂਡਿਆਂ ਤੋਂ ਦੂਰ ਜਾਂਦੀ ਹੈ, ਪਰ ਇਨ੍ਹਾਂ ਨੂੰ ਤਿਆਗਦੀ ਨਹੀਂ
[ਸਫ਼ਾ 14 ਉੱਤੇ ਤਸਵੀਰ]
ਸ਼ੁਤਰਮੁਰਗ ਦੇ ਆਂਡੇ
[ਸਫ਼ੇ 14, 15 ਉੱਤੇ ਤਸਵੀਰ]
ਪੇਰੇਗ੍ਰੀਨ ਉਕਾਬ
[ਕ੍ਰੈਡਿਟ ਲਾਈਨ]
Falcon: © Joe McDonald/Visuals Unlimited
[ਸਫ਼ਾ 15 ਉੱਤੇ ਤਸਵੀਰ]
ਅਰਬੀ ਘੋੜੀ
[ਸਫ਼ਾ 15 ਉੱਤੇ ਤਸਵੀਰ]
ਸੁਨਹਿਰੀ ਬਾਜ਼
[ਸਫ਼ਾ 16 ਉੱਤੇ ਤਸਵੀਰ]
ਦਰਿਆਈ ਘੋੜਾ
[ਸਫ਼ਾ 16 ਉੱਤੇ ਤਸਵੀਰ]
ਸ਼ਕਤੀਸ਼ਾਲੀ ਮਗਰਮੱਛ