ਅਧਿਆਇ ਦਸ
ਜਦੋਂ ਇਕ ਪਰਿਵਾਰਕ ਸਦੱਸ ਬੀਮਾਰ ਹੁੰਦਾ ਹੈ
1, 2. ਸ਼ਤਾਨ ਨੇ ਅੱਯੂਬ ਦੀ ਖਰਿਆਈ ਨੂੰ ਤੋੜਨ ਦੀ ਕੋਸ਼ਿਸ਼ ਵਿਚ ਬਿਪਤਾ ਅਤੇ ਬੀਮਾਰੀ ਨੂੰ ਕਿਵੇਂ ਇਸਤੇਮਾਲ ਕੀਤਾ?
ਨਿਸ਼ਚੇ ਹੀ ਮਨੁੱਖ ਅੱਯੂਬ ਨੂੰ ਉਨ੍ਹਾਂ ਵਿਚ ਗਿਣਿਆ ਜਾਣਾ ਚਾਹੀਦਾ ਹੈ ਜੋ ਇਕ ਖ਼ੁਸ਼ ਪਰਿਵਾਰਕ ਜੀਵਨ ਦਾ ਆਨੰਦ ਮਾਣਦੇ ਸਨ। ਬਾਈਬਲ ਉਸ ਨੂੰ “ਪੂਰਬ ਦੇ ਸਾਰੇ ਲੋਕਾਂ ਵਿੱਚ ਸਭ ਤੋਂ ਵੱਡਾ ਮਨੁੱਖ” ਆਖਦੀ ਹੈ। ਉਸ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਸਨ, ਕੁਲ-ਮਿਲਾ ਕੇ ਦਸ ਬੱਚੇ। ਉਸ ਕੋਲ ਆਪਣੇ ਪਰਿਵਾਰ ਦੇ ਲਈ ਚੰਗੀ ਤਰ੍ਹਾਂ ਨਾਲ ਪ੍ਰਬੰਧ ਕਰਨ ਦੇ ਮਾਇਕ ਸਾਧਨ ਵੀ ਸਨ। ਸਭ ਤੋਂ ਮਹੱਤਵਪੂਰਣ, ਉਸ ਨੇ ਅਧਿਆਤਮਿਕ ਸਰਗਰਮੀਆਂ ਵਿਚ ਅਗਵਾਈ ਕੀਤੀ ਅਤੇ ਯਹੋਵਾਹ ਦੇ ਸਾਮ੍ਹਣੇ ਆਪਣੇ ਬੱਚਿਆਂ ਦੀ ਸਥਿਤੀ ਬਾਰੇ ਚਿੰਤਾਤੁਰ ਸੀ। ਇਹ ਸਭ ਕੁਝ ਇਕ ਨਜ਼ਦੀਕੀ ਅਤੇ ਖ਼ੁਸ਼ ਪਰਿਵਾਰਕ ਬੰਧਨਾਂ ਵਿਚ ਪਰਿਣਿਤ ਹੋਇਆ।—ਅੱਯੂਬ 1:1-5.
2 ਅੱਯੂਬ ਦੀ ਪਰਿਸਥਿਤੀ, ਯਹੋਵਾਹ ਪਰਮੇਸ਼ੁਰ ਦੇ ਮਹਾਂਸ਼ੱਤਰੂ, ਸ਼ਤਾਨ ਦੀਆਂ ਨਜ਼ਰਾਂ ਤੋਂ ਨਹੀਂ ਬਚੀ। ਸ਼ਤਾਨ, ਜੋ ਨਿਰੰਤਰ ਹੀ ਪਰਮੇਸ਼ੁਰ ਦੇ ਸੇਵਕਾਂ ਦੀ ਖਰਿਆਈ ਨੂੰ ਤੋੜਨ ਦੇ ਤਰੀਕਿਆਂ ਨੂੰ ਭਾਲਦਾ ਰਹਿੰਦਾ ਹੈ, ਨੇ ਉਸ ਦੇ ਖ਼ੁਸ਼ ਪਰਿਵਾਰ ਨੂੰ ਨਾਸ਼ ਕਰ ਕੇ ਅੱਯੂਬ ਉੱਤੇ ਹਮਲਾ ਕੀਤਾ। ਫਿਰ, “ਅੱਯੂਬ ਨੂੰ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਖੋਪਰੀ ਤੀਕ ਬੁਰਿਆਂ ਫੋੜਿਆਂ ਨਾਲ ਮਾਰਿਆ।” ਇਸ ਤਰ੍ਹਾਂ ਸ਼ਤਾਨ ਬਿਪਤਾ ਅਤੇ ਬੀਮਾਰੀ ਨੂੰ ਇਸਤੇਮਾਲ ਕਰ ਕੇ ਅੱਯੂਬ ਦੀ ਖਰਿਆਈ ਨੂੰ ਤੋੜਨ ਦੀ ਉਮੀਦ ਰੱਖਦਾ ਸੀ।—ਅੱਯੂਬ 2:6, 7.
3. ਅੱਯੂਬ ਦੀ ਬੀਮਾਰੀ ਦੇ ਕੀ ਲੱਛਣ ਸਨ?
3 ਬਾਈਬਲ ਅੱਯੂਬ ਦੀ ਤਕਲੀਫ਼ ਨੂੰ ਇਕ ਚਿਕਿਤਸਾ ਨਾਂ ਨਹੀਂ ਦਿੰਦੀ ਹੈ। ਲੇਕਨ, ਉਹ ਸਾਨੂੰ ਲੱਛਣ ਦੱਸਦੀ ਹੈ। ਉਸ ਦਾ ਸਰੀਰ ਕੀੜਿਆਂ ਨਾਲ ਢਕਿਆ ਹੋਇਆ ਸੀ, ਅਤੇ ਉਸ ਦੀ ਚਮੜੀ ਖਰੀਂਢ ਬੱਝ ਕੇ ਸੜ-ਗਲਦੀ ਗਈ। ਅੱਯੂਬ ਦਾ ਸਾਹ ਘਿਣਾਉਣਾ ਸੀ, ਅਤੇ ਉਸ ਦਾ ਸਰੀਰ ਬਦਬੂਦਾਰ ਸੀ। ਉਹ ਦਰਦਾਂ ਦਾ ਮਾਰਿਆ ਹੋਇਆ ਸੀ। (ਅੱਯੂਬ 7:5; 19:17; 30:17, 30) ਸੰਤਾਪ ਵਿਚ ਪਿਆ, ਅੱਯੂਬ ਸੁਆਹ ਵਿਚ ਬੈਠ ਗਿਆ ਅਤੇ ਆਪਣੇ ਆਪ ਨੂੰ ਇਕ ਠੀਕਰੇ ਨਾਲ ਖੁਰਚਦਾ ਸੀ। (ਅੱਯੂਬ 2:8) ਸੱਚ-ਮੁੱਚ ਹੀ ਇਕ ਤਰਸਯੋਗ ਦ੍ਰਿਸ਼!
4. ਸਮੇਂ-ਸਮੇਂ ਤੇ ਹਰ ਪਰਿਵਾਰ ਨਾਲ ਕੀ ਤਜਰਬਾ ਹੁੰਦਾ ਹੈ?
4 ਤੁਸੀਂ ਕਿਵੇਂ ਪ੍ਰਤਿਕ੍ਰਿਆ ਦਿਖਾਉਂਦੇ ਜੇਕਰ ਤੁਸੀਂ ਇਕ ਅਜਿਹੀ ਗੰਭੀਰ ਬੀਮਾਰੀ ਨਾਲ ਪੀੜਿਤ ਹੁੰਦੇ? ਅੱਜ, ਸ਼ਤਾਨ ਪਰਮੇਸ਼ੁਰ ਦੇ ਸੇਵਕਾਂ ਨੂੰ ਬੀਮਾਰੀ ਨਾਲ ਪੀੜਿਤ ਨਹੀਂ ਕਰਦਾ ਹੈ ਜਿਵੇਂ ਕਿ ਉਸ ਨੇ ਅੱਯੂਬ ਨੂੰ ਕੀਤਾ ਸੀ। ਫਿਰ ਵੀ, ਮਾਨਵ ਅਪੂਰਣਤਾ, ਰੋਜ਼ਾਨਾ ਜੀਵਨ ਦੇ ਦਬਾਉ, ਅਤੇ ਵਿਗੜ ਰਿਹਾ ਮਾਹੌਲ ਜਿਸ ਵਿਚ ਅਸੀਂ ਰਹਿੰਦੇ ਹਾਂ, ਨੂੰ ਧਿਆਨ ਵਿਚ ਰੱਖਦੇ ਹੋਏ, ਇਸ ਦੀ ਆਸ ਹੀ ਰੱਖੀ ਜਾ ਸਕਦੀ ਹੈ ਕਿ ਸਮੇਂ-ਸਮੇਂ ਤੇ ਪਰਿਵਾਰਕ ਸਦੱਸ ਬੀਮਾਰ ਹੋ ਜਾਣਗੇ। ਉਨ੍ਹਾਂ ਨਿਵਾਰਕ ਕਦਮਾਂ ਦੇ ਬਾਵਜੂਦ ਜੋ ਅਸੀਂ ਸ਼ਾਇਦ ਲਈਏ, ਅਸੀਂ ਸਾਰੇ ਹੀ ਬੀਮਾਰ ਹੋਣ ਦੀ ਗੁੰਜਾਇਸ਼ ਰੱਖਦੇ ਹਾਂ, ਭਾਵੇਂ ਕਿ ਘੱਟ ਹੀ ਵਿਅਕਤੀ ਉਸ ਹੱਦ ਤਕ ਕਸ਼ਟ ਪਾਉਣਗੇ ਜਿਸ ਤਕ ਅੱਯੂਬ ਨੇ ਪਾਇਆ ਸੀ। ਜਦੋਂ ਬੀਮਾਰੀ ਸਾਡੇ ਪਰਿਵਾਰ ਉੱਤੇ ਹਮਲਾ ਕਰਦੀ ਹੈ, ਤਾਂ ਇਹ ਸੱਚ-ਮੁੱਚ ਹੀ ਇਕ ਚੁਣੌਤੀ ਹੋ ਸਕਦੀ ਹੈ। ਇਸ ਲਈ ਆਓ ਅਸੀਂ ਦੇਖੀਏ ਕਿ ਬਾਈਬਲ ਮਨੁੱਖਜਾਤੀ ਦੇ ਇਸ ਸਦਾ-ਹਾਜ਼ਰ ਦੁਸ਼ਮਣ ਦਾ ਸਾਮ੍ਹਣਾ ਕਰਨ ਵਿਚ ਕਿਵੇਂ ਮਦਦ ਕਰਦੀ ਹੈ।—ਉਪਦੇਸ਼ਕ ਦੀ ਪੋਥੀ 9:11; 2 ਤਿਮੋਥਿਉਸ 3:16.
ਤੁਸੀਂ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
5. ਅਸਥਾਈ ਬੀਮਾਰੀ ਦੇ ਮਾਮਲਿਆਂ ਵਿਚ ਆਮ ਤੌਰ ਤੇ ਪਰਿਵਾਰਕ ਸਦੱਸ ਕਿਵੇਂ ਪ੍ਰਤਿਕ੍ਰਿਆ ਦਿਖਾਉਂਦੇ ਹਨ?
5 ਜੀਵਨ ਦੇ ਆਮ ਨਿੱਤ-ਕਰਮ ਵਿਚ ਵਿਘਨ, ਬੇਸ਼ੱਕ ਕਿਸੇ ਵੀ ਕਾਰਨ ਕਰਕੇ, ਹਮੇਸ਼ਾ ਕਠਿਨ ਹੁੰਦਾ ਹੈ, ਅਤੇ ਇਹ ਗੱਲ ਖ਼ਾਸ ਕਰਕੇ ਸੱਚ ਹੈ ਜੇਕਰ ਉਹ ਵਿਘਨ ਚਿਰਸਥਾਈ ਬੀਮਾਰੀ ਦੇ ਕਾਰਨ ਉਤਪੰਨ ਹੋਇਆ ਹੈ। ਇਕ ਛੋਟੀ-ਮਿਆਦ ਦੀ ਬੀਮਾਰੀ ਵੀ ਅਨੁਕੂਲਣ, ਰਿਆਇਤਾਂ, ਅਤੇ ਕੁਰਬਾਨੀਆਂ ਲੋੜਦੀ ਹੈ। ਬੀਮਾਰ ਸਦੱਸ ਨੂੰ ਆਰਾਮ ਕਰ ਲੈਣ ਦੇਣ ਦੇ ਲਈ ਸਿਹਤਮੰਦ ਪਰਿਵਾਰਕ ਸਦੱਸਾਂ ਨੂੰ ਸ਼ਾਇਦ ਚੁੱਪ ਕਰ ਕੇ ਰਹਿਣਾ ਪਵੇ। ਉਨ੍ਹਾਂ ਨੂੰ ਸ਼ਾਇਦ ਖ਼ਾਸ ਸਰਗਰਮੀਆਂ ਤੋਂ ਪਰਹੇਜ਼ ਕਰਨਾ ਪਵੇ। ਫਿਰ ਵੀ, ਜ਼ਿਆਦਾਤਰ ਪਰਿਵਾਰਾਂ ਵਿਚ ਛੋਟੇ ਬੱਚੇ ਵੀ ਇਕ ਬੀਮਾਰ ਭੈਣ-ਭਰਾ ਜਾਂ ਮਾਤਾ-ਪਿਤਾ ਲਈ ਦਇਆ ਮਹਿਸੂਸ ਕਰਦੇ ਹਨ, ਭਾਵੇਂ ਕਿ ਸ਼ਾਇਦ ਕਦੇ-ਕਦੇ ਉਨ੍ਹਾਂ ਨੂੰ ਲਿਹਾਜ਼ੀ ਹੋਣ ਦੀ ਯਾਦ ਦਿਲਾਉਣੀ ਪਵੇ। (ਕੁਲੁੱਸੀਆਂ 3:12) ਅਸਥਾਈ ਬੀਮਾਰੀ ਦੇ ਮਾਮਲੇ ਵਿਚ, ਆਮ ਤੌਰ ਤੇ ਪਰਿਵਾਰ ਉਹ ਕੁਝ ਕਰਨ ਲਈ ਤਿਆਰ ਹੁੰਦਾ ਹੈ ਜੋ ਜ਼ਰੂਰੀ ਹੋਵੇ। ਇਸ ਤੋਂ ਇਲਾਵਾ, ਹਰੇਕ ਪਰਿਵਾਰਕ ਸਦੱਸ ਅਜਿਹੇ ਲਿਹਾਜ਼ ਦੀ ਆਸ ਰੱਖੇਗਾ ਜੇਕਰ ਉਹ ਬੀਮਾਰ ਹੋ ਜਾਵੇ।—ਮੱਤੀ 7:12.
6. ਕਦੇ-ਕਦਾਈਂ ਕੀ ਪ੍ਰਤਿਕ੍ਰਿਆਵਾਂ ਦੇਖੀਆਂ ਜਾਂਦੀਆਂ ਹਨ ਜੇਕਰ ਇਕ ਪਰਿਵਾਰਕ ਸਦੱਸ ਇਕ ਗੰਭੀਰ, ਚਿਰਸਥਾਈ ਬੀਮਾਰੀ ਨਾਲ ਪੀੜਿਤ ਹੋ ਜਾਂਦਾ ਹੈ?
6 ਪਰ ਫਿਰ, ਉਦੋਂ ਕੀ ਜਦੋਂ ਬੀਮਾਰੀ ਕਾਫ਼ੀ ਗੰਭੀਰ ਹੁੰਦੀ ਹੈ ਅਤੇ ਵਿਘਨ ਸਖ਼ਤ ਅਤੇ ਚਿਰਸਥਾਈ ਹਨ? ਉਦਾਹਰਣ ਲਈ, ਉਦੋਂ ਕੀ ਜੇਕਰ ਪਰਿਵਾਰ ਵਿਚ ਇਕ ਵਿਅਕਤੀ ਦੌਰੇ ਦੇ ਕਾਰਨ ਅਧਰੰਗਾ ਹੋ ਜਾਵੇ, ਅਲਜ਼ਹਾਏਮੀਰ ਦੀ ਬੀਮਾਰੀ ਦੁਆਰਾ ਅਪਾਹਜ ਬਣ ਜਾਵੇ, ਜਾਂ ਕਿਸੇ ਦੂਜੀ ਬੀਮਾਰੀ ਦੁਆਰਾ ਕਮਜ਼ੋਰ ਹੋ ਜਾਵੇ? ਜਾਂ ਉਦੋਂ ਕੀ ਜੇਕਰ ਪਰਿਵਾਰ ਦਾ ਇਕ ਸਦੱਸ ਮਾਨਸਿਕ ਬੀਮਾਰੀ, ਜਿਵੇਂ ਕਿ ਸ਼ਾਈਜ਼ੋਫਰੀਨੀਆ ਨਾਲ ਪੀੜਿਤ ਹੋ ਜਾਂਦਾ ਹੈ? ਤਰਸ ਇਕ ਸਾਧਾਰਣ ਆਰੰਭਕ ਪ੍ਰਤਿਕ੍ਰਿਆ ਹੁੰਦੀ ਹੈ—ਅਫ਼ਸੋਸ ਦਾ ਭਾਵ ਕਿ ਇਕ ਪਿਆਰਾ ਵਿਅਕਤੀ ਇੰਨਾ ਕਸ਼ਟ ਭੋਗ ਰਿਹਾ ਹੈ। ਪਰ ਫਿਰ, ਤਰਸ ਦੇ ਮਗਰ ਹੀ ਸ਼ਾਇਦ ਹੋਰ ਪ੍ਰਤਿਕ੍ਰਿਆਵਾਂ ਪ੍ਰਗਟ ਹੋ ਸਕਦੀਆਂ ਹਨ। ਜਿਉਂ-ਜਿਉਂ ਪਰਿਵਾਰਕ ਸਦੱਸ ਆਪਣੇ ਆਪ ਨੂੰ ਇਕ ਬੀਮਾਰ ਵਿਅਕਤੀ ਦੇ ਕਾਰਨ ਅਤਿਅੰਤ ਪ੍ਰਭਾਵਿਤ ਹੁੰਦੇ ਹੋਏ ਅਤੇ ਆਪਣੀ ਸੁਤੰਤਰਤਾ ਨੂੰ ਸੀਮਿਤ ਹੁੰਦੇ ਹੋਏ ਪਾਉਂਦੇ ਹਨ, ਉਹ ਸ਼ਾਇਦ ਰੋਸ ਮਹਿਸੂਸ ਕਰਨ ਲੱਗ ਪੈਣ। ਉਹ ਸ਼ਾਇਦ ਗੌਰ ਕਰਨ: “ਇਹ ਮੇਰੇ ਨਾਲ ਹੀ ਕਿਉਂ ਹੋਣਾ ਸੀ?”
7. ਅੱਯੂਬ ਦੀ ਪਤਨੀ ਨੇ ਉਸ ਦੀ ਬੀਮਾਰੀ ਦੇ ਪ੍ਰਤੀ ਕੀ ਪ੍ਰਤਿਕ੍ਰਿਆ ਦਿਖਾਈ, ਅਤੇ ਜ਼ਾਹਰਾ ਤੌਰ ਤੇ ਉਹ ਕੀ ਭੁੱਲ ਗਈ ਸੀ?
7 ਇਸ ਦੇ ਹੀ ਸਮਾਨ ਕੋਈ ਗੱਲ ਅੱਯੂਬ ਦੀ ਪਤਨੀ ਦੇ ਮਨ ਵਿਚ ਆਈ ਜਾਪਦੀ ਹੈ। ਯਾਦ ਰੱਖੋ, ਉਹ ਪਹਿਲਾਂ ਹੀ ਆਪਣੇ ਬੱਚਿਆਂ ਅਤੇ ਉਨ੍ਹਾਂ ਦੇ ਗ੍ਰਹਿਸਥਾਂ ਦੀ ਮੌਤ ਨੂੰ ਅਨੁਭਵ ਕਰ ਚੁੱਕੀ ਸੀ। ਜਿਉਂ-ਜਿਉਂ ਉਹ ਦੁਖਾਂਤ ਘਟਨਾਵਾਂ ਜ਼ਾਹਰ ਹੋਈਆਂ, ਨਿਰਸੰਦੇਹ ਉਹ ਹੋਰ ਵੀ ਵਿਆਕੁਲ ਹੁੰਦੀ ਗਈ। ਆਖ਼ਰਕਾਰ, ਜਿਉਂ ਹੀ ਉਸ ਨੇ ਆਪਣੇ ਇਕ-ਸਮੇਂ ਦੇ ਸਰਗਰਮ ਅਤੇ ਤਕੜੇ ਪਤੀ ਨੂੰ ਇਕ ਦੁਖਦਾਈ, ਘਿਰਣਿਤ ਬੀਮਾਰੀ ਨਾਲ ਪੀੜਿਤ ਦੇਖਿਆ, ਤਾਂ ਇਹ ਜਾਪਦਾ ਹੈ ਕਿ ਉਹ ਇਕ ਅਤਿ-ਮਹੱਤਵਪੂਰਣ ਕਾਰਕ ਨੂੰ ਭੁੱਲ ਗਈ ਜੋ ਸਭ ਬਿਪਤਾਵਾਂ ਨੂੰ ਫਿੱਕਾ ਪਾ ਦਿੰਦਾ ਹੈ—ਉਹ ਸੰਬੰਧ ਜੋ ਉਹ ਅਤੇ ਉਸ ਦਾ ਪਤੀ, ਪਰਮੇਸ਼ੁਰ ਦੇ ਨਾਲ ਰੱਖਦੇ ਸਨ। ਬਾਈਬਲ ਕਹਿੰਦੀ ਹੈ: “[ਅੱਯੂਬ] ਦੀ ਤੀਵੀਂ ਨੇ ਉਸ ਨੂੰ ਆਖਿਆ, ਕੀ ਤੈਂ ਅਜੇ ਵੀ ਆਪਣੀ ਖਰਿਆਈ ਨੂੰ ਤਕੜੀ ਕਰ ਕੇ ਫੜਿਆ ਹੋਇਆ ਹੈ? ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾਹ!”—ਅੱਯੂਬ 2:9.
8. ਜਦੋਂ ਇਕ ਪਰਿਵਾਰਕ ਸਦੱਸ ਗੰਭੀਰ ਤਰ੍ਹਾਂ ਬੀਮਾਰ ਹੁੰਦਾ ਹੈ, ਉਦੋਂ ਦੂਜੇ ਪਰਿਵਾਰਕ ਸਦੱਸਾਂ ਨੂੰ ਉਚਿਤ ਦ੍ਰਿਸ਼ਟੀਕੋਣ ਰੱਖਣ ਵਿਚ ਕਿਹੜਾ ਸ਼ਾਸਤਰਵਚਨ ਮਦਦ ਕਰੇਗਾ?
8 ਬਹੁਤੇਰੇ ਪਰੇਸ਼ਾਨ ਮਹਿਸੂਸ ਕਰਦੇ ਹਨ, ਇੱਥੋਂ ਤਕ ਕਿ ਕ੍ਰੋਧ ਵੀ, ਜਦੋਂ ਉਨ੍ਹਾਂ ਦਾ ਜੀਵਨ ਕਿਸੇ ਹੋਰ ਦੀ ਬੀਮਾਰੀ ਕਰਕੇ ਕਤਈ ਤੌਰ ਤੇ ਤਬਦੀਲ ਹੋ ਜਾਂਦਾ ਹੈ। ਫਿਰ ਵੀ, ਇਕ ਮਸੀਹੀ, ਜੋ ਇਸ ਪਰਿਸਥਿਤੀ ਬਾਰੇ ਸੋਚ-ਵਿਚਾਰ ਕਰਦਾ ਹੈ, ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਘਟਨਾ ਉਸ ਨੂੰ ਆਪਣੇ ਪ੍ਰੇਮ ਦੀ ਸ਼ੁੱਧਤਾ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਸੱਚਾ ਪ੍ਰੇਮ “ਧੀਰਜਵਾਨ ਅਤੇ ਕਿਰਪਾਲੂ ਹੈ . . . [ਅਤੇ] ਆਪ ਸੁਆਰਥੀ ਨਹੀਂ . . . ਸਭ ਕੁਝ ਝੱਲ ਲੈਂਦਾ, ਸਭਨਾਂ ਗੱਲਾਂ ਦੀ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ।” (1 ਕੁਰਿੰਥੀਆਂ 13:4-7) ਇਸ ਕਰਕੇ, ਨਕਾਰਾਤਮਕ ਜਜ਼ਬਾਤਾਂ ਨੂੰ ਹਾਵੀ ਹੋਣ ਦੇਣ ਦੀ ਬਜਾਇ, ਇਹ ਲਾਜ਼ਮੀ ਹੈ ਕਿ ਅਸੀਂ ਉਨ੍ਹਾਂ ਨੂੰ ਕਾਬੂ ਕਰਨ ਵਿਚ ਆਪਣਾ ਪੂਰਾ ਜਤਨ ਲਗਾਈਏ।—ਕਹਾਉਤਾਂ 3:21.
9. ਕਿਹੜੇ ਭਰੋਸੇ ਇਕ ਪਰਿਵਾਰ ਨੂੰ ਅਧਿਆਤਮਿਕ ਅਤੇ ਭਾਵਾਤਮਕ ਤੌਰ ਤੇ ਮਦਦ ਕਰ ਸਕਦੇ ਹਨ ਜਦੋਂ ਇਕ ਸਦੱਸ ਗੰਭੀਰ ਤਰ੍ਹਾਂ ਬੀਮਾਰ ਹੁੰਦਾ ਹੈ?
9 ਪਰਿਵਾਰ ਦੀ ਅਧਿਆਤਮਿਕ ਅਤੇ ਭਾਵਾਤਮਕ ਖ਼ੁਸ਼ਹਾਲੀ ਦੀ ਸੁਰੱਖਿਆ ਕਰਨ ਲਈ ਕੀ ਕੀਤਾ ਜਾ ਸਕਦਾ ਹੈ ਜਦੋਂ ਉਸ ਦਾ ਇਕ ਸਦੱਸ ਗੰਭੀਰ ਤਰ੍ਹਾਂ ਬੀਮਾਰ ਹੁੰਦਾ ਹੈ? ਬਿਨਾਂ ਕਿਸੇ ਸ਼ੱਕ, ਹਰੇਕ ਬੀਮਾਰੀ ਦੀ ਆਪਣੀ ਹੀ ਵਿਸ਼ੇਸ਼ ਦੇਖ-ਭਾਲ ਅਤੇ ਇਲਾਜ ਹੁੰਦਾ ਹੈ, ਅਤੇ ਇਸ ਪ੍ਰਕਾਸ਼ਨ ਵਿਚ ਕਿਸੇ ਵੀ ਚਿਕਿਤਸਾ ਸੰਬੰਧੀ ਜਾਂ ਘਰ ਵਿਚ ਦੇਖ-ਭਾਲ ਦੀਆਂ ਕਾਰਜ-ਵਿਧੀਆਂ ਦਾ ਮਸ਼ਵਰਾ ਦੇਣਾ ਉਚਿਤ ਨਹੀਂ ਹੋਵੇਗਾ। ਪਰ ਫਿਰ ਵੀ, ਇਕ ਅਧਿਆਤਮਿਕ ਭਾਵ ਵਿਚ, ਯਹੋਵਾਹ “ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ [ਰਿਹਾ] ਹੈ।” (ਜ਼ਬੂਰ 145:14) ਰਾਜਾ ਦਾਊਦ ਨੇ ਲਿਖਿਆ: “ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ। ਯਹੋਵਾਹ ਉਹ ਦੀ ਪਾਲਨਾ ਕਰੇਗਾ ਅਤੇ ਉਹ ਨੂੰ ਜੀਉਂਦਿਆਂ ਰੱਖੇਗਾ, . . . ਯਹੋਵਾਹ ਉਹ ਦੀ ਮਾਂਦਗੀ ਦੇ ਮੰਜੇ ਉੱਤੇ ਉਹ ਨੂੰ ਸੰਭਾਲੇਗਾ।” (ਜ਼ਬੂਰ 41:1-3) ਯਹੋਵਾਹ ਆਪਣੇ ਸੇਵਕਾਂ ਨੂੰ ਅਧਿਆਤਮਿਕ ਤੌਰ ਤੇ ਬਚਾਉਂਦਾ ਹੈ, ਉਦੋਂ ਵੀ ਜਦੋਂ ਉਹ ਭਾਵਾਤਮਕ ਤੌਰ ਤੇ ਆਪਣੀਆਂ ਹੱਦਾਂ ਤੋਂ ਪਾਰ ਅਜ਼ਮਾਏ ਜਾਂਦੇ ਹਨ। (2 ਕੁਰਿੰਥੀਆਂ 4:7) ਗੰਭੀਰ ਬੀਮਾਰੀ ਦਾ ਸਾਮ੍ਹਣਾ ਕਰ ਰਹੇ ਅਨੇਕ ਪਰਿਵਾਰਕ ਸਦੱਸਾਂ ਨੇ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਨੂੰ ਹੂ-ਬਹੂ ਦੁਹਰਾਇਆ ਹੈ: “ਹੇ ਯਹੋਵਾਹ, ਮੈਂ ਬਹੁਤ ਹੀ ਦੁਖੀ ਹੋਇਆ ਹਾਂ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਜੀਉਂਦਾ ਰੱਖ!”—ਜ਼ਬੂਰ 119:107.
ਚੰਗਾ ਕਰਨ ਵਾਲੀ ਇਕ ਆਤਮਾ
10, 11. (ੳ) ਕੀ ਅਤਿ-ਮਹੱਤਵਪੂਰਣ ਹੈ ਜੇਕਰ ਇਕ ਪਰਿਵਾਰ ਨੇ ਸਫ਼ਲਤਾਪੂਰਵਕ ਬੀਮਾਰੀ ਨਾਲ ਨਿਭਣਾ ਹੈ? (ਅ) ਇਕ ਇਸਤਰੀ ਆਪਣੇ ਪਤੀ ਦੀ ਬੀਮਾਰੀ ਨਾਲ ਕਿਵੇਂ ਨਿਭੀ?
10 “ਮਨੁੱਖ ਦਾ ਆਤਮਾ ਉਹ ਦੀ ਬਿਮਾਰੀ ਨੂੰ ਝੱਲੇਗਾ,” ਇਕ ਬਾਈਬਲ ਕਹਾਵਤ ਕਹਿੰਦੀ ਹੈ, “ਪਰ ਉਦਾਸ ਆਤਮਾ ਨੂੰ ਕੌਣ ਸਹਿ ਸੱਕੇ?” (ਕਹਾਉਤਾਂ 18:14) ਮਾਨਸਿਕ ਸੱਟ ਇਕ ‘ਮਨੁੱਖ ਦੀ ਆਤਮਾ’ ਨੂੰ ਹੀ ਨਹੀਂ ਬਲਕਿ ਪਰਿਵਾਰ ਦੀ ਆਤਮਾ ਨੂੰ ਵੀ ਪੀੜਿਤ ਕਰ ਸਕਦੀ ਹੈ। ਪਰੰਤੂ “ਸ਼ਾਂਤ ਮਨ ਸਰੀਰ ਦਾ ਜੀਉਣ ਹੈ।” (ਕਹਾਉਤਾਂ 14:30) ਭਈ ਇਕ ਪਰਿਵਾਰ ਸਫ਼ਲਤਾਪੂਰਵਕ ਕਿਸੇ ਗੰਭੀਰ ਬੀਮਾਰੀ ਨਾਲ ਨਿਭਦਾ ਹੈ ਜਾਂ ਨਹੀਂ, ਕਾਫ਼ੀ ਹੱਦ ਤਕ ਉਸ ਦੇ ਸਦੱਸਾਂ ਦੇ ਰਵੱਈਏ, ਜਾਂ ਆਤਮਾ ਉੱਤੇ ਨਿਰਭਰ ਕਰਦਾ ਹੈ।—ਤੁਲਨਾ ਕਰੋ ਕਹਾਉਤਾਂ 17:22.
11 ਇਕ ਮਸੀਹੀ ਇਸਤਰੀ ਨੂੰ ਉਨ੍ਹਾਂ ਦੇ ਵਿਆਹ ਹੋਣ ਤੋਂ ਕੇਵਲ ਛੇ ਸਾਲ ਬਾਅਦ, ਆਪਣੇ ਪਤੀ ਨੂੰ ਇਕ ਦੌਰੇ ਦੁਆਰਾ ਕਮਜ਼ੋਰ ਹੁੰਦਿਆਂ ਦੇਖਣਾ ਸਹਿਣ ਕਰਨਾ ਪਿਆ। “ਮੇਰੇ ਪਤੀ ਦੀ ਬੋਲਣ-ਸ਼ਕਤੀ ਤੇ ਬੁਰੀ ਤਰ੍ਹਾਂ ਨਾਲ ਅਸਰ ਪਿਆ, ਅਤੇ ਉਸ ਦੇ ਨਾਲ ਵਾਰਤਾਲਾਪ ਕਰਨਾ ਤਕਰੀਬਨ ਅਸੰਭਵ ਹੋ ਗਿਆ ਸੀ,” ਉਸ ਨੇ ਯਾਦ ਕੀਤਾ। “ਜੋ ਉਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਨੂੰ ਸਮਝਣ ਲਈ ਜਤਨ ਕਰਨ ਦਾ ਮਾਨਸਿਕ ਤਣਾਉ ਬਹੁਤ ਹੀ ਵੱਡਾ ਸੀ।” ਉਸ ਪੀੜਾ ਅਤੇ ਨਿਰਾਸ਼ਾ ਦੀ ਵੀ ਕਲਪਨਾ ਕਰੋ ਜੋ ਉਸ ਪਤੀ ਨੇ ਅਨੁਭਵ ਕੀਤੇ ਹੋਣਗੇ। ਜੋੜੇ ਨੇ ਕੀ ਕੀਤਾ? ਭਾਵੇਂ ਕਿ ਉਹ ਮਸੀਹੀ ਕਲੀਸਿਯਾ ਤੋਂ ਕਾਫ਼ੀ ਦੂਰ ਰਹਿੰਦੇ ਸਨ, ਭੈਣ ਨੇ ਅਜੋਕੀ ਸੰਸਥਾਈ ਜਾਣਕਾਰੀ ਦੇ ਨਾਲ, ਅਤੇ ਪਹਿਰਾਬੁਰਜ ਅਤੇ ਅਵੇਕ! ਰਸਾਲਿਆਂ ਵਿੱਚੋਂ ਵੀ ਅਧਿਆਤਮਿਕ ਭੋਜਨ ਦੀ ਲਗਾਤਾਰ ਸਪਲਾਈ ਨਾਲ ਪਰਿਚਿਤ ਰਹਿ ਕੇ ਅਧਿਆਤਮਿਕ ਤੌਰ ਤੇ ਮਜ਼ਬੂਤ ਰਹਿਣ ਦਾ ਆਪਣਾ ਪੂਰਾ ਜਤਨ ਕੀਤਾ। ਇਸ ਨੇ ਉਸ ਨੂੰ ਆਪਣੇ ਪਿਆਰੇ ਪਤੀ ਦੀ ਚਾਰ ਸਾਲ ਬਾਅਦ ਮੌਤ ਤਕ ਦੇਖ-ਭਾਲ ਕਰਨ ਲਈ ਅਧਿਆਤਮਿਕ ਸ਼ਕਤੀ ਦਿੱਤੀ।
12. ਜਿਵੇਂ ਅੱਯੂਬ ਦੇ ਮਾਮਲੇ ਵਿਚ ਦੇਖਿਆ ਗਿਆ, ਇਕ ਬੀਮਾਰ ਵਿਅਕਤੀ ਕਦੇ-ਕਦਾਈਂ ਕੀ ਯੋਗਦਾਨ ਦਿੰਦਾ ਹੈ?
12 ਅੱਯੂਬ ਦੇ ਮਾਮਲੇ ਵਿਚ ਉਹ ਖ਼ੁਦ, ਜੋ ਪੀੜਿਤ ਸੀ, ਮਜ਼ਬੂਤ ਰਿਹਾ। “ਕੀ ਅਸੀਂ ਚੰਗਾ ਚੰਗਾ ਤਾਂ ਪਰਮੇਸ਼ੁਰ ਕੋਲੋਂ ਲਈਏ ਅਰ ਬੁਰਾ ਨਾ ਲਈਏ?” ਉਸ ਨੇ ਆਪਣੀ ਪਤਨੀ ਨੂੰ ਆਖਿਆ। (ਅੱਯੂਬ 2:10) ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਾਅਦ ਵਿਚ ਚੇਲੇ ਯਾਕੂਬ ਨੇ ਅੱਯੂਬ ਨੂੰ ਧੀਰਜ ਅਤੇ ਸਹਿਣ-ਸ਼ਕਤੀ ਦਾ ਇਕ ਸਿਰਕੱਢਵਾਂ ਉਦਾਹਰਣ ਆਖਿਆ! ਯਾਕੂਬ 5:11 ਤੇ ਅਸੀਂ ਪੜ੍ਹਦੇ ਹਾਂ: “ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੁ ਦਾ ਪਰੋਜਨ ਜਾਣਦੇ ਹੋ ਭਈ ਪ੍ਰਭੁ ਵੱਡਾ ਦਰਦੀ ਅਤੇ ਦਿਆਲੂ ਹੈ।” ਅੱਜ ਇਸ ਦੇ ਸਮਾਨ, ਅਨੇਕ ਮਾਮਲਿਆਂ ਵਿਚ ਬੀਮਾਰ ਪਰਿਵਾਰਕ ਸਦੱਸ ਦੇ ਸਾਹਸੀ ਰਵੱਈਏ ਨੇ ਘਰ ਵਿਚ ਦੂਜਿਆਂ ਨੂੰ ਇਕ ਸਕਾਰਾਤਮਕ ਦ੍ਰਿਸ਼ਟੀਕੋਣ ਕਾਇਮ ਰੱਖਣ ਵਿਚ ਮਦਦ ਕੀਤੀ ਹੈ।
13. ਗੰਭੀਰ ਬੀਮਾਰੀ ਅਨੁਭਵ ਕਰ ਰਹੇ ਇਕ ਪਰਿਵਾਰ ਨੂੰ ਕਿਹੜੀ ਤੁਲਨਾ ਨਹੀਂ ਕਰਨੀ ਚਾਹੀਦੀ ਹੈ?
13 ਜ਼ਿਆਦਾਤਰ ਜਿਨ੍ਹਾਂ ਨੂੰ ਪਰਿਵਾਰ ਵਿਚ ਬੀਮਾਰੀ ਦੇ ਨਾਲ ਨਿਭਣਾ ਪਿਆ ਹੈ ਸਹਿਮਤ ਹੁੰਦੇ ਹਨ ਕਿ ਪਹਿਲਾਂ-ਪਹਿਲ ਪਰਿਵਾਰਕ ਸਦੱਸਾਂ ਨੂੰ ਹਕੀਕਤਾਂ ਦਾ ਸਾਮ੍ਹਣਾ ਕਰਨ ਵਿਚ ਕਠਿਨਾਈ ਮਹਿਸੂਸ ਹੋਣੀ ਅਨੋਖੀ ਗੱਲ ਨਹੀਂ ਹੈ। ਉਹ ਇਹ ਵੀ ਕਹਿੰਦੇ ਹਨ ਕਿ ਇਕ ਵਿਅਕਤੀ ਜਿਸ ਦ੍ਰਿਸ਼ਟੀ ਨਾਲ ਪਰਿਸਥਿਤੀ ਨੂੰ ਵਿਚਾਰਨ ਲੱਗਦਾ ਹੈ ਬਹੁਤ ਹੀ ਮਹੱਤਵਪੂਰਣ ਹੈ। ਘਰੇਲੂ ਨਿੱਤ-ਕਰਮ ਵਿਚ ਤਬਦੀਲੀਆਂ ਅਤੇ ਸਮਾਯੋਜਨਾਵਾਂ ਸ਼ੁਰੂਆਤ ਵਿਚ ਸ਼ਾਇਦ ਕਠਿਨ ਲੱਗਣ। ਪਰੰਤੂ ਜੇਕਰ ਇਕ ਵਿਅਕਤੀ ਸੱਚ-ਮੁੱਚ ਜਤਨ ਕਰਦਾ ਹੈ, ਤਾਂ ਉਹ ਨਵੀਂ ਪਰਿਸਥਿਤੀ ਨਾਲ ਅਨੁਕੂਲ ਬਣ ਸਕਦਾ ਹੈ। ਅਨੁਕੂਲ ਬਣਦੇ ਹੋਏ, ਇਹ ਮਹੱਤਵਪੂਰਣ ਹੈ ਕਿ ਅਸੀਂ ਆਪਣੀਆਂ ਹਾਲਤਾਂ ਦੀ ਤੁਲਨਾ ਦੂਜਿਆਂ ਦੀਆਂ ਹਾਲਤਾਂ ਦੇ ਨਾਲ ਨਾ ਕਰੀਏ ਜਿਨ੍ਹਾਂ ਦੇ ਪਰਿਵਾਰ ਵਿਚ ਬੀਮਾਰੀ ਨਹੀਂ ਹੈ, ਇਹ ਸੋਚਦੇ ਹੋਏ ਕਿ ਉਨ੍ਹਾਂ ਦਾ ਜੀਵਨ ਸਾਡੇ ਨਾਲੋਂ ਸੌਖਾ ਹੈ ਅਤੇ ਕਿ ‘ਇਹ ਤਾਂ ਸਰਾਸਰ ਬੇਇਨਸਾਫ਼ੀ ਹੈ!’ ਅਸਲ ਵਿਚ, ਕਿਸੇ ਨੂੰ ਵੀ ਸੱਚ-ਮੁੱਚ ਪਤਾ ਨਹੀਂ ਹੁੰਦਾ ਹੈ ਕਿ ਦੂਜਿਆਂ ਨੂੰ ਕਿਹੜੇ ਬੋਝ ਸਹਿਣ ਕਰਨੇ ਪੈਂਦੇ ਹਨ। ਸਾਰੇ ਮਸੀਹੀ ਯਿਸੂ ਦੇ ਸ਼ਬਦਾਂ ਵਿਚ ਦਿਲਾਸਾ ਪਾਉਂਦੇ ਹਨ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।”—ਮੱਤੀ 11:28.
ਪ੍ਰਥਮਤਾਵਾਂ ਨੂੰ ਸਥਾਪਿਤ ਕਰਨਾ
14. ਉਚਿਤ ਪ੍ਰਥਮਤਾਵਾਂ ਕਿਵੇਂ ਸਥਾਪਿਤ ਕੀਤੀਆਂ ਜਾ ਸਕਦੀਆਂ ਹਨ?
14 ਗੰਭੀਰ ਬੀਮਾਰੀ ਦੇ ਸਾਮ੍ਹਣੇ, ਇਕ ਪਰਿਵਾਰ ਲਈ ਪ੍ਰੇਰਿਤ ਸ਼ਬਦਾਂ ਨੂੰ ਯਾਦ ਰੱਖਣਾ ਲਾਭਦਾਇਕ ਹੋਵੇਗਾ: “ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ [ਪਰੋਜਨ] ਕਾਇਮ ਹੋ ਜਾਂਦੇ ਹਨ।” (ਕਹਾਉਤਾਂ 15:22) ਕੀ ਪਰਿਵਾਰਕ ਸਦੱਸ ਇਕੱਠੇ ਹੋ ਕੇ ਬੀਮਾਰੀ ਦੁਆਰਾ ਉਤਪੰਨ ਹੋਈ ਪਰਿਸਥਿਤੀ ਦੀ ਚਰਚਾ ਕਰ ਸਕਦੇ ਹਨ? ਨਿਸ਼ਚੇ ਹੀ ਇਹ ਪ੍ਰਾਰਥਨਾਪੂਰਣ ਢੰਗ ਨਾਲ ਕਰਨਾ ਨਾਲੇ ਪਰਮੇਸ਼ੁਰ ਦੇ ਬਚਨ ਤੋਂ ਅਗਵਾਈ ਨੂੰ ਭਾਲਣਾ ਉਚਿਤ ਹੋਵੇਗਾ। (ਜ਼ਬੂਰ 25:4) ਅਜਿਹੀ ਚਰਚਾ ਵਿਚ ਕਿਨ੍ਹਾਂ ਚੀਜ਼ਾਂ ਉੱਤੇ ਗੌਰ ਕਰਨਾ ਚਾਹੀਦਾ ਹੈ? ਖ਼ੈਰ, ਚਿਕਿਤਸਾ ਸੰਬੰਧੀ, ਮਾਇਕ, ਅਤੇ ਪਰਿਵਾਰਕ ਨਿਰਣੇ ਬਣਾਉਣੇ ਜ਼ਰੂਰੀ ਹੁੰਦੇ ਹਨ। ਮੂਲ ਦੇਖ-ਭਾਲ ਕੌਣ ਪ੍ਰਦਾਨ ਕਰੇਗਾ? ਉਸ ਦੇਖ-ਭਾਲ ਦਾ ਸਮਰਥਨ ਕਰਨ ਲਈ ਪਰਿਵਾਰ ਕਿਵੇਂ ਸਹਿਯੋਗ ਦੇ ਸਕਦਾ ਹੈ? ਬਣਾਏ ਗਏ ਇੰਤਜ਼ਾਮ ਪਰਿਵਾਰ ਦੇ ਹਰ ਸਦੱਸ ਉੱਤੇ ਕਿਵੇਂ ਪ੍ਰਭਾਵ ਪਾਉਣਗੇ? ਮੂਲ ਦੇਖ-ਭਾਲ ਕਰਨ ਵਾਲੇ ਦੀਆਂ ਅਧਿਆਤਮਿਕ ਅਤੇ ਹੋਰ ਜ਼ਰੂਰਤਾਂ ਕਿਵੇਂ ਪੂਰੀਆਂ ਕੀਤੀਆਂ ਜਾਣਗੀਆਂ?
15. ਯਹੋਵਾਹ ਗੰਭੀਰ ਬੀਮਾਰੀ ਨੂੰ ਅਨੁਭਵ ਕਰ ਰਹੇ ਪਰਿਵਾਰਾਂ ਲਈ ਕੀ ਸਮਰਥਨ ਪ੍ਰਦਾਨ ਕਰਦਾ ਹੈ?
15 ਯਹੋਵਾਹ ਦੇ ਨਿਰਦੇਸ਼ਨ ਲਈ ਸੱਚੇ ਦਿਲੋਂ ਪ੍ਰਾਰਥਨਾ ਕਰਨੀ, ਉਸ ਦੇ ਬਚਨ ਉੱਤੇ ਮਨਨ ਕਰਨਾ, ਅਤੇ ਸਾਹਸ ਨਾਲ ਬਾਈਬਲ ਵਿਚ ਸੰਕੇਤ ਕੀਤੇ ਰਾਹ ਦੀ ਪੈਰਵੀ ਕਰਨੀ ਅਕਸਰ ਸਾਡੀਆਂ ਉਮੀਦਾਂ ਤੋਂ ਪਾਰ ਬਰਕਤਾਂ ਵਿਚ ਪਰਿਣਿਤ ਹੁੰਦੇ ਹਨ। ਇਹ ਹਮੇਸ਼ਾ ਜ਼ਰੂਰੀ ਨਹੀਂ ਹੈ ਕਿ ਇਕ ਬੀਮਾਰ ਪਰਿਵਾਰਕ ਸਦੱਸ ਦਾ ਰੋਗ ਘੱਟ ਜਾਵੇ। ਪਰੰਤੂ ਕਿਸੇ ਵੀ ਪਰਿਸਥਿਤੀ ਵਿਚ ਯਹੋਵਾਹ ਉੱਤੇ ਭਰੋਸਾ ਰੱਖਣਾ ਹਮੇਸ਼ਾ ਸਭ ਤੋਂ ਵਧੀਆ ਪਰਿਣਾਮ ਲਿਆਉਂਦਾ ਹੈ। (ਜ਼ਬੂਰ 55:22) ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਹੇ ਯਹੋਵਾਹ, ਤੇਰੀ ਦਯਾ ਮੈਨੂੰ ਸਮਾਲ੍ਹਦੀ ਸੀ। ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।”—ਜ਼ਬੂਰ 94:18, 19; ਨਾਲੇ ਦੇਖੋ ਜ਼ਬੂਰ 63:6-8.
ਬੱਚਿਆਂ ਦੀ ਮਦਦ ਕਰਨਾ
16, 17. ਛੋਟਿਆਂ ਬੱਚਿਆਂ ਦੇ ਨਾਲ ਉਨ੍ਹਾਂ ਦੇ ਭੈਣ-ਭਰਾ ਦੀ ਬੀਮਾਰੀ ਦੀ ਚਰਚਾ ਕਰਦੇ ਸਮੇਂ ਕਿਹੜੀਆਂ ਗੱਲਾਂ ਉੱਤੇ ਜ਼ੋਰ ਦਿੱਤਾ ਜਾ ਸਕਦਾ ਹੈ?
16 ਗੰਭੀਰ ਬੀਮਾਰੀ ਪਰਿਵਾਰ ਵਿਚ ਬੱਚਿਆਂ ਲਈ ਸਮੱਸਿਆਵਾਂ ਪੇਸ਼ ਕਰ ਸਕਦੀ ਹੈ। ਇਹ ਮਹੱਤਵਪੂਰਣ ਹੈ ਕਿ ਮਾਪੇ ਬੱਚਿਆਂ ਨੂੰ ਪੈਦਾ ਹੋਈਆਂ ਜ਼ਰੂਰਤਾਂ ਅਤੇ ਇਸ ਵਿਚ ਉਹ ਕਿਵੇਂ ਮਦਦ ਕਰ ਸਕਦੇ ਹਨ, ਨੂੰ ਸਮਝਣ ਲਈ ਮਦਦ ਕਰਨ। ਜੇਕਰ ਬੀਮਾਰ ਹੋਣ ਵਾਲਾ ਇਕ ਬੱਚਾ ਹੈ, ਤਾਂ ਭੈਣ-ਭਰਾਵਾਂ ਨੂੰ ਇਹ ਸਮਝਣ ਵਿਚ ਮਦਦ ਕੀਤੀ ਜਾਣੀ ਚਾਹੀਦੀ ਹੈ ਕਿ ਜੋ ਵਧੀਕ ਧਿਆਨ ਅਤੇ ਦੇਖ-ਭਾਲ ਬੀਮਾਰ ਬੱਚੇ ਨੂੰ ਮਿਲ ਰਹੀ ਹੈ ਉਸ ਦਾ ਇਹ ਅਰਥ ਨਹੀਂ ਹੈ ਕਿ ਦੂਜੇ ਬੱਚੇ ਘੱਟ ਪਿਆਰੇ ਹਨ। ਨਾਰਾਜ਼ਗੀ ਜਾਂ ਬਰਾਬਰੀ ਕਰਨ ਦੀ ਭਾਵਨਾ ਨੂੰ ਵਿਕਸਿਤ ਹੋਣ ਦੇਣ ਦੀ ਬਜਾਇ, ਮਾਪੇ ਦੂਜੇ ਬੱਚਿਆਂ ਨੂੰ ਇਕ ਦੂਸਰੇ ਦੇ ਨਾਲ ਹੋਰ ਨਜ਼ਦੀਕੀ ਸੰਬੰਧ ਕਾਇਮ ਕਰਨ ਅਤੇ ਖਰਾ ਸਨੇਹ ਰੱਖਣ ਵਿਚ ਮਦਦ ਕਰ ਸਕਦੇ ਹਨ, ਜਿਉਂ-ਜਿਉਂ ਉਹ ਬੀਮਾਰੀ ਤੋਂ ਪੈਦਾ ਹੋਈ ਪਰਿਸਥਿਤੀ ਨਾਲ ਨਿਭਣ ਵਿਚ ਸਹਿਯੋਗ ਦਿੰਦੇ ਹਨ।
17 ਛੋਟੇ ਬੱਚੇ ਆਮ ਤੌਰ ਤੇ ਜ਼ਿਆਦਾ ਸੌਖਿਆਂ ਅਨੁਕੂਲ ਪ੍ਰਤਿਕ੍ਰਿਆ ਦਿਖਾਉਣਗੇ ਜੇਕਰ ਮਾਪੇ ਚਿਕਿਤਸਾ ਸੰਬੰਧੀ ਹਾਲਾਤ ਬਾਰੇ ਲੰਬੀਆਂ ਅਤੇ ਗੁੰਝਲਦਾਰ ਵਿਆਖਿਆਵਾਂ ਦੀ ਬਜਾਇ ਉਨ੍ਹਾਂ ਦਿਆਂ ਜਜ਼ਬਾਤਾਂ ਨੂੰ ਅਪੀਲ ਕਰਨ। ਸੋ ਉਨ੍ਹਾਂ ਨੂੰ ਕੁਝ ਅਹਿਸਾਸ ਦਿਲਾਇਆ ਜਾ ਸਕਦਾ ਹੈ ਕਿ ਬੀਮਾਰ ਪਰਿਵਾਰਕ ਸਦੱਸ ਕੀ ਸਹਿਣ ਕਰ ਰਿਹਾ ਹੈ। ਜੇਕਰ ਸਿਹਤਮੰਦ ਬੱਚੇ ਇਹ ਅਹਿਸਾਸ ਕਰਨ ਕਿ ਬੀਮਾਰੀ ਕਿਵੇਂ ਰੋਗੀ ਨੂੰ ਉਹ ਅਨੇਕ ਚੀਜ਼ਾਂ ਕਰਨ ਤੋਂ ਰੋਕਦੀ ਹੈ ਜੋ ਉਹ ਖ਼ੁਦ ਇੰਨੀਆਂ ਆਸਾਨ ਸਮਝਦੇ ਹਨ, ਤਾਂ ਸੰਭਵ ਹੈ ਕਿ ਉਹ ਜ਼ਿਆਦਾ “ਭਰੱਪਣ ਦਾ ਪ੍ਰੇਮ” ਰੱਖਣਗੇ ਅਤੇ “ਤਰਸਵਾਨ” ਹੋਣਗੇ।—1 ਪਤਰਸ 3:8.
18. ਬੀਮਾਰੀ ਦੁਆਰਾ ਪੇਸ਼ ਹੋਈਆਂ ਸਮੱਸਿਆਵਾਂ ਨੂੰ ਸਮਝਣ ਲਈ ਵੱਡੇ ਬੱਚਿਆਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ, ਅਤੇ ਇਹ ਉਨ੍ਹਾਂ ਦੇ ਲਈ ਕਿਵੇਂ ਲਾਭਦਾਇਕ ਹੋ ਸਕਦਾ ਹੈ?
18 ਵੱਡੇ ਬੱਚਿਆਂ ਨੂੰ ਇਹ ਅਹਿਸਾਸ ਕਰਨ ਲਈ ਮਦਦ ਦੇਣੀ ਚਾਹੀਦੀ ਹੈ ਕਿ ਇਕ ਕਠਿਨ ਪਰਿਸਥਿਤੀ ਖੜ੍ਹੀ ਹੈ ਅਤੇ ਇਹ ਪਰਿਵਾਰ ਵਿਚ ਸਾਰਿਆਂ ਤੋਂ ਬਲੀਦਾਨ ਲੋੜਦੀ ਹੈ। ਡਾਕਟਰਾਂ ਦੀ ਫ਼ੀਸ ਅਤੇ ਚਿਕਿਤਸਾ ਸੰਬੰਧੀ ਬਿਲ ਅਦਾ ਕਰਨ ਦੇ ਕਾਰਨ, ਮਾਪਿਆਂ ਲਈ ਸ਼ਾਇਦ ਦੂਜੇ ਬੱਚਿਆਂ ਨੂੰ ਉਹ ਸਭ ਕੁਝ ਦੇਣਾ ਸੰਭਵ ਨਾ ਹੋਵੇ ਜੋ ਉਹ ਦੇਣਾ ਚਾਹੁੰਦੇ ਹਨ। ਕੀ ਬੱਚੇ ਇਸ ਗੱਲ ਦਾ ਗੁੱਸਾ ਕਰਨਗੇ ਅਤੇ ਮਹਿਸੂਸ ਕਰਨਗੇ ਕਿ ਉਹ ਵੰਚਿਤ ਕੀਤੇ ਜਾ ਰਹੇ ਹਨ? ਜਾਂ ਕੀ ਉਹ ਪਰਿਸਥਿਤੀ ਨੂੰ ਸਮਝਣਗੇ ਅਤੇ ਲੋੜੀਂਦੇ ਬਲੀਦਾਨ ਕਰਨ ਲਈ ਰਜ਼ਾਮੰਦ ਹੋਣਗੇ? ਇਹ ਇਸ ਉੱਤੇ ਕਾਫ਼ੀ ਨਿਰਭਰ ਕਰਦਾ ਹੈ ਕਿ ਮਾਮਲੇ ਦੀ ਚਰਚਾ ਕਿਵੇਂ ਕੀਤੀ ਜਾਂਦੀ ਹੈ ਅਤੇ ਕਿਹੜੀ ਮਨੋਬਿਰਤੀ ਪਰਿਵਾਰ ਵਿਚ ਪੈਦਾ ਕੀਤੀ ਜਾਂਦੀ ਹੈ। ਦਰਅਸਲ, ਅਨੇਕ ਪਰਿਵਾਰਾਂ ਵਿਚ ਇਕ ਪਰਿਵਾਰਕ ਸਦੱਸ ਦੀ ਬੀਮਾਰੀ ਨੇ ਬੱਚਿਆਂ ਨੂੰ ਪੌਲੁਸ ਦੀ ਸਲਾਹ ਦੀ ਪੈਰਵੀ ਕਰਨ ਵਿਚ ਸਿਖਲਾਈ ਦੇਣ ਲਈ ਮਦਦ ਕੀਤੀ ਹੈ: “ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ। ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।”—ਫ਼ਿਲਿੱਪੀਆਂ 2:3, 4.
ਚਿਕਿਤਸਾ ਸੰਬੰਧੀ ਇਲਾਜ ਨੂੰ ਕਿਵੇਂ ਵਿਚਾਰਨਾ
19, 20. (ੳ) ਪਰਿਵਾਰਕ ਸਿਰਾਂ ਦਿਆਂ ਕੰਧਿਆਂ ਤੇ ਕਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਜਦੋਂ ਇਕ ਪਰਿਵਾਰਕ ਸਦੱਸ ਬੀਮਾਰ ਹੁੰਦਾ ਹੈ? (ਅ) ਭਾਵੇਂ ਕਿ ਉਹ ਇਕ ਚਿਕਿਤਸਾ ਸੰਬੰਧੀ ਪਾਠ-ਪੁਸਤਕ ਨਹੀਂ ਹੈ, ਬਾਈਬਲ ਬੀਮਾਰੀ ਨਾਲ ਨਿਪਟਣ ਵਿਚ ਕਿਵੇਂ ਅਗਵਾਈ ਪ੍ਰਦਾਨ ਕਰਦੀ ਹੈ?
19 ਸੰਤੁਲਿਤ ਮਸੀਹੀ ਚਿਕਿਤਸਾ ਸੰਬੰਧੀ ਇਲਾਜ ਨੂੰ ਇਤਰਾਜ਼ ਨਹੀਂ ਕਰਦੇ ਹਨ ਜਦੋਂ ਤਕ ਕਿ ਇਹ ਪਰਮੇਸ਼ੁਰ ਦੇ ਨਿਯਮ ਦੇ ਵਿਰੁੱਧ ਨਾ ਹੋਵੇ। ਜਦੋਂ ਉਨ੍ਹਾਂ ਦੇ ਪਰਿਵਾਰ ਦਾ ਇਕ ਸਦੱਸ ਬੀਮਾਰ ਹੋ ਜਾਂਦਾ ਹੈ, ਤਾਂ ਉਹ ਪੀੜਿਤ ਵਿਅਕਤੀ ਨੂੰ ਰਾਹਤ ਪਹੁੰਚਾਉਣ ਲਈ ਮਦਦ ਭਾਲਣ ਵਿਚ ਉਤਸੁਕ ਹੁੰਦੇ ਹਨ। ਫਿਰ ਵੀ, ਵਿਰੋਧੀ ਪੇਸ਼ਾਵਰ ਵਿਚਾਰ ਪੇਸ਼ ਹੋ ਸਕਦੇ ਹਨ ਜਿਨ੍ਹਾਂ ਉੱਤੇ ਗੌਰ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਹਾਲ ਹੀ ਦਿਆਂ ਸਾਲਾਂ ਵਿਚ ਨਵੀਆਂ ਬੀਮਾਰੀਆਂ ਅਤੇ ਰੋਗ ਅਚਾਨਕ ਹੀ ਪ੍ਰਗਟ ਹੋ ਰਹੇ ਹਨ, ਅਤੇ ਇਨ੍ਹਾਂ ਵਿੱਚੋਂ ਬਹੁਤੇਰੀਆਂ ਦੇ ਲਈ ਇਲਾਜ ਦਾ ਆਮ ਤੌਰ ਤੇ ਕੋਈ ਸਵੀਕ੍ਰਿਤ ਤਰੀਕਾ ਨਹੀਂ ਹੈ। ਇੱਥੋਂ ਤਕ ਕਿ ਕਦੇ-ਕਦਾਈਂ ਯਥਾਰਥ ਤਸ਼ਖ਼ੀਸ ਵੀ ਪ੍ਰਾਪਤ ਕਰਨੀਆਂ ਕਠਿਨ ਹੁੰਦੀਆਂ ਹਨ। ਫਿਰ, ਉਦੋਂ ਇਕ ਮਸੀਹੀ ਨੂੰ ਕੀ ਕਰਨਾ ਚਾਹੀਦਾ ਹੈ?
20 ਭਾਵੇਂ ਕਿ ਇਕ ਬਾਈਬਲ ਲਿਖਾਰੀ ਇਕ ਡਾਕਟਰ ਸੀ ਅਤੇ ਰਸੂਲ ਪੌਲੁਸ ਨੇ ਆਪਣੇ ਮਿੱਤਰ ਤਿਮੋਥਿਉਸ ਨੂੰ ਸਹਾਇਕ ਚਿਕਿਤਸਾ ਸੰਬੰਧੀ ਸਲਾਹ ਦਿੱਤੀ ਸੀ, ਸ਼ਾਸਤਰ ਇਕ ਨੈਤਿਕ ਅਤੇ ਅਧਿਆਤਮਿਕ ਮਾਰਗ-ਦਰਸ਼ਕ ਹੈ, ਨਾ ਕਿ ਇਕ ਚਿਕਿਤਸਾ ਸੰਬੰਧੀ ਪਾਠ-ਪੁਸਤਕ। (ਕੁਲੁੱਸੀਆਂ 4:14; 1 ਤਿਮੋਥਿਉਸ 5:23) ਇਸ ਕਰਕੇ, ਚਿਕਿਤਸਾ ਸੰਬੰਧੀ ਇਲਾਜਾਂ ਦੇ ਮਾਮਲਿਆਂ ਵਿਚ ਮਸੀਹੀ ਪਰਿਵਾਰਕ ਸਿਰਾਂ ਨੂੰ ਖ਼ੁਦ ਹੀ ਸੰਤੁਲਿਤ ਨਿਰਣੇ ਕਰਨੇ ਪੈਂਦੇ ਹਨ। ਸ਼ਾਇਦ ਉਹ ਇਹ ਮਹਿਸੂਸ ਕਰਨ ਕਿ ਉਨ੍ਹਾਂ ਨੂੰ ਇਕ ਤੋਂ ਜ਼ਿਆਦਾ ਪੇਸ਼ਾਵਰ ਵਿਚਾਰ ਹਾਸਲ ਕਰਨ ਦੀ ਜ਼ਰੂਰਤ ਹੈ। (ਤੁਲਨਾ ਕਰੋ ਕਹਾਉਤਾਂ 18:17.) ਉਹ ਆਪਣੇ ਬੀਮਾਰ ਪਰਿਵਾਰਕ ਸਦੱਸ ਲਈ ਨਿਸ਼ਚੇ ਹੀ ਸਭ ਤੋਂ ਵਧੀਆ ਉਪਲਬਧ ਮਦਦ ਦੀ ਇੱਛਾ ਰੱਖਣਗੇ, ਅਤੇ ਜ਼ਿਆਦਾਤਰ ਇਸ ਨੂੰ ਪੱਕੇ ਡਾਕਟਰਾਂ ਤੋਂ ਹੀ ਭਾਲਦੇ ਹਨ। ਕੁਝ ਵਿਅਕਤੀ ਵਿਕਲਪਕ ਸਿਹਤ ਇਲਾਜਾਂ ਨਾਲ ਜ਼ਿਆਦਾ ਸੁਖਾਵੇਂ ਮਹਿਸੂਸ ਕਰਦੇ ਹਨ। ਇਹ ਵੀ ਇਕ ਵਿਅਕਤੀਗਤ ਫ਼ੈਸਲਾ ਹੈ। ਫਿਰ ਵੀ, ਸਿਹਤ ਸਮੱਸਿਆਵਾਂ ਨਾਲ ਨਿਪਟਦੇ ਸਮੇਂ, ਮਸੀਹੀ ‘ਪਰਮੇਸ਼ੁਰ ਦੇ ਬਚਨ ਨੂੰ ਆਪਣੇ ਪੈਰਾਂ ਲਈ ਦੀਪਕ, ਅਤੇ ਆਪਣੇ ਰਾਹ ਦਾ ਚਾਨਣ’ ਬਣਾਉਣ ਤੋਂ ਨਹੀਂ ਰੁਕਦੇ ਹਨ। (ਜ਼ਬੂਰ 119:105) ਉਹ ਬਾਈਬਲ ਵਿਚ ਸਥਾਪਿਤ ਮਾਰਗ-ਦਰਸ਼ਨਾਂ ਦੀ ਪੈਰਵੀ ਕਰਨਾ ਜਾਰੀ ਰੱਖਦੇ ਹਨ। (ਯਸਾਯਾਹ 55:8, 9) ਇਸ ਤਰ੍ਹਾਂ, ਉਹ ਉਨ੍ਹਾਂ ਤਸ਼ਖ਼ੀਸੀ ਵਿਧੀਆਂ ਤੋਂ ਪਰਹੇਜ਼ ਕਰਦੇ ਹਨ ਜੋ ਪ੍ਰੇਤਵਾਦ ਦੀ ਝਲਕ ਦਿੰਦੀਆਂ ਹਨ, ਅਤੇ ਉਨ੍ਹਾਂ ਇਲਾਜਾਂ ਤੋਂ ਦੂਰ ਰਹਿੰਦੇ ਹਨ ਜੋ ਬਾਈਬਲ ਸਿਧਾਂਤਾਂ ਦੀ ਉਲੰਘਣਾ ਕਰਦੇ ਹਨ।—ਜ਼ਬੂਰ 36:9; ਰਸੂਲਾਂ ਦੇ ਕਰਤੱਬ 15:28, 29; ਪਰਕਾਸ਼ ਦੀ ਪੋਥੀ 21:8.
21, 22. ਇਕ ਏਸ਼ੀਆਈ ਇਸਤਰੀ ਨੇ ਬਾਈਬਲ ਸਿਧਾਂਤ ਉੱਤੇ ਕਿਵੇਂ ਤਰਕ ਕੀਤਾ, ਅਤੇ ਉਹ ਫ਼ੈਸਲਾ ਜੋ ਉਸ ਨੇ ਕੀਤਾ ਸੀ, ਉਸ ਦੀ ਪਰਿਸਥਿਤੀ ਵਿਚ ਕਿਵੇਂ ਸਹੀ ਸਾਬਤ ਹੋਇਆ?
21 ਇਕ ਜਵਾਨ ਏਸ਼ੀਆਈ ਇਸਤਰੀ ਦੇ ਮਾਮਲੇ ਉੱਤੇ ਗੌਰ ਕਰੋ। ਯਹੋਵਾਹ ਦੇ ਗਵਾਹਾਂ ਵਿੱਚੋਂ ਇਕ ਦੇ ਨਾਲ ਅਧਿਐਨ ਕਰਨ ਦੇ ਸਿੱਟੇ ਵਜੋਂ ਬਾਈਬਲ ਦੇ ਬਾਰੇ ਸਿੱਖਿਆ ਲੈਣ ਤੋਂ ਕੁਝ ਹੀ ਸਮਾਂ ਬਾਅਦ, ਉਸ ਨੇ ਅਗੇਤੇ ਤੌਰ ਤੇ ਇਕ ਨੱਨ੍ਹੀ ਲੜਕੀ ਨੂੰ ਜਨਮ ਦਿੱਤਾ ਜਿਸ ਦਾ ਵਜ਼ਨ ਕੇਵਲ 1,470 ਗ੍ਰਾਮ ਹੀ ਸੀ। ਉਹ ਇਸਤਰੀ ਗ਼ਮਗੀਨ ਹੋਈ ਜਦੋਂ ਇਕ ਡਾਕਟਰ ਨੇ ਉਸ ਨੂੰ ਦੱਸਿਆ ਕਿ ਬੱਚੀ ਸਖ਼ਤ ਤਰ੍ਹਾਂ ਅਧਰੰਗੀ ਹੋਵੇਗੀ ਅਤੇ ਕਦੇ ਵੀ ਤੁਰ ਨਹੀਂ ਸਕੇਗੀ। ਉਸ ਨੇ ਸਲਾਹ ਦਿੱਤੀ ਕਿ ਉਹ ਬੱਚੀ ਨੂੰ ਇਕ ਸੰਸਥਾ ਨੂੰ ਸੌਂਪ ਦੇਵੇ। ਉਸ ਦਾ ਪਤੀ ਇਸ ਮਾਮਲੇ ਬਾਰੇ ਅਨਿਸ਼ਚਿਤ ਸੀ। ਉਹ ਕਿੱਥੋਂ ਸਹਾਰਾ ਭਾਲ ਸਕਦੀ ਸੀ?
22 ਉਹ ਕਹਿੰਦੀ ਹੈ: “ਮੈਨੂੰ ਯਾਦ ਹੈ ਕਿ ਮੈਂ ਬਾਈਬਲ ਤੋਂ ਸਿੱਖਿਆ ਸੀ ਕਿ ‘ਬੱਚੇ ਯਹੋਵਾਹ ਵੱਲੋਂ ਮਿਰਾਸ ਹਨ, ਢਿੱਡ ਦਾ ਫਲ ਇੱਕ ਇਨਾਮ ਹੈ।’” (ਜ਼ਬੂਰ 127:3) ਉਸ ਨੇ ਇਸ “ਮਿਰਾਸ” ਨੂੰ ਘਰ ਲਿਆਉਣ ਅਤੇ ਉਸ ਦੀ ਦੇਖ-ਭਾਲ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ-ਪਹਿਲ ਹਾਲਾਤ ਕਠਿਨ ਸਨ, ਪਰੰਤੂ ਯਹੋਵਾਹ ਦੇ ਗਵਾਹਾਂ ਦੀ ਸਥਾਨਕ ਕਲੀਸਿਯਾ ਤੋਂ ਮਸੀਹੀ ਦੋਸਤ-ਮਿੱਤਰਾਂ ਦੀ ਮਦਦ ਦੇ ਨਾਲ, ਉਹ ਇਸਤਰੀ ਨਿਭ ਸਕੀ ਅਤੇ ਉਸ ਬੱਚੀ ਲਈ ਲੋੜੀਂਦੀ ਵਿਸ਼ੇਸ਼ ਸੰਭਾਲ ਦਾ ਪ੍ਰਬੰਧ ਕਰ ਸਕੀ। ਬਾਰਾਂ ਸਾਲ ਬਾਅਦ, ਉਹ ਬੱਚੀ ਰਾਜ ਗ੍ਰਹਿ ਸਭਾਵਾਂ ਵਿਚ ਜਾ ਰਹੀ ਸੀ ਅਤੇ ਉੱਥੇ ਹਾਜ਼ਰ ਜਵਾਨਾਂ ਦੀ ਸੰਗਤ ਦਾ ਆਨੰਦ ਮਾਣ ਰਹੀ ਸੀ। ਮਾਤਾ ਟਿੱਪਣੀ ਕਰਦੀ ਹੈ: “ਮੈਂ ਇੰਨੀ ਸ਼ੁਕਰਗੁਜ਼ਾਰ ਹਾਂ ਕਿ ਬਾਈਬਲ ਸਿਧਾਂਤਾਂ ਨੇ ਮੈਨੂੰ ਉਹ ਕਰਨ ਲਈ ਉਤੇਜਿਤ ਕੀਤਾ ਜੋ ਸਹੀ ਹੈ। ਬਾਈਬਲ ਨੇ ਮੈਨੂੰ ਯਹੋਵਾਹ ਪਰਮੇਸ਼ੁਰ ਦੇ ਸਾਮ੍ਹਣੇ ਇਕ ਸਾਫ਼ ਅੰਤਹਕਰਣ ਕਾਇਮ ਰੱਖਣ ਅਤੇ ਉਨ੍ਹਾਂ ਪਛਤਾਵਿਆਂ ਤੋਂ ਬਚੇ ਰਹਿਣ ਵਿਚ ਮਦਦ ਕੀਤੀ ਜੋ ਮੇਰੇ ਬਾਕੀ ਦੇ ਸਾਰੇ ਜੀਵਨ ਮੈਨੂੰ ਸਤਾਉਂਦੇ।”
23. ਬਾਈਬਲ ਬੀਮਾਰਾਂ ਲਈ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਿਆਂ ਲਈ ਕੀ ਦਿਲਾਸਾ ਦਿੰਦੀ ਹੈ?
23 ਬੀਮਾਰੀ ਸਾਡੇ ਨਾਲ ਸਦਾ ਹੀ ਨਹੀਂ ਰਹੇਗੀ। ਨਬੀ ਯਸਾਯਾਹ ਨੇ ਭਵਿੱਖ ਵਿਚ ਉਸ ਸਮੇਂ ਵੱਲ ਇਸ਼ਾਰਾ ਕੀਤਾ ਜਦੋਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਉਹ ਵਾਅਦਾ ਤੇਜ਼ੀ ਨਾਲ ਆ ਰਹੇ ਨਵੇਂ ਸੰਸਾਰ ਵਿਚ ਪੂਰਾ ਹੋਵੇਗਾ। ਪਰੰਤੂ, ਉਦੋਂ ਤਕ ਸਾਨੂੰ ਬੀਮਾਰੀ ਅਤੇ ਮੌਤ ਨਾਲ ਮੁਕਾਬਲਾ ਕਰਨਾ ਪੈਣਾ ਹੈ। ਖ਼ੁਸ਼ੀ ਦੀ ਗੱਲ ਇਹ ਹੈ ਕਿ ਪਰਮੇਸ਼ੁਰ ਦਾ ਬਚਨ ਸਾਨੂੰ ਅਗਵਾਈ ਅਤੇ ਮਦਦ ਦਿੰਦਾ ਹੈ। ਉਹ ਆਚਰਣ ਦੇ ਬੁਨਿਆਦੀ ਅਸੂਲ ਜੋ ਬਾਈਬਲ ਪ੍ਰਦਾਨ ਕਰਦੀ ਹੈ ਚਿਰਸਥਾਈ ਹਨ, ਅਤੇ ਅਪੂਰਣ ਮਾਨਵ ਦੇ ਸਦਾ-ਬਦਲਦੇ ਵਿਚਾਰਾਂ ਨਾਲੋਂ ਸ੍ਰੇਸ਼ਟ ਹੁੰਦੇ ਹਨ। ਇਸ ਕਰਕੇ, ਇਕ ਬੁੱਧੀਮਾਨ ਵਿਅਕਤੀ ਜ਼ਬੂਰਾਂ ਦੇ ਲਿਖਾਰੀ ਨਾਲ ਸਹਿਮਤ ਹੁੰਦਾ ਹੈ ਜਿਸ ਨੇ ਲਿਖਿਆ: “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ। . . . ਯਹੋਵਾਹ ਦੇ ਨਿਆਉਂ ਸਤ ਹਨ, ਓਹ ਨਿਰੇ ਪੁਰੇ ਧਰਮ ਹਨ। . . . ਉਨ੍ਹਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ।”—ਜ਼ਬੂਰ 19:7, 9, 11.