ਕੀ ਵੱਢਿਆ ਗਿਆ ਦਰਖ਼ਤ ਦੁਬਾਰਾ ਉੱਗੇਗਾ?
ਲੇਬਨਾਨ ਦੇ ਸ਼ਾਨਦਾਰ ਦਿਆਰ ਦੇ ਦਰਖ਼ਤਾਂ ਦੇ ਮੁਕਾਬਲੇ ਜ਼ੈਤੂਨ ਦੇ ਗੰਢਾਂ ਨਾਲ ਭਰੇ ਵਿੰਗੇ-ਤੜਿੰਗੇ ਦਰਖ਼ਤ ਸ਼ਾਇਦ ਇੰਨੇ ਸੋਹਣੇ ਨਾ ਦਿੱਸਣ। ਪਰ ਜ਼ੈਤੂਨ ਦੇ ਦਰਖ਼ਤ ਖ਼ਰਾਬ ਮੌਸਮ ਦੇ ਬਾਵਜੂਦ ਟਿਕੇ ਰਹਿੰਦੇ ਹਨ। ਕੁਝ ਦਰਖ਼ਤ ਤਕਰੀਬਨ 1,000 ਸਾਲ ਪੁਰਾਣੇ ਹਨ। ਇਨ੍ਹਾਂ ਦੀਆਂ ਜੜ੍ਹਾਂ ਜ਼ਮੀਨ ਦੇ ਧੁਰ ਅੰਦਰ ਤਕ ਫੈਲੀਆਂ ਹੁੰਦੀਆਂ ਹਨ ਅਤੇ ਜੇ ਇਨ੍ਹਾਂ ਦੇ ਤਣੇ ਖ਼ਰਾਬ ਹੋ ਜਾਣ ਜਾਂ ਵੱਢ ਦਿੱਤੇ ਜਾਣ, ਤਾਂ ਵੀ ਇਹ ਦਰਖ਼ਤ ਦੁਬਾਰਾ ਉੱਗ ਜਾਂਦੇ ਹਨ। ਜਦ ਤਕ ਜੜ੍ਹਾਂ ਹਰੀਆਂ ਰਹਿੰਦੀਆਂ ਹਨ, ਇਹ ਦੁਬਾਰਾ ਤੋਂ ਉੱਗ ਜਾਂਦੇ ਹਨ।
ਪਰਮੇਸ਼ੁਰ ਦੇ ਵਫ਼ਾਦਾਰ ਭਗਤ ਅੱਯੂਬ ਨੂੰ ਪੂਰਾ ਯਕੀਨ ਸੀ ਕਿ ਜੇ ਉਹ ਮਰ ਵੀ ਜਾਵੇ, ਤਾਂ ਦੁਬਾਰਾ ਜੀਉਂਦਾ ਹੋ ਜਾਵੇਗਾ। (ਅੱਯੂ. 14:13-15) ਉਸ ਨੇ ਇਕ ਦਰਖ਼ਤ ਦੀ ਮਿਸਾਲ, ਸ਼ਾਇਦ ਜ਼ੈਤੂਨ ਦੇ ਦਰਖ਼ਤ ਦੀ ਮਿਸਾਲ ਦੇ ਕੇ ਦੱਸਿਆ ਕਿ ਪਰਮੇਸ਼ੁਰ ਮੌਤ ਦੀ ਨੀਂਦ ਸੌਂ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹੈ। ਅੱਯੂਬ ਨੇ ਕਿਹਾ: “ਰੁੱਖ ਲਈ ਤਾਂ ਆਸਾ ਹੈ, ਭਈ ਜੇ ਉਹ ਕੱਟਿਆ ਜਾਵੇ ਤਾਂ ਉਹ ਫੇਰ ਫੁੱਟੇਗਾ।” ਜਦ ਕਾਲ਼ ਪੈਣ ਤੋਂ ਬਾਅਦ ਬਾਰਸ਼ ਪੈਂਦੀ ਹੈ, ਤਾਂ ਇਕ ਸੁੱਕਿਆ ਜ਼ੈਤੂਨ ਦਾ ਦਰਖ਼ਤ ਦੁਬਾਰਾ ਤੋਂ ਹਰਾ ਹੋ ਜਾਂਦਾ ਹੈ ਅਤੇ ਉਹ ‘ਬੂਟੇ ਵਾਂਙੁ ਟਹਿਣੀਆਂ ਕੱਢਦਾ’ ਹੈ।—ਅੱਯੂ. 14:7-9.
ਜਿੱਦਾਂ ਇਕ ਕਿਸਾਨ ਜ਼ੈਤੂਨ ਦੇ ਦਰਖ਼ਤ ਨੂੰ ਦੁਬਾਰਾ ਉੱਗਦਾ ਦੇਖਣ ਲਈ ਉਤਾਵਲਾ ਹੁੰਦਾ ਹੈ, ਉੱਦਾਂ ਹੀ ਯਹੋਵਾਹ ਆਪਣੇ ਸੇਵਕਾਂ ਅਤੇ ਹੋਰ ਬਾਕੀ ਲੋਕਾਂ ਨੂੰ ਜੀਉਂਦਾ ਕਰਨ ਲਈ ਬੇਕਰਾਰ ਹੈ। (ਮੱਤੀ 22:31, 32; ਯੂਹੰ. 5:28, 29; ਰਸੂ. 24:15) ਜ਼ਰਾ ਸੋਚੋ ਕਿ ਉਹ ਸਮਾਂ ਕਿੰਨਾ ਹੀ ਖ਼ੁਸ਼ੀਆਂ ਭਰਿਆ ਹੋਵੇਗਾ ਜਦ ਅਸੀਂ ਆਪਣੀਆਂ ਅੱਖਾਂ ਨਾਲ ਮਰ ਚੁੱਕੇ ਲੋਕਾਂ ਨੂੰ ਜੀਉਂਦੇ ਹੁੰਦਿਆਂ ਦੇਖਾਂਗੇ ਅਤੇ ਉਨ੍ਹਾਂ ਦਾ ਸੁਆਗਤ ਕਰਾਂਗੇ!