ਬਾਈਬਲ ਦਾ ਦ੍ਰਿਸ਼ਟੀਕੋਣ
ਮਿੱਤਰਾਂ ਵਿਚਕਾਰ ਉਧਾਰ ਦੇਣਾ ਅਤੇ ਲੈਣਾ
“ਦੁਸ਼ਟ ੳਧਾਰ ਲੈਂਦਾ ਹੈ ਅਤੇ ਮੋੜਦਾ ਨਹੀਂ, ਪਰ ਧਰਮੀ ਦਯਾ ਕਰਦਾ ਅਤੇ ਦਿੰਦਾ ਹੈ।”—ਜ਼ਬੂਰ 37:21.
“ਨਾ ਹੀ ਉਧਾਰ ਲੈਣ ਵਾਲੇ, ਅਤੇ ਨਾ ਹੀ ਉਧਾਰ ਦੇਣ ਵਾਲੇ ਬਣੋ; ਕਿਉਂਕਿ ਅਕਸਰ ਉਧਾਰੇ ਪੈਸੇ ਦੇ ਨਾਲ-ਨਾਲ ਮਿੱਤਰਤਾ ਵੀ ਬਰਬਾਦ ਹੋ ਜਾਂਦੀ ਹੈ।” ਅੰਗ੍ਰੇਜ਼ੀ ਨਾਟਕਕਾਰ, ਵਿਲੀਅਮ ਸ਼ੇਕਸਪੀਅਰ ਨੇ ਸਦੀਆਂ ਪੁਰਾਣੀ ਬੁੱਧ ਦੁਹਰਾਉਂਦੇ ਹੋਏ ਇਹ ਲਿਖਿਆ। ਮਨੁੱਖੀ ਰਿਸ਼ਤਿਆਂ ਵਿਚ ਬਹੁਤ ਘੱਟ ਚੀਜ਼ਾਂ ਇੰਨੀ ਫੁੱਟ ਪਾਉਂਦੀਆਂ ਹਨ ਜਿੰਨੀ ਕਿ ਪੈਸਿਆਂ ਦੇ ਉਧਾਰ ਲੈਣ ਜਾਂ ਦੇਣ ਨਾਲ ਪੈਂਦੀ ਹੈ। ਭਾਵੇਂ ਯੋਜਨਾਵਾਂ ਕਿੰਨੀਆਂ ਵੀ ਚੰਗੀਆਂ ਹੋਣ ਅਤੇ ਇਰਾਦੇ ਜਿੰਨੇ ਮਰਜ਼ੀ ਨੇਕ ਕਿਉਂ ਨਾ ਹੋਣ, ਫਿਰ ਵੀ ਗੱਲ ਹਮੇਸ਼ਾ ਉਸ ਤਰ੍ਹਾਂ ਨਹੀਂ ਨਿਕਲਦੀ ਜਿਸ ਤਰ੍ਹਾਂ ਅਸੀਂ ਸੋਚਿਆ ਸੀ।—ਉਪਦੇਸ਼ਕ ਦੀ ਪੋਥੀ 9:11, 12.
ਹਾਲਾਤ ਬਦਲਣ ਕਰਕੇ ਸ਼ਾਇਦ ਕਰਜ਼ਦਾਰ ਲਈ ਪੈਸੇ ਮੋੜਨੇ ਮੁਸ਼ਕਲ ਜਾ ਨਾਮੁਮਕਿਨ ਬਣ ਜਾਂਦੇ ਹਨ। ਜਾਂ ਸ਼ਾਇਦ ਉਧਾਰ ਦੇਣ ਵਾਲੇ ਨੂੰ ਅਚਾਨਕ ਪੈਸੇ ਦੀ ਖ਼ੁਦ ਲੋੜ ਪੈ ਜਾਵੇ। ਜਿਵੇਂ ਸ਼ੇਕਸਪੀਅਰ ਨੇ ਸੰਕੇਤ ਕੀਤਾ ਸੀ, ਜਦੋਂ ਇਸ ਤਰ੍ਹਾਂ ਹੁੰਦਾ ਹੈ, ਮਿੱਤਰਤਾ ਅਤੇ ਚੰਗੇ ਰਿਸ਼ਤੇ ਖ਼ਤਰੇ ਵਿਚ ਪੈ ਸਕਦੇ ਹਨ।
ਇਹ ਸੱਚ ਹੈ ਕਿ ਇਕ ਵਿਅਕਤੀ ਕੋਲ ਕੁਝ ਪੈਸੇ ਉਧਾਰ ਲੈਣ ਲਈ ਜਾਇਜ਼ ਕਾਰਨ ਹੋਣ। ਕਿਸੇ ਗੰਭੀਰ ਹਾਦਸੇ ਦੇ ਕਾਰਨ ਜਾਂ ਨੌਕਰੀ ਛੁੱਟਣ ਦੇ ਨਤੀਜੇ ਵਜੋਂ ਪੈਸਿਆਂ ਦੀ ਥੁੜ ਦੇ ਕਾਰਨ ਉਸ ਲਈ ਸ਼ਾਇਦ ਇਹ ਆਖ਼ਰੀ ਚਾਰਾ ਹੋਵੇ। ਜਿਹੜੇ ਲੋੜਵੰਦ ਵਿਅਕਤੀਆਂ ਦੀ ਮਦਦ ਕਰ ਸਕਦੇ ਹਨ, ਬਾਈਬਲ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਲਈ ਉਤੇਜਿਤ ਕਰਦੀ ਹੈ ਜੇ ਇਹ ਗੱਲ ਉਨ੍ਹਾਂ ਦੇ ਵੱਸ ਵਿਚ ਹੋਵੇ। (ਕਹਾਉਤਾਂ 3:27) ਇਸ ਵਿਚ ਸ਼ਾਇਦ ਪੈਸੇ ਉਧਾਰ ਦੇਣੇ ਸ਼ਾਮਲ ਹੋ ਸਕਦੇ ਹਨ। ਪਰ ਜਿਹੜੇ ਮਸੀਹੀ ਅਜਿਹੇ ਲੈਣ-ਦੇਣ ਦੇ ਮਾਮਲੇ ਵਿਚ ਸ਼ਾਮਲ ਹੋ ਜਾਂਦੇ ਹਨ, ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਸ ਤਰ੍ਹਾਂ ਸਮਝਣਾ ਚਾਹੀਦਾ ਹੈ?
ਵਿਚਾਰਨ ਲਈ ਸਿਧਾਂਤ
ਬਾਈਬਲ ਕੋਈ ਮਾਲੀ ਗਾਈਡਬੁੱਕ ਨਹੀਂ ਹੈ। ਇਹ ਉਧਾਰ ਲੈਣ ਅਤੇ ਦੇਣ ਦਿਆਂ ਸਾਰਿਆਂ ਵੇਰਵਿਆਂ ਬਾਰੇ ਚਰਚਾ ਨਹੀਂ ਕਰਦੀ। ਵਿਆਜ ਲਾਉਣਾ, ਜਾਂ ਨਹੀਂ ਲਾਉਣਾ, ਜਾਂ ਕਿੰਨਾ ਲਾਉਣਾ, ਇਨ੍ਹਾਂ ਗੱਲਾਂ ਬਾਰੇ ਇਕੱਲੇ-ਇਕੱਲੇ ਵਿਅਕਤੀ ਉੱਤੇ ਗੱਲ ਛੱਡੀ ਜਾਂਦੀ ਹੈ।a ਪਰ ਬਾਈਬਲ ਅਜਿਹੇ ਚੰਗੇ ਸਿਧਾਂਤ ਸਾਫ਼-ਸਾਫ਼ ਪੇਸ਼ ਕਰਦੀ ਹੈ ਜਿਨ੍ਹਾਂ ਦਾ ਅਸਰ ਉਧਾਰ ਲੈਣ ਜਾਂ ਦੇਣ ਵਾਲੇ ਵਿਅਕਤੀ ਦੇ ਰਵੱਈਏ ਅਤੇ ਵਰਤਾਉ ਉੱਤੇ ਪੈਣਾ ਚਾਹੀਦਾ ਹੈ।
ਕਰਜ਼ਦਾਰ ਉੱਤੇ ਲਾਗੂ ਹੋਣ ਵਾਲੇ ਸਿਧਾਂਤਾਂ ਉੱਤੇ ਵਿਚਾਰ ਕਰੋ। ਪੌਲੁਸ ਨੇ ਮਸੀਹੀਆਂ ਨੂੰ ਇਹ ਸਲਾਹ ਦਿੱਤੀ ਸੀ ਕਿ “ਪਿਆਰ ਕਰਨ ਤੋਂ ਬਿਨਾ ਕਿਸੇ ਦੇ ਕਰਜ਼ਦਾਰ ਨਾ ਰਹੋ।” (ਰੋਮੀਆਂ 13:8) ਜਦ ਕਿ ਪੌਲੁਸ ਇੱਥੇ ਇਕ ਆਮ ਸਿਧਾਂਤ ਪੇਸ਼ ਕਰ ਰਿਹਾ ਸੀ, ਇਹ ਸਲਾਹ ਕਰਜ਼ੇ ਹੇਠ ਨਾ ਆਉਣ ਦੀ ਚੇਤਾਵਨੀ ਵਜੋਂ ਜ਼ਰੂਰ ਲਾਗੂ ਕੀਤੀ ਜਾ ਸਕਦੀ ਹੈ। ਕਈ ਵਾਰ ਕਰਜ਼ੇ ਹੇਠ ਆਉਣ ਨਾਲੋਂ ਕਿਸੇ ਚੀਜ਼ ਤੋਂ ਬਗੈਰ ਸਾਰਨਾ ਬਿਹਤਰ ਹੋ ਸਕਦਾ ਹੈ। ਕਿਉਂ? ਕਹਾਉਤਾਂ 22:7 ਸਮਝਾਉਂਦਾ ਹੈ ਕਿ “ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।” ਕਰਜ਼ਦਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿੰਨਾ ਚਿਰ ਪੈਸੇ ਵਾਪਸ ਨਹੀਂ ਕੀਤੇ ਜਾਂਦੇ, ਉਸ ਉੱਤੇ ਕਰਜ਼ਾ ਮੋੜਨ ਦੀ ਜ਼ਿੰਮੇਵਾਰੀ ਹੈ। ਅਸਲ ਵਿਚ, ਉਸ ਦੀ ਆਮਦਨ ਪੂਰੀ ਤਰ੍ਹਾਂ ਉਸ ਦੀ ਆਪਣੀ ਨਹੀਂ ਹੈ। ਉਸ ਨੂੰ ਆਪਣੀ ਜ਼ਿੰਦਗੀ ਵਿਚ ਇਸ ਗੱਲ ਉੱਤੇ ਬਹੁਤ ਧਿਆਨ ਦੇਣਾ ਚਾਹੀਦਾ ਹੈ ਕਿ ਕਰਜ਼ੇ ਨੂੰ ਲਾਈਆਂ ਗਈਆਂ ਸ਼ਰਤਾਂ ਦੇ ਅਨੁਸਾਰ ਵਾਪਸ ਦਿੱਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।
ਉਦਾਹਰਣ ਲਈ, ਜਿਉਂ-ਜਿਉਂ ਪੈਸੇ ਵਾਪਸ ਕਰਨ ਤੋਂ ਬਗੈਰ ਸਮਾਂ ਬੀਤਦਾ ਜਾਂਦਾ ਹੈ ਉਧਾਰ ਦੇਣ ਵਾਲਾ ਸ਼ਾਇਦ ਖਿਝ ਸਕਦਾ ਹੈ। ਉਹ ਸ਼ਾਇਦ ਉਨ੍ਹਾਂ ਚੀਜ਼ਾਂ ਨੂੰ ਸ਼ੱਕ ਨਾਲ ਦੇਖੇ ਜੋ ਕਰਜ਼ਦਾਰ ਕਰਦਾ ਹੈ, ਜਿਵੇਂ ਕਿ ਕੱਪੜੇ ਖ਼ਰੀਦਣੇ, ਰੈਸਤੋਰਾਂ ਵਿਚ ਰੋਟੀ ਖਾਣੀ, ਜਾਂ ਛੁੱਟੀਆਂ ਮਨਾਉਣ ਵਾਸਤੇ ਕਿਤੇ ਜਾਣਾ। ਨਾਰਾਜ਼ਗੀ ਪੈਦਾ ਹੋ ਸਕਦੀ ਹੈ। ਉਨ੍ਹਾਂ ਅਤੇ ਉਨ੍ਹਾਂ ਦਿਆਂ ਪਰਿਵਾਰਾਂ ਵਿਚਕਾਰ ਦੇ ਰਿਸ਼ਤੇ ਵਿਚ ਵੀ ਫੁੱਟ ਪੈ ਸਕਦੀ ਹੈ ਜਾਂ ਇਸ ਤੋਂ ਵੀ ਵੱਧ ਕੁਝ ਹੋ ਸਕਦਾ ਹੈ। ਅਜਿਹੇ ਬੁਰੇ ਨਤੀਜੇ ਹੋ ਸਕਦੇ ਹਨ ਜੇਕਰ ਕਰਜ਼ਦਾਰ ਆਪਣੀ ਜ਼ਬਾਨ ਦਾ ਪੱਕਾ ਨਾ ਰਹੇ।—ਮੱਤੀ 5:37.
ਪਰ ਜੇਕਰ ਕਰਜ਼ਦਾਰ, ਆਪਣੇ ਵੱਸ ਤੋਂ ਬਾਹਰ ਕਿਸੇ ਕਾਰਨ ਕਰਕੇ ਆਪਣਾ ਵਾਅਦਾ ਪੂਰਾ ਨਾ ਕਰ ਸਕੇ, ਫਿਰ ਕੀ? ਕੀ ਇਸ ਦਾ ਇਹ ਮਤਲਬ ਹੈ ਕਿ ਉਸ ਨੂੰ ਹੁਣ ਕਰਜ਼ਾ ਵਾਪਸ ਕਰਨ ਦੀ ਲੋੜ ਨਹੀਂ? ਨਹੀਂ। ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ ਕਿ ਧਰਮੀ ਵਿਅਕਤੀ “ਸੌਂਹ ਖਾ ਕੇ ਮੁੱਕਰਦਾ ਨਹੀਂ, ਭਾਵੇਂ ਉਹ ਨੂੰ ਘਾਟਾ ਵੀ ਪਵੇ।” (ਜ਼ਬੂਰ 15:4) ਇਸ ਮਾਮਲੇ ਵਿਚ ਸਭ ਤੋਂ ਪ੍ਰੇਮਪੂਰਣ ਅਤੇ ਬੁੱਧੀਮਤਾ ਦੀ ਗੱਲ ਇਹ ਹੋਵੇਗੀ ਕਿ ਕਰਜ਼ਦਾਰ ਉਧਾਰ ਦੇਣ ਵਾਲੇ ਨੂੰ ਆਪਣੀ ਹਾਲਤ ਬਾਰੇ ਜਲਦੀ-ਤੋਂ-ਜਲਦੀ ਦੱਸ ਦੇਵੇ। ਫਿਰ ਉਹ ਹੋਰ ਕੋਈ ਇੰਤਜ਼ਾਮ ਕਰ ਸਕਦੇ ਹਨ। ਇਸ ਨਾਲ ਸ਼ਾਂਤੀ ਬਣੀ ਰਹੇਗੀ, ਅਤੇ ਯਹੋਵਾਹ ਪਰਮੇਸ਼ੁਰ ਵੀ ਖ਼ੁਸ਼ ਹੋਵੇਗਾ।—ਜ਼ਬੂਰ 133:1; 2 ਕੁਰਿੰਥੀਆਂ 13:11.
ਅਸਲ ਵਿਚ, ਇਕ ਵਿਅਕਤੀ ਆਪਣਿਆਂ ਕਰਜ਼ਿਆਂ ਦੇ ਸੰਬੰਧ ਵਿਚ ਜੋ ਕਰਦਾ ਹੈ, ਉਸ ਤੋਂ ਉਹ ਆਪਣੇ ਆਪ ਬਾਰੇ ਬਹੁਤ ਕੁਝ ਪ੍ਰਗਟ ਕਰਦਾ ਹੈ। ਪੈਸੇ ਵਾਪਸ ਦੇਣ ਬਾਰੇ ਇਕ ਲਾਪਰਵਾਹ ਰਵੱਈਏ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਦੂਜਿਆਂ ਬਾਰੇ ਘੱਟ ਸੋਚਦਾ ਹੈ। ਅਸਲ ਵਿਚ, ਇਸ ਤਰ੍ਹਾਂ ਦੇ ਰਵੱਈਏ ਵਾਲਾ ਵਿਅਕਤੀ ਖ਼ੁਦਗਰਜ਼ੀ ਦਿਖਾਉਂਦਾ ਹੈ, ਯਾਨੀ ਕਿ ਉਸ ਦੀਆਂ ਆਪਣੀਆਂ ਇੱਛਾਵਾਂ ਅਤੇ ਖ਼ਾਹਸ਼ਾਂ ਪਹਿਲਾ ਦਰਜਾ ਰੱਖਦੀਆਂ ਹਨ। (ਫ਼ਿਲਿੱਪੀਆਂ 2:4) ਜਿਹੜਾ ਮਸੀਹੀ ਜਾਣ-ਬੁੱਝ ਕੇ ਆਪਣਿਆਂ ਕਰਜ਼ਿਆਂ ਨੂੰ ਮੋੜਨ ਤੋਂ ਇਨਕਾਰ ਕਰਦਾ ਹੈ ਉਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਖ਼ਤਰੇ ਵਿਚ ਪਾਉਂਦਾ ਹੈ, ਅਤੇ ਉਸ ਦੇ ਕੰਮ ਇਹ ਵੀ ਸੰਕੇਤ ਕਰ ਸਕਦੇ ਹਨ ਕਿ ਉਹ ਲਾਲਚੀ ਹੈ ਅਤੇ ਉਸ ਦਾ ਦਿਲ ਦੁਸ਼ਟ ਹੈ।—ਜ਼ਬੂਰ 37:21.
ਉਧਾਰ ਦੇਣ ਵਾਲਾ
ਜਦ ਕਿ ਬਹੁਤੀ ਜ਼ਿੰਮੇਵਾਰੀ ਉਧਾਰ ਲੈਣ ਵਾਲੇ ਉੱਤੇ ਆਉਂਦੀ ਹੈ, ਕੁਝ ਸਿਧਾਂਤ ਉਧਾਰ ਦੇਣ ਵਾਲੇ ਉੱਤੇ ਵੀ ਲਾਗੂ ਹੁੰਦੇ ਹਨ। ਬਾਈਬਲ ਸੰਕੇਤ ਕਰਦੀ ਹੈ ਕਿ ਜੇ ਸਾਡੇ ਵੱਸ ਵਿਚ ਹੋਵੇ ਤਾਂ ਸਾਨੂੰ ਲੋੜਵੰਦ ਵਿਅਕਤੀਆਂ ਦੀ ਮਦਦ ਕਰਨੀ ਚਾਹੀਦੀ ਹੈ। (ਯਾਕੂਬ 2:14-16) ਪਰ ਇਸ ਦਾ ਇਹ ਮਤਲਬ ਨਹੀਂ ਕਿ ਇਕ ਵਿਅਕਤੀ ਦਾ ਪੈਸੇ ਉਧਾਰ ਦੇਣ ਦਾ ਫ਼ਰਜ਼ ਬਣਦਾ ਹੈ, ਭਾਵੇਂ ਕਿ ਉਧਾਰ ਮੰਗਣ ਵਾਲਾ ਸੱਚਾਈ ਵਿਚ ਇਕ ਭਰਾ ਵੀ ਹੋਵੇ। ਬਾਈਬਲ ਕਹਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।”—ਕਹਾਉਤਾਂ 22:3.
ਉਧਾਰ ਦੇਣ ਅਤੇ ਲੈਣ ਦੇ ਸੰਬੰਧ ਵਿਚ ਉਨ੍ਹਾਂ ਅਸਲੀ ਛੁਪਿਆਂ ਖ਼ਤਰਿਆਂ ਨੂੰ ਜਾਣ ਕੇ ਅਤੇ ਸਮਝ ਕੇ, ਇਕ ਸਮਝਦਾਰ ਵਿਅਕਤੀ ਉਧਾਰ ਦੀ ਹਰ ਫਰਮਾਇਸ਼ ਬਾਰੇ ਚੰਗੀ ਤਰ੍ਹਾਂ ਸੋਚੇਗਾ। ਕੀ ਫਰਮਾਇਸ਼ ਜਾਇਜ਼ ਹੈ? ਕੀ ਉਸ ਵਿਅਕਤੀ ਨੇ ਇਸ ਬਾਰੇ ਚੰਗੀ ਤਰ੍ਹਾਂ ਸੋਚਿਆ ਹੈ? ਕੀ ਉਧਾਰ ਮੰਗਣ ਵਾਲਾ ਆਪਣੇ ਕੰਮਾਂ-ਕਾਰਾਂ ਨੂੰ ਖ਼ਿਆਲ ਨਾਲ ਚਲਾਉਂਦਾ ਹੈ ਅਤੇ ਨੇਕ ਨਾਮ ਹੈ? ਕੀ ਉਹ ਅਜਿਹੇ ਦਸਤਾਵੇਜ਼ ਉੱਤੇ ਦਸਤਖਤ ਕਰਨ ਲਈ ਰਾਜ਼ੀ ਹੈ ਜਿਸ ਵਿਚ ਸ਼ਰਤਾਂ ਲਿਖੀਆਂ ਗਈਆਂ ਹਨ? (ਯਿਰਮਿਯਾਹ 32:8-14 ਦੀ ਤੁਲਨਾ ਕਰੋ।) ਕੀ ਉਹ ਸੱਚ-ਮੁੱਚ ਪੈਸੇ ਵਾਪਸ ਮੋੜਨ ਲਈ ਤਿਆਰ ਹੈ?
ਇਸ ਦਾ ਇਹ ਮਤਲਬ ਨਹੀਂ ਕਿ ਇਕ ਮਸੀਹੀ ਨੂੰ ਲੋੜਵੰਦ ਵਿਅਕਤੀ ਦੀ ਮਦਦ ਨਹੀਂ ਕਰਨੀ ਚਾਹੀਦੀ ਜੋ ਸ਼ਾਇਦ ਕਰਜ਼ਾ ਵਾਪਸ ਨਾ ਦੇਣ ਵਾਲਾ ਜਾਪੇ। ਦੂਜਿਆਂ ਪ੍ਰਤੀ ਇਕ ਮਸੀਹੀ ਦੀ ਨਿੱਜੀ ਜ਼ਿੰਮੇਵਾਰੀ, ਕਾਰੋਬਾਰ ਦੀਆਂ ਚੁਸਤ ਆਦਤਾਂ ਨਾਲੋਂ ਕੁਝ ਜ਼ਿਆਦਾ ਸ਼ਾਮਲ ਕਰਦੀ ਹੈ। ਯੂਹੰਨਾ ਰਸੂਲ ਪੁੱਛਦਾ ਹੈ: “ਪਰ ਜਿਸ ਕਿਸੇ ਕੋਲ ਸੰਸਾਰ ਦੇ ਪਦਾਰਥ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਓਸ ਉੱਤੇ ਤਰਸ ਨਾ ਖਾਵੇ ਤਾਂ ਉਹ ਦੇ ਵਿੱਚ ਪਰਮੇਸ਼ੁਰ ਦਾ ਪ੍ਰੇਮ ਕਿਵੇਂ ਰਹਿੰਦਾ ਹੈ?” ਜੀ ਹਾਂ, ਮਸੀਹੀਆਂ ਨੂੰ “ਗੱਲੀਂ ਅਤੇ ਜਬਾਨੀ ਨਹੀਂ ਸਗੋਂ ਕਰਨੀ ਅਤੇ ਸਚਿਆਈ ਤੋਂ ਪ੍ਰੇਮ” ਦਿਖਾਉਣਾ ਚਾਹੀਦਾ ਹੈ।—1 ਯੂਹੰਨਾ 3:17, 18.
ਕੁਝ ਮਾਮਲਿਆਂ ਵਿਚ ਇਕ ਵਿਅਕਤੀ ਸ਼ਾਇਦ ਆਪਣੇ ਲੋੜਵੰਦ ਭਰਾ ਨੂੰ ਪੈਸੇ ਉਧਾਰ ਨਾ ਦੇਣ ਦਾ ਫ਼ੈਸਲਾ ਕਰੇ। ਉਹ ਸ਼ਾਇਦ ਉਸ ਨੂੰ ਇਕ ਤੋਹਫ਼ਾ ਦੇਣਾ ਚਾਹੇ ਜਾਂ ਹੋਰ ਕਿਸੇ ਤਰ੍ਹਾਂ ਉਸ ਦੀ ਮਦਦ ਕਰਨੀ ਚਾਹੇ। ਇਸੇ ਰਵੱਈਏ ਨਾਲ, ਜਦੋਂ ਲੈਣ-ਦੇਣ ਦੇ ਮਾਮਲੇ ਵਿਚ ਮੁਸ਼ਕਲਾਂ ਪੈਦਾ ਹੋ ਜਾਣ, ਤਾਂ ਉਧਾਰ ਦੇਣ ਵਾਲਾ ਸ਼ਾਇਦ ਦਇਆ ਦਿਖਾਵੇ। ਉਹ ਕਰਜ਼ਦਾਰ ਦੀਆਂ ਬਦਲੀਆਂ ਹੋਈਆਂ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਸ਼ਾਇਦ ਉਸ ਨੂੰ ਪੈਸੇ ਵਾਪਸ ਮੋੜਨ ਲਈ ਹੋਰ ਸਮਾਂ ਦੇਵੇ, ਕਰਜ਼ਾ ਘਟਾ ਦੇਵੇ, ਜਾਂ ਕਰਜ਼ਾ ਬਿਲਕੁਲ ਮਾਫ਼ ਕਰ ਦੇਵੇ। ਇਹ ਨਿੱਜੀ ਫ਼ੈਸਲੇ ਹਨ ਜੋ ਹਰ ਵਿਅਕਤੀ ਨੂੰ ਖ਼ੁਦ ਕਰਨੇ ਚਾਹੀਦੇ ਹਨ।
ਮਸੀਹੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਸਭ ਕੁਝ ਦੇਖ ਰਿਹਾ ਹੈ ਅਤੇ ਜੋ ਅਸੀਂ ਕਰਦੇ ਹਾਂ ਅਤੇ ਜਿਸ ਤਰ੍ਹਾਂ ਅਸੀਂ ਆਪਣੀ ਆਮਦਨ ਨੂੰ ਇਸਤੇਮਾਲ ਕਰਦੇ ਹਾਂ ਉਹ ਉਸ ਦਾ ਲੇਖਾ ਲਵੇਗਾ। (ਇਬਰਾਨੀਆਂ 4:13) ਬਾਈਬਲ ਦੀ ਇਹ ਸਲਾਹ ਕਿ ਸਾਡੇ ਸਾਰੇ “ਕੰਮ ਪ੍ਰੇਮ ਨਾਲ ਹੋਣ,” ਮਿੱਤਰਾਂ ਵਿਚਕਾਰ ਉਧਾਰ ਦੇਣ ਅਤੇ ਲੈਣ ਦੇ ਸੰਬੰਧ ਵਿਚ ਜ਼ਰੂਰ ਲਾਗੂ ਹੁੰਦੀ ਹੈ।—1 ਕੁਰਿੰਥੀਆਂ 16:14.
[ਫੁਟਨੋਟ]
a ਉਧਾਰ ਲਏ ਗਏ ਪੈਸਿਆਂ ਉੱਤੇ ਵਿਆਜ ਲਾਉਣ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਵਾਸਤੇ ਕਿਰਪਾ ਕਰ ਕੇ 15 ਅਕਤੂਬਰ, 1991 ਦੇ ਪਹਿਰਾਬੁਰਜ (ਅੰਗ੍ਰੇਜ਼ੀ), ਦੇ ਸਫ਼ੇ 25-8 ਦੇਖੋ।
[ਸਫ਼ੇ 28 ਉੱਤੇ ਤਸਵੀਰ]
“ਸਰਾਫ਼ ਅਤੇ ਉਸ ਦੀ ਪਤਨੀ” (1514), ਕੇਵਨਟਿਨ ਮੈਸਿਸ ਦੁਆਰਾ
[ਕ੍ਰੈਡਿਟ ਲਾਈਨ]
Scala/Art Resource, NY