ਅਧਿਆਤਮਿਕ ਤੰਦਰੁਸਤੀ ਲਈ ਆਪਣੇ ਗੁਨਾਹਾਂ ਦਾ ਇਕਬਾਲ ਕਰਨਾ
“ਜਦ ਮੈਂ ਚੁੱਪ ਕਰ ਰਿਹਾ ਮੇਰੀਆਂ ਹੱਡੀਆਂ ਸਾਰਾ ਦਿਨ ਹੂੰਗਣ ਨਾਲ ਗਲ ਗਈਆਂ, ਕਿਉਂ ਜੋ ਤੇਰਾ ਹੱਥ ਦਿਨੇ ਰਾਤ ਮੇਰੇ ਉੱਤੇ ਭਾਰਾ ਸੀ, ਮੇਰੀ ਤਰੀ ਗਰਮੀ ਦੀ ਔੜ ਵਿੱਚ ਬਦਲ ਗਈ।” (ਜ਼ਬੂਰ 32:3, 4) ਪੁਰਾਣੇ ਸਮੇਂ ਵਿਚ ਇਸਰਾਏਲ ਦੇ ਰਾਜਾ ਦਾਊਦ ਦੇ ਇਹ ਦਿਲ-ਟੁੰਬਵੇਂ ਸ਼ਬਦ ਸ਼ਾਇਦ ਉਸ ਦੇ ਗਹਿਰੇ ਦਰਦ ਨੂੰ ਬਿਆਨ ਕਰਦੇ ਹਨ। ਇਸ ਦਰਦ ਦਾ ਕਾਰਨ ਉਹ ਆਪ ਹੀ ਸੀ ਕਿਉਂਕਿ ਉਸ ਨੇ ਆਪਣੇ ਗੁਨਾਹ ਦਾ ਇਕਬਾਲ ਕਰਨ ਦੀ ਬਜਾਇ ਉਸ ਨੂੰ ਲੁਕਾ ਕੇ ਰੱਖਿਆ।
ਦਾਊਦ ਬਹੁਤ ਹੀ ਵਧੀਆ ਗੁਣਾਂ ਦਾ ਮਾਲਕ ਸੀ। ਉਹ ਇਕ ਬਹਾਦਰ ਯੋਧਾ, ਨਿਪੁੰਨ ਸ਼ਾਸਕ, ਕਵੀ ਤੇ ਸੰਗੀਤਕਾਰ ਸੀ। ਪਰ ਉਸ ਨੇ ਕਦੀ ਵੀ ਆਪਣੀ ਕਾਬਲੀਅਤ ਉੱਤੇ ਭਰੋਸਾ ਨਹੀਂ ਰੱਖਿਆ, ਸਗੋਂ ਆਪਣੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ। (1 ਸਮੂਏਲ 17:45, 46) ਉਸ ਬਾਰੇ ਕਿਹਾ ਗਿਆ ਸੀ ਕਿ ਉਸ ਦਾ ਮਨ ‘ਯਹੋਵਾਹ ਨਾਲ ਸੰਪੂਰਨ ਸੀ।’ (1 ਰਾਜਿਆਂ 11:4) ਪਰ ਉਸ ਨੇ ਇਕ ਗੰਭੀਰ ਗੁਨਾਹ ਕੀਤਾ ਸੀ ਅਤੇ ਜ਼ਬੂਰ 32 ਵਿਚ ਉਹ ਸ਼ਾਇਦ ਇਸੇ ਗੁਨਾਹ ਦੀ ਗੱਲ ਕਰ ਰਿਹਾ ਸੀ। ਜਿਨ੍ਹਾਂ ਹਾਲਾਤਾਂ ਵਿਚ ਉਸ ਨੇ ਇਹ ਗੁਨਾਹ ਕੀਤਾ ਸੀ, ਅਸੀਂ ਉਨ੍ਹਾਂ ਹਾਲਾਤਾਂ ਦੀ ਜਾਂਚ ਕਰ ਕੇ ਬਹੁਤ ਕੁਝ ਸਿੱਖ ਸਕਦੇ ਹਾਂ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਕਿਨ੍ਹਾਂ ਖ਼ਤਰਿਆਂ ਤੋਂ ਬਚਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮੁੜ ਕਾਇਮ ਕਰਨ ਲਈ ਸਾਨੂੰ ਆਪਣੇ ਗੁਨਾਹਾਂ ਦਾ ਇਕਬਾਲ ਕਿਉਂ ਕਰਨਾ ਚਾਹੀਦਾ ਹੈ।
ਇਕ ਵਫ਼ਾਦਾਰ ਰਾਜਾ ਗੁਨਾਹ ਕਰਦਾ ਹੈ
ਇਸਰਾਏਲੀ ਫ਼ੌਜ ਅੰਮੋਨੀਆਂ ਨਾਲ ਲੜਾਈ ਕਰਨ ਲਈ ਗਈ ਹੋਈ ਸੀ ਪਰ ਦਾਊਦ ਯਰੂਸ਼ਲਮ ਵਿਚ ਹੀ ਰਿਹਾ। ਇਕ ਦਿਨ ਸ਼ਾਮ ਨੂੰ ਉਹ ਆਪਣੇ ਮਹਿਲ ਦੀ ਛੱਤ ਤੇ ਟਹਿਲ ਰਿਹਾ ਸੀ। ਉੱਥੋਂ ਉਸ ਨੇ ਆਪਣੇ ਨਾਲ ਦੇ ਘਰ ਵਿਚ ਇਕ ਸੋਹਣੀ ਤੀਵੀਂ ਨੂੰ ਨਹਾਉਂਦੇ ਹੋਏ ਦੇਖਿਆ। ਉਸ ਨੇ ਆਪਣੀ ਕਾਮ-ਵਾਸ਼ਨਾ ਨੂੰ ਕਾਬੂ ਵਿਚ ਨਹੀਂ ਰੱਖਿਆ, ਪਰ ਉਹ ਉਸ ਤੀਵੀਂ ਨੂੰ ਲੋਚਦਾ ਰਿਹਾ। ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਉਸ ਦੀ ਫ਼ੌਜ ਦੇ ਇਕ ਸਿਪਾਹੀ, ਊਰਿੱਯਾਹ ਦੀ ਪਤਨੀ ਸੀ, ਤਾਂ ਉਸ ਨੇ ਉਸ ਨੂੰ ਆਪਣੇ ਮਹਿਲ ਵਿਚ ਬੁਲਾਇਆ ਤੇ ਉਸ ਦੇ ਨਾਲ ਕੁਕਰਮ ਕੀਤਾ। ਕੁਝ ਸਮੇਂ ਬਾਅਦ ਬਥ-ਸ਼ਬਾ ਨੇ ਦਾਊਦ ਨੂੰ ਸੁਨੇਹਾ ਘੱਲਿਆ ਕਿ ਉਹ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ।—2 ਸਮੂਏਲ 11:1-5.
ਦਾਊਦ ਫਸ ਗਿਆ। ਜੇ ਉਨ੍ਹਾਂ ਦੇ ਗੁਨਾਹ ਦਾ ਪਰਦਾ ਫਾਸ਼ ਹੋ ਜਾਂਦਾ, ਤਾਂ ਦੋਵਾਂ ਨੂੰ ਮੌਤ ਦੀ ਸਜ਼ਾ ਮਿਲਣੀ ਸੀ। (ਲੇਵੀਆਂ ਦੀ ਪੋਥੀ 20:10) ਇਸ ਲਈ ਉਸ ਨੇ ਇਕ ਵਿਓਂਤ ਬਣਾਈ। ਉਸ ਨੇ ਬਥ-ਸ਼ਬਾ ਦੇ ਪਤੀ ਊਰਿੱਯਾਹ ਨੂੰ ਲੜਾਈ ਤੋਂ ਵਾਪਸ ਬੁਲਾਇਆ। ਲੜਾਈ ਬਾਰੇ ਚੰਗੀ ਤਰ੍ਹਾਂ ਪੁੱਛ-ਗਿੱਛ ਕਰਨ ਤੋਂ ਬਾਅਦ ਦਾਊਦ ਨੇ ਊਰਿੱਯਾਹ ਨੂੰ ਘਰ ਜਾਣ ਵਾਸਤੇ ਕਿਹਾ। ਦਾਊਦ ਨੂੰ ਆਸ ਸੀ ਕਿ ਇਸ ਤਰ੍ਹਾਂ ਕਰਨ ਨਾਲ ਲੋਕਾਂ ਨੇ ਊਰਿੱਯਾਹ ਨੂੰ ਬਥ-ਸ਼ਬਾ ਦੇ ਬੱਚੇ ਦਾ ਪਿਤਾ ਸਮਝਣਾ ਸੀ।—2 ਸਮੂਏਲ 11:6-9.
ਪਰ ਦਾਊਦ ਇਹ ਜਾਣ ਕੇ ਬਹੁਤ ਨਿਰਾਸ਼ ਹੋਇਆ ਕਿ ਊਰਿੱਯਾਹ ਆਪਣੀ ਪਤਨੀ ਕੋਲ ਨਹੀਂ ਗਿਆ। ਊਰਿੱਯਾਹ ਨੇ ਕਿਹਾ ਕਿ ਫ਼ੌਜ ਲੜਾਈ ਦੀਆਂ ਸਖ਼ਤੀਆਂ ਝੱਲ ਰਹੀ ਸੀ ਇਸ ਲਈ ਉਹ ਆਪਣੇ ਘਰ ਜਾਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਜਦੋਂ ਇਸਰਾਏਲੀ ਫ਼ੌਜ ਕਿਸੇ ਲੜਾਈ ਤੇ ਜਾਂਦੀ ਸੀ, ਤਾਂ ਫ਼ੌਜੀ ਕਿਸੇ ਤੀਵੀਂ ਨਾਲ ਇੱਥੋਂ ਤਕ ਕਿ ਆਪਣੀ ਪਤਨੀ ਨਾਲ ਵੀ ਸੰਭੋਗ ਨਹੀਂ ਕਰਦੇ ਸਨ। ਉਨ੍ਹਾਂ ਨੂੰ ਬਿਵਸਥਾ ਅਨੁਸਾਰ ਸ਼ੁੱਧ ਰਹਿਣਾ ਹੁੰਦਾ ਸੀ। (1 ਸਮੂਏਲ 21:5) ਫਿਰ ਦਾਊਦ ਨੇ ਊਰਿੱਯਾਹ ਨੂੰ ਖਾਣੇ ਤੇ ਬੁਲਾਇਆ ਤੇ ਉਸ ਨੂੰ ਬਹੁਤ ਸ਼ਰਾਬ ਪਿਲਾਈ, ਪਰ ਊਰਿੱਯਾਹ ਫਿਰ ਵੀ ਆਪਣੀ ਪਤਨੀ ਨੂੰ ਮਿਲਣ ਆਪਣੇ ਘਰ ਨਹੀਂ ਗਿਆ। ਊਰਿੱਯਾਹ ਦੀ ਵਫ਼ਾਦਾਰੀ ਨੇ ਦਾਊਦ ਨੂੰ ਲਾਨ੍ਹਤਾਂ ਪਾਈਆਂ।—2 ਸਮੂਏਲ 11:10-13.
ਦਾਊਦ ਦੇ ਪਾਪ ਦਾ ਫੰਦਾ ਉਸ ਦੇ ਗਲ ਦੁਆਲੇ ਲਗਾਤਾਰ ਕੱਸਦਾ ਚਲਿਆ ਜਾ ਰਿਹਾ ਸੀ। ਨਿਰਾਸ਼ਾ ਵਿਚ ਉਸ ਨੂੰ ਇਸ ਸਮੱਸਿਆ ਦਾ ਇੱਕੋ ਹੱਲ ਨਜ਼ਰ ਆਇਆ। ਉਸ ਨੇ ਊਰਿੱਯਾਹ ਦੇ ਹੱਥ ਆਪਣੀ ਫ਼ੌਜ ਦੇ ਜਰਨੈਲ ਯੋਆਬ ਲਈ ਇਕ ਚਿੱਠੀ ਦੇ ਕੇ ਉਸ ਨੂੰ ਵਾਪਸ ਲੜਾਈ ਵਿਚ ਘੱਲ ਦਿੱਤਾ। ਉਸ ਛੋਟੀ ਜਿਹੀ ਚਿੱਠੀ ਵਿਚ ਸਾਫ਼-ਸਾਫ਼ ਲਿਖਿਆ ਸੀ: “ਊਰਿੱਯਾਹ ਨੂੰ ਡਾਢੀ ਲੜਾਈ ਦੇ ਵੇਲੇ ਮੋਹਰੇ ਕਰੋ ਅਤੇ ਉਹ ਦੇ ਕੋਲੋਂ ਮੁੜ ਆਓ ਜੋ ਉਹ ਵੱਢਿਆ ਜਾਵੇ ਅਤੇ ਮਰ ਜਾਵੇ।” ਆਪਣੀ ਕਲਮ ਦੇ ਇੱਕੋ ਵਾਰ ਨਾਲ ਦਾਊਦ ਨੇ ਊਰਿੱਯਾਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਕਰਕੇ ਉਸ ਨੂੰ ਲੱਗਿਆ ਕਿ ਉਸ ਦੀ ਕਾਲੀ ਕਰਤੂਤ ਉੱਤੇ ਪਰਦਾ ਪੈ ਗਿਆ ਸੀ।—2 ਸਮੂਏਲ 11:14-17.
ਜਿਉਂ ਹੀ ਆਪਣੇ ਪਤੀ ਦੀ ਮੌਤ ਉੱਤੇ ਬਥ-ਸ਼ਬਾ ਦਾ ਸੋਗ ਮਨਾਉਣ ਦਾ ਸਮਾਂ ਖ਼ਤਮ ਹੋਇਆ, ਤਾਂ ਦਾਊਦ ਨੇ ਉਸ ਨਾਲ ਵਿਆਹ ਕਰ ਲਿਆ। ਫਿਰ ਬਥ-ਸ਼ਬਾ ਨੇ ਇਕ ਬੱਚੇ ਨੂੰ ਜਨਮ ਦਿੱਤਾ। ਇਸ ਸਾਰੇ ਸਮੇਂ ਦੌਰਾਨ ਦਾਊਦ ਨੇ ਆਪਣੇ ਗੁਨਾਹਾਂ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ। ਸ਼ਾਇਦ ਉਹ ਆਪਣੇ ਆਪ ਨੂੰ ਦਲੀਲਾਂ ਦੇ-ਦੇ ਕੇ ਆਪਣੇ ਕੰਮਾਂ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਕੀ ਊਰਿੱਯਾਹ ਦੂਜੇ ਫ਼ੌਜੀਆਂ ਵਾਂਗ ਲੜਾਈ ਵਿਚ ਇਕ ਸੂਰਬੀਰ ਦੀ ਮੌਤ ਨਹੀਂ ਮਰਿਆ? ਤੇ ਆਪਣੀ ਪਤਨੀ ਕੋਲ ਨਾ ਜਾ ਕੇ ਕੀ ਉਸ ਨੇ ਰਾਜੇ ਦੇ ਹੁਕਮ ਦੀ ਉਲੰਘਣਾ ਨਹੀਂ ਕੀਤੀ ਸੀ? ਪਾਪ ਨੂੰ ਸਹੀ ਸਿੱਧ ਕਰਨ ਲਈ ‘ਧੋਖੇਬਾਜ਼ ਦਿਲ’ ਹਰ ਤਰ੍ਹਾਂ ਦੀਆਂ ਦਲੀਲਾਂ ਵਰਤਦਾ ਹੈ।—ਯਿਰਮਿਯਾਹ 17:9; 2 ਸਮੂਏਲ 11:25.
ਗੁਨਾਹ ਵੱਲ ਲੈ ਜਾਣ ਵਾਲੇ ਗ਼ਲਤ ਕਦਮ
ਧਾਰਮਿਕਤਾ ਨੂੰ ਪਿਆਰ ਕਰਨ ਵਾਲਾ ਦਾਊਦ ਵਿਭਚਾਰ ਤੇ ਕਤਲ ਵਰਗੇ ਗੁਨਾਹ ਕਿੱਦਾਂ ਕਰ ਸਕਦਾ ਸੀ? ਇਹ ਗੱਲ ਤਾਂ ਸਾਫ਼ ਹੈ ਕਿ ਉਸ ਦੇ ਅੰਦਰ ਗੁਨਾਹ ਦੇ ਬੀ ਹੌਲੀ-ਹੌਲੀ ਪੁੰਗਰੇ ਸਨ। ਅਸੀਂ ਸ਼ਾਇਦ ਸੋਚੀਏ ਕਿ ਜਦੋਂ ਉਸ ਦੀ ਫ਼ੌਜ ਯਹੋਵਾਹ ਦੇ ਵੈਰੀਆਂ ਨਾਲ ਲੜਾਈ ਕਰਨ ਗਈ ਹੋਈ ਸੀ, ਤਾਂ ਉਹ ਲੜਾਈ ਵਿਚ ਕਿਉਂ ਨਹੀਂ ਗਿਆ। ਇਸ ਦੇ ਉਲਟ ਉਹ ਆਪਣੇ ਮਹਿਲ ਵਿਚ ਆਰਾਮ ਫਰਮਾ ਰਿਹਾ ਸੀ ਜਿੱਥੇ ਮਹਿਲ ਦੇ ਐਸ਼ੋ-ਆਰਾਮ ਦਾ ਮਜ਼ਾ ਲੈਂਦੇ ਹੋਏ ਉਸ ਨੂੰ ਲੜਾਈ ਦੀ ਕੋਈ ਚਿੰਤਾ ਨਹੀਂ ਰਹੀ ਤੇ ਉਹ ਆਪਣੇ ਇਕ ਵਫ਼ਾਦਾਰ ਫ਼ੌਜੀ ਦੀ ਪਤਨੀ ਦੇ ਸੁਪਨੇ ਦੇਖਦਾ ਰਿਹਾ। ਅੱਜ ਜੇ ਸੱਚੇ ਮਸੀਹੀ ਆਪਣੀ ਕਲੀਸਿਯਾ ਨਾਲ ਅਧਿਆਤਮਿਕ ਸਰਗਰਮੀਆਂ ਵਿਚ ਅਤੇ ਪ੍ਰਚਾਰ ਦੇ ਕੰਮ ਵਿਚ ਜੋਸ਼ ਨਾਲ ਰੁੱਝੇ ਰਹਿਣ, ਤਾਂ ਉਹ ਇਸ ਤਰ੍ਹਾਂ ਦੇ ਗੁਨਾਹ ਕਰਨ ਤੋਂ ਬਚੇ ਰਹਿਣਗੇ।—1 ਤਿਮੋਥਿਉਸ 6:12.
ਇਸਰਾਏਲ ਦੇ ਰਾਜੇ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਉਹ ਆਪਣੇ ਲਈ ਬਿਵਸਥਾ ਦੀ ਇਕ ਕਾਪੀ ਬਣਾਵੇ ਤੇ ਰੋਜ਼ ਉਸ ਨੂੰ ਪੜ੍ਹੇ। ਬਾਈਬਲ ਇਸ ਦਾ ਕਾਰਨ ਦੱਸਦੀ ਹੈ: “ਤਾਂ ਜੋ [ਉਹ] ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰੇ। ਤਾਂ ਜੋ ਉਸ ਦਾ ਮਨ ਉਸ ਦੇ ਭਰਾਵਾਂ ਉੱਤੇ ਹੰਕਾਰ ਵਿੱਚ ਨਾ ਆ ਜਾਵੇ, ਨਾਲੇ ਉਹ ਏਸ ਹੁਕਮਨਾਮੇ ਤੋਂ ਸੱਜੇ ਖੱਬੇ ਨਾ ਮੁੜੇ।” (ਬਿਵਸਥਾ ਸਾਰ 17:18-20) ਇਹ ਸੰਭਵ ਹੈ ਕਿ ਦਾਊਦ ਨੇ ਜਿਸ ਵੇਲੇ ਇਹ ਵੱਡੇ ਗੁਨਾਹ ਕੀਤੇ ਸਨ, ਉਸ ਵੇਲੇ ਉਹ ਇਸ ਹਿਦਾਇਤ ਉੱਤੇ ਨਹੀਂ ਚੱਲ ਰਿਹਾ ਸੀ। ਪਰਮੇਸ਼ੁਰ ਦੇ ਬਚਨ ਦਾ ਬਾਕਾਇਦਾ ਅਧਿਐਨ ਕਰਨ ਅਤੇ ਉਸ ਉੱਤੇ ਮਨਨ ਕਰਨ ਨਾਲ ਅਸੀਂ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਗ਼ਲਤ ਕੰਮ ਕਰਨ ਤੋਂ ਬਚੇ ਰਹਾਂਗੇ।—ਕਹਾਉਤਾਂ 2:10-12.
ਇਸ ਤੋਂ ਇਲਾਵਾ, ਦਸ ਹੁਕਮਾਂ ਵਿੱਚੋਂ ਆਖ਼ਰੀ ਹੁਕਮ ਸਾਫ਼-ਸਾਫ਼ ਕਹਿੰਦਾ ਹੈ: “ਤੂੰ ਆਪਣੇ ਗਵਾਂਢੀ ਦੀ ਤੀਵੀਂ ਦਾ ਲਾਲਸਾ ਨਾ ਕਰ।” (ਕੂਚ 20:17) ਉਸ ਵੇਲੇ ਦਾਊਦ ਦੀਆਂ ਬਹੁਤ ਸਾਰੀਆਂ ਪਤਨੀਆਂ ਤੇ ਰਖੇਲਾਂ ਸਨ। (2 ਸਮੂਏਲ 3:2-5) ਪਰ ਫਿਰ ਵੀ ਇਕ ਹੋਰ ਸੁੰਦਰ ਤੀਵੀਂ ਨੂੰ ਆਪਣਾ ਬਣਾਉਣ ਦੀ ਉਸ ਨੇ ਲਾਲਸਾ ਕੀਤੀ। ਇਸ ਕਹਾਣੀ ਤੋਂ ਸਾਨੂੰ ਯਿਸੂ ਦੇ ਸ਼ਬਦਾਂ ਦੀ ਗੰਭੀਰਤਾ ਪਤਾ ਚੱਲਦੀ ਹੈ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:28) ਇਸ ਤਰ੍ਹਾਂ ਦੀਆਂ ਗੰਦੀਆਂ ਇੱਛਾਵਾਂ ਰੱਖਣ ਦੀ ਬਜਾਇ ਸਾਨੂੰ ਤੁਰੰਤ ਇਨ੍ਹਾਂ ਨੂੰ ਆਪਣੇ ਦਿਲਾਂ-ਦਿਮਾਗਾਂ ਵਿੱਚੋਂ ਕੱਢ ਦੇਣਾ ਚਾਹੀਦਾ ਹੈ।
ਤੋਬਾ ਅਤੇ ਦਇਆ
ਦਾਊਦ ਦੇ ਗੁਨਾਹ ਦੀ ਇਹ ਕਹਾਣੀ ਕਿਸੇ ਦੀਆਂ ਕਾਮੁਕ ਇੱਛਾਵਾਂ ਨੂੰ ਭੜਕਾਉਣ ਲਈ ਬਾਈਬਲ ਵਿਚ ਦਰਜ ਨਹੀਂ ਕੀਤੀ ਗਈ ਹੈ। ਇਸ ਕਹਾਣੀ ਤੋਂ ਸਾਨੂੰ ਯਹੋਵਾਹ ਦੇ ਇਕ ਮਹਾਨ ਗੁਣ ਦੇ ਦਿਲ ਨੂੰ ਛੁਹ ਲੈਣ ਵਾਲੇ ਪ੍ਰਭਾਵਸ਼ਾਲੀ ਪ੍ਰਗਟਾਵੇ ਨੂੰ ਦੇਖਣ ਦਾ ਮੌਕਾ ਮਿਲਦਾ ਹੈ।—ਕੂਚ 34:6, 7.
ਬਥ-ਸ਼ਬਾ ਦੁਆਰਾ ਇਕ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਯਹੋਵਾਹ ਨੇ ਨਾਥਾਨ ਨਬੀ ਨੂੰ ਦਾਊਦ ਨਾਲ ਗੱਲ ਕਰਨ ਲਈ ਘੱਲਿਆ। ਇਸ ਤਰ੍ਹਾਂ ਕਰ ਕੇ ਯਹੋਵਾਹ ਨੇ ਦਾਊਦ ਉੱਤੇ ਦਇਆ ਕੀਤੀ। ਜੇ ਯਹੋਵਾਹ ਦਾਊਦ ਕੋਲ ਆਪਣੇ ਨਬੀ ਨੂੰ ਨਾ ਘੱਲਦਾ ਤੇ ਦਾਊਦ ਆਪ ਵੀ ਆਪਣੇ ਗੁਨਾਹ ਤੇ ਪਰਦਾ ਪਾਈ ਰੱਖਦਾ, ਤਾਂ ਹੋ ਸਕਦਾ ਸੀ ਕਿ ਪਾਪ ਦੇ ਰਾਹ ਉੱਤੇ ਚੱਲਣ ਨਾਲ ਉਸ ਦਾ ਦਿਲ ਕਠੋਰ ਹੋ ਜਾਂਦਾ। (ਇਬਰਾਨੀਆਂ 3:13) ਪਰ ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਦੀ ਦਇਆ ਦਾ ਦਾਊਦ ਉੱਤੇ ਅਸਰ ਪਿਆ। ਨਾਥਾਨ ਨੇ ਬਹੁਤ ਸਮਝਦਾਰੀ ਨਾਲ ਪਰ ਖਰੇ ਸ਼ਬਦ ਵਰਤਦੇ ਹੋਏ ਦਾਊਦ ਦੀ ਜ਼ਮੀਰ ਨੂੰ ਝੰਜੋੜਿਆ ਜਿਸ ਤੇ ਦਾਊਦ ਨੇ ਨਿਮਰਤਾ ਸਹਿਤ ਮੰਨ ਲਿਆ ਕਿ ਉਹ ਪਰਮੇਸ਼ੁਰ ਦਾ ਗੁਨਾਹਗਾਰ ਸੀ। ਅਸਲ ਵਿਚ ਦਾਊਦ ਨੇ ਬਥ-ਸ਼ਬਾ ਨਾਲ ਵਿਭਚਾਰ ਕਰ ਕੇ ਕੀਤੇ ਗੁਨਾਹ ਤੋਂ ਤੋਬਾ ਕਰਨ ਅਤੇ ਇਸ ਦਾ ਇਕਬਾਲ ਕਰਨ ਤੋਂ ਬਾਅਦ ਜ਼ਬੂਰ 51 ਲਿਖਿਆ ਸੀ। ਜੇ ਅਸੀਂ ਕਦੀ ਕੋਈ ਗੁਨਾਹ ਕਰ ਬੈਠਦੇ ਹਾਂ, ਤਾਂ ਆਓ ਆਪਾਂ ਕਦੀ ਇਸ ਨਾਲ ਆਪਣੇ ਦਿਲ ਨੂੰ ਕਠੋਰ ਨਾ ਹੋਣ ਦੇਈਏ।—2 ਸਮੂਏਲ 12:1-13.
ਦਾਊਦ ਨੂੰ ਮਾਫ਼ੀ ਮਿਲ ਗਈ, ਪਰ ਉਸ ਨੂੰ ਤਾੜਨਾ ਵਜੋਂ ਆਪਣੇ ਗੁਨਾਹਾਂ ਦੇ ਨਤੀਜੇ ਤਾਂ ਭੁਗਤਣੇ ਹੀ ਪਏ। (ਕਹਾਉਤਾਂ 6:27) ਦਾਊਦ ਨੂੰ ਤਾੜਨਾ ਮਿਲਣੀ ਹੀ ਸੀ ਕਿਉਂਕਿ ਜੇ ਪਰਮੇਸ਼ੁਰ ਉਸ ਦੇ ਗੁਨਾਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ, ਤਾਂ ਉਸ ਨੇ ਆਪਣੇ ਹੀ ਮਿਆਰਾਂ ਦੀ ਉਲੰਘਣਾ ਕਰਨੀ ਸੀ। ਉਹ ਪ੍ਰਧਾਨ ਜਾਜਕ ਏਲੀ ਵਾਂਗ ਨਿਕੰਮਾ ਸਾਬਤ ਹੁੰਦਾ ਜਿਸ ਨੇ ਆਪਣੇ ਦੁਸ਼ਟ ਪੁੱਤਰਾਂ ਨੂੰ ਨਰਮੀ ਨਾਲ ਝਿੜਕਿਆ ਸੀ ਤੇ ਉਨ੍ਹਾਂ ਨੂੰ ਗ਼ਲਤ ਕੰਮ ਕਰਨ ਤੋਂ ਨਹੀਂ ਰੋਕਿਆ। (1 ਸਮੂਏਲ 2:22-25) ਪਰ ਯਹੋਵਾਹ ਤੋਬਾ ਕਰਨ ਵਾਲਿਆਂ ਲਈ ਦਇਆ ਦਿਖਾਉਣ ਤੋਂ ਪਿੱਛੇ ਨਹੀਂ ਹਟਦਾ। ਉਸ ਦੀ ਦਇਆ ਤਾਜ਼ਗੀ ਦੇਣ ਵਾਲੇ ਠੰਢੇ ਪਾਣੀ ਵਾਂਗ ਹੈ ਜੋ ਆਪਣੇ ਗੁਨਾਹ ਦੇ ਨਤੀਜਿਆਂ ਨੂੰ ਭੁਗਤਣ ਵਿਚ ਗੁਨਾਹਗਾਰ ਦੀ ਮਦਦ ਕਰਦੀ ਹੈ। ਪਰਮੇਸ਼ੁਰ ਤੋਂ ਮਾਫ਼ੀ ਮਿਲਣ ਨਾਲ ਅਤੇ ਸੰਗੀ ਵਿਸ਼ਵਾਸੀਆਂ ਦੀ ਸੰਗਤੀ ਕਰਨ ਨਾਲ ਗੁਨਾਹਗਾਰ ਵਿਅਕਤੀ ਫਿਰ ਤੋਂ ਅਧਿਆਤਮਿਕ ਤੌਰ ਤੇ ਤੰਦਰੁਸਤ ਹੋ ਸਕਦਾ ਹੈ। ਜੀ ਹਾਂ, ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਤੇ ਪਛਤਾਵਾ ਕਰਨ ਵਾਲਾ ਵਿਅਕਤੀ “[ਪਰਮੇਸ਼ੁਰ] ਦੀ ਕਿਰਪਾ ਦੇ ਧਨ” ਨੂੰ ਅਨੁਭਵ ਕਰ ਸਕਦਾ ਹੈ।—ਅਫ਼ਸੀਆਂ 1:7.
“ਇੱਕ ਪਾਕ ਮਨ” ਅਤੇ “ਸਥਿਰ ਆਤਮਾ”
ਆਪਣੇ ਗੁਨਾਹ ਦਾ ਇਕਬਾਲ ਕਰਨ ਤੋਂ ਬਾਅਦ ਦਾਊਦ ਆਪਣੇ ਆਪ ਨੂੰ ਘਟੀਆ ਮਹਿਸੂਸ ਕਰਦੇ ਹੋਏ ਡੂੰਘੀ ਨਿਰਾਸ਼ਾ ਵਿਚ ਨਹੀਂ ਡੁੱਬਿਆ। ਪਾਪਾਂ ਦਾ ਇਕਬਾਲ ਕਰਨ ਬਾਰੇ ਲਿਖੇ ਉਸ ਦੇ ਜ਼ਬੂਰ ਦਿਖਾਉਂਦੇ ਹਨ ਕਿ ਉਸ ਨੂੰ ਕਿੰਨੀ ਰਾਹਤ ਮਿਲੀ ਤੇ ਉਸ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦਾ ਦ੍ਰਿੜ੍ਹ ਇਰਾਦਾ ਕੀਤਾ। ਉਦਾਹਰਣ ਲਈ ਜ਼ਬੂਰ 32 ਦੇਖੋ। ਅਸੀਂ ਇਸ ਦੀ ਪਹਿਲੀ ਆਇਤ ਵਿਚ ਪੜ੍ਹਦੇ ਹਾਂ: “ਧੰਨ ਹੈ ਉਹ ਜਿਹ ਦਾ ਅਪਰਾਧ ਖਿਮਾ ਹੋ ਗਿਆ, ਜਿਹ ਦਾ ਪਾਪ ਢੱਕਿਆ ਹੋਇਆ ਹੈ।” ਚਾਹੇ ਇਕ ਵਿਅਕਤੀ ਨੇ ਕਿੰਨਾ ਵੀ ਗੰਭੀਰ ਗੁਨਾਹ ਕਿਉਂ ਨਾ ਕੀਤਾ ਹੋਵੇ, ਪਰ ਜੇ ਉਹ ਦਿਲੋਂ ਤੋਬਾ ਕਰਦਾ ਹੈ, ਤਾਂ ਇਸ ਦਾ ਚੰਗਾ ਨਤੀਜਾ ਨਿਕਲਦਾ ਹੈ। ਦਿਲੋਂ ਤੋਬਾ ਕਰਨ ਦਾ ਇਕ ਤਰੀਕਾ ਹੈ ਆਪਣੇ ਗੁਨਾਹ ਦੀ ਜ਼ਿੰਮੇਵਾਰੀ ਨੂੰ ਸਵੀਕਾਰ ਕਰਨਾ ਜਿਵੇਂ ਦਾਊਦ ਨੇ ਕੀਤਾ ਸੀ। (2 ਸਮੂਏਲ 12:13) ਉਸ ਨੇ ਆਪਣੇ ਆਪ ਨੂੰ ਯਹੋਵਾਹ ਦੇ ਸਾਮ੍ਹਣੇ ਸਹੀ ਸਾਬਤ ਕਰਨ ਜਾਂ ਆਪਣੇ ਗੁਨਾਹ ਦਾ ਕਿਸੇ ਦੂਸਰੇ ਉੱਤੇ ਦੋਸ਼ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪੰਜਵੀਂ ਆਇਤ ਕਹਿੰਦੀ ਹੈ: “ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ, ਅਤੇ ਆਪਣੀ ਬਦੀ ਨਹੀਂ ਲੁਕਾਈ। ਮੈਂ ਆਖਿਆ ਕਿ ਮੈਂ ਆਪਣੇ ਅਪਰਾਧਾਂ ਨੂੰ ਯਹੋਵਾਹ ਦੇ ਅੱਗੇ ਮੰਨ ਲਵਾਂਗਾ, ਤਾਂ ਤੈਂ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ।” ਸੱਚੇ ਦਿਲੋਂ ਆਪਣੇ ਗੁਨਾਹ ਦਾ ਇਕਬਾਲ ਕਰਨ ਨਾਲ ਰਾਹਤ ਮਿਲਦੀ ਹੈ ਜਿਸ ਕਰਕੇ ਗੁਨਾਹਗਾਰ ਨੂੰ ਪਿਛਲੀਆਂ ਗ਼ਲਤੀਆਂ ਕਰਕੇ ਹੱਦੋਂ ਵੱਧ ਦੁਖੀ ਹੋਣ ਦੀ ਲੋੜ ਨਹੀਂ ਹੈ।
ਯਹੋਵਾਹ ਤੋਂ ਮਾਫ਼ੀ ਮੰਗਣ ਤੋਂ ਬਾਅਦ ਦਾਊਦ ਨੇ ਬੇਨਤੀ ਕੀਤੀ: “ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।” (ਜ਼ਬੂਰ 51:10) “ਇੱਕ ਪਾਕ ਮਨ” ਅਤੇ ‘ਨਵੀਂ ਆਤਮਾ’ ਲਈ ਬੇਨਤੀ ਕਰ ਕੇ ਦਾਊਦ ਨੇ ਦਿਖਾਇਆ ਕਿ ਉਹ ਆਪਣੇ ਵਿਚਲੇ ਪਾਪੀ ਝੁਕਾਅ ਨੂੰ ਜਾਣਦਾ ਸੀ ਅਤੇ ਕਿ ਉਸ ਨੂੰ ਆਪਣੇ ਮਨ ਨੂੰ ਸਾਫ਼ ਕਰਨ ਲਈ ਪਰਮੇਸ਼ੁਰ ਦੀ ਮਦਦ ਦੀ ਲੋੜ ਸੀ। ਆਪਣੀਆਂ ਦੋਸ਼-ਭਾਵਨਾਵਾਂ ਵਿਚ ਡੁੱਬੇ ਰਹਿਣ ਦੀ ਬਜਾਇ ਉਸ ਨੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਨਵੇਂ ਸਿਰਿਓਂ ਦ੍ਰਿੜ੍ਹ ਇਰਾਦਾ ਕੀਤਾ। ਉਸ ਨੇ ਪ੍ਰਾਰਥਨਾ ਕੀਤੀ: “ਹੇ ਪ੍ਰਭੁ, ਮੇਰੇ ਬੁੱਲ੍ਹਾਂ ਨੂੰ ਖੋਲ੍ਹ ਦੇਹ, ਤਾਂ ਮੇਰਾ ਮੂੰਹ ਤੇਰੀ ਉਸਤਤ ਸੁਣਾਵੇਗਾ।”—ਜ਼ਬੂਰ 51:15.
ਜਦੋਂ ਦਾਊਦ ਨੇ ਦਿਲੋਂ ਤੋਬਾ ਕੀਤੀ ਤੇ ਯਹੋਵਾਹ ਦੀ ਸੇਵਾ ਕਰਨ ਦਾ ਦ੍ਰਿੜ੍ਹ ਇਰਾਦਾ ਕੀਤਾ, ਤਾਂ ਯਹੋਵਾਹ ਦੀ ਕੀ ਪ੍ਰਤਿਕ੍ਰਿਆ ਸੀ? ਉਸ ਨੇ ਦਾਊਦ ਨੂੰ ਬੜੇ ਪਿਆਰ ਨਾਲ ਇਹ ਭਰੋਸਾ ਦਿਵਾਇਆ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” (ਜ਼ਬੂਰ 32:8) ਇੱਥੇ ਯਹੋਵਾਹ ਭਰੋਸਾ ਦਿੰਦਾ ਹੈ ਕਿ ਉਹ ਤੋਬਾ ਕਰਨ ਵਾਲੇ ਵਿਅਕਤੀਆਂ ਦੀਆਂ ਭਾਵਨਾਵਾਂ ਅਤੇ ਲੋੜਾਂ ਵੱਲ ਧਿਆਨ ਦਿੰਦਾ ਹੈ। ਯਹੋਵਾਹ ਨੇ ਦਾਊਦ ਨੂੰ ਜ਼ਿਆਦਾ ਸਮਝ ਦੇਣ ਦੀ ਖ਼ੁਦ ਜ਼ਿੰਮੇਵਾਰੀ ਲਈ ਤਾਂਕਿ ਦਾਊਦ ਸੋਚ-ਸਮਝ ਕੇ ਚੱਲੇ। ਜੇ ਫਿਰ ਕਦੀ ਭਵਿੱਖ ਵਿਚ ਉਹ ਕਿਸੇ ਬਹਿਕਾਵੇ ਦਾ ਸਾਮ੍ਹਣਾ ਕਰਦਾ, ਤਾਂ ਉਹ ਇਸ ਦੇ ਨਤੀਜਿਆਂ ਅਤੇ ਦੂਸਰਿਆਂ ਉੱਤੇ ਪੈਣ ਵਾਲੇ ਅਸਰ ਨੂੰ ਪਹਿਲਾਂ ਹੀ ਜਾਣ ਸਕਦਾ ਸੀ ਤੇ ਸਮਝਦਾਰੀ ਨਾਲ ਚੱਲ ਸਕਦਾ ਸੀ।
ਦਾਊਦ ਦੀ ਜ਼ਿੰਦਗੀ ਦੀ ਇਹ ਘਟਨਾ ਉਨ੍ਹਾਂ ਸਾਰਿਆਂ ਨੂੰ ਹੌਸਲਾ ਦਿੰਦੀ ਹੈ ਜਿਨ੍ਹਾਂ ਨੇ ਗੰਭੀਰ ਗੁਨਾਹ ਕੀਤਾ ਹੈ। ਆਪਣੇ ਗੁਨਾਹ ਦਾ ਇਕਬਾਲ ਕਰਨ ਅਤੇ ਦਿਲੋਂ ਤੋਬਾ ਕਰਨ ਨਾਲ ਅਸੀਂ ਆਪਣੀ ਸਭ ਤੋਂ ਕੀਮਤੀ ਚੀਜ਼, ਯਹੋਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮੁੜ ਬਹਾਲ ਕਰ ਸਕਦੇ ਹਾਂ। ਚੁੱਪ ਰਹਿਣ ਨਾਲ ਅਸੀਂ ਮਾਨਸਿਕ ਤੌਰ ਤੇ ਦੁਖੀ ਹੁੰਦੇ ਹਾਂ ਜਾਂ ਜੇ ਅਸੀਂ ਬਗਾਵਤ ਦੇ ਰਾਹ ਤੇ ਚੱਲਦੇ-ਚੱਲਦੇ ਕਠੋਰ ਬਣ ਜਾਂਦੇ ਹਾਂ, ਤਾਂ ਸਾਨੂੰ ਇਸ ਦੇ ਘੋਰ ਨਤੀਜੇ ਭੁਗਤਣੇ ਪੈਣਗੇ। ਇਸ ਤੋਂ ਚੰਗੀ ਗੱਲ ਹੈ ਕਿ ਅਸੀਂ ਆਪਣੇ ਗੁਨਾਹਾਂ ਦਾ ਇਕਬਾਲ ਕਰ ਕੇ ਕੁਝ ਸਮੇਂ ਲਈ ਦੁੱਖ ਜਾਂ ਸ਼ਰਮਿੰਦਗੀ ਸਹਿ ਲਈਏ। (ਜ਼ਬੂਰ 32:9) ਇਸ ਤਰ੍ਹਾਂ ਸਾਡਾ ਦਿਆਲੂ ਤੇ ਪਿਆਰ ਕਰਨ ਵਾਲਾ ਪਰਮੇਸ਼ੁਰ ਸਾਨੂੰ ਮਾਫ਼ ਕਰੇਗਾ “ਜਿਹੜਾ ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ।”—2 ਕੁਰਿੰਥੀਆਂ 1:3.
[ਸਫ਼ੇ 31 ਉੱਤੇ ਤਸਵੀਰ]
ਦਾਊਦ ਨੇ ਸੋਚਿਆ ਕਿ ਊਰਿੱਯਾਹ ਨੂੰ ਮਰਵਾ ਕੇ ਉਹ ਆਪਣੇ ਗੁਨਾਹ ਦੇ ਨਤੀਜੇ ਭੁਗਤਣ ਤੋਂ ਬਚ ਜਾਵੇਗਾ