“ਯਹੋਵਾਹ ਉੱਤੇ ਨਿਹਾਲ ਰਹੁ”
“ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ।”—ਜ਼ਬੂਰਾਂ ਦੀ ਪੋਥੀ 37:4.
1, 2. ਸੱਚੀ ਖ਼ੁਸ਼ੀ ਦਾ ਸ੍ਰੋਤ ਕੌਣ ਹੈ ਅਤੇ ਰਾਜਾ ਦਾਊਦ ਨੇ ਇਸ ਗੱਲ ਵੱਲ ਧਿਆਨ ਕਿਸ ਤਰ੍ਹਾਂ ਖਿੱਚਿਆ ਸੀ?
“ਧੰਨ ਓਹ ਜਿਹੜੇ ਦਿਲ ਦੇ ਗ਼ਰੀਬ ਹਨ . . . ਧੰਨ ਓਹ ਜਿਹੜੇ ਦਯਾਵਾਨ ਹਨ . . . ਧੰਨ ਓਹ ਜਿਹੜੇ ਮੇਲ ਕਰਾਉਣ ਵਾਲੇ ਹਨ।” ਯਿਸੂ ਨੇ ਜ਼ੈਤੂਨ ਦੀ ਪਹਾੜੀ ਉੱਤੇ ਆਪਣਾ ਪ੍ਰਸਿੱਧ ਉਪਦੇਸ਼ ਸ਼ੁਰੂ ਕਰਦੇ ਸਮੇਂ ਖ਼ੁਸ਼ੀ ਦਿਆਂ ਇਨ੍ਹਾਂ ਤਿੰਨ ਕਾਰਨਾਂ ਦੇ ਨਾਲ-ਨਾਲ ਛੇ ਹੋਰਾਂ ਦਾ ਵੀ ਜ਼ਿਕਰ ਕੀਤਾ ਸੀ। ਇਹ ਸਾਰਾ ਕੁਝ ਅਸੀਂ ਮੱਤੀ ਦੀ ਇੰਜੀਲ ਵਿਚ ਪੜ੍ਹਦੇ ਹਾਂ। (ਮੱਤੀ 5:3-11) ਯਿਸੂ ਦੇ ਸ਼ਬਦ ਸਾਨੂੰ ਭਰੋਸਾ ਦਿਲਾਉਂਦੇ ਹਨ ਕਿ ਅਸੀਂ ਜ਼ਰੂਰ ਖ਼ੁਸ਼ ਹੋ ਸਕਦੇ ਹਾਂ।
2 ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਇਕ ਭਜਨ ਵਿਚ ਖ਼ੁਸ਼ੀ ਦੇ ਅਸਲੀ ਸ੍ਰੋਤ ਵੱਲ ਧਿਆਨ ਖਿੱਚਿਆ ਸੀ। ਉਸ ਨੇ ਲਿਖਿਆ: “ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ।” (ਜ਼ਬੂਰਾਂ ਦੀ ਪੋਥੀ 37:4) ਪਰ ਯਹੋਵਾਹ ਅਤੇ ਉਸ ਦੇ ਵੱਖ-ਵੱਖ ਗੁਣਾਂ ਨੂੰ ਚੰਗੀ ਤਰ੍ਹਾਂ ਜਾਣ ਕੇ ਅਸੀਂ ਕਿਸ ਤਰ੍ਹਾਂ ਖ਼ੁਸ਼ ਹੋ ਸਕਦੇ ਹਾਂ? ਜੇ ਅਸੀਂ ਉਸ ਦੇ ਕੀਤੇ ਹੋਏ ਕੰਮਾਂ ਵੱਲ ਦੇਖੀਏ ਅਤੇ ਧਿਆਨ ਦੇਈਏ ਕਿ ਭਵਿੱਖ ਵਿਚ ਉਸ ਨੇ ਆਪਣੀ ਮਰਜ਼ੀ ਕਿਵੇਂ ਪੂਰੀ ਕਰਨੀ ਹੈ, ਤਾਂ ਇਸ ਨਾਲ ਸਾਨੂੰ ਕਿਵੇਂ ਭਰੋਸਾ ਮਿਲਦਾ ਹੈ ਕਿ ਸਾਡੇ ‘ਮਨੋਰਥ’ ਜ਼ਰੂਰ ਪੂਰੇ ਹੋਣਗੇ? ਸੈਂਤੀਵੇਂ ਜ਼ਬੂਰ ਦੀਆਂ 1-11 ਆਇਤਾਂ ਜਾਂਚਣ ਰਾਹੀਂ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ।
“ਬੁਰਿਆਂ ਦੇ ਕਾਰਨ ਨਾ ਕੁੜ੍ਹ”
3, 4. ਜ਼ਬੂਰਾਂ ਦੀ ਪੋਥੀ 37:1 ਵਿਚ ਦਾਊਦ ਨੇ ਕਿਹੜੀ ਸਲਾਹ ਦਿੱਤੀ ਸੀ ਅਤੇ ਇਹ ਸਾਡੇ ਜ਼ਮਾਨੇ ਲਈ ਢੁਕਵੀਂ ਕਿਉਂ ਹੈ?
3 ਅਸੀਂ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ ਅਤੇ ਹਰ ਪਾਸੇ ਬੁਰਾਈ ਫੈਲੀ ਹੋਈ ਹੈ। ਅਸੀਂ ਪੌਲੁਸ ਦੇ ਸ਼ਬਦ ਪੂਰੇ ਹੁੰਦੇ ਦੇਖੇ ਹਨ ਕਿ “ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।” (2 ਤਿਮੋਥਿਉਸ 3:1, 13) ਜਦੋਂ ਅਸੀਂ ਦੇਖਦੇ ਹਾਂ ਕਿ ਦੁਸ਼ਟ ਲੋਕ ਐਸ਼ੋ-ਆਰਾਮ ਕਰ ਰਹੇ ਹਨ, ਤਾਂ ਇਸ ਦਾ ਸਾਡੇ ਤੇ ਬੁਰਾ ਅਸਰ ਪੈ ਸਕਦਾ ਹੈ। ਉਨ੍ਹਾਂ ਦੀ ਖ਼ੁਸ਼ਹਾਲੀ ਦੇਖ ਕੇ ਸਾਡੀ ਰੂਹਾਨੀ ਨਜ਼ਰ ਕਮਜ਼ੋਰ ਪੈ ਸਕਦੀ ਹੈ ਅਤੇ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਸਕਦੇ ਹਾਂ। ਧਿਆਨ ਦਿਓ ਕਿ 37ਵੇਂ ਜ਼ਬੂਰ ਦੇ ਸ਼ੁਰੂ ਵਿਚ ਹੀ ਇਸ ਬਾਰੇ ਸਾਨੂੰ ਚੇਤਾਵਨੀ ਦਿੱਤੀ ਗਈ ਹੈ: “ਬੁਰਿਆਂ ਦੇ ਕਾਰਨ ਨਾ ਕੁੜ੍ਹ, ਕੁਕਰਮੀਆਂ ਵੱਲੋਂ ਨਾ ਸੜ।”
4 ਹਰ ਰੋਜ਼ ਖ਼ਬਰਾਂ ਵਿਚ ਅਸੀਂ ਬੇਇਨਸਾਫ਼ੀਆਂ ਬਾਰੇ ਸੁਣਦੇ ਹਾਂ। ਬੇਈਮਾਨ ਵਪਾਰੀਆਂ ਨੂੰ ਧੋਖਾ ਦੇਣ ਤੋਂ ਕੋਈ ਰੋਕਣ ਵਾਲਾ ਨਹੀਂ ਹੈ। ਅਪਰਾਧੀ ਮਾਸੂਮ ਲੋਕਾਂ ਦਾ ਫ਼ਾਇਦਾ ਉਠਾਉਂਦੇ ਹਨ। ਖ਼ੂਨੀ ਪੁਲਸ ਦੇ ਹੱਥ ਨਹੀਂ ਆਉਂਦੇ ਅਤੇ ਜੇ ਪਕੜੇ ਵੀ ਜਾਣ, ਤਾਂ ਬਾਇੱਜ਼ਤ ਬਰੀ ਹੋ ਜਾਂਦੇ ਹਨ। ਅਜਿਹੀਆਂ ਬੇਇਨਸਾਫ਼ੀਆਂ ਦੇਖ ਕੇ ਸਾਨੂੰ ਗੁੱਸਾ ਆ ਸਕਦਾ ਹੈ ਅਤੇ ਸਾਡੇ ਮਨ ਦੀ ਸ਼ਾਂਤੀ ਵੀ ਭੰਗ ਹੋ ਸਕਦੀ ਹੈ। ਜਦ ਅਸੀਂ ਦੇਖਦੇ ਹਾਂ ਕਿ ਦੁਸ਼ਟ ਲੋਕ ਬੜੇ ਸੁਖ ਨਾਲ ਜੀ ਰਹੇ ਹਨ, ਤਾਂ ਸ਼ਾਇਦ ਅਸੀਂ ਉਨ੍ਹਾਂ ਤੋਂ ਜਲਣ ਲੱਗੀਏ। ਪਰ ਕੀ ਸਾਡੇ ਗੁੱਸੇ ਹੋਣ ਜਾਂ ਜਲਣ ਨਾਲ ਉਨ੍ਹਾਂ ਦੇ ਹਾਲਾਤ ਬਦਲ ਜਾਣਗੇ? ਬਿਲਕੁਲ ਨਹੀਂ! ਨਾਲੇ ਸਾਨੂੰ ‘ਕੁੜ੍ਹਨ’ ਦੀ ਕੋਈ ਲੋੜ ਨਹੀਂ ਹੈ। ਕਿਉਂ ਨਹੀਂ?
5. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਦੁਸ਼ਟ ਲੋਕ ਘਾਹ ਵਰਗੇ ਹਨ?
5 ਜ਼ਬੂਰਾਂ ਦੀ ਪੋਥੀ 37:2 ਵਿਚ ਅਸੀਂ ਇਸ ਦਾ ਜਵਾਬ ਪੜ੍ਹ ਸਕਦੇ ਹਾਂ: “ਓਹ ਤਾਂ ਘਾਹ ਵਾਂਙੁ ਛੇਤੀ ਕੁਮਲਾ ਜਾਣਗੇ, ਅਤੇ ਸਾਗ ਪੱਤ ਵਾਂਙੁ ਮੁਰਝਾ ਜਾਣਗੇ।” ਹਰਾ-ਭਰਾ ਘਾਹ ਸੁੰਦਰ ਤਾਂ ਲੱਗਦਾ ਹੈ, ਪਰ ਇਹ ਜਲਦੀ ਹੀ ਸੁੱਕ ਕੇ ਮਰ ਜਾਂਦਾ ਹੈ ਅਤੇ ਦੁਸ਼ਟਾਂ ਦੇ ਨਾਲ ਵੀ ਇਸੇ ਤਰ੍ਹਾਂ ਹੋਵੇਗਾ। ਉਨ੍ਹਾਂ ਦੀ ਸਫ਼ਲਤਾ ਜੋ ਸਾਨੂੰ ਨਜ਼ਰ ਆਉਂਦੀ ਹੈ ਇਹ ਹਮੇਸ਼ਾ ਲਈ ਨਹੀਂ ਰਹੇਗੀ। ਜਦੋਂ ਉਹ ਮਰਨਗੇ, ਤਾਂ ਉਨ੍ਹਾਂ ਦੀ ਬੇਈਮਾਨੀ ਨਾਲ ਕਮਾਈ ਧਨ-ਦੌਲਤ ਉਨ੍ਹਾਂ ਦੀ ਕੋਈ ਮਦਦ ਨਹੀਂ ਕਰੇਗੀ। ਅੰਤ ਵਿਚ ਹਰ ਇਨਸਾਨ ਉਹੀ ਵੱਢੇਗਾ ਜੋ ਉਸ ਨੇ ਬੀਜਿਆ ਹੈ। ਪੌਲੁਸ ਨੇ ਲਿਖਿਆ: “ਪਾਪ ਦੀ ਮਜੂਰੀ ਤਾਂ ਮੌਤ ਹੈ।” (ਰੋਮੀਆਂ 6:23) ਅਖ਼ੀਰ ਵਿਚ ਦੁਸ਼ਟ ਤੇ ਬੇਈਮਾਨ ਲੋਕਾਂ ਨੂੰ ਸਿਰਫ਼ ਆਪਣੀ “ਮਜੂਰੀ” ਮਿਲੇਗੀ ਅਤੇ ਹੋਰ ਕੁਝ ਨਹੀਂ। ਉਨ੍ਹਾਂ ਦੀ ਜ਼ਿੰਦਗੀ ਕਿੰਨੀ ਵਿਅਰਥ ਹੈ!—ਜ਼ਬੂਰਾਂ ਦੀ ਪੋਥੀ 37:35, 36; 49:16, 17.
6. ਅਸੀਂ ਜ਼ਬੂਰ 37 ਦੀਆਂ ਪਹਿਲੀਆਂ ਦੋ ਆਇਤਾਂ ਤੋਂ ਕਿਹੜਾ ਸਬਕ ਸਿੱਖਦੇ ਹਾਂ?
6 ਤਾਂ ਫਿਰ ਜਦੋਂ ਅਸੀਂ ਬੇਈਮਾਨਾਂ ਦੀ ਖ਼ੁਸ਼ਹਾਲੀ ਦੇਖਦੇ ਹਾਂ ਜੋ ਅਸਲ ਵਿਚ ਥੋੜ੍ਹੇ ਚਿਰ ਲਈ ਹੀ ਹੈ, ਤਾਂ ਕੀ ਸਾਨੂੰ ਇਸ ਤੋਂ ਪਰੇਸ਼ਾਨ ਹੋਣਾ ਚਾਹੀਦਾ ਹੈ? ਅਸੀਂ ਜ਼ਬੂਰ 37 ਦੀਆਂ ਪਹਿਲੀਆਂ ਦੋ ਆਇਤਾਂ ਤੋਂ ਇਹ ਸਬਕ ਸਿੱਖਦੇ ਹਾਂ ਕਿ ਸਾਨੂੰ ਉਨ੍ਹਾਂ ਦੀ ਖ਼ੁਸ਼ਹਾਲੀ ਦੇਖ ਕੇ ਕੁਰਾਹੇ ਨਹੀਂ ਪੈਣਾ ਚਾਹੀਦਾ, ਸਗੋਂ ਸਾਨੂੰ ਹਮੇਸ਼ਾ ਯਹੋਵਾਹ ਦੇ ਰਾਹ ਤੇ ਚੱਲਦੇ ਰਹਿਣਾ ਚਾਹੀਦਾ ਹੈ। ਚਲੋ ਆਪਾਂ ਆਪਣੀ ਮੰਜ਼ਲ ਵੱਲ ਤਕਦੇ ਰਹੀਏ, ਸੱਚਾਈ ਵਿਚ ਅੱਗੇ ਵਧੀਏ ਅਤੇ ਯਹੋਵਾਹ ਵੱਲੋਂ ਬਰਕਤਾਂ ਪਾਈਏ।—ਕਹਾਉਤਾਂ 23:17.
“ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ”
7. ਸਾਨੂੰ ਯਹੋਵਾਹ ਤੇ ਇਤਬਾਰ ਕਰਨ ਦੀ ਕਿਉਂ ਜ਼ਰੂਰਤ ਹੈ?
7 ਜ਼ਬੂਰਾਂ ਦਾ ਲਿਖਾਰੀ ਦਾਊਦ ਸਾਨੂੰ ਤਾਕੀਦ ਕਰਦਾ ਹੈ: “ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ।” (ਜ਼ਬੂਰਾਂ ਦੀ ਪੋਥੀ 37:3ੳ) ਜਦ ਸਾਨੂੰ ਕਿਸੇ ਗੱਲ ਦੀ ਚਿੰਤਾ ਹੁੰਦੀ ਹੈ ਜਾਂ ਸਾਡੇ ਮਨ ਵਿਚ ਕੋਈ ਸ਼ੱਕ ਪੈਦਾ ਹੁੰਦਾ ਹੈ, ਤਾਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਤੇ ਆਪਣਾ ਪੂਰਾ ਭਰੋਸਾ ਰੱਖੀਏ। ਉਹ ਹੀ ਰੂਹਾਨੀ ਤੌਰ ਤੇ ਸਾਡੀ ਪੂਰੀ ਤਰ੍ਹਾਂ ਰੱਖਿਆ ਕਰ ਸਕਦਾ ਹੈ। ਮੂਸਾ ਨੇ ਲਿਖਿਆ: “ਜਿਹੜਾ ਅੱਤ ਮਹਾਨ ਦੀ ਓਟ ਵਿੱਚ ਵੱਸਦਾ ਹੈ ਉਹ ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕੇਗਾ।” (ਜ਼ਬੂਰਾਂ ਦੀ ਪੋਥੀ 91:1) ਜਦੋਂ ਇਸ ਦੁਨੀਆਂ ਵਿਚ ਕੁਧਰਮ ਦੇ ਵਾਧੇ ਕਰਕੇ ਅਸੀਂ ਬੇਚੈਨੀ ਮਹਿਸੂਸ ਕਰਦੇ ਹਾਂ, ਤਾਂ ਉਸ ਵੇਲੇ ਸਾਨੂੰ ਯਹੋਵਾਹ ਦਾ ਸਹਾਰਾ ਲੈਣ ਦੀ ਲੋੜ ਹੈ। ਫ਼ਰਜ਼ ਕਰੋ ਕਿ ਤੁਹਾਡੇ ਪੈਰ ਵਿਚ ਮੋਚ ਆ ਜਾਂਦੀ ਹੈ। ਉਸ ਵੇਲੇ ਤੁਸੀਂ ਆਪਣੇ ਕਿਸੇ ਦੋਸਤ ਦੇ ਸਹਾਰੇ ਲਈ ਕਿੰਨੇ ਸ਼ੁਕਰਗੁਜ਼ਾਰ ਹੁੰਦੇ ਹੋ। ਇਸੇ ਤਰ੍ਹਾਂ ਜਦੋਂ ਅਸੀਂ ਵਫ਼ਾਦਾਰੀ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਯਹੋਵਾਹ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ।—ਯਸਾਯਾਹ 50:10.
8. ਪ੍ਰਚਾਰ ਦਾ ਕੰਮ ਸਾਡੀ ਕਿਵੇਂ ਮਦਦ ਕਰਦਾ ਹੈ ਕਿ ਅਸੀਂ ਦੁਸ਼ਟਾਂ ਦੀ ਖ਼ੁਸ਼ਹਾਲੀ ਦੇਖ ਕੇ ਪਰੇਸ਼ਾਨ ਨਾ ਹੋਈਏ?
8 ਜੇ ਅਸੀਂ ਦੁਸ਼ਟਾਂ ਦੀ ਖ਼ੁਸ਼ਹਾਲੀ ਕਰਕੇ ਪਰੇਸ਼ਾਨ ਹੁੰਦੇ ਹਾਂ, ਤਾਂ ਇਸ ਬਾਰੇ ਅਸੀਂ ਕੀ ਕਰ ਸਕਦੇ ਹਾਂ? ਅਸੀਂ ਹਲੀਮ ਲੋਕਾਂ ਦੀ ਭਾਲ ਵਿਚ ਰੁੱਝ ਕੇ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਅਤੇ ਉਸ ਦੇ ਮਕਸਦਾਂ ਬਾਰੇ ਸਿਖਾ ਸਕਦੇ ਹਾਂ। ਇਹ ਕੰਮ ਪਹਿਲਾਂ ਨਾਲੋਂ ਅੱਜ ਹੋਰ ਵੀ ਜ਼ਰੂਰੀ ਹੈ ਕਿਉਂਕਿ ਦੁਨੀਆਂ ਭਰ ਵਿਚ ਕੁਧਰਮ ਵਧ ਰਿਹਾ ਹੈ। ਪੌਲੁਸ ਰਸੂਲ ਨੇ ਲਿਖਿਆ: “ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲਿਓ ਕਿਉਂਕਿ ਅਜੇਹਿਆਂ ਬਲੀਦਾਨਾਂ ਤੋਂ ਪਰਮੇਸ਼ੁਰ ਪਰਸੰਨ ਹੁੰਦਾ ਹੈ।” ਸਭ ਤੋਂ “ਭਲਾ” ਕੰਮ ਜੋ ਅਸੀਂ ਕਰ ਸਕਦੇ ਹਾਂ, ਉਹ ਹੈ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ। ਸਾਡਾ ਪ੍ਰਚਾਰ ਦਾ ਕੰਮ ਸੱਚ-ਮੁੱਚ “ਉਸਤਤ ਦਾ ਬਲੀਦਾਨ” ਹੈ।—ਇਬਰਾਨੀਆਂ 13:15, 16; ਗਲਾਤੀਆਂ 6:10.
9. ਦਾਊਦ ਦਾ ਕੀ ਮਤਲਬ ਸੀ ਜਦ ਉਸ ਨੇ ਕਿਹਾ: “ਦੇਸ ਵਿੱਚ ਵੱਸ”?
9 ਦਾਊਦ ਅੱਗੇ ਕਹਿੰਦਾ ਹੈ: “ਦੇਸ ਵਿੱਚ ਵੱਸ ਅਤੇ ਸੱਚਿਆਈ ਉੱਤੇ ਪਲ।” (ਜ਼ਬੂਰਾਂ ਦੀ ਪੋਥੀ 37:3ਅ) ਦਾਊਦ ਦੇ ਸਮੇਂ ਵਿਚ ਇਹ “ਦੇਸ” ਉਹ ਵਾਅਦਾ ਕੀਤਾ ਹੋਇਆ ਦੇਸ਼ ਸੀ ਜੋ ਯਹੋਵਾਹ ਨੇ ਇਸਰਾਏਲੀਆਂ ਨੂੰ ਦਿੱਤਾ ਸੀ। ਸੁਲੇਮਾਨ ਦੇ ਰਾਜ ਦੌਰਾਨ ਇਸ ਦੀਆਂ ਸਰਹੱਦਾਂ ਉੱਤਰ ਵਿਚ ਦਾਨ ਤੋਂ ਲੈ ਕੇ ਦੱਖਣ ਵਿਚ ਬਏਰਸ਼ਬਾ ਤਕ ਸਨ। ਇਹ ਇਸਰਾਏਲੀਆਂ ਦਾ ਦੇਸ਼ ਸੀ। (1 ਰਾਜਿਆਂ 4:25) ਅੱਜ ਅਸੀਂ ਦੁਨੀਆਂ ਵਿਚ ਭਾਵੇਂ ਜਿੱਥੇ ਵੀ ਰਹਿੰਦੇ ਹਾਂ, ਅਸੀਂ ਸਾਰੇ ਉਸ ਸਮੇਂ ਨੂੰ ਉਡੀਕਦੇ ਹਾਂ ਜਦੋਂ ਸਾਰੀ ਧਰਤੀ ਫਿਰਦੌਸ ਹੋਵੇਗੀ ਅਤੇ ਉਸ ਵਿਚ ਧਰਮੀ ਲੋਕ ਵਸਣਗੇ। ਪਰ ਅਸੀਂ ਹੁਣ ਵੀ ਇਕ ਸੁਰੱਖਿਅਤ ਰੂਹਾਨੀ ਫਿਰਦੌਸ ਵਿਚ ਵੱਸਦੇ ਹਾਂ।—ਯਸਾਯਾਹ 65:13, 14.
10. ਜਦ ਅਸੀਂ “ਸੱਚਿਆਈ” ਜਾਂ ਵਫ਼ਾਦਾਰੀ ਨਾਲ ਚੱਲਦੇ ਹਾਂ, ਤਾਂ ਇਸ ਦਾ ਨਤੀਜਾ ਕੀ ਨਿਕਲਦਾ ਹੈ?
10 ਜਦ ਅਸੀਂ ‘ਸੱਚਿਆਈ ਉੱਤੇ ਪਲਦੇ’ ਹਾਂ ਯਾਨੀ ਵਫ਼ਾਦਾਰੀ ਨਾਲ ਚੱਲਦੇ ਹਾਂ, ਤਾਂ ਇਸ ਦਾ ਕੀ ਨਤੀਜਾ ਨਿਕਲਦਾ ਹੈ? ਪਰਮੇਸ਼ੁਰ ਦੇ ਬਚਨ ਦੀ ਇਕ ਕਹਾਵਤ ਸਾਨੂੰ ਇਸ ਦਾ ਜਵਾਬ ਦਿੰਦੀ ਹੈ: “ਸੱਚੇ ਪੁਰਸ਼ ਉੱਤੇ ਘਨੇਰੀਆਂ ਅਸੀਸਾਂ ਹੋਣਗੀਆਂ।” (ਕਹਾਉਤਾਂ 28:20) ਭਾਵੇਂ ਅਸੀਂ ਦੁਨੀਆਂ ਵਿਚ ਕਿਤੇ ਵੀ ਰਹਿੰਦੇ ਹੋਈਏ, ਪਰ ਜੇ ਅਸੀਂ ਵਫ਼ਾਦਾਰੀ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੀਏ, ਤਾਂ ਯਹੋਵਾਹ ਤੋਂ ਸਾਨੂੰ ਬਰਕਤਾਂ ਜ਼ਰੂਰ ਮਿਲਣਗੀਆਂ। ਮਿਸਾਲ ਵਜੋਂ, 40 ਸਾਲ ਪਹਿਲਾਂ ਫ਼ਰੈਂਕ ਤੇ ਉਸ ਦੀ ਪਤਨੀ ਰੋਜ਼ ਨੇ ਉੱਤਰੀ ਸਕਾਟਲੈਂਡ ਦੇ ਇਕ ਕਸਬੇ ਵਿਚ ਪਾਇਨੀਅਰੀ ਸ਼ੁਰੂ ਕੀਤੀ। ਉਨ੍ਹਾਂ ਦੇ ਉੱਥੇ ਜਾਣ ਤੋਂ ਪਹਿਲਾਂ ਉਸ ਇਲਾਕੇ ਵਿਚ ਕੁਝ ਲੋਕਾਂ ਨੇ ਸੱਚਾਈ ਵਿਚ ਥੋੜ੍ਹੀ-ਬਹੁਤੀ ਦਿਲਚਸਪੀ ਲਈ ਸੀ, ਪਰ ਉਨ੍ਹਾਂ ਨੇ ਕੋਈ ਤਰੱਕੀ ਨਹੀਂ ਕੀਤੀ ਸੀ। ਫਿਰ ਵੀ ਫ਼ਰੈਂਕ ਤੇ ਰੋਜ਼ ਨੇ ਹੌਸਲਾ ਨਹੀਂ ਹਾਰਿਆ, ਸਗੋਂ ਉਹ ਪ੍ਰਚਾਰ ਕਰਨ ਤੇ ਚੇਲੇ ਬਣਾਉਣ ਦੇ ਕੰਮ ਵਿਚ ਰੁੱਝ ਗਏ। ਹੁਣ ਉਸ ਪਿੰਡ ਵਿਚ ਇਕ ਵਧਦੀ-ਫੁੱਲਦੀ ਕਲੀਸਿਯਾ ਹੈ। ਇਨ੍ਹਾਂ ਦੋਹਾਂ ਦੀ ਵਫ਼ਾਦਾਰੀ ਉੱਤੇ ਯਹੋਵਾਹ ਨੇ ਜ਼ਰੂਰ ਬਰਕਤ ਪਾਈ ਹੈ। ਫ਼ਰੈਂਕ ਬੜੀ ਹਲੀਮੀ ਨਾਲ ਕਹਿੰਦਾ ਹੈ: “ਸਭ ਤੋਂ ਵੱਡੀ ਬਰਕਤ ਤਾਂ ਇਹ ਹੀ ਹੈ ਕਿ ਅਸੀਂ ਅਜੇ ਸੱਚਾਈ ਵਿਚ ਹਾਂ ਅਤੇ ਯਹੋਵਾਹ ਦੀ ਸੇਵਾ ਕਰ ਰਹੇ ਹਾਂ।” ਜੀ ਹਾਂ, ਜਦ ਅਸੀਂ “ਸੱਚਿਆਈ” ਜਾਂ ਵਫ਼ਾਦਾਰੀ ਨਾਲ ਚੱਲਦੇ ਹਾਂ, ਤਾਂ ਸਾਨੂੰ ਬਹੁਤ ਬਰਕਤਾਂ ਮਿਲਦੀਆਂ ਹਨ।
“ਯਹੋਵਾਹ ਉੱਤੇ ਨਿਹਾਲ ਰਹੁ”
11, 12. (ੳ) ਅਸੀਂ ਯਹੋਵਾਹ ਉੱਤੇ ਨਿਹਾਲ ਕਿਵੇਂ ਰਹਿ ਸਕਦੇ ਹਾਂ? (ਅ) ਨਿੱਜੀ ਅਧਿਐਨ ਦੇ ਸੰਬੰਧ ਵਿਚ ਤੁਸੀਂ ਕਿਹੜਾ ਟੀਚਾ ਰੱਖ ਸਕਦੇ ਹੋ ਤੇ ਇਸ ਦਾ ਨਤੀਜਾ ਕੀ ਨਿਕਲ ਸਕਦਾ ਹੈ?
11 ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਅਤੇ ਉਸ ਉੱਤੇ ਆਪਣਾ ਭਰੋਸਾ ਕਾਇਮ ਰੱਖਣ ਲਈ ਸਾਨੂੰ “ਯਹੋਵਾਹ ਉੱਤੇ ਨਿਹਾਲ” ਰਹਿਣ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 37:4ੳ) ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਡੀਆਂ ਭਾਵੇਂ ਕਿੰਨੀਆਂ ਹੀ ਵੱਡੀਆਂ ਸਮੱਸਿਆਵਾਂ ਕਿਉਂ ਨਾ ਹੋਣ, ਇਨ੍ਹਾਂ ਬਾਰੇ ਹਰ ਵਕਤ ਸੋਚਣ ਜਾਂ ਚਿੰਤਾ ਕਰਨ ਦੀ ਬਜਾਇ ਸਾਨੂੰ ਯਹੋਵਾਹ ਬਾਰੇ ਸੋਚਣ ਦੀ ਲੋੜ ਹੈ। ਅਸੀਂ ਉਸ ਦਾ ਬਚਨ ਪੜ੍ਹ ਕੇ ਉਸ ਬਾਰੇ ਸੋਚਦੇ ਹਾਂ। (ਜ਼ਬੂਰਾਂ ਦੀ ਪੋਥੀ 1:1, 2) ਕੀ ਬਾਈਬਲ ਪੜ੍ਹ ਕੇ ਤੁਸੀਂ ਯਹੋਵਾਹ ਉੱਤੇ ਨਿਹਾਲ ਹੁੰਦੇ ਹੋ? ਜੇ ਅਸੀਂ ਬਾਈਬਲ ਪੜ੍ਹਦੇ ਸਮੇਂ ਯਹੋਵਾਹ ਬਾਰੇ ਹੋਰ ਸਿੱਖਣ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ ਉਸ ਉੱਤੇ ਜ਼ਰੂਰ ਨਿਹਾਲ ਹੋਵਾਂਗੇ। ਕੁਝ ਹਵਾਲੇ ਪੜ੍ਹਨ ਤੋਂ ਬਾਅਦ ਕਿਉਂ ਨਾ ਆਪਣੇ ਆਪ ਨੂੰ ਪੁੱਛੋ ਕਿ ‘ਇਸ ਤੋਂ ਮੈਂ ਯਹੋਵਾਹ ਬਾਰੇ ਕੀ ਸਿੱਖਿਆ ਹੈ?’ ਤੁਸੀਂ ਬਾਈਬਲ ਪੜ੍ਹਦੇ ਸਮੇਂ ਆਪਣੇ ਕੋਲ ਨੋਟ-ਬੁੱਕ ਜਾਂ ਕਾਗਜ਼ ਰੱਖ ਸਕਦੇ ਹੋ। ਫਿਰ ਜਦ ਤੁਸੀਂ ਬਾਈਬਲ ਦਾ ਕੁਝ ਹਿੱਸਾ ਪੜ੍ਹ ਕੇ ਉਸ ਦੇ ਮਤਲਬ ਉੱਤੇ ਮਨਨ ਕਰਦੇ ਹੋ, ਤਾਂ ਕਿਉਂ ਨਾ ਉਨ੍ਹਾਂ ਸ਼ਬਦਾਂ ਨੂੰ ਲਿਖ ਲਵੋ ਜੋ ਤੁਹਾਨੂੰ ਯਹੋਵਾਹ ਦੇ ਕਿਸੇ ਮਨਭਾਉਂਦੇ ਗੁਣ ਦੀ ਯਾਦ ਕਰਾਉਂਦੇ ਹਨ? ਇਕ ਹੋਰ ਜ਼ਬੂਰ ਵਿਚ ਦਾਊਦ ਨੇ ਇਹ ਸ਼ਬਦ ਗਾਏ: “ਹੇ ਯਹੋਵਾਹ, ਮੇਰੀ ਚਟਾਨ ਅਰ ਮੇਰੇ ਛੁਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।” (ਜ਼ਬੂਰਾਂ ਦੀ ਪੋਥੀ 19:14) ਪਰਮੇਸ਼ੁਰ ਦੇ ਬਚਨ ਵੱਲ ਧਿਆਨ ਦੇਣ ਦੇ ਸਾਡੇ ਜਤਨ ਉਸ ਦੇ ਹਜ਼ੂਰ “ਮੰਨਣ ਜੋਗ” ਹੁੰਦੇ ਹਨ ਅਤੇ ਇਨ੍ਹਾਂ ਜਤਨਾਂ ਤੋਂ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ।
12 ਅਧਿਐਨ ਅਤੇ ਮਨਨ ਕਰਨ ਰਾਹੀਂ ਸਾਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ? ਜੇ ਅਸੀਂ ਯਹੋਵਾਹ ਅਤੇ ਉਸ ਦੇ ਰਾਹਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਣ ਦਾ ਟੀਚਾ ਰੱਖੀਏ, ਇਸ ਨਾਲ ਸਾਨੂੰ ਬਹੁਤ ਫ਼ਾਇਦਾ ਹੋਵੇਗਾ। ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਅਤੇ ਯਹੋਵਾਹ ਦੇ ਨੇੜੇ ਰਹੋ (ਅੰਗ੍ਰੇਜ਼ੀ)a ਵਰਗੀਆਂ ਪੁਸਤਕਾਂ ਤੋਂ ਸਾਨੂੰ ਬਥੇਰੀ ਜਾਣਕਾਰੀ ਮਿਲਦੀ ਹੈ ਜਿਸ ਤੇ ਅਸੀਂ ਮਨਨ ਕਰ ਸਕਦੇ ਹਾਂ। ਦਾਊਦ ਧਰਮੀਆਂ ਨੂੰ ਭਰੋਸਾ ਦਿਲਾਉਂਦਾ ਹੈ ਕਿ ਇਸ ਦੇ ਬਦਲੇ ਵਿਚ ਯਹੋਵਾਹ “[ਉਨ੍ਹਾਂ ਦੇ] ਮਨੋਰਥਾਂ ਨੂੰ ਪੂਰਿਆਂ ਕਰੇਗਾ।” (ਜ਼ਬੂਰਾਂ ਦੀ ਪੋਥੀ 37:4ਅ) ਇਸ ਤਰ੍ਹਾਂ ਦੇ ਭਰੋਸੇ ਨੇ ਹੀ ਸ਼ਾਇਦ ਯੂਹੰਨਾ ਰਸੂਲ ਨੂੰ ਇਹ ਸ਼ਬਦ ਲਿਖਣ ਲਈ ਪ੍ਰੇਰਿਆ ਸੀ: “ਉਹ ਦੇ ਅੱਗੇ ਜੋ ਸਾਨੂੰ ਦਲੇਰੀ ਹੈ ਸੋ ਇਹ ਹੈ ਭਈ ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ। ਅਤੇ ਜੇ ਅਸੀਂ ਜਾਣਦੇ ਹਾਂ ਭਈ ਜੋ ਕੁਝ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ ਤਾਂ ਏਹ ਵੀ ਜਾਣਦੇ ਹਾਂ ਭਈ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸਾਂ ਓਸ ਤੋਂ ਮੰਗੀਆਂ ਹਨ ਓਹ ਸਾਨੂੰ ਪਰਾਪਤ ਹੋ ਜਾਂਦੀਆਂ ਹਨ।”—1 ਯੂਹੰਨਾ 5:14, 15.
13. ਹਾਲ ਹੀ ਦੇ ਸਾਲਾਂ ਵਿਚ ਕਈ ਦੇਸ਼ਾਂ ਵਿਚ ਪ੍ਰਚਾਰ ਦੇ ਕੰਮ ਵਿਚ ਕਿਹੜਾ ਵਾਧਾ ਹੋਇਆ ਹੈ?
13 ਯਹੋਵਾਹ ਦੇ ਵਫ਼ਾਦਾਰ ਸੇਵਕ ਹੋਣ ਦੇ ਨਾਤੇ ਸਾਡੀ ਇਹੋ ਦਿਲੀ ਇੱਛਾ ਹੈ ਕਿ ਉਸ ਦਾ ਰਾਜ ਕਰਨ ਦਾ ਹੱਕ ਸਿੱਧ ਕੀਤਾ ਜਾਵੇ। (ਕਹਾਉਤਾਂ 27:11) ਕੀ ਸਾਡੇ ਦਿਲ ਖ਼ੁਸ਼ੀ ਨਾਲ ਨਹੀਂ ਭਰ ਆਉਂਦੇ ਜਦੋਂ ਅਸੀਂ ਸੁਣਦੇ ਹਾਂ ਕਿ ਸਾਡੇ ਭਰਾ ਉਨ੍ਹਾਂ ਦੇਸ਼ਾਂ ਵਿਚ ਪ੍ਰਚਾਰ ਕਰ ਰਹੇ ਹਨ ਜੋ ਪਹਿਲਾਂ ਤਾਨਾਸ਼ਾਹੀ ਹਕੂਮਤਾਂ ਦੇ ਅਧੀਨ ਸਨ? ਹੋ ਸਕਦਾ ਹੈ ਕਿ ਇਸ ਦੁਸ਼ਟ ਦੁਨੀਆਂ ਦਾ ਅੰਤ ਆਉਣ ਤੋਂ ਪਹਿਲਾਂ ਕਈ ਹੋਰ ਦੇਸ਼ਾਂ ਵਿਚ ਵੀ ਪ੍ਰਚਾਰ ਕਰਨ ਦੀ ਆਜ਼ਾਦੀ ਮਿਲ ਜਾਵੇ। ਪੱਛਮੀ ਦੇਸ਼ਾਂ ਵਿਚ ਯਹੋਵਾਹ ਦੇ ਬਹੁਤ ਸਾਰੇ ਗਵਾਹ ਅਜਿਹੇ ਪਾਬੰਦੀਸ਼ੁਦਾ ਦੇਸ਼ਾਂ ਤੋਂ ਆਏ ਵਿਦਿਆਰਥੀਆਂ, ਰਫਿਊਜੀਆਂ ਅਤੇ ਹੋਰਾਂ ਨੂੰ ਜੋਸ਼ ਨਾਲ ਪ੍ਰਚਾਰ ਕਰਦੇ ਹਨ। ਸਾਡੀ ਇਹੋ ਦਿਲੀ ਇੱਛਾ ਹੈ ਕਿ ਜਦੋਂ ਇਹ ਲੋਕ ਆਪਣੇ ਦੇਸ਼ਾਂ ਨੂੰ ਮੁੜਨਗੇ, ਜਿੱਥੇ ਹਾਲੇ ਰੂਹਾਨੀ ਤੌਰ ਤੇ ਹਨੇਰਾ ਛਾਇਆ ਹੋਇਆ ਹੈ, ਤਾਂ ਉਹ ਉੱਥੇ ਵੀ ਸੱਚਾਈ ਦਾ ਚਾਨਣ ਚਮਕਾਉਣਗੇ।—ਮੱਤੀ 5:14-16.
“ਆਪਣਾ ਰਾਹ ਯਹੋਵਾਹ ਦੇ ਗੋਚਰਾ ਕਰ”
14. ਸਾਡੇ ਕੋਲ ਕਿਹੜਾ ਸਬੂਤ ਹੈ ਕਿ ਅਸੀਂ ਯਹੋਵਾਹ ਤੇ ਭਰੋਸਾ ਰੱਖ ਸਕਦੇ ਹਾਂ?
14 ਇਹ ਜਾਣ ਕੇ ਸਾਡੇ ਮਨ ਨੂੰ ਕਿੰਨਾ ਸੁਖ ਮਿਲਦਾ ਹੈ ਕਿ ਸਾਡੀਆਂ ਚਿੰਤਾਵਾਂ ਦਾ ਵੱਡਾ ਬੋਝ ਹੁਣ ਵੀ ਦੂਰ ਕੀਤਾ ਜਾ ਸਕਦਾ ਹੈ! ਕਿਵੇਂ? ਦਾਊਦ ਨੇ ਕਿਹਾ ਸੀ ਕਿ “ਆਪਣਾ ਰਾਹ ਯਹੋਵਾਹ ਦੇ ਗੋਚਰਾ ਕਰ ਅਤੇ ਉਸ ਉੱਤੇ ਭਰੋਸਾ ਰੱਖ” ਅਤੇ ਉਹ ਸਾਡੀ ਮਦਦ ਕਰੇਗਾ। (ਜ਼ਬੂਰਾਂ ਦੀ ਪੋਥੀ 37:5) ਸਾਡੀਆਂ ਕਲੀਸਿਯਾਵਾਂ ਵਿਚ ਅਸੀਂ ਇਸ ਗੱਲ ਦਾ ਬਥੇਰਾ ਸਬੂਤ ਦੇਖਦੇ ਹਾਂ ਕਿ ਅਸੀਂ ਯਹੋਵਾਹ ਤੇ ਭਰੋਸਾ ਰੱਖ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 55:22) ਜਿਹੜੇ ਭੈਣ-ਭਰਾ ਪਾਇਨੀਅਰਾਂ, ਸਫ਼ਰੀ ਨਿਗਾਹਬਾਨਾਂ ਜਾਂ ਮਿਸ਼ਨਰੀਆਂ ਵਜੋਂ ਸੇਵਾ ਕਰਦੇ ਹਨ ਜਾਂ ਬੈਥਲ ਵਿਚ ਕੰਮ ਕਰਦੇ ਹਨ, ਉਹ ਸਾਰੇ ਇਸ ਗੱਲ ਦੀ ਸਾਖੀ ਭਰ ਸਕਦੇ ਹਨ ਕਿ ਯਹੋਵਾਹ ਹਮੇਸ਼ਾ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ। ਕਿਉਂ ਨਾ ਇਨ੍ਹਾਂ ਵਿੱਚੋਂ ਕਿਸੇ ਨੂੰ ਪੁੱਛੋ ਕਿ ਯਹੋਵਾਹ ਨੇ ਉਨ੍ਹਾਂ ਦੀ ਦੇਖ-ਭਾਲ ਕਿਸ ਤਰ੍ਹਾਂ ਕੀਤੀ ਹੈ? ਬਿਨਾਂ ਸ਼ੱਕ ਉਹ ਤੁਹਾਨੂੰ ਦੱਸਣਗੇ ਕਿ ਯਹੋਵਾਹ ਨੇ ਮੁਸ਼ਕਲ ਸਮਿਆਂ ਵਿਚ ਵੀ ਉਨ੍ਹਾਂ ਨੂੰ ਕਦੀ ਨਹੀਂ ਛੱਡਿਆ। ਉਹ ਹਮੇਸ਼ਾ ਆਪਣੇ ਸੇਵਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ।—ਜ਼ਬੂਰਾਂ ਦੀ ਪੋਥੀ 37:25; ਮੱਤੀ 6:25-34.
15. ਪਰਮੇਸ਼ੁਰ ਦੇ ਲੋਕਾਂ ਦੀ ਧਾਰਮਿਕਤਾ ਕਿਵੇਂ ਚਮਕਦੀ ਹੈ?
15 ਜਦੋਂ ਅਸੀਂ ਯਹੋਵਾਹ ਤੇ ਆਪਣੀਆਂ ਉਮੀਦਾਂ ਲਾਉਂਦੇ ਹਾਂ ਅਤੇ ਉਸ ਤੇ ਆਪਣਾ ਪੂਰਾ ਭਰੋਸਾ ਰੱਖਦੇ ਹਾਂ, ਉਦੋਂ ਅਸੀਂ ਜ਼ਬੂਰਾਂ ਦੇ ਲਿਖਾਰੀ ਦੇ ਅਗਲੇ ਸ਼ਬਦਾਂ ਦੀ ਪੂਰਤੀ ਅਨੁਭਵ ਕਰਦੇ ਹਾਂ: “ਉਹ ਤੇਰੇ ਧਰਮ ਨੂੰ ਚਾਨਣ ਵਾਂਙੁ ਅਤੇ ਤੇਰੇ ਨਿਆਉਂ ਨੂੰ ਦੁਪਹਿਰ ਵਾਂਙੁ ਪਰਕਾਸ਼ਤ ਕਰੇਗਾ।” (ਜ਼ਬੂਰਾਂ ਦੀ ਪੋਥੀ 37:6) ਯਹੋਵਾਹ ਦੇ ਗਵਾਹਾਂ ਬਾਰੇ ਅਕਸਰ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ। ਪਰ ਯਹੋਵਾਹ ਸੱਚੇ ਦਿਲ ਵਾਲਿਆਂ ਦੀਆਂ ਅੱਖਾਂ ਖੋਲ੍ਹ ਦਿੰਦਾ ਹੈ ਤਾਂਕਿ ਉਹ ਦੇਖ ਸਕਣ ਕਿ ਅਸੀਂ ਯਹੋਵਾਹ ਲਈ ਅਤੇ ਲੋਕਾਂ ਲਈ ਆਪਣੇ ਪਿਆਰ ਦੀ ਖ਼ਾਤਰ ਪ੍ਰਚਾਰ ਕਰਦੇ ਹਾਂ। ਇਸ ਦੇ ਨਾਲ-ਨਾਲ, ਭਾਵੇਂ ਕਿ ਕਈ ਲੋਕ ਸਾਡੇ ਉੱਤੇ ਝੂਠਾ ਦੋਸ਼ ਲਾਉਂਦੇ ਹਨ, ਪਰ ਦੂਸਰੇ ਲੋਕ ਆਪਣੀ ਅੱਖੀਂ ਦੇਖ ਸਕਦੇ ਹਨ ਕਿ ਸਾਡਾ ਚਾਲ-ਚਲਣ ਨੇਕ ਹੈ। ਯਹੋਵਾਹ ਸਾਨੂੰ ਵਿਰੋਧਤਾ ਅਤੇ ਹੋਰ ਕਈ ਤਰ੍ਹਾਂ ਦੇ ਜ਼ੁਲਮ ਦਾ ਸਾਮ੍ਹਣਾ ਕਰਨ ਲਈ ਤਾਕਤ ਬਖ਼ਸ਼ਦਾ ਹੈ। ਨਤੀਜੇ ਵਜੋਂ ਪਰਮੇਸ਼ੁਰ ਦੇ ਲੋਕਾਂ ਦੀ ਧਾਰਮਿਕਤਾ ਸਿਖਰ ਦੁਪਹਿਰ ਦੀ ਧੁੱਪ ਵਾਂਗ ਚਮਕਦੀ ਹੈ।—1 ਪਤਰਸ 2:12.
“ਚੁੱਪ ਚਾਪ ਰਹੁ ਅਤੇ ਧੀਰਜ ਨਾਲ ਉਹ ਦੀ ਉਡੀਕ ਰੱਖ”
16, 17. ਜ਼ਬੂਰਾਂ ਦੀ ਪੋਥੀ 37:7 ਦੇ ਮੁਤਾਬਕ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?
16 ਜ਼ਬੂਰਾਂ ਦੇ ਲਿਖਾਰੀ ਦੇ ਅਗਲੇ ਸ਼ਬਦ ਇਹ ਹਨ: “ਯਹੋਵਾਹ ਦੇ ਅੱਗੇ ਚੁੱਪ ਚਾਪ ਰਹੁ ਅਤੇ ਧੀਰਜ ਨਾਲ ਉਹ ਦੀ ਉਡੀਕ ਰੱਖ, ਉਸ ਮਨੁੱਖ ਦੇ ਕਾਰਨ ਨਾ ਕੁੜ੍ਹ ਜਿਹ ਦਾ ਰਾਹ ਸਫ਼ਲ ਹੁੰਦਾ ਹੈ, ਅਤੇ ਜਿਹੜਾ ਜੁਗਤਾਂ ਨੂੰ ਪੂਰਿਆਂ ਕਰਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 37:7) ਇੱਥੇ ਦਾਊਦ ਕਹਿ ਰਿਹਾ ਹੈ ਕਿ ਸਾਨੂੰ ਧੀਰਜ ਨਾਲ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਲੋੜ ਹੈ। ਸਾਨੂੰ ਇਸ ਗੱਲ ਦੀ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਕਿ ਅਜੇ ਤਕ ਅੰਤ ਕਿਉਂ ਨਹੀਂ ਆਇਆ। ਕੀ ਅਸੀਂ ਇਹ ਨਹੀਂ ਦੇਖਿਆ ਕਿ ਯਹੋਵਾਹ ਦੀ ਦਇਆ ਅਤੇ ਧੀਰਜ ਸਾਡੇ ਅੰਦਾਜ਼ੇ ਨਾਲੋਂ ਕਿਤੇ ਜ਼ਿਆਦਾ ਹੈ? ਇਸ ਲਈ ਸਾਨੂੰ ਵੀ ਧੀਰਜ ਨਾਲ ਅੰਤ ਨੂੰ ਉਡੀਕਦੇ ਹੋਏ ਪ੍ਰਚਾਰ ਦਾ ਕੰਮ ਕਰਦੇ ਰਹਿਣਾ ਚਾਹੀਦਾ ਹੈ। (ਮਰਕੁਸ 13:10) ਖ਼ਾਸ ਕਰਕੇ ਹੁਣ ਜ਼ਰੂਰੀ ਹੈ ਕਿ ਅਸੀਂ ਜਲਦਬਾਜ਼ੀ ਨਾਲ ਅਜਿਹਾ ਕੁਝ ਨਾ ਕਰੀਏ ਜੋ ਸਾਡੀ ਖ਼ੁਸ਼ੀ ਅਤੇ ਰੂਹਾਨੀ ਸੁਰੱਖਿਆ ਨੂੰ ਲੁੱਟ ਲਵੇ। ਸਾਨੂੰ ਸ਼ਤਾਨ ਦੀ ਦੁਨੀਆਂ ਦੇ ਭੈੜੇ ਪ੍ਰਭਾਵ ਤੋਂ ਬਚਣ ਦੀ ਪੁਰਜ਼ੋਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਆਪਣਾ ਚਾਲ-ਚਲਣ ਨੇਕ ਰੱਖਣਾ ਚਾਹੀਦਾ ਹੈ ਤਾਂਕਿ ਅਸੀਂ ਅਜਿਹਾ ਕੁਝ ਨਾ ਕਰੀਏ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹੋਵੇ। ਆਓ ਆਪਾਂ ਗੰਦੇ ਵਿਚਾਰਾਂ ਨੂੰ ਆਪਣੇ ਮਨਾਂ ਵਿਚ ਘਰ ਨਾ ਕਰਨ ਦੇਈਏ ਅਤੇ ਕਿਸੇ ਨਾਲ ਵੀ ਗੰਦੀਆਂ ਹਰਕਤਾਂ ਨਾ ਕਰੀਏ।—ਕੁਲੁੱਸੀਆਂ 3:5.
17 ਦਾਊਦ ਅੱਗੇ ਸਲਾਹ ਦਿੰਦਾ ਹੈ: “ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ, ਨਾ ਕੁੜ੍ਹ—ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ। ਕੁਕਰਮੀ ਤਾਂ ਛੇਕੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਓਹੋ ਧਰਤੀ ਦੇ ਵਾਰਸ ਹੋਣਗੇ।” (ਜ਼ਬੂਰਾਂ ਦੀ ਪੋਥੀ 37:8, 9) ਜੀ ਹਾਂ, ਅਸੀਂ ਪੂਰੇ ਯਕੀਨ ਨਾਲ ਉਸ ਸਮੇਂ ਨੂੰ ਉਡੀਕਦੇ ਹਾਂ ਜਦ ਯਹੋਵਾਹ ਸਭ ਬੁਰੇ ਲੋਕਾਂ ਨੂੰ ਅਤੇ ਉਨ੍ਹਾਂ ਦੇ ਕੰਮਾਂ ਨੂੰ ਖ਼ਤਮ ਕਰ ਦੇਵੇਗਾ।
“ਹੁਣ ਥੋੜਾ ਹੀ ਚਿਰ ਰਹਿੰਦਾ ਹੈ”
18, 19. ਜ਼ਬੂਰਾਂ ਦੀ ਪੋਥੀ 37:10 ਤੋਂ ਸਾਨੂੰ ਕਿਹੜਾ ਦਿਲਾਸਾ ਮਿਲਦਾ ਹੈ?
18 “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ।” (ਜ਼ਬੂਰਾਂ ਦੀ ਪੋਥੀ 37:10) ਸਾਨੂੰ ਇਨ੍ਹਾਂ ਸ਼ਬਦਾਂ ਤੋਂ ਕਿੰਨਾ ਦਿਲਾਸਾ ਮਿਲਦਾ ਹੈ! ਇਸ ਦੁਨੀਆਂ ਦਾ ਅਤੇ ਇਨਸਾਨਾਂ ਦੇ ਰਾਜ ਦਾ ਅੰਤ ਬਹੁਤ ਹੀ ਨਜ਼ਦੀਕ ਹੈ! ਇਨਸਾਨਾਂ ਨੇ ਰਾਜ ਕਰਨ ਦੇ ਜੋ ਵੀ ਵੱਖਰੇ-ਵੱਖਰੇ ਤਰੀਕੇ ਅਜ਼ਮਾਏ ਹਨ, ਇਹ ਸਾਰੇ ਦੇ ਸਾਰੇ ਬੁਰੀ ਤਰ੍ਹਾਂ ਅਸਫ਼ਲ ਰਹੇ ਹਨ। ਹੁਣ ਉਹ ਸਮਾਂ ਨੇੜੇ ਆ ਪਹੁੰਚਿਆ ਹੈ ਜਦ ਪਰਮੇਸ਼ੁਰ ਦਾ ਚੁਣਿਆ ਹੋਇਆ ਰਾਜਾ ਯਿਸੂ ਮਸੀਹ ਪੂਰੀ ਦੁਨੀਆਂ ਉੱਤੇ ਰਾਜ ਕਰੇਗਾ। ਜੋ ਪਰਮੇਸ਼ੁਰ ਦੇ ਰਾਜ ਦਾ ਵਿਰੋਧ ਕਰਦੇ ਹਨ ਉਨ੍ਹਾਂ ਦਾ ਨਾਸ਼ ਕੀਤਾ ਜਾਵੇਗਾ।—ਦਾਨੀਏਲ 2:44.
19 ਨਵੀਂ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਅਧੀਨ ਤੁਸੀਂ ਭਾਵੇਂ “ਦੁਸ਼ਟ” ਨੂੰ ਜਿੰਨੀ ਮਰਜ਼ੀ ਲੱਭਣ ਦੀ ਕੋਸ਼ਿਸ਼ ਕਰੋ ਉਹ ਤੁਹਾਨੂੰ ਨਹੀਂ ਲੱਭੇਗਾ। ਉਸ ਸਮੇਂ ਜਿਹੜਾ ਵੀ ਇਨਸਾਨ ਯਹੋਵਾਹ ਦਾ ਵਿਰੋਧ ਕਰੇਗਾ ਉਸ ਨੂੰ ਜਲਦੀ ਹੀ ਖ਼ਤਮ ਕੀਤਾ ਜਾਵੇਗਾ। ਉਹ ਲੋਕ ਉੱਥੇ ਨਹੀਂ ਹੋਣਗੇ ਜੋ ਪਰਮੇਸ਼ੁਰ ਦੇ ਰਾਜ ਦੇ ਅਧੀਨ ਨਹੀਂ ਹੋਣਾ ਚਾਹੁੰਦੇ। ਤੁਹਾਡੇ ਆਲੇ-ਦੁਆਲੇ ਸਾਰੇ ਲੋਕ ਇਕ ਮਨ ਹੋ ਕੇ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕਰਨ ਵਾਲੇ ਹੋਣਗੇ। ਇਸ ਲਈ ਦਰਵਾਜ਼ਿਆਂ ਤੇ ਜਿੰਦਿਆਂ ਦੀ ਲੋੜ ਨਹੀਂ ਹੋਵੇਗੀ ਤੇ ਨਾ ਹੀ ਬਾਰੀਆਂ ਉੱਤੇ ਸੀਖਾਂ ਲਾਉਣ ਦੀ ਲੋੜ ਪਵੇਗੀ। ਸਾਰਿਆਂ ਨੂੰ ਇਕ-ਦੂਸਰੇ ਉੱਤੇ ਪੂਰਾ ਭਰੋਸਾ ਹੋਵੇਗਾ। ਉਦੋਂ ਸਾਰੇ ਕਿੰਨੇ ਸੁਰੱਖਿਅਤ ਮਹਿਸੂਸ ਕਰਨਗੇ ਅਤੇ ਜ਼ਿੰਦਗੀ ਕਿੰਨੀ ਖ਼ੁਸ਼ੀਆਂ ਭਰੀ ਹੋਵੇਗੀ!—ਯਸਾਯਾਹ 65:20; ਮੀਕਾਹ 4:4; 2 ਪਤਰਸ 3:13.
20, 21. (ੳ) ਜ਼ਬੂਰਾਂ ਦੀ ਪੋਥੀ 37:11 ਵਿਚ “ਅਧੀਨ” ਲੋਕ ਕੌਣ ਹਨ ਅਤੇ ਉਨ੍ਹਾਂ ਨੂੰ ‘ਬਹੁਤਾ ਸੁਖ’ ਕਿੱਥੋਂ ਮਿਲਦਾ ਹੈ? (ਅ) ਜੇ ਅਸੀਂ ਮਹਾਨ ਦਾਊਦ ਦੀ ਨਕਲ ਕਰਾਂਗੇ, ਤਾਂ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
20 ਪਰਮੇਸ਼ੁਰ ਦੇ ਰਾਜ ਵਿਚ, “ਅਧੀਨ ਧਰਤੀ ਦੇ ਵਾਰਸ ਹੋਣਗੇ।” (ਜ਼ਬੂਰਾਂ ਦੀ ਪੋਥੀ 37:11ੳ) ਪਰ ਇਹ “ਅਧੀਨ” ਕੌਣ ਹਨ? “ਅਧੀਨ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਉਸ ਮੂਲ ਸ਼ਬਦ ਤੋਂ ਬਣਿਆ ਹੈ ਜਿਸ ਦਾ ਮਤਲਬ ਹੈ “ਦੁੱਖ ਦੇਣਾ, ਨੀਵਾਂ ਦਿਖਾਉਣਾ, ਅਪਮਾਨ ਕਰਨਾ।” ਜੀ ਹਾਂ, “ਅਧੀਨ” ਉਹ ਲੋਕ ਹਨ ਜੋ ਹਲੀਮੀ ਨਾਲ ਯਹੋਵਾਹ ਤੇ ਇਤਬਾਰ ਕਰਦੇ ਹਨ ਕਿ ਉਹੀ ਉਨ੍ਹਾਂ ਉੱਤੇ ਢਾਹੇ ਗਏ ਜ਼ੁਲਮਾਂ ਨੂੰ ਖ਼ਤਮ ਕਰੇਗਾ। ਫਿਰ ਇਹ ਲੋਕ “ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰਾਂ ਦੀ ਪੋਥੀ 37:11ਅ) ਪਰ ਸੱਚੀ ਮਸੀਹੀ ਕਲੀਸਿਯਾ ਵਿਚ ਅਸੀਂ ਹੁਣ ਵੀ ਰੂਹਾਨੀ ਫਿਰਦੌਸ ਦਾ ਆਨੰਦ ਮਾਣਦੇ ਹਾਂ ਜਿੱਥੇ ਸਾਨੂੰ ਸੁਖ-ਸ਼ਾਂਤੀ ਮਿਲਦੀ ਹੈ।
21 ਭਾਵੇਂ ਕਿ ਸਾਡੀਆਂ ਅਜ਼ਮਾਇਸ਼ਾਂ ਅਜੇ ਦੂਰ ਨਹੀਂ ਕੀਤੀਆਂ ਗਈਆਂ, ਫਿਰ ਵੀ ਅਸੀਂ ਇਕ-ਦੂਏ ਦਾ ਸਹਾਰਾ ਬਣਦੇ ਹਾਂ ਅਤੇ ਨਿਰਾਸ਼ ਭੈਣ-ਭਰਾਵਾਂ ਨੂੰ ਦਿਲਾਸਾ ਦਿੰਦੇ ਹਾਂ। ਨਤੀਜੇ ਵਜੋਂ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਸੰਤੋਖ ਮਿਲਦਾ ਹੈ। ਬਜ਼ੁਰਗ ਬੜੇ ਪਿਆਰ ਨਾਲ ਸਾਡੀਆਂ ਰੂਹਾਨੀ ਜ਼ਰੂਰਤਾਂ ਪੂਰੀਆਂ ਕਰਦੇ ਹਨ ਅਤੇ ਕਈ ਵਾਰ ਉਹ ਹੋਰ ਤਰੀਕਿਆਂ ਨਾਲ ਵੀ ਸਾਡੀ ਮਦਦ ਕਰਦੇ ਹਨ। ਉਨ੍ਹਾਂ ਦੀ ਮਦਦ ਨਾਲ ਅਸੀਂ ਆਪਣੀ ਨਿਹਚਾ ਖ਼ਾਤਰ ਆਈਆਂ ਅਜ਼ਮਾਇਸ਼ਾਂ ਨੂੰ ਧੀਰਜ ਨਾਲ ਸਹਿਣ ਦੇ ਕਾਬਲ ਬਣਦੇ ਹਾਂ। (1 ਥੱਸਲੁਨੀਕੀਆਂ 2:7, 11; 1 ਪਤਰਸ 5:2, 3) ਕਲੀਸਿਯਾ ਵਿਚ ਇਹ ਸ਼ਾਂਤੀ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ! ਸੁੰਦਰ ਧਰਤੀ ਉੱਤੇ ਸਦਾ ਲਈ ਜੀਉਣ ਦੀ ਸਾਡੀ ਉਮੀਦ ਵੀ ਪੂਰੀ ਹੋਣ ਵਾਲੀ ਹੈ। ਆਓ ਆਪਾਂ ਮਹਾਨ ਦਾਊਦ, ਯਿਸੂ ਮਸੀਹ ਦੀ ਨਕਲ ਕਰੀਏ ਜਿਸ ਨੇ ਮਰਦੇ ਦਮ ਤਕ ਜੋਸ਼ ਨਾਲ ਯਹੋਵਾਹ ਦੀ ਸੇਵਾ ਕੀਤੀ ਸੀ। (1 ਪਤਰਸ 2:21) ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਖ਼ੁਸ਼ੀ ਨਾਲ ਕਰਦੇ ਰਹਾਂਗੇ ਅਤੇ ਉਸ ਉੱਤੇ ਸਦਾ ਨਿਹਾਲ ਰਹਾਂਗੇ।
[ਫੁਟਨੋਟ]
a ਇਹ ਪੁਸਤਕਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।
ਕੀ ਤੁਸੀਂ ਜਵਾਬ ਦੇ ਸਕਦੇ ਹੋ?
• ਤੁਸੀਂ ਜ਼ਬੂਰਾਂ ਦੀ ਪੋਥੀ 37:1, 2 ਤੋਂ ਕੀ ਕੁਝ ਸਿੱਖਿਆ?
• ਤੁਸੀਂ ਯਹੋਵਾਹ ਉੱਤੇ “ਨਿਹਾਲ” ਕਿਵੇਂ ਹੋ ਸਕਦੇ ਹੋ?
• ਸਾਡੇ ਕੋਲ ਕੀ ਸਬੂਤ ਹੈ ਕਿ ਅਸੀਂ ਯਹੋਵਾਹ ਤੇ ਭਰੋਸਾ ਰੱਖ ਸਕਦੇ ਹਾਂ?
[ਸਫ਼ੇ 9 ਉੱਤੇ ਤਸਵੀਰ]
ਮਸੀਹੀ ‘ਬੁਰਿਆਂ ਦੇ ਕਾਰਨ ਕੁੜ੍ਹਦੇ ਨਹੀਂ’
[ਸਫ਼ੇ 10 ਉੱਤੇ ਤਸਵੀਰ]
“ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ”
[ਸਫ਼ੇ 11 ਉੱਤੇ ਤਸਵੀਰ]
ਯਹੋਵਾਹ ਅਤੇ ਉਸ ਦੇ ਰਾਹਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖ ਕੇ ਉਸ ਉੱਤੇ ਨਿਹਾਲ ਹੋਵੋ
[ਸਫ਼ੇ 12 ਉੱਤੇ ਤਸਵੀਰ]
“ਅਧੀਨ ਧਰਤੀ ਦੇ ਵਾਰਸ ਹੋਣਗੇ”