ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾਓ!
“ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ . . . ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।”—ਜ਼ਬੂਰ 1:1, 3.
1. (ੳ) ਸੰਸਾਰ ਵਿਚ ਬਹੁਤ ਸਾਰੇ ਨੌਜਵਾਨ ਕਿਸ ਨੂੰ ਕਾਮਯਾਬੀ ਮੰਨਦੇ ਹਨ? (ਅ) ਬਾਈਬਲ ਇਕ ਕਾਮਯਾਬ ਇਨਸਾਨ ਦਾ ਵਰਣਨ ਕਿਵੇਂ ਕਰਦੀ ਹੈ?
ਕਾਮਯਾਬੀ—ਇਹ ਸ਼ਬਦ ਤੁਹਾਡੇ ਲਈ ਕੀ ਮਤਲਬ ਰੱਖਦਾ ਹੈ? “ਮੇਰੀ ਮੰਜ਼ਲ ਕਾਰੋਬਾਰ ਵਿਚ ਕਾਮਯਾਬੀ ਹੈ,” ਇਕ ਨੌਜਵਾਨ ਨੇ ਕਿਹਾ। ਇਕ ਨੌਜਵਾਨ ਕੁੜੀ ਨੇ ਕਿਹਾ: “ਇਕ ਸੁਖੀ ਪਰਿਵਾਰ ਹੋਣਾ ਹੀ ਮੇਰਾ ਸੁਪਨਾ ਹੈ।” ਪਰ ਇਕ ਹੋਰ ਨੌਜਵਾਨ ਕੁੜੀ ਕਹਿੰਦੀ ਹੈ: “ਮੇਰਾ ਸੁਪਨਾ ਹੈ ਕਿ ਮੇਰੇ ਕੋਲ ਇਕ ਸੋਹਣਾ ਫਲੈਟ ਹੋਵੇ, ਇਕ ਸੋਹਣੀ ਕਾਰ ਹੋਵੇ . . . ਮੈਨੂੰ ਬਸ ਆਪਣੀ ਫ਼ਿਕਰ ਹੈ।” ਸਮੱਸਿਆ ਇਹ ਹੈ ਕਿ ਨਾ ਤਾਂ ਪੈਸਾ, ਨਾ ਪਰਿਵਾਰ, ਨਾ ਹੀ ਕੋਈ ਵੱਡਾ ਕਾਰੋਬਾਰ ਅਸਲੀ ਕਾਮਯਾਬੀ ਦਾ ਪੈਮਾਨਾ ਹੈ। ਜ਼ਬੂਰ 1:1-3 ਵਿਚ ਅਸੀਂ ਪੜ੍ਹਦੇ ਹਾਂ: “ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ . . . ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ . . . ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।”
2. ਅਸਲੀ ਕਾਮਯਾਬੀ ਕਿਸ ਚੀਜ਼ ਤੋਂ ਮਿਲ ਸਕਦੀ ਹੈ ਅਤੇ ਇਸ ਨੂੰ ਹਾਸਲ ਕਰਨ ਦਾ ਇੱਕੋ-ਇਕ ਤਰੀਕਾ ਕਿਹੜਾ ਹੈ?
2 ਇੱਥੇ ਬਾਈਬਲ ਉਹ ਚੀਜ਼ ਪੇਸ਼ ਕਰਦੀ ਹੈ ਜੋ ਕੋਈ ਇਨਸਾਨ ਨਹੀਂ ਦੇ ਸਕਦਾ—ਅਸਲੀ ਕਾਮਯਾਬੀ! ਪਰ ਇਹ ਆਰਥਿਕ ਲਾਭ ਦੀ ਗੱਲ ਨਹੀਂ ਕਰ ਰਹੀ। ਬਾਈਬਲ ਆਪ ਚੇਤਾਵਨੀ ਦਿੰਦੀ ਹੈ: “ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ।” (1 ਤਿਮੋਥਿਉਸ 6:10) ਅਸਲੀ ਕਾਮਯਾਬੀ ਯਹੋਵਾਹ ਨੂੰ ਖ਼ੁਸ਼ ਕਰਨ ਨਾਲ ਮਿਲਦੀ ਹੈ ਅਤੇ ਇਸ ਵਿਚ ਉਸ ਦੀ ਬਿਵਸਥਾ ਉੱਤੇ ਚੱਲਣਾ ਵੀ ਸ਼ਾਮਲ ਹੈ। ਸਿਰਫ਼ ਇਹੀ ਸੱਚੀ ਸੰਤੁਸ਼ਟੀ ਅਤੇ ਖ਼ੁਸ਼ੀ ਦੇ ਸਕਦਾ ਹੈ! ਸ਼ਾਇਦ ਯਹੋਵਾਹ ਦੀ ਬਿਵਸਥਾ ਦੇ ਅਧੀਨ ਹੋਣ ਅਤੇ ਉਸ ਦੇ ਕਹੇ ਅਨੁਸਾਰ ਚੱਲਣ ਦਾ ਵਿਚਾਰ ਤੁਹਾਨੂੰ ਚੰਗਾ ਨਾ ਲੱਗੇ। ਪਰ ਯਿਸੂ ਨੇ ਕਿਹਾ ਸੀ: “ਖ਼ੁਸ਼ ਹਨ ਉਹ ਜੋ ਆਪਣੀ ਅਧਿਆਤਮਿਕ ਲੋੜ ਦੇ ਪ੍ਰਤੀ ਸਚੇਤ ਹਨ।” (ਮੱਤੀ 5:3, ਨਿ ਵ) ਚਾਹੇ ਤੁਹਾਨੂੰ ਇਸ ਦਾ ਅਹਿਸਾਸ ਹੋਵੇ ਜਾਂ ਨਾ ਹੋਵੇ, ਪਰ ਤੁਹਾਨੂੰ ਅਧਿਆਤਮਿਕ ਲੋੜਾਂ—ਜਿਨ੍ਹਾਂ ਵਿਚ ਪਰਮੇਸ਼ੁਰ ਨੂੰ ਜਾਣਨ ਅਤੇ ਉਸ ਦੇ ਮਕਸਦਾਂ ਨੂੰ ਸਮਝਣ ਦੀ ਗਹਿਰੀ ਇੱਛਾ ਸ਼ਾਮਲ ਹੈ—ਨਾਲ ਸ੍ਰਿਸ਼ਟ ਕੀਤਾ ਗਿਆ ਸੀ। ਇਸ ਲਈ ਤੁਸੀਂ ਸਿਰਫ਼ ਉਦੋਂ ਸੱਚੀ ਖ਼ੁਸ਼ੀ ਦਾ ਆਨੰਦ ਮਾਣ ਸਕਦੇ ਹੋ ਜਦੋਂ ਤੁਸੀਂ ਇਨ੍ਹਾਂ ਲੋੜਾਂ ਨੂੰ ਪੂਰਾ ਕਰੋਗੇ ਅਤੇ “ਯਹੋਵਾਹ ਦੀ ਬਿਵਸਥਾ” ਉੱਤੇ ਚੱਲੋਗੇ।
ਸਾਨੂੰ ਪਰਮੇਸ਼ੁਰ ਦੀ ਬਿਵਸਥਾ ਦੀ ਕਿਉਂ ਲੋੜ ਹੈ
3. ਸਾਨੂੰ ਕਿਉਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਨੂੰ ‘ਸਾਡੇ ਕਦਮਾਂ ਨੂੰ ਕਾਇਮ ਕਰਨ’ ਦੇਣਾ ਚਾਹੀਦਾ ਹੈ?
3 ਯਿਰਮਿਯਾਹ ਨਬੀ ਨੇ ਲਿਖਿਆ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਇਹ ਸਾਰੇ ਇਨਸਾਨਾਂ ਬਾਰੇ ਸੱਚ ਹੈ, ਭਾਵੇਂ ਉਹ ਜਵਾਨ ਹੋਣ ਜਾਂ ਬੁੱਢੇ। ਆਪਣੇ ਕਦਮਾਂ ਨੂੰ ਕਾਇਮ ਕਰਨ ਲਈ ਨਾ ਸਿਰਫ਼ ਸਾਡੇ ਕੋਲ ਬੁੱਧੀ, ਤਜਰਬੇ ਅਤੇ ਗਿਆਨ ਦੀ ਘਾਟ ਹੈ, ਬਲਕਿ ਸਾਡੇ ਕੋਲ ਆਪਣੇ ਕਦਮਾਂ ਨੂੰ ਖ਼ੁਦ ਕਾਇਮ ਕਰਨ ਦਾ ਅਧਿਕਾਰ ਵੀ ਨਹੀਂ ਹੈ। ਪਰਕਾਸ਼ ਦੀ ਪੋਥੀ 4:11 ਵਿਚ ਬਾਈਬਲ ਕਹਿੰਦੀ ਹੈ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ।” ਸਾਡਾ ਸ੍ਰਿਸ਼ਟੀਕਰਤਾ ਹੋਣ ਦੇ ਕਰਕੇ ਯਹੋਵਾਹ “ਜੀਉਣ ਦਾ ਚਸ਼ਮਾ” ਹੈ। (ਜ਼ਬੂਰ 36:9) ਇਸ ਲਈ ਉਹ ਸਾਰੇ ਇਨਸਾਨਾਂ ਤੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਨੂੰ ਆਪਣੀਆਂ ਜ਼ਿੰਦਗੀਆਂ ਨੂੰ ਕਿਵੇਂ ਜੀਉਣਾ ਚਾਹੀਦਾ ਹੈ। ਇਸ ਲਈ ਉਸ ਨੇ ਨਿਯਮ ਬਣਾਏ, ਸਾਡੀ ਖ਼ੁਸ਼ੀ ਖੋਹਣ ਲਈ ਨਹੀਂ, ਬਲਕਿ ਸਾਡੇ ਲਾਭ ਲਈ। (ਯਸਾਯਾਹ 48:17) ਪਰਮੇਸ਼ੁਰ ਦੀ ਬਿਵਸਥਾ ਨੂੰ ਨਜ਼ਰਅੰਦਾਜ਼ ਕਰ ਕੇ ਤੁਸੀਂ ਕਦੀ ਵੀ ਕਾਮਯਾਬ ਨਹੀਂ ਹੋਵੋਗੇ।
4. ਇੰਨੇ ਸਾਰੇ ਨੌਜਵਾਨ ਕਿਉਂ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਰਹੇ ਹਨ?
4 ਉਦਾਹਰਣ ਲਈ, ਕੀ ਤੁਸੀਂ ਕਦੀ ਇਹ ਸੋਚਿਆ ਹੈ ਕਿ ਕਿਉਂ ਇੰਨੇ ਸਾਰੇ ਨੌਜਵਾਨ ਨਸ਼ੀਲੀਆਂ ਦਵਾਈਆਂ, ਬਦਚਲਣੀ ਅਤੇ ਦੂਸਰੀਆਂ ਬੁਰੀਆਂ ਆਦਤਾਂ ਨਾਲ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਰਹੇ ਹਨ? ਜ਼ਬੂਰ 36:1, 2 ਸਮਝਾਉਂਦਾ ਹੈ: “ਮੇਰੇ ਮਨ ਦੇ ਅੰਦਰ ਦੁਸ਼ਟ ਦੇ ਅਪਰਾਧ ਦਾ ਵਾਕ, ਉਹ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਭੈ ਹੈ ਹੀ ਨਹੀਂ, ਕਿਉਂ ਜੋ ਉਹ ਆਪਣੀਆਂ ਅੱਖੀਆਂ ਵਿੱਚ ਆਪਣੇ ਆਪ ਨੂੰ ਫੁਸਲਾਉਂਦਾ ਹੈ ਭਈ ਮੇਰੀ ਬਦੀ ਭਾਲੀ ਨਾ ਜਾਵੇਗੀ, ਨਾ ਘਿਣਾਉਣੀ ਸਮਝੀ ਜਾਵੇਗੀ।” ਕਿਉਂਕਿ ਉਨ੍ਹਾਂ ਵਿਚ “ਪਰਮੇਸ਼ੁਰ ਦਾ” ਗੁਣਕਾਰੀ “ਭੈ” ਨਹੀਂ ਹੈ, ਇਸ ਲਈ ਬਹੁਤ ਸਾਰੇ ਨੌਜਵਾਨ ਇਹ ਵਿਸ਼ਵਾਸ ਕਰ ਕੇ ਆਪਣੇ ਆਪ ਨੂੰ ਧੋਖਾ ਦਿੰਦੇ ਹਨ ਕਿ ਉਨ੍ਹਾਂ ਦੇ ਖ਼ਤਰਨਾਕ ਰਵੱਈਏ ਦਾ ਕੋਈ ਬੁਰਾ ਨਤੀਜਾ ਨਹੀਂ ਨਿਕਲੇਗਾ। ਪਰ ਅਖ਼ੀਰ ਉਨ੍ਹਾਂ ਨੂੰ ਇਸ ਅਟੱਲ ਸਿਧਾਂਤ ਦਾ ਸਾਮ੍ਹਣਾ ਕਰਨਾ ਹੀ ਪੈਂਦਾ ਹੈ: “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ। ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਬਿਨਾਸ ਨੂੰ ਵੱਢੇਗਾ ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ।”—ਗਲਾਤੀਆਂ 6:7, 8.
‘ਦਿਨ ਗਿਣਨੇ’
5, 6. (ੳ) ਨੌਜਵਾਨਾਂ ਨੂੰ ਕਿਉਂ ‘ਆਪਣੇ ਦਿਨ ਗਿਣਨੇ’ ਚਾਹੀਦੇ ਹਨ ਅਤੇ ਇਸ ਤਰ੍ਹਾਂ ਕਰਨ ਦਾ ਕੀ ਮਤਲਬ ਹੈ? (ਅ) ‘ਆਪਣੇ ਕਰਤਾਰ ਨੂੰ ਚੇਤੇ ਰੱਖਣ’ ਦਾ ਕੀ ਮਤਲਬ ਹੈ?
5 ਤੁਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਕਾਮਯਾਬ ਬਣਾ ਸਕਦੇ ਹੋ ਅਤੇ ‘ਸਦੀਪਕ ਜੀਵਨ ਨੂੰ ਵੱਢ’ ਸਕਦੇ ਹੋ? ਮੂਸਾ ਨੇ ਲਿਖਿਆ: “ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ, . . . ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।” (ਜ਼ਬੂਰ 90:10) ਤੁਸੀਂ ਸ਼ਾਇਦ ਹੀ ਕਦੀ ਮਰਨ ਬਾਰੇ ਸੋਚੋ। ਅਸਲ ਵਿਚ ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਵਰਤਾਉ ਕਰਦੇ ਹਨ ਜਿਵੇਂ ਉਹ ਨਾਸ਼ ਹੋ ਹੀ ਨਹੀਂ ਸਕਦੇ। ਪਰ ਮੂਸਾ ਇਕ ਦੁਖਦਾਈ ਹਕੀਕਤ ਨੂੰ ਸਾਡੇ ਸਾਮ੍ਹਣੇ ਲਿਆਉਂਦਾ ਹੈ ਕਿ ਜ਼ਿੰਦਗੀ ਬਹੁਤ ਛੋਟੀ ਹੈ। ਇਸ ਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਅਸੀਂ 70 ਜਾਂ 80 ਸਾਲ ਦੀ ਉਮਰ ਤਕ ਜੀਉਂਦੇ ਰਹਾਂਗੇ। “ਸਮਾਂ ਅਤੇ ਅਣਚਿਤਵੀ ਘਟਨਾ” ਕਾਰਨ ਜਵਾਨ ਅਤੇ ਤੰਦਰੁਸਤ ਲੋਕ ਵੀ ਮਰ ਸਕਦੇ ਹਨ। (ਉਪਦੇਸ਼ਕ ਦੀ ਪੋਥੀ 9:11, ਨਿ ਵ) ਫਿਰ ਤੁਸੀਂ ਆਪਣੀ ਅਣਮੋਲ ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਓਗੇ ਜਿਸ ਦਾ ਤੁਸੀਂ ਹੁਣ ਆਨੰਦ ਮਾਣਦੇ ਹੋ? ਮੂਸਾ ਨੇ ਪ੍ਰਾਰਥਨਾ ਕੀਤੀ: “ਸਾਨੂੰ ਸਾਡੇ ਦਿਨ ਗਿਣਨ ਐਉਂ ਸਿਖਲਾ, ਭਈ ਅਸੀਂ ਹਿਕਮਤ ਵਾਲਾ ਮਨ ਪਰਾਪਤ ਕਰੀਏ।”—ਜ਼ਬੂਰ 90:12.
6 ਆਪਣੇ ਦਿਨ ਗਿਣਨ ਦਾ ਕੀ ਮਤਲਬ ਹੈ? ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਇਹੀ ਸੋਚਦੇ ਰਹੋ ਕਿ ਤੁਸੀਂ ਕਿੰਨਾ ਚਿਰ ਜੀਉਂਦੇ ਰਹੋਗੇ। ਮੂਸਾ ਪ੍ਰਾਰਥਨਾ ਕਰ ਰਿਹਾ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਸਿਖਾਵੇ ਕਿ ਉਨ੍ਹਾਂ ਨੂੰ ਯਹੋਵਾਹ ਨੂੰ ਮਹਿਮਾ ਦੇਣ ਲਈ ਆਪਣੀ ਜ਼ਿੰਦਗੀ ਦੇ ਬਾਕੀ ਦੇ ਦਿਨਾਂ ਨੂੰ ਕਿਵੇਂ ਪ੍ਰਯੋਗ ਕਰਨਾ ਹੈ। ਕੀ ਤੁਸੀਂ ਆਪਣੀ ਜ਼ਿੰਦਗੀ ਦੇ ਦਿਨ ਗਿਣ ਰਹੇ ਹੋ—ਇਹ ਸੋਚ ਕੇ ਕਿ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਹਰ ਦਿਨ ਕੀਮਤੀ ਹੈ? ਬਾਈਬਲ ਨੌਜਵਾਨਾਂ ਨੂੰ ਇਹ ਉਤਸ਼ਾਹ ਦਿੰਦੀ ਹੈ: “ਏਸ ਲਈ ਚਿੰਤਾ ਨੂੰ ਆਪਣੇ ਮਨ ਤੋਂ ਦੂਰ ਕਰ, ਅਤੇ ਬੁਰਿਆਈ ਆਪਣੇ ਸਰੀਰ ਤੋਂ ਕੱਢ ਸੁੱਟ, ਕਿਉਂ ਜੋ ਬਾਲਕਪੁਣਾ ਅਤੇ ਜੁਆਨੀ ਦੋਵੇਂ ਵਿਅਰਥ ਹਨ! ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।” (ਉਪਦੇਸ਼ਕ ਦੀ ਪੋਥੀ 11:10–12:1) ਆਪਣੇ ਕਰਤਾਰ ਨੂੰ ਚੇਤੇ ਰੱਖਣ ਦਾ ਸਿਰਫ਼ ਇਹ ਮਤਲਬ ਨਹੀਂ ਹੈ ਕਿ ਤੁਸੀਂ ਇਹ ਨਾ ਭੁੱਲੋ ਕਿ ਉਹ ਹੋਂਦ ਵਿਚ ਹੈ। ਜਦੋਂ ਇਕ ਅਪਰਾਧੀ ਨੇ ਯਿਸੂ ਨੂੰ ਮਿੰਨਤ ਕੀਤੀ ਸੀ, “ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ,” ਤਾਂ ਉਹ ਇਹ ਨਹੀਂ ਚਾਹੁੰਦਾ ਸੀ ਕਿ ਯਿਸੂ ਸਿਰਫ਼ ਉਸ ਦੇ ਨਾਂ ਨੂੰ ਹੀ ਚੇਤੇ ਕਰੇ। ਉਹ ਚਾਹੁੰਦਾ ਸੀ ਕਿ ਯਿਸੂ ਉਸ ਲਈ ਕੁਝ ਕਰੇ ਅਤੇ ਉਸ ਨੂੰ ਪੁਨਰ-ਉਥਿਤ ਕਰੇ! (ਲੂਕਾ 23:42. ਉਤਪਤ 40:14, 23; ਅੱਯੂਬ 14:13 ਦੀ ਤੁਲਨਾ ਕਰੋ।) ਇਸੇ ਤਰ੍ਹਾਂ, ਯਹੋਵਾਹ ਨੂੰ ਚੇਤੇ ਰੱਖਣ ਦਾ ਮਤਲਬ ਹੈ ਉਹ ਕੰਮ ਕਰਨੇ ਜੋ ਉਸ ਨੂੰ ਖ਼ੁਸ਼ ਕਰਦੇ ਹਨ। ਕੀ ਇਹ ਕਿਹਾ ਜਾ ਸਕਦਾ ਹੈ ਕਿ ਤੁਸੀਂ ਯਹੋਵਾਹ ਨੂੰ ਚੇਤੇ ਰੱਖ ਰਹੇ ਹੋ?
ਦੁਸ਼ਟਾਂ ਨਾਲ ਈਰਖਾ ਨਾ ਕਰੋ
7. ਕੁਝ ਨੌਜਵਾਨ ਆਪਣੇ ਕਰਤਾਰ ਨੂੰ ਕਿਉਂ ਭੁੱਲ ਜਾਂਦੇ ਹਨ? ਇਕ ਉਦਾਹਰਣ ਦਿਓ।
7 ਬਹੁਤ ਸਾਰੇ ਨੌਜਵਾਨ ਯਹੋਵਾਹ ਨੂੰ ਭੁੱਲ ਜਾਂਦੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਇਕ ਗਵਾਹ ਬਣਨ ਤੇ ਬਹੁਤ ਸਾਰੀਆਂ ਪਾਬੰਦੀਆਂ ਲੱਗਦੀਆਂ ਹਨ। ਸਪੇਨ ਦਾ ਇਕ ਭਰਾ ਯਾਦ ਕਰਦਾ ਹੈ ਕਿ ਜਦੋਂ ਉਹ ਇਕ ਕਿਸ਼ੋਰ ਸੀ ਤਾਂ ਉਹ ਕਿਵੇਂ ਮਹਿਸੂਸ ਕਰਦਾ ਸੀ: “ਮੈਂ ਦੁਨੀਆਂ ਵੱਲ ਖਿੱਚਿਆ ਗਿਆ ਕਿਉਂਕਿ ਸੱਚਾਈ ਦਾ ਰਾਹ ਮੈਨੂੰ ਬਹੁਤ ਮੁਸ਼ਕਲ ਤੇ ਤੰਗ ਲੱਗ ਰਿਹਾ ਸੀ। ਸੱਚਾਈ ਤੇ ਚੱਲਣ ਦਾ ਮਤਲਬ ਸੀ ਬਹਿ ਕੇ ਅਧਿਐਨ ਕਰਨਾ, ਸਭਾਵਾਂ ਵਿਚ ਜਾਣਾ, ਟਾਈ ਬੰਨ੍ਹਣੀ, ਤੇ ਇਹ ਚੀਜ਼ਾਂ ਮੈਨੂੰ ਬਿਲਕੁਲ ਪਸੰਦ ਨਹੀਂ ਸਨ।” ਕੀ ਤੁਸੀਂ ਕਦੀ-ਕਦੀ ਮਹਿਸੂਸ ਕਰਦੇ ਹੋ ਕਿ ਤੁਸੀਂ ਜੀਵਨ ਦਾ ਆਨੰਦ ਨਹੀਂ ਮਾਣ ਰਹੇ ਕਿਉਂਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਕਰ ਰਹੇ ਹੋ? ਸ਼ਾਇਦ ਤੁਸੀਂ ਇਹ ਜਾਣ ਕੇ ਹੈਰਾਨ ਹੋਵੋ ਕਿ ਬਾਈਬਲ ਦੇ ਇਕ ਲਿਖਾਰੀ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ। ਕਿਰਪਾ ਕਰ ਕੇ ਆਪਣੀ ਬਾਈਬਲ ਖੋਲ੍ਹੋ ਅਤੇ ਜ਼ਬੂਰ 73 ਪੜ੍ਹੋ।
8. ਆਸਾਫ਼ ਨੇ ਕਿਉਂ “ਹੰਕਾਰੀਆਂ ਦੇ ਉੱਤੇ ਖੁਣਸ ਕੀਤੀ” ਸੀ?
8 ਆਓ ਅਸੀਂ ਵਿਸਤਾਰ ਨਾਲ ਇਸ ਜ਼ਬੂਰ ਦੀ ਜਾਂਚ ਕਰੀਏ। ਆਇਤਾਂ 2 ਅਤੇ 3 ਕਹਿੰਦੀਆਂ ਹਨ: “ਮੈਂ ਜੋ ਹਾਂ, ਮੇਰੇ ਪੈਰ ਫਿਸਲਣ, ਅਤੇ ਮੇਰੇ ਕਦਮ ਤਿਲਕਣ ਲੱਗੇ ਸਨ। ਜਦ ਮੈਂ ਦੁਸ਼ਟਾਂ ਦਾ ਸੁਲੱਖਪੁਣਾ ਡਿੱਠਾ, ਤਾਂ ਮੈਂ ਉਨ੍ਹਾਂ ਹੰਕਾਰੀਆਂ ਦੇ ਉੱਤੇ ਖੁਣਸ ਕੀਤੀ ਸੀ।” ਇਸ ਜ਼ਬੂਰ ਦੇ ਆਰੰਭਕ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਇਹ ਜ਼ਬੂਰ ਆਸਾਫ਼ ਨੇ ਲਿਖਿਆ ਸੀ। ਉਹ ਇਕ ਲੇਵੀ ਸੰਗੀਤਕਾਰ ਸੀ ਅਤੇ ਰਾਜਾ ਦਾਊਦ ਦੇ ਸਮੇਂ ਵਿਚ ਰਹਿੰਦਾ ਸੀ। (1 ਇਤਹਾਸ 25:1, 2; 2 ਇਤਹਾਸ 29:30) ਭਾਵੇਂ ਉਸ ਕੋਲ ਪਰਮੇਸ਼ੁਰ ਦੀ ਹੈਕਲ ਵਿਚ ਸੇਵਾ ਕਰਨ ਦਾ ਵਿਸ਼ੇਸ਼-ਸਨਮਾਨ ਸੀ, ਪਰ ਉਹ ਉਨ੍ਹਾਂ ਲੋਕਾਂ ਨਾਲ “ਖੁਣਸ” ਕਰਨ ਲੱਗ ਪਿਆ ਜਿਹੜੇ ਆਪਣੀਆਂ ਬੁਰਾਈਆਂ ਤੇ ਸ਼ੇਖੀ ਮਾਰਦੇ ਸਨ। ਉਹ ਬੜੇ ਆਰਾਮ ਵਿਚ ਦਿੱਸਦੇ ਸਨ; ਸਪੱਸ਼ਟ ਤੌਰ ਤੇ ਉਹ ਸ਼ਾਂਤੀ ਅਤੇ ਸੁਰੱਖਿਆ ਮਾਣਦੇ ਸਨ। ਅਸਲ ਵਿਚ ਇੰਜ ਲੱਗਦਾ ਸੀ ਕਿ ਉਨ੍ਹਾਂ ਦੀ ਕਾਮਯਾਬੀ ‘ਉਨ੍ਹਾਂ ਦੇ ਮਨ ਦੇ ਵਿਚਾਰਾਂ’ ਨਾਲੋਂ ਵੀ ਕਿਤੇ ਵੱਧ ਸੀ। (ਆਇਤਾਂ 5, 7) ਉਹ ਆਪਣੇ ਕਾਰਿਆਂ ਬਾਰੇ “ਹੰਕਾਰ ਨਾਲ” ਗੱਲ ਕਰਦੇ ਸਨ। (ਆਇਤ 8) “ਉਨ੍ਹਾਂ ਨੇ ਆਪਣਾ ਮੂੰਹ ਅਕਾਸ਼ ਵਿੱਚ ਧਰਿਆ, ਪਰ ਉਨ੍ਹਾਂ ਦੀ ਜੀਭ ਧਰਤੀ ਉੱਤੇ ਫਿਰਦੀ” ਹੋਈ ਨਾ ਸਵਰਗ ਵਿਚ ਤੇ ਨਾ ਧਰਤੀ ਉੱਤੇ ਕਿਸੇ ਲਈ ਆਦਰ ਦਿਖਾਉਂਦੀ ਸੀ।—ਆਇਤ 9.
9. ਅੱਜ ਕੁਝ ਮਸੀਹੀ ਨੌਜਵਾਨ ਕਿਵੇਂ ਆਸਾਫ਼ ਵਾਂਗ ਮਹਿਸੂਸ ਕਰ ਸਕਦੇ ਹਨ?
9 ਸ਼ਾਇਦ ਸਕੂਲ ਵਿਚ ਤੁਹਾਡੇ ਹਾਣੀਆਂ ਬਾਰੇ ਵੀ ਇਹੋ ਕਿਹਾ ਜਾ ਸਕਦਾ ਹੈ। ਤੁਸੀਂ ਸ਼ਾਇਦ ਉਨ੍ਹਾਂ ਨੂੰ ਆਪਣੀਆਂ ਅਨੈਤਿਕ ਕਰਤੂਤਾਂ, ਬੇਕਾਬੂ ਪਾਰਟੀਆਂ ਅਤੇ ਸ਼ਰਾਬ ਪੀਣ ਤੇ ਨਸ਼ਿਆਂ ਦੀ ਵਰਤੋਂ ਕਰਨ ਉੱਤੇ ਸ਼ੇਖੀ ਮਾਰਦੇ ਹੋਏ ਸੁਣੋ। ਜਦੋਂ ਤੁਸੀਂ ਉਨ੍ਹਾਂ ਦੇ ਮੌਜ-ਮਸਤੀ ਭਰੇ ਜੀਵਨ ਦੀ ਤੁਲਨਾ ਉਸ ਭੀੜੇ ਰਾਹ ਨਾਲ ਕਰਦੇ ਹੋ ਜਿਸ ਉੱਤੇ ਤੁਹਾਨੂੰ ਇਕ ਮਸੀਹੀ ਹੋਣ ਦੇ ਨਾਤੇ ਚੱਲਣਾ ਪੈਂਦਾ ਹੈ, ਤਾਂ ਤੁਸੀਂ ਕਦੀ-ਕਦੀ ਸ਼ਾਇਦ “ਹੰਕਾਰੀਆਂ ਦੇ ਉੱਤੇ ਖੁਣਸ” ਕਰੋ। (ਮੱਤੀ 7:13, 14) ਆਸਾਫ਼ ਇਸ ਹੱਦ ਤਕ ਖੁਣਸ ਕਰਨ ਲੱਗ ਪਿਆ ਸੀ ਕਿ ਉਸ ਨੇ ਦੁਹਾਈ ਦਿੱਤੀ: “ਸੱਚ ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ, ਕਿਉਂ ਜੋ ਸਾਰਾ ਦਿਨ ਮੈਂ ਮਾਰ ਖਾਂਦਾ ਰਿਹਾ।” (ਆਇਤਾਂ 13, 14) ਜੀ ਹਾਂ, ਉਸ ਨੇ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਇਕ ਧਰਮੀ ਜੀਵਨ ਜੀਉਣ ਉੱਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ।
10, 11. (ੳ) ਕਿਸ ਕਾਰਨ ਕਰਕੇ ਆਸਾਫ਼ ਦਾ ਵਿਚਾਰ ਬਦਲਿਆ? (ਅ) ਦੁਸ਼ਟ ਲੋਕ “ਤਿਲਕਣਿਆਂ ਥਾਂਵਾਂ ਵਿੱਚ” ਕਿਵੇਂ ਹਨ? ਇਕ ਉਦਾਹਰਣ ਦਿਓ।
10 ਖ਼ੁਸ਼ੀ ਦੀ ਗੱਲ ਹੈ ਕਿ ਆਸਾਫ਼ ਜ਼ਿਆਦਾ ਦੇਰ ਤਕ ਨਿਰਾਸ਼ਾ ਵਿਚ ਡੁੱਬਿਆ ਨਹੀਂ ਰਿਹਾ। ਉਸ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਦੁਸ਼ਟਾਂ ਦੀ ਸ਼ਾਂਤੀ ਸਿਰਫ਼ ਇਕ ਭੁਲਾਵਾ ਸੀ ਅਤੇ ਥੋੜ੍ਹੇ ਚਿਰ ਲਈ ਸੀ! ਉਸ ਨੇ ਜੋਸ਼ ਨਾਲ ਕਿਹਾ: “ਸੱਚ ਮੁੱਚ ਤੂੰ ਉਨ੍ਹਾਂ ਨੂੰ ਤਿਲਕਣਿਆਂ ਥਾਂਵਾਂ ਵਿੱਚ ਰੱਖਦਾ ਹੈਂ, ਅਤੇ ਤੂੰ ਉਨ੍ਹਾਂ ਨੂੰ ਬਰਬਾਦੀ ਵਿੱਚ ਸੁੱਟ ਦਿੰਦਾ ਹੈਂ! ਓਹ ਛਿੰਨ ਮਾਤ੍ਰ ਵਿੱਚ ਕਿਹੋ ਜਿਹੇ ਉੱਜੜ ਗਏ! ਓਹ ਮੁੱਕ ਗਏ, ਓਹ ਭੈਜਲ ਨਾਲ ਮਿਟ ਗਏ ਹਨ!” (ਆਇਤਾਂ 18, 19) ਤੁਹਾਡੇ ਬਹੁਤ ਸਾਰੇ ਦੋਸਤ ਵੀ “ਤਿਲਕਣਿਆਂ ਥਾਂਵਾਂ” ਤੇ ਖੜ੍ਹੇ ਹਨ। ਦੇਰ-ਸਵੇਰ ਉਨ੍ਹਾਂ ਨੂੰ ਆਪਣੇ ਗ਼ਲਤ ਕੰਮਾਂ ਦਾ ਨਤੀਜਾ ਭੁਗਤਣਾ ਹੀ ਪਵੇਗਾ, ਸ਼ਾਇਦ ਉਹ ਨਾ ਚਾਹੁੰਦੇ ਹੋਏ ਵੀ ਗਰਭਵਤੀ ਹੋ ਜਾਣ ਜਾਂ ਉਨ੍ਹਾਂ ਨੂੰ ਕੋਈ ਜਿਨਸੀ ਬੀਮਾਰੀ ਲੱਗ ਜਾਵੇ, ਜਾਂ ਉਨ੍ਹਾਂ ਨੂੰ ਜੇਲ੍ਹ ਹੋ ਜਾਵੇ ਜਾਂ ਉਨ੍ਹਾਂ ਦੀ ਮੌਤ ਹੋ ਜਾਵੇ! ਇਸ ਤੋਂ ਵੀ ਬੁਰਾ ਇਹ ਹੁੰਦਾ ਹੈ ਕਿ ਉਹ ਪਰਮੇਸ਼ੁਰ ਤੋਂ ਦੂਰ ਹੋ ਜਾਂਦੇ ਹਨ।—ਯਾਕੂਬ 4:4.
11 ਸਪੇਨ ਵਿਚ ਇਕ ਨੌਜਵਾਨ ਗਵਾਹ ਨੇ ਆਪ ਇਸ ਸੱਚਾਈ ਨੂੰ ਅਨੁਭਵ ਕੀਤਾ। ਕਿਸ਼ੋਰ-ਅਵਸਥਾ ਵਿਚ ਉਹ ਦੋਹਰੀ ਜ਼ਿੰਦਗੀ ਜੀਉਂਦੀ ਸੀ ਅਤੇ ਗ਼ਲਤ ਰਾਹ ਤੇ ਚੱਲਣ ਵਾਲੇ ਨੌਜਵਾਨਾਂ ਦੀ ਬੁਰੀ ਸੰਗਤ ਵਿਚ ਪੈ ਗਈ। ਜਲਦੀ ਹੀ, ਉਹ ਉਨ੍ਹਾਂ ਵਿੱਚੋਂ ਇਕ ਨੌਜਵਾਨ—ਜੋ ਨਸ਼ਿਆਂ ਦਾ ਆਦੀ ਸੀ—ਨਾਲ ਪਿਆਰ ਕਰਨ ਲੱਗ ਪਈ। ਭਾਵੇਂ ਉਹ ਖ਼ੁਦ ਨਸ਼ੀਲੀਆਂ ਦਵਾਈਆਂ ਨਹੀਂ ਲੈਂਦੀ ਸੀ, ਪਰ ਉਹ ਉਸ ਨੂੰ ਇਹ ਖ਼ਰੀਦ ਕੇ ਦਿੰਦੀ ਸੀ। “ਮੈਂ ਸੂਈ ਚੁਭੋਣ ਵਿਚ ਵੀ ਉਸ ਦੀ ਮਦਦ ਕੀਤੀ,” ਉਹ ਸਵੀਕਾਰ ਕਰਦੀ ਹੈ। ਖ਼ੁਸ਼ੀ ਦੀ ਗੱਲ ਹੈ ਕਿ ਉਸ ਭੈਣ ਨੂੰ ਸੁਰਤ ਵਿਚ ਲਿਆਂਦਾ ਗਿਆ ਅਤੇ ਅਧਿਆਤਮਿਕ ਤੌਰ ਤੇ ਮੁੜ ਤੰਦਰੁਸਤ ਕੀਤਾ ਗਿਆ। ਪਰ ਉਸ ਨੂੰ ਕੁਝ ਸਮੇਂ ਬਾਅਦ ਇਹ ਜਾਣ ਕੇ ਕਿੰਨਾ ਸਦਮਾ ਲੱਗਾ ਕਿ ਉਹ ਨਸ਼ਈ ਨੌਜਵਾਨ ਜਿਸ ਨੂੰ ਉਹ ਪਿਆਰ ਕਰਦੀ ਸੀ ਏਡਜ਼ ਨਾਲ ਮਰ ਗਿਆ। ਜੀ ਹਾਂ, ਠੀਕ ਜਿਵੇਂ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ, ਇਹ ਕੁਧਰਮੀ ਲੋਕ “ਤਿਲਕਣਿਆਂ ਥਾਂਵਾਂ ਵਿੱਚ” ਹਨ। ਕੁਝ ਸ਼ਾਇਦ ਆਪਣੇ ਅਨੈਤਿਕ ਜੀਵਨ-ਢੰਗ ਕਰਕੇ ਅਚਾਨਕ ਮਰ ਜਾਣ। ਦੂਸਰੇ ਲੋਕ ਜੇ ਆਪਣੇ ਤੌਰ-ਤਰੀਕੇ ਨਹੀਂ ਬਦਲਦੇ ਹਨ, ਤਾਂ ਉਹ ਨੇੜਲੇ ਭਵਿੱਖ ਵਿਚ ਨਾਸ਼ ਕੀਤੇ ਜਾਣਗੇ ਜਦੋਂ ‘ਪ੍ਰਭੁ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਅਕਾਸ਼ੋਂ ਪਰਗਟ ਹੋਵੇਗਾ ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ।’—2 ਥੱਸਲੁਨੀਕੀਆਂ 1:7, 8.
12. ਜਪਾਨ ਵਿਚ ਇਕ ਨੌਜਵਾਨ ਨੂੰ ਕਿਵੇਂ ਅਹਿਸਾਸ ਹੋਇਆ ਕਿ ਦੁਸ਼ਟਾਂ ਨਾਲ ਈਰਖਾ ਕਰਨੀ ਮੂਰਖਤਾ ਸੀ?
12 ਤਾਂ ਫਿਰ ਉਨ੍ਹਾਂ ਨਾਲ ਈਰਖਾ ਕਰਨੀ ਕਿੰਨੀ ਮੂਰਖਤਾ ਹੈ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ”! ਵਾਕਈ, ਉਨ੍ਹਾਂ ਨਾਲ ਈਰਖਾ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਯਹੋਵਾਹ ਨੂੰ ਜਾਣਦੇ ਹਨ ਅਤੇ ਜਿਨ੍ਹਾਂ ਕੋਲ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਹੈ। ਜਪਾਨ ਵਿਚ ਇਕ ਨੌਜਵਾਨ ਭਰਾ ਨੇ ਇਸ ਗੱਲ ਦਾ ਅਹਿਸਾਸ ਕੀਤਾ। ਕਿਸ਼ੋਰ-ਅਵਸਥਾ ਵਿਚ ਉਹ ਵੀ “ਜ਼ਿਆਦਾ ਆਜ਼ਾਦੀ ਚਾਹੁੰਦਾ ਸੀ।” ਉਹ ਦੱਸਦਾ ਹੈ: “ਮੈਂ ਸੋਚਿਆ ਕਿ ਮੈਂ ਜ਼ਿੰਦਗੀ ਦਾ ਮਜ਼ਾ ਨਹੀਂ ਲੈ ਰਿਹਾ ਸੀ। ਫਿਰ ਮੈਨੂੰ ਅਹਿਸਾਸ ਹੋਇਆ ਕਿ ਸੱਚਾਈ ਤੋਂ ਬਿਨਾਂ ਮੇਰੀ ਜ਼ਿੰਦਗੀ ਕੀ ਹੋਵੇਗੀ। ਮੈਂ 70 ਜਾਂ 80 ਸਾਲ ਦੀ ਉਮਰ ਤਕ ਜੀ ਕੇ ਮਰ ਜਾਂਦਾ। ਪਰ ਯਹੋਵਾਹ ਮੈਨੂੰ ਅਨੰਤ ਜੀਵਨ ਦੀ ਆਸ ਦੇ ਰਿਹਾ ਹੈ! ਇਸ ਅਹਿਸਾਸ ਨੇ ਸੱਚਾਈ ਦੀ ਕਦਰ ਕਰਨ ਵਿਚ ਮੇਰੀ ਮਦਦ ਕੀਤੀ।” ਤਾਂ ਵੀ, ਉਨ੍ਹਾਂ ਲੋਕਾਂ ਨਾਲ ਘਿਰੇ ਹੋਣ ਕਰਕੇ ਜਿਹੜੇ ਪਰਮੇਸ਼ੁਰ ਦੇ ਨਿਯਮਾਂ ਤੇ ਨਹੀਂ ਚੱਲਦੇ ਹਨ, ਵਫ਼ਾਦਾਰ ਰਹਿਣਾ ਆਸਾਨ ਨਹੀਂ ਹੈ। ਇਨ੍ਹਾਂ ਦਬਾਵਾਂ ਦਾ ਵਿਰੋਧ ਕਰਨ ਲਈ ਤੁਸੀਂ ਕਿਹੜੇ ਕੁਝ ਕਦਮ ਚੁੱਕ ਸਕਦੇ ਹੋ?
ਆਪਣੀ ਸੰਗਤੀ ਦਾ ਧਿਆਨ ਰੱਖੋ!
13, 14. ਸੰਗਤੀ ਨੂੰ ਬੜੇ ਧਿਆਨ ਨਾਲ ਚੁਣਨਾ ਕਿਉਂ ਜ਼ਰੂਰੀ ਹੈ?
13 ਆਓ ਅਸੀਂ ਕਾਮਯਾਬ ਇਨਸਾਨ ਦੇ ਵਰਣਨ ਵੱਲ ਦੁਬਾਰਾ ਧਿਆਨ ਦੇਈਏ ਜੋ ਜ਼ਬੂਰ 1:1-3 ਵਿਚ ਦਰਜ ਕੀਤਾ ਗਿਆ ਹੈ: “ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ, ਅਤੇ ਨਾ ਮਖ਼ੋਲੀਆਂ ਦੀ ਜੁੰਡੀ ਵਿੱਚ ਬਹਿੰਦਾ ਹੈ। ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।”
14 ਧਿਆਨ ਦਿਓ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੀ ਸੰਗਤੀ ਇਕ ਵੱਡੀ ਭੂਮਿਕਾ ਅਦਾ ਕਰਦੀ ਹੈ। ਕਹਾਉਤਾਂ 13:20 ਕਹਿੰਦਾ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਨੌਜਵਾਨ ਯਹੋਵਾਹ ਦੇ ਗਵਾਹ ਨਹੀਂ ਹਨ ਉਨ੍ਹਾਂ ਨਾਲ ਤੁਸੀਂ ਰੁੱਖੇ ਜਾਂ ਅੱਖੜ ਢੰਗ ਨਾਲ ਪੇਸ਼ ਆਓ। ਬਾਈਬਲ ਸਾਨੂੰ ਆਪਣੇ ਗੁਆਂਢੀਆਂ ਨਾਲ ਪਿਆਰ ਕਰਨ ਅਤੇ ‘ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖਣ’ ਦੀ ਤਾਕੀਦ ਕਰਦੀ ਹੈ। (ਰੋਮੀਆਂ 12:18; ਮੱਤੀ 22:39) ਪਰ ਜੇ ਤੁਸੀਂ ਬਾਈਬਲ ਦੇ ਮਿਆਰਾਂ ਉੱਤੇ ਨਾ ਚੱਲਣ ਵਾਲੇ ਨੌਜਵਾਨਾਂ ਨਾਲ ਬਹੁਤ ਜ਼ਿਆਦਾ ਸੰਗਤੀ ਕਰੋਗੇ, ਤਾਂ ਤੁਸੀਂ ਵੀ ਉਨ੍ਹਾਂ ਦੀ ‘ਮੱਤ ਉੱਤੇ ਚੱਲਣਾ’ ਸ਼ੁਰੂ ਕਰ ਦਿਓਗੇ।
ਬਾਈਬਲ ਪੜ੍ਹਨ ਦੇ ਫ਼ਾਇਦੇ
15. ਨੌਜਵਾਨ ਬਾਈਬਲ ਪੜ੍ਹਨ ਦੀ ਲੋਚ ਕਿਵੇਂ ਪੈਦਾ ਕਰ ਸਕਦੇ ਹਨ?
15 ਜ਼ਬੂਰਾਂ ਦੇ ਲਿਖਾਰੀ ਨੇ ਇਹ ਵੀ ਦੇਖਿਆ ਕਿ ਕਾਮਯਾਬ ਇਨਸਾਨ “ਦਿਨ ਰਾਤ” ਪਰਮੇਸ਼ੁਰ ਦੀ ਬਿਵਸਥਾ ਪੜ੍ਹਨ ਵਿਚ ਆਨੰਦ ਮਾਣਦਾ ਹੈ। (ਜ਼ਬੂਰ 1:1, 2) ਇਹ ਸੱਚ ਹੈ ਕਿ ਬਾਈਬਲ ਪੜ੍ਹਨੀ ਆਸਾਨ ਨਹੀਂ ਹੈ ਅਤੇ ਇਸ ਦੀਆਂ “ਕਈਆਂ ਗੱਲਾਂ ਦਾ ਸਮਝਣਾ ਔਖਾ ਹੈ।” (2 ਪਤਰਸ 3:16) ਪਰ ਅਸੀਂ ਬਾਈਬਲ ਪਠਨ ਨੂੰ ਮਜ਼ੇਦਾਰ ਬਣਾ ਸਕਦੇ ਹਾਂ। ਪਰਮੇਸ਼ੁਰ ਦੇ ਬਚਨ ਦੇ “ਖਾਲਸ ਦੁੱਧ ਦੀ ਲੋਚ” ਪੈਦਾ ਕਰਨੀ ਸੰਭਵ ਹੈ। (1 ਪਤਰਸ 2:2) ਹਰ ਦਿਨ ਇਸ ਵਿੱਚੋਂ ਥੋੜ੍ਹਾ-ਥੋੜ੍ਹਾ ਪੜ੍ਹਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਕੋਈ ਗੱਲ ਨਹੀਂ ਸਮਝਦੇ, ਤਾਂ ਰਿਸਰਚ ਕਰੋ। ਇਸ ਤੋਂ ਬਾਅਦ ਜੋ ਤੁਸੀਂ ਪੜ੍ਹਿਆ ਹੈ ਉਸ ਬਾਰੇ ਸੋਚੋ। (ਜ਼ਬੂਰ 77:11, 12) ਜੇ ਤੁਹਾਨੂੰ ਧਿਆਨ ਲਗਾਉਣ ਵਿਚ ਮੁਸ਼ਕਲ ਆਉਂਦੀ ਹੈ, ਤਾਂ ਹੌਲੀ ਆਵਾਜ਼ ਵਿਚ ਪੜ੍ਹਨ ਦੀ ਕੋਸ਼ਿਸ਼ ਕਰੋ। ਸਮੇਂ ਦੇ ਬੀਤਣ ਨਾਲ ਤੁਸੀਂ ਬਾਈਬਲ ਪੜ੍ਹਨ ਦਾ ਆਨੰਦ ਮਾਣਨਾ ਸ਼ੁਰੂ ਕਰ ਦਿਓਗੇ। ਬ੍ਰਾਜ਼ੀਲ ਵਿਚ ਇਕ ਨੌਜਵਾਨ ਭੈਣ ਯਾਦ ਕਰਦੀ ਹੈ: “ਮੈਨੂੰ ਲੱਗਦਾ ਸੀ ਜਿਵੇਂ ਯਹੋਵਾਹ ਮੇਰੇ ਤੋਂ ਬਹੁਤ ਦੂਰ ਹੈ। ਪਰ ਕੁਝ ਮਹੀਨਿਆਂ ਤੋਂ ਮੈਂ ਆਪਣੇ ਨਿੱਜੀ ਅਧਿਐਨ ਅਤੇ ਬਾਈਬਲ ਪਠਨ ਵਿਚ ਸੁਧਾਰ ਕਰ ਰਹੀ ਹਾਂ। ਹੁਣ ਮੈਂ ਮਹਿਸੂਸ ਕਰਦੀ ਹਾਂ ਕਿ ਯਹੋਵਾਹ ਨਾਲ ਮੇਰਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ ਹੈ। ਉਹ ਮੇਰੇ ਲਈ ਹੋਰ ਅਸਲੀ ਬਣ ਗਿਆ ਹੈ।”
16. ਅਸੀਂ ਕਲੀਸਿਯਾ ਸਭਾਵਾਂ ਤੋਂ ਕਿਵੇਂ ਜ਼ਿਆਦਾ ਲਾਭ ਪ੍ਰਾਪਤ ਕਰ ਸਕਦੇ ਹਾਂ?
16 ਆਪਣੀ ਅਧਿਆਤਮਿਕ ਤਰੱਕੀ ਲਈ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇ ਤੁਸੀਂ “ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ,” ਤਾਂ ਤੁਸੀਂ ਬਹੁਤ ਉਤਸ਼ਾਹ ਪ੍ਰਾਪਤ ਕਰ ਸਕਦੇ ਹੋ। (ਲੂਕਾ 8:18) ਕੀ ਤੁਸੀਂ ਕਦੀ-ਕਦੀ ਮਹਿਸੂਸ ਕਰਦੇ ਹੋ ਕਿ ਸਭਾਵਾਂ ਦਿਲਚਸਪ ਨਹੀਂ ਹਨ? ਆਪਣੇ ਆਪ ਨੂੰ ਪੁੱਛੋ, ‘ਮੈਂ ਸਭਾਵਾਂ ਨੂੰ ਦਿਲਚਸਪ ਬਣਾਉਣ ਲਈ ਕੀ ਕਰਦਾ ਹਾਂ? ਕੀ ਮੈਂ ਧਿਆਨ ਨਾਲ ਸੁਣਦਾ ਹਾਂ? ਕੀ ਮੈਂ ਤਿਆਰੀ ਕਰਦਾ ਹਾਂ? ਕੀ ਮੈਂ ਟਿੱਪਣੀਆਂ ਦਿੰਦਾ ਹਾਂ?’ ਆਖ਼ਰ ਬਾਈਬਲ ਸਾਨੂੰ ਕਹਿੰਦੀ ਹੈ ਕਿ “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ . . . ਇੱਕ ਦੂਏ ਨੂੰ ਉਪਦੇਸ਼ ਕਰੀਏ।” (ਇਬਰਾਨੀਆਂ 10:24, 25) ਇਸ ਤਰ੍ਹਾਂ ਕਰਨ ਲਈ ਤੁਹਾਨੂੰ ਹਿੱਸਾ ਲੈਣਾ ਪਵੇਗਾ! ਨਿਰਸੰਦੇਹ, ਹਿੱਸਾ ਲੈਣ ਲਈ ਤੁਹਾਨੂੰ ਪਹਿਲਾਂ ਅਧਿਐਨ ਕਰਨਾ ਪਵੇਗਾ। ਇਕ ਜਵਾਨ ਭੈਣ ਸਵੀਕਾਰ ਕਰਦੀ ਹੈ: “ਜਦੋਂ ਤੁਸੀਂ ਤਿਆਰੀ ਕਰਦੇ ਹੋ, ਤਾਂ ਸਭਾਵਾਂ ਵਿਚ ਹਿੱਸਾ ਲੈਣਾ ਆਸਾਨ ਹੁੰਦਾ ਹੈ।”
ਪਰਮੇਸ਼ੁਰ ਦੇ ਰਾਹ ਤੇ ਚੱਲਣ ਨਾਲ ਕਾਮਯਾਬੀ ਮਿਲਦੀ ਹੈ
17. ਬਾਈਬਲ ਨੂੰ ਲਗਨ ਨਾਲ ਪੜ੍ਹਨ ਵਾਲਾ ਵਿਅਕਤੀ ਕਿਵੇਂ “ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ”?
17 ਜ਼ਬੂਰਾਂ ਦਾ ਲਿਖਾਰੀ ਕਾਮਯਾਬ ਇਨਸਾਨ ਬਾਰੇ ਇਹ ਵੀ ਕਹਿੰਦਾ ਹੈ ਕਿ ਉਹ “ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ।” ਪਾਣੀ ਦੀਆਂ ਨਦੀਆਂ ਸ਼ਾਇਦ ਬਾਗ਼ ਵਿਚ ਲੱਗੇ ਫਲਾਂ ਦੇ ਦਰਖ਼ਤਾਂ ਨੂੰ ਸਿੰਜਣ ਲਈ ਕੱਢੀਆਂ ਗਈਆਂ ਆੜਾਂ ਸਨ। (ਯਸਾਯਾਹ 44:4) ਹਰ ਰੋਜ਼ ਬਾਈਬਲ ਪੜ੍ਹਨੀ ਆਹਾਰ ਅਤੇ ਤਾਜ਼ਗੀ ਦੇ ਕਦੀ ਨਾ ਖ਼ਤਮ ਹੋਣ ਵਾਲੇ ਸੋਮੇ ਨਾਲ ਜੁੜੇ ਰਹਿਣ ਵਾਂਗ ਹੈ। (ਯਿਰਮਿਯਾਹ 17:8) ਪਰਤਾਵਿਆਂ ਤੇ ਮੁਸ਼ਕਲਾਂ ਦੇ ਸਾਮ੍ਹਣੇ ਹਿੰਮਤ ਨਾ ਹਾਰਨ ਲਈ ਤੁਸੀਂ ਹਰ ਰੋਜ਼ ਲੋੜੀਂਦੀ ਤਾਕਤ ਪ੍ਰਾਪਤ ਕਰੋਗੇ। ਯਹੋਵਾਹ ਦੇ ਵਿਚਾਰਾਂ ਬਾਰੇ ਸਿੱਖਣ ਨਾਲ ਤੁਸੀਂ ਬੁੱਧੀਮਾਨੀ ਨਾਲ ਫ਼ੈਸਲੇ ਕਰ ਸਕੋਗੇ।
18. ਕਿਹੜੀ ਚੀਜ਼ ਯਹੋਵਾਹ ਦੀ ਸੇਵਾ ਕਰਨ ਵਿਚ ਇਕ ਨੌਜਵਾਨ ਦੀ ਕਾਮਯਾਬੀ ਨੂੰ ਯਕੀਨੀ ਬਣਾ ਸਕਦੀ ਹੈ?
18 ਕਈ ਵਾਰ ਯਹੋਵਾਹ ਦੀ ਸੇਵਾ ਕਰਨੀ ਸ਼ਾਇਦ ਮੁਸ਼ਕਲ ਲੱਗੇ। ਪਰ ਇਹ ਨਾ ਸਮਝੋ ਕਿ ਤੁਸੀਂ ਇਹ ਕਰ ਹੀ ਨਹੀਂ ਸਕਦੇ। (ਬਿਵਸਥਾ ਸਾਰ 30:11) ਬਾਈਬਲ ਤੁਹਾਡੇ ਨਾਲ ਵਾਅਦਾ ਕਰਦੀ ਹੈ ਕਿ ਜਦੋਂ ਤਕ ਤੁਹਾਡਾ ਮੁੱਖ ਉਦੇਸ਼ ਯਹੋਵਾਹ ਨੂੰ ਖ਼ੁਸ਼ ਕਰਨਾ ਅਤੇ ਉਸ ਦੇ ਦਿਲ ਨੂੰ ਆਨੰਦਿਤ ਕਰਨਾ ਹੈ, ਤਦ ਤਕ ‘ਜੋ ਕੁਝ ਤੁਸੀਂ ਕਰੋ ਸੋ’ ਆਖ਼ਰਕਾਰ ‘ਸਫ਼ਲ ਹੋਵੇਗਾ!’ (ਕਹਾਉਤਾਂ 27:11) ਅਤੇ ਯਾਦ ਰੱਖੋ, ਤੁਸੀਂ ਇਕੱਲੇ ਨਹੀਂ ਹੋ। ਤੁਹਾਡੇ ਨਾਲ ਯਹੋਵਾਹ ਅਤੇ ਯਿਸੂ ਮਸੀਹ ਹਨ। (ਮੱਤੀ 28:20; ਇਬਰਾਨੀਆਂ 13:5) ਉਹ ਜਾਣਦੇ ਹਨ ਕਿ ਤੁਸੀਂ ਕਿਹੜੇ ਦਬਾਵਾਂ ਦਾ ਸਾਮ੍ਹਣਾ ਕਰਦੇ ਹੋ ਅਤੇ ਉਹ ਤੁਹਾਨੂੰ ਕਦੀ ਇਕੱਲਾ ਨਹੀਂ ਛੱਡਣਗੇ। (ਜ਼ਬੂਰ 55:22) ਤੁਹਾਡੇ ਨਾਲ “ਭਾਈਆਂ” ਦੀ ਪੂਰੀ ਸੰਗਤ ਹੈ ਅਤੇ ਜੇਕਰ ਤੁਹਾਡੇ ਮਾਪੇ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਹਨ, ਤਾਂ ਉਹ ਵੀ ਤੁਹਾਡੀ ਮਦਦ ਕਰਨਗੇ। (1 ਪਤਰਸ 2:17) ਅਜਿਹੀ ਮਦਦ ਨਾਲ ਅਤੇ ਆਪਣੇ ਦ੍ਰਿੜ੍ਹ ਇਰਾਦੇ ਤੇ ਜਤਨਾਂ ਨਾਲ, ਤੁਸੀਂ ਸਿਰਫ਼ ਹੁਣ ਹੀ ਨਹੀਂ, ਬਲਕਿ ਹਮੇਸ਼ਾ ਲਈ ਇਕ ਕਾਮਯਾਬ ਜ਼ਿੰਦਗੀ ਦਾ ਆਨੰਦ ਮਾਣ ਸਕੋਗੇ!
ਪੁਨਰ-ਵਿਚਾਰ ਲਈ ਸਵਾਲ
◻ ਅਸਲੀ ਕਾਮਯਾਬੀ ਕੀ ਹੈ?
◻ ਇਹ ਕਿਉਂ ਜ਼ਰੂਰੀ ਹੈ ਕਿ ਯਹੋਵਾਹ ਸਾਡੇ ਕਦਮਾਂ ਨੂੰ ਕਾਇਮ ਕਰੇ?
◻ ਨੌਜਵਾਨ ਕਿਵੇਂ ‘ਆਪਣੇ ਦਿਨ ਗਿਣ’ ਸਕਦੇ ਹਨ?
◻ ਦੁਸ਼ਟਾਂ ਨਾਲ ਈਰਖਾ ਕਰਨੀ ਮੂਰਖਤਾ ਕਿਉਂ ਹੈ?
◻ ਹਰ ਰੋਜ਼ ਬਾਈਬਲ ਪੜ੍ਹਨ ਅਤੇ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣ ਨਾਲ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾਉਣ ਵਿਚ ਕਿਵੇਂ ਮਦਦ ਮਿਲ ਸਕਦੀ ਹੈ?
[ਸਫ਼ੇ 20 ਉੱਤੇ ਤਸਵੀਰ]
ਕਿਉਂਕਿ ਉਨ੍ਹਾਂ ਵਿਚ “ਪਰਮੇਸ਼ੁਰ ਦਾ” ਗੁਣਕਾਰੀ “ਭੈ” ਨਹੀਂ ਹੈ, ਬਹੁਤ ਸਾਰੇ ਨੌਜਵਾਨ ਖ਼ਤਰਨਾਕ ਕੰਮਾਂ ਵਿਚ ਹਿੱਸਾ ਲੈਂਦੇ ਹਨ
[ਸਫ਼ੇ 22 ਉੱਤੇ ਤਸਵੀਰ]
ਨੌਜਵਾਨ ਅਕਸਰ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਕੰਮਾਂ ਦਾ ਫਲ ਭੁਗਤਣਾ ਪਵੇਗਾ
[ਸਫ਼ੇ 23 ਉੱਤੇ ਤਸਵੀਰ]
ਬਾਈਬਲ ਪਠਨ ਦਾ ਆਨੰਦ ਮਾਣਨਾ ਸਿੱਖੋ
[ਸਫ਼ੇ 23 ਉੱਤੇ ਤਸਵੀਰ]
ਜੇ ਤੁਸੀਂ ਸਭਾ ਵਿਚ ਭਾਗ ਲਵੋਗੇ, ਤਾਂ ਤੁਸੀਂ ਇਸ ਦਾ ਜ਼ਿਆਦਾ ਆਨੰਦ ਮਾਣੋਗੇ