ਯਹੋਵਾਹ ਸਾਨੂੰ ਆਪਣੇ ਦਿਨ ਗਿਣਨੇ ਸਿਖਾਉਂਦਾ ਹੈ
“ਸਾਨੂੰ ਸਾਡੇ ਦਿਨ ਗਿਣਨ ਐਉਂ ਸਿਖਲਾ, ਭਈ ਅਸੀਂ ਹਿਕਮਤ ਵਾਲਾ ਮਨ ਪਰਾਪਤ ਕਰੀਏ।”—ਜ਼ਬੂਰ 90:12.
1. ਸਾਨੂੰ ਯਹੋਵਾਹ ਅੱਗੇ ਕਿਉਂ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ‘ਸਾਡੇ ਦਿਨ ਗਿਣਨੇ’ ਸਿਖਾਏ?
ਯਹੋਵਾਹ ਪਰਮੇਸ਼ੁਰ ਸਾਡਾ ਸ੍ਰਿਸ਼ਟੀਕਰਤਾ ਅਤੇ ਜੀਵਨ-ਦਾਤਾ ਹੈ। (ਜ਼ਬੂਰ 36:9; ਪਰਕਾਸ਼ ਦੀ ਪੋਥੀ 4:11) ਇਸ ਲਈ ਪਰਮੇਸ਼ੁਰ ਨਾਲੋਂ ਬਿਹਤਰ ਹੋਰ ਕੋਈ ਨਹੀਂ ਦਿਖਾ ਸਕਦਾ ਕਿ ਸਾਨੂੰ ਸਮਝਦਾਰੀ ਨਾਲ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਨੀ ਚਾਹੀਦੀ ਹੈ। ਇਸੇ ਲਈ ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਅੱਗੇ ਇਹ ਬੇਨਤੀ ਕੀਤੀ ਸੀ ਕਿ “ਸਾਨੂੰ ਸਾਡੇ ਦਿਨ ਗਿਣਨ ਐਉਂ ਸਿਖਲਾ, ਭਈ ਅਸੀਂ ਹਿਕਮਤ ਵਾਲਾ ਮਨ ਪਰਾਪਤ ਕਰੀਏ।” (ਜ਼ਬੂਰ 90:12) ਇਹ ਬੇਨਤੀ 90ਵੇਂ ਜ਼ਬੂਰ ਵਿਚ ਪਾਈ ਜਾਂਦੀ ਹੈ ਅਤੇ ਸਾਨੂੰ ਇਸ ਵੱਲ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ। ਆਓ ਆਪਾਂ ਇਸ ਪ੍ਰੇਰਿਤ ਗੀਤ ਦੀਆਂ ਕੁਝ ਖ਼ਾਸ ਗੱਲਾਂ ਦੇਖੀਏ।
2. (ੳ) ਜ਼ਬੂਰ 90 ਦਾ ਲੇਖਕ ਕੌਣ ਸੀ, ਅਤੇ ਇਹ ਸ਼ਾਇਦ ਕਦੋਂ ਲਿਖਿਆ ਗਿਆ ਸੀ? (ਅ) ਜ਼ਿੰਦਗੀ ਬਾਰੇ ਸਾਡੇ ਵਿਚਾਰਾਂ ਉੱਤੇ 90ਵੇਂ ਜ਼ਬੂਰ ਦਾ ਕਿਹੋ ਜਿਹਾ ਅਸਰ ਹੋਣਾ ਚਾਹੀਦਾ ਹੈ?
2 ਜ਼ਬੂਰ 90 ਤੋਂ ਪਹਿਲਾਂ ਅਭਿਲੇਖ ਵਿਚ ਦੱਸਿਆ ਗਿਆ ਹੈ ਕਿ ਇਹ “ਪਰਮੇਸ਼ੁਰ ਦੇ ਜਨ ਮੂਸਾ ਦੀ ਪ੍ਰਾਰਥਨਾ” ਸੀ। ਇਹ ਗੀਤ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਇਨਸਾਨਾਂ ਦੀ ਉਮਰ ਬਹੁਤ ਹੀ ਛੋਟੀ ਹੈ। ਇਸ ਲਈ ਹੋ ਸਕਦਾ ਹੈ ਕਿ ਇਹ ਉਸ ਸਮੇਂ ਦੌਰਾਨ ਲਿਖਿਆ ਗਿਆ ਸੀ ਜਦੋਂ ਮਿਸਰੀ ਗ਼ੁਲਾਮੀ ਤੋਂ ਛੁਡਾਏ ਗਏ ਇਸਰਾਏਲੀ, 40 ਸਾਲਾਂ ਲਈ ਉਜਾੜ ਵਿਚ ਘੁੰਮਦੇ-ਫਿਰਦੇ ਸਨ, ਜਿਸ ਸਮੇਂ ਇਕ ਬੇਵਫ਼ਾ ਪੀੜ੍ਹੀ ਦੇ ਹਜ਼ਾਰਾਂ ਹੀ ਲੋਕਾਂ ਦੀ ਮੌਤ ਹੋਈ ਸੀ। (ਗਿਣਤੀ 32:9-13) ਜ਼ਬੂਰ 90 ਜਿੱਥੇ ਮਰਜ਼ੀ ਲਿਖਿਆ ਗਿਆ ਹੋਵੇ, ਇਹ ਦਿਖਾਉਂਦਾ ਹੈ ਕਿ ਪਾਪੀ ਇਨਸਾਨਾਂ ਦੀ ਉਮਰ ਬਹੁਤ ਹੀ ਛੋਟੀ ਹੈ। ਤਾਂ ਫਿਰ ਸਪੱਸ਼ਟ ਹੈ ਕਿ ਸਾਨੂੰ ਜ਼ਿੰਦਗੀ ਦੇ ਕੀਮਤੀ ਦਿਨ ਸਮਝਦਾਰੀ ਨਾਲ ਵਰਤਣੇ ਚਾਹੀਦੇ ਹਨ।
3. ਜ਼ਬੂਰ 90 ਵਿਚ ਕਿਹੜੀਆਂ ਖ਼ਾਸ ਗੱਲਾਂ ਦੱਸੀਆਂ ਗਈਆਂ ਹਨ?
3 ਇਸ ਜ਼ਬੂਰ ਦੀਆਂ 1-6 ਆਇਤਾਂ ਵਿਚ ਯਹੋਵਾਹ ਨੂੰ ਸਾਡੀ ਆਰਾਮ ਦੀ ਥਾਂ ਵਜੋਂ ਦਰਸਾਇਆ ਗਿਆ ਹੈ। ਆਇਤਾਂ 7-12 ਵਿਚ ਸਾਨੂੰ ਦਿਖਾਇਆ ਗਿਆ ਹੈ ਕਿ ਆਪਣੀ ਛੋਟੀ ਉਮਰ ਵਿਚ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਅਤੇ 13-17 ਆਇਤਾਂ ਵਿਚ ਸਾਡੀ ਦਿਲੀ ਇੱਛਾ ਬਾਰੇ ਗੱਲ ਕੀਤੀ ਗਈ ਹੈ ਕਿ ਅਸੀਂ ਯਹੋਵਾਹ ਦੀ ਦਇਆ ਅਤੇ ਬਰਕਤ ਚਾਹੁੰਦੇ ਹਾਂ। ਇਹ ਸੱਚ ਹੈ ਕਿ ਇਸ ਜ਼ਬੂਰ ਵਿਚ ਇਹ ਨਹੀਂ ਦੱਸਿਆ ਗਿਆ ਕਿ ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਕਿਹੜੀਆਂ ਗੱਲਾਂ ਅਨੁਭਵ ਕਰਾਂਗੇ। ਫਿਰ ਵੀ, ਸਾਨੂੰ ਇਸ ਪ੍ਰਾਰਥਨਾ ਦੇ ਸ਼ਬਦਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਤਾਂ ਫਿਰ ਚਲੋ ਆਪਾਂ ਪਰਮੇਸ਼ੁਰ ਦੇ ਸਮਰਪਿਤ ਸੇਵਕਾਂ ਵਜੋਂ 90ਵੇਂ ਜ਼ਬੂਰ ਦੀ ਚੰਗੀ ਤਰ੍ਹਾਂ ਜਾਂਚ ਕਰੀਏ।
ਯਹੋਵਾਹ “ਸਾਡੀ ਵੱਸੋਂ” ਹੈ
4-6. ਯਹੋਵਾਹ ਸਾਡੇ ਲਈ “ਆਸਰੇ ਦੀ ਥਾਂ” ਕਿਵੇਂ ਹੈ?
4 ਜ਼ਬੂਰਾਂ ਦਾ ਲਿਖਾਰੀ ਇਨ੍ਹਾਂ ਸ਼ਬਦਾਂ ਨਾਲ ਆਪਣੀ ਗੱਲ ਸ਼ੁਰੂ ਕਰਦਾ ਹੈ: “ਹੇ ਪ੍ਰਭੁ, ਪੀੜ੍ਹੀਓਂ ਪੀੜ੍ਹੀ, ਤੂੰ ਹੀ ਸਾਡੀ ਵੱਸੋਂ ਰਿਹਾ ਹੈਂ। ਉਸ ਤੋਂ ਪਹਿਲਾਂ ਕਿ ਪਹਾੜ ਉਤਪਤ ਹੋਏ, ਅਤੇ ਧਰਤੀ ਅਰ ਜਗਤ ਨੂੰ ਤੈਂ ਰਚਿਆ, ਆਦ ਤੋਂ ਅੰਤ ਤੀਕ ਤੂੰ ਹੀ ਪਰਮੇਸ਼ੁਰ ਹੈਂ।”—ਜ਼ਬੂਰ 90:1, 2.
5 ਸਾਡੇ ਲਈ “ਅਨਾਦੀ ਪਰਮੇਸ਼ੁਰ” ਯਹੋਵਾਹ “ਸਾਡੀ ਵੱਸੋਂ” ਹੈ, ਜਾਂ ਰੂਹਾਨੀ ਤੌਰ ਤੇ ਸਾਡੇ “ਆਸਰੇ ਦੀ ਥਾਂ” ਹੈ। (ਰੋਮੀਆਂ 16:26. ਭਜਨ 90:1, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਕਿਉਂਕਿ “ਪ੍ਰਾਰਥਨਾ ਦੇ ਸੁਣਨ ਵਾਲੇ” ਵਜੋਂ ਉਹ ਹਮੇਸ਼ਾ ਸਾਡੀ ਮਦਦ ਕਰਨ ਲਈ ਤਿਆਰ ਹੁੰਦਾ ਹੈ। (ਜ਼ਬੂਰ 65:2) ਕਿਉਂ ਜੋ ਅਸੀਂ ਯਹੋਵਾਹ ਦੇ ਪਿਆਰੇ ਪੁੱਤਰ ਰਾਹੀਂ ਆਪਣੀ ਹਰ ਚਿੰਤਾ ਬਾਰੇ ਉਸ ਅੱਗੇ ਬੇਨਤੀ ਕਰਦੇ ਹਾਂ, ‘ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਸਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰਦੀ ਹੈ।’—ਫ਼ਿਲਿੱਪੀਆਂ 4:6, 7; ਮੱਤੀ 6:9; ਯੂਹੰਨਾ 14:6, 14.
6 ਅਸੀਂ ਰੂਹਾਨੀ ਤੌਰ ਤੇ ਸਹੀ-ਸਲਾਮਤ ਹਾਂ ਕਿਉਂਕਿ ਯਹੋਵਾਹ ਸਾਡੇ “ਆਸਰੇ ਦੀ ਥਾਂ” ਹੈ। ਉਹ ਸਾਡੇ ਲਈ “ਕੋਠੜੀਆਂ” ਦਾ ਪ੍ਰਬੰਧ ਕਰਦਾ ਹੈ, ਜੋ ਸ਼ਾਇਦ ਉਸ ਦਿਆਂ ਲੋਕਾਂ ਦੀਆਂ ਕਲੀਸਿਯਾਵਾਂ ਨਾਲ ਸੰਬੰਧ ਰੱਖਦੀਆਂ ਹੋਣ। ਇਹ ਰੂਹਾਨੀ ਤੌਰ ਤੇ ਸੁਰੱਖਿਅਤ ਥਾਵਾਂ ਹਨ ਜਿੱਥੇ ਬਜ਼ੁਰਗ ਪਿਆਰ ਨਾਲ ਸਾਡੀ ਦੇਖ-ਭਾਲ ਕਰਦੇ ਹਨ। (ਯਸਾਯਾਹ 26:20; 32:1, 2; ਰਸੂਲਾਂ ਦੇ ਕਰਤੱਬ 20:28, 29) ਇਸ ਦੇ ਨਾਲ-ਨਾਲ, ਸਾਡੇ ਵਿਚਕਾਰ ਕਈ ਪਰਿਵਾਰ ਲੰਬੇ ਸਮੇਂ ਤੋਂ ਪਰਮੇਸ਼ੁਰ ਦੀ ਸੇਵਾ ਕਰਦੇ ਆਏ ਹਨ ਅਤੇ ਉਨ੍ਹਾਂ ਨੇ ‘ਪੀੜ੍ਹੀਓਂ ਪੀੜ੍ਹੀ ਪਰਮੇਸ਼ੁਰ ਨੂੰ ਆਪਣੇ ਆਸਰੇ ਦੀ ਥਾਂ’ ਸਮਝਿਆ ਹੈ।
7. ਪਹਾੜ “ਉਤਪਤ” ਕਰਨ ਅਤੇ ਧਰਤੀ ਦੀ ‘ਰਚਣਾ’ ਕਰਨ ਵਿਚ ਕੀ ਸ਼ਾਮਲ ਸੀ?
7 ਯਹੋਵਾਹ ਪਹਾੜਾਂ ਦੇ “ਉਤਪਤ” ਹੋਣ ਅਤੇ ਧਰਤੀ ਦੀ ‘ਰਚਣਾ’ ਤੋਂ ਪਹਿਲਾਂ ਮੌਜੂਦ ਸੀ। ਜ਼ਬੂਰਾਂ ਦਾ ਲਿਖਾਰੀ ਜਾਣਦਾ ਸੀ ਕਿ ਯਹੋਵਾਹ ਨੇ ਪਹਾੜਾਂ ਨੂੰ “ਉਤਪਤ” ਕਰਨ ਅਤੇ ਧਰਤੀ ਦੀ ‘ਰਚਣਾ’ ਕਰਨ ਵਿਚ ਕਿੰਨਾ ਕੰਮ ਕੀਤਾ ਸੀ। ਇਸ ਲਈ ਉਸ ਨੇ ਇਨ੍ਹਾਂ ਕੰਮਾਂ ਲਈ ਆਪਣੀ ਕਦਰ ਦਿਖਾਈ। ਅਸੀਂ ਵੀ ਜਾਣਦੇ ਹਾਂ ਕਿ ਇਸ ਸ਼ਾਨਦਾਰ ਧਰਤੀ ਨੂੰ ਅਤੇ ਇਸ ਉੱਪਰ ਭਾਂਤ-ਭਾਂਤ ਅਤੇ ਗੁੰਝਲਦਾਰ ਚੀਜ਼ਾਂ ਨੂੰ ਬਣਾਉਣ ਲਈ ਬਹੁਤ ਹੀ ਮਿਹਨਤ ਦੀ ਲੋੜ ਸੀ। ਇਸ ਲਈ ਸਾਨੂੰ ਵੀ ਸ੍ਰਿਸ਼ਟੀਕਰਤਾ ਦਿਆਂ ਕੰਮਾਂ ਵੱਲ ਧਿਆਨ ਦੇ ਕੇ ਉਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ।
ਯਹੋਵਾਹ ਹਰ ਵੇਲੇ ਸਾਡੀ ਮਦਦ ਕਰਨ ਲਈ ਤਿਆਰ ਹੁੰਦਾ ਹੈ
8. ਇਸ ਗੱਲ ਦਾ ਕੀ ਮਤਲਬ ਹੈ ਕਿ ਯਹੋਵਾਹ ਪਰਮੇਸ਼ੁਰ “ਆਦ ਤੋਂ ਅੰਤ ਤੀਕ” ਹੈ?
8 ਜ਼ਬੂਰਾਂ ਦੇ ਲਿਖਾਰੀ ਨੇ ਅੱਗੇ ਕਿਹਾ: “ਆਦ ਤੋਂ ਅੰਤ ਤੀਕ ਤੂੰ ਹੀ ਪਰਮੇਸ਼ੁਰ ਹੈਂ।” ਕੁਝ ਚੀਜ਼ਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ “ਅੰਤ ਤੀਕ” ਰਹਿਣਗੀਆਂ, ਮਤਲਬ ਕਿ ਕਿਸੇ-ਨ-ਕਿਸੇ ਸਮੇਂ ਉਨ੍ਹਾਂ ਦਾ ਅੰਤ ਹੋਵੇਗਾ। (ਕੂਚ 31:16, 17; ਇਬਰਾਨੀਆਂ 9:15) ਪਰ ਜ਼ਬੂਰ 90:2 ਵਿਚ ਅਤੇ ਇਬਰਾਨੀ ਸ਼ਾਸਤਰ ਦੀਆਂ ਹੋਰਨਾਂ ਆਇਤਾਂ ਵਿਚ “ਅੰਤ ਤੀਕ” ਦਾ ਮਤਲਬ “ਸਦਾ ਲਈ” ਹੈ। (ਉਪਦੇਸ਼ਕ ਦੀ ਪੋਥੀ 1:4) ਯਹੋਵਾਹ ਪਰਮੇਸ਼ੁਰ ਦਾ ਨਾ ਹੀ ਕੋਈ ਸ਼ੁਰੂ ਸੀ ਅਤੇ ਨਾ ਹੀ ਉਸ ਦਾ ਅੰਤ ਹੋਵੇਗਾ। (ਹਬੱਕੂਕ 1:12) ਸਾਡੇ ਲਈ ਇਸ ਗੱਲ ਨੂੰ ਸਮਝਣਾ ਔਖਾ ਹੈ ਕਿ ਪਰਮੇਸ਼ੁਰ ਸਦਾ ਤੋਂ ਹੈ। ਉਹ ਹਮੇਸ਼ਾ ਜੀਉਂਦਾ ਰਹੇਗਾ ਅਤੇ ਸਾਡੀ ਮਦਦ ਕਰਨ ਲਈ ਤਿਆਰ ਹੋਵੇਗਾ।
9. ਜ਼ਬੂਰਾਂ ਦੇ ਲਿਖਾਰੀ ਨੇ ਮਨੁੱਖਾਂ ਦੇ ਹਜ਼ਾਰ ਵਰ੍ਹਿਆਂ ਬਾਰੇ ਕੀ ਕਿਹਾ ਸੀ?
9 ਜ਼ਬੂਰਾਂ ਦੇ ਲਿਖਾਰੀ ਨੇ ਆਪਣੇ ਪ੍ਰੇਰਿਤ ਗੀਤ ਵਿਚ ਦੱਸਿਆ ਕਿ ਮਨੁੱਖਾਂ ਦੇ ਹਜ਼ਾਰ ਵਰ੍ਹੇ ਪਰਮੇਸ਼ੁਰ ਦੀ ਨਜ਼ਰ ਵਿਚ ਬਹੁਤ ਹੀ ਥੋੜ੍ਹਾ ਸਮਾਂ ਹੈ। ਪਰਮੇਸ਼ੁਰ ਨਾਲ ਗੱਲ ਕਰਦੇ ਹੋਏ, ਉਸ ਨੇ ਲਿਖਿਆ: “ਤੂੰ ਇਨਸਾਨ ਨੂੰ ਖਾਕ ਵੱਲ ਮੋੜ ਦਿੰਦਾ ਹੈਂ, ਅਤੇ ਫ਼ਰਮਾਉਂਦਾ ਹੈਂ, ਹੇ ਆਦਮ ਵੰਸੀਓ, ਮੁੜੋ! ਤੇਰੀ ਨਿਗਾਹ ਵਿੱਚ ਤਾਂ ਹਜ਼ਾਰ ਵਰ੍ਹੇ ਕੱਲ ਦੇ ਦਿਨ ਵਰਗੇ ਜਦ ਕਿ ਉਹ ਬੀਤ ਜਾਵੇ, ਅਤੇ ਇੱਕ ਪਹਿਰ ਰਾਤ ਵਰਗੇ ਹਨ।”—ਜ਼ਬੂਰ 90:3, 4.
10. ਪਰਮੇਸ਼ੁਰ ਇਨਸਾਨ ਨੂੰ ਕਿਵੇਂ ‘ਖਾਕ ਵੱਲ ਮੋੜਦਾ’ ਹੈ?
10 ਜਦੋਂ ਇਨਸਾਨ ਮਰ ਜਾਂਦਾ ਹੈ ਤਾਂ ਪਰਮੇਸ਼ੁਰ ਉਸ ਨੂੰ “ਖਾਕ ਵੱਲ ਮੋੜ” ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਇਨਸਾਨ ਜ਼ਮੀਨ ਦੀ “ਮਿੱਟੀ ਵਿੱਚ” ਮੁੜ ਜਾਂਦਾ ਹੈ। ਅਸਲ ਵਿਚ ਯਹੋਵਾਹ ਉਸ ਨੂੰ ਕਹਿੰਦਾ ਹੈ: ‘ਜ਼ਮੀਨ ਦੀ ਮਿੱਟੀ ਵਿੱਚ ਮੁੜ ਜਾ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ।’ (ਉਤਪਤ 2:7; 3:19) ਇਹ ਗੱਲ ਸਾਰਿਆਂ ਉੱਤੇ ਬੀਤਦੀ ਹੈ, ਚਾਹੇ ਉਹ ਤਾਕਤਵਰ ਜਾਂ ਕਮਜ਼ੋਰ, ਅਮੀਰ ਜਾਂ ਗ਼ਰੀਬ ਹੋਣ। ਕੋਈ ਵੀ ਪਾਪੀ ਇਨਸਾਨ ‘ਆਪਣੇ ਭਰਾ ਦਾ ਨਿਸਤਾਰਾ ਕਰ ਨਹੀਂ ਸੱਕਦਾ, ਨਾ ਪਰਮੇਸ਼ੁਰ ਨੂੰ ਉਹ ਦੇ ਬਦਲੇ ਪਰਾਸਚਿਤ ਦੇ ਸੱਕਦਾ ਹੈ, ਭਈ ਉਹ ਅਨੰਤ ਕਾਲ ਤੀਕ ਜੀਉਂਦਾ ਰਹੇ।’ (ਜ਼ਬੂਰ 49:6-9) ਪਰ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ‘ਪਰਮੇਸ਼ੁਰ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ’!—ਯੂਹੰਨਾ 3:16; ਰੋਮੀਆਂ 6:23.
11. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਜੋ ਸਮਾਂ ਸਾਡੇ ਲਈ ਲੰਬਾ ਹੋਵੇ ਉਹ ਪਰਮੇਸ਼ੁਰ ਦੀ ਨਜ਼ਰ ਵਿਚ ਬਹੁਤ ਹੀ ਥੋੜ੍ਹਾ ਹੈ?
11 ਭਾਵੇਂ ਮਥੂਸਲਹ 969 ਸਾਲਾਂ ਦੀ ਉਮਰ ਦਾ ਸੀ, ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਇਕ ਦਿਨ ਨਾਲੋਂ ਵੀ ਘੱਟ ਸਮਾਂ ਸੀ। (ਉਤਪਤ 5:27) ਹਜ਼ਾਰ ਵਰ੍ਹੇ ਪਰਮੇਸ਼ੁਰ ਦੀ ਨਜ਼ਰ ਵਿਚ ਕੱਲ੍ਹ ਦੇ ਬਰਾਬਰ ਹਨ, ਹਾਂ ਇਕ 24 ਘੰਟਿਆਂ ਦੇ ਦਿਨ ਦੇ ਬਰਾਬਰ ਹਨ। ਜ਼ਬੂਰਾਂ ਦਾ ਲਿਖਾਰੀ ਇਹ ਵੀ ਕਹਿੰਦਾ ਹੈ ਕਿ ਪਰਮੇਸ਼ੁਰ ਦੀ ਨਜ਼ਰ ਵਿਚ ਹਜ਼ਾਰ ਵਰ੍ਹੇ ਰਾਤ ਦੇ ਚਾਰ ਘੰਟਿਆਂ ਦੀ ਪਹਿਰ ਵਰਗੇ ਹਨ। (ਨਿਆਈਆਂ 7:19) ਤਾਂ ਫਿਰ ਇਹ ਸਪੱਸ਼ਟ ਹੈ ਕਿ ਜੋ ਸਮਾਂ ਸਾਡੇ ਲਈ ਲੰਬਾ ਹੋਵੇ ਉਹ ਯਹੋਵਾਹ ਪਰਮੇਸ਼ੁਰ ਦੀ ਨਜ਼ਰ ਵਿਚ ਬਹੁਤ ਹੀ ਥੋੜ੍ਹਾ ਹੈ।
12. ਪਰਮੇਸ਼ੁਰ ਇਨਸਾਨਾਂ ਨੂੰ ਕਿਵੇਂ “ਹੂੰਝ ਲੈ ਜਾਂਦਾ” ਹੈ?
12 ਪਰਮੇਸ਼ੁਰ ਦੀ ਸਦੀਵੀ ਹੋਂਦ ਦੀ ਤੁਲਨਾ ਵਿਚ ਇਨਸਾਨ ਦਾ ਜੀਵਨ ਬਹੁਤ ਹੀ ਛੋਟਾ ਹੈ। ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ: “ਤੂੰ ਉਨ੍ਹਾਂ ਨੂੰ ਹੜ੍ਹ ਨਾਲ ਹੂੰਝ ਲੈ ਜਾਂਦਾ ਹੈਂ, ਓਹ ਨੀਂਦ ਵਰਗੇ ਹਨ, ਸਵੇਰ ਨੂੰ ਓਹ ਉਸ ਘਾਹ ਵਰਗੇ ਹਨ ਜਿਹੜਾ ਪੁੰਗਰਦਾ ਹੈ। ਸਵੇਰ ਨੂੰ ਉਹ ਲਹਿ ਲਹਿ ਕਰਦਾ ਅਤੇ ਵਧਦਾ ਹੈ, ਸੰਝ ਨੂੰ ਵੱਢਿਆ ਜਾਂਦਾ ਅਤੇ ਸੁੱਕ ਜਾਂਦਾ ਹੈ।” (ਜ਼ਬੂਰ 90:5, 6) ਮੂਸਾ ਨੇ ਹਜ਼ਾਰਾਂ ਹੀ ਇਸਰਾਏਲੀਆਂ ਨੂੰ ਉਜਾੜ ਵਿਚ ਮਰਦੇ ਦੇਖਿਆ ਸੀ, ਜਿਵੇਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਹੜ੍ਹ ਨਾਲ ‘ਹੂੰਝ ਲਿਆ’ ਸੀ। ਜ਼ਬੂਰ ਦੇ ਇਸ ਹਿੱਸੇ ਦਾ ਤਰਜਮਾ ਇਸ ਤਰ੍ਹਾਂ ਵੀ ਕੀਤਾ ਗਿਆ ਹੈ: “ਤੂੰ ਮਨੁੱਖਾਂ ਨੂੰ ਮੌਤ ਦੀ ਨੀਂਦ ਵਿਚ ਹੂੰਝ ਕੇ ਲੈ ਜਾਂਦਾ ਹੈਂ।” (ਨਿਊ ਇੰਟਰਨੈਸ਼ਨਲ ਵਰਯਨ) ਇਸੇ ਤਰ੍ਹਾਂ, ਪਾਪੀ ਇਨਸਾਨਾਂ ਦੀ ਉਮਰ ਵੀ ਸਿਰਫ਼ ਇਕ ਰਾਤ ਦੀ ‘ਨੀਂਦ ਵਰਗੀ’ ਹੈ, ਯਾਨੀ ਬਹੁਤ ਹੀ ਥੋੜ੍ਹੇ ਸਮੇਂ ਦੀ ਹੈ।
13. ਅਸੀਂ “ਘਾਹ ਵਰਗੇ” ਕਿਵੇਂ ਹਾਂ, ਅਤੇ ਇਸ ਦਾ ਸਾਡੀ ਸੋਚਣੀ ਉੱਤੇ ਕਿਹੋ ਜਿਹਾ ਅਸਰ ਪੈਣਾ ਚਾਹੀਦਾ ਹੈ?
13 ਅਸੀਂ ‘ਘਾਹ ਵਰਗੇ ਹਾਂ ਜਿਹੜਾ ਸਵੇਰ ਨੂੰ ਪੁੰਗਰਦਾ ਹੈ’ ਪਰ ਸੰਝ ਤਕ ਸੂਰਜ ਦੀ ਗਰਮੀ ਵਿਚ ਸੁੱਕ ਜਾਂਦਾ ਹੈ। ਜੀ ਹਾਂ, ਸਾਡਾ ਪਲ-ਭਰ ਦਾ ਜੀਵਨ ਹੈ ਜੋ ਘਾਹ ਵਾਂਗ ਇਕ ਦਿਨ ਵਿਚ ਕੁਮਲਾ ਜਾਂਦਾ ਹੈ। ਇਸ ਲਈ, ਆਓ ਆਪਾਂ ਆਪਣੇ ਕੀਮਤੀ ਜੀਵਨ ਦਾ ਪੂਰਾ ਲਾਭ ਉਠਾਈਏ। ਇਸ ਦੁਨੀਆਂ ਵਿਚ ਆਪਣੀ ਬਾਕੀ ਦੀ ਜ਼ਿੰਦਗੀ ਦੌਰਾਨ ਆਓ ਆਪਾਂ ਪਰਮੇਸ਼ੁਰ ਦੀ ਅਗਵਾਈ ਭਾਲੀਏ, ਤਾਂਕਿ ਉਹ ਸਾਨੂੰ ਦਿਖਾ ਸਕੇ ਕਿ ਸਾਨੂੰ ਆਪਣਾ ਜੀਵਨ ਕਿਵੇਂ ਵਰਤਣਾ ਚਾਹੀਦਾ ਹੈ।
ਯਹੋਵਾਹ “ਸਾਡੇ ਦਿਨ ਗਿਣਨ” ਵਿਚ ਸਾਡੀ ਮਦਦ ਕਰਦਾ ਹੈ
14, 15. ਜ਼ਬੂਰ 90:7-9 ਦੇ ਸ਼ਬਦ ਇਸਰਾਏਲੀਆਂ ਉੱਤੇ ਕਿਵੇਂ ਪੂਰੇ ਹੋਏ ਸਨ?
14 ਪਰਮੇਸ਼ੁਰ ਬਾਰੇ ਜ਼ਬੂਰਾਂ ਦਾ ਲਿਖਾਰੀ ਅੱਗੇ ਕਹਿੰਦਾ ਹੈ: “ਅਸੀਂ ਤਾਂ ਤੇਰੇ ਗੁੱਸੇ ਨਾਲ ਮੁੱਕ ਜਾਂਦੇ, ਅਤੇ ਤੇਰੇ ਕਹਿਰ ਨਾਲ ਘਾਬਰ ਜਾਂਦੇ ਹਾਂ। ਤੈਂ ਸਾਡੀਆਂ ਬਦੀਆਂ ਨੂੰ ਆਪਣੇ ਅੱਗੇ, ਅਤੇ ਸਾਡੇ ਲੁਕੇ ਹੋਏ ਪਾਪਾਂ ਨੂੰ ਆਪਣੇ ਚਿਹਰੇ ਦੇ ਚਾਨਣ ਵਿੱਚ ਰੱਖਿਆ ਹੈ। ਸਾਡੇ ਸਾਰੇ ਦਿਹਾੜੇ ਤਾਂ ਤੇਰੇ ਕਹਿਰ ਵਿੱਚ ਬੀਤਦੇ ਹਨ, ਅਸੀਂ ਆਪਣਿਆਂ ਵਰ੍ਹਿਆਂ ਨੂੰ ਇੱਕ ਸਾਹ ਵਾਂਙੁ ਮੁਕਾਉਂਦੇ ਹਾਂ।”—ਜ਼ਬੂਰ 90:7-9.
15 ਬੇਵਫ਼ਾ ਇਸਰਾਏਲੀ ਲੋਕ ‘ਪਰਮੇਸ਼ੁਰ ਦੇ ਗੁੱਸੇ ਨਾਲ ਮੁੱਕ ਗਏ ਸਨ।’ ਉਹ ਉਸ ਦੇ “ਕਹਿਰ ਨਾਲ ਘਾਬਰ” ਗਏ ਸਨ, ਜਾਂ ‘ਉਸ ਦੇ ਕੋਪ ਤੋਂ ਭੈ ਭੀਤ’ ਹੋ ਗਏ ਸਨ। (ਨਵਾਂ ਅਨੁਵਾਦ) ਜਦੋਂ ਪਰਮੇਸ਼ੁਰ ਨੇ ਲੋਕਾਂ ਉੱਤੇ ਨਿਆਂ ਲਿਆਂਦਾ ਸੀ ਤਾਂ ਕਈ ਲੋਕ “ਉਜਾੜ ਵਿੱਚ ਢਹਿ ਪਏ” ਸਨ। (1 ਕੁਰਿੰਥੀਆਂ 10:5) ਯਹੋਵਾਹ ਨੇ ‘ਉਨ੍ਹਾਂ ਦੀਆਂ ਬਦੀਆਂ ਨੂੰ ਆਪਣੇ ਅੱਗੇ ਰੱਖਿਆ ਸੀ।’ ਉਸ ਨੇ ਖੁੱਲ੍ਹੇ-ਆਮ ਕੀਤੇ ਗਏ ਪਾਪਾਂ ਲਈ ਉਨ੍ਹਾਂ ਤੋਂ ਲੇਖਾ ਲਿਆ ਸੀ, ਅਤੇ ਉਨ੍ਹਾਂ ਦੇ ‘ਲੁਕੇ ਹੋਏ,’ ਜਾਂ ਗੁਪਤ ਵਿਚ ਕੀਤੇ ਗਏ ਪਾਪ ਵੀ ‘ਉਸ ਦੇ ਚਿਹਰੇ ਦੇ ਚਾਨਣ ਵਿੱਚ’ ਰੱਖੇ ਗਏ ਸਨ। (ਕਹਾਉਤਾਂ 15:3) ਪਰਮੇਸ਼ੁਰ ਦੇ ਕਹਿਰ ਕਾਰਨ ਜ਼ਿੱਦੀ ਇਸਰਾਏਲੀਆਂ ਨੇ ‘ਆਪਣੇ ਵਰ੍ਹਿਆਂ ਨੂੰ ਇੱਕ ਸਾਹ ਵਾਂਙੁ ਮੁਕਾਇਆ ਸੀ।’ ਦਰਅਸਲ, ਸਾਡਾ ਆਪਣਾ ਛੋਟਾ ਜੀਵਨ ਵੀ ਸਾਡੇ ਮੂੰਹ ਵਿੱਚੋਂ ਨਿਕਲੇ ਇਕ ਸਾਹ ਵਰਗਾ ਹੈ।
16. ਜਿਹੜੇ ਲੋਕ ਗੁਪਤ ਵਿਚ ਪਾਪ ਕਰ ਰਹੇ ਹਨ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ?
16 ਜੇਕਰ ਸਾਡੇ ਵਿੱਚੋਂ ਕੋਈ ਵੀ ਗੁਪਤ ਵਿਚ ਪਾਪ ਕਰਦਾ ਹੋਵੇ ਤਾਂ ਹੋ ਸਕਦਾ ਹੈ ਕਿ ਅਸੀਂ ਇਸ ਨੂੰ ਕੁਝ ਸਮੇਂ ਲਈ ਹੋਰਨਾਂ ਇਨਸਾਨਾਂ ਤੋਂ ਲੁਕੋ ਕੇ ਰੱਖ ਸਕੀਏ। ਪਰ ਇਹ ਪਾਪ ‘ਯਹੋਵਾਹ ਦੇ ਚਿਹਰੇ ਦੇ ਚਾਨਣ ਵਿੱਚ’ ਹਨ ਅਤੇ ਸਾਡਿਆਂ ਕੰਮਾਂ ਕਾਰਨ ਉਸ ਨਾਲ ਸਾਡਾ ਰਿਸ਼ਤਾ ਟੁੱਟ ਸਕਦਾ ਹੈ। ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨ ਲਈ, ਸਾਨੂੰ ਆਪਣਿਆਂ ਅਪਰਾਧਾਂ ਨੂੰ ਛੱਡ ਕੇ ਮਾਫ਼ੀ ਲਈ ਉਸ ਅੱਗੇ ਬੇਨਤੀ ਕਰਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਸਾਨੂੰ ਮਸੀਹੀ ਬਜ਼ੁਰਗਾਂ ਦੀ ਰੂਹਾਨੀ ਮਦਦ ਖ਼ੁਸ਼ੀ ਨਾਲ ਸਵੀਕਾਰ ਕਰਨੀ ਚਾਹੀਦੀ ਹੈ। (ਕਹਾਉਤਾਂ 28:13; ਯਾਕੂਬ 5:14, 15) ਇਸ ਤਰ੍ਹਾਂ ਕਰਨ ਨਾਲ ਅਸੀਂ ‘ਆਪਣਿਆਂ ਵਰ੍ਹਿਆਂ ਨੂੰ ਇੱਕ ਸਾਹ ਵਾਂਙੁ ਨਹੀਂ ਮੁਕਾਵਾਂਗੇ’ ਅਤੇ ਨਾ ਹੀ ਆਪਣੇ ਸਦਾ ਦੇ ਜੀਵਨ ਨੂੰ ਖ਼ਤਰੇ ਵਿਚ ਪਾਵਾਂਗੇ।
17. ਆਮ ਤੌਰ ਕੇ ਲੋਕਾਂ ਦੀ ਉਮਰ ਕਿੰਨੀ ਕੁ ਹੁੰਦੀ ਹੈ, ਅਤੇ ਸਾਡਾ ਜੀਵਨ ਕਿਨ੍ਹਾਂ ਗੱਲਾਂ ਨਾਲ ਭਰਿਆ ਹੈ?
17 ਪਾਪੀ ਇਨਸਾਨਾਂ ਦੀ ਉਮਰ ਬਾਰੇ ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ: “ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ, ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ, ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।” (ਜ਼ਬੂਰ 90:10) ਆਮ ਤੌਰ ਤੇ ਲੋਕਾਂ ਦੀ ਉਮਰ 70 ਸਾਲਾਂ ਤਕ ਹੁੰਦੀ ਹੈ। ਕਾਲੇਬ ਨੇ ਆਪਣੇ ਆਪ ਨੂੰ ਸ਼ਕਤੀਸ਼ਾਲੀ ਦਿਖਾਇਆ ਸੀ ਕਿਉਂਕਿ ਉਸ ਦੀ ਉਮਰ 85 ਸਾਲਾਂ ਦੀ ਸੀ। ਇਸ ਤੋਂ ਇਲਾਵਾ ਹੋਰ ਵੀ ਇਨਸਾਨ ਸਨ ਜਿਨ੍ਹਾਂ ਦੀ ਉਮਰ 70 ਸਾਲਾਂ ਤੋਂ ਵੱਧ ਸੀ, ਜਿਵੇਂ ਕਿ ਹਾਰੂਨ (123), ਮੂਸਾ (120), ਅਤੇ ਯਹੋਸ਼ੁਆ (110)। (ਗਿਣਤੀ 33:39; ਬਿਵਸਥਾ ਸਾਰ 34:7; ਯਹੋਸ਼ੁਆ 14:6, 10, 11; 24:29) ਪਰ ਮਿਸਰ ਤੋਂ ਬਾਹਰ ਆਈ ਉਸ ਬੇਵਫ਼ਾ ਪੀੜ੍ਹੀ ਵਿੱਚੋਂ, ਜੋ ਲੋਕ 20 ਸਾਲਾਂ ਦੀ ਉਮਰ ਤੋਂ ਉੱਪਰ ਸਨ, ਉਹ 40 ਸਾਲਾਂ ਦੇ ਵਿਚ-ਵਿਚ ਮਰ ਗਏ ਸਨ। (ਗਿਣਤੀ 14:29-34) ਅੱਜ ਕਈਆਂ ਦੇਸ਼ਾਂ ਵਿਚ ਆਮ ਤੌਰ ਤੇ ਇਨਸਾਨਾਂ ਦੀ ਉਮਰ ਜਿਵੇਂ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ, 70 ਕੁ ਸਾਲਾਂ ਦੀ ਹੁੰਦੀ ਹੈ। ਅਤੇ ਇਹ ਸਾਲ “ਕਸ਼ਟ ਅਤੇ ਸੋਗ” ਨਾਲ ਭਰੇ ਹੋਏ ਹੁੰਦੇ ਹਨ। ਉਹ ਛੇਤੀ ਬੀਤ ਜਾਂਦੇ ਹਨ ਅਤੇ “ਅਸੀਂ ਉਡਾਰੀ ਮਾਰ ਜਾਂਦੇ ਹਾਂ।”—ਅੱਯੂਬ 14:1, 2.
18, 19. (ੳ) ਇਸ ਦਾ ਕੀ ਮਤਲਬ ਹੈ ਕਿ ‘ਸਾਨੂੰ ਸਾਡੇ ਦਿਨ ਐਉਂ ਗਿਣਨੇ ਚਾਹੀਦੇ ਹਨ, ਭਈ ਅਸੀਂ ਹਿਕਮਤ ਵਾਲਾ ਮਨ ਪਰਾਪਤ ਕਰੀਏ’? (ਅ) ਬੁੱਧ ਸਾਨੂੰ ਕੀ ਕਰਨ ਲਈ ਪ੍ਰੇਰਦੀ ਹੈ?
18 ਜ਼ਬੂਰਾਂ ਦਾ ਲਿਖਾਰੀ ਅੱਗੇ ਗਾਉਂਦਾ ਹੈ: “ਤੇਰੇ ਗੁੱਸੇ ਦੇ ਜ਼ੋਰ ਨੂੰ ਅਤੇ ਤੇਰੇ ਕਹਿਰ ਨੂੰ ਤੇਰੇ ਭੈ ਅਨੁਸਾਰ ਕੌਣ ਜਾਣਦਾ ਹੈ? ਸਾਨੂੰ ਸਾਡੇ ਦਿਨ ਗਿਣਨ ਐਉਂ ਸਿਖਲਾ, ਭਈ ਅਸੀਂ ਹਿਕਮਤ ਵਾਲਾ ਮਨ ਪਰਾਪਤ ਕਰੀਏ।” (ਜ਼ਬੂਰ 90:11, 12) ਸਾਡੇ ਵਿੱਚੋਂ ਕੋਈ ਵੀ ਪਰਮੇਸ਼ੁਰ ਦੇ ਗੁੱਸੇ ਦੇ ਜ਼ੋਰ ਨੂੰ ਜਾਂ ਉਸ ਦੇ ਕਹਿਰ ਦੀ ਹੱਦ ਨੂੰ ਨਹੀਂ ਜਾਣਦਾ। ਇਸ ਲਈ ਸਾਨੂੰ ਹਮੇਸ਼ਾ ਪਰਮੇਸ਼ੁਰ ਦਾ ਭੈ ਰੱਖਣਾ ਚਾਹੀਦਾ ਹੈ। ਦਰਅਸਲ, ਸਾਨੂੰ ਉਸ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ‘ਸਾਨੂੰ ਸਾਡੇ ਦਿਨ ਗਿਣਨ ਐਉਂ ਸਿਖਲਾਏ, ਭਈ ਅਸੀਂ ਹਿਕਮਤ ਵਾਲਾ ਮਨ ਪਰਾਪਤ ਕਰੀਏ।’
19 ਜ਼ਬੂਰਾਂ ਦਾ ਲਿਖਾਈ ਪ੍ਰਾਰਥਨਾ ਕਰ ਰਿਹਾ ਸੀ ਕਿ ਯਹੋਵਾਹ ਆਪਣਿਆਂ ਲੋਕਾਂ ਨੂੰ ਬੁੱਧਵਾਨ ਬਣਾਵੇ ਤਾਂਕਿ ਉਹ ਆਪਣੀ ਉਮਰ ਦੇ ਬਾਕੀ ਦਿਆਂ ਦਿਨਾਂ ਦੀ ਕਦਰ ਕਰਨੀ ਸਿੱਖ ਸਕਣ ਅਤੇ ਆਪਣੇ ਜੀਵਨ ਉਸ ਦੀ ਇੱਛਿਆ ਦੇ ਅਨੁਸਾਰ ਵਰਤ ਸਕਣ। ਸੱਤਰ ਸਾਲਾਂ ਦੀ ਉਮਰ ਵਿਚ ਕੁਝ 25,500 ਦਿਨ ਹੁੰਦੇ ਹਨ। ਸਾਡੀ ਉਮਰ ਜੋ ਮਰਜ਼ੀ ਹੋਵੇ, ‘ਅਸੀਂ ਇਹ ਨਹੀਂ ਜਾਣਦੇ ਕਿ ਭਲਕੇ ਕੀ ਹੋਵੇਗਾ! ਸਾਡੀ ਜਿੰਦ ਹੈ ਹੀ ਕੀ? ਕਿਉਂ ਜੋ ਅਸੀਂ ਤਾਂ ਭਾਫ਼ ਹਾਂ ਜਿਹੜੀ ਥੋੜਾਕੁ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ।’ (ਯਾਕੂਬ 4:13-15) ਕਿਉਂ ਜੋ “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ,” ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੀ ਉਮਰ ਕਿੰਨੀ ਕੁ ਲੰਬੀ ਹੋਵੇਗੀ। ਇਸ ਲਈ ਆਓ ਆਪਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ, ਦੂਸਰਿਆਂ ਨਾਲ ਚੰਗਾ ਸਲੂਕ ਕਰਨ, ਅਤੇ ਅੱਜ ਤੋਂ ਹੀ ਯਹੋਵਾਹ ਦੀ ਸੇਵਾ ਪੂਰੇ ਜਤਨ ਨਾਲ ਕਰਨ ਲਈ ਬੁੱਧ ਲਈ ਪ੍ਰਾਰਥਨਾ ਕਰੀਏ! (ਉਪਦੇਸ਼ਕ 9:11, ਨਵਾਂ ਅਨੁਵਾਦ; ਯਾਕੂਬ 1:5-8) ਯਹੋਵਾਹ ਆਪਣੇ ਬਚਨ, ਆਪਣੀ ਆਤਮਾ, ਅਤੇ ਆਪਣੇ ਸੰਗਠਨ ਦੁਆਰਾ ਸਾਡੀ ਅਗਵਾਈ ਕਰਦਾ ਹੈ। (ਮੱਤੀ 24:45-47; 1 ਕੁਰਿੰਥੀਆਂ 2:10; 2 ਤਿਮੋਥਿਉਸ 3:16, 17) ਬੁੱਧ ਸਾਨੂੰ ‘ਪਰਮੇਸ਼ੁਰ ਦੇ ਰਾਜ ਨੂੰ ਪਹਿਲਾਂ ਭਾਲਣ’ ਲਈ, ਆਪਣੇ ਜੀਵਨ ਵਿਚ ਪਰਮੇਸ਼ੁਰ ਦੀ ਮਹਿਮਾ ਕਰਨ ਲਈ, ਅਤੇ ਉਸ ਦੇ ਦਿਲ ਨੂੰ ਖ਼ੁਸ਼ ਕਰਨ ਲਈ ਪ੍ਰੇਰਦੀ ਹੈ। (ਮੱਤੀ 6:25-33; ਕਹਾਉਤਾਂ 27:11) ਇਹ ਸੱਚ ਹੈ ਕਿ ਪੂਰੇ ਦਿਲ ਨਾਲ ਉਸ ਦੀ ਉਪਾਸਨਾ ਕਰਨ ਨਾਲ ਸਾਡੀਆਂ ਮੁਸ਼ਕਲਾਂ ਦੂਰ ਨਹੀਂ ਹੋਣਗੀਆਂ, ਪਰ ਅਸੀਂ ਖ਼ੁਸ਼ੀ ਦਾ ਆਨੰਦ ਜ਼ਰੂਰ ਮਾਣਾਂਗੇ।
ਯਹੋਵਾਹ ਦੀਆਂ ਬਰਕਤਾਂ ਸਾਨੂੰ ਖ਼ੁਸ਼ ਕਰਦੀਆਂ ਹਨ
20. (ੳ) ਪਰਮੇਸ਼ੁਰ ਕਿਸ ਤਰ੍ਹਾਂ ‘ਤਰਸ ਖਾਂਦਾ’ ਹੈ? (ਅ) ਯਹੋਵਾਹ ਸਾਡੇ ਨਾਲ ਕਿਵੇਂ ਪੇਸ਼ ਆਵੇਗਾ ਜੇ ਅਸੀਂ ਕੋਈ ਗੰਭੀਰ ਪਾਪ ਕਰ ਬੈਠੀਏ ਪਰ ਸੱਚੇ ਦਿਲੋਂ ਮਾਫ਼ੀ ਮੰਗੀਏ?
20 ਇਹ ਕਿੰਨੀ ਖ਼ੁਸ਼ੀ ਦੀ ਗੱਲ ਹੋਵੇਗੀ ਜੇ ਅਸੀਂ ਆਪਣੇ ਬਾਕੀ ਦੇ ਜੀਵਨ ਦੌਰਾਨ ਆਨੰਦ ਮਾਣ ਸਕੀਏ! ਇਸ ਬਾਰੇ ਮੂਸਾ ਬੇਨਤੀ ਕਰਦਾ ਹੈ: “ਮੁੜ ਆ, ਹੇ ਯਹੋਵਾਹ, ਕਿੰਨਾ ਚਿਰ ਤੀਕ? ਅਤੇ ਆਪਣੇ ਦਾਸਾਂ ਉੱਤੇ ਤਰਸ ਖਾਹ! ਸਵੇਰ ਨੂੰ ਆਪਣੀ ਦਯਾ ਨਾਲ ਸਾਡੀ ਨਿਸ਼ਾ ਕਰ, ਭਈ ਅਸੀਂ ਆਪਣੇ ਸਾਰੇ ਦਿਨ ਜੈਕਾਰੇ ਗਜਾਈਏ ਅਤੇ ਅਨੰਦ ਕਰੀਏ।” (ਜ਼ਬੂਰ 90:13, 14) ਪਰਮੇਸ਼ੁਰ ਕਦੇ ਕੋਈ ਗ਼ਲਤ ਫ਼ੈਸਲਾ ਨਹੀਂ ਕਰਦਾ। ਪਰ ਫਿਰ ਵੀ, ਜੇ ਪਾਪੀ ਇਨਸਾਨ ਆਪਣਾ ਰਵੱਈਆ ਅਤੇ ਆਪਣੇ ਗ਼ਲਤ ਕੰਮ ਛੱਡ ਕੇ ਮਾਫ਼ੀ ਮੰਗਦੇ ਹਨ ਤਾਂ ਉਹ ਚੇਤਾਵਨੀ ਦੇਣ ਦੇ ਬਾਵਜੂਦ ‘ਤਰਸ ਖਾਂਦਾ’ ਹੈ ਅਤੇ ਸਜ਼ਾ ਦੇਣ ਤੋਂ ‘ਮੁੜ ਆਉਂਦਾ’ ਹੈ। (ਬਿਵਸਥਾ ਸਾਰ 13:17) ਇਸ ਲਈ ਭਾਵੇਂ ਅਸੀਂ ਕੋਈ ਗੰਭੀਰ ਪਾਪ ਕਰ ਬੈਠੀਏ, ਪਰ ਸੱਚੇ ਦਿਲੋਂ ਮਾਫ਼ੀ ਮੰਗੀਏ, ਯਹੋਵਾਹ ‘ਆਪਣੀ ਦਯਾ ਨਾਲ ਸਾਡੀ ਨਿਸ਼ਾ’ ਜ਼ਰੂਰ ਕਰੇਗਾ ਅਤੇ ਸਾਡੇ ਕੋਲ ‘ਜੈਕਾਰੇ ਗਜਾਉਣ’ ਲਈ ਕਾਰਨ ਹੋਵੇਗਾ। (ਜ਼ਬੂਰ 32:1-5) ਜੇ ਅਸੀਂ ਧਰਮੀ ਰਾਹ ਉੱਤੇ ਚੱਲਦੇ ਰਹੀਏ, ਤਾਂ ਅਸੀਂ ਪਰਮੇਸ਼ੁਰ ਦਾ ਪਿਆਰ ਪਾਵਾਂਗੇ ਅਤੇ ‘ਆਪਣੇ ਸਾਰੇ ਦਿਨਾਂ ਦੌਰਾਨ ਜੈਕਾਰੇ ਗਜਾ’ ਸਕਾਂਗੇ!
21. ਜ਼ਬੂਰ 90:15, 16 ਦੇ ਸ਼ਬਦਾਂ ਵਿਚ ਮੂਸਾ ਸ਼ਾਇਦ ਕਿਸ ਚੀਜ਼ ਦੀ ਮੰਗ ਕਰ ਰਿਹਾ ਸੀ?
21 ਜ਼ਬੂਰਾਂ ਦਾ ਲਿਖਾਰੀ ਦਿਲੋਂ ਪ੍ਰਾਰਥਨਾ ਕਰਦਾ ਹੈ: “ਸਾਨੂੰ ਉੱਨੇ ਦਿਨ ਅਨੰਦ ਕਰਵਾ ਜਿੰਨਾ ਚਿਰ ਤੈਂ ਸਾਨੂੰ ਦੁਖੀ ਰੱਖਿਆ ਹੈ, ਅਤੇ ਜਿੰਨੇ ਵਰ੍ਹੇ ਅਸੀਂ ਬੁਰਿਆਈ ਵੇਖੀ ਹੈ। ਤੇਰੀ ਕਾਰ ਤੇਰੇ ਦਾਸਾਂ ਉੱਤੇ ਅਤੇ ਤੇਰਾ ਤੇਜ ਉਨ੍ਹਾਂ ਦੀ ਅੰਸ ਉੱਤੇ ਪਰਗਟ ਹੋਵੇ।” (ਜ਼ਬੂਰ 90:15, 16) ਹੋ ਸਕਦਾ ਹੈ ਕਿ ਮੂਸਾ ਪਰਮੇਸ਼ੁਰ ਅੱਗੇ ਇਹ ਬੇਨਤੀ ਕਰ ਰਿਹਾ ਸੀ ਕਿ ਉਹ ਇਸਰਾਏਲ ਦੇ ਲੋਕਾਂ ਉੱਤੇ ਆਪਣੀ ਬਰਕਤ ਪਾ ਕੇ ਉਨ੍ਹਾਂ ਨੂੰ ਉੱਨੇ ਦਿਨ ਖ਼ੁਸ਼ੀ ਬਖ਼ਸ਼ੇ ਜਿੰਨੇ ਦਿਨ ਉਨ੍ਹਾਂ ਨੇ ਦੁੱਖ ਅਤੇ ਤੰਗੀਆਂ ਝੱਲੀਆਂ ਸਨ। ਉਸ ਨੇ ਇਹ ਮੰਗ ਕੀਤੀ ਕਿ ਇਸਰਾਏਲੀਆਂ ਉੱਤੇ ਬਰਕਤ ਪਾਉਣ ਦੀ ਪਰਮੇਸ਼ੁਰ ਦੀ “ਕਾਰ,” ਜਾਂ ਉਸ ਦੇ ਕੰਮ ਉਸ ਦੇ ਸੇਵਕਾਂ ਉੱਤੇ ਪ੍ਰਗਟ ਹੋਣ ਅਤੇ ਉਨ੍ਹਾਂ ਦੀ ਔਲਾਦ ਉੱਤੇ ਉਸ ਦਾ ਤੇਜ ਪ੍ਰਗਟ ਹੋਵੇ। ਅਸੀਂ ਵੀ ਪ੍ਰਾਰਥਨਾ ਕਰ ਸਕਦੇ ਹਾਂ ਕਿ ਪਰਮੇਸ਼ੁਰ ਦੇ ਵਾਅਦਾ ਕੀਤੇ ਗਏ ਨਵੇਂ ਸੰਸਾਰ ਵਿਚ ਵਫ਼ਾਦਾਰ ਲੋਕਾਂ ਉੱਤੇ ਬਰਕਤਾਂ ਪਾਈਆਂ ਜਾਣ।—2 ਪਤਰਸ 3:13.
22. ਜ਼ਬੂਰ 90:17 ਦੇ ਅਨੁਸਾਰ ਅਸੀਂ ਕਿਸ ਗੱਲ ਲਈ ਪ੍ਰਾਰਥਨਾ ਕਰ ਸਕਦੇ ਹਾਂ?
22 ਇਹ ਜ਼ਬੂਰ ਇਸ ਅਰਜ਼ ਨਾਲ ਸਮਾਪਤ ਹੁੰਦਾ ਹੈ: “ਪ੍ਰਭੁ ਸਾਡੇ ਪਰਮੇਸ਼ੁਰ ਦੀ ਪਰਸੰਨਤਾ ਸਾਡੇ ਉੱਤੇ ਹੋਵੇ, ਸਾਡੇ ਹੱਥਾਂ ਦੇ ਕੰਮ ਸਾਡੇ ਲਈ ਕਾਇਮ ਕਰ, ਹਾਂ, ਸਾਡੇ ਹੱਥਾਂ ਦੇ ਕੰਮ ਕਾਇਮ ਕਰ।” (ਜ਼ਬੂਰ 90:17) ਇਹ ਸ਼ਬਦ ਦਿਖਾਉਂਦੇ ਹਨ ਕਿ ਇਹ ਬਿਲਕੁਲ ਠੀਕ ਹੈ ਜੇਕਰ ਅਸੀਂ ਪ੍ਰਾਰਥਨਾ ਕਰੀਏ ਕਿ ਪਰਮੇਸ਼ੁਰ ਸਾਡੀ ਸੇਵਾ ਦਾ ਮੇਵਾ ਦੇਵੇ। ਮਸਹ ਕੀਤੇ ਹੋਏ ਮਸੀਹੀਆਂ ਵਜੋਂ ਜਾਂ ਉਨ੍ਹਾਂ ਦੇ ਸਾਥੀਆਂ, ਯਾਨੀ ‘ਹੋਰ ਭੇਡਾਂ’ ਵਜੋਂ ਅਸੀਂ ਖ਼ੁਸ਼ੀ ਮਨਾਉਂਦੇ ਹਾਂ ਕਿ “ਪਰਮੇਸ਼ੁਰ ਦੀ ਪਰਸੰਨਤਾ” ਸਾਡੇ ਉੱਤੇ ਹੈ। (ਯੂਹੰਨਾ 10:16) ਅਸੀਂ ਕਿੰਨੇ ਖ਼ੁਸ਼ ਹਾਂ ਕਿ ਪਰਮੇਸ਼ੁਰ ਨੇ ਰਾਜ ਦੇ ਪ੍ਰਚਾਰਕਾਂ ਵਜੋਂ ਅਤੇ ਹੋਰਨਾਂ ਗੱਲਾਂ ਵਿਚ ‘ਸਾਡੇ ਹੱਥਾਂ ਦਾ ਕੰਮ ਸਾਡੇ ਲਈ ਕਾਇਮ ਕੀਤਾ’ ਹੈ!
ਆਓ ਆਪਾਂ ਆਪਣੇ ਦਿਨ ਗਿਣਦੇ ਰਹੀਏ
23, 24. ਅਸੀਂ 90ਵੇਂ ਜ਼ਬੂਰ ਉੱਤੇ ਮਨਨ ਕਰਨ ਨਾਲ ਫ਼ਾਇਦਾ ਕਿਵੇਂ ਉੱਠਾ ਸਕਦੇ ਹਾਂ?
23 ਇਸ ਜ਼ਬੂਰ ਉੱਤੇ ਮਨਨ ਕਰਦੇ ਹੋਏ ਸਾਨੂੰ ਯਹੋਵਾਹ ਉੱਤੇ ਹੋਰ ਵੀ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਸਾਡੇ “ਆਸਰੇ ਦੀ ਥਾਂ” ਹੈ। ਸਾਡੀ ਬਹੁਤ ਹੀ ਛੋਟੀ ਉਮਰ ਬਾਰੇ ਉਸ ਦੇ ਸ਼ਬਦਾਂ ਉੱਤੇ ਧਿਆਨ ਦੇਣ ਨਾਲ ਸਾਨੂੰ ਆਪਣੇ ਦਿਨ ਗਿਣਨ ਵਿਚ ਪਰਮੇਸ਼ੁਰ ਦੀ ਅਗਵਾਈ ਦੀ ਜ਼ਰੂਰਤ ਹੋਰ ਵੀ ਪਛਾਣਨੀ ਚਾਹੀਦੀ ਹੈ। ਅਤੇ ਜੇ ਅਸੀਂ ਈਸ਼ਵਰੀ ਬੁੱਧ ਭਾਲਦੇ ਅਤੇ ਲਾਗੂ ਕਰਦੇ ਰਹੀਏ, ਤਾਂ ਅਸੀਂ ਯਹੋਵਾਹ ਦੀ ਦਇਆ ਅਤੇ ਉਸ ਦੀਆਂ ਬਰਕਤਾਂ ਜ਼ਰੂਰ ਪਾਵਾਂਗੇ।
24 ਯਹੋਵਾਹ ਸਾਨੂੰ ਆਪਣੇ ਦਿਨ ਗਿਣਨ ਵਿਚ ਸਿੱਖਿਆ ਦਿੰਦਾ ਰਹੇਗਾ। ਜੇ ਅਸੀਂ ਉਸ ਦੀ ਸਲਾਹ ਉੱਤੇ ਚੱਲਾਂਗੇ ਤਾਂ ਅਸੀਂ ਸਦਾ ਵਾਸਤੇ ਆਪਣੇ ਦਿਨ ਗਿਣਦੇ ਰਹਾਂਗੇ। (ਯੂਹੰਨਾ 17:3) ਜੇਕਰ ਅਸੀਂ ਸਦਾ ਦਾ ਜੀਵਨ ਪਾਉਣਾ ਚਾਹੁੰਦੇ ਹਾਂ ਤਾਂ ਯਹੋਵਾਹ ਨੂੰ ਸਾਡੀ ਪਨਾਹ ਹੋਣਾ ਚਾਹੀਦਾ ਹੈ। (ਯਹੂਦਾਹ 20, 21) ਜਿਵੇਂ ਅਸੀਂ ਅਗਲੇ ਲੇਖ ਵਿਚ ਦੇਖਾਂਗੇ, ਇਹ ਗੱਲ 91ਵੇਂ ਜ਼ਬੂਰ ਦੇ ਦਿਲਾਸਾ ਭਰੇ ਸ਼ਬਦਾਂ ਵਿਚ ਸਪੱਸ਼ਟ ਤੌਰ ਤੇ ਸਮਝਾਈ ਗਈ ਹੈ।
ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
• ਯਹੋਵਾਹ ਸਾਡੇ “ਆਸਰੇ ਦੀ ਥਾਂ” ਕਿਵੇਂ ਹੈ?
• ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਸਾਡੀ ਮਦਦ ਕਰਨ ਲਈ ਤਿਆਰ ਹੁੰਦਾ ਹੈ?
• “ਸਾਨੂੰ ਸਾਡੇ ਦਿਨ ਗਿਣਨ” ਵਿਚ ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ?
• ਕਿਸ ਗੱਲ ਕਾਰਨ ਅਸੀਂ ‘ਆਪਣੇ ਸਾਰੇ ਦਿਨ ਜੈਕਾਰੇ ਗਜਾਉਂਦੇ’ ਹਾਂ?
[ਸਫ਼ੇ 10 ਉੱਤੇ ਤਸਵੀਰ]
“ਉਸ ਤੋਂ ਪਹਿਲਾਂ ਕਿ ਪਹਾੜ ਉਤਪਤ ਹੋਏ” ਯਹੋਵਾਹ ਪਰਮੇਸ਼ੁਰ ਮੌਜੂਦ ਸੀ
[ਸਫ਼ੇ 12 ਉੱਤੇ ਤਸਵੀਰ]
ਯਹੋਵਾਹ ਦੀ ਨਜ਼ਰ ਵਿਚ 969 ਸਾਲਾਂ ਦੇ ਮਥੂਸਲਹ ਦੀ ਉਮਰ ਇਕ ਦਿਨ ਨਾਲੋਂ ਵੀ ਘੱਟ ਸੀ
[ਸਫ਼ੇ 14 ਉੱਤੇ ਤਸਵੀਰਾਂ]
ਯਹੋਵਾਹ ਨੇ ‘ਸਾਡੇ ਹੱਥਾਂ ਦਾ ਕੰਮ ਸਾਡੇ ਲਈ ਕਾਇਮ ਕੀਤਾ’ ਹੈ