ਸ਼ਿਕਾਰੀ ਦੀ ਫਾਹੀ ਤੋਂ ਛੁਟਕਾਰਾ
‘ਯਹੋਵਾਹ ਤੈਨੂੰ ਫਾਂਧੀ ਦੀ ਫਾਹੀ ਵਿੱਚੋਂ ਛੁਟਕਾਰਾ ਦੇਵੇਗਾ।’—ਜ਼ਬੂਰਾਂ ਦੀ ਪੋਥੀ 91:3.
1. “ਫਾਂਧੀ” ਕੌਣ ਹੈ ਅਤੇ ਉਹ ਇੰਨਾ ਖ਼ਤਰਨਾਕ ਕਿਉਂ ਹੈ?
ਅੱਜ ਸਾਰੇ ਸੱਚੇ ਮਸੀਹੀ ਇਕ ਸ਼ਿਕਾਰੀ ਦਾ ਸਾਮ੍ਹਣਾ ਕਰ ਰਹੇ ਹਨ ਜੋ ਇਨਸਾਨਾਂ ਨਾਲੋਂ ਕਿਤੇ ਤੇਜ਼ ਤੇ ਚਲਾਕ ਹੈ। ਜ਼ਬੂਰ 91:3 ਵਿਚ ਉਸ ਨੂੰ ਇਕ “ਫਾਂਧੀ” ਜਾਂ ਸ਼ਿਕਾਰੀ ਕਿਹਾ ਗਿਆ ਹੈ। ਇਹ ਦੁਸ਼ਮਣ ਕੌਣ ਹੈ? 1 ਜੂਨ 1883 (ਅੰਗ੍ਰੇਜ਼ੀ) ਦੇ ਅੰਕ ਤੋਂ ਸ਼ੁਰੂ ਹੋ ਕੇ ਪਹਿਰਾਬੁਰਜ ਰਸਾਲੇ ਵਿਚ ਦੱਸਿਆ ਜਾ ਰਿਹਾ ਹੈ ਕਿ ਇਹ ਦੁਸ਼ਮਣ ਸ਼ਤਾਨ ਹੈ। ਸ਼ਤਾਨ ਬੜੀ ਚਲਾਕੀ ਨਾਲ ਯਹੋਵਾਹ ਦੇ ਲੋਕਾਂ ਨੂੰ ਕੁਰਾਹੇ ਪਾ ਕੇ ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ, ਠੀਕ ਜਿਵੇਂ ਇਕ ਸ਼ਿਕਾਰੀ ਕਿਸੇ ਪੰਛੀ ਨੂੰ ਜਾਲ ਵਿਚ ਫਸਾਉਂਦਾ ਹੈ।
2. ਸ਼ਤਾਨ ਇਕ ਸ਼ਿਕਾਰੀ ਵਰਗਾ ਕਿਵੇਂ ਹੈ?
2 ਪੁਰਾਣੇ ਜ਼ਮਾਨੇ ਵਿਚ ਪੰਛੀਆਂ ਦਾ ਸ਼ਿਕਾਰ ਕਈ ਕਾਰਨਾਂ ਲਈ ਕੀਤਾ ਜਾਂਦਾ ਸੀ, ਜਿਵੇਂ ਕਿ ਭੋਜਨ ਲਈ ਜਾਂ ਚੜ੍ਹਾਵੇ ਚੜ੍ਹਾਉਣ ਲਈ। ਕਈ ਪੰਛੀਆਂ ਨੂੰ ਉਨ੍ਹਾਂ ਦੀ ਸੁਰੀਲੀ ਆਵਾਜ਼ ਅਤੇ ਸੁੰਦਰਤਾ ਕਾਰਨ ਵੀ ਫੜਿਆ ਜਾਂਦਾ ਸੀ। ਪੰਛੀ ਕੁਦਰਤੀ ਤੌਰ ਤੇ ਬਹੁਤ ਹੀ ਫੁਰਤੀਲੇ ਤੇ ਹੁਸ਼ਿਆਰ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਫੜਨਾ ਆਸਾਨ ਨਹੀਂ। ਬਾਈਬਲ ਦੇ ਜ਼ਮਾਨੇ ਦਾ ਸ਼ਿਕਾਰੀ ਤਰ੍ਹਾਂ-ਤਰ੍ਹਾਂ ਦੇ ਪੰਛੀਆਂ ਦੀਆਂ ਹਰਕਤਾਂ ਅਤੇ ਆਦਤਾਂ ਨੂੰ ਗਹੁ ਨਾਲ ਦੇਖਦਾ ਸੀ। ਫਿਰ ਉਹ ਹੁਸ਼ਿਆਰੀ ਨਾਲ ਵੱਖੋ-ਵੱਖਰੇ ਤਰੀਕੇ ਵਰਤ ਕੇ ਪੰਛੀਆਂ ਨੂੰ ਆਪਣੇ ਜਾਲ ਵਿਚ ਫਸਾ ਲੈਂਦਾ ਸੀ। ਸ਼ਤਾਨ ਵੀ ਇਕ ਸ਼ਿਕਾਰੀ ਵਰਗਾ ਹੈ ਤੇ ਬਾਈਬਲ ਦੀ ਮਦਦ ਨਾਲ ਅਸੀਂ ਉਸ ਦੇ ਤਰੀਕਿਆਂ ਤੋਂ ਵਾਕਫ਼ ਹੋ ਸਕਦੇ ਹਾਂ। ਸ਼ਤਾਨ ਗਹੁ ਨਾਲ ਦੇਖ ਕੇ ਸਾਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਉਹ ਸਾਡੀਆਂ ਆਦਤਾਂ ਤੇ ਸਾਡੇ ਸੁਭਾਅ ਤੋਂ ਜਾਣੂ ਹੋ ਕੇ ਚਲਾਕੀ ਨਾਲ ਸਾਨੂੰ ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ। (2 ਤਿਮੋਥਿਉਸ 2:26) ਉਸ ਦੇ ਜਾਲ ਵਿਚ ਫਸ ਕੇ ਅਸੀਂ ਪਰਮੇਸ਼ੁਰ ਤੋਂ ਦੂਰ ਹੋ ਜਾਵਾਂਗੇ ਅਤੇ ਅਖ਼ੀਰ ਵਿਚ ਸਾਡਾ ਨਾਸ਼ ਹੋ ਜਾਵੇਗਾ। ਇਸ ਲਈ ਸਾਨੂੰ ਆਪਣੀ ਹਿਫਾਜ਼ਤ ਲਈ ਸ਼ਤਾਨ ਦੀਆਂ ਵੱਖੋ-ਵੱਖਰੀਆਂ ਚਾਲਾਂ ਤੋਂ ਵਾਕਫ਼ ਹੋਣ ਦੀ ਲੋੜ ਹੈ।
3, 4. ਸ਼ਤਾਨ ਇਕ ਸ਼ੇਰ ਤੇ ਸੱਪ ਵਾਂਗ ਸਾਡੇ ਉੱਤੇ ਕਿਵੇਂ ਹਮਲਾ ਕਰਦਾ ਹੈ?
3 ਤਸਵੀਰੀ ਭਾਸ਼ਾ ਵਰਤਦੇ ਹੋਏ ਜ਼ਬੂਰਾਂ ਦੇ ਲਿਖਾਰੀ ਨੇ ਸਮਝਾਇਆ ਕਿ ਸ਼ਤਾਨ ਇਕ ਜਵਾਨ ਸ਼ੇਰ ਵਾਂਗ ਤੇ ਸੱਪ ਵਾਂਗ ਵੀ ਸਾਡੇ ਉੱਤੇ ਹਮਲਾ ਕਰ ਸਕਦਾ ਹੈ। (ਜ਼ਬੂਰਾਂ ਦੀ ਪੋਥੀ 91:13) ਕਦੇ-ਕਦੇ ਸ਼ਤਾਨ ਸ਼ੇਰ ਦੀ ਤਰ੍ਹਾਂ ਸਾਮ੍ਹਣਿਓਂ ਹਮਲਾ ਕਰਦਾ ਹੈ ਯਾਨੀ ਉਹ ਸਾਡੇ ਉੱਤੇ ਮੁਸ਼ਕਲਾਂ ਲਿਆ ਸਕਦਾ ਹੈ ਜਾਂ ਕਾਨੂੰਨੀ ਤੌਰ ਤੇ ਸਾਡੇ ਪ੍ਰਚਾਰ ਦੇ ਕੰਮ ਨੂੰ ਰੋਕਣ ਲਈ ਸਰਕਾਰ ਦਾ ਸਹਾਰਾ ਲੈ ਕੇ ਸ਼ਰਾਰਤ ਘੜਦਾ ਹੈ। (ਜ਼ਬੂਰਾਂ ਦੀ ਪੋਥੀ 94:20) ਅਜਿਹੇ ਹਮਲਿਆਂ ਕਾਰਨ ਸ਼ਾਇਦ ਕੁਝ ਭੈਣ-ਭਰਾ ਠੋਕਰ ਖਾ ਕੇ ਯਹੋਵਾਹ ਦਾ ਲੜ ਛੱਡ ਦੇਣ। ਲੇਕਿਨ ਅਕਸਰ ਇਨ੍ਹਾਂ ਹਮਲਿਆਂ ਦਾ ਉਲਟਾ ਅਸਰ ਪੈਂਦਾ ਹੈ ਤੇ ਪਰਮੇਸ਼ੁਰ ਦੇ ਲੋਕਾਂ ਦੀ ਏਕਤਾ ਹੋਰ ਵੀ ਮਜ਼ਬੂਤ ਹੋ ਜਾਂਦੀ ਹੈ। ਪਰ ਸ਼ਤਾਨ ਸੱਪ ਵਾਂਗ ਗੁੱਝੇ ਹਮਲੇ ਕਿੱਦਾਂ ਕਰਦਾ ਹੈ?
4 ਉਹ ਆਪਣੇ ਤੇਜ਼ ਦਿਮਾਗ਼ ਤੋਂ ਕੰਮ ਲੈ ਕੇ ਕਦੇ-ਕਦੇ ਘਾਹ ਵਿਚ ਲੁਕੇ ਹੋਏ ਜ਼ਹਿਰੀਲੇ ਸੱਪ ਦੀ ਤਰ੍ਹਾਂ ਹਮਲਾ ਕਰਦਾ ਹੈ। ਕਿਵੇਂ? ਉਹ ਪਰਮੇਸ਼ੁਰ ਦੇ ਕੁਝ ਲੋਕਾਂ ਦੇ ਮਨਾਂ ਵਿਚ ਜ਼ਹਿਰ ਭਰਦਾ ਹੈ ਅਤੇ ਉਨ੍ਹਾਂ ਨੂੰ ਭਰਮਾ ਕੇ ਉਨ੍ਹਾਂ ਤੋਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਵਾਉਣ ਦੀ ਬਜਾਇ ਆਪਣੀ ਇੱਛਾ ਪੂਰੀ ਕਰਵਾ ਰਿਹਾ ਹੈ। ਇਸ ਦੇ ਨਤੀਜੇ ਬਹੁਤ ਬੁਰੇ ਹਨ। ਸਾਡੇ ਲਈ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਸ਼ਤਾਨ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ। (2 ਕੁਰਿੰਥੀਆਂ 2:11) ਆਓ ਆਪਾਂ ਹੁਣ ਸ਼ਤਾਨ ਦੇ ਚਾਰ ਧੋਖੇ-ਭਰੇ ਫੰਦਿਆਂ ਬਾਰੇ ਚਰਚਾ ਕਰੀਏ ਜਿਨ੍ਹਾਂ ਦੁਆਰਾ ਉਹ ਇਕ ਸ਼ਿਕਾਰੀ ਵਾਂਗ ਸਾਨੂੰ ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ।
ਇਨਸਾਨ ਦਾ ਡਰ
5. ‘ਮਨੁੱਖਾਂ ਦਾ ਭੈ’ ਇੰਨਾ ਪ੍ਰਭਾਵਕਾਰੀ ਫੰਦਾ ਕਿਉਂ ਹੈ?
5 ਸ਼ਤਾਨ ਜਾਣਦਾ ਹੈ ਕਿ ਇਨਸਾਨ ਕੁਦਰਤੀ ਤੌਰ ਤੇ ਚਾਹੁੰਦਾ ਹੈ ਕਿ ਦੂਸਰੇ ਉਸ ਨੂੰ ਪਸੰਦ ਕਰਨ। ਸਾਨੂੰ ਵੀ ਚਿੰਤਾ ਰਹਿੰਦੀ ਹੈ ਕਿ ਦੂਸਰੇ ਸਾਡੇ ਬਾਰੇ ਕੀ ਸੋਚਦੇ ਹਨ। ਸ਼ਤਾਨ ਸਾਡੀ ਇਸ ਚਿੰਤਾ ਦਾ ਫ਼ਾਇਦਾ ਉਠਾਉਣਾ ਚਾਹੁੰਦਾ ਹੈ। ਮਿਸਾਲ ਲਈ, ਉਹ ‘ਮਨੁੱਖ ਦੇ ਭੈ’ ਦਾ ਫੰਦਾ ਵਰਤ ਕੇ ਪਰਮੇਸ਼ੁਰ ਦੇ ਕੁਝ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਲੈਂਦਾ ਹੈ। (ਕਹਾਉਤਾਂ 29:25) ਜੇ ਇਨਸਾਨਾਂ ਦੇ ਡਰ ਕਾਰਨ ਪਰਮੇਸ਼ੁਰ ਦੇ ਸੇਵਕ ਹੋਰਨਾਂ ਲੋਕਾਂ ਨਾਲ ਰਲ ਕੇ ਉਹ ਕੰਮ ਕਰਨ ਜੋ ਯਹੋਵਾਹ ਨੇ ਮਨ੍ਹਾ ਕੀਤੇ ਹਨ ਜਾਂ ਉਹ ਕੰਮ ਨਾ ਕਰਨ ਜਿਨ੍ਹਾਂ ਦਾ ਉਨ੍ਹਾਂ ਨੂੰ ਹੁਕਮ ਦਿੱਤਾ ਗਿਆ ਹੈ, ਤਾਂ ਵਾਕਈ ਉਹ ਸ਼ਤਾਨ ਦੇ ਜਾਲ ਵਿਚ ਫਸ ਗਏ ਹਨ।—ਹਿਜ਼ਕੀਏਲ 33:8; ਯਾਕੂਬ 4:17.
6. ਇਕ ਨੌਜਵਾਨ ਸ਼ਤਾਨ ਦੇ ਫੰਦੇ ਵਿਚ ਕਿਵੇਂ ਫਸ ਸਕਦਾ ਹੈ?
6 ਉਦਾਹਰਣ ਲਈ, ਅਜਿਹੇ ਡਰ ਕਾਰਨ ਇਕ ਨੌਜਵਾਨ ਸਕੂਲ ਦੇ ਮੁੰਡੇ-ਕੁੜੀਆਂ ਦੇ ਦਬਾਅ ਹੇਠ ਆ ਕੇ ਸ਼ਾਇਦ ਸਿਗਰਟ ਪੀ ਲਵੇ। ਹੋ ਸਕਦਾ ਹੈ ਕਿ ਉਸ ਦਿਨ ਸਕੂਲ ਜਾਂਦੇ ਸਮੇਂ ਉਸ ਦੇ ਮਨ ਵਿਚ ਸਿਗਰਟ ਪੀਣ ਦਾ ਖ਼ਿਆਲ ਵੀ ਨਾ ਆਇਆ ਹੋਵੇ। ਪਰ ਕੁਝ ਹੀ ਦੇਰ ਬਾਅਦ ਉਹ ਸਿਗਰਟ ਪੀ ਕੇ ਉਹ ਕੰਮ ਕਰ ਬੈਠਦਾ ਹੈ ਜੋ ਉਸ ਦੀ ਸਿਹਤ ਲਈ ਹਾਨੀਕਾਰਕ ਹੈ ਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ। (2 ਕੁਰਿੰਥੀਆਂ 7:1) ਉਹ ਇੱਦਾਂ ਕਰਨ ਲਈ ਕਿੱਦਾਂ ਬਹਿਕਾਵੇ ਵਿਚ ਆ ਗਿਆ? ਸ਼ਾਇਦ ਉਹ ਬੁਰੀ ਸੰਗਤ ਵਿਚ ਪੈ ਗਿਆ ਤੇ ਇਹ ਨਹੀਂ ਸੀ ਚਾਹੁੰਦਾ ਕਿ ਉਸ ਦਾ ਮਜ਼ਾਕ ਉਡਾਇਆ ਜਾਵੇ। ਨੌਜਵਾਨੋ, ਆਪਣੇ ਆਪ ਨੂੰ ਸ਼ਤਾਨ ਦੇ ਜਾਲ ਵਿਚ ਨਾ ਫਸਣ ਦਿਓ! ਆਪਣਾ ਬਚਾਅ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਸਮਝੌਤਾ ਨਾ ਕਰੋ। ਬਾਈਬਲ ਦੀ ਸਲਾਹ ਉੱਤੇ ਚੱਲ ਕੇ ਬੁਰੀ ਸੰਗਤ ਤੋਂ ਦੂਰ ਰਹੋ।—1 ਕੁਰਿੰਥੀਆਂ 15:33.
7. ਸ਼ਤਾਨ ਮਾਪਿਆਂ ਦੀ ਨਿਹਚਾ ਨੂੰ ਕਮਜ਼ੋਰ ਕਰਨ ਦੀ ਕਿਵੇਂ ਕੋਸ਼ਿਸ਼ ਕਰਦਾ ਹੈ?
7 ਮਸੀਹੀ ਮਾਪੇ ਆਪਣੇ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਨ। (1 ਤਿਮੋਥਿਉਸ 5:8) ਪਰ ਸ਼ਤਾਨ ਚਾਹੁੰਦਾ ਹੈ ਕਿ ਸਾਡਾ ਸਾਰਾ ਸਮਾਂ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਣ ਵਿਚ ਹੀ ਗੁਜ਼ਰ ਜਾਵੇ। ਕਈ ਭੈਣ-ਭਰਾ ਅਕਸਰ ਮੀਟਿੰਗਾਂ ਵਿਚ ਨਹੀਂ ਆਉਂਦੇ ਕਿਉਂਕਿ ਉਹ ਆਪਣੇ ਮਾਲਕ ਦੇ ਦਬਾਅ ਥੱਲੇ ਆ ਕੇ ਓਵਰ-ਟਾਈਮ ਕਰਨ ਲਈ ਮਜਬੂਰ ਹੋ ਜਾਂਦੇ ਹਨ। ਹੋ ਸਕਦਾ ਹੈ ਕਿ ਉਹ ਆਪਣੇ ਮਾਲਕ ਤੋਂ ਛੁੱਟੀ ਲੈਣ ਤੋਂ ਡਰਦੇ ਹੋਣ ਜਿਸ ਕਰਕੇ ਉਹ ਸੰਮੇਲਨ ਦੇ ਸਾਰੇ ਸੈਸ਼ਨਾਂ ਵਿਚ ਹਾਜ਼ਰ ਹੋ ਕੇ ਭੈਣਾਂ-ਭਰਾਵਾਂ ਨਾਲ ਯਹੋਵਾਹ ਦੀ ਭਗਤੀ ਨਹੀਂ ਕਰ ਪਾਉਂਦੇ। ਇਨਸਾਨ ਦੇ ਡਰ ਦੇ ਇਸ ਫੰਦੇ ਤੋਂ ਬਚਣ ਲਈ ਸਾਨੂੰ “ਯਹੋਵਾਹ ਉੱਤੇ ਭਰੋਸਾ” ਰੱਖਣ ਦੀ ਲੋੜ ਹੈ। (ਕਹਾਉਤਾਂ 3:5, 6) ਇਸ ਦੇ ਨਾਲ-ਨਾਲ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਸਾਰੇ ਯਹੋਵਾਹ ਦੇ ਸੇਵਕ ਹਾਂ ਤੇ ਉਸ ਨੇ ਸਾਡੀ ਦੇਖ-ਭਾਲ ਕਰਨ ਦਾ ਵਾਅਦਾ ਕੀਤਾ ਹੈ। ਮਾਪਿਓ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਯਹੋਵਾਹ ਕਿਸੇ-ਨ-ਕਿਸੇ ਤਰੀਕੇ ਨਾਲ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਦੇਖ-ਭਾਲ ਕਰੇਗਾ ਜੇ ਤੁਸੀਂ ਉਸ ਦੀ ਮਰਜ਼ੀ ਪੂਰੀ ਕਰੋਗੇ? ਜਾਂ ਕੀ ਤੁਸੀਂ ਇਨਸਾਨਾਂ ਤੋਂ ਡਰ ਕੇ ਸ਼ਤਾਨ ਦੀ ਇੱਛਾ ਪੂਰੀ ਕਰੋਗੇ? ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਪ੍ਰਾਰਥਨਾ ਸਹਿਤ ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ।
ਧਨ-ਦੌਲਤ
8. ਸ਼ਤਾਨ ਸਾਨੂੰ ਧਨ-ਦੌਲਤ ਦੇ ਫੰਦੇ ਵਿਚ ਫਸਾਉਣ ਦੀ ਕਿਵੇਂ ਕੋਸ਼ਿਸ਼ ਕਰਦਾ ਹੈ?
8 ਸ਼ਤਾਨ ਸਾਨੂੰ ਧਨ-ਦੌਲਤ ਦੇ ਫੰਦੇ ਵਿਚ ਫਸਾਉਣ ਦੀ ਵੀ ਕੋਸ਼ਿਸ਼ ਕਰਦਾ ਹੈ। ਦੁਨੀਆਂ ਅਕਸਰ ਲੋਕਾਂ ਸਾਮ੍ਹਣੇ ਰਾਤੋ-ਰਾਤ ਅਮੀਰ ਬਣਨ ਦੀਆਂ ਸਕੀਮਾਂ ਰੱਖਦੀ ਹੈ ਜਿਨ੍ਹਾਂ ਕਾਰਨ ਯਹੋਵਾਹ ਦੇ ਕੁਝ ਸੇਵਕ ਵੀ ਧੋਖਾ ਖਾ ਸਕਦੇ ਹਨ। ਕਦੇ-ਕਦਾਈਂ ਸਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ: “ਸਖ਼ਤ ਮਿਹਨਤ ਕਰੋ। ਫਿਰ ਜਦ ਤੁਸੀਂ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਕੁਝ ਬਣ ਜਾਓਗੇ, ਤਾਂ ਤੁਸੀਂ ਆਰਾਮ ਨਾਲ ਜ਼ਿੰਦਗੀ ਦਾ ਆਨੰਦ ਮਾਣ ਸਕੋਗੇ। ਫਿਰ ਤੁਸੀਂ ਪਾਇਨੀਅਰੀ ਵੀ ਕਰ ਸਕਦੇ ਹੋ।” ਇਸ ਤਰ੍ਹਾਂ ਸੋਚਣਾ ਕਿੰਨਾ ਖ਼ਤਰਨਾਕ ਹੈ! ਸ਼ਾਇਦ ਕਲੀਸਿਯਾ ਵਿਚ ਅਜਿਹੀ ਸਲਾਹ ਦੇਣ ਵਾਲੇ ਉਹ ਹਨ ਜੋ ਪੈਸਾ ਕਮਾਉਣ ਲਈ ਆਪਣੇ ਭੈਣਾਂ-ਭਰਾਵਾਂ ਦਾ ਫ਼ਾਇਦਾ ਉਠਾਉਂਦੇ ਹਨ। ਆਪਣੀ ਜ਼ਿੰਦਗੀ ਨੂੰ ਆਰਾਮਦਾਇਕ ਬਣਾਉਣ ਦੀ ਇਸ ਹੱਲਾਸ਼ੇਰੀ ਬਾਰੇ ਧਿਆਨ ਨਾਲ ਸੋਚੋ। ਕੀ ਅਜਿਹੀ ਸੋਚਣੀ ਯਿਸੂ ਦੇ ਬਿਰਤਾਂਤ ਦੇ ਉਸ “ਨਦਾਨ” ਧਨਵਾਨ ਦੀ ਸੋਚਣੀ ਵਰਗੀ ਨਹੀਂ ਹੈ?—ਲੂਕਾ 12:16-21.
9. ਸਾਡੇ ਵਿੱਚੋਂ ਕੁਝ ਨਵੀਆਂ ਤੋਂ ਨਵੀਆਂ ਚੀਜ਼ਾਂ ਖ਼ਰੀਦਣ ਦੇ ਫੰਦੇ ਵਿਚ ਕਿਉਂ ਫਸ ਜਾਂਦੇ ਹਨ?
9 ਸ਼ਤਾਨ ਦੀ ਦੁਨੀਆਂ ਲੋਕਾਂ ਦੇ ਦਿਲਾਂ ਵਿਚ ਨਵੀਆਂ ਤੋਂ ਨਵੀਆਂ ਚੀਜ਼ਾਂ ਹਾਸਲ ਕਰਨ ਦੀ ਖ਼ਾਹਸ਼ ਜਗਾਉਂਦੀ ਹੈ। ਧਨ-ਦੌਲਤ ਜੋੜਨ ਦੀ ਇਹ ਖ਼ਾਹਸ਼ ਸਾਡੀ ਭਗਤੀ ਵਿਚ ਰੁਕਾਵਟ ਬਣ ਸਕਦੀ ਹੈ ਕਿਉਂਕਿ ਇਹ ਪਰਮੇਸ਼ੁਰ ਦੇ ਬਚਨ ਦੇ ਬੀ ਨੂੰ ਦਬਾ ਲੈਂਦੀ ਹੈ ਤੇ ਉਹ “ਅਫੱਲ” ਰਹਿ ਜਾਂਦਾ ਹੈ। (ਮਰਕੁਸ 4:19) ਬਾਈਬਲ ਸਾਨੂੰ ਖਾਣ ਲਈ ਰੋਟੀ ਅਤੇ ਤਨ ਢੱਕਣ ਲਈ ਕੱਪੜੇ ਨਾਲ ਸੰਤੁਸ਼ਟ ਹੋਣ ਦੀ ਸਲਾਹ ਦਿੰਦੀ ਹੈ। (1 ਤਿਮੋਥਿਉਸ 6:8) ਲੇਕਿਨ ਕਈ ਸ਼ਤਾਨ ਦੇ ਜਾਲ ਵਿਚ ਫਸ ਜਾਂਦੇ ਹਨ ਕਿਉਂਕਿ ਉਹ ਇਸ ਸਲਾਹ ਨੂੰ ਲਾਗੂ ਨਹੀਂ ਕਰਦੇ। ਕੀ ਇੱਦਾਂ ਹੋ ਸਕਦਾ ਹੈ ਕਿ ਕੁਝ ਲੋਕ ਘਮੰਡੀ ਹੋਣ ਕਾਰਨ ਆਪਣੀ ਜ਼ਿੰਦਗੀ ਦੇ ਤੌਰ-ਤਰੀਕੇ ਨਹੀਂ ਬਦਲਣੇ ਚਾਹੁੰਦੇ? ਸਾਡੇ ਬਾਰੇ ਕੀ? ਕੀ ਸਾਡੇ ਦਿਲਾਂ ਵਿਚ ਚੀਜ਼ਾਂ ਖ਼ਰੀਦਣ ਦੀ ਲਾਲਸਾ ਕਾਰਨ ਪਰਮੇਸ਼ੁਰ ਦੀ ਭਗਤੀ ਦੀ ਅਹਿਮੀਅਤ ਘੱਟ ਗਈ ਹੈ? (ਹੱਜਈ 1:2-8) ਅਫ਼ਸੋਸ ਦੀ ਗੱਲ ਹੈ ਕਿ ਆਰਥਿਕ ਤੰਗੀਆਂ ਦਾ ਸਾਮ੍ਹਣਾ ਕਰਨ ਵੇਲੇ ਕਈਆਂ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਤਿਆਗ ਦਿੱਤਾ ਹੈ ਤਾਂਕਿ ਉਹ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਬਰਕਰਾਰ ਰੱਖ ਸਕਣ। ਸਾਨੂੰ ਪੈਸੇ ਕਮਾਉਣ ਦੇ ਚੱਕਰ ਵਿਚ ਫਸੇ ਦੇਖ ਕੇ ਸ਼ਤਾਨ ਖ਼ੁਸ਼ ਹੁੰਦਾ ਹੈ।
ਗ਼ਲਤ ਕਿਸਮ ਦਾ ਮਨੋਰੰਜਨ
10. ਸਾਨੂੰ ਕਿਸ ਗੱਲ ਵਿਚ ਆਪਣੀ ਜਾਂਚ ਕਰਨੀ ਚਾਹੀਦੀ ਹੈ?
10 ਸ਼ਤਾਨ ਦਾ ਇਕ ਹੋਰ ਫੰਦਾ ਇਹ ਹੈ ਕਿ ਉਹ ਮਨੋਰੰਜਨ ਰਾਹੀਂ ਬੜੀ ਚਲਾਕੀ ਨਾਲ ਲੋਕਾਂ ਨੂੰ ਹੌਲੀ-ਹੌਲੀ ਬੁਰੀਆਂ ਚੀਜ਼ਾਂ ਦੇ ਆਦੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਸਦੂਮ ਅਤੇ ਅਮੂਰਾਹ ਦੇ ਵਾਸੀਆਂ ਵਰਗੀ ਭ੍ਰਿਸ਼ਟ ਸੋਚਣੀ ਅੱਜ ਟੈਲੀਵਿਯਨ ਪ੍ਰੋਗ੍ਰਾਮਾਂ ਤੇ ਫ਼ਿਲਮਾਂ ਵਿਚ ਦੇਖੀ ਜਾ ਸਕਦੀ ਹੈ। ਟੈਲੀਵਿਯਨ ਤੇ ਰਸਾਲਿਆਂ ਵਿਚ ਦਿੱਤੀਆਂ ਜਾਂਦੀਆਂ ਖ਼ਬਰਾਂ ਵਿਚ ਵੀ ਹਿੰਸਾ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਲੋਕਾਂ ਦੀ ਕਾਮ ਵਾਸ਼ਨਾ ਨੂੰ ਜਗਾਇਆ ਜਾਂਦਾ ਹੈ। ਅੱਜ-ਕੱਲ੍ਹ ਟੀ. ਵੀ. ਅਤੇ ਫ਼ਿਲਮਾਂ ਵਿਚ ਅਜਿਹਾ ਮਨੋਰੰਜਨ ਪੇਸ਼ ਕੀਤਾ ਜਾਂਦਾ ਹੈ ਕਿ ਲੋਕਾਂ ਦੀ “ਭਲੇ ਬੁਰੇ ਦੀ ਜਾਚ ਕਰਨ” ਦੀ ਯੋਗਤਾ ਘੱਟ ਰਹੀ ਹੈ। (ਇਬਰਾਨੀਆਂ 5:14) ਲੇਕਿਨ ਯਾਦ ਰੱਖੋ ਕਿ ਯਹੋਵਾਹ ਨੇ ਯਸਾਯਾਹ ਨਬੀ ਰਾਹੀਂ ਕਿਹਾ ਸੀ: “ਹਾਇ ਓਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ!” (ਯਸਾਯਾਹ 5:20) ਕੀ “ਫਾਂਧੀ” ਅਥਵਾ ਸ਼ਤਾਨ ਚਲਾਕੀ ਨਾਲ ਗ਼ਲਤ ਕਿਸਮ ਦੇ ਮਨੋਰੰਜਨ ਦੁਆਰਾ ਤੁਹਾਡੇ ਮਨਾਂ ਨੂੰ ਭ੍ਰਿਸ਼ਟ ਕਰਨ ਵਿਚ ਕਾਮਯਾਬ ਹੋਇਆ ਹੈ? ਇਸ ਤਰ੍ਹਾਂ ਆਪਣੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ।—2 ਕੁਰਿੰਥੀਆਂ 13:5.
11. ਪਹਿਰਾਬੁਰਜ ਰਸਾਲੇ ਵਿਚ ਟੈਲੀਵਿਯਨ ਉੱਤੇ ਸੀਰੀਅਲ ਦੇਖਣ ਬਾਰੇ ਕਿਹੜੀ ਚੇਤਾਵਨੀ ਦਿੱਤੀ ਗਈ ਸੀ?
11 ਤਕਰੀਬਨ 25 ਸਾਲ ਪਹਿਲਾਂ ਪਹਿਰਾਬੁਰਜ ਰਸਾਲੇ ਵਿਚ ਸਾਨੂੰ ਟੈਲੀਵਿਯਨ ਉੱਤੇ ਸੀਰੀਅਲ ਦੇਖਣ ਬਾਰੇ ਚੇਤਾਵਨੀ ਦਿੱਤੀ ਗਈ ਸੀ।a ਅਜਿਹੇ ਨਾਟਕਾਂ ਦੇ ਬੁਰੇ ਪ੍ਰਭਾਵ ਬਾਰੇ ਇਸ ਤਰ੍ਹਾਂ ਦੱਸਿਆ ਗਿਆ ਸੀ: “ਨਾਟਕਾਂ ਵਿਚ ਦਿਖਾਇਆ ਜਾਂਦਾ ਹੈ ਕਿ ਮੁਹੱਬਤ ਦੀ ਤਲਾਸ਼ ਵਿਚ ਸਭ ਕੁਝ ਜਾਇਜ਼ ਹੈ। ਮਿਸਾਲ ਲਈ, ਨਾਟਕ ਵਿਚ ਇਕ ਅਣਵਿਆਹੀ ਲੜਕੀ ਗਰਭਵਤੀ ਹੋ ਜਾਂਦੀ ਹੈ ਤੇ ਆਪਣੀ ਸਹੇਲੀ ਨੂੰ ਕਹਿੰਦੀ ਹੈ: ‘ਵਿਕਟਰ ਮੇਰਾ ਪਿਆਰ ਹੈ। ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ। . . . ਮੇਰੇ ਲਈ ਉਸ ਦੇ ਬੱਚੇ ਦੀ ਮਾਂ ਬਣਨ ਤੋਂ ਵੱਡੀ ਖ਼ੁਸ਼ੀ ਦੀ ਗੱਲ ਕੋਈ ਹੋ ਹੀ ਨਹੀਂ ਸਕਦੀ।’ ਪਿੱਛਿਓਂ ਆਉਂਦੀ ਸੰਗੀਤ ਦੀ ਮਧੁਰ ਆਵਾਜ਼ ਕਾਰਨ ਤੁਹਾਡਾ ਦਿਲ ਵੀ ਪਿਘਲ ਜਾਂਦਾ ਹੈ। ਤੁਸੀਂ ਵਿਚਾਰ ਕਰਨ ਲੱਗਦੇ ਹੋ ਕਿ ਉਸ ਲੜਕੀ ਦਾ ਚਾਲ-ਚਲਣ ਇੰਨਾ ਬੁਰਾ ਵੀ ਨਹੀਂ। ਤੁਸੀਂ ਵੀ ਵਿਕਟਰ ਨੂੰ ਪਸੰਦ ਕਰਨ ਲੱਗਦੇ ਹੋ। ਤੁਸੀਂ ਉਸ ਲੜਕੀ ਨਾਲ ਹਮਦਰਦੀ ਕਰ ਕੇ ਉਸ ਦੇ ਜਜ਼ਬਾਤ ਸਮਝਣ ਲੱਗਦੇ ਹੋ। ਆਪਣੀ ਗ਼ਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਇਕ ਔਰਤ ਨੇ ਲਿਖਿਆ ਕਿ ‘ਹੈਰਾਨੀ ਦੀ ਗੱਲ ਹੈ ਕਿ ਤੁਹਾਨੂੰ ਆਪਣੀ ਗ਼ਲਤ ਸੋਚਣੀ ਠੀਕ ਲੱਗਣ ਲੱਗਦੀ ਹੈ। ਅਸੀਂ ਜਾਣਦੇ ਹਾਂ ਕਿ ਅਨੈਤਿਕਤਾ ਗ਼ਲਤ ਹੈ। . . . ਪਰ ਮੈਨੂੰ ਅਹਿਸਾਸ ਹੋਣ ਲੱਗਾ ਕਿ ਮਨ ਹੀ ਮਨ ਵਿਚ ਮੈਂ ਇਸ ਵਿਚ ਹਿੱਸਾ ਲੈਣ ਲੱਗ ਪਈ ਸੀ।’”
12. ਟੈਲੀਵਿਯਨ ਪ੍ਰੋਗ੍ਰਾਮਾਂ ਬਾਰੇ ਚੇਤਾਵਨੀ ਅੱਜ ਸਾਡੇ ਲਈ ਢੁਕਵੀਂ ਕਿਉਂ ਹੈ?
12 ਅੱਜ ਦਿਲਾਂ ਤੇ ਮਨਾਂ ਨੂੰ ਭ੍ਰਿਸ਼ਟ ਕਰਨ ਵਾਲੇ ਨਾਟਕ ਅੱਗੇ ਨਾਲੋਂ ਕਿਤੇ ਜ਼ਿਆਦਾ ਦਿਖਾਏ ਜਾਂਦੇ ਹਨ। ਕੁਝ ਥਾਵਾਂ ਤੇ ਅਜਿਹੇ ਨਾਟਕ 24 ਘੰਟੇ ਟੈਲੀਵਿਯਨ ਤੇ ਚੱਲਦੇ ਰਹਿੰਦੇ ਹਨ। ਆਦਮੀ, ਔਰਤਾਂ ਤੇ ਨੌਜਵਾਨ ਲਗਾਤਾਰ ਆਪਣੇ ਮਨਾਂ ਤੇ ਦਿਲਾਂ ਨੂੰ ਇਸ ਤਰ੍ਹਾਂ ਦੇ ਮਨੋਰੰਜਨ ਨਾਲ ਭਰਦੇ ਰਹਿੰਦੇ ਹਨ। ਪਰ ਸਾਨੂੰ ਆਪਣੇ ਆਪ ਨੂੰ ਗ਼ਲਤ ਦਲੀਲਾਂ ਦੇ ਕੇ ਧੋਖਾ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਸੋਚਣਾ ਗ਼ਲਤ ਹੋਵੇਗਾ ਕਿ ਜੋ ਅਸੀਂ ਟੈਲੀਵਿਯਨ ਤੇ ਦੇਖਦੇ ਹਾਂ, ਉਸ ਨਾਲੋਂ ਬੁਰੀਆਂ ਗੱਲਾਂ ਤਾਂ ਅਸੀਂ ਅਸਲ ਵਿਚ ਦੁਨੀਆਂ ਵਿਚ ਹੁੰਦੀਆਂ ਦੇਖਦੇ ਹਾਂ। ਕੀ ਆਪਣੇ ਦਿਲਪਰਚਾਵੇ ਲਈ ਅਜਿਹੇ ਲੋਕਾਂ ਨੂੰ ਪਸੰਦ ਕਰਨਾ ਸੱਚ-ਮੁੱਚ ਠੀਕ ਹੈ ਜਿਨ੍ਹਾਂ ਨੂੰ ਅਸੀਂ ਕਦੇ ਸੁਪਨੇ ਵਿਚ ਵੀ ਆਪਣੇ ਘਰ ਨਾ ਬੁਲਾਵਾਂਗੇ?
13, 14. ਟੈਲੀਵਿਯਨ ਪ੍ਰੋਗ੍ਰਾਮਾਂ ਬਾਰੇ ਚੇਤਾਵਨੀਆਂ ਪੜ੍ਹਨ ਤੋਂ ਬਾਅਦ ਕੁਝ ਭੈਣਾਂ-ਭਰਾਵਾਂ ਨੇ ਕੀ ਲਿਖਿਆ?
13 ਬਾਈਬਲ ਤੋਂ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਮਿਲੀ ਇਸ ਸਲਾਹ ਨੂੰ ਲਾਗੂ ਕਰਨ ਨਾਲ ਕਈ ਭੈਣ-ਭਰਾਵਾਂ ਨੂੰ ਲਾਭ ਹੋਇਆ। (ਮੱਤੀ 24:45-47) ਕੁਝ ਭੈਣਾਂ-ਭਰਾਵਾਂ ਨੇ ਇਸ ਸਪੱਸ਼ਟ ਸਲਾਹ ਨੂੰ ਪੜ੍ਹ ਕੇ ਖਤ ਲਿਖੇ ਕਿ ਇਨ੍ਹਾਂ ਲੇਖਾਂ ਤੋਂ ਉਨ੍ਹਾਂ ਨੂੰ ਕਿੰਨਾ ਫ਼ਾਇਦਾ ਹੋਇਆ।b ਮਿਸਾਲ ਲਈ, ਇਕ ਭੈਣ ਨੇ ਲਿਖਿਆ: “13 ਸਾਲਾਂ ਤਾਈਂ ਮੇਰੇ ਉੱਤੇ ਨਾਟਕ ਦੇਖਣ ਦਾ ਭੂਤ ਸਵਾਰ ਰਿਹਾ। ਮੈਂ ਸੋਚਦੀ ਹੁੰਦੀ ਸੀ ਕਿ ਮੇਰੇ ਉੱਤੇ ਇਨ੍ਹਾਂ ਨਾਟਕਾਂ ਦਾ ਕੋਈ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਮੈਂ ਮੀਟਿੰਗਾਂ ਵਿਚ ਜਾਂਦੀ ਸੀ ਤੇ ਕਦੇ-ਕਦੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੀ ਸੀ। ਪਰ ਇਨ੍ਹਾਂ ਨਾਟਕਾਂ ਕਾਰਨ ਮੇਰੀ ਸੋਚਣੀ ਬਦਲਦੀ ਗਈ। ਮੈਂ ਇਨ੍ਹਾਂ ਵਿਚ ਦਿਖਾਇਆ ਗਿਆ ਰਵੱਈਆ ਅਪਣਾਉਣ ਲੱਗੀ ਕਿ ਜੇ ਤੁਹਾਡਾ ਪਤੀ ਤੁਹਾਡੇ ਨਾਲ ਬੁਰਾ ਸਲੂਕ ਕਰਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੇ ਨਾਲ ਪਿਆਰ ਨਹੀਂ ਕਰਦਾ, ਤਾਂ ਕਿਸੇ ਹੋਰ ਮਰਦ ਨਾਲ ਸੰਬੰਧ ਰੱਖਣ ਵਿਚ ਕੋਈ ਹਰਜ਼ ਨਹੀਂ। ਤੇ ਇਸ ਦਾ ਜ਼ਿੰਮੇਵਾਰ ਤੁਹਾਡਾ ਪਤੀ ਹੋਵੇਗਾ। ਫਿਰ ਅਜਿਹਾ ਸਮਾਂ ਵੀ ਆਇਆ ਜਦ ਮੈਂ ਆਪਣੇ ਪਤੀ ਨਾਲ ਬੇਵਫ਼ਾਈ ਕੀਤੀ ਅਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਪਾਪ ਕੀਤਾ।” ਇਸ ਔਰਤ ਨੂੰ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ ਸੀ। ਪਰ ਫਿਰ ਜਦ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਤਾਂ ਉਸ ਨੇ ਤੋਬਾ ਕੀਤੀ ਤੇ ਉਸ ਨੂੰ ਕਲੀਸਿਯਾ ਦੀ ਮੈਂਬਰ ਵਜੋਂ ਦੁਬਾਰਾ ਸਵੀਕਾਰ ਕਰ ਲਿਆ ਗਿਆ। ਇਸ ਭੈਣ ਨੂੰ ਉਨ੍ਹਾਂ ਲੇਖਾਂ ਤੋਂ ਬਹੁਤ ਹਿੰਮਤ ਮਿਲੀ ਜਿਨ੍ਹਾਂ ਵਿਚ ਅਜਿਹੇ ਨਾਟਕਾਂ ਬਾਰੇ ਚੇਤਾਵਨੀ ਦਿੱਤੀ ਗਈ ਸੀ। ਹੁਣ ਉਹ ਅਜਿਹੇ ਦਿਲਪਰਚਾਵੇ ਤੋਂ ਦੂਰ ਹੀ ਰਹਿੰਦੀ ਹੈ ਜਿਸ ਨਾਲ ਯਹੋਵਾਹ ਨਫ਼ਰਤ ਕਰਦਾ ਹੈ।—ਆਮੋਸ 5:14, 15.
14 ਇਕ ਹੋਰ ਭੈਣ, ਜਿਸ ਦੀ ਜ਼ਿੰਦਗੀ ਤੇ ਅਜਿਹੇ ਨਾਟਕਾਂ ਨੇ ਅਸਰ ਪਾਇਆ ਸੀ, ਨੇ ਕਿਹਾ: “ਮੈਂ ਇਹ ਲੇਖ ਪੜ੍ਹ ਕੇ ਬਹੁਤ ਹੀ ਰੋਈ। ਮੈਨੂੰ ਅਹਿਸਾਸ ਹੋਇਆ ਕਿ ਮੈਂ ਯਹੋਵਾਹ ਦੀ ਸੇਵਾ ਪੂਰੇ ਦਿਲ ਨਾਲ ਨਹੀਂ ਕਰ ਰਹੀ ਸੀ। ਮੈਂ ਪਰਮੇਸ਼ੁਰ ਨਾਲ ਵਾਅਦਾ ਕੀਤਾ ਕਿ ਮੈਂ ਅੱਜ ਤੋਂ ਬਾਅਦ ਸੀਰੀਅਲਾਂ ਦੀ ਗ਼ੁਲਾਮ ਨਹੀਂ ਬਣਾਂਗੀ।” ਇਕ ਹੋਰ ਭੈਣ ਨੇ ਇਨ੍ਹਾਂ ਲੇਖਾਂ ਲਈ ਧੰਨਵਾਦ ਕਰਨ ਤੋਂ ਬਾਅਦ ਸਵੀਕਾਰ ਕੀਤਾ ਕਿ ਉਸ ਨੂੰ ਨਾਟਕ ਦੇਖਣ ਦਾ ਬਹੁਤ ਹੀ ਸ਼ੌਕ ਸੀ। ਉਸ ਨੇ ਲਿਖਿਆ: “ਮੈਂ ਸੋਚਦੀ ਸੀ . . . ਕਿ ਕੀ ਇਹ ਨਾਟਕ ਵਾਕਈ ਯਹੋਵਾਹ ਨਾਲ ਮੇਰੇ ਰਿਸ਼ਤੇ ਉੱਤੇ ਅਸਰ ਪਾ ਸਕਦੇ ਸਨ। ਮੈਂ ‘ਉਨ੍ਹਾਂ ਲੋਕਾਂ’ ਨਾਲ ਦੋਸਤੀ ਕਰ ਕੇ ਯਹੋਵਾਹ ਨਾਲ ਦੋਸਤੀ ਕਿਵੇਂ ਕਰ ਸਕਦੀ ਸੀ?” ਜੇਕਰ ਇਹ ਨਾਟਕ 25 ਸਾਲ ਪਹਿਲਾਂ ਇੰਨਾ ਬੁਰਾ ਪ੍ਰਭਾਵ ਪਾ ਰਹੇ ਸਨ, ਤਾਂ ਅੱਜ ਇਨ੍ਹਾਂ ਦਾ ਕਿਹੋ ਜਿਹਾ ਅਸਰ ਪੈ ਰਿਹਾ ਹੈ? (2 ਤਿਮੋਥਿਉਸ 3:13) ਸਾਨੂੰ ਅਜਿਹੇ ਟੀ. ਵੀ. ਸੀਰੀਅਲਾਂ, ਹਿੰਸਕ ਵਿਡਿਓ ਖੇਡਾਂ ਤੇ ਅਸ਼ਲੀਲ ਗੀਤਾਂ ਦੇ ਵਿਡਿਓ ਵਰਗੇ ਹਰ ਕਿਸਮ ਦੇ ਖ਼ਰਾਬ ਮਨੋਰੰਜਨ ਦੇ ਫੰਦੇ ਵਿਚ ਫਸਣ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਆਪਸੀ ਮਤਭੇਦ
15. ਕੁਝ ਭੈਣ-ਭਰਾ ਸ਼ਤਾਨ ਦੇ ਜਾਲ ਵਿਚ ਕਿਵੇਂ ਫਸ ਜਾਂਦੇ ਹਨ?
15 ਸ਼ਤਾਨ ਚਾਹੁੰਦਾ ਹੈ ਕਿ ਆਪਸੀ ਮਤਭੇਦਾਂ ਕਾਰਨ ਯਹੋਵਾਹ ਦੇ ਲੋਕਾਂ ਵਿਚ ਫੁੱਟ ਪੈ ਜਾਵੇ। ਯਹੋਵਾਹ ਦੀ ਸੇਵਾ ਵਿਚ ਚਾਹੇ ਸਾਨੂੰ ਜੋ ਮਰਜ਼ੀ ਸਨਮਾਨ ਮਿਲੇ ਹੋਣ, ਫਿਰ ਵੀ ਅਸੀਂ ਸ਼ਤਾਨ ਦੇ ਇਸ ਫੰਦੇ ਵਿਚ ਆਸਾਨੀ ਨਾਲ ਫਸ ਸਕਦੇ ਹਾਂ। ਕੁਝ ਭੈਣ-ਭਰਾ ਸ਼ਤਾਨ ਦੀ ਮਰਜ਼ੀ ਪੂਰੀ ਕਰਨ ਲੱਗਦੇ ਹਨ ਕਿਉਂਕਿ ਉਹ ਆਪਸੀ ਮਤਭੇਦਾਂ ਕਾਰਨ ਆਪਣੇ ਰਿਸ਼ਤਿਆਂ ਵਿਚ ਦਰਾੜ ਪਾ ਲੈਂਦੇ ਹਨ ਜਿਸ ਨਾਲ ਕਲੀਸਿਯਾ ਦੀ ਸ਼ਾਂਤੀ ਤੇ ਏਕਤਾ ਭੰਗ ਹੋ ਜਾਂਦੀ ਹੈ।—ਜ਼ਬੂਰਾਂ ਪੋਥੀ 133:1-3.
16. ਸ਼ਤਾਨ ਚਲਾਕੀ ਨਾਲ ਸਾਡੀ ਏਕਤਾ ਤੋੜਨ ਦੀ ਕੋਸ਼ਿਸ਼ ਕਿਵੇਂ ਕਰਦਾ ਹੈ?
16 ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਤਾਨ ਨੇ ਸ਼ੇਰ ਵਾਂਗ ਸਾਮ੍ਹਣਿਓਂ ਹਮਲਾ ਕਰ ਕੇ ਧਰਤੀ ਉੱਤੇ ਯਹੋਵਾਹ ਦੇ ਸੰਗਠਨ ਦਾ ਨਾਸ਼ ਕਰਨਾ ਚਾਹਿਆ, ਪਰ ਉਹ ਇਸ ਵਿਚ ਅਸਫ਼ਲ ਰਿਹਾ। (ਪਰਕਾਸ਼ ਦੀ ਪੋਥੀ 11:7-13) ਉਸ ਸਮੇਂ ਤੋਂ ਲੈ ਕੇ ਅੱਜ ਤਕ ਉਹ ਸੱਪ ਵਾਂਗ ਬੜੀ ਚਲਾਕੀ ਨਾਲ ਸਾਡੇ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ਅਸੀਂ ਮਤਭੇਦਾਂ ਨੂੰ ਦੂਰ ਨਹੀਂ ਕਰਦੇ, ਤਾਂ ਸਾਡੇ ਵਿਚਕਾਰ ਵੈਰ ਪੈ ਸਕਦਾ ਹੈ ਅਤੇ ਸ਼ਤਾਨ ਇਸ ਦਾ ਪੂਰਾ ਫ਼ਾਇਦਾ ਉਠਾਉਣ ਲਈ ਤਿਆਰ ਖੜ੍ਹਾ ਹੈ। ਇਨ੍ਹਾਂ ਮਤਭੇਦਾਂ ਕਾਰਨ ਸਾਡੇ ਉੱਤੇ ਅਤੇ ਕਲੀਸਿਯਾ ਉੱਤੇ ਪਵਿੱਤਰ ਆਤਮਾ ਨਹੀਂ ਰਹੇਗੀ। ਇਹ ਦੇਖ ਕੇ ਸ਼ਤਾਨ ਬਹੁਤ ਖ਼ੁਸ਼ ਹੋਵੇਗਾ ਕਿਉਂਕਿ ਅਸੀਂ ਮਿਲ ਕੇ ਪ੍ਰਚਾਰ ਨਹੀਂ ਕਰ ਪਾਵਾਂਗੇ।—ਅਫ਼ਸੀਆਂ 4:27, 30-32.
17. ਜੇ ਕਿਸੇ ਨਾਲ ਸਾਡੀ ਅਣਬਣ ਹੋ ਜਾਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
17 ਤੁਸੀਂ ਕੀ ਕਰ ਸਕਦੇ ਹੋ ਜੇ ਕਿਸੇ ਭੈਣ ਜਾਂ ਭਰਾ ਨਾਲ ਤੁਹਾਡੀ ਅਣਬਣ ਹੋ ਜਾਵੇ? ਇਹ ਸੱਚ ਹੈ ਕਿ ਹਰ ਸਥਿਤੀ ਵੱਖਰੀ ਹੁੰਦੀ ਹੈ। ਕਈ ਗੱਲਾਂ ਕਰਕੇ ਸਾਡੇ ਵਿਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਪਰ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਕਾਰਨ ਨਹੀਂ ਹੈ ਕਿ ਅਸੀਂ ਆਪਸੀ ਮਤਭੇਦਾਂ ਨੂੰ ਨਾ ਸੁਲਝਾਈਏ। (ਮੱਤੀ 5:23, 24; 18:15-17) ਬਾਈਬਲ ਦੀ ਸਲਾਹ ਪਰਮੇਸ਼ੁਰ ਵੱਲੋਂ ਹੈ। ਜਦ ਅਸੀਂ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰਦੇ ਹਾਂ, ਤਾਂ ਅਸੀਂ ਕਦੇ ਨਿਰਾਸ਼ ਨਹੀਂ ਹੁੰਦੇ ਕਿਉਂਕਿ ਉਹ ਹਮੇਸ਼ਾ ਫ਼ਾਇਦੇਮੰਦ ਸਾਬਤ ਹੁੰਦੇ ਹਨ।
18. ਯਹੋਵਾਹ ਦੀ ਰੀਸ ਕਰਨ ਨਾਲ ਆਪਸੀ ਮਤਭੇਦ ਸੁਲਝਾਉਣ ਵਿਚ ਮਦਦ ਕਿਵੇਂ ਮਿਲਦੀ ਹੈ?
18 ਯਹੋਵਾਹ “ਦਯਾਲੂ” ਪਰਮੇਸ਼ੁਰ ਹੈ ਤੇ ਉਹ ਸਾਡੀਆਂ ਗ਼ਲਤੀਆਂ ਨੂੰ ‘ਮਾਫ਼’ ਕਰਦਾ ਹੈ। (ਜ਼ਬੂਰਾਂ ਦੀ ਪੋਥੀ 86:5; 130:4) ਯਹੋਵਾਹ ਦੀ ਰੀਸ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਪਿਆਰੇ ਬੱਚੇ ਹਾਂ। (ਅਫ਼ਸੀਆਂ 5:1) ਅਸੀਂ ਸਾਰੇ ਪਾਪੀ ਤੇ ਗ਼ਲਤੀਆਂ ਦੇ ਪੁਤਲੇ ਹਾਂ, ਇਸ ਲਈ ਸਾਨੂੰ ਸਾਰਿਆਂ ਨੂੰ ਯਹੋਵਾਹ ਦੁਆਰਾ ਮਾਫ਼ ਕੀਤੇ ਜਾਣ ਦੀ ਲੋੜ ਹੈ। ਤਾਂ ਫਿਰ, ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿ ਅਸੀਂ ਦੂਸਰਿਆਂ ਨੂੰ ਮਾਫ਼ ਨਾ ਕਰਨ ਦੀ ਗ਼ਲਤੀ ਨਾ ਕਰੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਯਿਸੂ ਦੇ ਦ੍ਰਿਸ਼ਟਾਂਤ ਦੇ ਉਸ ਨੌਕਰ ਵਰਗੇ ਹੋਵਾਂਗੇ ਜਿਸ ਦੇ ਮਾਲਕ ਨੇ ਉਸ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਸੀ, ਪਰ ਆਪ ਉਸ ਨੌਕਰ ਨੇ ਇਕ ਹੋਰ ਨੌਕਰ ਦਾ ਥੋੜ੍ਹਾ ਜਿਹਾ ਕਰਜ਼ਾ ਮਾਫ਼ ਨਹੀਂ ਕੀਤਾ। ਜਦ ਉਸ ਦੇ ਮਾਲਕ ਨੂੰ ਪਤਾ ਲੱਗਾ, ਤਾਂ ਉਸ ਨੇ ਇਸ ਬੇਰਹਿਮ ਨੌਕਰ ਨੂੰ ਜੇਲ੍ਹ ਵਿਚ ਸੁਟਵਾ ਦਿੱਤਾ। ਯਿਸੂ ਨੇ ਦ੍ਰਿਸ਼ਟਾਂਤ ਦੇ ਅੰਤ ਵਿਚ ਕਿਹਾ: “ਇਸੇ ਤਰਾਂ ਮੇਰਾ ਸੁਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲਾਂ ਤੋਂ ਮਾਫ਼ ਨਾ ਕਰੋ।” (ਮੱਤੀ 18:21-35) ਇਸ ਦ੍ਰਿਸ਼ਟਾਂਤ ਉੱਤੇ ਵਿਚਾਰ ਕਰਨ ਅਤੇ ਇਸ ਗੱਲ ਨੂੰ ਯਾਦ ਰੱਖਣ ਨਾਲ ਕਿ ਯਹੋਵਾਹ ਨੇ ਸਾਨੂੰ ਕਿੰਨੀ ਵਾਰ ਮਾਫ਼ ਕੀਤਾ ਹੈ, ਸਾਡੀ ਜ਼ਰੂਰ ਮਦਦ ਹੋਵੇਗੀ ਜਦ ਅਸੀਂ ਕਿਸੇ ਭੈਣ ਜਾਂ ਭਰਾ ਨਾਲ ਆਪਣੇ ਮਤਭੇਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ।—ਜ਼ਬੂਰਾਂ ਦੀ ਪੋਥੀ 19:14.
“ਅੱਤ ਮਹਾਨ ਦੀ ਓਟ ਵਿੱਚ” ਮਹਿਫੂਜ਼ ਰਹੋ
19, 20. ਇਨ੍ਹਾਂ ਖ਼ਤਰਨਾਕ ਸਮਿਆਂ ਦੌਰਾਨ ਸਾਨੂੰ ਯਹੋਵਾਹ ਦੀ “ਓਟ” ਤੇ ਉਸ ਦੇ “ਸਾਯੇ” ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
19 ਅਸੀਂ ਖ਼ਤਰਨਾਕ ਸਮਿਆਂ ਵਿਚ ਜੀ ਰਹੇ ਹਾਂ। ਅਗਰ ਯਹੋਵਾਹ ਸਾਡੀ ਰਾਖੀ ਨਾ ਕਰਦਾ, ਤਾਂ ਸ਼ਤਾਨ ਨੇ ਹੁਣ ਤਕ ਸਾਡਾ ਸਾਰਿਆਂ ਦਾ ਨਾਸ਼ ਕਰ ਦੇਣਾ ਸੀ। ਸ਼ਤਾਨ ਦੀ ਫਾਹੀ ਤੋਂ ਬਚਣ ਲਈ ਸਾਨੂੰ ‘ਅੱਤ ਮਹਾਨ ਦੀ ਓਟ ਵਿੱਚ ਵੱਸਣ’ ਦੀ ਲੋੜ ਹੈ ਤਾਂਕਿ ਅਸੀਂ ‘ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕੇ ਰਹਿ’ ਸਕੀਏ।—ਜ਼ਬੂਰਾਂ ਦੀ ਪੋਥੀ 91:1.
20 ਆਓ ਆਪਾਂ ਯਹੋਵਾਹ ਦੀਆਂ ਚੇਤਾਵਨੀਆਂ ਅਤੇ ਉਸ ਦੇ ਨਿਰਦੇਸ਼ਨ ਨੂੰ ਬੰਦਸ਼ ਨਾ ਸਮਝੀਏ। ਇਹ ਸਾਡੇ ਭਲੇ ਲਈ ਹਨ। ਅਸੀਂ ਸਾਰੇ ਇਕ ਤੇਜ਼ ਤੇ ਚਲਾਕ ਸ਼ਿਕਾਰੀ ਦਾ ਸਾਮ੍ਹਣਾ ਕਰ ਰਹੇ ਹਾਂ। ਯਹੋਵਾਹ ਦੀ ਮਦਦ ਤੋਂ ਬਿਨਾਂ ਅਸੀਂ ਉਸ ਦੀ ਫਾਹੀ ਵਿਚ ਫਸਣ ਤੋਂ ਬਚ ਨਹੀਂ ਸਕਦੇ। (ਜ਼ਬੂਰਾਂ ਦੀ ਪੋਥੀ 124:7, 8) ਇਸ ਲਈ ਆਓ ਆਪਾਂ ਦੁਆ ਕਰੀਏ ਕਿ ਯਹੋਵਾਹ ਸਾਨੂੰ ਸ਼ਤਾਨ ਦੇ ਫੰਦਿਆਂ ਤੋਂ ਬਚਾ ਕੇ ਰੱਖੇ!—ਮੱਤੀ 6:13; ਯੂਹੰਨਾ 17:15.
[ਫੁਟਨੋਟ]
ਕੀ ਤੁਹਾਨੂੰ ਯਾਦ ਹੈ?
• “ਮਨੁੱਖ ਦਾ ਭੈ” ਖ਼ਤਰਨਾਕ ਫੰਦਾ ਕਿਉਂ ਹੈ?
• ਸ਼ਤਾਨ ਧਨ-ਦੌਲਤ ਦਾ ਫੰਦਾ ਕਿਵੇਂ ਵਰਤਦਾ ਹੈ?
• ਸ਼ਤਾਨ ਨੇ ਚਲਾਕੀ ਨਾਲ ਮਨੋਰੰਜਨ ਰਾਹੀਂ ਲੋਕਾਂ ਨੂੰ ਆਪਣੇ ਫੰਦੇ ਵਿਚ ਕਿਵੇਂ ਫਸਾਇਆ ਹੈ?
• ਸਾਡੇ ਵਿਚ ਫੁੱਟ ਪਾਉਣ ਲਈ ਸ਼ਤਾਨ ਕਿਹੜਾ ਫੰਦਾ ਵਰਤਦਾ ਹੈ?
[ਸਫ਼ਾ 27 ਉੱਤੇ ਤਸਵੀਰ]
ਕਈ ਭੈਣ-ਭਰਾ ‘ਮਨੁੱਖ ਦੇ ਭੈ’ ਦੇ ਫੰਦੇ ਵਿਚ ਫਸੇ ਹਨ
[ਸਫ਼ਾ 28 ਉੱਤੇ ਤਸਵੀਰ]
ਕੀ ਤੁਹਾਨੂੰ ਅਜਿਹਾ ਦਿਲਪਰਚਾਵਾ ਪਸੰਦ ਹੈ ਜਿਸ ਨਾਲ ਯਹੋਵਾਹ ਨੂੰ ਨਫ਼ਰਤ ਹੈ?
[ਸਫ਼ਾ 29 ਉੱਤੇ ਤਸਵੀਰ]
ਜੇ ਤੁਹਾਡੀ ਕਿਸੇ ਭੈਣ ਜਾਂ ਭਰਾ ਨਾਲ ਅਣਬਣ ਹੋ ਜਾਵੇ, ਤਾਂ ਤੁਸੀਂ ਕੀ ਕਰ ਸਕਦੇ ਹੋ?