ਉਹ ਬੁਢਾਪੇ ਵਿਚ ਵੀ ਵਧਦੇ-ਫੁੱਲਦੇ ਹਨ
“ਜਿਹੜੇ ਯਹੋਵਾਹ ਦੇ ਭਵਨ ਵਿੱਚ ਲਾਏ ਹੋਏ ਹਨ . . . ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ।”—ਜ਼ਬੂਰਾਂ ਦੀ ਪੋਥੀ 92:13, 14.
1, 2. (ੳ) ਬੁਢਾਪਾ ਸ਼ਬਦ ਸੁਣ ਕੇ ਤੁਹਾਡੇ ਮਨ ਵਿਚ ਕੀ ਆਉਂਦਾ ਹੈ? (ਅ) ਆਦਮ ਦੇ ਪਾਪ ਦੇ ਅਸਰਾਂ ਨੂੰ ਖ਼ਤਮ ਕਰਨ ਸੰਬੰਧੀ ਬਾਈਬਲ ਕੀ ਵਾਅਦਾ ਕਰਦੀ ਹੈ?
ਬੁਢਾਪਾ ਸ਼ਬਦ ਸੁਣ ਕੇ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਚਮੜੀ ਤੇ ਝੁਰੜੀਆਂ? ਘੱਟ ਸੁਣਾਈ ਦੇਣਾ? ਕਮਜ਼ੋਰ ਸਰੀਰ? ਜਾਂ ਉਪਦੇਸ਼ਕ ਦੀ ਪੋਥੀ 12:1-7 ਵਿਚ ਦੱਸੇ ਗਏ ‘ਮਾੜੇ ਦਿਨਾਂ’ ਦੀ ਕੋਈ ਹਾਲਤ? ਜੇ ਤੁਹਾਡੇ ਮਨ ਵਿਚ ਇਹ ਗੱਲਾਂ ਆਉਂਦੀਆਂ ਹਨ, ਤਾਂ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਉਪਦੇਸ਼ਕ ਦੀ ਪੋਥੀ ਦੇ 12ਵੇਂ ਅਧਿਆਇ ਵਿਚ ਬੁਢਾਪੇ ਦੀ ਜੋ ਤਸਵੀਰ ਪੇਸ਼ ਕੀਤੀ ਗਈ ਹੈ, ਉਹ ਆਦਮ ਦੇ ਪਾਪ ਦਾ ਨਤੀਜਾ ਹੈ। (ਰੋਮੀਆਂ 5:12) ਸਾਡੇ ਸਿਰਜਣਹਾਰ ਨੇ ਕਦੇ ਵੀ ਇਸ ਤਰ੍ਹਾਂ ਨਹੀਂ ਚਾਹਿਆ ਸੀ।
2 ਬੁਢਾਪਾ ਸਰਾਪ ਹੈ, ਪਰ ਉਮਰ ਦਾ ਵਧਣਾ ਕੋਈ ਸਰਾਪ ਨਹੀਂ ਹੈ ਕਿਉਂਕਿ ਲੰਮੀ ਉਮਰ ਜੀਉਂਦੇ ਰਹਿਣ ਲਈ ਸਾਲ ਤਾਂ ਬੀਤਣਗੇ ਹੀ। ਦਰਅਸਲ, ਸਾਰੇ ਜੀਵ-ਜੰਤੂਆਂ ਦਾ ਵੱਡੇ ਹੋਣਾ ਅਤੇ ਉਨ੍ਹਾਂ ਦੀ ਉਮਰ ਦਾ ਵਧਣਾ ਲਾਜ਼ਮੀ ਹੈ। ਜਲਦੀ ਹੀ ਪਿਛਲੇ ਛੇ ਹਜ਼ਾਰ ਸਾਲਾਂ ਤੋਂ ਇਸ ਦੁਨੀਆਂ ਵਿਚ ਪਾਪ ਅਤੇ ਨਾਮੁਕੰਮਲਤਾ ਦੇ ਵਧਦੇ ਅਸਰਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਫਿਰ ਸਾਰੇ ਆਗਿਆਕਾਰ ਲੋਕ ਪਰਮੇਸ਼ੁਰ ਦੇ ਮੁਢਲੇ ਮਕਸਦ ਅਨੁਸਾਰ ਜ਼ਿੰਦਗੀ ਦਾ ਮਜ਼ਾ ਲੈਣਗੇ ਅਤੇ ਬੁਢਾਪਾ ਤੇ ਮੌਤ ਉਨ੍ਹਾਂ ਦੇ ਨੇੜੇ ਨਹੀਂ ਆਉਣਗੇ। (ਉਤਪਤ 1:28; ਪਰਕਾਸ਼ ਦੀ ਪੋਥੀ 21:4, 5) ਉਸ ਸਮੇਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਬਿਰਧ ਲੋਕ ਫਿਰ ਤੋਂ ‘ਜੁਆਨ’ ਹੋ ਜਾਣਗੇ ਅਤੇ ਉਨ੍ਹਾਂ ਦਾ ਸਰੀਰ “ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ।” (ਅੱਯੂਬ 33:25) ਪਰ ਹੁਣ ਦੀ ਜ਼ਿੰਦਗੀ ਵਿਚ ਸਾਰਿਆਂ ਨੂੰ ਹੀ ਵਿਰਸੇ ਵਿਚ ਆਦਮ ਤੋਂ ਮਿਲੀ ਨਾਮੁਕੰਮਲਤਾ ਦੇ ਨਤੀਜਿਆਂ ਨੂੰ ਭੁਗਤਣਾ ਪੈਂਦਾ ਹੈ। ਇਸ ਦੇ ਬਾਵਜੂਦ ਯਹੋਵਾਹ ਦੇ ਸੇਵਕਾਂ ਨੂੰ ਢਲਦੀ ਉਮਰ ਵਿਚ ਬਹੁਤ ਸਾਰੀਆਂ ਬਰਕਤਾਂ ਵੀ ਮਿਲਦੀਆਂ ਹਨ।
3. ਪਰਮੇਸ਼ੁਰ ਦੇ ਸੇਵਕ ਕਿਵੇਂ ‘ਬੁਢੇਪੇ ਵਿੱਚ ਵੀ ਫਲ ਲਿਆ’ ਸਕਦੇ ਹਨ?
3 ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ “ਜਿਹੜੇ ਯਹੋਵਾਹ ਦੇ ਭਵਨ ਵਿੱਚ ਲਾਏ ਹੋਏ ਹਨ . . . ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ।” (ਜ਼ਬੂਰਾਂ ਦੀ ਪੋਥੀ 92:13, 14) ਇਸ ਆਇਤ ਵਿਚ ਜ਼ਬੂਰਾਂ ਦੇ ਲਿਖਾਰੀ ਨੇ ਬੁਨਿਆਦੀ ਸੱਚਾਈ ਦੱਸੀ ਕਿ ਪਰਮੇਸ਼ੁਰ ਦੇ ਸੇਵਕ ਭਾਵੇਂ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਣ, ਪਰ ਉਹ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣਗੇ। ਕਈ ਪੁਰਾਣੀਆਂ ਤੇ ਨਵੀਆਂ ਮਿਸਾਲਾਂ ਇਸ ਗੱਲ ਦਾ ਸਬੂਤ ਹਨ।
‘ਹੈਕਲ ਨੂੰ ਨਾ ਛੱਡਿਆ’
4. ਆੱਨਾ ਨਬੀਆ ਨੇ ਪਰਮੇਸ਼ੁਰ ਲਈ ਸ਼ਰਧਾ ਕਿਵੇਂ ਦਿਖਾਈ ਅਤੇ ਇਸ ਦਾ ਉਸ ਨੂੰ ਕੀ ਫਲ ਮਿਲਿਆ?
4 ਆੱਨਾ ਨਬੀਆ ਦੀ ਮਿਸਾਲ ਤੇ ਗੌਰ ਕਰੋ। 84 ਸਾਲਾਂ ਦੀ ਉਮਰ ਵਿਚ ਵੀ ਉਸ ਨੇ ‘ਹੈਕਲ ਨੂੰ ਨਾ ਛੱਡਿਆ ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ।’ ਆੱਨਾ “ਅਸ਼ੇਰ ਦੇ ਘਰਾਣੇ” ਦੀ ਸੀ। ਸੋ ਲੇਵੀ ਗੋਤ ਵਿੱਚੋਂ ਨਾ ਹੋਣ ਕਰਕੇ ਉਹ ਹੈਕਲ ਵਿਚ ਨਹੀਂ ਰਹਿ ਸਕਦੀ ਸੀ। ਉਸ ਨੂੰ ਹੈਕਲ ਵਿਚ ਸਵੇਰ ਤੋਂ ਲੈ ਕੇ ਸ਼ਾਮ ਤਕ ਰਹਿਣ ਲਈ ਹਰ ਰੋਜ਼ ਆਉਣਾ-ਜਾਣਾ ਪੈਂਦਾ ਸੀ! ਪਰ ਯਹੋਵਾਹ ਨੇ ਉਸ ਨੂੰ ਉਸ ਦੀ ਸੇਵਾ ਦਾ ਮੇਵਾ ਦਿੱਤਾ। ਕਿਵੇਂ? ਉਸ ਨੂੰ ਹੈਕਲ ਵਿਚ ਉਸ ਸਮੇਂ ਮੌਜੂਦ ਰਹਿਣ ਦਾ ਸਨਮਾਨ ਮਿਲਿਆ ਜਦ ਯੂਸੁਫ਼ ਤੇ ਮਰਿਯਮ ਸ਼ਰਾ ਦੇ ਅਨੁਸਾਰ ਬਾਲਕ ਯਿਸੂ ਨੂੰ ਯਹੋਵਾਹ ਦੇ ਅੱਗੇ ਹੈਕਲ ਵਿਚ ਲਿਆਏ ਸਨ। ਯਿਸੂ ਨੂੰ ਦੇਖ ਕੇ ਆੱਨਾ ਨੇ “ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਹ ਦਾ ਜ਼ਿਕਰ ਉਨ੍ਹਾਂ ਸਭਨਾਂ ਨਾਲ ਕੀਤਾ ਜਿਹੜੇ ਯਰੂਸ਼ਲਮ ਦੇ ਨਿਸਤਾਰੇ ਦੀ ਉਡੀਕ ਵਿੱਚ ਸਨ।”—ਲੂਕਾ 2:22-24, 36-38; ਗਿਣਤੀ 18:6, 7.
5, 6. ਅੱਜ ਕਈ ਬਿਰਧ ਭੈਣ-ਭਰਾ ਕਿਨ੍ਹਾਂ ਤਰੀਕਿਆਂ ਨਾਲ ਆੱਨਾ ਵਰਗਾ ਜੋਸ਼ ਦਿਖਾਉਂਦੇ ਹਨ?
5 ਆੱਨਾ ਵਾਂਗ ਅੱਜ ਕਈ ਬਿਰਧ ਭੈਣ-ਭਰਾ ਬਾਕਾਇਦਾ ਸਭਾਵਾਂ ਵਿਚ ਹਾਜ਼ਰ ਹੁੰਦੇ ਹਨ, ਦਿਲੋਂ ਪ੍ਰਾਰਥਨਾ ਕਰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਪਰਮੇਸ਼ੁਰ ਬਾਰੇ ਸਿੱਖਣ ਅਤੇ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਗਹਿਰੀ ਇੱਛਾ ਰੱਖਦੇ ਹਨ। ਇਕ 85 ਕੁ ਸਾਲਾਂ ਦਾ ਭਰਾ ਆਪਣੀ ਪਤਨੀ ਨਾਲ ਬਾਕਾਇਦਾ ਸਭਾਵਾਂ ਵਿਚ ਜਾਂਦਾ ਹੈ। ਉਸ ਨੇ ਕਿਹਾ: “ਸਭਾਵਾਂ ਵਿਚ ਜਾਣਾ ਸਾਡਾ ਦਸਤੂਰ ਹੈ। ਸਾਨੂੰ ਹੋਰ ਕਿਤੇ ਜਾਣਾ ਪਸੰਦ ਨਹੀਂ। ਜਿੱਥੇ ਪਰਮੇਸ਼ੁਰ ਦੇ ਲੋਕ ਹਨ, ਅਸੀਂ ਉੱਥੇ ਜਾਣਾ ਚਾਹੁੰਦੇ ਹਾਂ। ਉਨ੍ਹਾਂ ਵਿਚ ਰਹਿ ਕੇ ਸਾਨੂੰ ਸਕੂਨ ਮਿਲਦਾ ਹੈ।” ਇਹ ਸਾਡੇ ਲਈ ਕਿੰਨੀ ਵਧੀਆ ਮਿਸਾਲ ਹੈ!—ਇਬਰਾਨੀਆਂ 10:24, 25.
6 ਜੀਨ ਨਾਂ ਦੀ ਇਕ 85 ਕੁ ਸਾਲਾਂ ਦੀ ਵਿਧਵਾ ਭੈਣ ਆਪਣਾ ਅਸੂਲ ਦੱਸਦੀ ਹੈ, “ਜਦੋਂ ਪਰਮੇਸ਼ੁਰ ਦੀ ਭਗਤੀ ਦੀ ਗੱਲ ਆਉਂਦੀ ਹੈ, ਤਾਂ ਮੈਂ ਇਸ ਨਾਲ ਜੁੜਿਆ ਹਰ ਕੰਮ ਕਰਨ ਨੂੰ ਤਿਆਰ ਰਹਿੰਦੀ ਹਾਂ।” ਅੱਗੇ ਉਹ ਕਹਿੰਦੀ ਹੈ, “ਇਹ ਸੱਚ ਹੈ ਕਿ ਜ਼ਿੰਦਗੀ ਵਿਚ ਉਦਾਸੀ ਦੇ ਪਲ ਵੀ ਆਉਂਦੇ ਹਨ, ਪਰ ਮੈਂ ਨਹੀਂ ਚਾਹੁੰਦੀ ਕਿ ਮੇਰੀ ਉਦਾਸੀ ਕਾਰਨ ਦੂਸਰੇ ਵੀ ਉਦਾਸ ਹੋਣ।” ਜਦ ਉਹ ਹੋਰਨਾਂ ਦੇਸ਼ਾਂ ਵਿਚ ਭੈਣਾਂ-ਭਰਾਵਾਂ ਨਾਲ ਸਮਾਂ ਗੁਜ਼ਾਰਨ ਤੋਂ ਬਾਅਦ ਆਪਣੇ ਤਜਰਬਿਆਂ ਬਾਰੇ ਦੱਸ ਰਹੀ ਸੀ, ਤਾਂ ਉਸ ਦੀਆਂ ਅੱਖਾਂ ਖ਼ੁਸ਼ੀ ਨਾਲ ਚਮਕ ਰਹੀਆਂ ਸਨ। ਹਾਲ ਹੀ ਵਿਚ ਇਕ ਸਫ਼ਰ ਦੌਰਾਨ ਉਸ ਨੇ ਆਪਣੇ ਨਾਲ ਦੇ ਮੁਸਾਫ਼ਰਾਂ ਨੂੰ ਕਿਹਾ, “ਮੈਨੂੰ ਹੋਰ ਸੈਰ-ਸਪਾਟੇ ਦੀਆਂ ਥਾਵਾਂ ਦੇਖਣ ਦਾ ਚਾਅ ਨਹੀਂ ਹੈ। ਮੈਂ ਪ੍ਰਚਾਰ ਕਰਨ ਜਾਣਾ ਪਸੰਦ ਕਰਦੀ ਹਾਂ!” ਹਾਲਾਂਕਿ ਜੀਨ ਉੱਥੇ ਦੀ ਭਾਸ਼ਾ ਨਹੀਂ ਜਾਣਦੀ ਸੀ, ਫਿਰ ਵੀ ਉਹ ਬਾਈਬਲ ਦੇ ਸੰਦੇਸ਼ ਵਿਚ ਲੋਕਾਂ ਦੀ ਦਿਲਚਸਪੀ ਜਗਾਉਣ ਵਿਚ ਕਾਮਯਾਬ ਰਹੀ। ਇਸ ਤੋਂ ਇਲਾਵਾ, ਉਸ ਨੇ ਕਈ ਸਾਲਾਂ ਤਕ ਅਜਿਹੀ ਕਲੀਸਿਯਾ ਨਾਲ ਮਿਲ ਕੇ ਕੰਮ ਕੀਤਾ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਇਸ ਦੇ ਲਈ ਉਸ ਨੂੰ ਨਵੀਂ ਭਾਸ਼ਾ ਸਿੱਖਣੀ ਪਈ ਅਤੇ ਸਭਾਵਾਂ ਤੇ ਆਉਣ-ਜਾਣ ਵਿਚ ਉਸ ਨੂੰ ਦੋ ਘੰਟੇ ਲੱਗਦੇ ਸਨ।
ਦਿਮਾਗ਼ ਨੂੰ ਚੁਸਤ-ਦਰੁਸਤ ਰੱਖੋ
7. ਬੁਢਾਪੇ ਵਿਚ ਮੂਸਾ ਨੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨ ਦੀ ਖ਼ਾਹਸ਼ ਕਿਵੇਂ ਜ਼ਾਹਰ ਕੀਤੀ?
7 ਸਮੇਂ ਦੇ ਬੀਤਣ ਨਾਲ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ। (ਅੱਯੂਬ 12:12) ਪਰ ਇਸ ਦਾ ਮਤਲਬ ਇਹ ਨਹੀਂ ਕਿ ਉਮਰ ਦੇ ਵਧਣ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਜਾਵੇਗੀ। ਇਸ ਲਈ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਸਿਰਫ਼ ਬੀਤੇ ਸਮੇਂ ਵਿਚ ਹਾਸਲ ਕੀਤੇ ਗਿਆਨ ਉੱਤੇ ਹੀ ਨਿਰਭਰ ਨਹੀਂ ਕਰਦੇ। ਉਹ ਸਾਲਾਂ ਦੇ ਬੀਤਣ ਦੇ ਨਾਲ-ਨਾਲ ‘ਵਿਦਿਆ ਵਿੱਚ ਵੱਧਦੇ’ ਜਾਂਦੇ ਹਨ। (ਕਹਾਉਤਾਂ 9:9) ਜਦ ਯਹੋਵਾਹ ਨੇ ਮੂਸਾ ਨੂੰ ਇਸਰਾਏਲੀਆਂ ਦੀ ਅਗਵਾਈ ਕਰਨ ਦਾ ਕੰਮ ਦਿੱਤਾ ਸੀ, ਉਸ ਵੇਲੇ ਮੂਸਾ 80 ਸਾਲਾਂ ਦਾ ਸੀ। (ਕੂਚ 7:7) ਉਸ ਦੇ ਜ਼ਮਾਨੇ ਵਿਚ 80 ਸਾਲਾਂ ਤਾਈਂ ਜੀਣਾ ਅਨੋਖੀ ਗੱਲ ਸਮਝੀ ਜਾਂਦੀ ਸੀ। ਇਸ ਲਈ ਮੂਸਾ ਨੇ ਲਿਖਿਆ: “ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ . . . ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।” (ਜ਼ਬੂਰਾਂ ਦੀ ਪੋਥੀ 90:10) ਮੂਸਾ ਨੇ ਕਦੇ ਨਹੀਂ ਸੋਚਿਆ ਕਿ ਉਹ ਇੰਨਾ ਬੁੱਢਾ ਹੋ ਗਿਆ ਸੀ ਕਿ ਕੁਝ ਹੋਰ ਸਿੱਖਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ। ਦਹਾਕਿਆਂ ਤਾਈਂ ਪਰਮੇਸ਼ੁਰ ਦੀ ਸੇਵਾ ਕਰਨ, ਸੇਵਾ ਦੇ ਕਈ ਸਨਮਾਨ ਹਾਸਲ ਕਰਨ ਅਤੇ ਭਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਮੂਸਾ ਨੇ ਯਹੋਵਾਹ ਨੂੰ ਬੇਨਤੀ ਕੀਤੀ: “ਮੈਨੂੰ ਆਪਣਾ ਰਾਹ ਦੱਸ ਕਿ ਮੈਂ ਤੈਨੂੰ ਜਾਣਾਂ।” (ਕੂਚ 33:13) ਮੂਸਾ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨ ਦੀ ਖ਼ਾਹਸ਼ ਰੱਖਦਾ ਸੀ।
8. ਦਾਨੀਏਲ ਨੇ 90 ਤੋਂ ਜ਼ਿਆਦਾ ਸਾਲਾਂ ਦੀ ਉਮਰ ਵਿਚ ਵੀ ਆਪਣੇ ਦਿਮਾਗ਼ ਨੂੰ ਚੁਸਤ-ਦਰੁਸਤ ਕਿਵੇਂ ਰੱਖਿਆ ਅਤੇ ਇਸ ਦੇ ਕੀ ਨਤੀਜੇ ਨਿਕਲੇ?
8 ਦਾਨੀਏਲ ਨਬੀ 90 ਤੋਂ ਜ਼ਿਆਦਾ ਸਾਲਾਂ ਦੀ ਉਮਰ ਵਿਚ ਵੀ ਪਵਿੱਤਰ ਲਿਖਤਾਂ ਦੀ ਚੰਗੀ ਤਰ੍ਹਾਂ ਜਾਂਚ ਕਰਦਾ ਸੀ। ਲੇਵੀਆਂ, ਯਸਾਯਾਹ, ਯਿਰਮਿਯਾਹ, ਹੋਸ਼ੇਆ ਅਤੇ ਆਮੋਸ ਸਮੇਤ ਹੋਰਨਾਂ “ਪੋਥੀਆਂ” ਦਾ ਅਧਿਐਨ ਕਰ ਕੇ ਉਸ ਨੂੰ ਜੋ ਕੁਝ ਪਤਾ ਲੱਗਾ, ਉਸ ਦੇ ਕਾਰਨ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। (ਦਾਨੀਏਲ 9:1, 2) ਇਸ ਪ੍ਰਾਰਥਨਾ ਦੇ ਜਵਾਬ ਵਿਚ ਉਸ ਨੂੰ ਮਸੀਹ ਬਾਰੇ ਜਾਣਕਾਰੀ ਦਿੱਤੀ ਗਈ ਕਿ ਉਹ ਕਦੋਂ ਆਵੇਗਾ ਤੇ ਸੱਚੀ ਭਗਤੀ ਦਾ ਭਵਿੱਖ ਕੀ ਹੋਵੇਗਾ।—ਦਾਨੀਏਲ 9:20-27.
9, 10. ਕੁਝ ਭੈਣਾਂ-ਭਰਾਵਾਂ ਨੇ ਆਪਣਾ ਦਿਮਾਗ਼ ਚੁਸਤ ਰੱਖਣ ਲਈ ਕੀ ਕੀਤਾ ਹੈ?
9 ਜਿੱਥੇ ਤਕ ਹੋ ਸਕੇ, ਅਸੀਂ ਵੀ ਮੂਸਾ ਅਤੇ ਦਾਨੀਏਲ ਦੀ ਤਰ੍ਹਾਂ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਧਿਆਨ ਲਾ ਕੇ ਆਪਣੇ ਦਿਮਾਗ਼ ਨੂੰ ਚੁਸਤ ਰੱਖ ਸਕਦੇ ਹਾਂ। ਬਹੁਤ ਸਾਰੇ ਭੈਣ-ਭਰਾ ਇਸੇ ਤਰ੍ਹਾਂ ਕਰ ਰਹੇ ਹਨ। ਮਿਸਾਲ ਲਈ, ਵਰਥ ਨਾਂ ਦਾ 85 ਕੁ ਸਾਲ ਦਾ ਨਿਗਾਹਬਾਨ “ਮਾਤਬਰ ਅਤੇ ਬੁੱਧਵਾਨ ਨੌਕਰ” ਤੋਂ ਮਿਲੀਆਂ ਸਾਰੀਆਂ ਕਿਤਾਬਾਂ ਤੇ ਰਸਾਲੇ ਪੜ੍ਹਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। (ਮੱਤੀ 24:45) ਉਹ ਕਹਿੰਦਾ ਹੈ: “ਮੈਂ ਸੱਚਾਈ ਨੂੰ ਬਹੁਤ ਅਨਮੋਲ ਸਮਝਦਾ ਹਾਂ। ਇਸ ਦੀ ਸਹੀ ਸਮਝ ਪਾ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ।” (ਕਹਾਉਤਾਂ 4:18) ਇਸੇ ਤਰ੍ਹਾਂ ਭਰਾ ਫ੍ਰੈੱਡ, ਜਿਸ ਨੇ ਪੂਰੇ ਸਮੇਂ ਦੀ ਸੇਵਕਾਈ ਵਿਚ 60 ਨਾਲੋਂ ਜ਼ਿਆਦਾ ਸਾਲ ਗੁਜ਼ਾਰੇ ਹਨ, ਦੱਸਦਾ ਹੈ ਕਿ ਉਸ ਨੂੰ ਭੈਣਾਂ-ਭਰਾਵਾਂ ਨਾਲ ਬਾਈਬਲ ਉੱਤੇ ਗੱਲਬਾਤ ਕਰਨ ਨਾਲ ਬਹੁਤ ਉਤਸ਼ਾਹ ਮਿਲਦਾ ਹੈ। ਉਹ ਕਹਿੰਦਾ ਹੈ: “ਮੈਂ ਬਾਈਬਲ ਦੀਆਂ ਗੱਲਾਂ ਨੂੰ ਸਮਝਣ ਲਈ ਮਨ ਵਿਚ ਉਨ੍ਹਾਂ ਦੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ। ਜਦ ਤੁਸੀਂ ਬਾਈਬਲ ਦੀਆਂ ਗੱਲਾਂ ਨੂੰ ਸਮਝ ਜਾਂਦੇ ਹੋ, ਤਾਂ ਤੁਸੀਂ ਸਿੱਖੀਆਂ ਗੱਲਾਂ ਦਾ ਸੰਬੰਧ ‘ਖਰੀਆਂ ਗੱਲਾਂ ਦੇ ਨਮੂਨੇ’ ਨਾਲ ਜੋੜ ਸਕੋਗੇ। ਇਸ ਤਰ੍ਹਾਂ ਤੁਹਾਨੂੰ ਪੂਰੀ ਗੱਲ ਸਮਝ ਆ ਜਾਵੇਗੀ। ਤੁਸੀਂ ਜਾਣ ਜਾਵੋਗੇ ਕਿ ਹਰ ਗੱਲ ਆਪੋ-ਆਪਣੀ ਥਾਂ ਤੇ ਕਿਵੇਂ ਠੀਕ ਬੈਠਦੀ ਹੈ ਜਿਵੇਂ ਕਿਸੇ ਗਹਿਣੇ ਵਿਚ ਹਰ ਨਗ ਆਪੋ-ਆਪਣੀ ਜਗ੍ਹਾ ਤੇ ਸਹੀ ਬੈਠਦਾ ਹੈ।”—2 ਤਿਮੋਥਿਉਸ 1:13.
10 ਬੁਢਾਪਾ ਆ ਜਾਣ ਤੇ ਜ਼ਰੂਰੀ ਨਹੀਂ ਕਿ ਤੁਸੀਂ ਹੁਣ ਨਵੀਆਂ ਅਤੇ ਔਖੀਆਂ ਗੱਲਾਂ ਨਹੀਂ ਸਿੱਖ ਪਾਓਗੇ। ਕਈ ਲੋਕ ਅਜਿਹੇ ਹਨ ਜਿਨ੍ਹਾਂ ਨੇ 60, 70 ਜਾਂ 80 ਸਾਲ ਦੀ ਉਮਰ ਵਿਚ ਪੜ੍ਹਨਾ-ਲਿਖਣਾ ਸਿੱਖਿਆ ਹੈ ਜਾਂ ਨਵੀਂ ਭਾਸ਼ਾ ਸਿੱਖੀ ਹੈ। ਯਹੋਵਾਹ ਦੇ ਕੁਝ ਗਵਾਹਾਂ ਨੇ ਹੋਰਨਾਂ ਕੌਮਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਮੰਤਵ ਨਾਲ ਉਨ੍ਹਾਂ ਦੀ ਭਾਸ਼ਾ ਸਿੱਖੀ ਹੈ। (ਮਰਕੁਸ 13:10) ਮਿਸਾਲ ਲਈ, ਭਰਾ ਹੈਰੀ ਅਤੇ ਉਸ ਦੀ ਪਤਨੀ 65 ਕੁ ਸਾਲਾਂ ਦੇ ਸਨ ਜਦ ਉਨ੍ਹਾਂ ਨੇ ਪੁਰਤਗਾਲੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ। ਉਹ ਕਹਿੰਦਾ ਹੈ: “ਇਹ ਸੱਚ ਹੈ ਕਿ ਬੁਢਾਪਾ ਆਉਣ ਤੇ ਕੋਈ ਵੀ ਕੰਮ ਕਰਨਾ ਔਖਾ ਹੋ ਜਾਂਦਾ ਹੈ।” ਪਰ ਆਪਣੀ ਮਿਹਨਤ ਅਤੇ ਲਗਨ ਸਦਕਾ ਉਹ ਪੁਰਤਗਾਲੀ ਭਾਸ਼ਾ ਵਿਚ ਬਾਈਬਲ ਸਟੱਡੀਆਂ ਕਰਾਉਣ ਲੱਗ ਪਏ। ਹੈਰੀ ਕਈ ਸਾਲਾਂ ਤੋਂ ਇਸ ਨਵੀਂ ਭਾਸ਼ਾ ਵਿਚ ਜ਼ਿਲ੍ਹਾ ਸੰਮੇਲਨਾਂ ਵਿਚ ਭਾਸ਼ਣ ਦੇ ਰਿਹਾ ਹੈ।
11. ਸਾਨੂੰ ਵਫ਼ਾਦਾਰ ਬਿਰਧ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਤੇ ਗੌਰ ਕਿਉਂ ਕਰਨਾ ਚਾਹੀਦਾ ਹੈ?
11 ਇਹ ਸੱਚ ਹੈ ਕਿ ਇਹੋ ਜਿਹੇ ਔਖੇ ਕੰਮ ਕਰਨ ਲਈ ਹਰ ਕਿਸੇ ਦੀ ਸਿਹਤ ਜਾਂ ਹਾਲਾਤ ਸਾਥ ਨਹੀਂ ਦਿੰਦੇ। ਤਾਂ ਫਿਰ ਅਸੀਂ ਇਹ ਚਰਚਾ ਕਿਉਂ ਕਰ ਰਹੇ ਹਾਂ ਕਿ ਕੁਝ ਬਿਰਧ ਭੈਣਾਂ-ਭਰਾਵਾਂ ਨੇ ਕੀ ਕੁਝ ਕੀਤਾ ਹੈ? ਇਹ ਚਰਚਾ ਕਰਨ ਦਾ ਇਹ ਮਤਲਬ ਨਹੀਂ ਕਿ ਸਾਰਿਆਂ ਨੂੰ ਉਹੀ ਕੁਝ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਦੂਸਰੇ ਕਰਦੇ ਹਨ। ਇਸ ਦੀ ਬਜਾਇ ਇਹ ਚਰਚਾ ਪੌਲੁਸ ਦੇ ਸ਼ਬਦਾਂ ਮੁਤਾਬਕ ਚੱਲਣ ਵਿਚ ਸਾਡੀ ਮਦਦ ਕਰੇਗੀ। ਪੌਲੁਸ ਨੇ ਕਲੀਸਿਯਾ ਦੇ ਵਫ਼ਾਦਾਰ ਬਜ਼ੁਰਗਾਂ ਬਾਰੇ ਇਬਰਾਨੀ ਮਸੀਹੀਆਂ ਨੂੰ ਲਿਖਿਆ ਸੀ: “ਓਹਨਾਂ ਦੀ ਚਾਲ ਦੇ ਓੜਕ ਵੱਲ ਧਿਆਨ ਕਰ ਕੇ ਓਹਨਾਂ ਦੀ ਨਿਹਚਾ ਦੀ ਰੀਸ ਕਰੋ।” (ਇਬਰਾਨੀਆਂ 13:7) ਅਸੀਂ ਜੋਸ਼ੀਲੇ ਬਿਰਧ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਤੋਂ ਦੇਖ ਸਕਦੇ ਹਾਂ ਕਿ ਉਨ੍ਹਾਂ ਦੀ ਪੱਕੀ ਨਿਹਚਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਲਈ ਉਕਸਾਇਆ ਹੈ। ਇਨ੍ਹਾਂ ਮਿਸਾਲਾਂ ਤੇ ਗੌਰ ਕਰ ਕੇ ਅਸੀਂ ਵੀ ਉਨ੍ਹਾਂ ਦੀ ਰੀਸ ਕਰਾਂਗੇ। ਭਰਾ ਹੈਰੀ ਹੁਣ 87 ਸਾਲਾਂ ਦਾ ਹੋ ਚੁੱਕਾ ਹੈ। ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਲਈ ਜਿਸ ਗੱਲ ਤੋਂ ਉਸ ਨੂੰ ਪ੍ਰੇਰਣਾ ਮਿਲਦੀ ਹੈ, ਉਸ ਬਾਰੇ ਦੱਸਦੇ ਹੋਏ ਉਹ ਕਹਿੰਦਾ ਹੈ, “ਮੈਂ ਆਪਣੀ ਜ਼ਿੰਦਗੀ ਦੇ ਬਾਕੀ ਸਾਲਾਂ ਦਾ ਚੰਗਾ ਇਸਤੇਮਾਲ ਕਰਨਾ ਚਾਹੁੰਦਾ ਹਾਂ ਅਤੇ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੁੰਦਾ ਹਾਂ।” ਉੱਪਰ ਜ਼ਿਕਰ ਕੀਤੇ ਗਏ ਭਰਾ ਫ੍ਰੈੱਡ ਨੂੰ ਬੈਥਲ ਵਿਚ ਆਪਣੇ ਕੰਮ ਤੋਂ ਬਹੁਤ ਸੰਤੁਸ਼ਟੀ ਮਿਲਦੀ ਹੈ। ਉਹ ਕਹਿੰਦਾ ਹੈ, “ਸਾਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਕਿਹੜੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਤੇ ਫਿਰ ਉਸੇ ਤਰ੍ਹਾਂ ਕਰਦੇ ਰਹਿਣਾ ਚਾਹੀਦਾ ਹੈ।”
ਬਦਲਦੇ ਹਾਲਾਤਾਂ ਦੇ ਬਾਵਜੂਦ ਭਗਤੀ ਵਿਚ ਲੱਗੇ ਰਹੋ
12, 13. ਬੁਢਾਪੇ ਦੇ ਬਾਵਜੂਦ ਬਰਜ਼ਿੱਲਈ ਭਗਤੀ ਦੇ ਕੰਮ ਕਰਨ ਵਿਚ ਕਿਵੇਂ ਲੱਗਾ ਰਿਹਾ?
12 ਬੁਢਾਪੇ ਵਿਚ ਸਰੀਰਕ ਕਮਜ਼ੋਰੀਆਂ ਨੂੰ ਸਹਿਣਾ ਔਖਾ ਹੋ ਸਕਦਾ ਹੈ। ਪਰ ਇਨ੍ਹਾਂ ਕਮਜ਼ੋਰੀਆਂ ਦੇ ਬਾਵਜੂਦ ਅਸੀਂ ਭਗਤੀ ਦੇ ਕੰਮਾਂ ਵਿਚ ਲੱਗੇ ਰਹਿ ਸਕਦੇ ਹਾਂ। ਇਸ ਦੀ ਇਕ ਵਧੀਆ ਮਿਸਾਲ ਹੈ ਬਰਜ਼ਿੱਲਈ ਗਿਲਆਦੀ। ਉਸ ਨੇ 80 ਸਾਲਾਂ ਦੀ ਉਮਰ ਵਿਚ ਦਾਊਦ ਅਤੇ ਉਸ ਦੀ ਫ਼ੌਜ ਦੀ ਪੁੱਜ ਕੇ ਪਰਾਹੁਣਚਾਰੀ ਕੀਤੀ। ਜਦ ਅਬਸ਼ਾਲੋਮ ਨੇ ਦਾਊਦ ਖ਼ਿਲਾਫ਼ ਬਗਾਵਤ ਕੀਤੀ ਸੀ, ਉਸ ਵੇਲੇ ਬਰਜ਼ਿੱਲਈ ਨੇ ਦਾਊਦ ਤੇ ਉਸ ਦੀ ਫ਼ੌਜ ਨੂੰ ਖਾਣਾ-ਪੀਣਾ ਅਤੇ ਰਹਿਣ ਲਈ ਥਾਂ ਦਿੱਤੀ। ਦਾਊਦ ਜਦ ਯਰੂਸ਼ਲਮ ਵਾਪਸ ਜਾ ਰਿਹਾ ਸੀ, ਤਾਂ ਬਰਜ਼ਿੱਲਈ ਉਸ ਨੂੰ ਯਰਦਨ ਨਦੀ ਤੋਂ ਪਾਰ ਪਹੁੰਚਾਉਣ ਲਈ ਉਸ ਦੇ ਨਾਲ ਗਿਆ। ਦਾਊਦ ਨੇ ਉਸ ਨੂੰ ਆਪਣੇ ਨਾਲ ਯਰੂਸ਼ਲਮ ਜਾਣ ਲਈ ਕਿਹਾ ਤਾਂਕਿ ਉਹ ਆਪਣੀ ਜ਼ਿੰਦਗੀ ਦੇ ਬਚੇ-ਖੁਚੇ ਦਿਨ ਮਹਿਲ ਵਿਚ ਆਰਾਮ ਨਾਲ ਗੁਜ਼ਾਰ ਸਕੇ। ਪਰ ਬਰਜ਼ਿੱਲਈ ਨੇ ਕੀ ਕਿਹਾ? ‘ਅੱਜ ਦੇ ਦਿਨ ਮੈਂ ਅਸੀਹਾਂ ਵਰਿਹਾਂ ਦਾ ਹੋ ਚੁੱਕਾ ਹਾਂ। ਭਲਾ, ਮੈਂ ਚੰਗਾ ਮੰਦਾ ਸਿਆਣ ਸੱਕਦਾ ਹਾਂ? ਭਲਾ, ਤੁਹਾਡਾ ਸੇਵਕ ਜੋ ਕੁਝ ਖਾਂਦਾ ਪੀਂਦਾ ਹੈ ਉਸ ਦਾ ਸੁਆਦ ਵੀ ਚੱਖ ਸੱਕਦਾ ਹੈ? ਭਲਾ, ਮੈਂ ਗਾਉਣ ਵਾਲੇ ਅਤੇ ਗਾਉਣ ਵਾਲੀਆਂ ਦਾ ਗਾਉਣਾ ਸੁਣ ਸੱਕਦਾ ਹਾਂ? ਵੇਖੋ, ਤੁਹਾਡਾ ਸੇਵਕ ਕਿਮਹਾਮ ਹੈਗਾ, ਉਹ ਮੇਰੇ ਮਾਹਰਾਜ ਪਾਤਸ਼ਾਹ ਦੇ ਨਾਲ ਪਾਰ ਜਾਵੇ ਅਤੇ ਜੋ ਕੁਝ ਤੁਹਾਨੂੰ ਚੰਗਾ ਦਿੱਸੇ ਸੋ ਉਹ ਦੇ ਨਾਲ ਕਰੋ।’—2 ਸਮੂਏਲ 17:27-29; 19:31-40.
13 ਬੁਢਾਪੇ ਦੇ ਬਾਵਜੂਦ ਬਰਜ਼ਿੱਲਈ ਨੇ ਯਹੋਵਾਹ ਦੇ ਨਿਯੁਕਤ ਰਾਜੇ ਦੀ ਮਦਦ ਕਰਨ ਲਈ ਉਹ ਕੁਝ ਕੀਤਾ ਜੋ ਉਹ ਕਰ ਸਕਦਾ ਸੀ। ਭਾਵੇਂ ਕਿ ਉਹ ਜਾਣਦਾ ਸੀ ਕਿ ਉਹ ਹੁਣ ਪਹਿਲਾਂ ਵਾਂਗ ਚੀਜ਼ਾਂ ਦਾ ਸੁਆਦ ਨਹੀਂ ਮਾਣ ਸਕਦਾ ਸੀ ਅਤੇ ਨਾ ਹੀ ਚੰਗੀ ਤਰ੍ਹਾਂ ਸੁਣ ਸਕਦਾ ਸੀ, ਫਿਰ ਵੀ ਉਸ ਨੇ ਆਪਣੇ ਦਿਲ ਵਿਚ ਕੁੜੱਤਣ ਪੈਦਾ ਨਹੀਂ ਹੋਣ ਦਿੱਤੀ। ਇਸ ਦੀ ਬਜਾਇ ਉਸ ਨੇ ਬਿਨਾਂ ਕਿਸੇ ਸੁਆਰਥ ਦੇ ਕਿਮਹਾਮ ਦੀ ਸਿਫ਼ਾਰਸ਼ ਕੀਤੀ ਤਾਂਕਿ ਉਸ ਨੂੰ ਉਹ ਫ਼ਾਇਦੇ ਹੋਣ ਜੋ ਬਰਜ਼ਿੱਲਈ ਨੂੰ ਹੋਣੇ ਸਨ। ਇਸ ਤਰ੍ਹਾਂ ਬਰਜ਼ਿੱਲਈ ਨੇ ਦਿਖਾਇਆ ਕਿ ਉਹ ਦਿਲੋਂ ਬਹੁਤ ਹੀ ਚੰਗਾ ਇਨਸਾਨ ਸੀ। ਬਰਜ਼ਿੱਲਈ ਦੀ ਤਰ੍ਹਾਂ ਅੱਜ ਵੀ ਕਈ ਬਿਰਧ ਭੈਣ-ਭਰਾ ਨਿਰਸੁਆਰਥ ਅਤੇ ਖੁਲ੍ਹ-ਦਿਲੇ ਹਨ। ਉਹ ਸੱਚੀ ਭਗਤੀ ਵਿਚ ਹਿੱਸਾ ਲੈਣ ਲਈ ਤੇ ਦੂਸਰਿਆਂ ਦੀ ਮਦਦ ਕਰਨ ਵਿਚ ਆਪਣੇ ਵੱਲੋਂ ਜਿੰਨਾ ਕਰ ਸਕਦੇ ਹਨ, ਉੱਨਾ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ “ਅਜੇਹਿਆਂ ਬਲੀਦਾਨਾਂ ਤੋਂ ਪਰਮੇਸ਼ੁਰ ਪਰਸੰਨ ਹੁੰਦਾ ਹੈ।” ਇਹ ਭੈਣ-ਭਰਾ ਸਾਡੇ ਲਈ ਕਿੰਨੀ ਵੱਡੀ ਬਰਕਤ ਹਨ!—ਇਬਰਾਨੀਆਂ 13:16.
14. ਦਾਊਦ ਦੇ ਬੁਢਾਪੇ ਦਾ ਜ਼ਿਕਰ ਜ਼ਬੂਰ 37:23-25 ਦੇ ਸ਼ਬਦਾਂ ਨੂੰ ਅਸਰਦਾਰ ਕਿਵੇਂ ਬਣਾਉਂਦਾ ਹੈ?
14 ਦਾਊਦ ਦੀ ਜ਼ਿੰਦਗੀ ਦੇ ਹਾਲਾਤ ਕਈ ਵਾਰ ਬਦਲੇ, ਪਰ ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਹਰ ਹਾਲ ਵਿਚ ਆਪਣੇ ਵਫ਼ਾਦਾਰ ਸੇਵਕਾਂ ਦੀ ਦੇਖ-ਭਾਲ ਕਰਦਾ ਹੈ। ਉਸ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਦੌਰ ਵਿਚ ਇਕ ਭਜਨ ਲਿਖਿਆ ਸੀ ਜੋ ਅੱਜ ਜ਼ਬੂਰ 37 ਹੈ। ਦਾਊਦ ਦੀ ਕਲਪਨਾ ਕਰੋ ਜਦ ਉਹ ਵੀਣਾ ਦੀ ਸੁਰੀਲੀ ਧੁਨ ਦੇ ਨਾਲ-ਨਾਲ ਇਹ ਭਜਨ ਗਾ ਰਿਹਾ ਸੀ: “ਮਨੁੱਖ ਦੀ ਚਾਲ ਯਹੋਵਾਹ ਵੱਲੋਂ ਦ੍ਰਿੜ੍ਹ ਹੁੰਦੀ ਹੈ, ਅਤੇ ਉਸ ਦੇ ਰਾਹ ਤੋਂ ਉਹ ਪਰਸੰਨ ਰਹਿੰਦਾ ਹੈ। ਭਾਵੇਂ ਉਹ ਡਿੱਗ ਹੀ ਪਵੇ ਪਰ ਡਿੱਗਿਆ ਨਹੀਂ ਰਹੇਗਾ, ਕਿਉਂ ਜੋ ਯਹੋਵਾਹ ਉਹ ਦਾ ਹੱਥ ਥੰਮ੍ਹਦਾ ਹੈ। ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ।” (ਜ਼ਬੂਰਾਂ ਦੀ ਪੋਥੀ 37:23-25) ਇਸ ਜ਼ਬੂਰ ਵਿਚ ਦਾਊਦ ਨੇ ਆਪਣੇ ਬੁਢਾਪੇ ਦਾ ਜ਼ਿਕਰ ਕਰ ਕੇ ਆਪਣੀਆਂ ਭਾਵਨਾਵਾਂ ਦੀ ਗਹਿਰਾਈ ਜ਼ਾਹਰ ਕੀਤੀ!
15. ਯੂਹੰਨਾ ਰਸੂਲ ਨੇ ਔਖੇ ਹਾਲਾਤਾਂ ਅਤੇ ਬੁਢਾਪੇ ਦੇ ਬਾਵਜੂਦ ਵਫ਼ਾਦਾਰੀ ਦੀ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ?
15 ਇਕ ਹੋਰ ਵਧੀਆ ਮਿਸਾਲ ਯੂਹੰਨਾ ਰਸੂਲ ਦੀ ਹੈ ਜੋ ਹਾਲਾਤ ਬਦਲਣ ਅਤੇ ਬੁਢਾਪੇ ਦੇ ਬਾਵਜੂਦ ਵਫ਼ਾਦਾਰ ਰਿਹਾ। 70 ਕੁ ਸਾਲ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਬਾਅਦ ਯੂਹੰਨਾ ਨੂੰ “ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ” ਪਾਤਮੁਸ ਟਾਪੂ ਉੱਤੇ ਕੈਦ ਕਰ ਲਿਆ ਗਿਆ ਸੀ। (ਪਰਕਾਸ਼ ਦੀ ਪੋਥੀ 1:9) ਪਰ ਉਸ ਦਾ ਕੰਮ ਅਜੇ ਖ਼ਤਮ ਨਹੀਂ ਹੋਇਆ ਸੀ। ਦਰਅਸਲ ਬਾਈਬਲ ਵਿਚ ਦਰਜ ਉਸ ਦੀਆਂ ਲਿਖਤਾਂ ਉਸ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿਚ ਲਿਖੀਆਂ ਸਨ। ਪਾਤਮੁਸ ਟਾਪੂ ਉੱਤੇ ਉਸ ਨੂੰ ਪਰਮੇਸ਼ੁਰ ਨੇ ਇਕ ਜ਼ਬਰਦਸਤ ਦਰਸ਼ਣ ਦਿਖਾਇਆ ਜਿਸ ਨੂੰ ਯੂਹੰਨਾ ਨੇ ਬੜੇ ਧਿਆਨ ਨਾਲ ਲਿਖ ਲਿਆ। (ਪਰਕਾਸ਼ ਦੀ ਪੋਥੀ 1:1, 2) ਮੰਨਿਆ ਜਾਂਦਾ ਹੈ ਕਿ ਉਸ ਨੂੰ ਰੋਮੀ ਸਮਰਾਟ ਨਰਵਾ ਦੇ ਸ਼ਾਸਨ ਦੌਰਾਨ ਰਿਹਾ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ 98 ਈ. ਵਿਚ ਯੂਹੰਨਾ ਨੇ 90 ਜਾਂ 100 ਸਾਲਾਂ ਦੀ ਉਮਰ ਵਿਚ ਆਪਣੇ ਨਾਂ ਦੀ ਇੰਜੀਲ ਅਤੇ ਤਿੰਨ ਪੱਤਰੀਆਂ ਲਿਖੀਆਂ।
ਧੀਰਜ ਦਾ ਵਧੀਆ ਰਿਕਾਰਡ
16. ਉਹ ਭੈਣ-ਭਰਾ ਯਹੋਵਾਹ ਦੀ ਭਗਤੀ ਵਿਚ ਕਿਵੇਂ ਲੱਗੇ ਰਹਿੰਦੇ ਹਨ ਜਿਨ੍ਹਾਂ ਲਈ ਬੋਲਣਾ ਔਖਾ ਹੋ ਜਾਂਦਾ ਹੈ?
16 ਬੁਢਾਪੇ ਕਾਰਨ ਸਰੀਰ ਵਿਚ ਕਈ ਤਰ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਆ ਜਾਂਦੀਆਂ ਹਨ। ਮਿਸਾਲ ਲਈ, ਕੁਝ ਭੈਣਾਂ-ਭਰਾਵਾਂ ਲਈ ਬੋਲਣਾ ਔਖਾ ਹੋ ਜਾਂਦਾ ਹੈ। ਇਸ ਦੇ ਬਾਵਜੂਦ ਅਜੇ ਵੀ ਉਹ ਉਨ੍ਹਾਂ ਸੁਨਹਿਰੇ ਪਲਾਂ ਨੂੰ ਯਾਦ ਕਰਦੇ ਹਨ ਜਦ ਪਰਮੇਸ਼ੁਰ ਨੇ ਉਨ੍ਹਾਂ ਲਈ ਆਪਣਾ ਪਿਆਰ ਅਤੇ ਆਪਣੀ ਦਇਆ ਜ਼ਾਹਰ ਕੀਤੀ ਸੀ। ਇਸ ਲਈ ਭਾਵੇਂ ਉਹ ਬੋਲ ਕੇ ਜ਼ਾਹਰ ਨਹੀਂ ਕਰ ਸਕਦੇ, ਪਰ ਉਹ ਆਪਣੇ ਦਿਲਾਂ ਵਿਚ ਯਹੋਵਾਹ ਨੂੰ ਕਹਿੰਦੇ ਹਨ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!” (ਜ਼ਬੂਰਾਂ ਦੀ ਪੋਥੀ 119:97) ਯਹੋਵਾਹ “ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ” ਨੂੰ ਜਾਣਦਾ ਹੈ। ਉਹ ਇਹ ਦੇਖ ਕੇ ਖ਼ੁਸ਼ ਹੈ ਕਿ ਉਸ ਦੇ ਇਹ ਲੋਕ ਉਨ੍ਹਾਂ ਲੋਕਾਂ ਤੋਂ ਕਿੰਨੇ ਵੱਖਰੇ ਹਨ ਜਿਨ੍ਹਾਂ ਨੂੰ ਉਸ ਦੇ ਰਾਹਾਂ ਦੀ ਕੋਈ ਪਰਵਾਹ ਨਹੀਂ ਹੈ। (ਮਲਾਕੀ 3:16; ਜ਼ਬੂਰਾਂ ਦੀ ਪੋਥੀ 10:4) ਇਹ ਜਾਣ ਕੇ ਸਾਡਾ ਹੌਸਲਾ ਵਧਦਾ ਹੈ ਕਿ ਯਹੋਵਾਹ ਖ਼ੁਸ਼ ਹੁੰਦਾ ਹੈ ਜਦ ਅਸੀਂ ਆਪਣੇ ਮਨ ਵਿਚ ਉਸ ਦਾ ਵਿਚਾਰ ਕਰਦੇ ਹਾਂ!—1 ਇਤਹਾਸ 28:9; ਜ਼ਬੂਰਾਂ ਦੀ ਪੋਥੀ 19:14.
17. ਚਿਰਾਂ ਤੋਂ ਸੇਵਾ ਕਰ ਰਹੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੇ ਕਿਹੜੀ ਚੀਜ਼ ਹਾਸਲ ਕੀਤੀ ਹੈ?
17 ਇਕ ਹੋਰ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ। ਜੋ ਭੈਣ-ਭਰਾ ਦਹਾਕਿਆਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਆਏ ਹਨ, ਉਨ੍ਹਾਂ ਨੇ ਇਕ ਅਜਿਹੀ ਚੀਜ਼ ਹਾਸਲ ਕੀਤੀ ਹੈ ਜੋ ਉਹ ਹੋਰ ਕੋਈ ਕੰਮ ਕਰ ਕੇ ਹਾਸਲ ਨਹੀਂ ਕਰ ਸਕਦੇ ਸਨ। ਇਹ ਹੈ ਉਨ੍ਹਾਂ ਦੇ ਧੀਰਜ ਜਾਂ ਸਬਰ ਦਾ ਵਧੀਆ ਰਿਕਾਰਡ। ਯਿਸੂ ਨੇ ਕਿਹਾ ਸੀ: “ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ।” (ਲੂਕਾ 21:19) ਸਦਾ ਦੀ ਜ਼ਿੰਦਗੀ ਪਾਉਣ ਲਈ ਸਾਡੇ ਵਿਚ ਧੀਰਜ ਤੇ ਸਬਰ ਦਾ ਹੋਣਾ ਬਹੁਤ ਜ਼ਰੂਰੀ ਹੈ। ਬਿਰਧ ਭੈਣੋ ਤੇ ਭਰਾਵੋ, ਤੁਸੀਂ ਸਦਾ ਦੀ ਜ਼ਿੰਦਗੀ ਦੇ ‘ਵਾਇਦੇ ਨੂੰ ਪਰਾਪਤ ਕਰਨ’ ਦੀ ਉਮੀਦ ਰੱਖ ਸਕਦੇ ਹੋ ਕਿਉਂਕਿ ਤੁਸੀਂ “ਪਰਮੇਸ਼ੁਰ ਦੀ ਇੱਛਿਆ ਨੂੰ ਪੂਰਿਆਂ” ਕੀਤਾ ਹੈ ਅਤੇ ਆਪਣੇ ਜੀਉਣ ਦੇ ਤੌਰ-ਤਰੀਕਿਆਂ ਦੁਆਰਾ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ ਹੈ।—ਇਬਰਾਨੀਆਂ 10:36.
18. (ੳ) ਯਹੋਵਾਹ ਬਿਰਧ ਭੈਣਾਂ-ਭਰਾਵਾਂ ਦੀ ਕਿਹੜੀ ਗੱਲ ਤੋਂ ਖ਼ੁਸ਼ ਹੈ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?
18 ਯਹੋਵਾਹ ਤੁਹਾਡੀ ਦਿਲੋਂ ਕੀਤੀ ਸੇਵਾ ਦੀ ਬਹੁਤ ਕਦਰ ਕਰਦਾ ਹੈ, ਭਾਵੇਂ ਤੁਸੀਂ ਥੋੜ੍ਹਾ ਕਰ ਪਾਉਂਦੇ ਹੋ ਜਾਂ ਬਹੁਤਾ। ਉਮਰ ਦੇ ਵਧਣ ਕਾਰਨ ਭਾਵੇਂ ਤੁਹਾਡਾ ਸਰੀਰ ਬਾਹਰੋਂ ਬੁੱਢਾ ਤੇ ਕਮਜ਼ੋਰ ਹੁੰਦਾ ਜਾਂਦਾ ਹੈ, ਪਰ ਤੁਸੀਂ ਅੰਦਰੋਂ ਦਿਨ-ਬ-ਦਿਨ ਨਵੇਂ ਹੁੰਦੇ ਜਾਂਦੇ ਹੋ। (2 ਕੁਰਿੰਥੀਆਂ 4:16) ਇਸ ਵਿਚ ਕੋਈ ਸ਼ੱਕ ਨਹੀਂ ਕਿ ਬੀਤੇ ਸਮੇਂ ਵਿਚ ਤੁਸੀਂ ਯਹੋਵਾਹ ਲਈ ਜੋ ਕੁਝ ਕੀਤਾ ਹੈ, ਉਸ ਤੋਂ ਉਹ ਖ਼ੁਸ਼ ਹੈ। ਪਰ ਉਸ ਦੇ ਨਾਂ ਲਈ ਤੁਸੀਂ ਹੁਣ ਜੋ ਕੁਝ ਕਰ ਰਹੇ ਹੋ, ਉਸ ਤੋਂ ਵੀ ਉਹ ਖ਼ੁਸ਼ ਹੈ। (ਇਬਰਾਨੀਆਂ 6:10) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਬਿਰਧ ਭੈਣ-ਭਰਾਵਾਂ ਦੀ ਵਫ਼ਾਦਾਰੀ ਦਾ ਹੋਰਨਾਂ ਉੱਤੇ ਜ਼ਬਰਦਸਤ ਅਸਰ ਕਿਵੇਂ ਪੈਂਦਾ ਹੈ।
ਤੁਸੀਂ ਕਿਵੇਂ ਜਵਾਬ ਦਿਓਗੇ?
• ਆੱਨਾ ਨੇ ਅੱਜ ਦੇ ਬਿਰਧ ਭੈਣਾਂ-ਭਰਾਵਾਂ ਲਈ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ ਸੀ?
• ਕੁਝ ਕਰਨ ਜਾਂ ਸਿੱਖਣ ਵਿਚ ਉਮਰ ਕੋਈ ਰੁਕਾਵਟ ਕਿਉਂ ਨਹੀਂ ਹੈ?
• ਬਿਰਧ ਭੈਣ-ਭਰਾ ਪਰਮੇਸ਼ੁਰ ਦੀ ਭਗਤੀ ਕਰਨ ਵਿਚ ਕਿਵੇਂ ਲੱਗੇ ਰਹਿ ਸਕਦੇ ਹਨ?
• ਯਹੋਵਾਹ ਬਿਰਧ ਭੈਣਾਂ-ਭਰਾਵਾਂ ਦੀ ਸੇਵਾ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ?
[ਸਫ਼ਾ 23 ਉੱਤੇ ਤਸਵੀਰ]
ਬਿਰਧ ਦਾਨੀਏਲ ਨੇ “ਪੋਥੀਆਂ” ਤੋਂ ਜਾਣਿਆ ਸੀ ਕਿ ਯਹੂਦਾਹ ਕਿੰਨੇ ਚਿਰ ਲਈ ਗ਼ੁਲਾਮੀ ਵਿਚ ਰਹੇਗਾ
[ਸਫ਼ਾ 25 ਉੱਤੇ ਤਸਵੀਰਾਂ]
ਕਈ ਬਿਰਧ ਭੈਣ-ਭਰਾ ਬਾਕਾਇਦਾ ਸਭਾਵਾਂ ਵਿਚ ਹਾਜ਼ਰ ਹੋ ਕੇ, ਜੋਸ਼ ਨਾਲ ਪ੍ਰਚਾਰ ਕਰ ਕੇ ਅਤੇ ਨਵੀਆਂ ਗੱਲਾਂ ਸਿੱਖ ਕੇ ਵਧੀਆ ਮਿਸਾਲ ਕਾਇਮ ਕਰ ਰਹੇ ਹਨ