“ਜਿਹੜੇ ਜਹਾਜ਼ਾਂ ਵਿੱਚ ਸਮੁੰਦਰ ਉੱਤੇ ਚੱਲਦੇ ਹਨ”
ਮੈਸੇਚਿਉਸੇਟਸ, ਅਮਰੀਕਾ ਵਿਚ ਗਲਾਸਟਰ ਸ਼ਹਿਰ ਦੀ ਬੰਦਰਗਾਹ ਸਾਮ੍ਹਣੇ ਕਾਂਸੀ ਦਾ ਬਣਿਆ ਇਕ ਬੁੱਤ ਖੜ੍ਹਾ ਹੈ। ਇਸ ਬੁੱਤ ਨੂੰ ਮਛਿਆਰੇ ਦਾ ਰੂਪ ਦਿੱਤਾ ਗਿਆ ਹੈ ਜੋ ਪਤਵਾਰ ਨੂੰ ਘੁੱਟ ਕੇ ਫੜੀ ਰੱਖਦਿਆਂ ਆਪਣੀ ਕਿਸ਼ਤੀ ਨੂੰ ਤੂਫ਼ਾਨ ਵਿਚ ਸੰਭਾਲ ਰਿਹਾ ਹੈ। ਇਹ ਬੁੱਤ ਗਲਾਸਟਰ ਸ਼ਹਿਰ ਦੇ ਹਜ਼ਾਰਾਂ ਹੀ ਮਛਿਆਰਿਆਂ ਦੀ ਯਾਦ ਵਿਚ ਬਣਾਇਆ ਗਿਆ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਮੁੰਦਰ ਵਿਚ ਗੁਆਈਆਂ। ਬੁੱਤ ਹੇਠਾਂ ਅਤੇ ਲਾਗੇ ਇਕ ਯਾਦਗਾਰ ਪੱਥਰ ਉੱਤੇ ਬਾਈਬਲ ਵਿੱਚੋਂ ਇਹ ਸ਼ਬਦ ਲਿਖੇ ਹਨ: “ਜਿਹੜੇ ਜਹਾਜ਼ਾਂ ਵਿੱਚ ਸਮੁੰਦਰ ਉੱਤੇ ਚੱਲਦੇ ਹਨ, ਅਤੇ ਮਹਾਂ ਸਾਗਰ ਦੇ ਉੱਤੋਂ ਦੀ ਆਪਣਾ ਬੁਪਾਰ ਕਰਦੇ ਹਨ, ਓਹ ਯਹੋਵਾਹ ਦੇ ਕੰਮਾਂ ਨੂੰ, ਅਤੇ ਉਹ ਦੇ ਅਚਰਜਾਂ ਨੂੰ ਡੁੰਘਿਆਈ ਵਿੱਚ ਵੇਖਦੇ ਹਨ।”—ਜ਼ਬੂਰਾਂ ਦੀ ਪੋਥੀ 107:23, 24.
ਅੰਧ ਮਹਾਂਸਾਗਰ ਦੇ ਪਾਣੀਆਂ ਵਿਚ ਮੱਛੀਆਂ ਜ਼ਿਆਦਾ ਗਿਣਤੀ ਵਿਚ ਪਾਈਆਂ ਜਾਂਦੀਆਂ ਹਨ, ਪਰ ਮੱਛੀਆਂ ਫੜਨ ਦਾ ਕੰਮ ਇੱਥੇ ਖ਼ਤਰਨਾਕ ਸਾਬਤ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਸਾਲਾਂ ਦੌਰਾਨ 30,000 ਕੁ ਲੋਕਾਂ ਦੀ ਆਬਾਦੀ ਵਾਲੇ ਗਲਾਸਟਰ ਸ਼ਹਿਰ ਦੇ 5,368 ਮਛਿਆਰੇ ਮੱਛੀਆਂ ਫੜਦਿਆਂ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ। ਇਸ ਦਾ ਕਾਰਨ ਯਾਦਗਾਰ ਪੱਥਰ ਸਾਨੂੰ ਦੱਸਦਾ ਹੈ: “ਕੁਝ ਮਛਿਆਰਿਆਂ ਨੂੰ ਪਹਾੜ ਜਿੱਡੀਆਂ ਲਹਿਰਾਂ ਨੇ ਆਪਣੀ ਲਪੇਟ ਵਿਚ ਲੈ ਲਿਆ ਜੋ ਉੱਤਰ-ਪੂਰਬੀ ਪਾਸਿਓਂ ਤੂਫ਼ਾਨੀ ਹਵਾਵਾਂ ਕਰਕੇ ਪੈਦਾ ਹੋਈਆਂ। ਕੁਝ ਮਛਿਆਰਿਆਂ ਦੀ ਛੋਟੀ ਬੇੜੀ ਮੱਛੀਆਂ ਫੜਨ ਦੀ ਜਗ੍ਹਾ ਤੇ ਲਿਆਉਣ ਵਾਲੇ ਵੱਡੇ ਜਹਾਜ਼ ਤੋਂ ਮੀਲਾਂ ਦੂਰ ਵਹਿ ਗਈ ਜਿਸ ਕਰਕੇ ਤਨਹਾਈ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ। ਕੁਝ ਹੋਰਾਂ ਦੀ ਮੌਤ ਕਿਸ਼ਤੀਆਂ ਦਾ ਤੂਫ਼ਾਨਾਂ ਵਿਚ ਇਕ-ਦੂਜੇ ਨਾਲ ਟਕਰਾਉਣ ਅਤੇ ਡੁੱਬ ਜਾਣ ਕਾਰਨ ਹੋਈ ਅਤੇ ਬਾਕੀ ਮਛਿਆਰਿਆਂ ਦੀਆਂ ਕਿਸ਼ਤੀਆਂ ਦਾ ਨਾਸ਼ ਉਦੋਂ ਹੋਇਆ ਜਦ ਉਹ ਵੱਡੇ ਜਹਾਜ਼ਾਂ ਦੇ ਰਾਹ ਵਿਚ ਆ ਗਏ ਸਨ।”
ਇਹ ਬੁੱਤ ਉਨ੍ਹਾਂ ਮਛਿਆਰਿਆਂ ਦੀ ਗਵਾਹੀ ਦਿੰਦਾ ਹੈ ਜਿਨ੍ਹਾਂ ਨੇ ਸਦੀਆਂ ਦੌਰਾਨ ਅਜਿਹੇ ਖ਼ਤਰਿਆਂ ਦਾ ਸਾਮ੍ਹਣਾ ਕੀਤਾ ਅਤੇ ਆਪਣੇ ਕੰਮ ਵਿਚ ਜੀ-ਤੋੜ ਮਿਹਨਤ ਕੀਤੀ। ਦੂਜੇ ਪਾਸੇ ਉਨ੍ਹਾਂ ਬਾਰੇ ਸੋਚੋ ਜਿਨ੍ਹਾਂ ਨੇ ਆਪਣੇ ਪਤੀਆਂ, ਪਿਤਾਵਾਂ, ਭਰਾਵਾਂ ਅਤੇ ਪੁੱਤਰਾਂ ਲਈ ਅੰਝੂਆਂ ਦੇ ਹੜ੍ਹ ਵਹਾਏ। ਪਰ ਯਹੋਵਾਹ ਪਰਮੇਸ਼ੁਰ ਨਾ ਤਾਂ ਵਿਧਵਾਵਾਂ ਤੇ ਯਤੀਮਾਂ ਨੂੰ ਭੁੱਲਦਾ ਅਤੇ ਨਾ ਹੀ ਉਨ੍ਹਾਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਮੁੰਦਰ ਵਿਚ ਗੁਆਈਆਂ ਹਨ। ਭਵਿੱਖ ਵਿਚ ਹੋਣ ਵਾਲੀ ਇਕ ਅਸਚਰਜ ਘਟਨਾ ਬਾਰੇ ਯੂਹੰਨਾ ਰਸੂਲ ਨੇ ਕਿਹਾ: “ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ ਅਤੇ ਪਤਾਲ ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ।” (ਪਰਕਾਸ਼ ਦੀ ਪੋਥੀ 20:13) ਜੀ ਹਾਂ, ‘ਜਹਾਜ਼ਾਂ ਵਿੱਚ ਸਮੁੰਦਰ ਉੱਤੇ ਚੱਲਣ ਵਾਲੇ’ ਆਪਣੇ ਜੀ ਉੱਠਣ ਤੇ ‘ਯਹੋਵਾਹ ਦੇ ਅਚਰਜ ਕੰਮਾਂ’ ਨੂੰ ਜ਼ਰੂਰ ਦੇਖਣਗੇ।