ਸੰਸਾਰ ਭਰ ਵਿਚ ਆਨੰਦਿਤ ਉਸਤਤਕਰਤਾ ਬਣਨ ਲਈ ਵੱਖਰੇ ਕੀਤੇ ਗਏ
“ਹਲਲੂਯਾਹ! ਹੇ ਯਹੋਵਾਹ ਦੇ ਸੇਵਕੋ, ਉਸਤਤ ਕਰੋ, ਯਹੋਵਾਹ ਦੇ ਨਾਮ ਦੀ ਉਸਤਤ ਕਰੋ।”—ਜ਼ਬੂਰ 113:1.
1, 2. (ੳ) ਜ਼ਬੂਰ 113:1-3 ਦੀ ਇਕਸੁਰਤਾ ਵਿਚ, ਕੌਣ ਸਾਡੀ ਜੋਸ਼ੀਲੀ ਉਸਤਤ ਦੇ ਯੋਗ ਹੈ? (ਅ) ਕਿਹੜਾ ਸਵਾਲ ਪੁੱਛਣਾ ਢੁਕਵਾਂ ਹੈ?
ਯਹੋਵਾਹ ਪਰਮੇਸ਼ੁਰ ਸਵਰਗ ਅਤੇ ਧਰਤੀ ਦਾ ਮਹਾਨ ਸ੍ਰਿਸ਼ਟੀਕਰਤਾ ਹੈ, ਸਾਰੀ ਸਦੀਵਤਾ ਲਈ ਸਾਡਾ ਵਿਸ਼ਵ ਸਰਬਸੱਤਾਵਾਨ। ਉਹ ਸਾਡੀ ਜੋਸ਼ੀਲੀ ਉਸਤਤ ਦੇ ਪੂਰੀ ਤਰ੍ਹਾਂ ਯੋਗ ਹੈ। ਇਸ ਕਰਕੇ ਜ਼ਬੂਰ 113:1-3 ਸਾਨੂੰ ਆਦੇਸ਼ ਦਿੰਦਾ ਹੈ: “ਹਲਲੂਯਾਹ! ਹੇ ਯਹੋਵਾਹ ਦੇ ਸੇਵਕੋ, ਉਸਤਤ ਕਰੋ, ਯਹੋਵਾਹ ਦੇ ਨਾਮ ਦੀ ਉਸਤਤ ਕਰੋ! ਯਹੋਵਾਹ ਦਾ ਨਾਮ ਮੁਬਾਰਕ ਹੋਵੇ, ਹੁਣ ਤੋਂ ਲੈ ਕੇ ਸਦੀਪ ਕਾਲ ਤੀਕੁਰ! ਸੂਰਜ ਦੇ ਚੜ੍ਹਨ ਤੋਂ ਉਹ ਦੇ ਲਹਿਣ ਤੀਕ ਯਹੋਵਾਹ ਦੇ ਨਾਮ ਦੀ ਉਸਤਤ ਹੋਵੇ!”
2 ਪਰਮੇਸ਼ੁਰ ਦੇ ਗਵਾਹ ਹੋਣ ਦੇ ਨਾਤੇ, ਅਸੀਂ ਅਜਿਹਾ ਕਰਨ ਵਿਚ ਬਹੁਤ ਖ਼ੁਸ਼ ਹੁੰਦੇ ਹਾਂ। ਕਿੰਨਾ ਹੀ ਰੁਮਾਂਚਕ ਹੈ ਕਿ ਯਹੋਵਾਹ ਪਰਮੇਸ਼ੁਰ ਜਲਦੀ ਹੀ ਪੂਰੀ ਧਰਤੀ ਨੂੰ ਉਸਤਤ ਦੇ ਇਸ ਆਨੰਦਮਈ ਗੀਤ ਨਾਲ ਭਰ ਦੇਵੇਗਾ ਜੋ ਅੱਜ ਅਸੀਂ ਗਾ ਰਹੇ ਹਾਂ! (ਜ਼ਬੂਰ 22:27) ਕੀ ਤੁਹਾਡੀ ਆਵਾਜ਼ ਇਸ ਵਿਸ਼ਾਲ ਵਿਸ਼ਵ-ਵਿਆਪੀ ਗਾਇਕ-ਮੰਡਲੀ ਵਿਚ ਸੁਣਾਈ ਦੇ ਰਹੀ ਹੈ? ਜੇਕਰ ਹਾਂ, ਤਾਂ ਇਹ ਤੁਹਾਨੂੰ ਕਿੰਨੀ ਖ਼ੁਸ਼ੀ ਦਿੰਦਾ ਹੋਵੇਗਾ ਕਿ ਤੁਸੀਂ ਇਸ ਅਸੰਯੁਕਤ, ਆਨੰਦਰਹਿਤ ਸੰਸਾਰ ਤੋਂ ਵੱਖਰੇ ਕੀਤੇ ਗਏ ਹੋ!
3. (ੳ) ਕਿਹੜੀ ਚੀਜ਼ ਯਹੋਵਾਹ ਦੇ ਲੋਕਾਂ ਨੂੰ ਨਿਖੜਵੇਂ ਅਤੇ ਵਿਲੱਖਣ ਬਣਾਉਂਦੀ ਹੈ? (ਅ) ਅਸੀਂ ਕਿਨ੍ਹਾਂ ਤਰੀਕਿਆਂ ਵਿਚ ਵੱਖਰੇ ਕੀਤੇ ਗਏ ਹਾਂ?
3 ਸਾਡੇ ਵੱਲੋਂ ਇਕੱਠੇ ਮਿਲ ਕੇ ਯਹੋਵਾਹ ਦੀ ਉਸਤਤ ਕਰਨੀ ਯਕੀਨਨ ਸਾਨੂੰ ਨਿਖੜਵੇਂ ਅਤੇ ਵਿਲੱਖਣ ਬਣਾਉਂਦਾ ਹੈ। ਅਸੀਂ ਸਹਿਮਤੀ ਵਿਚ ਬੋਲਦੇ ਅਤੇ ਸਿਖਾਉਂਦੇ ਹਾਂ ਅਤੇ ‘ਯਹੋਵਾਹ ਦੀ ਬਹੁਤੀ ਭਲਿਆਈ’ ਦਾ ਐਲਾਨ ਕਰਨ ਲਈ ਸਮਾਨ ਤਰੀਕੇ ਵਰਤਦੇ ਹਾਂ। (ਜ਼ਬੂਰ 145:7) ਜੀ ਹਾਂ, ਯਹੋਵਾਹ ਦੇ ਸਮਰਪਿਤ ਸੇਵਕਾਂ ਵਜੋਂ, ਅਸੀਂ ਆਪਣੇ ਪਰਮੇਸ਼ੁਰ, ਯਹੋਵਾਹ ਦੀ ਸੇਵਾ ਕਰਨ ਲਈ ਵੱਖਰੇ ਕੀਤੇ ਗਏ ਹਾਂ। ਪਰਮੇਸ਼ੁਰ ਨੇ ਆਪਣੇ ਪ੍ਰਾਚੀਨ ਸਮਰਪਿਤ ਲੋਕਾਂ, ਇਸਰਾਏਲ ਨੂੰ, ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੌਮਾਂ ਤੋਂ ਵੱਖਰੇ ਰਹਿਣ ਲਈ ਅਤੇ ਇਨ੍ਹਾਂ ਕੌਮਾਂ ਦੇ ਕੰਮਾਂ ਤੋਂ ਬੇਦਾਗ਼ ਰਹਿਣ ਲਈ ਕਿਹਾ ਸੀ। (ਕੂਚ 34:12-16) ਅਜਿਹਾ ਕਰਨ ਲਈ ਉਸ ਨੇ ਆਪਣੇ ਲੋਕਾਂ ਨੂੰ ਨਿਯਮ ਦਿੱਤੇ ਸਨ। ਇਸੇ ਤਰ੍ਹਾਂ ਅੱਜ, ਯਹੋਵਾਹ ਨੇ ਸਾਨੂੰ ਆਪਣਾ ਪਵਿੱਤਰ ਬਚਨ, ਬਾਈਬਲ ਦਿੱਤਾ ਹੈ। ਇਸ ਦੀ ਹਿਦਾਇਤ ਸਾਨੂੰ ਦਿਖਾਉਂਦੀ ਹੈ ਕਿ ਅਸੀਂ ਇਸ ਸੰਸਾਰ ਤੋਂ ਕਿਵੇਂ ਵੱਖਰੇ ਰਹਿ ਸਕਦੇ ਹਾਂ। (2 ਕੁਰਿੰਥੀਆਂ 6:17; 2 ਤਿਮੋਥਿਉਸ 3:16, 17) ਅਸੀਂ ਈਸਾਈ ਮੱਠਾਂ ਜਾਂ ਆਸ਼ਰਮਾਂ ਵਿਚ ਅਲਹਿਦਗੀ ਦਾ ਜੀਵਨ ਬਿਤਾਉਣ ਦੁਆਰਾ ਵੱਖਰੇ ਨਹੀਂ ਕੀਤੇ ਗਏ ਹਾਂ, ਜਿਵੇਂ ਕਿ ਵੱਡੀ ਬਾਬੁਲ ਦੇ ਮੱਠਵਾਸੀ ਜਾਂ ਨਨਜ਼ ਕੀਤੀਆਂ ਜਾਂਦੀਆਂ ਹਨ। ਯਿਸੂ ਮਸੀਹ ਦੀ ਮਿਸਾਲ ਦੀ ਪੈਰਵੀ ਕਰਦੇ ਹੋਏ, ਅਸੀਂ ਯਹੋਵਾਹ ਦੇ ਜਨਤਕ ਉਸਤਤਕਰਤਾ ਹਾਂ।
ਯਹੋਵਾਹ ਦੇ ਮੁੱਖ ਉਸਤਤਕਰਤਾ ਦਾ ਅਨੁਕਰਣ ਕਰੋ
4. ਯਹੋਵਾਹ ਦੀ ਉਸਤਤ ਕਰਨ ਵਿਚ ਯਿਸੂ ਨੇ ਕਿਵੇਂ ਮਿਸਾਲ ਪੇਸ਼ ਕੀਤੀ ਸੀ?
4 ਯਿਸੂ ਕਦੇ ਵੀ ਯਹੋਵਾਹ ਦੀ ਉਸਤਤ ਕਰਨ ਦੇ ਆਪਣੇ ਮਕਸਦ ਤੋਂ ਨਹੀਂ ਭਟਕਿਆ। ਅਤੇ ਇਸ ਚੀਜ਼ ਨੇ ਉਸ ਨੂੰ ਸੰਸਾਰ ਤੋਂ ਵੱਖਰਿਆਂ ਰੱਖਿਆ। ਯਹੂਦੀ ਸਭਾ-ਘਰਾਂ ਵਿਚ ਅਤੇ ਯਰੂਸ਼ਲਮ ਦੇ ਮੰਦਰ ਵਿਚ, ਉਸ ਨੇ ਪਰਮੇਸ਼ੁਰ ਦੇ ਪਵਿੱਤਰ ਨਾਂ ਦੀ ਉਸਤਤ ਕੀਤੀ। ਚਾਹੇ ਪਹਾੜ ਦੀ ਟੀਸੀ ਉੱਤੇ ਜਾਂ ਸਮੁੰਦਰ ਦੇ ਕਿਨਾਰੇ, ਜਿੱਥੇ ਵੀ ਭੀੜ ਇਕੱਠੀ ਹੁੰਦੀ, ਯਿਸੂ ਉੱਥੇ ਜਨਤਕ ਤੌਰ ਤੇ ਯਹੋਵਾਹ ਦੀਆਂ ਸੱਚਾਈਆਂ ਦਾ ਪ੍ਰਚਾਰ ਕਰਦਾ ਸੀ। ਉਸ ਨੇ ਐਲਾਨ ਕੀਤਾ: “ਹੇ ਪਿਤਾ ਅਕਾਸ਼ ਅਤੇ ਧਰਤੀ ਦੇ ਮਾਲਕ ਮੈਂ ਤੇਰੀ ਵਡਿਆਈ ਕਰਦਾ ਹਾਂ।” (ਮੱਤੀ 11:25) ਪੁੰਤਿਯੁਸ ਪਿਲਾਤੁਸ ਸਾਮ੍ਹਣੇ ਮੁਕੱਦਮੇ ਦੇ ਵੇਲੇ ਵੀ, ਯਿਸੂ ਨੇ ਗਵਾਹੀ ਦਿੱਤੀ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰਨਾ 18:37) ਯਿਸੂ ਨੇ ਆਪਣੇ ਕੰਮ ਦੀ ਮਹੱਤਤਾ ਨੂੰ ਸਮਝਿਆ। ਯਿਸੂ ਜਿੱਥੇ ਕਿਤੇ ਵੀ ਸੀ, ਉਸ ਨੇ ਯਹੋਵਾਹ ਦੀ ਗਵਾਹੀ ਦਿੱਤੀ ਅਤੇ ਜਨਤਕ ਤੌਰ ਤੇ ਉਸ ਦੀ ਉਸਤਤ ਕੀਤੀ।
5. ਜ਼ਬੂਰ 22:22 ਕਿਨ੍ਹਾਂ ਉੱਤੇ ਲਾਗੂ ਹੁੰਦਾ ਹੈ, ਅਤੇ ਸਾਡੀ ਮਨੋਬਿਰਤੀ ਕੀ ਹੋਣੀ ਚਾਹੀਦੀ ਹੈ?
5 ਜ਼ਬੂਰ 22:22 ਵਿਚ, ਅਸੀਂ ਯਹੋਵਾਹ ਦੇ ਮੁੱਖ ਉਸਤਤਕਰਤਾ ਬਾਰੇ ਇਹ ਭਵਿੱਖ-ਸੂਚਕ ਬਿਆਨ ਪੜ੍ਹਦੇ ਹਾਂ: “ਮੈਂ ਆਪਣਿਆਂ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ, ਅਤੇ ਸਭਾ ਵਿੱਚ ਤੇਰੀ ਉਸਤਤ ਕਰਾਂਗਾ।” ਅਤੇ ਇਬਰਾਨੀਆਂ 2:11, 12 ਵਿਚ, ਪੌਲੁਸ ਰਸੂਲ ਇਹ ਆਇਤਾਂ ਪ੍ਰਭੂ ਯਿਸੂ ਅਤੇ ਉਨ੍ਹਾਂ ਉੱਤੇ ਲਾਗੂ ਕਰਦਾ ਹੈ, ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਸਵਰਗੀ ਮਹਿਮਾ ਲਈ ਪਵਿੱਤਰ ਕੀਤਾ ਹੈ। ਉਸ ਵਾਂਗ, ਉਹ ਸਭਾ ਵਿਚ ਯਹੋਵਾਹ ਦੇ ਨਾਂ ਦੀ ਉਸਤਤ ਕਰਨ ਵਿਚ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੇ ਹਨ। ਕੀ ਸਾਡੀ ਵੀ ਇਸੇ ਤਰ੍ਹਾਂ ਦੀ ਮਾਨਸਿਕ ਮਨੋਬਿਰਤੀ ਹੁੰਦੀ ਹੈ ਜਦੋਂ ਅਸੀਂ ਆਪਣੀਆਂ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੁੰਦੇ ਹਾਂ? ਸਭਾਵਾਂ ਵਿਚ ਸਾਡਾ ਜੋਸ਼ੀਲਾ ਹਿੱਸਾ ਲੈਣਾ, ਦੋਵੇਂ ਮਾਨਸਿਕ ਅਤੇ ਜ਼ਬਾਨੀ ਤੌਰ ਤੇ, ਯਹੋਵਾਹ ਦੀ ਉਸਤਤ ਕਰਦਾ ਹੈ। ਪਰੰਤੂ ਕੀ ਸਾਡੀ ਆਨੰਦਿਤ ਉਸਤਤ ਇੱਥੇ ਹੀ ਖ਼ਤਮ ਹੋ ਜਾਂਦੀ ਹੈ?
6. ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਆਦੇਸ਼ ਦਿੱਤਾ ਸੀ, ਅਤੇ ਚਾਨਣ ਦੇ ਪ੍ਰੇਮੀ ਪਰਮੇਸ਼ੁਰ ਦੀ ਮਹਿਮਾ ਕਿਸ ਤਰ੍ਹਾਂ ਕਰਦੇ ਹਨ?
6 ਮੱਤੀ 5:14-16 ਦੇ ਅਨੁਸਾਰ, ਪ੍ਰਭੂ ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਆਪਣਾ ਚਾਨਣ ਚਮਕਾਉਣ ਦਾ ਵੀ ਆਦੇਸ਼ ਦਿੱਤਾ ਸੀ ਤਾਂਕਿ ਦੂਸਰੇ ਲੋਕ ਯਹੋਵਾਹ ਦੀ ਉਸਤਤ ਕਰਨ। ਉਸ ਨੇ ਕਿਹਾ: “ਤੁਸੀਂ ਜਗਤ ਦੇ ਚਾਨਣ ਹੋ। . . . ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।” ਚਾਨਣ ਦੇ ਪ੍ਰੇਮੀ ਪਰਮੇਸ਼ੁਰ ਨੂੰ ਮਹਿਮਾ ਲਿਆਉਂਦੇ ਹਨ। ਕੀ ਉਹ ਸਿਰਫ਼ ਚੰਗੀਆਂ ਅਤੇ ਪਰਉਪਕਾਰੀ ਗੱਲਾਂ ਕਹਿਣ ਅਤੇ ਕੰਮ ਕਰਨ ਦੁਆਰਾ ਹੀ ਇੰਜ ਕਰਦੇ ਹਨ? ਨਹੀਂ, ਬਲਕਿ ਉਹ ਇਕੱਠੇ ਮਿਲ ਕੇ ਯਹੋਵਾਹ ਦੀ ਮਹਿਮਾ ਕਰਨ ਦੁਆਰਾ ਇੰਜ ਕਰਦੇ ਹਨ। ਜੀ ਹਾਂ, ਚਾਨਣ ਦੇ ਪ੍ਰੇਮੀ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰਦੇ ਹਨ ਅਤੇ ਉਸ ਦੇ ਆਨੰਦਿਤ ਉਸਤਤਕਰਤਾ ਬਣ ਜਾਂਦੇ ਹਨ। ਕੀ ਤੁਸੀਂ ਇਹ ਖ਼ੁਸ਼ੀ ਭਰਿਆ ਕਦਮ ਚੁੱਕਿਆ ਹੈ?
ਯਹੋਵਾਹ ਦੀ ਉਸਤਤ ਕਰਨ ਤੋਂ ਆਨੰਦ
7. ਯਹੋਵਾਹ ਦੇ ਉਸਤਤਕਰਤਾ ਇੰਨੇ ਆਨੰਦਿਤ ਕਿਉਂ ਹਨ, ਅਤੇ 33 ਸਾ.ਯੁ. ਦੇ ਪੰਤੇਕੁਸਤ ਦੇ ਦਿਨ ਤੇ ਉਨ੍ਹਾਂ ਨੂੰ ਕਿਹੜਾ ਆਨੰਦ ਮਿਲਿਆ ਸੀ?
7 ਯਹੋਵਾਹ ਦੇ ਉਸਤਤਕਰਤਾ ਇੰਨੇ ਆਨੰਦਿਤ ਕਿਉਂ ਹਨ? ਕਿਉਂਕਿ ਆਨੰਦ ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਇਕ ਫਲ ਹੈ। ਗਲਾਤੀਆਂ 5:22 ਵਿਚ, ਇਹ ਪ੍ਰੇਮ ਤੋਂ ਇਕਦਮ ਬਾਅਦ ਦਰਜ ਕੀਤਾ ਗਿਆ ਹੈ। ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਨੇ ਯਹੋਵਾਹ ਦੀ ਆਤਮਾ ਦੇ ਇਸ ਫਲ ਨੂੰ ਪ੍ਰਗਟ ਕੀਤਾ। ਕਿਉਂ, 33 ਸਾ.ਯੁ. ਦੇ ਪੰਤੇਕੁਸਤ ਦੇ ਦਿਨ, ਜਦੋਂ ਪਰਮੇਸ਼ੁਰ ਨੇ ਯਿਸੂ ਦੇ ਤਕਰੀਬਨ 120 ਚੇਲਿਆਂ ਉੱਤੇ ਪਵਿੱਤਰ ਆਤਮਾ ਪਾਈ, ਤਾਂ ਉਹ ਸਾਰੇ ਵੱਖਰੀਆਂ-ਵੱਖਰੀਆਂ ਬੋਲੀਆਂ ਵਿਚ ਯਹੋਵਾਹ ਦੀ ਉਸਤਤ ਕਰਨ ਲੱਗ ਪਏ। ਬਹੁਤ ਸਾਰੀਆਂ ਕੌਮਾਂ ਤੋਂ ਯਰੂਸ਼ਲਮ ਨੂੰ ਆਏ ਸ਼ਰਧਾ ਰੱਖਣ ਵਾਲੇ ਯਹੂਦੀ ‘ਹੱਕੇ-ਬੱਕੇ ਅਤੇ ਅਚਰਜ ਰਹਿ ਗਏ।’ ਉਹ ਉੱਚੀ ਆਵਾਜ਼ ਵਿਚ ਬੋਲੇ: “ਉਨ੍ਹਾਂ ਨੂੰ ਆਪਣੀ ਆਪਣੀ ਭਾਖਿਆ ਵਿੱਚ ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ ਦਾ ਵਖਾਣ ਕਰਦਿਆਂ ਸੁਣਦੇ ਹਾਂ!” (ਰਸੂਲਾਂ ਦੇ ਕਰਤੱਬ 2:1-11) ਯਹੋਵਾਹ ਦੀ ਇਸ ਅਦਭੁਤ ਬਹੁਭਾਸ਼ੀ ਉਸਤਤ ਦਾ ਕੀ ਨਤੀਜਾ ਨਿਕਲਿਆ? ਤਕਰੀਬਨ 3,000 ਯਹੂਦੀਆਂ ਅਤੇ ਯਹੂਦੀ ਨਵ-ਧਰਮੀਆਂ ਨੇ ਮਸੀਹਾ ਬਾਰੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਬਪਤਿਸਮਾ ਲਿਆ, ਪਵਿੱਤਰ ਆਤਮਾ ਪਾਈ, ਅਤੇ ਯਹੋਵਾਹ ਦੇ ਆਨੰਦਿਤ ਉਸਤਤਕਰਤਿਆਂ ਦੇ ਤੌਰ ਤੇ ਉਤਸ਼ਾਹਪੂਰਵਕ ਆਪਣੀਆਂ ਆਵਾਜ਼ਾਂ ਮਿਲਾਈਆਂ। (ਰਸੂਲਾਂ ਦੇ ਕਰਤੱਬ 2:37-42) ਉਹ ਕਿੰਨੀ ਹੀ ਵਧੀਆ ਬਰਕਤ ਸੀ!
8. ਪੰਤੇਕੁਸਤ ਤੋਂ ਬਾਅਦ, ਆਪਣੇ ਆਨੰਦ ਨੂੰ ਵਧਾਉਣ ਲਈ ਮਸੀਹੀਆਂ ਨੇ ਕੀ ਕੀਤਾ ਸੀ?
8 ਰਿਪੋਰਟ ਅੱਗੇ ਕਹਿੰਦੀ ਹੈ: “ਦਿਨੋ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਰਹਿੰਦੇ ਅਤੇ ਘਰੀਂ ਰੋਟੀ ਤੋੜਦੇ ਓਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛੱਕਦੇ ਸਨ। ਅਤੇ ਪਰਮੇਸ਼ੁਰ ਦੀ ਉਸਤਤ ਕਰਦੇ ਸਨ ਅਰ ਸਾਰਿਆਂ ਲੋਕਾਂ ਨੂੰ ਪਿਆਰੇ ਸਨ ਅਤੇ ਪ੍ਰਭੁ ਦਿਨੋ ਦਿਨ ਓਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਵਿੱਚ ਰਲਾਉਂਦਾ ਸੀ।” (ਰਸੂਲਾਂ ਦੇ ਕਰਤੱਬ 2:46, 47) ਕੀ ਕੇਵਲ ਉਨ੍ਹਾਂ ਦਾ ਇਕੱਠੇ ਮਿਲਣਾ ਅਤੇ ਭੋਜਨ ਛਕਣਾ ਹੀ ਸੀ ਜਿਸ ਨੇ ਉਨ੍ਹਾਂ ਨੂੰ ਵੱਡੀ ਖ਼ੁਸ਼ੀ ਦਿੱਤੀ? ਨਹੀਂ, ਦਿਨੋ-ਦਿਨ ਯਹੋਵਾਹ ਦੀ ਉਸਤਤ ਕਰਨ ਤੋਂ ਉਨ੍ਹਾਂ ਨੂੰ ਵੱਡੀ ਖ਼ੁਸ਼ੀ ਮਿਲੀ। ਅਤੇ ਉਨ੍ਹਾਂ ਦੀ ਖ਼ੁਸ਼ੀ ਵਧੀ ਜਦੋਂ ਉਨ੍ਹਾਂ ਨੇ ਹਜ਼ਾਰਾਂ ਨੂੰ ਉਨ੍ਹਾਂ ਦੇ ਮੁਕਤੀ ਦੇ ਸੰਦੇਸ਼ ਵੱਲ ਪ੍ਰਤਿਕ੍ਰਿਆ ਦਿਖਾਉਂਦੇ ਹੋਏ ਦੇਖਿਆ। ਅੱਜ ਸਾਡੇ ਨਾਲ ਵੀ ਅਜਿਹਾ ਹੀ ਹੈ।
ਸਾਰੀਆਂ ਕੌਮਾਂ ਵਿਚ ਆਨੰਦਿਤ ਉਸਤਤਕਰਤਾ
9. (ੳ) ਪਰਮੇਸ਼ੁਰ ਨੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਕਦੋਂ ਅਤੇ ਕਿਸ ਤਰ੍ਹਾਂ ਉਸ ਦੀ ਖ਼ੁਸ਼ ਖ਼ਬਰੀ ਨੂੰ ਸੁਣਨ ਦਾ ਮੌਕਾ ਦੇਣਾ ਸ਼ੁਰੂ ਕੀਤਾ? (ਅ) ਕੁਰਨੇਲਿਯੁਸ ਅਤੇ ਉਸ ਦੇ ਸਾਥੀਆਂ ਉੱਤੇ ਉਨ੍ਹਾਂ ਦੇ ਬਪਤਿਸਮੇ ਤੋਂ ਪਹਿਲਾਂ ਪਵਿੱਤਰ ਆਤਮਾ ਕਿਉਂ ਪਾਈ ਗਈ ਸੀ?
9 ਯਹੋਵਾਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਸੇਵਕਾਂ ਦੀ ਚਾਨਣ-ਵਾਹਕ ਸਰਗਰਮੀ ਇਕ ਕੌਮ ਤਕ ਹੀ ਸੀਮਿਤ ਰਹੇ। ਇਸ ਲਈ, 36 ਸਾ.ਯੁ. ਵਿਚ ਸ਼ੁਰੂ ਕਰਦੇ ਹੋਏ, ਉਸ ਨੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਉਸ ਦੀ ਖ਼ੁਸ਼ ਖ਼ਬਰੀ ਨੂੰ ਸੁਣਨ ਦਾ ਮੌਕਾ ਦਿੱਤਾ। ਪਰਮੇਸ਼ੁਰ ਦੇ ਨਿਰਦੇਸ਼ਨ ਅਧੀਨ, ਪਤਰਸ ਕੈਸਰਿਯਾ ਵਿਚ ਇਕ ਗ਼ੈਰ-ਯਹੂਦੀ ਸੂਬੇਦਾਰ ਦੇ ਘਰ ਗਿਆ। ਉੱਥੇ ਉਸ ਨੇ ਕੁਰਨੇਲਿਯੁਸ ਨੂੰ ਆਪਣੇ ਬਹੁਤ ਨੇੜਲੇ ਮਿੱਤਰਾਂ ਅਤੇ ਪਰਿਵਾਰ ਨਾਲ ਪਾਇਆ। ਜਿਉਂ-ਜਿਉਂ ਉਨ੍ਹਾਂ ਨੇ ਪਤਰਸ ਦੇ ਸ਼ਬਦ ਧਿਆਨ ਨਾਲ ਸੁਣੇ, ਉਨ੍ਹਾਂ ਨੇ ਆਪਣੇ ਦਿਲਾਂ ਵਿਚ ਯਿਸੂ ਉੱਤੇ ਨਿਹਚਾ ਕੀਤੀ। ਅਸੀਂ ਕਿਸ ਤਰ੍ਹਾਂ ਜਾਣਦੇ ਹਾਂ? ਕਿਉਂਕਿ ਉਨ੍ਹਾਂ ਗ਼ੈਰ-ਯਹੂਦੀ ਵਿਸ਼ਵਾਸੀਆਂ ਉੱਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਆਈ ਸੀ। ਆਮ ਤੌਰ ਤੇ, ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਦਾਤ ਕੇਵਲ ਬਪਤਿਸਮੇ ਮਗਰੋਂ ਹੀ ਦਿੱਤੀ ਜਾਂਦੀ ਸੀ, ਪਰੰਤੂ ਉਸ ਮੌਕੇ ਤੇ ਯਹੋਵਾਹ ਨੇ ਉਨ੍ਹਾਂ ਗ਼ੈਰ-ਯਹੂਦੀਆਂ ਉੱਤੇ ਉਨ੍ਹਾਂ ਦੇ ਗੋਤੇ ਤੋਂ ਪਹਿਲਾਂ ਆਪਣੀ ਪਰਵਾਨਗੀ ਦਿਖਾਈ। ਜੇਕਰ ਯਹੋਵਾਹ ਇਸ ਤਰ੍ਹਾਂ ਨਾ ਕਰਦਾ, ਤਾਂ ਪਤਰਸ ਨੂੰ ਯਕੀਨ ਨਹੀਂ ਹੋਣਾ ਸੀ ਕਿ ਪਰਮੇਸ਼ੁਰ ਹੁਣ ਗ਼ੈਰ-ਯਹੂਦੀਆਂ ਨੂੰ ਆਪਣੇ ਸੇਵਕਾਂ ਵਜੋਂ ਸਵੀਕਾਰ ਕਰ ਰਿਹਾ ਸੀ ਅਤੇ ਕਿ ਉਹ ਪਾਣੀ ਦਾ ਬਪਤਿਸਮਾ ਲੈਣ ਦੇ ਯੋਗ ਸਨ।—ਰਸੂਲਾਂ ਦੇ ਕਰਤੱਬ 10:34, 35, 47, 48.
10. ਪ੍ਰਾਚੀਨ ਸਮਿਆਂ ਤੋਂ ਇਹ ਕਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਸਾਰੀਆਂ ਕੌਮਾਂ ਦੇ ਲੋਕ ਯਹੋਵਾਹ ਦੀ ਉਸਤਤ ਕਰਨਗੇ?
10 ਪ੍ਰਾਚੀਨ ਸਮਿਆਂ ਤੋਂ, ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਸਾਰੀਆਂ ਕੌਮਾਂ ਦੇ ਲੋਕ ਉਸ ਦੀ ਉਸਤਤ ਕਰਨਗੇ। ਹਰੇਕ ਦੇਸ਼ ਵਿਚ ਉਸ ਦੇ ਆਨੰਦਿਤ ਉਸਤਤਕਰਤਾ ਹੋਣਗੇ। ਇਸ ਨੂੰ ਸਾਬਤ ਕਰਨ ਲਈ, ਪੌਲੁਸ ਰਸੂਲ ਨੇ ਇਬਰਾਨੀ ਸ਼ਾਸਤਰ ਵਿੱਚੋਂ ਭਵਿੱਖਬਾਣੀਆਂ ਦਾ ਹਵਾਲਾ ਦਿੱਤਾ। ਉਸ ਨੇ ਰੋਮ ਦੇ ਮਸੀਹੀਆਂ ਦੀ ਅੰਤਰਰਾਸ਼ਟਰੀ ਕਲੀਸਿਯਾ ਨੂੰ ਦੱਸਿਆ: “ਇਸੇ ਕਾਰਨ ਤੁਸੀਂ ਇੱਕ ਦੂਏ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਭਈ ਪਰਮੇਸ਼ੁਰ ਦੀ ਵਡਿਆਈ ਹੋਵੇ। ਮੈਂ ਆਖਦਾ ਹਾਂ ਭਈ ਮਸੀਹ ਪਰਮੇਸ਼ੁਰ ਦੀ ਸਚਿਆਈ ਦੇ ਨਮਿੱਤ ਸੁੰਨਤੀਆਂ ਦਾ ਸੇਵਕ ਬਣਿਆ ਤਾਂ ਜੋ ਉਹ ਉਨ੍ਹਾਂ ਬਚਨਾਂ ਨੂੰ ਜਿਹੜੇ ਪਿਤਰਾਂ ਨੂੰ ਦਿੱਤੇ ਹੋਏ ਸਨ ਪੂਰਿਆਂ ਕਰੇ। ਅਤੇ ਪਰਾਈਆਂ ਕੌਮਾਂ ਰਹਮ ਦੇ ਲਈ ਪਰਮੇਸ਼ੁਰ ਦੀ ਵਡਿਆਈ ਕਰਨ ਜਿਵੇਂ [ਜ਼ਬੂਰ 18:49 ਵਿਚ] ਲਿਖਿਆ ਹੋਇਆ ਹੈ,—ਏਸੇ ਕਾਰਨ ਮੈਂ ਪਰਾਈਆਂ ਕੌਮਾਂ ਵਿੱਚ ਤੇਰੀ ਵਡਿਆਈ ਕਰਾਂਗਾ, ਅਤੇ ਤੇਰੇ ਨਾਮ ਦਾ ਜਸ ਗਾਵਾਂਗਾ। ਫੇਰ [ਬਿਵਸਥਾ ਸਾਰ 32:43 ਵਿਚ] ਕਹਿੰਦਾ ਹੈ,—ਹੇ ਪਰਾਈਓ ਕੌਮੋ, ਉਹ ਦੀ ਪਰਜਾ ਨਾਲ ਖੁਸ਼ੀ ਕਰੋ। ਅਤੇ ਫੇਰ [ਜ਼ਬੂਰ 117:1 ਵਿਚ], ਹੇ ਸਾਰੀਓ ਕੌਮੋ, ਪ੍ਰਭੁ ਦੀ ਉਸਤਤ ਕਰੋ, ਅਤੇ ਸਾਰੇ ਲੋਕ ਉਹ ਦੇ ਗੁਣ ਗਾਉਣ।” (ਟੇਢੇ ਟਾਈਪ ਸਾਡੇ।)—ਰੋਮੀਆਂ 15:7-11.
11. ਪਰਮੇਸ਼ੁਰ ਨੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਉਸ ਦੀਆਂ ਸੱਚਾਈਆਂ ਨੂੰ ਸਿੱਖਣ ਵਿਚ ਕਿਵੇਂ ਮਦਦ ਦਿੱਤੀ ਹੈ, ਅਤੇ ਇਸ ਦਾ ਕੀ ਨਤੀਜਾ ਨਿਕਲਿਆ ਹੈ?
11 ਲੋਕ ਇਕੱਠੇ ਮਿਲ ਕੇ ਯਹੋਵਾਹ ਦੀ ਉਸਤਤ ਨਹੀਂ ਕਰ ਸਕਦੇ ਹਨ ਜਦ ਤਕ ਉਹ ਯਿਸੂ ਮਸੀਹ ਉੱਤੇ ਆਪਣੀ ਆਸ ਨਹੀਂ ਰੱਖਦੇ, ਜਿਸ ਨੂੰ ਪਰਮੇਸ਼ੁਰ ਨੇ ਸਾਰੀਆਂ ਕੌਮਾਂ ਦੇ ਲੋਕਾਂ ਉੱਤੇ ਰਾਜ ਕਰਨ ਲਈ ਨਿਯੁਕਤ ਕੀਤਾ ਹੈ। ਉਸ ਦੀਆਂ ਸੱਚਾਈਆਂ ਦੇ ਪ੍ਰਤੀ ਕਦਰ ਦਿਖਾਉਣ ਵਿਚ ਜੋ ਸਦੀਪਕ ਜੀਵਨ ਵੱਲ ਲੈ ਜਾਂਦੀਆਂ ਹਨ ਉਨ੍ਹਾਂ ਦੀ ਮਦਦ ਕਰਨ ਲਈ, ਪਰਮੇਸ਼ੁਰ ਨੇ ਇਕ ਅੰਤਰਰਾਸ਼ਟਰੀ ਸਿੱਖਿਆ ਕਾਰਜਕ੍ਰਮ ਕਾਇਮ ਕੀਤਾ ਹੈ। ਉਹ ਆਪਣੇ ਮਾਤਬਰ ਨੌਕਰ ਵਰਗ ਦੁਆਰਾ ਅਗਵਾਈ ਪ੍ਰਦਾਨ ਕਰ ਰਿਹਾ ਹੈ। (ਮੱਤੀ 24:45-47) ਨਤੀਜਾ? 50 ਲੱਖ ਤੋਂ ਜ਼ਿਆਦਾ ਆਨੰਦਮਈ ਆਵਾਜ਼ਾਂ 230 ਤੋਂ ਵੱਧ ਦੇਸ਼ਾਂ ਵਿਚ ਯਹੋਵਾਹ ਦੀ ਉਸਤਤ ਗਾ ਰਹੀਆਂ ਹਨ। ਅਤੇ ਲੱਖਾਂ ਹੋਰ ਅਜਿਹਾ ਕਰਨ ਵਿਚ ਦਿਲਚਸਪੀ ਦਿਖਾ ਰਹੇ ਹਨ। ਦੇਖੋ ਕਿ 1996 ਵਿਚ ਕਿੰਨੇ ਲੋਕ ਸਮਾਰਕ ਵਿਚ ਹਾਜ਼ਰ ਹੋਏ ਸਨ: 1,29,21,933. ਕਿੰਨਾ ਅਦਭੁਤ!
ਆਨੰਦਿਤ ਉਸਤਤਕਰਤਿਆਂ ਦੀ ਇਕ ਵੱਡੀ ਭੀੜ ਪਹਿਲਾਂ ਤੋਂ ਹੀ ਦੱਸੀ ਗਈ
12. ਰਸੂਲ ਯੂਹੰਨਾ ਨੇ ਕਿਹੜਾ ਉਤੇਜਿਤ ਦਰਸ਼ਣ ਦੇਖਿਆ ਸੀ ਅਤੇ ਇਸ ਦੀ ਜੀਉਂਦੀ-ਜਾਗਦੀ ਅਸਲੀਅਤ ਕੀ ਹੈ?
12 ਦਰਸ਼ਣ ਵਿਚ, ਰਸੂਲ ਯੂਹੰਨਾ ਨੇ ਸਾਰੀਆਂ ਕੌਮਾਂ ਵਿੱਚੋਂ “ਇੱਕ ਵੱਡੀ ਭੀੜ” ਦੇਖੀ। (ਪਰਕਾਸ਼ ਦੀ ਪੋਥੀ 7:9) ਇਸ ਉਸਤਤ ਦਾ ਵਿਸ਼ਾ ਕੀ ਹੈ ਜੋ ਇਹ ਵੱਡੀ ਭੀੜ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਬਕੀਏ ਨਾਲ ਗਾ ਰਹੀ ਹੈ? ਯੂਹੰਨਾ ਸਾਨੂੰ ਦੱਸਦਾ ਹੈ: “ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ।” (ਪਰਕਾਸ਼ ਦੀ ਪੋਥੀ 7:10) ਸੰਸਾਰ ਦੇ ਹਰ ਹਿੱਸੇ ਵਿਚ ਇਸ ਦਾ ਐਲਾਨ ਦਲੇਰੀ ਨਾਲ ਕੀਤਾ ਜਾ ਰਿਹਾ ਹੈ। ਮਾਨੋ ਖਜੂਰ ਦੀਆਂ ਟਾਹਣੀਆਂ ਲਹਿਰਾਉਂਦੇ ਹੋਏ, ਅਸੀਂ ਇਕੱਠੇ ਮਿਲ ਕੇ ਵਿਸ਼ਵ ਸਰਬਸੱਤਾਵਾਨ ਵਜੋਂ ਪਰਮੇਸ਼ੁਰ ਦੀ ਜੈ ਜੈ ਕਾਰ ਕਰਦੇ ਹਾਂ ਅਤੇ ਆਨੰਦ ਨਾਲ ਸਵਰਗ ਅਤੇ ਧਰਤੀ ਦੇ ਸਾਮ੍ਹਣੇ ਸਵੀਕਾਰ ਕਰਦੇ ਹਾਂ ਕਿ ਸਾਡੀ ਮੁਕਤੀ ਪਰਮੇਸ਼ੁਰ ਅਤੇ ਉਸ ਦੇ ਪੁੱਤਰ, ਅਰਥਾਤ ਲੇਲਾ, ਯਿਸੂ ਮਸੀਹ ‘ਵੱਲੋਂ’ ਹੈ। ਆਹਾ, ਵੱਡੀ ਭੀੜ ਦੇ ਇਸ ਉਤੇਜਿਤ ਦਰਸ਼ਣ ਨੂੰ ਵੇਖ ਕੇ ਰਸੂਲ ਯੂਹੰਨਾ ਕਿੰਨਾ ਹੀ ਰੁਮਾਂਚਿਤ ਹੋਇਆ! ਅਤੇ ਯੂਹੰਨਾ ਨੇ ਜੋ ਦੇਖਿਆ ਸੀ ਉਸ ਦੀ ਜੀਉਂਦੀ ਜਾਗਦੀ ਅਸਲੀਅਤ ਨੂੰ ਦੇਖ ਕੇ, ਅਤੇ ਉਸ ਦਾ ਇਕ ਹਿੱਸਾ ਬਣ ਕੇ ਅੱਜ ਅਸੀਂ ਕਿੰਨੇ ਰੁਮਾਂਚਿਤ ਹੁੰਦੇ ਹਾਂ!
13. ਯਹੋਵਾਹ ਦੇ ਲੋਕਾਂ ਨੂੰ ਕਿਹੜੀ ਚੀਜ਼ ਸੰਸਾਰ ਤੋਂ ਵੱਖਰਿਆਂ ਰੱਖਦੀ ਹੈ?
13 ਯਹੋਵਾਹ ਦੇ ਸੇਵਕਾਂ ਵਜੋਂ, ਅਸੀਂ ਫਖ਼ਰ ਨਾਲ ਉਸ ਦੇ ਨਾਂ ਤੋਂ ਸੱਦੇ ਜਾਂਦੇ ਹਾਂ। (ਯਸਾਯਾਹ 43:10, 12) ਯਹੋਵਾਹ ਦੇ ਗਵਾਹ ਬਣਨਾ ਸਾਨੂੰ ਇਸ ਸੰਸਾਰ ਤੋਂ ਭਿੰਨ ਬਣਾਉਂਦਾ ਹੈ। ਪਰਮੇਸ਼ੁਰ ਦੇ ਨਿਖੜਵੇਂ ਨਾਂ ਤੋਂ ਸੱਦੇ ਜਾਣਾ ਅਤੇ ਉਸ ਦਾ ਈਸ਼ਵਰੀ ਕੰਮ ਕਰਨਾ ਹੀ ਸਾਡੇ ਜੀਵਨ ਦਾ ਮਕਸਦ ਹੋਣਾ ਕਿੰਨਾ ਆਨੰਦਮਈ ਹੈ! ਰਾਜ ਦੇ ਜ਼ਰੀਏ ਆਪਣੇ ਪਾਵਨ ਨਾਂ ਨੂੰ ਪਵਿੱਤਰ ਕਰਨ ਅਤੇ ਆਪਣੀ ਵਿਸ਼ਵ ਸਰਬਸੱਤਾ ਦਾ ਦੋਸ਼-ਨਿਵਾਰਣ ਕਰਨ ਦੇ ਯਹੋਵਾਹ ਦੇ ਮਹਾਨ ਮਕਸਦ ਨੇ ਸਾਡੇ ਜੀਵਨਾਂ ਨੂੰ ਅਰਥ ਦਿੱਤਾ ਹੈ। ਅਤੇ ਉਸ ਨੇ ਆਪਣੇ ਨਾਂ ਅਤੇ ਰਾਜ ਸੰਬੰਧੀ ਆਪਣੇ ਈਸ਼ਵਰੀ ਮਕਸਦ ਵਿਚ ਭਾਗ ਲੈਣ ਲਈ ਸਾਡੀ ਮਦਦ ਕੀਤੀ ਹੈ। ਇਹ ਉਸ ਨੇ ਤਿੰਨ ਤਰੀਕਿਆਂ ਨਾਲ ਕੀਤੀ ਹੈ।
ਸੱਚਾਈ ਸੌਂਪੀ ਗਈ
14, 15. (ੳ) ਇਕ ਤਰੀਕਾ ਕਿਹੜਾ ਹੈ ਜਿਸ ਨਾਲ ਪਰਮੇਸ਼ੁਰ ਨੇ ਆਪਣੇ ਨਾਂ ਅਤੇ ਰਾਜ ਸੰਬੰਧੀ ਆਪਣੇ ਈਸ਼ਵਰੀ ਮਕਸਦ ਵਿਚ ਭਾਗ ਲੈਣ ਲਈ ਸਾਡੀ ਮਦਦ ਕੀਤੀ ਹੈ? (ਅ) ਸੰਨ 1914 ਵਿਚ ਸਥਾਪਿਤ ਕੀਤਾ ਗਿਆ ਰਾਜ, 607 ਸਾ.ਯੁ.ਪੂ. ਵਿਚ ਪਲਟਾਏ ਗਏ ਰਾਜ ਨਾਲੋਂ ਕਿਸ ਤਰ੍ਹਾਂ ਭਿੰਨ ਹੈ?
14 ਪਹਿਲਾ, ਯਹੋਵਾਹ ਨੇ ਆਪਣੇ ਲੋਕਾਂ ਨੂੰ ਸੱਚਾਈ ਸੌਂਪੀ ਹੈ। ਸਭ ਤੋਂ ਉਤੇਜਕ ਪ੍ਰਗਟੀਕਰਨ ਹੈ ਕਿ ਉਸ ਦੇ ਰਾਜ ਨੇ 1914 ਵਿਚ ਸ਼ਾਸਨ ਕਰਨਾ ਸ਼ੁਰੂ ਕੀਤਾ। (ਪਰਕਾਸ਼ ਦੀ ਪੋਥੀ 12:10) ਇਹ ਸਵਰਗੀ ਸਰਕਾਰ ਯਰੂਸ਼ਲਮ ਦੇ ਪ੍ਰਤਿਰੂਪੀ ਰਾਜ ਨਾਲੋਂ ਭਿੰਨ ਹੈ, ਜਿੱਥੇ ਦਾਊਦ ਦੇ ਵੰਸ਼ ਵਿੱਚੋਂ ਰਾਜੇ ਬਿਰਾਜਮਾਨ ਕੀਤੇ ਜਾਂਦੇ ਸਨ। ਉਹ ਰਾਜ ਪਲਟਾਇਆ ਗਿਆ ਸੀ, ਅਤੇ 607 ਸਾ.ਯੁ.ਪੂ. ਤੋਂ ਸ਼ੁਰੂ ਹੁੰਦੇ ਹੋਏ, ਯਰੂਸ਼ਲਮ ਪੂਰੀ ਤਰ੍ਹਾਂ ਗ਼ੈਰ-ਯਹੂਦੀ ਵਿਸ਼ਵ ਸ਼ਕਤੀਆਂ ਦੇ ਸ਼ਾਸਨ ਅਧੀਨ ਕਰ ਦਿੱਤਾ ਗਿਆ ਸੀ। 1914 ਵਿਚ ਯਹੋਵਾਹ ਵੱਲੋਂ ਸਥਾਪਿਤ ਕੀਤਾ ਗਿਆ ਨਵਾਂ ਰਾਜ ਇਕ ਸਵਰਗੀ ਸੱਤਾ ਹੈ ਜੋ ਯਹੋਵਾਹ ਤੋਂ ਇਲਾਵਾ ਕਦੀ ਵੀ ਕਿਸੇ ਦੇ ਅਧੀਨ ਨਹੀਂ ਹੋਵੇਗੀ, ਅਤੇ ਨਾ ਹੀ ਕਦੀ ਨਾਸ਼ ਹੋਵੇਗੀ। (ਦਾਨੀਏਲ 2:44) ਨਾਲੇ, ਇਸ ਦੀ ਹਕੂਮਤ ਵੀ ਵੱਖਰੀ ਹੈ। ਕਿਸ ਤਰ੍ਹਾਂ? ਪਰਕਾਸ਼ ਦੀ ਪੋਥੀ 11:15 ਜਵਾਬ ਦਿੰਦੀ ਹੈ: “ਸੁਰਗ ਵਿੱਚ ਵੱਡੀ ਅਵਾਜ਼ ਇਹ ਆਖਦਿਆਂ ਆਈ,—ਜਗਤ ਦਾ ਰਾਜ ਸਾਡੇ ਪ੍ਰਭੁ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹ ਜੁੱਗੋ ਜੁੱਗ ਰਾਜ ਕਰੇਗਾ।”—ਟੇਢੇ ਟਾਈਪ ਸਾਡੇ।
15 ‘ਸਾਡੇ ਪ੍ਰਭੂ ਦਾ ਅਤੇ ਉਹ ਦੇ ਮਸੀਹ ਦਾ ਰਾਜ’ ਮਨੁੱਖਜਾਤੀ ਦੇ ਪੂਰੇ ਸੰਸਾਰ ਉੱਤੇ ਹਕੂਮਤ ਕਰਦਾ ਹੈ। ਯਹੋਵਾਹ ਦੀ ਸਰਬਸੱਤਾ ਦੀ ਇਸ ਨਵੀਂ ਅਭਿਵਿਅਕਤੀ, ਜਿਸ ਵਿਚ ਉਸ ਦਾ ਮਸੀਹਾਈ ਪੁੱਤਰ ਅਤੇ ਯਿਸੂ ਦੇ 1,44,000 ਭਰਾ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹੁਣ ਸਵਰਗੀ ਮਹਿਮਾ ਲਈ ਪੁਨਰ-ਉਥਿਤ ਕੀਤੇ ਜਾ ਚੁੱਕੇ ਹਨ, ਦਾ ਸਿਰਫ਼ ਵਿਦਿਅਕ ਮਹੱਤਵ ਨਹੀਂ ਹੈ—ਅਜਿਹਾ ਕੋਈ ਸਿਧਾਂਤਕ ਵਿਸ਼ਾ ਜਿਸ ਬਾਰੇ ਵਿਦਿਆਰਥੀ ਚਰਚਾ ਕਰਨੀ ਚਾਹੁਣ। ਨਹੀਂ, ਇਹ ਸਵਰਗੀ ਰਾਜ ਇਕ ਅਸਲੀ ਸਰਕਾਰ ਹੈ। ਅਤੇ ਇਸ ਦੀ ਹਕੂਮਤ ਦੇ ਸਿੱਟੇ ਵਜੋਂ ਸੰਪੂਰਣਤਾ ਵਿਚ ਸਦਾ ਲਈ ਜੀਉਂਦੇ ਰਹਿਣ ਦੀ ਸਾਡੀ ਆਨੰਦਿਤ ਆਸ ਸਾਨੂੰ ਖ਼ੁਸ਼ੀ ਮਨਾਉਂਦੇ ਰਹਿਣ ਲਈ ਕਾਫ਼ੀ ਕਾਰਨ ਦਿੰਦੀ ਹੈ। ਯਹੋਵਾਹ ਦੇ ਬਚਨ ਦੀਆਂ ਅਜਿਹੀਆਂ ਸੱਚਾਈਆਂ ਸੌਪੀਆਂ ਜਾਣ ਦੇ ਕਾਰਨ ਅਸੀਂ ਉਸ ਬਾਰੇ ਹਮੇਸ਼ਾ ਚੰਗਾ ਬੋਲਣ ਲਈ ਪ੍ਰੇਰਿਤ ਹੁੰਦੇ ਹਾਂ। (ਜ਼ਬੂਰ 56:10) ਕੀ ਤੁਸੀਂ ਸਾਰਿਆਂ ਨੂੰ ਇਹ ਦੱਸਣ ਦੁਆਰਾ ਕਿ ਪਰਮੇਸ਼ੁਰ ਦਾ ਮਸੀਹਾਈ ਰਾਜ ਹੁਣ ਸਵਰਗ ਵਿਚ ਹਕੂਮਤ ਕਰ ਰਿਹਾ ਹੈ, ਇਹ ਨਿਯਮਿਤ ਤੌਰ ਤੇ ਕਰ ਰਹੋ ਹੋ?
ਪਵਿੱਤਰ ਆਤਮਾ ਅਤੇ ਵਿਸ਼ਵ-ਵਿਆਪੀ ਭਾਈਚਾਰੇ ਦੁਆਰਾ ਮਦਦ ਦਿੱਤੀ ਗਈ
16, 17. ਦੂਸਰਾ ਅਤੇ ਤੀਸਰਾ ਤਰੀਕਾ ਕਿਹੜਾ ਹੈ ਜਿਸ ਨਾਲ ਪਰਮੇਸ਼ੁਰ ਨੇ ਆਪਣੇ ਈਸ਼ਵਰੀ ਮਕਸਦ ਵਿਚ ਭਾਗ ਲੈਣ ਲਈ ਸਾਡੀ ਮਦਦ ਕੀਤੀ ਹੈ?
16 ਦੂਸਰਾ ਤਰੀਕਾ ਜਿਸ ਨਾਲ ਪਰਮੇਸ਼ੁਰ ਨੇ ਆਪਣੇ ਈਸ਼ਵਰੀ ਮਕਸਦ ਵਿਚ ਭਾਗ ਲੈਣ ਲਈ ਸਾਡੀ ਮਦਦ ਕੀਤੀ ਹੈ, ਉਹ ਹੈ ਸਾਨੂੰ ਆਪਣੀ ਪਵਿੱਤਰ ਆਤਮਾ ਦੇਣ ਨਾਲ, ਜੋ ਸਾਨੂੰ ਆਪਣੇ ਜੀਵਨਾਂ ਵਿਚ ਇਸ ਦੇ ਵਧੀਆ ਫਲ ਪੈਦਾ ਕਰਨ ਅਤੇ ਉਸ ਦੀ ਪ੍ਰਵਾਨਗੀ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ। (ਗਲਾਤੀਆਂ 5:22, 23) ਇਸ ਤੋਂ ਇਲਾਵਾ, ਪੌਲੁਸ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖਿਆ: “ਸਾਨੂੰ . . . ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ ਤਾਂ ਜੋ ਅਸੀਂ ਉਨ੍ਹਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ੁਰ ਨੇ ਸਾਨੂੰ ਬਖਸ਼ੇ ਹਨ।” (1 ਕੁਰਿੰਥੀਆਂ 2:12) ਯਹੋਵਾਹ ਦੀ ਆਤਮਾ ਵੱਲ ਪ੍ਰਤਿਕ੍ਰਿਆ ਦਿਖਾਉਣ ਦੁਆਰਾ, ਅਸੀਂ ਹੁਣ ਸਾਰੇ ਵਰਤਮਾਨ ਸਮੇਂ ਦੇ ਚੰਗੇ ਪਦਾਰਥਾਂ ਨੂੰ ਜਾਣ ਅਤੇ ਸਮਝ ਸਕਦੇ ਹਾਂ ਜੋ ਉਸ ਨੇ ਸਾਨੂੰ ਬਖ਼ਸ਼ੇ ਹਨ—ਉਸ ਦੇ ਵਾਅਦੇ, ਨਿਯਮ, ਸਿਧਾਂਤ, ਆਦਿ।—ਤੁਲਨਾ ਕਰੋ ਮੱਤੀ 13:11.
17 ਤੀਸਰਾ ਤਰੀਕਾ ਜਿਸ ਨਾਲ ਪਰਮੇਸ਼ੁਰ ਸਾਡੀ ਮਦਦ ਕਰ ਰਿਹਾ ਹੈ, ਉਹ ਹੈ ਸਾਡਾ ਵਿਸ਼ਵ-ਵਿਆਪੀ ਭਾਈਚਾਰਾ ਅਤੇ ਉਪਾਸਨਾ ਲਈ ਯਹੋਵਾਹ ਦਾ ਖ਼ੁਸ਼ੀ ਭਰਿਆ ਸੰਸਥਾਈ ਪ੍ਰਬੰਧ। ਰਸੂਲ ਪਤਰਸ ਨੇ ਇਸ ਬਾਰੇ ਗੱਲ ਕੀਤੀ ਜਦੋਂ ਉਸ ਨੇ ਸਾਨੂੰ ‘ਭਾਈਆਂ ਨਾਲ ਪ੍ਰੇਮ ਰੱਖਣ’ ਦੀ ਤਾਕੀਦ ਕੀਤੀ। (1 ਪਤਰਸ 2:17) ਭੈਣਾਂ ਅਤੇ ਭਰਾਵਾਂ ਦਾ ਸਾਡਾ ਪ੍ਰੇਮਮਈ, ਅੰਤਰਰਾਸ਼ਟਰੀ ਪਰਿਵਾਰ ਸਾਨੂੰ ਦਿਲ ਦੇ ਵੱਡੇ ਆਨੰਦ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਮਦਦ ਦਿੰਦਾ ਹੈ, ਜਿਸ ਤਰ੍ਹਾਂ ਜ਼ਬੂਰ 100:2 ਆਦੇਸ਼ ਦਿੰਦਾ ਹੈ: “ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰੋ, ਜੈ ਜੈ ਕਾਰ ਕਰਦੇ ਹੋਏ ਉਹ ਦੀ ਹਜ਼ੂਰੀ ਵਿੱਚ ਆਓ।” ਆਇਤ 4 ਅੱਗੇ ਕਹਿੰਦੀ ਹੈ: “ਧੰਨਵਾਦ ਕਰਦੇ ਹੋਏ ਉਹ ਦੇ ਫਾਟਕਾਂ ਦੇ ਅੰਦਰ, ਅਤੇ ਉਸਤਤ ਕਰਦੇ ਹੋਏ ਉਹ ਦੇ ਦਰਬਾਰ [“ਵਿਹੜਿਆਂ,” ਨਿ ਵ] ਵਿੱਚ ਆਓ, ਉਹ ਦਾ ਧੰਨਵਾਦ ਕਰੋ ਅਤੇ ਉਹ ਦੇ ਨਾਮ ਨੂੰ ਮੁਬਾਰਕ ਆਖੋ।” ਇਸ ਲਈ ਭਾਵੇਂ ਅਸੀਂ ਜਨਤਕ ਤੌਰ ਤੇ ਪ੍ਰਚਾਰ ਕਰ ਰਹੇ ਹੋਈਏ ਜਾਂ ਆਪਣੀਆਂ ਸਭਾਵਾਂ ਵਿਚ ਹਾਜ਼ਰ ਹੋਈਏ, ਅਸੀਂ ਆਨੰਦ ਅਨੁਭਵ ਕਰ ਸਕਦੇ ਹਾਂ। ਯਹੋਵਾਹ ਦੇ ਅਧਿਆਤਮਿਕ ਮੰਦਰ ਦੇ ਸੁੰਦਰ ਵਿਹੜਿਆਂ ਵਿਚ ਅਸੀਂ ਕਿੰਨੀ ਸ਼ਾਂਤੀ ਅਤੇ ਸੁਰੱਖਿਆ ਪਾਈ ਹੈ!
ਆਨੰਦ ਨਾਲ ਯਹੋਵਾਹ ਦੀ ਉਸਤਤ ਕਰੋ!
18. ਸਾਨੂੰ ਘੇਰਨ ਵਾਲੀਆਂ ਸਤਾਹਟਾਂ ਜਾਂ ਦੂਸਰੀਆਂ ਸਮੱਸਿਆਵਾਂ ਦੇ ਬਾਵਜੂਦ ਅਸੀਂ ਯਹੋਵਾਹ ਦੀ ਉਸਤਤ ਕਰਨ ਵਿਚ ਕਿਉਂ ਆਨੰਦ ਮਾਣ ਸਕਦੇ ਹਾਂ?
18 ਭਾਵੇਂ ਅਸੀਂ ਕਿੰਨੇ ਵੀ ਮੁਸ਼ਕਲ ਹਾਲਾਤ, ਸਤਾਹਟਾਂ, ਜਾਂ ਦੂਸਰੀਆਂ ਸਮੱਸਿਆਵਾਂ ਨਾਲ ਕਿਉਂ ਨਾ ਘਿਰੇ ਹੋਈਏ, ਆਓ ਅਸੀਂ ਆਨੰਦ ਮਣਾਈਏ ਕਿ ਅਸੀਂ ਯਹੋਵਾਹ ਦੇ ਉਪਾਸਨਾ ਦੇ ਭਵਨ ਵਿਚ ਹਾਂ। (ਯਸਾਯਾਹ 2:2, 3) ਯਾਦ ਰੱਖੋ ਕਿ ਆਨੰਦ ਦਿਲ ਦਾ ਇਕ ਗੁਣ ਹੈ। ਬਹੁਤ ਸਾਰੀਆਂ ਕਠਿਨਾਈਆਂ ਅਤੇ ਨੁਕਸਾਨਾਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ ਸਾਡੇ ਮੁਢਲੇ ਮਸੀਹੀ ਭੈਣ-ਭਰਾ ਯਹੋਵਾਹ ਦੇ ਆਨੰਦਿਤ ਉਸਤਤਕਰਤਾ ਸਨ। (ਇਬਰਾਨੀਆਂ 10:34) ਅੱਜ ਸਾਡੇ ਸੰਗੀ ਵਿਸ਼ਵਾਸੀ ਬਿਲਕੁਲ ਉਨ੍ਹਾਂ ਵਾਂਗ ਹਨ।—ਮੱਤੀ 5:10-12.
19. (ੳ) ਵਾਰ-ਵਾਰ ਦਿੱਤੇ ਗਏ ਕਿਹੜੇ ਹੁਕਮ ਯਹੋਵਾਹ ਦੀ ਉਸਤਤ ਕਰਨ ਲਈ ਸਾਨੂੰ ਉਤੇਜਿਤ ਕਰਦੇ ਹਨ? (ਅ) ਸਾਡੇ ਸਦੀਪਕ ਜੀਵਨ ਕਿਸ ਚੀਜ਼ ਉੱਤੇ ਨਿਰਭਰ ਕਰਦੇ ਹਨ, ਅਤੇ ਸਾਡਾ ਪੱਕਾ ਇਰਾਦਾ ਕੀ ਹੈ?
19 ਅਸੀਂ ਸਾਰੇ ਜੋ ਯਹੋਵਾਹ ਦੀ ਸੇਵਾ ਕਰਦੇ ਹਾਂ ਉਸ ਦੀ ਉਸਤਤ ਕਰਨ ਬਾਰੇ ਬਾਈਬਲ ਦੇ ਹੁਕਮਾਂ ਦੀ ਪਾਲਣਾ ਕਰਨ ਵਿਚ ਖ਼ੁਸ਼ ਹੁੰਦੇ ਹਾਂ। ਪਰਕਾਸ਼ ਦੀ ਪੋਥੀ ਵਾਰ-ਵਾਰ ਪਰਮੇਸ਼ੁਰ ਦੀ ਉਸਤਤ ਵਿਚਕਾਰ ਅਭਿਵਿਅਕਤੀ “ਹਲਲੂਯਾਹ” ਦਾ ਪ੍ਰਯੋਗ ਕਰਦੀ ਹੈ। (ਪਰਕਾਸ਼ ਦੀ ਪੋਥੀ 19:1-6) ਜ਼ਬੂਰ 150 ਦੀਆਂ ਛੇ ਆਇਤਾਂ ਵਿਚ, ਸਾਨੂੰ ਯਹੋਵਾਹ ਦੀ ਉਸਤਤ ਕਰਨ ਲਈ 13 ਵਾਰ ਕਿਹਾ ਗਿਆ ਹੈ। ਇਹ ਆਨੰਦ ਨਾਲ ਯਹੋਵਾਹ ਦੀ ਉਸਤਤ ਗਾਉਣ ਵਿਚ ਸ਼ਾਮਲ ਹੋਣ ਲਈ ਸਾਰੀ ਸ੍ਰਿਸ਼ਟੀ ਨੂੰ ਵਿਸ਼ਵ-ਵਿਆਪੀ ਅਰਜ਼ ਹੈ। ਸਾਡਾ ਸਦੀਪਕ ਜੀਵਨ ਇਸ ਮਹਾਨ ਹਲਲੂਯਾਹ ਸਹਿਗਾਨ ਵਿਚ ਸ਼ਾਮਲ ਹੋਣ ਉੱਤੇ ਨਿਰਭਰ ਕਰਦਾ ਹੈ! ਜੀ ਹਾਂ, ਸਿਰਫ਼ ਉਹ ਲੋਕ ਹੀ ਸਦਾ ਲਈ ਜੀਉਂਦੇ ਰਹਿਣਗੇ ਜੋ ਯਹੋਵਾਹ ਦੀ ਲਗਾਤਾਰ ਉਸਤਤ ਕਰਦੇ ਹਨ। ਇਸ ਲਈ, ਅਸੀਂ ਉਸ ਦੀ ਨਿਸ਼ਠਾਵਾਨ ਵਿਸ਼ਵ-ਵਿਆਪੀ ਕਲੀਸਿਯਾ ਨਾਲ ਜੁੜੇ ਰਹਿਣ ਦਾ ਪੱਕਾ ਇਰਾਦਾ ਕਰਦੇ ਹਾਂ ਜਿਉਂ-ਜਿਉਂ ਅੰਤ ਨੇੜੇ ਆਉਂਦਾ ਹੈ। ਫਿਰ, ਅਸੀਂ ਜ਼ਬੂਰ 150 ਦੇ ਸਮਾਪਤੀ ਸ਼ਬਦਾਂ ਦੀ ਪੂਰਣ ਪੂਰਤੀ ਨੂੰ ਦੇਖਣ ਦੀ ਆਸ ਰੱਖ ਸਕਦੇ ਹਾਂ: “ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ! ਹਲਲੂਯਾਹ!”
ਤੁਸੀਂ ਕਿਵੇਂ ਜਵਾਬ ਦਿਓਗੇ?
◻ ਕਿਹੜੀ ਚੀਜ਼ ਯਹੋਵਾਹ ਦੇ ਲੋਕਾਂ ਨੂੰ ਨਿਖੜਵੇਂ ਅਤੇ ਵਿਲੱਖਣ ਬਣਾਉਂਦੀ ਹੈ?
◻ ਯਹੋਵਾਹ ਦੇ ਸੇਵਕ ਇੰਨੇ ਆਨੰਦਿਤ ਕਿਉਂ ਹਨ?
◻ ਸਾਨੂੰ ਕਿਹੜੀ ਚੀਜ਼ ਸੰਸਾਰ ਤੋਂ ਵੱਖਰਿਆਂ ਰੱਖਦੀ ਹੈ?
◻ ਪਰਮੇਸ਼ੁਰ ਨੇ ਆਪਣੇ ਈਸ਼ਵਰੀ ਮਕਸਦ ਵਿਚ ਭਾਗ ਲੈਣ ਲਈ ਕਿਨ੍ਹਾਂ ਤਿੰਨ ਤਰੀਕਿਆਂ ਨਾਲ ਸਾਡੀ ਮਦਦ ਕੀਤੀ ਹੈ?
[ਸਫ਼ੇ 15 ਉੱਤੇ ਤਸਵੀਰ]
ਯਿਸੂ ਜਿੱਥੇ ਕਿਤੇ ਵੀ ਸੀ, ਉਸ ਨੇ ਯਹੋਵਾਹ ਦੀ ਗਵਾਹੀ ਦਿੱਤੀ ਅਤੇ ਜਨਤਕ ਤੌਰ ਤੇ ਉਸ ਦੀ ਉਸਤਤ ਕੀਤੀ