ਅਧਿਐਨ ਲੇਖ 12
ਸ੍ਰਿਸ਼ਟੀ ਤੋਂ ਯਹੋਵਾਹ ਬਾਰੇ ਹੋਰ ਜਾਣੋ
“ਪਰਮੇਸ਼ੁਰ ਨੂੰ ਦੇਖਿਆ ਨਹੀਂ ਜਾ ਸਕਦਾ, ਪਰ ਦੁਨੀਆਂ ਨੂੰ ਸਿਰਜਣ ਦੇ ਸਮੇਂ ਤੋਂ ਹੀ ਉਸ ਦੇ ਗੁਣ ਸਾਫ਼-ਸਾਫ਼ ਦਿਖਾਈ ਦੇ ਰਹੇ ਹਨ। ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਇਹ ਗੁਣ ਦੇਖੇ ਜਾ ਸਕਦੇ ਹਨ।”—ਰੋਮੀ. 1:20.
ਗੀਤ 6 ਅੰਬਰ ਕਰੇ ਯਹੋਵਾਹ ਦੀ ਮਹਿਮਾ
ਖ਼ਾਸ ਗੱਲਾਂa
1. ਕਿਹੜੇ ਇਕ ਤਰੀਕੇ ਨਾਲ ਅੱਯੂਬ ਯਹੋਵਾਹ ਬਾਰੇ ਹੋਰ ਵੀ ਚੰਗੀ ਤਰ੍ਹਾਂ ਜਾਣ ਸਕਿਆ?
ਅੱਯੂਬ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਹੋਣੀ, ਪਰ ਉਹ ਯਹੋਵਾਹ ਪਰਮੇਸ਼ੁਰ ਨਾਲ ਹੋਈ ਗੱਲਬਾਤ ਕਦੇ ਨਹੀਂ ਭੁੱਲਿਆ ਹੋਣਾ। ਇਸ ਗੱਲਬਾਤ ਕਰਕੇ ਅੱਯੂਬ ਜਾਣ ਸਕਿਆ ਕਿ ਯਹੋਵਾਹ ਕਿੰਨਾ ਬੁੱਧੀਮਾਨ ਹੈ ਅਤੇ ਉਸ ਦਾ ਭਰੋਸਾ ਵਧਿਆ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਹਰ ਉਹ ਚੀਜ਼ ਦਿੰਦਾ ਹੈ ਜਿਸ ਦੀ ਉਨ੍ਹਾਂ ਨੂੰ ਲੋੜ ਹੈ। ਯਹੋਵਾਹ ਨੇ ਅੱਯੂਬ ਨੂੰ ਕਿਹਾ ਸੀ ਕਿ ਉਹ ਉਸ ਦੀਆਂ ਬਣਾਈਆਂ ਕੁਝ ਸ਼ਾਨਦਾਰ ਚੀਜ਼ਾਂ ਵੱਲ ਧਿਆਨ ਦੇਵੇ। ਉਦਾਹਰਣ ਲਈ, ਪਰਮੇਸ਼ੁਰ ਨੇ ਅੱਯੂਬ ਨੂੰ ਯਾਦ ਕਰਾਇਆ ਕਿ ਜਿਵੇਂ ਉਹ ਜਾਨਵਰਾਂ ਦੀ ਦੇਖ-ਭਾਲ ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਉਹ ਅੱਯੂਬ ਦੀ ਵੀ ਦੇਖ-ਭਾਲ ਕਰ ਸਕਦਾ ਹੈ। (ਅੱਯੂ. 38:39-41; 39:1, 5, 13-16) ਸ੍ਰਿਸ਼ਟੀ ਦੀਆਂ ਇਨ੍ਹਾਂ ਚੀਜ਼ਾਂ ʼਤੇ ਗੌਰ ਕਰ ਕੇ ਅੱਯੂਬ ਆਪਣੇ ਪਰਮੇਸ਼ੁਰ ਦੇ ਗੁਣਾਂ ਬਾਰੇ ਬਹੁਤ ਕੁਝ ਜਾਣ ਸਕਿਆ।
2. ਕਈ ਵਾਰ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਵੱਲ ਧਿਆਨ ਦੇਣਾ ਸਾਨੂੰ ਮੁਸ਼ਕਲ ਕਿਉਂ ਲੱਗ ਸਕਦਾ ਹੈ?
2 ਅਸੀਂ ਵੀ ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਵੱਲ ਧਿਆਨ ਦੇ ਕੇ ਉਸ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਪਰ ਕਈ ਵਾਰ ਸ਼ਾਇਦ ਸਾਨੂੰ ਇੱਦਾਂ ਕਰਨਾ ਮੁਸ਼ਕਲ ਲੱਗੇ। ਹੋ ਸਕਦਾ ਹੈ ਕਿ ਅਸੀਂ ਸ਼ਹਿਰ ਵਿਚ ਰਹਿੰਦੇ ਹੋਈਏ ਜਿੱਥੇ ਆਲੇ-ਦੁਆਲੇ ਕੁਦਰਤੀ ਨਜ਼ਾਰੇ ਘੱਟ ਹੀ ਦੇਖਣ ਨੂੰ ਮਿਲਦੇ ਹਨ। ਜਾਂ ਸ਼ਾਇਦ ਅਸੀਂ ਕਿਸੇ ਅਜਿਹੀ ਜਗ੍ਹਾ ਰਹਿੰਦੇ ਹਾਂ ਜਿੱਥੇ ਕੁਦਰਤੀ ਨਜ਼ਾਰੇ ਆਮ ਹੀ ਦੇਖਣ ਨੂੰ ਮਿਲਦੇ ਹਨ, ਪਰ ਸਾਨੂੰ ਲੱਗੇ ਕਿ ਸਾਡੇ ਕੋਲ ਇਨ੍ਹਾਂ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਹੈ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਸਮਾਂ ਕੱਢ ਕੇ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਵੱਲ ਧਿਆਨ ਦੇਈਏ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਯਹੋਵਾਹ ਅਤੇ ਯਿਸੂ ਨੇ ਸ੍ਰਿਸ਼ਟੀ ਤੋਂ ਸਾਨੂੰ ਕੀ ਕੁਝ ਸਿਖਾਇਆ ਅਤੇ ਅਸੀਂ ਆਪ ਸ੍ਰਿਸ਼ਟੀ ਤੋਂ ਕੀ ਕੁਝ ਸਿੱਖ ਸਕਦੇ ਹਾਂ।
ਸਾਨੂੰ ਸ੍ਰਿਸ਼ਟੀ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ?
3. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਚਾਹੁੰਦਾ ਸੀ ਕਿ ਆਦਮ ਉਸ ਦੀਆਂ ਬਣਾਈਆਂ ਚੀਜ਼ਾਂ ਦੇਖ ਕੇ ਖ਼ੁਸ਼ੀ ਪਾਵੇ?
3 ਜਦੋਂ ਯਹੋਵਾਹ ਨੇ ਪਹਿਲੇ ਇਨਸਾਨ ਆਦਮ ਨੂੰ ਬਣਾਇਆ, ਤਾਂ ਉਹ ਚਾਹੁੰਦਾ ਸੀ ਕਿ ਆਦਮ ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਖ਼ੁਸ਼ੀ ਪਾਵੇ। ਉਸ ਨੇ ਆਦਮ ਦੇ ਰਹਿਣ ਲਈ ਇਕ ਬਹੁਤ ਸੋਹਣਾ ਬਾਗ਼ ਬਣਾਇਆ ਅਤੇ ਉਸ ਨੂੰ ਕਿਹਾ ਕਿ ਉਹ ਇਸ ਦੀ ਦੇਖ-ਭਾਲ ਕਰੇ ਅਤੇ ਪੂਰੀ ਧਰਤੀ ਨੂੰ ਇਸ ਬਾਗ਼ ਵਰਗਾ ਸੋਹਣਾ ਬਣਾ ਦੇਵੇ। (ਉਤ. 2:8, 9, 15) ਜ਼ਰਾ ਸੋਚੋ ਕਿ ਜਦੋਂ ਆਦਮ ਦੇਖਦਾ ਹੋਣਾ ਕਿ ਕਿੱਦਾਂ ਇਕ ਬੀ ਪੁੰਗਰਦਾ ਹੈ ਅਤੇ ਕਿੱਦਾਂ ਫੁੱਲ ਖਿੜਦੇ ਹਨ, ਤਾਂ ਉਸ ਨੂੰ ਕਿੰਨਾ ਵਧੀਆ ਲੱਗਦਾ ਹੋਣਾ। ਸੱਚ-ਮੁੱਚ! ਆਦਮ ਲਈ ਅਦਨ ਦੇ ਬਾਗ਼ ਦੀ ਦੇਖ-ਭਾਲ ਕਰਨੀ ਕਿੰਨੇ ਵੱਡੇ ਸਨਮਾਨ ਦੀ ਗੱਲ ਸੀ। ਇਸ ਤੋਂ ਇਲਾਵਾ, ਯਹੋਵਾਹ ਨੇ ਆਦਮ ਨੂੰ ਇਕ ਹੋਰ ਕੰਮ ਦਿੱਤਾ। ਉਸ ਨੇ ਆਦਮ ਨੂੰ ਸਾਰੇ ਜਾਨਵਰਾਂ ਦੇ ਨਾਂ ਰੱਖਣ ਲਈ ਕਿਹਾ। (ਉਤ. 2:19, 20) ਯਹੋਵਾਹ ਚਾਹੁੰਦਾ ਤਾਂ ਖ਼ੁਦ ਇਹ ਕੰਮ ਕਰ ਸਕਦਾ ਸੀ, ਪਰ ਉਸ ਨੇ ਆਦਮ ਨੂੰ ਇਹ ਕੰਮ ਦਿੱਤਾ। ਬਿਨਾਂ ਸ਼ੱਕ, ਆਦਮ ਨੇ ਪਹਿਲਾਂ ਦੇਖਿਆ ਹੋਣਾ ਕਿ ਕੋਈ ਜਾਨਵਰ ਦੇਖਣ ਨੂੰ ਕਿੱਦਾਂ ਦਾ ਲੱਗਦਾ ਹੈ ਤੇ ਕਿਹੋ ਜਿਹੀਆਂ ਹਰਕਤਾਂ ਕਰਦਾ ਹੈ ਅਤੇ ਫਿਰ ਉਹ ਉਸ ਦਾ ਸਹੀ ਨਾਂ ਰੱਖਦਾ ਹੋਣਾ। ਉਸ ਨੂੰ ਇਹ ਕੰਮ ਕਰਕੇ ਕਿੰਨੀ ਖ਼ੁਸ਼ੀ ਮਿਲੀ ਹੋਣੀ! ਉਸ ਨੇ ਇਹ ਵੀ ਦੇਖਿਆ ਹੋਣਾ ਕਿ ਯਹੋਵਾਹ ਕਿੰਨਾ ਬੁੱਧੀਮਾਨ ਹੈ ਅਤੇ ਉਸ ਦੀਆਂ ਬਣਾਈਆਂ ਚੀਜ਼ਾਂ ਕਿੰਨੀਆਂ ਦਿਲਚਸਪ ਅਤੇ ਸੋਹਣੀਆਂ ਹਨ।
4. (ੳ) ਸ੍ਰਿਸ਼ਟੀ ਵੱਲ ਧਿਆਨ ਦੇਣ ਦਾ ਇਕ ਕਾਰਨ ਕਿਹੜਾ ਹੈ? (ਅ) ਤੁਸੀਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਵਿੱਚੋਂ ਖ਼ਾਸ ਕਰਕੇ ਕਿਹੜੀਆਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਹੋ?
4 ਸ੍ਰਿਸ਼ਟੀ ਵੱਲ ਧਿਆਨ ਦੇਣ ਦਾ ਇਕ ਕਾਰਨ ਇਹ ਹੈ ਕਿ ਯਹੋਵਾਹ ਆਪ ਚਾਹੁੰਦਾ ਹੈ ਕਿ ਅਸੀਂ ਇੱਦਾਂ ਕਰੀਏ। ਉਹ ਸਾਨੂੰ ਕਹਿੰਦਾ ਹੈ: “ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕੋ ਅਤੇ ਦੇਖੋ।” ਫਿਰ ਉਹ ਸਾਨੂੰ ਪੁੱਛਦਾ ਹੈ: “ਕਿਹਨੇ ਇਨ੍ਹਾਂ ਨੂੰ ਸਾਜਿਆ?” (ਯਸਾ. 40:26) ਯਹੋਵਾਹ ਨੇ ਨਾ ਸਿਰਫ਼ ਆਕਾਸ਼ ਵਿਚ, ਸਗੋਂ ਸਮੁੰਦਰ ਅਤੇ ਧਰਤੀ ʼਤੇ ਵੀ ਅਜਿਹੀਆਂ ਬਹੁਤ ਸਾਰੀਆਂ ਬੇਮਿਸਾਲ ਚੀਜ਼ਾਂ ਬਣਾਈਆਂ ਹਨ ਜਿਨ੍ਹਾਂ ਤੋਂ ਅਸੀਂ ਉਸ ਬਾਰੇ ਸਿੱਖ ਸਕਦੇ ਹਾਂ। (ਜ਼ਬੂ. 104:24, 25) ਨਾਲੇ ਜ਼ਰਾ ਸੋਚੋ ਕਿ ਉਸ ਨੇ ਇਨਸਾਨਾਂ ਨੂੰ ਕਿਵੇਂ ਬਣਾਇਆ ਹੈ। ਉਸ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਕੁਦਰਤੀ ਨਜ਼ਾਰਿਆਂ ਨੂੰ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਉਸ ਨੇ ਸਾਨੂੰ ਪੰਜ ਗਿਆਨ ਇੰਦਰੀਆਂ ਦਿੱਤੀਆਂ ਹਨ। ਇਨ੍ਹਾਂ ਗਿਆਨ ਇੰਦਰੀਆਂ ਦੀ ਮਦਦ ਨਾਲ ਅਸੀਂ ਸੋਹਣੇ-ਸੋਹਣੇ ਨਜ਼ਾਰੇ ਦੇਖ ਸਕਦੇ ਹਾਂ, ਵੱਖੋ-ਵੱਖਰੀਆਂ ਆਵਾਜ਼ਾਂ ਸੁਣ ਸਕਦੇ ਹਾਂ, ਅਲੱਗ-ਅਲੱਗ ਚੀਜ਼ਾਂ ਦਾ ਸੁਆਦ ਚੱਖ ਸਕਦੇ ਹਾਂ, ਉਨ੍ਹਾਂ ਦੀ ਖ਼ੁਸ਼ਬੂ ਲੈ ਸਕਦੇ ਹਾਂ ਅਤੇ ਉਨ੍ਹਾਂ ਨੂੰ ਛੂਹ ਕੇ ਮਹਿਸੂਸ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਦਾ ਪੂਰਾ-ਪੂਰਾ ਮਜ਼ਾ ਲੈ ਸਕਦੇ ਹਾਂ।
5. ਰੋਮੀਆਂ 1:20 ਮੁਤਾਬਕ ਸਾਨੂੰ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ʼਤੇ ਧਿਆਨ ਕਿਉਂ ਦੇਣਾ ਚਾਹੀਦਾ ਹੈ?
5 ਬਾਈਬਲ ਵਿਚ ਸ੍ਰਿਸ਼ਟੀ ʼਤੇ ਧਿਆਨ ਦੇਣ ਦਾ ਇਕ ਹੋਰ ਜ਼ਰੂਰੀ ਕਾਰਨ ਦੱਸਿਆ ਗਿਆ ਹੈ। ਉਹ ਇਹ ਹੈ ਕਿ ਸ੍ਰਿਸ਼ਟੀ ਤੋਂ ਅਸੀਂ ਜਾਣ ਪਾਉਂਦੇ ਹਾਂ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ ਅਤੇ ਉਸ ਵਿਚ ਕਿਹੜੇ-ਕਿਹੜੇ ਗੁਣ ਹਨ। (ਰੋਮੀਆਂ 1:20 ਪੜ੍ਹੋ।) ਉਦਾਹਰਣ ਲਈ, ਯਹੋਵਾਹ ਦੀ ਬਣਾਈ ਕਿਸੇ ਚੀਜ਼ ਨੂੰ ਦੇਖੋ ਅਤੇ ਉਸ ਦੀ ਬਣਾਵਟ ʼਤੇ ਧਿਆਨ ਦਿਓ। ਕੀ ਇਸ ਤੋਂ ਪਰਮੇਸ਼ੁਰ ਦੀ ਬੁੱਧ ਨਹੀਂ ਪਤਾ ਲੱਗਦੀ? ਫਿਰ ਸੋਚੋ ਕਿ ਯਹੋਵਾਹ ਨੇ ਸਾਨੂੰ ਖਾਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਕਿਉਂ ਦਿੱਤੀਆਂ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਜਦੋਂ ਅਸੀਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਨੂੰ ਦੇਖ ਕੇ ਉਸ ਬਾਰੇ ਸੋਚਦੇ ਹਾਂ, ਤਾਂ ਅਸੀਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣ ਪਾਉਂਦੇ ਹਾਂ ਅਤੇ ਉਸ ਦੇ ਹੋਰ ਨੇੜੇ ਆਉਂਦੇ ਹਾਂ। ਹੁਣ ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ਸ੍ਰਿਸ਼ਟੀ ਤੋਂ ਇਨਸਾਨਾਂ ਨੂੰ ਕਈ ਜ਼ਰੂਰੀ ਗੱਲਾਂ ਕਿਵੇਂ ਸਿਖਾਈਆਂ।
ਪਰਮੇਸ਼ੁਰ ਸ੍ਰਿਸ਼ਟੀ ਤੋਂ ਸਾਨੂੰ ਆਪਣੇ ਬਾਰੇ ਸਿਖਾਉਂਦਾ ਹੈ
6. ਅਸੀਂ ਪਰਵਾਸੀ ਪੰਛੀਆਂ ਵੱਲ ਧਿਆਨ ਦੇ ਕੇ ਕੀ ਸਿੱਖ ਸਕਦੇ ਹਾਂ?
6 ਯਹੋਵਾਹ ਨੇ ਹਰ ਚੀਜ਼ ਦਾ ਇਕ ਸਮਾਂ ਤੈਅ ਕੀਤਾ ਹੋਇਆ ਹੈ। ਹਰ ਸਾਲ ਇਜ਼ਰਾਈਲੀ ਫਰਵਰੀ ਦੇ ਅਖ਼ੀਰ ਤੋਂ ਮਈ ਦੇ ਅੱਧ ਤਕ ਸਾਰਸ ਪੰਛੀਆਂ ਨੂੰ ਉੱਤਰ ਵੱਲ ਜਾਂਦੇ ਦੇਖਦੇ ਸਨ। ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਆਕਾਸ਼ ਵਿਚ ਉੱਡਣ ਵਾਲਾ ਸਾਰਸ ਆਪਣੀਆਂ ਰੁੱਤਾਂ ਜਾਣਦਾ ਹੈ।” (ਯਿਰ. 8:7) ਠੀਕ ਜਿਵੇਂ ਯਹੋਵਾਹ ਨੇ ਇਹ ਸਮਾਂ ਤੈਅ ਕੀਤਾ ਹੈ ਕਿ ਕਦੋਂ ਇਹ ਪਰਵਾਸੀ ਪੰਛੀ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਗੇ, ਬਿਲਕੁਲ ਉਸੇ ਤਰ੍ਹਾਂ ਉਸ ਨੇ ਪਹਿਲਾਂ ਤੋਂ ਹੀ ਇਹ ਸਮਾਂ ਤੈਅ ਕੀਤਾ ਹੈ ਕਿ ਉਹ ਕਦੋਂ ਦੁਸ਼ਟਾਂ ਦਾ ਨਿਆਂ ਕਰੇਗਾ। ਤਾਂ ਫਿਰ ਜਦੋਂ ਅੱਜ ਅਸੀਂ ਪਰਵਾਸੀ ਪੰਛੀਆਂ ਨੂੰ ਉੱਡਦੇ ਹੋਏ ਦੇਖਦੇ ਹਾਂ, ਤਾਂ ਇਸ ਗੱਲ ʼਤੇ ਸਾਡਾ ਭਰੋਸਾ ਵਧਣਾ ਚਾਹੀਦਾ ਹੈ ਕਿ ਯਹੋਵਾਹ ਨੇ ਇਸ ਦੁਸ਼ਟ ਦੁਨੀਆਂ ਦੇ ਅੰਤ ਦਾ “ਸਮਾਂ ਮਿਥਿਆ” ਹੋਇਆ ਹੈ।—ਹੱਬ. 2:3.
7. ਜਦੋਂ ਅਸੀਂ ਕਿਸੇ ਪੰਛੀ ਨੂੰ ਆਕਾਸ਼ ਵਿਚ ਉੱਚਾ ਉੱਡਦਿਆਂ ਦੇਖਦੇ ਹਾਂ, ਤਾਂ ਸਾਨੂੰ ਕਿਹੜੀ ਗੱਲ ਦਾ ਭਰੋਸਾ ਹੁੰਦਾ ਹੈ? (ਯਸਾਯਾਹ 40:31)
7 ਯਹੋਵਾਹ ਆਪਣੇ ਸੇਵਕਾਂ ਨੂੰ ਤਾਕਤ ਦਿੰਦਾ ਹੈ। ਯਸਾਯਾਹ ਨਬੀ ਦੇ ਜ਼ਰੀਏ ਯਹੋਵਾਹ ਨੇ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਹ ਕਮਜ਼ੋਰ ਜਾਂ ਨਿਰਾਸ਼ ਮਹਿਸੂਸ ਕਰਨਗੇ, ਤਾਂ ਉਹ ਉਨ੍ਹਾਂ ਨੂੰ ਤਾਕਤ ਦੇਵੇਗਾ। “ਉਹ ਉਕਾਬਾਂ ਵਾਂਗ ਖੰਭ ਫੈਲਾ ਕੇ ਉੱਡਣਗੇ।” (ਯਸਾਯਾਹ 40:31 ਪੜ੍ਹੋ।) ਇਜ਼ਰਾਈਲੀ ਅਕਸਰ ਦੇਖਦੇ ਹੋਣੇ ਕਿ ਉਕਾਬ ਕਿੱਦਾਂ ਗਰਮ ਹਵਾਵਾਂ ਦਾ ਸਹਾਰਾ ਲੈ ਕੇ ਆਕਾਸ਼ ਵਿਚ ਉੱਚਾ ਉੱਡਦਾ ਜਾਂਦਾ ਹੈ ਜਦ ਕਿ ਉਹ ਜ਼ਿਆਦਾ ਵਾਰ ਆਪਣੇ ਖੰਭ ਵੀ ਨਹੀਂ ਫੜਫੜਾਉਂਦਾ। ਯਹੋਵਾਹ ਜਿੱਦਾਂ ਇਨ੍ਹਾਂ ਪੰਛੀਆਂ ਨੂੰ ਉਡਾਣ ਭਰਨ ਦੀ ਤਾਕਤ ਦਿੰਦਾ ਹੈ, ਉੱਦਾਂ ਹੀ ਉਹ ਆਪਣੇ ਸੇਵਕਾਂ ਨੂੰ ਵੀ ਤਾਕਤ ਦੇ ਸਕਦਾ ਹੈ! ਤਾਂ ਫਿਰ ਜਦੋਂ ਤੁਸੀਂ ਅਗਲੀ ਵਾਰ ਦੇਖੋ ਕਿ ਇਕ ਵੱਡਾ ਪੰਛੀ ਬਿਨਾਂ ਜ਼ਿਆਦਾ ਜ਼ੋਰ ਲਾਏ ਆਕਾਸ਼ ਵਿਚ ਉੱਚਾ ਉੱਡਦਾ ਜਾਂਦਾ ਹੈ, ਤਾਂ ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਵੀ ਮੁਸ਼ਕਲਾਂ ਵਿੱਚੋਂ ਨਿਕਲਣ ਦੀ ਤਾਕਤ ਦੇ ਸਕਦਾ ਹੈ।
8. ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ʼਤੇ ਧਿਆਨ ਦੇ ਕੇ ਅੱਯੂਬ ਨੇ ਕੀ ਸਿੱਖਿਆ ਅਤੇ ਅੱਜ ਅਸੀਂ ਕੀ ਸਿੱਖ ਸਕਦੇ ਹਾਂ?
8 ਯਹੋਵਾਹ ʼਤੇ ਅਸੀਂ ਪੂਰਾ ਭਰੋਸਾ ਕਰ ਸਕਦੇ ਹਾਂ। ਯਹੋਵਾਹ ਨੇ ਅੱਯੂਬ ਨੂੰ ਅਜਿਹੀਆਂ ਕਈ ਗੱਲਾਂ ਦੱਸੀਆਂ ਜਿਸ ਕਰਕੇ ਉਹ ਉਸ ʼਤੇ ਹੋਰ ਵੀ ਭਰੋਸਾ ਕਰ ਸਕਿਆ। (ਅੱਯੂ. 32:2; 40:6-8) ਯਹੋਵਾਹ ਨੇ ਉਸ ਨੂੰ ਸ੍ਰਿਸ਼ਟੀ ਦੀਆਂ ਕਈ ਚੀਜ਼ਾਂ ਬਾਰੇ ਦੱਸਿਆ, ਜਿਵੇਂ ਕਿ ਤਾਰਿਆਂ, ਬੱਦਲਾਂ ਅਤੇ ਬਿਜਲੀ ਦੀਆਂ ਲਿਸ਼ਕਾਂ ਬਾਰੇ। ਯਹੋਵਾਹ ਨੇ ਉਸ ਨਾਲ ਕਈ ਜਾਨਵਰਾਂ ਬਾਰੇ ਵੀ ਗੱਲ ਕੀਤੀ, ਜਿਵੇਂ ਕਿ ਜੰਗਲੀ ਸਾਨ੍ਹ ਅਤੇ ਘੋੜੇ ਬਾਰੇ। (ਅੱਯੂ. 38:32-35; 39:9, 19, 20) ਇਨ੍ਹਾਂ ਸਾਰੀਆਂ ਗੱਲਾਂ ਤੋਂ ਨਾ ਸਿਰਫ਼ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਕੋਲ ਬੇਮਿਸਾਲ ਤਾਕਤ ਹੈ, ਸਗੋਂ ਉਸ ਦੇ ਪਿਆਰ ਅਤੇ ਅਥਾਹ ਬੁੱਧ ਬਾਰੇ ਵੀ ਪਤਾ ਲੱਗਦਾ ਹੈ। ਇਸ ਤਰ੍ਹਾਂ ਅੱਯੂਬ ਯਹੋਵਾਹ ʼਤੇ ਹੋਰ ਵੀ ਭਰੋਸਾ ਕਰਨ ਲੱਗ ਪਿਆ। (ਅੱਯੂ. 42:1-6) ਅੱਜ ਜਦੋਂ ਅਸੀਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ʼਤੇ ਧਿਆਨ ਦਿੰਦੇ ਹਾਂ, ਤਾਂ ਅਸੀਂ ਸਮਝ ਪਾਉਂਦੇ ਹਾਂ ਕਿ ਯਹੋਵਾਹ ਸਾਡੇ ਤੋਂ ਕਿੰਨਾ ਜ਼ਿਆਦਾ ਬੁੱਧੀਮਾਨ ਅਤੇ ਤਾਕਤਵਰ ਹੈ। ਉਹ ਸਾਡੀ ਹਰ ਮੁਸ਼ਕਲ ਦੂਰ ਕਰ ਸਕਦਾ ਹੈ ਅਤੇ ਉਹ ਇੱਦਾਂ ਜ਼ਰੂਰ ਕਰੇਗਾ। ਇਹ ਗੱਲ ਧਿਆਨ ਵਿਚ ਰੱਖਣ ਨਾਲ ਅਸੀਂ ਯਹੋਵਾਹ ʼਤੇ ਹੋਰ ਵੀ ਜ਼ਿਆਦਾ ਭਰੋਸਾ ਕਰ ਸਕਾਂਗੇ।
ਯਿਸੂ ਨੇ ਸ੍ਰਿਸ਼ਟੀ ਤੋਂ ਆਪਣੇ ਪਿਤਾ ਬਾਰੇ ਸਿਖਾਇਆ
9-10. ਅਸੀਂ ਧੁੱਪ ਅਤੇ ਮੀਂਹ ਤੋਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
9 ਯਿਸੂ ਸ੍ਰਿਸ਼ਟੀ ਬਾਰੇ ਬਹੁਤ ਸਾਰੀਆਂ ਗੱਲਾਂ ਜਾਣਦਾ ਸੀ। ਜਦੋਂ ਯਹੋਵਾਹ ਨੇ ਸਾਰੀਆਂ ਚੀਜ਼ਾਂ ਦੀ ਸ੍ਰਿਸ਼ਟੀ ਕੀਤੀ, ਤਾਂ ਯਿਸੂ ਨੇ “ਰਾਜ ਮਿਸਤਰੀ” ਵਜੋਂ ਯਹੋਵਾਹ ਦਾ ਹੱਥ ਵਟਾਇਆ। (ਕਹਾ. 8:30) ਬਾਅਦ ਵਿਚ ਜਦੋਂ ਯਿਸੂ ਧਰਤੀ ʼਤੇ ਆਇਆ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਸ੍ਰਿਸ਼ਟੀ ਦੀਆਂ ਮਿਸਾਲਾਂ ਦੇ ਕੇ ਆਪਣੇ ਪਿਤਾ ਬਾਰੇ ਬਹੁਤ ਕੁਝ ਸਿਖਾਇਆ। ਆਓ ਆਪਾਂ ਉਨ੍ਹਾਂ ਵਿੱਚੋਂ ਕੁਝ ਗੱਲਾਂ ʼਤੇ ਧਿਆਨ ਦੇਈਏ।
10 ਯਹੋਵਾਹ ਹਰ ਇਨਸਾਨ ਨਾਲ ਪਿਆਰ ਕਰਦਾ ਹੈ। ਯਿਸੂ ਨੇ ਪਹਾੜੀ ਉਪਦੇਸ਼ ਦਿੰਦਿਆਂ ਆਪਣੇ ਚੇਲਿਆਂ ਦਾ ਧਿਆਨ ਧੁੱਪ ਅਤੇ ਮੀਂਹ ਵੱਲ ਦਿਵਾਇਆ। ਚਾਹੇ ਕਈ ਲੋਕ ਇਨ੍ਹਾਂ ਵੱਲ ਖ਼ਾਸ ਧਿਆਨ ਨਹੀਂ ਦਿੰਦੇ, ਪਰ ਜੀਉਂਦੇ ਰਹਿਣ ਲਈ ਇਹ ਬਹੁਤ ਜ਼ਰੂਰੀ ਹਨ। ਜੇ ਯਹੋਵਾਹ ਚਾਹੁੰਦਾ, ਤਾਂ ਉਹ ਕੁਝ ਅਜਿਹਾ ਕਰ ਸਕਦਾ ਸੀ ਜਿਸ ਕਰਕੇ ਬੁਰੇ ਲੋਕਾਂ ਨੂੰ ਨਾ ਤਾਂ ਧੁੱਪ ਮਿਲਦੀ ਅਤੇ ਨਾ ਹੀ ਮੀਂਹ। ਪਰ ਉਸ ਨੇ ਇੱਦਾਂ ਬਿਲਕੁਲ ਨਹੀਂ ਕੀਤਾ, ਸਗੋਂ ਪਿਆਰ ਹੋਣ ਕਰਕੇ ਉਹ ਸਾਰਿਆਂ ʼਤੇ ਸੂਰਜ ਚਾੜ੍ਹਦਾ ਹੈ ਅਤੇ ਮੀਂਹ ਵਰ੍ਹਾਉਂਦਾ ਹੈ। (ਮੱਤੀ 5:43-45) ਇਸ ਤਰ੍ਹਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਸਾਰਿਆਂ ਨਾਲ ਪਿਆਰ ਕਰਨ। ਜਦੋਂ ਅਸੀਂ ਡੁੱਬਦੇ ਹੋਏ ਸੂਰਜ ਦਾ ਖ਼ੂਬਸੂਰਤ ਨਜ਼ਾਰਾ ਦੇਖਦੇ ਹਾਂ ਜਾਂ ਮੀਂਹ ਦੀਆਂ ਬੂੰਦਾਂ ਦਾ ਮਜ਼ਾ ਲੈਂਦੇ ਹਾਂ, ਤਾਂ ਆਓ ਆਪਾਂ ਯਾਦ ਰੱਖੀਏ ਕਿ ਯਹੋਵਾਹ ਹਰ ਤਰ੍ਹਾਂ ਦੇ ਲੋਕਾਂ ਨਾਲ ਪਿਆਰ ਕਰਦਾ ਹੈ। ਫਿਰ ਸਾਡਾ ਵੀ ਦਿਲ ਕਰੇਗਾ ਕਿ ਅਸੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਚਾਰ ਕਰੀਏ ਅਤੇ ਦਿਖਾਈਏ ਕਿ ਅਸੀਂ ਵੀ ਸਾਰਿਆਂ ਨਾਲ ਪਿਆਰ ਕਰਦੇ ਹਾਂ।
11. ਪੰਛੀਆਂ ਨੂੰ ਦੇਖ ਕੇ ਸਾਨੂੰ ਕਿਹੜੀ ਗੱਲ ਦਾ ਹੌਸਲਾ ਮਿਲਦਾ ਹੈ?
11 ਯਹੋਵਾਹ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ। ਪਹਾੜੀ ਉਪਦੇਸ਼ ਦਿੰਦੇ ਵੇਲੇ ਯਿਸੂ ਨੇ ਇਹ ਵੀ ਕਿਹਾ: “ਆਕਾਸ਼ ਦੇ ਪੰਛੀਆਂ ਵੱਲ ਧਿਆਨ ਨਾਲ ਦੇਖੋ; ਉਹ ਨਾ ਬੀਜਦੇ, ਨਾ ਵੱਢਦੇ ਤੇ ਨਾ ਹੀ ਭੰਡਾਰਾਂ ਵਿਚ ਇਕੱਠਾ ਕਰਦੇ ਹਨ, ਪਰ ਫਿਰ ਵੀ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦਾ ਢਿੱਡ ਭਰਦਾ ਹੈ।” ਹੋ ਸਕਦਾ ਹੈ ਕਿ ਜਦੋਂ ਯਿਸੂ ਨੇ ਇਹ ਗੱਲ ਕਹੀ, ਤਾਂ ਲੋਕਾਂ ਨੇ ਆਕਾਸ਼ ਵਿਚ ਪੰਛੀਆਂ ਨੂੰ ਉੱਡਦਿਆਂ ਦੇਖਿਆ ਹੋਵੇ। ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ?” (ਮੱਤੀ 6:26) ਯਿਸੂ ਨੇ ਕਿੰਨੇ ਵਧੀਆ ਤਰੀਕੇ ਨਾਲ ਲੋਕਾਂ ਨੂੰ ਇਸ ਗੱਲ ਦਾ ਯਕੀਨ ਦਿਵਾਇਆ ਕਿ ਯਹੋਵਾਹ ਆਪਣੇ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰੇਗਾ। (ਮੱਤੀ 6:31, 32) ਇਸ ਗੱਲ ਤੋਂ ਅੱਜ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਬਹੁਤ ਹੌਸਲਾ ਮਿਲਦਾ ਹੈ। ਸਪੇਨ ਵਿਚ ਰਹਿਣ ਵਾਲੀ ਇਕ ਜਵਾਨ ਪਾਇਨੀਅਰ ਭੈਣ ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਰਹਿਣ ਲਈ ਘਰ ਨਹੀਂ ਮਿਲ ਰਿਹਾ ਸੀ। ਇਸ ਲਈ ਉਹ ਬਹੁਤ ਪਰੇਸ਼ਾਨ ਹੋ ਗਈ ਸੀ। ਪਰ ਫਿਰ ਉਸ ਨੇ ਕੁਝ ਚਿੜੀਆਂ ਨੂੰ ਦਾਣੇ ਚੁਗਦਿਆਂ ਅਤੇ ਫਲ ਖਾਂਦਿਆਂ ਦੇਖਿਆ। ਉਨ੍ਹਾਂ ਨੂੰ ਦੇਖ ਕੇ ਉਸ ਨੂੰ ਬਹੁਤ ਹੌਸਲਾ ਮਿਲਿਆ। ਉਹ ਕਹਿੰਦੀ ਹੈ: “ਉਨ੍ਹਾਂ ਚਿੜੀਆਂ ਨੂੰ ਦੇਖ ਕੇ ਮੈਨੂੰ ਯਾਦ ਆਇਆ ਕਿ ਯਹੋਵਾਹ ਜਿੱਦਾਂ ਉਨ੍ਹਾਂ ਦਾ ਖ਼ਿਆਲ ਰੱਖ ਰਿਹਾ ਹੈ, ਉੱਦਾਂ ਹੀ ਉਹ ਮੇਰਾ ਵੀ ਖ਼ਿਆਲ ਰੱਖੇਗਾ।” ਬਾਅਦ ਵਿਚ ਇੱਦਾਂ ਹੀ ਹੋਇਆ। ਕੁਝ ਸਮੇਂ ਬਾਅਦ ਭੈਣ ਨੂੰ ਰਹਿਣ ਲਈ ਜਗ੍ਹਾ ਮਿਲ ਗਈ।
12. ਮੱਤੀ 10:29-31 ਮੁਤਾਬਕ ਅਸੀਂ ਚਿੜੀਆਂ ਤੋਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
12 ਯਹੋਵਾਹ ਸਾਡੇ ਵਿੱਚੋਂ ਹਰ ਇਕ ਨੂੰ ਅਨਮੋਲ ਸਮਝਦਾ ਹੈ। ਜਦੋਂ ਯਿਸੂ ਨੇ ਆਪਣੇ ਰਸੂਲਾਂ ਨੂੰ ਪ੍ਰਚਾਰ ਕਰਨ ਲਈ ਭੇਜਿਆ, ਤਾਂ ਉਸ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਤਾਂਕਿ ਉਹ ਵਿਰੋਧ ਹੋਣ ʼਤੇ ਨਾ ਡਰਨ। (ਮੱਤੀ 10:29-31 ਪੜ੍ਹੋ।) ਇੱਦਾਂ ਕਰਨ ਲਈ ਉਸ ਨੇ ਉਨ੍ਹਾਂ ਨੂੰ ਚਿੜੀਆਂ ਦੀ ਮਿਸਾਲ ਦਿੱਤੀ ਜੋ ਇਜ਼ਰਾਈਲ ਵਿਚ ਆਮ ਦੇਖਣ ਨੂੰ ਮਿਲਦੀਆਂ ਸਨ। ਯਿਸੂ ਦੇ ਦਿਨਾਂ ਵਿਚ ਇਨ੍ਹਾਂ ਚਿੜੀਆਂ ਦੀ ਕੀਮਤ ਬਹੁਤ ਘੱਟ ਹੁੰਦੀ ਸੀ। ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਹ ਨਹੀਂ ਹੋ ਸਕਦਾ ਕਿ ਇਨ੍ਹਾਂ ਵਿੱਚੋਂ ਇਕ ਵੀ ਚਿੜੀ ਜ਼ਮੀਨ ʼਤੇ ਡਿਗੇ ਤੇ ਤੁਹਾਡੇ ਸਵਰਗੀ ਪਿਤਾ ਨੂੰ ਪਤਾ ਨਾ ਲੱਗੇ।” ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੋ।” ਇਸ ਤਰ੍ਹਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਉਨ੍ਹਾਂ ਵਿੱਚੋਂ ਹਰੇਕ ਨੂੰ ਅਨਮੋਲ ਸਮਝਦਾ ਹੈ। ਇਸ ਲਈ ਵਿਰੋਧ ਹੋਣ ʼਤੇ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਸੀ। ਚੇਲੇ ਜਦੋਂ ਵੀ ਪ੍ਰਚਾਰ ਕਰਦਿਆਂ ਪਿੰਡਾਂ ਵਿਚ ਚਿੜੀਆਂ ਨੂੰ ਦੇਖਦੇ ਹੋਣੇ, ਤਾਂ ਉਨ੍ਹਾਂ ਨੂੰ ਜ਼ਰੂਰ ਯਿਸੂ ਦੇ ਇਹ ਸ਼ਬਦ ਯਾਦ ਆਉਂਦੇ ਹੋਣੇ। ਤਾਂ ਫਿਰ ਜਦ ਤੁਸੀਂ ਕੋਈ ਛੋਟਾ ਜਿਹਾ ਪੰਛੀ ਦੇਖਦੇ ਹੋ, ਤਾਂ ਯਾਦ ਰੱਖੋ ਕਿ ਤੁਸੀਂ ਯਹੋਵਾਹ ਲਈ ਬਹੁਤ ਖ਼ਾਸ ਹੋ ਕਿਉਂਕਿ ਤੁਸੀਂ ਵੀ ਉਸ ਲਈ “ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੋ।” ਯਹੋਵਾਹ ਦੀ ਮਦਦ ਨਾਲ ਤੁਸੀਂ ਹਰ ਤਰ੍ਹਾਂ ਦੇ ਵਿਰੋਧ ਦਾ ਡਟ ਕੇ ਸਾਮ੍ਹਣਾ ਕਰ ਸਕਦੇ ਹੋ।—ਜ਼ਬੂ. 118:6.
ਅਸੀਂ ਸ੍ਰਿਸ਼ਟੀ ਤੋਂ ਪਰਮੇਸ਼ੁਰ ਬਾਰੇ ਹੋਰ ਕਿਵੇਂ ਜਾਣ ਸਕਦੇ ਹਾਂ?
13. ਯਹੋਵਾਹ ਦੀ ਬਣਾਈ ਸ੍ਰਿਸ਼ਟੀ ਤੋਂ ਸਿੱਖਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
13 ਅਸੀਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਤੋਂ ਉਸ ਬਾਰੇ ਹੋਰ ਵੀ ਬਹੁਤ ਕੁਝ ਜਾਣ ਸਕਦੇ ਹਾਂ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਭ ਤੋਂ ਪਹਿਲਾਂ, ਸਾਨੂੰ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ʼਤੇ ਧਿਆਨ ਦੇਣ ਲਈ ਸਮਾਂ ਕੱਢਣ ਦੀ ਲੋੜ ਹੈ। ਫਿਰ ਸਾਨੂੰ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਇਨ੍ਹਾਂ ਚੀਜ਼ਾਂ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ। ਇੱਦਾਂ ਕਰਨਾ ਸ਼ਾਇਦ ਹਮੇਸ਼ਾ ਸੌਖਾ ਨਾ ਹੋਵੇ। ਕੈਮਰੂਨ ਵਿਚ ਰਹਿਣ ਵਾਲੀ ਭੈਣ ਜੈਰਲਡੀਨ ਦੱਸਦੀ ਹੈ: “ਮੈਂ ਸ਼ਹਿਰ ਵਿਚ ਜੰਮੀ-ਪਲ਼ੀ ਹਾਂ, ਇਸ ਲਈ ਮੈਨੂੰ ਪਤਾ ਹੈ ਕਿ ਕੁਦਰਤੀ ਚੀਜ਼ਾਂ ʼਤੇ ਧਿਆਨ ਦੇਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ।” ਇਕ ਬਜ਼ੁਰਗ ਅਲਫਾਨਸੋ ਦੱਸਦਾ ਹੈ: “ਮੈਂ ਦੇਖਿਆ ਕਿ ਮੈਨੂੰ ਇਕ ਸ਼ਡਿਉਲ ਬਣਾਉਣ ਦੀ ਲੋੜ ਹੈ ਤਾਂਕਿ ਮੈਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ʼਤੇ ਧਿਆਨ ਦੇ ਸਕਾਂ ਅਤੇ ਸੋਚ-ਵਿਚਾਰ ਕਰ ਸਕਾਂ ਕਿ ਇਨ੍ਹਾਂ ਚੀਜ਼ਾਂ ਤੋਂ ਮੈਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ।”
14. ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ʼਤੇ ਸੋਚ-ਵਿਚਾਰ ਕਰ ਕੇ ਦਾਊਦ ਕੀ ਸਮਝ ਸਕਿਆ?
14 ਦਾਊਦ ਪਰਮੇਸ਼ੁਰ ਦੁਆਰਾ ਬਣਾਈਆਂ ਚੀਜ਼ਾਂ ਬਾਰੇ ਗਹਿਰਾਈ ਨਾਲ ਸੋਚ-ਵਿਚਾਰ ਕਰਦਾ ਸੀ। ਉਸ ਨੇ ਯਹੋਵਾਹ ਨੂੰ ਕਿਹਾ: “ਜਦ ਮੈਂ ਤੇਰੇ ਆਕਾਸ਼ ਨੂੰ ਦੇਖਦਾ ਹਾਂ ਜੋ ਤੇਰੇ ਹੱਥਾਂ ਦੀ ਕਾਰੀਗਰੀ ਹੈ, ਚੰਦ-ਤਾਰੇ ਜਿਹੜੇ ਤੂੰ ਬਣਾਏ ਹਨ, ਤਾਂ ਫਿਰ, ਮਰਨਹਾਰ ਇਨਸਾਨ ਕੀ ਹੈ ਕਿ ਤੂੰ ਉਸ ਨੂੰ ਯਾਦ ਰੱਖੇਂ?” (ਜ਼ਬੂ. 8:3, 4) ਜੀ ਹਾਂ, ਜਦੋਂ ਰਾਜਾ ਦਾਊਦ ਰਾਤ ਨੂੰ ਆਕਾਸ਼ ਵਿਚ ਤਾਰੇ ਦੇਖਦਾ ਸੀ, ਤਾਂ ਉਹ ਸਿਰਫ਼ ਖ਼ੁਸ਼ ਹੀ ਨਹੀਂ ਹੁੰਦਾ ਸੀ, ਸਗੋਂ ਉਹ ਸੋਚ-ਵਿਚਾਰ ਕਰਦਾ ਸੀ ਕਿ ਉਹ ਇਨ੍ਹਾਂ ਤੋਂ ਪਰਮੇਸ਼ੁਰ ਬਾਰੇ ਕੀ ਸਿੱਖਦਾ ਹੈ। ਉਸ ਨੇ ਸਿੱਖਿਆ ਕਿ ਯਹੋਵਾਹ ਕਿੰਨਾ ਮਹਾਨ ਹੈ। ਕਈ ਹੋਰ ਮੌਕਿਆਂ ʼਤੇ ਦਾਊਦ ਨੇ ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਕਿ ਜਦੋਂ ਉਹ ਆਪਣੀ ਮਾਂ ਦੀ ਕੁੱਖ ਵਿਚ ਸੀ, ਤਾਂ ਉਸ ਦਾ ਸਰੀਰ ਕਿੱਦਾਂ ਵਧਿਆ-ਫੁੱਲਿਆ। ਉਸ ਨੇ ਇਸ ਬਾਰੇ ਵੀ ਸੋਚ-ਵਿਚਾਰ ਕੀਤਾ ਕਿ ਉਸ ਨੂੰ ਕਿੰਨੇ ਹੈਰਾਨੀਜਨਕ ਤਰੀਕੇ ਨਾਲ ਬਣਾਇਆ ਗਿਆ ਸੀ, ਫਿਰ ਉਹ ਸਮਝ ਸਕਿਆ ਕਿ ਯਹੋਵਾਹ ਕਿੰਨਾ ਬੁੱਧੀਮਾਨ ਹੈ। ਇਸ ਕਰਕੇ ਉਸ ਦਾ ਦਿਲ ਯਹੋਵਾਹ ਲਈ ਹੋਰ ਵੀ ਸ਼ੁਕਰਗੁਜ਼ਾਰੀ ਨਾਲ ਭਰ ਗਿਆ।—ਜ਼ਬੂ. 139:14-17.
15. ਉਦਾਹਰਣਾਂ ਦੇ ਕੇ ਸਮਝਾਓ ਕਿ ਤੁਸੀਂ ਸ੍ਰਿਸ਼ਟੀ ਤੋਂ ਯਹੋਵਾਹ ਦੇ ਕਿਹੜੇ ਗੁਣਾਂ ਬਾਰੇ ਸਿੱਖਿਆ? (ਜ਼ਬੂਰ 148:7-10)
15 ਤੁਹਾਡੇ ਆਲੇ-ਦੁਆਲੇ ਯਹੋਵਾਹ ਦੀਆਂ ਬਣਾਈਆਂ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਬਾਰੇ ਤੁਸੀਂ ਦਾਊਦ ਵਾਂਗ ਸੋਚ-ਵਿਚਾਰ ਕਰ ਸਕਦੇ ਹੋ। ਇੱਦਾਂ ਕਰਨ ਨਾਲ ਤੁਸੀਂ ਹੋਰ ਵੀ ਚੰਗੀ ਤਰ੍ਹਾਂ ਜਾਣ ਸਕੋਗੇ ਕਿ ਯਹੋਵਾਹ ਵਿਚ ਕਿਹੜੇ-ਕਿਹੜੇ ਗੁਣ ਹਨ। ਉਦਾਹਰਣ ਲਈ, ਜਦੋਂ ਤੁਸੀਂ ਸੂਰਜ ਦੀ ਗਰਮੀ ਮਹਿਸੂਸ ਕਰਦੇ ਹੋ, ਤਾਂ ਇਸ ਬਾਰੇ ਸੋਚੋ ਕਿ ਯਹੋਵਾਹ ਕਿੰਨਾ ਸ਼ਕਤੀਸ਼ਾਲੀ ਪਰਮੇਸ਼ੁਰ ਹੈ। (ਯਿਰ. 31:35) ਜਾਂ ਫਿਰ ਜਦੋਂ ਤੁਸੀਂ ਕਿਸੇ ਪੰਛੀ ਨੂੰ ਆਪਣਾ ਆਲ੍ਹਣਾ ਬਣਾਉਂਦੇ ਦੇਖਦੇ ਹੋ, ਤਾਂ ਇਸ ਬਾਰੇ ਸੋਚੋ ਕਿ ਯਹੋਵਾਹ ਕਿੰਨਾ ਬੁੱਧੀਮਾਨ ਹੈ। ਜਾਂ ਜਦੋਂ ਤੁਸੀਂ ਕਿਸੇ ਕਤੂਰੇ ਨੂੰ ਦੇਖਦੇ ਹੋ ਜਿਹੜਾ ਆਪਣੀ ਪੂਛ ਫੜਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਕੀ ਇਸ ਤੋਂ ਇਹ ਪਤਾ ਨਹੀਂ ਲੱਗਦਾ ਕਿ ਯਹੋਵਾਹ ਹਮੇਸ਼ਾ ਖ਼ੁਸ਼ ਰਹਿੰਦਾ ਹੈ ਅਤੇ ਉਸ ਨੂੰ ਹਾਸਾ-ਮਜ਼ਾਕ ਪਸੰਦ ਹੈ? ਨਾਲੇ ਜਦੋਂ ਤੁਸੀਂ ਇਕ ਮਾਂ ਨੂੰ ਆਪਣੇ ਨੰਨੇ-ਮੁੰਨੇ ਬੱਚੇ ਨਾਲ ਖੇਡਦਿਆਂ ਅਤੇ ਲਾਡ ਕਰਦਿਆਂ ਦੇਖਦੇ ਹੋ, ਤਾਂ ਯਹੋਵਾਹ ਦਾ ਧੰਨਵਾਦ ਕਰੋ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ। ਪੂਰੀ ਕਾਇਨਾਤ, ਜੀ ਹਾਂ, ਯਹੋਵਾਹ ਦੀ ਬਣਾਈ ਹਰ ਚੀਜ਼ ਉਸ ਦੀ ਤਾਰੀਫ਼ ਕਰਦੀ ਹੈ! ਫਿਰ ਚਾਹੇ ਉਹ ਛੋਟੀ ਹੋਵੇ ਜਾਂ ਵੱਡੀ, ਸਾਡੇ ਤੋਂ ਦੂਰ ਹੋਵੇ ਜਾਂ ਸਾਡੇ ਨੇੜੇ। ਸਾਨੂੰ ਬਸ ਨਜ਼ਰਾਂ ਉੱਪਰ ਚੁੱਕ ਕੇ ਦੇਖਣ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰਨ ਦੀ ਲੋੜ ਹੈ। ਇੱਦਾਂ ਅਸੀਂ ਯਹੋਵਾਹ ਬਾਰੇ ਬਹੁਤ ਕੁਝ ਸਿੱਖ ਸਕਾਂਗੇ—ਜ਼ਬੂਰ 148:7-10 ਪੜ੍ਹੋ।
16. ਸਾਡਾ ਕੀ ਇਰਾਦਾ ਹੋਣਾ ਚਾਹੀਦਾ ਹੈ?
16 ਸਾਡਾ ਪਰਮੇਸ਼ੁਰ ਬਹੁਤ ਹੀ ਜ਼ਿਆਦਾ ਬੁੱਧੀਮਾਨ, ਸ਼ਕਤੀਸ਼ਾਲੀ ਤੇ ਪਿਆਰ ਕਰਨ ਵਾਲਾ ਹੈ ਅਤੇ ਉਸ ਨੇ ਹਰੇਕ ਚੀਜ਼ ਬਹੁਤ ਹੀ ਸੋਹਣੀ ਬਣਾਈ ਹੈ। ਜੇ ਅਸੀਂ ਆਪਣੇ ਆਲੇ-ਦੁਆਲੇ ਦੀ ਸ੍ਰਿਸ਼ਟੀ ʼਤੇ ਗੌਰ ਕਰੀਏ, ਤਾਂ ਅਸੀਂ ਉਸ ਦੇ ਇਹ ਗੁਣ ਸਾਫ਼-ਸਾਫ਼ ਦੇਖ ਸਕਦੇ ਹਾਂ ਅਤੇ ਉਸ ਬਾਰੇ ਹੋਰ ਵੀ ਬਹੁਤ ਕੁਝ ਜਾਣ ਸਕਦੇ ਹਾਂ। ਇਸ ਲਈ ਆਓ ਆਪਾਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ʼਤੇ ਧਿਆਨ ਦੇਣ ਲਈ ਸਮਾਂ ਕੱਢੀਏ ਅਤੇ ਸੋਚ-ਵਿਚਾਰ ਕਰੀਏ ਕਿ ਇਨ੍ਹਾਂ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਸਿਰਜਣਹਾਰ ਦੇ ਹੋਰ ਵੀ ਨੇੜੇ ਜਾਵਾਂਗੇ। (ਯਾਕੂ. 4:8) ਅਗਲੇ ਲੇਖ ਵਿਚ ਅਸੀਂ ਜਾਣਾਂਗੇ ਕਿ ਮਾਪੇ ਆਪਣੇ ਬੱਚਿਆਂ ਨੂੰ ਸ੍ਰਿਸ਼ਟੀ ਦੀਆਂ ਚੀਜ਼ਾਂ ਤੋਂ ਕਿਵੇਂ ਸਿਖਾ ਸਕਦੇ ਹਨ ਤਾਂਕਿ ਉਹ ਵੀ ਯਹੋਵਾਹ ਦੇ ਨੇੜੇ ਆਉਣ।
ਗੀਤ 5 ਰੱਬ ਦੇ ਸ਼ਾਨਦਾਰ ਕੰਮ
a ਯਹੋਵਾਹ ਨੇ ਜੋ ਕੁਝ ਬਣਾਇਆ ਹੈ, ਉਹ ਬਹੁਤ ਹੀ ਲਾਜਵਾਬ ਹੈ। ਉਸ ਦੀਆਂ ਬਣਾਈਆਂ ਚੀਜ਼ਾਂ ਦੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ, ਫਿਰ ਚਾਹੇ ਜ਼ਬਰਦਸਤ ਤਾਕਤ ਰੱਖਣ ਵਾਲਾ ਸੂਰਜ ਹੋਵੇ ਜਾਂ ਫਿਰ ਫੁੱਲ ਦੀਆਂ ਨਾਜ਼ੁਕ ਪੱਤੀਆਂ ਹੋਣ। ਸ੍ਰਿਸ਼ਟੀ ਤੋਂ ਅਸੀਂ ਜਾਣ ਪਾਉਂਦੇ ਹਾਂ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ ਅਤੇ ਉਸ ਵਿਚ ਕਿਹੜੇ-ਕਿਹੜੇ ਗੁਣ ਹਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਉਸ ਦੀਆਂ ਬਣਾਈਆਂ ਚੀਜ਼ਾਂ ਵੱਲ ਧਿਆਨ ਦੇਣ ਲਈ ਸਾਨੂੰ ਸਮਾਂ ਕਿਉਂ ਕੱਢਣਾ ਚਾਹੀਦਾ ਹੈ ਅਤੇ ਇੱਦਾਂ ਕਰਨ ਨਾਲ ਅਸੀਂ ਪਰਮੇਸ਼ੁਰ ਦੇ ਹੋਰ ਵੀ ਨੇੜੇ ਕਿਵੇਂ ਆ ਸਕਦੇ ਹਾਂ।