ਯਹੋਵਾਹ ਦੇ ਗਵਾਹਾਂ ਦਾ 2002 “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨ
1 “ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ, ਭਈ ਯਹੋਵਾਹ ਦੇ ਘਰ ਨੂੰ ਚੱਲੀਏ!” (ਜ਼ਬੂ. 122:1) ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਦੀ ਜਾਂਚ ਕਰਦੇ ਹੋਏ ਇਨ੍ਹਾਂ ਗੱਲਾਂ ਵੱਲ ਧਿਆਨ ਦਿਓ ਕਿ (1) ਦੂਸਰਿਆਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਦਾ ਸੱਦਾ ਮਿਲਣ ਤੇ ਉਸ ਨੂੰ ਕਿਵੇਂ ਮਹਿਸੂਸ ਹੋਇਆ, (2) ਉਸ ਦੇ ਚੰਗੇ ਦੋਸਤ ਸਨ ਜੋ ਸੱਚੀ ਭਗਤੀ ਕਰਨ ਵਿਚ ਡੂੰਘੀ ਦਿਲਚਸਪੀ ਰੱਖਦੇ ਸਨ ਅਤੇ (3) ਲੋਕਾਂ ਨੂੰ ਸੱਦਾ ਦੇਣ, ਇਕੱਠਾ ਕਰਨ ਅਤੇ ਪਰਮੇਸ਼ੁਰ ਦੇ ਘਰ ਜਾਣ ਲਈ ਸਫ਼ਰ ਸੰਬੰਧੀ ਕਿੰਨੀਆਂ ਯੋਜਨਾਵਾਂ ਬਣਾਉਣੀਆਂ ਪਈਆਂ ਹੋਣਗੀਆਂ।
2 ਕੀ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਨਹੀਂ ਕਰਦੇ ਜਦੋਂ ਅਸੀਂ ਸੁਣਦੇ ਹਾਂ ਕਿ ਸਾਡੇ ਅਗਲੇ ਜ਼ਿਲ੍ਹਾ ਸੰਮੇਲਨ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ? ਜਦੋਂ ਅਸੀਂ ਪਿਛਲੇ ਸੰਮੇਲਨਾਂ ਦੀਆਂ ਖ਼ੁਸ਼ੀਆਂ ਨੂੰ ਯਾਦ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੇ ਪ੍ਰੇਮੀਆਂ ਨਾਲ ਦੁਬਾਰਾ ਇਕੱਠੇ ਹੋਣ ਦੇ ਖ਼ਾਸ ਮੌਕੇ ਦੀ ਬੜੇ ਉਤਸ਼ਾਹ ਨਾਲ ਉਡੀਕ ਕਰਦੇ ਹਾਂ। ਭਾਰਤ ਵਿਚ 2002-2003 ਲਈ ਤਿੰਨ-ਦਿਨਾ “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨਾਂ ਦੇ ਪ੍ਰਬੰਧ ਕੀਤੇ ਗਏ ਹਨ। ਹੁਣ ਸਮਾਂ ਹੈ ਇਨ੍ਹਾਂ ਸੰਮੇਲਨਾਂ ਵਿਚ ਹਾਜ਼ਰ ਹੋਣ ਅਤੇ ਸਾਡੇ ਲਈ ਤਿਆਰ ਕੀਤੀ ਗਈ ਅਧਿਆਤਮਿਕ ਦਾਅਵਤ ਦਾ ਪੂਰਾ-ਪੂਰਾ ਲਾਭ ਹਾਸਲ ਕਰਨ ਲਈ ਯੋਜਨਾਵਾਂ ਬਣਾਉਣ ਦਾ।
3 “ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ” ਨੇ ਸੰਮੇਲਨ ਵਿਚ ਲਾਭਦਾਇਕ ਅਧਿਆਤਮਿਕ ਖਾਣਾ ਪਰੋਸਣ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। (ਲੂਕਾ 12:42) ਪਿਛਲੇ ਸਾਲਾਂ ਵਿਚ ਕਈ ਛੋਟੇ-ਛੋਟੇ ਸੰਮੇਲਨਾਂ ਦੇ ਪ੍ਰਬੰਧ ਕੀਤੇ ਗਏ ਸਨ ਤਾਂਕਿ ਨਵੇਂ ਲੋਕ ਆਸਾਨੀ ਨਾਲ ਇਨ੍ਹਾਂ ਵਿਚ ਹਾਜ਼ਰ ਹੋ ਸਕਣ ਅਤੇ ਸੈਂਕੜੇ ਛੋਟੇ ਸ਼ਹਿਰਾਂ ਦੇ ਲੋਕ ਹਰ ਪਿਛੋਕੜ ਤੋਂ ਆਏ ਯਹੋਵਾਹ ਦੇ ਗਵਾਹਾਂ ਦੇ ਵੱਡੇ ਸਮੂਹਾਂ ਨੂੰ ਨੇੜਿਓਂ ਦੇਖ ਸਕਣ। ਪਰ ਇਸ ਸਾਲ ਦੇ ਸੰਮੇਲਨ ਪਹਿਲਾਂ ਨਾਲੋਂ ਬਹੁਤ ਵੱਡੇ ਹੋਣਗੇ ਜਿਸ ਨਾਲ ਸਾਨੂੰ ਕਈ ਥਾਵਾਂ ਦੇ ਹੋਰ ਕਈ ਗਵਾਹਾਂ ਨਾਲ ਸੰਗਤੀ ਕਰਨ ਦਾ ਮੌਕਾ ਮਿਲੇਗਾ। ਹਰ ਕਲੀਸਿਯਾ ਨੂੰ ਇਨ੍ਹਾਂ ਵੱਡੇ ਸੰਮੇਲਨਾਂ ਵਿੱਚੋਂ ਕਿਸੇ ਇਕ ਸੰਮੇਲਨ ਵਿਚ ਜਾਣ ਲਈ ਕਿਹਾ ਜਾਵੇਗਾ। ਸਿਰਫ਼ ਉੱਤਰ ਅਤੇ ਉੱਤਰ-ਪੂਰਬ ਦੇ ਦੂਰ-ਦੁਰਾਡੇ ਇਲਾਕਿਆਂ ਦੇ ਭੈਣ-ਭਰਾਵਾਂ ਲਈ ਕੁਝ ਛੋਟੇ ਸੰਮੇਲਨ ਆਯੋਜਿਤ ਕੀਤੇ ਜਾਣਗੇ। ਭੈਣ-ਭਰਾਵਾਂ ਦੇ ਠਹਿਰਨ ਲਈ ਸਸਤੇ ਹੋਟਲਾਂ ਜਾਂ ਧਰਮਸ਼ਾਲਾਵਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਵੱਖੋ-ਵੱਖਰੇ ਵਿਭਾਗਾਂ ਦੇ ਭਰਾਵਾਂ ਨੇ ਵੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂਕਿ “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।” (1 ਕੁਰਿੰ. 14:40) ਜਦ ਕਿ ਸਾਡੇ ਫ਼ਾਇਦੇ ਅਤੇ ਆਰਾਮ ਲਈ ਇੰਨੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਫਿਰ ਅਸੀਂ ਖ਼ੁਦ ਸੰਮੇਲਨ ਲਈ ਕਿੱਦਾਂ ਤਿਆਰੀ ਕਰ ਸਕਦੇ ਹਾਂ?
4 ਤਿੰਨੋਂ ਦਿਨ ਹਾਜ਼ਰ ਰਹਿਣ ਦੀ ਹੁਣੇ ਯੋਜਨਾ ਬਣਾਓ: ਇਸ ਸਾਲ ਜ਼ਿਆਦਾਤਰ ਸੰਮੇਲਨ ਦੀਵਾਲੀ ਅਤੇ ਦਸੰਬਰ ਦੀਆਂ ਛੁੱਟੀਆਂ ਦੇ ਨੇੜੇ-ਤੇੜੇ ਰੱਖੇ ਗਏ ਹਨ। ਪਰ ਫਿਰ ਵੀ ਤੁਹਾਨੂੰ ਸ਼ਾਇਦ ਸਫ਼ਰ ਕਰਨ ਅਤੇ ਆਪਣੇ ਨਿਰਧਾਰਿਤ ਸੰਮੇਲਨ ਵਿਚ ਜਾਣ ਲਈ ਆਪਣੇ ਮਾਲਕ ਕੋਲੋਂ ਛੁੱਟੀ ਲੈਣ ਦੀ ਲੋੜ ਪਵੇ। ਯਹੋਵਾਹ ਜਾਣਦਾ ਹੈ ਕਿ ਕੁਝ ਮਾਲਕ “ਕਰੜੇ ਸੁਭਾਉ” ਦੇ ਹੁੰਦੇ ਹਨ। (1 ਪਤ. 2:18) ਪਰ ਸਾਡੇ ਸੰਮੇਲਨ ਬੜੇ ਮਹੱਤਵਪੂਰਣ ਹਨ ਅਤੇ ਅਸੀਂ ਪੂਰੇ ਪ੍ਰੋਗ੍ਰਾਮ ਵਿਚ ਹਾਜ਼ਰ ਰਹਿਣ ਦਾ ਪੂਰਾ ਜਤਨ ਕਰਨਾ ਚਾਹੁੰਦੇ ਹਾਂ। ਇਸ ਮਾਮਲੇ ਵਿਚ ਯਹੋਵਾਹ ਦੀ ਅਗਵਾਈ ਲਈ ਪ੍ਰਾਰਥਨਾ ਕਰੋ ਤਾਂਕਿ ਉਹ ਤੁਹਾਡੇ ਜਤਨਾਂ ਨੂੰ ਸਫ਼ਲ ਕਰੇ।—ਨਹ. 2:4.
5 ਪੂਰੇ ਪਰਿਵਾਰ ਦੇ ਹਾਜ਼ਰ ਹੋਣ ਦੀ ਯੋਜਨਾ ਬਣਾਓ: ਸਾਡੇ ਵਿੱਚੋਂ ਕਈਆਂ ਲਈ ਪੂਰੇ ਪਰਿਵਾਰ ਦੇ ਸਫ਼ਰ ਅਤੇ ਸੰਮੇਲਨ ਵਾਲੇ ਸ਼ਹਿਰ ਵਿਚ ਠਹਿਰਨ ਦਾ ਖ਼ਰਚਾ ਕੱਢਣਾ ਬਹੁਤ ਔਖਾ ਹੋ ਸਕਦਾ ਹੈ। ਧਿਆਨ ਨਾਲ ਯੋਜਨਾ ਬਣਾਉਣ ਨਾਲ ਇਹ ਮੁਸ਼ਕਲ ਹੱਲ ਹੋ ਸਕਦੀ ਹੈ। ਜੇ ਅਸੀਂ ਹੁਣ ਤੋਂ ਹੀ ਹਰ ਰੋਜ਼ ਪਰਿਵਾਰ ਦੇ ਹਰੇਕ ਮੈਂਬਰ ਲਈ ਪੰਜ ਰੁਪਏ ਵੱਖਰੇ ਰੱਖੀਏ, ਤਾਂ ਅਸੀਂ ਆਉਣ-ਜਾਣ ਅਤੇ ਠਹਿਰਨ ਦੇ ਖ਼ਰਚੇ ਨੂੰ ਪੂਰਾ ਕਰ ਸਕਦੇ ਹਾਂ।—1 ਕੁਰਿੰਥੀਆਂ 16:2 ਨਾਲ ਤੁਲਨਾ ਕਰੋ।
6 ਆਪਣੇ ਠਹਿਰਨ ਦਾ ਪ੍ਰਬੰਧ ਕਰੋ: ਹਰੇਕ ਸੰਮੇਲਨ ਵਿਚ ਇਕ ਨਿਵਾਸ ਵਿਭਾਗ (Rooming Department) ਹੁੰਦਾ ਹੈ। ਜਿਸ ਸ਼ਹਿਰ ਵਿਚ ਸੰਮੇਲਨ ਹੋਣ ਵਾਲਾ ਹੈ, ਉੱਥੇ ਠਹਿਰਨ ਦੀ ਜਗ੍ਹਾ ਬਾਰੇ ਇਹ ਵਿਭਾਗ ਤੁਹਾਨੂੰ ਜਾਣਕਾਰੀ ਦੇਵੇਗਾ ਅਤੇ ਠਹਿਰਨ ਦੀ ਜਗ੍ਹਾ ਲੱਭਣ ਵਿਚ ਤੁਹਾਡੀ ਮਦਦ ਵੀ ਕਰੇਗਾ। ਤੁਹਾਨੂੰ ਆਪਣੇ ਠਹਿਰਨ ਦਾ ਕਾਫ਼ੀ ਸਮਾਂ ਪਹਿਲਾਂ ਹੀ ਇੰਤਜ਼ਾਮ ਕਰ ਲੈਣਾ ਚਾਹੀਦਾ ਹੈ। ਤੁਸੀਂ ਕਲੀਸਿਯਾ ਦੇ ਸੈਕਟਰੀ ਕੋਲੋਂ ਨਿਵਾਸ ਦਰਖ਼ਾਸਤ ਫਾਰਮ (Room Request form) ਲੈ ਸਕਦੇ ਹੋ। ਲੋੜੀਂਦੀ ਜਾਣਕਾਰੀ ਭਰਨ ਤੋਂ ਬਾਅਦ ਇਹ ਫਾਰਮ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਦੇ ਦਿਓ ਅਤੇ ਉਹ ਇਸ ਨੂੰ ਉਸ ਸੰਮੇਲਨ ਦੇ ਮੁੱਖ ਦਫ਼ਤਰ ਨੂੰ ਭੇਜ ਦੇਵੇਗਾ ਜਿਸ ਸੰਮੇਲਨ ਵਿਚ ਤੁਸੀਂ ਜਾ ਰਹੇ ਹੋ। ਆਪਣੇ ਫਾਰਮ ਦੇ ਨਾਲ ਹਮੇਸ਼ਾ ਟਿਕਟਾਂ ਲਗਾ ਕੇ ਇਕ ਲਿਫ਼ਾਫ਼ਾ ਭੇਜੋ ਜਿਸ ਉੱਤੇ ਤੁਹਾਡਾ ਪਤਾ ਲਿਖਿਆ ਹੋਵੇ। ਇਕ ਵਿਅਕਤੀ ਨੂੰ ਧਰਮਸ਼ਾਲਾ ਵਰਗੀ ਰਿਹਾਇਸ਼ ਵਿਚ ਇਕ ਰਾਤ ਰਹਿਣ ਲਈ ਘੱਟੋ-ਘੱਟ 50 ਰੁਪਏ ਦੇਣੇ ਪੈਣਗੇ, ਇਸ ਲਈ ਕਿਰਪਾ ਕਰ ਕੇ ਫਾਰਮ ਭਰਨ ਵੇਲੇ ਇਸ ਗੱਲ ਨੂੰ ਚੇਤੇ ਰੱਖੋ। ਜੇ ਤੁਸੀਂ ਭੈਣ-ਭਰਾਵਾਂ ਦੇ ਘਰਾਂ ਵਿਚ ਠਹਿਰਦੇ ਹੋ, ਤਾਂ ਉਨ੍ਹਾਂ ਦੀ ਪਰਾਹੁਣਚਾਰੀ ਲਈ ਕਦਰ ਦਿਖਾਓ। ਉਨ੍ਹਾਂ ਨੂੰ ਸ਼ਾਇਦ ਤੁਹਾਡੀ ਖ਼ਾਤਰ ਵਾਧੂ ਖ਼ਰਚਾ ਕਰਨਾ ਪੈ ਰਿਹਾ ਹੋਵੇ, ਇਸ ਲਈ ਉਸ ਖ਼ਰਚੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਕਿਸੇ ਤਰੀਕੇ ਨਾਲ ਮਦਦ ਕਰੋ।
7 ਕਲੀਸਿਯਾ ਤੇ ਇਕ ਨਜ਼ਰ ਮਾਰੋ: ਜੇ ਸਾਨੂੰ ਪਤਾ ਹੈ ਕਿ ਕਿਸੇ ਭਰਾ ਜਾਂ ਭੈਣ ਲਈ ਖ਼ਰਾਬ ਸਿਹਤ ਕਰਕੇ ਜਾਂ ਪੈਸੇ ਦੀ ਤੰਗੀ ਕਰਕੇ ਸੰਮੇਲਨ ਵਿਚ ਜਾਣਾ ਮੁਸ਼ਕਲ ਹੈ, ਤਾਂ ਕੀ ਅਸੀਂ ਉਸ ਨੂੰ ਆਪਣਾ ਪਿਆਰ ਦਿਖਾਉਂਦੇ ਹੋਏ ਕੁਝ ਮਦਦ ਦੇਣ ਵਿਚ “ਖੁਲ੍ਹੇ ਦਿਲ” ਦੇ ਹੋ ਸਕਦੇ ਹਾਂ? (2 ਕੁਰਿੰ. 6:12, 13; ਬਿਵ. 15:7) ਪੌਲੁਸ ਨੇ 2 ਕੁਰਿੰਥੀਆਂ 8:14 ਵਿਚ ਸਾਨੂੰ ਅਜਿਹੀ ਖੁੱਲ੍ਹ-ਦਿਲੀ ਦਿਖਾਉਣ ਲਈ ਉਤਸ਼ਾਹਿਤ ਕੀਤਾ ਸੀ। ਕਿਉਂ ਨਾ ਤੁਸੀਂ ਅਜਿਹੇ ਭੈਣ-ਭਰਾਵਾਂ ਨੂੰ ਸੰਮੇਲਨ ਵਿਚ ਜਾਣ ਲਈ ਆਪਣੇ ਨਾਲ ਸਫ਼ਰ ਕਰਨ ਦਾ ਸੱਦਾ ਦਿਓ? ਜੇ ਉਹ ਪਾਇਨੀਅਰ ਹਨ, ਤਾਂ ਹੋ ਸਕਦਾ ਹੈ ਕਿ ਉਹ ਸਫ਼ਰ ਵਿਚ ਤੁਹਾਡੇ ਨਾਲ ਆਪਣੇ ਚੰਗੇ ਤਜਰਬੇ ਸਾਂਝੇ ਕਰਨ। ਜੇ ਉਹ ਕਾਫ਼ੀ ਸਾਲਾਂ ਤੋਂ ਸੱਚਾਈ ਵਿਚ ਹਨ, ਤਾਂ ਉਹ ਸ਼ਾਇਦ ਤੁਹਾਨੂੰ ਯਹੋਵਾਹ ਦੀ ਸੇਵਾ ਵਿਚ ਬਿਤਾਈ ਆਪਣੀ ਅਨੋਖੀ ਜ਼ਿੰਦਗੀ ਬਾਰੇ ਦੱਸਣ ਜਿਸ ਬਾਰੇ ਤੁਸੀਂ ਸ਼ਾਇਦ ਪਹਿਲਾਂ ਕਦੇ ਨਹੀਂ ਸੁਣਿਆ ਸੀ। ਕੀ ਇਨ੍ਹਾਂ ਭੈਣ-ਭਰਾਵਾਂ ਦੀ ਸੰਗਤੀ ਦਾ ਤੁਹਾਡੇ ਉੱਤੇ ਅਤੇ ਤੁਹਾਡੇ ਪਰਿਵਾਰ ਉੱਤੇ ਚੰਗਾ ਪ੍ਰਭਾਵ ਨਹੀਂ ਪਵੇਗਾ? ਉਹ ਤੁਹਾਡੀ ਖੁੱਲ੍ਹ-ਦਿਲੀ ਦੇ ਸ਼ੁਕਰਗੁਜ਼ਾਰ ਹੋਣਗੇ ਅਤੇ ਯਹੋਵਾਹ ਵੀ ਤੁਹਾਨੂੰ ਫਲ ਦੇਵੇਗਾ।—ਕਹਾ. 28:27; ਮੱਤੀ 10:42.
8 ਸਵੈ-ਸੇਵਕਾਂ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰੋ: ਜਿਨ੍ਹਾਂ ਸ਼ਹਿਰਾਂ ਵਿਚ ਸੰਮੇਲਨ ਹੋਣਗੇ ਉੱਥੇ ਦੇ ਭਰਾਵਾਂ ਨੂੰ ਸੰਮੇਲਨ ਹੋਣ ਤੋਂ ਕਈ ਦਿਨ ਪਹਿਲਾਂ ਸੰਮੇਲਨ ਹਾਲਾਂ ਨੂੰ ਤਿਆਰ ਕਰਨ ਵਿਚ ਮਦਦ ਕਰਨ ਦਾ ਖ਼ਾਸ ਮੌਕਾ ਮਿਲੇਗਾ। ਕਿਉਂ ਨਾ ਤੁਸੀਂ ਆਪਣੇ ਪਰਿਵਾਰ ਨਾਲ ਈਸ਼ਵਰੀ ਸਿੱਖਿਆ ਦੁਆਰਾ ਇਕਮੁੱਠ (ਅੰਗ੍ਰੇਜ਼ੀ) ਵਿਡਿਓ ਦੇਖੋ ਅਤੇ ਸੰਮੇਲਨ ਦੇ ਕੰਮਾਂ ਵਿਚ ਹਿੱਸਾ ਲੈਣ ਦਾ ਪੱਕਾ ਇਰਾਦਾ ਕਰੋ? ਇਸ ਦੇ ਲਈ ਸ਼ਾਇਦ ਸਾਨੂੰ ਜ਼ਿਆਦਾ ਦਿਨਾਂ ਦੀ ਛੁੱਟੀ ਲੈਣੀ ਪਵੇ, ਪਰ ਇਸ ਕੰਮ ਵਿਚ ਹਿੱਸਾ ਲੈ ਕੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਸੰਮੇਲਨ ਦੌਰਾਨ, ਵੱਖ-ਵੱਖ ਵਿਭਾਗਾਂ ਵਿਚ ਮਦਦ ਕਰਨ ਲਈ ਸੈਂਕੜੇ ਸਵੈ-ਸੇਵਕਾਂ ਦੀ ਵੀ ਲੋੜ ਪਵੇਗੀ। ਅਟੈਂਡੈਂਟ ਵਜੋਂ ਸੇਵਾ ਕਰਨ ਵਾਲੇ ਭਰਾ ਆਡੀਟੋਰੀਅਮ ਵਿਚ ਸੀਟਾਂ ਸੰਬੰਧੀ ਭਰਾਵਾਂ ਨੂੰ ਸੇਧ ਦਿੰਦੇ ਹਨ। ਸਫ਼ਾਈ ਵਿਭਾਗ ਦੇ ਭੈਣ-ਭਰਾਵਾਂ ਨੂੰ ਭਗਤੀ ਕਰਨ ਲਈ ਕਿਰਾਏ ਤੇ ਲਏ ਗਏ ਹਾਲ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਸਾਫ਼ ਰੱਖ ਕੇ ਸਾਡੀ ਨੇਕਨਾਮੀ ਨੂੰ ਬਣਾਈ ਰੱਖਣ ਦਾ ਸ਼ਾਨਦਾਰ ਮੌਕਾ ਮਿਲੇਗਾ। ਕੀ ਅਸੀਂ ਇਨ੍ਹਾਂ ਵਿਭਾਗਾਂ ਵਿਚ ਜਾਂ ਹੋਰਨਾਂ ਵਿਭਾਗਾਂ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ? ਕੀ ਤੁਸੀਂ ਆਪਣੇ ਭਰਾਵਾਂ ਨਾਲ “ਇੱਕ ਮਨ ਹੋ ਕੇ” ਸੇਵਾ ਕਰਨ ਵਿਚ ਮਦਦ ਕਰੋਗੇ?—ਸਫ਼. 3:9.
9 ਕੀ ਲੋਕ ਸੱਚ-ਮੁੱਚ ਸਾਡੇ ਕੰਮਾਂ ਵੱਲ ਧਿਆਨ ਦਿੰਦੇ ਹਨ? ਇਕ ਆਦਮੀ ਜਿਸ ਨੇ 20 ਸਾਲ ਪਹਿਲਾਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨੀ ਛੱਡ ਦਿੱਤੀ ਸੀ, ਪਿਛਲੇ ਸਾਲ ਇਕ ਜ਼ਿਲ੍ਹਾ ਸੰਮੇਲਨ ਦੌਰਾਨ ਇਕ ਹੋਟਲ ਵਿਚ ਕੰਮ ਕਰ ਰਿਹਾ ਸੀ। ਉਸ ਨੇ ਕੁਝ ਗਵਾਹਾਂ ਨੂੰ ਦੱਸਿਆ ਕਿ ਉਹ ਹੁਣ ਦੁਬਾਰਾ ਬਾਈਬਲ ਸਟੱਡੀ ਸ਼ੁਰੂ ਕਰਨ ਅਤੇ ਸਭਾਵਾਂ ਵਿਚ ਜਾਣ ਬਾਰੇ ਸੋਚ ਰਿਹਾ ਸੀ। ਕਿਉਂ? ਕਿਉਂਕਿ ਉਹ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਕਿ ਉਸ ਹੋਟਲ ਵਿਚ ਰਹਿਣ ਵਾਲੇ ਗਵਾਹ ਉਸ ਨਾਲ ਬੜੇ ਹੀ ਪਿਆਰ ਨਾਲ ਪੇਸ਼ ਆਏ ਸਨ। ਸਾਡੇ ਸਵਰਗੀ ਪਿਤਾ ਨੂੰ ਸਾਡੇ ਉੱਤੇ ਕਿੰਨਾ ਮਾਣ ਹੁੰਦਾ ਹੋਣਾ ਜਦੋਂ ਉਹ ਸਾਨੂੰ ਯਿਸੂ ਦੀ ਇਸ ਸਲਾਹ ਉੱਤੇ ਚੱਲਦੇ ਦੇਖਦਾ ਹੈ: “ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ”!—ਮੱਤੀ 5:16.
10 ਆਓ ਆਪਾਂ ਰਾਜਾ ਦਾਊਦ ਵਰਗਾ ਰਵੱਈਆ ਦਿਖਾਈਏ ਜੋ ਭਗਤੀ ਕਰਨ ਲਈ ਯਹੋਵਾਹ ਦੇ ਘਰ ਜਾਣ ਲਈ ਬਹੁਤ ਉਤਸੁਕ ਸੀ। ਸਾਡੇ ਜ਼ਿਲ੍ਹਾ ਸੰਮੇਲਨ ਅਧਿਆਤਮਿਕ ਭੋਜਨ ਦਾ ਅਹਿਮ ਸੋਮਾ ਹਨ ਅਤੇ ਆਪਣੇ ਪਿਆਰੇ ਭੈਣ-ਭਰਾਵਾਂ ਨੂੰ ਮਿਲਣ ਦੇ ਸ਼ਾਨਦਾਰ ਮੌਕੇ ਹਨ। ਇਸ ਲਈ ਅਸੀਂ ਜੋਸ਼ ਨਾਲ ਤੁਹਾਨੂੰ ਉਤਸ਼ਾਹ ਦਿੰਦੇ ਹਾਂ ਕਿ ਤੁਸੀਂ ਇਸ ਸਾਲ ਦੇ “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨ ਦੇ ਤਿੰਨੋਂ ਦਿਨਾਂ ਦੇ ਸਾਰੇ ਸੈਸ਼ਨਾਂ ਵਿਚ ਹਾਜ਼ਰ ਰਹਿਣ ਦੇ ਇੰਤਜ਼ਾਮ ਕਰਨੇ ਹੁਣੇ ਤੋਂ ਸ਼ੁਰੂ ਕਰ ਦਿਓ!
[ਸਫ਼ੇ 3 ਉੱਤੇ ਡੱਬੀ]
ਸੰਮੇਲਨ ਵਾਲੇ ਸ਼ਹਿਰ
ਨਵੰਬਰ 1-3
ਸਿਕੰਦਰਾਬਾਦ
ਅੰਗ੍ਰੇਜ਼ੀ
ਨਵੰਬਰ 8-10
ਸਿਕੰਦਰਾਬਾਦ
ਤੇਲਗੂ
ਸ਼ਿਮੋਗਾ
ਕੰਨੜ
ਦਸੰਬਰ 27-29
ਚਿੰਨਈ
ਤਾਮਿਲ
ਕੋਚੀ
ਮਲਿਆਲਮ
ਮੁੰਬਈ
ਹਿੰਦੀ
ਜਨਵਰੀ 3-5
ਜਮਸ਼ੈਦਪੁਰ
ਹਿੰਦੀ/ਅੰਗ੍ਰੇਜ਼ੀ
ਕੋਜ਼ੀਕੋਡ
ਮਲਿਆਲਮ
ਨਵੀਂ
ਦਿੱਲੀਹਿੰਦੀ
[ਸਫ਼ੇ 4 ਉੱਤੇ ਡੱਬੀ]
ਦੂਜੇ ਸੰਮੇਲਨ
ਅਕਤੂਬਰ 24-26
ਕਾਠਮੰਡੂ
ਨੇਪਾਲੀ
ਨਵੰਬਰ 6-8
ਢਾਕਾ
ਬੰਗਾਲੀ
ਨਵੰਬਰ 22-24
ਤਾਹਾਨ
ਮੀਜ਼ੋ