ਯਹੋਵਾਹ ਆਪਣੇ ਪਿਆਰ ਦੀ ਖ਼ਾਤਰ ਵਫ਼ਾਦਾਰ ਰਹਿੰਦਾ ਹੈ
‘ਯਹੋਵਾਹ ਦਯਾ ਵਿੱਚ ਮਹਾਨ ਹੈ।’—ਜ਼ਬੂਰਾਂ ਦੀ ਪੋਥੀ 145:8.
1. ਪਰਮੇਸ਼ੁਰ ਇਨਸਾਨਾਂ ਨੂੰ ਕਿੰਨਾ ਕੁ ਪਿਆਰ ਕਰਦਾ ਹੈ?
“ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਦਿਲ ਨੂੰ ਤਸੱਲੀ ਦੇਣ ਵਾਲੀ ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਪਿਆਰ ਨਾਲ ਹਕੂਮਤ ਕਰਦਾ ਹੈ। ਯਹੋਵਾਹ ਪਿਆਰ ਨਾਲ ਲੋਕਾਂ ਉੱਤੇ ਸੂਰਜ ਚਾੜ੍ਹਦਾ ਅਤੇ ਮੀਂਹ ਵਰਸਾਉਂਦਾ ਹੈ। ਇਸ ਤੋਂ ਉਨ੍ਹਾਂ ਲੋਕਾਂ ਨੂੰ ਵੀ ਫ਼ਾਇਦਾ ਹੁੰਦਾ ਹੈ ਜੋ ਉਸ ਦੀ ਆਗਿਆ ਨਹੀਂ ਮੰਨਦੇ। (ਮੱਤੀ 5:44, 45) ਯਹੋਵਾਹ ਇਨਸਾਨਾਂ ਨੂੰ ਬਹੁਤ ਪਿਆਰ ਕਰਦਾ ਹੈ। ਇਸ ਲਈ ਉਸ ਦੇ ਦੁਸ਼ਮਣ ਵੀ ਤੋਬਾ ਕਰ ਕੇ ਉਸ ਵੱਲ ਮੁੜ ਸਕਦੇ ਹਨ ਤੇ ਸਦਾ ਦੀ ਜ਼ਿੰਦਗੀ ਹਾਸਲ ਕਰ ਸਕਦੇ ਹਨ। (ਯੂਹੰਨਾ 3:16) ਪਰ ਜਲਦੀ ਹੀ ਯਹੋਵਾਹ ਬੁਰੇ ਲੋਕਾਂ ਨੂੰ ਨਾਸ਼ ਕਰ ਦੇਵੇਗਾ ਤਾਂਕਿ ਉਸ ਨੂੰ ਪਿਆਰ ਕਰਨ ਵਾਲੇ ਲੋਕ ਨਵੀਂ ਦੁਨੀਆਂ ਵਿਚ ਸਦਾ ਦੀ ਜ਼ਿੰਦਗੀ ਦਾ ਆਨੰਦ ਲੈ ਸਕਣ।—ਜ਼ਬੂਰਾਂ ਦੀ ਪੋਥੀ 37:9-11, 29; 2 ਪਤਰਸ 3:13.
2. ਯਹੋਵਾਹ ਆਪਣੇ ਸੇਵਕਾਂ ਨਾਲ ਕਿਹੋ ਜਿਹਾ ਪਿਆਰ ਕਰਦਾ ਹੈ?
2 ਯਹੋਵਾਹ ਆਪਣੇ ਸੱਚੇ ਭਗਤਾਂ ਨੂੰ ਇਕ ਖ਼ਾਸ ਤਰੀਕੇ ਨਾਲ ਪਿਆਰ ਕਰਦਾ ਹੈ। ਇਬਰਾਨੀ ਭਾਸ਼ਾ ਵਿਚ ਇਸ ਪਿਆਰ ਵਿਚ ਵਫ਼ਾਦਾਰੀ ਅਤੇ ਦਇਆ ਵੀ ਸ਼ਾਮਲ ਹਨ। ਪ੍ਰਾਚੀਨ ਇਸਰਾਏਲ ਦਾ ਰਾਜਾ ਦਾਊਦ ਇਸ ਗੱਲ ਦੀ ਬਹੁਤ ਕਦਰ ਕਰਦਾ ਸੀ ਕਿ ਪਰਮੇਸ਼ੁਰ ਆਪਣੇ ਪਿਆਰ ਦੀ ਖ਼ਾਤਰ ਵਫ਼ਾਦਾਰ ਰਹਿੰਦਾ ਹੈ। ਇਸ ਪਿਆਰ ਨੂੰ ਉਸ ਨੇ ਆਪ ਅਨੁਭਵ ਕੀਤਾ ਸੀ ਅਤੇ ਉਹ ਇਹ ਵੀ ਜਾਣਦਾ ਸੀ ਕਿ ਪਰਮੇਸ਼ੁਰ ਨੇ ਹੋਰਨਾਂ ਲੋਕਾਂ ਨਾਲ ਵੀ ਵਫ਼ਾਦਾਰੀ ਅਤੇ ਦਇਆ ਕੀਤੀ ਸੀ। ਇਸ ਲਈ ਉਹ ਪੱਕੇ ਭਰੋਸੇ ਨਾਲ ਕਹਿ ਸਕਿਆ ਕਿ ਯਹੋਵਾਹ ਆਪਣੇ ਪਿਆਰ ਦੀ ਖ਼ਾਤਰ ‘ਦਯਾ ਵਿੱਚ ਮਹਾਨ ਹੈ।’—ਜ਼ਬੂਰਾਂ ਦੀ ਪੋਥੀ 145:8.
ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀ ਪਛਾਣ
3, 4. (ੳ) ਯਹੋਵਾਹ ਦੇ ਸੰਤਾਂ ਨੂੰ ਪਛਾਣਨ ਵਿਚ ਜ਼ਬੂਰ 145 ਤੋਂ ਸਾਨੂੰ ਕਿਵੇਂ ਮਦਦ ਮਿਲਦੀ ਹੈ? (ਅ) ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਉਸ ਨੂੰ ਕਿਵੇਂ “ਮੁਬਾਰਕ” ਆਖਦੇ ਹਨ?
3 ਯਹੋਵਾਹ ਪਰਮੇਸ਼ੁਰ ਬਾਰੇ ਨਬੀ ਸਮੂਏਲ ਦੀ ਮਾਂ ਹੰਨਾਹ ਨੇ ਕਿਹਾ: “ਉਹ ਆਪਣੇ ਸੰਤਾਂ ਦੇ ਪੈਰਾਂ ਦੀ ਰਾਖੀ ਕਰੇਗਾ।” (1 ਸਮੂਏਲ 2:9) ਇਹ “ਸੰਤ” ਕੌਣ ਹਨ? ਰਾਜਾ ਦਾਊਦ ਇਸ ਦਾ ਜਵਾਬ ਦਿੰਦਾ ਹੈ। ਯਹੋਵਾਹ ਦੇ ਸ਼ਾਨਦਾਰ ਗੁਣਾਂ ਦੀ ਵਡਿਆਈ ਕਰਨ ਤੋਂ ਬਾਅਦ ਉਸ ਨੇ ਕਿਹਾ: “ਤੇਰੇ ਸੰਤ ਤੈਨੂੰ ਮੁਬਾਰਕ ਆਖਣਗੇ।” (ਜ਼ਬੂਰਾਂ ਦੀ ਪੋਥੀ 145:10) ਇਹ ਸੰਤ ਯਹੋਵਾਹ ਦੇ ਵਫ਼ਾਦਾਰ ਸੇਵਕ ਹਨ। ਤੁਸੀਂ ਸ਼ਾਇਦ ਸੋਚੋ ਕਿ ਇਨਸਾਨ ਪਰਮੇਸ਼ੁਰ ਨੂੰ ਮੁਬਾਰਕ ਕਿਵੇਂ ਆਖ ਸਕਦੇ ਹਨ? ਉਹ ਪਰਮੇਸ਼ੁਰ ਦੀ ਵਡਿਆਈ ਕਰਨ ਦੁਆਰਾ ਉਸ ਨੂੰ ਮੁਬਾਰਕ ਆਖਦੇ ਹਨ।
4 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਕਿਉਂਕਿ ਉਹ ਉਸ ਦੀ ਵਡਿਆਈ ਕਰਦੇ ਹਨ। ਇਕ-ਦੂਜੇ ਨਾਲ ਉੱਠਦੇ-ਬੈਠਦੇ ਅਤੇ ਮਸੀਹੀ ਸਭਾਵਾਂ ਵਿਚ ਉਹ ਕਿਹੜੇ ਵਿਸ਼ੇ ਤੇ ਗੱਲਬਾਤ ਕਰਦੇ ਹਨ? ਜੀ ਹਾਂ, ਉਹ ਯਹੋਵਾਹ ਦੇ ਰਾਜ ਬਾਰੇ ਗੱਲ ਕਰਦੇ ਹਨ। ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਦਾਊਦ ਵਾਂਗ ਮਹਿਸੂਸ ਕਰਦੇ ਹਨ ਜਿਸ ਨੇ ਗਾਇਆ: “ਓਹ ਤੇਰੀ [ਯਹੋਵਾਹ ਦੀ] ਪਾਤਸ਼ਾਹੀ ਦੇ ਪਰਤਾਪ ਦਾ ਚਰਚਾ ਕਰਨਗੇ, ਅਤੇ ਤੇਰੀ ਕੁਦਰਤ ਦੀਆਂ ਗੱਲਾਂ ਕਰਨਗੇ।”—ਜ਼ਬੂਰਾਂ ਦੀ ਪੋਥੀ 145:11.
5. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਸੁਣਦਾ ਹੈ ਜਦੋਂ ਉਹ ਉਸ ਦੀ ਵਡਿਆਈ ਕਰਦੇ ਹਨ?
5 ਕੀ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਸੁਣਦਾ ਹੈ ਜਦੋਂ ਉਹ ਉਸ ਦੀ ਵਡਿਆਈ ਕਰਦੇ ਹਨ? ਜੀ ਹਾਂ, ਉਹ ਉਨ੍ਹਾਂ ਨੂੰ ਜ਼ਰੂਰ ਸੁਣਦਾ ਹੈ। ਸਾਡੇ ਦਿਨਾਂ ਵਿਚ ਸੱਚੀ ਭਗਤੀ ਸੰਬੰਧੀ ਭਵਿੱਖਬਾਣੀ ਵਿਚ ਮਲਾਕੀ ਨੇ ਲਿਖਿਆ: “ਤਦ ਯਹੋਵਾਹ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਯਹੋਵਾਹ ਨੇ ਧਿਆਨ ਦੇ ਕੇ ਸੁਣੀਆਂ ਤਾਂ ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗੀਰੀ ਦੀ ਪੁਸਤਕ ਲਿਖੀ ਗਈ।” (ਮਲਾਕੀ 3:16) ਯਹੋਵਾਹ ਉਦੋਂ ਬਹੁਤ ਖ਼ੁਸ਼ ਹੁੰਦਾ ਹੈ ਜਦੋਂ ਉਸ ਦੇ ਵਫ਼ਾਦਾਰ ਸੇਵਕ ਉਸ ਬਾਰੇ ਗੱਲਾਂ ਕਰਦੇ ਹਨ ਅਤੇ ਉਹ ਉਨ੍ਹਾਂ ਨੂੰ ਯਾਦ ਰੱਖਦਾ ਹੈ।
6. ਕਿਹੜੀ ਗੱਲ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀ ਪਛਾਣ ਕਰਨ ਵਿਚ ਮਦਦ ਕਰਦੀ ਹੈ?
6 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਇਕ ਹੋਰ ਗੱਲ ਤੋਂ ਵੀ ਪਛਾਣਿਆ ਜਾ ਸਕਦਾ ਹੈ। ਉਹ ਦਲੇਰ ਹਨ ਅਤੇ ਉਹ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਵਿਚ ਪਹਿਲ ਕਰਦੇ ਹਨ ਜੋ ਸੱਚੇ ਪਰਮੇਸ਼ੁਰ ਦੀ ਭਗਤੀ ਨਹੀਂ ਕਰਦੇ। ਦਰਅਸਲ, ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ‘ਆਦਮੀ ਦੇ ਵੰਸ ਉੱਤੇ ਪਰਮੇਸ਼ੁਰ ਦੀਆਂ ਕੁਦਰਤਾਂ ਨੂੰ ਪਰਗਟ ਕਰਦੇ ਹਨ, ਨਾਲੇ ਉਸ ਦੀ ਪਾਤਸ਼ਾਹੀ ਦੇ ਤੇਜਵਾਨ ਪਰਤਾਪ ਨੂੰ।’ (ਜ਼ਬੂਰਾਂ ਦੀ ਪੋਥੀ 145:12) ਕੀ ਤੁਸੀਂ ਮੌਕੇ ਭਾਲ ਕੇ ਅਜਨਬੀਆਂ ਨਾਲ ਯਹੋਵਾਹ ਦੀ ਪਾਤਸ਼ਾਹੀ ਬਾਰੇ ਗੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹੋ? ਮਨੁੱਖੀ ਸਰਕਾਰਾਂ ਜਲਦੀ ਹੀ ਨਾਸ਼ ਹੋ ਜਾਣਗੀਆਂ, ਪਰ ਯਹੋਵਾਹ ਦੀ ਪਾਤਸ਼ਾਹੀ ਹਮੇਸ਼ਾ ਲਈ ਕਾਇਮ ਰਹੇਗੀ। (1 ਤਿਮੋਥਿਉਸ 1:17) ਇਸ ਲਈ ਜ਼ਰੂਰੀ ਹੈ ਕਿ ਲੋਕ ਯਹੋਵਾਹ ਦੀ ਹਮੇਸ਼ਾ ਰਹਿਣ ਵਾਲੀ ਪਾਤਸ਼ਾਹੀ ਬਾਰੇ ਸਿੱਖਣ ਅਤੇ ਇਸ ਦੇ ਅਧੀਨ ਹੋਣ। ਦਾਊਦ ਨੇ ਗਾਇਆ: “ਤੇਰੀ ਪਾਤਸ਼ਾਹੀ ਅਨਾਦੀ ਤੇ ਅਨੰਤ ਪਾਤਸ਼ਾਹੀ ਹੈ, ਅਤੇ ਤੇਰਾ ਰਾਜ ਸਾਰੀਆਂ ਪੀੜ੍ਹੀਆਂ ਤੀਕ।”—ਜ਼ਬੂਰਾਂ ਦੀ ਪੋਥੀ 145:13.
7, 8. ਸਾਲ 1914 ਵਿਚ ਕੀ ਹੋਇਆ ਸੀ ਅਤੇ ਇਸ ਗੱਲ ਦਾ ਕੀ ਸਬੂਤ ਹੈ ਕਿ ਪਰਮੇਸ਼ੁਰ ਹੁਣ ਆਪਣੇ ਪੁੱਤਰ ਦੇ ਜ਼ਰੀਏ ਹਕੂਮਤ ਕਰਦਾ ਹੈ?
7 ਸਾਲ 1914 ਤੋਂ ਸਾਨੂੰ ਯਹੋਵਾਹ ਦੀ ਪਾਤਸ਼ਾਹੀ ਦੀ ਵਡਿਆਈ ਕਰਨ ਦਾ ਇਕ ਹੋਰ ਕਾਰਨ ਮਿਲਿਆ ਹੈ। ਉਸ ਸਾਲ ਪਰਮੇਸ਼ੁਰ ਨੇ ਸਵਰਗ ਵਿਚ ਆਪਣਾ ਰਾਜ ਸਥਾਪਿਤ ਕੀਤਾ ਅਤੇ ਦਾਊਦ ਦੇ ਪੁੱਤਰ ਯਿਸੂ ਮਸੀਹ ਨੂੰ ਉਸ ਦਾ ਰਾਜਾ ਬਣਾਇਆ। ਇਸ ਤਰ੍ਹਾਂ ਯਹੋਵਾਹ ਨੇ ਆਪਣਾ ਵਾਅਦਾ ਪੂਰਾ ਕੀਤਾ ਕਿ ਉਹ ਦਾਊਦ ਦੀ ਰਾਜ-ਗੱਦੀ ਨੂੰ ਸਦਾ ਤਾਈਂ ਕਾਇਮ ਰੱਖੇਗਾ।—2 ਸਮੂਏਲ 7:12, 13; ਲੂਕਾ 1:32, 33.
8 ਯਹੋਵਾਹ ਹੁਣ ਆਪਣੇ ਪੁੱਤਰ ਯਿਸੂ ਮਸੀਹ ਦੇ ਜ਼ਰੀਏ ਰਾਜ ਕਰ ਰਿਹਾ ਹੈ। ਇਸ ਗੱਲ ਦਾ ਸਬੂਤ ਅਸੀਂ ਯਿਸੂ ਦੀ ਮੌਜੂਦਗੀ ਦੌਰਾਨ ਪੂਰੇ ਹੋ ਰਹੇ ਲੱਛਣਾਂ ਤੋਂ ਦੇਖ ਸਕਦੇ ਹਾਂ। ਇਕ ਸਭ ਤੋਂ ਮਹੱਤਵਪੂਰਣ ਲੱਛਣ ਹੈ ਪ੍ਰਚਾਰ ਦਾ ਕੰਮ ਜੋ ਯਿਸੂ ਨੇ ਪਰਮੇਸ਼ੁਰ ਦੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਦਿੱਤਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:3-14) ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਜੋਸ਼ ਨਾਲ ਇਸ ਭਵਿੱਖਬਾਣੀ ਨੂੰ ਪੂਰਾ ਕਰ ਰਹੇ ਹਨ ਜਿਸ ਕਰਕੇ ਹੁਣ 60 ਲੱਖ ਤੋਂ ਜ਼ਿਆਦਾ ਆਦਮੀ, ਔਰਤਾਂ ਅਤੇ ਬੱਚੇ ਇਸ ਮਹਾਨ ਤੇ ਅਨੋਖੇ ਕੰਮ ਵਿਚ ਹਿੱਸਾ ਲੈ ਰਹੇ ਹਨ। ਜਲਦੀ ਹੀ ਪਰਮੇਸ਼ੁਰ ਦੇ ਰਾਜ ਦੇ ਸਾਰੇ ਵਿਰੋਧੀਆਂ ਦਾ ਨਾਸ਼ ਕਰ ਦਿੱਤਾ ਜਾਵੇਗਾ।—ਪਰਕਾਸ਼ ਦੀ ਪੋਥੀ 11:15, 18.
ਯਹੋਵਾਹ ਦੀ ਹਕੂਮਤ ਦਾ ਫ਼ਾਇਦਾ
9, 10. ਯਹੋਵਾਹ ਅਤੇ ਮਨੁੱਖੀ ਹਾਕਮਾਂ ਵਿਚ ਕੀ ਫ਼ਰਕ ਹੈ?
9 ਜੇ ਅਸੀਂ ਸਮਰਪਿਤ ਮਸੀਹੀ ਹਾਂ, ਤਾਂ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨਾਲ ਰਿਸ਼ਤਾ ਰੱਖਣ ਨਾਲ ਸਾਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। (ਜ਼ਬੂਰਾਂ ਦੀ ਪੋਥੀ 71:5; 116:12) ਮਿਸਾਲ ਲਈ, ਪਰਮੇਸ਼ੁਰ ਤੋਂ ਡਰਨ ਅਤੇ ਧਾਰਮਿਕਤਾ ਤੇ ਚੱਲਣ ਨਾਲ ਸਾਨੂੰ ਉਸ ਦੀ ਮਿਹਰ ਹਾਸਲ ਹੁੰਦੀ ਹੈ ਅਤੇ ਉਸ ਨਾਲ ਸਾਡਾ ਰਿਸ਼ਤਾ ਮਜ਼ਬੂਤ ਬਣਦਾ ਹੈ। (ਰਸੂਲਾਂ ਦੇ ਕਰਤੱਬ 10:34, 35; ਯਾਕੂਬ 4:8) ਇਸ ਦੇ ਉਲਟ, ਮਨੁੱਖੀ ਹਾਕਮਾਂ ਨੂੰ ਅਕਸਰ ਮਸ਼ਹੂਰ ਹਸਤੀਆਂ ਨਾਲ ਦੇਖਿਆ ਜਾਂਦਾ ਹੈ ਜਿਵੇਂ ਕਿ ਫ਼ੌਜੀ ਅਫ਼ਸਰ, ਅਮੀਰ ਵਪਾਰੀ, ਖਿਡਾਰੀ ਜਾਂ ਫ਼ਿਲਮੀ ਸਿਤਾਰੇ। ਅਫ਼ਰੀਕਾ ਦੀ ਇਕ ਅਖ਼ਬਾਰ ਅਨੁਸਾਰ ਇਕ ਪ੍ਰਸਿੱਧ ਅਧਿਕਾਰੀ ਨੇ ਆਪਣੇ ਦੇਸ਼ ਵਿਚ ਗ਼ਰੀਬੀ ਦੀ ਮਾਰ ਹੇਠ ਇਲਾਕਿਆਂ ਬਾਰੇ ਕਿਹਾ: “ਮੈਂ ਜਾਣਦਾ ਹਾਂ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਨ੍ਹਾਂ ਇਲਾਕਿਆਂ ਵਿਚ ਜਾਣਾ ਪਸੰਦ ਨਹੀਂ ਕਰਦੇ ਕਿਉਂਕਿ ਉਹ ਭੁੱਲ ਜਾਣਾ ਚਾਹੁੰਦੇ ਹਨ ਕਿ ਇਨ੍ਹਾਂ ਇਲਾਕਿਆਂ ਵਿਚ ਗ਼ਰੀਬੀ ਹੈ। ਇਨ੍ਹਾਂ ਇਲਾਕਿਆਂ ਵਿਚ ਜਾਣ ਤੇ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਲਾਨ੍ਹਤਾਂ ਪਾਉਂਦੀ ਹੈ ਅਤੇ ਜਦੋਂ ਉਹ ਮਹਿੰਗੀ ਮੋਟਰ-ਗੱਡੀ ਵਿਚ ਇੱਥੇ ਆਉਂਦੇ ਹਨ, ਤਾਂ ਉਨ੍ਹਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ।”
10 ਇਹ ਵੀ ਸੱਚ ਹੈ ਕਿ ਕੁਝ ਮਨੁੱਖੀ ਹਾਕਮ ਦਿਲੋਂ ਆਪਣੀ ਪਰਜਾ ਦੀ ਭਲਾਈ ਚਾਹੁੰਦੇ ਹਨ। ਪਰ ਸਭ ਤੋਂ ਚੰਗੇ ਹਾਕਮ ਵੀ ਆਪਣੀ ਪਰਜਾ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ। ਤਾਂ ਫਿਰ ਅਸੀਂ ਪੁੱਛ ਸਕਦੇ ਹਾਂ: ਕੀ ਕੋਈ ਅਜਿਹਾ ਹਾਕਮ ਹੈ ਜੋ ਆਪਣੀ ਸਾਰੀ ਪਰਜਾ ਦਾ ਇੰਨਾ ਫ਼ਿਕਰ ਕਰਦਾ ਹੈ ਕਿ ਉਹ ਮੁਸ਼ਕਲ ਸਮਿਆਂ ਵਿਚ ਹਰੇਕ ਵਿਅਕਤੀ ਦੀ ਤੁਰੰਤ ਮਦਦ ਕਰਨ ਲਈ ਆ ਜਾਂਦਾ ਹੈ? ਜੀ ਹਾਂ, ਇਕ ਹੈ। ਦਾਊਦ ਨੇ ਲਿਖਿਆ: “ਯਹੋਵਾਹ ਸਾਰਿਆਂ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ, ਅਤੇ ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ ਦਿੰਦਾ ਹੈ।”—ਜ਼ਬੂਰਾਂ ਦੀ ਪੋਥੀ 145:14.
11. ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਉੱਤੇ ਕਿਹੜੀਆਂ ਅਜ਼ਮਾਇਸ਼ਾਂ ਆਉਂਦੀਆਂ ਹਨ ਅਤੇ ਇਨ੍ਹਾਂ ਅਜ਼ਮਾਇਸ਼ਾਂ ਵਿਚ ਕੌਣ ਉਨ੍ਹਾਂ ਦੀ ਮਦਦ ਕਰਦਾ ਹੈ?
11 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਉੱਤੇ ਬਹੁਤ ਸਾਰੀਆਂ ਅਜ਼ਮਾਇਸ਼ਾਂ ਅਤੇ ਬਿਪਤਾਵਾਂ ਆਉਂਦੀਆਂ ਹਨ। ਇਹ ਇਸ ਲਈ ਆਉਂਦੀਆਂ ਹਨ ਕਿਉਂਕਿ ਉਹ ਨਾਮੁਕੰਮਲ ਹਨ ਅਤੇ ਉਹ ਅਜਿਹੀ ਦੁਨੀਆਂ ਵਿਚ ਰਹਿੰਦੇ ਹਨ ਜੋ “ਦੁਸ਼ਟ” ਸ਼ਤਾਨ ਦੇ ਵੱਸ ਵਿਚ ਪਈ ਹੋਈ ਹੈ। (1 ਯੂਹੰਨਾ 5:19; ਜ਼ਬੂਰਾਂ ਦੀ ਪੋਥੀ 34:19) ਮਸੀਹੀਆਂ ਨੂੰ ਸਤਾਹਟਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕੁਝ ਕਿਸੇ ਬੀਮਾਰੀ ਕਾਰਨ ਦੁਖੀ ਹਨ ਜਾਂ ਉਨ੍ਹਾਂ ਨੂੰ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਗਮ ਸਹਿਣਾ ਪੈਂਦਾ ਹੈ। ਕਦੇ-ਕਦੇ ਯਹੋਵਾਹ ਦੇ ਵਫ਼ਾਦਾਰ ਸੇਵਕ ਆਪਣੀਆਂ ਗ਼ਲਤੀਆਂ ਕਾਰਨ ਨਿਰਾਸ਼ਾ ਅੱਗੇ ‘ਝੁਕ’ ਜਾਂਦੇ ਹਨ। ਉਨ੍ਹਾਂ ਉੱਤੇ ਜੋ ਮਰਜ਼ੀ ਅਜ਼ਮਾਇਸ਼ਾਂ ਆਉਣ, ਯਹੋਵਾਹ ਉਨ੍ਹਾਂ ਨੂੰ ਦਿਲਾਸਾ ਦੇਣ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਰਾਜਾ ਯਿਸੂ ਮਸੀਹ ਵੀ ਆਪਣੀ ਵਫ਼ਾਦਾਰ ਪਰਜਾ ਨਾਲ ਇਸੇ ਤਰ੍ਹਾਂ ਪਿਆਰ ਕਰਦਾ ਹੈ।—ਜ਼ਬੂਰਾਂ ਦੀ ਪੋਥੀ 72:12-14.
ਵੇਲੇ ਸਿਰ ਭੋਜਨ
12, 13. ਯਹੋਵਾਹ ਕਿੰਨੀ ਕੁ ਚੰਗੀ ਤਰ੍ਹਾਂ “ਸਾਰੇ ਜੀਆਂ” ਦੀਆਂ ਲੋੜਾਂ ਪੂਰੀਆਂ ਕਰਦਾ ਹੈ?
12 ਪਿਆਰ ਨਾਲ ਯਹੋਵਾਹ ਆਪਣੇ ਸਾਰੇ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਉਹ ਉਨ੍ਹਾਂ ਨੂੰ ਭੋਜਨ ਦੇ ਕੇ ਉਨ੍ਹਾਂ ਨੂੰ ਸੰਤੁਸ਼ਟ ਕਰਦਾ ਹੈ। ਰਾਜਾ ਦਾਊਦ ਨੇ ਲਿਖਿਆ: “ਸਾਰਿਆਂ ਦੀਆਂ ਅੱਖਾਂ ਤੇਰੀ ਵੱਲ ਲੱਗੀਆਂ ਹੋਈਆਂ ਹਨ, ਅਤੇ ਤੂੰ ਵੇਲੇ ਸਿਰ ਉਨ੍ਹਾਂ ਨੂੰ ਉਨ੍ਹਾਂ ਦਾ ਅਹਾਰ ਦਿੰਦਾ ਹੈਂ। ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” (ਜ਼ਬੂਰਾਂ ਦੀ ਪੋਥੀ 145:15, 16) ਬਿਪਤਾ ਦੇ ਸਮਿਆਂ ਵਿਚ ਵੀ ਯਹੋਵਾਹ ਹਾਲਾਤਾਂ ਨੂੰ ਬਦਲ ਸਕਦਾ ਹੈ ਤਾਂਕਿ ਉਸ ਦੇ ਵਫ਼ਾਦਾਰ ਸੇਵਕਾਂ ਨੂੰ “ਰੋਜ਼ ਦੀ ਰੋਟੀ” ਮਿਲ ਸਕੇ।—ਲੂਕਾ 11:3; 12:29, 30.
13 ਦਾਊਦ ਨੇ ਦੱਸਿਆ ਕਿ ਯਹੋਵਾਹ “ਸਾਰੇ ਜੀਆਂ” ਦੀ ਇੱਛਾ ਪੂਰੀ ਕਰਦਾ ਹੈ। ਇਨ੍ਹਾਂ ਜੀਆਂ ਵਿਚ ਜਾਨਵਰ ਵੀ ਸ਼ਾਮਲ ਹਨ। ਜੇ ਧਰਤੀ ਉੱਤੇ ਪੇੜ-ਪੌਦੇ ਅਤੇ ਸਮੁੰਦਰੀ ਪੌਦੇ ਨਾ ਹੁੰਦੇ, ਤਾਂ ਜਲਜੀਵਾਂ, ਪੰਛੀਆਂ ਅਤੇ ਧਰਤੀ ਉੱਤੇ ਰਹਿਣ ਵਾਲੇ ਜਾਨਵਰਾਂ ਲਈ ਸਾਹ ਲੈਣ ਵਾਸਤੇ ਆਕਸੀਜਨ ਨਹੀਂ ਹੋਣੀ ਸੀ ਜਾਂ ਉਨ੍ਹਾਂ ਨੂੰ ਖਾਣ ਲਈ ਭੋਜਨ ਨਹੀਂ ਮਿਲਣਾ ਸੀ। (ਜ਼ਬੂਰਾਂ ਦੀ ਪੋਥੀ 104:14) ਪਰ ਯਹੋਵਾਹ ਧਿਆਨ ਰੱਖਦਾ ਹੈ ਕਿ ਇਨ੍ਹਾਂ ਸਾਰੇ ਜੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ।
14, 15. ਅੱਜ ਅਧਿਆਤਮਿਕ ਭੋਜਨ ਕਿਵੇਂ ਦਿੱਤਾ ਜਾ ਰਿਹਾ ਹੈ?
14 ਜਾਨਵਰਾਂ ਦੇ ਉਲਟ, ਇਨਸਾਨ ਅਧਿਆਤਮਿਕ ਲੋੜ ਮਹਿਸੂਸ ਕਰਦੇ ਹਨ। (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਹੋਵਾਹ ਅਨੋਖੇ ਢੰਗ ਨਾਲ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਦਾ ਹੈ। ਯਿਸੂ ਨੇ ਮਰਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ “ਮਾਤਬਰ ਅਤੇ ਬੁੱਧਵਾਨ ਨੌਕਰ” ਉਸ ਦੇ ਚੇਲਿਆਂ ਨੂੰ ‘ਵੇਲੇ ਸਿਰ ਅਧਿਆਤਮਿਕ ਰਸਤ’ ਦੇਵੇਗਾ। (ਮੱਤੀ 24:45) ਇਹ ਬੁੱਧਵਾਨ ਨੌਕਰ 1,44,000 ਵਿੱਚੋਂ ਬਾਕੀ ਬਚੇ ਮਸਹ ਕੀਤੇ ਹੋਏ ਮਸੀਹੀ ਹਨ। ਇਨ੍ਹਾਂ ਦੇ ਜ਼ਰੀਏ ਯਹੋਵਾਹ ਨੇ ਬਹੁਤ ਸਾਰਾ ਅਧਿਆਤਮਿਕ ਭੋਜਨ ਦਿੱਤਾ ਹੈ।
15 ਮਿਸਾਲ ਲਈ, ਯਹੋਵਾਹ ਦੇ ਬਹੁਤ ਸਾਰੇ ਲੋਕ ਹੁਣ ਆਪਣੀ-ਆਪਣੀ ਭਾਸ਼ਾ ਵਿਚ ਬਾਈਬਲ ਦਾ ਨਵਾਂ ਤੇ ਸਹੀ ਤਰਜਮਾ ਪੜ੍ਹ ਕੇ ਲਾਭ ਹਾਸਲ ਕਰਦੇ ਹਨ। ਨਿਊ ਵਰਲਡ ਟਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਉਨ੍ਹਾਂ ਲਈ ਸੱਚ-ਮੁੱਚ ਇਕ ਬਹੁਤ ਵੱਡੀ ਬਰਕਤ ਹੈ! ਇਸ ਤੋਂ ਇਲਾਵਾ, 300 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਲੱਖਾਂ ਹੀ ਬਾਈਬਲ-ਆਧਾਰਿਤ ਰਸਾਲੇ ਅਤੇ ਕਿਤਾਬਾਂ ਛਪਦੀਆਂ ਹਨ। ਇਹ ਸਾਰਾ ਅਧਿਆਤਮਿਕ ਭੋਜਨ ਦੁਨੀਆਂ ਭਰ ਵਿਚ ਸੱਚੇ ਭਗਤਾਂ ਲਈ ਇਕ ਬਰਕਤ ਹੈ। ਇਸ ਸਭ ਕਾਸੇ ਦਾ ਸਿਹਰਾ ਕਿਸ ਨੂੰ ਜਾਂਦਾ ਹੈ? ਯਹੋਵਾਹ ਪਰਮੇਸ਼ੁਰ ਨੂੰ। ਉਸ ਨੇ ਪਿਆਰ ਨਾਲ ਸਾਨੂੰ ਨੌਕਰ ਵਰਗ ਰਾਹੀਂ ‘ਵੇਲੇ ਸਿਰ ਅਹਾਰ’ ਦਿੱਤਾ ਹੈ। ਇਨ੍ਹਾਂ ਪ੍ਰਬੰਧਾਂ ਦੇ ਜ਼ਰੀਏ ਅੱਜ ਅਧਿਆਤਮਿਕ ਫਿਰਦੌਸ ਦੇ “ਸਾਰੇ ਜੀਆਂ ਦੀ ਇੱਛਿਆ” ਪੂਰੀ ਹੁੰਦੀ ਹੈ। ਯਹੋਵਾਹ ਦੇ ਸੇਵਕ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੇ ਹਨ ਜਦੋਂ ਇਸ ਧਰਤੀ ਨੂੰ ਸੱਚ-ਮੁੱਚ ਫਿਰਦੌਸ ਬਣਾ ਦਿੱਤਾ ਜਾਵੇਗਾ!
16, 17. (ੳ) ਵੇਲੇ ਸਿਰ ਮਿਲੇ ਅਧਿਆਤਮਿਕ ਭੋਜਨ ਦੀਆਂ ਕਿਹੜੀਆਂ ਕੁਝ ਮਿਸਾਲਾਂ ਹਨ? (ਅ) ਯਹੋਵਾਹ ਦੇ ਰਾਜ ਕਰਨ ਦੇ ਹੱਕ ਸੰਬੰਧੀ ਜ਼ਬੂਰ 145 ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀਆਂ ਭਾਵਨਾਵਾਂ ਨੂੰ ਕਿਵੇਂ ਜ਼ਾਹਰ ਕੀਤਾ ਗਿਆ ਹੈ?
16 ਵੇਲੇ ਸਿਰ ਮਿਲੇ ਅਧਿਆਤਮਿਕ ਭੋਜਨ ਦੀ ਇਕ ਮਿਸਾਲ ਤੇ ਗੌਰ ਕਰੋ। ਯੂਰਪ ਵਿਚ 1939 ਦੌਰਾਨ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀ। ਉਸੇ ਸਾਲ 1 ਨਵੰਬਰ ਦੇ ਪਹਿਰਾਬੁਰਜ ਵਿਚ ਇਕ ਲੇਖ ਛਪਿਆ ਗਿਆ ਜਿਸ ਦਾ ਵਿਸ਼ਾ ਸੀ “ਨਿਰਪੱਖਤਾ।” ਇਹ ਸਪੱਸ਼ਟ ਜਾਣਕਾਰੀ ਮਿਲਣ ਕਾਰਨ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਨੇ ਦੇਖਿਆ ਕਿ ਉਨ੍ਹਾਂ ਨੂੰ ਯੁੱਧ ਵਿਚ ਸ਼ਾਮਲ ਕੌਮਾਂ ਤੋਂ ਪੂਰੀ ਤਰ੍ਹਾਂ ਨਿਰਪੱਖ ਰਹਿਣ ਦੀ ਲੋੜ ਸੀ। ਇਸ ਕਰਕੇ ਉਨ੍ਹਾਂ ਨੂੰ ਦੋਹਾਂ ਧਿਰਾਂ ਦੀਆਂ ਸਰਕਾਰਾਂ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪਿਆ ਜੋ ਛੇ ਸਾਲਾਂ ਤਕ ਯੁੱਧ ਲੜਦੀਆਂ ਰਹੀਆਂ। ਪਰ ਪਾਬੰਦੀਆਂ ਅਤੇ ਸਤਾਹਟਾਂ ਦੇ ਬਾਵਜੂਦ, ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਜਾਰੀ ਰੱਖਿਆ। ਉਨ੍ਹਾਂ ਨੂੰ 1939 ਤੋਂ ਲੈ ਕੇ 1946 ਤਕ ਪ੍ਰਕਾਸ਼ਕਾਂ ਵਿਚ 157 ਪ੍ਰਤਿਸ਼ਤ ਹੋਏ ਵਾਧੇ ਨੂੰ ਦੇਖ ਕੇ ਬਹੁਤ ਖ਼ੁਸ਼ੀ ਹੋਈ। ਇਸ ਤੋਂ ਇਲਾਵਾ, ਯੁੱਧ ਦੌਰਾਨ ਉਨ੍ਹਾਂ ਦੀ ਨਿਰਪੱਖਤਾ ਦੇ ਰਿਕਾਰਡ ਤੋਂ ਅੱਜ ਵੀ ਲੋਕਾਂ ਨੂੰ ਸੱਚੇ ਧਰਮ ਦੀ ਪਛਾਣ ਕਰਨ ਵਿਚ ਮਦਦ ਮਿਲਦੀ ਹੈ।—ਯਸਾਯਾਹ 2:2-4.
17 ਯਹੋਵਾਹ ਦੁਆਰਾ ਦਿੱਤਾ ਜਾਂਦਾ ਅਧਿਆਤਮਿਕ ਭੋਜਨ ਨਾ ਸਿਰਫ਼ ਵੇਲੇ ਸਿਰ ਮਿਲਦਾ ਹੈ, ਸਗੋਂ ਇਸ ਤੋਂ ਸਾਨੂੰ ਸੰਤੁਸ਼ਟੀ ਵੀ ਮਿਲਦੀ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਕੌਮਾਂ ਪੂਰੀ ਤਰ੍ਹਾਂ ਲੜਾਈ ਵਿਚ ਰੁੱਝੀਆਂ ਹੋਈਆਂ ਸਨ। ਦੂਜੇ ਪਾਸੇ, ਯਹੋਵਾਹ ਦੇ ਲੋਕਾਂ ਦੀ ਇਹ ਦੇਖਣ ਵਿਚ ਮਦਦ ਕੀਤੀ ਗਈ ਕਿ ਉਹ ਆਪਣੀ ਮੁਕਤੀ ਦੀ ਬਜਾਇ ਇਕ ਬੇਹੱਦ ਜ਼ਰੂਰੀ ਗੱਲ ਵੱਲ ਧਿਆਨ ਦੇਣ। ਯਹੋਵਾਹ ਨੇ ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਇਹ ਗੱਲ ਯਹੋਵਾਹ ਦੇ ਰਾਜ ਕਰਨ ਦੇ ਹੱਕ ਨਾਲ ਸੰਬੰਧਿਤ ਹੈ ਤੇ ਇਸ ਵਿਚ ਸਾਰੀ ਦੁਨੀਆਂ ਸ਼ਾਮਲ ਹੈ। ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਉਸ ਵੇਲੇ ਯਹੋਵਾਹ ਦੇ ਹਰ ਇਕ ਵਫ਼ਾਦਾਰ ਗਵਾਹ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਜਾਇਜ਼ ਠਹਿਰਾਉਣ ਅਤੇ ਸ਼ਤਾਨ ਨੂੰ ਝੂਠਾ ਸਾਬਤ ਕਰਨ ਵਿਚ ਹਿੱਸਾ ਲਿਆ ਸੀ! (ਕਹਾਉਤਾਂ 27:11) ਸ਼ਤਾਨ ਯਹੋਵਾਹ ਤੇ ਤੁਹਮਤ ਲਾਉਂਦਾ ਹੈ ਕਿ ਉਸ ਦਾ ਹਕੂਮਤ ਕਰਨ ਦਾ ਤਰੀਕਾ ਸਹੀ ਨਹੀਂ ਹੈ। ਇਸ ਦੇ ਉਲਟ, ਯਹੋਵਾਹ ਦੇ ਵਫ਼ਾਦਾਰ ਸੇਵਕ ਖੁੱਲ੍ਹੇ-ਆਮ ਘੋਸ਼ਣਾ ਕਰਦੇ ਹਨ: “ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ।”—ਜ਼ਬੂਰਾਂ ਦੀ ਪੋਥੀ 145:17.
18. ਵੇਲੇ ਸਿਰ ਅਤੇ ਵਧੀਆ ਅਧਿਆਤਮਿਕ ਭੋਜਨ ਦੀ ਇਕ ਨਵੀਂ ਮਿਸਾਲ ਕਿਹੜੀ ਹੈ?
18 ਵੇਲੇ ਸਿਰ ਅਤੇ ਵਧੀਆ ਅਧਿਆਤਮਿਕ ਭੋਜਨ ਦੀ ਇਕ ਹੋਰ ਮਿਸਾਲ ਹੈ ਯਹੋਵਾਹ ਦੇ ਨੇੜੇ ਰਹੋ ਕਿਤਾਬ ਜੋ ਸਾਲ 2002/03 ਵਿਚ ਦੁਨੀਆਂ ਭਰ ਵਿਚ ਹੋਏ ਸੈਂਕੜੇ “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨਾਂ ਵਿਚ ਰਿਲੀਸ ਕੀਤੀ ਗਈ ਸੀ। “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਤਿਆਰ ਕੀਤੀ ਅਤੇ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਇਸ ਕਿਤਾਬ ਵਿਚ ਯਹੋਵਾਹ ਪਰਮੇਸ਼ੁਰ ਦੇ ਸ਼ਾਨਦਾਰ ਗੁਣਾਂ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਜ਼ਬੂਰ 145 ਵਿਚ ਦੱਸੇ ਗੁਣ ਵੀ ਸ਼ਾਮਲ ਹਨ। ਇਹ ਕਿਤਾਬ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀ ਜ਼ਰੂਰ ਮਦਦ ਕਰੇਗੀ।
ਯਹੋਵਾਹ ਦੇ ਨੇੜੇ ਰਹਿਣ ਦਾ ਸਮਾਂ
19. ਕਿਹੜਾ ਸਮਾਂ ਨੇੜੇ ਆ ਰਿਹਾ ਹੈ ਅਤੇ ਅਸੀਂ ਇਸ ਦਾ ਸਾਮ੍ਹਣਾ ਕਿਵੇਂ ਕਰ ਸਕਾਂਗੇ?
19 ਯਹੋਵਾਹ ਦੇ ਰਾਜ ਕਰਨ ਦੇ ਹੱਕ ਸੰਬੰਧੀ ਮਾਮਲੇ ਨੂੰ ਹੱਲ ਕਰਨ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ। ਹਿਜ਼ਕੀਏਲ ਦੇ 38ਵੇਂ ਅਧਿਆਇ ਵਿਚ ਦੱਸਿਆ ਗਿਆ ਹੈ ਕਿ ਸ਼ਤਾਨ ‘ਮਾਗੋਗ ਦੀ ਧਰਤੀ ਦੇ ਗੋਗ’ ਵਜੋਂ ਜਲਦੀ ਹੀ ਆਪਣੀ ਭੂਮਿਕਾ ਅਦਾ ਕਰੇਗਾ। ਇਸ ਦਾ ਮਤਲਬ ਹੈ ਕਿ ਉਹ ਦੁਨੀਆਂ ਭਰ ਵਿਚ ਯਹੋਵਾਹ ਦੇ ਲੋਕਾਂ ਉੱਤੇ ਹਮਲਾ ਕਰੇਗਾ। ਇਹ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਉਸ ਤੋਂ ਮੋੜਨ ਲਈ ਸ਼ਤਾਨ ਦੀ ਆਖ਼ਰੀ ਕੋਸ਼ਿਸ਼ ਹੋਵੇਗੀ। ਉਦੋਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਹੋਵਾਹ ਦੇ ਸੇਵਕਾਂ ਨੂੰ ਯਹੋਵਾਹ ਦਾ ਨਾਂ ਲੈਣ ਦੀ ਲੋੜ ਪਵੇਗੀ ਤੇ ਉਹ ਰੋ-ਰੋ ਕੇ ਮਦਦ ਮੰਗਣਗੇ। ਕੀ ਪਰਮੇਸ਼ੁਰ ਦਾ ਹੁਣ ਅਸੀਂ ਜੋ ਡਰ ਰੱਖਦੇ ਹਾਂ ਤੇ ਉਸ ਨਾਲ ਪਿਆਰ ਕਰਦੇ ਹਾਂ, ਉਹ ਸਭ ਉਸ ਵੇਲੇ ਵਿਅਰਥ ਜਾਵੇਗਾ? ਨਹੀਂ, ਜ਼ਬੂਰ 145 ਵਿਚ ਦੱਸਿਆ ਹੈ: “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ। ਉਹ ਆਪਣਾ ਭੈ ਮੰਨਣ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, ਅਤੇ ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ। ਯਹੋਵਾਹ ਆਪਣੇ ਸਾਰੇ ਪ੍ਰੇਮੀਆਂ ਦੀ ਪਾਲਨਾ ਕਰਦਾ ਹੈ, ਪਰ ਸਾਰੇ ਦੁਸ਼ਟਾਂ ਦਾ ਨਾਸ ਕਰੇਗਾ।”—ਜ਼ਬੂਰਾਂ ਦੀ ਪੋਥੀ 145:18-20.
20. ਜ਼ਬੂਰਾਂ ਦੀ ਪੋਥੀ 145:18-20 ਦੇ ਸ਼ਬਦ ਕਿਵੇਂ ਸੱਚ ਸਾਬਤ ਹੋਣਗੇ?
20 ਯਹੋਵਾਹ ਜਦੋਂ ਸਾਰੇ ਬੁਰੇ ਲੋਕਾਂ ਨੂੰ ਨਾਸ਼ ਕਰ ਦੇਵੇਗਾ, ਤਾਂ ਉਸ ਵੇਲੇ ਅਸੀਂ ਯਹੋਵਾਹ ਦੇ ਪਿਆਰ ਨੂੰ ਅਨੁਭਵ ਕਰਾਂਗੇ ਤੇ ਦੇਖਾਂਗੇ ਕਿ ਉਸ ਕੋਲ ਸਾਨੂੰ ਬਚਾਉਣ ਦੀ ਤਾਕਤ ਹੈ। ਨੇੜੇ ਆ ਰਹੇ ਉਸ ਅਹਿਮ ਮੌਕੇ ਤੇ ਯਹੋਵਾਹ ਸਿਰਫ਼ ਉਨ੍ਹਾਂ ਦੀ ਪੁਕਾਰ ਸੁਣੇਗਾ ‘ਜਿਹੜੇ ਉਸ ਨੂੰ ਸਚਿਆਈ ਨਾਲ ਪੁਕਾਰਨਗੇ।’ ਉਹ ਪਖੰਡੀਆਂ ਦੀ ਬਿਲਕੁਲ ਨਹੀਂ ਸੁਣੇਗਾ। ਪਰਮੇਸ਼ੁਰ ਦਾ ਬਚਨ ਸਾਫ਼ ਦੱਸਦਾ ਹੈ ਕਿ ਜਦੋਂ ਬੁਰੇ ਲੋਕ ਆਖ਼ਰੀ ਪਲ ਵਿਚ ਪਰਮੇਸ਼ੁਰ ਦਾ ਨਾਂ ਲੈਂਦੇ ਹਨ, ਤਾਂ ਉਸ ਦਾ ਕੋਈ ਫ਼ਾਇਦਾ ਨਹੀਂ ਹੁੰਦਾ।—ਕਹਾਉਤਾਂ 1:28, 29; ਮੀਕਾਹ 3:4; ਲੂਕਾ 13:24, 25.
21. ਯਹੋਵਾਹ ਦੇ ਵਫ਼ਾਦਾਰ ਸੇਵਕ ਕਿਵੇਂ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦਾ ਨਾਂ ਇਸਤੇਮਾਲ ਕਰਨ ਵਿਚ ਖ਼ੁਸ਼ੀ ਮਿਲਦੀ ਹੈ?
21 ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਹੋਵਾਹ ਦੇ ਡਰਨ ਵਾਲਿਆਂ ਲਈ ਜ਼ਰੂਰੀ ਹੈ ਕਿ ਉਹ ‘ਉਸ ਨੂੰ ਸਚਿਆਈ ਨਾਲ ਪੁਕਾਰਨ।’ ਉਸ ਦੇ ਵਫ਼ਾਦਾਰ ਸੇਵਕ ਖ਼ੁਸ਼ੀ ਨਾਲ ਆਪਣੀਆਂ ਪ੍ਰਾਰਥਨਾਵਾਂ ਵਿਚ ਅਤੇ ਸਭਾਵਾਂ ਵਿਚ ਟਿੱਪਣੀਆਂ ਦੇਣ ਵੇਲੇ ਯਹੋਵਾਹ ਦਾ ਨਾਂ ਵਰਤਦੇ ਹਨ। ਉਹ ਆਪਸ ਵਿਚ ਗੱਲਬਾਤ ਕਰਦੇ ਸਮੇਂ ਪਰਮੇਸ਼ੁਰ ਦਾ ਨਾਂ ਇਸਤੇਮਾਲ ਕਰਦੇ ਹਨ। ਉਹ ਪ੍ਰਚਾਰ ਕਰਦੇ ਵੇਲੇ ਵੀ ਜੋਸ਼ ਨਾਲ ਯਹੋਵਾਹ ਦੇ ਨਾਂ ਦੀ ਘੋਸ਼ਣਾ ਕਰਦੇ ਹਨ।—ਰੋਮੀਆਂ 10:10, 13-15.
22. ਅਧਿਆਤਮਿਕ ਤੌਰ ਤੇ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣਾ ਕਿਉਂ ਜ਼ਰੂਰੀ ਹੈ?
22 ਯਹੋਵਾਹ ਪਰਮੇਸ਼ੁਰ ਨਾਲ ਆਪਣੇ ਗੂੜ੍ਹੇ ਰਿਸ਼ਤੇ ਤੋਂ ਲਾਭ ਹਾਸਲ ਕਰਨ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਅਧਿਆਤਮਿਕ ਤੌਰ ਤੇ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਤੋਂ ਦੂਰ ਰਹੀਏ। ਮਿਸਾਲ ਲਈ, ਧਨ-ਦੌਲਤ ਦਾ ਪਿੱਛਾ ਕਰਨਾ, ਨੁਕਸਾਨਦੇਹ ਮਨੋਰੰਜਨ, ਦੂਸਰਿਆਂ ਨੂੰ ਮਾਫ਼ ਨਾ ਕਰਨਾ ਜਾਂ ਜ਼ਰੂਰਤਮੰਦਾਂ ਵੱਲ ਕੋਈ ਧਿਆਨ ਨਾ ਦੇਣਾ। (1 ਯੂਹੰਨਾ 2:15-17; 3:15-17) ਜੇ ਅਸੀਂ ਅਜਿਹਾ ਕੁਝ ਕਰਦੇ ਰਹਾਂਗੇ, ਤਾਂ ਸਾਡੇ ਕੋਲੋਂ ਕੋਈ ਗੰਭੀਰ ਪਾਪ ਹੋ ਸਕਦਾ ਹੈ ਅਤੇ ਅਖ਼ੀਰ ਯਹੋਵਾਹ ਵੀ ਸਾਡੇ ਤੋਂ ਆਪਣੀ ਮਿਹਰ ਉਠਾ ਲਵੇਗਾ। (1 ਯੂਹੰਨਾ 2:1, 2; 3:6) ਇਸ ਲਈ ਇਹ ਗੱਲ ਧਿਆਨ ਵਿਚ ਰੱਖਣੀ ਅਕਲਮੰਦੀ ਦੀ ਗੱਲ ਹੋਵੇਗੀ ਕਿ ਯਹੋਵਾਹ ਸਾਡੇ ਨਾਲ ਤਾਂ ਹੀ ਪਿਆਰ ਤੇ ਵਫ਼ਾਦਾਰੀ ਕਰਦਾ ਰਹੇਗਾ ਜੇ ਅਸੀਂ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ।—2 ਸਮੂਏਲ 22:26, NW.
23. ਪਰਮੇਸ਼ੁਰ ਦੇ ਸਾਰੇ ਵਫ਼ਾਦਾਰ ਸੇਵਕ ਕਿਹੜੇ ਸ਼ਾਨਦਾਰ ਭਵਿੱਖ ਦੀ ਉਡੀਕ ਕਰਦੇ ਹਨ?
23 ਇਸ ਲਈ ਆਓ ਆਪਾਂ ਆਪਣੇ ਮਨਾਂ ਨੂੰ ਉਸ ਸ਼ਾਨਦਾਰ ਭਵਿੱਖ ਉੱਤੇ ਟਿਕਾਈ ਰੱਖੀਏ ਜਿਸ ਦੀ ਯਹੋਵਾਹ ਦੇ ਵਫ਼ਾਦਾਰ ਸੇਵਕ ਉਡੀਕ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਅਸੀਂ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਸਕਦੇ ਹਾਂ ਜੋ ‘ਦਿਨੋ ਦਿਨ ਅਤੇ ਜੁੱਗੋ ਜੁੱਗ’ ਯਹੋਵਾਹ ਦੀ ਵਡਿਆਈ ਕਰਦੇ ਹਨ, ਉਸ ਨੂੰ ਮੁਬਾਰਕ ਆਖਦੇ ਹਨ ਅਤੇ ਉਸ ਦੀ ਉਸਤਤ ਕਰਦੇ ਹਨ। (ਜ਼ਬੂਰਾਂ ਦੀ ਪੋਥੀ 145:1, 2) ਆਓ ਆਪਾਂ ‘ਸਦੀਪਕ ਜੀਵਨ ਦੀ ਉਡੀਕ ਕਰਦੇ ਹੋਏ ਆਪਣੇ ਆਪ ਨੂੰ ਪਰਮੇਸ਼ੁਰ ਦੇ ਪ੍ਰੇਮ ਵਿੱਚ ਕਾਇਮ ਰੱਖੀਏ।’ (ਯਹੂਦਾਹ 20, 21) ਜਿਉਂ-ਜਿਉਂ ਅਸੀਂ ਆਪਣੇ ਸਵਰਗੀ ਪਿਤਾ ਦੇ ਸ਼ਾਨਦਾਰ ਗੁਣਾਂ ਤੋਂ ਲਾਭ ਹਾਸਲ ਕਰਦੇ ਜਾਂਦੇ ਹਾਂ, ਆਓ ਆਪਾਂ ਦਾਊਦ ਵਾਂਗ ਜ਼ਬੂਰ 145 ਦੇ ਆਖ਼ਰੀ ਸ਼ਬਦਾਂ ਰਾਹੀਂ ਆਪਣੇ ਜਜ਼ਬਾਤਾਂ ਨੂੰ ਜ਼ਾਹਰ ਕਰੀਏ। “ਮੇਰਾ ਮੂੰਹ ਯਹੋਵਾਹ ਦੀ ਉਸਤਤ ਕਰੇ, ਅਤੇ ਸਾਰੇ ਬਸ਼ਰ ਉਹ ਦੇ ਪਵਿੱਤਰ ਨਾਮ ਨੂੰ ਜੁੱਗੋ ਜੁੱਗ ਮੁਬਾਰਕ ਆਖਣ!”
ਤੁਸੀਂ ਕਿਵੇਂ ਜਵਾਬ ਦਿਓਗੇ?
• ਜ਼ਬੂਰ 145 ਤੋਂ ਸਾਨੂੰ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀ ਪਛਾਣ ਕਰਨ ਵਿਚ ਕਿਵੇਂ ਮਦਦ ਮਿਲਦੀ ਹੈ?
• ਯਹੋਵਾਹ ਕਿਵੇਂ “ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ” ਹੈ?
• ਸਾਨੂੰ ਯਹੋਵਾਹ ਦੇ ਨੇੜੇ ਰਹਿਣ ਦੀ ਕਿਉਂ ਲੋੜ ਹੈ?
[ਸਫ਼ੇ 16 ਉੱਤੇ ਤਸਵੀਰ]
ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਖ਼ੁਸ਼ੀ ਨਾਲ ਉਸ ਦੀਆਂ ਕੁਦਰਤਾਂ ਦੀ ਚਰਚਾ ਕਰਦੇ ਹਨ
[ਸਫ਼ੇ 17 ਉੱਤੇ ਤਸਵੀਰ]
ਯਹੋਵਾਹ ਦੇ ਸੇਵਕ ਜੋਸ਼ ਨਾਲ ਪਰਮੇਸ਼ੁਰ ਦੀ ਪਾਤਸ਼ਾਹੀ ਦੀ ਸ਼ਾਨ ਬਾਰੇ ਸਿੱਖਣ ਵਿਚ ਅਜਨਬੀਆਂ ਦੀ ਮਦਦ ਕਰਦੇ ਹਨ
[ਸਫ਼ੇ 18 ਉੱਤੇ ਤਸਵੀਰ]
ਯਹੋਵਾਹ “ਸਾਰੇ ਜੀਆਂ” ਨੂੰ ਭੋਜਨ ਦਿੰਦਾ ਹੈ
[ਕ੍ਰੈਡਿਟ ਲਾਈਨ]
Animals: Parque de la Naturaleza de Cabárceno
[ਸਫ਼ੇ 19 ਉੱਤੇ ਤਸਵੀਰ]
ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਤਾਕਤ ਦਿੰਦਾ ਹੈ ਅਤੇ ਉਨ੍ਹਾਂ ਦੀ ਅਗਵਾਈ ਕਰਦਾ ਹੈ ਜੋ ਪ੍ਰਾਰਥਨਾ ਵਿਚ ਉਸ ਤੋਂ ਮਦਦ ਮੰਗਦੇ ਹਨ